ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ—ਇਕ ਵਿਸ਼ੇਸ਼ ਸਨਮਾਨ
1 ਯਹੋਵਾਹ ਨੇ ਧਰਤੀ ਉੱਤੇ ਜੀਵਨ ਬਰਕਰਾਰ ਰੱਖਣ ਲਈ ਕਈ ਇੰਤਜ਼ਾਮ ਕੀਤੇ ਹਨ। ਯਹੋਵਾਹ ਦੀ ਇਸ ਖੁੱਲ੍ਹ-ਦਿਲੀ ਤੋਂ ਹਰ ਰੋਜ਼ ਅਰਬਾਂ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ। (ਮੱਤੀ 5:45) ਪਰ ਬਹੁਤ ਘੱਟ ਲੋਕਾਂ ਨੂੰ ਆਪਣੇ ਸਿਰਜਣਹਾਰ ਦਾ ਧੰਨਵਾਦ ਕਰਨ ਲਈ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਸਨਮਾਨ ਮਿਲਿਆ ਹੈ। (ਮੱਤੀ 24:14) ਤੁਸੀਂ ਇਸ ਵਿਸ਼ੇਸ਼ ਸਨਮਾਨ ਦੀ ਕਿੰਨੀ ਕੁ ਕਦਰ ਕਰਦੇ ਹੋ?
2 ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਨਾਲ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ ਅਤੇ ਇਸ ਰਾਹੀਂ ਅੱਜ ਦੇ ਮਾਹੌਲ ਤੋਂ ਦੁਖੀ ਲੋਕਾਂ ਨੂੰ ਸ਼ਾਂਤੀ ਤੇ ਸੁਨਹਿਰੇ ਭਵਿੱਖ ਦੀ ਉਮੀਦ ਮਿਲਦੀ ਹੈ। (ਇਬ. 13:15) ਪਰਮੇਸ਼ੁਰ ਦਾ ਸੰਦੇਸ਼ ਸੁਣਨ ਅਤੇ ਇਸ ਅਨੁਸਾਰ ਚੱਲਣ ਵਾਲੇ ਲੋਕ ਸਦਾ ਦੀ ਜ਼ਿੰਦਗੀ ਪਾਉਣ ਦੀ ਉਮੀਦ ਰੱਖ ਸਕਦੇ ਹਨ। (ਯੂਹੰ. 17:3) ਇਹ ਸਭ ਕੁਝ ਸਾਨੂੰ ਕਿਸੇ ਦੁਨਿਆਵੀ ਕੰਮ ਤੋਂ ਨਹੀਂ ਮਿਲ ਸਕਦਾ। ਪੌਲੁਸ ਰਸੂਲ ਦੇ ਪ੍ਰਚਾਰ ਕਰਨ ਦੇ ਤਰੀਕੇ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਆਪਣੀ ਸੇਵਕਾਈ ਦੀ ਕਿੰਨੀ ਕਦਰ ਕਰਦਾ ਸੀ। ਉਹ ਇਸ ਨੂੰ ਖ਼ਜ਼ਾਨਾ ਸਮਝਦਾ ਸੀ।—ਰਸੂ. 20:20, 21, 24; 2 ਕੁਰਿੰ. 4:1, 7.
3 ਆਪਣੇ ਵਿਸ਼ੇਸ਼ ਸਨਮਾਨ ਦੀ ਕਦਰ ਕਰੋ: ਪ੍ਰਚਾਰ ਕਰਨ ਦੇ ਆਪਣੇ ਸਨਮਾਨ ਦੀ ਕਦਰ ਕਰਨ ਦਾ ਇਕ ਤਰੀਕਾ ਹੈ ਆਪਣੇ ਪ੍ਰਚਾਰ ਕਰਨ ਦੇ ਢੰਗ ਵੱਲ ਧਿਆਨ ਦੇਣਾ। ਕੀ ਅਸੀਂ ਸਮਾਂ ਕੱਢ ਕੇ ਅਜਿਹੀ ਪੇਸ਼ਕਾਰੀ ਤਿਆਰ ਕਰਦੇ ਹਾਂ ਜੋ ਲੋਕਾਂ ਦੇ ਦਿਲਾਂ ਨੂੰ ਛੋਹ ਜਾਵੇ? ਕੀ ਅਸੀਂ ਬਾਈਬਲ ਨੂੰ ਵਰਤਣ ਅਤੇ ਲੋਕਾਂ ਨਾਲ ਤਰਕ ਕਰਨ ਦੇ ਆਪਣੇ ਹੁਨਰ ਨੂੰ ਸੁਧਾਰ ਸਕਦੇ ਹਾਂ? ਕੀ ਅਸੀਂ ਆਪਣੇ ਇਲਾਕੇ ਦੇ ਹਰ ਘਰ ਵਿਚ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਕੀ ਅਸੀਂ ਜਾਣਦੇ ਹਾਂ ਕਿ ਬਾਈਬਲ ਸਟੱਡੀ ਕਿਵੇਂ ਸ਼ੁਰੂ ਕਰਨੀ ਹੈ? ਕੀ ਅਸੀਂ ਸਟੱਡੀ ਕਰਾਉਣੀ ਜਾਣਦੇ ਹਾਂ? ਪੁਰਾਣੇ ਤੇ ਆਧੁਨਿਕ ਸਮੇਂ ਦੇ ਵਫ਼ਾਦਾਰ ਮਸੀਹੀਆਂ ਵਾਂਗ ਅਸੀਂ ਵੀ ਪ੍ਰਚਾਰ ਪ੍ਰਤੀ ਸਹੀ ਨਜ਼ਰੀਆ ਰੱਖਦੇ ਹੋਏ ਇਸ ਕੰਮ ਵਿਚ ਮਿਹਨਤ ਕਰਦੇ ਹਾਂ ਤੇ ਆਪਣੇ ਇਸ ਸਨਮਾਨ ਦੀ ਕਦਰ ਕਰਦੇ ਹਾਂ।—ਮੱਤੀ 25:14-23.
4 ਬੁਢਾਪੇ, ਮਾੜੀ ਸਿਹਤ ਜਾਂ ਹੋਰ ਮੁਸ਼ਕਲਾਂ ਨਾਲ ਜੂਝਦੇ ਵੇਲੇ ਸਾਨੂੰ ਇਹ ਜਾਣ ਕੇ ਬਹੁਤ ਹੌਸਲਾ ਮਿਲਦਾ ਹੈ ਕਿ ਸਾਡੀ ਦਿਲੋਂ ਕੀਤੀ ਸੇਵਕਾਈ ਦੀ ਬਹੁਤ ਕਦਰ ਕੀਤੀ ਜਾਂਦੀ ਹੈ। ਪਰਮੇਸ਼ੁਰ ਦਾ ਬਚਨ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਯਹੋਵਾਹ ਆਪਣੇ ਸੇਵਕਾਂ ਦੇ ਜਤਨਾਂ ਦੀ ਕਦਰ ਕਰਦਾ ਹੈ, ਭਾਵੇਂ ਕਿ ਇਹ ਜਤਨ ਦੂਜਿਆਂ ਦੀ ਨਜ਼ਰ ਵਿਚ ਸ਼ਾਇਦ ਮਾਮੂਲੀ ਹੋਣ।—ਲੂਕਾ 21:1-4.
5 ਪ੍ਰਚਾਰ ਕਰਨ ਨਾਲ ਸਾਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ। ਇਕ 92 ਸਾਲ ਦੀ ਭੈਣ ਨੇ ਕਿਹਾ: “ਪਿਛਲੇ 80 ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਮਿਲੀ ਹੈ! ਮੈਨੂੰ ਕੋਈ ਅਫ਼ਸੋਸ ਨਹੀਂ। ਜੇ ਮੈਨੂੰ ਆਪਣੀ ਜ਼ਿੰਦਗੀ ਨੂੰ ਦੁਬਾਰਾ ਜੀਉਣ ਦਾ ਮੌਕਾ ਮਿਲੇ, ਤਾਂ ਵੀ ਮੈਂ ਆਪਣੀ ਜ਼ਿੰਦਗੀ ਇਸੇ ਤਰ੍ਹਾਂ ਹੀ ਜੀਵਾਂਗੀ, ਕਿਉਂਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਪਰਮੇਸ਼ੁਰ ਦੀ ਦਯਾ ਜੀਵਨ ਨਾਲੋਂ ਵੀ ਚੰਗੀ ਹੈ।’” (ਜ਼ਬੂ. 63:3) ਆਓ ਆਪਾਂ ਵੀ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦੇ ਸਨਮਾਨ ਦੀ ਗਹਿਰੀ ਕਦਰ ਕਰੀਏ।