ਦਲੇਰੀ ਨਾਲ ਬਚਨ ਦਾ ਪ੍ਰਚਾਰ ਕਰੋ
1 ਕੀ ਤੁਹਾਨੂੰ ਸਕੂਲੇ ਜਾਂ ਕੰਮ ਤੇ ਆਪਣੇ ਧਰਮ ਬਾਰੇ ਗੱਲ ਕਰਨ ਤੋਂ ਡਰ ਲੱਗਦਾ ਹੈ? ਕੀ ਤੁਹਾਨੂੰ ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ ਜਾਂ ਅਜਨਬੀਆਂ ਨੂੰ ਪ੍ਰਚਾਰ ਕਰਨਾ ਔਖਾ ਲੱਗਦਾ ਹੈ? “ਨਿਧੜਕ ਬਚਨ ਸੁਣਾਉਣ” ਵਿਚ ਕਿਹੜੀ ਚੀਜ਼ ਸਾਡੀ ਸਾਰਿਆਂ ਦੀ ਮਦਦ ਕਰ ਸਕਦੀ ਹੈ?—ਫ਼ਿਲਿ. 1:14.
2 ਝਿਜਕੋ ਨਾ: ਮੰਨ ਲਓ ਜੇ ਤੁਹਾਡੇ ਜਿਗਰੀ ਦੋਸਤ ਜਾਂ ਰਿਸ਼ਤੇਦਾਰ ਉੱਤੇ ਝੂਠਾ ਦੋਸ਼ ਲਾਇਆ ਜਾ ਰਿਹਾ ਹੋਵੇ, ਤਾਂ ਕੀ ਤੁਸੀਂ ਉਸ ਦੇ ਪੱਖ ਵਿਚ ਸਫ਼ਾਈ ਦੇਣ ਤੋਂ ਝਿਜਕੋਗੇ? ਸਾਡੇ ਜਿਗਰੀ ਦੋਸਤ ਯਹੋਵਾਹ ਉੱਤੇ ਸਦੀਆਂ ਤੋਂ ਬਹੁਤ ਹੀ ਘਟੀਆ ਦੋਸ਼ ਲੱਗ ਰਹੇ ਹਨ। ਸਾਨੂੰ ਇਹ ਸਨਮਾਨ ਮਿਲਿਆ ਹੈ ਕਿ ਅਸੀਂ ਆਪਣੇ ਮਹਾਨ ਪਰਮੇਸ਼ੁਰ ਦੇ ਪੱਖ ਵਿਚ ਸਫ਼ਾਈ ਪੇਸ਼ ਕਰੀਏ। (ਯਸਾ. 43:10-12) ਯਹੋਵਾਹ ਨੂੰ ਦਿਲੋਂ ਪਿਆਰ ਕਰਨ ਵਾਲੇ ਲੋਕ ਇਹ ਕੰਮ ਕਰਨ ਵਿਚ ਹੇਠੀ ਮਹਿਸੂਸ ਨਹੀਂ ਕਰਦੇ ਜਾਂ ਗੱਲ ਕਰਨੋਂ ਡਰਦੇ ਨਹੀਂ, ਸਗੋਂ ਦਲੇਰੀ ਨਾਲ ਪਰਮੇਸ਼ੁਰ ਬਾਰੇ ਸੱਚ ਦੱਸਦੇ ਹਨ।—ਰਸੂ. 4:26, 29, 31.
3 ਯਾਦ ਰੱਖੋ, ਅਸੀਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। ਇਸ ਖ਼ੁਸ਼ ਖ਼ਬਰੀ ਵੱਲ ਧਿਆਨ ਦੇਣ ਵਾਲੇ ਲੋਕਾਂ ਨੂੰ ਬਹੁਤ ਫ਼ਾਇਦੇ ਹੋਣਗੇ। ਇਸ ਲਈ ਸਾਨੂੰ ਆਪਣੇ ਬਾਰੇ ਜਾਂ ਵਿਰੋਧੀਆਂ ਬਾਰੇ ਜ਼ਿਆਦਾ ਨਹੀਂ ਸੋਚਣਾ ਚਾਹੀਦਾ, ਸਗੋਂ ਖ਼ੁਸ਼ ਖ਼ਬਰੀ ਸੁਣਾਉਣ ਦੇ ਕੰਮ ਦੀ ਅਹਿਮੀਅਤ ਬਾਰੇ ਸੋਚਣਾ ਚਾਹੀਦਾ ਹੈ। ਇਸ ਕੰਮ ਦੀ ਅਹਿਮੀਅਤ ਬਾਰੇ ਸੋਚਣ ਨਾਲ ਸਾਨੂੰ ਦਲੇਰੀ ਨਾਲ ਪ੍ਰਚਾਰ ਕਰਨ ਵਿਚ ਮਦਦ ਮਿਲੇਗੀ।
4 ਦੂਸਰਿਆਂ ਦੀ ਮਿਸਾਲ: ਪਰਮੇਸ਼ੁਰ ਦੇ ਕਈ ਵਫ਼ਾਦਾਰ ਭਗਤਾਂ ਨੇ ਨਿਡਰ ਹੋ ਕੇ ਉਸ ਦੇ ਬਚਨ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀਆਂ ਮਿਸਾਲਾਂ ਉੱਤੇ ਗੌਰ ਕਰ ਕੇ ਸਾਨੂੰ ਵੀ ਦਲੇਰ ਬਣਨ ਦੀ ਪ੍ਰੇਰਣਾ ਮਿਲਦੀ ਹੈ। ਉਦਾਹਰਣ ਲਈ, ਹਨੋਕ ਨੇ ਦਲੇਰ ਹੋ ਕੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਯਹੋਵਾਹ ਕੁਧਰਮੀ ਲੋਕਾਂ ਨੂੰ ਸਜ਼ਾ ਦੇਵੇਗਾ। (ਯਹੂ. 14, 15) ਨੂਹ ਦੇ ਜ਼ਮਾਨੇ ਦੇ ਲੋਕਾਂ ਨੂੰ ਪਰਮੇਸ਼ੁਰ ਦੀ ਕੋਈ ਪਰਵਾਹ ਨਹੀਂ ਸੀ, ਫਿਰ ਵੀ ਨੂਹ ਨੇ ਵਫ਼ਾਦਾਰੀ ਨਾਲ ਉਨ੍ਹਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਦਿੱਤਾ। (ਮੱਤੀ 24:37-39) ਪਹਿਲੀ ਸਦੀ ਦੇ ਮਸੀਹੀ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ, ਫਿਰ ਵੀ ਉਹ ਲੋਕਾਂ ਦੇ ਸਖ਼ਤ ਵਿਰੋਧ ਦੇ ਬਾਵਜੂਦ ਪ੍ਰਚਾਰ ਕਰਦੇ ਰਹੇ। (ਰਸੂ. 4:13, 18-20) ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਵਿਚ ਅਜਿਹੇ ਕਈ ਭੈਣਾਂ-ਭਰਾਵਾਂ ਦੀਆਂ ਕਹਾਣੀਆਂ ਛਪਦੀਆਂ ਹਨ ਜਿਨ੍ਹਾਂ ਨੇ ਪਰਮੇਸ਼ੁਰ ਤੇ ਪੂਰਾ ਭਰੋਸਾ ਰੱਖ ਕੇ ਲੋਕਾਂ ਤੋਂ ਡਰਨਾ ਛੱਡਿਆ ਤੇ ਦਲੇਰੀ ਨਾਲ ਪ੍ਰਚਾਰ ਕੀਤਾ।
5 ਪੁਰਾਣੇ ਜ਼ਮਾਨੇ ਦੇ ਵਫ਼ਾਦਾਰ ਭਗਤਾਂ ਦੇ ਜੀਵਨ ਉੱਤੇ ਗੌਰ ਕਰਨ ਨਾਲ ਸਾਨੂੰ ਉਤਸ਼ਾਹ ਮਿਲੇਗਾ। (1 ਰਾਜਿ. 19:2, 3; ਮਰ. 14:66-71) ਖ਼ਤਰਿਆਂ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਉਹ ‘ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ’ ਤੇ ਨਿਡਰ ਹੋ ਕੇ ਖ਼ੁਸ਼ ਖ਼ਬਰੀ ਸੁਣਾਈ। ਅਸੀਂ ਵੀ ਇਸ ਤਰ੍ਹਾਂ ਕਰ ਸਕਦੇ ਹਾਂ!—1 ਥੱਸ. 2:2.