ਦਲੇਰੀ ਨਾਲ ਪਰਮੇਸ਼ੁਰ ਦਾ ਬਚਨ ਸੁਣਾਉਂਦੇ ਰਹੋ
1 ਮਸੀਹੀ ਪ੍ਰਚਾਰਕ ਹੋਣ ਕਰਕੇ ਅਸੀਂ ਜਾਣਦੇ ਹਾਂ ਕਿ ਸਾਰੇ ਲੋਕ ਸਾਡੀ ਗੱਲ ਨਹੀਂ ਸੁਣਨਗੇ। (ਮੱਤੀ 10:14) ਪਰ ਅਸੀਂ ਕੁਝ ਲੋਕਾਂ ਦੇ ਇਸ ਨਾਂਹਪੱਖੀ ਰਵੱਈਏ ਕਰਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਨਹੀਂ ਛੱਡਦੇ। (ਕਹਾ. 29:25) ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਦੇ ਰਹਿਣ ਵਿਚ ਕਿਹੜੀ ਗੱਲ ਸਾਡੀ ਮਦਦ ਕਰੇਗੀ?
2 ਪੌਲੁਸ ਰਸੂਲ ਨੂੰ ‘ਮਸੀਹ ਯਿਸੂ ਦੇ ਗਿਆਨ ਦੀ ਉੱਤਮਤਾਈ’ ਪਤਾ ਸੀ ਜਿਸ ਕਰਕੇ ਉਸ ਨੇ “ਪੂਰੇ ਯਕੀਨ” ਨਾਲ ਇਸ ਦਾ ਪ੍ਰਚਾਰ ਕੀਤਾ। (ਫ਼ਿਲਿ. 3:8; 1 ਥੱਸ. 1:5) ਭਾਵੇਂ ਕੁਝ ਲੋਕ ਉਸ ਦੇ ਸੰਦੇਸ਼ ਨੂੰ ਖੋਖਲਾ ਤੇ ਮੂਰਖਤਾ ਸਮਝਦੇ ਸਨ, ਪਰ ਉਹ ਜਾਣਦਾ ਸੀ ਕਿ ਇਹ “ਹਰੇਕ ਨਿਹਚਾਵਾਨ ਦੀ ਮੁਕਤੀ ਦੇ ਲਈ ਪਰਮੇਸ਼ੁਰ ਦੀ ਸ਼ਕਤੀ” ਸੀ। (ਰੋਮੀ. 1:16) ਇਸ ਲਈ, ਵਿਰੋਧ ਦਾ ਸਾਮ੍ਹਣਾ ਕਰਦੇ ਹੋਏ ਵੀ ਉਹ “ਪ੍ਰਭੁ ਦੇ ਆਸਰੇ ਬੇਧੜਕ ਉਪਦੇਸ਼” ਦਿੰਦਾ ਰਿਹਾ।—ਰਸੂ. 14:1-7; 20:18-21, 24.
3 ਸਾਡੀ ਤਾਕਤ ਦਾ ਸੋਮਾ: ਪੌਲੁਸ ਨੇ ਆਪਣੀ ਤਾਕਤ ਦੇ ਬਲਬੂਤੇ ਤੇ ਪ੍ਰਚਾਰ ਨਹੀਂ ਕੀਤਾ। ਆਪਣੇ ਤੇ ਸੀਲਾਸ ਬਾਰੇ ਗੱਲ ਕਰਦੇ ਹੋਏ ਉਸ ਨੇ ਲਿਖਿਆ: ‘ਅਸਾਂ ਅੱਗੇ ਫਿਲਿੱਪੈ ਵਿੱਚ ਦੁਖ ਅਤੇ ਅਪਜਸ ਝੱਲਿਆ ਤਾਂ ਵੀ ਪਰਮੇਸ਼ੁਰ ਦੀ ਖੁਸ਼ ਖਬਰੀ ਬਹੁਤ ਝਗੜੇ ਰਗੜੇ ਵਿੱਚ ਤੁਹਾਨੂੰ ਸੁਣਾਉਣ ਲਈ ਆਪਣੇ ਪਰਮੇਸ਼ੁਰ ਦੇ ਆਸਰੇ ਦਿਲੇਰ ਹੋਏ।’ (1 ਥੱਸ. 2:2; ਰਸੂ. 16:12, 37) ਇਸ ਤੋਂ ਬਾਅਦ ਰੋਮ ਵਿਚ ਕੈਦ ਵਿਚ ਹੁੰਦਿਆਂ ਪੌਲੁਸ ਨੇ ਬੇਨਤੀ ਕੀਤੀ ਕਿ ਦੂਸਰੇ ਉਸ ਲਈ ਪ੍ਰਾਰਥਨਾ ਕਰਨ ਕਿ ਉਹ ‘ਅਜਿਹਾ ਦਿਲੇਰੀ ਨਾਲ ਬੋਲੇ ਜਿਵੇਂ ਉਸ ਨੂੰ ਬੋਲਣਾ ਚਾਹੀਦਾ ਹੈ।’ (ਅਫ਼. 6:18-20) ਪੌਲੁਸ ਨੇ ਆਪਣੇ ਉੱਤੇ ਭਰੋਸਾ ਰੱਖਣ ਦੀ ਬਜਾਇ ਯਹੋਵਾਹ ਉੱਤੇ ਭਰੋਸਾ ਰੱਖਿਆ ਜਿਸ ਕਰਕੇ ਉਹ ਦਲੇਰੀ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰ ਸਕਿਆ।—2 ਕੁਰਿੰ. 4:7; ਫ਼ਿਲਿ. 4:13.
4 ਅੱਜ ਵੀ ਮਸੀਹੀ ਪਰਮੇਸ਼ੁਰ ਦੀ ਤਾਕਤ ਨਾਲ ਹੀ ਪ੍ਰਚਾਰ ਕਰਦੇ ਹਨ। ਇਕ ਭਰਾ ਨੂੰ ਆਪਣੇ ਕੰਮ ਦੀ ਥਾਂ ਤੇ ਆਪਣੀ ਪਛਾਣ ਯਹੋਵਾਹ ਦੇ ਗਵਾਹ ਦੇ ਤੌਰ ਤੇ ਕਰਾਉਣੀ ਤੇ ਪ੍ਰਚਾਰ ਕਰਨਾ ਮੁਸ਼ਕਲ ਲੱਗਦਾ ਸੀ। ਉਸ ਨੇ ਇਸ ਮੁਸ਼ਕਲ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਗਵਾਹੀ ਦੇਣੀ ਸ਼ੁਰੂ ਕੀਤੀ। ਇਕ ਆਦਮੀ ਨੇ ਪਹਿਲਾਂ ਤਾਂ ਉਸ ਭਰਾ ਦੀ ਗੱਲ ਨਹੀਂ ਸੁਣੀ, ਪਰ ਮੁੜ ਜੀ ਉੱਠਣ ਦੀ ਉਮੀਦ ਬਾਰੇ ਸੁਣ ਕੇ ਉਹ ਬਾਈਬਲ ਸਟੱਡੀ ਕਰਨ ਲੱਗ ਪਿਆ। ਉਸ ਸਮੇਂ ਤੋਂ ਭਰਾ ਨੇ ਹਰ ਮੌਕੇ ਤੇ ਗਵਾਹੀ ਦੇਣੀ ਸ਼ੁਰੂ ਕਰ ਦਿੱਤੀ। ਆਪਣੇ ਨਵੇਂ ਕੰਮ ਦੀ ਥਾਂ ਤੇ ਉਸ ਨੇ 14 ਸਾਲਾਂ ਦੌਰਾਨ 34 ਲੋਕਾਂ ਦੀ ਬਪਤਿਸਮਾ ਲੈਣ ਵਿਚ ਮਦਦ ਕੀਤੀ। ਅਸੀਂ ਵੀ ਭਰੋਸਾ ਰੱਖ ਸਕਦੇ ਹਾਂ ਕਿ ‘ਦਲੇਰੀ ਨਾਲ ਉਸ ਦਾ ਬਚਨ ਸੁਣਾਉਣ’ ਲਈ ਯਹੋਵਾਹ ਸਾਨੂੰ ਵੀ ਤਾਕਤ ਦੇਵੇਗਾ।—ਰਸੂ. 4:29.