ਕੀ ਤੁਸੀਂ ਦਲੇਰ ਹੋ ਕੇ ਪ੍ਰਚਾਰ ਕਰਦੇ ਹੋ?
1 ਗਿਰਫ਼ਤਾਰ ਕੀਤੇ ਜਾਣ ਅਤੇ ਵਿਰੋਧੀਆਂ ਦੁਆਰਾ ਧਮਕਾਏ ਜਾਣ ਦੇ ਬਾਵਜੂਦ ਵੀ ਪਤਰਸ ਤੇ ਯੂਹੰਨਾ ਨੇ ਬੜੀ ਦਲੇਰੀ ਨਾਲ ਰਾਜ ਦੇ ਸੰਦੇਸ਼ ਦਾ ਪ੍ਰਚਾਰ ਕਰਨਾ ਜਾਰੀ ਰੱਖਿਆ। (ਰਸੂ. 4:17, 21, 31) ਦਲੇਰ ਹੋ ਕੇ ਪ੍ਰਚਾਰ ਕਰਨ ਦਾ ਅੱਜ ਸਾਡੇ ਲਈ ਕੀ ਮਤਲਬ ਹੈ?
2 ਦਲੇਰੀ ਨਾਲ ਗਵਾਹੀ ਦੇਣੀ: “ਦਲੇਰ” ਦਾ ਸਮਾਨਾਰਥਕ ਲਫ਼ਜ਼ ਹੈ “ਨਿਡਰ” ਜਿਸ ਦਾ ਮਤਲਬ ਹੈ “ਹਿੰਮਤ ਅਤੇ ਧੀਰਜ ਰੱਖਣਾ।” ਸੱਚੇ ਮਸੀਹੀਆਂ ਲਈ ਦਲੇਰੀ ਨਾਲ ਪ੍ਰਚਾਰ ਕਰਨ ਦਾ ਮਤਲਬ ਹੈ ਕਿ ਜਦੋਂ ਵੀ ਢੁਕਵਾਂ ਮੌਕਾ ਮਿਲੇ, ਦੂਜਿਆਂ ਨੂੰ ਨਿਡਰ ਹੋ ਕੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣਾ। (ਰਸੂ. 4:20; 1 ਪਤ. 3:15) ਇਸ ਦਾ ਮਤਲਬ ਹੈ ਕਿ ਅਸੀਂ ਖ਼ੁਸ਼ ਖ਼ਬਰੀ ਸੁਣਾਉਣ ਤੋਂ ਝਿਜਕਦੇ ਨਹੀਂ। (ਜ਼ਬੂ. 119:46; ਰੋਮੀ. 1:16; 2 ਤਿਮੋ. 1:8) ਇਸ ਲਈ, ਇਸ ਅੰਤ ਦੇ ਸਮੇਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਕੰਮ ਨੂੰ ਪੂਰਾ ਕਰਨ ਲਈ ਦਲੇਰੀ ਦਾ ਗੁਣ ਹੋਣਾ ਬੜਾ ਲਾਜ਼ਮੀ ਹੈ। ਇਹ ਗੁਣ ਸਾਨੂੰ ਹਰ ਥਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਪ੍ਰੇਰਿਤ ਕਰਦਾ ਹੈ।—ਰਸੂ. 4:29; 1 ਕੁਰਿੰ. 9:23.
3 ਸਕੂਲ ਵਿਚ ਦਲੇਰੀ: “ਕੀ ਡਰਾਕਲ ਜਾਂ ਸ਼ਰਮਾਕਲ ਹੋਣ ਕਰਕੇ ਤੁਹਾਨੂੰ ਆਪਣੇ ਸਹਿਪਾਠੀਆਂ ਨੂੰ ਪ੍ਰਚਾਰ ਕਰਨਾ ਔਖਾ ਲੱਗਦਾ ਹੈ?” ਕਦੇ-ਕਦੇ ਇੰਜ ਕਰਨਾ ਸੌਖਾ ਨਹੀਂ ਸਗੋਂ ਇਕ ਚੁਣੌਤੀ ਹੋ ਸਕਦਾ ਹੈ। ਪਰ ਜੇ ਤੁਸੀਂ ਦਲੇਰ ਹੋ ਕੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਪ੍ਰਾਰਥਨਾ ਕਰਦੇ ਹੋ, ਤਾਂ ਯਹੋਵਾਹ ਤੁਹਾਨੂੰ ਜ਼ਰੂਰ ਤਾਕਤ ਬਖ਼ਸ਼ੇਗਾ। (ਜ਼ਬੂ. 138:3) ਦਲੇਰ ਹੋਣ ਨਾਲ ਤੁਹਾਨੂੰ ਖ਼ੁਦ ਨੂੰ ਯਹੋਵਾਹ ਦਾ ਇਕ ਗਵਾਹ ਦੱਸਣ ਅਤੇ ਲੋਕਾਂ ਦੇ ਮਜ਼ਾਕ ਨੂੰ ਸਹਿਣ ਕਰਨ ਵਿਚ ਮਦਦ ਮਿਲੇਗੀ। ਸਿੱਟੇ ਵਜੋਂ, ਸਕੂਲ ਵਿਚ ਤੁਹਾਡਾ ਪ੍ਰਚਾਰ ਕੰਮ ਤੁਹਾਡੇ ਸੁਣਨ ਵਾਲਿਆਂ ਨੂੰ ਨਾਸ਼ ਤੋਂ ਬਚਾ ਸਕਦਾ ਹੈ।—1 ਤਿਮੋ. 4:16.
4 ਕੰਮ-ਕਾਰ ਵਾਲੀ ਥਾਂ ਤੇ ਦਲੇਰੀ: ਕੀ ਤੁਸੀਂ ਆਪਣੀ ਕੰਮ-ਕਾਰ ਵਾਲੀ ਥਾਂ ਤੇ ਯਹੋਵਾਹ ਦੇ ਇਕ ਗਵਾਹ ਵਜੋਂ ਪਛਾਣੇ ਜਾਂਦੇ ਹੋ? ਤੁਹਾਡੇ ਸਹਿਕਰਮੀਆਂ ਨੂੰ ਖ਼ੁਸ਼ ਖ਼ਬਰੀ ਦਾ ਪਤਾ ਤਾਂ ਹੀ ਲੱਗ ਸਕਦਾ ਹੈ ਜੇ ਤੁਸੀਂ ਉਨ੍ਹਾਂ ਨੂੰ ਪ੍ਰਚਾਰ ਕਰੋ। ਦਲੇਰੀ ਤੁਹਾਨੂੰ ਮਸੀਹੀ ਸਭਾਵਾਂ ਅਤੇ ਅਸੈਂਬਲੀਆਂ ਲਈ ਛੁੱਟੀ ਲੈਣ ਵਿਚ ਮਦਦ ਦੇਵੇਗੀ।
5 ਅਜ਼ਮਾਇਸ਼ਾਂ ਦੌਰਾਨ ਦਲੇਰੀ: ਜਦੋਂ ਅਸੀਂ ਵਿਰੋਧ ਦਾ ਸਾਮ੍ਹਣਾ ਕਰਦੇ ਹਾਂ, ਤਾਂ ਉਸ ਵੇਲੇ ਸਾਡੇ ਲਈ ਦਲੇਰ ਹੋਣਾ ਬੇਹੱਦ ਲਾਜ਼ਮੀ ਹੈ। (1 ਥੱਸ. 2:1, 2) ਜਦੋਂ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ, ਸਾਡਾ ਮਜ਼ਾਕ ਉਡਾਇਆ ਜਾਂਦਾ ਜਾਂ ਸਾਨੂੰ ਮਾਰਿਆ-ਕੁੱਟਿਆ ਜਾਂਦਾ ਹੈ, ਤਾਂ ਇਹ ਦਲੇਰੀ ਆਪਣੀ ਨਿਹਚਾ ਨੂੰ ਮਜ਼ਬੂਤ ਬਣਾਈ ਰੱਖਣ ਵਿਚ ਸਾਡੀ ਬੜੀ ਮਦਦ ਕਰਦੀ ਹੈ। (ਫ਼ਿਲਿ. 1:27, 28) ਇਹ ਸਾਨੂੰ ਪਰਮੇਸ਼ੁਰ ਯਹੋਵਾਹ ਦੇ ਮਿਆਰਾਂ ਨਾਲ ਸਮਝੌਤਾ ਕਰਨ ਕਰਕੇ ਆਏ ਦਬਾਵਾਂ ਦਾ ਸਾਮ੍ਹਣਾ ਕਰਨ ਵਿਚ ਪੱਕਿਆਂ ਕਰਦੀ ਹੈ। ਜਦੋਂ ਦੂਜੇ ਸਾਨੂੰ ਲੜਾਈ-ਝਗੜੇ ਕਰਨ ਲਈ ਉਕਸਾਉਂਦੇ ਹਨ, ਤਾਂ ਇਹ ਸਾਨੂੰ ਮੇਲ-ਜੋਲ ਬਣਾਈ ਰੱਖਣ ਲਈ ਮਜ਼ਬੂਤ ਕਰਦੀ ਹੈ।—ਅਫ਼. 6:18-20.
6 ਆਓ ਆਪਾਂ ਔਖਿਆਈਆਂ ਸਹਿੰਦੇ ਹੋਏ ਵੀ ਦਲੇਰੀ ਨਾਲ ਲਗਾਤਾਰ ਪ੍ਰਚਾਰ ਕਰਦੇ ਰਹੀਏ।—ਅਫ਼. 6:18-20.