ਬਾਈਬਲ ਸਟੱਡੀ ਕਰਾਉਣ ਦਾ ਟੀਚਾ ਰੱਖੋ
1 “ਆਪਣੀਆਂ ਅੱਖਾਂ ਚੁੱਕੋ ਅਤੇ ਪੈਲੀਆਂ ਨੂੰ ਵੇਖੋ ਜੋ ਓਹ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ।” (ਯੂਹੰ. 4:35) ਯਿਸੂ ਮਸੀਹ ਦੀ ਇਹ ਗੱਲ ਅੱਜ ਵਾਕਈ ਸੱਚ ਸਾਬਤ ਹੋ ਰਹੀ ਹੈ।
2 ਅੱਜ ਵੀ ਸਾਨੂੰ ਅਜਿਹੇ ਨੇਕਦਿਲ ਲੋਕ ਮਿਲ ਰਹੇ ਹਨ ਜੋ ਯਹੋਵਾਹ ਬਾਰੇ ਸਿੱਖਣਾ ਚਾਹੁੰਦੇ ਹਨ। ਹਰ ਸਾਲ ਬਹੁਤ ਸਾਰੇ ਲੋਕ ਬਪਤਿਸਮਾ ਲੈ ਕੇ ਯਿਸੂ ਦੇ ਚੇਲੇ ਬਣਦੇ ਹਨ। ਸੋ ਜੇ ਤੁਸੀਂ ਵੀ ਕਿਸੇ ਨੂੰ ਬਾਈਬਲ ਸਟੱਡੀ ਕਰਾਉਣ ਦੀ ਖ਼ੁਸ਼ੀ ਪਾਉਣੀ ਚਾਹੁੰਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ?
3 ਟੀਚਾ ਰੱਖੋ: ਸਭ ਤੋਂ ਪਹਿਲਾਂ ਤਾਂ ਠਾਣ ਲਓ ਕਿ ਤੁਸੀਂ ਕਿਸੇ ਨਾਲ ਬਾਈਬਲ ਸਟੱਡੀ ਸ਼ੁਰੂ ਕਰੋਗੇ। ਫਿਰ ਪ੍ਰਚਾਰ ਕਰਦੇ ਵੇਲੇ ਆਪਣੇ ਇਸ ਟੀਚੇ ਨੂੰ ਚੇਤੇ ਰੱਖੋ। ਮਸੀਹੀਆਂ ਨੂੰ ਪ੍ਰਚਾਰ ਕਰਨ ਦੇ ਨਾਲ-ਨਾਲ ਲੋਕਾਂ ਨੂੰ ਸਿਖਾਉਣ ਦਾ ਵੀ ਹੁਕਮ ਦਿੱਤਾ ਗਿਆ ਹੈ। ਸੋ ਸਾਰਿਆਂ ਨੂੰ ਬਾਈਬਲ ਸਟੱਡੀਆਂ ਕਰਾਉਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।—ਮੱਤੀ 24:14; 28:19, 20.
4 ਯਾਦ ਰੱਖਣ ਯੋਗ ਹੋਰ ਗੱਲਾਂ: ਇਸ ਸੰਬੰਧੀ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਨੀ ਬੇਹੱਦ ਜ਼ਰੂਰੀ ਹੈ। ਕਈ ਵਾਰ ਸਾਨੂੰ ਅਜਿਹੇ ਲੋਕ ਮਿਲਦੇ ਹਨ ਜੋ ਪਰਮੇਸ਼ੁਰ ਦਾ ਗਿਆਨ ਹਾਸਲ ਕਰਨ ਲਈ ਦੁਆ ਕਰ ਰਹੇ ਸਨ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੋਵੇਗੀ ਜੇਕਰ ਯਹੋਵਾਹ ਸੱਚਾਈ ਲਈ ਤਰਸ ਰਹੇ ਇਨ੍ਹਾਂ ਲੋਕਾਂ ਨੂੰ ਲੱਭਣ ਅਤੇ ਸਿਖਾਉਣ ਲਈ ਸਾਨੂੰ ਇਸਤੇਮਾਲ ਕਰੇ!—ਹੱਜ 2:7; ਰਸੂ. 10:1, 2.
5 ਇਕ ਭੈਣ ਨੇ ਬਾਈਬਲ ਸਟੱਡੀ ਲਈ ਪ੍ਰਾਰਥਨਾ ਕੀਤੀ। ਫਿਰ ਉਸ ਨੇ ਆਪਣੇ ਕੰਮ ਦੀ ਥਾਂ ਤੇ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਨਾਮਕ ਟ੍ਰੈਕਟ ਉਸ ਜਗ੍ਹਾ ਰੱਖ ਦਿੱਤੇ ਜਿੱਥੇ ਉਨ੍ਹਾਂ ਨੂੰ ਲੋਕ ਦੇਖ ਸਕਣ। ਇਕ ਤੀਵੀਂ ਨੇ ਟ੍ਰੈਕਟ ਪੜ੍ਹਿਆ ਅਤੇ ਉਸ ਉੱਤੇ ਦਿੱਤੇ ਕੂਪਨ ਨੂੰ ਭਰਨਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਭੈਣ ਨੇ ਉਸ ਨਾਲ ਗੱਲ ਕੀਤੀ ਅਤੇ ਤੀਵੀਂ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਈ।
6 ਕਈ ਪਬਲੀਸ਼ਰ ਬਾਈਬਲ ਸਟੱਡੀਆਂ ਸ਼ੁਰੂ ਕਰਨ ਵਿਚ ਮਾਹਰ ਹੁੰਦੇ ਹਨ। ਤੁਸੀਂ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕਰਦੇ? ਉਹ ਬਾਈਬਲ ਸਟੱਡੀ ਸ਼ੁਰੂ ਕਰਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ। ਯਹੋਵਾਹ ਨੂੰ ਪ੍ਰਾਰਥਨਾ ਕਰਦੇ ਰਹੋ। ਬਾਈਬਲ ਸਟੱਡੀ ਸ਼ੁਰੂ ਕਰਨ ਸੰਬੰਧੀ ਸਾਰੇ ਸੁਝਾਵਾਂ ਨੂੰ ਲਾਗੂ ਕਰੋ। ਉਮੀਦ ਹੈ ਕਿ ਜਲਦੀ ਹੀ ਤੁਸੀਂ ਵੀ ਬਾਈਬਲ ਸਟੱਡੀ ਕਰਾਉਣ ਦਾ ਆਨੰਦ ਮਾਣ ਸਕੋਗੇ।