ਟੁੱਟੇ ਦਿਲ ਵਾਲਿਆਂ ਨੂੰ ਦਿਲਾਸਾ ਦਿਓ
1 ਅੱਜ ਲੋਕਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦਿਲਾਸੇ ਦੀ ਲੋੜ ਹੈ। ਆਪਣੇ ਰਾਜਾ ਮਸੀਹ ਯਿਸੂ ਦੀ ਰੀਸ ਕਰਦੇ ਹੋਏ ਅਸੀਂ ਵੀ ‘ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਣ’ ਦੀ ਕੋਸ਼ਿਸ਼ ਕਰਦੇ ਹਾਂ।—ਯਸਾ. 61:1.
2 ਕਿੱਦਾਂ ਦਿਲਾਸਾ ਦੇਈਏ: ਅਸੀਂ ਹਾਲਾਤ ਦੇ ਮੁਤਾਬਕ ਚੰਗੀਆਂ ਗੱਲਾਂ ਕਰ ਕੇ ਲੋਕਾਂ ਨੂੰ ਦਿਲਾਸਾ ਦੇ ਸਕਦੇ ਹਾਂ। ਅਸੀਂ ਦੁਨੀਆਂ ਦੇ ਭੈੜੇ ਕੰਮਾਂ ਅਤੇ ਝੂਠੀਆਂ ਧਾਰਮਿਕ ਸਿੱਖਿਆਵਾਂ ਬਾਰੇ ਜ਼ਿਆਦਾ ਗੱਲਬਾਤ ਨਹੀਂ ਕਰਾਂਗੇ, ਸਗੋਂ ਬਾਈਬਲ ਦੀ ਸਹੀ ਸਿੱਖਿਆ ਅਤੇ ਪਰਮੇਸ਼ੁਰ ਦੇ ਸ਼ਾਨਦਾਰ ਵਾਅਦਿਆਂ ਬਾਰੇ ਲੋਕਾਂ ਨੂੰ ਦੱਸ ਕੇ ਉਨ੍ਹਾਂ ਦੇ ਦਿਲਾਂ ਵਿਚ ਉਮੀਦ ਦੀ ਕਿਰਨ ਜਗਾਵਾਂਗੇ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਰਮਾਗੇਡਨ ਦੀ ਲੜਾਈ ਦਾ ਕਦੇ ਜ਼ਿਕਰ ਹੀ ਨਹੀਂ ਕਰਾਂਗੇ। ਦੂਸਰਿਆਂ ਨੂੰ “ਯਹੋਵਾਹ ਦੇ ਮਨ ਭਾਉਂਦੇ ਵਰ੍ਹੇ” ਬਾਰੇ ਦੱਸਣ ਦੇ ਨਾਲ-ਨਾਲ ਸਾਨੂੰ “ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ” ਕਰਨ ਅਤੇ “ਦੁਸ਼ਟ ਨੂੰ ਉਹ ਦੇ ਕੁਚਲਣ ਤੋਂ ਖਬਰਦਾਰ” ਕਰਨ ਦਾ ਵੀ ਹੁਕਮ ਦਿੱਤਾ ਗਿਆ ਹੈ। ਪਰ ਗੱਲਬਾਤ ਕਰਦਿਆਂ ਸਾਨੂੰ ਮੁੱਖ ਤੌਰ ਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣੀ ਚਾਹੀਦੀ ਹੈ।—ਯਸਾ. 61:2; ਹਿਜ਼. 3:18; ਮੱਤੀ 24:14.
3 ਘਰ-ਘਰ ਦੀ ਸੇਵਕਾਈ: ਲੋਕ ਬੀਮਾਰੀਆਂ ਕਰਕੇ, ਘਰ ਵਿਚ ਕਿਸੇ ਦੀ ਮੌਤ ਹੋਣ ਕਰਕੇ, ਆਪਣੇ ਨਾਲ ਹੋਏ ਅਨਿਆਂ ਕਰਕੇ ਜਾਂ ਆਰਥਿਕ ਤੰਗੀਆਂ ਕਰਕੇ ਨਿਰਾਸ਼ ਹਨ। ਮਸੀਹ ਵਾਂਗ ਸਾਨੂੰ ਵੀ ਨਿਰਾਸ਼ ਵਿਅਕਤੀਆਂ ਤੇ ਬਹੁਤ “ਤਰਸ” ਆਉਂਦਾ ਹੈ ਅਤੇ ਸਾਨੂੰ ਉਨ੍ਹਾਂ ਨਾਲ ਪੂਰੀ ਹਮਦਰਦੀ ਹੈ। (ਲੂਕਾ 7:13; ਰੋਮੀ. 12:15) ਉਨ੍ਹਾਂ ਦੀ ਸਮੱਸਿਆ ਮੁਤਾਬਕ ਬਾਈਬਲ ਵਿੱਚੋਂ ਇਕ-ਦੋ ਆਇਤਾਂ ਸਾਂਝੀਆਂ ਕਰਨੀਆਂ ਗ਼ਲਤ ਨਹੀਂ, ਪਰ ਬੋਲਣ ਨਾਲੋਂ ਸਾਨੂੰ ‘ਸੁਣਨ ਵਿੱਚ ਕਾਹਲੇ’ ਹੋਣਾ ਚਾਹੀਦਾ ਹੈ ਜਦੋਂ ਉਹ ਸਾਨੂੰ ਆਪਣੇ ਦਿਲ ਦਾ ਦਰਦ ਦੱਸਦੇ ਹਨ। (ਯਾਕੂ. 1:19) ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣਨ ਤੋਂ ਬਾਅਦ ਹੀ ਅਸੀਂ ਉਨ੍ਹਾਂ ਨੂੰ ਦਿਲਾਸਾ ਦੇ ਸਕਾਂਗੇ।
4 ਢੁਕਵਾਂ ਸਮਾਂ ਦੇਖ ਕੇ ਅਸੀਂ ਕਹਿ ਸਕਦੇ ਹਾਂ, “ਮੈਂ ਬਾਈਬਲ ਵਿੱਚੋਂ ਤੁਹਾਨੂੰ ਇਕ ਬਹੁਤ ਹੀ ਹੌਸਲੇ ਵਾਲੀ ਗੱਲ ਪੜ੍ਹ ਕੇ ਸੁਣਾਉਣਾ ਚਾਹੁੰਦਾ ਹਾਂ।” ਸਾਨੂੰ ਸਮਝ ਤੋਂ ਕੰਮ ਲੈਂਦੇ ਹੋਏ ਅਗਲੇ ਦੇ ਹਰ ਗ਼ਲਤ ਵਿਚਾਰ ਨੂੰ ਨਹੀਂ ਕੱਟਣਾ ਚਾਹੀਦਾ। ਸਾਡਾ ਮਕਸਦ ਉਸ ਨੂੰ ਬਾਈਬਲ ਵਿੱਚੋਂ ਦਿਲਾਸਾ ਤੇ ਹੌਸਲਾ ਦੇਣਾ ਹੈ। ਇਸ ਸੰਬੰਧੀ ਤੁਸੀਂ ਰੀਜ਼ਨਿੰਗ ਫਰਾਮ ਦ ਸਕ੍ਰਿਪਚਰਜ਼, ਸਫ਼ੇ 117-121 ਉੱਤੇ “Encouragement” (ਹੌਸਲਾ-ਅਫ਼ਜ਼ਾਈ) ਸਿਰਲੇਖ ਦੇਖ ਸਕਦੇ ਹੋ। ਜਾਂ ਤੁਸੀਂ ਦਿਲਗਿਰੇ ਵਿਅਕਤੀਆਂ ਲਈ ਦਿਲਾਸਾ ਨਾਮਕ ਟ੍ਰੈਕਟ ਦੇ ਕੇ ਉਸ ਵਿੱਚੋਂ ਕੋਈ ਉਤਸ਼ਾਹਜਨਕ ਗੱਲ ਦਿਖਾ ਸਕਦੇ ਹੋ।
5 ਦੂਸਰਿਆਂ ਨੂੰ ਦਿਲਾਸਾ ਦੇਣ ਦੇ ਮੌਕੇ ਲੱਭੋ: ਕੀ ਤੁਹਾਡਾ ਕੋਈ ਗੁਆਂਢੀ, ਸਹਿਕਰਮੀ, ਸਹਿਪਾਠੀ ਜਾਂ ਰਿਸ਼ਤੇਦਾਰ ਨਿਰਾਸ਼ ਹੈ? ਕਿਉਂ ਨਹੀਂ ਤੁਸੀਂ ਉਸ ਦੇ ਘਰ ਜਾ ਕੇ ਉਸ ਨੂੰ ਬਾਈਬਲ ਵਿੱਚੋਂ ਹੌਸਲਾ ਦੇਣ ਦੀ ਕੋਸ਼ਿਸ਼ ਕਰਦੇ? ਜੇ ਤੁਸੀਂ ਜਾਣਦੇ ਹੋ ਕਿ ਉਹ ਕਿਸ ਗੱਲੋਂ ਨਿਰਾਸ਼ ਹੈ, ਤਾਂ ਤੁਸੀਂ ਪਹਿਲਾਂ ਤੋਂ ਤਿਆਰੀ ਕਰ ਸਕਦੇ ਹੋ। ਕਈਆਂ ਨੇ ਚਿੱਠੀਆਂ ਲਿਖ ਕੇ ਜਾਂ ਫ਼ੋਨ ਕਰ ਕੇ ਦੂਸਰਿਆਂ ਨੂੰ ਦਿਲਾਸਾ ਦਿੱਤਾ ਹੈ। ਦੂਸਰਿਆਂ ਲਈ ਸੱਚਾ ਪਿਆਰ ਹੋਣ ਕਰਕੇ ਅਸੀਂ ਉਨ੍ਹਾਂ ਦਾ ਦਰਦ ਸਮਝਦੇ ਹਾਂ ਅਤੇ ਉਨ੍ਹਾਂ ਨੂੰ ਬਾਈਬਲ ਵਿੱਚੋਂ ਕੋਈ ਚੰਗੀ ਗੱਲ ਦਿਖਾ ਕੇ ਹੌਸਲਾ ਦੇਣਾ ਚਾਹੁੰਦੇ ਹਾਂ।—ਲੂਕਾ 10:25-37.
6 ਸਾਨੂੰ ਸੋਗੀਆਂ ਨੂੰ ਦਿਲਾਸਾ ਦੇਣ, ਦੁਖੀ ਮਨਾਂ ਨੂੰ ਹੌਸਲਾ ਅਤੇ ਸੋਹਣੇ ਭਵਿੱਖ ਦੀ ਉਮੀਦ ਦੇਣ ਦਾ ਕੰਮ ਦਿੱਤਾ ਗਿਆ ਹੈ। ਦੁਨੀਆਂ ਭਰ ਵਿਚ ਲੋਕਾਂ ਨੂੰ ਇਸ ਦੀ ਲੋੜ ਹੈ। ਪਰਮੇਸ਼ੁਰ ਨੇ ਸਾਡੇ ਲਈ ਬਹੁਤ ਕੁਝ ਕਰਨ ਦਾ ਵਾਅਦਾ ਕੀਤਾ ਹੈ। ਇਨ੍ਹਾਂ ਵਾਅਦਿਆਂ ਬਾਰੇ ਉਤਸ਼ਾਹ ਨਾਲ ਗੱਲ ਕਰ ਕੇ ਅਸੀਂ ਦੂਸਰਿਆਂ ਨੂੰ ਹੌਸਲਾ ਤੇ ਆਸ਼ਾ ਦੇ ਸਕਦੇ ਹਾਂ। ਆਓ ਆਪਾਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਣ ਦੇ ਕਿਸੇ ਵੀ ਮੌਕੇ ਤੋਂ ਨਾ ਖੁੰਝੀਏ!