ਕੀ ਤੁਸੀਂ ਢਿੱਲ-ਮੱਠ ਕਰ ਰਹੇ ਹੋ?
ਕਿਸ ਗੱਲ ਵਿਚ ਢਿੱਲ-ਮੱਠ? ਡੀ. ਪੀ. ਏ. (ਡਿਉਰਬਲ ਪਾਵਰ ਆਫ਼ ਅਟਾਰਨੀ) ਕਾਰਡ ਭਰਨ ਵਿਚ ਜੋ ਕਿ ਬਪਤਿਸਮਾ ਲੈ ਚੁੱਕੇ ਗਵਾਹਾਂ ਲਈ ਤਿਆਰ ਕੀਤਾ ਗਿਆ ਹੈ। ਕਿਉਂਕਿ “ਤੁਸੀਂ ਜਾਣਦੇ ਹੀ ਨਹੀਂ ਜੋ ਭਲਕੇ ਕੀ ਹੋਵੇਗਾ,” ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਪਹਿਲਾਂ ਤੋਂ ਫ਼ੈਸਲਾ ਕਰ ਕੇ ਲਿਖਤੀ ਰੂਪ ਵਿਚ ਦੱਸ ਦਿਓ ਕਿ ਗੰਭੀਰ ਬੀਮਾਰੀ ਦੀ ਹਾਲਤ ਵਿਚ ਜਾਂ ਐਕਸੀਡੈਂਟ ਹੋਣ ਤੇ ਤੁਸੀਂ ਕਿਹੜਾ ਇਲਾਜ ਕਰਾਉਣਾ ਚਾਹੋਗੇ ਤੇ ਕਿਹੜਾ ਨਹੀਂ। (ਯਾਕੂ. 4:14; ਰਸੂ. 15:28, 29) ਇਸ ਸੰਬੰਧੀ ਤੁਹਾਡੀ ਮਦਦ ਲਈ ਖ਼ੂਨ ਬਿਨਾਂ ਇਲਾਜ—ਮਰੀਜ਼ਾਂ ਦੀਆਂ ਲੋੜਾਂ ਅਤੇ ਹੱਕਾਂ ਨੂੰ ਪੂਰਾ ਕਰਨਾ (ਅੰਗ੍ਰੇਜ਼ੀ) ਨਾਮਕ ਵਿਡਿਓ ਤਿਆਰ ਕੀਤਾ ਗਿਆ ਹੈ। ਇਸ ਵਿਡਿਓ ਨੂੰ ਜ਼ਰੂਰ ਦੇਖੋ ਅਤੇ ਫਿਰ ਥੱਲੇ ਦਿੱਤੇ ਸਵਾਲਾਂ ਦੀ ਮਦਦ ਨਾਲ ਪ੍ਰਾਰਥਨਾਪੂਰਵਕ ਵਿਚਾਰ ਕਰੋ ਕਿ ਤੁਸੀਂ ਕੀ ਸਿੱਖਿਆ ਹੈ।—ਧਿਆਨ ਦਿਓ: ਇਸ ਵਿਡਿਓ ਵਿਚ ਮਰੀਜ਼ਾਂ ਦਾ ਓਪਰੇਸ਼ਨ ਹੁੰਦਾ ਦਿਖਾਇਆ ਗਿਆ ਹੈ, ਇਸ ਲਈ ਮਾਪਿਆਂ ਨੂੰ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਹ ਵਿਡਿਓ ਦਿਖਾਉਣਗੇ ਜਾਂ ਨਹੀਂ।
(1) ਕਈ ਡਾਕਟਰ ਖ਼ੂਨ ਚੜ੍ਹਾਉਣ ਦੇ ਮਾਮਲੇ ਵਿਚ ਆਪਣੀ ਰਾਇ ਕਿਉਂ ਬਦਲ ਰਹੇ ਹਨ? (2) ਖ਼ੂਨ ਚੜ੍ਹਾਏ ਬਿਨਾਂ ਕੀਤੇ ਗਏ ਤਿੰਨ ਗੁੰਝਲਦਾਰ ਓਪਰੇਸ਼ਨਾਂ ਦੀਆਂ ਮਿਸਾਲਾਂ ਦਿਓ। (3) ਦੁਨੀਆਂ ਭਰ ਵਿਚ ਕਿੰਨੇ ਡਾਕਟਰ ਅਤੇ ਸਰਜਨ ਖ਼ੂਨ ਤੋਂ ਬਿਨਾਂ ਮਰੀਜ਼ਾਂ ਦਾ ਇਲਾਜ ਕਰਨ ਲਈ ਰਜ਼ਾਮੰਦ ਹਨ? ਉਹ ਇਸ ਤਰ੍ਹਾਂ ਕਰਨ ਲਈ ਕਿਉਂ ਤਿਆਰ ਹਨ? (4) ਹਸਪਤਾਲਾਂ ਵਿਚ ਖ਼ੂਨ ਦੀ ਵਰਤੋਂ ਬਾਰੇ ਹਾਲ ਹੀ ਵਿਚ ਕੀਤੇ ਅਧਿਐਨਾਂ ਤੋਂ ਕੀ ਪਤਾ ਲੱਗਾ ਹੈ? (5) ਖ਼ੂਨ ਲੈਣ ਦੇ ਕਿਹੜੇ ਕੁਝ ਖ਼ਤਰੇ ਹਨ? (6) ਖ਼ੂਨ ਦੀ ਥਾਂ ਤੇ ਕੋਈ ਹੋਰ ਦਵਾਈ ਵਰਤਣ ਦੇ ਫ਼ਾਇਦਿਆਂ ਬਾਰੇ ਬਹੁਤ ਸਾਰੇ ਡਾਕਟਰਾਂ ਨੇ ਕੀ ਸਿੱਟਾ ਕੱਢਿਆ ਹੈ? (7) ਖ਼ੂਨ ਦੀ ਕਮੀ ਕਿਸ ਕਾਰਨ ਹੁੰਦੀ ਹੈ? ਇਨਸਾਨ ਖ਼ੂਨ ਦੀ ਕਿੰਨੀ ਕੁ ਕਮੀ ਨੂੰ ਬਰਦਾਸ਼ਤ ਕਰ ਸਕਦਾ ਹੈ? ਇਸ ਕਮੀ ਨੂੰ ਪੂਰਾ ਕਰਨ ਲਈ ਕੀ ਕੀਤਾ ਜਾ ਸਕਦਾ ਹੈ? (8) ਮਰੀਜ਼ ਦੇ ਸਰੀਰ ਵਿਚ ਲਾਲ ਸੈੱਲਾਂ ਦੀ ਮਾਤਰਾ ਕਿਵੇਂ ਵਧਾਈ ਜਾ ਸਕਦੀ ਹੈ? (9) ਓਪਰੇਸ਼ਨ ਦੌਰਾਨ ਜ਼ਿਆਦਾ ਖ਼ੂਨ ਨਾ ਵਹੇ, ਇਸ ਦੇ ਲਈ ਕਿਹੜੀਆਂ ਤਕਨੀਕਾਂ ਵਰਤੀਆਂ ਜਾਂਦੀਆਂ ਹਨ? (10) ਕੀ ਛੋਟੇ ਬੱਚਿਆਂ ਅਤੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦਾ ਵੀ ਬਿਨਾਂ ਖ਼ੂਨ ਚੜ੍ਹਾਏ ਇਲਾਜ ਕੀਤਾ ਜਾ ਸਕਦਾ ਹੈ? (11) ਚੰਗੇ ਇਲਾਜ ਦੇ ਪਿੱਛੇ ਕਿਹੜਾ ਇਕ ਮੁੱਖ ਨੈਤਿਕ ਸਿਧਾਂਤ ਹੈ? (12) ਮਸੀਹੀਆਂ ਲਈ ਪਹਿਲਾਂ ਹੀ ਇਹ ਫ਼ੈਸਲਾ ਕਰਨਾ ਕਿਉਂ ਜ਼ਰੂਰੀ ਹੈ ਕਿ ਉਹ ਖ਼ੂਨ ਤੋਂ ਬਿਨਾਂ ਕਿਹੜਾ ਇਲਾਜ ਸਵੀਕਾਰ ਕਰਨਗੇ? ਅਸੀਂ ਇਹ ਫ਼ੈਸਲੇ ਕਿਵੇਂ ਕਰ ਸਕਦੇ ਹਾਂ?
ਇਸ ਵਿਡਿਓ ਵਿਚ ਦੱਸੇ ਗਏ ਇਲਾਜ ਦੇ ਕੁਝ ਤਰੀਕਿਆਂ ਨੂੰ ਸਵੀਕਾਰ ਕਰਨਾ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਹਰ ਮਸੀਹੀ ਆਪਣੀ ਬਾਈਬਲ-ਸਿੱਖਿਅਤ ਜ਼ਮੀਰ ਦੇ ਆਧਾਰ ਤੇ ਆਪ ਕਰੇ। ਕੀ ਤੁਸੀਂ ਇਹ ਫ਼ੈਸਲਾ ਕਰ ਲਿਆ ਹੈ ਕਿ ਤੁਸੀਂ ਆਪਣੇ ਵਾਸਤੇ ਅਤੇ ਆਪਣੇ ਬੱਚਿਆਂ ਵਾਸਤੇ ਖ਼ੂਨ ਤੋਂ ਬਿਨਾਂ ਇਲਾਜ ਕਰਾਉਣ ਦਾ ਕਿਹੜਾ ਤਰੀਕਾ ਅਪਣਾਓਗੇ? ਇਸ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਲੈਣ ਲਈ ਪਹਿਰਾਬੁਰਜ, 15 ਜੂਨ 2004 ਅਤੇ 15 ਅਕਤੂਬਰ 2000 ਵਿਚ “ਪਾਠਕਾਂ ਵੱਲੋਂ ਸਵਾਲ” ਨਾਮਕ ਲੇਖ ਅਤੇ ਸਾਡੀ ਰਾਜ ਸੇਵਕਾਈ, ਨਵੰਬਰ 2006 ਦੇ ਅੰਤਰ-ਪੱਤਰ ਵਿਚ ਦਿੱਤਾ ਲੇਖ “ਮੈਂ ਇਲਾਜ ਵਿਚ ਲਹੂ ਦੇ ਅੰਸ਼ਾਂ ਅਤੇ ਆਪਣੇ ਹੀ ਲਹੂ ਦੀ ਵਰਤੋਂ ਨੂੰ ਕਿਵੇਂ ਵਿਚਾਰਦਾ ਹਾਂ?” ਪੜ੍ਹੋ। ਪਰਿਵਾਰ ਦੇ ਜਿਹੜੇ ਮੈਂਬਰ ਗਵਾਹ ਨਹੀਂ ਹਨ, ਉਨ੍ਹਾਂ ਨੂੰ ਅਤੇ ਆਪਣੇ ਹੈਲਥ-ਕੇਅਰ ਏਜੰਟਾਂ ਨੂੰ ਆਪਣੇ ਫ਼ੈਸਲੇ ਤੋਂ ਚੰਗੀ ਤਰ੍ਹਾਂ ਜਾਣੂ ਕਰਾਓ।