ਆਪਣੀ ਪ੍ਰਚਾਰ ਕਰਨ ਦੀ ਕਲਾ ਸੁਧਾਰਦੇ ਰਹੋ
1 ਆਪਣੇ ਸੇਵਕਾਂ ਨੂੰ ਸੱਚਾਈ ਵਿਚ ਤਰੱਕੀ ਕਰਦਿਆਂ ਦੇਖ ਕੇ ਸਾਡੇ ਸਵਰਗੀ ਪਿਤਾ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਸੱਚਾਈ ਵਿਚ ਤਰੱਕੀ ਕਰਨ ʼਚ ਇਹ ਵੀ ਸ਼ਾਮਲ ਹੈ ਕਿ ਅਸੀਂ ਖ਼ੁਸ਼ ਖ਼ਬਰੀ ਦੇ ਸਮਝਦਾਰ ਅਤੇ ਅਸਰਦਾਰ ਪ੍ਰਚਾਰਕ ਬਣੀਏ। ਪੌਲੁਸ ਨੇ ਕਲੀਸਿਯਾ ਦੇ ਇਕ ਨਿਗਾਹਬਾਨ ਤਿਮੋਥਿਉਸ ਨੂੰ ਹੱਲਾਸ਼ੇਰੀ ਦਿੱਤੀ ਸੀ ਕਿ ਉਹ ਮਿਹਨਤ ਕਰਦਾ ਰਹੇ ਤਾਂਕਿ ਉਸ ਦੀ ਤਰੱਕੀ ਸਭਨਾਂ ਨੂੰ ਦਿਖਾਈ ਦੇਵੇ। (1 ਤਿਮੋ. 4:13-15) ਭਾਵੇਂ ਸਾਨੂੰ ਪ੍ਰਚਾਰ ਦੇ ਕੰਮ ਵਿਚ ਕਾਫ਼ੀ ਤਜਰਬਾ ਹੈ ਜਾਂ ਨਹੀਂ, ਫਿਰ ਵੀ ਸਾਨੂੰ ਸਾਰਿਆਂ ਨੂੰ ਆਪਣੀ ਪ੍ਰਚਾਰ ਕਰਨ ਦੀ ਕਲਾ ਸੁਧਾਰਦੇ ਰਹਿਣਾ ਚਾਹੀਦਾ ਹੈ।
2 ਟੀਚੇ ਰੱਖੋ: ਤਰੱਕੀ ਕਰਨ ਲਈ ਟੀਚੇ ਰੱਖਣੇ ਜ਼ਰੂਰੀ ਹਨ। ਅਸੀਂ ਕਿਹੜੇ ਕੁਝ ਟੀਚੇ ਰੱਖ ਸਕਦੇ ਹਾਂ? ਅਸੀਂ ਆਪਣੀ ਰੂਹਾਨੀ ਤਲਵਾਰ ਯਾਨੀ ਬਾਈਬਲ ਨੂੰ ਹੋਰ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। (ਅਫ਼. 6:17) ਸ਼ਾਇਦ ਸਾਨੂੰ ਸੜਕਾਂ ਉੱਤੇ, ਟੈਲੀਫ਼ੋਨ ਰਾਹੀਂ ਜਾਂ ਕਾਰੋਬਾਰੀ ਇਲਾਕਿਆਂ ਵਿਚ ਚੰਗੀ ਤਰ੍ਹਾਂ ਪ੍ਰਚਾਰ ਕਰਨਾ ਨਹੀਂ ਆਉਂਦਾ। ਸੋ ਅਸੀਂ ਟੀਚਾ ਰੱਖ ਸਕਦੇ ਹਾਂ ਕਿ ਅਸੀਂ ਇਨ੍ਹਾਂ ਖੇਤਰਾਂ ਵਿਚ ਵਧੀਆ ਢੰਗ ਨਾਲ ਗਵਾਹੀ ਦੇਣੀ ਸਿੱਖਾਂਗੇ। ਸ਼ਾਇਦ ਅਸੀਂ ਵਧੀਆ ਢੰਗ ਨਾਲ ਪੁਨਰ-ਮੁਲਾਕਾਤਾਂ ਕਰਨ ਦੇ ਮਾਮਲੇ ਵਿਚ ਸੁਧਾਰ ਕਰ ਸਕਦੇ ਹਾਂ। ਇਕ ਹੋਰ ਵਧੀਆ ਟੀਚਾ ਹੈ ਬਾਈਬਲ ਸਟੱਡੀਆਂ ਕਰਾਉਣੀਆਂ।
3 ਸਾਡੇ ਲਈ ਮਦਦ: ਕਲੀਸਿਯਾ ਦੀਆਂ ਸਭਾਵਾਂ, ਖ਼ਾਸ ਕਰਕੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ, ਸਾਡੀ ਵਧੀਆ ਪ੍ਰਚਾਰਕ ਬਣਨ ਵਿਚ ਮਦਦ ਕਰਦੀਆਂ ਹਨ। ਅਸੀਂ ਇਨ੍ਹਾਂ ਸਭਾਵਾਂ ਦੀ ਤਿਆਰੀ ਕਰਨ, ਇਨ੍ਹਾਂ ਵਿਚ ਹਾਜ਼ਰ ਹੋਣ ਅਤੇ ਇਨ੍ਹਾਂ ਵਿਚ ਦਿੱਤੇ ਸੁਝਾਵਾਂ ਨੂੰ ਲਾਗੂ ਕਰਨ ਦਾ ਜਿੰਨਾ ਜਤਨ ਕਰਾਂਗੇ, ਸਾਨੂੰ ਉੱਨਾ ਹੀ ਫ਼ਾਇਦਾ ਹੋਵੇਗਾ।—2 ਕੁਰਿੰ. 9:6.
4 ਸਾਨੂੰ ਇਕ ਦੂਸਰੇ ਦੀ ਵੀ ਤਰੱਕੀ ਕਰਨ ਵਿਚ ਮਦਦ ਕਰਨੀ ਚਾਹੀਦੀ ਹੈ। (ਕਹਾ. 27:17) ਤੁਹਾਡੇ ਨਾਲ ਪ੍ਰਚਾਰ ਕਰ ਰਹੇ ਪਬਲੀਸ਼ਰ ਨੂੰ ਘਰ-ਸੁਆਮੀ ਨਾਲ ਗੱਲ ਕਰਦੇ ਹੋਏ ਸੁਣੋ। ਇਸ ਤੋਂ ਵੀ ਅਸੀਂ ਬਹੁਤ ਕੁਝ ਸਿੱਖਾਂਗੇ। ਇਸ ਤੋਂ ਇਲਾਵਾ, ਸਾਡਾ ਬੁੱਕ ਸਟੱਡੀ ਓਵਰਸੀਅਰ ਸਾਡੀ ਮਦਦ ਕਰਨ ਲਈ ਕਿਸੇ ਹੋਰ ਪਬਲੀਸ਼ਰ ਦਾ ਪ੍ਰਬੰਧ ਕਰ ਸਕਦਾ ਹੈ। ਤਜਰਬੇਕਾਰ ਪਾਇਨੀਅਰ ਜਾਂ ਪਬਲੀਸ਼ਰ ਦੀ ਮਦਦ ਨਾਲ ਅਸੀਂ ਅਸਰਦਾਰ ਢੰਗ ਨਾਲ ਪ੍ਰਚਾਰ ਕਰਨਾ ਸਿੱਖ ਸਕਦੇ ਹਾਂ ਅਤੇ ਇਸ ਕੰਮ ਤੋਂ ਜ਼ਿਆਦਾ ਖ਼ੁਸ਼ੀ ਪ੍ਰਾਪਤ ਕਰ ਸਕਦੇ ਹਾਂ। ਕੀ ਤੁਹਾਡੀ ਬੁੱਕ ਸਟੱਡੀ ਵਿਚ ਕੋਈ ਨਵਾਂ ਪਬਲੀਸ਼ਰ ਹੈ? ਤੁਸੀਂ ਉਸ ਨੂੰ ਆਪਣੇ ਨਾਲ ਪ੍ਰਚਾਰ ਤੇ ਲਿਜਾ ਸਕਦੇ ਹੋ।
5 ਅੱਜ ਪ੍ਰਚਾਰ ਦਾ ਕੰਮ ਹੀ ਸਭ ਤੋਂ ਅਹਿਮ ਕੰਮ ਹੈ। ਆਓ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਕੇ ਯਹੋਵਾਹ ਨੂੰ “ਉਸਤਤ ਦਾ ਬਲੀਦਾਨ” ਚੜ੍ਹਾਈਏ। (ਇਬ. 13:15) ਜੇ ਅਸੀਂ ਪ੍ਰਚਾਰਕਾਂ ਦੇ ਤੌਰ ਤੇ ਤਰੱਕੀ ਕਰਾਂਗੇ, ਤਾਂ ਅਸੀਂ ਵਧੀਆ ਪਬਲੀਸ਼ਰ ਬਣਾਂਗੇ। ਅਸੀਂ ‘ਲੱਜਿਆਵਾਨ ਨਹੀਂ ਹੋਵਾਂਗੇ ਅਤੇ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰ ਪਾਵਾਂਗੇ।’—2 ਤਿਮੋ. 2:15.