ਪ੍ਰਸ਼ਨ ਡੱਬੀ
◼ ਕੀ ਯਹੋਵਾਹ ਦੇ ਗਵਾਹਾਂ ਲਈ ਧਾਰਮਿਕ ਸੰਸਥਾਵਾਂ ਦੁਆਰਾ ਚਲਾਏ ਜਾਂਦੇ ਹਸਪਤਾਲਾਂ ਵਿਚ ਇਲਾਜ ਕਰਾਉਣਾ ਜਾਂ ਬਿਰਧ ਆਸ਼ਰਮਾਂ ਵਿਚ ਰਹਿਣਾ ਠੀਕ ਹੈ?
ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਹਸਪਤਾਲ ਅਤੇ ਬਿਰਧ ਆਸ਼ਰਮ ਚਲਾਉਂਦੀਆਂ ਹਨ। ਆਮ ਤੌਰ ਤੇ ਧਾਰਮਿਕ ਸੰਸਥਾਵਾਂ ਆਪਣੇ ਧਰਮ ਨੂੰ ਫੈਲਾਉਣ ਲਈ ਹਸਪਤਾਲ ਨਹੀਂ ਚਲਾਉਂਦੀਆਂ। (ਪਰ. 18:2, 4) ਉਨ੍ਹਾਂ ਨੇ ਇਹ ਹਸਪਤਾਲ ਸ਼ਾਇਦ ਕਮਾਈ ਦੇ ਸਾਧਨ ਵਜੋਂ ਖੋਲ੍ਹੇ ਹੋਣ। ਅੱਜ ਕੁਝ ਹਸਪਤਾਲਾਂ ਦੇ ਨਾਂ ਹੀ ਧਾਰਮਿਕ ਹਨ। ਕੁਝ ਹਸਪਤਾਲਾਂ ਵਿਚ ਕੁਝ ਪਾਦਰੀ ਜਾਂ ਨਨਾਂ ਵੀ ਕੰਮ ਕਰਦੀਆਂ ਹਨ।
ਜੇ ਕਿਸੇ ਯਹੋਵਾਹ ਦੇ ਗਵਾਹ ਨੇ ਇਲਾਜ ਕਰਾਉਣਾ ਹੈ ਜਾਂ ਬਿਰਧ ਆਸ਼ਰਮ ਵਿਚ ਰਹਿਣਾ ਹੈ, ਤਾਂ ਉਸ ਨੇ ਆਪ ਫ਼ੈਸਲਾ ਕਰਨਾ ਹੈ ਕਿ ਉਹ ਕਿਸੇ ਧਾਰਮਿਕ ਸੰਸਥਾ ਵੱਲੋਂ ਚਲਾਏ ਜਾਂਦੇ ਹਸਪਤਾਲ ਜਾਂ ਬਿਰਧ ਆਸ਼ਰਮ ਵਿਚ ਜਾਵੇਗਾ ਜਾਂ ਨਹੀਂ। ਸ਼ਾਇਦ ਇਕ ਗਵਾਹ ਦਾ ਅੰਤਹਕਰਣ ਉਸ ਨੂੰ ਉੱਥੇ ਜਾਣ ਦੀ ਇਜਾਜ਼ਤ ਦੇਵੇ ਤੇ ਦੂਸਰੇ ਦਾ ਨਹੀਂ। (1 ਤਿਮੋ. 1:5) ਇਸ ਲਈ, ਫ਼ੈਸਲਾ ਕਰਨ ਤੋਂ ਪਹਿਲਾਂ ਕੁਝ ਗੱਲਾਂ ʼਤੇ ਵਿਚਾਰ ਕਰਨਾ ਚੰਗਾ ਹੋਵੇਗਾ।
ਉਦਾਹਰਣ ਲਈ, ਧਾਰਮਿਕ ਸੰਸਥਾ ਵੱਲੋਂ ਚਲਾਏ ਜਾਂਦੇ ਹਸਪਤਾਲ ਜਾਂ ਬਿਰਧ ਆਸ਼ਰਮ ਤੋਂ ਇਲਾਵਾ ਸ਼ਾਇਦ ਹੋਰ ਕੋਈ ਹਸਪਤਾਲ ਜਾਂ ਬਿਰਧ ਆਸ਼ਰਮ ਨੇੜੇ-ਤੇੜੇ ਨਾ ਹੋਵੇ। ਜਾਂ ਜੇ ਹੈ ਵੀ, ਤਾਂ ਹੋ ਸਕਦਾ ਹੈ ਕਿ ਉੱਥੇ ਇਲਾਜ ਜਾਂ ਦੇਖ-ਭਾਲ ਇੰਨੇ ਵਧੀਆ ਢੰਗ ਨਾਲ ਨਾ ਕੀਤੀ ਜਾਂਦੀ ਹੋਵੇ। ਸ਼ਾਇਦ ਧਾਰਮਿਕ ਸੰਸਥਾ ਵੱਲੋਂ ਚਲਾਏ ਜਾਂਦੇ ਹਸਪਤਾਲ ਵਿਚ ਹੀ ਉਹ ਇਲਾਜ ਕੀਤਾ ਜਾਂਦਾ ਹੋਵੇ ਜਿਸ ਦੀ ਤੁਹਾਨੂੰ ਲੋੜ ਹੈ। ਜਾਂ ਫਿਰ ਤੁਹਾਡਾ ਡਾਕਟਰ ਜਾਂ ਸਰਜਨ ਸਿਰਫ਼ ਉੱਥੇ ਹੀ ਕੰਮ ਕਰਦਾ ਹੋਵੇ। ਇਹ ਵੀ ਹੋ ਸਕਦਾ ਹੈ ਕਿ ਧਾਰਮਿਕ ਸੰਸਥਾ ਵੱਲੋਂ ਚਲਾਏ ਜਾਂਦੇ ਹਸਪਤਾਲਾਂ ਵਿਚ ਡਾਕਟਰ ਤੁਹਾਡੇ ਖ਼ੂਨ ਬਿਨਾਂ ਇਲਾਜ ਕਰਾਉਣ ਦੇ ਫ਼ੈਸਲੇ ਦਾ ਆਦਰ ਕਰਨ, ਜਦ ਕਿ ਪ੍ਰਾਈਵੇਟ ਜਾਂ ਸਰਕਾਰੀ ਹਸਪਤਾਲਾਂ ਦੇ ਡਾਕਟਰ ਨਾ ਕਰਨ। ਸੋ ਫ਼ੈਸਲਾ ਕਰਨ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ ਕੁਝ ਗੱਲਾਂ ਉੱਤੇ ਵਿਚਾਰ ਕਰਨਾ ਪਵੇਗਾ।
ਕੁਝ ਭੈਣ-ਭਰਾ ਧਾਰਮਿਕ ਸੰਸਥਾਵਾਂ ਵੱਲੋਂ ਚਲਾਏ ਜਾਂਦੇ ਹਸਪਤਾਲ ਵਿਚ ਇਲਾਜ ਕਰਾਉਣ ਨੂੰ ਗ਼ਲਤ ਨਹੀਂ ਮੰਨਦੇ ਕਿਉਂਕਿ ਉਹ ਪੈਸਾ ਦੇ ਕੇ ਇਲਾਜ ਕਰਾ ਰਹੇ ਹਨ। ਧਾਰਮਿਕ ਸੰਸਥਾ ਹਸਪਤਾਲ ਚਲਾ ਕੇ ਬਿਜ਼ਨਿਸ ਕਰ ਰਹੀ ਹੈ ਅਤੇ ਭੈਣ-ਭਰਾ ਲੋੜੀਂਦੀਆਂ ਸੇਵਾਵਾਂ ਦੀ ਫ਼ੀਸ ਦੇ ਰਹੇ ਹਨ, ਨਾ ਕਿ ਝੂਠੇ ਧਰਮ ਦੇ ਸਮਰਥਨ ਲਈ ਦਾਨ।
ਦੂਜੇ ਪਾਸੇ, ਮਸੀਹੀ ਹੋਣ ਦੇ ਨਾਤੇ ਤੁਹਾਨੂੰ ਧਿਆਨ ਰੱਖਣਾ ਪਵੇਗਾ ਕਿ ਤੁਸੀਂ ਉਨ੍ਹਾਂ ਦੇ ਕਿਸੇ ਵੀ ਧਾਰਮਿਕ ਰੀਤੀ-ਰਿਵਾਜ ਵਿਚ ਸ਼ਾਮਲ ਨਹੀਂ ਹੋਵੋਗੇ। ਤੁਸੀਂ ਉੱਥੇ ਕੰਮ ਕਰਨ ਵਾਲੇ ਜਾਂ ਆਉਣ ਵਾਲੇ ਪਾਦਰੀਆਂ ਜਾਂ ਨਨਾਂ ਨੂੰ “ਫਾਦਰ” ਜਾਂ “ਸਿਸਟਰ” ਕਹਿ ਕੇ ਨਹੀਂ ਬੁਲਾਓਗੇ। (ਮੱਤੀ 23:9) ਤੁਸੀਂ ਇਹ ਦੇਖਣਾ ਹੈ ਕਿ ਤੁਸੀਂ ਉੱਥੇ ਸਿਰਫ਼ ਇਲਾਜ ਕਰਾਉਣ ਆਏ ਹੋ, ਹੋਰ ਕੁਝ ਨਹੀਂ।
ਹਸਪਤਾਲ ਵਿਚ ਦਾਖ਼ਲ ਹੋਣ ਵੇਲੇ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ ਅਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਲੀਸਿਯਾ ਦੇ ਬਜ਼ੁਰਗਾਂ ਨੂੰ ਤੁਹਾਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਇਸ ਤਰ੍ਹਾਂ ਤੁਹਾਨੂੰ ਹਸਪਤਾਲ ਵਿਚ ਰਹਿੰਦਿਆਂ ਅਧਿਆਤਮਿਕ ਸਹਾਰਾ ਮਿਲਦਾ ਰਹੇਗਾ।—1 ਥੱਸ. 5:14.
ਘਰ ਦੇ ਮੈਂਬਰਾਂ, ਬਜ਼ੁਰਗਾਂ ਅਤੇ ਕਲੀਸਿਯਾ ਦੇ ਹੋਰ ਲੋਕਾਂ ਨੂੰ ਧਾਰਮਿਕ ਸੰਸਥਾਵਾਂ ਦੁਆਰਾ ਚਲਾਏ ਜਾਂਦੇ ਬਿਰਧ ਆਸ਼ਰਮਾਂ ਵਿਚ ਰਹਿ ਰਹੇ ਬਿਰਧ ਭੈਣ-ਭਰਾਵਾਂ ਦੀਆਂ ਅਧਿਆਤਮਿਕ ਲੋੜਾਂ ਦਾ ਪੂਰਾ-ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਇਸ ਨਾਲ ਬਿਰਧ ਭੈਣ-ਭਰਾਵਾਂ ਨੂੰ ਬਹੁਤ ਹੌਸਲਾ ਮਿਲੇਗਾ ਅਤੇ ਬਿਰਧ ਆਸ਼ਰਮ ਦੇ ਕਰਮਚਾਰੀ ਅਣਜਾਣੇ ਵਿਚ ਉਨ੍ਹਾਂ ਨੂੰ ਆਪਣੇ ਧਾਰਮਿਕ ਰੀਤੀ-ਰਿਵਾਜਾਂ, ਤਿਉਹਾਰਾਂ ਜਾਂ ਹੋਰ ਇਹੋ ਜਿਹੇ ਕੰਮਾਂ ਵਿਚ ਸ਼ਾਮਲ ਨਹੀਂ ਕਰਨਗੇ।
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਹਰ ਇਕ ਨੂੰ ਆਪਣੇ ਹਾਲਾਤਾਂ ਉੱਤੇ ਚੰਗੀ ਤਰ੍ਹਾਂ ਗੌਰ ਕਰਨ ਤੋਂ ਬਾਅਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਕਿਹੜੇ ਹਸਪਤਾਲ ਵਿਚ ਇਲਾਜ ਕਰਾਵੇਗਾ ਜਾਂ ਕਿਹੜੇ ਬਿਰਧ ਆਸ਼ਰਮ ਵਿਚ ਜਾਵੇਗਾ।—ਗਲਾ. 6:5.