ਬ੍ਰਾਂਚ ਤੋਂ ਚਿੱਠੀ
ਪਿਆਰੇ ਭੈਣੋ ਤੇ ਭਰਾਵੋ:
ਪਿਛਲੇ ਸੇਵਾ ਸਾਲ ਦੌਰਾਨ ਯਹੋਵਾਹ ਨੇ ਸੱਚ-ਮੁੱਚ ਹੀ ਬਰਕਤਾਂ ਨਾਲ ਸਾਡੀਆਂ ਝੋਲੀਆਂ ਭਰੀਆਂ ਹਨ। ਸਾਨੂੰ ਇਹ ਜਾਣ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਇਸ ਸਾਲ ਮਈ ਦੇ ਮਹੀਨੇ ਵਿਚ ਪ੍ਰਕਾਸ਼ਕਾਂ ਦੀ ਗਿਣਤੀ 29,065 ਤਕ ਪਹੁੰਚ ਗਈ ਹੈ! ਇਸੇ ਮਹੀਨੇ ਰੈਗੂਲਰ ਪਾਇਨੀਅਰਾਂ ਦੀ ਗਿਣਤੀ ਵੀ 2,342 ਤਕ ਪਹੁੰਚ ਗਈ ਜੋ ਅੱਗੇ ਨਾਲੋਂ ਕਿਤੇ ਜ਼ਿਆਦਾ ਹੈ! ਮਾਰਚ ਦੇ ਮਹੀਨੇ ਮਿਮੋਰੀਅਲ ʼਤੇ 74,326 ਵਿਅਕਤੀ ਹਾਜ਼ਰ ਹੋਏ ਤੇ ਬਾਈਬਲ ਸਟੱਡੀਆਂ ਦੀ ਗਿਣਤੀ 29,050 ਤਕ ਪਹੁੰਚ ਗਈ।
ਦਿਲਚਸਪੀ ਲੈਣ ਵਾਲਿਆਂ ਵਿੱਚੋਂ ਕਾਫ਼ੀ ਸਾਰੇ ਲੋਕ ਬਹੁਤ ਪੜ੍ਹੇ-ਲਿਖੇ ਨਹੀਂ ਹਨ। ਨਾਲੇ ਉਨ੍ਹਾਂ ਲੋਕਾਂ ਬਾਰੇ ਵੀ ਜ਼ਰਾ ਸੋਚੋ ਜੋ ਬਾਈਬਲ ਬਾਰੇ ਅਣਜਾਣ ਹਨ। ਲੋਕਾਂ ਵਾਸਤੇ ਸਾਡੇ ਅਨੁਵਾਦ ਕੀਤੇ ਪ੍ਰਕਾਸ਼ਨ ਸਮਝਣ ਵਿਚ ਸੌਖੇ ਹੋਣੇ ਚਾਹੀਦੇ ਹਨ ਤੇ ਇਨ੍ਹਾਂ ਦਾ ਸੰਦੇਸ਼ ਉਨ੍ਹਾਂ ਦੇ ਦਿਲਾਂ ਤਕ ਪਹੁੰਚਣਾ ਚਾਹੀਦਾ ਹੈ। (1 ਤਿਮੋ. 2:4) ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ, ਸਾਡੇ ਅਨੁਵਾਦਕਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਕਿ ਉਹ ਪ੍ਰਕਾਸ਼ਨਾਂ ਨੂੰ ਇਸ ਢੰਗ ਨਾਲ ਅਨੁਵਾਦ ਕਰਨ ਤਾਂਕਿ ਇਨ੍ਹਾਂ ਨੂੰ ਪੜ੍ਹੇ-ਲਿਖੇ ਹੀ ਨਹੀਂ ਸਗੋਂ ਆਮ ਲੋਕ ਜਾਂ ਨਿਆਣੇ ਵੀ ਪੜ੍ਹ ਕੇ ਸਮਝ ਸਕਣ। (ਮੱਤੀ 11:25) ਇਸ ਦੇ ਸੰਬੰਧ ਵਿਚ ਸਾਨੂੰ ਕਈ ਚਿੱਠੀਆਂ ਆਈਆਂ ਹਨ ਜਿਨ੍ਹਾਂ ਵਿਚ ਕਦਰ ਜ਼ਾਹਰ ਕੀਤੀ ਗਈ ਹੈ ਕਿ ਹੁਣ ਸਾਡੇ ਪ੍ਰਕਾਸ਼ਨ ਸਮਝਣੇ ਅੱਗੇ ਨਾਲੋਂ ਬਹੁਤ ਆਸਾਨ ਹਨ।—1 ਕੁਰਿੰ. 14:9-11.
ਪਿਛਲੇ ਸੇਵਾ ਸਾਲ ਦੌਰਾਨ ਦੇਸ਼ ਦੇ ਵੱਖਰੇ-ਵੱਖਰੇ ਥਾਵਾਂ ਵਿਚ 15 ਕਿੰਗਡਮ ਹਾਲ ਉਸਾਰੇ ਗਏ ਤਾਂਕਿ ਪਰਮੇਸ਼ੁਰ ਦੀ ਸੰਸਥਾ ਵਿਚ ਆਉਣ ਵਾਲੇ ਲੋਕ ਸਭਾਵਾਂ ਵਿਚ ਆ ਸਕਣ। ਕਿੰਨੀ ਖ਼ੁਸ਼ੀ ਦੀ ਗੱਲ ਸੀ ਕਿ ਤਕਰੀਬਨ 70 ਭਰਾਵਾਂ ਨੇ ਆਪਣੇ ਆਪ ਨੂੰ ਉਸਾਰੀ ਦੇ ਇਸ ਵੱਡੇ ਕੰਮ ਲਈ ਪੇਸ਼ ਕੀਤਾ। ਯਹੋਵਾਹ ਦੀ ਮਦਦ ਨਾਲ ਅਸੀਂ ਇਸ ਨਵੇਂ ਸੇਵਾ ਸਾਲ ਦੌਰਾਨ ਹੋਰ 25 ਪ੍ਰਾਜੈਕਟਾਂ ਦੀ ਤਿਆਰੀ ਕਰ ਰਹੇ ਹਾਂ। ਅਸੀਂ ਤੁਹਾਡੇ ਕੀਮਤੀ ਯੋਗਦਾਨ ਤੇ ਪਿਆਰ ਭਰੀਆਂ ਪ੍ਰਾਰਥਨਾਵਾਂ ਦੀ ਬਹੁਤ ਕਦਰ ਕਰਦੇ ਹਾਂ।—ਕਹਾ. 3:9, 10.
ਤੁਹਾਡੇ ਭਰਾ,
ਭਾਰਤ ਬ੍ਰਾਂਚ ਆਫ਼ਿਸ