ਪਰਿਵਾਰ ਨਾਲ ਅਤੇ ਖ਼ੁਦ ਸਟੱਡੀ ਕਰਨੀ ਜ਼ਰੂਰੀ!
1. ਪ੍ਰਬੰਧਕ ਸਭਾ ਅੱਜ ਕਿਉਂ ਸਾਡੀ ਪਰਵਾਹ ਕਰਦੀ ਹੈ?
1 ਪਹਿਲੀ ਸਦੀ ਵਾਂਗ ਅੱਜ ਵੀ ਪ੍ਰਬੰਧਕ ਸਭਾ ਯਹੋਵਾਹ ਦੇ ਸੇਵਕਾਂ ਦੀ ਬੇਹੱਦ ਪਰਵਾਹ ਕਰਦੀ ਹੈ। (ਰਸੂ. 15:6, 28) ਜਿਉਂ-ਜਿਉਂ ਵੱਡੀ ਬਿਪਤਾ ਦੇ ਕਾਲੇ ਬੱਦਲ ਛਾ ਰਹੇ ਹਨ, ਯਹੋਵਾਹ ਦੇ ਹਰ ਗਵਾਹ ਨੂੰ ਉਸ ਨਾਲ ਅਟੁੱਟ ਰਿਸ਼ਤਾ ਬਣਾਈ ਰੱਖਣ ਦੀ ਲੋੜ ਹੈ। ਅਸੀਂ ਹੁਣ ਉਹ ਸਮਾਂ ਕਿੱਦਾਂ ਵਰਤਾਂਗੇ ਜੋ ਅਸੀਂ ਪਹਿਲਾਂ ਕਲੀਸਿਯਾ ਦੀ ਬੁੱਕ ਸਟੱਡੀ ਵਿਚ ਬਿਤਾਇਆ ਕਰਦੇ ਸੀ? ਸਾਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਕਿ ਅਸੀਂ ਸਾਰੇ ਉਹ ਸਮਾਂ ਪਰਿਵਾਰ ਨਾਲ ਬੈਠ ਕੇ ਯਹੋਵਾਹ ਦੀ ਭਗਤੀ ਵਿਚ ਬਤੀਤ ਕਰੀਏ। ਅਕਲਮੰਦੀ ਨਾਲ ਇਸ ਕੀਮਤੀ ਸਮੇਂ ਦੀ ਵਰਤੋਂ ਕਰ ਕੇ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਦੀ ਡੂੰਘਾਈ ਨਾਲ ਸਟੱਡੀ ਕਰ ਸਕਦੇ ਹਾਂ ਅਤੇ ਜੀਵਨ ਦੇਣ ਵਾਲਾ ਗਿਆਨ ਪਾ ਸਕਦੇ ਹਾਂ।—ਜ਼ਬੂ. 1:1-3; ਰੋਮੀ. 11:33, 34.
2. ਪਰਿਵਾਰਾਂ ਅਤੇ ਕੁਆਰੇ ਭੈਣਾਂ-ਭਰਾਵਾਂ ਨੂੰ ਭਗਤੀ ਲਈ ਰੱਖਿਆ ਸਮਾਂ ਕਿਵੇਂ ਬਿਤਾਉਣਾ ਚਾਹੀਦਾ ਹੈ?
2 ਪਰਿਵਾਰਕ ਸਟੱਡੀ ਸਾਡੀ ਭਗਤੀ ਦਾ ਹਿੱਸਾ: ਯਹੋਵਾਹ ਨੇ ਪਰਿਵਾਰ ਦੇ ਸਰਦਾਰਾਂ ਨੂੰ ਆਪਣੇ ਪਰਿਵਾਰਾਂ ਨਾਲ ਬੈਠ ਕੇ ਬਾਕਾਇਦਾ ਬਾਈਬਲ ਸਟੱਡੀ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ। (ਬਿਵ. 6:6, 7) ਕੁਆਰੇ ਭੈਣ-ਭਰਾਵਾਂ ਨੂੰ, ਜਿਨ੍ਹਾਂ ਉੱਤੇ ਕੋਈ ਪਰਿਵਾਰਕ ਜ਼ਿੰਮੇਵਾਰੀ ਨਹੀਂ ਹੈ, ਵੀ ਇਹ ਸਮਾਂ ਬਾਈਬਲ ਸਟੱਡੀ ਕਰਨ ਅਤੇ ਰਿਸਰਚ ਕਰਨ ਲਈ ਵਰਤਣਾ ਚਾਹੀਦਾ ਹੈ। ਇਨ੍ਹਾਂ ‘ਬੁਰੇ ਦਿਨਾਂ’ ਵਿਚ ਸਾਨੂੰ ਸਾਰਿਆਂ ਨੂੰ ‘ਆਪਣੇ ਲਈ ਸਮੇਂ ਨੂੰ ਲਾਭ ਦਾਇਕ’ ਬਣਾਉਣ ਦੀ ਲੋੜ ਹੈ ਤਾਂਕਿ ਅਸੀਂ ਸਟੱਡੀ ਅਤੇ ਮਨਨ ਕਰਨ ਦੁਆਰਾ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰ ਸਕੀਏ।—ਅਫ਼. 5:15, 16.
3, 4. ਬਾਈਬਲ ਸਟੱਡੀ ਲਈ ਕਿਹੜੇ ਪ੍ਰਕਾਸ਼ਨ ਜਾਂ ਲੇਖ ਇਸਤੇਮਾਲ ਕੀਤੇ ਜਾ ਸਕਦੇ ਹਨ ਅਤੇ ਕਿਸ ਮਕਸਦ ਨਾਲ ਸਟੱਡੀ ਕੀਤੀ ਜਾਣੀ ਚਾਹੀਦੀ ਹੈ?
3 ਕਿਹੜੇ ਪ੍ਰਕਾਸ਼ਨ ਵਰਤੀਏ: ਵਾਚ ਟਾਵਰ ਪਬਲੀਕੇਸ਼ਨ ਇੰਡੈਕਸ ਜਾਂ ਸੀ.ਡੀ.-ਰੋਮ ਉੱਤੇ ਵਾਚਟਾਵਰ ਲਾਇਬ੍ਰੇਰੀ ਤੁਹਾਡੀ ਉਹ ਪ੍ਰਕਾਸ਼ਨ ਲੱਭਣ ਵਿਚ ਮਦਦ ਕਰ ਸਕਦੇ ਹਨ ਜੋ ਤੁਹਾਡੀ ਬਾਈਬਲ ਸਟੱਡੀ ਨੂੰ ਮਜ਼ੇਦਾਰ ਬਣਾਉਣਗੇ। ਪਰਿਵਾਰ ਪਹਿਰਾਬੁਰਜ ਦੇ ਕੁਝ ਖ਼ਾਸ ਲੇਖਾਂ ਦੀ ਚਰਚਾ ਕਰ ਸਕਦੇ ਹਨ ਜਿਵੇਂ ਕਿ “ਪਰਿਵਾਰ ਵਿਚ ਖ਼ੁਸ਼ੀਆਂ ਲਿਆਓ,” “ਆਪਣੇ ਬੱਚਿਆਂ ਨੂੰ ਸਿਖਾਓ” ਤੇ “ਨੌਜਵਾਨਾਂ ਲਈ।” ਇਸ ਤੋਂ ਇਲਾਵਾ, ਜਾਗਰੂਕ ਬਣੋ! ਰਸਾਲੇ ਵਿਚ ਅਜਿਹੇ ਲੜੀਵਾਰ ਲੇਖ ਹਨ ਜਿਵੇਂ ਕਿ “ਨੌਜਵਾਨ ਪੁੱਛਦੇ ਹਨ” ਅਤੇ ਸ੍ਰਿਸ਼ਟੀ ਬਾਰੇ ਵਧੀਆ ਲੇਖ।
4 ਸਹਿਜ ਨਾਲ ਬਾਈਬਲ ਪੜ੍ਹਨ ਨਾਲ ਪਰਮੇਸ਼ੁਰ ਦੇ ਅਸੂਲ ਸਾਰੇ ਪਰਿਵਾਰ ਦੇ ਦਿਲਾਂ ਤੇ ਦਿਮਾਗ਼ਾਂ ਵਿਚ ਬੈਠ ਜਾਂਦੇ ਹਨ। (ਇਬ. 4:12) ਕਦੇ-ਕਦੇ ਤੁਸੀਂ ਸੰਸਥਾ ਦੁਆਰਾ ਤਿਆਰ ਕੀਤੇ ਵਿਡਿਓ ਵੀ ਦੇਖ ਕੇ ਉਨ੍ਹਾਂ ʼਤੇ ਚਰਚਾ ਕਰ ਸਕਦੇ ਹੋ। ਤੁਸੀਂ ਸਟੱਡੀ ਕਰਨ ਲਈ ਕਈ ਦਿਲਚਸਪ ਤੇ ਵੱਖ-ਵੱਖ ਤਰੀਕੇ ਵਰਤ ਸਕਦੇ ਹੋ। ਕਿਉਂ ਨਾ ਆਪਣੇ ਪਰਿਵਾਰ ਦੇ ਜੀਆਂ ਨੂੰ ਪੁੱਛੋ ਕਿ ਉਹ ਕੀ ਕਰਨਾ ਪਸੰਦ ਕਰਨਗੇ?
5. ਅੱਜ ਸਾਰਿਆਂ ਲਈ ਬਾਈਬਲ ਸਟੱਡੀ ਕਰਨੀ ਜ਼ਰੂਰੀ ਕਿਉਂ ਹੈ?
5 ਹੁਣ ਇੰਨਾ ਅਹਿਮ ਕਿਉਂ: ਪਰਮੇਸ਼ੁਰ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਕੇ ਅਸੀਂ ‘ਖੜੇ ਰਹਿਣ ਅਰ ਯਹੋਵਾਹ ਦੇ ਬਚਾਉ ਨੂੰ ਵੇਖਣ’ ਲਈ ਤਿਆਰ ਹੋਵਾਂਗੇ। (ਕੂਚ 14:13) ਮਾਪਿਆਂ ਨੂੰ ਇਸ ‘ਵਿੰਗੀ ਟੇਢੀ ਪੀੜ੍ਹੀ ਵਿੱਚ’ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਪਰਮੇਸ਼ੁਰ ਦੀ ਅਗਵਾਈ ਦੀ ਲੋੜ ਹੈ। (ਫ਼ਿਲਿ. 2:15) ਬੱਚਿਆਂ ਨੂੰ ਸਕੂਲਾਂ ਵਿਚ ਵਿਗੜ ਰਹੇ ਮਾਹੌਲ ਦਾ ਸਾਮ੍ਹਣਾ ਕਰਨ ਵਿਚ ਮਦਦ ਦੀ ਲੋੜ ਹੈ। (ਕਹਾ. 22:3, 6) ਸ਼ਾਦੀ-ਸ਼ੁਦਾ ਭੈਣ-ਭਰਾਵਾਂ ਨੂੰ “ਤੇਹਰੀ ਰੱਸੀ” ਯਾਨੀ ਆਪਣੇ ਵਿਆਹੁਤਾ ਬੰਧਨ ਨੂੰ ਯਹੋਵਾਹ ਦੀ ਮਦਦ ਨਾਲ ਮਜ਼ਬੂਤ ਕਰਨਾ ਚਾਹੀਦਾ ਹੈ। (ਉਪ. 4:12) ਆਓ ਆਪਾਂ ਬਾਕੀ ਰਹਿੰਦੇ ਸਮੇਂ ਨੂੰ ਅਕਲਮੰਦੀ ਨਾਲ ਵਰਤ ਕੇ ਆਪਣੀ “ਅੱਤ ਪਵਿੱਤਰ ਨਿਹਚਾ” ਨੂੰ ਮਜ਼ਬੂਤ ਕਰੀਏ।—ਯਹੂ. 20.