ਤੁਸੀਂ ਵੀ ਸਿੱਖਿਅਕ ਬਣ ਸਕਦੇ ਹੋ!
1. ਸਾਡੇ ਸਾਰਿਆਂ ਕੋਲ ਕਿਹੜਾ ਸ਼ਾਨਦਾਰ ਮੌਕਾ ਹੈ?
1 ਪ੍ਰਚਾਰ ਕਰਨ ਦਾ ਇਕ ਮਜ਼ੇਦਾਰ ਹਿੱਸਾ ਹੈ ਕਿਸੇ ਨੂੰ ਸੱਚਾਈ ਸਿਖਾਉਣੀ। ਜਦੋਂ ਕੋਈ ਸਾਡੇ ਸੁਨੇਹੇ ਨੂੰ ਸੁਣਦਾ ਹੈ ਅਤੇ ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਜਾਣਨ ਵਿਚ ਉਸ ਦੀ ਮਦਦ ਕਰਦੇ ਹਾਂ, ਤਾਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ। (ਯਾਕੂ. 4:8) ਇਹ ਸਾਡੇ ਸਾਰਿਆਂ ਦਾ ਟੀਚਾ ਹੋਣਾ ਚਾਹੀਦਾ ਹੈ ਕਿ ਅਸੀਂ ਸੱਚਾਈ ਦੇ ਭੁੱਖੇ ਕਿਸੇ ਇਨਸਾਨ ਨੂੰ ਸਿੱਖਿਆ ਦੇਈਏ ਅਤੇ ਧਿਆਨ ਦੇਈਏ ਜਦੋਂ ਉਹ ਆਪਣੀ ਸ਼ਖ਼ਸੀਅਤ, ਨਜ਼ਰੀਏ ਅਤੇ ਚਾਲ-ਚਲਣ ਵਿਚ ਤਬਦੀਲੀਆਂ ਲਿਆਉਂਦਾ ਹੈ।—ਮੱਤੀ 28:19, 20.
2. ਕੁਝ ਭੈਣ-ਭਰਾ ਬਾਈਬਲ ਸਟੱਡੀ ਕਰਾਉਣ ਤੋਂ ਸ਼ਾਇਦ ਕਿਉਂ ਡਰਦੇ ਹਨ, ਪਰ ਉਨ੍ਹਾਂ ਨੂੰ ਇਸ ਡਰ ਉੱਤੇ ਕਾਬੂ ਪਾਉਣ ਲਈ ਮਦਦ ਕਿੱਥੋਂ ਮਿਲ ਸਕਦੀ ਹੈ?
2 ਯਹੋਵਾਹ ʼਤੇ ਭਰੋਸਾ ਰੱਖੋ: ਪੁਰਾਣੇ ਜ਼ਮਾਨਿਆਂ ਵਿਚ ਯਹੋਵਾਹ ਦੇ ਕੁਝ ਵਫ਼ਾਦਾਰ ਭਗਤਾਂ ਨੂੰ ਲੱਗਦਾ ਸੀ ਕਿ ਉਹ ਯਹੋਵਾਹ ਵੱਲੋਂ ਮਿਲੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰ ਪਾਉਣਗੇ। ਪਰ ਮੂਸਾ, ਯਿਰਮਿਯਾਹ, ਆਮੋਸ ਅਤੇ ਇਨ੍ਹਾਂ ਵਰਗੇ ਕਈ ਹੋਰ ਆਮ ਬੰਦਿਆਂ ਨੇ ਯਹੋਵਾਹ ਉੱਤੇ ਭਰੋਸਾ ਰੱਖਿਆ ਤੇ ਆਪਣੇ ਡਰ ਉੱਤੇ ਕਾਬੂ ਪਾ ਕੇ ਵੱਡੇ-ਵੱਡੇ ਕੰਮ ਕੀਤੇ। (ਕੂਚ 4:10-12; ਯਿਰ. 1:6, 7; ਆਮੋ. 7:14, 15) ਪੌਲੁਸ ਰਸੂਲ ਨੇ ਵੀ ‘ਦਿਲੇਰੀ’ ਨਾਲ ਪ੍ਰਚਾਰ ਕੀਤਾ। ਉਹ ਕਿਵੇਂ? ਉਸ ਨੇ ਦੱਸਿਆ ਕਿ ਉਹ “ਪਰਮੇਸ਼ੁਰ ਦੇ ਆਸਰੇ” ਨਾਲ ਇਵੇਂ ਕਰ ਸਕਿਆ। (1 ਥੱਸ. 2:2) ਹਾਂ, ਅਸੀਂ ਸਾਰੇ ਯਹੋਵਾਹ ਉੱਤੇ ਭਰੋਸਾ ਰੱਖ ਸਕਦੇ ਹਾਂ ਜੋ ਸਾਨੂੰ ਵਧੀਆ ਬਾਈਬਲ ਸਟੱਡੀਆਂ ਕਰਾਉਣ ਲਈ ਮਦਦ, ਬੁੱਧ ਅਤੇ ਤਾਕਤ ਦੇਵੇਗਾ।—ਯਸਾ. 41:10; 1 ਕੁਰਿੰ. 1:26, 27; 1 ਪਤ. 4:11.
3, 4. ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਲਈ ਸਾਨੂੰ ਕਿਹੜੀ ਟ੍ਰੇਨਿੰਗ ਮਿਲਦੀ ਹੈ?
3 ਟ੍ਰੇਨਿੰਗ ਕਬੂਲ ਕਰੋ: ਸਾਡਾ ਮਹਾਨ ਸਿੱਖਿਅਕ ਯਹੋਵਾਹ ਸਾਨੂੰ ਮੀਟਿੰਗਾਂ ਦੌਰਾਨ ਹਰ ਹਫ਼ਤੇ ਟ੍ਰੇਨਿੰਗ ਦਿੰਦਾ ਹੈ ਤਾਂਕਿ ਅਸੀਂ ਕਾਬਲ ਸਿੱਖਿਅਕ ਬਣ ਸਕੀਏ। (ਯਸਾ. 54:13; 2 ਤਿਮੋ. 3:16, 17) ਇਸ ਲਈ ਮੀਟਿੰਗਾਂ ਦੁਆਰਾ ਦਿੱਤੀ ਜਾਂਦੀ ਸਿਖਲਾਈ ਦਾ ਪੂਰਾ-ਪੂਰਾ ਫ਼ਾਇਦਾ ਉਠਾਓ ਜਿਸ ਨਾਲ ਤੁਸੀਂ ਬਾਈਬਲ ਦੀ ਆਪਣੀ ਸਮਝ ਵਧਾ ਸਕੋਗੇ ਅਤੇ ਸਿੱਖਿਆ ਦੇਣ ਦੀ ਆਪਣੀ ਕਲਾ ਸੁਧਾਰ ਸਕੋਗੇ। ਇਹ ਸੱਚ ਹੈ ਕਿ ਅਸੀਂ ਖ਼ਾਸ ਕਰਕੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ ਦੌਰਾਨ ਇਹ ਸਿੱਖਿਆ ਹਾਸਲ ਕਰਦੇ ਹਾਂ, ਪਰ ਸਾਰੀਆਂ ਮੀਟਿੰਗਾਂ ਦੌਰਾਨ ਸਾਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਸਿੱਖਿਆ ਦੇਣ ਦੀ ਟ੍ਰੇਨਿੰਗ ਮਿਲਦੀ ਹੈ।
4 ਸਭ ਤੋਂ ਡੂੰਘੀਆਂ ਸੱਚਾਈਆਂ ਸਿਖਾਉਣ ਲਈ ਵੀ ਸਾਧਾਰਣ ਜਿਹੇ ਤਰੀਕੇ ਸਿੱਖੋ। ਸੇਵਾ ਸਕੂਲ (ਹਿੰਦੀ) ਸਫ਼ਾ 227 ʼਤੇ ਦੱਸਿਆ ਗਿਆ ਹੈ: “ਦੂਸਰਿਆਂ ਨੂੰ ਸਾਫ਼-ਸਾਫ਼ ਸਮਝਾਉਣ ਲਈ ਜ਼ਰੂਰੀ ਹੈ ਕਿ ਪਹਿਲਾਂ ਤੁਸੀਂ ਖ਼ੁਦ ਆਪਣੇ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝੋ।” ਮੀਟਿੰਗਾਂ ਵਿਚ ਟਿੱਪਣੀਆਂ ਦੇਣ ਨਾਲ ਅਸੀਂ ਆਪਣੇ ਮਨ ਵਿਚ ਮੁੱਖ ਗੱਲਾਂ ਬਿਠਾਉਂਦੇ ਹਾਂ ਜੋ ਭਵਿੱਖ ਵਿਚ ਵੀ ਸਾਡੇ ਕੰਮ ਆਉਣਗੀਆਂ। ਇਸ ਲਈ ਚੰਗੀ ਤਿਆਰੀ ਕਰੋ ਜਿਸ ਨਾਲ ਤੁਸੀਂ ਪੂਰੇ ਭਰੋਸੇ ਨਾਲ ਦੂਜਿਆਂ ਨੂੰ ਸਿੱਖਿਆ ਦੇ ਸਕੋਗੇ।
5. ਵਧੀਆ ਸਿੱਖਿਅਕ ਬਣਨ ਲਈ ਕਲੀਸਿਯਾ ਵਿਚ ਸਾਨੂੰ ਹੋਰ ਕਿਨ੍ਹਾਂ ਤੋਂ ਟ੍ਰੇਨਿੰਗ ਮਿਲ ਸਕਦੀ ਹੈ?
5 ਸ਼ੁਰੂ-ਸ਼ੁਰੂ ਵਿਚ ਅਸੀਂ ਪ੍ਰਚਾਰ ਕਰਦਿਆਂ ਇਕ-ਦੂਜੇ ਤੋਂ ਕਾਫ਼ੀ ਕੁਝ ਸਿੱਖਦੇ ਹਾਂ। (ਲੂਕਾ 10:1) ਜੇ ਹੋ ਸਕੇ, ਤਾਂ ਤਜਰਬੇਕਾਰ ਭੈਣਾਂ-ਭਰਾਵਾਂ, ਪਾਇਨੀਅਰਾਂ, ਬਜ਼ੁਰਗਾਂ ਅਤੇ ਸਫ਼ਰੀ ਨਿਗਾਹਬਾਨਾਂ ਨਾਲ ਬਾਈਬਲ ਸਟੱਡੀਆਂ ʼਤੇ ਜਾਓ। ਧਿਆਨ ਦਿਓ ਕਿ ਉਹ ਬਾਈਬਲ ਦੀਆਂ ਗੱਲਾਂ ਸਮਝਾਉਣ ਲਈ ਪ੍ਰਕਾਸ਼ਨਾਂ ਵਿਚ ਪਾਏ ਜਾਂਦੇ ਸਾਧਾਰਣ ਦ੍ਰਿਸ਼ਟਾਂਤ ਅਤੇ ਹੋਰ ਤਰੀਕੇ ਕਿਵੇਂ ਇਸਤੇਮਾਲ ਕਰਦੇ ਹਨ। ਉਨ੍ਹਾਂ ਕੋਲੋਂ ਪੁੱਛੋ ਕਿ ਤੁਸੀਂ ਬਿਹਤਰ ਸਿੱਖਿਅਕ ਬਣਨ ਲਈ ਕੀ ਕਰ ਸਕਦੇ ਹੋ। (ਕਹਾ. 1:5; 27:17) ਇਹ ਨਾ ਭੁੱਲੋ ਕਿ ਅਸਲ ਵਿਚ ਇਹ ਸਾਰੀ ਟ੍ਰੇਨਿੰਗ ਯਹੋਵਾਹ ਦੇ ਰਿਹਾ ਹੈ।—2 ਕੁਰਿੰ. 3:5.
6. ਪਰਮੇਸ਼ੁਰ ਦੇ ਬਚਨ ਦੇ ਸਿੱਖਿਅਕ ਬਣਨ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
6 ਯਹੋਵਾਹ ʼਤੇ ਭਰੋਸਾ ਰੱਖੋ ਅਤੇ ਉਸ ਦੀ ਟ੍ਰੇਨਿੰਗ ਤੋਂ ਪੂਰਾ-ਪੂਰਾ ਲਾਭ ਉਠਾਓ। ਪ੍ਰਾਰਥਨਾ ਕਰੋ ਕਿ ਤੁਸੀਂ ਹੋਰ ਵੀ ਤਰੱਕੀ ਕਰ ਸਕੋ। (ਜ਼ਬੂ. 25:4, 5) ਤੁਹਾਨੂੰ ਵੀ ਉਸ ਇਨਸਾਨ ਦੀ ਮਦਦ ਕਰ ਕੇ ਬਹੁਤ ਖ਼ੁਸ਼ੀ ਮਿਲੇਗੀ ਜੋ ਤੁਹਾਡੇ ਵਾਂਗ ਪਰਮੇਸ਼ੁਰ ਦੇ ਬਚਨ ਦਾ ਵਧੀਆ ਸਿੱਖਿਅਕ ਬਣੇਗਾ!