ਪਿੱਛੇ ਨਾ ਹਟੋ—ਆਪਣੇ ਆਪ ਨੂੰ ਨਾਕਾਬਲ ਨਾ ਸਮਝੋ
1. ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਤੋਂ ਕੁਝ ਪਿੱਛੇ ਕਿਉਂ ਹਟ ਜਾਂਦੇ ਹਨ?
1 ਕੀ ਤੁਸੀਂ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨ ਤੋਂ ਪਿੱਛੇ ਹਟ ਜਾਂਦੇ ਹੋ ਕਿਉਂਕਿ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਚੰਗੀ ਤਰ੍ਹਾਂ ਸਟੱਡੀ ਕਰਾ ਸਕਦੇ ਹੋ? ਪੁਰਾਣੇ ਸਮਿਆਂ ਵਿਚ ਮੂਸਾ ਅਤੇ ਯਿਰਮਿਯਾਹ ਵਰਗੇ ਵਫ਼ਾਦਾਰ ਸੇਵਕਾਂ ਨੂੰ ਲੱਗਦਾ ਸੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਕਾਬਲ ਨਹੀਂ ਸਨ। (ਕੂਚ 3:10, 11; 4:10; ਯਿਰ. 1:4-6) ਇਸ ਤਰ੍ਹਾਂ ਸੋਚਣਾ ਆਮ ਗੱਲ ਹੈ। ਇਸ ਤਰ੍ਹਾਂ ਦੀਆਂ ਭਾਵਨਾਵਾਂ ਉੱਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ?
2. ਬਾਈਬਲ ਸਟੱਡੀ ਕਰਾਉਣ ਦਾ ਕੰਮ ਦੂਜਿਆਂ ʼਤੇ ਛੱਡ ਕੇ ਸਾਨੂੰ ਸਿਰਫ਼ ਘਰ-ਘਰ ਪ੍ਰਚਾਰ ਕਰ ਕੇ ਹੀ ਖ਼ੁਸ਼ ਕਿਉਂ ਨਹੀਂ ਹੋ ਜਾਣਾ ਚਾਹੀਦਾ?
2 ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਸਾਨੂੰ ਕਦੇ ਵੀ ਅਜਿਹਾ ਕੋਈ ਕੰਮ ਕਰਨ ਲਈ ਨਹੀਂ ਕਹਿੰਦਾ ਜੋ ਅਸੀਂ ਨਹੀਂ ਕਰ ਸਕਦੇ। (ਜ਼ਬੂ. 103:14) ਇਸ ਲਈ ਅਸੀਂ ‘ਚੇਲੇ ਬਣਾਉਣ’ ਅਤੇ ‘ਸਿਖਾਉਣ’ ਦਾ ਕੰਮ ਕਰ ਸਕਦੇ ਹਾਂ। (ਮੱਤੀ 28:19, 20) ਇਹ ਅਜਿਹਾ ਸਨਮਾਨ ਨਹੀਂ ਹੈ ਜੋ ਯਹੋਵਾਹ ਨੇ ਸਿਰਫ਼ ਜ਼ਿਆਦਾ ਤਜਰਬੇਕਾਰ ਜਾਂ ਹੁਨਰਮੰਦ ਭੈਣਾਂ-ਭਰਾਵਾਂ ਨੂੰ ਹੀ ਦਿੱਤਾ ਹੈ। (1 ਕੁਰਿੰ. 1:26, 27) ਇਸ ਲਈ ਸਾਨੂੰ ਸਿਰਫ਼ ਘਰ-ਘਰ ਪ੍ਰਚਾਰ ਕਰ ਕੇ ਹੀ ਖ਼ੁਸ਼ ਨਹੀਂ ਹੋ ਜਾਣਾ ਚਾਹੀਦਾ ਤੇ ਨਾ ਹੀ ਬਾਈਬਲ ਸਟੱਡੀ ਕਰਾਉਣ ਦਾ ਕੰਮ ਦੂਜਿਆਂ ʼਤੇ ਛੱਡਣਾ ਚਾਹੀਦਾ ਹੈ।
3. ਬਾਈਬਲ ਸਟੱਡੀ ਕਰਾਉਣ ਦੇ ਕੰਮ ਲਈ ਯਹੋਵਾਹ ਨੇ ਸਾਨੂੰ ਕਿਵੇਂ ਯੋਗ ਬਣਾਇਆ ਹੈ?
3 ਯਹੋਵਾਹ ਸਾਨੂੰ ਯੋਗ ਬਣਾਉਂਦਾ ਹੈ: ਯਹੋਵਾਹ ਸਾਨੂੰ ਚੇਲੇ ਬਣਾਉਣ ਦਾ ਕੰਮ ਕਰਨ ਦੇ ਲਾਇਕ ਬਣਾਉਂਦਾ ਹੈ। (2 ਕੁਰਿੰ. 3:5) ਉਹ ਆਪਣੇ ਸੰਗਠਨ ਰਾਹੀਂ ਸਾਨੂੰ ਬਾਈਬਲ ਦੀਆਂ ਸੱਚਾਈਆਂ ਸਿਖਾਉਂਦਾ ਹੈ ਜੋ ਇਸ ਦੁਨੀਆਂ ਦੇ ਸਭ ਤੋਂ ਜ਼ਿਆਦਾ ਪੜ੍ਹੇ-ਲਿਖੇ ਲੋਕ ਨਹੀਂ ਜਾਣਦੇ। (1 ਕੁਰਿੰ. 2:7, 8) ਉਸ ਨੇ ਮਹਾਨ ਸਿੱਖਿਅਕ ਯਿਸੂ ਦੇ ਸਿਖਾਉਣ ਦੇ ਤਰੀਕਿਆਂ ਦਾ ਰਿਕਾਰਡ ਸਾਂਭ ਕੇ ਰੱਖਿਆ ਹੈ ਤਾਂਕਿ ਅਸੀਂ ਇਨ੍ਹਾਂ ਨੂੰ ਅਪਣਾ ਸਕੀਏ। ਨਾਲੇ ਉਹ ਮੰਡਲੀ ਦੇ ਜ਼ਰੀਏ ਸਾਨੂੰ ਲਗਾਤਾਰ ਸਿੱਖਿਆ ਦੇ ਰਿਹਾ ਹੈ। ਇਸ ਦੇ ਨਾਲ-ਨਾਲ ਯਹੋਵਾਹ ਨੇ ਬਾਈਬਲ ਦੀ ਸਿੱਖਿਆ ਦੇਣ ਲਈ ਸਾਨੂੰ ਕਾਫ਼ੀ ਕੁਝ ਦਿੱਤਾ ਹੈ। ਉਸ ਨੇ ਸਾਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਿੱਤੀ ਹੈ ਜਿਸ ਵਿਚ ਬੜੇ ਆਸਾਨ ਅਤੇ ਚੰਗੇ ਤਰੀਕੇ ਨਾਲ ਸੱਚਾਈ ਦੱਸੀ ਹੋਈ ਹੈ। ਤਾਂ ਫਿਰ ਬਾਈਬਲ ਸਟੱਡੀ ਕਰਾਉਣੀ ਉੱਨੀ ਔਖੀ ਨਹੀਂ ਜਿੰਨੀ ਅਸੀਂ ਸੋਚਦੇ ਹਾਂ।
4. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀ ਮਦਦ ਕਰੇਗਾ?
4 ਮੂਸਾ ਅਤੇ ਯਿਰਮਿਯਾਹ ਨੇ ਯਹੋਵਾਹ ਦੀ ਮਦਦ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਸਨ। (ਕੂਚ 4:11, 12; ਯਿਰ. 1:7, 8) ਅਸੀਂ ਵੀ ਯਹੋਵਾਹ ਤੋਂ ਮਦਦ ਮੰਗ ਸਕਦੇ ਹਾਂ। ਜਦੋਂ ਅਸੀਂ ਬਾਈਬਲ ਸਟੱਡੀ ਕਰਾਉਂਦੇ ਹਾਂ, ਤਾਂ ਅਸੀਂ ਕਿਸੇ ਨੂੰ ਯਹੋਵਾਹ ਬਾਰੇ ਸੱਚਾਈ ਸਿਖਾਉਂਦੇ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ। (1 ਯੂਹੰ. 3:22) ਇਸ ਲਈ ਬਾਈਬਲ ਸਟੱਡੀ ਕਰਾਉਣ ਦਾ ਆਪਣਾ ਟੀਚਾ ਰੱਖੋ ਜੋ ਪ੍ਰਚਾਰ ਦਾ ਸਭ ਤੋਂ ਖ਼ੁਸ਼ੀ ਦੇਣ ਵਾਲਾ ਪਹਿਲੂ ਹੈ।