‘ਤਰਸਵਾਨ ਹੋਵੋ’
1. ਲੋਕਾਂ ਨੂੰ ਕਿਸ ਚੀਜ਼ ਦੀ ਬੇਹੱਦ ਲੋੜ ਹੈ?
1 ਅੱਜ-ਕੱਲ੍ਹ ਲੋਕਾਂ ਦੇ ਹਾਲਾਤ ਪਹਿਲਾਂ ਨਾਲੋਂ ਕਿਤੇ ਤਰਸਯੋਗ ਹਨ। ਸੰਸਾਰ ਵਿਚ ਵਿਗੜ ਰਹੇ ਹਾਲਾਤਾਂ ਕਰਕੇ ਥਾਂ-ਥਾਂ ਲੋਕ ਉਦਾਸੀ ਅਤੇ ਨਿਰਾਸ਼ਾ ਮਹਿਸੂਸ ਕਰ ਰਹੇ ਹਨ। ਲੱਖਾਂ ਨੂੰ ਹੀ ਮਦਦ ਦੀ ਲੋੜ ਹੈ ਤੇ ਮਸੀਹੀਆਂ ਵਜੋਂ ਅਸੀਂ ਲੋਕਾਂ ਨੂੰ ਸੱਚਾ ਪਿਆਰ ਦਿਖਾ ਸਕਦੇ ਹਾਂ। (ਮੱਤੀ 22:39; ਗਲਾ. 6:10) ਅਜਿਹਾ ਪਿਆਰ ਕਿੱਦਾਂ ਦਿਖਾਇਆ ਜਾ ਸਕਦਾ ਹੈ?
2. ਲੋਕਾਂ ʼਤੇ ਤਰਸ ਖਾਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ?
2 ਲੋਕਾਂ ʼਤੇ ਤਰਸ ਖਾ ਕੇ ਪ੍ਰਚਾਰ ਕਰੋ: ਪਰਮੇਸ਼ੁਰ ਤੋਂ ਸਿਵਾਇ ਸਾਨੂੰ ਹੋਰ ਕਿਤਿਓਂ ਵੀ ਸੱਚਾ ਦਿਲਾਸਾ ਨਹੀਂ ਮਿਲ ਸਕਦਾ। (2 ਕੁਰਿੰ. 1:3, 4) ਯਹੋਵਾਹ ਸਾਨੂੰ ਤਾਕੀਦ ਕਰਦਾ ਹੈ ਕਿ ਅਸੀਂ ਦੂਸਰਿਆਂ ʼਤੇ ‘ਤਰਸਵਾਨ ਹੋਈਏ’ ਅਤੇ ਉਸ ਨੇ ਸਾਨੂੰ ਲੋਕਾਂ ਕੋਲ ਜਾ ਕੇ ਉਨ੍ਹਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਦਾ ਹੁਕਮ ਦਿੱਤਾ ਹੈ। (1 ਪਤ. 3:8) ਸਿਰਫ਼ ਪਰਮੇਸ਼ੁਰ ਦਾ ਰਾਜ ਹੀ ਇਸ ਸੰਸਾਰ ਦੇ ਦੁਖੀ ਲੋਕਾਂ ਨੂੰ ਅਸਲੀ ਰਾਹਤ ਪਹੁੰਚਾਵੇਗਾ, ਇਸ ਲਈ “ਟੁੱਟੇ ਦਿਲ ਵਾਲਿਆਂ” ਨੂੰ ਦਿਲਾਸਾ ਦੇ ਕੇ ਹੀ ਅਸੀਂ ਸਭ ਤੋਂ ਵਧੀਆ ਕੰਮ ਕਰ ਸਕਦੇ ਹਾਂ। (ਯਸਾ. 61:1) ਹੁਣ ਜਲਦੀ ਹੀ ਯਹੋਵਾਹ ਆਪਣੇ ਲੋਕਾਂ ʼਤੇ ਤਰਸ ਖਾ ਕੇ ਦੁਸ਼ਟਤਾ ਨੂੰ ਮੁਕਾਵੇਗਾ ਅਤੇ ਨਵੀਂ ਦੁਨੀਆਂ ਸਥਾਪਿਤ ਕਰੇਗਾ।—2 ਪਤ. 3:13.
3. ਅਸੀਂ ਲੋਕਾਂ ਨੂੰ ਯਿਸੂ ਦੀਆਂ ਨਜ਼ਰਾਂ ਤੋਂ ਕਿਵੇਂ ਦੇਖ ਸਕਦੇ ਹਾਂ?
3 ਲੋਕਾਂ ਨੂੰ ਯਿਸੂ ਦੀਆਂ ਨਜ਼ਰਾਂ ਤੋਂ ਦੇਖੋ: ਵੱਡੀਆਂ-ਵੱਡੀਆਂ ਭੀੜਾਂ ਨੂੰ ਪ੍ਰਚਾਰ ਕਰਦੇ ਸਮੇਂ ਯਿਸੂ ਹਰੇਕ ਇਨਸਾਨ ਦੀਆਂ ਲੋੜਾਂ ਨੂੰ ਵੀ ਦੇਖਦਾ ਸੀ। ਉਹ ਜਾਣਦਾ ਸੀ ਕਿ ਹਰੇਕ ਨੂੰ ਪਰਮੇਸ਼ੁਰ ਨਾਲ ਆਪੋ-ਆਪਣਾ ਰਿਸ਼ਤਾ ਜੋੜਨ ਦੀ ਲੋੜ ਸੀ। ਲੋਕ ਅਜਿਹੀਆਂ ਭੇਡਾਂ ਵਾਂਗ ਭਟਕ ਰਹੇ ਸਨ ਜਿਨ੍ਹਾਂ ਦਾ ਕੋਈ ਚਰਵਾਹਾ ਨਹੀਂ ਸੀ। ਯਿਸੂ ਦੇ ਦਿਲ ਵਿਚ ਉਨ੍ਹਾਂ ਲਈ ਤਰਸ ਆਇਆ ਅਤੇ ਉਸ ਨੇ ਉਨ੍ਹਾਂ ਨੂੰ ਧੀਰਜ ਨਾਲ ਸਿੱਖਿਆ ਦਿੱਤੀ। (ਮਰ. 6:34) ਜੇ ਅਸੀਂ ਲੋਕਾਂ ਨੂੰ ਯਿਸੂ ਦੀਆਂ ਨਜ਼ਰਾਂ ਤੋਂ ਦੇਖਾਂਗੇ, ਤਾਂ ਅਸੀਂ ਵੀ ਹਰੇਕ ਇਨਸਾਨ ਦੀ ਹਾਲਤ ਦੇਖ ਕੇ ਉਸ ਉੱਤੇ ਤਰਸ ਖਾਵਾਂਗੇ। ਇਹ ਸਾਡੇ ਚਿਹਰੇ ਦੀ ਮੁਸਕਾਨ ਅਤੇ ਜ਼ਬਾਨ ਦੀ ਮਿਠਾਸ ਤੋਂ ਜ਼ਾਹਰ ਹੋਵੇਗਾ। ਅਸੀਂ ਪ੍ਰਚਾਰ ਦੇ ਕੰਮ ਨੂੰ ਅਹਿਮ ਸਮਝਾਂਗੇ ਅਤੇ ਹਰੇਕ ਦੀਆਂ ਨਿੱਜੀ ਚਿੰਤਾਵਾਂ ਅਨੁਸਾਰ ਗੱਲਾਂ ਕਰਾਂਗੇ।—1 ਕੁਰਿੰ. 9:19-23.
4. ਸਾਨੂੰ ਲੋਕਾਂ ʼਤੇ ਤਰਸ ਕਿਉਂ ਕਰਨਾ ਚਾਹੀਦਾ ਹੈ?
4 ਸਾਰੀਆਂ ਕੌਮਾਂ ਤੋਂ ਬਹੁਤ ਸਾਰੇ ਲੋਕ ਰਾਜ ਦੇ ਸੰਦੇਸ਼ ਨੂੰ ਸੁਣ ਰਹੇ ਹਨ ਕਿਉਂਕਿ ਉਨ੍ਹਾਂ ਵਿਚ ਦਿਲਚਸਪੀ ਲਈ ਜਾ ਰਹੀ ਹੈ। ਅਸੀਂ ਲੋਕਾਂ ʼਤੇ ਤਰਸ ਕਰ ਕੇ ਆਪਣੇ ਰਹਿਮਦਿਲ ਪਰਮੇਸ਼ੁਰ ਯਹੋਵਾਹ ਦਾ ਮਾਣ ਕਰਦੇ ਹਾਂ ਅਤੇ ਉਸ ਨੂੰ ਖ਼ੁਸ਼ ਕਰਦੇ ਹਾਂ।—ਕੁਲੁ. 3:12.