ਪ੍ਰਸ਼ਨ ਡੱਬੀ
◼ ਇਕ ਪਬਲੀਸ਼ਰ ਜਿਸ ਨੇ ਅਜੇ ਬਪਤਿਸਮਾ ਨਹੀਂ ਲਿਆ, ਉਸ ਨੂੰ ਮੀਟਿੰਗਾਂ ਵਿਚ ਤੇ ਪ੍ਰਚਾਰ ਵਿਚ ਕਿੰਨਾ ਕੁ ਹਿੱਸਾ ਲੈਣਾ ਚਾਹੀਦਾ ਹੈ?
ਸਾਰਿਆਂ ਲਈ ਬਪਤਿਸਮਾ ਲੈਣਾ ਸਭ ਤੋਂ ਅਹਿਮ ਫ਼ੈਸਲਾ ਹੈ। ਇਸ ਲਈ ਜਿਹੜਾ ਬਪਤਿਸਮਾ ਲੈਣਾ ਚਾਹੁੰਦਾ ਹੈ, ਉਸ ਨੂੰ ਭਾਵੇਂ ਸਾਰਾ ਗਿਆਨ ਨਾ ਹੋਵੇ, ਫਿਰ ਵੀ ਇਹ ਪਤਾ ਹੋਣਾ ਚਾਹੀਦਾ ਹੈ ਕਿ ਪਰਮੇਸ਼ੁਰ ਉਸ ਤੋਂ ਕੀ ਚਾਹੁੰਦਾ ਹੈ। ਇਸ ਦੇ ਨਾਲ-ਨਾਲ ਉਸ ਨੂੰ ਪਹਿਲਾਂ ਤੋਂ ਹੀ ਪਰਮੇਸ਼ੁਰ ਦੀਆਂ ਮੰਗਾਂ ਅਨੁਸਾਰ ਚੱਲਣ ਦੇ ਆਪਣੇ ਇਰਾਦੇ ਨੂੰ ਦਿਖਾਉਣਾ ਚਾਹੀਦਾ ਹੈ।
ਮਸੀਹੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਇਕ-ਦੂਜੇ ਨਾਲ ਇਕੱਠਾ ਹੋਣਾ ਨਾ ਛੱਡਣ। ਇਸ ਲਈ ਪਬਲੀਸ਼ਰ ਜਿਸ ਨੇ ਅਜੇ ਬਪਤਿਸਮਾ ਨਹੀਂ ਲਿਆ ਉਸ ਨੂੰ ਪਹਿਲਾਂ ਹੀ ਬਾਕਾਇਦਾ ਮੀਟਿੰਗਾਂ ਵਿਚ ਹਾਜ਼ਰ ਹੋਣਾ ਚਾਹੀਦਾ ਹੈ। (ਇਬ. 10:24, 25) ਉਸ ਨੂੰ ਮੀਟਿੰਗਾਂ ਵਿਚ ਹਿੱਸਾ ਵੀ ਲੈਣਾ ਚਾਹੀਦਾ ਹੈ। ਉਹ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਹਿੱਸਾ ਲੈਂਦਾ ਹੋਵੇਗਾ, ਪਰ ਇਸ ਤਰ੍ਹਾਂ ਕਰਨਾ ਜ਼ਰੂਰੀ ਨਹੀਂ ਹੈ।
ਨਾਲੇ ਮਸੀਹੀਆਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਤੇ ਚੇਲੇ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਲਈ ਇਕ ਪਬਲੀਸ਼ਰ ਨੂੰ ਬਪਤਿਸਮੇ ਤੋਂ ਪਹਿਲਾਂ ਹੀ ਬਾਕਾਇਦਾ ਪ੍ਰਚਾਰ ਵਿਚ ਹਿੱਸਾ ਲੈਣਾ ਚਾਹੀਦਾ ਹੈ। (ਮੱਤੀ 24:14; 28:19, 20) ਬਪਤਿਸਮਾ ਲੈਣ ਤੋਂ ਪਹਿਲਾਂ ਉਸ ਨੂੰ ਕਿੰਨੇ ਮਹੀਨਿਆਂ ਤੋਂ ਰਿਪੋਰਟ ਪਾਉਂਦੇ ਹੋਣਾ ਚਾਹੀਦਾ ਹੈ? ਇਸ ਲਈ ਕੋਈ ਮਿਥਿਆ ਸਮਾਂ ਤਾਂ ਨਹੀਂ ਦਿੱਤਾ ਗਿਆ, ਪਰ ਉਸ ਨੂੰ ਹਰ ਮਹੀਨੇ ਪ੍ਰਚਾਰ ਵਿਚ ਬਾਕਾਇਦਾ ਤੇ ਜੋਸ਼ ਨਾਲ ਹਿੱਸਾ ਲੈਣਾ ਚਾਹੀਦਾ ਹੈ। (ਜ਼ਬੂ. 78:37) ਸੋ ਇਹ ਜ਼ਰੂਰੀ ਨਹੀਂ ਕਿ ਬਪਤਿਸਮਾ ਲੈਣ ਤੋਂ ਪਹਿਲਾਂ ਉਸ ਨੂੰ ਬਹੁਤ ਸਮੇਂ ਲਈ ਪਬਲੀਸ਼ਰ ਬਣੇ ਹੋਣ ਦੀ ਲੋੜ ਹੈ। ਭਾਵੇਂ ਉਹ ਥੋੜ੍ਹੇ ਸਮੇਂ ਤੋਂ ਪਬਲੀਸ਼ਰ ਹੈ, ਫਿਰ ਵੀ ਉਹ ਬਪਤਿਸਮਾ ਲੈ ਸਕਦਾ ਹੈ। ਉਸ ਨੂੰ ਹਰ ਮਹੀਨੇ ਕਿੰਨੇ ਘੰਟੇ ਪ੍ਰਚਾਰ ਕਰਨਾ ਚਾਹੀਦਾ ਹੈ? ਇਸ ਲਈ ਉਸ ਨੂੰ ਕੋਈ ਮਿਥੇ ਹੋਏ ਘੰਟੇ ਕਰਨ ਦੀ ਲੋੜ ਨਹੀਂ ਹੈ। ਬਜ਼ੁਰਗ ਨੂੰ ਹਰ ਪਬਲੀਸ਼ਰ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪਬਲੀਸ਼ਰਾਂ ਤੋਂ ਉਹ ਕਰਨ ਦੀ ਮੰਗ ਨਹੀਂ ਕਰਨੀ ਚਾਹੀਦੀ ਜੋ ਪਬਲੀਸ਼ਰ ਨਹੀਂ ਕਰ ਸਕਦੇ।—ਲੂਕਾ 21:1-4.
ਬਜ਼ੁਰਗ (ਜਾਂ ਜਿਨ੍ਹਾਂ ਮੰਡਲੀਆਂ ਵਿਚ ਬਜ਼ੁਰਗ ਘੱਟ ਹਨ ਸਹਾਇਕ ਸੇਵਕ) ਜੋ ਅਜਿਹੇ ਪਬਲੀਸ਼ਰਾਂ ਨਾਲ ਸਵਾਲ-ਜਵਾਬ ਕਰਦੇ ਹਨ ਜੋ ਬਪਤਿਸਮਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਪਬਲੀਸ਼ਰ ਵੱਖਰਾ ਹੁੰਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਬਪਤਿਸਮੇ ਦੇ ਲਾਇਕ ਹੈ ਜਾਂ ਨਹੀਂ। ਉਨ੍ਹਾਂ ਨੂੰ ਇਹ ਆਸ ਰੱਖਣੀ ਚਾਹੀਦੀ ਹੈ ਕਿ ਉਹ ਦਿਲੋਂ ਯਹੋਵਾਹ ਦਾ ਗਵਾਹ ਬਣਨਾ ਚਾਹੁੰਦਾ ਹੈ। ਨਾਲੇ ਯਹੋਵਾਹ ਦੀ ਸੰਸਥਾ ਵਿਚ ਮਿਲੀਆਂ ਜ਼ਿੰਮੇਵਾਰੀਆਂ ਦੀ ਕਦਰ ਕਰਦਾ ਹੈ ਤੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦਾ ਹੈ। ਬਜ਼ੁਰਗਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਸ ਨੂੰ ਨਾ ਤਾਂ ਸੱਚਾਈ ਦੀ ਪੂਰੀ ਸਮਝ ਹੈ ਤੇ ਨਾ ਹੀ ਉਹ ਉਨ੍ਹਾਂ ਤਜਰਬੇਕਾਰ ਭੈਣਾਂ-ਭਰਾਵਾਂ ਵਰਗਾ ਹੈ ਜਿਨ੍ਹਾਂ ਦਾ ਬਪਤਿਸਮਾ ਬਹੁਤ ਸਾਲ ਪਹਿਲਾਂ ਹੋਇਆ ਸੀ। ਜੇ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਪਬਲੀਸ਼ਰ ਬਪਤਿਸਮੇ ਦੇ ਲਾਇਕ ਨਹੀਂ ਹੈ, ਤਾਂ ਉਨ੍ਹਾਂ ਨੂੰ ਪਿਆਰ ਨਾਲ ਉਸ ਨੂੰ ਸਮਝਾਉਣਾ ਚਾਹੀਦਾ ਹੈ ਤੇ ਉਸ ਦੀ ਮਦਦ ਕਰਨੀ ਚਾਹੀਦੀ ਹੈ।