ਵਧੀਆ ਢੰਗ ਨਾਲ ਗੱਲ ਸ਼ੁਰੂ ਕਰਨ ਦੀ ਤਿਆਰੀ ਕਿਵੇਂ ਕਰੀਏ?
1. ਵਧੀਆ ਢੰਗ ਨਾਲ ਗੱਲ ਸ਼ੁਰੂ ਕਰਨੀ ਕਿਉਂ ਜ਼ਰੂਰੀ ਹੈ?
1 ਚਾਟ ਜਾਂ ਗੋਲ-ਗੱਪਿਆਂ ਦਾ ਨਾਂ ਸੁਣ ਕੇ ਹੀ ਸਾਡੇ ਮੂੰਹ ਵਿਚ ਪਾਣੀ ਆ ਜਾਂਦਾ ਹੈ ਤੇ ਸਾਡਾ ਖਾਣ ਨੂੰ ਦਿਲ ਕਰਦਾ ਹੈ। ਇਸੇ ਤਰ੍ਹਾਂ ਅਸੀਂ ਪ੍ਰਚਾਰ ਵਿਚ ਲੋਕਾਂ ਨਾਲ ਗੱਲ ਕਰਨ ਵੇਲੇ ਸ਼ੁਰੂ ਵਿਚ ਜੋ ਕਹਿੰਦੇ ਹਾਂ, ਉਸ ਨਾਲ ਉਨ੍ਹਾਂ ਦੇ ਮਨ ਵਿਚ ਬਾਈਬਲ ਦੀਆਂ ਗੱਲਾਂ ਸਿੱਖਣ ਲਈ ਭੁੱਖ ਪੈਦਾ ਹੋ ਸਕਦੀ ਹੈ। ਪ੍ਰਚਾਰ ਵਿਚ ਅਸੀਂ ਅਲੱਗ-ਅਲੱਗ ਵਿਸ਼ਿਆਂ ʼਤੇ ਥੋੜ੍ਹੇ ਜਾਂ ਜ਼ਿਆਦਾ ਸ਼ਬਦਾਂ ਵਿਚ ਗੱਲਬਾਤ ਸ਼ੁਰੂ ਕਰ ਸਕਦੇ ਹਾਂ। ਪਰ ਸੁਆਦੀ ਖਾਣੇ ਵਾਂਗ ਇਨ੍ਹਾਂ ਦੀ ਵੀ ਪਹਿਲਾਂ ਤਿਆਰੀ ਕਰਨ ਦੀ ਲੋੜ ਹੁੰਦੀ ਹੈ। (ਕਹਾ. 15:28) ਵਧੀਆ ਢੰਗ ਨਾਲ ਗੱਲ ਸ਼ੁਰੂ ਕਰਨ ਲਈ ਤੁਸੀਂ ਕੀ ਕਰ ਸਕਦੇ ਹੋ?
2. ਅਸੀਂ ਵਧੀਆ ਢੰਗ ਨਾਲ ਗੱਲ ਸ਼ੁਰੂ ਕਰਨ ਦੀ ਤਿਆਰੀ ਕਿਵੇਂ ਕਰ ਸਕਦੇ ਹਾਂ?
2 ਦਿਲਚਸਪ ਵਿਸ਼ੇ ਚੁਣੋ: ਅਸੀਂ ਸ਼ੁਰੂ ਵਿਚ ਜੋ ਕਹਿੰਦੇ ਹਾਂ, ਉਸ ਨਾਲ ਘਰ-ਮਾਲਕ ਵਿਚ ਦਿਲਚਸਪੀ ਪੈਦਾ ਹੋਣੀ ਚਾਹੀਦੀ ਹੈ, ਨਹੀਂ ਤਾਂ ਉਹ ਸਾਡੀ ਗੱਲ ਨਹੀਂ ਸੁਣੇਗਾ। ਸੋ ਤਿਆਰੀ ਕਰਨ ਵੇਲੇ ਜ਼ਰਾ ਸੋਚੋ ਕਿ ਲੋਕਾਂ ਨੂੰ ਕਿਨ੍ਹਾਂ ਗੱਲਾਂ ਵਿਚ ਦਿਲਚਸਪੀ ਹੈ। ਕੀ ਤੁਹਾਡੇ ਇਲਾਕੇ ਵਿਚ ਲੋਕ ਚੰਗੀ ਸਰਕਾਰ, ਸੁਖੀ ਪਰਿਵਾਰ ਜਾਂ ਯੁੱਧਾਂ ਦੇ ਖ਼ਤਮ ਹੋਣ ਵਰਗੇ ਵਿਸ਼ਿਆਂ ਵਿਚ ਦਿਲਚਸਪੀ ਰੱਖਦੇ ਹਨ? ਆਮ ਕਰਕੇ ਲੋਕ ਆਪਣੇ ਵਿਚਾਰ ਦੱਸਣੇ ਪਸੰਦ ਕਰਦੇ ਹਨ, ਇਸ ਕਰਕੇ ਉਨ੍ਹਾਂ ਦੇ ਵਿਚਾਰ ਜਾਣਨ ਲਈ ਵਧੀਆ ਸਵਾਲ ਪੁੱਛੋ। ਸਾਡੀ ਰਾਜ ਸੇਵਕਾਈ ਵਿਚ ਸੁਝਾਅ ਦਿੱਤੇ ਜਾਂਦੇ ਹਨ ਕਿ ਵਧੀਆ ਢੰਗ ਨਾਲ ਗੱਲ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ। ਕੀ ਤੁਸੀਂ ਇਨ੍ਹਾਂ ਸੁਝਾਵਾਂ ਨੂੰ ਵਰਤ ਸਕਦੇ ਹੋ ਤੇ ਇਨ੍ਹਾਂ ਨੂੰ ਲੋਕਾਂ ਦੀ ਦਿਲਚਸਪੀ ਮੁਤਾਬਕ ਢਾਲ ਸਕਦੇ ਹੋ? ਕਿਉਂ ਨਾ ਆਪਣੀ ਪਰਿਵਾਰਕ ਸਟੱਡੀ ਦੌਰਾਨ ਕੁਝ ਸੁਝਾਵਾਂ ਨੂੰ ਵਰਤ ਕੇ ਤਿਆਰੀ ਕਰੋ?
3. ਲੋਕਾਂ ਦਾ ਸਭਿਆਚਾਰ ਤੇ ਪਿਛੋਕੜ ਧਿਆਨ ਵਿਚ ਰੱਖਦੇ ਹੋਏ ਅਸੀਂ ਗੱਲ ਕਿਵੇਂ ਸ਼ੁਰੂ ਕਰ ਸਕਦੇ ਹਾਂ?
3 ਲੋਕਾਂ ਦਾ ਸਭਿਆਚਾਰ ਤੇ ਪਿਛੋਕੜ ਧਿਆਨ ਵਿਚ ਰੱਖੋ: ਕਈ ਥਾਵਾਂ ਤੇ ਲੋਕ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਨੂੰ ਸਿੱਧਾ-ਸਿੱਧਾ ਦੱਸੀਏ ਕਿ ਅਸੀਂ ਕੀ ਕਰਨ ਆਏ ਹਾਂ। ਹੋਰ ਥਾਵਾਂ ਤੇ ਲੋਕ ਚਾਹੁੰਦੇ ਹਨ ਕਿ ਅਸੀਂ ਪਹਿਲਾਂ ਉਨ੍ਹਾਂ ਦਾ ਹਾਲ-ਚਾਲ ਪੁੱਛੀਏ ਤੇ ਆਪਣੇ ਬਾਰੇ ਕੁਝ ਦੱਸੀਏ। ਕਈ ਇਲਾਕਿਆਂ ਵਿਚ ਲੋਕਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਜੇ ਅਸੀਂ ਗੱਲ ਕਰਨ ਵੇਲੇ ਬਾਈਬਲ ਦਾ ਜ਼ਿਕਰ ਕਰੀਏ। (ਰਸੂ. 2:14-17) ਦੂਜੇ ਪਾਸੇ, ਜਿਹੜੇ ਲੋਕ ਬਾਈਬਲ ਜਾਂ ਰੱਬ ਨੂੰ ਨਹੀਂ ਮੰਨਦੇ, ਚੰਗਾ ਹੋਵੇਗਾ ਜੇ ਅਸੀਂ ਉਨ੍ਹਾਂ ਨਾਲ ਪਹਿਲੀ ਵਾਰ ਗੱਲ ਕਰਨ ਤੇ ਬਾਈਬਲ ਦਾ ਜ਼ਿਕਰ ਨਾ ਕਰੀਏ।—ਰਸੂ. 17:22-31.
4. ਅਸੀਂ ਆਪਣੇ ਪਹਿਲੇ ਸ਼ਬਦਾਂ ਦੀ ਤਿਆਰੀ ਕਰਨ ਲਈ ਕੀ ਕਰ ਸਕਦੇ ਹਾਂ?
4 ਤੁਹਾਡੇ ਪਹਿਲੇ ਸ਼ਬਦ: ਇਸ ਬਾਰੇ ਧਿਆਨ ਨਾਲ ਸੋਚੋ ਕਿ ਤੁਸੀਂ ਸਭ ਤੋਂ ਪਹਿਲਾਂ ਕੀ ਕਹੋਗੇ। ਛੋਟੇ ਤੇ ਸੌਖੇ ਵਾਕ ਵਰਤੋ। ਇਸ ਗੱਲ ʼਤੇ ਵੀ ਧਿਆਨ ਦਿਓ ਕਿ ਤੁਸੀਂ ਆਪਣੀ ਗੱਲ ਕਿਸ ਢੰਗ ਨਾਲ ਕਹਿੰਦੇ ਹੋ। ਜੋਸ਼ ਨਾਲ ਗੱਲ ਕਰੋ। ਚਿਹਰੇ ʼਤੇ ਮੁਸਕਰਾਹਟ ਰੱਖੋ ਤਾਂਕਿ ਘਰ-ਮਾਲਕ ਦੇਖ ਸਕੇ ਕਿ ਤੁਸੀਂ ਉਸ ਨੂੰ ਮਿਲ ਕੇ ਖ਼ੁਸ਼ ਹੋ। ਇਨ੍ਹਾਂ ਸੁਝਾਵਾਂ ਨੂੰ ਮੰਨ ਕੇ ਅਸੀਂ ਵਧੀਆ ਢੰਗ ਨਾਲ ਗੱਲ ਸ਼ੁਰੂ ਕਰ ਸਕਦੇ ਹਾਂ ਜਿਸ ਕਰਕੇ ਲੋਕ “ਯਹੋਵਾਹ ਦੇ ਮੇਜ਼” ਤੋਂ ਖਾਣਾ ਚਾਹੁਣਗੇ।—1 ਕੁਰਿੰ. 10:21.