ਨਬੀਆਂ ਦੀ ਮਿਸਾਲ ਉੱਤੇ ਚੱਲੋ—ਸਫ਼ਨਯਾਹ
1. ਸਫ਼ਨਯਾਹ ਨੇ ਕਿਨ੍ਹਾਂ ਹਾਲਾਤਾਂ ਵਿਚ ਨਬੀ ਵਜੋਂ ਸੇਵਾ ਕੀਤੀ ਅਤੇ ਉਹ ਅੱਜ ਸਾਡੇ ਲਈ ਕਿਵੇਂ ਚੰਗੀ ਮਿਸਾਲ ਹੈ?
1 ਸੱਤਵੀਂ ਸਦੀ ਈਸਵੀ ਪੂਰਵ ਦਾ ਵਿਚਕਾਰਲਾ ਸਮਾਂ ਸੀ ਅਤੇ ਯਹੂਦਾਹ ਵਿਚ ਸ਼ਰੇਆਮ ਬਆਲ ਦੇਵਤੇ ਦੀ ਭਗਤੀ ਹੋ ਰਹੀ ਸੀ। ਹੁਣੇ-ਹੁਣੇ ਇਕ ਬੁਰੇ ਰਾਜੇ ਆਮੋਨ ਦਾ ਕਤਲ ਹੋਇਆ ਸੀ ਤੇ ਉਸ ਦੀ ਜਗ੍ਹਾ ਯੋਸੀਯਾਹ ਰਾਜ ਕਰਨ ਲੱਗਾ। (2 ਇਤ. 33:21–34:1) ਉਸ ਸਮੇਂ ਦੌਰਾਨ ਯਹੋਵਾਹ ਨੇ ਸਫ਼ਨਯਾਹ ਨੂੰ ਲੋਕਾਂ ਨੂੰ ਸਜ਼ਾ ਦਾ ਸੰਦੇਸ਼ ਸੁਣਾਉਣ ਦਾ ਕੰਮ ਦਿੱਤਾ। ਸਫ਼ਨਯਾਹ ਸ਼ਾਇਦ ਯਹੂਦਾਹ ਦੇ ਸ਼ਾਹੀ ਘਰਾਣੇ ਵਿੱਚੋਂ ਸੀ, ਪਰ ਉਸ ਨੇ ਯਹੂਦਾਹ ਦੇ ਆਗੂਆਂ ਨੂੰ ਸਜ਼ਾ ਦੇਣ ਸੰਬੰਧੀ ਯਹੋਵਾਹ ਦੇ ਸੰਦੇਸ਼ ਨੂੰ ਮਾਮੂਲੀ ਜਿਹਾ ਬਣਾ ਕੇ ਨਹੀਂ ਦੱਸਿਆ। (ਸਫ਼. 1:1; 3:1-4) ਇਸੇ ਤਰ੍ਹਾਂ ਅਸੀਂ ਸਫ਼ਨਯਾਹ ਵਾਂਗ ਦਲੇਰ ਹੋਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਯਹੋਵਾਹ ਦੀ ਭਗਤੀ ਵਿਚ ਅੜਿੱਕਾ ਨਹੀਂ ਬਣਨ ਦਿੰਦੇ। (ਮੱਤੀ 10:34-37) ਸਫ਼ਨਯਾਹ ਨੇ ਕਿਹੜਾ ਸੰਦੇਸ਼ ਸੁਣਾਇਆ ਅਤੇ ਇਸ ਦਾ ਕੀ ਨਤੀਜਾ ਨਿਕਲਿਆ?
2. ਯਹੋਵਾਹ ਦੇ ਕ੍ਰੋਧ ਦੇ ਦਿਨ ਵਿਚ ਲੁਕੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
2 ਯਹੋਵਾਹ ਨੂੰ ਭਾਲੋ: ਸਿਰਫ਼ ਯਹੋਵਾਹ ਹੀ ਆਪਣੇ ਕ੍ਰੋਧ ਦੇ ਦਿਨ ਲੋਕਾਂ ਨੂੰ ਬਚਾ ਸਕਦਾ ਹੈ। ਇਸ ਲਈ ਸਫ਼ਨਯਾਹ ਨੇ ਯਹੂਦਾਹ ਦੇ ਲੋਕਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਕੋਲ ਯਹੋਵਾਹ, ਧਰਮ ਤੇ ਮਸਕੀਨੀ ਨੂੰ ਭਾਲਣ ਦਾ ਹਾਲੇ ਵੀ ਸਮਾਂ ਸੀ। (ਸਫ਼. 2:2, 3) ਇਹ ਗੱਲ ਅੱਜ ਵੀ ਸੱਚ ਹੈ। ਸਫ਼ਨਯਾਹ ਵਾਂਗ ਅਸੀਂ ਵੀ ਦੂਸਰਿਆਂ ਨੂੰ ਯਹੋਵਾਹ ਨੂੰ ਭਾਲਣ ਦੀ ਹੱਲਾਸ਼ੇਰੀ ਦਿੰਦੇ ਹਾਂ, ਪਰ ਸਾਨੂੰ ਵੀ ਕੁਝ ਕਰਨ ਦੀ ਲੋੜ ਹੈ ਤਾਂਕਿ ਅਸੀਂ “ਯਹੋਵਾਹ ਦੇ ਪਿੱਛੇ ਜਾਣ ਤੋਂ ਫਿਰ” ਨਾ ਜਾਈਏ। (ਸਫ਼. 1:6) ਅਸੀਂ ਯਹੋਵਾਹ ਦੇ ਬਚਨ ਨੂੰ ਧਿਆਨ ਨਾਲ ਪੜ੍ਹ ਕੇ ਤੇ ਉਸ ਦੀ ਸੇਧ ਲਈ ਪ੍ਰਾਰਥਨਾ ਕਰ ਕੇ ਉਸ ਨੂੰ ਭਾਲਦੇ ਹਾਂ। ਅਸੀਂ ਸਾਫ਼-ਸੁਥਰੀ ਜ਼ਿੰਦਗੀ ਜੀ ਕੇ ਧਰਮ ਨੂੰ ਭਾਲਦੇ ਹਾਂ। ਅਸੀਂ ਹਲੀਮ ਹੋ ਕੇ ਅਤੇ ਯਹੋਵਾਹ ਦੇ ਸੰਗਠਨ ਦੀ ਸੇਧ ਅਨੁਸਾਰ ਚੱਲ ਕੇ ਮਸਕੀਨੀ ਨੂੰ ਭਾਲਦੇ ਹਾਂ।
3. ਪ੍ਰਚਾਰ ਕਰਦਿਆਂ ਸਾਨੂੰ ਸਹੀ ਰਵੱਈਆ ਕਿਉਂ ਰੱਖਣਾ ਚਾਹੀਦਾ ਹੈ?
3 ਚੰਗੇ ਨਤੀਜੇ: ਸਫ਼ਨਯਾਹ ਦੇ ਸੰਦੇਸ਼ ਨੇ ਯਹੂਦਾਹ ਦੇ ਕੁਝ ਲੋਕਾਂ ਦੇ ਦਿਲਾਂ ʼਤੇ ਅਸਰ ਕੀਤਾ, ਪਰ ਯੋਸੀਯਾਹ ਉੱਤੇ ਜ਼ਿਆਦਾ ਅਸਰ ਪਿਆ ਜਿਸ ਨੇ ਬਚਪਨ ਵਿਚ ਯਹੋਵਾਹ ਨੂੰ ਭਾਲਣਾ ਸ਼ੁਰੂ ਕੀਤਾ ਸੀ। ਬਾਅਦ ਵਿਚ ਯੋਸੀਯਾਹ ਨੇ ਦੇਸ਼ ਵਿੱਚੋਂ ਮੂਰਤੀ-ਪੂਜਾ ਹਟਾਉਣ ਲਈ ਵੱਡੀ ਸਾਰੀ ਮੁਹਿੰਮ ਚਲਾਈ। (2 ਇਤ. 34:2-5) ਅੱਜ ਭਾਵੇਂ ਰਾਜ ਦਾ ਕੁਝ ਬੀ ਰਾਹ ਵਿਚ, ਪਥਰੀਲੀ ਜ਼ਮੀਨ ਉੱਤੇ ਜਾਂ ਕੰਡਿਆਲ਼ੀਆਂ ਝਾੜੀਆਂ ਵਿਚ ਡਿੱਗਦਾ ਹੈ, ਪਰ ਕੁਝ ਬੀ ਚੰਗੀ ਜ਼ਮੀਨ ʼਤੇ ਵੀ ਡਿੱਗਦਾ ਹੈ ਜੋ ਫਲ ਦਿੰਦਾ ਹੈ। (ਮੱਤੀ 13:18-23) ਸਾਨੂੰ ਯਕੀਨ ਹੈ ਕਿ ਅਸੀਂ ਰਾਜ ਦਾ ਬੀ ਖਿਲਾਰਨ ਵਿਚ ਰੁੱਝੇ ਰਹਾਂਗੇ, ਤਾਂ ਯਹੋਵਾਹ ਸਾਡੇ ਜਤਨਾਂ ʼਤੇ ਬਰਕਤ ਪਾਵੇਗਾ।—ਜ਼ਬੂ. 126:6.
4. ਸਾਨੂੰ ਯਹੋਵਾਹ ਦੀ ਉਡੀਕ ਕਿਉਂ ਕਰਦੇ ਰਹਿਣਾ ਚਾਹੀਦਾ ਹੈ?
4 ਯਹੂਦਾਹ ਵਿਚ ਕੁਝ ਲੋਕ ਸੋਚਦੇ ਸਨ ਕਿ ਯਹੋਵਾਹ ਕੁਝ ਨਹੀਂ ਕਰੇਗਾ। ਪਰ ਯਹੋਵਾਹ ਨੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਉਸ ਦਾ ਵੱਡਾ ਦਿਨ ਛੇਤੀ ਆਉਣ ਵਾਲਾ ਸੀ। (ਸਫ਼. 1:12, 14) ਸਿਰਫ਼ ਉਨ੍ਹਾਂ ਨੂੰ ਮੁਕਤੀ ਮਿਲਣੀ ਸੀ ਜਿਨ੍ਹਾਂ ਨੇ ਯਹੋਵਾਹ ਵਿਚ ਪਨਾਹ ਲਈ ਸੀ। (ਸਫ਼. 3:12, 17) ਜਿਉਂ-ਜਿਉਂ ਅਸੀਂ ਯਹੋਵਾਹ ਦੀ ਉਡੀਕ ਕਰਦੇ ਹਾਂ, ਆਓ ਆਪਾਂ ਭੈਣਾਂ-ਭਰਾਵਾਂ ਨਾਲ ਮਿਲ ਕੇ ਆਪਣੇ ਮਹਾਨ ਪਰਮੇਸ਼ੁਰ ਦੀ ਸੇਵਾ ਕਰ ਕੇ ਖ਼ੁਸ਼ੀ ਪਾਈਏ!—ਸਫ਼. 3:8, 9.