ਸਿਖਾਉਣ ਲਈ ਔਜ਼ਾਰ
1. ਮਸੀਹੀ ਪ੍ਰਚਾਰਕ ਕਾਰੀਗਰ ਵਾਂਗ ਕਿਵੇਂ ਹਨ?
1 ਕਾਰੀਗਰ ਅਲੱਗ-ਅਲੱਗ ਤਰ੍ਹਾਂ ਦੇ ਔਜ਼ਾਰ ਵਰਤਦੇ ਹਨ। ਕੁਝ ਔਜ਼ਾਰ ਖ਼ਾਸ ਕੰਮਾਂ ਲਈ ਵਰਤੇ ਜਾਂਦੇ ਹਨ ਜਦ ਕਿ ਹੋਰ ਔਜ਼ਾਰ ਅਕਸਰ ਵਰਤੇ ਜਾਂਦੇ ਹਨ। ਕਾਰੀਗਰਾਂ ਕੋਲ ਅਕਸਰ ਵਰਤੇ ਜਾਂਦੇ ਔਜ਼ਾਰ ਹਮੇਸ਼ਾ ਹੁੰਦੇ ਹਨ ਅਤੇ ਉਹ ਇਨ੍ਹਾਂ ਨੂੰ ਬੜੇ ਹੁਨਰ ਨਾਲ ਵਰਤਦੇ ਹਨ। ਬਾਈਬਲ ਹਰੇਕ ਮਸੀਹੀ ਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਉਹ ਪ੍ਰਚਾਰ ਵਿਚ ਲੱਗੇ ਰਹਿਣ ਅਤੇ ਉਨ੍ਹਾਂ ਨੂੰ “ਆਪਣੇ ਕੰਮ ਤੋਂ ਕੋਈ ਸ਼ਰਮਿੰਦਗੀ” ਨਾ ਹੋਵੇ। (2 ਤਿਮੋ. 2:15) ਸਾਡੇ ਕੋਲ ਸਭ ਤੋਂ ਮਹੱਤਵਪੂਰਣ ਔਜ਼ਾਰ ਕਿਹੜਾ ਹੈ? ਇਹ ਹੈ ਪਰਮੇਸ਼ੁਰ ਦਾ ਬਚਨ ਜੋ ਅਸੀਂ ਮੁੱਖ ਤੌਰ ਤੇ ‘ਚੇਲੇ ਬਣਾਉਣ’ ਲਈ ਵਰਤਦੇ ਹਾਂ। (ਮੱਤੀ 28:19, 20) ਇਸ ਕਰਕੇ ਸਾਨੂੰ ‘ਸੱਚਾਈ ਦੇ ਬਚਨ ਨੂੰ ਸਹੀ ਢੰਗ ਨਾਲ ਸਿਖਾਉਣ ਅਤੇ ਸਮਝਾਉਣ’ ਵਾਲੇ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰ ਅਸੀਂ ਸਿਖਾਉਣ ਲਈ ਅਕਸਰ ਹੋਰ ਔਜ਼ਾਰ ਵੀ ਵਰਤਦੇ ਹਾਂ। ਸਾਰੇ ਮਸੀਹੀਆਂ ਨੂੰ ਇਨ੍ਹਾਂ ਨੂੰ ਵਧੀਆ ਤਰੀਕੇ ਨਾਲ ਵਰਤਣਾ ਸਿੱਖਣਾ ਚਾਹੀਦਾ ਹੈ ਤਾਂਕਿ ਉਹ ਲੋਕਾਂ ਨੂੰ ਸੱਚਾਈ ਸਿਖਾ ਸਕਣ।—ਕਹਾ. 22:29.
2. ਸਿਖਾਉਣ ਲਈ ਸਾਡੇ ਕੋਲ ਕਿਹੜੇ ਮੁੱਖ ਔਜ਼ਾਰ ਹਨ?
2 ਸਿੱਖਿਆ ਦੇਣ ਲਈ ਅਕਸਰ ਵਰਤੇ ਜਾਂਦੇ ਔਜ਼ਾਰ: ਬਾਈਬਲ ਤੋਂ ਇਲਾਵਾ ਸਾਨੂੰ ਹੋਰ ਕਿਹੜੇ ਔਜ਼ਾਰਾਂ ਨੂੰ ਵਰਤਣਾ ਚਾਹੀਦਾ ਹੈ? ਕਿਸੇ ਨੂੰ ਬਾਈਬਲ ਦੀ ਸੱਚਾਈ ਸਿਖਾਉਣ ਲਈ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਰਤਦੇ ਹਾਂ। ਇਸ ਕਿਤਾਬ ਦੇ ਖ਼ਤਮ ਹੋਣ ਤੋਂ ਬਾਅਦ ਅਸੀਂ ਵਿਦਿਆਰਥੀ ਨੂੰ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਤੋਂ ਸਟੱਡੀ ਕਰਾਉਂਦੇ ਹਾਂ ਜੋ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਬਾਈਬਲ ਦੇ ਅਸੂਲ ਲਾਗੂ ਕਰਨ ਵਿਚ ਮਦਦ ਕਰਦੀ ਹੈ। ਇਸ ਲਈ ਸਾਨੂੰ ਇਨ੍ਹਾਂ ਦੋਨਾਂ ਕਿਤਾਬਾਂ ਨੂੰ ਵਧੀਆ ਤਰੀਕੇ ਨਾਲ ਵਰਤਣਾ ਆਉਣਾ ਚਾਹੀਦਾ ਹੈ। ਸਾਡੇ ਕੋਲ ਸਿਖਾਉਣ ਲਈ ਕੁਝ ਬਰੋਸ਼ਰ ਵੀ ਹੋਣੇ ਚਾਹੀਦੇ ਹਨ। ਉਨ੍ਹਾਂ ਵਿੱਚੋਂ ਇਕ ਮੁੱਖ ਬਰੋਸ਼ਰ ਹੈ, ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਜਿਸ ਨੂੰ ਵਰਤ ਕੇ ਸਟੱਡੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਜੇ ਘਰ-ਮਾਲਕ ਬਾਈਬਲ ਨੂੰ ਨਹੀਂ ਮੰਨਦਾ ਫਿਰ ਅਸੀਂ ਉਸ ਨਾਲ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਪੜ੍ਹਨ ਤੋਂ ਪਹਿਲਾਂ ਘਰ ਵਿਚ ਖ਼ੁਸ਼ੀਆਂ ਲਿਆਓ ਬਰੋਸ਼ਰ ਵਰਤ ਸਕਦੇ ਹਾਂ। ਜੇ ਸਾਡੇ ਇਲਾਕੇ ਵਿਚ ਘੱਟ ਪੜ੍ਹੇ-ਲਿਖੇ ਲੋਕ ਹਨ ਜਾਂ ਲੋਕ ਉਹ ਭਾਸ਼ਾ ਬੋਲਦੇ ਹਨ ਜਿਨ੍ਹਾਂ ਵਿਚ ਕੁਝ ਹੀ ਪ੍ਰਕਾਸ਼ਨਾਂ ਦਾ ਅਨੁਵਾਦ ਹੋਇਆ ਹੈ ਜਾਂ ਕੋਈ ਵੀ ਪ੍ਰਕਾਸ਼ਨ ਨਹੀਂ ਹੈ, ਤਾਂ ਅਸੀਂ ਰੱਬ ਦੀ ਸੁਣੋ ਜਾਂ ਰੱਬ ਦੀ ਸੁਣੋ ਅਤੇ ਹਮੇਸ਼ਾ ਲਈ ਜੀਓ ਬਰੋਸ਼ਰ ਵੀ ਵਰਤ ਸਕਦੇ ਹਾਂ। ਵਿਦਿਆਰਥੀਆਂ ਨੂੰ ਸੰਗਠਨ ਬਾਰੇ ਸਿਖਾਉਣ ਲਈ ਮੁੱਖ ਔਜ਼ਾਰ ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ? ਬਰੋਸ਼ਰ ਹੈ। ਚੇਲੇ ਬਣਾਉਣ ਲਈ ਵੀਡੀਓ ਵੀ ਮਦਦਗਾਰ ਹਨ, ਜਿਵੇਂ ਕਿ ਬਾਈਬਲ ਕਿਉਂ ਪੜ੍ਹੀਏ?, ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਅਤੇ ਕੀ ਰੱਬ ਦਾ ਕੋਈ ਨਾਂ ਹੈ? ਸਾਨੂੰ ਇਨ੍ਹਾਂ ਔਜ਼ਾਰਾਂ ਨੂੰ ਵੀ ਵਧੀਆ ਤਰੀਕੇ ਨਾਲ ਵਰਤਣਾ ਆਉਣਾ ਚਾਹੀਦਾ ਹੈ।
3. ਸਾਡੀ ਰਾਜ ਸੇਵਕਾਈ ਦੇ ਅਗਲੇ ਅੰਕਾਂ ਵਿਚ ਸਾਨੂੰ ਕਿਹੜੀ ਮਦਦ ਦਿੱਤੀ ਜਾਵੇਗੀ?
3 ਸਾਡੀ ਰਾਜ ਸੇਵਕਾਈ ਦੇ ਅਗਲੇ ਅੰਕਾਂ ਵਿਚ ਸਾਡੀ ਮਦਦ ਕੀਤੀ ਜਾਵੇਗੀ ਕਿ ਅਸੀਂ ਇਨ੍ਹਾਂ ਔਜ਼ਾਰਾਂ ਨੂੰ ਵਰਤਣ ਵਿਚ ਕਿਵੇਂ ਮਾਹਰ ਬਣ ਸਕਦੇ ਹਾਂ। ਜਿੱਦਾਂ-ਜਿੱਦਾਂ ਅਸੀਂ ਇਨ੍ਹਾਂ ਔਜ਼ਾਰਾਂ ਨੂੰ ਵਰਤਣ ਵਿਚ ਮਾਹਰ ਬਣਨ ਦੀ ਕੋਸ਼ਿਸ਼ ਕਰਾਂਗੇ, ਉੱਦਾਂ-ਉੱਦਾਂ ਅਸੀਂ ਇਸ ਸਲਾਹ ਨੂੰ ਲਾਗੂ ਕਰ ਰਹੇ ਹੋਵਾਂਗੇ: “ਆਪਣੇ ਵੱਲ ਅਤੇ ਜੋ ਸਿੱਖਿਆ ਤੂੰ ਦਿੰਦਾ ਹੈਂ, ਉਸ ਵੱਲ ਹਮੇਸ਼ਾ ਧਿਆਨ ਦਿੰਦਾ ਰਹਿ। ਤੂੰ ਇਹ ਸਭ ਕੁਝ ਕਰਦਾ ਰਹਿ। ਜੇ ਤੂੰ ਇਸ ਤਰ੍ਹਾਂ ਕਰੇਂਗਾ, ਤਾਂ ਤੂੰ ਆਪਣੇ ਆਪ ਨੂੰ ਤੇ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ।”—1 ਤਿਮੋ. 4:16.