ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp21 ਨੰ. 3 ਸਫ਼ੇ 12-14
  • ਸਾਨੂੰ ਵਧੀਆ ਜ਼ਿੰਦਗੀ ਦਾ ਰਾਹ ਕੌਣ ਦਿਖਾ ਸਕਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਨੂੰ ਵਧੀਆ ਜ਼ਿੰਦਗੀ ਦਾ ਰਾਹ ਕੌਣ ਦਿਖਾ ਸਕਦਾ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2021
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸਾਨੂੰ ਸਭ ਤੋਂ ਵਧੀਆ ਸਲਾਹ ਕੌਣ ਦੇ ਸਕਦਾ ਹੈ?
  • ਬਾਈਬਲ ਕੀ ਕਹਿੰਦੀ ਹੈ?
    ਜਾਗਰੂਕ ਬਣੋ!—2017
  • ਸਹੀ ਸਿੱਖਿਆ ਜੋ ਪਰਮੇਸ਼ੁਰ ਨੂੰ ਮਨਜ਼ੂਰ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਸਹੀ ਤੇ ਗ਼ਲਤ ਬਾਰੇ: ਰੱਬ ਦੇ ਬਚਨ ਵਿੱਚੋਂ ਭਰੋਸੇਯੋਗ ਸਲਾਹਾਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2024
  • ਬਾਈਬਲ ਬਾਰੇ ਤੁਹਾਡਾ ਕੀ ਖ਼ਿਆਲ ਹੈ?
    ਬਾਈਬਲ ਬਾਰੇ ਤੁਹਾਡਾ ਕੀ ਖ਼ਿਆਲ ਹੈ?
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2021
wp21 ਨੰ. 3 ਸਫ਼ੇ 12-14
ਇਕ ਆਦਮੀ ਬਾਈਬਲ ਪੜ੍ਹਦਾ ਹੋਇਆ।

ਸਾਨੂੰ ਵਧੀਆ ਜ਼ਿੰਦਗੀ ਦਾ ਰਾਹ ਕੌਣ ਦਿਖਾ ਸਕਦਾ ਹੈ?

ਅਸੀਂ ਪਿਛਲੇ ਲੇਖਾਂ ਵਿਚ ਦੇਖਿਆ ਸੀ ਕਿ ਲੋਕ ਵਧੀਆ ਭਵਿੱਖ ਪਾਉਣ ਲਈ ਕਈ ਤਰੀਕੇ ਅਪਣਾਉਂਦੇ ਹਨ। ਕੁਝ ਲੋਕ ਕਿਸਮਤ ʼਤੇ ਭਰੋਸਾ ਕਰਦੇ ਹਨ, ਜ਼ਿਆਦਾ ਪੜ੍ਹਾਈ-ਲਿਖਾਈ ਕਰਦੇ ਹਨ, ਧਨ-ਦੌਲਤ ਇਕੱਠੀ ਕਰਨ ਤੇ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹਨ। ਪਰ ਇਸ ਤਰ੍ਹਾਂ ਕਰ ਕੇ ਵੀ ਉਹ ਖ਼ੁਸ਼ ਨਹੀਂ ਹਨ। ਇਸ ਤਰੀਕੇ ਨਾਲ ਵਧੀਆ ਭਵਿੱਖ ਪਾਉਣ ਦੀ ਕੋਸ਼ਿਸ਼ ਕਰਨੀ ਇੱਦਾਂ ਹੈ ਜਿਵੇਂ ਅਸੀਂ ਆਪਣੀ ਮੰਜ਼ਲ ਤਕ ਪਹੁੰਚਣ ਲਈ ਅਜਿਹੇ ਲੋਕਾਂ ਤੋਂ ਰਾਹ ਪੁੱਛ ਰਹੇ ਹਾਂ ਜਿਹੜੇ ਖ਼ੁਦ ਉਸ ਜਗ੍ਹਾ ਤੋਂ ਅਣਜਾਣ ਹਨ। ਤਾਂ ਕੀ ਕੋਈ ਵੀ ਸਾਨੂੰ ਨਹੀਂ ਦੱਸ ਸਕਦਾ ਕਿ ਸਾਡਾ ਭਵਿੱਖ ਵਧੀਆ ਕਿਵੇਂ ਹੋ ਸਕਦਾ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ।

ਸਾਨੂੰ ਸਭ ਤੋਂ ਵਧੀਆ ਸਲਾਹ ਕੌਣ ਦੇ ਸਕਦਾ ਹੈ?

ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਅਕਸਰ ਆਪਣੇ ਸਿਆਣਿਆਂ ਤੋਂ ਸਲਾਹ ਲੈਂਦੇ ਹਾਂ। ਇਸੇ ਤਰ੍ਹਾਂ ਵਧੀਆ ਭਵਿੱਖ ਬਾਰੇ ਅਸੀਂ ਉਸ ਸ਼ਖ਼ਸ ਤੋਂ ਸਲਾਹ ਲੈ ਸਕਦੇ ਹਾਂ ਜੋ ਸਾਡੇ ਤੋਂ ਕਿਤੇ ਜ਼ਿਆਦਾ ਤਜਰਬੇਕਾਰ ਅਤੇ ਕਿਤੇ ਜ਼ਿਆਦਾ ਬੁੱਧੀਮਾਨ ਹੈ। ਉਸ ਦੀ ਸਲਾਹ ਅਸੀਂ ਪਵਿੱਤਰ ਲਿਖਤਾਂ ਵਿਚ ਪੜ੍ਹ ਸਕਦੇ ਹਾਂ। ਇਸ ਦਾ ਪਹਿਲਾਂ ਹਿੱਸਾ ਲਗਭਗ 3,500 ਸਾਲ ਪਹਿਲਾਂ ਲਿਖਿਆ ਗਿਆ ਸੀ। ਇਨ੍ਹਾਂ ਪਵਿੱਤਰ ਲਿਖਤਾਂ ਨੂੰ ਬਾਈਬਲ ਕਿਹਾ ਜਾਂਦਾ ਹੈ।

ਅਸੀਂ ਬਾਈਬਲ ʼਤੇ ਭਰੋਸਾ ਕਿਉਂ ਕਰ ਸਕਦੇ ਹਾਂ? ਕਿਉਂਕਿ ਇਸ ਦਾ ਲਿਖਾਰੀ ਪੂਰੇ ਜਹਾਨ ਦਾ ਸਭ ਤੋਂ ਬੁੱਧੀਮਾਨ ਅਤੇ ਸਭ ਤੋਂ ਜ਼ਿਆਦਾ ਤਜਰਬੇਕਾਰ ਹੈ। ਉਸ ਨੂੰ “ਅੱਤ ਪ੍ਰਾਚੀਨ” ਕਿਹਾ ਗਿਆ ਹੈ ਜੋ ‘ਹਮੇਸ਼ਾ ਤੋਂ ਹੈ ਅਤੇ ਹਮੇਸ਼ਾ ਰਹੇਗਾ।’ (ਦਾਨੀਏਲ 7:9; ਜ਼ਬੂਰ 90:2) ਉਹ ਸੱਚਾ ਪਰਮੇਸ਼ੁਰ ਹੈ ‘ਜੋ ਆਕਾਸ਼ਾਂ ਦਾ ਸਿਰਜਣਹਾਰ ਹੈ ਤੇ ਜਿਸ ਨੇ ਧਰਤੀ ਨੂੰ ਬਣਾਇਆ ਹੈ।’ (ਯਸਾਯਾਹ 45:18) ਉਸ ਨੇ ਖ਼ੁਦ ਆਪਣਾ ਨਾਂ ਯਹੋਵਾਹ ਦੱਸਿਆ ਹੈ।—ਜ਼ਬੂਰ 83:18.

ਬਾਈਬਲ ਦੇ ਲਿਖਾਰੀ ਨੇ ਹੀ ਸਾਰੇ ਇਨਸਾਨਾਂ ਨੂੰ ਬਣਾਇਆ ਹੈ। ਇਸ ਕਰਕੇ ਇਸ ਵਿਚ ਇਹ ਨਹੀਂ ਲਿਖਿਆ ਕਿ ਕਿਸੇ ਇਕ ਕੌਮ ਜਾਂ ਸਭਿਆਚਾਰ ਦੇ ਲੋਕ ਦੂਜਿਆਂ ਨਾਲੋਂ ਵਧੀਆ ਹਨ। ਬਾਈਬਲ ਵਿਚ ਦਿੱਤੀ ਸਲਾਹ ਕਦੇ ਪੁਰਾਣੀ ਨਹੀਂ ਹੁੰਦੀ ਤੇ ਇਸ ਨਾਲ ਹਰ ਦੇਸ਼ ਦੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ। ਇਹ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਉਪਲਬਧ ਹੈ ਅਤੇ ਸਭ ਤੋਂ ਜ਼ਿਆਦਾ ਵੰਡੀ ਜਾਣ ਵਾਲੀ ਕਿਤਾਬ ਹੈ।a ਸੋ ਇਸ ਦਾ ਮਤਲਬ ਹੈ ਕਿ ਹਰ ਕੋਈ ਇਸ ਨੂੰ ਆਸਾਨੀ ਨਾਲ ਸਮਝ ਸਕਦਾ ਹੈ ਅਤੇ ਇਸ ਤੋਂ ਸਲਾਹ ਲੈ ਸਕਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਵਿਚ ਲਿਖੀ ਇਹ ਗੱਲ ਬਿਲਕੁਲ ਸਹੀ ਹੈ:

“ਪਰਮੇਸ਼ੁਰ ਕਿਸੇ ਨਾਲ ਪੱਖਪਾਤ ਨਹੀਂ ਕਰਦਾ, ਪਰ ਹਰ ਕੌਮ ਵਿਚ ਜਿਹੜਾ ਵੀ ਇਨਸਾਨ ਉਸ ਤੋਂ ਡਰਦਾ ਹੈ ਅਤੇ ਸਹੀ ਕੰਮ ਕਰਦਾ ਹੈ, ਪਰਮੇਸ਼ੁਰ ਉਸ ਨੂੰ ਕਬੂਲ ਕਰਦਾ ਹੈ।”​—ਰਸੂਲਾਂ ਦੇ ਕੰਮ 10:34, 35.

ਜਿਸ ਤਰ੍ਹਾਂ ਇਕ ਪਿਆਰ ਕਰਨ ਵਾਲਾ ਪਿਤਾ ਆਪਣੇ ਬੱਚਿਆਂ ਨੂੰ ਸਹੀ ਰਾਹ ਦਿਖਾਉਂਦਾ ਹੈ, ਉਸੇ ਤਰ੍ਹਾਂ ਸਾਡਾ ਪਿਆਰਾ ਪਿਤਾ ਯਹੋਵਾਹ ਆਪਣੇ ਬਚਨ ਬਾਈਬਲ ਰਾਹੀਂ ਸਾਨੂੰ ਸਹੀ ਰਾਹ ਦਿਖਾਉਂਦਾ ਹੈ। (2 ਤਿਮੋਥਿਉਸ 3:16) ਅਸੀਂ ਉਸ ਦੇ ਬਚਨ ʼਤੇ ਭਰੋਸਾ ਕਰ ਸਕਦੇ ਹਾਂ ਕਿਉਂਕਿ ਉਸ ਨੇ ਸਾਨੂੰ ਬਣਾਇਆ ਹੈ ਤੇ ਉਹੀ ਜਾਣਦਾ ਹੈ ਕਿ ਕਿਹੜੀਆਂ ਗੱਲਾਂ ਤੋਂ ਸਾਨੂੰ ਖ਼ੁਸ਼ੀ ਮਿਲ ਸਕਦੀ ਹੈ।

ਬਾਈਬਲ ਭਰੋਸੇਯੋਗ ਹੈ

ਤਸਵੀਰਾਂ: 1. ਇਕ ਆਦਮੀ ਮੈਟਰੋ ਵਿਚ ਸਫ਼ਰ ਕਰਦਾ ਹੋਇਆ ਅਤੇ ਫ਼ੋਨ ਤੋਂ ਬਾਈਬਲ ਪੜ੍ਹਦਾ ਹੋਇਆ। 2. ਉਸ ਦੇ ਫ਼ੋਨ ʼਤੇ ਬਾਈਬਲ ਖੁੱਲ੍ਹੀ ਹੋਈ।

ਬਾਈਬਲ ਭਵਿੱਖ ਬਾਰੇ ਜੋ ਦੱਸਦੀ ਹੈ ਅਸੀਂ ਉਸ ਉੱਤੇ ਭਰੋਸਾ ਕਰ ਸਕਦੇ ਹਾਂ। ਕਿਉਂ? ਕਿਉਂਕਿ ਲਗਭਗ 2,000 ਸਾਲ ਪਹਿਲਾਂ ਦੁਨੀਆਂ ਦੇ ਹਾਲਾਤਾਂ ਬਾਰੇ ਅਤੇ ਲੋਕਾਂ ਦੇ ਰਵੱਈਏ ਬਾਰੇ ਬਾਈਬਲ ਵਿਚ ਜੋ ਦੱਸਿਆ ਗਿਆ ਸੀ ਉਹ ਅੱਜ ਅਸੀਂ ਪੂਰਾ ਹੁੰਦਾ ਦੇਖ ਰਹੇ ਹਾਂ।

ਦੁਨੀਆਂ ਦੇ ਹਾਲਾਤ

“ਕੌਮ ਕੌਮ ਉੱਤੇ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ। ਵੱਡੇ-ਵੱਡੇ ਭੁਚਾਲ਼ ਆਉਣਗੇ, ਥਾਂ-ਥਾਂ ਕਾਲ਼ ਪੈਣਗੇ ਤੇ ਮਹਾਂਮਾਰੀਆਂ ਫੈਲਣਗੀਆਂ।”—ਲੂਕਾ 21:10, 11.

ਲੋਕਾਂ ਦਾ ਰਵੱਈਆ

“ਆਖ਼ਰੀ ਦਿਨ ਮੁਸੀਬਤਾਂ ਨਾਲ ਭਰੇ ਹੋਣਗੇ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ। ਕਿਉਂਕਿ ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ, ਪੈਸੇ ਦੇ ਪ੍ਰੇਮੀ, ਸ਼ੇਖ਼ੀਬਾਜ਼, ਹੰਕਾਰੀ, ਨਿੰਦਿਆ ਕਰਨ ਵਾਲੇ, ਮਾਤਾ-ਪਿਤਾ ਦੇ ਅਣਆਗਿਆਕਾਰ, ਨਾਸ਼ੁਕਰੇ, ਵਿਸ਼ਵਾਸਘਾਤੀ, ਨਿਰਮੋਹੀ, ਕਿਸੇ ਵੀ ਗੱਲ ʼਤੇ ਰਾਜ਼ੀ ਨਾ ਹੋਣ ਵਾਲੇ, ਬਦਨਾਮ ਕਰਨ ਵਾਲੇ, ਅਸੰਜਮੀ, ਵਹਿਸ਼ੀ, ਭਲਾਈ ਨਾਲ ਨਫ਼ਰਤ ਕਰਨ ਵਾਲੇ, ਧੋਖੇਬਾਜ਼, ਜ਼ਿੱਦੀ ਅਤੇ ਘਮੰਡ ਨਾਲ ਫੁੱਲੇ ਹੋਏ ਹੋਣਗੇ। ਉਹ ਪਰਮੇਸ਼ੁਰ ਨਾਲ ਪਿਆਰ ਕਰਨ ਦੀ ਬਜਾਇ ਮੌਜ-ਮਸਤੀ ਦੇ ਪ੍ਰੇਮੀ ਹੋਣਗੇ।”​—2 ਤਿਮੋਥਿਉਸ 3:1-4.

ਇਸ ਤੋਂ ਕੀ ਪਤਾ ਲੱਗਦਾ ਹੈ? ਧਿਆਨ ਦਿਓ ਕਿ ਹਾਂਗ-ਕਾਂਗ ਵਿਚ ਰਹਿਣ ਵਾਲਾ ਲੀਓਨ ਕੀ ਕਹਿੰਦਾ ਹੈ: “ਬਾਈਬਲ ਵਿਚ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਵਿਚ ਕੀ-ਕੀ ਹੋਵੇਗਾ ਤੇ ਅੱਜ ਬਿਲਕੁਲ ਇੱਦਾਂ ਹੀ ਹੋ ਰਿਹਾ ਹੈ। ਇਹ ਹੋ ਹੀ ਨਹੀਂ ਸਕਦਾ ਕਿ ਇਕ ਇਨਸਾਨ ਆਉਣ ਵਾਲੇ ਸਮੇਂ ਬਾਰੇ ਐਨ ਸਹੀ-ਸਹੀ ਦੱਸ ਸਕੇ। ਇਸ ਦਾ ਮਤਲਬ ਹੈ ਕਿ ਬਾਈਬਲ ਦਾ ਲਿਖਾਰੀ ਸਾਡੇ ਨਾਲੋਂ ਕਿਤੇ ਜ਼ਿਆਦਾ ਬੁੱਧੀਮਾਨ ਹੈ।” ਬਿਨਾਂ ਸ਼ੱਕ, ਤੁਸੀਂ ਵੀ ਉਸ ਦੀ ਗੱਲ ਨਾਲ ਸਹਿਮਤ ਹੋਵੋਗੇ।

ਬਾਈਬਲ ਵਿਚ ਸੈਂਕੜੇ ਹੀ ਅਜਿਹੀਆਂ ਗੱਲਾਂ ਹਨ ਜੋ ਪੂਰੀਆਂ ਹੋ ਚੁੱਕੀਆਂ ਹਨ।b ਇਸ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਰੱਬ ਨੇ ਹੀ ਲਿਖਵਾਈ ਹੈ। ਯਹੋਵਾਹ ਕਹਿੰਦਾ ਹੈ, “ਮੈਂ ਪਰਮੇਸ਼ੁਰ ਹਾਂ ਤੇ ਮੇਰੇ ਵਰਗਾ ਹੋਰ ਕੋਈ ਨਹੀਂ। ਮੈਂ ਅੰਤ ਬਾਰੇ ਸ਼ੁਰੂ ਵਿਚ ਹੀ ਦੱਸ ਦਿੰਦਾ ਹਾਂ।” (ਯਸਾਯਾਹ 46:9, 10) ਇਸ ਕਰਕੇ ਬਾਈਬਲ ਵਿਚ ਭਵਿੱਖ ਬਾਰੇ ਜੋ ਵੀ ਦੱਸਿਆ ਗਿਆ ਹੈ, ਤੁਸੀਂ ਉਸ ਉੱਤੇ ਪੂਰਾ ਭਰੋਸਾ ਰੱਖ ਸਕਦੇ ਹੋ।

ਅੱਜ ਅਤੇ ਹਮੇਸ਼ਾ ਲਈ ਖ਼ੁਸ਼ੀ ਕਿਵੇਂ ਪਾਈਏ?

ਮਾਪੇ ਆਪਣੇ ਦੋ ਬੱਚਿਆਂ ਦੇ ਹੱਥ ਫੜੀ ਖ਼ੁਸ਼ੀ-ਖ਼ੁਸ਼ੀ ਖੇਤ ਵਿੱਚੋਂ ਲੰਘਦੇ ਹੋਏ।

ਧਰਮ-ਗ੍ਰੰਥ ਵਿਚ ਦਿੱਤੀਆਂ ਸਲਾਹਾਂ ਨੂੰ ਮੰਨ ਕੇ ਤੁਹਾਨੂੰ ਫ਼ਾਇਦਾ ਹੋਵੇਗਾ। ਜ਼ਰਾ ਕੁਝ ਮਿਸਾਲਾਂ ਉੱਤੇ ਗੌਰ ਕਰੋ।

ਪੈਸੇ ਅਤੇ ਕੰਮ ਬਾਰੇ ਸਹੀ ਨਜ਼ਰੀਆ

“ਥੋੜ੍ਹਾ ਜਿਹਾ ਆਰਾਮ ਕਰਨਾ ਬਹੁਤ ਜ਼ਿਆਦਾ ਮਿਹਨਤ ਕਰਨ ਅਤੇ ਹਵਾ ਪਿੱਛੇ ਭੱਜਣ ਨਾਲੋਂ ਚੰਗਾ ਹੈ।”​—ਉਪਦੇਸ਼ਕ ਦੀ ਕਿਤਾਬ 4:6.

ਪਰਿਵਾਰਕ ਜ਼ਿੰਦਗੀ

“ਤੁਸੀਂ ਸਾਰੇ ਆਪਣੀਆਂ ਪਤਨੀਆਂ ਨਾਲ ਇਸ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨਾਲ ਕਰਦੇ ਹੋ; ਨਾਲੇ ਪਤਨੀ ਨੂੰ ਆਪਣੇ ਪਤੀ ਦਾ ਗਹਿਰਾ ਆਦਰ ਕਰਨਾ ਚਾਹੀਦਾ ਹੈ।”​—ਅਫ਼ਸੀਆਂ 5:33.

ਦੂਸਰਿਆਂ ਨਾਲ ਰਿਸ਼ਤੇ

“ਗੁੱਸਾ ਕਰਨੋਂ ਹਟ ਜਾ ਅਤੇ ਕ੍ਰੋਧ ਨੂੰ ਛੱਡ ਦੇ; ਗੁੱਸੇ ਵਿਚ ਆ ਕੇ ਬੁਰਾ ਕੰਮ ਨਾ ਕਰ।”​—ਜ਼ਬੂਰ 37:8.

ਬਾਈਬਲ ਦੀਆਂ ਸਲਾਹਾਂ ਮੰਨ ਕੇ ਤੁਹਾਨੂੰ ਸਿਰਫ਼ ਅੱਜ ਹੀ ਫ਼ਾਇਦਾ ਨਹੀਂ ਹੁੰਦਾ, ਸਗੋਂ ਸੁਨਹਿਰੇ ਭਵਿੱਖ ਦੀ ਉਮੀਦ ਵੀ ਮਿਲਦੀ ਹੈ। ਬਾਈਬਲ ਵਿਚ ਬਹੁਤ ਸਾਰੇ ਸ਼ਾਨਦਾਰ ਵਾਅਦੇ ਕੀਤੇ ਗਏ ਹਨ। ਜਿਵੇਂ:

ਹਰ ਪਾਸੇ ਸ਼ਾਂਤੀ ਅਤੇ ਸੁਰੱਖਿਆ ਹੋਵੇਗੀ

‘ਲੋਕ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।’​—ਜ਼ਬੂਰ 37:11.

ਸਾਰਿਆਂ ਕੋਲ ਘਰ ਅਤੇ ਖਾਣ ਲਈ ਖਾਣਾ ਹੋਵੇਗਾ

“ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿਚ ਵੱਸਣਗੇ, ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।”​—ਯਸਾਯਾਹ 65:21.

ਨਾ ਕੋਈ ਬੀਮਾਰ ਹੋਵੇਗਾ ਅਤੇ ਨਾ ਹੀ ਕੋਈ ਮਰੇਗਾ

“ਮੌਤ ਨਹੀਂ ਰਹੇਗੀ, ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।”​—ਪ੍ਰਕਾਸ਼ ਦੀ ਕਿਤਾਬ 21:4.

ਇਸ ਤਰ੍ਹਾਂ ਦਾ ਭਵਿੱਖ ਪਾਉਣ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ? ਅਗਲਾ ਲੇਖ ਪੜ੍ਹੋ।

a ਬਾਈਬਲ ਦਾ ਅਨੁਵਾਦ ਕਿੰਨੀਆਂ ਭਾਸ਼ਾਵਾਂ ਵਿਚ ਹੋਇਆ ਅਤੇ ਇਹ ਕਿੰਨੇ ਵੱਡੇ ਪੱਧਰ ʼਤੇ ਵੰਡੀ ਗਈ ਹੈ, ਇਸ ਬਾਰੇ ਹੋਰ ਜਾਣਨ ਲਈ www.jw.org/pa ʼਤੇ ਜਾਓ ਅਤੇ “ਬਾਈਬਲ ਦੀਆਂ ਸਿੱਖਿਆਵਾਂ” > “ਇਤਿਹਾਸ ਅਤੇ ਬਾਈਬਲ” ਹੇਠਾਂ ਦੇਖੋ।

b ਹੋਰ ਜਾਣਕਾਰੀ ਲੈਣ ਲਈ 1 ਜਨਵਰੀ 2008 ਦੇ ਪਹਿਰਾਬੁਰਜ ਦੇ ਸਫ਼ੇ 22-24 ʼਤੇ “ਯਹੋਵਾਹ ਜੋ ਵੀ ਭਵਿੱਖਬਾਣੀ ਕਰਦਾ ਹੈ ਉਹ ਪੂਰੀ ਹੁੰਦੀ ਹੈ” ਦਿੱਤਾ ਲੇਖ ਪੜ੍ਹੋ। ਇਹ ਯਹੋਵਾਹ ਦੇ ਗਵਾਹਾਂ ਵੱਲੋਂ ਛਾਪਿਆ ਗਿਆ ਹੈ। ਇਹ www.jw.org/pa ʼਤੇ ਉਪਲਬਧ ਹੈ। ਇਸ ਨੂੰ ਪੜ੍ਹਨ ਲਈ ਸਾਡੀ ਵੈੱਬਸਾਈਟ ʼਤੇ “ਲਾਇਬ੍ਰੇਰੀ” > “ਮੈਗਜ਼ੀਨ” ਹੇਠਾਂ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ