ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w21 ਜੁਲਾਈ ਸਫ਼ੇ 26-29
  • ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀਆਂ ਦਾ ਖ਼ਜ਼ਾਨਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀਆਂ ਦਾ ਖ਼ਜ਼ਾਨਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਦੱਖਣੀ ਅਫ਼ਰੀਕਾ ਨੂੰ ਜਾਣਾ
  • ਵਿਆਹ ਅਤੇ ਨਵੀਂ ਜ਼ਿੰਮੇਵਾਰੀ
  • ਵਾਪਸ ਬੈਥਲ ਆ ਗਿਆ
  • ਵਾਪਸ ਛਪਾਈ ਵਿਭਾਗ ਵਿਚ
  • ਨਵਾਂ ਦੇਸ਼, ਨਵਾਂ ਕੰਮ!
  • ਬ੍ਰਾਂਚ ਤੋਂ ਚਿੱਠੀ
    ਸਾਡੀ ਰਾਜ ਸੇਵਕਾਈ—2006
  • ਕੀ ਤੁਸੀਂ ਆ ਸਕਦੇ ਹੋ?
    ਸਾਡੀ ਰਾਜ ਸੇਵਕਾਈ—2003
  • ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਖੁੱਲ੍ਹਾ ਸੱਦਾ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
w21 ਜੁਲਾਈ ਸਫ਼ੇ 26-29
ਜੌਨ ਅਤੇ ਲੌਰਾ ਕੀਕੋਟ।

ਜੀਵਨੀ

ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀਆਂ ਦਾ ਖ਼ਜ਼ਾਨਾ

ਜੌਨ ਕੀਕੋਟ ਦੀ ਜ਼ਬਾਨੀ

ਕੈਨੇਡਾ ਬੈਥਲ ਵਿਚ ਮੇਰਾ ਪਹਿਲਾ ਕੰਮ ਸੀ ਉਸ ਇਮਾਰਤ ਦੀ ਸਾਫ਼-ਸਫ਼ਾਈ ਕਰਨੀ ਜਿੱਥੇ ਛਪਾਈ ਹੁੰਦੀ ਸੀ। ਇਹ 1958 ਦੀ ਗੱਲ ਹੈ ਜਦੋਂ ਮੈਂ 18 ਸਾਲ ਦਾ ਸੀ। ਮੇਰੀ ਜ਼ਿੰਦਗੀ ਵਿਚ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਤੇ ਜਲਦੀ ਹੀ ਮੈਂ ਉਸ ਮਸ਼ੀਨ ʼਤੇ ਕੰਮ ਕਰਨ ਲੱਗ ਪਿਆ ਜੋ ਛਾਪੇ ਗਏ ਰਸਾਲਿਆਂ ਦੇ ਕਿਨਾਰਿਆਂ ਨੂੰ ਕੱਟਦੀ ਸੀ। ਮੈਂ ਬੈਥਲ ਵਿਚ ਕੰਮ ਕਰ ਕੇ ਬਹੁਤ ਖ਼ੁਸ਼ ਸੀ

ਅਗਲੇ ਸਾਲ ਬੈਥਲ ਵਿਚ ਇਕ ਘੋਸ਼ਣਾ ਹੋਈ ਕਿ ਦੱਖਣੀ ਅਫ਼ਰੀਕਾ ਵਿਚ ਸੇਵਾ ਕਰਨ ਲਈ ਵਲੰਟੀਅਰਾਂ ਦੀ ਲੋੜ ਹੈ ਜਿੱਥੇ ਨਵੀਂ ਰੋਟਰੀ ਪ੍ਰਿੰਟਿੰਗ ਮਸ਼ੀਨ ਲਗਾਈ ਜਾਣੀ ਸੀ। ਮੈਂ ਉੱਥੇ ਜਾਣ ਲਈ ਆਪਣਾ ਨਾਂ ਦੇ ਦਿੱਤਾ ਅਤੇ ਮੈਂ ਉਦੋਂ ਬਹੁਤ ਖ਼ੁਸ਼ ਹੋਇਆ ਜਦੋਂ ਮੈਨੂੰ ਚੁਣਿਆ ਗਿਆ। ਕੈਨੇਡਾ ਬੈਥਲ ਤੋਂ ਤਿੰਨ ਹੋਰ ਭਰਾਵਾਂ ਨੂੰ ਵੀ ਚੁਣਿਆ ਗਿਆ ਸੀ, ਡੈਨਿਸ ਲੀਚ, ਬਿਲ ਮੈੱਕਲੈਲਨ ਅਤੇ ਕੈੱਨ ਨੋਰਡਿਨ। ਸਾਨੂੰ ਦੱਸਿਆ ਗਿਆ ਸੀ ਕਿ ਸਾਨੂੰ ਸਿਰਫ਼ ਉੱਥੇ ਜਾਣ-ਜਾਣ ਦੀ ਟਿਕਟ ਹੀ ਮਿਲੇਗੀ ਕਿਉਂਕਿ ਉੱਥੋਂ ਅਸੀਂ ਇੰਨੀ ਜਲਦੀ ਵਾਪਸ ਨਹੀਂ ਆ ਸਕਾਂਗੇ।

ਮੈਂ ਆਪਣੀ ਮੰਮੀ ਨੂੰ ਫ਼ੋਨ ਕੀਤਾ ਤੇ ਕਿਹਾ: “ਮੰਮੀ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ। ਮੈਂ ਦੱਖਣੀ ਅਫ਼ਰੀਕਾ ਜਾ ਰਿਹਾ ਹਾਂ!” ਮੇਰੀ ਮੰਮੀ ਦਾ ਸੁਭਾਅ ਇੱਦਾਂ ਦਾ ਸੀ ਕਿ ਉਹ ਜ਼ਿਆਦਾ ਨਹੀਂ ਸੀ ਬੋਲਦੇ। ਉਨ੍ਹਾਂ ਦੀ ਨਿਹਚਾ ਬਹੁਤ ਪੱਕੀ ਸੀ ਤੇ ਯਹੋਵਾਹ ਨਾਲ ਗੂੜ੍ਹਾ ਰਿਸ਼ਤਾ ਸੀ। ਉਨ੍ਹਾਂ ਨੇ ਮੈਨੂੰ ਕੁਝ ਜ਼ਿਆਦਾ ਤਾਂ ਨਹੀਂ ਕਿਹਾ, ਪਰ ਮੈਨੂੰ ਪਤਾ ਸੀ ਕਿ ਉਹ ਮੇਰਾ ਸਾਥ ਦੇਣਗੇ। ਮੇਰੇ ਮੰਮੀ-ਡੈਡੀ ਨੇ ਮੈਨੂੰ ਕਦੀ ਵੀ ਨਹੀਂ ਕਿਹਾ ਕਿ ਮੇਰਾ ਫ਼ੈਸਲਾ ਗ਼ਲਤ ਹੈ, ਭਾਵੇਂ ਕਿ ਉਹ ਉਦਾਸ ਸਨ ਕਿ ਮੈਂ ਉਨ੍ਹਾਂ ਤੋਂ ਬਹੁਤ ਦੂਰ ਜਾ ਰਿਹਾ ਸੀ, ਪਰ ਉਨ੍ਹਾਂ ਨੇ ਮੈਨੂੰ ਰੋਕਿਆ ਨਹੀਂ।

ਦੱਖਣੀ ਅਫ਼ਰੀਕਾ ਨੂੰ ਜਾਣਾ

ਸੰਨ 1959 ਵਿਚ ਕੇਪ ਟਾਊਨ ਤੋਂ ਜੋਹਾਨਸਬਰਗ ਜਾਣ ਵਾਲੀ ਟ੍ਰੇਨ ਵਿਚ ਡੈਨਿਸ ਲੀਚ, ਕੈੱਨ ਨੋਰਡਿਨ ਅਤੇ ਬਿਲ ਮੈੱਕਲੈਲਨ ਨਾਲ

ਸੰਨ 2019 ਵਿਚ ਅਸੀਂ ਚਾਰੇ ਜਣੇ 60 ਸਾਲ ਬਾਅਦ ਦੱਖਣੀ ਅਫ਼ਰੀਕਾ ਦੇ ਬ੍ਰਾਂਚ ਆਫ਼ਿਸ ਵਿਚ ਦੁਬਾਰਾ ਮਿਲੇ

ਸਾਨੂੰ ਬਰੁਕਲਿਨ ਬੈਥਲ ਭੇਜਿਆ ਗਿਆ। ਉੱਥੇ ਸਾਨੂੰ ਚਾਰ ਭਰਾਵਾਂ ਨੂੰ ਤਿੰਨ ਮਹੀਨਿਆਂ ਲਈ ਹੌਟ-ਲੈੱਡ ਟਾਈਪ-ਸੈਟਿੰਗ ਮਸ਼ੀਨ ਵਿਚ ਲੈਟਰਪ੍ਰੈੱਸ ਪ੍ਰਿੰਟਿੰਗ ਦੀ ਟ੍ਰੇਨਿੰਗ ਦਿੱਤੀ ਗਈ। ਫਿਰ ਅਸੀਂ ਕਾਰਗੋ ਸਮੁੰਦਰੀ ਜਹਾਜ਼ ਵਿਚ ਸਵਾਰ ਹੋ ਗਏ ਜੋ ਕੇਪ ਟਾਊਨ, ਦੱਖਣੀ ਅਫ਼ਰੀਕਾ ਜਾ ਰਿਹਾ ਸੀ। ਉਦੋਂ ਮੈਂ ਅਜੇ 20 ਸਾਲਾਂ ਦਾ ਹੋਇਆ ਹੀ ਸੀ। ਫਿਰ ਸ਼ਾਮ ਨੂੰ ਅਸੀਂ ਕੇਪ ਟਾਊਨ ਤੋਂ ਜੋਹਾਨਸਬਰਗ ਲਈ ਟ੍ਰੇਨ ਫੜੀ। ਟ੍ਰੇਨ ਸਵੇਰੇ-ਸਵੇਰੇ ਇਕ ਛੋਟੇ ਜਿਹੇ ਸ਼ਹਿਰ ਕਾਰੂ ਵਿਚ ਰੁਕੀ ਜੋ ਉਜਾੜ ਵਰਗਾ ਸੀ। ਇੱਥੇ ਮਿੱਟੀ-ਘੱਟਾ ਅਤੇ ਗਰਮੀ ਸੀ। ਅਸੀਂ ਚਾਰਾਂ ਨੇ ਖਿੜਕੀ ਵਿੱਚੋਂ ਦੀ ਦੇਖਿਆ ਤੇ ਹੈਰਾਨ ਰਹਿ ਗਏ, ‘ਇਹ ਅਸੀਂ ਕਿੱਥੇ ਆ ਗਏ! ਕੀ ਅਸੀਂ ਇੱਥੇ ਸੇਵਾ ਕਰ ਪਾਵਾਂਗੇ?’ ਕੁਝ ਸਾਲਾਂ ਬਾਅਦ ਜਦੋਂ ਅਸੀਂ ਦੁਬਾਰਾ ਉਸ ਇਲਾਕੇ ਵਿਚ ਆਏ, ਤਾਂ ਸਾਨੂੰ ਅਹਿਸਾਸ ਹੋਇਆ ਕਿ ਇਹ ਛੋਟੇ-ਛੋਟੇ ਸ਼ਹਿਰ ਕਿੰਨੇ ਸੋਹਣੇ ਹਨ। ਲੋਕ ਇੱਥੇ ਅਮਨ-ਚੈਨ ਨਾਲ ਜੀ ਰਹੇ ਸਨ।

ਕੁਝ ਸਾਲਾਂ ਲਈ ਮੈਂ ਲਾਈਨੋਟਾਈਪ ਮਸ਼ੀਨ ʼਤੇ ਕੰਮ ਕਰਦਾ ਸੀ। ਇਹ ਕਮਾਲ ਦੀ ਮਸ਼ੀਨ ਸੀ ਜਿਸ ਵਿਚ ਮੈਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀ ਛਪਾਈ ਲਈ ਲਾਈਨਾਂ ਸੈੱਟ ਕਰਦਾ ਸੀ। ਬ੍ਰਾਂਚ ਬਹੁਤ ਸਾਰੀਆਂ ਅਫ਼ਰੀਕੀ ਭਾਸ਼ਾਵਾਂ ਵਿਚ ਦੱਖਣੀ ਅਫ਼ਰੀਕਾ ਲਈ ਹੀ ਨਹੀਂ, ਸਗੋਂ ਉੱਤਰੀ ਅਫ਼ਰੀਕਾ ਦੇ ਬਹੁਤ ਸਾਰੇ ਦੇਸ਼ਾਂ ਲਈ ਵੀ ਰਸਾਲੇ ਛਾਪਦੀ ਸੀ। ਸਾਨੂੰ ਬਹੁਤ ਖ਼ੁਸ਼ੀ ਹੋ ਰਹੀ ਸੀ ਕਿ ਅਸੀਂ ਜਿਸ ਨਵੀਂ ਰੋਟਰੀ ਪ੍ਰੈੱਸ ਲਈ ਸੱਤ ਸਮੁੰਦਰ ਪਾਰ ਕਰ ਕੇ ਆਏ ਸੀ, ਉਸ ਦਾ ਕਿੰਨਾ ਹੀ ਚੰਗਾ ਇਸਤੇਮਾਲ ਹੋ ਰਿਹਾ ਸੀ!

ਇਸ ਤੋਂ ਬਾਅਦ ਮੈਂ ਫੈਕਟਰੀ ਆਫ਼ਿਸ ਵਿਚ ਕੰਮ ਕਰਨ ਲੱਗਾ ਜਿੱਥੇ ਅਨੁਵਾਦ, ਪ੍ਰਿੰਟਿੰਗ ਅਤੇ ਸ਼ਿਪਿੰਗ ਨਾਲ ਜੁੜੇ ਕੰਮਾਂ ਦੀ ਦੇਖ-ਰੇਖ ਕੀਤੀ ਜਾਂਦੀ ਸੀ। ਮੈਂ ਬਹੁਤ ਬਿਜ਼ੀ ਰਹਿੰਦਾ ਸੀ, ਫਿਰ ਵੀ ਮੈਂ ਖ਼ੁਸ਼ ਸੀ।

ਵਿਆਹ ਅਤੇ ਨਵੀਂ ਜ਼ਿੰਮੇਵਾਰੀ

ਸੰਨ 1968 ਵਿਚ ਮੈਨੂੰ ਅਤੇ ਲੌਰਾ ਨੂੰ ਸਪੈਸ਼ਲ ਪਾਇਨੀਅਰ ਬਣਾਇਆ ਗਿਆ

1968 ਵਿਚ ਮੇਰਾ ਵਿਆਹ ਇਕ ਪਾਇਨੀਅਰ ਭੈਣ ਲੌਰਾ ਬੋਵਨ ਨਾਲ ਹੋਇਆ ਜੋ ਬੈਥਲ ਦੇ ਨੇੜੇ ਰਹਿੰਦੀ ਸੀ। ਉਹ ਅਨੁਵਾਦ ਵਿਭਾਗ ਲਈ ਟਾਈਪਿੰਗ ਵੀ ਕਰਦੀ ਸੀ। ਉਨ੍ਹਾਂ ਦਿਨਾਂ ਵਿਚ ਨਵੇਂ ਵਿਆਹੇ ਜੋੜਿਆਂ ਨੂੰ ਬੈਥਲ ਵਿਚ ਨਹੀਂ ਰਹਿਣ ਦਿੱਤਾ ਜਾਂਦਾ ਸੀ, ਇਸ ਲਈ ਸਾਨੂੰ ਸਪੈਸ਼ਲ ਪਾਇਨੀਅਰ ਬਣਾ ਦਿੱਤਾ ਗਿਆ। ਹੁਣ ਮੈਨੂੰ ਥੋੜ੍ਹੀ ਚਿੰਤਾ ਸੀ। ਮੈਂ ਦਸਾਂ ਸਾਲਾਂ ਤੋਂ ਬੈਥਲ ਵਿਚ ਸੇਵਾ ਕਰ ਰਿਹਾ ਸੀ ਅਤੇ ਮੈਨੂੰ ਖਾਣ-ਪੀਣ ਤੇ ਰਹਿਣ ਦੀ ਕੋਈ ਚਿੰਤਾ ਨਹੀਂ ਸੀ, ਪਰ ਹੁਣ ਮੈਂ ਸੋਚਣ ਲੱਗਾ ਕਿ ਸਪੈਸ਼ਲ ਪਾਇਨੀਅਰ ਨੂੰ ਜੋ ਪੈਸੇ ਮਿਲਦੇ ਹਨ, ਉਸ ਨਾਲ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ। ਸਾਨੂੰ ਹਰ ਮਹੀਨੇ 25 ਰੈਂਡ (ਉਦੋਂ ਦੇ 35 ਅਮਰੀਕੀ ਡਾਲਰ) ਮਿਲਣੇ ਸਨ। ਇਹ ਪੈਸੇ ਉਨ੍ਹਾਂ ਨੂੰ ਤਾਂ ਹੀ ਮਿਲਦੇ ਸਨ ਜੇਕਰ ਉਹ ਆਪਣੇ ਘੰਟੇ ਪੂਰੇ ਕਰਦੇ, ਬਹੁਤ ਸਾਰੀਆਂ ਰਿਟਰਨ ਵਿਜ਼ਿਟਾਂ ਕਰਦੇ ਅਤੇ ਕਿਤਾਬਾਂ-ਰਸਾਲੇ ਦਿੰਦੇ। ਇਨ੍ਹਾਂ ਪੈਸਿਆਂ ਵਿਚ ਹੀ ਉਨ੍ਹਾਂ ਨੇ ਆਪਣੇ ਖਾਣ-ਪੀਣ, ਰਹਿਣ, ਆਉਣ-ਜਾਣ, ਇਲਾਜ ਦੇ ਖ਼ਰਚੇ ਅਤੇ ਦੂਸਰੇ ਖ਼ਰਚੇ ਪੂਰੇ ਕਰਨੇ ਸੀ।

ਸਾਨੂੰ ਹਿੰਦ ਮਹਾਂਸਾਗਰ ਦੇ ਕਿਨਾਰੇ ʼਤੇ ਸਥਿਤ ਸ਼ਹਿਰ ਡਰਬਨ ਦੇ ਨੇੜੇ ਪਾਇਨੀਅਰਿੰਗ ਕਰਨ ਲਈ ਭੇਜਿਆ ਗਿਆ ਸੀ। ਉੱਥੇ ਵੱਡੀ ਗਿਣਤੀ ਵਿਚ ਭਾਰਤ ਦੇ ਲੋਕ ਰਹਿੰਦੇ ਸਨ। ਉਨ੍ਹਾਂ ਦੇ ਦਾਦੇ-ਪੜਦਾਦੇ 1875 ਵਿਚ ਖੰਡ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਨ ਲਈ ਭਾਰਤ ਤੋਂ ਦੱਖਣੀ ਅਫ਼ਰੀਕਾ ਆਏ ਸਨ। ਪਰ ਉਹ ਆਪਣੇ ਦਾਦੇ-ਪੜਦਾਦਿਆਂ ਤੋਂ ਵੱਖਰਾ ਕੰਮ ਕਰਦੇ ਸਨ। ਹਾਲਾਂਕਿ ਉਹ ਉੱਥੇ ਕਾਫ਼ੀ ਸਮੇਂ ਤੋਂ ਰਹਿ ਰਹੇ ਸਨ, ਪਰ ਉਨ੍ਹਾਂ ਨੂੰ ਆਪਣੇ ਸਭਿਆਚਾਰ ਨਾਲ ਲਗਾਅ ਸੀ ਅਤੇ ਉਨ੍ਹਾਂ ਦਾ ਖਾਣਾ-ਪੀਣਾ ਵੀ ਭਾਰਤੀ ਸੀ। ਉਹ ਬਹੁਤ ਸੁਆਦ ਖਾਣਾ ਬਣਾਉਂਦੇ ਸੀ। ਸਭ ਤੋਂ ਚੰਗੀ ਗੱਲ ਸੀ ਕਿ ਉਨ੍ਹਾਂ ਨੂੰ ਅੰਗ੍ਰੇਜ਼ੀ ਆਉਂਦੀ ਸੀ। ਇਸ ਲਈ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਸਾਨੂੰ ਕੋਈ ਨਵੀਂ ਭਾਸ਼ਾ ਸਿੱਖਣ ਦੀ ਲੋੜ ਨਹੀਂ ਸੀ।

ਸਪੈਸ਼ਲ ਪਾਇਨੀਅਰਾਂ ਨੂੰ ਹਰ ਮਹੀਨੇ 150 ਘੰਟੇ ਕਰਨੇ ਪੈਂਦੇ ਸੀ। ਮੈਂ ਤੇ ਲੌਰਾ ਨੇ ਸੋਚਿਆ ਕਿ ਅਸੀਂ ਪਹਿਲੇ ਦਿਨ ਛੇ ਘੰਟੇ ਪ੍ਰਚਾਰ ਕਰਾਂਗੇ। ਉੱਥੇ ਬਹੁਤ ਗਰਮੀ ਤੇ ਹੁੰਮ ਸੀ ਤੇ ਸਾਡੇ ਕੋਲ ਨਾ ਕੋਈ ਰਿਟਰਨ ਵਿਜ਼ਿਟ ਅਤੇ ਨਾ ਹੀ ਕੋਈ ਸਟੱਡੀ ਸੀ। ਇਸ ਲਈ ਅਸੀਂ ਛੇ ਘੰਟੇ ਘਰ-ਘਰ ਪ੍ਰਚਾਰ ਕਰਨਾ ਸੀ। ਕੁਝ ਸਮੇਂ ਬਾਅਦ ਮੈਂ ਆਪਣੀ ਘੜੀ ਦੇਖੀ, ਤਾਂ ਸਿਰਫ਼ 40 ਮਿੰਟ ਹੀ ਹੋਏ ਸਨ। ਮੈਂ ਸੋਚਣ ਲੱਗਾ ਕਿ ਅਸੀਂ ਪਾਇਨੀਅਰਿੰਗ ਕਿੱਦਾਂ ਕਰਾਂਗੇ?

ਜਲਦੀ ਹੀ ਅਸੀਂ ਚੰਗਾ ਸ਼ਡਿਉਲ ਬਣਾ ਲਿਆ ਤੇ ਅਸੀਂ ਪੂਰੀ ਤਿਆਰੀ ਨਾਲ ਘਰੋਂ ਜਾਂਦੇ ਸੀ। ਅਸੀਂ ਖਾਣ ਲਈ ਸੈਂਡਵਿਚ ਲੈ ਜਾਂਦੇ ਸੀ ਅਤੇ ਥਰਮਸ ਵਿਚ ਸੂਪ ਜਾਂ ਕਾਫ਼ੀ ਭਰ ਲੈਂਦੇ ਸੀ। ਅਸੀਂ ਵਿਚ-ਵਿਚ ਆਪਣੀ ਛੋਟੀ ਜਿਹੀ ਗੱਡੀ ਕਿਸੇ ਦਰਖ਼ਤ ਹੇਠ ਰੋਕ ਕੇ ਕੁਝ ਖਾ-ਪੀ ਲੈਂਦੇ ਸੀ। ਕਦੇ-ਕਦੇ ਕੁਝ ਪਿਆਰੇ ਭਾਰਤੀ ਬੱਚੇ ਸਾਨੂੰ ਘੇਰ ਲੈਂਦੇ ਸੀ ਤੇ ਸਾਨੂੰ ਘੂਰਦੇ ਰਹਿੰਦੇ ਸੀ ਕਿਉਂਕਿ ਅਸੀਂ ਬਹੁਤ ਅਲੱਗ ਨਜ਼ਰ ਆਉਂਦੇ ਸੀ। ਕੁਝ ਦਿਨਾਂ ਬਾਅਦ ਸਾਨੂੰ ਇੱਦਾਂ ਲੱਗਣ ਲੱਗਾ ਕਿ ਦੋ-ਤਿੰਨਾਂ ਘੰਟਿਆਂ ਬਾਅਦ ਬਾਕੀ ਦਾ ਦਿਨ ਕਿੱਦਾਂ ਲੰਘ ਜਾਂਦਾ ਸੀ, ਸਾਨੂੰ ਪਤਾ ਹੀ ਨਹੀਂ ਲੱਗਦਾ ਸੀ।

ਅਸੀਂ ਜਿਨ੍ਹਾਂ ਭਾਰਤੀ ਲੋਕਾਂ ਨੂੰ ਪ੍ਰਚਾਰ ਕਰਦੇ ਸੀ, ਉਹ ਸਾਡੀ ਪਰਾਹੁਣਚਾਰੀ ਕਰਦੇ ਸੀ, ਸਾਡੇ ਨਾਲ ਬੜੇ ਆਦਰ ਨਾਲ ਪੇਸ਼ ਆਉਂਦੇ ਸੀ ਅਤੇ ਰੱਬ ਦਾ ਡਰ ਮੰਨਦੇ ਸੀ। ਜ਼ਿਆਦਾਤਰ ਲੋਕ ਹਿੰਦੂ ਸਨ, ਪਰ ਉਨ੍ਹਾਂ ਨੂੰ ਯਹੋਵਾਹ, ਯਿਸੂ, ਬਾਈਬਲ, ਨਵੀਂ ਦੁਨੀਆਂ ਅਤੇ ਮਰੇ ਹੋਏ ਲੋਕਾਂ ਦੇ ਦੁਬਾਰਾ ਜੀਉਂਦਾ ਹੋਣ ਬਾਰੇ ਜਾਣਨਾ ਚੰਗਾ ਲੱਗਦਾ ਸੀ। ਇਨ੍ਹਾਂ ਲੋਕਾਂ ਨੂੰ ਸੱਚਾਈ ਦੱਸਣ ਵਿਚ ਸਾਨੂੰ ਬਹੁਤ ਖ਼ੁਸ਼ੀ ਮਿਲਦੀ ਸੀ! ਇਕ ਸਾਲ ਬਾਅਦ ਸਾਡੇ ਕੋਲ 20 ਸਟੱਡੀਆਂ ਹੋ ਗਈਆਂ। ਅਸੀਂ ਹਰ ਰੋਜ਼ ਆਪਣੀ ਇਕ ਬਾਈਬਲ ਸਟੱਡੀ ਦੇ ਘਰ ਇਕ ਡੰਗ ਦਾ ਖਾਣਾ ਖਾਂਦੇ ਸੀ। ਅਸੀਂ ਪਾਇਨੀਅਰਿੰਗ ਕਰ ਕੇ ਬਹੁਤ ਖ਼ੁਸ਼ ਸੀ।

ਪਰ ਕੁਝ ਸਮੇਂ ਬਾਅਦ ਮੈਨੂੰ ਸਰਕਟ ਓਵਰਸੀਅਰ ਬਣਾਇਆ ਗਿਆ ਤੇ ਮੈਂ ਹਿੰਦ ਮਹਾਂਸਾਗਰ ਦੇ ਤਟ ʼਤੇ ਬਣੀਆਂ ਮੰਡਲੀਆਂ ਦਾ ਦੌਰਾ ਕਰਨਾ ਸੀ। ਹਰ ਹਫ਼ਤੇ ਅਸੀਂ ਇਕ ਪਰਿਵਾਰ ਦੇ ਨਾਲ ਰਹਿੰਦੇ ਸੀ ਅਤੇ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਸੀ। ਅਸੀਂ ਜਿਨ੍ਹਾਂ ਦੇ ਘਰ ਵੀ ਰਹਿੰਦੇ ਸੀ, ਉਹ ਸਾਨੂੰ ਆਪਣਾ ਹੀ ਪਰਿਵਾਰ ਮੰਨਦੇ ਸੀ ਅਤੇ ਸਾਨੂੰ ਉਨ੍ਹਾਂ ਦੇ ਬੱਚਿਆਂ ਨਾਲ ਸਮਾਂ ਬਿਤਾਉਣਾ ਅਤੇ ਉਨ੍ਹਾਂ ਦੇ ਪਾਲਤੂ ਜਾਨਵਰਾਂ ਨਾਲ ਖੇਡਣਾ ਬਹੁਤ ਚੰਗਾ ਲੱਗਦਾ ਸੀ। ਇਹ ਸੇਵਾ ਕਰਦਿਆਂ ਅਸੀਂ ਬਹੁਤ ਖ਼ੁਸ਼ ਸੀ ਅਤੇ ਦੇਖਦਿਆਂ ਹੀ ਦੇਖਦਿਆਂ ਦੋ ਸਾਲ ਲੰਘ ਗਏ! ਫਿਰ ਇਕ ਦਿਨ ਸਾਨੂੰ ਬੈਥਲ ਤੋਂ ਫ਼ੋਨ ਆਇਆ। ਇਕ ਭਰਾ ਨੇ ਕਿਹਾ: “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਬੈਥਲ ਵਾਪਸ ਆ ਜਾਓ।” ਮੈਂ ਕਿਹਾ: “ਸੱਚ ਦੱਸਾਂ ਤਾਂ ਅਸੀਂ ਇੱਥੇ ਬਹੁਤ ਖ਼ੁਸ਼ ਹਾਂ।” ਭਾਵੇਂ ਮੈਂ ਇੱਦਾਂ ਕਿਹਾ ਸੀ, ਪਰ ਫਿਰ ਵੀ ਅਸੀਂ ਬੈਥਲ ਚਲੇ ਗਏ।

ਵਾਪਸ ਬੈਥਲ ਆ ਗਿਆ

ਬੈਥਲ ਵਿਚ ਮੈਂ ਸੇਵਾ ਵਿਭਾਗ ਵਿਚ ਕੰਮ ਕਰਦਾ ਸੀ ਜਿੱਥੇ ਮੈਨੂੰ ਬਹੁਤ ਸਾਰੇ ਤਜਰਬੇਕਾਰ ਭਰਾਵਾਂ ਨਾਲ ਕੰਮ ਕਰਨ ਦਾ ਸਨਮਾਨ ਮਿਲਿਆ। ਉਨ੍ਹਾਂ ਦਿਨਾਂ ਵਿਚ ਸਰਕਟ ਓਵਰਸੀਅਰ ਮੰਡਲੀ ਦੇ ਦੌਰੇ ਤੋਂ ਬਾਅਦ ਮੰਡਲੀ ਦੀ ਰਿਪੋਰਟ ਸ਼ਾਖ਼ਾ ਦਫ਼ਤਰ ਨੂੰ ਭੇਜਦਾ ਸੀ। ਫਿਰ ਸ਼ਾਖ਼ਾ ਦਫ਼ਤਰ ਮੰਡਲੀ ਨੂੰ ਚਿੱਠੀ ਭੇਜਦਾ ਸੀ। ਇਹ ਚਿੱਠੀਆਂ ਮੰਡਲੀਆਂ ਦਾ ਹੌਸਲਾ ਵਧਾਉਣ ਜਾਂ ਉਨ੍ਹਾਂ ਨੂੰ ਜ਼ਰੂਰੀ ਹਿਦਾਇਤਾਂ ਦੇਣ ਲਈ ਭੇਜੀਆਂ ਜਾਂਦੀਆਂ ਸਨ। ਇਸ ਦੇ ਲਈ ਸੇਵਾ ਵਿਭਾਗ ਦੇ ਭਰਾਵਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ ਕਿਉਂਕਿ ਉਨ੍ਹਾਂ ਨੂੰ ਸਰਕਟ ਓਵਰਸੀਅਰ ਦੀ ਚਿੱਠੀ ਖੋਸਾ, ਜ਼ੂਲੂ ਅਤੇ ਹੋਰ ਭਾਸ਼ਾਵਾਂ ਤੋਂ ਅੰਗ੍ਰੇਜ਼ੀ ਅਤੇ ਅੰਗ੍ਰੇਜ਼ੀ ਤੋਂ ਅਫ਼ਰੀਕੀ ਭਾਸ਼ਾਵਾਂ ਵਿਚ ਅਨੁਵਾਦ ਕਰਨੀ ਪੈਂਦੀ ਸੀ। ਇਨ੍ਹਾਂ ਅਨੁਵਾਦਕ ਭਰਾਵਾਂ ਤੋਂ ਮੈਂ ਇਹ ਵੀ ਸਿੱਖਿਆ ਕਿ ਅਫ਼ਰੀਕਾ ਦੇ ਕਾਲੇ ਭੈਣਾਂ-ਭਰਾਵਾਂ ਨੂੰ ਕਿੰਨੀਆਂ ਮੁਸ਼ਕਲਾਂ ਆ ਰਹੀਆਂ ਸਨ।

ਉਸ ਸਮੇਂ ਦੱਖਣੀ ਅਫ਼ਰੀਕਾ ਦੀ ਸਰਕਾਰ ਕਾਲੇ-ਗੋਰੇ ਦਾ ਭੇਦ-ਭਾਵ ਕਰਨ ਦੀ ਹੱਲਾਸ਼ੇਰੀ ਦਿੰਦੀ ਸੀ। ਵੱਖੋ-ਵੱਖਰੀਆਂ ਨਸਲਾਂ ਦੇ ਲੋਕ ਆਪੋ-ਆਪਣੇ ਇਲਾਕਿਆਂ ਵਿਚ ਰਹਿੰਦੇ ਸਨ ਅਤੇ ਦੂਜੇ ਰੰਗ ਦੇ ਲੋਕਾਂ ਨਾਲ ਮੇਲ-ਜੋਲ ਨਹੀਂ ਸੀ ਰੱਖਦੇ। ਇਸ ਕਰਕੇ ਸਾਡੇ ਅਫ਼ਰੀਕੀ ਭੈਣ-ਭਰਾ ਆਪਣੀ ਭਾਸ਼ਾ ਬੋਲਦੇ ਸਨ, ਆਪਣੀ ਭਾਸ਼ਾ ਦੇ ਲੋਕਾਂ ਨੂੰ ਪ੍ਰਚਾਰ ਕਰਦੇ ਸੀ ਅਤੇ ਆਪੋ-ਆਪਣੀ ਭਾਸ਼ਾ ਦੀ ਮੰਡਲੀ ਵਿਚ ਜਾਂਦੇ ਸਨ।

ਮੈਨੂੰ ਕਾਲੇ ਭੈਣਾਂ-ਭਰਾਵਾਂ ਨੂੰ ਜਾਣਨ ਦਾ ਇੰਨਾ ਮੌਕਾ ਨਹੀਂ ਮਿਲਿਆ ਕਿਉਂਕਿ ਮੈਂ ਸ਼ੁਰੂ ਤੋਂ ਹੀ ਅੰਗ੍ਰੇਜ਼ੀ ਭਾਸ਼ਾ ਦੀ ਮੰਡਲੀ ਵਿਚ ਸੇਵਾ ਕਰਦਾ ਸੀ। ਪਰ ਮੈਨੂੰ ਹੁਣ ਉਨ੍ਹਾਂ ਦੇ ਸਭਿਆਚਾਰ ਅਤੇ ਰੀਤੀ-ਰਿਵਾਜਾਂ ਬਾਰੇ ਜਾਣਨ ਦਾ ਮੌਕਾ ਮਿਲਿਆ। ਮੈਂ ਦੇਖਿਆ ਕਿ ਪਿੰਡਾਂ ਵਿਚ ਰਹਿਣ ਵਾਲੇ ਲੋਕ ਬਹੁਤ ਗ਼ਰੀਬ ਸਨ। ਉਹ ਜ਼ਿਆਦਾ ਪੜ੍ਹੇ-ਲਿਖੇ ਨਹੀਂ ਸਨ, ਫਿਰ ਵੀ ਉਹ ਬਾਈਬਲ ਦਾ ਆਦਰ ਕਰਦੇ ਸਨ। ਨਾਲੇ ਮੈਨੂੰ ਇਹ ਵੀ ਪਤਾ ਲੱਗਾ ਕਿ ਸਾਡੇ ਕਾਲੇ ਭੈਣਾਂ-ਭਰਾਵਾਂ ਨੂੰ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਸਨ। ਉਨ੍ਹਾਂ ʼਤੇ ਜਾਦੂ-ਟੂਣਾ ਕਰਨ ਅਤੇ ਝੂਠੇ ਰੀਤੀ-ਰਿਵਾਜਾਂ ਨੂੰ ਮੰਨਣ ਦਾ ਦਬਾਅ ਪਾਇਆ ਜਾਂਦਾ ਸੀ। ਜਦੋਂ ਉਹ ਇਨ੍ਹਾਂ ਨੂੰ ਮੰਨਣ ਤੋਂ ਇਨਕਾਰ ਕਰਦੇ ਸਨ, ਤਾਂ ਉਨ੍ਹਾਂ ਦਾ ਪਰਿਵਾਰ ਅਤੇ ਪੂਰਾ ਪਿੰਡ ਉਨ੍ਹਾਂ ਦਾ ਬਹੁਤ ਵਿਰੋਧ ਕਰਦਾ ਸੀ। ਫਿਰ ਵੀ ਉਹ ਹਿੰਮਤ ਨਹੀਂ ਹਾਰਦੇ ਸਨ।

ਉਨ੍ਹਾਂ ਦਿਨਾਂ ਵਿਚ ਭਗਤੀ ਕਰਨ ਦੀ ਆਜ਼ਾਦੀ ਅਤੇ ਨਿਰਪੱਖਤਾ ਦੇ ਮਾਮਲੇ ਵਿਚ ਕਈ ਮੁਕੱਦਮੇ ਦਰਜ ਕਰਾਏ ਗਏ ਜਿਨ੍ਹਾਂ ਨੂੰ ਲੜਨ ਵਿਚ ਮਦਦ ਕਰਨ ਦਾ ਮੈਨੂੰ ਸਨਮਾਨ ਮਿਲਿਆ। ਦਰਅਸਲ ਗਵਾਹਾਂ ਦੇ ਕਈ ਬੱਚਿਆਂ ਨੂੰ ਸਕੂਲ ਵਿੱਚੋਂ ਕੱਢਿਆ ਜਾ ਰਿਹਾ ਸੀ ਕਿਉਂਕਿ ਉਹ ਬਾਕੀ ਬੱਚਿਆਂ ਵਾਂਗ ਪ੍ਰਾਰਥਨਾਵਾਂ ਨਹੀਂ ਕਰਦੇ ਸੀ ਅਤੇ ਭਜਨ ਨਹੀਂ ਸੀ ਗਾਉਂਦੇ। ਉਨ੍ਹਾਂ ਬੱਚਿਆਂ ਦੀ ਦਲੇਰੀ ਅਤੇ ਵਫ਼ਾਦਾਰੀ ਦੇਖ ਕੇ ਮੇਰੀ ਨਿਹਚਾ ਹੋਰ ਵੀ ਮਜ਼ਬੂਤ ਹੋਈ।

ਅਫ਼ਰੀਕਾ ਦੇ ਇਕ ਛੋਟੇ ਜਿਹੇ ਦੇਸ਼, ਜਿਸ ਨੂੰ ਸਵਾਜ਼ੀਲੈਂਡ ਕਿਹਾ ਜਾਂਦਾ ਸੀ, ਵਿਚ ਭਰਾਵਾਂ ਨੂੰ ਇਕ ਬਹੁਤ ਵੱਡੀ ਚੁਣੌਤੀ ਆਈ। ਉੱਥੇ ਰਾਜੇ ਸੋਬੂਜ਼ਾ ਦੂਜੇ ਦੀ ਮੌਤ ਹੋ ਗਈ ਸੀ ਅਤੇ ਸਾਰੇ ਨਾਗਰਿਕਾਂ ਨੂੰ ਕਿਹਾ ਗਿਆ ਸੀ ਕਿ ਉਹ ਰਾਜੇ ਦੀ ਮੌਤ ਦਾ ਸੋਗ ਮਨਾਉਣ। ਉੱਥੋਂ ਦੇ ਆਦਮੀਆਂ ਨੇ ਗੰਜ ਕਢਾਉਣੀ ਸੀ ਅਤੇ ਔਰਤਾਂ ਨੇ ਆਪਣੇ ਵਾਲ਼ ਛੋਟੇ ਕੱਟਣੇ ਸਨ। ਬਹੁਤ ਸਾਰੇ ਭੈਣਾਂ-ਭਰਾਵਾਂ ਨੇ ਇਸ ਰਿਵਾਜ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਪੂਰਵਜਾਂ ਦੀ ਭਗਤੀ ਨਾਲ ਜੁੜਿਆ ਹੋਇਆ ਸੀ। ਇਸ ਕਰਕੇ ਉਨ੍ਹਾਂ ਨੂੰ ਬਹੁਤ ਬੁਰੀ ਤਰ੍ਹਾਂ ਸਤਾਇਆ ਗਿਆ। ਫਿਰ ਵੀ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ ਅਤੇ ਉਨ੍ਹਾਂ ਨੇ ਧੀਰਜ ਨਾਲ ਮੁਸ਼ਕਲ ਹਾਲਾਤ ਨੂੰ ਸਹਿਆ। ਇਹ ਸਭ ਦੇਖ ਕੇ ਸਾਡਾ ਹੌਸਲਾ ਬਹੁਤ ਵਧਿਆ!

ਵਾਪਸ ਛਪਾਈ ਵਿਭਾਗ ਵਿਚ

ਮੈਨੂੰ 1981 ਵਿਚ ਕੰਪਿਊਟਰ ਦੀ ਮਦਦ ਨਾਲ ਛਪਾਈ ਕਰਨ ਦੇ ਕੰਮ ਵਿਚ ਮਦਦ ਕਰਨ ਲਈ ਵਾਪਸ ਛਪਾਈ ਵਿਭਾਗ ਵਿਚ ਭੇਜ ਦਿੱਤਾ ਗਿਆ। ਇਹ ਬਹੁਤ ਹੀ ਰੋਮਾਂਚਕ ਸਮਾਂ ਸੀ ਕਿਉਂਕਿ ਛਪਾਈ ਦਾ ਤਰੀਕਾ ਬਦਲ ਰਿਹਾ ਸੀ। ਇਕ ਸੇਲਜ਼ਮੈਨ ਨੇ ਫ਼ੋਟੋਟਾਈਪਸੈਟਰ ਨਾਂ ਦੀ ਮਸ਼ੀਨ ਸਾਨੂੰ ਚਲਾ ਕੇ ਦੇਖਣ ਲਈ ਦਿੱਤੀ। ਇਸ ਲਈ ਸਾਨੂੰ ਕੋਈ ਪੈਸੇ ਨਹੀਂ ਦੇਣੇ ਪਏ। ਇਹ ਮਸ਼ੀਨ ਕੰਪਿਊਟਰ ਰਾਹੀਂ ਛਪਾਈ ਤੋਂ ਪਹਿਲਾਂ ਦੀ ਸਾਰੀ ਤਿਆਰੀ ਕਰਦੀ ਸੀ। ਇਸ ਕਰਕੇ ਸਾਡੇ ਕੋਲ ਜੋ ਨੌਂ ਲਾਈਨੋਟਾਈਪ ਮਸ਼ੀਨਾਂ ਸਨ, ਉਨ੍ਹਾਂ ਦੇ ਬਦਲੇ ਅਸੀਂ ਪੰਜ ਫ਼ੋਟੋਟਾਈਪਸੈਟਰ ਮਸ਼ੀਨਾਂ ਖ਼ਰੀਦ ਲਈਆਂ। ਇਸ ਦੇ ਨਾਲ-ਨਾਲ ਅਸੀਂ ਇਕ ਨਵੀਂ ਰੋਟਰੀ ਆਫਸੈੱਟ ਪ੍ਰਿੰਟਿੰਗ ਪ੍ਰੈੱਸ ਖ਼ਰੀਦ ਲਈ ਜਿਸ ਕਰਕੇ ਛਪਾਈ ਦਾ ਕੰਮ ਤੇਜ਼ੀ ਨਾਲ ਹੋਣ ਲੱਗਾ।

ਕੰਪਿਊਟਰ ਦੀ ਮਦਦ ਨਾਲ ਇਕ ਨਵਾਂ ਪ੍ਰੋਗ੍ਰਾਮ ਤਿਆਰ ਕੀਤਾ ਗਿਆ ਜਿਸ ਨੂੰ ਮਲਟੀਲੈਂਗੂਏਜ ਇਲੈਕਟ੍ਰਾਨਿਕ ਪਬਲਿਸ਼ਿੰਗ ਸਿਸਟਮ (MEPS) ਕਿਹਾ ਜਾਂਦਾ ਹੈ। ਇਸ ਦੀ ਮਦਦ ਨਾਲ ਜਾਣਕਾਰੀ ਨੂੰ ਕੰਪਿਊਟਰ ʼਤੇ ਤਰਤੀਬ ਮੁਤਾਬਕ ਪਾਇਆ ਜਾ ਸਕਦਾ ਸੀ ਤਾਂਕਿ ਉਸ ਨੂੰ ਛਾਪਿਆ ਜਾ ਸਕੇ। ਜਦੋਂ ਅਸੀਂ ਚਾਰ ਭਰਾ ਦੱਖਣੀ ਅਫ਼ਰੀਕਾ ਆਏ ਸੀ, ਉਦੋਂ ਦੇ ਮੁਕਾਬਲੇ ਤਕਨਾਲੋਜੀ ਬਹੁਤ ਅੱਗੇ ਨਿਕਲ ਚੁੱਕੀ ਸੀ। (ਯਸਾ. 60:17) ਉਦੋਂ ਤਕ ਸਾਡਾ ਚਾਰਾਂ ਭਰਾਵਾਂ ਦਾ ਵਿਆਹ ਹੋ ਚੁੱਕਾ ਸੀ। ਅਸੀਂ ਪਾਇਨੀਅਰ ਭੈਣਾਂ ਨਾਲ ਵਿਆਹ ਕਰਾਇਆ ਜੋ ਯਹੋਵਾਹ ਨੂੰ ਬਹੁਤ ਪਿਆਰ ਕਰਦੀਆਂ ਸਨ। ਮੈਂ ਅਤੇ ਬਿਲ ਬੈਥਲ ਵਿਚ ਸੇਵਾ ਕਰਦੇ ਰਹੇ। ਪਰ ਕੈੱਨ ਅਤੇ ਡੈਨਿਸ ਦੇ ਬੱਚੇ ਹੋ ਗਏ ਅਤੇ ਉਹ ਬੈਥਲ ਦੇ ਕੋਲ ਹੀ ਰਹਿਣ ਲੱਗ ਪਏ।

ਬ੍ਰਾਂਚ ਆਫ਼ਿਸਾਂ ਵਿਚ ਬਹੁਤ ਕੰਮ ਹੋ ਰਿਹਾ ਸੀ। ਸਾਡੇ ਪ੍ਰਕਾਸ਼ਨ ਕਈ ਭਾਸ਼ਾਵਾਂ ਵਿਚ ਅਨੁਵਾਦ ਕੀਤੇ ਜਾ ਰਹੇ ਸਨ, ਉਨ੍ਹਾਂ ਨੂੰ ਪ੍ਰਿੰਟ ਕੀਤਾ ਜਾ ਰਿਹਾ ਸੀ ਅਤੇ ਵੱਖੋ-ਵੱਖਰੇ ਬ੍ਰਾਂਚ ਆਫ਼ਿਸਾਂ ਵਿਚ ਭੇਜਿਆ ਜਾ ਰਿਹਾ ਸੀ। ਬਹੁਤ ਜਲਦ ਸਾਨੂੰ ਇਕ ਵੱਡੇ ਬੈਥਲ ਦੀ ਲੋੜ ਸੀ। ਜੋਹਾਨਸਬਰਗ ਦੇ ਪੱਛਮ ਵਿਚ ਭਰਾਵਾਂ ਨੇ ਇਕ ਸੋਹਣੀ ਜਗ੍ਹਾ ਦੇਖੀ ਅਤੇ ਉੱਥੇ ਇਕ ਨਵਾਂ ਬੈਥਲ ਬਣਾਇਆ ਗਿਆ। 1987 ਵਿਚ ਅਸੀਂ ਉਸ ਨੂੰ ਯਹੋਵਾਹ ਦੀ ਸੇਵਾ ਵਿਚ ਸਮਰਪਿਤ ਕਰ ਦਿੱਤਾ। ਮੈਨੂੰ ਬਹੁਤ ਖ਼ੁਸ਼ੀ ਹੋਈ ਕਿ ਮੈਂ ਇਸ ਵਾਧੇ ਵਿਚ ਹਿੱਸਾ ਪਾ ਰਿਹਾ ਹਾਂ ਅਤੇ ਮੈਨੂੰ ਕਈ ਸਾਲਾਂ ਤਕ ਬ੍ਰਾਂਚ ਕਮੇਟੀ ਵਿਚ ਸੇਵਾ ਕਰਨ ਦਾ ਵਧੀਆ ਮੌਕਾ ਵੀ ਮਿਲਿਆ।

ਨਵਾਂ ਦੇਸ਼, ਨਵਾਂ ਕੰਮ!

2001 ਵਿਚ ਅਮਰੀਕਾ ਦੇ ਬ੍ਰਾਂਚ ਆਫ਼ਿਸ ਵਿਚ ਨਵੀਂ ਬ੍ਰਾਂਚ ਕਮੇਟੀ ਬਣੀ ਸੀ। ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਮੈਨੂੰ ਇਸ ਕਮੇਟੀ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ। ਇਕ ਪਾਸੇ ਸਾਨੂੰ ਦੁੱਖ ਸੀ ਕਿ ਅਸੀਂ ਦੱਖਣੀ ਅਫ਼ਰੀਕਾ ਵਿਚ ਆਪਣੀ ਸੇਵਾ ਅਤੇ ਦੋਸਤਾਂ ਨੂੰ ਛੱਡ ਕੇ ਜਾ ਰਹੇ ਸੀ। ਦੂਜੇ ਪਾਸੇ, ਅਸੀਂ ਅਮਰੀਕਾ ਦੇ ਬੈਥਲ ਪਰਿਵਾਰ ਦੇ ਮੈਂਬਰ ਬਣਨ ਲਈ ਵੀ ਬਹੁਤ ਉਤਾਵਲੇ ਸੀ।

ਪਰ ਸਾਨੂੰ ਲੌਰਾ ਦੀ ਮੰਮੀ ਦੀ ਚਿੰਤਾ ਹੋ ਰਹੀ ਸੀ ਕਿਉਂਕਿ ਉਹ ਸਿਆਣੇ ਹੋ ਗਏ ਸਨ ਅਤੇ ਨਿਊਯਾਰਕ ਤੋਂ ਅਸੀਂ ਉਨ੍ਹਾਂ ਦੀ ਜ਼ਿਆਦਾ ਮਦਦ ਨਹੀਂ ਕਰ ਸਕਦੇ ਸੀ। ਫਿਰ ਲੌਰਾ ਦੀਆਂ ਤਿੰਨ ਭੈਣਾਂ ਨੇ ਕਿਹਾ ਕਿ ਉਹ ਉਨ੍ਹਾਂ ਦੀ ਦੇਖ-ਭਾਲ ਕਰਨਗੀਆਂ। ਉਨ੍ਹਾਂ ਦਾ ਕਹਿਣਾ ਸੀ: “ਅਸੀਂ ਤਾਂ ਪੂਰੇ ਸਮੇਂ ਦੀ ਸੇਵਾ ਕਰ ਨਹੀਂ ਸਕਦੀਆਂ, ਪਰ ਅਸੀਂ ਚਾਹੁੰਦੀਆਂ ਕਿ ਤੁਸੀਂ ਆਪਣੀ ਸੇਵਾ ਜਾਰੀ ਰੱਖੋ। ਇਸ ਲਈ ਮੰਮੀ ਦੀ ਚਿੰਤਾ ਨਾ ਕਰੋ। ਅਸੀਂ ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਾਂਗੇ।” ਮੈਂ ਅਤੇ ਲੌਰਾ ਉਨ੍ਹਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ।

ਲੌਰਾ ਦੀਆਂ ਭੈਣਾਂ ਵਾਂਗ ਟੋਰੌਂਟੋ, ਕੈਨੇਡਾ ਵਿਚ ਮੇਰੇ ਭਾਜੀ-ਭਾਬੀ ਵੀ ਮੇਰੀ ਵਿਧਵਾ ਮੰਮੀ ਦੀ ਦੇਖ-ਭਾਲ ਕਰ ਰਹੇ ਸਨ। ਉਨ੍ਹਾਂ ਨੇ 20 ਸਾਲ ਤਕ ਮੰਮੀ ਦੀ ਦੇਖ-ਭਾਲ ਕੀਤੀ। ਪਰ ਸਾਡੇ ਨਿਊਯਾਰਕ ਆਉਣ ਤੋਂ ਕੁਝ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਮੈਂ ਆਪਣੇ ਭਾਜੀ-ਭਾਬੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੰਮੀ ਨੂੰ ਬਹੁਤ ਪਿਆਰ ਦਿੱਤਾ ਅਤੇ ਉਨ੍ਹਾਂ ਦਾ ਚੰਗੀ ਤਰ੍ਹਾਂ ਖ਼ਿਆਲ ਰੱਖਿਆ। ਮੈਂ ਬਹੁਤ ਖ਼ੁਸ਼ ਹਾਂ ਕਿ ਸਾਨੂੰ ਅਜਿਹੇ ਪਰਿਵਾਰ ਮਿਲੇ ਜੋ ਸਾਡੇ ਸਿਆਣੇ ਮਾਪਿਆਂ ਦੀ ਦੇਖ-ਭਾਲ ਕਰਨ ਲਈ ਤਿਆਰ ਸਨ। ਭਾਵੇਂ ਕਿ ਉਨ੍ਹਾਂ ਲਈ ਇਹ ਸੌਖਾ ਨਹੀਂ ਸੀ, ਫਿਰ ਵੀ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਇੱਦਾਂ ਕੀਤਾ ਤਾਂਕਿ ਅਸੀਂ ਪੂਰੇ ਸਮੇਂ ਦੀ ਸੇਵਾ ਕਰਦੇ ਰਹੀਏ।

ਅਮਰੀਕਾ ਵਿਚ ਕੁਝ ਸਾਲਾਂ ਤਕ ਮੈਂ ਪ੍ਰਕਾਸ਼ਨਾਂ ਦੀ ਛਪਾਈ ਦੀ ਦੇਖ-ਰੇਖ ਕੀਤੀ। ਉਨ੍ਹਾਂ ਸਾਲਾਂ ਦੌਰਾਨ ਛਪਾਈ ਲਈ ਨਵੀਂ-ਨਵੀਂ ਤਕਨਾਲੋਜੀ ਵਰਤੀ ਗਈ ਜਿਸ ਕਰਕੇ ਛਪਾਈ ਦਾ ਕੰਮ ਹੋਰ ਵੀ ਸੌਖਾ ਹੋ ਗਿਆ। ਕੁਝ ਸਮੇਂ ਤੋਂ ਮੈਂ ਖ਼ਰੀਦਦਾਰੀ ਵਿਭਾਗ (Purchasing Department) ਵਿਚ ਕੰਮ ਕਰ ਰਿਹਾ ਹਾਂ। ਮੈਨੂੰ ਅਮਰੀਕਾ ਦੇ ਬੈਥਲ ਵਿਚ ਸੇਵਾ ਕਰਦਿਆਂ 20 ਸਾਲ ਹੋ ਗਏ ਹਨ। ਇਹ ਬੈਥਲ ਬਹੁਤ ਵੱਡਾ ਹੈ। ਇੱਥੇ ਲਗਭਗ 5,000 ਭੈਣ-ਭਰਾ ਸੇਵਾ ਕਰ ਰਹੇ ਹਨ ਅਤੇ 2,000 ਭੈਣ-ਭਰਾ ਇੱਥੇ ਕੰਮ ਕਰਨ ਲਈ ਆਪਣੇ ਘਰੋਂ ਆਉਂਦੇ ਹਨ।

60 ਸਾਲ ਪਹਿਲਾਂ ਮੈਂ ਸੋਚ ਵੀ ਨਹੀਂ ਸੀ ਸਕਦਾ ਕਿ ਯਹੋਵਾਹ ਦੀ ਸੇਵਾ ਵਿਚ ਮੇਰੀ ਜ਼ਿੰਦਗੀ ਇੰਨੀ ਰੋਮਾਂਚਕ ਹੋਵੇਗੀ। ਇਨ੍ਹਾਂ ਸਾਲਾਂ ਦੌਰਾਨ ਲੌਰਾ ਨੇ ਮੇਰਾ ਬਹੁਤ ਸਾਥ ਦਿੱਤਾ। ਅਸੀਂ ਵੱਖੋ-ਵੱਖਰੇ ਤਰੀਕਿਆਂ ਨਾਲ ਯਹੋਵਾਹ ਦੀ ਸੇਵਾ ਕੀਤੀ, ਕਈ ਭੈਣਾਂ-ਭਰਾਵਾਂ ਨਾਲ ਕੰਮ ਕੀਤਾ ਅਤੇ ਸਾਨੂੰ ਅਲੱਗ-ਅਲੱਗ ਬ੍ਰਾਂਚ ਆਫ਼ਿਸਾਂ ਵਿਚ ਵੀ ਭੇਜਿਆ ਗਿਆ। ਇਹ ਸਾਰੇ ਕੰਮ ਕਰ ਕੇ ਸਾਨੂੰ ਬਹੁਤ ਖ਼ੁਸ਼ੀ ਮਿਲੀ। ਅੱਜ ਮੇਰੀ ਉਮਰ 80 ਤੋਂ ਜ਼ਿਆਦਾ ਹੋ ਗਈ ਹੈ, ਇਸ ਲਈ ਹੁਣ ਮੈਨੂੰ ਜ਼ਿਆਦਾ ਕੰਮ ਨਹੀਂ ਦਿੱਤਾ ਜਾਂਦਾ। ਜ਼ਿਆਦਾਤਰ ਕੰਮ ਨੌਜਵਾਨ ਭਰਾ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਇਸ ਦੀ ਸਿਖਲਾਈ ਮਿਲੀ ਹੈ।

ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਖ਼ੁਸ਼ ਹੈ ਉਹ ਕੌਮ ਜਿਸ ਦਾ ਪਰਮੇਸ਼ੁਰ ਯਹੋਵਾਹ ਹੈ।” (ਜ਼ਬੂ. 33:12) ਇਹ ਗੱਲ ਕਿੰਨੀ ਸੱਚ ਹੈ! ਮੈਂ ਖ਼ੁਦ ਮਹਿਸੂਸ ਕੀਤਾ ਹੈ ਕਿ ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਉਸ ਦੀ ਸੇਵਾ ਕਰਨ ਨਾਲ ਸਾਨੂੰ ਸੱਚ-ਮੁੱਚ ਖ਼ੁਸ਼ੀ ਮਿਲਦੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ