ਜਦੋਂ ਹਮੇਸ਼ਾ ਲਈ ਨਫ਼ਰਤ ਦਾ ਨਾਮੋ-ਨਿਸ਼ਾਨ ਮਿਟ ਜਾਵੇਗਾ!
ਅਸੀਂ ਆਪਣੇ ਦਿਲ ਵਿੱਚੋਂ ਤਾਂ ਨਫ਼ਰਤ ਦੀ ਜੜ੍ਹ ਨੂੰ ਪੁੱਟ ਸਕਦੇ ਹਾਂ, ਪਰ ਅਸੀਂ ਦੂਜਿਆਂ ਦੇ ਰਵੱਈਏ ਤੇ ਕੰਮਾਂ ਨੂੰ ਨਹੀਂ ਬਦਲ ਸਕਦੇ। ਮਾਸੂਮ ਲੋਕ ਨਫ਼ਰਤ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਸੋ ਨਫ਼ਰਤ ਨੂੰ ਹਮੇਸ਼ਾ ਲਈ ਕਿੱਦਾਂ ਖ਼ਤਮ ਕੀਤਾ ਜਾ ਸਕਦਾ ਹੈ?
ਸਿਰਫ਼ ਯਹੋਵਾਹ ਪਰਮੇਸ਼ੁਰ ਹੀ ਨਫ਼ਰਤ ਦੇ ਇਸ ਚੱਕਰ ਨੂੰ ਪੂਰੀ ਤਰ੍ਹਾਂ ਤੋੜ ਸਕਦਾ ਹੈ। ਇਸ ਬਾਰੇ ਬਾਈਬਲ ਵਿਚ ਦੱਸਿਆ ਗਿਆ ਹੈ।—ਕਹਾਉਤਾਂ 20:22.
ਰੱਬ ਨਫ਼ਰਤ ਦੀਆਂ ਜੜ੍ਹਾਂ ਨੂੰ ਪੁੱਟ ਸੁੱਟੇਗਾ
1. ਸ਼ੈਤਾਨ। ਅੱਜ ਹਰ ਪਾਸੇ ਹੁੰਦੀ ਨਫ਼ਰਤ ਪਿੱਛੇ ਬਾਗ਼ੀ ਦੂਤ ਸ਼ੈਤਾਨ ਦਾ ਹੱਥ ਹੈ। ਸ਼ੈਤਾਨ ਦੇ ਨਾਲ-ਨਾਲ ਰੱਬ ਉਨ੍ਹਾਂ ਲੋਕਾਂ ਨੂੰ ਵੀ ਖ਼ਤਮ ਕਰੇਗਾ ਜੋ ਉਸ ਵਾਂਗ ਨਫ਼ਰਤ ਕਰਦੇ ਹਨ।—ਜ਼ਬੂਰ 37:38; ਰੋਮੀਆਂ 16:20.
2. ਸ਼ੈਤਾਨ ਦੀ ਨਫ਼ਰਤ ਭਰੀ ਦੁਨੀਆਂ। ਅੱਜ ਭ੍ਰਿਸ਼ਟ ਨੇਤਾ ਅਤੇ ਧਾਰਮਿਕ ਆਗੂ ਨਫ਼ਰਤ ਦੀ ਚੰਗਿਆੜੀ ਨੂੰ ਹਵਾ ਦਿੰਦੇ ਹਨ। ਨਾਲੇ ਲਾਲਚੀ ਤੇ ਭ੍ਰਿਸ਼ਟ ਵਪਾਰ-ਜਗਤ ਲੋਕਾਂ ਦਾ ਫ਼ਾਇਦਾ ਚੁੱਕਦਾ ਹੈ। ਰੱਬ ਇਨ੍ਹਾਂ ਨੂੰ ਵੀ ਖ਼ਤਮ ਕਰ ਦੇਵੇਗਾ।—2 ਪਤਰਸ 3:13.
3. ਇਨਸਾਨਾਂ ਦਾ ਪਾਪੀ ਸੁਭਾਅ। ਬਾਈਬਲ ਸਮਝਾਉਂਦੀ ਹੈ ਕਿ ਇਨਸਾਨ ਪਾਪੀ ਪੈਦਾ ਹੁੰਦੇ ਹਨ। ਇਸ ਕਰਕੇ ਸਾਡੀ ਸੋਚ ਤੇ ਕੰਮ ਅਕਸਰ ਗ਼ਲਤ ਹੁੰਦੇ ਹਨ। (ਰੋਮੀਆਂ 5:12) ਇਸੇ ਪਾਪ ਕਰਕੇ ਅਸੀਂ ਆਪਣੇ ਮਨ ਵਿਚ ਦੂਜਿਆਂ ਲਈ ਨਫ਼ਰਤ ਪਾਲਦੇ ਅਤੇ ਕੰਮਾਂ ਰਾਹੀਂ ਦਿਖਾਉਂਦੇ ਹਾਂ। ਪਾਪੀ ਸੁਭਾਅ ʼਤੇ ਜਿੱਤ ਹਾਸਲ ਕਰਨ ਵਿਚ ਰੱਬ ਸਾਡੀ ਮਦਦ ਕਰੇਗਾ ਤਾਂਕਿ ਨਫ਼ਰਤ ਹਮੇਸ਼ਾ-ਹਮੇਸ਼ਾ ਲਈ ਪੂਰੀ ਤਰ੍ਹਾਂ ਖ਼ਤਮ ਹੋ ਸਕੇ।—ਯਸਾਯਾਹ 54:13.
ਨਫ਼ਰਤ ਤੋਂ ਬਗੈਰ ਦੁਨੀਆਂ ਦਾ ਵਾਅਦਾ
1. ਕਿਸੇ ਨਾਲ ਅਨਿਆਂ ਨਹੀਂ ਹੋਵੇਗਾ। ਰੱਬ ਦਾ ਰਾਜ ਸਵਰਗ ਤੋਂ ਧਰਤੀ ʼਤੇ ਹਕੂਮਤ ਕਰੇਗਾ ਅਤੇ ਇਹ ਹਮੇਸ਼ਾ ਲਈ ਰਹੇਗਾ। (ਦਾਨੀਏਲ 2:44) ਇਸ ਰਾਜ ਅਧੀਨ ਕਿਸੇ ਨਾਲ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ ਤੇ ਹਰ ਕਿਸੇ ਨੂੰ ਨਿਆਂ ਮਿਲੇਗਾ।—ਲੂਕਾ 18:7.
2. ਹਰ ਪਾਸੇ ਸ਼ਾਂਤੀ ਹੋਵੇਗੀ। ਕਿਤੇ ਵੀ ਹਿੰਸਾ ਜਾਂ ਯੁੱਧ ਨਹੀਂ ਹੋਣਗੇ। (ਜ਼ਬੂਰ 46:9) ਧਰਤੀ ʼਤੇ ਸਿਰਫ਼ ਚੰਗੇ ਲੋਕ ਹੋਣਗੇ ਜਿਸ ਕਰਕੇ ਕਿਸੇ ਨੂੰ ਵੀ ਕੋਈ ਖ਼ਤਰਾ ਨਹੀਂ ਹੋਵੇਗਾ।—ਜ਼ਬੂਰ 72:7.
3. ਸਾਰੇ ਲੋਕ ਵਧੀਆ ਹਾਲਾਤਾਂ ਵਿਚ ਹਮੇਸ਼ਾ ਲਈ ਜੀਉਣਗੇ। ਧਰਤੀ ʼਤੇ ਸਾਰੇ ਲੋਕ ਇਕ-ਦੂਜੇ ਨਾਲ ਪਿਆਰ ਕਰਨਗੇ। (ਮੱਤੀ 22:39) ਕੋਈ ਵੀ ਨਿਰਾਸ਼ ਨਹੀਂ ਹੋਵੇਗਾ, ਇੱਥੋਂ ਤਕ ਕਿ ਉਹ ਪੁਰਾਣੀਆਂ ਗੱਲਾਂ ਬਾਰੇ ਸੋਚ ਕੇ ਵੀ ਦੁਖੀ ਨਹੀਂ ਹੋਵੇਗਾ। (ਯਸਾਯਾਹ 65:17) ਉਸ ਸਮੇਂ ਨਫ਼ਰਤ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ ਤੇ ਇਨਸਾਨ “ਸ਼ਾਂਤੀ ਹੋਣ ਕਰਕੇ ਅਪਾਰ ਖ਼ੁਸ਼ੀ ਪਾਉਣਗੇ।”—ਜ਼ਬੂਰ 37:11.
ਕੀ ਤੁਸੀਂ ਇਸ ਤਰ੍ਹਾਂ ਦੀ ਦੁਨੀਆਂ ਵਿਚ ਰਹਿਣਾ ਚਾਹੁੰਦੇ ਹੋ? ਅੱਜ ਵੀ ਬਹੁਤ ਸਾਰੇ ਲੋਕ ਬਾਈਬਲ ਦੇ ਅਸੂਲ ਲਾਗੂ ਕਰ ਕੇ ਆਪਣੇ ਦਿਲ ਵਿੱਚੋਂ ਨਫ਼ਰਤ ਕੱਢਣੀ ਸਿੱਖ ਰਹੇ ਹਨ। (ਜ਼ਬੂਰ 37:8) ਜੀ ਹਾਂ, ਦੁਨੀਆਂ ਭਰ ਵਿਚ ਲੱਖਾਂ ਹੀ ਯਹੋਵਾਹ ਦੇ ਗਵਾਹ ਇਸ ਤਰ੍ਹਾਂ ਕਰ ਰਹੇ ਹਨ। ਭਾਵੇਂ ਕਿ ਉਨ੍ਹਾਂ ਦਾ ਸਭਿਆਚਾਰ ਤੇ ਪਿਛੋਕੜ ਅਲੱਗ-ਅਲੱਗ ਹੈ, ਪਰ ਫਿਰ ਵੀ ਉਨ੍ਹਾਂ ਵਿਚ ਪਰਿਵਾਰ ਵਾਂਗ ਪਿਆਰ ਤੇ ਏਕਤਾ ਹੈ।—ਯਸਾਯਾਹ 2:2-4.
ਯਹੋਵਾਹ ਦੇ ਗਵਾਹਾਂ ਨੂੰ ਤੁਹਾਨੂੰ ਇਹ ਦੱਸ ਕੇ ਖ਼ੁਸ਼ੀ ਹੋਵੇਗੀ ਕਿ ਉਨ੍ਹਾਂ ਨੇ ਅਨਿਆਂ ਤੇ ਪੱਖਪਾਤ ਦਾ ਸਾਮ੍ਹਣਾ ਕਿਵੇਂ ਕੀਤਾ ਹੈ। ਤੁਸੀਂ ਜੋ ਵੀ ਸਿੱਖੋਗੇ, ਉਸ ਦੀ ਮਦਦ ਨਾਲ ਤੁਸੀਂ ਆਪਣੇ ਦਿਲ ਵਿੱਚੋਂ ਨਫ਼ਰਤ ਨੂੰ ਹੌਲੀ-ਹੌਲੀ ਕੱਢ ਸਕੋਗੇ ਤੇ ਦੂਜਿਆਂ ਨਾਲ ਪਿਆਰ ਕਰ ਸਕੋਗੇ। ਤੁਸੀਂ ਜਾਣੋਗੇ ਕਿ ਲੋਕਾਂ ਨਾਲ ਪਿਆਰ ਨਾਲ ਕਿਵੇਂ ਪੇਸ਼ ਆਉਣਾ ਹੈ, ਇੱਥੋਂ ਤਕ ਕਿ ਉਨ੍ਹਾਂ ਨਾਲ ਵੀ ਜੋ ਨਾਸ਼ੁਕਰੇ ਹੋਣ ਦੇ ਨਾਲ-ਨਾਲ ਨਫ਼ਰਤ ਨਾਲ ਭਰੇ ਹੋਏ ਹਨ। ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਹੋਰ ਵੀ ਖ਼ੁਸ਼ੀਆਂ ਭਰੀ ਹੋਵੇਗੀ ਤੇ ਦੂਜਿਆਂ ਨਾਲ ਤੁਹਾਡਾ ਰਿਸ਼ਤਾ ਹੋਰ ਵੀ ਵਧੀਆ ਬਣੇਗਾ। ਸਭ ਤੋਂ ਅਹਿਮ ਗੱਲ ਤੁਸੀਂ ਇਹ ਸਿੱਖੋਗੇ ਕਿ ਰੱਬ ਦੇ ਰਾਜ ਦੇ ਅਧੀਨ ਰਹਿਣ ਲਈ ਤੁਸੀਂ ਕੀ ਕਰ ਸਕਦੇ ਹੋ ਜਿਸ ਵਿਚ ਨਫ਼ਰਤ ਨੂੰ ਹਮੇਸ਼ਾ-ਹਮੇਸ਼ਾ ਲਈ ਖ਼ਤਮ ਕੀਤਾ ਜਾਵੇਗਾ।—ਜ਼ਬੂਰ 37:29.