ਰੱਬ ਨੂੰ ਤੁਹਾਡੀ ਪਰਵਾਹ ਹੈ
ਬਾਈਬਲ ਰੱਬ ਦਾ ਬਚਨ ਹੈ, ਇਸ ਲਈ ਸਾਨੂੰ ਇਸ ਵਿੱਚੋਂ ਸਭ ਤੋਂ ਵਧੀਆ ਸਲਾਹਾਂ ਮਿਲਦੀਆਂ ਹਨ। ਚਾਹੇ ਬਾਈਬਲ ਡਾਕਟਰੀ ਕਿਤਾਬ ਨਹੀਂ ਹੈ, ਪਰ ਇਸ ਵਿਚ ਦਿੱਤੀਆਂ ਸਲਾਹਾਂ ਨਾਲ ਅਸੀਂ ਔਖੀਆਂ ਘੜੀਆਂ ਵਿੱਚੋਂ ਸਫ਼ਲਤਾ ਨਾਲ ਲੰਘ ਸਕਦੇ ਹਾਂ। ਇਹ ਔਖੀਆਂ ਘੜੀਆਂ ਹੋ ਸਕਦੀਆਂ ਹਨ: ਹੱਦੋਂ-ਵੱਧ ਚਿੰਤਾ ਹੋਣੀ, ਬਹੁਤ ਜ਼ਿਆਦਾ ਦੁਖੀ ਜਾਂ ਨਿਰਾਸ਼ ਹੋਣਾ ਜਾਂ ਫਿਰ ਸਰੀਰਕ ਜਾਂ ਮਾਨਸਿਕ ਸਿਹਤ ਖ਼ਰਾਬ ਹੋਣੀ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਸਾਡਾ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰa ਹੀ ਸਾਡੀਆਂ ਸੋਚਾਂ ਅਤੇ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਉਹ ਕਿਸੇ ਵੀ ਮੁਸ਼ਕਲ ਘੜੀ ਦੌਰਾਨ ਸਾਡੀ ਮਦਦ ਕਰਨ ਲਈ ਬੇਤਾਬ ਰਹਿੰਦਾ ਹੈ। ਉਦਾਹਰਣ ਲਈ, ਬਾਈਬਲ ਵਿੱਚੋਂ ਇੱਦਾਂ ਦੀਆਂ ਦੋ ਆਇਤਾਂ ਵੱਲ ਧਿਆਨ ਦਿਓ ਜਿਨ੍ਹਾਂ ਤੋਂ ਸਾਨੂੰ ਦਿਲਾਸਾ ਮਿਲਦਾ ਹੈ:
“ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ; ਉਹ ਕੁਚਲੇ ਮਨ ਵਾਲਿਆਂ ਨੂੰ ਬਚਾਉਂਦਾ ਹੈ।”—ਜ਼ਬੂਰ 34:18.
“ਮੈਂ, ਤੇਰਾ ਪਰਮੇਸ਼ੁਰ ਯਹੋਵਾਹ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਕਹਿੰਦਾ ਹਾਂ, ‘ਨਾ ਡਰ। ਮੈਂ ਤੇਰੀ ਮਦਦ ਕਰਾਂਗਾ।’”—ਯਸਾਯਾਹ 41:13.
ਤਾਂ ਫਿਰ, ਯਹੋਵਾਹ ਸਾਡੀ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਨਾਲ ਲੜਨ ਵਿਚ ਕਿਵੇਂ ਮਦਦ ਕਰਦਾ ਹੈ? ਜਦੋਂ ਤੁਸੀਂ ਅਗਲੇ ਲੇਖਾਂ ਨੂੰ ਪੜ੍ਹੋਗੇ, ਤਾਂ ਜਾਣ ਸਕੋਗੇ ਕਿ ਯਹੋਵਾਹ ਨੂੰ ਸਾਡੀ ਪਰਵਾਹ ਹੈ ਅਤੇ ਉਹ ਕਈ ਤਰੀਕਿਆਂ ਨਾਲ ਸਾਡੀ ਮਦਦ ਕਰਦਾ ਹੈ।
a ਯਹੋਵਾਹ ਰੱਬ ਦਾ ਨਾਂ ਹੈ।—ਜ਼ਬੂਰ 83:18.