1 | ਪ੍ਰਾਰਥਨਾ—‘ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ ਰੱਬ ਉੱਤੇ ਪਾ ਦਿਓ’
ਬਾਈਬਲ ਵਿਚ ਲਿਖਿਆ ਹੈ: “ਆਪਣੀਆਂ ਸਾਰੀਆਂ ਚਿੰਤਾਵਾਂ ਦਾ ਬੋਝ [ਰੱਬ] ਉੱਤੇ ਪਾ ਦਿਓ ਕਿਉਂਕਿ ਉਸ ਨੂੰ ਤੁਹਾਡਾ ਫ਼ਿਕਰ ਹੈ।”—1 ਪਤਰਸ 5:7.
ਇਸ ਆਇਤ ਦਾ ਕੀ ਮਤਲਬ ਹੈ?
ਯਹੋਵਾਹ ਪਰਮੇਸ਼ੁਰ ਸਾਨੂੰ ਖ਼ੁਦ ਕਹਿੰਦਾ ਹੈ ਕਿ ਅਸੀਂ ਆਪਣੀਆਂ ਸਾਰੀਆਂ ਚਿੰਤਾਵਾਂ ਬਾਰੇ ਉਸ ਨੂੰ ਦੱਸ ਕੇ ਆਪਣੇ ਮਨ ਦਾ ਬੋਝ ਹਲਕਾ ਕਰੀਏ। (ਜ਼ਬੂਰ 55:22) ਚਾਹੇ ਸਾਡੀਆਂ ਚਿੰਤਾਵਾਂ ਛੋਟੀਆਂ ਹੋਣ ਜਾਂ ਵੱਡੀਆਂ, ਸਾਨੂੰ ਉਨ੍ਹਾਂ ਬਾਰੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਜਿਹੜੀ ਗੱਲ ਦੀ ਸਾਨੂੰ ਚਿੰਤਾ ਹੁੰਦੀ ਹੈ, ਯਹੋਵਾਹ ਵੀ ਉਸ ਨੂੰ ਨਜ਼ਰਅੰਦਾਜ਼ ਨਹੀਂ ਕਰਦਾ ਕਿਉਂਕਿ ਉਸ ਨੂੰ ਸਾਡਾ ਫ਼ਿਕਰ ਹੈ। ਮਨ ਦੀ ਸ਼ਾਂਤੀ ਪਾਉਣ ਲਈ ਪ੍ਰਾਰਥਨਾ ਕਰਨੀ ਬਹੁਤ ਜ਼ਰੂਰੀ ਹੈ।—ਫ਼ਿਲਿੱਪੀਆਂ 4:6, 7.
ਇਹ ਆਇਤ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ?
ਮਾਨਸਿਕ ਸਿਹਤ ਖ਼ਰਾਬ ਹੋਣ ਕਰਕੇ ਅਸੀਂ ਸ਼ਾਇਦ ਇਕੱਲੇ ਮਹਿਸੂਸ ਕਰੀਏ। ਕਿਉਂ? ਕਿਉਂਕਿ ਕਈ ਵਾਰ ਇੱਦਾਂ ਹੁੰਦਾ ਹੈ ਕਿ ਕੋਈ ਵੀ ਇਨਸਾਨ ਸਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾਉਂਦਾ ਕਿ ਸਾਡੇ ʼਤੇ ਕੀ ਬੀਤ ਰਹੀ ਹੈ। (ਕਹਾਉਤਾਂ 14:10) ਪਰ ਜਦੋਂ ਅਸੀਂ ਰੱਬ ਨੂੰ ਆਪਣੇ ਦਿਲ ਦਾ ਹਾਲ ਬਿਆਨ ਕਰਦੇ ਹਾਂ, ਤਾਂ ਉਹ ਪਿਆਰ ਨਾਲ ਸਾਡੀ ਗੱਲ ਸੁਣਦਾ ਅਤੇ ਸਾਨੂੰ ਸਮਝਦਾ ਹੈ। ਯਹੋਵਾਹ ਦੇਖਦਾ ਤੇ ਜਾਣਦਾ ਹੈ ਕਿ ਅਸੀਂ ਕਿੰਨੇ ਦੁਖੀ ਹਾਂ ਤੇ ਕਿੰਨੀ ਜੱਦੋ-ਜਹਿਦ ਕਰ ਰਹੇ ਹਾਂ। ਨਾਲੇ ਉਹ ਚਾਹੁੰਦਾ ਹੈ ਕਿ ਅਸੀਂ ਆਪਣੀਆਂ ਚਿੰਤਾਵਾਂ ਬਾਰੇ ਉਸ ਨੂੰ ਖੁੱਲ੍ਹ ਕੇ ਦੱਸੀਏ।—2 ਇਤਿਹਾਸ 6:29, 30.
ਜਦੋਂ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਸਾਡਾ ਭਰੋਸਾ ਵਧਦਾ ਹੈ ਕਿ ਉਸ ਨੂੰ ਸਾਡੀ ਪਰਵਾਹ ਹੈ। ਅਸੀਂ ਵੀ ਪਰਮੇਸ਼ੁਰ ਦੇ ਇਕ ਸੇਵਕ ਵਾਂਗ ਮਹਿਸੂਸ ਕਰਦੇ ਹਾਂ ਜਿਸ ਨੇ ਇਹ ਪ੍ਰਾਰਥਨਾ ਕੀਤੀ ਸੀ: “ਤੂੰ ਮੇਰਾ ਦੁੱਖ ਦੇਖਿਆ ਹੈ; ਤੂੰ ਮੇਰੇ ਦਿਲ ਦਾ ਦਰਦ ਸਮਝਦਾ ਹੈਂ।” (ਜ਼ਬੂਰ 31:7) ਯਹੋਵਾਹ ਸਾਡੇ ਦੁੱਖਾਂ ਨੂੰ ਦੇਖਦਾ ਹੈ, ਸਿਰਫ਼ ਇਹੀ ਗੱਲ ਜਾਣ ਕੇ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਜਿਸ ਕਰਕੇ ਅਸੀਂ ਔਖੀਆਂ ਘੜੀਆਂ ਵਿਚ ਹਾਰ ਨਹੀਂ ਮੰਨਦੇ। ਉਹ ਸਿਰਫ਼ ਸਾਡੇ ਦੁੱਖਾਂ ਨੂੰ ਦੇਖਦਾ ਹੀ ਨਹੀਂ, ਸਗੋਂ ਉਹ ਸਭ ਤੋਂ ਬਿਹਤਰ ਤਰੀਕੇ ਨਾਲ ਸਾਨੂੰ ਸਮਝਦਾ ਵੀ ਹੈ। ਯਹੋਵਾਹ ਚੰਗੀ ਤਰ੍ਹਾਂ ਜਾਣਦਾ ਕਿ ਸਾਡੇ ʼਤੇ ਕੀ ਬੀਤ ਰਹੀ ਹੈ ਅਤੇ ਉਹ ਸਾਨੂੰ ਬਾਈਬਲ ਤੋਂ ਦਿਲਾਸਾ ਤੇ ਹੌਸਲਾ ਦਿੰਦਾ ਹੈ।