ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਮਾਰਚ ਸਫ਼ੇ 26-31
  • ਯਹੋਵਾਹ ਦਾ ਹੱਥ ਛੋਟਾ ਨਹੀਂ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦਾ ਹੱਥ ਛੋਟਾ ਨਹੀਂ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮੂਸਾ ਅਤੇ ਇਜ਼ਰਾਈਲੀਆਂ ਤੋਂ ਸਿੱਖੋ
  • ਜਦੋਂ ਪੈਸੇ ਦੀ ਤੰਗੀ ਹੋਵੇ
  • ਜਦੋਂ ਇਹ ਚਿੰਤਾ ਹੋਵੇ ਕਿ ਸਾਡੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਹੋਣਗੀਆਂ
  • ਵਫ਼ਾਦਾਰ ਆਦਮੀਆਂ ਦੇ ਆਖ਼ਰੀ ਸ਼ਬਦਾਂ ਤੋਂ ਸਿੱਖੋ ਸਬਕ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਯਾਦ ਰੱਖੋ ਕਿ ਯਹੋਵਾਹ “ਜੀਉਂਦਾ ਪਰਮੇਸ਼ੁਰ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਮਾਰਚ ਸਫ਼ੇ 26-31

ਅਧਿਐਨ ਲੇਖ 13

ਗੀਤ 4 “ਯਹੋਵਾਹ ਮੇਰਾ ਚਰਵਾਹਾ”

ਯਹੋਵਾਹ ਦਾ ਹੱਥ ਛੋਟਾ ਨਹੀਂ ਹੈ

“ਕੀ ਯਹੋਵਾਹ ਦਾ ਹੱਥ ਇੰਨਾ ਛੋਟਾ ਹੈ?”​—ਗਿਣ. 11:23.

ਕੀ ਸਿੱਖਾਂਗੇ?

ਇਸ ਲੇਖ ਤੋਂ ਸਾਡਾ ਇਸ ਗੱਲ ʼਤੇ ਭਰੋਸਾ ਵਧੇਗਾ ਕਿ ਯਹੋਵਾਹ ਹਮੇਸ਼ਾ ਸਾਡੀਆਂ ਲੋੜਾਂ ਪੂਰੀਆਂ ਕਰੇਗਾ।

1. ਜਦੋਂ ਮੂਸਾ ਨੇ ਮਿਸਰ ਤੋਂ ਆਜ਼ਾਦ ਕਰਾਉਣ ਵਿਚ ਇਜ਼ਰਾਈਲੀਆਂ ਦੀ ਅਗਵਾਈ ਕੀਤੀ, ਤਾਂ ਉਸ ਨੇ ਯਹੋਵਾਹ ʼਤੇ ਭਰੋਸਾ ਕਿਵੇਂ ਦਿਖਾਇਆ?

ਇਬਰਾਨੀਆਂ ਦੀ ਕਿਤਾਬ ਵਿਚ ਅਜਿਹੇ ਬਹੁਤ ਸਾਰੇ ਸੇਵਕਾਂ ਦੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੂੰ ਯਹੋਵਾਹ ਉੱਤੇ ਨਿਹਚਾ ਸੀ। ਉਨ੍ਹਾਂ ਵਿੱਚੋਂ ਇਕ ਸੀ, ਮੂਸਾ। ਉਸ ਵਿਚ ਕਮਾਲ ਦੀ ਨਿਹਚਾ ਸੀ। (ਇਬ. 3:2-5; 11:23-25) ਜਦੋਂ ਉਸ ਨੇ ਇਜ਼ਰਾਈਲੀਆਂ ਨੂੰ ਮਿਸਰ ਤੋਂ ਆਜ਼ਾਦ ਕਰਾਉਣ ਵਿਚ ਅਗਵਾਈ ਕੀਤੀ, ਤਾਂ ਉਸ ਨੇ ਪਰਮੇਸ਼ੁਰ ʼਤੇ ਨਿਹਚਾ ਦਿਖਾਈ। ਉਹ ਫਿਰਊਨ ਅਤੇ ਉਸ ਦੀ ਫ਼ੌਜ ਤੋਂ ਡਰਿਆ ਨਹੀਂ। ਉਸ ਨੇ ਯਹੋਵਾਹ ਉੱਤੇ ਭਰੋਸਾ ਰੱਖਦਿਆਂ ਇਜ਼ਰਾਈਲੀਆਂ ਨੂੰ ਲਾਲ ਸਮੁੰਦਰ ਪਾਰ ਕਰਾਇਆ ਅਤੇ ਉਜਾੜ ਵਿਚ ਵੀ ਉਨ੍ਹਾਂ ਦੀ ਅਗਵਾਈ ਕੀਤੀ। (ਇਬ. 11:27-29) ਉਜਾੜ ਵਿਚ ਜ਼ਿਆਦਾਤਰ ਇਜ਼ਰਾਈਲੀਆਂ ਨੂੰ ਯਹੋਵਾਹ ਦੀ ਕਾਬਲੀਅਤ ʼਤੇ ਸ਼ੱਕ ਹੋਣ ਲੱਗ ਪਿਆ ਕਿ ਉਹ ਉਨ੍ਹਾਂ ਦੀ ਦੇਖ-ਭਾਲ ਕਰ ਸਕਦਾ ਹੈ ਕਿ ਨਹੀਂ। ਪਰ ਮੂਸਾ ਆਪਣੇ ਪਰਮੇਸ਼ੁਰ ʼਤੇ ਭਰੋਸਾ ਕਰਦਾ ਰਿਹਾ ਅਤੇ ਯਹੋਵਾਹ ਨੇ ਵੀ ਮੂਸਾ ਦਾ ਭਰੋਸਾ ਟੁੱਟਣ ਨਹੀਂ ਦਿੱਤਾ। ਉਸ ਨੇ ਉਜਾੜ ਵਿਚ ਇਜ਼ਰਾਈਲੀਆਂ ਨੂੰ ਖਾਣਾ ਅਤੇ ਪਾਣੀ ਦਿੱਤਾ।a​—ਕੂਚ 15:22-25; ਜ਼ਬੂ. 78:23-25.

2. ਯਹੋਵਾਹ ਨੇ ਮੂਸਾ ਨੂੰ ਕਿਉਂ ਕਿਹਾ: “ਕੀ ਯਹੋਵਾਹ ਦਾ ਹੱਥ ਇੰਨਾ ਛੋਟਾ ਹੈ”? (ਗਿਣਤੀ 11:21-23)

2 ਮੂਸਾ ਦੀ ਨਿਹਚਾ ਬਹੁਤ ਪੱਕੀ ਸੀ। ਪਰ ਇਜ਼ਰਾਈਲੀਆਂ ਨੂੰ ਆਜ਼ਾਦ ਕਰਾਉਣ ਤੋਂ ਇਕ ਸਾਲ ਬਾਅਦ ਉਹ ਸ਼ੱਕ ਕਰਨ ਲੱਗਾ ਕਿ ਪਤਾ ਨਹੀਂ ਯਹੋਵਾਹ ਆਪਣੇ ਵਾਅਦੇ ਮੁਤਾਬਕ ਆਪਣੇ ਲੋਕਾਂ ਨੂੰ ਮੀਟ ਦੇ ਸਕੇਗਾ ਜਾਂ ਨਹੀਂ। ਉਜਾੜ ਵਿਚ ਛੇ ਲੱਖ ਆਦਮੀ ਸਨ ਅਤੇ ਉਨ੍ਹਾਂ ਦੇ ਨਾਲ ਔਰਤਾਂ ਅਤੇ ਬੱਚੇ ਵੀ ਸਨ। ਉਜਾੜ ਵਿਚ ਇੰਨੇ ਸਾਰੇ ਲੋਕਾਂ ਲਈ ਭੋਜਨ ਨਹੀਂ ਸੀ। ਸ਼ਾਇਦ ਮੂਸਾ ਨੇ ਸੋਚਿਆ ਹੋਣਾ ਕਿ ਯਹੋਵਾਹ ਇੰਨੇ ਸਾਰੇ ਲੋਕਾਂ ਨੂੰ ਮੀਟ ਕਿਵੇਂ ਦੇਵੇਗਾ। ਯਹੋਵਾਹ ਨੇ ਮੂਸਾ ਨੂੰ ਕਿਹਾ: “ਕੀ ਯਹੋਵਾਹ ਦਾ ਹੱਥ ਇੰਨਾ ਛੋਟਾ ਹੈ?” (ਗਿਣਤੀ 11:21-23 ਪੜ੍ਹੋ।) ਇਸ ਆਇਤ ਵਿਚ “ਯਹੋਵਾਹ ਦਾ ਹੱਥ” ਉਸ ਦੀ ਪਵਿੱਤਰ ਸ਼ਕਤੀ ਯਾਨੀ ਕੰਮ ਕਰਨ ਦੀ ਤਾਕਤ ਨੂੰ ਦਰਸਾਉਂਦਾ ਹੈ। ਇਹ ਸਵਾਲ ਪੁੱਛ ਕੇ ਦਰਅਸਲ ਯਹੋਵਾਹ ਮੂਸਾ ਨੂੰ ਕਹਿ ਰਿਹਾ ਸੀ, ‘ਤੈਨੂੰ ਕੀ ਲੱਗਦਾ, ਮੈਂ ਜੋ ਕਿਹਾ ਉਸ ਨੂੰ ਪੂਰਾ ਨਹੀਂ ਕਰ ਸਕਦਾ?’

3. ਸਾਨੂੰ ਮੂਸਾ ਅਤੇ ਇਜ਼ਰਾਈਲੀਆਂ ਦੀ ਮਿਸਾਲ ʼਤੇ ਕਿਉਂ ਧਿਆਨ ਦੇਣਾ ਚਾਹੀਦਾ ਹੈ?

3 ਕੀ ਤੁਹਾਨੂੰ ਕਦੇ ਇਹ ਸੋਚ ਕੇ ਚਿੰਤਾ ਹੋਈ ਹੈ ਕਿ ਯਹੋਵਾਹ ਤੁਹਾਡੀਆਂ ਅਤੇ ਤੁਹਾਡੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੇਗਾ ਜਾਂ ਨਹੀਂ? ਆਓ ਆਪਾਂ ਦੇਖੀਏ ਕਿ ਮੂਸਾ ਅਤੇ ਇਜ਼ਰਾਈਲੀਆਂ ਨੇ ਯਹੋਵਾਹ ʼਤੇ ਭਰੋਸਾ ਕਿਉਂ ਨਹੀਂ ਕੀਤਾ ਕਿ ਉਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰ ਸਕਦਾ ਹੈ। ਨਾਲੇ ਅਸੀਂ ਬਾਈਬਲ ਦੀਆਂ ਕੁਝ ਆਇਤਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਨਾਲ ਸਾਡੀ ਨਿਹਚਾ ਮਜ਼ਬੂਤ ਹੋਵੇਗੀ ਕਿ ਯਹੋਵਾਹ ਹਮੇਸ਼ਾ ਸਾਡੀ ਮਦਦ ਕਰੇਗਾ।

ਮੂਸਾ ਅਤੇ ਇਜ਼ਰਾਈਲੀਆਂ ਤੋਂ ਸਿੱਖੋ

4. ਬਹੁਤ ਸਾਰੇ ਇਜ਼ਰਾਈਲੀ ਇਹ ਕਿਉਂ ਸੋਚਣ ਲੱਗ ਪਏ ਕਿ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ?

4 ਬਹੁਤ ਸਾਰੇ ਇਜ਼ਰਾਈਲੀ ਇਹ ਕਿਉਂ ਸੋਚਣ ਲੱਗ ਪਏ ਕਿ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਦਾ? ਇਜ਼ਰਾਈਲੀ ਅਤੇ ਉਨ੍ਹਾਂ ਨਾਲ ਮਿਸਰ ਤੋਂ ਆਏ ਹੋਰ ਬਹੁਤ ਸਾਰੇ ਗ਼ੈਰ-ਇਜ਼ਰਾਈਲੀ ਲੋਕ ਕੁਝ ਸਮੇਂ ਤੋਂ ਉਜਾੜ ਵਿਚ ਸਫ਼ਰ ਕਰ ਰਹੇ ਸਨ। (ਕੂਚ 12:38; ਬਿਵ. 8:15) ਗ਼ੈਰ-ਇਜ਼ਰਾਈਲੀ ਲੋਕ ਮੰਨ ਖਾ-ਖਾ ਕੇ ਅੱਕ ਗਏ ਸਨ ਅਤੇ ਕੁਝ ਸਮੇਂ ਬਾਅਦ ਇਜ਼ਰਾਈਲੀ ਵੀ ਉਨ੍ਹਾਂ ਨਾਲ ਰਲ਼ ਕੇ ਮੂਸਾ ਨੂੰ ਇਸ ਬਾਰੇ ਸ਼ਿਕਾਇਤ ਕਰਨ ਲੱਗੇ। (ਗਿਣ. 11:4-6) ਉਹ ਉਸ ਖਾਣੇ ਨੂੰ ਯਾਦ ਕਰਨ ਲੱਗ ਪਏ ਜੋ ਉਨ੍ਹਾਂ ਨੂੰ ਮਿਸਰ ਵਿਚ ਮਿਲਦਾ ਹੁੰਦਾ ਸੀ। ਇਸ ਲਈ ਸਾਰੇ ਲੋਕ ਮੂਸਾ ਅੱਗੇ ਰੋਣਾ ਰੋਣ ਲੱਗ ਪਏ। ਇਹ ਸੁਣ ਕੇ ਮੂਸਾ ਨੂੰ ਲੱਗਾ ਕਿ ਹੁਣ ਉਸ ਨੂੰ ਹੀ ਲੋਕਾਂ ਲਈ ਮੀਟ ਦਾ ਇੰਤਜ਼ਾਮ ਕਰਨਾ ਪਵੇਗਾ। ਪਰ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਹ ਕਿੱਦਾਂ ਕਰੇਗਾ।​—ਗਿਣ. 11:13, 14.

5-6. ਗ਼ੈਰ-ਇਜ਼ਰਾਈਲੀ ਲੋਕਾਂ ਦਾ ਬਹੁਤ ਸਾਰੇ ਇਜ਼ਰਾਈਲੀਆਂ ʼਤੇ ਕੀ ਅਸਰ ਪਿਆ ਅਤੇ ਇਸ ਤੋਂ ਅਸੀਂ ਕੀ ਸਿੱਖਦੇ ਹਾਂ?

5 ਗ਼ੈਰ-ਇਜ਼ਰਾਈਲੀ ਲੋਕ ਯਹੋਵਾਹ ਵੱਲੋਂ ਮਿਲੀਆਂ ਚੀਜ਼ਾਂ ਲਈ ਸ਼ੁਕਰਗੁਜ਼ਾਰ ਨਹੀਂ ਸਨ ਅਤੇ ਉਨ੍ਹਾਂ ਦੀ ਇਸ ਸੋਚ ਦਾ ਇਜ਼ਰਾਈਲੀਆਂ ʼਤੇ ਵੀ ਅਸਰ ਪਿਆ। ਸਾਡੇ ਨਾਲ ਵੀ ਇੱਦਾਂ ਹੋ ਸਕਦਾ ਹੈ। ਜਦੋਂ ਸਾਡੇ ਆਲੇ-ਦੁਆਲੇ ਦੇ ਲੋਕ ਸ਼ੁਕਰਗੁਜ਼ਾਰੀ ਨਹੀਂ ਦਿਖਾਉਂਦੇ, ਤਾਂ ਸ਼ਾਇਦ ਸਾਡੇ ਦਿਲ ਵਿਚ ਵੀ ਉਨ੍ਹਾਂ ਚੀਜ਼ਾਂ ਲਈ ਕਦਰਦਾਨੀ ਘੱਟ ਜਾਵੇ ਜੋ ਯਹੋਵਾਹ ਸਾਨੂੰ ਦਿੰਦਾ ਹੈ। ਸ਼ਾਇਦ ਅਸੀਂ ਉਨ੍ਹਾਂ ਚੀਜ਼ਾਂ ਬਾਰੇ ਸੋਚਣ ਲੱਗ ਪਈਏ ਜੋ ਸਾਡੇ ਕੋਲ ਪਹਿਲਾਂ ਹੁੰਦੀਆਂ ਸਨ। ਜਾਂ ਫਿਰ ਸ਼ਾਇਦ ਅਸੀਂ ਦੂਜਿਆਂ ਨਾਲ ਉਨ੍ਹਾਂ ਦੀਆਂ ਚੀਜ਼ਾਂ ਕਰਕੇ ਈਰਖਾ ਕਰਨ ਲੱਗ ਪਈਏ। ਪਰ ਜੇ ਅਸੀਂ ਉਨ੍ਹਾਂ ਚੀਜ਼ਾਂ ਵਿਚ ਹੀ ਸੰਤੁਸ਼ਟ ਰਹਿਣਾ ਸਿੱਖ ਲਈਏ ਜੋ ਸਾਡੇ ਕੋਲ ਹਨ, ਤਾਂ ਅਸੀਂ ਜ਼ਿਆਦਾ ਖ਼ੁਸ਼ ਰਹਾਂਗੇ।

6 ਇਜ਼ਰਾਈਲੀਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਸੀ ਕਿ ਯਹੋਵਾਹ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਬਰਕਤਾਂ ਦੇਣ ਵਾਲਾ ਹੈ। ਪਰ ਉਨ੍ਹਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਸੀ ਕਿ ਇਹ ਬਰਕਤਾਂ ਉਨ੍ਹਾਂ ਨੂੰ ਵਾਅਦਾ ਕੀਤੇ ਦੇਸ਼ ਵਿਚ ਮਿਲਣਗੀਆਂ, ਨਾ ਕਿ ਉਜਾੜ ਵਿਚ। ਅੱਜ ਸਾਨੂੰ ਵੀ ਉਨ੍ਹਾਂ ਚੀਜ਼ਾਂ ʼਤੇ ਧਿਆਨ ਨਹੀਂ ਲਾਉਣਾ ਚਾਹੀਦਾ ਜੋ ਸਾਡੇ ਕੋਲ ਨਹੀਂ ਹਨ। ਇਸ ਦੀ ਬਜਾਇ, ਸਾਨੂੰ ਉਨ੍ਹਾਂ ਚੀਜ਼ਾਂ ʼਤੇ ਧਿਆਨ ਲਾਉਣਾ ਚਾਹੀਦਾ ਹੈ ਜੋ ਯਹੋਵਾਹ ਸਾਨੂੰ ਨਵੀਂ ਦੁਨੀਆਂ ਵਿਚ ਦੇਵੇਗਾ। ਨਾਲੇ ਅਸੀਂ ਉਨ੍ਹਾਂ ਆਇਤਾਂ ʼਤੇ ਵੀ ਸੋਚ-ਵਿਚਾਰ ਕਰ ਸਕਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਯਹੋਵਾਹ ʼਤੇ ਸਾਡਾ ਭਰੋਸਾ ਹੋਰ ਵੀ ਮਜ਼ਬੂਤ ਹੋਵੇਗਾ।

7. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦਾ ਹੱਥ ਇੰਨਾ ਛੋਟਾ ਨਹੀਂ ਹੈ?

7 ਪਰ ਸ਼ਾਇਦ ਸਾਡੇ ਮਨ ਵਿਚ ਹਾਲੇ ਵੀ ਇਹ ਸਵਾਲ ਆਵੇ ਕਿ ਯਹੋਵਾਹ ਨੇ ਮੂਸਾ ਨੂੰ ਕਿਉਂ ਕਿਹਾ ਸੀ: “ਕੀ ਯਹੋਵਾਹ ਦਾ ਹੱਥ ਇੰਨਾ ਛੋਟਾ ਹੈ?” ਸ਼ਾਇਦ ਯਹੋਵਾਹ ਮੂਸਾ ਦੀ ਇਹ ਦੋ ਗੱਲਾਂ ਸਮਝਣ ਵਿਚ ਮਦਦ ਕਰ ਰਿਹਾ ਸੀ। ਪਹਿਲੀ, ਉਸ ਕੋਲ ਅਸੀਮ ਤਾਕਤ ਹੈ। ਦੂਜੀ, ਉਹ ਆਪਣੀ ਤਾਕਤ ਕਿਤੇ ਵੀ ਵਰਤ ਸਕਦਾ ਹੈ। ਚਾਹੇ ਕਿ ਇਜ਼ਰਾਈਲੀ ਉਜਾੜ ਵਿਚ ਸਨ, ਪਰ ਯਹੋਵਾਹ ਉੱਥੇ ਵੀ ਉਨ੍ਹਾਂ ਲਈ ਬਹੁਤਾਤ ਵਿਚ ਮੀਟ ਦਾ ਪ੍ਰਬੰਧ ਕਰ ਸਕਦਾ ਸੀ। “ਆਪਣੇ ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ” ਨਾਲ ਯਹੋਵਾਹ ਨੇ ਆਪਣੀ ਤਾਕਤ ਦਾ ਸਬੂਤ ਦਿੱਤਾ। (ਜ਼ਬੂ. 136:11, 12; ਫੁਟਨੋਟ) ਇਸ ਲਈ ਜਦੋਂ ਅਸੀਂ ਮੁਸ਼ਕਲਾਂ ਵਿੱਚੋਂ ਦੀ ਲੰਘ ਰਹੇ ਹੁੰਦੇ ਹਾਂ, ਤਾਂ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੇ ਵਿੱਚੋਂ ਹਰ ਕਿਸੇ ਦੀ ਮਦਦ ਕਰ ਸਕਦਾ ਹੈ, ਫਿਰ ਚਾਹੇ ਅਸੀਂ ਜਿੱਥੇ ਮਰਜ਼ੀ ਹੋਈਏ।​—ਜ਼ਬੂ. 138:6, 7.

8. ਅਸੀਂ ਉਹ ਗ਼ਲਤੀ ਕਰਨ ਤੋਂ ਕਿੱਦਾਂ ਬਚ ਸਕਦੇ ਹਾਂ ਜੋ ਬਹੁਤ ਸਾਰੇ ਇਜ਼ਰਾਈਲੀਆਂ ਨੇ ਕੀਤੀ ਸੀ? (ਤਸਵੀਰ ਵੀ ਦੇਖੋ।)

8 ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ ਉਨ੍ਹਾਂ ਨੂੰ ਮੀਟ ਦਿੱਤਾ। ਉਸ ਨੇ ਉਨ੍ਹਾਂ ਕੋਲ ਬਹੁਤ ਵੱਡੀ ਮਾਤਰਾ ਵਿਚ ਬਟੇਰੇ ਘੱਲੇ। ਪਰ ਇਜ਼ਰਾਈਲੀ ਇਸ ਚਮਤਕਾਰ ਲਈ ਯਹੋਵਾਹ ਦੇ ਸ਼ੁਕਰਗੁਜ਼ਾਰ ਨਹੀਂ ਹੋਏ। ਇਸ ਦੀ ਬਜਾਇ, ਉਹ ਲਾਲਚ ਵਿਚ ਆ ਗਏ ਤੇ ਡੇਢ ਦਿਨ ਤਕ ਬਟੇਰੇ ਇਕੱਠੇ ਕਰਨ ਵਿਚ ਹੀ ਲੱਗੇ ਰਹੇ। ਜਿਨ੍ਹਾਂ ਲੋਕਾਂ ਨੇ ‘ਖਾਣ ਵਾਲੀਆਂ ਚੀਜ਼ਾਂ ਦੀ ਲਾਲਸਾ ਕੀਤੀ ਸੀ,’ ਉਨ੍ਹਾਂ ʼਤੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ ਅਤੇ ਉਸ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ। (ਗਿਣ. 11:31-34) ਇਸ ਤੋਂ ਅਸੀਂ ਇਹ ਜ਼ਰੂਰੀ ਸਬਕ ਸਿੱਖਦੇ ਹਾਂ ਕਿ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ। ਚਾਹੇ ਅਸੀਂ ਅਮੀਰ ਹਾਂ ਜਾਂ ਗ਼ਰੀਬ, ਸਾਨੂੰ ਸਾਰਿਆਂ ਨੂੰ ਆਪਣਾ ਧਿਆਨ ‘ਸਵਰਗ ਵਿਚ ਧਨ ਜੋੜਨ ʼਤੇ’ ਲਾਉਣਾ ਚਾਹੀਦਾ ਹੈ। (ਮੱਤੀ 6:19, 20; ਲੂਕਾ 16:9) ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਯਹੋਵਾਹ ਅਤੇ ਯਿਸੂ ਨਾਲ ਮਜ਼ਬੂਤ ਰਿਸ਼ਤਾ ਰੱਖ ਕੇ। ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਪੱਕਾ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ।

ਉਜਾੜ ਵਿਚ ਰਾਤ ਦੇ ਵੇਲੇ ਇਜ਼ਰਾਈਲੀ ਬਹੁਤ ਸਾਰੇ ਬਟੇਰੇ ਇਕੱਠੇ ਕਰ ਰਹੇ ਹਨ।

ਜਦੋਂ ਯਹੋਵਾਹ ਨੇ ਉਜਾੜ ਵਿਚ ਬਟੇਰੇ ਘੱਲੇ, ਤਾਂ ਬਹੁਤ ਸਾਰੇ ਇਜ਼ਰਾਈਲੀਆਂ ਨੇ ਕੀ ਕੀਤਾ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ? (ਪੈਰਾ 8 ਦੇਖੋ)


9. ਅਸੀਂ ਕਿਸ ਗੱਲ ਦਾ ਪੂਰਾ ਭਰੋਸਾ ਰੱਖ ਸਕਦੇ ਹਾਂ?

9 ਯਹੋਵਾਹ ਅੱਜ ਵੀ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਪਣਾ ਹੱਥ ਅੱਗੇ ਵਧਾਉਂਦਾ ਹੈ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਪੈਸੇ ਜਾਂ ਖਾਣੇ ਦੀ ਕਦੇ ਕਮੀ ਹੀ ਨਹੀਂ ਹੋਵੇਗੀ।b ਪਰ ਅਸੀਂ ਇਹ ਭਰੋਸਾ ਜ਼ਰੂਰ ਰੱਖ ਸਕਦੇ ਹਾਂ ਕਿ ਯਹੋਵਾਹ ਸਾਡਾ ਸਾਥ ਕਦੇ ਨਹੀਂ ਛੱਡੇਗਾ। ਮੁਸ਼ਕਲ ਚਾਹੇ ਜੋ ਮਰਜ਼ੀ ਹੋਵੇ, ਉਹ ਹਮੇਸ਼ਾ ਸਾਡੀ ਮਦਦ ਕਰੇਗਾ। ਪਰ ਅਸੀਂ ਕਿੱਦਾਂ ਦਿਖਾ ਸਕਦੇ ਹਾਂ ਕਿ ਸਾਨੂੰ ਯਹੋਵਾਹ ʼਤੇ ਪੂਰਾ ਭਰੋਸਾ ਹੈ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ? ਆਓ ਅਸੀਂ ਦੋ ਹਾਲਾਤਾਂ ʼਤੇ ਗੌਰ ਕਰੀਏ: (1) ਜਦੋਂ ਸਾਨੂੰ ਪੈਸੇ ਦੀ ਤੰਗੀ ਹੋਵੇ ਅਤੇ (2) ਜਦੋਂ ਇਹ ਚਿੰਤਾ ਸਤਾਵੇ ਕਿ ਅੱਗੇ ਜਾ ਕੇ ਸਾਡੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਹੋਣਗੀਆਂ।

ਜਦੋਂ ਪੈਸੇ ਦੀ ਤੰਗੀ ਹੋਵੇ

10. ਸਾਨੂੰ ਕਿਨ੍ਹਾਂ ਕਾਰਨਾਂ ਕਰਕੇ ਪੈਸੇ ਦੀ ਤੰਗੀ ਝੱਲਣੀ ਪੈ ਸਕਦੀ ਹੈ?

10 ਜਿੱਦਾਂ-ਜਿੱਦਾਂ ਇਸ ਦੁਨੀਆਂ ਦਾ ਅੰਤ ਨੇੜੇ ਆ ਰਿਹਾ ਹੈ, ਸਾਡੀਆਂ ਮੁਸ਼ਕਲਾਂ ਵਧਦੀਆਂ ਹੀ ਜਾਣਗੀਆਂ। ਰਾਜਨੀਤਿਕ ਉਥਲ-ਪੁਥਲ, ਯੁੱਧ, ਕੁਦਰਤੀ ਆਫ਼ਤਾਂ ਜਾਂ ਨਵੀਆਂ-ਨਵੀਆਂ ਮਹਾਂਮਾਰੀਆਂ ਕਰਕੇ ਸ਼ਾਇਦ ਸਾਡੀ ਜ਼ਿੰਦਗੀ ਹੋਰ ਵੀ ਔਖੀ ਹੋ ਜਾਵੇ। ਇਨ੍ਹਾਂ ਕਰਕੇ ਸ਼ਾਇਦ ਸਾਡੀ ਨੌਕਰੀ ਚਲੀ ਜਾਵੇ ਜਾਂ ਅਸੀਂ ਆਪਣੀਆਂ ਚੀਜ਼ਾਂ ਜਾਂ ਆਪਣਾ ਘਰ-ਬਾਰ ਗੁਆ ਬੈਠੀਏ। ਹੋ ਸਕਦਾ ਹੈ ਕਿ ਸਾਨੂੰ ਨਵੀਂ ਨੌਕਰੀ ਲੱਭਣੀ ਪਵੇ ਜਾਂ ਕੰਮ ਕਰਕੇ ਆਪਣੇ ਪਰਿਵਾਰ ਨਾਲ ਕਿਤੇ ਹੋਰ ਜਾ ਕੇ ਰਹਿਣਾ ਪਵੇ। ਅਜਿਹੇ ਹਾਲਾਤਾਂ ਵਿਚ ਕਿਹੜੀ ਗੱਲ ਸਾਡੀ ਉਹ ਫ਼ੈਸਲਾ ਲੈਣ ਵਿਚ ਮਦਦ ਕਰ ਸਕਦੀ ਹੈ ਜਿਸ ਤੋਂ ਪਤਾ ਲੱਗੇ ਕਿ ਸਾਨੂੰ ਯਹੋਵਾਹ ʼਤੇ ਭਰੋਸਾ ਹੈ?

11. ਪੈਸੇ ਦੀ ਤੰਗੀ ਦਾ ਸਾਮ੍ਹਣਾ ਕਰਨ ਵਿਚ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ? (ਲੂਕਾ 12:29-31)

11 ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੀਆਂ ਚਿੰਤਾਵਾਂ ਬਾਰੇ ਦੱਸੋ। ਇਸ ਨਾਲ ਤੁਹਾਡੀ ਬਹੁਤ ਮਦਦ ਹੋਵੇਗੀ। (ਕਹਾ. 16:3) ਯਹੋਵਾਹ ਤੋਂ ਬੁੱਧ ਮੰਗੋ ਤਾਂਕਿ ਤੁਸੀਂ ਸਹੀ ਫ਼ੈਸਲੇ ਕਰ ਸਕੋ। ਨਾਲੇ ਉਸ ਤੋਂ ਇਹ ਵੀ ਮਦਦ ਮੰਗੋ ਕਿ ਤੁਸੀਂ ਸ਼ਾਂਤ ਰਹਿ ਸਕੋ ਅਤੇ “ਹੱਦੋਂ ਵੱਧ ਚਿੰਤਾ” ਨਾ ਕਰੋ। (ਲੂਕਾ 12:29-31 ਪੜ੍ਹੋ।) ਯਹੋਵਾਹ ਤੋਂ ਮਦਦ ਮੰਗੋ ਕਿ ਤੁਸੀਂ ਉਨ੍ਹਾਂ ਚੀਜ਼ਾਂ ਵਿਚ ਹੀ ਸੰਤੁਸ਼ਟ ਰਹਿ ਸਕੋ ਜੋ ਤੁਹਾਡੀ ਜ਼ਿੰਦਗੀ ਲਈ ਜ਼ਰੂਰੀ ਹਨ। (1 ਤਿਮੋ. 6:7, 8) ਸਾਡੇ ਪ੍ਰਕਾਸ਼ਨਾਂ ਵਿਚ ਪੈਸੇ ਦੀ ਤੰਗੀ ਦਾ ਸਾਮ੍ਹਣਾ ਕਰਨ ਲਈ ਬਹੁਤ ਸਾਰੇ ਸੁਝਾਅ ਦਿੱਤੇ ਗਏ ਹਨ। ਕਿਉਂ ਨਾ ਤੁਸੀਂ ਉਨ੍ਹਾਂ ਬਾਰੇ ਖੋਜਬੀਨ ਕਰੋ। ਕਈ ਲੋਕਾਂ ਨੂੰ ਸਾਡੀ ਵੈੱਬਸਾਈਟ ਵਿਚ ਇਸ ਬਾਰੇ ਦਿੱਤੀਆਂ ਵੀਡੀਓਜ਼ ਅਤੇ ਲੇਖਾਂ ਤੋਂ ਬਹੁਤ ਫ਼ਾਇਦਾ ਹੋਇਆ ਹੈ।

12. ਇਕ ਮਸੀਹੀ ਆਪਣੇ ਆਪ ਤੋਂ ਕਿਹੜੇ ਸਵਾਲ ਪੁੱਛ ਸਕਦਾ ਹੈ ਤਾਂਕਿ ਉਹ ਆਪਣੇ ਪਰਿਵਾਰ ਲਈ ਵਧੀਆ ਫ਼ੈਸਲਾ ਲੈ ਸਕੇ?

12 ਕੁਝ ਜਣਿਆਂ ਨੇ ਅਜਿਹੀ ਨੌਕਰੀ ਕਰਨ ਦਾ ਫ਼ੈਸਲਾ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪਿਆ। ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਇਹ ਫ਼ੈਸਲਾ ਕਿੰਨਾ ਗ਼ਲਤ ਸੀ। ਕਿਸੇ ਨੌਕਰੀ ਦੀ ਚੋਣ ਕਰਦਿਆਂ ਸਿਰਫ਼ ਇਹ ਨਾ ਸੋਚੋ ਕਿ ਤੁਸੀਂ ਕਿੰਨਾ ਪੈਸਾ ਕਮਾਓਗੇ, ਸਗੋਂ ਇਹ ਵੀ ਸੋਚੋ ਕਿ ਇਸ ਦਾ ਯਹੋਵਾਹ ਨਾਲ ਮੇਰੇ ਅਤੇ ਮੇਰੇ ਪਰਿਵਾਰ ਦਾ ਰਿਸ਼ਤੇ ʼਤੇ ਕੀ ਅਸਰ ਪਵੇਗਾ। (ਲੂਕਾ 14:28) ਖ਼ੁਦ ਤੋਂ ਪੁੱਛੋ: ‘ਜੇ ਮੈਨੂੰ ਆਪਣੇ ਸਾਥੀ ਨੂੰ ਛੱਡ ਕੇ ਕਿਸੇ ਹੋਰ ਜਗ੍ਹਾ ਜਾ ਕੇ ਰਹਿਣਾ ਪਵੇ, ਤਾਂ ਇਸ ਦਾ ਮੇਰੇ ਵਿਆਹੁਤਾ ਰਿਸ਼ਤੇ ʼਤੇ ਕੀ ਅਸਰ ਪਵੇਗਾ? ਕੀ ਮੈਂ ਸਾਰੀਆਂ ਸਭਾਵਾਂ ਅਤੇ ਪ੍ਰਚਾਰ ʼਤੇ ਜਾ ਸਕਾਂਗਾ? ਕੀ ਮੈਂ ਆਪਣੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਸਕਾਂਗਾ?’ ਜੇ ਤੁਹਾਡੇ ਬੱਚੇ ਹਨ, ਤਾਂ ਖ਼ੁਦ ਤੋਂ ਇਹ ਜ਼ਰੂਰੀ ਸਵਾਲ ਵੀ ਪੁੱਛੋ: ‘ਜੇ ਮੈਂ ਆਪਣੇ ਪਰਿਵਾਰ ਤੋਂ ਦੂਰ ਰਹਾਂ, ਤਾਂ ਕੀ ਮੈਂ “ਯਹੋਵਾਹ ਦਾ ਅਨੁਸ਼ਾਸਨ ਅਤੇ ਸਿੱਖਿਆ ਦਿੰਦੇ ਹੋਏ” ਆਪਣੇ ਬੱਚਿਆਂ ਦੀ ਪਰਵਰਿਸ਼ ਕਰ ਸਕਾਂਗਾ?’ (ਅਫ਼. 6:4) ਕੋਈ ਵੀ ਫ਼ੈਸਲਾ ਕਰਦਿਆਂ ਯਹੋਵਾਹ ਦੀ ਸੋਚ ʼਤੇ ਧਿਆਨ ਦਿਓ, ਨਾ ਕਿ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਦੀ ਸਲਾਹ ʼਤੇ ਜੋ ਯਹੋਵਾਹ ਦੇ ਅਸੂਲਾਂ ਮੁਤਾਬਕ ਨਹੀਂ ਚੱਲਦੇ।c ਪੱਛਮੀ ਏਸ਼ੀਆ ਵਿਚ ਰਹਿਣ ਵਾਲੇ ਭਰਾ ਟੋਨੀ ਦੇ ਤਜਰਬੇ ʼਤੇ ਧਿਆਨ ਦਿਓ। ਉਸ ਨੂੰ ਕਿਸੇ ਹੋਰ ਦੇਸ਼ ਵਿਚ ਨੌਕਰੀ ਕਰਨ ਦੇ ਕਈ ਮੌਕੇ ਮਿਲੇ। ਪਰ ਉਸ ਨੇ ਇਸ ਬਾਰੇ ਪ੍ਰਾਰਥਨਾ ਕੀਤੀ ਅਤੇ ਆਪਣੀ ਪਤਨੀ ਨਾਲ ਵੀ ਸਲਾਹ-ਮਸ਼ਵਰਾ ਕੀਤਾ। ਫਿਰ ਉਸ ਨੇ ਫ਼ੈਸਲਾ ਕੀਤਾ ਕਿ ਉਹ ਨੌਕਰੀ ਲਈ ਕਿਸੇ ਹੋਰ ਦੇਸ਼ ਨਹੀਂ ਜਾਵੇਗਾ, ਸਗੋਂ ਆਪਣੇ ਪਰਿਵਾਰ ਨਾਲ ਰਹੇਗਾ ਤੇ ਆਪਣੇ ਖ਼ਰਚੇ ਘੱਟ ਕਰੇਗਾ। ਟੋਨੀ ਕਹਿੰਦਾ ਹੈ: “ਮੇਰੇ ਇਸ ਫ਼ੈਸਲੇ ਕਰਕੇ ਮੈਂ ਬਹੁਤ ਸਾਰੇ ਲੋਕਾਂ ਦੀ ਯਹੋਵਾਹ ਬਾਰੇ ਜਾਣਨ ਵਿਚ ਮਦਦ ਕਰ ਸਕਿਆ। ਨਾਲੇ ਸਾਡੇ ਬੱਚੇ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਅਸੀਂ ਦੇਖਿਆ ਹੈ ਕਿ ਜੇ ਅਸੀਂ ਮੱਤੀ 6:33 ਮੁਤਾਬਕ ਯਹੋਵਾਹ ਦੇ ਰਾਜ ਨੂੰ ਪਹਿਲ ਦਿੰਦੇ ਰਹਿੰਦੇ ਹਾਂ, ਤਾਂ ਯਹੋਵਾਹ ਸਾਡੀਆਂ ਲੋੜਾਂ ਪੂਰੀਆਂ ਕਰਦਾ ਰਹੇਗਾ।”

ਜਦੋਂ ਇਹ ਚਿੰਤਾ ਹੋਵੇ ਕਿ ਸਾਡੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਹੋਣਗੀਆਂ

13. ਬੁਢਾਪੇ ਲਈ ਅਸੀਂ ਹੁਣ ਤੋਂ ਹੀ ਕੀ ਕਰ ਸਕਦੇ ਹਾਂ?

13 ਸ਼ਾਇਦ ਸਾਨੂੰ ਇਹ ਸੋਚ ਕੇ ਚਿੰਤਾ ਹੋਵੇ ਕਿ ਕੱਲ੍ਹ ਨੂੰ ਜਦੋਂ ਅਸੀਂ ਬੁੱਢੇ ਹੋ ਜਾਵਾਂਗੇ, ਤਾਂ ਸਾਡਾ ਗੁਜ਼ਾਰਾ ਕਿਵੇਂ ਚੱਲੇਗਾ। ਇਸ ਤੋਂ ਸਾਡੀ ਪਰਖ ਹੋ ਸਕਦੀ ਹੈ ਕਿ ਸਾਨੂੰ ਯਹੋਵਾਹ ʼਤੇ ਕਿੰਨਾ ਭਰੋਸਾ ਹੈ। ਬਾਈਬਲ ਸਾਨੂੰ ਸਖ਼ਤ ਮਿਹਨਤ ਕਰਨ ਦੀ ਹੱਲਾਸ਼ੇਰੀ ਦਿੰਦੀ ਹੈ ਤਾਂਕਿ ਭਵਿੱਖ ਲਈ ਸਾਡੇ ਕੋਲ ਲੋੜ ਜੋਗੇ ਪੈਸੇ ਹੋਣ। (ਕਹਾ. 6:6-11) ਜੇ ਮੁਮਕਿਨ ਹੋਵੇ, ਤਾਂ ਆਪਣੇ ਭਵਿੱਖ ਲਈ ਹੁਣ ਤੋਂ ਹੀ ਕੁਝ ਪੈਸੇ ਜੋੜੋ। ਇਹ ਸੱਚ ਹੈ ਕਿ ਪੈਸੇ ਨਾਲ ਕੁਝ ਹੱਦ ਤਕ ਸੁਰੱਖਿਆ ਮਿਲਦੀ ਹੈ। (ਉਪ. 7:12) ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਪੈਸਾ ਸਾਡੀ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਚੀਜ਼ ਨਾ ਬਣ ਜਾਵੇ।

14. ਆਪਣੇ ਭਵਿੱਖ ਲਈ ਯੋਜਨਾ ਬਣਾਉਂਦਿਆਂ ਸਾਨੂੰ ਇਬਰਾਨੀਆਂ 13:5 ਨੂੰ ਕਿਉਂ ਧਿਆਨ ਵਿਚ ਰੱਖਣਾ ਚਾਹੀਦਾ ਹੈ?

14 ਯਿਸੂ ਨੇ ਇਕ ਮਿਸਾਲ ਦਿੱਤੀ ਜਿਸ ਤੋਂ ਪਤਾ ਲੱਗਦਾ ਹੈ ਕਿ ਇਕ ਇਨਸਾਨ ਦੇ ਪੈਸੇ ਜੋੜਨ ਦਾ ਕੋਈ ਫ਼ਾਇਦਾ ਨਹੀਂ ਜੇ ਉਹ “ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਮੀਰ” ਨਹੀਂ ਹੈ। (ਲੂਕਾ 12:16-21) ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਕਿ ਕੱਲ੍ਹ ਨੂੰ ਕੀ ਹੋਵੇਗਾ। (ਕਹਾ. 23:4, 5; ਯਾਕੂ. 4:13-15) ਨਾਲੇ ਯਿਸੂ ਨੇ ਕਿਹਾ ਸੀ ਕਿ ਜਿਹੜੇ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣਾ ਸਾਰੀਆਂ ਚੀਜ਼ਾਂ ‘ਤਿਆਗਣ’ ਲਈ ਤਿਆਰ ਰਹਿਣਾ ਚਾਹੀਦਾ ਹੈ। (ਲੂਕਾ 14:33) ਪਹਿਲੀ ਸਦੀ ਵਿਚ ਯਹੂਦਿਯਾ ਦੇ ਮਸੀਹੀਆਂ ਨੇ ਖ਼ੁਸ਼ੀ-ਖ਼ੁਸ਼ੀ ਇੱਦਾਂ ਕੀਤਾ। (ਇਬ. 10:34) ਅੱਜ ਵੀ ਸਾਡੇ ਕਈ ਭੈਣਾਂ-ਭਰਾਵਾਂ ਨੂੰ ਆਪਣੀ ਨੌਕਰੀ ਅਤੇ ਆਪਣੀਆਂ ਚੀਜ਼ਾਂ ਤੋਂ ਹੱਥ ਧੋਣਾ ਪਿਆ ਹੈ। ਕਿਉਂ? ਕਿਉਂਕਿ ਉਨ੍ਹਾਂ ਨੇ ਰਾਜਨੀਤੀ ਵਿਚ ਹਿੱਸਾ ਲੈਣ ਤੋਂ ਇਨਕਾਰ ਕੀਤਾ। (ਪ੍ਰਕਾ. 13:16, 17) ਇੱਦਾਂ ਕਰਨ ਵਿਚ ਕਿਹੜੀ ਗੱਲ ਨੇ ਉਨ੍ਹਾਂ ਦੀ ਮਦਦ ਕੀਤੀ? ਉਨ੍ਹਾਂ ਨੂੰ ਯਹੋਵਾਹ ਦੇ ਇਸ ਵਾਅਦੇ ʼਤੇ ਪੂਰਾ ਭਰੋਸਾ ਹੈ: “ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।” (ਇਬਰਾਨੀਆਂ 13:5 ਪੜ੍ਹੋ।) ਅਸੀਂ ਆਪਣੇ ਭਵਿੱਖ ਲਈ ਪੈਸੇ ਜੋੜਨ ਲਈ ਹੁਣ ਤੋਂ ਹੀ ਮਿਹਨਤ ਕਰਦੇ ਹਾਂ। ਪਰ ਸਾਨੂੰ ਪੂਰਾ ਭਰੋਸਾ ਹੈ ਕਿ ਜੇ ਕੱਲ੍ਹ ਨੂੰ ਅਚਾਨਕ ਸਾਡੇ ਨਾਲ ਕੁਝ ਮਾੜਾ ਹੋ ਜਾਵੇ, ਤਾਂ ਯਹੋਵਾਹ ਜ਼ਰੂਰ ਸਾਡਾ ਖ਼ਿਆਲ ਰੱਖੇਗਾ।

15. ਆਪਣੇ ਬੱਚਿਆਂ ਪ੍ਰਤੀ ਮਸੀਹੀ ਮਾਪਿਆਂ ਦਾ ਕੀ ਨਜ਼ਰੀਆ ਹੋਣਾ ਚਾਹੀਦਾ ਹੈ? (ਤਸਵੀਰ ਵੀ ਦੇਖੋ।)

15 ਕੁਝ ਸਭਿਆਚਾਰਾਂ ਵਿਚ ਲੋਕ ਅਕਸਰ ਇਹ ਉਮੀਦ ਰੱਖਦੇ ਹਨ ਕਿ ਉਨ੍ਹਾਂ ਦੇ ਬੱਚੇ ਹੀ ਬੁਢਾਪੇ ਵਿਚ ਉਨ੍ਹਾਂ ਦਾ ਖ਼ਰਚਾ ਚੁੱਕਣਗੇ। ਉਹ ਆਪਣੇ ਬੱਚਿਆਂ ਨੂੰ ਉਹ ਜਮ੍ਹਾ-ਪੂੰਜੀ ਸਮਝਦੇ ਹਨ ਜੋ ਅੱਗੇ ਚੱਲ ਕੇ ਸੂਤ ਸਮੇਤ ਉਨ੍ਹਾਂ ਨੂੰ ਵਾਪਸ ਮਿਲੇਗੀ। ਪਰ ਬਾਈਬਲ ਕਹਿੰਦੀ ਹੈ ਕਿ ਮਾਪਿਆਂ ਨੂੰ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। (2 ਕੁਰਿੰ. 12:14) ਇਹ ਗੱਲ ਸੱਚ ਹੈ ਕਿ ਸ਼ਾਇਦ ਬੁਢਾਪੇ ਵਿਚ ਮਾਪਿਆਂ ਨੂੰ ਪੈਸਿਆਂ ਪੱਖੋਂ ਜਾਂ ਕਿਸੇ ਹੋਰ ਮਾਮਲੇ ਵਿਚ ਆਪਣੇ ਬੱਚਿਆਂ ਦੀ ਮਦਦ ਅਤੇ ਸਹਾਰੇ ਦੀ ਲੋੜ ਪਵੇ ਅਤੇ ਬਹੁਤ ਸਾਰੇ ਬੱਚੇ ਇੱਦਾਂ ਕਰਨ ਲਈ ਤਿਆਰ ਵੀ ਹਨ। (1 ਤਿਮੋ. 5:4) ਪਰ ਜਿਹੜੇ ਮਸੀਹੀ ਮਾਪੇ ਯਹੋਵਾਹ ʼਤੇ ਭਰੋਸਾ ਰੱਖਦੇ ਹਨ, ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਇਸ ਤਰ੍ਹਾਂ ਨਹੀਂ ਕਰਦੇ ਕਿ ਉਹ ਵੱਡੇ ਹੋ ਕੇ ਉਨ੍ਹਾਂ ਦਾ ਖ਼ਰਚਾ ਚੁੱਕਣ, ਸਗੋਂ ਉਹ ਬੱਚਿਆਂ ਦੀ ਯਹੋਵਾਹ ਦੀ ਸੇਵਾ ਕਰਨ ਵਿਚ ਮਦਦ ਕਰਦੇ ਹਨ। ਇੱਦਾਂ ਕਰਕੇ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਮਿਲਦੀ ਹੈ।​—3 ਯੂਹੰ. 4.

ਇਕ ਜੋੜਾ ਖ਼ੁਸ਼ੀ-ਖ਼ੁਸ਼ੀ ਆਪਣੀ ਧੀ ਅਤੇ ਜਵਾਈ ਨਾਲ ਵੀਡੀਓ ਕਾਲ ʼਤੇ ਗੱਲ ਕਰ ਰਿਹਾ ਹੈ। ਉਨ੍ਹਾਂ ਦੀ ਧੀ ਅਤੇ ਉਸ ਦੇ ਪਤੀ ਨੇ ਉਸਾਰੀ ਕਰਨ ਵਾਲੇ ਕੱਪੜੇ ਪਾਏ ਹੋਏ ਹਨ।

ਯਹੋਵਾਹ ʼਤੇ ਭਰੋਸਾ ਰੱਖਣ ਵਾਲੇ ਜੋੜੇ ਭਵਿੱਖ ਬਾਰੇ ਫ਼ੈਸਲੇ ਕਰਦਿਆਂ ਬਾਈਬਲ ਦੇ ਅਸੂਲਾਂ ਨੂੰ ਧਿਆਨ ਵਿਚ ਰੱਖਦੇ ਹਨ (ਪੈਰਾ 15 ਦੇਖੋ)d


16. ਮਾਪੇ ਆਪਣੇ ਬੱਚਿਆਂ ਨੂੰ ਆਪਣੇ ਪੈਰਾਂ ʼਤੇ ਖੜ੍ਹੇ ਹੋਣਾ ਕਿਵੇਂ ਸਿਖਾ ਸਕਦੇ ਹਨ? (ਅਫ਼ਸੀਆਂ 4:28)

16 ਆਪਣੀ ਮਿਸਾਲ ਰਾਹੀਂ ਬੱਚਿਆਂ ਨੂੰ ਸਿਖਾਓ ਕਿ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਮਾਮਲੇ ਵਿਚ ਉਹ ਯਹੋਵਾਹ ʼਤੇ ਭਰੋਸਾ ਕਿਵੇਂ ਰੱਖ ਸਕਦੇ ਹਨ। ਛੋਟੀ ਉਮਰ ਤੋਂ ਹੀ ਉਨ੍ਹਾਂ ਨੂੰ ਸਿਖਾਓ ਕਿ ਸਖ਼ਤ ਮਿਹਨਤ ਕਰਨੀ ਕਿੰਨੀ ਜ਼ਰੂਰੀ ਹੈ। (ਕਹਾ. 29:21; ਅਫ਼ਸੀਆਂ 4:28 ਪੜ੍ਹੋ।) ਉਨ੍ਹਾਂ ਨੂੰ ਸਕੂਲ ਵਿਚ ਦਿਲ ਲਾ ਕੇ ਪੜ੍ਹਾਈ ਕਰਨ ਦੀ ਹੱਲਾਸ਼ੇਰੀ ਦਿਓ। ਇਸ ਤੋਂ ਇਲਾਵਾ, ਇਹ ਫ਼ੈਸਲਾ ਕਰਨ ਵਿਚ ਉਨ੍ਹਾਂ ਦੀ ਮਦਦ ਕਰੋ ਕਿ ਉਹ ਕਿੰਨੀ ਪੜ੍ਹਾਈ ਕਰਨਗੇ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਇਸ ਬਾਰੇ ਬਾਈਬਲ ਦੇ ਅਸੂਲ ਲੱਭੋ ਅਤੇ ਫਿਰ ਆਪਣੇ ਬੱਚਿਆਂ ਨਾਲ ਇਨ੍ਹਾਂ ʼਤੇ ਚਰਚਾ ਕਰੋ। ਇਸ ਤਰ੍ਹਾਂ ਤੁਹਾਡੇ ਬੱਚੇ ਉਹ ਫ਼ੈਸਲਾ ਕਰ ਸਕਣਗੇ ਜਿਸ ਨਾਲ ਉਹ ਵੱਡੇ ਹੋ ਕੇ ਆਪਣੇ ਪੈਰਾਂ ʼਤੇ ਖੜ੍ਹੇ ਹੋ ਸਕਣ ਅਤੇ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਾ ਸਕਣ, ਇੱਥੋਂ ਤਕ ਕਿ ਪਾਇਨੀਅਰਿੰਗ ਵੀ ਕਰ ਸਕਣ।

17. ਅਸੀਂ ਕਿਸ ਗੱਲ ਦਾ ਯਕੀਨ ਰੱਖ ਸਕਦੇ ਹਾਂ?

17 ਯਹੋਵਾਹ ਦੇ ਵਫ਼ਾਦਾਰ ਸੇਵਕ ਯਕੀਨ ਰੱਖ ਸਕਦੇ ਹਨ ਕਿ ਯਹੋਵਾਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਨ ਦੀ ਤਾਕਤ ਰੱਖਦਾ ਹੈ ਅਤੇ ਉਹ ਇੱਦਾਂ ਕਰਨਾ ਵੀ ਚਾਹੁੰਦਾ ਹੈ। ਜਿੱਦਾਂ-ਜਿੱਦਾਂ ਅਸੀਂ ਦੁਨੀਆਂ ਦੇ ਅੰਤ ਦੇ ਨੇੜੇ ਜਾ ਰਹੇ ਹਾਂ, ਅਸੀਂ ਯਾਦ ਰੱਖ ਸਕਦੇ ਹਾਂ ਕਿ ਯਹੋਵਾਹ ʼਤੇ ਸਾਡੇ ਭਰੋਸੇ ਦੀ ਪਰਖ ਹੋਵੇਗੀ। ਪਰ ਚਾਹੇ ਜੋ ਮਰਜ਼ੀ ਹੋਵੇ, ਆਓ ਅਸੀਂ ਠਾਣ ਲਈਏ ਕਿ ਅਸੀਂ ਯਹੋਵਾਹ ʼਤੇ ਪੂਰਾ ਭਰੋਸਾ ਰੱਖਾਂਗੇ ਕਿ ਉਹ ਸਾਡੀਆਂ ਲੋੜਾਂ ਪੂਰੀਆਂ ਕਰੇਗਾ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਆਪਣੇ ਬਲਵੰਤ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਸਾਡੀ ਮਦਦ ਜ਼ਰੂਰ ਕਰੇਗਾ, ਫਿਰ ਚਾਹੇ ਅਸੀਂ ਜਿੱਥੇ ਮਰਜ਼ੀ ਜਾਂ ਜਿਹੜੇ ਮਰਜ਼ੀ ਹਾਲਾਤਾਂ ਵਿਚ ਹੋਈਏ।

ਤੁਸੀਂ ਕੀ ਜਵਾਬ ਦਿਓਗੇ?

  • ਅਸੀਂ ਮੂਸਾ ਅਤੇ ਇਜ਼ਰਾਈਲੀਆਂ ਦੀ ਮਿਸਾਲ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ?

  • ਪੈਸੇ ਦੀ ਤੰਗੀ ਝੱਲਦਿਆਂ ਅਸੀਂ ਯਹੋਵਾਹ ʼਤੇ ਆਪਣਾ ਭਰੋਸਾ ਕਿਵੇਂ ਦਿਖਾ ਸਕਦੇ ਹਾਂ?

  • ਜਦੋਂ ਇਹ ਚਿੰਤਾ ਸਤਾਵੇ ਕਿ ਅੱਗੇ ਜਾ ਕੇ ਸਾਡੀਆਂ ਜ਼ਰੂਰਤਾਂ ਕਿਵੇਂ ਪੂਰੀਆਂ ਹੋਣਗੀਆਂ, ਤਾਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ?

ਗੀਤ 150 ਯਹੋਵਾਹ ਵਿਚ ਪਨਾਹ ਲਓ

a ਅਕਤੂਬਰ 2023 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।

b 15 ਸਤੰਬਰ 2014 ਦੇ ਪਹਿਰਾਬੁਰਜ ਵਿਚ “ਪਾਠਕਾਂ ਵੱਲੋਂ ਸਵਾਲ” ਨਾਂ ਦਾ ਲੇਖ ਦੇਖੋ।

c 15 ਅਪ੍ਰੈਲ 2014 ਦੇ ਪਹਿਰਾਬੁਰਜ ਵਿਚ “ਕੋਈ ਵੀ ਇਨਸਾਨ ਦੋ ਮਾਲਕਾਂ ਦੀ ਗ਼ੁਲਾਮੀ ਨਹੀਂ ਕਰ ਸਕਦਾ” ਨਾਂ ਦਾ ਲੇਖ ਦੇਖੋ।

d ਤਸਵੀਰ ਬਾਰੇ ਜਾਣਕਾਰੀ: ਇਕ ਜੋੜਾ ਆਪਣੀ ਇਕ ਕੁੜੀ ਨਾਲ ਫ਼ੋਨ ʼਤੇ ਗੱਲ ਕਰ ਰਿਹਾ ਹੈ ਜੋ ਆਪਣੇ ਪਤੀ ਨਾਲ ਕਿੰਗਡਮ ਹਾਲ ਦੀ ਉਸਾਰੀ ਦੇ ਕੰਮ ਵਿਚ ਹੱਥ ਵਟਾ ਰਹੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ