ਅਧਿਐਨ ਲੇਖ 16
ਗੀਤ 87 ਆਓ ਤਾਜ਼ਗੀ ਪਾਓ!
ਇਕ-ਦੂਜੇ ਦੇ ਨੇੜੇ ਆਉਣਾ ਸਾਡੇ ਲਈ ਚੰਗਾ ਹੈ
“ਦੇਖੋ! ਕਿੰਨੀ ਚੰਗੀ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਭਰਾ ਮਿਲ-ਜੁਲ ਕੇ ਰਹਿਣ!”—ਜ਼ਬੂ. 133:1.
ਕੀ ਸਿੱਖਾਂਗੇ?
ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਹੋਰ ਵੀ ਨੇੜੇ ਕਿੱਦਾਂ ਆ ਸਕਦੇ ਹਾਂ ਅਤੇ ਇੱਦਾਂ ਕਰਨ ਕਰਕੇ ਯਹੋਵਾਹ ਸਾਨੂੰ ਕਿਹੜੀਆਂ ਬਰਕਤਾਂ ਦਿੰਦਾ ਹੈ।
1-2. ਯਹੋਵਾਹ ਲਈ ਕਿਹੜੀ ਗੱਲ ਬਹੁਤ ਮਾਅਨੇ ਰੱਖਦੀ ਹੈ ਅਤੇ ਉਹ ਸਾਡੇ ਤੋਂ ਕੀ ਚਾਹੁੰਦਾ ਹੈ?
ਯਹੋਵਾਹ ਲਈ ਇਹ ਗੱਲ ਬਹੁਤ ਮਾਅਨੇ ਰੱਖਦੀ ਹੈ ਕਿ ਅਸੀਂ ਦੂਜਿਆਂ ਨਾਲ ਕਿੱਦਾਂ ਪੇਸ਼ ਆਉਂਦੇ ਹਾਂ। ਯਿਸੂ ਨੇ ਸਿਖਾਇਆ ਕਿ ਅਸੀਂ ਆਪਣੇ ਗੁਆਂਢੀ ਨੂੰ ਉੱਦਾਂ ਹੀ ਪਿਆਰ ਕਰੀਏ ਜਿੱਦਾਂ ਅਸੀਂ ਆਪਣੇ ਆਪ ਨੂੰ ਕਰਦੇ ਹਾਂ। (ਮੱਤੀ 22:37-39) ਇਸ ਵਿਚ ਉਹ ਲੋਕ ਵੀ ਸ਼ਾਮਲ ਹਨ ਜਿਹੜੇ ਯਹੋਵਾਹ ਦੀ ਸੇਵਾ ਨਹੀਂ ਕਰਦੇ। ਜਦੋਂ ਅਸੀਂ ਸਾਰੇ ਲੋਕਾਂ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਰੀਸ ਕਰ ਰਹੇ ਹੁੰਦੇ ਹਾਂ ਜੋ “ਆਪਣਾ ਸੂਰਜ ਬੁਰਿਆਂ ਅਤੇ ਚੰਗਿਆਂ ਦੋਹਾਂ ʼਤੇ ਚਾੜ੍ਹਦਾ ਹੈ ਅਤੇ ਨੇਕ ਤੇ ਦੁਸ਼ਟ ਦੋਹਾਂ ʼਤੇ ਮੀਂਹ ਵਰ੍ਹਾਉਂਦਾ ਹੈ।”—ਮੱਤੀ 5:45.
2 ਭਾਵੇਂ ਕਿ ਯਹੋਵਾਹ ਸਾਰੇ ਇਨਸਾਨਾਂ ਨੂੰ ਪਿਆਰ ਕਰਦਾ ਹੈ, ਪਰ ਉਹ ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਜ਼ਿਆਦਾ ਪਿਆਰ ਕਰਦਾ ਹੈ ਜਿਹੜੇ ਉਸ ਦਾ ਕਹਿਣਾ ਮੰਨਦੇ ਹਨ। (ਯੂਹੰ. 14:21) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਦੀ ਰੀਸ ਕਰੀਏ। ਇਸ ਲਈ ਉਹ ਸਾਨੂੰ ਕਹਿੰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ “ਗੂੜ੍ਹਾ ਪਿਆਰ” ਅਤੇ “ਮੋਹ” ਰੱਖੀਏ। (1 ਪਤ. 4:8; ਰੋਮੀ. 12:10) ਅਸੀਂ ਜਿੱਦਾਂ ਆਪਣੇ ਘਰਦਿਆਂ, ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਗੂੜ੍ਹਾ ਪਿਆਰ ਤੇ ਮੋਹ ਰੱਖਦੇ ਹਾਂ, ਸਾਨੂੰ ਉੱਦਾਂ ਹੀ ਆਪਣੇ ਭੈਣਾਂ-ਭਰਾਵਾਂ ਨਾਲ ਵੀ ਪਿਆਰ ਤੇ ਮੋਹ ਰੱਖਣਾ ਚਾਹੀਦਾ ਹੈ।
3. ਸਾਨੂੰ ਪਿਆਰ ਬਾਰੇ ਕੀ ਯਾਦ ਰੱਖਣਾ ਚਾਹੀਦਾ ਹੈ?
3 ਪਿਆਰ ਇਕ ਪੌਦੇ ਵਾਂਗ ਹੈ। ਇਕ ਪੌਦਾ ਵਧ-ਫੁੱਲ ਸਕੇ, ਇਸ ਲਈ ਸਾਨੂੰ ਉਸ ਦਾ ਖ਼ਿਆਲ ਰੱਖਣ ਦੀ ਲੋੜ ਹੈ। ਉੱਦਾਂ ਹੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਆਪਣੇ ਆਪ ਹੀ ਨਹੀਂ ਵਧੇਗਾ, ਸਗੋਂ ਇਸ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਪੌਲੁਸ ਨੇ ਮਸੀਹੀਆਂ ਨੂੰ ਕਿਹਾ: “ਇਕ-ਦੂਜੇ ਨਾਲ ਭਰਾਵਾਂ ਵਾਂਗ ਪਿਆਰ ਕਰਦੇ ਰਹੋ।” (ਇਬ. 13:1) ਯਹੋਵਾਹ ਚਾਹੁੰਦਾ ਹੈ ਕਿ ਅਸੀਂ ਦੂਜਿਆਂ ਲਈ ਆਪਣਾ ਪਿਆਰ ਵਧਾਉਂਦੇ ਰਹੀਏ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਸਾਨੂੰ ਆਪਣੇ ਭੈਣਾਂ-ਭਰਾਵਾਂ ਦੇ ਹੋਰ ਵੀ ਨੇੜੇ ਕਿਉਂ ਆਉਣਾ ਚਾਹੀਦਾ ਹੈ ਅਤੇ ਅਸੀਂ ਇਹ ਕਿੱਦਾਂ ਕਰਦੇ ਰਹਿ ਸਕਦੇ ਹਾਂ।
ਸਾਨੂੰ ਇਕ-ਦੂਜੇ ਦੇ ਹੋਰ ਵੀ ਨੇੜੇ ਕਿਉਂ ਆਉਣਾ ਚਾਹੀਦਾ ਹੈ?
4. ਜ਼ਬੂਰ 133:1 ਮੁਤਾਬਕ ਸਾਡੇ ਵਿਚ ਜੋ ਏਕਤਾ ਹੈ, ਅਸੀਂ ਉਸ ਲਈ ਆਪਣੀ ਕਦਰ ਕਿਵੇਂ ਬਣਾਈ ਰੱਖ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)
4 ਜ਼ਬੂਰ 133:1 ਪੜ੍ਹੋ। ਅਸੀਂ ਜ਼ਬੂਰਾਂ ਦੇ ਇਸ ਲਿਖਾਰੀ ਨਾਲ ਸਹਿਮਤ ਹਾਂ ਜਿਸ ਨੇ ਕਿਹਾ ਕਿ ਯਹੋਵਾਹ ਨੂੰ ਪਿਆਰ ਕਰਨ ਵਾਲੇ ਲੋਕਾਂ ਨਾਲ ਦੋਸਤੀ ਹੋਣੀ “ਚੰਗੀ” ਅਤੇ “ਖ਼ੁਸ਼ੀ” ਦੀ ਗੱਲ ਹੈ। ਸਾਡੇ ਵਿਚ ਜੋ ਏਕਤਾ ਹੈ, ਉਹ ਬਹੁਤ ਹੀ ਅਨੋਖੀ ਹੈ। ਪਰ ਹੋ ਸਕਦਾ ਹੈ ਕਿ ਇਸ ਗੱਲ ਲਈ ਸਾਡੀ ਕਦਰ ਘੱਟ ਜਾਵੇ। ਇਸ ਨੂੰ ਸਮਝਣ ਲਈ ਇਕ ਮਿਸਾਲ ʼਤੇ ਧਿਆਨ ਦਿਓ। ਮੰਨ ਲਓ ਕਿ ਇਕ ਵਿਅਕਤੀ ਰੋਜ਼ ਸੜਕ ਕਿਨਾਰੇ ਇਕ ਵੱਡਾ ਦਰਖ਼ਤ ਦੇਖਦਾ ਹੈ। ਜਦੋਂ ਉਸ ਨੇ ਪਹਿਲੀ ਵਾਰ ਉਹ ਦਰਖ਼ਤ ਦੇਖਿਆ ਸੀ, ਤਾਂ ਉਹ ਹੈਰਾਨ ਰਹਿ ਗਿਆ ਸੀ। ਪਰ ਸਮੇਂ ਦੇ ਬੀਤਣ ਨਾਲ ਸ਼ਾਇਦ ਉਹ ਦਰਖ਼ਤ ਉਸ ਨੂੰ ਮਾਮੂਲੀ ਜਿਹਾ ਲੱਗਣ ਲੱਗ ਪਵੇ। ਉਸੇ ਤਰ੍ਹਾਂ ਅਸੀਂ ਹਰ ਹਫ਼ਤੇ ਕਈ ਵਾਰ ਆਪਣੇ ਭੈਣਾਂ-ਭਰਾਵਾਂ ਨਾਲ ਮਿਲਦੇ ਹਾਂ। ਇਸ ਲਈ ਹੋ ਸਕਦਾ ਹੈ ਕਿ ਉਨ੍ਹਾਂ ਲਈ ਸਾਡੀ ਕਦਰ ਘੱਟ ਜਾਵੇ। ਤਾਂ ਫਿਰ ਅਸੀਂ ਭੈਣਾਂ-ਭਰਾਵਾਂ ਲਈ ਆਪਣੀ ਕਦਰ ਕਿਵੇਂ ਬਣਾਈ ਰੱਖ ਸਕਦੇ ਹਾਂ? ਜੇ ਅਸੀਂ ਸਮਾਂ ਕੱਢ ਕੇ ਇਸ ਗੱਲ ʼਤੇ ਸੋਚ-ਵਿਚਾਰ ਕਰੀਏ ਕਿ ਸਾਡੀ ਜ਼ਿੰਦਗੀ ਅਤੇ ਮੰਡਲੀ ਵਿਚ ਹਰੇਕ ਭੈਣ-ਭਰਾ ਦੀ ਕਿੰਨੀ ਅਹਿਮੀਅਤ ਹੈ, ਤਾਂ ਉਨ੍ਹਾਂ ਲਈ ਸਾਡਾ ਪਿਆਰ ਤੇ ਕਦਰ ਵਧੇਗੀ।
ਮਸੀਹੀ ਏਕਤਾ ਨੂੰ ਕਦੇ ਵੀ ਛੋਟੀ-ਮੋਟੀ ਗੱਲ ਨਾ ਸਮਝੋ (ਪੈਰਾ 4 ਦੇਖੋ)
5. ਸਾਡੇ ਵਿਚ ਪਿਆਰ ਦੇਖ ਕੇ ਲੋਕਾਂ ʼਤੇ ਕੀ ਅਸਰ ਪੈ ਸਕਦਾ ਹੈ?
5 ਕੁਝ ਲੋਕ ਜਦੋਂ ਪਹਿਲੀ ਵਾਰ ਸਭਾ ਵਿਚ ਆਏ, ਤਾਂ ਉਹ ਸਾਡੇ ਵਿਚ ਪਿਆਰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਸਿਰਫ਼ ਇਸੇ ਗੱਲ ਨੂੰ ਦੇਖ ਕੇ ਸ਼ਾਇਦ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਨ੍ਹਾਂ ਨੂੰ ਸੱਚਾਈ ਮਿਲ ਗਈ ਹੈ। ਨਾਲੇ ਯਿਸੂ ਨੇ ਵੀ ਕਿਹਾ ਸੀ: “ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।” (ਯੂਹੰ. 13:35) ਜ਼ਰਾ ਭੈਣ ਚੈਥਰਾ ਦੇ ਤਜਰਬੇ ʼਤੇ ਗੌਰ ਕਰੋ। ਉਹ ਯਹੋਵਾਹ ਦੇ ਗਵਾਹਾਂ ਨਾਲ ਸਟੱਡੀ ਕਰਦੀ ਸੀ। ਇਕ ਵਾਰ ਉਹ ਸਾਡੇ ਵੱਡੇ ਸੰਮੇਲਨ ʼਤੇ ਹਾਜ਼ਰ ਹੋਈ। ਸੰਮੇਲਨ ਦੇ ਪਹਿਲੇ ਦਿਨ ਵਿਚ ਹਾਜ਼ਰ ਹੋਣ ਤੋਂ ਬਾਅਦ ਉਸ ਨੇ ਆਪਣੀ ਸਟੱਡੀ ਕਰਾਉਣ ਵਾਲੀ ਭੈਣ ਨੂੰ ਕਿਹਾ: “ਮੇਰੇ ਮਾਪਿਆਂ ਨੇ ਕਦੇ ਵੀ ਮੈਨੂੰ ਗਲ਼ੇ ਨਹੀਂ ਲਾਇਆ। ਪਰ ਤੁਹਾਡੇ ਸੰਮੇਲਨ ਵਿਚ ਮੈਨੂੰ ਇੱਕੋ ਦਿਨ 52 ਵਾਰ ਗਲ਼ੇ ਲਗਾਇਆ ਗਿਆ। ਮੈਨੂੰ ਇੱਦਾਂ ਲੱਗਾ ਜਿੱਦਾਂ ਯਹੋਵਾਹ ਇਨ੍ਹਾਂ ਲੋਕਾਂ ਰਾਹੀਂ ਮੈਨੂੰ ਆਪਣੇ ਪਿਆਰ ਦਾ ਅਹਿਸਾਸ ਕਰਵਾ ਰਿਹਾ ਸੀ। ਮੈਂ ਤੁਹਾਡੇ ਇਸ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦੀ ਹਾਂ।” ਚੈਥਰਾ ਨੇ ਤਰੱਕੀ ਕੀਤੀ ਅਤੇ ਸਾਲ 2024 ਵਿਚ ਬਪਤਿਸਮਾ ਲੈ ਲਿਆ। ਜੀ ਹਾਂ, ਜਦੋਂ ਨਵੇਂ ਲੋਕ ਸਾਡੇ ਚੰਗੇ ਕੰਮ ਅਤੇ ਸਾਡੇ ਵਿਚ ਪਿਆਰ ਦੇਖਦੇ ਹਨ, ਤਾਂ ਉਹ ਅਕਸਰ ਯਹੋਵਾਹ ਦੀ ਸੇਵਾ ਕਰਨ ਲਈ ਪ੍ਰੇਰਿਤ ਹੁੰਦੇ ਹਨ।—ਮੱਤੀ 5:16.
6. ਭੈਣਾਂ-ਭਰਾਵਾਂ ਦੇ ਹੋਰ ਵੀ ਨੇੜੇ ਆਉਣ ਕਰਕੇ ਸਾਡੀ ਹਿਫਾਜ਼ਤ ਕਿਵੇਂ ਹੁੰਦੀ ਹੈ?
6 ਭੈਣਾਂ-ਭਰਾਵਾਂ ਦੇ ਹੋਰ ਵੀ ਨੇੜੇ ਆਉਣ ਕਰਕੇ ਸਾਡੀ ਹਿਫਾਜ਼ਤ ਹੁੰਦੀ ਹੈ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਕਿਹਾ: “ਇਕ-ਦੂਜੇ ਨੂੰ ਰੋਜ਼ ਹੱਲਾਸ਼ੇਰੀ ਦਿੰਦੇ ਰਹੋ ਤਾਂਕਿ ਤੁਹਾਡੇ ਵਿੱਚੋਂ ਕੋਈ ਵੀ ਪਾਪ ਦੀ ਧੋਖਾ ਦੇਣ ਵਾਲੀ ਤਾਕਤ ਨਾਲ ਕਠੋਰ ਨਾ ਬਣ ਜਾਵੇ।” (ਇਬ. 3:13) ਜੇ ਅਸੀਂ ਬਹੁਤ ਜ਼ਿਆਦਾ ਨਿਰਾਸ਼ ਹੋ ਜਾਈਏ, ਤਾਂ ਸਾਡੇ ਲਈ ਸਹੀ ਰਾਹ ʼਤੇ ਚੱਲਣਾ ਔਖਾ ਹੋ ਸਕਦਾ ਹੈ। ਇਸ ਹਾਲਾਤ ਵਿਚ ਯਹੋਵਾਹ ਕਿਸੇ ਵੀ ਭੈਣ-ਭਰਾ ਰਾਹੀਂ ਸਾਡੀ ਮਦਦ ਕਰ ਸਕਦਾ ਹੈ ਤਾਂਕਿ ਅਸੀਂ ਸਹੀ ਰਾਹ ʼਤੇ ਤੁਰਦੇ ਰਹੀਏ। (ਜ਼ਬੂ. 73:2, 17, 23) ਉਨ੍ਹਾਂ ਵੱਲੋਂ ਮਿਲਦੀ ਮਦਦ ਕਰਕੇ ਸਾਨੂੰ ਬਹੁਤ ਫ਼ਾਇਦਾ ਹੁੰਦਾ ਹੈ।
7. ਇਕ-ਦੂਜੇ ਨਾਲ ਪਿਆਰ ਕਰਨ ਕਰਕੇ ਸਾਡੀ ਏਕਤਾ ਕਿਵੇਂ ਬਣੀ ਰਹਿੰਦੀ ਹੈ? (ਕੁਲੁੱਸੀਆਂ 3:13, 14)
7 ਅਸੀਂ ਯਹੋਵਾਹ ਦੇ ਲੋਕ ਇਕ-ਦੂਜੇ ਨੂੰ ਦਿਲੋਂ ਪਿਆਰ ਕਰਦੇ ਹਾਂ ਅਤੇ ਇਸ ਨੂੰ ਜ਼ਾਹਰ ਕਰਨ ਦੀ ਪੂਰੀ ਕੋਸ਼ਿਸ਼ ਵੀ ਕਰਦੇ ਹਾਂ। ਇਸ ਕਰਕੇ ਸਾਨੂੰ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। (1 ਯੂਹੰ. 4:11) ਮਿਸਾਲ ਲਈ, ਪਿਆਰ ਕਰਕੇ ਅਸੀਂ “ਇਕ-ਦੂਜੇ ਦੀ ਸਹਿੰਦੇ” ਰਹਿੰਦੇ ਹਾਂ। ਨਤੀਜੇ ਵਜੋਂ, ਸਾਡੇ ਵਿਚ ਏਕਤਾ ਬਣੀ ਰਹਿੰਦੀ ਹੈ। (ਕੁਲੁੱਸੀਆਂ 3:13, 14 ਪੜ੍ਹੋ; ਅਫ਼. 4:2-6) ਇੰਨਾ ਹੀ ਨਹੀਂ, ਸਾਡੀਆਂ ਸਭਾਵਾਂ ਵਿਚ ਅਜਿਹਾ ਖ਼ੁਸ਼ਨੁਮਾ ਮਾਹੌਲ ਹੁੰਦਾ ਹੈ ਜੋ ਦੁਨੀਆਂ ਦੇ ਹੋਰ ਕਿਸੇ ਵੀ ਸੰਗਠਨ ਵਿਚ ਨਹੀਂ ਪਾਇਆ ਜਾਂਦਾ।
ਇਕ-ਦੂਜੇ ਦੀ ਇੱਜ਼ਤ ਕਰੋ
8. ਭੈਣਾਂ-ਭਰਾਵਾਂ ਨਾਲ ਏਕਤਾ ਬਣਾਈ ਰੱਖਣ ਵਿਚ ਯਹੋਵਾਹ ਸਾਡੀ ਕਿਵੇਂ ਮਦਦ ਕਰਦਾ ਹੈ?
8 ਭਾਵੇਂ ਕਿ ਅਸੀਂ ਸਾਰੇ ਨਾਮੁਕੰਮਲ ਹਾਂ, ਫਿਰ ਵੀ ਸਾਡੇ ਵਿਚ ਏਕਤਾ ਹੈ। ਇਹ ਏਕਤਾ ਸਿਰਫ਼ ਯਹੋਵਾਹ ਕਰਕੇ ਹੀ ਮੁਮਕਿਨ ਹੋਈ ਹੈ। (1 ਕੁਰਿੰ. 12:24, 25) ਬਾਈਬਲ ਕਹਿੰਦੀ ਹੈ: “ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਪਰਮੇਸ਼ੁਰ ਨੇ ਆਪ ਤੁਹਾਨੂੰ ਦਿੱਤੀ ਹੈ।” (1 ਥੱਸ. 4:9) ਇਸ ਦਾ ਮਤਲਬ ਹੈ ਕਿ ਯਹੋਵਾਹ ਬਾਈਬਲ ਦੇ ਜ਼ਰੀਏ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਇਕ-ਦੂਜੇ ਦੇ ਹੋਰ ਵੀ ਨੇੜੇ ਆਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ। ਜਦੋਂ ਅਸੀਂ ਇਨ੍ਹਾਂ ਸਿੱਖਿਆਵਾਂ ਦਾ ਅਧਿਐਨ ਕਰਦੇ ਹਾਂ ਅਤੇ ਇਨ੍ਹਾਂ ਨੂੰ ਲਾਗੂ ਕਰਦੇ ਹਾਂ, ਤਾਂ ਅਸੀਂ ਯਹੋਵਾਹ ਵੱਲੋਂ ਸਿਖਾਏ ਜਾ ਰਹੇ ਹੁੰਦੇ ਹਾਂ। (ਇਬ. 4:12; ਯਾਕੂ. 1:25) ਅੱਜ ਯਹੋਵਾਹ ਦੇ ਗਵਾਹ ਇੱਦਾਂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ।
9. ਇਕ-ਦੂਜੇ ਦੀ ਇੱਜ਼ਤ ਕਰਨ ਬਾਰੇ ਅਸੀਂ ਰੋਮੀਆਂ 12:9-13 ਤੋਂ ਕੀ ਸਿੱਖਦੇ ਹਾਂ?
9 ਇਕ-ਦੂਜੇ ਦੇ ਹੋਰ ਵੀ ਨੇੜੇ ਆਉਣ ਵਿਚ ਪਰਮੇਸ਼ੁਰ ਦਾ ਬਚਨ ਸਾਡੀ ਕਿੱਦਾਂ ਮਦਦ ਕਰਦਾ ਹੈ? ਗੌਰ ਕਰੋ ਕਿ ਰੋਮੀਆਂ 12:9-13 ਵਿਚ ਪੌਲੁਸ ਨੇ ਇਸ ਬਾਰੇ ਕੀ ਕਿਹਾ ਸੀ। (ਪੜ੍ਹੋ।) ਉਸ ਨੇ ਕਿਹਾ: “ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ।” ਉਸ ਦੇ ਕਹਿਣ ਦਾ ਕੀ ਮਤਲਬ ਸੀ? ਇਹੀ ਕਿ ਸਾਨੂੰ ਦੂਜਿਆਂ ਨਾਲ “ਮੋਹ” ਰੱਖਣ ਵਿਚ ਪਹਿਲ ਕਰਨੀ ਚਾਹੀਦੀ ਹੈ। ਅਸੀਂ ਇਹ ਕਿੱਦਾਂ ਕਰ ਸਕਦੇ ਹਾਂ? ਇਕ-ਦੂਜੇ ਨੂੰ ਮਾਫ਼ ਕਰ ਕੇ, ਪਰਾਹੁਣਚਾਰੀ ਕਰ ਕੇ, ਆਪਣੀਆਂ ਚੀਜ਼ਾਂ ਸਾਂਝੀਆਂ ਕਰ ਕੇ ਅਤੇ ਇੱਦਾਂ ਦੇ ਹੋਰ ਕਈ ਚੰਗੇ ਕੰਮ ਕਰ ਕੇ। (ਅਫ਼. 4:32) ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਹਿਲਾਂ ਭੈਣ-ਭਰਾ ਸਾਡੇ ਨੇੜੇ ਆਉਣ, ਫਿਰ ਹੀ ਅਸੀਂ ਉਨ੍ਹਾਂ ਦੇ ਨੇੜੇ ਜਾਵਾਂਗੇ। ਇਸ ਦੀ ਬਜਾਇ, ਅਸੀਂ ਖ਼ੁਦ ‘ਪਹਿਲ ਕਰ’ ਸਕਦੇ ਹਾਂ। ਫਿਰ ਅਸੀਂ ਯਿਸੂ ਦੀ ਕਹੀ ਇਹ ਗੱਲ ਸੱਚ ਸਾਬਤ ਹੁੰਦਿਆਂ ਦੇਖਾਂਗੇ: “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ।”—ਰਸੂ. 20:35.
10. ਅਸੀਂ “ਇਕ-ਦੂਜੇ ਦੀ ਇੱਜ਼ਤ ਕਰਨ” ਵਿਚ ਮਿਹਨਤੀ ਕਿਵੇਂ ਬਣ ਸਕਦੇ ਹਾਂ? (ਤਸਵੀਰ ਵੀ ਦੇਖੋ।)
10 ਧਿਆਨ ਦਿਓ ਕਿ ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰਨ ਬਾਰੇ ਦੱਸਣ ਤੋਂ ਬਾਅਦ ਪੌਲੁਸ ਨੇ ਕਿਹਾ: “ਮਿਹਨਤੀ ਬਣੋ, ਨਾ ਕਿ ਆਲਸੀ।” ਇਕ ਮਿਹਨਤੀ ਵਿਅਕਤੀ ਜੋਸ਼ੀਲਾ ਹੁੰਦਾ ਹੈ ਅਤੇ ਜਦੋਂ ਉਸ ਨੂੰ ਕੋਈ ਕੰਮ ਕਰਨ ਲਈ ਦਿੱਤਾ ਜਾਂਦਾ ਹੈ, ਤਾਂ ਉਹ ਦਿਲ ਲਾ ਕੇ ਉਸ ਨੂੰ ਪੂਰਾ ਕਰਦਾ ਹੈ। ਕਹਾਉਤਾਂ 3:27, 28 ਵਿਚ ਸਾਨੂੰ ਹੱਲਾਸ਼ੇਰੀ ਦਿੱਤੀ ਗਈ ਹੈ: “ਜੇ ਤੇਰੇ ਹੱਥ-ਵੱਸ ਹੋਵੇ, ਤਾਂ ਉਨ੍ਹਾਂ ਦਾ ਭਲਾ ਕਰਨੋਂ ਪਿੱਛੇ ਨਾ ਹਟੀਂ ਜਿਨ੍ਹਾਂ ਦਾ ਭਲਾ ਕਰਨਾ ਚਾਹੀਦਾ ਹੈ।” ਇਸ ਲਈ ਜਦੋਂ ਅਸੀਂ ਕਿਸੇ ਨੂੰ ਲੋੜਵੰਦ ਦੇਖਦੇ ਹਾਂ, ਤਾਂ ਅਸੀਂ ਉਸ ਦੀ ਮਦਦ ਕਰਨ ਲਈ ਝੱਟ ਕਦਮ ਚੁੱਕਦੇ ਹਾਂ ਅਤੇ ਸਾਡੇ ਤੋਂ ਜੋ ਹੋ ਸਕਦਾ ਹੈ, ਉਹ ਕਰਦੇ ਹਾਂ। ਅਸੀਂ ਮਦਦ ਕਰਨ ਵਿਚ ਟਾਲ-ਮਟੋਲ ਨਹੀਂ ਕਰਦੇ ਅਤੇ ਨਾ ਹੀ ਇਹ ਸੋਚਦੇ ਹਾਂ ਕਿ ਕੋਈ ਹੋਰ ਉਸ ਦੀ ਮਦਦ ਕਰ ਦੇਵੇਗਾ।—1 ਯੂਹੰ. 3:17, 18.
ਸਾਨੂੰ ਲੋੜਵੰਦ ਭੈਣਾਂ-ਭਰਾਵਾਂ ਦੀ ਮਦਦ ਕਰਨ ਵਿਚ ਪਹਿਲ ਕਰਨੀ ਚਾਹੀਦੀ ਹੈ (ਪੈਰਾ 10 ਦੇਖੋ)
11. ਇਕ-ਦੂਜੇ ਦੇ ਹੋਰ ਵੀ ਨੇੜੇ ਆਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
11 ਇਕ-ਦੂਜੇ ਦੀ ਇੱਜ਼ਤ ਕਰਨ ਦਾ ਇਕ ਹੋਰ ਤਰੀਕਾ ਹੈ, ਇਕ-ਦੂਜੇ ਨੂੰ ਝੱਟ ਮਾਫ਼ ਕਰਨਾ। ਅਫ਼ਸੀਆਂ 4:26 ਵਿਚ ਕਿਹਾ ਗਿਆ ਹੈ: “ਸੂਰਜ ਡੁੱਬਣ ਤੋਂ ਪਹਿਲਾਂ ਆਪਣੇ ਗੁੱਸੇ ਨੂੰ ਥੁੱਕ ਦਿਓ।” ਕਿਉਂ? ਆਇਤ 27 ਦੱਸਦੀ ਹੈ ਕਿ ਜੇ ਅਸੀਂ ਇੱਦਾਂ ਨਹੀਂ ਕਰਦੇ, ਤਾਂ ਅਸੀਂ “ਸ਼ੈਤਾਨ ਨੂੰ ਮੌਕਾ” ਦੇ ਰਹੇ ਹੋਵਾਂਗੇ। ਆਪਣੇ ਬਚਨ ਵਿਚ ਯਹੋਵਾਹ ਸਾਨੂੰ ਵਾਰ-ਵਾਰ ਕਹਿੰਦਾ ਹੈ ਕਿ ਅਸੀਂ ਦੂਜਿਆਂ ਨੂੰ ਮਾਫ਼ ਕਰੀਏ। ਕੁਲੁੱਸੀਆਂ 3:13 ਵਿਚ ਲਿਖਿਆ ਹੈ: “ਇਕ-ਦੂਜੇ ਨੂੰ ਦਿਲੋਂ ਮਾਫ਼ ਕਰਦੇ ਰਹੋ।” ਦੂਜਿਆਂ ਦੀਆਂ ਗ਼ਲਤੀਆਂ ਨੂੰ ਨਜ਼ਰਅੰਦਾਜ਼ ਕਰਨਾ ਅਤੇ ਉਨ੍ਹਾਂ ਨੂੰ ਮਾਫ਼ ਕਰਨਾ ਇਕ-ਦੂਜੇ ਦੇ ਹੋਰ ਵੀ ਨੇੜੇ ਆਉਣ ਦਾ ਇਕ ਵਧੀਆ ਤਰੀਕਾ ਹੈ। ਜਦੋਂ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ‘ਇਕ-ਦੂਜੇ ਨਾਲ ਸ਼ਾਂਤੀ ਭਰਿਆ ਰਿਸ਼ਤਾ ਰੱਖਣ ਅਤੇ ਏਕਤਾ ਦੇ ਬੰਧਨ ਨੂੰ ਪੱਕਾ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।’ (ਅਫ਼. 4:3) ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਮਾਫ਼ ਕਰਨ ਨਾਲ ਸਾਡੇ ਵਿਚ ਏਕਤਾ ਤੇ ਸ਼ਾਂਤੀ ਬਣੀ ਰਹਿੰਦੀ ਹੈ।
12. ਯਹੋਵਾਹ ਮਾਫ਼ ਕਰਨ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?
12 ਇਹ ਗੱਲ ਸੱਚ ਹੈ ਕਿ ਜਦੋਂ ਕੋਈ ਸਾਡਾ ਦਿਲ ਦੁਖਾਉਂਦਾ ਹੈ, ਤਾਂ ਸਾਡੇ ਲਈ ਉਸ ਨੂੰ ਮਾਫ਼ ਕਰਨਾ ਬਹੁਤ ਔਖਾ ਹੁੰਦਾ ਹੈ। ਪਰ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਉਸ ਨੂੰ ਮਾਫ਼ ਕਰ ਸਕਦੇ ਹਾਂ। ਇਕ-ਦੂਜੇ ਨਾਲ “ਮੋਹ” ਰੱਖਣ ਅਤੇ “ਮਿਹਨਤੀ” ਬਣਨ ਦੀ ਸਲਾਹ ਦੇਣ ਤੋਂ ਬਾਅਦ ਪੌਲੁਸ ਨੇ ਕਿਹਾ: “ਪਵਿੱਤਰ ਸ਼ਕਤੀ ਦੀ ਮਦਦ ਨਾਲ ਜੋਸ਼ੀਲੇ ਬਣੋ।” (ਰੋਮੀ. 12:11) ਪਵਿੱਤਰ ਸ਼ਕਤੀ ਕਿਸ ਮਾਅਨੇ ਵਿਚ ਸਾਨੂੰ “ਜੋਸ਼ੀਲੇ” ਬਣਾਉਂਦੀ ਹੈ? ਪਵਿੱਤਰ ਸ਼ਕਤੀ ਸਾਡੇ ਅੰਦਰ ਚੰਗੇ ਕੰਮ ਕਰਨ ਲਈ ਜੋਸ਼ ਭਰ ਦਿੰਦੀ ਹੈ। ਇਸ ਦਾ ਮਤਲਬ ਹੈ ਕਿ ਪਵਿੱਤਰ ਸ਼ਕਤੀ ਸਾਨੂੰ ਦੂਸਰਿਆਂ ਨਾਲ ਮੋਹ ਰੱਖਣ ਅਤੇ ਉਨ੍ਹਾਂ ਨੂੰ ਮਾਫ਼ ਕਰਨ ਲਈ ਪ੍ਰੇਰਿਤ ਕਰ ਸਕਦੀ ਹੈ। ਇਸ ਲਈ ਅਸੀਂ ਪਵਿੱਤਰ ਸ਼ਕਤੀ ਲਈ ਯਹੋਵਾਹ ਨੂੰ ਦਿਲੋਂ ਪ੍ਰਾਰਥਨਾ ਕਰਦੇ ਹਾਂ।—ਲੂਕਾ 11:13.
“ਤੁਹਾਡੇ ਵਿਚ ਫੁੱਟ ਨਾ ਪਈ ਹੋਵੇ”
13. ਸਾਡੇ ਵਿਚ ਫੁੱਟ ਕਿਉਂ ਪੈ ਸਕਦੀ ਹੈ?
13 ਇਕ ਮੰਡਲੀ ਵਿਚ “ਹਰ ਤਰ੍ਹਾਂ ਦੇ ਲੋਕ” ਹੁੰਦੇ ਹਨ ਜਿਨ੍ਹਾਂ ਦੀ ਪਰਵਰਿਸ਼ ਵੱਖੋ-ਵੱਖਰੇ ਮਾਹੌਲ ਵਿਚ ਹੋਈ ਹੁੰਦੀ ਹੈ। (1 ਤਿਮੋ. 2:3, 4) ਇਸ ਲਈ ਇਲਾਜ, ਮਨੋਰੰਜਨ ਜਾਂ ਪਹਿਰਾਵੇ ਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਭੈਣਾਂ-ਭਰਾਵਾਂ ਦੀ ਪਸੰਦ-ਨਾਪਸੰਦ ਇਕ-ਦੂਜੇ ਤੋਂ ਅਲੱਗ ਹੋ ਸਕਦੀ ਹੈ। ਜੇ ਅਸੀਂ ਖ਼ਬਰਦਾਰ ਨਾ ਰਹੀਏ, ਤਾਂ ਇਸ ਕਰਕੇ ਮੰਡਲੀ ਵਿਚ ਫੁੱਟ ਪੈ ਸਕਦੀ ਹੈ। (ਰੋਮੀ. 14:4; 1 ਕੁਰਿੰ. 1:10) ਪਰਮੇਸ਼ੁਰ ਨੇ ਸਾਨੂੰ ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਦਿੱਤੀ ਹੈ। ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਦੇ ਵੀ ਖ਼ੁਦ ਨੂੰ ਦੂਜਿਆਂ ਨਾਲੋਂ ਵਧੀਆ ਨਾ ਸਮਝੀਏ ਅਤੇ ਨਾ ਹੀ ਉਨ੍ਹਾਂ ʼਤੇ ਆਪਣੇ ਫ਼ੈਸਲੇ ਥੋਪੀਏ।—ਫ਼ਿਲਿ. 2:3.
14. ਸਾਨੂੰ ਹਮੇਸ਼ਾ ਕੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਿਉਂ?
14 ਅਸੀਂ ਹੋਰ ਕੀ ਕਰ ਸਕਦੇ ਹਾਂ ਤਾਂਕਿ ਮੰਡਲੀ ਵਿਚ ਫੁੱਟ ਨਾ ਪਵੇ? ਅਸੀਂ ਦੂਜਿਆਂ ਨੂੰ ਤਾਜ਼ਗੀ ਪਹੁੰਚਾਉਣ ਅਤੇ ਹੌਸਲਾ ਵਧਾਉਣ ਦੀ ਪੂਰੀ ਕੋਸ਼ਿਸ਼ ਕਰ ਸਕਦੇ ਹਾਂ। (1 ਥੱਸ. 5:11) ਹਾਲ ਹੀ ਦੇ ਸਮੇਂ ਵਿਚ ਅਜਿਹੇ ਕਈ ਜਣੇ ਮੰਡਲੀ ਵਿਚ ਵਾਪਸ ਆਏ ਹਨ ਜੋ ਸੱਚਾਈ ਵਿਚ ਜਾਂ ਤਾਂ ਠੰਢੇ ਪੈ ਚੁੱਕੇ ਸਨ ਜਾਂ ਜਿਨ੍ਹਾਂ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਗਿਆ ਸੀ। ਅਸੀਂ ਉਨ੍ਹਾਂ ਦਾ ਬਹੁਤ ਪਿਆਰ ਨਾਲ ਸੁਆਗਤ ਕਰਦੇ ਹਾਂ। (2 ਕੁਰਿੰ. 2:8) ਜ਼ਰਾ ਇਕ ਭੈਣ ਦੇ ਤਜਰਬੇ ʼਤੇ ਧਿਆਨ ਦਿਓ ਜੋ ਪਿਛਲੇ ਦਸ ਸਾਲਾਂ ਤੋਂ ਨਾ ਤਾਂ ਪ੍ਰਚਾਰ ʼਤੇ ਆ ਰਹੀ ਸੀ ਅਤੇ ਨਾ ਹੀ ਸਭਾਵਾਂ ʼਤੇ। ਫਿਰ ਉਹ ਇੰਨੇ ਸਾਲਾਂ ਬਾਅਦ ਪਹਿਲੀ ਵਾਰ ਸਭਾ ਵਿਚ ਆਈ। ਉਹ ਦੱਸਦੀ ਹੈ: “ਸਾਰਿਆਂ ਨੇ ਮੁਸਕਰਾਉਂਦੇ ਹੋਏ ਤੇ ਪਿਆਰ ਨਾਲ ਮੇਰਾ ਸੁਆਗਤ ਕੀਤਾ ਅਤੇ ਮੇਰੇ ਨਾਲ ਹੱਥ ਮਿਲਾਇਆ।” (ਰਸੂ. 3:19) ਇਸ ਦਾ ਉਸ ʼਤੇ ਕੀ ਅਸਰ ਪਿਆ? ਉਹ ਦੱਸਦੀ ਹੈ: “ਮੈਨੂੰ ਇੱਦਾਂ ਲੱਗਾ ਜਿੱਦਾਂ ਯਹੋਵਾਹ ਮੈਨੂੰ ਫਿਰ ਤੋਂ ਖ਼ੁਸ਼ ਰਹਿਣਾ ਸਿਖਾ ਰਿਹਾ ਹੋਵੇ।” ਜੇ ਅਸੀਂ ਦੂਜਿਆਂ ਦਾ ਹੌਸਲਾ ਵਧਾਉਂਦੇ ਹਾਂ, ਤਾਂ ਯਿਸੂ ਸਾਨੂੰ ਵਰਤ ਕੇ ਉਨ੍ਹਾਂ ਲੋਕਾਂ ਨੂੰ ਤਾਜ਼ਗੀ ਪਹੁੰਚਾ ਸਕਦਾ ਹੈ ਜੋ “ਥੱਕੇ ਅਤੇ ਭਾਰ ਹੇਠ ਦੱਬੇ ਹੋਏ” ਹਨ।—ਮੱਤੀ 11:28, 29.
15. ਮੰਡਲੀ ਦੀ ਏਕਤਾ ਬਣਾਈ ਰੱਖਣ ਲਈ ਅਸੀਂ ਹੋਰ ਕੀ ਕਰ ਸਕਦੇ ਹਾਂ? (ਤਸਵੀਰ ਵੀ ਦੇਖੋ।)
15 ਅਸੀਂ ਹੋਰ ਕਿਹੜੇ ਤਰੀਕੇ ਨਾਲ ਮੰਡਲੀ ਦੀ ਏਕਤਾ ਬਣਾਈ ਰੱਖ ਸਕਦੇ ਹਾਂ? ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕੀ ਕਹਿੰਦੇ ਹਾਂ। ਅੱਯੂਬ 12:11 ਵਿਚ ਲਿਖਿਆ ਹੈ: “ਕੀ ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦੇ ਜਿਵੇਂ ਜੀਭ ਭੋਜਨ ਦਾ ਸੁਆਦ ਚੱਖ ਲੈਂਦੀ ਹੈ?” ਬਿਲਕੁਲ ਜਿਵੇਂ ਇਕ ਚੰਗਾ ਰਸੋਈਆ ਖਾਣਾ ਪਰੋਸਣ ਤੋਂ ਪਹਿਲਾਂ ਉਸ ਨੂੰ ਚੱਖਦਾ ਹੈ, ਉਸੇ ਤਰ੍ਹਾਂ ਸਾਨੂੰ ਵੀ ਕੁਝ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਕਿ ਸਾਡੀ ਗੱਲ ਦਾ ਸਾਮ੍ਹਣੇ ਵਾਲੇ ਵਿਅਕਤੀ ʼਤੇ ਕੀ ਅਸਰ ਪਵੇਗਾ। (ਜ਼ਬੂ. 141:3) ਸਾਡੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਡੀਆਂ ਗੱਲਾਂ ਤੋਂ ਦੂਜਿਆਂ ਦਾ ਹਮੇਸ਼ਾ ਹੌਸਲਾ ਵਧੇ, ਉਨ੍ਹਾਂ ਨੂੰ ਤਾਜ਼ਗੀ ਮਿਲੇ ਅਤੇ ‘ਸੁਣਨ ਵਾਲਿਆਂ ਦਾ ਫ਼ਾਇਦਾ ਹੋਵੇ।’—ਅਫ਼. 4:29.
ਕੁਝ ਵੀ ਕਹਿਣ ਤੋਂ ਪਹਿਲਾਂ ਸੋਚੋ ਕਿ ਤੁਹਾਡੀ ਗੱਲ ਦਾ ਦੂਜਿਆਂ ʼਤੇ ਕੀ ਅਸਰ ਪਵੇਗਾ (ਪੈਰਾ 15 ਦੇਖੋ)
16. ਕਿਨ੍ਹਾਂ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਗੱਲਾਂ ਤੋਂ ਦੂਜਿਆਂ ਦਾ ਹੌਸਲਾ ਵਧੇ?
16 ਖ਼ਾਸ ਕਰਕੇ ਪਤੀਆਂ ਅਤੇ ਮਾਪਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਗੱਲਾਂ ਤੋਂ ਦੂਜਿਆਂ ਦਾ ਹੌਸਲਾ ਵਧੇ। (ਕੁਲੁ. 3:19, 21; ਤੀਤੁ. 2:4) ਚਰਵਾਹੇ ਹੋਣ ਦੇ ਨਾਤੇ ਬਜ਼ੁਰਗਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਗੱਲਾਂ ਤੋਂ ਯਹੋਵਾਹ ਦੀਆਂ ਭੇਡਾਂ ਨੂੰ ਤਾਜ਼ਗੀ ਅਤੇ ਦਿਲਾਸਾ ਮਿਲੇ। (ਯਸਾ. 32:1, 2; ਗਲਾ. 6:1) ਬਾਈਬਲ ਸਾਨੂੰ ਯਾਦ ਕਰਾਉਂਦੀ ਹੈ: “ਵੇਲੇ ਸਿਰ ਕਹੀ ਗੱਲ ਕਿੰਨੀ ਚੰਗੀ ਲੱਗਦੀ ਹੈ!”—ਕਹਾ. 15:23.
‘ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦਿਓ’
17. ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਦਿਲੋਂ ਪਿਆਰ ਕਿਵੇਂ ਦਿਖਾ ਸਕਦੇ ਹਾਂ?
17 ਯੂਹੰਨਾ ਰਸੂਲ ਨੇ ਸਾਨੂੰ ਕਿਹਾ ਕਿ “ਅਸੀਂ ਗੱਲੀਂ-ਬਾਤੀਂ ਜਾਂ ਜ਼ਬਾਨੀ ਹੀ ਨਹੀਂ, ਸਗੋਂ ਦਿਲੋਂ ਕੁਝ ਕਰ ਕੇ ਆਪਣੇ ਪਿਆਰ ਦਾ ਸਬੂਤ ਦੇਈਏ।” (1 ਯੂਹੰ. 3:18) ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਦਿਲੋਂ ਪਿਆਰ ਕਿਵੇਂ ਦਿਖਾ ਸਕਦੇ ਹਾਂ? ਉਨ੍ਹਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾ ਕੇ। ਇੱਦਾਂ ਕਰ ਕੇ ਤੁਸੀਂ ਉਨ੍ਹਾਂ ਦੇ ਹੋਰ ਵੀ ਨੇੜੇ ਆਓਗੇ ਅਤੇ ਤੁਹਾਡਾ ਉਨ੍ਹਾਂ ਲਈ ਪਿਆਰ ਹੋਰ ਵੀ ਵਧੇਗਾ। ਇਸ ਲਈ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਣ ਦੇ ਮੌਕੇ ਲੱਭੋ। ਅਜਿਹੇ ਮੌਕੇ ਤੁਹਾਨੂੰ ਪ੍ਰਚਾਰ ਅਤੇ ਸਭਾਵਾਂ ਵਿਚ ਮਿਲ ਸਕਦੇ ਹਨ। ਸਮਾਂ ਕੱਢ ਕੇ ਉਨ੍ਹਾਂ ਨੂੰ ਮਿਲਣ ਵੀ ਜਾਓ। ਇੱਦਾਂ ਕਰ ਕੇ ਤੁਸੀਂ ਦਿਖਾਓਗੇ ਕਿ “ਇਕ-ਦੂਜੇ ਨਾਲ ਪਿਆਰ ਕਰਨ ਦੀ ਸਿੱਖਿਆ ਪਰਮੇਸ਼ੁਰ” ਤੁਹਾਨੂੰ ਦੇ ਰਿਹਾ ਹੈ। (1 ਥੱਸ. 4:9) ਫਿਰ ਤੁਸੀਂ ਆਪਣੀ ਅੱਖੀਂ ਦੇਖ ਸਕੋਗੇ ਕਿ ਇਹ “ਕਿੰਨੀ ਚੰਗੀ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਭਰਾ ਮਿਲ-ਜੁਲ ਕੇ ਰਹਿਣ!”—ਜ਼ਬੂ. 133:1.
ਗੀਤ 90 ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ