ਅਧਿਐਨ ਲੇਖ 15
ਗੀਤ 30 ਯਹੋਵਾਹ ਮੇਰਾ ਪਿਤਾ, ਪਰਮੇਸ਼ੁਰ ਤੇ ਦੋਸਤ
‘ਪਰਮੇਸ਼ੁਰ ਦੇ ਨੇੜੇ ਆਉਣਾ ਸਾਡੇ ਲਈ ਚੰਗਾ ਹੈ’
“ਪਰਮੇਸ਼ੁਰ ਦੇ ਨੇੜੇ ਆਉਣਾ ਮੇਰੇ ਲਈ ਚੰਗਾ ਹੈ।”—ਜ਼ਬੂ. 73:28.
ਕੀ ਸਿੱਖਾਂਗੇ?
ਅਸੀਂ ਯਹੋਵਾਹ ਦੇ ਹੋਰ ਨੇੜੇ ਕਿਵੇਂ ਆ ਸਕਦੇ ਹਾਂ ਅਤੇ ਇੱਦਾਂ ਕਰਨ ਦੇ ਸਾਨੂੰ ਕਿਹੜੇ ਫ਼ਾਇਦੇ ਹੁੰਦੇ ਹਨ।
1-2. (ੳ) ਕਿਸੇ ਨਾਲ ਗੂੜ੍ਹੀ ਦੋਸਤੀ ਕਰਨ ਲਈ ਕੀ ਕਰਨਾ ਜ਼ਰੂਰੀ ਹੈ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?
ਕੀ ਤੁਹਾਡਾ ਕੋਈ ਕਰੀਬੀ ਦੋਸਤ ਹੈ? ਉਸ ਨਾਲ ਦੋਸਤੀ ਕਰਨ ਲਈ ਤੁਸੀਂ ਕੀ ਕੀਤਾ ਸੀ? ਤੁਸੀਂ ਜ਼ਰੂਰ ਉਸ ਨਾਲ ਸਮਾਂ ਬਿਤਾਇਆ ਹੋਣਾ, ਉਸ ਦੀ ਪਸੰਦ ਤੇ ਨਾਪਸੰਦ ਬਾਰੇ ਜਾਣਿਆ ਹੋਣਾ ਅਤੇ ਉਸ ਦੀ ਜ਼ਿੰਦਗੀ ਬਾਰੇ ਵੀ ਕਾਫ਼ੀ ਕੁਝ ਜਾਣਿਆ ਹੋਣਾ। ਤੁਸੀਂ ਦੇਖਿਆ ਹੋਣਾ ਕਿ ਉਸ ਵਿਚ ਕਿੰਨੇ ਵਧੀਆ ਗੁਣ ਹਨ ਅਤੇ ਤੁਸੀਂ ਉਨ੍ਹਾਂ ਦੀ ਰੀਸ ਕਰਨੀ ਚਾਹੁੰਦੇ ਹੋਣੇ। ਇੱਦਾਂ ਤੁਹਾਡੀ ਦੋਸਤੀ ਗੂੜ੍ਹੀ ਹੋ ਗਈ।
2 ਕਿਸੇ ਨਾਲ ਗੂੜ੍ਹੀ ਦੋਸਤੀ ਕਰਨ ਲਈ ਸਮਾਂ ਤੇ ਤਾਕਤ ਲੱਗਦੀ ਹੈ। ਇਹ ਗੱਲ ਯਹੋਵਾਹ ਪਰਮੇਸ਼ੁਰ ਨਾਲ ਗੂੜ੍ਹੀ ਦੋਸਤੀ ਕਰਨ ਬਾਰੇ ਵੀ ਸੱਚ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਹੋਰ ਨੇੜੇ ਕਿਵੇਂ ਆ ਸਕਦੇ ਹਾਂ ਅਤੇ ਸਾਨੂੰ ਇਸ ਦੇ ਕਿਹੜੇ ਫ਼ਾਇਦੇ ਹੁੰਦੇ ਹਨ। ਪਰ ਪਹਿਲਾਂ ਆਓ ਆਪਾਂ ਦੇਖੀਏ ਕਿ ਆਪਣੇ ਸਭ ਤੋਂ ਕਰੀਬੀ ਦੋਸਤ ਯਹੋਵਾਹ ਦੇ ਨੇੜੇ ਆਉਣਾ ਕਿਉਂ ਚੰਗਾ ਹੈ।
3. ਸਾਨੂੰ ਇਸ ਗੱਲ ʼਤੇ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ ਕਿ ਯਹੋਵਾਹ ਦੇ ਨੇੜੇ ਆਉਣ ਦੇ ਫ਼ਾਇਦੇ ਹੁੰਦੇ ਹਨ? ਇਕ ਮਿਸਾਲ ਦਿਓ।
3 ਯਹੋਵਾਹ ਦੇ ਨੇੜੇ ਆਉਣਾ ਸਾਡੇ ਲਈ ਚੰਗਾ ਹੈ। ਜੇ ਅਸੀਂ ਇਸ ਬਾਰੇ ਸੋਚ-ਵਿਚਾਰ ਕਰੀਏ, ਤਾਂ ਅਸੀਂ ਉਸ ਦੇ ਹੋਰ ਵੀ ਨੇੜੇ ਆ ਸਕਦੇ ਹਾਂ। (ਜ਼ਬੂ. 63:6-8) ਇਸ ਨੂੰ ਸਮਝਣ ਲਈ ਜ਼ਰਾ ਇਕ ਮਿਸਾਲ ʼਤੇ ਧਿਆਨ ਦਿਓ। ਅਸੀਂ ਸਾਰੇ ਜਾਣਦੇ ਹਾਂ ਕਿ ਹਰ ਰੋਜ਼ ਪੌਸ਼ਟਿਕ ਭੋਜਨ ਖਾਣਾ, ਕਸਰਤ ਕਰਨੀ, ਵਧੀਆ ਨੀਂਦ ਲੈਣੀ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚੰਗੀ ਗੱਲ ਹੈ। ਪਰ ਬਹੁਤ ਸਾਰੇ ਲੋਕ ਇਨ੍ਹਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਜਿਸ ਕਰਕੇ ਉਹ ਤੰਦਰੁਸਤ ਨਹੀਂ ਰਹਿ ਪਾਉਂਦੇ। ਪਰ ਜੇ ਇਕ ਇਨਸਾਨ ਇਨ੍ਹਾਂ ਸਾਰੀਆਂ ਗੱਲਾਂ ʼਤੇ ਸੋਚ-ਵਿਚਾਰ ਕਰੇ, ਤਾਂ ਉਹ ਜ਼ਰੂਰ ਕੁਝ ਕਦਮ ਚੁੱਕੇਗਾ ਅਤੇ ਉਸ ਦੀ ਸਿਹਤ ਵਧੀਆ ਰਹੇਗੀ। ਬਿਲਕੁਲ ਇਸੇ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਯਹੋਵਾਹ ਦੇ ਨੇੜੇ ਆਉਣਾ ਚੰਗੀ ਗੱਲ ਹੈ। ਪਰ ਜੇ ਅਸੀਂ ਇਸ ਬਾਰੇ ਸੋਚ-ਵਿਚਾਰ ਕਰੀਏ ਕਿ ਯਹੋਵਾਹ ਦੇ ਨੇੜੇ ਆਉਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ, ਤਾਂ ਅਸੀਂ ਉਸ ਦੇ ਹੋਰ ਨੇੜੇ ਆਉਣਾ ਚਾਹਾਂਗੇ।—ਜ਼ਬੂ. 119:27-30.
4. ਜ਼ਬੂਰ 73:28 ਦੇ ਲਿਖਾਰੀ ਨੇ ਕੀ ਕਿਹਾ?
4 ਜ਼ਬੂਰ 73:28 ਪੜ੍ਹੋ। ਜ਼ਬੂਰ 73 ਦਾ ਲਿਖਾਰੀ ਇਕ ਲੇਵੀ ਸੀ ਜਿਸ ਨੂੰ ਯਹੋਵਾਹ ਦੇ ਮੰਦਰ ਵਿਚ ਸੰਗੀਤਕਾਰ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ। ਲੱਗਦਾ ਹੈ ਕਿ ਉਹ ਬਹੁਤ ਸਾਲਾਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਿਹਾ ਸੀ। ਪਰ ਫਿਰ ਵੀ ਉਹ ਜਾਣਦਾ ਸੀ ਕਿ ਉਸ ਲਈ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ “ਪਰਮੇਸ਼ੁਰ ਦੇ ਨੇੜੇ ਆਉਣਾ” ਚੰਗਾ ਹੈ। ਨਾਲੇ ਉਹ ਚਾਹੁੰਦਾ ਸੀ ਕਿ ਦੂਜੇ ਵੀ ਇਹ ਜਾਣਨ ਕਿ ਉਨ੍ਹਾਂ ਲਈ ਪਰਮੇਸ਼ੁਰ ਦੇ ਨੇੜੇ ਆਉਣਾ ਚੰਗਾ ਹੈ। ਪਰਮੇਸ਼ੁਰ ਦੇ ਨੇੜੇ ਆਉਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ?
‘ਪਰਮੇਸ਼ੁਰ ਦੇ ਨੇੜੇ ਆਉਣ’ ਕਰਕੇ ਸਾਨੂੰ ਖ਼ੁਸ਼ੀ ਮਿਲਦੀ ਹੈ
5. (ੳ) ਯਹੋਵਾਹ ਦੇ ਹੋਰ ਵੀ ਨੇੜੇ ਆਉਣ ਕਰਕੇ ਸਾਨੂੰ ਖ਼ੁਸ਼ੀ ਕਿਉਂ ਮਿਲਦੀ ਹੈ? (ਅ) ਕਹਾਉਤਾਂ 2:6-16 ਵਿਚ ਦਿੱਤੀਆਂ ਯਹੋਵਾਹ ਦੀਆਂ ਬੁੱਧ ਭਰੀਆਂ ਗੱਲਾਂ ਮੰਨ ਕੇ ਤੁਹਾਡੀ ਮਦਦ ਤੇ ਹਿਫਾਜ਼ਤ ਕਿਵੇਂ ਹੋ ਸਕਦੀ ਹੈ?
5 ਅਸੀਂ ਜਿੰਨਾ ਜ਼ਿਆਦਾ ਯਹੋਵਾਹ ਦੇ ਨੇੜੇ ਆਵਾਂਗੇ, ਸਾਨੂੰ ਉੱਨੀ ਜ਼ਿਆਦਾ ਖ਼ੁਸ਼ੀ ਮਿਲੇਗੀ। (ਜ਼ਬੂ. 65:4) ਅਸੀਂ ਇੱਦਾਂ ਕਿਉਂ ਕਹਿ ਸਕਦੇ ਹਾਂ? ਧਿਆਨ ਦਿਓ ਕਿ ਯਹੋਵਾਹ ਨੇ ਆਪਣੇ ਬਚਨ ਵਿਚ ਜੋ ਬੁੱਧ ਭਰੀਆਂ ਗੱਲਾਂ ਲਿਖਵਾਈਆਂ ਹਨ, ਉਨ੍ਹਾਂ ਨੂੰ ਮੰਨ ਕੇ ਸਾਡਾ ਭਲਾ ਹੁੰਦਾ ਹੈ। ਸਾਡੀ ਉਨ੍ਹਾਂ ਚੀਜ਼ਾਂ ਤੋਂ ਹਿਫਾਜ਼ਤ ਹੁੰਦੀ ਹੈ ਜਿਨ੍ਹਾਂ ਤੋਂ ਸਾਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਅਸੀਂ ਗੰਭੀਰ ਗ਼ਲਤੀਆਂ ਕਰਨ ਤੋਂ ਬਚਦੇ ਹਾਂ। (ਕਹਾਉਤਾਂ 2:6-16 ਪੜ੍ਹੋ।) ਇਸੇ ਕਰਕੇ ਬਾਈਬਲ ਕਹਿੰਦੀ ਹੈ: “ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਬੁੱਧ ਲੱਭ ਪੈਂਦੀ ਹੈ ਅਤੇ ਉਹ ਆਦਮੀ ਜੋ ਸੂਝ-ਬੂਝ ਹਾਸਲ ਕਰਦਾ ਹੈ।”—ਕਹਾ. 3:13.
6. ਕਿਹੜੀਆਂ ਗੱਲਾਂ ਕਰਕੇ ਜ਼ਬੂਰਾਂ ਦਾ ਲਿਖਾਰੀ ਆਪਣੀ ਖ਼ੁਸ਼ੀ ਗੁਆ ਬੈਠਾ?
6 ਬਿਨਾਂ ਸ਼ੱਕ, ਯਹੋਵਾਹ ਦੇ ਦੋਸਤ ਵੀ ਕਦੇ-ਕਦੇ ਉਦਾਸ ਹੋ ਜਾਂਦੇ ਹਨ। ਧਿਆਨ ਦਿਓ ਕਿ ਜ਼ਬੂਰ 73 ਦਾ ਲਿਖਾਰੀ ਉਦੋਂ ਆਪਣੀ ਖ਼ੁਸ਼ੀ ਗੁਆ ਬੈਠਾ ਜਦੋਂ ਉਸ ਨੇ ਆਪਣੇ ਆਲੇ-ਦੁਆਲੇ ਦੇ ਦੁਸ਼ਟ ਲੋਕਾਂ ਵੱਲ ਧਿਆਨ ਦਿੱਤਾ। ਉਸ ਨੂੰ ਲੱਗਾ ਕਿ ਜਿਹੜੇ ਲੋਕ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਦੇ ਅਤੇ ਉਸ ਦੇ ਮਿਆਰਾਂ ਅਨੁਸਾਰ ਨਹੀਂ ਚੱਲਦੇ, ਉਹ ਚੰਗੀ ਜ਼ਿੰਦਗੀ ਜੀ ਰਹੇ ਹਨ। ਇਹ ਸੋਚ ਕੇ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਹ ਉਨ੍ਹਾਂ ਲੋਕਾਂ ਨਾਲ ਈਰਖਾ ਕਰਨ ਲੱਗ ਪਿਆ। ਉਸ ਨੂੰ ਲੱਗਾ ਕਿ ਜੋ ਲੋਕ ਹਿੰਸਕ ਅਤੇ ਘਮੰਡੀ ਹਨ, ਉਹ ਅਮੀਰ ਤੋਂ ਅਮੀਰ ਹੁੰਦੇ ਜਾ ਰਹੇ ਹਨ, ਉਹ ਤੰਦਰੁਸਤ ਰਹਿੰਦੇ ਹਨ, ਉਨ੍ਹਾਂ ਨੂੰ ਕੋਈ ਦੁੱਖ ਜਾਂ ਮੁਸ਼ਕਲ ਨਹੀਂ ਝੱਲਣੀ ਪੈਂਦੀ ਅਤੇ ਉਹ ਜੋ ਚਾਹੇ ਹਾਸਲ ਕਰ ਸਕਦੇ ਹਨ। (ਜ਼ਬੂ. 73:3-7, 12) ਇਹ ਸੋਚ-ਸੋਚ ਕੇ ਜ਼ਬੂਰਾਂ ਦਾ ਲਿਖਾਰੀ ਇੰਨਾ ਪਰੇਸ਼ਾਨ ਹੋ ਗਿਆ ਕਿ ਉਸ ਨੇ ਸੋਚਿਆ ਕਿ ਯਹੋਵਾਹ ਦੀ ਸੇਵਾ ਕਰਨ ਦਾ ਕੋਈ ਫ਼ਾਇਦਾ ਨਹੀਂ। ਉਹ ਇੰਨਾ ਉਦਾਸ ਹੋ ਗਿਆ ਕਿ ਉਸ ਨੇ ਕਿਹਾ: “ਮੈਂ ਵਿਅਰਥ ਹੀ ਆਪਣਾ ਮਨ ਸਾਫ਼ ਰੱਖਿਆ ਅਤੇ ਬੇਗੁਨਾਹੀ ਦੇ ਪਾਣੀ ਵਿਚ ਆਪਣੇ ਹੱਥ ਧੋਤੇ।”—ਜ਼ਬੂ. 73:13.
7. ਜਦੋਂ ਅਸੀਂ ਉਦਾਸ ਹੁੰਦੇ ਹਾਂ, ਤਾਂ ਅਸੀਂ ਕੀ ਕਰ ਸਕਦੇ ਹਾਂ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਵੀ ਦੇਖੋ।)
7 ਜ਼ਬੂਰਾਂ ਦੇ ਇਸ ਲਿਖਾਰੀ ਨੇ ਉਦਾਸੀ ਨੂੰ ਖ਼ੁਦ ʼਤੇ ਹਾਵੀ ਨਹੀਂ ਹੋਣ ਦਿੱਤਾ, ਸਗੋਂ ਉਸ ਨੇ ਕਦਮ ਚੁੱਕਿਆ। ਉਹ “ਪਰਮੇਸ਼ੁਰ ਦੇ ਆਲੀਸ਼ਾਨ ਪਵਿੱਤਰ ਸਥਾਨ ਵਿਚ ਗਿਆ” ਜਿੱਥੇ ਯਹੋਵਾਹ ਨੇ ਉਸ ਦੀ ਸੋਚ ਸੁਧਾਰੀ। (ਜ਼ਬੂ. 73:17-19) ਜਦੋਂ ਅਸੀਂ ਉਦਾਸ ਹੁੰਦੇ ਹਾਂ, ਤਾਂ ਸਾਡੇ ਜਿਗਰੀ ਦੋਸਤ ਯਹੋਵਾਹ ਨੂੰ ਇਸ ਬਾਰੇ ਪਤਾ ਹੁੰਦਾ ਹੈ। ਜੇ ਅਸੀਂ ਸੇਧ ਲਈ ਉਸ ਨੂੰ ਪ੍ਰਾਰਥਨਾ ਕਰੀਏ, ਉਸ ਦੇ ਬਚਨ ਵਿਚ ਪਾਈ ਜਾਂਦੀ ਸਲਾਹ ਲਾਗੂ ਕਰੀਏ ਅਤੇ ਭੈਣਾਂ-ਭਰਾਵਾਂ ਤੋਂ ਮਿਲਦੀ ਹੱਲਾਸ਼ੇਰੀ ਕਬੂਲ ਕਰੀਏ, ਤਾਂ ਸਾਨੂੰ ਉਦਾਸ ਹੋਣ ਦੇ ਬਾਵਜੂਦ ਵੀ ਉਸ ਦੀ ਸੇਵਾ ਕਰਦੇ ਰਹਿਣ ਦੀ ਹਿੰਮਤ ਮਿਲੇਗੀ। ਇੱਥੋਂ ਤਕ ਕਿ ਜਦੋਂ ਅਸੀਂ ਚਿੰਤਾਵਾਂ ਨਾਲ ਘਿਰੇ ਹੋਏ ਹੁੰਦੇ ਹਾਂ ਅਤੇ ਸਾਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕਰੀਏ, ਉਦੋਂ ਵੀ ਯਹੋਵਾਹ ਸਾਨੂੰ ਦਿਲਾਸਾ ਅਤੇ ਸਕੂਨ ਦਿੰਦਾ ਹੈ।—ਜ਼ਬੂ. 94:19.a
ਜਿਸ ਲੇਵੀ ਨੇ ਜ਼ਬੂਰ 73 ਲਿਖਿਆ ਸੀ, ਉਹ “ਪਰਮੇਸ਼ੁਰ ਦੇ ਆਲੀਸ਼ਾਨ ਪਵਿੱਤਰ ਸਥਾਨ” ਵਿਚ ਖੜ੍ਹਾ ਹੈ (ਪੈਰਾ 7 ਦੇਖੋ)
‘ਪਰਮੇਸ਼ੁਰ ਦੇ ਨੇੜੇ ਆਉਣ’ ਕਰਕੇ ਸਾਨੂੰ ਮਕਸਦ ਅਤੇ ਉਮੀਦ ਮਿਲਦੀ ਹੈ
8. ਪਰਮੇਸ਼ੁਰ ਦੇ ਨੇੜੇ ਆਉਣ ਕਰਕੇ ਸਾਨੂੰ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ?
8 ਪਰਮੇਸ਼ੁਰ ਦੇ ਨੇੜੇ ਆਉਣ ਕਰਕੇ ਸਾਨੂੰ ਦੋ ਹੋਰ ਫ਼ਾਇਦੇ ਹੁੰਦੇ ਹਨ। ਪਹਿਲਾ, ਸਾਨੂੰ ਜ਼ਿੰਦਗੀ ਦਾ ਮਕਸਦ ਮਿਲਦਾ ਹੈ। ਦੂਜਾ, ਸਾਨੂੰ ਭਵਿੱਖ ਲਈ ਪੱਕੀ ਉਮੀਦ ਮਿਲਦੀ ਹੈ। (ਯਿਰ. 29:11) ਆਓ ਇਕ-ਇਕ ਕਰ ਕੇ ਇਨ੍ਹਾਂ ʼਤੇ ਚਰਚਾ ਕਰੀਏ।
9. ਪਰਮੇਸ਼ੁਰ ਦੇ ਨੇੜੇ ਆਉਣ ਕਰਕੇ ਸਾਨੂੰ ਜ਼ਿੰਦਗੀ ਦਾ ਮਕਸਦ ਕਿੱਦਾਂ ਮਿਲਦਾ ਹੈ?
9 ਪਰਮੇਸ਼ੁਰ ਦੇ ਨੇੜੇ ਆਉਣ ਕਰਕੇ ਸਾਨੂੰ ਜ਼ਿੰਦਗੀ ਦਾ ਮਕਸਦ ਮਿਲਦਾ ਹੈ। ਅੱਜ ਬਹੁਤ ਸਾਰੇ ਲੋਕ ਪਰਮੇਸ਼ੁਰ ਦੀ ਹੋਂਦ ਵਿਚ ਵਿਸ਼ਵਾਸ ਨਹੀਂ ਕਰਦੇ। ਇਸ ਲਈ ਉਨ੍ਹਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈ। ਉਹ ਮੰਨਦੇ ਹਨ ਕਿ ਇਕ ਦਿਨ ਸਾਰਾ ਕੁਝ ਖ਼ਤਮ ਹੋ ਜਾਵੇਗਾ ਅਤੇ ਇਨਸਾਨ ਵੀ ਨਹੀਂ ਰਹਿਣਗੇ। ਪਰ ਬਾਈਬਲ ਦਾ ਅਧਿਐਨ ਕਰ ਕੇ ਸਾਨੂੰ ਯਕੀਨ ਹੋਇਆ ਹੈ ਕਿ “ਪਰਮੇਸ਼ੁਰ ਸੱਚ-ਮੁੱਚ ਹੈ।” ਨਾਲੇ ਅਸੀਂ ਉਸ ਦੀ ਸੇਵਾ ਵਿਚ ਜੋ ਕੁਝ ਕਰਦੇ ਹਾਂ, ਉਹ ਕਦੇ ਵੀ ਬੇਕਾਰ ਨਹੀਂ ਜਾਵੇਗਾ। ਕਿਉਂ? ਕਿਉਂਕਿ “ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।” (ਇਬ. 11:6) ਯਹੋਵਾਹ ਨੇ ਸਾਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਅਸੀਂ ਉਸ ਦੀ ਸੇਵਾ ਕਰੀਏ। ਇਸ ਕਰਕੇ ਜਦੋਂ ਅਸੀਂ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ।—ਬਿਵ. 10:12, 13.
10. ਜ਼ਬੂਰ 37:29 ਮੁਤਾਬਕ ਯਹੋਵਾਹ ਨੇ ਉਨ੍ਹਾਂ ਨਾਲ ਕਿਹੜਾ ਵਾਅਦਾ ਕੀਤਾ ਹੈ ਜੋ ਉਸ ʼਤੇ ਭਰੋਸਾ ਰੱਖਦੇ ਹਨ?
10 ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਹੀ ਜ਼ਿੰਦਗੀ ਹੈ। ਉਹ ਬੱਸ ਕੰਮ ਕਰਦੇ ਹਨ, ਵਿਆਹ ਕਰਦੇ ਹਨ, ਬੱਚਿਆਂ ਦੀ ਪਰਵਰਿਸ਼ ਕਰਦੇ ਹਨ ਤੇ ਆਪਣੇ ਬੁਢਾਪੇ ਲਈ ਦੋ ਪੈਸੇ ਜੋੜਦੇ ਹਨ। ਉਹ ਰੱਬ ਬਾਰੇ ਤਾਂ ਸੋਚਦੇ ਹੀ ਨਹੀਂ। ਪਰ ਅਸੀਂ ਯਹੋਵਾਹ ਦੇ ਸੇਵਕ ਉਸ ʼਤੇ ਉਮੀਦ ਰੱਖਦੇ ਹਾਂ। (ਜ਼ਬੂ. 25:3-5; 1 ਤਿਮੋ. 6:17) ਅਸੀਂ ਉਸ ਦੇ ਨੇੜੇ ਜਾਂਦੇ ਹਾਂ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ। ਅਸੀਂ ਉਸ ਸਮੇਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਨਵੀਂ ਦੁਨੀਆਂ ਵਿਚ ਅਸੀਂ ਹਮੇਸ਼ਾ-ਹਮੇਸ਼ਾ ਲਈ ਯਹੋਵਾਹ ਦੀ ਭਗਤੀ ਕਰਾਂਗੇ।—ਜ਼ਬੂਰ 37:29 ਪੜ੍ਹੋ।
11. (ੳ) ਪਰਮੇਸ਼ੁਰ ਦੇ ਨੇੜੇ ਆਉਣ ਕਰਕੇ ਕਿਹੜੇ ਫ਼ਾਇਦੇ ਹੁੰਦੇ ਹਨ? (ਅ) ਜਦੋਂ ਅਸੀਂ ਪਰਮੇਸ਼ੁਰ ਦੇ ਨੇੜੇ ਆਉਂਦੇ ਹਾਂ, ਤਾਂ ਉਸ ਨੂੰ ਕਿੱਦਾਂ ਲੱਗਦਾ ਹੈ?
11 ਪਰਮੇਸ਼ੁਰ ਦੇ ਨੇੜੇ ਆਉਣ ਕਰਕੇ ਸਾਨੂੰ ਹੋਰ ਵੀ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਮਿਸਾਲ ਲਈ, ਜਦੋਂ ਅਸੀਂ ਤੋਬਾ ਕਰਦੇ ਹਾਂ, ਤਾਂ ਯਹੋਵਾਹ ਸਾਨੂੰ ਮਾਫ਼ ਕਰਨ ਦਾ ਵਾਅਦਾ ਕਰਦਾ ਹੈ। (ਯਸਾ. 1:18) ਨਤੀਜੇ ਵਜੋਂ, ਅਸੀਂ ਬੀਤੇ ਸਮੇਂ ਵਿਚ ਜੋ ਪਾਪ ਕੀਤੇ ਹਨ, ਉਨ੍ਹਾਂ ਕਰਕੇ ਸਾਡੀ ਜ਼ਮੀਰ ਸਾਨੂੰ ਲਾਹਨਤਾਂ ਨਹੀਂ ਪਾਉਂਦੀ। (ਜ਼ਬੂ. 32:1-5) ਨਾਲੇ ਜਦੋਂ ਅਸੀਂ ਯਹੋਵਾਹ ਦੇ ਨੇੜੇ ਆਉਂਦੇ ਹਾਂ, ਤਾਂ ਉਸ ਦਾ ਦਿਲ ਵੀ ਖ਼ੁਸ਼ ਹੁੰਦਾ ਹੈ। (ਕਹਾ. 23:15) ਕੀ ਤੁਸੀਂ ਇਸ ਦੇ ਹੋਰ ਵੀ ਫ਼ਾਇਦਿਆਂ ਬਾਰੇ ਸੋਚ ਸਕਦੇ ਹੋ? ਹੁਣ ਆਓ ਆਪਾਂ ਦੇਖੀਏ ਕਿ ਅਸੀਂ ਲਗਾਤਾਰ ਪਰਮੇਸ਼ੁਰ ਦੇ ਨੇੜੇ ਕਿੱਦਾਂ ਆ ਸਕਦੇ ਹਾਂ।
‘ਪਰਮੇਸ਼ੁਰ ਦੇ ਹੋਰ ਨੇੜੇ ਆਉਣ’ ਲਈ ਅਸੀਂ ਕੀ ਕਰ ਸਕਦੇ ਹਾਂ?
12. ਯਹੋਵਾਹ ਦੇ ਹੋਰ ਨੇੜੇ ਆਉਣ ਲਈ ਤੁਹਾਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ?
12 ਜੇ ਤੁਹਾਡਾ ਬਪਤਿਸਮਾ ਹੋ ਚੁੱਕਾ ਹੈ, ਤਾਂ ਤੁਸੀਂ ਜ਼ਰੂਰ ਯਹੋਵਾਹ ਦੇ ਨੇੜੇ ਆਉਣ ਲਈ ਕੁਝ ਕਦਮ ਚੁੱਕੇ ਹੋਣੇ। ਮਿਸਾਲ ਲਈ, ਤੁਸੀਂ ਯਹੋਵਾਹ ਪਰਮੇਸ਼ੁਰ ਅਤੇ ਯਿਸੂ ਮਸੀਹ ਬਾਰੇ ਸੱਚਾਈ ਸਿੱਖੀ, ਆਪਣੇ ਪਾਪਾਂ ਤੋਂ ਤੋਬਾ ਕੀਤੀ, ਯਹੋਵਾਹ ʼਤੇ ਆਪਣੀ ਨਿਹਚਾ ਵਧਾਈ ਅਤੇ ਉਸ ਦੀ ਇੱਛਾ ਮੁਤਾਬਕ ਜ਼ਿੰਦਗੀ ਜੀਉਣ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਜੇ ਤੁਸੀਂ ਯਹੋਵਾਹ ਦੇ ਹੋਰ ਨੇੜੇ ਆਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਹ ਕੰਮ ਕਰਦੇ ਰਹਿਣ ਦੀ ਲੋੜ ਹੈ।—ਕੁਲੁ. 2:6.
13. ਕਿਹੜੀਆਂ ਤਿੰਨ ਗੱਲਾਂ ਯਹੋਵਾਹ ਦੇ ਹੋਰ ਨੇੜੇ ਆਉਣ ਲਈ ਸਾਡੀ ਮਦਦ ਕਰਨਗੀਆਂ?
13 ਯਹੋਵਾਹ ਦੇ ਹੋਰ ਨੇੜੇ ਆਉਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ? (1) ਸਾਨੂੰ ਹਰ ਰੋਜ਼ ਬਾਈਬਲ ਪੜ੍ਹਨੀ ਅਤੇ ਇਸ ਦਾ ਅਧਿਐਨ ਕਰਨਾ ਚਾਹੀਦਾ ਹੈ। ਪਰ ਇੱਦਾਂ ਕਰਦੇ ਵੇਲੇ ਸਾਨੂੰ ਪਰਮੇਸ਼ੁਰ ਬਾਰੇ ਸਿਰਫ਼ ਜਾਣਕਾਰੀ ਹੀ ਇਕੱਠੀ ਨਹੀਂ ਕਰਨੀ ਚਾਹੀਦੀ। ਇਸ ਦੀ ਬਜਾਇ, ਸਾਨੂੰ ਉਸ ਦੀ ਸੋਚ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨਾਲੇ ਸਾਨੂੰ ਇਹ ਸਮਝਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਸਾਡੇ ਤੋਂ ਕੀ ਚਾਹੁੰਦਾ ਹੈ ਅਤੇ ਫਿਰ ਉਸ ਮੁਤਾਬਕ ਜ਼ਿੰਦਗੀ ਜੀਉਣੀ ਚਾਹੀਦੀ ਹੈ। (ਅਫ਼. 5:15-17) (2) ਯਹੋਵਾਹ ਨੇ ਸਾਡੇ ਲਈ ਅਲੱਗ-ਅਲੱਗ ਤਰੀਕਿਆਂ ਨਾਲ ਜੋ ਪਿਆਰ ਜ਼ਾਹਰ ਕੀਤਾ ਹੈ, ਉਸ ʼਤੇ ਸੋਚ-ਵਿਚਾਰ ਕਰ ਕੇ ਸਾਨੂੰ ਆਪਣੀ ਨਿਹਚਾ ਮਜ਼ਬੂਤ ਕਰਨੀ ਚਾਹੀਦੀ ਹੈ। (3) ਸਾਨੂੰ ਉਨ੍ਹਾਂ ਕੰਮਾਂ ਨਾਲ ਨਫ਼ਰਤ ਕਰਨੀ ਚਾਹੀਦੀ ਹੈ ਜਿਨ੍ਹਾਂ ਨਾਲ ਯਹੋਵਾਹ ਨਫ਼ਰਤ ਕਰਦਾ ਹੈ। ਨਾਲੇ ਸਾਨੂੰ ਬੁਰੇ ਕੰਮ ਕਰਨ ਵਾਲੇ ਲੋਕਾਂ ਤੋਂ ਵੀ ਦੂਰ ਰਹਿਣਾ ਚਾਹੀਦਾ ਹੈ।—ਜ਼ਬੂ. 1:1; 101:3.
14. ਪਹਿਲਾ ਕੁਰਿੰਥੀਆਂ 10:31 ਮੁਤਾਬਕ ਯਹੋਵਾਹ ਦਾ ਦਿਲ ਖ਼ੁਸ਼ ਕਰਨ ਲਈ ਅਸੀਂ ਹਰ ਰੋਜ਼ ਕੀ ਕਰ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)
14 ਪਹਿਲਾ ਕੁਰਿੰਥੀਆਂ 10:31 ਪੜ੍ਹੋ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਉਨ੍ਹਾਂ ਕੰਮਾਂ ਵਿਚ ਲੱਗੇ ਰਹੀਏ ਜਿਨ੍ਹਾਂ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ। ਇਸ ਦੇ ਲਈ ਸਿਰਫ਼ ਪ੍ਰਚਾਰ ਕਰਨਾ ਅਤੇ ਸਭਾਵਾਂ ਵਿਚ ਜਾਣਾ ਹੀ ਕਾਫ਼ੀ ਨਹੀਂ ਹੈ। ਯਹੋਵਾਹ ਨੂੰ ਖ਼ੁਸ਼ ਕਰਨ ਲਈ ਸਾਨੂੰ ਹਰ ਰੋਜ਼ ਚੰਗੇ ਕੰਮ ਕਰਨੇ ਚਾਹੀਦੇ ਹਨ। ਮਿਸਾਲ ਲਈ, ਜਦੋਂ ਅਸੀਂ ਹਰ ਗੱਲ ਵਿਚ ਈਮਾਨਦਾਰ ਰਹਿੰਦੇ ਹਾਂ ਅਤੇ ਆਪਣੀਆਂ ਚੀਜ਼ਾਂ ਦੂਜਿਆਂ ਨਾਲ ਸਾਂਝੀਆਂ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦਾ ਦਿਲ ਖ਼ੁਸ਼ ਕਰਦੇ ਹਾਂ। (2 ਕੁਰਿੰ. 8:21; 9:7) ਨਾਲੇ ਉਹ ਚਾਹੁੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਅਨਮੋਲ ਸਮਝੀਏ। ਇਸ ਕਰਕੇ ਖਾਣ-ਪੀਣ ਬਾਰੇ ਸਹੀ ਨਜ਼ਰੀਆ ਰੱਖ ਕੇ ਅਤੇ ਹੋਰ ਤਰੀਕਿਆਂ ਰਾਹੀਂ ਆਪਣੀ ਸਿਹਤ ਦਾ ਖ਼ਿਆਲ ਰੱਖ ਕੇ ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਆਉਂਦੇ ਹਾਂ। ਜਦੋਂ ਯਹੋਵਾਹ ਦੇਖੇਗਾ ਕਿ ਅਸੀਂ ਛੋਟੀਆਂ-ਛੋਟੀਆਂ ਗੱਲਾਂ ਵਿਚ ਵੀ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਉਹ ਸਾਨੂੰ ਹੋਰ ਵੀ ਜ਼ਿਆਦਾ ਪਿਆਰ ਕਰੇਗਾ।—ਲੂਕਾ 16:10.
ਯਹੋਵਾਹ ਨੂੰ ਖ਼ੁਸ਼ ਕਰਨ ਦੇ ਕੁਝ ਤਰੀਕੇ: ਸਾਵਧਾਨੀ ਨਾਲ ਗੱਡੀ ਚਲਾਉਣੀ, ਕਸਰਤ ਕਰ ਕੇ ਤੇ ਪੌਸ਼ਟਿਕ ਖਾਣਾ ਖਾ ਕੇ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਅਤੇ ਪਰਾਹੁਣਚਾਰੀ ਕਰਨੀ (ਪੈਰਾ 14 ਦੇਖੋ)
15. ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ?
15 ਯਹੋਵਾਹ ਚੰਗੇ ਅਤੇ ਬੁਰੇ ਦੋਹਾਂ ਤਰ੍ਹਾਂ ਦੇ ਲੋਕਾਂ ਦਾ ਭਲਾ ਕਰਦਾ ਹੈ। (ਮੱਤੀ 5:45) ਉਹ ਚਾਹੁੰਦਾ ਹੈ ਕਿ ਅਸੀਂ ਵੀ ਇੱਦਾਂ ਹੀ ਕਰੀਏ। ਇਸ ਲਈ ਉਸ ਨੇ ਸਾਨੂੰ ਕਿਹਾ ਕਿ ਅਸੀਂ ‘ਕਿਸੇ ਬਾਰੇ ਬੁਰਾ-ਭਲਾ ਨਾ ਕਹੀਏ, ਲੜਾਈ-ਝਗੜੇ ਨਾ ਕਰੀਏ ਅਤੇ ਸਾਰਿਆਂ ਨਾਲ ਹਮੇਸ਼ਾ ਨਰਮਾਈ ਨਾਲ ਪੇਸ਼ ਆਈਏ।’ (ਤੀਤੁ. 3:2) ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਅਸੀਂ ਉਨ੍ਹਾਂ ਲੋਕਾਂ ਨੂੰ ਨੀਵਾਂ ਨਹੀਂ ਸਮਝਦੇ ਜੋ ਯਹੋਵਾਹ ਨੂੰ ਨਹੀਂ ਮੰਨਦੇ। (2 ਤਿਮੋ. 2:23-25) ਅਸੀਂ ਹਮੇਸ਼ਾ ਸਾਰਿਆਂ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਂਦੇ ਹਾਂ ਅਤੇ ਇੱਦਾਂ ਕਰ ਕੇ ਅਸੀਂ ਯਹੋਵਾਹ ਦੇ ਹੋਰ ਵੀ ਨੇੜੇ ਆਉਂਦੇ ਹਾਂ।
ਗ਼ਲਤੀਆਂ ਹੋਣ ਤੇ ਵੀ ਅਸੀਂ “ਪਰਮੇਸ਼ੁਰ ਦੇ ਨੇੜੇ” ਆ ਸਕਦੇ ਹਾਂ
16. ਇਕ ਸਮੇਂ ਤੇ ਜ਼ਬੂਰ 73 ਦੇ ਲਿਖਾਰੀ ਨੇ ਕਿਵੇਂ ਮਹਿਸੂਸ ਕੀਤਾ?
16 ਹੋ ਸਕਦਾ ਹੈ ਕਿ ਤੁਹਾਡੇ ਤੋਂ ਜੋ ਗ਼ਲਤੀਆਂ ਹੋਈਆਂ ਹਨ, ਉਨ੍ਹਾਂ ਕਰਕੇ ਤੁਹਾਨੂੰ ਲੱਗੇ ਕਿ ਤੁਸੀਂ ਯਹੋਵਾਹ ਦੇ ਪਿਆਰ ਦੇ ਲਾਇਕ ਨਹੀਂ ਹੋ। ਜ਼ਰਾ ਸੋਚੋ ਕਿ ਜ਼ਬੂਰ 73 ਦੇ ਲਿਖਾਰੀ ਨੂੰ ਵੀ ਇੱਦਾਂ ਹੀ ਲੱਗਾ ਸੀ। ਉਸ ਨੇ ਕਿਹਾ: “ਮੇਰੇ ਕਦਮ ਗ਼ਲਤ ਰਾਹ ਪੈਣ ਹੀ ਵਾਲੇ ਸਨ; ਮੇਰੇ ਪੈਰ ਤਿਲਕਣ ਹੀ ਲੱਗੇ ਸਨ।” (ਜ਼ਬੂ. 73:2) ਫਿਰ ਉਸ ਨੇ ਮੰਨਿਆ ਕਿ ਉਸ ਦਾ “ਮਨ ਕੌੜਾ” ਹੋ ਗਿਆ ਸੀ ਤੇ ਉਸ ਨੇ “ਨਾਸਮਝੀ” ਦਿਖਾਈ। ਉਸ ਨੇ ਇਹ ਵੀ ਮੰਨਿਆ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ “ਬੇਅਕਲ ਜਾਨਵਰਾਂ ਵਰਗਾ ਸੀ।” (ਜ਼ਬੂ. 73:21, 22) ਪਰ ਕੀ ਆਪਣੀਆਂ ਕਮੀਆਂ-ਕਮਜ਼ੋਰੀਆਂ ਕਰਕੇ ਜ਼ਬੂਰਾਂ ਦੇ ਲਿਖਾਰੀ ਨੇ ਇਹ ਸੋਚਿਆ ਕਿ ਹੁਣ ਯਹੋਵਾਹ ਉਸ ਨੂੰ ਕਦੇ ਮਾਫ਼ ਨਹੀਂ ਕਰੇਗਾ ਤੇ ਨਾ ਹੀ ਉਸ ਨੂੰ ਕਦੇ ਪਿਆਰ ਕਰੇਗਾ?
17. (ੳ) ਬਹੁਤ ਜ਼ਿਆਦਾ ਨਿਰਾਸ਼ ਹੋਣ ਤੇ ਜ਼ਬੂਰਾਂ ਦੇ ਲਿਖਾਰੀ ਨੇ ਕੀ ਕੀਤਾ? (ਅ) ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)
17 ਜੇ ਜ਼ਬੂਰਾਂ ਦੇ ਲਿਖਾਰੀ ਨੂੰ ਇਹ ਸੱਚ-ਮੁੱਚ ਲੱਗਾ ਸੀ ਕਿ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ ਹੈ, ਤਾਂ ਇਹ ਉਸ ਨੂੰ ਬਹੁਤ ਥੋੜ੍ਹੇ ਸਮੇਂ ਲਈ ਲੱਗਾ ਹੋਣਾ। ਜਦੋਂ ਉਹ ਬਹੁਤ ਨਿਰਾਸ਼ ਮਹਿਸੂਸ ਕਰ ਰਿਹਾ ਸੀ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਪਰਮੇਸ਼ੁਰ ਦੇ ਹੋਰ ਨੇੜੇ ਆਉਣ ਦੀ ਲੋੜ ਹੈ। ਇਸ ਲਈ ਉਸ ਨੇ ਲਿਖਿਆ: “ਪਰ ਹੁਣ ਮੈਂ ਹਮੇਸ਼ਾ ਤੇਰੇ [ਯਾਨੀ ਯਹੋਵਾਹ] ਨਾਲ ਰਹਾਂਗਾ; ਤੂੰ ਮੇਰਾ ਸੱਜਾ ਹੱਥ ਫੜਿਆ ਹੈ। ਤੂੰ ਆਪਣੀ ਸਲਾਹ ਨਾਲ ਮੇਰੀ ਅਗਵਾਈ ਕਰਦਾ ਹੈਂ ਅਤੇ ਬਾਅਦ ਵਿਚ ਤੂੰ ਮੈਨੂੰ ਮਹਿਮਾ ਬਖ਼ਸ਼ੇਂਗਾ।” (ਜ਼ਬੂ. 73:23, 24) ਜਦੋਂ ਸਾਨੂੰ ਲੱਗੇ ਕਿ ਸਾਡੀ ਨਿਹਚਾ ਕਮਜ਼ੋਰ ਹੋ ਗਈ ਹੈ ਜਾਂ ਅਸੀਂ ਆਪਣੀਆਂ ਗ਼ਲਤੀਆਂ ਕਰਕੇ ਨਿਰਾਸ਼ ਹੋ ਜਾਈਏ, ਤਾਂ ਸਾਨੂੰ ਵੀ ਮਦਦ ਲਈ ਆਪਣੀ ਚਟਾਨ ਯਹੋਵਾਹ ʼਤੇ ਭਰੋਸਾ ਰੱਖਣਾ ਚਾਹੀਦਾ ਹੈ। (ਜ਼ਬੂ. 73:26; 94:18) ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਸਾਡੇ ਕਦਮ ਕੁਝ ਸਮੇਂ ਲਈ ਕੁਰਾਹੇ ਪੈ ਵੀ ਜਾਣ, ਤਾਂ ਵੀ ਅਸੀਂ ਯਹੋਵਾਹ ਕੋਲ ਮੁੜ ਸਕਦੇ ਹਾਂ ਅਤੇ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਨੂੰ “ਮਾਫ਼ ਕਰਨ ਲਈ ਤਿਆਰ” ਹੈ। (ਜ਼ਬੂ. 86:5) ਜਦੋਂ ਅਸੀਂ ਬਹੁਤ ਜ਼ਿਆਦਾ ਨਿਰਾਸ਼ ਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਦੇ ਹੋਰ ਨੇੜੇ ਆਉਣਾ ਚਾਹੀਦਾ ਹੈ।—ਜ਼ਬੂ. 103:13, 14.
ਜਦੋਂ ਸਾਡੀ ਨਿਹਚਾ ਕਮਜ਼ੋਰ ਹੋਣ ਲੱਗੇ, ਤਾਂ ਸਾਨੂੰ ਪ੍ਰਾਰਥਨਾ ਕਰ ਕੇ ਅਤੇ ਸਭਾਵਾਂ ਵਿਚ ਹਾਜ਼ਰ ਹੋ ਕੇ ਯਹੋਵਾਹ ਦੇ ਹੋਰ ਨੇੜੇ ਜਾਣਾ ਚਾਹੀਦਾ ਹੈ (ਪੈਰਾ 17 ਦੇਖੋ)
“ਪਰਮੇਸ਼ੁਰ ਦੇ ਨੇੜੇ” ਆਉਂਦੇ ਰਹੋ
18. ਯਹੋਵਾਹ ਦੇ ਨੇੜੇ ਆਉਣ ਦੀ ਕੋਈ ਸੀਮਾ ਕਿਉਂ ਨਹੀਂ ਹੈ?
18 ਯਹੋਵਾਹ ਦੇ ਨੇੜੇ ਆਉਣ ਅਤੇ ਉਸ ਬਾਰੇ ਸਿੱਖਣ ਦੀ ਕੋਈ ਸੀਮਾ ਨਹੀਂ ਹੈ। ਕਿਉਂ? ਕਿਉਂਕਿ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਦੇ ਰਾਹ, ਉਸ ਦੀ ਬੁੱਧ ਅਤੇ ਗਿਆਨ “ਕਿੰਨਾ ਡੂੰਘਾ ਹੈ!” (ਰੋਮੀ. 11:33) ਇਸ ਲਈ ਅਸੀਂ ਯਹੋਵਾਹ ਬਾਰੇ ਹਮੇਸ਼ਾ-ਹਮੇਸ਼ਾ ਤਕ ਸਿੱਖਦੇ ਰਹਾਂਗੇ।
19. ਜ਼ਬੂਰਾਂ ਵਿਚ ਲਿਖੀਆਂ ਗੱਲਾਂ ਤੋਂ ਸਾਨੂੰ ਕਿਸ ਗੱਲ ਦਾ ਭਰੋਸਾ ਹੋ ਜਾਂਦਾ ਹੈ?
19 ਜ਼ਬੂਰ 79:13 ਵਿਚ ਲਿਖਿਆ ਹੈ: “ਤੇਰੇ ਲੋਕ ਅਤੇ ਤੇਰੀ ਚਰਾਂਦ ਦੀਆਂ ਭੇਡਾਂ, ਹਾਂ, ਅਸੀਂ ਸਾਰੇ ਹਮੇਸ਼ਾ ਤੇਰਾ ਧੰਨਵਾਦ ਕਰਾਂਗੇ ਅਤੇ ਪੀੜ੍ਹੀਓ-ਪੀੜ੍ਹੀ ਤੇਰੀ ਮਹਿਮਾ ਕਰਾਂਗੇ।” ਜੇ ਤੁਸੀਂ ਪਰਮੇਸ਼ੁਰ ਦੇ ਨੇੜੇ ਆਉਂਦੇ ਰਹੋਗੇ, ਤਾਂ ਤੁਸੀਂ ਵੀ ਭਰੋਸਾ ਰੱਖ ਸਕਦੇ ਹੋ ਕਿ ਤੁਹਾਨੂੰ ਹਮੇਸ਼ਾ-ਹਮੇਸ਼ਾ ਲਈ ਬਰਕਤਾਂ ਮਿਲਣਗੀਆਂ ਅਤੇ ਤੁਸੀਂ ਪੂਰੇ ਭਰੋਸੇ ਨਾਲ ਕਹਿ ਸਕੋਗੇ: “ਪਰਮੇਸ਼ੁਰ ਮੇਰੀ ਚਟਾਨ ਹੈ ਜੋ ਮੇਰੇ ਦਿਲ ਨੂੰ ਤਕੜਾ ਕਰਦਾ ਹੈ, ਉਹ ਹਮੇਸ਼ਾ ਲਈ ਮੇਰਾ ਹਿੱਸਾ ਹੈ।”—ਜ਼ਬੂ. 73:26.
ਗੀਤ 32 ਯਹੋਵਾਹ ਵੱਲ ਹੋਵੋ!
a ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਚਿੰਤਾ ਹੁੰਦੀ ਹੈ ਜਾਂ ਜੋ ਲੰਬੇ ਸਮੇਂ ਤੋਂ ਉਦਾਸ, ਨਿਰਾਸ਼ ਜਾਂ ਮਾਯੂਸ ਹਨ, ਉਨ੍ਹਾਂ ਨੂੰ ਸ਼ਾਇਦ ਡਾਕਟਰ ਕੋਲ ਜਾਣਾ ਪਵੇ। ਹੋਰ ਜਾਣਕਾਰੀ ਲਈ ਪਹਿਰਾਬੁਰਜ ਨੰ.1 2023 ਦੇਖੋ।