ਅਧਿਐਨ ਲੇਖ 27
ਗੀਤ 79 ਨਵਿਆਂ ਨੂੰ ਮਜ਼ਬੂਤ ਰਹਿਣਾ ਸਿਖਾਓ
ਯਹੋਵਾਹ ਦਾ ਸੇਵਕ ਬਣਨ ਵਿਚ ਵਿਦਿਆਰਥੀ ਦੀ ਮਦਦ ਕਰੋ
‘ਨਿਹਚਾ ਵਿਚ ਪੱਕੇ ਰਹੋ ਅਤੇ ਤਕੜੇ ਬਣੋ।’—1 ਕੁਰਿੰ. 16:13.
ਕੀ ਸਿੱਖਾਂਗੇ?
ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰਨ ਲਈ ਬਾਈਬਲ ਵਿਦਿਆਰਥੀ ਨੂੰ ਨਿਹਚਾ ਪੈਦਾ ਕਰਨ ਅਤੇ ਦਲੇਰ ਬਣਨ ਦੀ ਲੋੜ ਹੁੰਦੀ ਹੈ। ਅਸੀਂ ਇੱਦਾਂ ਕਰਨ ਵਿਚ ਆਪਣੇ ਵਿਦਿਆਰਥੀ ਦੀ ਕਿੱਦਾਂ ਮਦਦ ਕਰ ਸਕਦੇ ਹਾਂ।
1-2. (ੳ) ਕੁਝ ਬਾਈਬਲ ਵਿਦਿਆਰਥੀ ਯਹੋਵਾਹ ਦੇ ਸੇਵਕ ਬਣਨ ਤੋਂ ਕਿਉਂ ਝਿਜਕਦੇ ਹਨ? (ਅ) ਇਸ ਲੇਖ ਵਿਚ ਅਸੀਂ ਕੀ ਜਾਣਾਂਗੇ?
ਕੀ ਤੁਸੀਂ ਯਹੋਵਾਹ ਦੇ ਗਵਾਹ ਬਣਨ ਤੋਂ ਝਿਜਕ ਰਹੇ ਸੀ? ਸ਼ਾਇਦ ਤੁਹਾਨੂੰ ਇਹ ਸੋਚ ਕੇ ਡਰ ਲੱਗ ਰਿਹਾ ਸੀ ਕਿ ਤੁਹਾਡੇ ਨਾਲ ਕੰਮ ਕਰਨ ਵਾਲੇ, ਦੋਸਤ ਜਾਂ ਘਰਦੇ ਤੁਹਾਡੇ ਖ਼ਿਲਾਫ਼ ਹੋ ਜਾਣਗੇ। ਜਾਂ ਹੋ ਸਕਦਾ ਹੈ ਕਿ ਤੁਹਾਨੂੰ ਇਹ ਲੱਗ ਰਿਹਾ ਸੀ ਕਿ ਯਹੋਵਾਹ ਦੇ ਮਿਆਰਾਂ ਮੁਤਾਬਕ ਜੀਉਣਾ ਬਹੁਤ ਔਖਾ ਹੈ। ਜੇ ਤੁਹਾਨੂੰ ਇੱਦਾਂ ਲੱਗ ਰਿਹਾ ਸੀ, ਤਾਂ ਤੁਸੀਂ ਉਨ੍ਹਾਂ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ ਜੋ ਯਹੋਵਾਹ ਦੇ ਸੇਵਕ ਬਣਨ ਤੋਂ ਝਿਜਕ ਰਹੇ ਹਨ।
2 ਯਿਸੂ ਜਾਣਦਾ ਸੀ ਕਿ ਇਸ ਤਰ੍ਹਾਂ ਦਾ ਡਰ ਲੋਕਾਂ ਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕ ਸਕਦਾ ਹੈ। (ਮੱਤੀ 13:20-22) ਪਰ ਉਹ ਅਜਿਹੇ ਲੋਕਾਂ ਦੀ ਮਦਦ ਕਰਨ ਤੋਂ ਪਿੱਛੇ ਨਹੀਂ ਹਟਿਆ। ਉਸ ਨੇ ਚਾਰ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕੀਤੀ: (1) ਉਸ ਨੇ ਉਨ੍ਹਾਂ ਦੀ ਇਹ ਜਾਣਨ ਵਿਚ ਮਦਦ ਕੀਤੀ ਕਿ ਕਿਹੜੀਆਂ ਗੱਲਾਂ ਉਨ੍ਹਾਂ ਨੂੰ ਤਰੱਕੀ ਕਰਨ ਤੋਂ ਰੋਕ ਰਹੀਆਂ ਹਨ, (2) ਉਸ ਨੇ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਗੂੜ੍ਹਾ ਕੀਤਾ, (3) ਉਸ ਨੇ ਉਨ੍ਹਾਂ ਨੂੰ ਸਿਖਾਇਆ ਕਿ ਉਹ ਯਹੋਵਾਹ ਨੂੰ ਪਹਿਲੀ ਥਾਂ ਦੇਣ ਅਤੇ (4) ਉਸ ਨੇ ਉਨ੍ਹਾਂ ਨੂੰ ਸਿਖਾਇਆ ਕਿ ਉਹ ਮੁਸ਼ਕਲਾਂ ਨੂੰ ਕਿਵੇਂ ਪਾਰ ਕਰ ਸਕਦੇ ਹਨ। ਇਸ ਲੇਖ ਵਿਚ ਅਸੀਂ ਜਾਣਾਂਗੇ ਕਿ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਵਿਦਿਆਰਥੀ ਨੂੰ ਸਟੱਡੀ ਕਰਾਉਂਦਿਆਂ ਅਸੀਂ ਯਿਸੂ ਦੇ ਸਿਖਾਉਣ ਦੇ ਤਰੀਕੇ ਨੂੰ ਕਿਵੇਂ ਵਰਤ ਸਕਦੇ ਹਾਂ ਤਾਂਕਿ ਉਹ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਸਕੇ।
ਵਿਦਿਆਰਥੀ ਦੀ ਇਹ ਜਾਣਨ ਵਿਚ ਮਦਦ ਕਰੋ ਕਿ ਕਿਹੜੀਆਂ ਗੱਲਾਂ ਉਸ ਨੂੰ ਤਰੱਕੀ ਕਰਨ ਤੋਂ ਰੋਕ ਰਹੀਆਂ ਹਨ
3. ਕਿਹੜੀ ਗੱਲ ਨਿਕੁਦੇਮੁਸ ਨੂੰ ਯਿਸੂ ਦਾ ਚੇਲਾ ਬਣਨ ਤੋਂ ਰੋਕ ਰਹੀ ਸੀ?
3 ਨਿਕੁਦੇਮੁਸ ਯਹੂਦੀਆਂ ਦਾ ਇਕ ਮੰਨਿਆ-ਪ੍ਰਮੰਨਿਆ ਧਾਰਮਿਕ ਆਗੂ ਸੀ। ਯਿਸੂ ਨੂੰ ਆਪਣੀ ਸੇਵਾ ਸ਼ੁਰੂ ਕੀਤਿਆਂ ਹਾਲੇ ਛੇ ਮਹੀਨੇ ਹੀ ਹੋਏ ਸਨ ਕਿ ਨਿਕੁਦੇਮੁਸ ਉਸ ਦੇ ਕੰਮਾਂ ਨੂੰ ਦੇਖ ਕੇ ਸਮਝ ਗਿਆ ਸੀ ਕਿ ਉਸ ਨੂੰ ਪਰਮੇਸ਼ੁਰ ਨੇ ਭੇਜਿਆ ਸੀ। (ਯੂਹੰ. 3:1, 2) ਪਰ ਇਕ ਗੱਲ ਉਸ ਨੂੰ ਯਿਸੂ ਦਾ ਚੇਲਾ ਬਣਨ ਤੋਂ ਰੋਕ ਰਹੀ ਸੀ। ਉਹ ਸੀ, ‘ਯਹੂਦੀਆਂ ਦਾ ਡਰ’ ਜਿਸ ਕਰਕੇ ਉਹ ਰਾਤ ਨੂੰ ਯਿਸੂ ਨੂੰ ਮਿਲਣ ਗਿਆ। (ਯੂਹੰ. 7:13; 12:42) ਸ਼ਾਇਦ ਉਹ ਸੋਚਦਾ ਹੋਣਾ ਕਿ ਯਿਸੂ ਦਾ ਚੇਲਾ ਬਣਨ ਕਰਕੇ ਉਸ ਨੂੰ ਬਹੁਤ ਕੁਝ ਗੁਆਉਣਾ ਪੈ ਸਕਦਾ।a
4. ਯਿਸੂ ਨੇ ਨਿਕੁਦੇਮੁਸ ਦੀ ਇਹ ਸਮਝਣ ਵਿਚ ਕਿਵੇਂ ਮਦਦ ਕੀਤੀ ਕਿ ਪਰਮੇਸ਼ੁਰ ਉਸ ਤੋਂ ਕੀ ਚਾਹੁੰਦਾ ਹੈ?
4 ਨਿਕੁਦੇਮੁਸ ਨੂੰ ਮੂਸਾ ਦੇ ਕਾਨੂੰਨ ਦਾ ਬਹੁਤ ਗਿਆਨ ਸੀ। ਪਰ ਉਸ ਨੂੰ ਇਹ ਸਮਝਣ ਵਿਚ ਮਦਦ ਦੀ ਲੋੜ ਸੀ ਕਿ ਯਹੋਵਾਹ ਉਸ ਤੋਂ ਕੀ ਚਾਹੁੰਦਾ ਹੈ। ਯਿਸੂ ਨੇ ਉਸ ਦੀ ਕਿੱਦਾਂ ਮਦਦ ਕੀਤੀ? ਯਿਸੂ ਰਾਤ ਨੂੰ ਵੀ ਉਸ ਨਾਲ ਸਮਾਂ ਬਿਤਾਉਣ ਅਤੇ ਗੱਲ ਕਰਨ ਲਈ ਤਿਆਰ ਸੀ। ਨਾਲੇ ਉਸ ਨੇ ਨਿਕੁਦੇਮੁਸ ਨੂੰ ਸਾਫ਼-ਸਾਫ਼ ਦੱਸਿਆ ਕਿ ਉਸ ਦਾ ਚੇਲਾ ਬਣਨ ਲਈ ਉਸ ਨੂੰ ਇਹ ਸਾਰਾ ਕੁਝ ਕਰਨਾ ਪੈਣਾ: ਉਸ ਨੂੰ ਆਪਣੇ ਪਾਪਾਂ ਤੋਂ ਤੋਬਾ ਕਰਨੀ ਪੈਣੀ, ਪਾਣੀ ਵਿਚ ਬਪਤਿਸਮਾ ਲੈਣਾ ਪੈਣਾ ਅਤੇ ਪਰਮੇਸ਼ੁਰ ਦੇ ਪੁੱਤਰ ʼਤੇ ਨਿਹਚਾ ਦਾ ਸਬੂਤ ਦੇਣਾ ਪੈਣਾ।—ਯੂਹੰ. 3:5, 14-21.
5. ਤੁਸੀਂ ਆਪਣੇ ਵਿਦਿਆਰਥੀ ਦੀ ਇਹ ਜਾਣਨ ਵਿਚ ਕਿਵੇਂ ਮਦਦ ਕਰ ਸਕਦੇ ਹੋ ਕਿ ਕਿਹੜੀ ਗੱਲ ਉਸ ਨੂੰ ਤਰੱਕੀ ਕਰਨ ਤੋਂ ਰੋਕ ਰਹੀ ਹੈ?
5 ਚਾਹੇ ਕਿ ਕਿਸੇ ਵਿਦਿਆਰਥੀ ਨੂੰ ਬਾਈਬਲ ਦੀ ਚੰਗੀ ਸਮਝ ਹੈ, ਪਰ ਸ਼ਾਇਦ ਉਸ ਨੂੰ ਇਹ ਜਾਣਨ ਵਿਚ ਮਦਦ ਦੀ ਲੋੜ ਹੈ ਕਿ ਕਿਹੜੀ ਗੱਲ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਤੋਂ ਰੋਕ ਰਹੀ ਹੈ। ਮਿਸਾਲ ਲਈ, ਹੋ ਸਕਦਾ ਹੈ ਕਿ ਉਸ ਦਾ ਜ਼ਿਆਦਾਤਰ ਸਮਾਂ ਕੰਮ ਵਿਚ ਹੀ ਜਾ ਰਿਹਾ ਹੋਵੇ, ਜਾਂ ਉਸ ਦੇ ਘਰਦੇ ਨਹੀਂ ਚਾਹੁੰਦੇ ਹੋਣੇ ਕਿ ਉਹ ਯਹੋਵਾਹ ਦਾ ਗਵਾਹ ਬਣੇ। ਜੇ ਇੱਦਾਂ ਹੈ, ਤਾਂ ਯਿਸੂ ਵਾਂਗ ਆਪਣੇ ਵਿਦਿਆਰਥੀ ਨਾਲ ਸਮਾਂ ਬਿਤਾਓ। ਜੇ ਹੋ ਸਕਦਾ ਹੈ, ਤਾਂ ਤੁਸੀਂ ਉਸ ਨੂੰ ਚਾਹ ʼਤੇ ਬੁਲਾ ਸਕਦੇ ਹੋ ਜਾਂ ਉਸ ਨਾਲ ਕਿਤੇ ਘੁੰਮਣ ਜਾ ਸਕਦੇ ਹੋ। ਇਸ ਤਰ੍ਹਾਂ ਦੇ ਮਾਹੌਲ ਵਿਚ ਹੋ ਸਕਦਾ ਹੈ ਕਿ ਉਹ ਆਪਣੀਆਂ ਮੁਸ਼ਕਲਾਂ ਬਾਰੇ ਤੁਹਾਨੂੰ ਖੁੱਲ੍ਹ ਕੇ ਦੱਸੇ। ਇੱਦਾਂ ਤੁਸੀਂ ਸਮਝ ਸਕੋਗੇ ਕਿ ਉਸ ਨੂੰ ਕਿਹੜੀ ਗੱਲ ਯਹੋਵਾਹ ਦੀ ਸੇਵਾ ਕਰਨ ਤੋਂ ਰੋਕ ਰਹੀ ਹੈ। ਫਿਰ ਉਸ ਨੂੰ ਦੱਸੋ ਕਿ ਉਸ ਨੂੰ ਕਿਨ੍ਹਾਂ ਮਾਮਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ। ਉਸ ਨੂੰ ਇਹ ਵੀ ਦੱਸੋ ਕਿ ਉਹ ਇਹ ਸੁਧਾਰ ਤੁਹਾਨੂੰ ਖ਼ੁਸ਼ ਕਰਨ ਲਈ ਨਹੀਂ, ਸਗੋਂ ਯਹੋਵਾਹ ਨੂੰ ਖ਼ੁਸ਼ ਕਰਨ ਲਈ ਕਰੇ।
6. ਤੁਸੀਂ ਆਪਣੇ ਵਿਦਿਆਰਥੀ ਦੀ ਦਲੇਰ ਬਣਨ ਵਿਚ ਕਿੱਦਾਂ ਮਦਦ ਕਰ ਸਕਦੇ ਹੋ ਤਾਂਕਿ ਉਹ ਪਰਮੇਸ਼ੁਰ ਦਾ ਸੇਵਕ ਬਣਨ ਦਾ ਫ਼ੈਸਲਾ ਕਰੇ? (1 ਕੁਰਿੰਥੀਆਂ 16:13)
6 ਜਦੋਂ ਵਿਦਿਆਰਥੀ ਨੂੰ ਯਕੀਨ ਹੋ ਜਾਂਦਾ ਹੈ ਕਿ ਯਹੋਵਾਹ ਬਾਈਬਲ ਦੇ ਮਿਆਰਾਂ ਮੁਤਾਬਕ ਚੱਲਣ ਵਿਚ ਉਸ ਦੀ ਮਦਦ ਕਰੇਗਾ, ਤਾਂ ਉਹ ਦਲੇਰੀ ਨਾਲ ਸਿੱਖੀਆਂ ਗੱਲਾਂ ਨੂੰ ਲਾਗੂ ਕਰੇਗਾ। (1 ਕੁਰਿੰਥੀਆਂ 16:13 ਪੜ੍ਹੋ।) ਜ਼ਰਾ ਸੋਚੋ ਕਿ ਜਦੋਂ ਤੁਸੀਂ ਸਕੂਲ ਜਾਂਦੇ ਸੀ, ਤਾਂ ਤੁਹਾਨੂੰ ਕਿਹੜਾ ਟੀਚਰ ਪਸੰਦ ਸੀ। ਤੁਹਾਨੂੰ ਜ਼ਰੂਰ ਉਹ ਟੀਚਰ ਪਸੰਦ ਹੋਣਾ ਜੋ ਸਿਰਫ਼ ਭਾਸ਼ਣ ਨਹੀਂ ਝਾੜਦਾ ਸੀ, ਸਗੋਂ ਧੀਰਜ ਨਾਲ ਤੁਹਾਨੂੰ ਸਿਖਾਉਂਦਾ ਸੀ ਕਿ ਤੁਸੀਂ ਕੋਈ ਕੰਮ ਕਿਵੇਂ ਕਰਨਾ ਹੈ। ਤੁਸੀਂ ਵੀ ਇੱਦਾਂ ਹੀ ਕਰ ਸਕਦੇ ਹੋ। ਆਪਣੇ ਵਿਦਿਆਰਥੀ ਨੂੰ ਸਿਰਫ਼ ਇਹੀ ਨਾ ਸਿਖਾਓ ਕਿ ਪਰਮੇਸ਼ੁਰ ਉਸ ਤੋਂ ਕੀ ਚਾਹੁੰਦਾ ਹੈ, ਸਗੋਂ ਉਸ ਨੂੰ ਭਰੋਸਾ ਦਿਵਾਓ ਕਿ ਉਹ ਯਹੋਵਾਹ ਦੀ ਮਦਦ ਨਾਲ ਆਪਣੀ ਜ਼ਿੰਦਗੀ ਵਿਚ ਜ਼ਰੂਰੀ ਤਬਦੀਲੀਆਂ ਕਰ ਸਕਦਾ ਹੈ। ਅਸੀਂ ਵਿਦਿਆਰਥੀ ਦੀ ਮਦਦ ਕਰਨ ਲਈ ਹੋਰ ਕੀ ਕਰ ਸਕਦੇ ਹਾਂ?
ਵਿਦਿਆਰਥੀ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਗੂੜ੍ਹਾ ਕਰੋ
7. ਯਿਸੂ ਨੇ ਲੋਕਾਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਕਿਵੇਂ ਗੂੜ੍ਹਾ ਕੀਤਾ?
7 ਯਿਸੂ ਜਾਣਦਾ ਸੀ ਕਿ ਜੇ ਉਸ ਦੇ ਚੇਲੇ ਪਰਮੇਸ਼ੁਰ ਨੂੰ ਪਿਆਰ ਕਰਨਗੇ, ਤਾਂ ਹੀ ਉਹ ਸਿੱਖੀਆਂ ਗੱਲਾਂ ਨੂੰ ਲਾਗੂ ਕਰਨਗੇ। ਇਸ ਲਈ ਯਿਸੂ ਅਕਸਰ ਆਪਣੇ ਚੇਲਿਆਂ ਨੂੰ ਅਜਿਹੀਆਂ ਗੱਲਾਂ ਸਿਖਾਉਂਦਾ ਸੀ ਜਿਨ੍ਹਾਂ ਕਰਕੇ ਉਨ੍ਹਾਂ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਗੂੜ੍ਹਾ ਹੋ ਸਕਿਆ। ਮਿਸਾਲ ਲਈ, ਉਸ ਨੇ ਚੇਲਿਆਂ ਨੂੰ ਕਿਹਾ ਕਿ ਯਹੋਵਾਹ ਇਕ ਪਿਤਾ ਵਾਂਗ ਹੈ ਜੋ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦਿੰਦਾ ਹੈ। (ਮੱਤੀ 7:9-11) ਯਿਸੂ ਦੀਆਂ ਗੱਲਾਂ ਸੁਣਨ ਵਾਲਿਆਂ ਵਿੱਚੋਂ ਕੁਝ ਲੋਕ ਸ਼ਾਇਦ ਅਜਿਹੇ ਸਨ ਜਿਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪਿਆਰ ਨਹੀਂ ਕਰਦੇ ਸਨ। ਜ਼ਰਾ ਸੋਚੋ, ਜਦੋਂ ਯਿਸੂ ਨੇ ਇਕ ਪਿਆਰੇ ਪਿਤਾ ਦੀ ਮਿਸਾਲ ਦਿੱਤੀ ਜਿਸ ਨੇ ਆਪਣੇ ਉਜਾੜੂ ਪੁੱਤਰ ਦਾ ਸੁਆਗਤ ਕੀਤਾ ਸੀ, ਤਾਂ ਉਨ੍ਹਾਂ ਨੂੰ ਕਿੱਦਾਂ ਲੱਗਾ ਹੋਣਾ। ਭਾਵੇਂ ਕਿ ਉਸ ਦਾ ਪੁੱਤਰ ਅਯਾਸ਼ੀ ਦੀ ਜ਼ਿੰਦਗੀ ਜੀ ਕੇ ਘਰ ਵਾਪਸ ਆਇਆ ਸੀ, ਫਿਰ ਵੀ ਉਸ ਦੇ ਦਿਆਲੂ ਪਿਤਾ ਨੇ ਬੜੇ ਪਿਆਰ ਨਾਲ ਉਸ ਦਾ ਸੁਆਗਤ ਕੀਤਾ। ਇਸ ਮਿਸਾਲ ਤੋਂ ਉਹ ਸਮਝ ਗਏ ਹੋਣੇ ਕਿ ਯਹੋਵਾਹ ਆਪਣੇ ਬੱਚਿਆਂ ਨੂੰ ਯਾਨੀ ਸਾਨੂੰ ਇਨਸਾਨਾਂ ਨੂੰ ਬਹੁਤ ਪਿਆਰ ਕਰਦਾ ਹੈ।—ਲੂਕਾ 15:20-24.
8. ਤੁਸੀਂ ਆਪਣੇ ਵਿਦਿਆਰਥੀ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਕਿਵੇਂ ਗੂੜ੍ਹਾ ਕਰ ਸਕਦੇ ਹੋ?
8 ਤੁਸੀਂ ਵੀ ਆਪਣੇ ਵਿਦਿਆਰਥੀ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਗੂੜ੍ਹਾ ਕਰ ਸਕਦੇ ਹੋ। ਕਿਵੇਂ? ਉਸ ਨੂੰ ਯਹੋਵਾਹ ਦੇ ਗੁਣਾਂ ਬਾਰੇ ਸਿਖਾਓ। ਹਰ ਵਾਰ ਸਟੱਡੀ ਕਰਦੇ ਵੇਲੇ ਉਸ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਉਹ ਜੋ ਵੀ ਸਿੱਖ ਰਿਹਾ ਹੈ, ਉਸ ਤੋਂ ਕਿਵੇਂ ਪਤਾ ਲੱਗਦਾ ਹੈ ਕਿ ਯਹੋਵਾਹ ਉਸ ਨੂੰ ਪਿਆਰ ਕਰਦਾ ਹੈ। ਮਿਸਾਲ ਲਈ, ਰਿਹਾਈ ਦੀ ਕੀਮਤ ਬਾਰੇ ਚਰਚਾ ਕਰਦਿਆਂ ਤੁਸੀਂ ਉਸ ਨੂੰ ਸਮਝਾ ਸਕਦੇ ਹੋ ਕਿ ਉਸ ਨਾਲ ਪਿਆਰ ਹੋਣ ਕਰਕੇ ਯਹੋਵਾਹ ਨੇ ਉਸ ਲਈ ਵੀ ਇਹ ਕੀਮਤ ਦਿੱਤੀ ਹੈ। (ਰੋਮੀ. 5:8; 1 ਯੂਹੰ. 4:10) ਜਦੋਂ ਵਿਦਿਆਰਥੀ ਇਸ ਬਾਰੇ ਸੋਚੇਗਾ ਕਿ ਯਹੋਵਾਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ, ਤਾਂ ਉਹ ਵੀ ਯਹੋਵਾਹ ਨੂੰ ਪਿਆਰ ਕਰਨ ਲੱਗ ਪਵੇਗਾ।—ਗਲਾ. 2:20.
9. ਕਿਹੜੀ ਗੱਲ ਕਰਕੇ ਮਾਈਕਲ ਆਪਣੀ ਜ਼ਿੰਦਗੀ ਵਿਚ ਬਦਲਾਅ ਕਰ ਸਕਿਆ?
9 ਜ਼ਰਾ ਇੰਡੋਨੇਸ਼ੀਆ ਵਿਚ ਰਹਿਣ ਵਾਲੇ ਮਾਈਕਲ ਦੀ ਮਿਸਾਲ ʼਤੇ ਗੌਰ ਕਰੋ। ਉਸ ਦੀ ਪਰਵਰਿਸ਼ ਸੱਚਾਈ ਵਿਚ ਹੋਈ ਸੀ। ਪਰ ਉਸ ਨੇ ਬਪਤਿਸਮਾ ਨਹੀਂ ਲਿਆ ਸੀ। 18 ਸਾਲਾਂ ਦੀ ਉਮਰ ਵਿਚ ਉਹ ਵਿਦੇਸ਼ ਜਾ ਕੇ ਟਰੱਕ ਚਲਾਉਣ ਲੱਗ ਪਿਆ। ਬਾਅਦ ਵਿਚ ਉਹ ਇੰਡੋਨੇਸ਼ੀਆ ਵਾਪਸ ਆਇਆ ਤੇ ਉਸ ਨੇ ਵਿਆਹ ਕਰਾ ਲਿਆ। ਫਿਰ ਉਹ ਆਪਣੇ ਪਰਿਵਾਰ ਨੂੰ ਇੰਡੋਨੇਸ਼ੀਆ ਵਿਚ ਹੀ ਛੱਡ ਕੇ ਵਾਪਸ ਵਿਦੇਸ਼ ਚਲਾ ਗਿਆ। ਇਸ ਦੌਰਾਨ ਉਸ ਦੀ ਪਤਨੀ ਤੇ ਉਸ ਦੀ ਕੁੜੀ ਬਾਈਬਲ ਸਟੱਡੀ ਕਰਨ ਲੱਗ ਪਈਆਂ ਅਤੇ ਸਿੱਖੀਆਂ ਗੱਲਾਂ ਲਾਗੂ ਕਰਨ ਲੱਗ ਪਈਆਂ। ਆਪਣੀ ਮੰਮੀ ਦੀ ਮੌਤ ਤੋਂ ਬਾਅਦ ਮਾਈਕਲ ਆਪਣੇ ਪਿਤਾ ਦੀ ਦੇਖ-ਭਾਲ ਕਰਨ ਲਈ ਘਰ ਵਾਪਸ ਆ ਗਿਆ। ਵਾਪਸ ਆਉਣ ਤੋਂ ਬਾਅਦ ਮਾਈਕਲ ਵੀਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਸਟੱਡੀ ਕਰਨ ਲੱਗ ਪਿਆ। ਜਦੋਂ ਪਾਠ 27 ਦੇ “ਹੋਰ ਸਿੱਖੋ” ਭਾਗ ʼਤੇ ਚਰਚਾ ਹੋ ਰਹੀ ਸੀ, ਤਾਂ ਇਕ ਗੱਲ ਉਸ ਦੇ ਦਿਲ ਨੂੰ ਛੂਹ ਗਈ। ਜਦੋਂ ਉਸ ਨੇ ਇਸ ਬਾਰੇ ਸੋਚਿਆ ਕਿ ਯਹੋਵਾਹ ਨੂੰ ਆਪਣੇ ਪੁੱਤਰ ਨੂੰ ਤੜਫਦਿਆਂ ਦੇਖ ਕੇ ਕਿੰਨਾ ਦੁੱਖ ਲੱਗਾ ਹੋਣਾ, ਤਾਂ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਸ ਦਾ ਦਿਲ ਰਿਹਾਈ ਦੀ ਕੀਮਤ ਲਈ ਸ਼ੁਕਰਗੁਜ਼ਾਰੀ ਨਾਲ ਭਰ ਗਿਆ। ਫਿਰ ਉਸ ਨੇ ਸੋਚ ਲਿਆ ਕਿ ਉਹ ਆਪਣੀ ਜ਼ਿੰਦਗੀ ਵਿਚ ਬਦਲਾਅ ਕਰੇਗਾ ਅਤੇ ਬਪਤਿਸਮਾ ਲਵੇਗਾ।
ਵਿਦਿਆਰਥੀ ਨੂੰ ਯਹੋਵਾਹ ਨੂੰ ਪਹਿਲੀ ਥਾਂ ਦੇਣੀ ਸਿਖਾਓ
10. ਯਿਸੂ ਨੇ ਆਪਣੇ ਕੁਝ ਚੇਲਿਆਂ ਨੂੰ ਇਹ ਕਿਵੇਂ ਸਮਝਾਇਆ ਕਿ ਉਨ੍ਹਾਂ ਨੂੰ ਯਹੋਵਾਹ ਨੂੰ ਪਹਿਲੀ ਥਾਂ ਦੇਣੀ ਚਾਹੀਦੀ ਹੈ? (ਲੂਕਾ 5:5-11) (ਤਸਵੀਰ ਵੀ ਦੇਖੋ।)
10 ਯਿਸੂ ਦੇ ਕੁਝ ਚੇਲੇ ਝੱਟ ਸਮਝ ਗਏ ਕਿ ਯਿਸੂ ਹੀ ਵਾਅਦਾ ਕੀਤਾ ਹੋਇਆ ਮਸੀਹ ਸੀ। ਪਰ ਉਨ੍ਹਾਂ ਨੂੰ ਇਹ ਵੀ ਸਮਝਣ ਦੀ ਲੋੜ ਸੀ ਕਿ ਉਨ੍ਹਾਂ ਨੂੰ ਪ੍ਰਚਾਰ ਦੇ ਕੰਮ ਨੂੰ ਪਹਿਲੀ ਥਾਂ ਦੇਣੀ ਚਾਹੀਦੀ ਹੈ। ਮਿਸਾਲ ਲਈ, ਪਤਰਸ ਅਤੇ ਅੰਦ੍ਰਿਆਸ ਯਿਸੂ ਦੇ ਚੇਲੇ ਬਣਨ ਤੋਂ ਬਾਅਦ ਵੀ ਮੱਛੀਆਂ ਫੜਨ ਦਾ ਕੰਮ ਕਰ ਰਹੇ ਸਨ। (ਮੱਤੀ 4:18, 19) ਉਹ ਸ਼ਾਇਦ ਯਾਕੂਬ ਅਤੇ ਯੂਹੰਨਾ ਨਾਲ ਮਿਲ ਕੇ ਮੱਛੀਆਂ ਦਾ ਕਾਰੋਬਾਰ ਕਰ ਰਹੇ ਸਨ ਅਤੇ ਬਹੁਤ ਪੈਸਾ ਕਮਾ ਰਹੇ ਸਨ। (ਮਰ. 1:16-20) ਪਰ ਫਿਰ ਯਿਸੂ ਨੇ ਉਨ੍ਹਾਂ ਨੂੰ ਆਪਣੇ ਨਾਲ ਪੂਰੇ ਸਮੇਂ ਦੀ ਸੇਵਾ ਕਰਨ ਦਾ ਸੱਦਾ ਦਿੱਤਾ। ਉਸ ਵੇਲੇ ਪਤਰਸ ਅਤੇ ਅੰਦ੍ਰਿਆਸ “ਆਪਣੇ ਜਾਲ਼ ਛੱਡ ਕੇ” ਉਸ ਦੇ ਪਿੱਛੇ ਚਲੇ ਗਏ। ਉਨ੍ਹਾਂ ਨੇ ਜ਼ਰੂਰ ਆਪਣੇ ਘਰਦਿਆਂ ਦਾ ਗੁਜ਼ਾਰਾ ਤੋਰਨ ਲਈ ਪ੍ਰਬੰਧ ਕੀਤਾ ਹੋਣਾ। ਪਰ ਉਹ ਆਪਣਾ ਕਾਰੋਬਾਰ ਛੱਡ ਕੇ ਯਿਸੂ ਪਿੱਛੇ ਕਿਉਂ ਚੱਲਣ ਲੱਗ ਪਏ? ਲੂਕਾ ਦੀ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਯਿਸੂ ਨੇ ਯਹੋਵਾਹ ʼਤੇ ਉਨ੍ਹਾਂ ਦਾ ਭਰੋਸਾ ਪੱਕਾ ਕਰਨ ਲਈ ਇਕ ਚਮਤਕਾਰ ਕੀਤਾ। ਇਹ ਚਮਤਕਾਰ ਦੇਖ ਕੇ ਉਹ ਸਮਝ ਗਏ ਸਨ ਕਿ ਜੇ ਉਹ ਯਹੋਵਾਹ ਨੂੰ ਪਹਿਲੀ ਥਾਂ ਦੇਣਗੇ, ਤਾਂ ਉਹ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇਗਾ।—ਲੂਕਾ 5:5-11 ਪੜ੍ਹੋ।
ਯਿਸੂ ਨੇ ਆਪਣੇ ਚੇਲਿਆਂ ਨੂੰ ਜਿਸ ਤਰੀਕੇ ਨਾਲ ਯਹੋਵਾਹ ਨੂੰ ਪਹਿਲੀ ਥਾਂ ਦੇਣੀ ਸਿਖਾਈ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਪੈਰੇ 10-11 ਦੇਖੋ)c
11. ਅਸੀਂ ਆਪਣੇ ਵਿਦਿਆਰਥੀ ਦੀ ਨਿਹਚਾ ਕਿਵੇਂ ਮਜ਼ਬੂਤ ਕਰ ਸਕਦੇ ਹਾਂ?
11 ਯਿਸੂ ਵਾਂਗ ਅਸੀਂ ਕੋਈ ਚਮਤਕਾਰ ਤਾਂ ਨਹੀਂ ਕਰ ਸਕਦੇ, ਪਰ ਅਸੀਂ ਆਪਣੇ ਵਿਦਿਆਰਥੀ ਨੂੰ ਅਜਿਹੇ ਭੈਣਾਂ-ਭਰਾਵਾਂ ਦੇ ਤਜਰਬੇ ਦੱਸ ਸਕਦੇ ਹਾਂ ਜਿਸ ਤੋਂ ਉਹ ਸਮਝ ਸਕਣਗੇ ਕਿ ਯਹੋਵਾਹ ਉਨ੍ਹਾਂ ਸੇਵਕਾਂ ਨੂੰ ਕਿੱਦਾਂ ਸੰਭਾਲਦਾ ਹੈ ਜੋ ਉਸ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦੇ ਹਨ। ਨਾਲੇ ਇਹ ਵੀ ਦੱਸੋ ਕਿ ਯਹੋਵਾਹ ਨੇ ਉਨ੍ਹਾਂ ਦੀ ਕਿਵੇਂ ਮਦਦ ਕੀਤੀ। ਮਿਸਾਲ ਲਈ, ਤੁਸੀਂ ਉਸ ਨੂੰ ਆਪਣੇ ਬਾਰੇ ਦੱਸ ਸਕਦੇ ਹੋ ਕਿ ਜਦੋਂ ਤੁਸੀਂ ਸਭਾਵਾਂ ʼਤੇ ਜਾਣਾ ਸ਼ੁਰੂ ਕੀਤਾ ਸੀ, ਤਾਂ ਯਹੋਵਾਹ ਨੇ ਤੁਹਾਡੀ ਕਿੱਦਾਂ ਮਦਦ ਕੀਤੀ ਸੀ। ਸ਼ਾਇਦ ਤੁਸੀਂ ਆਪਣੇ ਮਾਲਕ ਨੂੰ ਦੱਸਿਆ ਹੋਵੇ ਕਿ ਜਿਸ ਦਿਨ ਸਭਾਵਾਂ ਹੁੰਦੀਆਂ ਹਨ, ਉਸ ਦਿਨ ਤੁਸੀਂ ਦੇਰ ਤਕ ਕੰਮ ਨਹੀਂ ਕਰ ਸਕਦੇ। ਆਪਣੇ ਵਿਦਿਆਰਥੀ ਨੂੰ ਇਹ ਵੀ ਦੱਸੋ ਕਿ ਯਹੋਵਾਹ ਨੂੰ ਪਹਿਲੀ ਥਾਂ ਦੇਣ ਕਰਕੇ ਤੁਸੀਂ ਜੋ ਫ਼ੈਸਲੇ ਕੀਤੇ ਸਨ, ਉਨ੍ਹਾਂ ʼਤੇ ਯਹੋਵਾਹ ਨੇ ਕਿਵੇਂ ਬਰਕਤ ਪਾਈ ਅਤੇ ਇਸ ਕਰਕੇ ਤੁਹਾਡੀ ਨਿਹਚਾ ਕਿਵੇਂ ਮਜ਼ਬੂਤ ਹੋਈ।
12. (ੳ) ਸਾਨੂੰ ਅਲੱਗ-ਅਲੱਗ ਭੈਣਾਂ-ਭਰਾਵਾਂ ਨੂੰ ਆਪਣੇ ਨਾਲ ਸਟੱਡੀ ʼਤੇ ਕਿਉਂ ਲੈ ਕੇ ਜਾਣਾ ਚਾਹੀਦਾ ਹੈ? (ਅ) ਤੁਸੀਂ ਵੀਡੀਓ ਰਾਹੀਂ ਵੀ ਆਪਣੇ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹੋ? ਇਕ ਮਿਸਾਲ ਦਿਓ।
12 ਜਦੋਂ ਹੋਰ ਭੈਣ-ਭਰਾ ਤੁਹਾਡੇ ਵਿਦਿਆਰਥੀ ਨੂੰ ਦੱਸਣਗੇ ਕਿ ਯਹੋਵਾਹ ਨੂੰ ਪਹਿਲੀ ਥਾਂ ਦੇਣ ਲਈ ਉਨ੍ਹਾਂ ਨੇ ਕਿਹੜੇ ਬਦਲਾਅ ਕੀਤੇ, ਤਾਂ ਇਹ ਸੁਣ ਕੇ ਵੀ ਵਿਦਿਆਰਥੀ ਦੀ ਨਿਹਚਾ ਮਜ਼ਬੂਤ ਹੋਵੇਗੀ। ਇਸ ਲਈ ਕਿਉਂ ਨਾ ਤੁਸੀਂ ਅਲੱਗ-ਅਲੱਗ ਭੈਣਾਂ-ਭਰਾਵਾਂ ਨੂੰ ਆਪਣੇ ਨਾਲ ਸਟੱਡੀ ʼਤੇ ਲੈ ਕੇ ਜਾਓ। ਉਨ੍ਹਾਂ ਨੂੰ ਕਹੋ ਕਿ ਉਹ ਵਿਦਿਆਰਥੀ ਨੂੰ ਦੱਸਣ ਕਿ ਉਹ ਸੱਚਾਈ ਵਿਚ ਕਿਵੇਂ ਆਏ ਅਤੇ ਉਨ੍ਹਾਂ ਨੇ ਯਹੋਵਾਹ ਨੂੰ ਪਹਿਲੀ ਥਾਂ ਦੇਣ ਲਈ ਕੀ ਕੁਝ ਕੀਤਾ। ਇਸ ਤੋਂ ਇਲਾਵਾ, ਆਪਣੇ ਵਿਦਿਆਰਥੀ ਨਾਲ ਮਿਲ ਕੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ “ਹੋਰ ਸਿੱਖੋ” ਭਾਗ ਦੇ ਵੀਡੀਓ ਦੇਖੋ। ਨਾਲੇ ਜੇ ਤੁਸੀਂ ਚਾਹੋ, ਤਾਂ “ਇਹ ਵੀ ਦੇਖੋ” ਭਾਗ ਵਿਚ ਦਿੱਤੀਆਂ ਕੁਝ ਵੀਡੀਓ ਵੀ ਦੇਖ ਸਕਦੇ ਹੋ। ਮਿਸਾਲ ਲਈ, ਤੁਸੀਂ ਪਾਠ 37 ʼਤੇ ਚਰਚਾ ਕਰਦਿਆਂ ਯਹੋਵਾਹ ਸਾਡੀ ਹਰ ਲੋੜ ਪੂਰੀ ਕਰੇਗਾ ਨਾਂ ਦੀ ਵੀਡੀਓ ਦੇਖ ਸਕਦੇ ਹੋ ਅਤੇ ਉਸ ਵਿਚ ਦਿੱਤੇ ਅਸੂਲਾਂ ʼਤੇ ਚਰਚਾ ਕਰ ਸਕਦੇ ਹੋ।
ਵਿਦਿਆਰਥੀ ਨੂੰ ਮੁਸ਼ਕਲਾਂ ਪਾਰ ਕਰਨੀਆਂ ਸਿਖਾਓ
13. ਯਿਸੂ ਨੇ ਆਪਣੇ ਚੇਲਿਆਂ ਨੂੰ ਵਿਰੋਧ ਦਾ ਸਾਮ੍ਹਣਾ ਕਰਨ ਲਈ ਕਿਵੇਂ ਤਿਆਰ ਕੀਤਾ?
13 ਯਿਸੂ ਨੇ ਆਪਣੇ ਚੇਲਿਆਂ ਨੂੰ ਵਾਰ-ਵਾਰ ਦੱਸਿਆ ਕਿ ਲੋਕ ਉਨ੍ਹਾਂ ਦਾ ਵਿਰੋਧ ਕਰਨਗੇ, ਇੱਥੋਂ ਤਕ ਕਿ ਉਨ੍ਹਾਂ ਦੇ ਰਿਸ਼ਤੇਦਾਰ ਵੀ। (ਮੱਤੀ 5:11; 10:22, 36) ਆਪਣੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਲੋਕ ਉਨ੍ਹਾਂ ਨੂੰ ਜਾਨੋਂ ਵੀ ਮਾਰ ਸਕਦੇ ਹਨ। (ਮੱਤੀ 24:9; ਯੂਹੰ. 15:20; 16:2) ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਪ੍ਰਚਾਰ ਕਰਦੇ ਵੇਲੇ ਖ਼ਬਰਦਾਰ ਰਹਿਣ। ਨਾਲੇ ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਕਿ ਵਿਰੋਧ ਹੋਣ ਤੇ ਉਹ ਬਹਿਸ ਨਾ ਕਰਨ, ਸਗੋਂ ਸਮਝਦਾਰੀ ਨਾਲ ਪੇਸ਼ ਆਉਣ ਤਾਂਕਿ ਉਹ ਪ੍ਰਚਾਰ ਕਰਦੇ ਰਹਿ ਸਕਣ।
14. ਅਸੀਂ ਆਪਣੇ ਵਿਦਿਆਰਥੀ ਨੂੰ ਵਿਰੋਧ ਦਾ ਸਾਮ੍ਹਣਾ ਕਰਨ ਲਈ ਕਿਵੇਂ ਤਿਆਰ ਕਰ ਸਕਦੇ ਹਾਂ? (2 ਤਿਮੋਥਿਉਸ 3:12)
14 ਅਸੀਂ ਵੀ ਆਪਣੇ ਵਿਦਿਆਰਥੀ ਨੂੰ ਵਿਰੋਧ ਦਾ ਸਾਮ੍ਹਣਾ ਕਰਨ ਲਈ ਤਿਆਰ ਕਰ ਸਕਦੇ ਹਾਂ। ਕਿਵੇਂ? ਅਸੀਂ ਉਸ ਨੂੰ ਸਮਝਾ ਸਕਦੇ ਹਾਂ ਕਿ ਉਸ ਦੇ ਦੋਸਤ, ਰਿਸ਼ਤੇਦਾਰ ਅਤੇ ਉਸ ਨਾਲ ਕੰਮ ਕਰਨ ਵਾਲੇ ਸ਼ਾਇਦ ਉਸ ਨੂੰ ਕੀ ਕਹਿਣ। (2 ਤਿਮੋਥਿਉਸ 3:12 ਪੜ੍ਹੋ।) ਬਾਈਬਲ ਮੁਤਾਬਕ ਚੱਲਣ ਕਰਕੇ ਸ਼ਾਇਦ ਉਸ ਨਾਲ ਕੰਮ ਕਰਨ ਵਾਲੇ ਉਸ ਦਾ ਮਜ਼ਾਕ ਉਡਾਉਣ ਜਾਂ ਉਸ ਦੇ ਰਿਸ਼ਤੇਦਾਰ ਉਸ ਨੂੰ ਤਾਅਨੇ ਮਾਰਨ। ਅਸੀਂ ਜਿੰਨੀ ਜਲਦੀ ਆਪਣੇ ਵਿਦਿਆਰਥੀ ਨਾਲ ਇਸ ਬਾਰੇ ਗੱਲ ਕਰਾਂਗੇ, ਉਹ ਉੱਨੇ ਵਧੀਆ ਤਰੀਕੇ ਨਾਲ ਇਸ ਦਾ ਸਾਮ੍ਹਣਾ ਕਰ ਸਕੇਗਾ।
15. ਵਿਰੋਧ ਦਾ ਸਾਮ੍ਹਣਾ ਕਰਨ ਵਿਚ ਤੁਸੀਂ ਆਪਣੇ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹੋ?
15 ਜੇ ਵਿਦਿਆਰਥੀ ਦੇ ਘਰਦੇ ਜਾਂ ਰਿਸ਼ਤੇਦਾਰ ਉਸ ਦਾ ਵਿਰੋਧ ਕਰ ਰਹੇ ਹਨ, ਤਾਂ ਉਸ ਨੂੰ ਇਸ ਬਾਰੇ ਸੋਚਣ ਲਈ ਕਹੋ ਕਿ ਉਹ ਕਿਉਂ ਨਾਰਾਜ਼ ਹਨ। ਹੋ ਸਕਦਾ ਹੈ ਕਿ ਉਹ ਇਹ ਸੋਚ ਰਹੇ ਹੋਣ ਕਿ ਯਹੋਵਾਹ ਦੇ ਗਵਾਹ ਉਸ ਨੂੰ ਗੁਮਰਾਹ ਕਰ ਰਹੇ ਹਨ। ਜਾਂ ਸ਼ਾਇਦ ਉਨ੍ਹਾਂ ਨੇ ਸੁਣਿਆ ਹੋਵੇ ਕਿ ਗਵਾਹ ਚੰਗੇ ਲੋਕ ਨਹੀਂ ਹਨ। ਪਰ ਇਹ ਕੋਈ ਨਵੀਂ ਗੱਲ ਨਹੀਂ ਹੈ। ਯਿਸੂ ਦੇ ਰਿਸ਼ਤੇਦਾਰ ਵੀ ਉਸ ਤੋਂ ਨਾਰਾਜ਼ ਸਨ ਅਤੇ ਸੋਚਦੇ ਸਨ ਕਿ ਉਹ ਪਾਗਲ ਹੋ ਗਿਆ ਹੈ। (ਮਰ. 3:21; ਯੂਹੰ. 7:5) ਆਪਣੇ ਵਿਦਿਆਰਥੀ ਨੂੰ ਸਿਖਾਓ ਕਿ ਉਹ ਧੀਰਜ ਰੱਖੇ ਅਤੇ ਸੋਚ-ਸਮਝ ਕੇ ਗੱਲ ਕਰੇ, ਖ਼ਾਸ ਕਰਕੇ ਆਪਣੇ ਘਰਦਿਆਂ ਜਾਂ ਰਿਸ਼ਤੇਦਾਰਾਂ ਨਾਲ।
16. ਸਮਝਦਾਰੀ ਨਾਲ ਆਪਣੇ ਵਿਸ਼ਵਾਸਾਂ ਬਾਰੇ ਦੱਸਣ ਵਿਚ ਅਸੀਂ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹਾਂ?
16 ਜੇ ਵਿਦਿਆਰਥੀ ਦਾ ਕੋਈ ਰਿਸ਼ਤੇਦਾਰ ਦਿਲਚਸਪੀ ਦਿਖਾਉਂਦਾ ਹੈ, ਤਾਂ ਇਹ ਸਮਝਦਾਰੀ ਦੀ ਗੱਲ ਨਹੀਂ ਹੈ ਕਿ ਵਿਦਿਆਰਥੀ ਇੱਕੋ ਵਾਰ ਵਿਚ ਉਸ ਨੂੰ ਸਾਰਾ ਕੁਝ ਦੱਸ ਦੇਵੇ। ਇੱਦਾਂ ਕਰਨ ਨਾਲ ਉਸ ਦਾ ਰਿਸ਼ਤੇਦਾਰ ਪਰੇਸ਼ਾਨ ਹੋ ਸਕਦਾ ਹੈ ਅਤੇ ਅਗਲੀ ਵਾਰ ਉਸ ਦੇ ਵਿਸ਼ਵਾਸਾਂ ਬਾਰੇ ਗੱਲ ਕਰਨ ਤੋਂ ਟਾਲ-ਮਟੋਲ ਕਰ ਸਕਦਾ ਹੈ। ਇਸ ਕਰਕੇ ਵਿਦਿਆਰਥੀ ਨੂੰ ਦੱਸੋ ਕਿ ਉਹ ਆਪਣੇ ਰਿਸ਼ਤੇਦਾਰ ਨੂੰ ਥੋੜ੍ਹਾ-ਥੋੜ੍ਹਾ ਕਰ ਕੇ ਦੱਸੇ। ਇਸ ਤਰ੍ਹਾਂ ਉਹ ਅਗਲੀ ਵਾਰ ਵੀ ਉਸ ਦੀ ਗੱਲ ਸੁਣਨੀ ਚਾਹੁਣਗੇ। (ਕੁਲੁ. 4:6) ਉਸ ਨੂੰ ਇਹ ਵੀ ਕਹੋ ਕਿ ਉਹ ਉਸ ਨੂੰ jw.org ਵੈੱਬਸਾਈਟ ਬਾਰੇ ਵੀ ਦੱਸ ਸਕਦਾ ਹੈ। ਇਸ ਤਰ੍ਹਾਂ ਉਸ ਦਾ ਰਿਸ਼ਤੇਦਾਰ ਗਵਾਹਾਂ ਬਾਰੇ ਜੋ ਵੀ ਜਾਣਨਾ ਚਾਹੁੰਦਾ ਹੈ, ਉਹ ਜਾਣ ਸਕਦਾ ਹੈ।
17. ਤੁਸੀਂ ਵਿਦਿਆਰਥੀ ਨੂੰ ਗਵਾਹਾਂ ਬਾਰੇ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਣੇ ਕਿੱਦਾਂ ਸਿਖਾ ਸਕਦੇ ਹੋ? (ਤਸਵੀਰ ਵੀ ਦੇਖੋ।)
17 ਤੁਸੀਂ ਆਪਣੇ ਵਿਦਿਆਰਥੀ ਨੂੰ jw.org/pa ਵੈੱਬਸਾਈਟ ʼਤੇ “ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ” ਵੀ ਦਿਖਾ ਸਕਦੇ ਹੋ। ਇਸ ਤੋਂ ਉਹ ਜਾਣ ਸਕੇਗਾ ਕਿ ਉਹ ਆਪਣੇ ਰਿਸ਼ਤੇਦਾਰਾਂ ਅਤੇ ਨਾਲ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਕਿਵੇਂ ਦੇ ਸਕਦਾ ਹੈ। (2 ਤਿਮੋ. 2:24, 25) ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਹਰੇਕ ਪਾਠ ਦੇ ਅਖ਼ੀਰ ਵਿਚ ਦਿੱਤੇ “ਕੁਝ ਲੋਕਾਂ ਦਾ ਕਹਿਣਾ ਹੈ” ਜਾਂ “ਸ਼ਾਇਦ ਕੋਈ ਪੁੱਛੇ” ਭਾਗ ʼਤੇ ਚਰਚਾ ਕਰੋ। ਆਪਣੇ ਵਿਦਿਆਰਥੀ ਨੂੰ ਹੱਲਾਸ਼ੇਰੀ ਦਿਓ ਕਿ ਉਹ ਇਸ ਦੇ ਜਵਾਬ ਆਪਣੇ ਸ਼ਬਦਾਂ ਵਿਚ ਤਿਆਰ ਕਰੇ। ਫਿਰ ਜਦੋਂ ਉਹ ਤੁਹਾਡੇ ਸਾਮ੍ਹਣੇ ਇਨ੍ਹਾਂ ਦੇ ਜਵਾਬ ਦੇਵੇ, ਤਾਂ ਬਿਨਾਂ ਝਿਜਕੇ ਉਸ ਨੂੰ ਦੱਸੋ ਕਿ ਉਹ ਹੋਰ ਕਿੱਥੇ ਸੁਧਾਰ ਕਰ ਸਕਦਾ ਹੈ। ਇਸ ਤਰ੍ਹਾਂ ਪ੍ਰੈਕਟਿਸ ਕਰਨ ਨਾਲ ਉਹ ਪੂਰੇ ਯਕੀਨ ਨਾਲ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸ ਸਕੇਗਾ।
ਆਪਣੇ ਵਿਦਿਆਰਥੀ ਨਾਲ ਪ੍ਰੈਕਟਿਸ ਕਰ ਕੇ ਉਸ ਨੂੰ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿਓ (ਪੈਰਾ 17 ਦੇਖੋ)d
18. ਤੁਸੀਂ ਆਪਣੇ ਵਿਦਿਆਰਥੀ ਨੂੰ ਪ੍ਰਚਾਰਕ ਬਣਨ ਦੀ ਹੱਲਾਸ਼ੇਰੀ ਕਿਵੇਂ ਦੇ ਸਕਦੇ ਹੋ? (ਮੱਤੀ 10:27)
18 ਯਿਸੂ ਨੇ ਆਪਣੇ ਚੇਲਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਹੁਕਮ ਦਿੱਤਾ ਸੀ। (ਮੱਤੀ 10:27 ਪੜ੍ਹੋ।) ਜਿੰਨੀ ਜਲਦੀ ਤੁਹਾਡਾ ਵਿਦਿਆਰਥੀ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਸ਼ੁਰੂ ਕਰੇਗਾ, ਉੱਨੀ ਜਲਦੀ ਉਹ ਯਹੋਵਾਹ ʼਤੇ ਭਰੋਸਾ ਰੱਖਣਾ ਸਿੱਖੇਗਾ। ਤੁਸੀਂ ਇੱਦਾਂ ਕਰਨ ਵਿਚ ਉਸ ਦੀ ਕਿਵੇਂ ਮਦਦ ਕਰ ਸਕਦੇ ਹੋ? ਜਦੋਂ ਮੰਡਲੀ ਵਿਚ ਘੋਸ਼ਣਾ ਕੀਤੀ ਜਾਂਦੀ ਹੈ ਕਿ ਪ੍ਰਚਾਰ ਦੀ ਇਕ ਮੁਹਿੰਮ ਹੋਵੇਗੀ, ਤਾਂ ਤੁਸੀਂ ਆਪਣੇ ਵਿਦਿਆਰਥੀ ਨੂੰ ਕਹੋ ਕਿ ਉਹ ਪ੍ਰਚਾਰਕ ਬਣਨ ਬਾਰੇ ਸੋਚੇ। ਉਸ ਨੂੰ ਦੱਸੋ ਕਿ ਕਈ ਭੈਣਾਂ-ਭਰਾਵਾਂ ਨੇ ਮੁਹਿੰਮ ਦੌਰਾਨ ਹੀ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ ਅਤੇ ਇਸ ਦੌਰਾਨ ਪ੍ਰਚਾਰ ਕਰਨਾ ਕਾਫ਼ੀ ਸੌਖਾ ਹੁੰਦਾ ਹੈ। ਤੁਸੀਂ ਉਸ ਨੂੰ ਹੱਲਾਸ਼ੇਰੀ ਦੇ ਸਕਦੇ ਹੋ ਕਿ ਉਹ ਹਫ਼ਤੇ ਦੌਰਾਨ ਹੋਣ ਵਾਲੀ ਸਭਾ ਵਿਚ ਵਿਦਿਆਰਥੀ ਭਾਗ ਪੇਸ਼ ਕਰਨ ਬਾਰੇ ਵੀ ਸੋਚੇ। ਇੱਦਾਂ ਉਸ ਨੂੰ ਲੋਕਾਂ ਨਾਲ ਚੰਗੀ ਤਰ੍ਹਾਂ ਗੱਲ ਕਰਨ ਦੀ ਟ੍ਰੇਨਿੰਗ ਮਿਲੇਗੀ।
ਦਿਖਾਓ ਕਿ ਤੁਹਾਨੂੰ ਵਿਦਿਆਰਥੀ ʼਤੇ ਭਰੋਸਾ ਹੈ
19. ਯਿਸੂ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਆਪਣੇ ਚੇਲਿਆਂ ʼਤੇ ਭਰੋਸਾ ਹੈ ਅਤੇ ਅਸੀਂ ਯਿਸੂ ਵਾਂਗ ਕਿਵੇਂ ਬਣ ਸਕਦੇ ਹਾਂ?
19 ਯਿਸੂ ਨੇ ਆਪਣੀ ਮੌਤ ਅਤੇ ਸਵਰਗ ਜਾਣ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਦੁਬਾਰਾ ਮਿਲੇਗਾ ਅਤੇ ਉਹ ਇਕੱਠੇ ਰਹਿਣਗੇ। ਪਰ ਚੇਲੇ ਯਿਸੂ ਦੀ ਇਹ ਗੱਲ ਸਮਝ ਨਹੀਂ ਸਕੇ ਕਿ ਇਕ ਦਿਨ ਉਹ ਵੀ ਸਵਰਗ ਜਾਣਗੇ ਅਤੇ ਉਸ ਨਾਲ ਰਹਿਣਗੇ। ਚਾਹੇ ਕਿ ਚੇਲਿਆਂ ਨੂੰ ਸਾਰਾ ਕੁਝ ਸਮਝ ਨਹੀਂ ਲੱਗਾ, ਪਰ ਯਿਸੂ ਨੂੰ ਭਰੋਸਾ ਸੀ ਕਿ ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦੇ ਸਨ। (ਯੂਹੰ. 14:1-5, 8) ਯਿਸੂ ਜਾਣਦਾ ਸੀ ਕਿ ਉਸ ਦੇ ਚੇਲਿਆਂ ਨੂੰ ਕੁਝ ਗੱਲਾਂ ਸਮਝਣ ਵਿਚ ਸਮਾਂ ਲੱਗੇਗਾ, ਜਿਵੇਂ ਕਿ ਉਨ੍ਹਾਂ ਕੋਲ ਸਵਰਗ ਜਾਣ ਦੀ ਉਮੀਦ ਹੈ। (ਯੂਹੰ. 16:12) ਯਿਸੂ ਵਾਂਗ ਅਸੀਂ ਵੀ ਦਿਖਾ ਸਕਦੇ ਹਾਂ ਕਿ ਸਾਨੂੰ ਆਪਣੇ ਵਿਦਿਆਰਥੀ ʼਤੇ ਭਰੋਸਾ ਹੈ ਕਿ ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ।
ਜਿੰਨੀ ਜਲਦੀ ਤੁਹਾਡਾ ਵਿਦਿਆਰਥੀ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸਣਾ ਸ਼ੁਰੂ ਕਰੇਗਾ, ਉੱਨੀ ਜਲਦੀ ਉਹ ਯਹੋਵਾਹ ʼਤੇ ਭਰੋਸਾ ਰੱਖਣਾ ਸਿੱਖੇਗਾ
20. ਮਲਾਵੀ ਦੀ ਇਕ ਭੈਣ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਆਪਣੇ ਵਿਦਿਆਰਥੀ ʼਤੇ ਭਰੋਸਾ ਹੈ?
20 ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਕਿ ਸਾਡਾ ਵਿਦਿਆਰਥੀ ਸਹੀ ਕਦਮ ਚੁੱਕਣਾ ਚਾਹੁੰਦਾ ਹੈ। ਮਿਸਾਲ ਲਈ, ਜ਼ਰਾ ਮਲਾਵੀ ਵਿਚ ਰਹਿਣ ਵਾਲੀ ਸਾਡੀ ਭੈਣ ਕੋਸੀਵਾb ਦੇ ਤਜਰਬੇ ʼਤੇ ਗੌਰ ਕਰੋ। ਉਸ ਨੇ ਆਲੀਨਾਫ਼ੇ ਨਾਂ ਦੀ ਇਕ ਕੈਥੋਲਿਕ ਕੁੜੀ ਨਾਲ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਸਟੱਡੀ ਸ਼ੁਰੂ ਕੀਤੀ। ਪਾਠ 14 ਖ਼ਤਮ ਕਰਨ ਤੋਂ ਬਾਅਦ ਉਸ ਨੇ ਆਲੀਨਾਫ਼ੇ ਨੂੰ ਪੁੱਛਿਆ, ‘ਤੁਹਾਨੂੰ ਕੀ ਲੱਗਦਾ ਹੈ ਕਿ ਪਰਮੇਸ਼ੁਰ ਦੀ ਭਗਤੀ ਕਰਨ ਲਈ ਮੂਰਤੀਆਂ ਦਾ ਸਹਾਰਾ ਲੈਣਾ ਸਹੀ ਹੋਵੇਗਾ?’ ਆਲੀਨਾਫ਼ੇ ਇਹ ਸੁਣ ਕੇ ਪਰੇਸ਼ਾਨ ਹੋ ਗਈ ਅਤੇ ਉਸ ਨੇ ਕਿਹਾ: “ਇਹ ਤਾਂ ਸਾਰਿਆਂ ਦਾ ਆਪੋ-ਆਪਣਾ ਫ਼ੈਸਲਾ ਹੈ।” ਕੋਸੀਵਾ ਨੂੰ ਲੱਗਾ ਕਿ ਆਲੀਨਾਫ਼ੇ ਹੁਣ ਸ਼ਾਇਦ ਸਟੱਡੀ ਕਰਨੀ ਬੰਦ ਕਰ ਦੇਵੇਗੀ। ਪਰ ਕੋਸੀਵਾ ਨੇ ਭਰੋਸਾ ਰੱਖਿਆ ਕਿ ਇਕ ਦਿਨ ਆਲੀਨਾਫ਼ੇ ਇਹ ਗੱਲ ਸਮਝ ਜਾਵੇਗੀ ਕਿ ਮੂਰਤੀਆਂ ਦਾ ਸਹਾਰਾ ਲੈਣਾ ਗ਼ਲਤ ਹੈ ਅਤੇ ਉਸ ਨੇ ਧੀਰਜ ਨਾਲ ਸਟੱਡੀ ਕਰਾਉਣੀ ਜਾਰੀ ਰੱਖੀ। ਕੁਝ ਮਹੀਨਿਆਂ ਬਾਅਦ ਭੈਣ ਕੋਸੀਵਾ ਨੇ ਆਲੀਨਾਫ਼ੇ ਨੂੰ ਪਾਠ 34 ਵਿਚ ਦਿੱਤਾ ਇਹ ਸਵਾਲ ਪੁੱਛਿਆ: “ਹੁਣ ਤਕ ਬਾਈਬਲ ਦੀ ਸਟੱਡੀ ਕਰ ਕੇ ਅਤੇ ਸੱਚੇ ਪਰਮੇਸ਼ੁਰ ਯਹੋਵਾਹ ਬਾਰੇ ਜਾਣ ਕੇ ਤੁਹਾਨੂੰ ਕੀ ਫ਼ਾਇਦਾ ਹੋਇਆ ਹੈ?” ਆਲੀਨਾਫ਼ੇ ਨੇ ਜੋ ਜਵਾਬ ਦਿੱਤਾ, ਉਸ ਬਾਰੇ ਭੈਣ ਕੋਸੀਵਾ ਦੱਸਦੀ ਹੈ: “ਉਸ ਨੇ ਬਹੁਤ ਸਾਰੀਆਂ ਵਧੀਆ ਗੱਲਾਂ ਦੱਸੀਆਂ। ਉਨ੍ਹਾਂ ਵਿੱਚੋਂ ਇਕ ਇਹ ਸੀ ਕਿ ਯਹੋਵਾਹ ਦੇ ਗਵਾਹ ਅਜਿਹਾ ਕੋਈ ਕੰਮ ਨਹੀਂ ਕਰਦੇ ਜਿਸ ਨੂੰ ਬਾਈਬਲ ਵਿਚ ਗ਼ਲਤ ਦੱਸਿਆ ਗਿਆ ਹੈ।” ਇਸ ਤੋਂ ਕੁਝ ਹੀ ਸਮੇਂ ਬਾਅਦ ਆਲੀਨਾਫ਼ੇ ਨੇ ਮੂਰਤੀਆਂ ਦੀ ਭਗਤੀ ਕਰਨੀ ਛੱਡ ਦਿੱਤੀ ਅਤੇ ਬਪਤਿਸਮਾ ਲੈ ਲਿਆ।
21. ਯਹੋਵਾਹ ਦਾ ਸੇਵਕ ਬਣਨ ਵਿਚ ਅਸੀਂ ਆਪਣੇ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹਾਂ?
21 ਭਾਵੇਂ ਕਿ ਯਹੋਵਾਹ ਹੀ ਇਕ ਵਿਅਕਤੀ ਦੇ ਦਿਲ ਵਿਚ ਸੱਚਾਈ ਦੇ “ਬੀ ਨੂੰ ਵਧਾਉਂਦਾ ਹੈ,” ਪਰ ਵਿਦਿਆਰਥੀ ਦੀ ਤਰੱਕੀ ਕਰਨ ਵਿਚ ਅਸੀਂ ਵੀ ਮਦਦ ਕਰ ਸਕਦੇ ਹਾਂ। (1 ਕੁਰਿੰ. 3:7) ਅਸੀਂ ਨਾ ਸਿਰਫ਼ ਉਸ ਨੂੰ ਇਹ ਸਿਖਾਉਂਦੇ ਹਾਂ ਕਿ ਪਰਮੇਸ਼ੁਰ ਉਸ ਤੋਂ ਕੀ ਚਾਹੁੰਦਾ ਹੈ, ਸਗੋਂ ਉਸ ਦੇ ਦਿਲ ਵਿਚ ਯਹੋਵਾਹ ਲਈ ਪਿਆਰ ਗੂੜ੍ਹਾ ਕਰਨ ਵਿਚ ਮਦਦ ਵੀ ਕਰਦੇ ਹਾਂ। ਅਸੀਂ ਉਸ ਨੂੰ ਹੱਲਾਸ਼ੇਰੀ ਦਿੰਦੇ ਹਾਂ ਕਿ ਉਹ ਯਹੋਵਾਹ ਨੂੰ ਪਹਿਲੀ ਥਾਂ ਦੇਵੇ ਅਤੇ ਦਿਖਾਵੇ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ। ਅਸੀਂ ਉਸ ਨੂੰ ਇਹ ਵੀ ਸਿਖਾਉਂਦੇ ਹਾਂ ਕਿ ਮੁਸ਼ਕਲਾਂ ਆਉਣ ਤੇ ਉਹ ਯਹੋਵਾਹ ʼਤੇ ਭਰੋਸਾ ਰੱਖੇ। ਨਾਲੇ ਜਦੋਂ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਆਪਣੇ ਵਿਦਿਆਰਥੀ ʼਤੇ ਭਰੋਸਾ ਹੈ ਕਿ ਉਹ ਯਹੋਵਾਹ ਨੂੰ ਖ਼ੁਸ਼ ਕਰਨਾ ਚਾਹੁੰਦਾ ਹੈ, ਤਾਂ ਉਸ ਨੂੰ ਯਹੋਵਾਹ ਦੇ ਮਿਆਰਾਂ ਮੁਤਾਬਕ ਜੀਉਣ ਅਤੇ ਉਸ ਦਾ ਸੇਵਕ ਬਣਨ ਦੀ ਹੱਲਾਸ਼ੇਰੀ ਮਿਲ ਸਕਦੀ ਹੈ।
ਗੀਤ 55 ਉਨ੍ਹਾਂ ਤੋਂ ਨਾ ਡਰੋ!
a ਯਿਸੂ ਨੂੰ ਮਿਲਣ ਤੋਂ ਢਾਈ ਸਾਲ ਬਾਅਦ ਵੀ ਨਿਕੁਦੇਮੁਸ ਯਹੂਦੀ ਮਹਾਸਭਾ ਦਾ ਮੈਂਬਰ ਸੀ। (ਯੂਹੰ. 7:45-52) ਕੁਝ ਇਤਿਹਾਸਕਾਰ ਮੰਨਦੇ ਹਨ ਕਿ ਨਿਕੁਦੇਮੁਸ ਯਿਸੂ ਦੀ ਮੌਤ ਤੋਂ ਬਾਅਦ ਉਸ ਦਾ ਚੇਲਾ ਬਣਿਆ ਸੀ।—ਯੂਹੰ. 19:38-40.
b ਨਾਂ ਬਦਲਿਆ ਗਿਆ ਹੈ।
c ਤਸਵੀਰਾਂ ਬਾਰੇ ਜਾਣਕਾਰੀ: ਪਤਰਸ ਅਤੇ ਹੋਰ ਮਛਿਆਰੇ ਆਪਣਾ ਕਾਰੋਬਾਰ ਛੱਡ ਕੇ ਯਿਸੂ ਪਿੱਛੇ ਚੱਲਣ ਲਈ ਤਿਆਰ ਹਨ।
d ਤਸਵੀਰ ਬਾਰੇ ਜਾਣਕਾਰੀ: ਇਕ ਭੈਣ ਆਪਣੇ ਵਿਦਿਆਰਥੀ ਨਾਲ ਪ੍ਰਚਾਰ ਕਰਨ ਦੀ ਪ੍ਰੈਕਟਿਸ ਕਰ ਰਹੀ ਹੈ।