ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਜੁਲਾਈ ਸਫ਼ੇ 2-7
  • ਦੂਜਿਆਂ ਤੋਂ ਸਲਾਹ ਕਿਉਂ ਲਈਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੂਜਿਆਂ ਤੋਂ ਸਲਾਹ ਕਿਉਂ ਲਈਏ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮੇਰੇ ਵਿਚ ਕਿਹੜਾ ਗੁਣ ਹੋਣਾ ਚਾਹੀਦਾ ਹੈ?
  • ਮੈਨੂੰ ਵਧੀਆ ਸਲਾਹ ਕੌਣ ਦੇ ਸਕਦਾ ਹੈ?
  • ਮੈਂ ਕਿੱਦਾਂ ਦਿਖਾ ਸਕਦਾ ਹਾਂ ਕਿ ਮੈਂ ਸੱਚ-ਮੁੱਚ ਸਲਾਹ ਲੈਣੀ ਚਾਹੁੰਦਾ ਹਾਂ?
  • ਇਹ ਕਿਉਂ ਵਧੀਆ ਹੋਵੇਗਾ ਕਿ ਮੈਂ ਆਪਣੇ ਫ਼ੈਸਲੇ ਖ਼ੁਦ ਕਰਾਂ?
  • ਸਲਾਹ ਲੈਂਦੇ ਰਹੋ
  • ਸਲਾਹ ਕਿਵੇਂ ਦੇਈਏ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਵਫ਼ਾਦਾਰ ਆਦਮੀਆਂ ਦੇ ਆਖ਼ਰੀ ਸ਼ਬਦਾਂ ਤੋਂ ਸਿੱਖੋ ਸਬਕ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਜੁਲਾਈ ਸਫ਼ੇ 2-7

ਅਧਿਐਨ ਲੇਖ 28

ਗੀਤ 88 ਮੈਨੂੰ ਆਪਣੇ ਰਾਹਾਂ ਬਾਰੇ ਸਮਝਾ

ਦੂਜਿਆਂ ਤੋਂ ਸਲਾਹ ਕਿਉਂ ਲਈਏ?

“ਸਲਾਹ ਭਾਲਣ ਵਾਲਿਆਂ ਕੋਲ ਬੁੱਧ ਹੁੰਦੀ ਹੈ।”​—ਕਹਾ. 13:10.

ਕੀ ਸਿੱਖਾਂਗੇ?

ਅਸੀਂ ਜਾਣਾਂਗੇ ਕਿ ਦੂਜਿਆਂ ਦੀ ਸਲਾਹ ਤੋਂ ਪੂਰੀ ਤਰ੍ਹਾਂ ਫ਼ਾਇਦਾ ਪਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ।

1. ਅਸੀਂ ਕਿਵੇਂ ਵਧੀਆ ਫ਼ੈਸਲੇ ਲੈ ਸਕਦੇ ਹਾਂ ਅਤੇ ਅਜਿਹੀਆਂ ਯੋਜਨਾਵਾਂ ਬਣਾ ਸਕਦੇ ਹਾਂ ਜੋ ਸਫ਼ਲ ਹੋਣ? (ਕਹਾਉਤਾਂ 13:10; 15:22)

ਅਸੀਂ ਸਾਰੇ ਵਧੀਆ ਫ਼ੈਸਲੇ ਲੈਣੇ ਚਾਹੁੰਦੇ ਹਾਂ ਅਤੇ ਚਾਹੁੰਦੇ ਹਾਂ ਕਿ ਸਾਡੀਆਂ ਯੋਜਨਾਵਾਂ ਸਫ਼ਲ ਹੋਣ। ਪਰਮੇਸ਼ੁਰ ਦਾ ਬਚਨ ਸਾਨੂੰ ਦੱਸਦਾ ਹੈ ਕਿ ਇੱਦਾਂ ਕਰਨ ਲਈ ਸਾਨੂੰ ਦੂਜਿਆਂ ਤੋਂ ਸਲਾਹ ਲੈਣੀ ਚਾਹੀਦੀ ਹੈ।​—ਕਹਾਉਤਾਂ 13:10; 15:22 ਪੜ੍ਹੋ।

2. ਯਹੋਵਾਹ ਸਾਡੇ ਨਾਲ ਕੀ ਵਾਅਦਾ ਕਰਦਾ ਹੈ?

2 ਬਿਨਾਂ ਸ਼ੱਕ, ਸਾਡਾ ਪਿਤਾ ਯਹੋਵਾਹ ਸਾਨੂੰ ਸਭ ਤੋਂ ਵਧੀਆ ਸਲਾਹ ਦੇ ਸਕਦਾ ਹੈ। ਇਸ ਲਈ ਸਾਨੂੰ ਪ੍ਰਾਰਥਨਾ ਵਿਚ ਉਸ ਤੋਂ ਬੁੱਧ ਮੰਗਣੀ ਚਾਹੀਦੀ ਹੈ। ਉਹ ਸਾਡੀ ਮਦਦ ਕਰਨ ਦਾ ਵਾਅਦਾ ਕਰਦਾ ਹੈ। ਉਹ ਕਹਿੰਦਾ ਹੈ: “ਮੈਂ ਤੇਰੇ ʼਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” (ਜ਼ਬੂ. 32:8) ਇਸ ਵਾਅਦੇ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਸਿਰਫ਼ ਸਲਾਹ ਹੀ ਨਹੀਂ ਦਿੰਦਾ, ਸਗੋਂ ਸਾਡੇ ਵਿਚ ਨਿੱਜੀ ਦਿਲਚਸਪੀ ਵੀ ਲੈਂਦਾ ਹੈ ਅਤੇ ਆਪਣੀ ਸਲਾਹ ਲਾਗੂ ਕਰਨ ਵਿਚ ਸਾਡੀ ਮਦਦ ਕਰਦਾ ਹੈ।

3. ਅਸੀਂ ਇਸ ਲੇਖ ਵਿਚ ਕਿਨ੍ਹਾਂ ਸਵਾਲਾਂ ਦੇ ਜਵਾਬ ਜਾਣਾਂਗੇ?

3 ਇਸ ਲੇਖ ਵਿਚ ਅਸੀਂ ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਇਨ੍ਹਾਂ ਚਾਰ ਸਵਾਲਾਂ ਦੇ ਜਵਾਬ ਜਾਣਾਂਗੇ: (1) ਕਿਹੜਾ ਗੁਣ ਸਲਾਹ ਤੋਂ ਫ਼ਾਇਦਾ ਲੈਣ ਵਿਚ ਮੇਰੀ ਮਦਦ ਕਰੇਗਾ? (2) ਮੈਨੂੰ ਵਧੀਆ ਸਲਾਹ ਕੌਣ ਦੇ ਸਕਦਾ ਹੈ? (3) ਮੈਂ ਕਿੱਦਾਂ ਦਿਖਾ ਸਕਦਾ ਹਾਂ ਕਿ ਮੈਂ ਸੱਚ-ਮੁੱਚ ਸਲਾਹ ਲੈਣੀ ਚਾਹੁੰਦਾ ਹਾਂ? (4) ਇਹ ਕਿਉਂ ਵਧੀਆ ਹੋਵੇਗਾ ਕਿ ਮੈਂ ਆਪਣੇ ਫ਼ੈਸਲੇ ਖ਼ੁਦ ਕਰਾਂ, ਨਾ ਕਿ ਦੂਜੇ?

ਮੇਰੇ ਵਿਚ ਕਿਹੜਾ ਗੁਣ ਹੋਣਾ ਚਾਹੀਦਾ ਹੈ?

4. ਵਧੀਆ ਸਲਾਹ ਤੋਂ ਫ਼ਾਇਦਾ ਲੈਣ ਲਈ ਸਾਡੇ ਵਿਚ ਕਿਹੜਾ ਗੁਣ ਹੋਣਾ ਚਾਹੀਦਾ ਹੈ?

4 ਵਧੀਆ ਸਲਾਹ ਤੋਂ ਫ਼ਾਇਦਾ ਲੈਣ ਲਈ ਸਾਨੂੰ ਨਿਮਰ ਹੋਣਾ ਚਾਹੀਦਾ ਹੈ। ਸਾਨੂੰ ਇਹ ਮੰਨਣ ਦੀ ਲੋੜ ਹੈ ਕਿ ਸ਼ਾਇਦ ਸਾਡੇ ਕੋਲ ਨਾ ਤਾਂ ਇੰਨਾ ਤਜਰਬਾ ਹੈ ਤੇ ਨਾ ਹੀ ਇੰਨਾ ਗਿਆਨ ਕਿ ਅਸੀਂ ਖ਼ੁਦ ਵਧੀਆ ਫ਼ੈਸਲੇ ਕਰ ਸਕੀਏ। ਜੇ ਅਸੀਂ ਨਿਮਰ ਨਹੀਂ ਹਾਂ, ਤਾਂ ਯਹੋਵਾਹ ਵੀ ਸਾਡੀ ਮਦਦ ਨਹੀਂ ਕਰ ਸਕੇਗਾ। ਇਸ ਕਰਕੇ ਜੇ ਬਾਈਬਲ ਪੜ੍ਹਦਿਆਂ ਸਾਨੂੰ ਕੋਈ ਸਲਾਹ ਮਿਲਦੀ ਹੈ, ਤਾਂ ਇਹ ਸਾਡੇ ਦਿਲ ʼਤੇ ਕੋਈ ਅਸਰ ਨਹੀਂ ਕਰੇਗੀ, ਇਹ ਇੱਦਾਂ ਹੋਵੇਗਾ ਜਿੱਦਾਂ ਕੋਈ ਪੱਥਰ ʼਤੇ ਪਾਣੀ ਪਾ ਰਿਹਾ ਹੋਵੇ। (ਮੀਕਾ. 6:8; 1 ਪਤ. 5:5) ਪਰ ਨਿਮਰ ਹੋਣ ਕਰਕੇ ਅਸੀਂ ਝੱਟ ਬਾਈਬਲ-ਆਧਾਰਿਤ ਸਲਾਹ ਸੁਣਾਂਗੇ ਅਤੇ ਉਸ ਤੋਂ ਫ਼ਾਇਦਾ ਲਵਾਂਗੇ।

5. ਦਾਊਦ ਕਿਹੜੇ ਕੰਮਾਂ ਕਰਕੇ ਘਮੰਡੀ ਬਣ ਸਕਦਾ ਸੀ?

5 ਆਓ ਆਪਾਂ ਗੌਰ ਕਰੀਏ ਕਿ ਅਸੀਂ ਰਾਜਾ ਦਾਊਦ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ। ਭਾਵੇਂ ਕਿ ਉਸ ਨੇ ਬਹੁਤ ਸਾਰੇ ਸ਼ਾਨਦਾਰ ਕੰਮ ਕੀਤੇ ਸਨ, ਪਰ ਉਹ ਘਮੰਡੀ ਨਹੀਂ ਬਣਿਆ। ਰਾਜਾ ਬਣਨ ਤੋਂ ਬਹੁਤ ਸਮਾਂ ਪਹਿਲਾਂ ਹੀ ਉਹ ਸੰਗੀਤਕਾਰ ਵਜੋਂ ਮਸ਼ਹੂਰ ਸੀ। ਉਹ ਤਾਂ ਰਾਜੇ ਲਈ ਵੀ ਸੰਗੀਤ ਵਜਾਉਂਦਾ ਸੀ। (1 ਸਮੂ. 16:18, 19) ਫਿਰ ਜਦੋਂ ਯਹੋਵਾਹ ਨੇ ਦਾਊਦ ਨੂੰ ਅਗਲਾ ਰਾਜਾ ਚੁਣਿਆ, ਤਾਂ ਯਹੋਵਾਹ ਦੀ ਪਵਿੱਤਰ ਸ਼ਕਤੀ ਉਸ ʼਤੇ ਜ਼ਬਰਦਸਤ ਤਰੀਕੇ ਨਾਲ ਕੰਮ ਕਰਨ ਲੱਗ ਪਈ। (1 ਸਮੂ. 16:11-13) ਲੋਕਾਂ ਨੇ ਉਸ ਦੀ ਤਾਰੀਫ਼ ਕੀਤੀ ਕਿਉਂਕਿ ਉਸ ਨੇ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਮੁਕਾਇਆ ਸੀ, ਜਿਵੇਂ ਕਿ ਲੰਬੇ-ਚੌੜੇ ਫਲਿਸਤੀ ਗੋਲਿਅਥ ਨੂੰ। (1 ਸਮੂ. 17:37, 50; 18:7) ਜੇ ਇਕ ਘਮੰਡੀ ਇਨਸਾਨ ਨੇ ਅਜਿਹੇ ਸ਼ਾਨਦਾਰ ਕੰਮ ਕੀਤੇ ਹੁੰਦੇ, ਤਾਂ ਉਹ ਸੋਚ ਸਕਦਾ ਸੀ ਕਿ ਉਸ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ। ਪਰ ਦਾਊਦ ਨਿਮਰ ਸੀ।

6. ਅਸੀਂ ਕਿਵੇਂ ਜਾਣਦੇ ਹਾਂ ਕਿ ਦਾਊਦ ਹਮੇਸ਼ਾ ਸਲਾਹ ਸੁਣਨ ਲਈ ਤਿਆਰ ਰਹਿੰਦਾ ਸੀ? (ਮੁੱਖ ਸਫ਼ੇ ਉੱਤੇ ਦਿੱਤੀ ਤਸਵੀਰ ਵੀ ਦੇਖੋ।)

6 ਰਾਜਾ ਬਣਨ ਤੋਂ ਬਾਅਦ ਦਾਊਦ ਨੇ ਉਨ੍ਹਾਂ ਆਦਮੀਆਂ ਨਾਲ ਦੋਸਤੀ ਬਣਾਈ ਰੱਖੀ ਜਿਹੜੇ ਉਸ ਨੂੰ ਸਲਾਹ ਦਿੰਦੇ ਸਨ। (1 ਇਤਿ. 27:32-34) ਦਰਅਸਲ ਰਾਜਾ ਬਣਨ ਤੋਂ ਪਹਿਲਾਂ ਵੀ ਦਾਊਦ ਹਮੇਸ਼ਾ ਸਲਾਹ ਸੁਣਨ ਲਈ ਤਿਆਰ ਰਹਿੰਦਾ ਸੀ। ਉਸ ਨੇ ਨਾ ਸਿਰਫ਼ ਆਦਮੀਆਂ ਦੀ, ਸਗੋਂ ਅਬੀਗੈਲ ਨਾਂ ਦੀ ਔਰਤ ਦੀ ਵੀ ਸਲਾਹ ਸਵੀਕਾਰ ਕੀਤੀ। ਅਬੀਗੈਲ ਦਾ ਪਤੀ ਨਾਬਾਲ ਦੂਜਿਆਂ ਦੀ ਬੇਇੱਜ਼ਤੀ ਕਰਦਾ ਸੀ, ਉਹ ਨਾਸ਼ੁਕਰਾ ਅਤੇ ਘਮੰਡੀ ਸੀ। ਦੂਜੇ ਪਾਸੇ, ਦਾਊਦ ਨਿਮਰ ਸੀ ਤੇ ਉਸ ਨੇ ਅਬੀਗੈਲ ਦੀ ਵਧੀਆ ਸਲਾਹ ਮੰਨੀ। ਨਤੀਜੇ ਵਜੋਂ, ਉਹ ਇਕ ਗੰਭੀਰ ਗ਼ਲਤੀ ਕਰਨ ਤੋਂ ਬਚ ਸਕਿਆ।​—1 ਸਮੂ. 25:2, 3, 21-25, 32-34.

ਰਾਜਾ ਦਾਊਦ ਅਬੀਗੈਲ ਦੀ ਗੱਲ ਧਿਆਨ ਨਾਲ ਸੁਣ ਰਿਹਾ ਹੈ ਜੋ ਜ਼ਮੀਨ ʼਤੇ ਬੈਠੀ ਉਸ ਅੱਗੇ ਬੇਨਤੀ ਕਰ ਰਹੀ ਹੈ।

ਦਾਊਦ ਨੇ ਨਿਮਰ ਹੋ ਕੇ ਅਬੀਗੈਲ ਦੀ ਸਲਾਹ ਸਵੀਕਾਰ ਕੀਤੀ ਤੇ ਮੰਨੀ (ਪੈਰਾ 6 ਦੇਖੋ)


7. ਅਸੀਂ ਦਾਊਦ ਤੋਂ ਕਿਹੜੇ ਸਬਕ ਸਿੱਖ ਸਕਦੇ ਹਾਂ? (ਉਪਦੇਸ਼ਕ ਦੀ ਕਿਤਾਬ 4:13) (ਤਸਵੀਰਾਂ ਵੀ ਦੇਖੋ।)

7 ਦਾਊਦ ਤੋਂ ਅਸੀਂ ਕੁਝ ਸਬਕ ਸਿੱਖ ਸਕਦੇ ਹਾਂ। ਮਿਸਾਲ ਲਈ, ਸ਼ਾਇਦ ਸਾਡੇ ਵਿਚ ਕੋਈ ਕਾਬਲੀਅਤ ਹੋਵੇ ਜਾਂ ਸਾਡੇ ਕੋਲ ਕੋਈ ਅਧਿਕਾਰ ਹੋਵੇ। ਫਿਰ ਵੀ ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਸਾਰਾ ਕੁਝ ਪਤਾ ਹੈ ਅਤੇ ਸਾਨੂੰ ਸਲਾਹ ਦੀ ਲੋੜ ਨਹੀਂ ਹੈ। ਦਾਊਦ ਵਾਂਗ ਸਾਨੂੰ ਹਮੇਸ਼ਾ ਸਲਾਹ ਸੁਣਨ ਲਈ ਤਿਆਰ ਰਹਿਣਾ ਚਾਹੀਦਾ ਹੈ, ਫਿਰ ਚਾਹੇ ਸਲਾਹ ਕਿਸੇ ਨੇ ਵੀ ਦਿੱਤੀ ਹੋਵੇ। (ਉਪਦੇਸ਼ਕ ਦੀ ਕਿਤਾਬ 4:13 ਪੜ੍ਹੋ।) ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਅਸੀਂ ਜ਼ਰੂਰ ਵੱਡੀਆਂ-ਵੱਡੀਆਂ ਗ਼ਲਤੀਆਂ ਕਰਨ ਤੋਂ ਬਚ ਸਕਾਂਗੇ ਜਿਨ੍ਹਾਂ ਕਰਕੇ ਸਾਨੂੰ ਅਤੇ ਦੂਜਿਆਂ ਨੂੰ ਦੁੱਖ ਸਹਿਣਾ ਪੈ ਸਕਦਾ ਹੈ।

ਤਸਵੀਰਾਂ: 1. ਚਾਰ ਬਜ਼ੁਰਗਾਂ ਦੀ ਸਭਾ ਚੱਲ ਰਹੀ ਹੈ। ਇਕ ਬਜ਼ੁਰਗ ਰੁੱਖੇ ਤਰੀਕੇ ਨਾਲ ਗੱਲ ਕਰ ਰਿਹਾ ਹੈ। 2. ਬਾਅਦ ਵਿਚ ਇਕ ਜਵਾਨ ਬਜ਼ੁਰਗ ਉਸ ਬਜ਼ੁਰਗ ਨਾਲ ਗੱਲ ਕਰ ਰਿਹਾ ਹੈ ਜਿਸ ਨੇ ਉਸ ਸਭਾ ਵਿਚ ਰੁੱਖੇ ਤਰੀਕੇ ਨਾਲ ਗੱਲ ਕੀਤੀ ਸੀ। ਉਹ ਦੋਵੇਂ ਕਾਰ ਵਿਚ ਬੈਠੇ ਹੋਏ ਹਨ।

ਸਾਨੂੰ ਹਮੇਸ਼ਾ ਸਲਾਹ ਸੁਣਨ ਲਈ ਤਿਆਰ ਰਹਿਣਾ ਚਾਹੀਦਾ ਹੈ, ਫਿਰ ਚਾਹੇ ਸਲਾਹ ਕਿਸੇ ਨੇ ਵੀ ਦਿੱਤੀ ਹੋਵੇ (ਪੈਰਾ 7 ਦੇਖੋ)c


ਮੈਨੂੰ ਵਧੀਆ ਸਲਾਹ ਕੌਣ ਦੇ ਸਕਦਾ ਹੈ?

8. ਯੋਨਾਥਾਨ ਦਾਊਦ ਨੂੰ ਵਧੀਆ ਸਲਾਹ ਕਿਉਂ ਦੇ ਸਕਿਆ?

8 ਗੌਰ ਕਰੋ ਕਿ ਅਸੀਂ ਦਾਊਦ ਤੋਂ ਹੋਰ ਕਿਹੜਾ ਸਬਕ ਸਿੱਖ ਸਕਦੇ ਹਾਂ। ਉਸ ਨੇ ਉਨ੍ਹਾਂ ਦੀ ਸਲਾਹ ਸੁਣੀ ਜਿਨ੍ਹਾਂ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਸੀ ਅਤੇ ਜੋ ਉਸ ਦੇ ਮੁਸ਼ਕਲ ਹਾਲਾਤ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਮਿਸਾਲ ਲਈ, ਜਦੋਂ ਦਾਊਦ ਜਾਣਨਾ ਚਾਹੁੰਦਾ ਸੀ ਕਿ ਰਾਜਾ ਸ਼ਾਊਲ ਉਸ ਨਾਲ ਸ਼ਾਂਤੀ ਕਾਇਮ ਕਰਨੀ ਚਾਹੁੰਦਾ ਸੀ ਜਾਂ ਨਹੀਂ, ਤਾਂ ਉਸ ਨੇ ਸ਼ਾਊਲ ਦੇ ਮੁੰਡੇ ਯੋਨਾਥਾਨ ਦੀ ਸਲਾਹ ਸੁਣੀ। ਯੋਨਾਥਾਨ ਉਸ ਨੂੰ ਵਧੀਆ ਸਲਾਹ ਕਿਉਂ ਦੇ ਸਕਿਆ? ਕਿਉਂਕਿ ਯੋਨਾਥਾਨ ਦਾ ਨਾ ਸਿਰਫ਼ ਯਹੋਵਾਹ ਨਾਲ ਵਧੀਆ ਰਿਸ਼ਤਾ ਸੀ, ਸਗੋਂ ਉਹ ਸ਼ਾਊਲ ਨੂੰ ਵੀ ਚੰਗੀ ਤਰ੍ਹਾਂ ਜਾਣਦਾ ਸੀ। (1 ਸਮੂ. 20:9-13) ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

9. ਸਾਨੂੰ ਲੋੜ ਪੈਣ ਤੇ ਕਿਸ ਤੋਂ ਸਲਾਹ ਲੈਣੀ ਚਾਹੀਦੀ ਹੈ? ਸਮਝਾਓ। (ਕਹਾਉਤਾਂ 13:20)

9 ਜੇ ਸਾਨੂੰ ਕਿਸੇ ਮਾਮਲੇ ਵਿਚ ਸਲਾਹ ਚਾਹੀਦੀ ਹੈ, ਤਾਂ ਸਾਨੂੰ ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰਨੀ ਚਾਹੀਦੀ ਹੈ ਜਿਸ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਹੋਵੇ ਅਤੇ ਜਿਸ ਨੂੰ ਉਸ ਮਾਮਲੇ ਬਾਰੇ ਚੰਗੀ ਸਮਝ ਵੀ ਹੋਵੇ।a (ਕਹਾਉਤਾਂ 13:20 ਪੜ੍ਹੋ।) ਮੰਨ ਲਓ, ਇਕ ਨੌਜਵਾਨ ਭਰਾ ਇਕ ਚੰਗਾ ਜੀਵਨ ਸਾਥੀ ਲੱਭ ਰਿਹਾ ਹੈ। ਉਸ ਨੂੰ ਵਧੀਆ ਸਲਾਹ ਕੌਣ ਦੇ ਸਕਦਾ ਹੈ? ਇਕ ਅਣਵਿਆਹੇ ਦੋਸਤ ਦੀ ਸਲਾਹ ਸ਼ਾਇਦ ਫ਼ਾਇਦੇਮੰਦ ਹੋਵੇ ਜੇ ਉਹ ਬਾਈਬਲ ਅਸੂਲਾਂ ʼਤੇ ਆਧਾਰਿਤ ਹੋਵੇ। ਪਰ ਉਸ ਨੌਜਵਾਨ ਭਰਾ ਨੂੰ ਜ਼ਰੂਰ ਵਧੀਆ ਸਲਾਹ ਮਿਲੇਗੀ ਜੇ ਉਹ ਇਕ ਅਜਿਹੇ ਸਮਝਦਾਰ ਵਿਆਹੇ ਜੋੜੇ ਤੋਂ ਸਲਾਹ ਲਵੇ ਜੋ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਜੋ ਕੁਝ ਸਮੇਂ ਤੋਂ ਇਕੱਠੇ ਯਹੋਵਾਹ ਦੀ ਸੇਵਾ ਕਰ ਰਿਹਾ ਹੈ। ਉਹ ਸ਼ਾਇਦ ਸਿਰਫ਼ ਉਸ ਨੂੰ ਇਹੀ ਨਾ ਦੱਸਣ ਕਿ ਉਹ ਸਲਾਹ ਨੂੰ ਕਿਵੇਂ ਲਾਗੂ ਕਰ ਸਕਦਾ ਹੈ, ਸਗੋਂ ਇਹ ਵੀ ਦੱਸਣ ਕਿ ਉਨ੍ਹਾਂ ਨੇ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਕੀ ਸਿੱਖਿਆ ਹੈ।

10. ਅਸੀਂ ਹੁਣ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?

10 ਹੁਣ ਤਕ ਅਸੀਂ ਦੇਖਿਆ ਹੈ ਕਿ ਸਾਡੇ ਵਿਚ ਕਿਹੜਾ ਗੁਣ ਹੋਣਾ ਚਾਹੀਦਾ ਹੈ ਅਤੇ ਸਾਨੂੰ ਵਧੀਆ ਸਲਾਹ ਕੌਣ ਦੇ ਸਕਦਾ ਹੈ। ਆਓ ਹੁਣ ਆਪਾਂ ਗੌਰ ਕਰੀਏ ਕਿ ਅਸੀਂ ਸੱਚ-ਮੁੱਚ ਸਲਾਹ ਲੈਣੀ ਚਾਹੁੰਦੇ ਹਾਂ ਜਾਂ ਨਹੀਂ ਅਤੇ ਇਹ ਕਿਉਂ ਵਧੀਆ ਹੋਵੇਗਾ ਕਿ ਅਸੀਂ ਆਪਣੇ ਫ਼ੈਸਲੇ ਖ਼ੁਦ ਕਰੀਏ, ਨਾ ਕਿ ਦੂਜੇ।

ਮੈਂ ਕਿੱਦਾਂ ਦਿਖਾ ਸਕਦਾ ਹਾਂ ਕਿ ਮੈਂ ਸੱਚ-ਮੁੱਚ ਸਲਾਹ ਲੈਣੀ ਚਾਹੁੰਦਾ ਹਾਂ?

11-12. (ੳ) ਕਈ ਵਾਰ ਸ਼ਾਇਦ ਅਸੀਂ ਕੀ ਕਰੀਏ? (ਅ) ਰਾਜਾ ਰਹਬੁਆਮ ਨੇ ਇਕ ਜ਼ਰੂਰੀ ਫ਼ੈਸਲਾ ਕਰਦੇ ਵੇਲੇ ਕੀ ਕੀਤਾ?

11 ਕਈ ਵਾਰ ਇੱਦਾਂ ਲੱਗ ਸਕਦਾ ਹੈ ਕਿ ਕੋਈ ਵਿਅਕਤੀ ਸਲਾਹ ਮੰਗ ਰਿਹਾ ਹੈ। ਪਰ ਅਸਲੀਅਤ ਵਿਚ ਉਸ ਨੇ ਜੋ ਪਹਿਲਾਂ ਹੀ ਫ਼ੈਸਲਾ ਕਰ ਲਿਆ ਹੁੰਦਾ ਹੈ, ਉਹ ਬੱਸ ਉਸ ਬਾਰੇ ਕਿਸੇ ਦੀ ਸਹਿਮਤੀ ਚਾਹੁੰਦਾ ਹੁੰਦਾ ਹੈ। ਅਜਿਹਾ ਵਿਅਕਤੀ ਸਿਰਫ਼ ਸਲਾਹ ਲੈਣ ਦਾ ਦਿਖਾਵਾ ਕਰਦਾ ਹੈ। ਉਸ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਰਾਜਾ ਰਹਬੁਆਮ ਨਾਲ ਕੀ ਹੋਇਆ ਸੀ।

12 ਰਹਬੁਆਮ ਆਪਣੇ ਪਿਤਾ ਸੁਲੇਮਾਨ ਦੀ ਮੌਤ ਤੋਂ ਬਾਅਦ ਰਾਜਾ ਬਣਿਆ। ਉਸ ਵੇਲੇ ਇਜ਼ਰਾਈਲ ਵਿਚ ਸੁੱਖ-ਸ਼ਾਂਤੀ ਸੀ। ਪਰ ਲੋਕਾਂ ਨੂੰ ਲੱਗਦਾ ਸੀ ਕਿ ਸੁਲੇਮਾਨ ਉਨ੍ਹਾਂ ਤੋਂ ਬਹੁਤ ਜ਼ਿਆਦਾ ਸਖ਼ਤ ਕੰਮ ਕਰਾਉਂਦਾ ਹੁੰਦਾ ਸੀ। ਇਸ ਲਈ ਉਹ ਰਾਜਾ ਰਹਬੁਆਮ ਕੋਲ ਗਏ ਅਤੇ ਉਨ੍ਹਾਂ ਨੇ ਉਸ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦਾ ਜੂਲਾ ਹਲਕਾ ਕਰ ਦੇਵੇ। ਰਹਬੁਆਮ ਨੇ ਇਸ ਮਾਮਲੇ ਵਿਚ ਫ਼ੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਸੋਚਣ ਲਈ ਸਮਾਂ ਮੰਗਿਆ। ਪਹਿਲਾਂ-ਪਹਿਲ ਤਾਂ ਉਸ ਨੇ ਇਸ ਮਾਮਲੇ ਵਿਚ ਉਨ੍ਹਾਂ ਬਜ਼ੁਰਗਾਂ ਤੋਂ ਸਲਾਹ ਮੰਗੀ ਜੋ ਸੁਲੇਮਾਨ ਦੀ ਮਦਦ ਕਰਦੇ ਹੁੰਦੇ ਸਨ। (1 ਰਾਜ. 12:2-7) ਰਹਬੁਆਮ ਨੇ ਸ਼ੁਰੂਆਤ ਤਾਂ ਵਧੀਆ ਕੀਤੀ, ਪਰ ਉਸ ਨੇ ਉਨ੍ਹਾਂ ਬਜ਼ੁਰਗਾਂ ਦੀ ਸਲਾਹ ਨੂੰ ਠੁਕਰਾ ਦਿੱਤਾ। ਉਸ ਨੇ ਇੱਦਾਂ ਕਿਉਂ ਕੀਤਾ? ਕੀ ਰਹਬੁਆਮ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਸੀ ਕਿ ਉਹ ਇਸ ਮਾਮਲੇ ਵਿਚ ਕੀ ਕਰੇਗਾ? ਨਾਲੇ ਕੀ ਉਹ ਬੱਸ ਕਿਸੇ ਅਜਿਹੇ ਵਿਅਕਤੀ ਦੀ ਸਲਾਹ ਸੁਣਨੀ ਚਾਹੁੰਦਾ ਸੀ ਜੋ ਉਸ ਦੇ ਫ਼ੈਸਲੇ ਨਾਲ ਸਹਿਮਤ ਹੋਵੇ? ਜੇ ਇੱਦਾਂ ਸੀ, ਤਾਂ ਉਸ ਨੂੰ ਇਹ ਸਹਿਮਤੀ ਆਪਣੇ ਨੌਜਵਾਨ ਦੋਸਤਾਂ ਦੀ ਸਲਾਹ ਤੋਂ ਮਿਲ ਗਈ। (1 ਰਾਜ. 12:8-14) ਰਹਬੁਆਮ ਨੇ ਆਪਣੇ ਨੌਜਵਾਨ ਦੋਸਤਾਂ ਦੀ ਸਲਾਹ ਮੁਤਾਬਕ ਆਪਣੀ ਪਰਜਾ ਨੂੰ ਆਪਣਾ ਫ਼ੈਸਲਾ ਸੁਣਾਇਆ। ਨਤੀਜੇ ਵਜੋਂ, ਰਾਜ ਵਿਚ ਫੁੱਟ ਪੈ ਗਈ ਅਤੇ ਇਸ ਤੋਂ ਬਾਅਦ ਰਹਬੁਆਮ ਨੂੰ ਲਗਾਤਾਰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ।​—1 ਰਾਜ. 12:16-19.

13. ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਸਲਾਹ ਲੈਣੀ ਚਾਹੁੰਦੇ ਹਾਂ?

13 ਅਸੀਂ ਰਹਬੁਆਮ ਦੀ ਮਿਸਾਲ ਤੋਂ ਕੀ ਸਿੱਖ ਸਕਦੇ ਹਾਂ? ਜਦੋਂ ਅਸੀਂ ਕਿਸੇ ਤੋਂ ਸਲਾਹ ਮੰਗਦੇ ਹਾਂ, ਤਾਂ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਸੱਚ-ਮੁੱਚ ਸਲਾਹ ਲੈਣੀ ਚਾਹੁੰਦੇ ਹਾਂ? ਅਸੀਂ ਆਪਣੇ ਆਪ ਤੋਂ ਇਹ ਸਵਾਲ ਪੁੱਛ ਸਕਦੇ ਹਾਂ, ‘ਕੀ ਮੈਂ ਸਲਾਹ ਮੰਗਦਾ ਹਾਂ ਅਤੇ ਫਿਰ ਤੁਰੰਤ ਉਸ ਨੂੰ ਠੁਕਰਾ ਦਿੰਦਾ ਹਾਂ ਕਿਉਂਕਿ ਮੈਂ ਅਜਿਹੀ ਸਲਾਹ ਨਹੀਂ ਚਾਹੁੰਦਾ ਹਾਂ?’ ਆਓ ਆਪਾਂ ਇਕ ਮਿਸਾਲ ʼਤੇ ਗੌਰ ਕਰੀਏ।

14. ਜਦੋਂ ਸਾਨੂੰ ਕੋਈ ਸਲਾਹ ਮਿਲਦੀ ਹੈ, ਤਾਂ ਸਾਨੂੰ ਕਿਹੜੀ ਗੱਲ ਯਾਦ ਰੱਖਣੀ ਚਾਹੀਦੀ ਹੈ? ਇਕ ਮਿਸਾਲ ਦਿਓ। (ਤਸਵੀਰ ਵੀ ਦੇਖੋ।)

14 ਮੰਨ ਲਓ, ਇਕ ਭਰਾ ਨੂੰ ਕੋਈ ਚੰਗੀ ਤਨਖ਼ਾਹ ਵਾਲੀ ਨੌਕਰੀ ਦੀ ਪੇਸ਼ਕਸ਼ ਕਰਦਾ ਹੈ। ਉਹ ਭਰਾ ਇਹ ਪੇਸ਼ਕਸ਼ ਕਬੂਲ ਕਰਨ ਤੋਂ ਪਹਿਲਾਂ ਇਕ ਬਜ਼ੁਰਗ ਤੋਂ ਸਲਾਹ ਮੰਗਦਾ ਹੈ। ਉਹ ਭਰਾ ਬਜ਼ੁਰਗ ਨੂੰ ਦੱਸਦਾ ਹੈ ਕਿ ਇਸ ਨੌਕਰੀ ਕਰਕੇ ਉਸ ਨੂੰ ਅਕਸਰ ਆਪਣੇ ਪਰਿਵਾਰ ਤੋਂ ਲੰਬੇ ਸਮੇਂ ਲਈ ਦੂਰ ਰਹਿਣਾ ਪੈਣਾ। ਉਹ ਬਜ਼ੁਰਗ ਉਸ ਭਰਾ ਨੂੰ ਯਾਦ ਕਰਾਉਂਦਾ ਹੈ ਕਿ ਉਸ ਦੀ ਮੁੱਖ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਰਿਵਾਰ ਨੂੰ ਪਰਮੇਸ਼ੁਰ ਦੇ ਬਚਨ ਵਿੱਚੋਂ ਹਿਦਾਇਤਾਂ ਅਤੇ ਸਲਾਹਾਂ ਦੇਵੇ। (ਅਫ਼. 6:4; 1 ਤਿਮੋ. 5:8) ਪਰ ਉਹ ਭਰਾ ਤੁਰੰਤ ਉਸ ਬਜ਼ੁਰਗ ਦੀਆਂ ਕਹੀਆਂ ਗੱਲਾਂ ਵਿਚ ਨੁਕਸ ਕੱਢਦਾ ਹੈ। ਨਾਲੇ ਉਦੋਂ ਤਕ ਹੋਰ ਭਰਾਵਾਂ ਤੋਂ ਇਸ ਮਾਮਲੇ ਬਾਰੇ ਸਲਾਹ ਮੰਗਦਾ ਰਹਿੰਦਾ ਹੈ ਜਦ ਤਕ ਉਸ ਨੂੰ ਉਹ ਸਲਾਹ ਨਹੀਂ ਮਿਲ ਜਾਂਦੀ ਜੋ ਉਹ ਸੁਣਨੀ ਚਾਹੁੰਦਾ ਹੈ। ਕੀ ਉਹ ਭਰਾ ਸੱਚ-ਮੁੱਚ ਸਲਾਹ ਮੰਗ ਰਿਹਾ ਹੈ? ਜਾਂ ਉਸ ਨੇ ਪਹਿਲਾਂ ਹੀ ਫ਼ੈਸਲਾ ਕਰ ਲਿਆ ਹੈ ਕਿ ਉਹ ਕੀ ਕਰਨਾ ਚਾਹੁੰਦਾ ਹੈ ਅਤੇ ਬੱਸ ਕਿਸੇ ਅਜਿਹੇ ਵਿਅਕਤੀ ਦੀ ਸਲਾਹ ਚਾਹੁੰਦਾ ਹੈ ਜੋ ਉਸ ਦੇ ਫ਼ੈਸਲੇ ਨਾਲ ਸਹਿਮਤ ਹੋਵੇ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਦਿਲ ਧੋਖੇਬਾਜ਼ ਹੈ। (ਯਿਰ. 17:9) ਕਈ ਵਾਰ ਸਾਨੂੰ ਜਿਹੜੀ ਸਲਾਹ ਦੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ, ਉਹੀ ਸਲਾਹ ਅਸੀਂ ਸੁਣਨੀ ਨਹੀਂ ਚਾਹੁੰਦੇ।

ਇਕ ਭੈਣ ਵੱਖੋ-ਵੱਖਰੇ ਭੈਣਾਂ-ਭਰਾਵਾਂ ਤੋਂ ਸਲਾਹ ਲੈ ਰਹੀ ਹੈ। ਉਹ ਇਕ-ਇਕ ਕਰ ਕੇ ਉਨ੍ਹਾਂ ਕੋਲ ਜਾਂਦੀ ਹੈ, ਪਰ ਉਹ ਕਿਸੇ ਦੀ ਵੀ ਸਲਾਹ ਤੋਂ ਖ਼ੁਸ਼ ਨਹੀਂ ਹੈ।

ਕੀ ਅਸੀਂ ਸੱਚ-ਮੁੱਚ ਵਧੀਆ ਸਲਾਹ ਲੈਣੀ ਚਾਹੁੰਦੇ ਹਾਂ ਜਾਂ ਸਿਰਫ਼ ਇਹੀ ਚਾਹੁੰਦੇ ਹਾਂ ਕਿ ਕੋਈ ਸਾਡੇ ਫ਼ੈਸਲੇ ਨਾਲ ਸਹਿਮਤ ਹੋਵੇ? (ਪੈਰਾ 14 ਦੇਖੋ)


ਇਹ ਕਿਉਂ ਵਧੀਆ ਹੋਵੇਗਾ ਕਿ ਮੈਂ ਆਪਣੇ ਫ਼ੈਸਲੇ ਖ਼ੁਦ ਕਰਾਂ?

15. ਸਾਨੂੰ ਕੀ ਨਹੀਂ ਕਰਨਾ ਚਾਹੀਦਾ ਅਤੇ ਕਿਉਂ?

15 ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਫ਼ੈਸਲੇ ਆਪ ਕਰੀਏ। (ਗਲਾ. 6:4, 5) ਜਿੱਦਾਂ ਅਸੀਂ ਹੁਣ ਤਕ ਦੇਖਿਆ ਕਿ ਇਕ ਸਮਝਦਾਰ ਵਿਅਕਤੀ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਪਰਮੇਸ਼ੁਰ ਦੇ ਬਚਨ ਅਤੇ ਕਿਸੇ ਸਮਝਦਾਰ ਮਸੀਹੀ ਤੋਂ ਸਲਾਹ ਲਵੇਗਾ। ਪਰ ਸਾਨੂੰ ਖ਼ਬਰਦਾਰ ਰਹਿਣਾ ਚਾਹੀਦਾ ਹੈ ਕਿ ਅਸੀਂ ਕਿਸੇ ਨੂੰ ਸਾਡੇ ਵਾਸਤੇ ਫ਼ੈਸਲਾ ਕਰਨ ਲਈ ਨਾ ਕਹੀਏ। ਕਈ ਜਣੇ ਜਿਨ੍ਹਾਂ ਮਸੀਹੀਆਂ ਦਾ ਆਦਰ ਕਰਦੇ ਹਨ, ਉਨ੍ਹਾਂ ਨੂੰ ਸ਼ਾਇਦ ਸਿੱਧਾ-ਸਿੱਧਾ ਪੁੱਛਣ: “ਜੇ ਤੁਸੀਂ ਮੇਰੀ ਜਗ੍ਹਾ ਹੁੰਦੇ, ਤਾਂ ਤੁਸੀਂ ਕੀ ਕਰਦੇ?” ਕੁਝ ਹੋਰ ਜਣੇ ਸ਼ਾਇਦ ਬਿਨਾਂ ਸੋਚੇ-ਸਮਝੇ ਉਹੀ ਫ਼ੈਸਲਾ ਕਰਨ ਜੋ ਕਿਸੇ ਹੋਰ ਮਸੀਹੀ ਨੇ ਉਸ ਹਾਲਾਤ ਵਿਚ ਕੀਤਾ ਹੋਵੇ।

16. ਕੁਰਿੰਥੁਸ ਦੀ ਮੰਡਲੀ ਵਿਚ ਮੂਰਤੀਆਂ ਨੂੰ ਚੜ੍ਹਾਏ ਜਾਣ ਵਾਲੇ ਮੀਟ ਬਾਰੇ ਕਿਹੜਾ ਮਸਲਾ ਖੜ੍ਹਾ ਹੋਇਆ ਸੀ ਅਤੇ ਇਹ ਫ਼ੈਸਲਾ ਕਰਨ ਦੀ ਜ਼ਿੰਮੇਵਾਰੀ ਕਿਸ ਦੀ ਸੀ ਕਿ ਉਹ ਇਹ ਮੀਟ ਖਾ ਸਕਦੇ ਸਨ ਜਾਂ ਨਹੀਂ? (1 ਕੁਰਿੰਥੀਆਂ 8:7; 10:25, 26)

16 ਆਓ ਆਪਾਂ ਪਹਿਲੀ ਸਦੀ ਦੀ ਕੁਰਿੰਥੁਸ ਦੀ ਮੰਡਲੀ ਵਿਚ ਖੜ੍ਹੇ ਹੋਏ ਇਕ ਮਸਲੇ ʼਤੇ ਗੌਰ ਕਰੀਏ। ਇਹ ਮਸਲਾ ਸੀ, ਮੂਰਤੀਆਂ ਨੂੰ ਚੜ੍ਹਾਇਆ ਮੀਟ ਖਾਣ ਬਾਰੇ। ਇਨ੍ਹਾਂ ਮਸੀਹੀਆਂ ਨੂੰ ਪੌਲੁਸ ਨੇ ਕਿਹਾ: “ਅਸੀਂ ਜਾਣਦੇ ਹਾਂ ਕਿ ਮੂਰਤੀਆਂ ਕੁਝ ਵੀ ਨਹੀਂ ਹਨ ਅਤੇ ਸਿਰਫ਼ ਇੱਕੋ ਪਰਮੇਸ਼ੁਰ ਹੈ।” (1 ਕੁਰਿੰ. 8:4) ਇਸ ਸਲਾਹ ਨੂੰ ਧਿਆਨ ਵਿਚ ਰੱਖ ਕੇ ਉਸ ਮੰਡਲੀ ਦੇ ਕੁਝ ਮਸੀਹੀਆਂ ਨੇ ਇਹ ਫ਼ੈਸਲਾ ਕੀਤਾ ਕਿ ਉਹ ਮਸੀਹੀ ਉਹ ਮੀਟ ਖਾ ਸਕਦੇ ਸਨ ਜਿਹੜਾ ਮੂਰਤੀਆਂ ਨੂੰ ਚੜ੍ਹਾਇਆ ਜਾਂਦਾ ਸੀ ਅਤੇ ਬਾਅਦ ਵਿਚ ਮੀਟ ਦੀਆਂ ਦੁਕਾਨਾਂ ਵਿਚ ਵਿੱਕਦਾ ਸੀ। ਹੋਰ ਜਣਿਆਂ ਨੇ ਇਹ ਫ਼ੈਸਲਾ ਕੀਤਾ ਕਿ ਉਹ ਇਹ ਮੀਟ ਨਹੀਂ ਖਾ ਸਕਦੇ। ਕਿਉਂ? ਕਿਉਂਕਿ ਇੱਦਾਂ ਕਰਨ ਕਰਕੇ ਉਨ੍ਹਾਂ ਦੀ ਜ਼ਮੀਰ ਨੇ ਉਨ੍ਹਾਂ ਨੂੰ ਲਾਹਨਤਾਂ ਪਾਉਣੀਆਂ ਸਨ। (1 ਕੁਰਿੰਥੀਆਂ 8:7; 10:25, 26 ਪੜ੍ਹੋ।) ਇਹ ਇਕ ਨਿੱਜੀ ਫ਼ੈਸਲਾ ਸੀ। ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨੂੰ ਕਦੀ ਵੀ ਇਹ ਸਲਾਹ ਨਹੀਂ ਦਿੱਤੀ ਕਿ ਉਹ ਦੂਜਿਆਂ ਲਈ ਫ਼ੈਸਲੇ ਕਰਨ ਜਾਂ ਦੂਜਿਆਂ ਦੀ ਨਕਲ ਕਰ ਕੇ ਕੋਈ ਫ਼ੈਸਲਾ ਕਰਨ। ਕਿਉਂ? ਕਿਉਂਕਿ ਉਨ੍ਹਾਂ ਵਿੱਚੋਂ ਹਰੇਕ ਨੇ “ਪਰਮੇਸ਼ੁਰ ਨੂੰ ਆਪੋ-ਆਪਣਾ ਲੇਖਾ” ਦੇਣਾ ਸੀ।​—ਰੋਮੀ. 14:10-12.

17. ਜੇ ਅਸੀਂ ਉਹੀ ਫ਼ੈਸਲਾ ਕਰਦੇ ਹਾਂ ਜੋ ਕਿਸੇ ਹੋਰ ਨੇ ਕੀਤਾ ਹੈ, ਤਾਂ ਕੀ ਹੋ ਸਕਦਾ ਹੈ? ਇਕ ਮਿਸਾਲ ਦਿਓ। (ਤਸਵੀਰਾਂ ਵੀ ਦੇਖੋ।)

17 ਅੱਜ ਵੀ ਸਾਡੇ ਸਾਮ੍ਹਣੇ ਇੱਦਾਂ ਦਾ ਮਸਲਾ ਖੜ੍ਹਾ ਹੋ ਸਕਦਾ ਹੈ। ਜ਼ਰਾ ਖ਼ੂਨ ਦੇ ਅੰਸ਼ਾਂ ਦੇ ਮਸਲੇ ਬਾਰੇ ਸੋਚੋ। ਹਰ ਮਸੀਹੀ ਨੂੰ ਇਹ ਫ਼ੈਸਲਾ ਆਪ ਕਰਨਾ ਚਾਹੀਦਾ ਹੈ ਕਿ ਉਹ ਇਨ੍ਹਾਂ ਅੰਸ਼ਾਂ ਨੂੰ ਲਵੇਗਾ ਜਾਂ ਨਹੀਂ।b ਸ਼ਾਇਦ ਸਾਡੇ ਲਈ ਇਸ ਨੂੰ ਪੂਰੀ ਤਰ੍ਹਾਂ ਸਮਝਣਾ ਔਖਾ ਹੋ ਸਕਦਾ ਹੈ, ਪਰ ਇਹ ਇਕ ਅਜਿਹਾ ਫ਼ੈਸਲਾ ਹੈ ਜੋ ਇਕ ਮਸੀਹੀ ਨੂੰ ਖ਼ੁਦ ਲੈਣਾ ਪੈਣਾ। ਕਿਉਂ? ਕਿਉਂਕਿ ਯਹੋਵਾਹ ਨਾਲ ਆਪਣਾ ਰਿਸ਼ਤਾ ਵਧੀਆ ਬਣਾਈ ਰੱਖਣਾ ਹਰ ਮਸੀਹੀ ਦੀ ਆਪਣੀ ਜ਼ਿੰਮੇਵਾਰੀ ਹੈ। (ਰੋਮੀ. 14:4) ਜੇ ਅਸੀਂ ਉਹੀ ਫ਼ੈਸਲਾ ਕਰਦੇ ਹਾਂ ਜੋ ਕਿਸੇ ਹੋਰ ਮਸੀਹੀ ਨੇ ਕੀਤਾ ਹੈ, ਤਾਂ ਸਾਡੀ ਜ਼ਮੀਰ ਕਮਜ਼ੋਰ ਪੈ ਸਕਦੀ ਹੈ। ਅਸੀਂ ਆਪਣੀ ਜ਼ਮੀਰ ਨੂੰ ਤਾਂ ਹੀ ਸਿਖਲਾਈ ਦੇ ਸਕਦੇ ਹਾਂ ਅਤੇ ਸੁਧਾਰ ਸਕਦੇ ਹਾਂ ਜੇ ਅਸੀਂ ਇਸ ਨੂੰ ਵਰਤਦੇ ਹਾਂ। (ਇਬ. 5:14) ਫਿਰ ਸਾਨੂੰ ਕਿਸੇ ਮਸੀਹੀ ਤੋਂ ਸਲਾਹ ਕਦੋਂ ਲੈਣੀ ਚਾਹੀਦੀ ਹੈ? ਸਿਰਫ਼ ਉਦੋਂ ਜਦੋਂ ਅਸੀਂ ਕਿਸੇ ਮਾਮਲੇ ਬਾਰੇ ਪੂਰੀ ਤਰ੍ਹਾਂ ਖੋਜਬੀਨ ਕਰ ਲਈ ਹੈ, ਪਰ ਸਾਨੂੰ ਅਜੇ ਉਸ ਮਾਮਲੇ ਨੂੰ ਹੋਰ ਸਮਝਣ ਵਿਚ ਮਦਦ ਦੀ ਲੋੜ ਹੈ।

ਤਸਵੀਰਾਂ: 1. ਇਕ ਭਰਾ ਐਡਵਾਂਸ ਹੈਲਥ ਕੇਅਰ ਡਾਇਰੈਕਟਿਵ ਕਾਰਡ (ਡੀ.<u202F>ਪੀ.<u202F>ਏ.) ਭਰਨ ਤੋਂ ਪਹਿਲਾਂ ਬਾਈਬਲ ਤੋਂ ਕੁਝ ਪੜ੍ਹ ਰਿਹਾ ਹੈ। ਉਹ “ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!” ਕਿਤਾਬ ਦਾ ਪਾਠ 39 ਪੜ੍ਹ ਰਿਹਾ ਹੈ ਅਤੇ “ਇਲਾਜ ਵਿਚ ਖ਼ੂਨ ਦੀ ਵਰਤੋਂ ਬਾਰੇ ਸਹੀ ਫ਼ੈਸਲਾ ਕਿਵੇਂ ਕਰੀਏ?” ਨਾਂ ਦੀ ਵੀਡੀਓ ਵੀ ਦੇਖ ਰਿਹਾ ਹੈ। 2. ਬਾਅਦ ਵਿਚ ਉਹੀ ਭਰਾ ਧਿਆਨ ਨਾਲ ਇਕ ਸਮਝਦਾਰ ਭਰਾ ਦੀ ਗੱਲ ਸੁਣ ਰਿਹਾ ਹੈ ਜੋ ਉਸ ਨਾਲ ਬਾਈਬਲ ਦੀ ਇਕ ਆਇਤ ʼਤੇ ਚਰਚਾ ਕਰ ਰਿਹਾ ਹੈ।

ਖ਼ੁਦ ਖੋਜਬੀਨ ਕਰਨ ਤੋਂ ਬਾਅਦ ਹੀ ਸਾਨੂੰ ਦੂਜਿਆਂ ਤੋਂ ਸਲਾਹ ਲੈਣੀ ਚਾਹੀਦੀ ਹੈ (ਪੈਰਾ 17 ਦੇਖੋ)


ਸਲਾਹ ਲੈਂਦੇ ਰਹੋ

18. ਯਹੋਵਾਹ ਨੇ ਸਾਡੇ ਲਈ ਕੀ ਕੁਝ ਕੀਤਾ ਹੈ?

18 ਯਹੋਵਾਹ ਨੇ ਸਾਨੂੰ ਆਪਣੇ ਫ਼ੈਸਲੇ ਖ਼ੁਦ ਕਰਨ ਦੀ ਇਜਾਜ਼ਤ ਦੇ ਕੇ ਸਾਡੇ ʼਤੇ ਕਿੰਨਾ ਭਰੋਸਾ ਦਿਖਾਇਆ ਹੈ! ਉਸ ਨੇ ਸਾਨੂੰ ਆਪਣਾ ਬਚਨ ਦਿੱਤਾ ਹੈ। ਨਾਲੇ ਅਜਿਹੇ ਸਮਝਦਾਰ ਦੋਸਤ ਦਿੱਤੇ ਹਨ ਜੋ ਬਾਈਬਲ ਅਸੂਲਾਂ ਨੂੰ ਸਮਝਣ ਵਿਚ ਸਾਡੀ ਮਦਦ ਕਰਦੇ ਹਨ। ਇਸ ਤਰ੍ਹਾਂ ਉਸ ਨੇ ਸਾਡਾ ਪਿਤਾ ਹੋਣ ਦੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ ਹੈ। (ਕਹਾ. 3:21-23) ਉਸ ਨੂੰ ਆਪਣੀ ਸ਼ੁਕਰਗੁਜ਼ਾਰੀ ਦਿਖਾਉਣ ਲਈ ਅਸੀਂ ਕੀ ਕਰ ਸਕਦੇ ਹਾਂ?

19. ਅਸੀਂ ਕਿਵੇਂ ਯਹੋਵਾਹ ਨੂੰ ਖ਼ੁਸ਼ ਕਰਦੇ ਰਹਿ ਸਕਦੇ ਹਾਂ?

19 ਜ਼ਰਾ ਇਸ ਗੱਲ ʼਤੇ ਗੌਰ ਕਰੋ। ਜਦੋਂ ਮਾਪੇ ਦੇਖਦੇ ਹਨ ਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਰਹੇ ਹਨ, ਸੋਚ-ਸਮਝ ਕੇ ਕੰਮ ਕਰਦੇ ਹਨ, ਦੂਜਿਆਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਹਨ ਅਤੇ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਸਾਡੇ ਸਵਰਗੀ ਪਿਤਾ ਯਹੋਵਾਹ ਨੂੰ ਉਦੋਂ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਦੇਖਦਾ ਹੈ ਕਿ ਅਸੀਂ ਸਮਝਦਾਰ ਮਸੀਹੀ ਬਣ ਰਹੇ ਹਾਂ, ਦੂਜਿਆਂ ਤੋਂ ਸਲਾਹ ਮੰਗਦੇ ਹਾਂ ਅਤੇ ਫਿਰ ਅਜਿਹੇ ਫ਼ੈਸਲੇ ਕਰਦੇ ਹਾਂ ਜਿਨ੍ਹਾਂ ਤੋਂ ਉਸ ਦੀ ਮਹਿਮਾ ਹੁੰਦੀ ਹੈ।

ਵਧੀਆ ਸਲਾਹ ਤੋਂ ਫ਼ਾਇਦਾ ਪਾਉਣ ਲਈ . . .

  • ਮੈਨੂੰ ਨਿਮਰ ਕਿਉਂ ਹੋਣਾ ਚਾਹੀਦਾ ਹੈ?

  • ਮੈਂ ਕਿਵੇਂ ਦਿਖਾ ਸਕਦਾ ਹਾਂ ਕਿ ਮੈਂ ਸੱਚ-ਮੁੱਚ ਸਲਾਹ ਲੈਣੀ ਚਾਹੁੰਦਾ ਹਾਂ?

  • ਮੈਨੂੰ ਖ਼ੁਦ ਆਪਣੇ ਫ਼ੈਸਲੇ ਕਿਉਂ ਕਰਨੇ ਚਾਹੀਦੇ ਹਨ?

ਗੀਤ 127 ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ?

a ਕਦੀ-ਕਦਾਈਂ ਮਸੀਹੀ ਸਮਝਦਾਰੀ ਦਿਖਾਉਂਦਿਆਂ ਪੈਸੇ, ਇਲਾਜ ਜਾਂ ਹੋਰ ਮਾਮਲਿਆਂ ਸੰਬੰਧੀ ਉਨ੍ਹਾਂ ਤੋਂ ਸਲਾਹ ਲੈ ਸਕਦੇ ਹਨ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੇ।

b ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਪਾਠ 39 ਦਾ ਨੁਕਤਾ 5 ਅਤੇ “ਇਹ ਵੀ ਦੇਖੋ” ਭਾਗ ਦੇਖੋ।

c ਤਸਵੀਰਾਂ ਬਾਰੇ ਜਾਣਕਾਰੀ: ਇਕ ਬਜ਼ੁਰਗ ਨੇ ਹਾਲ ਹੀ ਵਿਚ ਹੋਈ ਇਕ ਸਭਾ ਵਿਚ ਜਿਸ ਤਰੀਕੇ ਨਾਲ ਗੱਲ ਕੀਤੀ, ਉਸ ਬਾਰੇ ਇਕ ਜਵਾਨ ਬਜ਼ੁਰਗ ਉਸ ਨੂੰ ਸਲਾਹ ਦੇ ਰਿਹਾ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ