ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਜੁਲਾਈ ਸਫ਼ੇ 8-13
  • ਸਲਾਹ ਕਿਵੇਂ ਦੇਈਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਲਾਹ ਕਿਵੇਂ ਦੇਈਏ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਜਦੋਂ ਸਾਡੇ ਤੋਂ ਕੋਈ ਸਲਾਹ ਮੰਗਦਾ ਹੈ
  • ਜਦੋਂ ਸਾਨੂੰ ਬਿਨਾਂ ਮੰਗੇ ਕਿਸੇ ਨੂੰ ਸਲਾਹ ਦੇਣ ਦੀ ਲੋੜ ਪਵੇ
  • ਸਹੀ ਸਮੇਂ ਤੇ ਅਤੇ ਸਹੀ ਤਰੀਕੇ ਨਾਲ ਸਲਾਹ ਦੇਣੀ
  • ਸਲਾਹ ਦਿੰਦੇ ਰਹੋ ਅਤੇ ਸਲਾਹ ਲੈਂਦੇ ਰਹੋ
  • ਦੂਜਿਆਂ ਤੋਂ ਸਲਾਹ ਕਿਉਂ ਲਈਏ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ‘ਬਜ਼ੁਰਗਾਂ ਨੂੰ ਬਲਾਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਕੀ ਤੁਹਾਡੀ ਸਲਾਹ ‘ਦਿਲ ਨੂੰ ਖ਼ੁਸ਼ ਕਰਦੀ ਹੈ’?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • “ਬੁੱਧੀਮਾਨ ਦੀਆਂ ਗੱਲਾਂ ਸੁਣ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਜੁਲਾਈ ਸਫ਼ੇ 8-13

ਅਧਿਐਨ ਲੇਖ 29

ਗੀਤ 87 ਆਓ ਤਾਜ਼ਗੀ ਪਾਓ!

ਸਲਾਹ ਕਿਵੇਂ ਦੇਈਏ?

“ਮੈਂ ਤੇਰੇ ʼਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।” ​—ਜ਼ਬੂ. 32:8.

ਕੀ ਸਿੱਖਾਂਗੇ?

ਵਧੀਆ ਸਲਾਹ ਕਿਵੇਂ ਦੇਈਏ?

1. ਸਲਾਹ ਦੇਣੀ ਕਿਨ੍ਹਾਂ ਦੀ ਜ਼ਿੰਮੇਵਾਰੀ ਹੈ ਅਤੇ ਕਿਉਂ?

ਕੀ ਤੁਹਾਨੂੰ ਦੂਜਿਆਂ ਨੂੰ ਸਲਾਹ ਦੇਣੀ ਵਧੀਆ ਲੱਗਦੀ ਹੈ? ਕਈ ਲੋਕਾਂ ਨੂੰ ਸਲਾਹ ਦੇਣੀ ਵਧੀਆ ਲੱਗਦੀ ਹੈ, ਪਰ ਕੁਝ ਹੋਰ ਜਣੇ ਦੂਜਿਆਂ ਨੂੰ ਸਲਾਹ ਦੇਣ ਤੋਂ ਝਿਜਕਦੇ ਹਨ। ਉਨ੍ਹਾਂ ਨੂੰ ਸਮਝ ਨਹੀਂ ਲੱਗਦੀ ਕਿ ਉਹ ਦੂਜਿਆਂ ਨੂੰ ਕੀ ਕਹਿਣ ਅਤੇ ਕਿੱਦਾਂ ਕਹਿਣ। ਗੱਲ ਚਾਹੇ ਜੋ ਵੀ ਹੋਵੇ, ਸੱਚ ਤਾਂ ਇਹ ਹੈ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਮੇਂ-ਸਮੇਂ ਤੇ ਦੂਜਿਆਂ ਨੂੰ ਸਲਾਹ ਦੇਈਏ। ਕਿਉਂ? ਕਿਉਂਕਿ ਯਿਸੂ ਨੇ ਕਿਹਾ ਸੀ ਕਿ ਉਸ ਦੇ ਸੱਚੇ ਚੇਲਿਆਂ ਦੀ ਪਛਾਣ ਉਨ੍ਹਾਂ ਦਾ ਆਪਸੀ ਪਿਆਰ ਹੈ। (ਯੂਹੰ. 13:35) ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਦਿਖਾਉਣ ਦਾ ਇਕ ਤਰੀਕਾ ਹੈ, ਲੋੜ ਪੈਣ ਤੇ ਉਨ੍ਹਾਂ ਨੂੰ ਸਲਾਹ ਦੇਣੀ। ਇਹੀ ਨਹੀਂ, ਪਰਮੇਸ਼ੁਰ ਦੇ ਬਚਨ ਵਿਚ ਵੀ ਦੱਸਿਆ ਗਿਆ ਹੈ ਕਿ ‘ਨਿੱਘੀ ਦੋਸਤੀ ਦਿਲੋਂ ਸਲਾਹ ਦੇਣ ਨਾਲ ਪੈਂਦੀ ਹੈ।’​—ਕਹਾ. 27:9.

2. ਬਜ਼ੁਰਗਾਂ ਨੂੰ ਕੀ ਜਾਣਨ ਦੀ ਲੋੜ ਹੈ ਅਤੇ ਕਿਉਂ? (“ਹਫ਼ਤੇ ਦੌਰਾਨ ਹੋਣ ਵਾਲੀ ਸਭਾ ਵਿਚ ਸਲਾਹ ਦੇਣੀ” ਨਾਂ ਦੀ ਡੱਬੀ ਵੀ ਦੇਖੋ।)

2 ਬਜ਼ੁਰਗਾਂ ਨੂੰ ਖ਼ਾਸ ਕਰਕੇ ਇਹ ਜਾਣਨ ਦੀ ਲੋੜ ਹੈ ਕਿ ਉਹ ਦੂਜਿਆਂ ਨੂੰ ਵਧੀਆ ਸਲਾਹ ਕਿਵੇਂ ਦੇ ਸਕਦੇ ਹਨ। ਯਹੋਵਾਹ ਨੇ ਯਿਸੂ ਰਾਹੀਂ ਬਜ਼ੁਰਗਾਂ ਨੂੰ ਮੰਡਲੀ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। (1 ਪਤ. 5:2, 3) ਇੱਦਾਂ ਕਰਨ ਲਈ ਉਹ ਆਪਣੇ ਭਾਸ਼ਣਾਂ ਰਾਹੀਂ ਸਾਨੂੰ ਬਾਈਬਲ-ਆਧਾਰਿਤ ਸਲਾਹ ਦਿੰਦੇ ਹਨ। ਲੋੜ ਪੈਣ ਤੇ ਉਨ੍ਹਾਂ ਨੂੰ ਭੈਣਾਂ-ਭਰਾਵਾਂ ਨੂੰ ਨਿੱਜੀ ਤੌਰ ਤੇ ਵੀ ਸਲਾਹ ਦੇਣੀ ਚਾਹੀਦੀ ਹੈ। ਨਾਲੇ ਜਿਹੜੇ ਭੈਣ-ਭਰਾ ਯਹੋਵਾਹ ਤੋਂ ਦੂਰ ਹੋ ਚੁੱਕੇ ਹਨ, ਉਨ੍ਹਾਂ ਦੀ ਵਾਪਸ ਆਉਣ ਵਿਚ ਮਦਦ ਕਰਨੀ ਚਾਹੀਦੀ ਹੈ। ਬਜ਼ੁਰਗ ਅਤੇ ਅਸੀਂ ਸਾਰੇ ਜਣੇ ਵਧੀਆ ਸਲਾਹ ਕਿਵੇਂ ਦੇ ਸਕਦੇ ਹਾਂ?

ਹਫ਼ਤੇ ਦੌਰਾਨ ਹੋਣ ਵਾਲੀ ਸਭਾ ਦਾ ਚੇਅਰਮੈਨ ਵਿਦਿਆਰਥੀ ਦੀ ਤਾਰੀਫ਼ ਕਰਨ ਅਤੇ ਸਲਾਹ ਦੇਣ ਲਈ “ਲਗਨ ਨਾਲ ਪੜ੍ਹੋ ਅਤੇ ਸਿਖਾਓ” ਬਰੋਸ਼ਰ ਵਰਤ ਰਿਹਾ ਹੈ।

ਹਫ਼ਤੇ ਦੌਰਾਨ ਹੋਣ ਵਾਲੀ ਸਭਾ ਵਿਚ ਸਲਾਹ ਦੇਣੀ

ਹਫ਼ਤੇ ਦੌਰਾਨ ਹੋਣ ਵਾਲੀ ਸਭਾ ਵਿਚ ਚੇਅਰਮੈਨ ਵਿਦਿਆਰਥੀ ਭਾਗ ਪੇਸ਼ ਕਰਨ ਵਾਲਿਆਂ ਨੂੰ ਵਧੀਆ ਸਲਾਹ ਦਿੰਦਾ ਹੈ। ਜਦੋਂ ਵਿਦਿਆਰਥੀ ਆਪਣਾ ਭਾਗ ਪੇਸ਼ ਕਰ ਰਿਹਾ ਹੁੰਦਾ ਹੈ, ਤਾਂ ਚੇਅਰਮੈਨ ਗੌਰ ਕਰਦਾ ਹੈ ਕਿ ਉਸ ਨੇ ਜਿਸ ਗੁਣ ਜਾਂ ਨੁਕਤੇ ʼਤੇ ਧਿਆਨ ਦੇਣਾ ਸੀ, ਉਸ ਵਿਚ ਉਸ ਨੇ ਕਿੰਨਾ ਵਧੀਆ ਕੀਤਾ।

ਚੇਅਰਮੈਨ ਵਿਦਿਆਰਥੀ ਭਾਗ ਪੇਸ਼ ਕਰਨ ਵਾਲੇ ਦੀ ਦਿਲੋਂ ਤਾਰੀਫ਼ ਕਰਦਾ ਹੈ। ਲੋੜ ਪੈਣ ਤੇ ਉਹ ਵਿਦਿਆਰਥੀ ਨੂੰ ਪਿਆਰ ਨਾਲ, ਪਰ ਸਾਫ਼-ਸਾਫ਼ ਦੱਸਦਾ ਹੈ ਕਿ ਉਹ ਕਿਵੇਂ ਆਪਣੀ ਸਿਖਾਉਣ ਦੀ ਕਲਾ ਨਿਖਾਰ ਸਕਦਾ ਹੈ। ਉਸ ਦੀ ਸਲਾਹ ਤੋਂ ਨਾ ਸਿਰਫ਼ ਵਿਦਿਆਰਥੀ ਨੂੰ, ਸਗੋਂ ਮੰਡਲੀ ਦੇ ਸਾਰੇ ਭੈਣਾਂ-ਭਰਾਵਾਂ ਨੂੰ ਫ਼ਾਇਦਾ ਹੁੰਦਾ ਹੈ।​—ਕਹਾ. 27:17.

3. (ੳ) ਅਸੀਂ ਵਧੀਆ ਸਲਾਹ ਦੇਣੀ ਕਿਵੇਂ ਸਿੱਖ ਸਕਦੇ ਹਾਂ? (ਯਸਾਯਾਹ 9:6; “ਯਿਸੂ ਵਾਂਗ ਸਲਾਹ ਦਿਓ” ਨਾਂ ਦੀ ਡੱਬੀ ਵੀ ਦੇਖੋ।) (ਅ) ਅਸੀਂ ਇਸ ਲੇਖ ਵਿਚ ਕੀ ਚਰਚਾ ਕਰਾਂਗੇ?

3 ਅਸੀਂ ਵਧੀਆ ਸਲਾਹ ਦੇਣ ਬਾਰੇ ਬਾਈਬਲ ਵਿਚ ਦਰਜ ਵਫ਼ਾਦਾਰ ਸੇਵਕਾਂ ਦੀਆਂ ਮਿਸਾਲਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ, ਖ਼ਾਸ ਕਰਕੇ ਯਿਸੂ ਦੀ ਮਿਸਾਲ ਤੋਂ। ਬਾਈਬਲ ਵਿਚ ਉਸ ਨੂੰ “ਅਦਭੁਤ ਸਲਾਹਕਾਰ” ਕਿਹਾ ਗਿਆ ਹੈ। (ਯਸਾਯਾਹ 9:6 ਪੜ੍ਹੋ।) ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਜਦੋਂ ਸਾਡੇ ਤੋਂ ਕੋਈ ਸਲਾਹ ਮੰਗਦਾ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ। ਨਾਲੇ ਜਦੋਂ ਸਾਨੂੰ ਬਿਨਾਂ ਮੰਗੇ ਕਿਸੇ ਨੂੰ ਸਲਾਹ ਦੇਣੀ ਪਵੇ, ਤਾਂ ਅਸੀਂ ਕੀ ਕਰ ਸਕਦੇ ਹਾਂ। ਅਸੀਂ ਇਹ ਵੀ ਚਰਚਾ ਕਰਾਂਗੇ ਕਿ ਸਹੀ ਸਮੇਂ ਤੇ ਅਤੇ ਸਹੀ ਤਰੀਕੇ ਨਾਲ ਸਲਾਹ ਦੇਣੀ ਕਿੰਨੀ ਜ਼ਰੂਰੀ ਹੈ।

ਯਿਸੂ ਵਾਂਗ ਸਲਾਹ ਦਿਓ

ਕੁਝ ਗੱਲਾਂ ʼਤੇ ਧਿਆਨ ਦਿਓ ਜਿਸ ਕਰਕੇ ਯਿਸੂ ਨੂੰ “ਅਦਭੁਤ ਸਲਾਹਕਾਰ” ਕਿਹਾ ਗਿਆ ਹੈ ਅਤੇ ਗੌਰ ਕਰੋ ਕਿ ਅਸੀਂ ਉਸ ਵਾਂਗ ਸਲਾਹ ਕਿਵੇਂ ਦੇ ਸਕਦੇ ਹਾਂ।

  • ਯਿਸੂ ਜਾਣਦਾ ਸੀ ਕਿ ਉਸ ਨੇ ਕੀ ਕਹਿਣਾ ਹੈ। ਯਿਸੂ ਹਮੇਸ਼ਾ ਜਾਣਦਾ ਸੀ ਕਿ ਕੀ ਕਹਿਣਾ ਸਹੀ ਹੋਵੇਗਾ। ਕਿਉਂ? ਕਿਉਂਕਿ ਉਹ ਜੋ ਵੀ ਸਲਾਹ ਦਿੰਦਾ ਸੀ, ਉਹ ਉਸ ਵੱਲੋਂ ਨਹੀਂ ਸੀ ਹੁੰਦੀ, ਸਗੋਂ ਯਹੋਵਾਹ ਦੀ ਸੋਚ ਮੁਤਾਬਕ ਹੁੰਦੀ ਸੀ। ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਜੋ ਵੀ ਗੱਲਾਂ ਤੁਹਾਨੂੰ ਦੱਸਦਾ ਹਾਂ, ਉਹ ਆਪਣੇ ਵੱਲੋਂ ਨਹੀਂ ਦੱਸਦਾ।”​—ਯੂਹੰ. 14:10.

    ਸਬਕ: ਹੋ ਸਕਦਾ ਹੈ ਕਿ ਅਸੀਂ ਬਹੁਤ ਤਜਰਬੇਕਾਰ ਹੋਈਏ ਅਤੇ ਸਾਨੂੰ ਕਾਫ਼ੀ ਗਿਆਨ ਹੋਵੇ। ਪਰ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਜੋ ਸਲਾਹ ਦਿੰਦੇ ਹਾਂ, ਉਹ ਸਾਡੀ ਸੋਚ ਮੁਤਾਬਕ ਨਹੀਂ, ਸਗੋਂ ਬਾਈਬਲ-ਆਧਾਰਿਤ ਹੋਵੇ।

  • ਯਿਸੂ ਜਾਣਦਾ ਸੀ ਕਿ ਕਦੋਂ ਸਲਾਹ ਦੇਣੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਸਾਰੀਆਂ ਗੱਲਾਂ ਇੱਕੋ ਵਾਰੀ ਹੀ ਨਹੀਂ ਦੱਸੀਆਂ, ਸਗੋਂ ਉਸ ਨੇ ਆਪਣੇ ਚੇਲਿਆਂ ਨੂੰ ਸਲਾਹ ਦੇਣ ਲਈ ਸਹੀ ਸਮੇਂ ਦੀ ਉਡੀਕ ਕੀਤੀ ਅਤੇ ਉਨ੍ਹਾਂ ਨੂੰ ਉੱਨੀ ਹੀ ਜਾਣਕਾਰੀ ਦਿੱਤੀ, ਜਿੰਨੀ ਉਹ ਸਮਝ ਸਕਦੇ ਸਨ।​—ਯੂਹੰ. 16:12.

    ਸਬਕ: ਜਦੋਂ ਸਾਨੂੰ ਕਿਸੇ ਨੂੰ ਸਲਾਹ ਦੇਣੀ ਪੈਂਦੀ ਹੈ, ਤਾਂ ਸਾਨੂੰ ਸਹੀ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ। ਬਾਈਬਲ ਦੱਸਦੀ ਹੈ: “ਇਕ ਬੋਲਣ ਦਾ ਸਮਾਂ ਹੈ।” (ਉਪ. 3:7) ਜੇ ਅਸੀਂ ਕਿਸੇ ਨੂੰ ਬਹੁਤ ਕੁਝ ਦੱਸਦੇ ਹਾਂ, ਤਾਂ ਸ਼ਾਇਦ ਉਹ ਸਮਝ ਨਾ ਸਕੇ ਕਿ ਅਸੀਂ ਕਹਿਣਾ ਕੀ ਚਾਹੁੰਦੇ ਹਾਂ ਅਤੇ ਉਹ ਨਿਰਾਸ਼ ਹੋ ਜਾਵੇ। ਇਸ ਲਈ ਚੰਗਾ ਹੋਵੇਗਾ ਕਿ ਅਸੀਂ ਉਸ ਨੂੰ ਉੱਨੀ ਹੀ ਜਾਣਕਾਰੀ ਦੇਈਏ, ਜਿੰਨੀ ਉਸ ਨੂੰ ਚਾਹੀਦੀ ਹੈ।

  • ਯਿਸੂ ਜਾਣਦਾ ਸੀ ਕਿ ਸਮਝਦਾਰੀ ਨਾਲ ਕਿਵੇਂ ਸਲਾਹ ਦੇਣੀ ਹੈ। ਯਿਸੂ ਨੇ ਨਿਮਰ ਰਹਿਣ ਬਾਰੇ ਆਪਣੇ ਰਸੂਲਾਂ ਨੂੰ ਵਾਰ-ਵਾਰ ਸਲਾਹ ਦਿੱਤੀ। ਪਰ ਹਰ ਵਾਰ ਉਸ ਨੇ ਪਿਆਰ ਅਤੇ ਆਦਰ ਨਾਲ ਗੱਲ ਕੀਤੀ।​—ਮੱਤੀ 18:1-5.

    ਸਬਕ: ਜੇ ਸਾਨੂੰ ਕਿਸੇ ਨੂੰ ਵਾਰ-ਵਾਰ ਇੱਕੋ ਗੱਲ ਬਾਰੇ ਸਲਾਹ ਦੇਣੀ ਪਵੇ, ਤਾਂ ਵੀ ਸਾਨੂੰ ਪਿਆਰ ਅਤੇ ਆਦਰ ਨਾਲ ਗੱਲ ਕਰਨੀ ਚਾਹੀਦੀ ਹੈ। ਇੱਦਾਂ ਉਹ ਖ਼ੁਸ਼ੀ-ਖ਼ੁਸ਼ੀ ਸਾਡੀ ਸਲਾਹ ਮੰਨੇਗਾ।

ਜਦੋਂ ਸਾਡੇ ਤੋਂ ਕੋਈ ਸਲਾਹ ਮੰਗਦਾ ਹੈ

4-5. ਜਦੋਂ ਸਾਡੇ ਤੋਂ ਕੋਈ ਸਲਾਹ ਮੰਗਦਾ ਹੈ, ਤਾਂ ਸਾਨੂੰ ਸਭ ਤੋਂ ਪਹਿਲਾਂ ਖ਼ੁਦ ਤੋਂ ਕੀ ਪੁੱਛਣਾ ਚਾਹੀਦਾ ਹੈ? ਇਕ ਮਿਸਾਲ ਦਿਓ।

4 ਜਦੋਂ ਸਾਡੇ ਤੋਂ ਕੋਈ ਸਲਾਹ ਮੰਗਦਾ ਹੈ, ਤਾਂ ਸਾਨੂੰ ਕਿੱਦਾਂ ਲੱਗਦਾ ਹੈ? ਅਸੀਂ ਸ਼ਾਇਦ ਖ਼ੁਸ਼ ਹੋ ਜਾਈਏ ਅਤੇ ਤੁਰੰਤ ਉਸ ਦੀ ਮਦਦ ਕਰਨੀ ਚਾਹੀਏ। ਪਰ ਸਾਨੂੰ ਸਭ ਤੋਂ ਪਹਿਲਾਂ ਖ਼ੁਦ ਨੂੰ ਪੁੱਛਣਾ ਚਾਹੀਦਾ ਹੈ, ‘ਕੀ ਮੈਂ ਉਸ ਨੂੰ ਉਸ ਮਾਮਲੇ ਬਾਰੇ ਸਲਾਹ ਦੇਣ ਦੇ ਕਾਬਲ ਹਾਂ?’ ਕਈ ਵਾਰ ਕਿਸੇ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਕਿ ਅਸੀਂ ਕੋਈ ਸਲਾਹ ਨਾ ਦੇਈਏ। ਇਸ ਦੀ ਬਜਾਇ, ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਲੱਭਣ ਵਿਚ ਉਸ ਦੀ ਮਦਦ ਕਰ ਸਕਦੇ ਹਾਂ ਜੋ ਉਸ ਨੂੰ ਵਧੀਆ ਸਲਾਹ ਦੇਣ ਦੇ ਕਾਬਲ ਹੋਵੇ।

5 ਆਓ ਆਪਾਂ ਇਕ ਮਿਸਾਲ ʼਤੇ ਗੌਰ ਕਰੀਏ। ਮੰਨ ਲਓ, ਤੁਹਾਡੇ ਇਕ ਕਰੀਬੀ ਦੋਸਤ ਨੂੰ ਕੋਈ ਗੰਭੀਰ ਬੀਮਾਰੀ ਹੋ ਜਾਂਦੀ ਹੈ। ਉਹ ਇਲਾਜ ਦੇ ਵੱਖੋ-ਵੱਖਰੇ ਤਰੀਕਿਆਂ ਬਾਰੇ ਪਤਾ ਲਗਾਉਂਦਾ ਹੈ ਅਤੇ ਫਿਰ ਤੁਹਾਨੂੰ ਪੁੱਛਦਾ ਹੈ, ‘ਤੈਨੂੰ ਕੀ ਲੱਗਦਾ ਕਿ ਕਿਹੜਾ ਇਲਾਜ ਵਧੀਆ ਰਹੇਗਾ?’ ਭਾਵੇਂ ਤੁਹਾਨੂੰ ਇਲਾਜ ਦਾ ਕੋਈ ਇਕ ਤਰੀਕਾ ਸਭ ਤੋਂ ਵਧੀਆ ਲੱਗੇ, ਪਰ ਤੁਸੀਂ ਨਾ ਤਾਂ ਕੋਈ ਡਾਕਟਰ ਹੋ ਤੇ ਨਾ ਹੀ ਤੁਸੀਂ ਉਸ ਬੀਮਾਰੀ ਦੇ ਇਲਾਜ ਦੀ ਕੋਈ ਟ੍ਰੇਨਿੰਗ ਲਈ ਹੈ। ਇਸ ਲਈ ਉਸ ਦੀ ਮਦਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ? ਕੋਈ ਸਲਾਹ ਦੇਣ ਨਾਲੋਂ ਵਧੀਆ ਹੋਵੇਗਾ ਕਿ ਤੁਸੀਂ ਕੋਈ ਅਜਿਹਾ ਵਿਅਕਤੀ ਲੱਭਣ ਵਿਚ ਉਸ ਦੀ ਮਦਦ ਕਰੋ ਜਿਸ ਨੇ ਉਸ ਬੀਮਾਰੀ ਦਾ ਇਲਾਜ ਕਰਨ ਦੀ ਟ੍ਰੇਨਿੰਗ ਲਈ ਹੈ।

6. ਸਲਾਹ ਦੇਣ ਤੋਂ ਪਹਿਲਾਂ ਸਾਡੇ ਲਈ ਕੀ ਕਰਨਾ ਵਧੀਆ ਹੋਵੇਗਾ?

6 ਸ਼ਾਇਦ ਸਾਨੂੰ ਲੱਗੇ ਕਿ ਅਸੀਂ ਕਿਸੇ ਮਾਮਲੇ ਬਾਰੇ ਸਲਾਹ ਦੇਣ ਦੇ ਕਾਬਲ ਹਾਂ। ਫਿਰ ਵੀ ਵਧੀਆ ਹੋਵੇਗਾ ਕਿ ਅਸੀਂ ਜਲਦਬਾਜ਼ੀ ਵਿਚ ਕੋਈ ਸਲਾਹ ਨਾ ਦੇਈਏ। ਕਿਉਂ? ਕਿਉਂਕਿ ਕਹਾਉਤਾਂ 15:28 ਵਿਚ ਲਿਖਿਆ ਹੈ: “ਧਰਮੀ ਦਾ ਮਨ ਸੋਚ ਕੇ ਉੱਤਰ ਦਿੰਦਾ ਹੈ।” ਪਰ ਜੇ ਸਾਨੂੰ ਲੱਗੇ ਕਿ ਸਾਨੂੰ ਪਤਾ ਹੈ ਕਿ ਉਸ ਨੂੰ ਕੀ ਜਵਾਬ ਦੇਣਾ ਚਾਹੀਦਾ ਹੈ, ਤਾਂ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ? ਸਾਨੂੰ ਸਮਾਂ ਕੱਢ ਕੇ ਉਸ ਬਾਰੇ ਖੋਜਬੀਨ ਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਇੱਦਾਂ ਅਸੀਂ ਉਹ ਸਲਾਹ ਦੇਵਾਂਗੇ ਜੋ ਯਹੋਵਾਹ ਮੁਤਾਬਕ ਸਹੀ ਹੋਵੇਗੀ। ਆਓ ਆਪਾਂ ਨਾਥਾਨ ਨਬੀ ਦੀ ਮਿਸਾਲ ʼਤੇ ਗੌਰ ਕਰੀਏ।

7. ਤੁਸੀਂ ਨਾਥਾਨ ਨਬੀ ਦੀ ਮਿਸਾਲ ਤੋਂ ਕੀ ਸਿੱਖਦੇ ਹੋ?

7 ਨਾਥਾਨ ਨਬੀ ਨਾਲ ਗੱਲ ਕਰਦਿਆਂ ਰਾਜਾ ਦਾਊਦ ਨੇ ਕਿਹਾ ਕਿ ਉਹ ਯਹੋਵਾਹ ਲਈ ਮੰਦਰ ਬਣਾਉਣਾ ਚਾਹੁੰਦਾ ਹੈ। ਨਾਥਾਨ ਨੇ ਤੁਰੰਤ ਉਸ ਨੂੰ ਇੱਦਾਂ ਕਰਨ ਦੀ ਸਲਾਹ ਦਿੱਤੀ। ਪਰ ਨਾਥਾਨ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਸਮਾਂ ਕੱਢ ਕੇ ਯਹੋਵਾਹ ਨਾਲ ਗੱਲ ਕਰੇ। ਕਿਉਂ? ਕਿਉਂਕਿ ਯਹੋਵਾਹ ਨਹੀਂ ਚਾਹੁੰਦਾ ਸੀ ਕਿ ਦਾਊਦ ਮੰਦਰ ਬਣਾਵੇ। (1 ਇਤਿ. 17:1-4) ਇਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਜਦੋਂ ਸਾਡੇ ਤੋਂ ਕੋਈ ਸਲਾਹ ਮੰਗਦਾ ਹੈ, ਤਾਂ ਸਾਡੇ ਲਈ ਇਹ ਸਮਝਦਾਰੀ ਦੀ ਗੱਲ ਹੋਵੇਗੀ ਕਿ ਅਸੀਂ “ਬੋਲਣ ਵਿਚ ਕਾਹਲੀ” ਨਾ ਕਰੀਏ।​—ਯਾਕੂ. 1:19.

8. ਕਿਸੇ ਨੂੰ ਸਲਾਹ ਦੇਣ ਤੋਂ ਪਹਿਲਾਂ ਧਿਆਨ ਨਾਲ ਸੋਚ-ਵਿਚਾਰ ਕਰਨ ਦਾ ਇਕ ਹੋਰ ਕਾਰਨ ਕਿਹੜਾ ਹੈ?

8 ਕਿਸੇ ਨੂੰ ਸਲਾਹ ਦੇਣ ਤੋਂ ਪਹਿਲਾਂ ਧਿਆਨ ਨਾਲ ਸੋਚ-ਵਿਚਾਰ ਕਰਨ ਦੇ ਇਕ ਹੋਰ ਕਾਰਨ ʼਤੇ ਗੌਰ ਕਰੋ। ਜੇ ਅਸੀਂ ਕਿਸੇ ਨੂੰ ਬਿਨਾਂ ਸੋਚੇ-ਸਮਝੇ ਸਲਾਹ ਦੇ ਦਿੰਦੇ ਹਾਂ ਅਤੇ ਉਸ ਕਰਕੇ ਉਹ ਅਜਿਹਾ ਫ਼ੈਸਲਾ ਕਰਦਾ ਹੈ ਜਿਸ ਦੇ ਉਸ ਨੂੰ ਬੁਰੇ ਅੰਜਾਮ ਭੁਗਤਣੇ ਪੈਂਦੇ ਹਨ, ਤਾਂ ਉਸ ਲਈ ਕੁਝ ਹੱਦ ਤਕ ਅਸੀਂ ਵੀ ਜ਼ਿੰਮੇਵਾਰ ਹੋਵਾਂਗੇ। ਸੱਚ-ਮੁੱਚ, ਕਿਸੇ ਨੂੰ ਸਲਾਹ ਦੇਣ ਤੋਂ ਪਹਿਲਾਂ ਸੋਚ-ਵਿਚਾਰ ਕਰਨਾ ਕਿੰਨਾ ਜ਼ਰੂਰੀ ਹੈ!

ਜਦੋਂ ਸਾਨੂੰ ਬਿਨਾਂ ਮੰਗੇ ਕਿਸੇ ਨੂੰ ਸਲਾਹ ਦੇਣ ਦੀ ਲੋੜ ਪਵੇ

9. ਕੋਈ ਸਲਾਹ ਦੇਣ ਤੋਂ ਪਹਿਲਾਂ ਬਜ਼ੁਰਗਾਂ ਨੂੰ ਕਿਹੜੀ ਗੱਲ ਪੱਕੀ ਕਰਨੀ ਚਾਹੀਦੀ ਹੈ? (ਗਲਾਤੀਆਂ 6:1)

9 ਬਜ਼ੁਰਗਾਂ ਨੂੰ ਸਮੇਂ-ਸਮੇਂ ਤੇ ਪਹਿਲ ਕਰ ਕੇ ਅਜਿਹੇ ਕਿਸੇ ਭੈਣ ਜਾਂ ਭਰਾ ਨੂੰ ਸਲਾਹ ਦੇਣੀ ਚਾਹੀਦੀ ਹੈ ਜਿਸ ਨੇ ‘ਗ਼ਲਤ ਕਦਮ ਉਠਾ ਲਿਆ ਹੋਵੇ।’ (ਗਲਾਤੀਆਂ 6:1 ਪੜ੍ਹੋ।) ਇਕ ਵਿਅਕਤੀ ਸ਼ਾਇਦ ਅਜਿਹੇ ਗ਼ਲਤ ਫ਼ੈਸਲੇ ਕਰੇ ਜਿਨ੍ਹਾਂ ਕਰਕੇ ਉਹ ਅੱਗੇ ਚੱਲ ਕੇ ਕੋਈ ਗੰਭੀਰ ਪਾਪ ਕਰ ਬੈਠੇ। ਬਜ਼ੁਰਗ ਅਜਿਹੇ ਵਿਅਕਤੀ ਦੀ ਮਦਦ ਕਰਨੀ ਚਾਹੁੰਦੇ ਹਨ ਤਾਂਕਿ ਉਹ ਯਹੋਵਾਹ ਦੀ ਸੇਵਾ ਕਰਦਾ ਰਹੇ ਅਤੇ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਦਾ ਰਹੇ। (ਯਾਕੂ. 5:19, 20) ਜੇ ਬਜ਼ੁਰਗ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਲਾਹ ਵਧੀਆ ਹੋਵੇ, ਤਾਂ ਜ਼ਰੂਰੀ ਹੈ ਕਿ ਉਹ ਪਹਿਲਾਂ ਪੱਕਾ ਕਰਨ ਕਿ ਉਸ ਵਿਅਕਤੀ ਨੇ ਸੱਚੀਂ ਕੋਈ ਗ਼ਲਤ ਕਦਮ ਚੁੱਕਿਆ ਹੈ ਜਾਂ ਨਹੀਂ। ਯਹੋਵਾਹ ਨੇ ਹਰੇਕ ਨੂੰ ਆਪਣੀ ਜ਼ਮੀਰ ਮੁਤਾਬਕ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। (ਰੋਮੀ. 14:1-4) ਪਰ ਜਦੋਂ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਕਿਸੇ ਨੇ ਕੁਝ ਅਜਿਹਾ ਕੀਤਾ ਹੈ ਜਿਸ ਕਰਕੇ ਉਸ ਦਾ ਯਹੋਵਾਹ ਨਾਲ ਰਿਸ਼ਤਾ ਖ਼ਤਰੇ ਵਿਚ ਪੈ ਸਕਦਾ ਹੈ, ਤਾਂ ਉਹ ਕਿੱਦਾਂ ਉਸ ਨੂੰ ਸਲਾਹ ਦੇ ਸਕਦੇ ਹਨ?

10-12. ਜਦੋਂ ਇਕ ਬਜ਼ੁਰਗ ਨੂੰ ਬਿਨਾਂ ਮੰਗੇ ਕਿਸੇ ਨੂੰ ਸਲਾਹ ਦੇਣੀ ਪੈਂਦੀ ਹੈ, ਤਾਂ ਉਸ ਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ? ਸਮਝਾਓ। (ਤਸਵੀਰਾਂ ਵੀ ਦੇਖੋ।)

10 ਜਦੋਂ ਬਜ਼ੁਰਗਾਂ ਨੂੰ ਬਿਨਾਂ ਮੰਗੇ ਕਿਸੇ ਨੂੰ ਸਲਾਹ ਦੇਣੀ ਪੈਂਦੀ ਹੈ, ਤਾਂ ਇੱਦਾਂ ਕਰਨਾ ਉਨ੍ਹਾਂ ਲਈ ਸੌਖਾ ਨਹੀਂ ਹੁੰਦਾ। ਕਿਉਂ? ਜਿਵੇਂ ਪੌਲੁਸ ਰਸੂਲ ਨੇ ਕਿਹਾ ਸੀ ਕਿ ਸ਼ਾਇਦ ਉਸ ਵਿਅਕਤੀ ਨੂੰ ਅਹਿਸਾਸ ਹੀ ਨਾ ਹੋਵੇ ਕਿ ਉਸ ਨੇ ਗ਼ਲਤ ਕਦਮ ਚੁੱਕਿਆ ਹੈ। ਇੱਦਾਂ ਹੋਣ ਤੇ ਬਜ਼ੁਰਗਾਂ ਨੂੰ ਸਲਾਹ ਦੇਣ ਤੋਂ ਪਹਿਲਾਂ ਉਸ ਵਿਅਕਤੀ ਦਾ ਮਨ ਤਿਆਰ ਕਰਨਾ ਚਾਹੀਦਾ ਹੈ।

11 ਜਦੋਂ ਬਿਨਾਂ ਮੰਗੇ ਕਿਸੇ ਨੂੰ ਸਲਾਹ ਦੇਣ ਦੀ ਲੋੜ ਪੈਂਦੀ ਹੈ, ਤਾਂ ਇਹ ਸਖ਼ਤ ਮਿੱਟੀ ਵਿਚ ਬੀ ਬੀਜਣ ਵਾਂਗ ਹੁੰਦਾ ਹੈ। ਜ਼ਰਾ ਗੌਰ ਕਰੋ ਕਿ ਅਜਿਹੀ ਮਿੱਟੀ ਵਿਚ ਬੀ ਬੀਜਣ ਤੋਂ ਪਹਿਲਾਂ ਇਕ ਕਿਸਾਨ ਕੀ ਕਰਦਾ ਹੈ। ਉਹ ਪਹਿਲਾਂ ਵਾਹੀ ਕਰਦਾ ਹੈ ਤਾਂਕਿ ਮਿੱਟੀ ਨਰਮ ਹੋ ਜਾਵੇ ਅਤੇ ਬੀ ਬੀਜਣ ਲਈ ਤਿਆਰ ਹੋ ਸਕੇ। ਫਿਰ ਉਹ ਉਸ ਵਿਚ ਬੀ ਬੀਜਦਾ ਹੈ ਅਤੇ ਅਖ਼ੀਰ ਪਾਣੀ ਦਿੰਦਾ ਹੈ ਤਾਂਕਿ ਬੀ ਪੁੰਗਰ ਸਕੇ। ਬਿਲਕੁਲ ਇਸੇ ਤਰ੍ਹਾਂ ਜਦੋਂ ਕਿਸੇ ਬਜ਼ੁਰਗ ਨੂੰ ਬਿਨਾਂ ਮੰਗੇ ਕਿਸੇ ਨੂੰ ਸਲਾਹ ਦੇਣ ਦੀ ਲੋੜ ਪੈਂਦੀ ਹੈ, ਤਾਂ ਉਸ ਨੂੰ ਉਸ ਵਿਅਕਤੀ ਦੇ ਦਿਲ ਦੀ ਮਿੱਟੀ ਨੂੰ ਤਿਆਰ ਕਰਨਾ ਚਾਹੀਦਾ ਹੈ। ਮਿਸਾਲ ਲਈ, ਬਜ਼ੁਰਗ ਸਹੀ ਸਮੇਂ ਦੀ ਉਡੀਕ ਕਰ ਸਕਦਾ ਹੈ ਅਤੇ ਉਸ ਵਿਅਕਤੀ ਨੂੰ ਦੱਸ ਸਕਦਾ ਹੈ ਕਿ ਉਹ ਉਸ ਦਾ ਭਲਾ ਚਾਹੁੰਦਾ ਹੈ ਤੇ ਕਿਸੇ ਮਾਮਲੇ ਬਾਰੇ ਉਸ ਨਾਲ ਗੱਲ ਕਰਨੀ ਚਾਹੁੰਦਾ ਹੈ। ਜੇ ਦੂਜਿਆਂ ਨੂੰ ਇਹ ਗੱਲ ਪਤਾ ਹੈ ਕਿ ਸਲਾਹ ਦੇਣ ਵਾਲਾ ਪਿਆਰ ਤੇ ਦਇਆ ਨਾਲ ਪੇਸ਼ ਆਉਂਦਾ ਹੈ, ਤਾਂ ਉਨ੍ਹਾਂ ਲਈ ਸਲਾਹ ਸਵੀਕਾਰ ਕਰਨੀ ਸੌਖੀ ਹੋ ਜਾਵੇਗੀ।

12 ਗੱਲਬਾਤ ਦੌਰਾਨ ਵੀ ਬਜ਼ੁਰਗ ਉਸ ਵਿਅਕਤੀ ਦੇ ਦਿਲ ਦੀ ਮਿੱਟੀ ਨੂੰ ਨਰਮ ਕਰ ਸਕਦਾ ਹੈ। ਉਹ ਕਿੱਦਾਂ? ਬਜ਼ੁਰਗ ਉਸ ਨੂੰ ਦੱਸ ਸਕਦਾ ਹੈ ਕਿ ਕਦੇ-ਨਾ-ਕਦੇ ਸਾਰਿਆਂ ਤੋਂ ਗ਼ਲਤੀਆਂ ਹੁੰਦੀਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਸਲਾਹ ਦੀ ਲੋੜ ਪੈਂਦੀ ਹੈ। (ਰੋਮੀ. 3:23) ਫਿਰ ਬੜੀ ਨਰਮਾਈ ਅਤੇ ਆਦਰ ਨਾਲ ਬਜ਼ੁਰਗ ਉਸ ਨੂੰ ਬਾਈਬਲ ਦਾ ਕੋਈ ਅਸੂਲ ਦਿਖਾ ਕੇ ਦੱਸ ਸਕਦਾ ਹੈ ਕਿ ਉਸ ਨੇ ਕਿਹੜਾ ਗ਼ਲਤ ਕਦਮ ਚੁੱਕਿਆ ਹੈ। ਜਦੋਂ ਉਹ ਵਿਅਕਤੀ ਆਪਣੀ ਗ਼ਲਤੀ ਮੰਨ ਲੈਂਦਾ ਹੈ, ਤਾਂ ਬਜ਼ੁਰਗ “ਬੀ ਬੀਜ ਸਕਦਾ ਹੈ” ਯਾਨੀ ਉਹ ਉਸ ਨੂੰ ਸਾਫ਼-ਸਾਫ਼ ਦੱਸ ਸਕਦਾ ਹੈ ਕਿ ਉਸ ਨੂੰ ਆਪਣੀ ਗ਼ਲਤੀ ਸੁਧਾਰਨ ਲਈ ਕੀ ਕਰਨ ਦੀ ਲੋੜ ਹੈ। ਅਖ਼ੀਰ ਵਿਚ ਉਹ ਬਜ਼ੁਰਗ ਬੀ ਨੂੰ “ਪਾਣੀ ਦੇ ਸਕਦਾ ਹੈ” ਯਾਨੀ ਉਹ ਵਿਅਕਤੀ ਜੋ ਕੁਝ ਵਧੀਆ ਕਰ ਰਿਹਾ ਹੈ, ਉਸ ਲਈ ਬਜ਼ੁਰਗ ਉਸ ਦੀ ਤਾਰੀਫ਼ ਕਰ ਸਕਦਾ ਹੈ ਅਤੇ ਉਸ ਨਾਲ ਪ੍ਰਾਰਥਨਾ ਕਰ ਸਕਦਾ ਹੈ।

ਤਸਵੀਰਾਂ ਵਿਚ ਦਿਖਾਇਆ ਗਿਆ ਹੈ ਕਿ ਇਕ ਬਜ਼ੁਰਗ ਇਕ ਭਰਾ ਨੂੰ ਸਲਾਹ ਦੇ ਰਿਹਾ ਹੈ। ਬਜ਼ੁਰਗ ਦੀ ਤੁਲਨਾ ਕਿਸਾਨ ਨਾਲ ਕੀਤੀ ਗਈ ਹੈ ਜੋ ਸਖ਼ਤ ਮਿੱਟੀ ਵਿਚ ਬੀ ਬੀਜ ਰਿਹਾ ਹੈ। 1. ਮਿੱਟੀ ਤਿਆਰ ਕਰੋ: ਕਿਸਾਨ ਸਖ਼ਤ ਮਿੱਟੀ ਨੂੰ ਨਰਮ ਕਰ ਰਿਹਾ ਹੈ। ਇਕ ਬਜ਼ੁਰਗ ਇਕ ਭਰਾ ਨਾਲ ਪਿਆਰ ਨਾਲ ਗੱਲ ਕਰ ਰਿਹਾ ਹੈ। 2. ਬੀ ਬੀਜੋ: ਕਿਸਾਨ ਨਰਮ ਮਿੱਟੀ ਵਿਚ ਬੀ ਬੀਜ ਰਿਹਾ ਹੈ। ਉਹੀ ਬਜ਼ੁਰਗ ਬਾਈਬਲ ਰਾਹੀਂ ਉਸ ਭਰਾ ਨਾਲ ਤਰਕ ਕਰ ਰਿਹਾ ਹੈ। 3. ਪਾਣੀ ਦਿਓ: ਕਿਸਾਨ ਬੀ ਨੂੰ ਪਾਣੀ ਦੇ ਰਿਹਾ ਹੈ। ਉਹੀ ਬਜ਼ੁਰਗ ਭਰਾ ਨਾਲ ਪ੍ਰਾਰਥਨਾ ਕਰ ਰਿਹਾ ਹੈ।

ਜਦੋਂ ਬਜ਼ੁਰਗਾਂ ਨੂੰ ਬਿਨਾਂ ਮੰਗੇ ਕਿਸੇ ਨੂੰ ਸਲਾਹ ਦੇਣੀ ਪੈਂਦੀ ਹੈ, ਤਾਂ ਉਹ ਪਿਆਰ ਨਾਲ ਉਸ ਨੂੰ ਸਲਾਹ ਦਿੰਦੇ ਹਨ ਤਾਂਕਿ ਉਸ ਲਈ ਸਲਾਹ ਮੰਨਣੀ ਸੌਖੀ ਹੋ ਜਾਵੇ (ਪੈਰੇ 10-12 ਦੇਖੋ)


13. ਬਜ਼ੁਰਗ ਇਹ ਕਿਵੇਂ ਜਾਣ ਸਕਦੇ ਹਨ ਕਿ ਸਾਮ੍ਹਣੇ ਵਾਲੇ ਨੂੰ ਉਨ੍ਹਾਂ ਦੀ ਸਲਾਹ ਸਮਝ ਆਈ ਹੈ ਜਾਂ ਨਹੀਂ?

13 ਕਦੀ-ਕਦਾਈਂ ਇੱਦਾਂ ਹੋ ਸਕਦਾ ਹੈ ਕਿ ਬਜ਼ੁਰਗ ਕਿਸੇ ਨੂੰ ਕੋਈ ਸਲਾਹ ਦੇਣ, ਪਰ ਸਾਮ੍ਹਣੇ ਵਾਲੇ ਨੂੰ ਉਨ੍ਹਾਂ ਦੀ ਗੱਲ ਸਮਝ ਨਾ ਆਵੇ ਜਾਂ ਉਹ ਕੁਝ ਹੋਰ ਹੀ ਸਮਝ ਬੈਠੇ। ਬਜ਼ੁਰਗ ਕੀ ਕਰ ਸਕਦੇ ਹਨ ਤਾਂਕਿ ਇੱਦਾਂ ਨਾ ਹੋਵੇ? ਉਹ ਸੋਚ-ਸਮਝ ਕੇ ਉਸ ਤੋਂ ਕੁਝ ਸਵਾਲ ਪੁੱਛ ਸਕਦੇ ਹਨ। (ਉਪ. 12:11) ਫਿਰ ਉਸ ਦੇ ਜਵਾਬਾਂ ਤੋਂ ਬਜ਼ੁਰਗ ਸਮਝ ਜਾਣਗੇ ਕਿ ਉਸ ਨੂੰ ਉਨ੍ਹਾਂ ਦੀ ਗੱਲ ਸਮਝ ਲੱਗੀ ਹੈ ਜਾਂ ਨਹੀਂ।

ਸਹੀ ਸਮੇਂ ਤੇ ਅਤੇ ਸਹੀ ਤਰੀਕੇ ਨਾਲ ਸਲਾਹ ਦੇਣੀ

14. ਸਾਨੂੰ ਕਦੇ ਵੀ ਗੁੱਸੇ ਵਿਚ ਆ ਕੇ ਸਲਾਹ ਕਿਉਂ ਨਹੀਂ ਦੇਣੀ ਚਾਹੀਦੀ? ਸਮਝਾਓ।

14 ਅਸੀਂ ਸਾਰੇ ਨਾਮੁਕੰਮਲ ਹਾਂ ਜਿਸ ਕਰਕੇ ਅਸੀਂ ਕਦੇ-ਨਾ-ਕਦੇ ਕੁਝ ਅਜਿਹਾ ਕਹਿ ਜਾਂ ਕਰ ਦਿੰਦੇ ਹਾਂ ਜਿਸ ਨਾਲ ਦੂਜਿਆਂ ਨੂੰ ਦੁੱਖ ਲੱਗਦਾ ਹੈ। (ਕੁਲੁ. 3:13) ਬਾਈਬਲ ਵਿਚ ਦੱਸਿਆ ਹੈ ਕਿ ਕਈ ਵਾਰ ਤਾਂ ਅਸੀਂ ਇਕ-ਦੂਜੇ ਨੂੰ ਗੁੱਸਾ ਵੀ ਚੜ੍ਹਾ ਦਿੰਦੇ ਹਾਂ। (ਅਫ਼. 4:26) ਪਰ ਸਾਨੂੰ ਕਦੇ ਵੀ ਗੁੱਸੇ ਵਿਚ ਆ ਕੇ ਸਲਾਹ ਨਹੀਂ ਦੇਣੀ ਚਾਹੀਦੀ। ਕਿਉਂ? ਕਿਉਂਕਿ “ਗੁੱਸੇ ਵਿਚ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਨਹੀਂ ਕਰਦਾ।” (ਯਾਕੂ. 1:20) ਜੇ ਅਸੀਂ ਗੁੱਸੇ ਵਿਚ ਆ ਕੇ ਕੋਈ ਸਲਾਹ ਦਿੰਦੇ ਹਾਂ, ਤਾਂ ਹੋ ਸਕਦਾ ਹੈ ਕਿ ਮਸਲਾ ਸੁਧਰਨ ਦੀ ਬਜਾਇ ਹੋਰ ਵਿਗੜ ਜਾਵੇ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਜਿਸ ਵਿਅਕਤੀ ਨੇ ਸਾਨੂੰ ਗੁੱਸਾ ਚੜ੍ਹਾਇਆ ਹੈ, ਅਸੀਂ ਉਸ ਨੂੰ ਇਹ ਨਾ ਦੱਸੀਏ ਕਿ ਅਸੀਂ ਕੀ ਸੋਚਦੇ ਹਾਂ ਅਤੇ ਕੀ ਮਹਿਸੂਸ ਕਰਦੇ ਹਾਂ। ਅਸੀਂ ਉਦੋਂ ਹੀ ਵਧੀਆ ਤਰੀਕੇ ਨਾਲ ਗੱਲ ਕਰ ਸਕਾਂਗੇ ਜਦੋਂ ਅਸੀਂ ਪੂਰੀ ਤਰ੍ਹਾਂ ਸ਼ਾਂਤ ਹੋ ਜਾਵਾਂਗੇ। ਇਸ ਮਾਮਲੇ ਵਿਚ ਅਸੀਂ ਅਲੀਹੂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਜਿਸ ਨੇ ਅੱਯੂਬ ਨੂੰ ਬਹੁਤ ਵਧੀਆ ਸਲਾਹ ਦਿੱਤੀ ਸੀ।

15. ਅਸੀਂ ਅਲੀਹੂ ਦੀ ਮਿਸਾਲ ਤੋਂ ਕੀ ਸਿੱਖਦੇ ਹਾਂ? (ਤਸਵੀਰ ਵੀ ਦੇਖੋ।)

15 ਜਦੋਂ ਅੱਯੂਬ ʼਤੇ ਉਸ ਦੇ ਦੋਸਤਾਂ ਨੇ ਝੂਠੇ ਦੋਸ਼ ਲਾਏ, ਤਾਂ ਉਹ ਕਈ ਦਿਨਾਂ ਤਕ ਉਨ੍ਹਾਂ ਨੂੰ ਸਫ਼ਾਈਆਂ ਦਿੰਦਾ ਰਿਹਾ। ਇਸ ਦੌਰਾਨ ਅਲੀਹੂ ਧਿਆਨ ਨਾਲ ਅੱਯੂਬ ਦੀਆਂ ਗੱਲਾਂ ਸੁਣਦਾ ਰਿਹਾ। ਅਲੀਹੂ ਨੂੰ ਅੱਯੂਬ ʼਤੇ ਬੜਾ ਤਰਸ ਆਇਆ। ਪਰ ਅਲੀਹੂ ਅੱਯੂਬ ʼਤੇ ਅੱਗ-ਬਬੂਲਾ ਵੀ ਹੋਇਆ ਕਿਉਂਕਿ ਉਹ ਪਰਮੇਸ਼ੁਰ ਦੀ ਬਜਾਇ ਖ਼ੁਦ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਫਿਰ ਵੀ ਅਲੀਹੂ ਨੇ ਉਡੀਕ ਕੀਤੀ ਅਤੇ ਜਦੋਂ ਉਸ ਦੀ ਬੋਲਣ ਦੀ ਵਾਰੀ ਆਈ, ਤਾਂ ਉਸ ਨੇ ਸ਼ਾਂਤੀ ਅਤੇ ਆਦਰ ਨਾਲ ਅੱਯੂਬ ਨੂੰ ਸਲਾਹ ਦਿੱਤੀ। (ਅੱਯੂ. 32:2; 33:1-7) ਅਸੀਂ ਅਲੀਹੂ ਤੋਂ ਇਕ ਜ਼ਰੂਰੀ ਸਬਕ ਸਿੱਖ ਸਕਦੇ ਹਾਂ। ਸਾਨੂੰ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਯਾਨੀ ਸ਼ਾਂਤੀ ਅਤੇ ਆਦਰ ਨਾਲ ਸਲਾਹ ਦੇਣੀ ਚਾਹੀਦੀ ਹੈ।​—ਉਪ. 3:1, 7.

ਅੱਯੂਬ ਦਾ ਸਰੀਰ ਫੋੜਿਆਂ ਨਾਲ ਭਰਿਆ ਹੋਇਆ ਹੈ। ਅਲੀਹੂ ਬੜੇ ਧਿਆਨ ਨਾਲ ਉਸ ਦੀ ਗੱਲ ਸੁਣ ਰਿਹਾ ਹੈ ਅਤੇ ਹਮਦਰਦੀ ਦਿਖਾ ਰਿਹਾ ਹੈ।

ਭਾਵੇਂ ਕਿ ਪਹਿਲਾਂ ਅਲੀਹੂ ਅੱਯੂਬ ʼਤੇ ਅੱਗ-ਬਬੂਲਾ ਹੋ ਗਿਆ ਸੀ, ਫਿਰ ਵੀ ਉਸ ਨੇ ਬੜੇ ਪਿਆਰ ਅਤੇ ਗਹਿਰੇ ਆਦਰ ਨਾਲ ਉਸ ਨੂੰ ਸਲਾਹ ਦਿੱਤੀ (ਪੈਰਾ 15 ਦੇਖੋ)


ਸਲਾਹ ਦਿੰਦੇ ਰਹੋ ਅਤੇ ਸਲਾਹ ਲੈਂਦੇ ਰਹੋ

16. ਤੁਸੀਂ ਜ਼ਬੂਰ 32:8 ਤੋਂ ਕੀ ਸਿੱਖਦੇ ਹੋ?

16 ਇਸ ਲੇਖ ਦੀ ਮੁੱਖ ਆਇਤ ਵਿਚ ਦੱਸਿਆ ਗਿਆ ਹੈ ਕਿ ‘ਯਹੋਵਾਹ ਸਾਡੇ ʼਤੇ ਨਿਗਾਹ ਰੱਖ ਕੇ ਸਾਨੂੰ ਸਲਾਹ ਦਿੰਦਾ ਹੈ।’ (ਜ਼ਬੂਰ 32:8 ਪੜ੍ਹੋ।) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਨੂੰ ਸਿਖਲਾਈ ਦਿੰਦਾ ਰਹੇਗਾ। ਉਹ ਨਾ ਸਿਰਫ਼ ਸਾਨੂੰ ਸਲਾਹ ਦਿੰਦਾ ਹੈ, ਸਗੋਂ ਇਸ ਨੂੰ ਲਾਗੂ ਕਰਨ ਵਿਚ ਸਾਡੀ ਮਦਦ ਵੀ ਕਰਦਾ ਹੈ। ਯਹੋਵਾਹ ਸਾਡੇ ਲਈ ਕਿੰਨੀ ਵਧੀਆ ਮਿਸਾਲ ਹੈ! ਜਦੋਂ ਸਾਨੂੰ ਦੂਜਿਆਂ ਨੂੰ ਸਲਾਹ ਦੇਣ ਦੀ ਲੋੜ ਪੈਂਦੀ ਹੈ, ਤਾਂ ਆਓ ਆਪਾਂ ਵੀ ਯਹੋਵਾਹ ਵਾਂਗ ਉਨ੍ਹਾਂ ʼਤੇ ਧਿਆਨ ਦਿੰਦੇ ਰਹੀਏ ਅਤੇ ਪੂਰੀ ਵਾਹ ਲਾ ਕੇ ਉਨ੍ਹਾਂ ਦੀ ਮਦਦ ਕਰਦੇ ਰਹੀਏ ਤਾਂਕਿ ਉਹ ਸਹੀ ਫ਼ੈਸਲੇ ਕਰ ਸਕਣ।

17. ਜਦੋਂ ਬਜ਼ੁਰਗ ਸਾਡੀ ਲੋੜ ਮੁਤਾਬਕ ਸਾਨੂੰ ਬਾਈਬਲ-ਆਧਾਰਿਤ ਸਲਾਹ ਦਿੰਦੇ ਹਨ, ਤਾਂ ਸਾਨੂੰ ਕਿੱਦਾਂ ਲੱਗਦਾ ਹੈ? (ਯਸਾਯਾਹ 32:1, 2)

17 ਅੱਜ ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਲਾਹ ਦੇਣ ਅਤੇ ਲੈਣ ਦੀ ਲੋੜ ਹੈ। (2 ਤਿਮੋ. 3:1) ਜਿੱਦਾਂ “ਸੁੱਕੇ ਦੇਸ਼ ਵਿਚ ਪਾਣੀ ਦੀਆਂ ਨਦੀਆਂ” ਹੋਣ ਨਾਲ ਇਕ ਵਿਅਕਤੀ ਨੂੰ ਤਾਜ਼ਗੀ ਮਿਲਦੀ ਹੈ, ਉੱਦਾਂ ਹੀ ਜਦੋਂ ਬਜ਼ੁਰਗ ਸਾਡੀ ਲੋੜ ਮੁਤਾਬਕ ਸਾਨੂੰ ਬਾਈਬਲ-ਆਧਾਰਿਤ ਕੋਈ ਸਲਾਹ ਦਿੰਦੇ ਹਨ, ਤਾਂ ਸਾਡਾ ਹੌਸਲਾ ਵਧਦਾ ਹੈ ਅਤੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਵਿਚ ਸਾਡੀ ਮਦਦ ਹੁੰਦੀ ਹੈ। (ਯਸਾਯਾਹ 32:1, 2 ਪੜ੍ਹੋ।) ਅਸੀਂ ਉਨ੍ਹਾਂ ਦੋਸਤਾਂ ਦੇ ਸ਼ੁਕਰਗੁਜ਼ਾਰ ਹਾਂ ਜੋ ਲੋੜ ਪੈਣ ਤੇ ਸਾਨੂੰ ਸਲਾਹ ਦੇਣ ਤੋਂ ਝਿਜਕਦੇ ਨਹੀਂ। ਅਜਿਹੇ ਦੋਸਤਾਂ ਦੀ ਸਲਾਹ “ਚਾਂਦੀ ਨਾਲ ਮੜ੍ਹੀ ਟੋਕਰੀ ਵਿਚ ਸੋਨੇ ਦੇ ਸੇਬਾਂ ਵਾਂਗ” ਹੁੰਦੀ ਹੈ। (ਕਹਾ. 25:11) ਆਓ ਆਪਾਂ ਸਾਰੇ ਸਲਾਹ ਦਿੰਦੇ ਰਹੀਏ ਅਤੇ ਸਲਾਹ ਲੈਂਦੇ ਰਹੀਏ।

ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ . . .

  • ਜਦੋਂ ਕੋਈ ਸਾਡੇ ਤੋਂ ਸਲਾਹ ਮੰਗਦਾ ਹੈ?

  • ਜਦੋਂ ਸਾਨੂੰ ਬਿਨਾਂ ਮੰਗੇ ਕਿਸੇ ਨੂੰ ਸਲਾਹ ਦੇਣੀ ਪੈਂਦੀ ਹੈ?

  • ਜਦੋਂ ਸਾਨੂੰ ਗੁੱਸਾ ਚੜ੍ਹਿਆ ਹੁੰਦਾ ਹੈ?

ਗੀਤ 109 ਦਿਲੋਂ ਗੂੜ੍ਹਾ ਪਿਆਰ ਕਰੋ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ