ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w25 ਜੁਲਾਈ ਸਫ਼ੇ 14-19
  • ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਤੋਂ ਸਿੱਖੋ ਨਵੇਂ ਸਬਕ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਤੋਂ ਸਿੱਖੋ ਨਵੇਂ ਸਬਕ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਸਿਰਜਣਹਾਰ ਹੈ
  • ਪਰਮੇਸ਼ੁਰ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ?
  • ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ
  • ਬੁਨਿਆਦੀ ਸਿੱਖਿਆਵਾਂ ਲਈ ਸ਼ੁਕਰਗੁਜ਼ਾਰ ਰਹੋ
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਤੁਸੀਂ ਸੱਚ ਅਤੇ ਝੂਠ ਵਿਚ ਫ਼ਰਕ ਕਰਨਾ ਸਿੱਖ ਸਕਦੇ ਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਪਿਆਰ ਹੋਣ ਕਰਕੇ ਪ੍ਰਚਾਰ ਕਰਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
w25 ਜੁਲਾਈ ਸਫ਼ੇ 14-19

ਅਧਿਐਨ ਲੇਖ 30

ਗੀਤ 97 ਰੱਬ ਦੀ ਬਾਣੀ ਹੈ ਜ਼ਿੰਦਗੀ

ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਤੋਂ ਸਿੱਖੋ ਨਵੇਂ ਸਬਕ

“ਮੈਂ ਤੁਹਾਨੂੰ ਇਹ ਸਾਰੀਆਂ ਗੱਲਾਂ ਚੇਤੇ ਕਰਾਉਣ ਲਈ ਹਮੇਸ਼ਾ ਤਿਆਰ ਰਹਾਂਗਾ, ਭਾਵੇਂ ਕਿ ਤੁਸੀਂ ਇਨ੍ਹਾਂ ਨੂੰ ਜਾਣਦੇ ਹੋ ਅਤੇ ਸੱਚਾਈ ਸਿੱਖ ਕੇ ਇਸ ਵਿਚ ਪੱਕੇ ਹੋ ਗਏ ਹੋ।”​—2 ਪਤ. 1:12.

ਕੀ ਸਿੱਖਾਂਗੇ?

ਅਸੀਂ ਸ਼ੁਰੂ-ਸ਼ੁਰੂ ਵਿਚ ਬਾਈਬਲ ਤੋਂ ਜਿਹੜੀਆਂ ਬੁਨਿਆਦੀ ਸਿੱਖਿਆਵਾਂ ਸਿੱਖੀਆਂ ਸਨ, ਉਨ੍ਹਾਂ ਤੋਂ ਸਾਨੂੰ ਅੱਜ ਵੀ ਕਿਵੇਂ ਫ਼ਾਇਦਾ ਹੋ ਸਕਦਾ ਹੈ।

1. ਜਦੋਂ ਤੁਸੀਂ ਪਹਿਲਾਂ-ਪਹਿਲ ਸੱਚਾਈ ਸਿੱਖੀ ਸੀ, ਤਾਂ ਇਸ ਦਾ ਤੁਹਾਡਾ ʼਤੇ ਕੀ ਅਸਰ ਪਿਆ?

ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਨੇ ਸਾਡੀ ਜ਼ਿੰਦਗੀ ਬਦਲ ਦਿੱਤੀ ਹੈ। ਮਿਸਾਲ ਲਈ, ਜਦੋਂ ਅਸੀਂ ਸਿੱਖਿਆ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ, ਤਾਂ ਅਸੀਂ ਉਸ ਦੇ ਦੋਸਤ ਬਣਨ ਲਈ ਪਹਿਲਾ ਕਦਮ ਚੁੱਕਿਆ। (ਯਸਾ. 42:8) ਜਦੋਂ ਅਸੀਂ ਸਿੱਖਿਆ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ, ਤਾਂ ਅਸੀਂ ਇਹ ਸੋਚ ਕੇ ਪਰੇਸ਼ਾਨ ਨਹੀਂ ਹੁੰਦੇ ਕਿ ਸਾਡੇ ਮਰ ਚੁੱਕੇ ਅਜ਼ੀਜ਼ ਦੁੱਖ ਭੋਗ ਰਹੇ ਹਨ। (ਉਪ. 9:10) ਨਾਲੇ ਜਦੋਂ ਅਸੀਂ ਨਵੀਂ ਦੁਨੀਆਂ ਬਾਰੇ ਪਰਮੇਸ਼ੁਰ ਦੇ ਵਾਅਦੇ ਬਾਰੇ ਸਿੱਖਿਆ, ਤਾਂ ਸਾਨੂੰ ਆਪਣੇ ਭਵਿੱਖ ਦੀ ਚਿੰਤਾ ਨਹੀਂ ਹੁੰਦੀ। ਸਾਨੂੰ ਭਰੋਸਾ ਹੋ ਗਿਆ ਕਿ ਅਸੀਂ 70 ਜਾਂ 80 ਸਾਲਾਂ ਲਈ ਨਹੀਂ, ਸਗੋਂ ਹਮੇਸ਼ਾ-ਹਮੇਸ਼ਾ ਲਈ ਜੀਉਂਦੇ ਰਹਾਂਗੇ।​—ਜ਼ਬੂ. 37:29; 90:10.

2. ਦੂਜਾ ਪਤਰਸ 1:12, 13 ਤੋਂ ਕਿਵੇਂ ਪਤਾ ਲੱਗਦਾ ਹੈ ਕਿ ਸਮਝਦਾਰ ਮਸੀਹੀਆਂ ਨੂੰ ਵੀ ਬੁਨਿਆਦੀ ਸਿੱਖਿਆਵਾਂ ਤੋਂ ਫ਼ਾਇਦਾ ਹੁੰਦਾ ਹੈ?

2 ਸਾਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਨੂੰ ਕਦੇ ਵੀ ਐਵੇਂ ਨਹੀਂ ਸਮਝਣਾ ਚਾਹੀਦਾ। ਪਤਰਸ ਰਸੂਲ ਨੇ ਆਪਣੀ ਦੂਜੀ ਚਿੱਠੀ ਉਨ੍ਹਾਂ ਮਸੀਹੀਆਂ ਨੂੰ ਲਿਖੀ ਸੀ ਜੋ “ਸੱਚਾਈ ਸਿੱਖ ਕੇ ਇਸ ਵਿਚ ਪੱਕੇ ਹੋ ਗਏ” ਸਨ। (2 ਪਤਰਸ 1:12, 13 ਪੜ੍ਹੋ।) ਪਰ ਉਸ ਸਮੇਂ ਮੰਡਲੀ ਵਿਚ ਦੁਸ਼ਟ ਲੋਕ ਆ ਗਏ ਸਨ ਜੋ ਭੈਣਾਂ-ਭਰਾਵਾਂ ਨੂੰ ਸੱਚਾਈ ਦੇ ਰਾਹ ਤੋਂ ਭਟਕਾਉਣਾ ਚਾਹੁੰਦੇ ਸਨ। (2 ਪਤ. 2:1-3) ਪਤਰਸ ਆਪਣੇ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਸੀ ਤਾਂਕਿ ਉਹ ਉਨ੍ਹਾਂ ਦੁਸ਼ਟ ਲੋਕਾਂ ਦੀਆਂ ਗੱਲਾਂ ਵਿਚ ਨਾ ਆਉਣ। ਇਸ ਕਰਕੇ ਪਤਰਸ ਨੇ ਉਨ੍ਹਾਂ ਨੂੰ ਅਜਿਹੀਆਂ ਸੱਚਾਈਆਂ ਬਾਰੇ ਯਾਦ ਕਰਾਇਆ ਜੋ ਉਨ੍ਹਾਂ ਨੇ ਪਹਿਲਾਂ ਹੀ ਸਿੱਖੀਆਂ ਸਨ। ਇਨ੍ਹਾਂ ਸਿੱਖਿਆਵਾਂ ਕਰਕੇ ਉਨ੍ਹਾਂ ਨੇ ਅੰਤ ਤਕ ਆਪਣੀ ਵਫ਼ਾਦਾਰੀ ਬਣਾਈ ਰੱਖਣੀ ਸੀ।

3. ਸਾਰੇ ਮਸੀਹੀਆਂ ਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ʼਤੇ ਸੋਚ-ਵਿਚਾਰ ਕਿਉਂ ਕਰਦੇ ਰਹਿਣਾ ਚਾਹੀਦਾ ਹੈ? ਇਕ ਮਿਸਾਲ ਦਿਓ।

3 ਇਸੇ ਤਰ੍ਹਾਂ ਭਾਵੇਂ ਕਿ ਅਸੀਂ ਲੰਬੇ ਸਮੇਂ ਤੋਂ ਸੱਚਾਈ ਵਿਚ ਹਾਂ, ਫਿਰ ਵੀ ਅਸੀਂ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਤੋਂ ਸਬਕ ਸਿੱਖ ਸਕਦੇ ਹਾਂ। ਮਿਸਾਲ ਲਈ, ਇਕ ਤਜਰਬੇਕਾਰ ਰਸੋਈਆ ਅਤੇ ਇਕ ਨਵਾਂ ਰਸੋਈਆ ਸ਼ਾਇਦ ਇੱਕੋ ਜਿਹੇ ਮਸਾਲੇ ਵਰਤ ਕੇ ਕੋਈ ਸਬਜ਼ੀ ਬਣਾਉਣ। ਪਰ ਸਮੇਂ ਦੇ ਬੀਤਣ ਨਾਲ ਤਜਰਬੇਕਾਰ ਰਸੋਈਏ ਨੇ ਅਲੱਗ-ਅਲੱਗ ਤਰੀਕੇ ਨਾਲ ਉਹੀ ਮਸਾਲੇ ਵਰਤ ਕੇ ਨਵੀਆਂ ਅਤੇ ਸੁਆਦਲੀਆਂ ਸਬਜ਼ੀਆਂ ਬਣਾਉਣੀਆਂ ਸਿੱਖ ਲਈਆਂ ਹੋਣ। ਇਸੇ ਤਰ੍ਹਾਂ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਮਸੀਹੀ ਅਤੇ ਨਵੇਂ ਬਾਈਬਲ ਵਿਦਿਆਰਥੀ ਸ਼ਾਇਦ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਤੋਂ ਅਲੱਗ-ਅਲੱਗ ਸਬਕ ਸਿੱਖਣ। ਜਦੋਂ ਤੋਂ ਅਸੀਂ ਬਪਤਿਸਮਾ ਲਿਆ ਹੈ, ਉਦੋਂ ਤੋਂ ਸਾਡੇ ਹਾਲਾਤ ਕਾਫ਼ੀ ਬਦਲ ਗਏ ਹੋਣੇ ਅਤੇ ਸ਼ਾਇਦ ਯਹੋਵਾਹ ਦੀ ਸੇਵਾ ਵਿਚ ਅਸੀਂ ਕਾਫ਼ੀ ਕੁਝ ਕੀਤਾ ਹੋਣਾ। ਜਦੋਂ ਅਸੀਂ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਨੂੰ ਆਪਣੇ ਅੱਜ ਦੇ ਹਾਲਾਤਾਂ ਵਿਚ ਲਾਗੂ ਕਰਦੇ ਹਾਂ, ਤਾਂ ਸ਼ਾਇਦ ਅਸੀਂ ਨਵੇਂ ਅਤੇ ਵਧੀਆ ਸਬਕ ਸਿੱਖੀਏ। ਆਓ ਆਪਾਂ ਦੇਖੀਏ ਕਿ ਲੰਬੇ ਸਮੇਂ ਤੋਂ ਯਹੋਵਾਹ ਦੀ ਸੇਵਾ ਕਰ ਰਹੇ ਮਸੀਹੀ ਬਾਈਬਲ ਦੀਆਂ ਤਿੰਨ ਬੁਨਿਆਦੀ ਸਿੱਖਿਆਵਾਂ ਤੋਂ ਕਿਹੜੇ ਨਵੇਂ ਸਬਕ ਸਿੱਖ ਸਕਦੇ ਹਨ।

ਯਹੋਵਾਹ ਸਿਰਜਣਹਾਰ ਹੈ

4. ਯਹੋਵਾਹ ਸਾਡਾ ਸਿਰਜਣਹਾਰ ਹੈ, ਇਹ ਗੱਲ ਜਾਣ ਕੇ ਸਾਡੇ ʼਤੇ ਕੀ ਅਸਰ ਪਿਆ ਹੈ?

4 “ਜਿਸ ਨੇ ਸਭ ਕੁਝ ਬਣਾਇਆ ਹੈ, ਉਹ ਪਰਮੇਸ਼ੁਰ ਹੈ।” (ਇਬ. 3:4) ਸਾਨੂੰ ਪਤਾ ਹੈ ਕਿ ਸਾਡੀ ਧਰਤੀ ਅਤੇ ਉਸ ਵਿਚਲੀਆਂ ਸਾਰੀਆਂ ਚੀਜ਼ਾਂ ਸਭ ਤੋਂ ਬੁੱਧੀਮਾਨ ਅਤੇ ਸਰਬਸ਼ਕਤੀਮਾਨ ਸਿਰਜਣਹਾਰ ਨੇ ਬਣਾਈਆਂ ਹਨ। ਉਸ ਨੇ ਸਾਨੂੰ ਬਣਾਇਆ ਹੈ। ਇਸ ਕਰਕੇ ਉਹ ਸਾਡੀ ਰਗ-ਰਗ ਤੋਂ ਵਾਕਫ਼ ਹੈ। ਇੰਨਾ ਹੀ ਨਹੀਂ, ਉਹ ਸਾਡੀ ਬਹੁਤ ਪਰਵਾਹ ਕਰਦਾ ਹੈ। ਯਹੋਵਾਹ ਸਾਡਾ ਸਿਰਜਣਹਾਰ ਹੈ, ਇਹ ਗੱਲ ਜਾਣ ਕੇ ਸਾਡੀ ਜ਼ਿੰਦਗੀ ʼਤੇ ਗਹਿਰਾ ਅਸਰ ਪਿਆ ਅਤੇ ਸਾਨੂੰ ਜ਼ਿੰਦਗੀ ਦਾ ਅਸਲੀ ਮਕਸਦ ਮਿਲਿਆ ਹੈ।

5. ਕਿਹੜੀ ਸੱਚਾਈ ਨਿਮਰ ਬਣਨ ਵਿਚ ਸਾਡੀ ਮਦਦ ਕਰ ਸਕਦੀ ਹੈ? (ਯਸਾਯਾਹ 45:9-12)

5 ਯਹੋਵਾਹ ਸਿਰਜਣਹਾਰ ਹੈ। ਇਹ ਸੱਚਾਈ ਜਾਣ ਕੇ ਅਸੀਂ ਨਿਮਰ ਬਣਨਾ ਵੀ ਸਿੱਖਦੇ ਹਾਂ। ਜਦੋਂ ਅੱਯੂਬ ਆਪਣੇ ਅਤੇ ਦੂਜੇ ਇਨਸਾਨਾਂ ʼਤੇ ਹੱਦੋਂ ਵੱਧ ਧਿਆਨ ਦੇਣ ਲੱਗ ਪਿਆ, ਤਾਂ ਯਹੋਵਾਹ ਨੇ ਉਸ ਨੂੰ ਯਾਦ ਕਰਾਇਆ ਕਿ ਉਹ ਸਿਰਜਣਹਾਰ ਅਤੇ ਸਰਬਸ਼ਕਤੀਮਾਨ ਪਰਮੇਸ਼ੁਰ ਹੈ। (ਅੱਯੂ. 38:1-4) ਇਸ ਕਰਕੇ ਅੱਯੂਬ ਦੇਖ ਸਕਿਆ ਕਿ ਪਰਮੇਸ਼ੁਰ ਦੇ ਵਿਚਾਰ ਇਨਸਾਨਾਂ ਦੇ ਵਿਚਾਰਾਂ ਨਾਲੋਂ ਕਿਤੇ ਉੱਚੇ ਹਨ। ਬਾਅਦ ਵਿਚ ਯਸਾਯਾਹ ਨਬੀ ਨੇ ਵੀ ਲਿਖਿਆ: “ਕੀ ਮਿੱਟੀ ਘੁਮਿਆਰ ਨੂੰ ਕਹਿ ਸਕਦੀ ਹੈ: ‘ਇਹ ਤੂੰ ਕੀ ਬਣਾ ਰਿਹਾ ਹੈਂ?’”​—ਯਸਾਯਾਹ 45:9-12 ਪੜ੍ਹੋ।

6. ਇਸ ਗੱਲ ʼਤੇ ਸੋਚ-ਵਿਚਾਰ ਕਰਨਾ ਕਦੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿ ਸਾਡਾ ਸਿਰਜਣਹਾਰ ਕਿੰਨਾ ਬੁੱਧੀਮਾਨ ਅਤੇ ਮਹਾਨ ਹੈ? (ਤਸਵੀਰਾਂ ਵੀ ਦੇਖੋ।)

6 ਜਦੋਂ ਇਕ ਮਸੀਹੀ ਨੂੰ ਯਹੋਵਾਹ ਦੀ ਸੇਵਾ ਕਰਦਿਆਂ ਬਹੁਤ ਸਾਲ ਹੋ ਜਾਂਦੇ ਹਨ, ਤਾਂ ਸ਼ਾਇਦ ਉਹ ਯਹੋਵਾਹ ਅਤੇ ਉਸ ਦੇ ਬਚਨ ਤੋਂ ਸੇਧ ਲੈਣ ਦੀ ਬਜਾਇ ਆਪਣੇ ਵਿਚਾਰਾਂ ʼਤੇ ਜ਼ਿਆਦਾ ਭਰੋਸਾ ਕਰਨ ਲੱਗ ਪਵੇ। (ਅੱਯੂ. 37:23, 24) ਪਰ ਜੇ ਉਹ ਇਸ ਗੱਲ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰੇ ਕਿ ਸਾਡਾ ਸਿਰਜਣਹਾਰ ਕਿੰਨਾ ਬੁੱਧੀਮਾਨ ਅਤੇ ਮਹਾਨ ਹੈ, ਤਾਂ ਉਸ ਨੂੰ ਕੀ ਫ਼ਾਇਦੇ ਹੋ ਸਕਦੇ ਹਨ? (ਯਸਾ. 40:22; 55:8, 9) ਇਸ ਅਹਿਮ ਸੱਚਾਈ ਕਰਕੇ ਉਹ ਨਿਮਰ ਬਣਿਆ ਰਹੇਗਾ ਅਤੇ ਆਪਣੇ ਵਿਚਾਰਾਂ ਪ੍ਰਤੀ ਸਹੀ ਨਜ਼ਰੀਆ ਰੱਖ ਸਕੇਗਾ।

ਤਸਵੀਰਾਂ: 1. ਬਜ਼ੁਰਗਾਂ ਦੀ ਸਭਾ ਵਿਚ ਇਕ ਬਜ਼ੁਰਗ ਕੋਈ ਸੁਝਾਅ ਦਿੰਦਾ ਹੈ, ਪਰ ਬਾਕੀ ਬਜ਼ੁਰਗ ਉਸ ਨਾਲ ਸਹਿਮਤ ਨਹੀਂ ਹੁੰਦੇ। 2. ਬਾਅਦ ਵਿਚ ਉਹੀ ਬਜ਼ੁਰਗ ਤਾਰਿਆਂ ਨਾਲ ਭਰਿਆ ਆਕਾਸ਼ ਦੇਖ ਰਿਹਾ ਹੈ ਅਤੇ ਸੋਚ-ਵਿਚਾਰ ਕਰ ਰਿਹਾ ਹੈ।

ਆਪਣੇ ਵਿਚਾਰਾਂ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ? (ਪੈਰਾ 6 ਦੇਖੋ)d


7. ਕਿਸੇ ਹਿਦਾਇਤ ਵਿਚ ਹੋਏ ਬਦਲਾਅ ਨੂੰ ਕਬੂਲ ਕਰਨ ਵਿਚ ਕਿਹੜੀ ਗੱਲ ਨੇ ਰਾਹੇਲਾ ਦੀ ਮਦਦ ਕੀਤੀ?

7 ਆਓ ਆਪਾਂ ਸਲੋਵੀਨੀਆ ਵਿਚ ਰਹਿਣ ਵਾਲੀ ਭੈਣ ਰਾਹੇਲਾ ਦੀ ਮਿਸਾਲ ʼਤੇ ਗੌਰ ਕਰੀਏ। ਭੈਣ ਨੂੰ ਸੰਗਠਨ ਵੱਲੋਂ ਮਿਲੀ ਕਿਸੇ ਹਿਦਾਇਤ ਵਿਚ ਹੋਏ ਫੇਰ-ਬਦਲ ਨੂੰ ਕਬੂਲ ਕਰਨਾ ਔਖਾ ਲੱਗ ਰਿਹਾ ਸੀ। ਕਿਹੜੀ ਗੱਲ ਨੇ ਭੈਣ ਦੀ ਮਦਦ ਕੀਤੀ? ਉਸ ਨੇ ਇਸ ਗੱਲ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕੀਤਾ ਕਿ ਯਹੋਵਾਹ ਸਾਡਾ ਸਿਰਜਣਹਾਰ ਹੈ। ਉਹ ਦੱਸਦੀ ਹੈ: “ਕਈ ਵਾਰ ਮੇਰੇ ਲਈ ਅਗਵਾਈ ਕਰਨ ਵਾਲੇ ਭਰਾਵਾਂ ਦੁਆਰਾ ਕੀਤੇ ਫ਼ੈਸਲਿਆਂ ਨੂੰ ਸਵੀਕਾਰ ਕਰਨਾ ਸੌਖਾ ਨਹੀਂ ਹੁੰਦਾ। ਮਿਸਾਲ ਲਈ, 2023 ਪ੍ਰਬੰਧਕ ਸਭਾ ਵੱਲੋਂ ਅਪਡੇਟ #8 ਦੇਖਣ ਤੋਂ ਬਾਅਦ ਵੀ ਜਦੋਂ ਮੈਂ ਪਹਿਲੀ ਵਾਰ ਦਾੜ੍ਹੀ ਵਾਲੇ ਭਰਾ ਨੂੰ ਭਾਸ਼ਣ ਦਿੰਦਿਆਂ ਦੇਖਿਆ, ਤਾਂ ਮੈਨੂੰ ਬਹੁਤ ਬੁਰਾ ਲੱਗਾ। ਇਸ ਲਈ ਮੈਂ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਕਿ ਉਹ ਇਸ ਬਦਲਾਅ ਨੂੰ ਕਬੂਲ ਕਰਨ ਵਿਚ ਮੇਰੀ ਮਦਦ ਕਰੇ।” ਰਾਹੇਲਾ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਪੂਰੇ ਬ੍ਰਹਿਮੰਡ ਅਤੇ ਧਰਤੀ ਦਾ ਸਿਰਜਣਹਾਰ ਹੈ। ਇਸ ਕਰਕੇ ਉਹ ਆਪਣੇ ਸੰਗਠਨ ਨੂੰ ਸਹੀ ਸੇਧ ਦੇਣ ਦੇ ਪੂਰੀ ਤਰ੍ਹਾਂ ਕਾਬਲ ਹੈ। ਜੇ ਤੁਹਾਨੂੰ ਕਿਸੇ ਨਵੀਂ ਸਮਝ ਮੁਤਾਬਕ ਢਲ਼ਣਾ ਜਾਂ ਕਿਸੇ ਨਵੀਂ ਹਿਦਾਇਤ ਨੂੰ ਮੰਨਣਾ ਔਖਾ ਲੱਗਦਾ ਹੈ, ਤਾਂ ਕਿਉਂ ਨਾ ਤੁਸੀਂ ਨਿਮਰਤਾ ਨਾਲ ਇਸ ਗੱਲ ʼਤੇ ਸੋਚ-ਵਿਚਾਰ ਕਰੋ ਕਿ ਸਾਡਾ ਸਿਰਜਣਹਾਰ ਕਿੰਨਾ ਬੁੱਧੀਮਾਨ ਅਤੇ ਸ਼ਕਤੀਸ਼ਾਲੀ ਹੈ।​—ਰੋਮੀ. 11:33-36.

ਪਰਮੇਸ਼ੁਰ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ?

8. ਪਰਮੇਸ਼ੁਰ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ, ਇਸ ਬਾਰੇ ਸਿੱਖ ਕੇ ਤੁਹਾਨੂੰ ਕੀ ਫ਼ਾਇਦੇ ਹੋਏ ਹਨ?

8 ਪਰਮੇਸ਼ੁਰ ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ? ਜਿਨ੍ਹਾਂ ਲੋਕਾਂ ਨੂੰ ਇਸ ਸਵਾਲ ਦਾ ਜਵਾਬ ਨਹੀਂ ਪਤਾ, ਉਹ ਰੱਬ ʼਤੇ ਗੁੱਸੇ ਹੁੰਦੇ ਹਨ ਜਾਂ ਇਹ ਮੰਨ ਲੈਂਦੇ ਹਨ ਕਿ ਰੱਬ ਹੈ ਹੀ ਨਹੀਂ। (ਕਹਾ. 19:3) ਪਰ ਉਨ੍ਹਾਂ ਤੋਂ ਉਲਟ ਤੁਸੀਂ ਸਿੱਖਿਆ ਹੈ ਕਿ ਸਾਡੇ ʼਤੇ ਦੁੱਖ-ਤਕਲੀਫ਼ਾਂ ਯਹੋਵਾਹ ਕਰਕੇ ਨਹੀਂ, ਸਗੋਂ ਆਦਮ ਤੋਂ ਵਿਰਾਸਤ ਵਿਚ ਮਿਲੇ ਪਾਪ ਅਤੇ ਨਾਮੁਕੰਮਲਤਾ ਕਰਕੇ ਆਉਂਦੀਆਂ ਹਨ। ਨਾਲੇ ਤੁਸੀਂ ਇਹ ਵੀ ਸਿੱਖਿਆ ਹੈ ਕਿ ਯਹੋਵਾਹ ਦੇ ਧੀਰਜ ਰੱਖਣ ਕਰਕੇ ਕਿੰਨਾ ਫ਼ਾਇਦਾ ਹੋਇਆ ਹੈ। ਲੱਖਾਂ ਹੀ ਲੋਕ ਉਸ ਨੂੰ ਜਾਣ ਸਕੇ ਹਨ ਅਤੇ ਇਹ ਸਿੱਖ ਸਕੇ ਹਨ ਕਿ ਯਹੋਵਾਹ ਦੁੱਖਾਂ-ਤਕਲੀਫ਼ਾਂ ਨੂੰ ਹਮੇਸ਼ਾ ਲਈ ਕਿਵੇਂ ਖ਼ਤਮ ਕਰੇਗਾ। (2 ਪਤ. 3:9, 15) ਇਨ੍ਹਾਂ ਸੱਚਾਈਆਂ ਕਰਕੇ ਤੁਹਾਨੂੰ ਕਾਫ਼ੀ ਦਿਲਾਸਾ ਮਿਲਿਆ ਹੈ ਅਤੇ ਤੁਸੀਂ ਯਹੋਵਾਹ ਦੇ ਹੋਰ ਵੀ ਨੇੜੇ ਆਏ ਹੋ।

9. ਅਸੀਂ ਕਿਹੜੇ ਹਾਲਾਤਾਂ ਵਿਚ ਇਸ ਗੱਲ ʼਤੇ ਸੋਚ-ਵਿਚਾਰ ਕਰ ਸਕਦੇ ਹਾਂ ਕਿ ਯਹੋਵਾਹ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ?

9 ਅਸੀਂ ਇਹ ਸਮਝਦੇ ਹਾਂ ਕਿ ਜਦੋਂ ਤਕ ਯਹੋਵਾਹ ਦੁੱਖ-ਤਕਲੀਫ਼ਾਂ ਖ਼ਤਮ ਨਹੀਂ ਕਰ ਦਿੰਦਾ, ਉਦੋਂ ਤਕ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਪਰ ਜਦੋਂ ਸਾਡੇ ʼਤੇ ਜਾਂ ਸਾਡੇ ਕਿਸੇ ਆਪਣੇ ʼਤੇ ਕੋਈ ਮੁਸ਼ਕਲ ਆਉਂਦੀ ਹੈ, ਅਨਿਆਂ ਹੁੰਦਾ ਹੈ ਜਾਂ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ, ਤਾਂ ਸ਼ਾਇਦ ਅਸੀਂ ਸੋਚੀਏ ਕਿ ਯਹੋਵਾਹ ਛੇਤੀ ਕਦਮ ਕਿਉਂ ਨਹੀਂ ਚੁੱਕਦਾ। (ਹੱਬ. 1:2, 3) ਇੱਦਾਂ ਦੇ ਹਾਲਾਤਾਂ ਵਿਚ ਚੰਗਾ ਹੋਵੇਗਾ ਕਿ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰੀਏ ਕਿ ਯਹੋਵਾਹ ਧਰਮੀ ਲੋਕਾਂ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ।a (ਜ਼ਬੂ. 34:19) ਅਸੀਂ ਯਹੋਵਾਹ ਦੇ ਇਸ ਵਾਅਦੇ ʼਤੇ ਵੀ ਸੋਚ-ਵਿਚਾਰ ਕਰ ਸਕਦੇ ਹਾਂ ਕਿ ਉਹ ਦੁੱਖਾਂ-ਤਕਲੀਫ਼ਾਂ ਨੂੰ ਜੜ੍ਹੋਂ ਖ਼ਤਮ ਕਰ ਦੇਵੇਗਾ।

10. ਐਨ ਆਪਣੀ ਮੰਮੀ ਦੀ ਮੌਤ ਦਾ ਗਮ ਕਿਵੇਂ ਸਹਿ ਸਕੀ?

10 ਸਾਡੇ ʼਤੇ ਦੁੱਖ-ਤਕਲੀਫ਼ਾਂ ਕਿਉਂ ਆਉਂਦੀਆਂ ਹਨ, ਇਹ ਗੱਲ ਜਾਣ ਕੇ ਅਸੀਂ ਅਜ਼ਮਾਇਸ਼ਾਂ ਦੌਰਾਨ ਧੀਰਜ ਰੱਖ ਸਕਦੇ ਹਾਂ। ਹਿੰਦ ਮਹਾਂਸਾਗਰ ਦੇ ਮਾਯੌਟ ਟਾਪੂ ʼਤੇ ਰਹਿਣ ਵਾਲੀ ਭੈਣ ਐਨ ਦੱਸਦੀ ਹੈ: “ਕੁਝ ਸਾਲਾਂ ਪਹਿਲਾਂ ਮੇਰੀ ਮੰਮੀ ਦੀ ਮੌਤ ਹੋਣ ਕਰਕੇ ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ। ਪਰ ਮੈਂ ਖ਼ੁਦ ਨੂੰ ਵਾਰ-ਵਾਰ ਯਾਦ ਕਰਾਉਂਦੀ ਰਹੀ ਕਿ ਦੁੱਖਾਂ-ਤਕਲੀਫ਼ਾਂ ਪਿੱਛੇ ਯਹੋਵਾਹ ਦਾ ਹੱਥ ਨਹੀਂ ਹੈ। ਉਹ ਤਾਂ ਹਰ ਤਰ੍ਹਾਂ ਦੀਆਂ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰਨ ਅਤੇ ਸਾਡੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਜੀਉਂਦਾ ਕਰਨ ਲਈ ਬੇਤਾਬ ਹੈ। ਇਨ੍ਹਾਂ ਸੱਚਾਈਆਂ ʼਤੇ ਸੋਚ-ਵਿਚਾਰ ਕਰ ਕੇ ਮੈਨੂੰ ਇੰਨਾ ਸਕੂਨ ਮਿਲਿਆ ਕਿ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ।”

11. ਯਹੋਵਾਹ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ ਅਤੇ ਇਹ ਗੱਲ ਜਾਣ ਕੇ ਸਾਨੂੰ ਪ੍ਰਚਾਰ ਕਰਦੇ ਰਹਿਣ ਦੀ ਹੱਲਾਸ਼ੇਰੀ ਕਿਵੇਂ ਮਿਲ ਸਕਦੀ ਹੈ?

11 ਪਰਮੇਸ਼ੁਰ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ, ਇਹ ਗੱਲ ਜਾਣ ਕੇ ਸਾਨੂੰ ਪ੍ਰਚਾਰ ਕਰਦੇ ਰਹਿਣ ਦੀ ਹੱਲਾਸ਼ੇਰੀ ਮਿਲ ਸਕਦੀ ਹੈ। ਪਤਰਸ ਨੇ ਸਮਝਾਇਆ ਕਿ ਯਹੋਵਾਹ ਦੇ ਧੀਰਜ ਰੱਖਣ ਕਰਕੇ ਲੋਕਾਂ ਨੂੰ ਤੋਬਾ ਕਰਨ ਅਤੇ ਬਚਣ ਦਾ ਮੌਕਾ ਮਿਲਦਾ ਹੈ। ਇਸ ਤੋਂ ਬਾਅਦ ਪਤਰਸ ਨੇ ਲਿਖਿਆ: “ਸੋਚੋ ਕਿ ਤੁਹਾਨੂੰ ਕਿਹੋ ਜਿਹੇ ਇਨਸਾਨ ਬਣਨਾ ਚਾਹੀਦਾ ਹੈ। ਤੁਹਾਨੂੰ ਆਪਣਾ ਚਾਲ-ਚਲਣ ਸ਼ੁੱਧ ਰੱਖਣਾ ਚਾਹੀਦਾ ਹੈ ਅਤੇ ਭਗਤੀ ਦੇ ਕੰਮ ਕਰਨੇ ਚਾਹੀਦੇ ਹਨ।” (2 ਪਤ. 3:11) ‘ਭਗਤੀ ਦੇ ਕੰਮਾਂ’ ਵਿਚ ਸਾਡਾ ਪ੍ਰਚਾਰ ਦਾ ਕੰਮ ਵੀ ਸ਼ਾਮਲ ਹੈ। ਆਪਣੇ ਪਿਤਾ ਵਾਂਗ ਅਸੀਂ ਵੀ ਲੋਕਾਂ ਨੂੰ ਪਿਆਰ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜ਼ਿੰਦਗੀ ਮਿਲੇ। ਯਹੋਵਾਹ ਧੀਰਜ ਨਾਲ ਤੁਹਾਡੇ ਇਲਾਕੇ ਦੇ ਲੋਕਾਂ ਨੂੰ ਉਸ ਦੀ ਭਗਤੀ ਕਰਨ ਦਾ ਮੌਕਾ ਦੇ ਰਿਹਾ ਹੈ। ਤੁਹਾਡੇ ਲਈ ਇਹ ਕਿੰਨਾ ਵੱਡਾ ਸਨਮਾਨ ਹੈ ਕਿ ਤੁਸੀਂ ਪਰਮੇਸ਼ੁਰ ਨਾਲ ਮਿਲ ਕੇ ਕੰਮ ਕਰਦੇ ਹੋ ਅਤੇ ਅੰਤ ਆਉਣ ਤੋਂ ਪਹਿਲਾਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉਸ ਬਾਰੇ ਸਿਖਾਉਂਦੇ ਹੋ!​—1 ਕੁਰਿੰ. 3:9.

ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ

12. ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ, ਇਹ ਗੱਲ ਜਾਣ ਕੇ ਸਾਨੂੰ ਕੀ ਫ਼ਾਇਦੇ ਹੁੰਦੇ ਹਨ?

12 ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ‘ਆਖ਼ਰੀ ਦਿਨਾਂ’ ਵਿਚ ਲੋਕਾਂ ਦੇ ਸੁਭਾਅ ਕਿੱਦਾਂ ਦੇ ਹੋਣਗੇ। (2 ਤਿਮੋ. 3:1-5) ਜਦੋਂ ਅਸੀਂ ਦੇਖਦੇ ਹਾਂ ਕਿ ਸਾਡੇ ਆਲੇ-ਦੁਆਲੇ ਦੇ ਲੋਕਾਂ ਦਾ ਸੁਭਾਅ ਕਿੱਦਾਂ ਦਾ ਹੈ, ਤਾਂ ਅਸੀਂ ਸਾਫ਼ ਦੇਖ ਸਕਦੇ ਹਾਂ ਕਿ ਬਾਈਬਲ ਵਿਚ ਕਹੀ ਇਹ ਗੱਲ ਪੂਰੀ ਹੋ ਰਹੀ ਹੈ। ਜਿੱਦਾਂ-ਜਿੱਦਾਂ ਲੋਕਾਂ ਦੇ ਸੁਭਾਅ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ਪਰਮੇਸ਼ੁਰ ਦੇ ਬਚਨ ʼਤੇ ਸਾਡਾ ਭਰੋਸਾ ਹੋਰ ਵੀ ਪੱਕਾ ਹੁੰਦਾ ਜਾ ਰਿਹਾ ਹੈ।​—2 ਤਿਮੋ. 3:13-15.

13. ਲੂਕਾ 12:15-21 ਵਿਚ ਦਰਜ ਯਿਸੂ ਦੀ ਮਿਸਾਲ ਮੁਤਾਬਕ ਸਾਨੂੰ ਖ਼ੁਦ ਤੋਂ ਕਿਹੜੇ ਸਵਾਲ ਪੁੱਛਣੇ ਚਾਹੀਦੇ ਹਨ?

13 ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ, ਇਹ ਸੱਚਾਈ ਜਾਣ ਕੇ ਅਸੀਂ ਜ਼ਿਆਦਾ ਜ਼ਰੂਰੀ ਚੀਜ਼ਾਂ ʼਤੇ ਧਿਆਨ ਲਾ ਪਾਉਂਦੇ ਹਾਂ। ਗੌਰ ਕਰੋ ਕਿ ਇਹ ਗੱਲ ਸਮਝਾਉਣ ਲਈ ਯਿਸੂ ਨੇ ਇਕ ਮਿਸਾਲ ਦਿੱਤੀ ਸੀ ਜੋ ਲੂਕਾ 12:15-21 (ਪੜ੍ਹੋ।) ਵਿਚ ਦਰਜ ਹੈ। ਮਿਸਾਲ ਵਿਚ ਦੱਸੇ ਅਮੀਰ ਆਦਮੀ ਨੂੰ ‘ਅਕਲ ਦਾ ਅੰਨ੍ਹਾ’ ਕਿਉਂ ਕਿਹਾ ਗਿਆ? ਇਸ ਲਈ ਨਹੀਂ ਕਿ ਉਹ ਆਦਮੀ ਅਮੀਰ ਸੀ, ਸਗੋਂ ਇਸ ਲਈ ਕਿ ਉਸ ਨੇ ਗ਼ਲਤ ਚੀਜ਼ਾਂ ʼਤੇ ਧਿਆਨ ਲਾਇਆ ਸੀ। ਉਸ ਨੇ ‘ਆਪਣੇ ਲਈ ਧਨ-ਦੌਲਤ ਇਕੱਠੀ ਕੀਤੀ, ਪਰ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਮੀਰ ਨਹੀਂ ਸੀ।’ ਉਸ ਨੇ ਆਪਣੇ ਸਮੇਂ ਨੂੰ ਨਾਸਮਝੀ ਨਾਲ ਵਰਤ ਕੇ ਵੱਡੀ ਗ਼ਲਤੀ ਕੀਤੀ। ਕਿਉਂ? ਕਿਉਂਕਿ ਪਰਮੇਸ਼ੁਰ ਨੇ ਉਸ ਆਦਮੀ ਨੂੰ ਕਿਹਾ: “ਅੱਜ ਰਾਤ ਨੂੰ ਹੀ ਉਹ ਤੇਰੀ ਜਾਨ ਲੈ ਲੈਣਗੇ।” ਇਸ ਮਿਸਾਲ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਦੁਨੀਆਂ ਦਾ ਅੰਤ ਬਹੁਤ ਨੇੜੇ ਹੈ, ਇਸ ਲਈ ਖ਼ੁਦ ਤੋਂ ਪੁੱਛੋ: ‘ਕੀ ਮੇਰੇ ਟੀਚਿਆਂ ਤੋਂ ਪਤਾ ਲੱਗਦਾ ਹੈ ਕਿ ਮੈਂ ਜ਼ਿਆਦਾ ਜ਼ਰੂਰੀ ਚੀਜ਼ਾਂ ʼਤੇ ਧਿਆਨ ਲਾ ਰਿਹਾ ਹਾਂ? ਮੈਂ ਆਪਣੇ ਬੱਚਿਆਂ ਨੂੰ ਕਿੱਦਾਂ ਦੇ ਟੀਚੇ ਰੱਖਣ ਦੀ ਹੱਲਾਸ਼ੇਰੀ ਦੇ ਰਿਹਾ ਹਾਂ? ਕੀ ਮੈਂ ਆਪਣੀ ਤਾਕਤ, ਆਪਣਾ ਸਮਾਂ ਅਤੇ ਆਪਣੀਆਂ ਚੀਜ਼ਾਂ ਧਨ-ਦੌਲਤ ਇਕੱਠੀ ਕਰਨ ਵਿਚ ਲਾ ਰਿਹਾ ਹਾਂ ਜਾਂ ਸਵਰਗ ਵਿਚ ਧਨ ਜੋੜ ਰਿਹਾ ਹਾਂ?’

14. ਮਿੱਕੀ ਦੇ ਤਜਰਬੇ ਤੋਂ ਸਾਡੀ ਇਹ ਦੇਖਣ ਵਿਚ ਕਿੱਦਾਂ ਮਦਦ ਹੁੰਦੀ ਹੈ ਕਿ ਸਾਡੇ ਲਈ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ?

14 ਜਦੋਂ ਅਸੀਂ ਇਸ ਗੱਲ ʼਤੇ ਸੋਚ-ਵਿਚਾਰ ਕਰਦੇ ਹਾਂ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ, ਤਾਂ ਜ਼ਿੰਦਗੀ ਬਾਰੇ ਸਾਡਾ ਪੂਰਾ ਨਜ਼ਰੀਆ ਹੀ ਬਦਲ ਸਕਦਾ ਹੈ। ਜ਼ਰਾ ਭੈਣ ਮਿੱਕੀ ਦੇ ਤਜਰਬੇ ʼਤੇ ਗੌਰ ਕਰੋ। ਉਹ ਦੱਸਦੀ ਹੈ: “ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਮੈਂ ਇਕ ਅਜਿਹਾ ਕੋਰਸ ਕਰਨਾ ਚਾਹੁੰਦੀ ਸੀ ਜਿਸ ਵਿਚ ਮੈਂ ਜਾਨਵਰਾਂ ਬਾਰੇ ਸਟੱਡੀ ਕਰ ਸਕਾਂ। ਨਾਲੇ ਮੈਂ ਰੈਗੂਲਰ ਪਾਇਨੀਅਰਿੰਗ ਕਰਨ ਅਤੇ ਉੱਥੇ ਜਾ ਕੇ ਸੇਵਾ ਕਰਨ ਦਾ ਟੀਚਾ ਵੀ ਰੱਖਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਮੰਡਲੀ ਦੇ ਕੁਝ ਸਮਝਦਾਰ ਮਸੀਹੀਆਂ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਇਸ ਬਾਰੇ ਧਿਆਨ ਨਾਲ ਸੋਚਾਂ ਕਿ ਇਸ ਕੈਰੀਅਰ ਦੇ ਨਾਲ-ਨਾਲ ਮੈਂ ਯਹੋਵਾਹ ਦੀ ਸੇਵਾ ਵਿਚ ਰੱਖੇ ਆਪਣੇ ਟੀਚੇ ਹਾਸਲ ਕਰ ਸਕਾਂਗੀ ਜਾਂ ਨਹੀਂ। ਉਨ੍ਹਾਂ ਨੇ ਮੈਨੂੰ ਯਾਦ ਕਰਾਇਆ ਕਿ ਇਸ ਦੁਨੀਆਂ ਦਾ ਅੰਤ ਬਹੁਤ ਨੇੜੇ ਹੈ। ਦੂਜੇ ਪਾਸੇ, ਉਨ੍ਹਾਂ ਨੇ ਮੈਨੂੰ ਇਹ ਵੀ ਯਾਦ ਕਰਾਇਆ ਕਿ ਨਵੀਂ ਦੁਨੀਆਂ ਵਿਚ ਮੇਰੇ ਕੋਲ ਜਾਨਵਰਾਂ ਬਾਰੇ ਸਟੱਡੀ ਕਰਨ ਦਾ ਹਮੇਸ਼ਾ ਮੌਕਾ ਹੋਵੇਗਾ। ਇਸ ਕਰਕੇ ਮੈਂ ਇਕ ਛੋਟਾ ਜਿਹਾ ਕੋਰਸ ਕਰਨ ਬਾਰੇ ਸੋਚਿਆ ਤਾਂਕਿ ਮੈਂ ਕੁਝ ਹੁਨਰ ਸਿੱਖ ਸਕਾਂ। ਫਿਰ ਮੈਨੂੰ ਇਕ ਅਜਿਹਾ ਕੰਮ ਮਿਲ ਗਿਆ ਜਿਸ ਕਰਕੇ ਮੈਂ ਪਾਇਨੀਅਰਿੰਗ ਕਰ ਸਕੀ। ਬਾਅਦ ਵਿਚ ਮੈਂ ਇਕਵੇਡਾਰ ਚਲੀ ਗਈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ।” ਮਿੱਕੀ ਹੁਣ ਉਸੇ ਦੇਸ਼ ਵਿਚ ਆਪਣੇ ਪਤੀ ਨਾਲ ਸੇਵਾ ਕਰ ਰਹੀ ਹੈ ਜੋ ਸਰਕਟ ਓਵਰਸੀਅਰ ਹੈ।

15. ਲੋਕ ਹਾਲੇ ਵੀ ਖ਼ੁਸ਼ੀ ਖ਼ਬਰੀ ਪ੍ਰਤੀ ਕਿਹੋ ਜਿਹਾ ਹੁੰਗਾਰਾ ਭਰ ਸਕਦੇ ਹਨ? ਇਕ ਮਿਸਾਲ ਦਿਓ। (ਤਸਵੀਰਾਂ ਵੀ ਦੇਖੋ।)

15 ਜਦੋਂ ਲੋਕ ਪਹਿਲਾਂ-ਪਹਿਲ ਖ਼ੁਸ਼ ਖ਼ਬਰੀ ਨਹੀਂ ਸੁਣਦੇ, ਤਾਂ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਕਿਉਂ? ਕਿਉਂਕਿ ਲੋਕ ਬਦਲ ਸਕਦੇ ਹਨ। ਜ਼ਰਾ ਯਿਸੂ ਦੇ ਭਰਾ ਯਾਕੂਬ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ ਯਿਸੂ ਨੂੰ ਵੱਡੇ ਹੁੰਦਿਆਂ, ਮਸੀਹ ਬਣਦਿਆਂ ਅਤੇ ਸਿੱਖਿਆ ਦਿੰਦਿਆਂ ਦੇਖਿਆ ਜਿੱਦਾਂ ਕਿਸੇ ਨੇ ਵੀ ਨਹੀਂ ਦਿੱਤੀ ਸੀ। ਫਿਰ ਵੀ ਸਾਲਾਂ ਤਕ ਯਾਕੂਬ ਯਿਸੂ ਦਾ ਚੇਲਾ ਨਹੀਂ ਸੀ ਬਣਿਆ। ਯਿਸੂ ਦੇ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਹੀ ਉਹ ਯਿਸੂ ਦਾ ਚੇਲਾ ਬਣਿਆ, ਉਹ ਵੀ ਇਕ ਜੋਸ਼ੀਲਾ ਚੇਲਾ।b (ਯੂਹੰ. 7:5; ਗਲਾ. 2:9) ਇਸ ਲਈ ਉਨ੍ਹਾਂ ਰਿਸ਼ਤੇਦਾਰਾਂ ਨੂੰ ਖ਼ੁਸ਼ ਖ਼ਬਰੀ ਸੁਣਾਉਂਦੇ ਰਹੋ ਜਿਨ੍ਹਾਂ ਨੇ ਪਹਿਲਾਂ ਦਿਲਚਸਪੀ ਨਹੀਂ ਦਿਖਾਈ ਸੀ ਅਤੇ ਉਨ੍ਹਾਂ ਨੂੰ ਪ੍ਰਚਾਰ ਕਰਦੇ ਰਹੋ ਜਿਨ੍ਹਾਂ ਨੇ ਪਹਿਲਾਂ ਤੁਹਾਡੀ ਗੱਲ ਨਹੀਂ ਸੁਣੀ ਸੀ। ਯਾਦ ਰੱਖੋ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ, ਇਸ ਲਈ ਸਾਡਾ ਪ੍ਰਚਾਰ ਦਾ ਕੰਮ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਲੋਕਾਂ ਨੂੰ ਅੱਜ ਜੋ ਕਹਿੰਦੇ ਹੋ, ਉਹ ਸ਼ਾਇਦ ਉਸ ਬਾਰੇ ਬਾਅਦ ਵਿਚ ਸੋਚਣ ਅਤੇ ਕਦਮ ਚੁੱਕਣ। ਹੋ ਸਕਦਾ ਹੈ ਕਿ ਮਹਾਂਕਸ਼ਟ ਸ਼ੁਰੂ ਹੋਣ ਤੋਂ ਬਾਅਦ ਵੀ।c

ਇਕ ਭੈਣ ਨਿੱਜੀ ਅਧਿਐਨ ਦੌਰਾਨ ਆਪਣੀ ਸਕੀ ਭੈਣ ਨਾਲ ਫ਼ੋਨ ʼਤੇ ਗੱਲ ਕਰ ਰਹੀ ਹੈ ਜੋ ਗਵਾਹ ਨਹੀਂ ਹੈ। ਉਸ ਦੀ ਭੈਣ ਆਪਣੀ ਛੋਟੀ ਕੁੜੀ ਨਾਲ ਸਾਮਾਨ ਖ਼ਰੀਦ ਰਹੀ ਹੈ।

ਕਿਹੜੀ ਗੱਲ ਯਾਦ ਰੱਖ ਕੇ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਗਵਾਹੀ ਦੇਣੀ ਨਹੀਂ ਛੱਡਾਂਗੇ? (ਪੈਰਾ 15 ਦੇਖੋ)e


ਬੁਨਿਆਦੀ ਸਿੱਖਿਆਵਾਂ ਲਈ ਸ਼ੁਕਰਗੁਜ਼ਾਰ ਰਹੋ

16. ਬੁਨਿਆਦੀ ਸਿੱਖਿਆਵਾਂ ਤੋਂ ਤੁਹਾਨੂੰ ਕੀ ਫ਼ਾਇਦੇ ਹੋਏ ਹਨ? (“ਬਾਈਬਲ ਦੀਆਂ ਸੱਚਾਈਆਂ ਰਾਹੀਂ ਦੂਜਿਆਂ ਦੀ ਮਦਦ ਕਰੋ” ਨਾਂ ਦੀ ਡੱਬੀ ਵੀ ਦੇਖੋ।)

16 ਸਾਡਾ ਸੰਗਠਨ ਜੋ ਬਾਈਬਲ-ਆਧਾਰਿਤ ਜਾਣਕਾਰੀ ਦਿੰਦਾ ਹੈ, ਉਸ ਵਿੱਚੋਂ ਕੁਝ ਜਾਣਕਾਰੀ ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਤਿਆਰ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ। ਮਿਸਾਲ ਲਈ, ਪਬਲਿਕ ਭਾਸ਼ਣ, jw.org ʼਤੇ ਕੁਝ ਲੇਖ ਤੇ ਵੀਡੀਓ ਅਤੇ ਸਾਡੇ ਉਹ ਪ੍ਰਕਾਸ਼ਨ ਜੋ ਖ਼ਾਸ ਕਰਕੇ ਉਨ੍ਹਾਂ ਲਈ ਤਿਆਰ ਕੀਤੇ ਜਾਂਦੇ ਹਨ ਜੋ ਗਵਾਹ ਨਹੀਂ ਹਨ। ਪਰ ਉਨ੍ਹਾਂ ਤੋਂ ਸਾਨੂੰ ਵੀ ਫ਼ਾਇਦਾ ਹੁੰਦਾ ਹੈ। ਉਸ ਜਾਣਕਾਰੀ ਕਰਕੇ ਯਹੋਵਾਹ ਲਈ ਸਾਡਾ ਪਿਆਰ ਹੋਰ ਗੂੜ੍ਹਾ ਹੁੰਦਾ ਹੈ, ਉਸ ਦੇ ਬਚਨ ʼਤੇ ਸਾਡੀ ਨਿਹਚਾ ਹੋਰ ਮਜ਼ਬੂਤ ਹੁੰਦੀ ਹੈ ਅਤੇ ਅਸੀਂ ਦੂਜਿਆਂ ਨੂੰ ਬੁਨਿਆਦੀ ਸਿੱਖਿਆਵਾਂ ਹੋਰ ਵਧੀਆ ਤਰੀਕੇ ਨਾਲ ਸਿਖਾ ਪਾਉਂਦੇ ਹਾਂ।​—ਜ਼ਬੂ. 19:7.

ਬਾਈਬਲ ਦੀਆਂ ਸੱਚਾਈਆਂ ਰਾਹੀਂ ਦੂਜਿਆਂ ਦੀ ਮਦਦ ਕਰੋ

ਜਦੋਂ ਤੁਸੀਂ ਕੋਈ ਅਜਿਹਾ ਲੇਖ ਪੜ੍ਹਦੇ ਹੋ, ਵੀਡੀਓ ਦੇਖਦੇ ਹੋ ਜਾਂ ਕੋਈ ਭਾਸ਼ਣ ਸੁਣਦੇ ਹੋ ਜੋ ਨਵੇਂ ਲੋਕਾਂ ਲਈ ਤਿਆਰ ਕੀਤਾ ਗਿਆ ਹੁੰਦਾ ਹੈ, ਤਾਂ ਸੋਚੋ ਕਿ ਉਸ ਜਾਣਕਾਰੀ ਰਾਹੀਂ ਤੁਸੀਂ ਦੂਜਿਆਂ ਦੀ ਮਦਦ ਕਿਵੇਂ ਕਰ ਸਕਦੇ ਹੋ। ਤੁਸੀਂ ਖ਼ੁਦ ਨੂੰ ਪੁੱਛ ਸਕਦੇ ਹੋ:

  • ‘ਲੋਕਾਂ ਨੂੰ ਬਾਈਬਲ ਦੀਆਂ ਸੱਚਾਈਆਂ ʼਤੇ ਯਕੀਨ ਦਿਵਾਉਣ ਲਈ ਇਸ ਵਿਚ ਕਿਹੜੇ ਸਬੂਤ ਦਿੱਤੇ ਜਾ ਰਹੇ ਹਨ?’

  • ‘ਕੀ ਇਸ ਵਿਚ ਕੋਈ ਵਧੀਆ ਮਿਸਾਲ ਦੱਸੀ ਗਈ ਹੈ ਜੋ ਮੈਂ ਇਸ ਸੱਚਾਈ ਨੂੰ ਸਿਖਾਉਂਦਿਆਂ ਵਰਤ ਸਕਦਾ ਹਾਂ?’

  • ‘ਕਿਨ੍ਹਾਂ ਲੋਕਾਂ ਨੂੰ ਇਸ ਵਿਸ਼ੇ ਵਿਚ ਦਿਲਚਸਪੀ ਹੋ ਸਕਦੀ ਹੈ ਅਤੇ ਮੈਂ ਕਦੋਂ ਉਨ੍ਹਾਂ ਨੂੰ ਇਹ ਸੱਚਾਈ ਸਿਖਾ ਸਕਦਾ ਹਾਂ?’

17. ਅਸੀਂ ਕਿਨ੍ਹਾਂ ਹਾਲਾਤਾਂ ਵਿਚ ਬੁਨਿਆਦੀ ਸਿੱਖਿਆਵਾਂ ʼਤੇ ਸੋਚ-ਵਿਚਾਰ ਕਰ ਸਕਦੇ ਹਾਂ?

17 ਯਹੋਵਾਹ ਦੇ ਗਵਾਹਾਂ ਵਜੋਂ ਸਾਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਬਾਈਬਲ ਦੀ ਕਿਸੇ ਸੱਚਾਈ ਬਾਰੇ ਸਾਡੀ ਸਮਝ ਵਿਚ ਸੁਧਾਰ ਕੀਤਾ ਜਾਂਦਾ ਹੈ। ਪਰ ਅਸੀਂ ਉਨ੍ਹਾਂ ਬੁਨਿਆਦੀ ਸਿੱਖਿਆਵਾਂ ਲਈ ਦਿਲੋਂ ਸ਼ੁਕਰਗੁਜ਼ਾਰ ਹਾਂ ਜੋ ਅਸੀਂ ਪਹਿਲਾਂ-ਪਹਿਲ ਸਿੱਖੀਆਂ ਸਨ ਅਤੇ ਜਿਨ੍ਹਾਂ ਦੀ ਮਦਦ ਨਾਲ ਅਸੀਂ ਯਹੋਵਾਹ ਦੇ ਹੋਰ ਨੇੜੇ ਆਏ ਸੀ। ਅਸੀਂ ਸਿੱਖਿਆ ਹੈ ਕਿ ਇਹ ਸੱਚਾਈਆਂ ਅਜੇ ਵੀ ਸਾਡੀ ਮਦਦ ਕਰਦੀਆਂ ਹਨ। ਸੰਗਠਨ ਵੱਲੋਂ ਕੋਈ ਹਿਦਾਇਤ ਮਿਲਣ ਤੇ ਜੇ ਅਸੀਂ ਸੋਚਦੇ ਹਾਂ ਕਿ ਸਾਡੇ ਵਿਚਾਰ ਸੰਗਠਨ ਨਾਲੋਂ ਵਧੀਆ ਹਨ, ਤਾਂ ਸਾਨੂੰ ਨਿਮਰਤਾ ਨਾਲ ਯਾਦ ਰੱਖਣਾ ਚਾਹੀਦਾ ਹੈ ਕਿ ਸੰਗਠਨ ਦੀ ਅਗਵਾਈ ਸਾਡਾ ਸਿਰਜਣਹਾਰ ਕਰ ਰਿਹਾ ਹੈ ਜੋ ਸਭ ਤੋਂ ਬੁੱਧੀਮਾਨ ਅਤੇ ਸਰਬਸ਼ਕਤੀਮਾਨ ਹੈ। ਜਦੋਂ ਸਾਡੇ ʼਤੇ ਜਾਂ ਸਾਡੇ ਕਿਸੇ ਆਪਣੇ ʼਤੇ ਕੋਈ ਮੁਸ਼ਕਲ ਆਉਂਦੀ ਹੈ, ਤਾਂ ਅਸੀਂ ਧੀਰਜ ਰੱਖ ਸਕਦੇ ਹਾਂ ਅਤੇ ਸੋਚ-ਵਿਚਾਰ ਕਰ ਸਕਦੇ ਹਾਂ ਕਿ ਯਹੋਵਾਹ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ। ਇਸ ਤੋਂ ਇਲਾਵਾ, ਜਦੋਂ ਅਸੀਂ ਫ਼ੈਸਲਾ ਕਰਦੇ ਹਾਂ ਕਿ ਅਸੀਂ ਆਪਣਾ ਸਮਾਂ ਅਤੇ ਚੀਜ਼ਾਂ ਕਿੱਦਾਂ ਵਰਤਣੀਆਂ ਹਨ, ਤਾਂ ਅਸੀਂ ਯਾਦ ਰੱਖ ਸਕਦੇ ਹਾਂ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ ਅਤੇ ਸਮਾਂ ਬਹੁਤ ਘੱਟ ਰਹਿ ਗਿਆ ਹੈ। ਸਾਡੀ ਦੁਆ ਹੈ ਕਿ ਅਸੀਂ ਬੁਨਿਆਦੀ ਸਿੱਖਿਆਵਾਂ ਕਰਕੇ ਬੁੱਧੀਮਾਨ ਬਣਦੇ ਰਹੀਏ ਅਤੇ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹੀਏ।

ਤੁਸੀਂ ਹਾਲੇ ਵੀ ਇਨ੍ਹਾਂ ਬੁਨਿਆਦੀ ਸਿੱਖਿਆਵਾਂ ਤੋਂ ਕਿਹੜੀਆਂ ਗੱਲਾਂ ਸਿੱਖ ਸਕਦੇ ਹੋ ਕਿ . . .

  • ਯਹੋਵਾਹ ਸਿਰਜਣਹਾਰ ਹੈ?

  • ਪਰਮੇਸ਼ੁਰ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ?

  • ਅਸੀਂ ‘ਆਖ਼ਰੀ ਦਿਨਾਂ’ ਵਿਚ ਜੀ ਰਹੇ ਹਾਂ?

ਗੀਤ 95 ਸੱਚਾਈ ਦਾ ਚਾਨਣ ਵਧਦਾ ਜਾਂਦਾ ਹੈ

a ਪਹਿਰਾਬੁਰਜ 15 ਮਈ 2007 ਦੇ ਸਫ਼ੇ 21-25 ʼਤੇ “ਜਲਦੀ ਹੀ ਦੁੱਖਾਂ ਨੂੰ ਜੜ੍ਹੋਂ ਉਖਾੜਿਆ ਜਾਵੇਗਾ” ਨਾਂ ਦਾ ਲੇਖ ਦੇਖੋ।

b ਪਿਆਰ ਦਿਖਾਓ​—ਚੇਲੇ ਬਣਾਓ ਬਰੋਸ਼ਰ ਦਾ ਪਾਠ 8 ਦੇਖੋ।

c ਪਹਿਰਾਬੁਰਜ ਮਈ 2024 ਦੇ ਸਫ਼ੇ 8-13 ʼਤੇ “ਯਹੋਵਾਹ ਭਵਿੱਖ ਵਿਚ ਜੋ ਨਿਆਂ ਕਰੇਗਾ, ਅਸੀਂ ਉਸ ਬਾਰੇ ਕੀ ਜਾਣਦੇ ਹਾਂ?” ਨਾਂ ਦਾ ਲੇਖ ਦੇਖੋ।

d ਤਸਵੀਰਾਂ ਬਾਰੇ ਜਾਣਕਾਰੀ: ਇਕ ਬਜ਼ੁਰਗ ਕੋਈ ਸੁਝਾਅ ਦਿੰਦਾ ਹੈ, ਪਰ ਬਾਕੀ ਬਜ਼ੁਰਗ ਉਸ ਨਾਲ ਸਹਿਮਤ ਨਹੀਂ ਹੁੰਦੇ। ਬਾਅਦ ਵਿਚ ਉਹੀ ਬਜ਼ੁਰਗ ਤਾਰਿਆਂ ਨਾਲ ਭਰਿਆ ਆਕਾਸ਼ ਦੇਖਦਾ ਹੈ ਅਤੇ ਸੋਚਦਾ ਹੈ ਕਿ ਯਹੋਵਾਹ ਦੇ ਵਿਚਾਰ ਉਸ ਦੇ ਵਿਚਾਰਾਂ ਨਾਲੋਂ ਕਿਤੇ ਉੱਚੇ ਹਨ।

e ਤਸਵੀਰ ਬਾਰੇ ਜਾਣਕਾਰੀ: ਇਕ ਭੈਣ ਨਿੱਜੀ ਅਧਿਐਨ ਦੌਰਾਨ ਉਨ੍ਹਾਂ ਸਬੂਤਾਂ ʼਤੇ ਗੌਰ ਕਰ ਰਹੀ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹਿ ਰਹੇ ਹਾਂ। ਫਿਰ ਉਹ ਆਪਣੀ ਸਕੀ ਭੈਣ ਨੂੰ ਫ਼ੋਨ ʼਤੇ ਗਵਾਹੀ ਦੇ ਰਹੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ