ਜੀਵਨੀ
ਸ਼ਰਮੀਲੇ ਸੁਭਾਅ ਤੋਂ ਮਿਸ਼ਨਰੀ ਸੇਵਾ ਤਕ ਦਾ ਮੇਰਾ ਸਫ਼ਰ
ਮੈਂ ਛੋਟੇ ਹੁੰਦਿਆਂ ਤੋਂ ਹੀ ਬੜੇ ਸ਼ਰਮੀਲੇ ਸੁਭਾਅ ਦੀ ਸੀ ਅਤੇ ਲੋਕਾਂ ਤੋਂ ਡਰਦੀ ਸੀ। ਪਰ ਸਮੇਂ ਦੇ ਬੀਤਣ ਨਾਲ ਮੈਨੂੰ ਯਹੋਵਾਹ ਨੇ ਲੋਕਾਂ ਨਾਲ ਪਿਆਰ ਕਰਨਾ ਸਿਖਾਇਆ ਅਤੇ ਮਿਸ਼ਨਰੀ ਸੇਵਾ ਕਰਨ ਵਿਚ ਮੇਰੀ ਮਦਦ ਕੀਤੀ। ਕਿੱਦਾਂ? ਪਹਿਲਾਂ-ਪਹਿਲ ਯਹੋਵਾਹ ਨੇ ਮੇਰੇ ਡੈਡੀ ਦੇ ਜ਼ਰੀਏ ਇੱਦਾਂ ਕੀਤਾ। ਫਿਰ ਉਸ ਨੇ ਮੈਨੂੰ ਇਕ ਨੌਜਵਾਨ ਭੈਣ ਦੀ ਜ਼ਬਰਦਸਤ ਮਿਸਾਲ ਰਾਹੀਂ ਸਿਖਾਇਆ। ਬਾਅਦ ਵਿਚ ਉਸ ਨੇ ਮੈਨੂੰ ਮੇਰੇ ਪਤੀ ਰਾਹੀਂ ਸਿਖਾਇਆ ਜਿਨ੍ਹਾਂ ਨੇ ਮੈਨੂੰ ਪਿਆਰ ਨਾਲ ਵਧੀਆ ਸਲਾਹ ਦਿੱਤੀ। ਆਓ ਮੈਂ ਤੁਹਾਨੂੰ ਆਪਣੇ ਸਫ਼ਰ ਬਾਰੇ ਥੋੜ੍ਹਾ ਹੋਰ ਦੱਸਦੀ ਹਾਂ।
ਮੇਰਾ ਜਨਮ 1951 ਵਿਚ ਆਸਟ੍ਰੀਆ ਦੇ ਵੀਐਨਾ ਸ਼ਹਿਰ ਵਿਚ ਹੋਇਆ ਸੀ। ਮੇਰੇ ਮਾਪੇ ਕੈਥੋਲਿਕ ਸਨ। ਸ਼ਰਮੀਲਾ ਸੁਭਾਅ ਹੋਣ ਕਰਕੇ ਮੈਂ ਦੂਜਿਆਂ ਨਾਲ ਗੱਲ ਨਹੀਂ ਸੀ ਕਰਦੀ, ਪਰ ਮੈਂ ਅਕਸਰ ਰੱਬ ਨੂੰ ਪ੍ਰਾਰਥਨਾ ਕਰਦਿਆਂ ਆਪਣੇ ਦਿਲ ਦੀਆਂ ਗੱਲਾਂ ਦੱਸਦੀ ਸੀ। ਜਦੋਂ ਮੈਂ ਨੌਂ ਸਾਲਾਂ ਦੀ ਸੀ, ਤਾਂ ਮੇਰੇ ਡੈਡੀ ਨੇ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਬਾਅਦ ਵਿਚ ਮੇਰੇ ਮੰਮੀ ਵੀ ਸਟੱਡੀ ਕਰਨ ਲੱਗ ਪਏ।
ਆਪਣੀ ਭੈਣ ਏਲੀਜ਼ਾਬੈਟ ਨਾਲ (ਖੱਬੇ ਪਾਸੇ)
ਜਲਦੀ ਹੀ ਅਸੀਂ ਵੀਐਨਾ ਦੀ ਡੋਬਲਿੰਗ ਮੰਡਲੀ ਦਾ ਹਿੱਸਾ ਬਣ ਗਏ। ਅਸੀਂ ਪਰਿਵਾਰ ਵਜੋਂ ਮਿਲ ਕੇ ਬਹੁਤ ਕੁਝ ਕੀਤਾ। ਅਸੀਂ ਇਕੱਠਿਆਂ ਬਾਈਬਲ ਪੜ੍ਹਦੇ ਸੀ, ਅਧਿਐਨ ਕਰਦੇ ਸੀ, ਸਭਾਵਾਂ ʼਤੇ ਜਾਂਦੇ ਸੀ ਅਤੇ ਸੰਮੇਲਨਾਂ ਵਿਚ ਵਲੰਟੀਅਰਾਂ ਵਜੋਂ ਸੇਵਾ ਕਰਦੇ ਸੀ। ਜਦੋਂ ਮੈਂ ਛੋਟੀ ਸੀ, ਤਾਂ ਮੇਰੇ ਡੈਡੀ ਨੇ ਯਹੋਵਾਹ ਲਈ ਮੇਰੇ ਦਿਲ ਵਿਚ ਗਹਿਰਾ ਪਿਆਰ ਪੈਦਾ ਕੀਤਾ। ਉਹ ਹਮੇਸ਼ਾ ਇਹੀ ਪ੍ਰਾਰਥਨਾ ਕਰਦੇ ਸਨ ਕਿ ਮੈਂ ਅਤੇ ਮੇਰੀ ਭੈਣ ਪਾਇਨੀਅਰਿੰਗ ਕਰੀਏ। ਪਰ ਉਸ ਸਮੇਂ ਮੇਰਾ ਪਾਇਨੀਅਰ ਬਣਨ ਦਾ ਕੋਈ ਟੀਚਾ ਨਹੀਂ ਸੀ।
ਪੂਰੇ ਸਮੇਂ ਦੀ ਸੇਵਾ ਸ਼ੁਰੂ ਕਰਨੀ
1965 ਵਿਚ 14 ਸਾਲਾਂ ਦੀ ਉਮਰ ਵਿਚ ਮੈਂ ਬਪਤਿਸਮਾ ਲੈ ਲਿਆ। ਪਰ ਪ੍ਰਚਾਰ ਵਿਚ ਅਜਨਬੀਆਂ ਨਾਲ ਗੱਲ ਕਰਨੀ ਮੈਨੂੰ ਬਹੁਤ ਔਖੀ ਲੱਗਦੀ ਸੀ। ਆਪਣੀ ਉਮਰ ਦੇ ਹੋਰ ਨੌਜਵਾਨਾਂ ਨੂੰ ਦੇਖ ਕੇ ਮੈਂ ਸੋਚਦੀ ਸੀ, ‘ਕਾਸ਼! ਮੈਂ ਵੀ ਉਨ੍ਹਾਂ ਵਰਗੀ ਹੁੰਦੀ ਤੇ ਸਾਰੇ ਮੈਨੂੰ ਪਸੰਦ ਕਰਦੇ।’ ਇਸ ਲਈ ਬਪਤਿਸਮੇ ਤੋਂ ਕੁਝ ਸਮੇਂ ਬਾਅਦ ਮੈਂ ਉਨ੍ਹਾਂ ਲੋਕਾਂ ਨਾਲ ਮਿਲਣ-ਗਿਲ਼ਣ ਲੱਗ ਪਈ ਜੋ ਯਹੋਵਾਹ ਦੇ ਗਵਾਹ ਨਹੀਂ ਸਨ। ਮੈਨੂੰ ਉਨ੍ਹਾਂ ਨਾਲ ਸਮਾਂ ਬਿਤਾਉਣਾ ਬਹੁਤ ਚੰਗਾ ਲੱਗਦਾ ਸੀ। ਭਾਵੇਂ ਮੇਰੀ ਜ਼ਮੀਰ ਮੈਨੂੰ ਕੋਸਦੀ ਸੀ ਕਿ ਮੈਂ ਸਹੀ ਨਹੀਂ ਕਰ ਰਹੀ, ਪਰ ਮੇਰੇ ਅੰਦਰ ਖ਼ੁਦ ਨੂੰ ਬਦਲਣ ਦੀ ਹਿੰਮਤ ਨਹੀਂ ਸੀ। ਫਿਰ ਕਿਸ ਗੱਲ ਨੇ ਮੇਰੀ ਮਦਦ ਕੀਤੀ?
ਮੈਂ ਡੋਰੋਥੇ ਤੋਂ ਬਹੁਤ ਕੁਝ ਸਿੱਖਿਆ (ਖੱਬੇ ਪਾਸੇ)
ਉਸ ਦੌਰਾਨ 16 ਸਾਲਾਂ ਦੀ ਇਕ ਭੈਣ ਸਾਡੀ ਮੰਡਲੀ ਵਿਚ ਆਈ ਜਿਸ ਦਾ ਨਾਂ ਡੋਰੋਥੇ ਸੀ। ਉਹ ਬਹੁਤ ਜੋਸ਼ ਨਾਲ ਘਰ-ਘਰ ਪ੍ਰਚਾਰ ਕਰਦੀ ਸੀ ਤੇ ਮੈਂ ਇਹ ਦੇਖ ਕੇ ਬਹੁਤ ਹੈਰਾਨ ਰਹਿ ਗਈ। ਮੈਂ ਉਮਰ ਵਿਚ ਉਸ ਤੋਂ ਥੋੜ੍ਹੀ ਵੱਡੀ ਸੀ, ਪਰ ਮੈਂ ਘੱਟ-ਵੱਧ ਹੀ ਪ੍ਰਚਾਰ ʼਤੇ ਜਾਂਦੀ ਸੀ। ਮੈਂ ਸੋਚਦੀ ਸੀ, ‘ਮੇਰੇ ਮਾਪੇ ਤਾਂ ਯਹੋਵਾਹ ਦੇ ਗਵਾਹ ਹਨ, ਪਰ ਡੋਰੋਥੇ ਦਾ ਪਰਿਵਾਰ ਸੱਚਾਈ ਵਿਚ ਨਹੀਂ ਹੈ। ਉਹ ਆਪਣੀ ਬੀਮਾਰ ਮਾਂ ਦੀ ਦੇਖ-ਭਾਲ ਵੀ ਕਰਦੀ ਹੈ, ਫਿਰ ਵੀ ਉਹ ਹਮੇਸ਼ਾ ਪ੍ਰਚਾਰ ʼਤੇ ਆਉਂਦੀ ਹੈ!’ ਉਸ ਦੀ ਵਧੀਆ ਮਿਸਾਲ ਕਰਕੇ ਮੈਂ ਵੀ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨੀ ਚਾਹੁੰਦੀ ਸੀ। ਫਿਰ ਜਲਦੀ ਹੀ ਮੈਂ ਤੇ ਡੋਰੋਥੇ ਪਾਇਨੀਅਰਿੰਗ ਕਰਨ ਲੱਗ ਪਈਆਂ। ਪਹਿਲਾਂ ਅਸੀਂ ਔਗਜ਼ੀਲਰੀ ਪਾਇਨੀਅਰਿੰਗ ਕੀਤੀ (ਜਿਸ ਨੂੰ ਉਸ ਸਮੇਂ “ਵਕੇਸ਼ਨ ਪਾਇਨੀਅਰ” ਸੇਵਾ ਕਿਹਾ ਜਾਂਦਾ ਸੀ) ਅਤੇ ਫਿਰ ਅਸੀਂ ਰੈਗੂਲਰ ਪਾਇਨੀਅਰਿੰਗ ਕਰਨ ਲੱਗ ਪਈਆਂ। ਡੋਰੋਥੇ ਦਾ ਜੋਸ਼ ਦੇਖ ਕੇ ਮੈਂ ਵੀ ਜੋਸ਼ ਨਾਲ ਭਰ ਗਈ। ਉਸ ਦੀ ਮਦਦ ਨਾਲ ਮੈਂ ਪਹਿਲੀ ਬਾਈਬਲ ਸਟੱਡੀ ਸ਼ੁਰੂ ਕੀਤੀ। ਕੁਝ ਸਮੇਂ ਬਾਅਦ ਘਰ-ਘਰ ਪ੍ਰਚਾਰ ਕਰਦਿਆਂ, ਸੜਕ ʼਤੇ ਗਵਾਹੀ ਦਿੰਦਿਆਂ ਜਾਂ ਹੋਰ ਮੌਕਿਆਂ ਤੇ ਪ੍ਰਚਾਰ ਕਰਦਿਆਂ ਅਜਨਬੀਆਂ ਨਾਲ ਗੱਲ ਕਰਨੀ ਮੇਰੇ ਲਈ ਸੌਖੀ ਹੋ ਗਈ।
ਮੇਰੀ ਪਾਇਨੀਅਰ ਸੇਵਾ ਦੇ ਪਹਿਲੇ ਸਾਲ ਦੌਰਾਨ ਹੀ ਆਸਟ੍ਰੀਆ ਤੋਂ ਹੀਂਟਸ ਨਾਂ ਦੇ ਇਕ ਭਰਾ ਸਾਡੀ ਮੰਡਲੀ ਵਿਚ ਆਏ। ਉਨ੍ਹਾਂ ਨੇ ਸੱਚਾਈ ਉਦੋਂ ਸਿੱਖੀ ਸੀ ਜਦੋਂ ਉਹ ਆਪਣੇ ਵੱਡੇ ਭਰਾ ਨੂੰ ਕੈਨੇਡਾ ਮਿਲਣ ਗਏ ਸਨ ਜੋ ਯਹੋਵਾਹ ਦਾ ਗਵਾਹ ਸੀ। ਹੀਂਟਸ ਨੂੰ ਸਪੈਸ਼ਲ ਪਾਇਨੀਅਰ ਵਜੋਂ ਸਾਡੀ ਮੰਡਲੀ ਵਿਚ ਭੇਜਿਆ ਗਿਆ ਸੀ। ਮੈਨੂੰ ਉਹ ਸ਼ੁਰੂ ਤੋਂ ਹੀ ਪਸੰਦ ਸਨ। ਪਰ ਉਹ ਇਕ ਮਿਸ਼ਨਰੀ ਬਣਨਾ ਚਾਹੁੰਦੇ ਸਨ ਤੇ ਮੇਰਾ ਮਿਸ਼ਨਰੀ ਬਣਨ ਦਾ ਕੋਈ ਇਰਾਦਾ ਨਹੀਂ ਸੀ। ਇਸ ਲਈ ਮੈਂ ਉਨ੍ਹਾਂ ਨੂੰ ਨਹੀਂ ਦੱਸਿਆ ਕਿ ਮੈਂ ਉਨ੍ਹਾਂ ਨੂੰ ਪਸੰਦ ਕਰਦੀ ਹਾਂ। ਪਰ ਕੁਝ ਸਮੇਂ ਬਾਅਦ ਅਸੀਂ ਦੋਵੇਂ ਡੇਟਿੰਗ ਕਰਨ ਲੱਗੇ ਅਤੇ ਫਿਰ ਅਸੀਂ ਵਿਆਹ ਕਰਾ ਲਿਆ। ਇਸ ਤੋਂ ਬਾਅਦ ਅਸੀਂ ਮਿਲ ਕੇ ਆਸਟ੍ਰੀਆ ਵਿਚ ਪਾਇਨੀਅਰ ਸੇਵਾ ਕੀਤੀ।
ਮਿਸ਼ਨਰੀ ਸੇਵਾ ਦਾ ਟੀਚਾ
ਹੀਂਟਸ ਦੀ ਦਿਲੀ ਇੱਛਾ ਸੀ ਕਿ ਉਹ ਮਿਸ਼ਨਰੀ ਸੇਵਾ ਕਰਨ ਅਤੇ ਉਹ ਅਕਸਰ ਮੇਰੇ ਨਾਲ ਇਸ ਬਾਰੇ ਗੱਲ ਕਰਦੇ ਸਨ। ਉਨ੍ਹਾਂ ਨੇ ਮੇਰੇ ʼਤੇ ਕਦੇ ਵੀ ਦਬਾਅ ਨਹੀਂ ਪਾਇਆ। ਪਰ ਉਹ ਕਦੇ-ਕਦੇ ਮੈਨੂੰ ਕੁਝ ਅਜਿਹੇ ਸਵਾਲ ਪੁੱਛਦੇ ਸਨ ਜਿਨ੍ਹਾਂ ਕਰਕੇ ਮੈਂ ਸੋਚਣ ਲਈ ਮਜਬੂਰ ਹੋ ਜਾਂਦੀ ਸੀ, ਜਿਵੇਂ “ਸਾਡੇ ਬੱਚੇ ਨਹੀਂ ਹਨ, ਕੀ ਇਸ ਕਰਕੇ ਆਪਾਂ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਨਹੀਂ ਕਰ ਸਕਦੇ?” ਸ਼ਰਮੀਲੇ ਸੁਭਾਅ ਕਰਕੇ ਮੈਨੂੰ ਮਿਸ਼ਨਰੀ ਸੇਵਾ ਦੇ ਨਾਂ ਤੋਂ ਹੀ ਡਰ ਲੱਗਦਾ ਸੀ। ਮੈਂ ਇਕ ਪਾਇਨੀਅਰ ਤਾਂ ਸੀ, ਪਰ ਜਦੋਂ ਵੀ ਮੈਂ ਮਿਸ਼ਨਰੀ ਸੇਵਾ ਬਾਰੇ ਸੋਚਦੀ ਸੀ, ਤਾਂ ਮੈਨੂੰ ਚੱਕਰ ਆਉਣ ਲੱਗ ਪੈਂਦੇ ਸਨ। ਫਿਰ ਵੀ ਹੀਂਟਸ ਨੇ ਕਦੇ ਹਾਰ ਨਹੀਂ ਮੰਨੀ। ਉਹ ਮੇਰੇ ਨਾਲ ਮਿਸ਼ਨਰੀ ਸੇਵਾ ਬਾਰੇ ਗੱਲ ਕਰਦੇ ਰਹੇ। ਉਨ੍ਹਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਕਿ ਮੈਂ ਖ਼ੁਦ ਬਾਰੇ ਸੋਚਣ ਦੀ ਬਜਾਇ ਲੋਕਾਂ ਬਾਰੇ ਸੋਚਾਂ। ਉਨ੍ਹਾਂ ਦੀ ਸਲਾਹ ਤੋਂ ਮੈਨੂੰ ਬਹੁਤ ਫ਼ਾਇਦਾ ਹੋਇਆ।
1974 ਵਿਚ ਹੀਂਟਸ ਆਸਟ੍ਰੀਆ ਦੇ ਸਾਲਜ਼ਬਰਗ ਵਿਚ ਸਰਬੋ-ਕ੍ਰੋਏਸ਼ੀਅਨ ਬੋਲਣ ਵਾਲੀ ਮੰਡਲੀ ਵਿਚ ਪਹਿਰਾਬੁਰਜ ਅਧਿਐਨ ਕਰਾ ਰਹੇ ਹਨ
ਹੌਲੀ-ਹੌਲੀ ਮੇਰਾ ਵੀ ਮਿਸ਼ਨਰੀ ਸੇਵਾ ਕਰਨ ਦਾ ਦਿਲ ਕਰਨ ਲੱਗ ਪਿਆ। ਇਸ ਲਈ ਅਸੀਂ ਗਿਲਿਅਡ ਸਕੂਲ ਲਈ ਫ਼ਾਰਮ ਭਰ ਦਿੱਤਾ। ਪਰ ਇਕ ਭਰਾ, ਜੋ ਬ੍ਰਾਂਚ ਸੇਵਕ ਸੀ, ਨੇ ਮੈਨੂੰ ਸਲਾਹ ਦਿੱਤੀ ਕਿ ਪਹਿਲਾਂ ਮੈਂ ਆਪਣੀ ਅੰਗ੍ਰੇਜ਼ੀ ਵਿਚ ਸੁਧਾਰ ਕਰਾਂ। ਮੈਂ ਅੰਗ੍ਰੇਜ਼ੀ ਭਾਸ਼ਾ ਸਿੱਖਣ ਲਈ ਬਹੁਤ ਮਿਹਨਤ ਕੀਤੀ। ਪਰ ਤਿੰਨ ਸਾਲਾਂ ਬਾਅਦ ਅਚਾਨਕ ਮੈਨੂੰ ਤੇ ਹੀਂਟਸ ਨੂੰ ਆਸਟ੍ਰੀਆ ਦੇ ਸਾਲਜ਼ਬਰਗ ਵਿਚ ਸਰਬੋ-ਕ੍ਰੋਏਸ਼ੀਅਨ ਭਾਸ਼ਾ ਬੋਲਣ ਵਾਲੀ ਮੰਡਲੀ ਵਿਚ ਸੇਵਾ ਕਰਨ ਲਈ ਕਿਹਾ ਗਿਆ। ਅਸੀਂ ਸੱਤ ਸਾਲਾਂ ਤਕ ਸਰਬੋ-ਕ੍ਰੋਏਸ਼ੀਅਨ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕੀਤਾ ਅਤੇ ਇਕ ਸਾਲ ਅਸੀਂ ਉੱਥੇ ਸਰਕਟ ਕੰਮ ਵੀ ਕੀਤਾ। ਚਾਹੇ ਕਿ ਸਰਬੋ-ਕ੍ਰੋਏਸ਼ੀਅਨ ਭਾਸ਼ਾ ਸਿੱਖਣੀ ਬਹੁਤ ਔਖੀ ਸੀ, ਫਿਰ ਵੀ ਸਾਡੇ ਕੋਲ ਬਹੁਤ ਸਾਰੀਆਂ ਬਾਈਬਲ ਸਟੱਡੀਆਂ ਸਨ।
1979 ਵਿਚ ਬ੍ਰਾਂਚ ਆਫ਼ਿਸ ਦੀ ਅਗਵਾਈ ਕਰਨ ਵਾਲੇ ਭਰਾਵਾਂ ਨੇ ਸਾਨੂੰ ਕਿਹਾ ਕਿ ਅਸੀਂ ਥੋੜ੍ਹੇ ਸਮੇਂ ਲਈ ਬਲਗੇਰੀਆ ਚਲੇ ਜਾਈਏ। ਉੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਸੀ। ਇਸ ਲਈ ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਇੱਦਾਂ ਦਿਖਾਈਏ ਜਿੱਦਾਂ ਅਸੀਂ ਉੱਥੇ ਛੁੱਟੀਆਂ ਮਨਾਉਣ ਆਏ ਹਾਂ। ਉਨ੍ਹਾਂ ਨੇ ਸਾਨੂੰ ਕਿਹਾ ਕਿ ਅਸੀਂ ਉੱਥੇ ਪ੍ਰਚਾਰ ਨਾ ਕਰੀਏ, ਸਗੋਂ ਚੋਰੀ-ਛੁਪੇ ਆਪਣੇ ਨਾਲ ਛੋਟੇ ਆਕਾਰ ਦੀਆਂ ਕਿਤਾਬਾਂ ਅਤੇ ਰਸਾਲੇ ਲੈ ਕੇ ਜਾਈਏ। ਇਹ ਪ੍ਰਕਾਸ਼ਨ ਅਸੀਂ ਉੱਥੇ ਦੀ ਰਾਜਧਾਨੀ ਸੋਫ਼ੀਆ ਵਿਚ ਰਹਿਣ ਵਾਲੀਆਂ ਪੰਜ ਭੈਣਾਂ ਤਕ ਪਹੁੰਚਾਉਣੇ ਸਨ। ਮੈਂ ਬਹੁਤ ਡਰੀ ਹੋਈ ਸੀ, ਪਰ ਯਹੋਵਾਹ ਨੇ ਇਹ ਜ਼ਿੰਮੇਵਾਰੀ ਪੂਰੀ ਕਰਨ ਵਿਚ ਮੇਰੀ ਮਦਦ ਕੀਤੀ। ਭਾਵੇਂ ਕਿ ਉਨ੍ਹਾਂ ਭੈਣਾਂ ਨੂੰ ਪੁਲਿਸ ਕਦੇ ਵੀ ਜੇਲ੍ਹ ਵਿਚ ਸੁੱਟ ਸਕਦੀ ਸੀ, ਫਿਰ ਵੀ ਉਹ ਬਹੁਤ ਦਲੇਰ ਤੇ ਖ਼ੁਸ਼ ਸਨ। ਉਨ੍ਹਾਂ ਦੀ ਮਿਸਾਲ ਤੋਂ ਮੈਂ ਦਲੇਰ ਬਣਨਾ ਸਿੱਖਿਆ ਅਤੇ ਮੈਂ ਚਾਹੁੰਦੀ ਸੀ ਕਿ ਯਹੋਵਾਹ ਦੇ ਸੰਗਠਨ ਵੱਲੋਂ ਮਿਲੀ ਹਰ ਜ਼ਿੰਮੇਵਾਰੀ ਨੂੰ ਦਿਲੋਂ ਪੂਰਾ ਕਰਾਂ।
ਕੁਝ ਸਮੇਂ ਬਾਅਦ ਅਸੀਂ ਦੁਬਾਰਾ ਤੋਂ ਗਿਲਿਅਡ ਸਕੂਲ ਲਈ ਫ਼ਾਰਮ ਭਰ ਦਿੱਤਾ ਅਤੇ ਇਸ ਵਾਰ ਸਾਨੂੰ ਬੁਲਾ ਲਿਆ ਗਿਆ। ਅਸੀਂ ਸੋਚਿਆ ਸੀ ਕਿ ਸਾਨੂੰ ਅਮਰੀਕਾ ਵਿਚ ਅੰਗ੍ਰੇਜ਼ੀ ਸਕੂਲ ਵਿਚ ਜਾਣ ਦਾ ਮੌਕਾ ਮਿਲੇਗਾ। ਪਰ ਨਵੰਬਰ 1981 ਵਿਚ ਜਰਮਨੀ ਦੇ ਵੀਸਬਾਡਨ ਸ਼ਹਿਰ ਦੇ ਬ੍ਰਾਂਚ ਆਫ਼ਿਸ ਵਿਚ “ਗਿਲਿਅਡ ਐੱਕਸਟੈਂਸ਼ਨ ਸਕੂਲ” ਦੀ ਸ਼ੁਰੂਆਤ ਹੋਈ। ਇਹ ਸਕੂਲ ਜਰਮਨ ਭਾਸ਼ਾ ਵਿਚ ਹੋਇਆ ਜਿਸ ਕਰਕੇ ਮੇਰੇ ਲਈ ਇਸ ਨੂੰ ਸਮਝਣਾ ਸੌਖਾ ਸੀ। ਸਕੂਲ ਤੋਂ ਬਾਅਦ ਸਾਨੂੰ ਕਿੱਥੇ ਭੇਜਿਆ ਜਾਣਾ ਸੀ?
ਅਜਿਹੇ ਦੇਸ਼ ਵਿਚ ਸੇਵਾ ਕਰਨੀ ਜਿੱਥੇ ਕਈ ਯੁੱਧ ਹੋ ਰਹੇ ਸਨ
ਸਾਨੂੰ ਕੀਨੀਆ ਵਿਚ ਸੇਵਾ ਕਰਨ ਲਈ ਭੇਜਿਆ ਗਿਆ! ਪਰ ਕੀਨੀਆ ਦੇ ਬ੍ਰਾਂਚ ਆਫ਼ਿਸ ਦੇ ਭਰਾਵਾਂ ਨੇ ਸਾਨੂੰ ਪੁੱਛਿਆ, ‘ਕੀ ਤੁਸੀਂ ਗੁਆਂਢੀ ਦੇਸ਼ ਯੂਗਾਂਡਾ ਵਿਚ ਸੇਵਾ ਕਰਨ ਲਈ ਜਾ ਸਕਦੇ ਹੋ?’ ਦਸ ਤੋਂ ਵੀ ਜ਼ਿਆਦਾ ਸਾਲ ਪਹਿਲਾਂ ਯੂਗਾਂਡਾ ਵਿਚ ਇਕ ਫ਼ੌਜੀ ਅਫ਼ਸਰ ਈਡੀ ਅਮੀਨ ਨੇ ਉੱਥੋਂ ਦੀ ਸਰਕਾਰ ਦਾ ਤਖ਼ਤਾ ਪਲਟ ਕੇ ਰਾਜ ਦੀ ਵਾਗਡੋਰ ਆਪਣੇ ਹੱਥਾਂ ਵਿਚ ਲੈ ਲਈ। ਤਾਨਾਸ਼ਾਹ ਹੋਣ ਕਰਕੇ ਉਸ ਨੇ ਅਗਲੇ ਕੁਝ ਸਾਲਾਂ ਤਕ ਹਜ਼ਾਰਾਂ ਹੀ ਲੋਕਾਂ ਦੀ ਜਾਨ ਲੈ ਲਈ ਤੇ ਲੱਖਾਂ ਹੀ ਲੋਕਾਂ ਦਾ ਜੀਉਣਾ ਔਖਾ ਕਰ ਦਿੱਤਾ। ਪਰ ਫਿਰ 1979 ਵਿਚ ਜਨਰਲ ਈਡੀ ਅਮੀਨ ਦੇ ਵਿਰੋਧੀਆਂ ਨੇ ਉਸ ਖ਼ਿਲਾਫ਼ ਆਵਾਜ਼ ਚੁੱਕੀ ਤੇ ਉਸ ਨੂੰ ਰਾਜ ਛੱਡਣ ਲਈ ਮਜਬੂਰ ਕਰ ਦਿੱਤਾ। ਇਸ ਲਈ ਤੁਸੀਂ ਖ਼ੁਦ ਸਮਝ ਸਕਦੇ ਹੋ ਕਿ ਮੈਨੂੰ ਅਜਿਹੇ ਦੇਸ਼ ਵਿਚ ਜਾ ਕੇ ਸੇਵਾ ਕਰਨ ਤੋਂ ਸ਼ੁਰੂ-ਸ਼ੁਰੂ ਵਿਚ ਡਰ ਕਿਉਂ ਲੱਗ ਰਿਹਾ ਸੀ। ਪਰ ਗਿਲਿਅਡ ਸਕੂਲ ਵਿਚ ਅਸੀਂ ਸਿੱਖਿਆ ਸੀ ਕਿ ਅਸੀਂ ਯਹੋਵਾਹ ʼਤੇ ਭਰੋਸਾ ਰੱਖਣਾ ਹੈ। ਇਸ ਲਈ ਅਸੀਂ ਉੱਥੇ ਜਾਣ ਲਈ ਹਾਂ ਕਰ ਦਿੱਤੀ।
ਯੂਗਾਂਡਾ ਵਿਚ ਹਾਲਾਤ ਬਹੁਤ ਖ਼ਰਾਬ ਸਨ। ਇਸ ਬਾਰੇ ਹੀਂਟਸ ਨੇ 2010 ਦੀ ਯੀਅਰ ਬੁੱਕ ਵਿਚ ਕੁਝ ਇੱਦਾਂ ਦੱਸਿਆ: ‘ਕਈ ਜ਼ਰੂਰੀ ਸੇਵਾਵਾਂ ਬੰਦ ਹੋ ਗਈਆਂ, ਜਿਵੇਂ ਪਾਣੀ ਅਤੇ ਟੈਲੀਫ਼ੋਨ ਦੀ ਬਿਵਸਥਾ। ਥਾਂ-ਥਾਂ ਗੋਲੀਆਂ ਚੱਲਣੀਆਂ ਅਤੇ ਲੁੱਟ-ਮਾਰ ਹੋਣੀ ਆਮ ਹੋ ਗਈ ਸੀ, ਖ਼ਾਸ ਕਰਕੇ ਰਾਤ ਨੂੰ ਇੱਦਾਂ ਹੋਰ ਵੀ ਜ਼ਿਆਦਾ ਹੁੰਦਾ ਸੀ। ਹਨੇਰਾ ਹੁੰਦਿਆਂ ਹੀ ਸਾਰੇ ਜਣੇ ਆਪੋ-ਆਪਣੇ ਘਰਾਂ ਵਿਚ ਲੁਕ ਕੇ ਬੈਠ ਜਾਂਦੇ ਸਨ ਤੇ ਇਹ ਉਮੀਦ ਕਰਦੇ ਸਨ ਕਿ ਬੱਸ ਉਨ੍ਹਾਂ ਦੀ ਅੱਜ ਦੀ ਰਾਤ ਕਿਸੇ ਤਰ੍ਹਾਂ ਲੰਘ ਜਾਵੇ। ਉਹ ਤਾਂ ਪ੍ਰਾਰਥਨਾ ਵੀ ਕਰਦੇ ਸਨ ਕਿ ਕੋਈ ਉਨ੍ਹਾਂ ਨੂੰ ਆ ਕੇ ਲੁੱਟ ਨਾ ਲਵੇ ਜਾਂ ਉਨ੍ਹਾਂ ਨੂੰ ਜਾਨੋਂ ਨਾ ਮਾਰ ਦੇਵੇ।’ ਇਨ੍ਹਾਂ ਸਾਰੇ ਔਖੇ ਹਾਲਾਤਾਂ ਦੇ ਬਾਵਜੂਦ ਵੀ ਭੈਣ-ਭਰਾ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰ ਰਹੇ ਸਨ!
ਵਾਸਵਾ ਪਰਿਵਾਰ ਦੇ ਘਰ ਵਿਚ ਖਾਣਾ ਬਣਾ ਰਹੇ ਹਾਂ
1982 ਵਿਚ ਮੈਂ ਤੇ ਹੀਂਟਸ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਆ ਗਏ। ਸ਼ੁਰੂ ਦੇ ਪੰਜ ਮਹੀਨੇ ਅਸੀਂ ਭਰਾ ਸੈਮ ਤੇ ਉਨ੍ਹਾਂ ਦੀ ਪਤਨੀ ਕ੍ਰਿਸਟੀਨਾ ਵਾਇਸਵਾ ਨਾਲ ਰੁਕੇ। ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੇ ਪੰਜ ਬੱਚੇ ਤੇ ਚਾਰ ਰਿਸ਼ਤੇਦਾਰ ਵੀ ਸਨ। ਭਰਾ ਸੈਮ ਦਾ ਪਰਿਵਾਰ ਦਿਨ ਵਿਚ ਅਕਸਰ ਇਕ ਹੀ ਵਾਰ ਖਾਣਾ ਖਾ ਪਾਉਂਦਾ ਸੀ। ਇਸ ਦੇ ਬਾਵਜੂਦ ਉਨ੍ਹਾਂ ਨੇ ਸਾਡੇ ਲਈ ਜੋ ਖੁੱਲ੍ਹ-ਦਿਲੀ ਦਿਖਾਈ, ਉਹ ਕਾਬਲੇ-ਤਾਰੀਫ਼ ਸੀ। ਉਨ੍ਹਾਂ ਦੇ ਪਰਿਵਾਰ ਨਾਲ ਰਹਿ ਕੇ ਮੈਨੂੰ ਤੇ ਹੀਂਟਸ ਨੂੰ ਬਹੁਤ ਸਾਰੀਆਂ ਚੰਗੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਜੋ ਸਾਡੀ ਮਿਸ਼ਨਰੀ ਸੇਵਾ ਵਿਚ ਬਹੁਤ ਕੰਮ ਆਈਆਂ। ਮਿਸਾਲ ਲਈ, ਅਸੀਂ ਸਿੱਖਿਆ ਕਿ ਅਸੀਂ ਪਾਣੀ ਕਿਵੇਂ ਬਚਾ ਸਕਦੇ ਹਾਂ। ਅਸੀਂ ਕੁਝ ਹੀ ਲੀਟਰ ਪਾਣੀ ਨਾਲ ਨਹਾ ਸਕਦੇ ਹਾਂ ਤੇ ਗੰਦੇ ਪਾਣੀ ਨੂੰ ਟਾਇਲਟ ਵਿਚ ਇਸਤੇਮਾਲ ਕਰ ਸਕਦੇ ਹਾਂ। ਫਿਰ 1983 ਵਿਚ ਸਾਨੂੰ ਇਕ ਘਰ ਮਿਲ ਗਿਆ ਜੋ ਕੰਪਾਲਾ ਦੇ ਥੋੜ੍ਹੇ ਸੁਰੱਖਿਅਤ ਇਲਾਕੇ ਵਿਚ ਸੀ।
ਕੰਪਾਲਾ ਵਿਚ ਪ੍ਰਚਾਰ ਕਰ ਕੇ ਸਾਨੂੰ ਬਹੁਤ ਮਜ਼ਾ ਆਉਂਦਾ ਸੀ। ਮੈਨੂੰ ਯਾਦ ਹੈ ਕਿ ਇਕ ਮਹੀਨੇ ਵਿਚ ਅਸੀਂ 4,000 ਤੋਂ ਵੀ ਜ਼ਿਆਦਾ ਪ੍ਰਕਾਸ਼ਨ ਪੇਸ਼ ਕੀਤੇ। ਪਰ ਸਭ ਤੋਂ ਚੰਗੀ ਗੱਲ ਇਹ ਸੀ ਕਿ ਉੱਥੇ ਦੇ ਲੋਕਾਂ ਨੂੰ ਪਰਮੇਸ਼ੁਰ ਅਤੇ ਬਾਈਬਲ ਬਾਰੇ ਗੱਲ ਕਰਨੀ ਬਹੁਤ ਵਧੀਆ ਲੱਗਦੀ ਸੀ। ਮੇਰੇ ਕੋਲ ਤੇ ਹੀਂਟਸ ਕੋਲ ਵੀ ਅਕਸਰ 10 ਤੋਂ 15 ਬਾਈਬਲ ਸਟੱਡੀਆਂ ਹੁੰਦੀਆਂ ਸਨ। ਅਸੀਂ ਆਪਣੀਆਂ ਸਟੱਡੀਆਂ ਤੋਂ ਬਹੁਤ ਕੁਝ ਸਿੱਖਿਆ। ਮਿਸਾਲ ਲਈ, ਉਨ੍ਹਾਂ ਨੂੰ ਹਰ ਹਫ਼ਤੇ ਸਭਾਵਾਂ ਲਈ ਤੁਰ ਕੇ ਆਉਣਾ-ਜਾਣਾ ਪੈਂਦਾ ਸੀ। ਫਿਰ ਵੀ ਉਹ ਹਮੇਸ਼ਾ ਮੁਸਕਰਾਉਂਦੇ ਰਹਿੰਦੇ ਸਨ ਤੇ ਕਦੇ ਕੋਈ ਸ਼ਿਕਾਇਤ ਨਹੀਂ ਕਰਦੇ ਸਨ। ਉਨ੍ਹਾਂ ਦਾ ਜਜ਼ਬਾ ਦੇਖ ਕੇ ਸਾਨੂੰ ਬਹੁਤ ਵਧੀਆ ਲੱਗਦਾ ਸੀ।
1985 ਤੇ 1986 ਵਿਚ ਯੂਗਾਂਡਾ ਵਿਚ ਦੋ ਹੋਰ ਯੁੱਧ ਹੋਏ। ਅਸੀਂ ਅਕਸਰ ਦੇਖਦੇ ਸੀ ਕਿ ਛੋਟੇ ਬੱਚੇ ਬੰਦੂਕਾਂ ਲਈ ਘੁੰਮਦੇ ਸਨ ਤੇ ਉਨ੍ਹਾਂ ਨੂੰ ਸੜਕਾਂ ʼਤੇ ਲੱਗੇ ਨਾਕਿਆਂ ʼਤੇ ਤੈਨਾਤ ਕੀਤਾ ਜਾਂਦਾ ਸੀ। ਅਸੀਂ ਉਦੋਂ ਪ੍ਰਾਰਥਨਾ ਕਰਦੇ ਸੀ ਕਿ ਅਸੀਂ ਸ਼ਾਂਤ ਰਹਿ ਸਕੀਏ, ਸੋਚ-ਸਮਝ ਕੇ ਕੰਮ ਕਰ ਸਕੀਏ ਤੇ ਪ੍ਰਚਾਰ ਕਰਦਿਆਂ ਦਿਲਚਸਪੀ ਰੱਖਣ ਵਾਲਿਆਂ ਨੂੰ ਲੱਭ ਸਕੀਏ। ਯਹੋਵਾਹ ਨੇ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ। ਅਕਸਰ ਇੱਦਾਂ ਹੁੰਦਾ ਸੀ ਕਿ ਜਦੋਂ ਸਾਨੂੰ ਕੋਈ ਅਜਿਹਾ ਵਿਅਕਤੀ ਮਿਲਦਾ ਸੀ ਜੋ ਯਹੋਵਾਹ ਬਾਰੇ ਹੋਰ ਜਾਣਨਾ ਚਾਹੁੰਦਾ ਸੀ, ਤਾਂ ਅਸੀਂ ਆਪਣਾ ਸਾਰਾ ਡਰ ਭੁੱਲ ਜਾਂਦੇ ਸੀ।
ਮੈਂ ਤੇ ਹੀਂਟਸ ਭੈਣ ਤਾਤਿਆਨਾ ਦੇ ਨਾਲ (ਵਿਚਕਾਰ)
ਸਾਨੂੰ ਦੂਜੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਪ੍ਰਚਾਰ ਕਰ ਕੇ ਵੀ ਬਹੁਤ ਮਜ਼ਾ ਆਉਂਦਾ ਸੀ। ਮਿਸਾਲ ਲਈ, ਅਸੀਂ ਮੂਰਤ ਤੇ ਦਿਲਵਰ ਇਬਾਤੂਲੀਨ ਨਾਂ ਦੇ ਜੋੜੇ ਨੂੰ ਮਿਲੇ ਜੋ ਤਆਤਾਰੇਸਤਾਨ (ਮੱਧ ਰੂਸ) ਤੋਂ ਸੀ। ਮੂਰਤ ਇਕ ਡਾਕਟਰ ਸੀ। ਉਨ੍ਹਾਂ ਦੋਹਾਂ ਨੇ ਸੱਚਾਈ ਸਿੱਖੀ ਤੇ ਉਹ ਅੱਜ ਤਕ ਜੋਸ਼ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ। ਫਿਰ ਕੁਝ ਸਮੇਂ ਬਾਅਦ ਮੈਂ ਤਾਤਿਆਨਾ ਵਿਲੇਸਕਾ ਨੂੰ ਮਿਲੀ ਜੋ ਯੂਕਰੇਨ ਤੋਂ ਸੀ। ਉਸ ਸਮੇਂ ਉਹ ਬਹੁਤ ਨਿਰਾਸ਼ ਸੀ ਅਤੇ ਖ਼ੁਦਕੁਸ਼ੀ ਕਰਨ ਬਾਰੇ ਸੋਚ ਰਹੀ ਸੀ। ਪਰ ਫਿਰ ਉਸ ਨੇ ਸੱਚਾਈ ਸਿੱਖੀ ਤੇ ਬਪਤਿਸਮਾ ਲੈ ਲਿਆ। ਫਿਰ ਉਹ ਯੂਕਰੇਨ ਵਾਪਸ ਚਲੀ ਗਈ ਤੇ ਉਸ ਨੇ ਸੰਗਠਨ ਦੇ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ ਵਿਚ ਮਦਦ ਕੀਤੀ।a
ਨਵੀਆਂ ਮੁਸ਼ਕਲਾਂ
ਜਦੋਂ 1991 ਵਿਚ ਅਸੀਂ ਛੁੱਟੀਆਂ ਲਈ ਆਸਟ੍ਰੀਆ ਗਏ ਸੀ, ਤਾਂ ਉੱਥੇ ਦੇ ਬ੍ਰਾਂਚ ਆਫ਼ਿਸ ਨੇ ਸਾਨੂੰ ਦੱਸਿਆ ਕਿ ਹੁਣ ਸਾਨੂੰ ਬਲਗੇਰੀਆ ਭੇਜਿਆ ਜਾਵੇਗਾ। ਪੂਰਬੀ ਯੂਰਪ ਵਿਚ ਸਾਮਵਾਦ ਖ਼ਤਮ ਹੋਣ ਤੋਂ ਬਾਅਦ ਬਲਗੇਰੀਆ ਵਿਚ ਯਹੋਵਾਹ ਦੇ ਗਵਾਹਾਂ ਨੂੰ ਕਾਨੂੰਨੀ ਮਾਨਤਾ ਮਿਲ ਗਈ। ਤੁਹਾਨੂੰ ਯਾਦ ਹੋਣਾ ਕਿ ਅਸੀਂ ਪਹਿਲਾਂ ਵੀ ਉੱਥੇ ਜਾ ਚੁੱਕੇ ਸੀ। ਉਸ ਵੇਲੇ ਬਲਗੇਰੀਆ ਵਿਚ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਈ ਸੀ ਤੇ ਅਸੀਂ ਲੁਕ-ਛਿਪ ਕੇ ਪ੍ਰਕਾਸ਼ਨ ਲੈ ਕੇ ਜਾਂਦੇ ਸੀ। ਪਰ ਹੁਣ ਸਾਨੂੰ ਉੱਥੇ ਪ੍ਰਚਾਰ ਕਰਨ ਲਈ ਭੇਜਿਆ ਜਾ ਰਿਹਾ ਸੀ।
ਸਾਨੂੰ ਕਿਹਾ ਗਿਆ ਕਿ ਅਸੀਂ ਯੂਗਾਂਡਾ ਵਾਪਸ ਨਾ ਜਾਈਏ। ਕੰਪਾਲਾ ਵਿਚ ਆਪਣੇ ਮਿਸ਼ਨਰੀ ਘਰ ਜਾਣ ਤੇ ਉੱਥੇ ਆਪਣੇ ਦੋਸਤਾਂ ਨੂੰ ਮਿਲਣ ਦੀ ਬਜਾਇ ਅਸੀਂ ਸਿੱਧਾ ਜਰਮਨੀ ਬੈਥਲ ਗਏ। ਬੈਥਲ ਨੇ ਸਾਨੂੰ ਇਕ ਗੱਡੀ ਦਿੱਤੀ ਤੇ ਅਸੀਂ ਬਲਗੇਰੀਆ ਚਲੇ ਗਏ। ਸਾਨੂੰ ਸੋਫ਼ੀਆ ਸ਼ਹਿਰ ਵਿਚ ਇਕ ਗਰੁੱਪ ਨਾਲ ਸੇਵਾ ਕਰਨ ਲਈ ਭੇਜਿਆ ਗਿਆ। ਉਸ ਗਰੁੱਪ ਵਿਚ ਲਗਭਗ 20 ਪ੍ਰਚਾਰਕ ਸਨ।
ਬਲਗੇਰੀਆ ਵਿਚ ਵੀ ਸਾਡੇ ਸਾਮ੍ਹਣੇ ਕੁਝ ਨਵੀਆਂ ਮੁਸ਼ਕਲਾਂ ਆਈਆਂ। ਇਕ ਮੁਸ਼ਕਲ ਇਹ ਸੀ ਕਿ ਸਾਨੂੰ ਉੱਥੋਂ ਦੀ ਭਾਸ਼ਾ ਨਹੀਂ ਆਉਂਦੀ ਸੀ। ਨਾਲੇ ਬਲਗੇਰੀਅਨ ਭਾਸ਼ਾ ਵਿਚ ਸਿਰਫ਼ ਦੋ ਹੀ ਕਿਤਾਬਾਂ ਸਨ, ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ ਤੇ ਬਾਈਬਲ ਕਹਾਣੀਆਂ ਦੀ ਮੇਰੀ ਕਿਤਾਬ। ਇਸ ਤੋਂ ਇਲਾਵਾ, ਉੱਥੇ ਬਾਈਬਲ ਸਟੱਡੀ ਸ਼ੁਰੂ ਕਰਨੀ ਬਹੁਤ ਔਖੀ ਸੀ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਵੀ ਸੋਫ਼ੀਆ ਵਿਚ ਸਾਡਾ ਗਰੁੱਪ ਤਰੱਕੀ ਕਰ ਰਿਹਾ ਸੀ। ਉੱਥੇ ਦੇ ਭੈਣ-ਭਰਾ ਬਹੁਤ ਜੋਸ਼ੀਲੇ ਸਨ। ਪਰ ਉੱਥੋਂ ਦੇ ਆਰਥੋਡਾਕਸ ਚਰਚ ਦੇ ਪਾਦਰੀਆਂ ਨੂੰ ਸਾਡਾ ਪ੍ਰਚਾਰ ਕਰਨਾ ਵਧੀਆ ਨਹੀਂ ਲੱਗਾ, ਇਸ ਕਰਕੇ ਉਨ੍ਹਾਂ ਨੇ ਸਾਡੇ ʼਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ।
1994 ਵਿਚ ਉੱਥੇ ਗਵਾਹਾਂ ਦੀ ਮਾਨਤਾ ਨੂੰ ਰੱਦ ਕਰ ਦਿੱਤਾ ਗਿਆ ਤੇ ਬਹੁਤ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਖ਼ਤਰਨਾਕ ਪੰਥ ਸਮਝਦੇ ਸਨ। ਕੁਝ ਭਰਾਵਾਂ ਨੂੰ ਜੇਲ੍ਹ ਹੋ ਗਈ। ਮੀਡੀਆ ਨੇ ਵੀ ਸਾਡੇ ਬਾਰੇ ਸਰਾਸਰ ਝੂਠੀਆਂ ਗੱਲਾਂ ਫੈਲਾਈਆਂ, ਜਿਵੇਂ ਉਨ੍ਹਾਂ ਨੇ ਕਿਹਾ ਕਿ ਯਹੋਵਾਹ ਦੇ ਗਵਾਹ ਆਪਣੇ ਬੱਚਿਆਂ ਨੂੰ ਮਰਨ ਲਈ ਛੱਡ ਦਿੰਦੇ ਹਨ ਤੇ ਹੋਰ ਗਵਾਹਾਂ ਨੂੰ ਖ਼ੁਦਕੁਸ਼ੀ ਕਰਨ ਲਈ ਕਹਿੰਦੇ ਹਨ। ਸਾਡੇ ਲਈ ਉੱਥੇ ਪ੍ਰਚਾਰ ਕਰਨਾ ਬਹੁਤ ਔਖਾ ਸੀ। ਸਾਨੂੰ ਅਕਸਰ ਪ੍ਰਚਾਰ ਵਿਚ ਇੱਦਾਂ ਦੇ ਲੋਕ ਮਿਲਦੇ ਸਨ ਜੋ ਸਾਡੇ ʼਤੇ ਭੜਕਦੇ ਸਨ, ਪੁਲਿਸ ਬੁਲਾ ਲੈਂਦੇ ਸਨ ਅਤੇ ਇੱਥੋਂ ਤਕ ਕਿ ਸਾਡੇ ʼਤੇ ਕੁਝ-ਨਾ-ਕੁਝ ਸੁੱਟਣ ਲੱਗ ਜਾਂਦੇ ਸਨ। ਉਸ ਦੇਸ਼ ਵਿਚ ਪ੍ਰਕਾਸ਼ਨ ਪਹੁੰਚਾਉਣੇ ਨਾਮੁਮਕਿਨ ਸਨ। ਨਾਲੇ ਸਭਾਵਾਂ ਲਈ ਕੋਈ ਜਗ੍ਹਾ ਕਿਰਾਏ ʼਤੇ ਲੈਣੀ ਵੀ ਬਹੁਤ ਔਖੀ ਸੀ। ਜਦੋਂ ਇਕ ਵਾਰ ਸਾਡਾ ਸੰਮੇਲਨ ਚੱਲ ਰਿਹਾ ਸੀ, ਤਾਂ ਪੁਲਿਸ ਨੇ ਆ ਕੇ ਸਾਡਾ ਪ੍ਰੋਗ੍ਰਾਮ ਰੋਕ ਦਿੱਤਾ। ਸਾਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਆਦਤ ਨਹੀਂ ਸੀ। ਇੱਥੋਂ ਦੇ ਲੋਕ ਯੂਗਾਂਡਾ ਦੇ ਲੋਕਾਂ ਨਾਲੋਂ ਬਿਲਕੁਲ ਵੱਖਰੇ ਸਨ। ਯੂਗਾਂਡਾ ਦੇ ਲੋਕ ਬਹੁਤ ਮਿਲਣਸਾਰ ਸਨ ਤੇ ਸਾਡਾ ਸੰਦੇਸ਼ ਬਹੁਤ ਧਿਆਨ ਨਾਲ ਸੁਣਦੇ ਸਨ। ਇਸ ਲਈ ਇੱਥੇ ਦੇ ਵਹਿਸ਼ੀ ਲੋਕਾਂ ਦਾ ਸਾਮ੍ਹਣਾ ਕਰਨਾ ਸਾਡੇ ਲਈ ਬਹੁਤ ਔਖਾ ਸੀ। ਪਰ ਕਿਹੜੀ ਗੱਲ ਨੇ ਇਸ ਨਵੇਂ ਮਾਹੌਲ ਵਿਚ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਰਨ ਵਿਚ ਸਾਡੀ ਮਦਦ ਕੀਤੀ?
ਬਲਗੇਰੀਆ ਦੇ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾ ਕੇ ਸਾਨੂੰ ਬਹੁਤ ਵਧੀਆ ਲੱਗਦਾ ਸੀ। ਅਸੀਂ ਦੇਖ ਸਕੇ ਕਿ ਉਹ ਸੱਚਾਈ ਸਿੱਖ ਕੇ ਬਹੁਤ ਖ਼ੁਸ਼ ਸਨ ਅਤੇ ਇਸ ਗੱਲ ਲਈ ਬਹੁਤ ਸ਼ੁਕਰਗੁਜ਼ਾਰ ਸਨ ਕਿ ਅਸੀਂ ਉਨ੍ਹਾਂ ਦਾ ਸਾਥ ਦੇ ਰਹੇ ਸੀ। ਸਾਰੇ ਜਣੇ ਇਕ-ਦੂਜੇ ਦੀ ਬਹੁਤ ਪਰਵਾਹ ਕਰਦੇ ਸਨ ਤੇ ਇਕ-ਦੂਜੇ ਦੀ ਮਦਦ ਕਰਦੇ ਸਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਅਸੀਂ ਸਿੱਖਿਆ ਕਿ ਅਸੀਂ ਚਾਹੇ ਜਿੱਥੇ ਮਰਜ਼ੀ ਯਹੋਵਾਹ ਦੀ ਸੇਵਾ ਕਰੀਏ, ਪਰ ਲੋਕਾਂ ਨਾਲ ਪਿਆਰ ਹੋਣ ਕਰਕੇ ਅਸੀਂ ਹਮੇਸ਼ਾ ਖ਼ੁਸ਼ ਰਹਿ ਸਕਦੇ ਹਾਂ।
2007 ਵਿਚ ਬਲਗੇਰੀਆ ਬ੍ਰਾਂਚ ਆਫ਼ਿਸ ਵਿਚ
ਪਰ ਕੁਝ ਸਾਲਾਂ ਬਾਅਦ ਉੱਥੇ ਦੇ ਹਾਲਾਤ ਬਦਲ ਗਏ। 1998 ਵਿਚ ਸਾਡੇ ਕੰਮ ਨੂੰ ਫਿਰ ਤੋਂ ਕਾਨੂੰਨੀ ਮਾਨਤਾ ਮਿਲ ਗਈ। ਨਾਲੇ ਜਲਦੀ ਹੀ ਬਲਗੇਰੀਆ ਭਾਸ਼ਾ ਵਿਚ ਹੋਰ ਕਈ ਪ੍ਰਕਾਸ਼ਨ ਆ ਗਏ। ਫਿਰ 2004 ਵਿਚ ਨਵੇਂ ਬਣੇ ਬ੍ਰਾਂਚ ਆਫ਼ਿਸ ਨੂੰ ਸਮਰਪਿਤ ਕੀਤਾ ਗਿਆ। ਅੱਜ ਬਲਗੇਰੀਆ ਵਿਚ 57 ਮੰਡਲੀਆਂ ਹਨ ਜਿਨ੍ਹਾਂ ਵਿਚ ਕੁੱਲ ਮਿਲਾ ਕੇ 2,953 ਪ੍ਰਚਾਰਕ ਹਨ। ਪਿਛਲੇ ਸੇਵਾ ਸਾਲ ਦੌਰਾਨ ਉੱਥੇ ਮੈਮੋਰੀਅਲ ਵਿਚ 6,475 ਲੋਕ ਹਾਜ਼ਰ ਹੋਏ। ਸੋਫ਼ੀਆ ਸ਼ਹਿਰ ਵਿਚ ਜਿੱਥੇ ਇਕ ਸਮੇਂ ਤੇ ਸਿਰਫ਼ ਪੰਜ ਭੈਣਾਂ ਸਨ, ਅੱਜ ਉੱਥੇ ਨੌਂ ਮੰਡਲੀਆਂ ਹਨ। ਅਸੀਂ ਦੋਹਾਂ ਨੇ ਆਪਣੀ ਅੱਖੀਂ ਯਸਾਯਾਹ 60:22 ਦੀ ਭਵਿੱਖਬਾਣੀ ਪੂਰੀ ਹੁੰਦੀ ਦੇਖੀ ਜਿੱਥੇ ਲਿਖਿਆ ਹੈ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ।”
ਸਿਹਤ ਨਾਲ ਜੁੜੀਆਂ ਸਮੱਸਿਆਵਾਂ
ਆਪਣੀ ਜ਼ਿੰਦਗੀ ਦੌਰਾਨ ਮੈਨੂੰ ਕਈ ਸਿਹਤ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ। ਡਾਕਟਰਾਂ ਨੇ ਕਈ ਵਾਰ ਮੈਨੂੰ ਦੱਸਿਆ ਕਿ ਮੇਰੇ ਸਰੀਰ ਵਿਚ ਕਈ ਟਿਊਮਰ ਹਨ, ਇੱਥੋਂ ਤਕ ਕਿ ਮੇਰੇ ਸਿਰ ਵਿਚ ਵੀ। ਮੇਰੀ ਰੇਡੀਏਸ਼ਨ ਥੈਰੇਪੀ ਹੋਈ ਅਤੇ ਅੱਗੇ ਇਲਾਜ ਕਰਾਉਣ ਲਈ ਮੈਂ ਭਾਰਤ ਗਈ ਜਿੱਥੇ ਡਾਕਟਰਾਂ ਨੇ 12 ਘੰਟਿਆਂ ਤਕ ਮੇਰਾ ਓਪਰੇਸ਼ਨ ਕੀਤਾ। ਉਸ ਓਪਰੇਸ਼ਨ ਵਿਚ ਕਾਫ਼ੀ ਹੱਦ ਤਕ ਮੇਰੇ ਸਿਰ ਦਾ ਟਿਊਮਰ ਕੱਢ ਦਿੱਤਾ ਗਿਆ। ਓਪਰੇਸ਼ਨ ਤੋਂ ਬਾਅਦ ਮੈਂ ਕੁਝ ਸਮੇਂ ਲਈ ਭਾਰਤ ਦੇ ਬੈਥਲ ਵਿਚ ਰਹੀ ਤਾਂਕਿ ਮੈਂ ਪੂਰੀ ਤਰ੍ਹਾਂ ਠੀਕ ਹੋ ਸਕਾਂ। ਫਿਰ ਅਸੀਂ ਬਲਗੇਰੀਆ ਵਾਪਸ ਚਲੇ ਗਏ।
ਉਸ ਸਮੇਂ ਦੌਰਾਨ ਹੀਂਟਸ ਨੂੰ ਹਨਟਿੰਗਟਨ ਨਾਂ ਦੀ ਇਕ ਦਿਮਾਗ਼ੀ ਬੀਮਾਰੀ ਹੋ ਗਈ ਜੋ ਬਹੁਤ ਘੱਟ ਲੋਕਾਂ ਨੂੰ ਹੁੰਦੀ ਹੈ। ਇਹ ਬੀਮਾਰੀ ਬੱਚਿਆਂ ਨੂੰ ਅਕਸਰ ਆਪਣੇ ਮਾਪਿਆਂ ਤੋਂ ਹੁੰਦੀ ਹੈ। ਇਸ ਬੀਮਾਰੀ ਕਰਕੇ ਹੀਂਟਸ ਲਈ ਤੁਰਨਾ-ਫਿਰਨਾ, ਗੱਲ ਕਰਨੀ ਤੇ ਹੋਰ ਕਈ ਛੋਟੇ-ਛੋਟੇ ਕੰਮ ਕਰਨੇ ਬਹੁਤ ਔਖੇ ਹੋ ਗਏ ਸਨ। ਜਿੱਦਾਂ-ਜਿੱਦਾਂ ਇਹ ਬੀਮਾਰੀ ਵਧਦੀ ਗਈ, ਹੀਂਟਸ ਮੇਰੇ ʼਤੇ ਜ਼ਿਆਦਾ ਨਿਰਭਰ ਰਹਿਣ ਲੱਗ ਪਏ। ਕਦੀ-ਕਦੀ ਮੈਂ ਬਹੁਤ ਥੱਕ ਜਾਂਦੀ ਸੀ ਤੇ ਮੈਨੂੰ ਇਹ ਚਿੰਤਾ ਸਤਾਉਣ ਲੱਗ ਪੈਂਦੀ ਸੀ ਕਿ ਮੈਂ ਇਨ੍ਹਾਂ ਨੂੰ ਕਿੱਦਾਂ ਸੰਭਾਲਾਂਗੀ। ਪਰ ਬੌਬੀ ਨਾਂ ਦਾ ਇਕ ਨੌਜਵਾਨ ਭਰਾ ਅਕਸਰ ਸਾਡੇ ਘਰ ਆਉਂਦਾ-ਜਾਂਦਾ ਸੀ ਤੇ ਹੀਂਟਸ ਨੂੰ ਆਪਣੇ ਨਾਲ ਪ੍ਰਚਾਰ ʼਤੇ ਲੈ ਜਾਂਦਾ ਸੀ। ਬੌਬੀ ਨੂੰ ਇਹ ਚਿੰਤਾ ਨਹੀਂ ਸੀ ਹੁੰਦੀ ਕਿ ਜਦੋਂ ਹੀਂਟਸ ਚੰਗੀ ਤਰ੍ਹਾਂ ਗੱਲ ਨਹੀਂ ਕਰ ਸਕਣਗੇ ਜਾਂ ਆਪਣੇ ਹੱਥਾਂ-ਪੈਰਾਂ ʼਤੇ ਕਾਬੂ ਨਹੀਂ ਰੱਖ ਸਕਣਗੇ, ਤਾਂ ਲੋਕ ਉਨ੍ਹਾਂ ਬਾਰੇ ਕੀ ਸੋਚਣਗੇ। ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੁੰਦਾ ਸੀ ਕਿ ਜੇ ਮੈਂ ਦੇਖ-ਭਾਲ ਕਰਨ ਲਈ ਹੀਂਟਸ ਨਾਲ ਨਾ ਵੀ ਹੋਵਾਂ, ਤਾਂ ਵੀ ਬੌਬੀ ਉਨ੍ਹਾਂ ਦਾ ਵਧੀਆ ਤਰੀਕੇ ਨਾਲ ਖ਼ਿਆਲ ਰੱਖੇਗਾ। ਭਾਵੇਂ ਕਿ ਮੈਂ ਤੇ ਹੀਂਟਸ ਨੇ ਸੋਚਿਆ ਸੀ ਕਿ ਇਸ ਦੁਨੀਆਂ ਵਿਚ ਅਸੀਂ ਬੱਚੇ ਪੈਦਾ ਨਹੀਂ ਕਰਾਂਗੇ, ਪਰ ਮੈਨੂੰ ਇੱਦਾਂ ਲੱਗਦਾ ਹੈ ਕਿ ਯਹੋਵਾਹ ਨੇ ਬੌਬੀ ਦੇ ਰੂਪ ਵਿਚ ਸਾਨੂੰ ਇਕ ਮੁੰਡਾ ਦਿੱਤਾ ਹੈ।—ਮਰ. 10:29, 30.
ਹੀਂਟਸ ਨੂੰ ਵੀ ਕੈਂਸਰ ਹੋ ਗਿਆ ਤੇ ਦੁੱਖ ਦੀ ਗੱਲ ਹੈ ਕਿ 2015 ਵਿਚ ਮੇਰੇ ਪਿਆਰੇ ਪਤੀ ਮੌਤ ਦੀ ਨੀਂਦ ਸੌਂ ਗਏ। ਮੈਨੂੰ ਆਪਣੇ ਪਤੀ ਦੀ ਬਹੁਤ ਯਾਦ ਆਉਂਦੀ ਹੈ। ਉਹ ਹਮੇਸ਼ਾ ਮੇਰੀ ਮਦਦ ਕਰਦੇ ਸਨ ਤਾਂਕਿ ਮੈਂ ਹੱਦੋਂ ਵੱਧ ਚਿੰਤਾ ਨਾ ਕਰਾਂ। ਮੇਰੇ ਲਈ ਉਨ੍ਹਾਂ ਤੋਂ ਬਗੈਰ ਰਹਿਣਾ ਬਹੁਤ ਜ਼ਿਆਦਾ ਔਖਾ ਹੈ। ਮੈਂ ਹਮੇਸ਼ਾ ਉਨ੍ਹਾਂ ਬਾਰੇ ਸੋਚਦੀ ਰਹਿੰਦੀ ਹਾਂ। ਇਹ ਇੱਦਾਂ ਹੈ ਜਿੱਦਾਂ ਉਹ ਹਾਲੇ ਵੀ ਮੇਰੀਆਂ ਯਾਦਾਂ ਵਿਚ ਜੀਉਂਦੇ ਹੋਣ। (ਲੂਕਾ 20:38) ਮੈਂ ਅਕਸਰ ਉਨ੍ਹਾਂ ਸਲਾਹਾਂ ਬਾਰੇ ਸੋਚਦੀ ਹਾਂ ਜਿਹੜੀਆਂ ਉਨ੍ਹਾਂ ਨੇ ਮੈਨੂੰ ਦਿੱਤੀਆਂ ਸਨ। ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਸਾਲਾਂ ਤਕ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕੀਤੀ।
ਮਦਦ ਲਈ ਯਹੋਵਾਹ ਦੀ ਸ਼ੁਕਰਗੁਜ਼ਾਰ
ਯਹੋਵਾਹ ਨੇ ਮੈਨੂੰ ਹਮੇਸ਼ਾ ਮੁਸ਼ਕਲਾਂ ਦੌਰਾਨ ਸੰਭਾਲਿਆ। ਉਸ ਦੀ ਮਦਦ ਸਦਕਾ ਹੀ ਮੈਂ ਸ਼ਰਮੀਲੇ ਸੁਭਾਅ ਦੇ ਬਾਵਜੂਦ ਵੀ ਇਕ ਮਿਸ਼ਨਰੀ ਬਣ ਸਕੀ ਅਤੇ ਲੋਕਾਂ ਨੂੰ ਪਿਆਰ ਕਰਨਾ ਸਿੱਖ ਸਕੀ। (2 ਤਿਮੋ. 1:7) ਮੈਂ ਯਹੋਵਾਹ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਅੱਜ ਮੈਂ ਤੇ ਮੇਰੀ ਛੋਟੀ ਭੈਣ ਪੂਰੇ ਸਮੇਂ ਦੀ ਸੇਵਾ ਕਰ ਰਹੀਆਂ ਹਾਂ। ਉਹ ਤੇ ਉਸ ਦਾ ਪਤੀ ਯੂਰਪ ਦੇ ਸਰਬੀਆਈ ਭਾਸ਼ਾ ਬੋਲਣ ਵਾਲੇ ਸਰਕਟ ਵਿਚ ਸੇਵਾ ਕਰ ਰਹੇ ਹਨ। ਸਾਡੇ ਛੋਟੇ ਹੁੰਦਿਆਂ ਡੈਡੀ ਨੇ ਜੋ ਪ੍ਰਾਰਥਨਾਵਾਂ ਕੀਤੀਆਂ ਸਨ, ਯਹੋਵਾਹ ਨੇ ਉਨ੍ਹਾਂ ਦਾ ਜਵਾਬ ਦਿੱਤਾ ਹੈ।
ਬਾਈਬਲ ਦਾ ਅਧਿਐਨ ਕਰ ਕੇ ਮੈਨੂੰ ਮਨ ਦੀ ਸ਼ਾਂਤੀ ਤੇ ਸਕੂਨ ਮਿਲਦਾ ਹੈ। ਮੈਂ ਸਿੱਖਿਆ ਹੈ ਕਿ ਮੁਸ਼ਕਲਾਂ ਦੌਰਾਨ ਮੈਨੂੰ ਵੀ ਯਿਸੂ ਵਾਂਗ ਹੋਰ ਵੀ “ਗਿੜਗਿੜਾ ਕੇ ਪ੍ਰਾਰਥਨਾ” ਕਰਨੀ ਚਾਹੀਦੀ ਹੈ। (ਲੂਕਾ 22:44) ਯਹੋਵਾਹ ਨੇ ਭੈਣਾਂ-ਭਰਾਵਾਂ ਰਾਹੀਂ ਵੀ ਮੇਰੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੱਤਾ ਹੈ। ਸੋਫ਼ੀਆ ਵਿਚ ਨਦੇਜ਼ਦਾ ਮੰਡਲੀ ਦੇ ਭੈਣ-ਭਰਾ ਮੈਨੂੰ ਬਹੁਤ ਪਿਆਰ ਕਰਦੇ ਹਨ ਤੇ ਮੇਰੀ ਮਦਦ ਕਰਦੇ ਹਨ। ਉਹ ਮੈਨੂੰ ਆਪਣੇ ਘਰ ਬੁਲਾਉਂਦੇ ਹਨ ਤੇ ਅਕਸਰ ਦੱਸਦੇ ਹਨ ਕਿ ਉਹ ਮੇਰੀ ਬੜੀ ਕਦਰ ਕਰਦੇ ਹਨ। ਇਸ ਕਰਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਹੈ।
ਮੈਂ ਅਕਸਰ ਆਪਣੀਆਂ ਮਨ ਦੀਆਂ ਅੱਖਾਂ ਨਾਲ ਆਪਣੇ ਪਰਿਵਾਰ ਨੂੰ ਨਵੀਂ ਦੁਨੀਆਂ ਵਿਚ ਦੇਖਦੀ ਹਾਂ। ਮੈਂ ਦੇਖਦੀ ਹਾਂ ਕਿ ਮੇਰੇ ਮੰਮੀ-ਡੈਡੀ ਘਰ ਦੇ ਬਾਹਰ ਖੜ੍ਹੇ ਹਨ ਤੇ ਉਹ ਉੱਨੇ ਹੀ ਸੋਹਣੇ ਲੱਗ ਰਹੇ ਹਨ ਜਿੰਨੇ ਉਹ ਆਪਣੇ ਵਿਆਹ ਵੇਲੇ ਸਨ। ਮੇਰੀ ਭੈਣ ਖਾਣਾ ਬਣਾ ਰਹੀ ਹੈ ਤੇ ਹੀਂਟਸ ਆਪਣੇ ਘੋੜੇ ਨਾਲ ਖੜ੍ਹੇ ਹਨ। ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੋਚਣ ਕਰ ਕੇ ਮੇਰਾ ਧਿਆਨ ਨਿਰਾਸ਼ ਕਰਨ ਵਾਲੀਆਂ ਗੱਲਾਂ ਤੋਂ ਹਟ ਜਾਂਦਾ ਹੈ ਤੇ ਮੇਰਾ ਦਿਲ ਯਹੋਵਾਹ ਲਈ ਸ਼ੁਕਰਗੁਜ਼ਾਰੀ ਨਾਲ ਭਰ ਜਾਂਦਾ ਹੈ।
ਪੁਰਾਣੇ ਦਿਨਾਂ ਬਾਰੇ ਅਤੇ ਭਵਿੱਖ ਬਾਰੇ ਸੋਚਦਿਆਂ ਮੈਂ ਬਿਲਕੁਲ ਦਾਊਦ ਵਾਂਗ ਮਹਿਸੂਸ ਕਰਦੀ ਹਾਂ। ਉਸ ਨੇ ਜ਼ਬੂਰ 27:13, 14 ਵਿਚ ਕਿਹਾ: “ਮੇਰਾ ਕੀ ਹੁੰਦਾ ਜੇ ਮੈਨੂੰ ਨਿਹਚਾ ਨਾ ਹੁੰਦੀ ਕਿ ਮੈਂ ਆਪਣੇ ਜੀਉਂਦੇ-ਜੀ ਯਹੋਵਾਹ ਦੀ ਭਲਾਈ ਦੇਖਾਂਗਾ? ਯਹੋਵਾਹ ʼਤੇ ਉਮੀਦ ਲਾਈ ਰੱਖ; ਦਲੇਰ ਬਣ ਅਤੇ ਆਪਣਾ ਮਨ ਤਕੜਾ ਕਰ। ਹਾਂ, ਯਹੋਵਾਹ ʼਤੇ ਉਮੀਦ ਲਾਈ ਰੱਖ।”
a 8 ਅਕਤੂਬਰ 2000 ਦੇ ਜਾਗਰੂਕ ਬਣੋ! ਦੇ ਸਫ਼ੇ 20-24 ʼਤੇ ਤਾਤਿਆਨਾ ਵਿਲੇਸਕਾ ਦੀ ਜੀਵਨੀ ਪੜ੍ਹੋ।