ਜੀਵਨੀ
ਯਹੋਵਾਹ ਦੀ ਮਦਦ ਨਾਲ ‘ਸਾਨੂੰ ਜਿੱਥੇ ਵੀ ਬੀਜਿਆ ਗਿਆ, ਅਸੀਂ ਉੱਥੇ ਵਧਦੇ-ਫੁੱਲਦੇ ਰਹੇ’
“ਜਿੱਥੇ ਵੀ ਤੁਹਾਨੂੰ ਬੀਜਿਆ ਜਾਵੇ, ਉੱਥੇ ਵਧਦੇ-ਫੁੱਲਦੇ ਰਹੋ।” ਸ਼ਾਇਦ ਇਹ ਸਲਾਹ ਸੁਣਨ ਵਿਚ ਥੋੜ੍ਹੀ ਅਜੀਬ ਲੱਗੇ, ਪਰ ਆਓ ਦੇਖੀਏ ਕਿ ਸਵੀਡਨ ਦੇ ਰਹਿਣ ਵਾਲੇ ਮੈਟਸ ਅਤੇ ਐੱਨ-ਕਾਟਰੀਨ ਨਾਂ ਦੇ ਜੋੜੇ ਨਾਲ ਕੀ ਹੋਇਆ ਅਤੇ ਉਨ੍ਹਾਂ ਨੂੰ ਇਸ ਸਲਾਹ ਤੋਂ ਕੀ ਫ਼ਾਇਦੇ ਹੋਏ।
1979 ਵਿਚ ਭਰਾ ਮੈਟਸ ਅਤੇ ਭੈਣ ਐੱਨ-ਕਾਟਰੀਨ ਗਿਲਿਅਡ ਸਕੂਲ ਗਏ ਸਨ। ਉੱਥੇ ਭਰਾ ਜੈਕ ਰੈੱਡਫ਼ਰਡ ਨੇ ਕਲਾਸ ਨੂੰ ਇਹ ਸਲਾਹ ਦਿੱਤੀ ਕਿ “ਜਿੱਥੇ ਵੀ ਤੁਹਾਨੂੰ ਬੀਜਿਆ ਜਾਵੇ, ਉੱਥੇ ਵਧਦੇ-ਫੁੱਲਦੇ ਰਹੋ।” ਆਉਣ ਵਾਲੇ ਸਾਲਾਂ ਦੌਰਾਨ ਉਨ੍ਹਾਂ ਨੂੰ ਈਰਾਨ, ਤਨਜ਼ਾਨੀਆ, ਮਿਆਨਮਾਰ, ਮੌਰੀਸ਼ਸ, ਯੂਗਾਂਡਾ ਅਤੇ ਜ਼ੇਅਰ ਭੇਜਿਆ ਗਿਆ। ਉਹ ਇਕ ਅਜਿਹੇ ਪੌਦੇ ਵਾਂਗ ਸਨ ਜਿਸ ਨੂੰ ਕਈ ਵਾਰ ‘ਇਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਲਾਇਆ ਗਿਆ।’ ਨਾਲੇ ਉਨ੍ਹਾਂ ਨੂੰ ‘ਜਿੱਥੇ ਵੀ ਬੀਜਿਆ ਗਿਆ, ਉਹ ਉੱਥੇ ਵਧਦੇ-ਫੁੱਲਦੇ ਰਹੇ।’ ਆਓ ਆਪਾਂ ਉਨ੍ਹਾਂ ਦੀ ਕਹਾਣੀ ਸੁਣਦੇ ਹਾਂ।
ਪਲੀਜ਼, ਸਾਨੂੰ ਦੱਸੋ ਕਿ ਤੁਹਾਨੂੰ ਸੱਚਾਈ ਕਿਵੇਂ ਮਿਲੀ।
ਮੈਟਸ: ਦੂਜੇ ਵਿਸ਼ਵ ਯੁੱਧ ਦੌਰਾਨ ਅਸੀਂ ਪੋਲੈਂਡ ਵਿਚ ਰਹਿੰਦੇ ਸੀ। ਉਸ ਵੇਲੇ ਮੇਰੇ ਡੈਡੀ ਚਰਚ ਜਾਂਦੇ ਹੁੰਦੇ ਸਨ। ਉੱਥੇ ਉਨ੍ਹਾਂ ਨੇ ਦੇਖਿਆ ਕਿ ਉਹ ਲੋਕਾਂ ਨੂੰ ਸਿਖਾਉਂਦੇ ਕੁਝ ਹੋਰ ਸਨ ਅਤੇ ਕਰਦੇ ਕੁਝ ਹੋਰ। ਪਰ ਫਿਰ ਵੀ ਉਹ ਅਕਸਰ ਕਹਿੰਦੇ ਸਨ: “ਮੈਨੂੰ ਪਤਾ ਕਿ ਕਿਤੇ-ਨਾ-ਕਿਤੇ ਤਾਂ ਸੱਚਾਈ ਜ਼ਰੂਰ ਹੋਣੀ।” ਸਮੇਂ ਦੇ ਬੀਤਣ ਨਾਲ ਮੈਨੂੰ ਯਕੀਨ ਹੋ ਗਿਆ ਕਿ ਡੈਡੀ ਸਹੀ ਕਹਿ ਰਹੇ ਸਨ। ਇਕ ਵਾਰ ਮੈਂ ਬਹੁਤ ਸਾਰੀਆਂ ਪੁਰਾਣੀਆਂ ਕਿਤਾਬਾਂ ਖ਼ਰੀਦ ਕੇ ਲੈ ਆਇਆ। ਉਨ੍ਹਾਂ ਵਿਚ ਇਕ ਨੀਲੇ ਰੰਗ ਦੀ ਕਿਤਾਬ ਸੀ ਜਿਸ ਦਾ ਨਾਂ ਸੀ, ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ। ਉਸ ਕਿਤਾਬ ਦਾ ਨਾਂ ਮੈਨੂੰ ਬੜਾ ਦਿਲਚਸਪ ਲੱਗਾ। ਮੈਨੂੰ ਜਿਸ ਦਿਨ ਉਹ ਕਿਤਾਬ ਮਿਲੀ ਸੀ, ਉਸੇ ਰਾਤ ਮੈਂ ਉਹ ਕਿਤਾਬ ਪੂਰੀ ਪੜ੍ਹ ਲਈ। ਸਵੇਰ ਹੁੰਦਿਆਂ ਤਕ ਮੈਨੂੰ ਯਕੀਨ ਹੋ ਗਿਆ ਕਿ ਇਹੀ ਸੱਚਾਈ ਹੈ।
ਅਪ੍ਰੈਲ 1972 ਤੋਂ ਬਾਅਦ ਮੈਂ ਯਹੋਵਾਹ ਦੇ ਗਵਾਹਾਂ ਦੇ ਕਈ ਪ੍ਰਕਾਸ਼ਨ ਪੜ੍ਹੇ। ਮੇਰੇ ਮਨ ਵਿਚ ਬਾਈਬਲ ਬਾਰੇ ਜੋ ਵੀ ਸਵਾਲ ਸਨ, ਮੈਨੂੰ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਮੈਂ ਯਿਸੂ ਦੀ ਮਿਸਾਲ ਵਿਚ ਦੱਸੇ ਉਸ ਵਪਾਰੀ ਵਾਂਗ ਮਹਿਸੂਸ ਕਰ ਰਿਹਾ ਸੀ ਜਿਸ ਨੂੰ ਇਕ ਬਹੁਤ ਕੀਮਤੀ ਮੋਤੀ ਮਿਲ ਗਿਆ ਸੀ। ਮੋਤੀ ਮਿਲਣ ਤੋਂ ਬਾਅਦ ਉਸ ਨੇ ਆਪਣਾ ਸਾਰਾ ਕੁਝ ਵੇਚ ਦਿੱਤਾ ਅਤੇ ਉਸ ਨੂੰ ਖ਼ਰੀਦ ਲਿਆ। ਮੈਨੂੰ ਵੀ ਜਦੋਂ ਸੱਚਾਈ ਦਾ ਮੋਤੀ ਮਿਲਿਆ, ਤਾਂ ਮੈਂ ਯੂਨੀਵਰਸਿਟੀ ਵਿਚ ਪੜ੍ਹਾਈ ਕਰਨ ਅਤੇ ਡਾਕਟਰ ਬਣਨ ਦਾ ਆਪਣਾ ਕੈਰੀਅਰ ਇਕ ਤਰ੍ਹਾਂ ਨਾਲ “ਵੇਚ” ਦਿੱਤਾ ਅਤੇ ਉਹ “ਮੋਤੀ” ਖ਼ਰੀਦ ਲਿਆ। (ਮੱਤੀ 13:45, 46) ਮੈਂ 10 ਦਸੰਬਰ 1972 ਨੂੰ ਬਪਤਿਸਮਾ ਲੈ ਲਿਆ।
ਇਕ ਸਾਲ ਦੇ ਅੰਦਰ-ਅੰਦਰ ਹੀ ਮੇਰੇ ਮੰਮੀ-ਡੈਡੀ ਅਤੇ ਛੋਟਾ ਭਰਾ ਵੀ ਸਟੱਡੀ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਵੀ ਬਪਤਿਸਮਾ ਲੈ ਲਿਆ। ਜੁਲਾਈ 1973 ਵਿਚ ਮੈਂ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਸਾਡੀ ਮੰਡਲੀ ਵਿਚ ਕਈ ਜੋਸ਼ੀਲੇ ਪਾਇਨੀਅਰ ਭੈਣ-ਭਰਾ ਸਨ। ਉਨ੍ਹਾਂ ਵਿੱਚੋਂ ਇਕ ਸੀ, ਭੈਣ ਐੱਨ-ਕਾਟਰੀਨ। ਉਸ ਦਾ ਸੁਭਾਅ ਬੜਾ ਚੰਗਾ ਸੀ ਅਤੇ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਸੀ। ਸਾਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ ਅਤੇ 1975 ਵਿਚ ਅਸੀਂ ਵਿਆਹ ਕਰਵਾ ਲਿਆ। ਅਗਲੇ ਚਾਰ ਸਾਲਾਂ ਤਕ ਅਸੀਂ ਸਵੀਡਨ ਦੇ ਸਟ੍ਰੋਮਸੰਡ ਸ਼ਹਿਰ ਵਿਚ ਸੇਵਾ ਕੀਤੀ। ਉਹ ਬਹੁਤ ਖ਼ੂਬਸੂਰਤ ਸ਼ਹਿਰ ਸੀ ਅਤੇ ਉੱਥੇ ਬਹੁਤ ਸਾਰੇ ਲੋਕ ਬਾਈਬਲ ਬਾਰੇ ਸਿੱਖਣਾ ਚਾਹੁੰਦੇ ਸਨ।
ਐੱਨ-ਕਾਟਰੀਨ: ਮੇਰੇ ਡੈਡੀ ਨੇ ਸਟਾਕਹੋਮ ਵਿਚ ਯੂਨੀਵਰਸਿਟੀ ਦੀ ਪੜ੍ਹਾਈ ਦੇ ਆਖ਼ਰੀ ਸਾਲ ਦੌਰਾਨ ਸੱਚਾਈ ਸਿੱਖੀ। ਉਸ ਵੇਲੇ ਮੈਂ ਬੱਸ ਤਿੰਨ ਮਹੀਨਿਆਂ ਦੀ ਸੀ, ਫਿਰ ਵੀ ਡੈਡੀ ਮੈਨੂੰ ਆਪਣੇ ਨਾਲੇ ਸਭਾਵਾਂ ਅਤੇ ਪ੍ਰਚਾਰ ʼਤੇ ਲੈ ਕੇ ਜਾਂਦੇ ਸਨ। ਮੇਰੇ ਮੰਮੀ ਨੂੰ ਇਹ ਸਾਰਾ ਕੁਝ ਪਸੰਦ ਨਹੀਂ ਸੀ ਅਤੇ ਉਹ ਗਵਾਹਾਂ ਨੂੰ ਗ਼ਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਸਨ। ਪਰ ਉਹ ਸਫ਼ਲ ਨਹੀਂ ਹੋਈ। ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਵੀ ਸੱਚਾਈ ਸਿੱਖ ਲਈ ਅਤੇ ਬਪਤਿਸਮਾ ਲੈ ਲਿਆ। ਫਿਰ 13 ਸਾਲਾਂ ਦੀ ਉਮਰ ਵਿਚ ਮੈਂ ਵੀ ਬਪਤਿਸਮਾ ਲੈ ਲਿਆ ਅਤੇ 16 ਸਾਲ ਦੀ ਉਮਰ ਵਿਚ ਮੈਂ ਪਾਇਨੀਅਰਿੰਗ ਕਰਨ ਲੱਗ ਪਈ। ਫਿਰ ਮੈਂ ਓਮਾਓ ਨਾਂ ਦੀ ਜਗ੍ਹਾ ਸੇਵਾ ਕਰਨ ਗਈ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਉਸ ਤੋਂ ਬਾਅਦ ਮੈਨੂੰ ਸਪੈਸ਼ਲ ਪਾਇਨੀਅਰਿੰਗ ਕਰਨ ਦਾ ਮੌਕਾ ਮਿਲਿਆ।
ਵਿਆਹ ਤੋਂ ਬਾਅਦ ਮੈਨੂੰ ਤੇ ਮੈਟਸ ਨੂੰ ਕਈ ਲੋਕਾਂ ਦੀ ਸੱਚਾਈ ਸਿੱਖਣ ਵਿਚ ਮਦਦ ਕਰ ਕੇ ਖ਼ੁਸ਼ੀ ਹੋਈ। ਉਨ੍ਹਾਂ ਲੋਕਾਂ ਵਿੱਚੋਂ ਇਕ ਮੀਵਰ ਨਾਂ ਦੀ ਨੌਜਵਾਨ ਕੁੜੀ ਸੀ ਜਿਸ ਨੇ ਖੇਡਾਂ ਵਿਚ ਆਪਣਾ ਕੈਰੀਅਰ ਬਣਾਉਣ ਦਾ ਸੁਪਨਾ ਛੱਡ ਦਿੱਤਾ ਅਤੇ ਮੇਰੀ ਛੋਟੀ ਭੈਣ ਨਾਲ ਮਿਲ ਕੇ ਪਾਇਨੀਅਰਿੰਗ ਕਰਨ ਲੱਗ ਪਈ। ਉਹ ਦੋਵੇਂ 1984 ਵਿਚ ਗਿਲਿਅਡ ਸਕੂਲ ਗਈਆਂ ਅਤੇ ਹੁਣ ਉਹ ਇਕਵੇਡਾਰ ਵਿਚ ਮਿਸ਼ਨਰੀਆਂ ਵਜੋਂ ਸੇਵਾ ਕਰ ਰਹੀਆਂ ਹਨ।
ਤੁਸੀਂ ਕਈ ਵੱਖੋ-ਵੱਖਰੇ ਦੇਸ਼ਾਂ ਵਿਚ ਮਿਸ਼ਨਰੀਆਂ ਵਜੋਂ ਸੇਵਾ ਕੀਤੀ, ਉਸ ਦੌਰਾਨ ਤੁਸੀਂ ਇਸ ਸਲਾਹ ਨੂੰ ਕਿਵੇਂ ਮੰਨਿਆ ਕਿ “ਜਿੱਥੇ ਵੀ ਤੁਹਾਨੂੰ ਬੀਜਿਆ ਜਾਵੇ, ਉੱਥੇ ਵਧਦੇ-ਫੁੱਲਦੇ ਰਹੋ”?
ਮੈਟਸ: ਸਾਨੂੰ ਵਾਰ-ਵਾਰ ‘ਇਕ ਜਗ੍ਹਾ ਤੋਂ ਪੁੱਟ ਕੇ ਦੂਜੀ ਜਗ੍ਹਾ ਲਗਾਇਆ ਗਿਆ’ ਯਾਨੀ ਸਾਨੂੰ ਕਈ ਵੱਖੋ-ਵੱਖਰੀਆਂ ਥਾਵਾਂ ʼਤੇ ਜਾ ਕੇ ਸੇਵਾ ਕਰਨ ਲਈ ਕਿਹਾ ਗਿਆ। ਪਰ ਅਸੀਂ ਕੋਸ਼ਿਸ਼ ਕੀਤੀ ਕਿ ਅਸੀਂ ਯਿਸੂ ਵਿਚ “ਆਪਣੀਆਂ ਜੜ੍ਹਾਂ ਪੱਕੀਆਂ” ਰੱਖੀਏ ਯਾਨੀ ਉਸ ਵਾਂਗ ਬਣਨ ਦੀ ਪੂਰੀ ਕੋਸ਼ਿਸ਼ ਕਰੀਏ, ਖ਼ਾਸ ਕਰਕੇ ਨਿਮਰ ਬਣਨ ਦੀ। (ਕੁਲੁ. 2:6, 7) ਮਿਸਾਲ ਲਈ, ਅਸੀਂ ਭੈਣਾਂ-ਭਰਾਵਾਂ ਤੋਂ ਇਹ ਉਮੀਦ ਨਹੀਂ ਕੀਤੀ ਕਿ ਉਹ ਸਾਡੇ ਤਰੀਕਿਆਂ ਮੁਤਾਬਕ ਕੰਮ ਕਰਨ। ਇਸ ਦੀ ਬਜਾਇ, ਅਸੀਂ ਉਨ੍ਹਾਂ ਦੀ ਸੋਚ ਤੇ ਸਭਿਆਚਾਰ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਨਾਲੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਕੋਈ ਕੰਮ ਕਿਉਂ ਜਾਂ ਕਿਸ ਤਰੀਕੇ ਨਾਲ ਕਰਦੇ ਹਨ। ਅਸੀਂ ਯਿਸੂ ਦੀ ਜਿੰਨੀ ਜ਼ਿਆਦਾ ਰੀਸ ਕੀਤੀ, ਅਸੀਂ ਉੱਨਾ ਜ਼ਿਆਦਾ ਇੱਦਾਂ ਮਹਿਸੂਸ ਕੀਤਾ ਕਿ ਅਸੀਂ “ਵਹਿੰਦੇ ਪਾਣੀਆਂ ਕੋਲ ਲਾਏ ਗਏ ਹਾਂ।” ਇਸ ਕਰਕੇ ਸਾਨੂੰ ਜਿੱਥੇ ਵੀ ਭੇਜਿਆ ਗਿਆ, ਉੱਥੇ ਅਸੀਂ ਖ਼ੁਸ਼ੀ-ਖ਼ੁਸ਼ੀ ਸੇਵਾ ਕਰਦੇ ਰਹੇ।—ਜ਼ਬੂ. 1:2, 3.
ਮੰਡਲੀਆਂ ਦਾ ਦੌਰਾ ਕਰਨ ਲਈ ਅਸੀਂ ਅਕਸਰ ਇਕ ਥਾਂ ਤੋਂ ਦੂਜੀ ਥਾਂ ʼਤੇ ਜਾਂਦੇ ਸੀ
ਐੱਨ-ਕਾਟਰੀਨ: ਜਦੋਂ ਇਕ ਪੌਦੇ ਨੂੰ ਪੁੱਟ ਕੇ ਦੂਜੀ ਥਾਂ ʼਤੇ ਲਾਇਆ ਜਾਂਦਾ ਹੈ, ਤਾਂ ਉਸ ਨੂੰ ਵਧਦੇ ਰਹਿਣ ਲਈ ਸੂਰਜ ਦੀ ਰੌਸ਼ਨੀ ਦੀ ਵੀ ਲੋੜ ਹੁੰਦੀ ਹੈ। ਯਹੋਵਾਹ ਨੇ ਹਮੇਸ਼ਾ ਸਾਡੇ ਲਈ ਇਕ “ਸੂਰਜ” ਵਾਂਗ ਕੰਮ ਕੀਤਾ। (ਜ਼ਬੂ. 84:11) ਉਸ ਨੇ ਭੈਣਾਂ-ਭਰਾਵਾਂ ਰਾਹੀਂ ਸਾਨੂੰ ਜੋ ਪਿਆਰ ਦਿੱਤਾ ਉਹ ਸੂਰਜ ਦੀ ਰੌਸ਼ਨੀ ਵਾਂਗ ਸੀ। ਮਿਸਾਲ ਲਈ, ਈਰਾਨ ਦੀ ਰਾਜਧਾਨੀ ਤਹਿਰਾਨ ਦੀ ਇਕ ਛੋਟੀ ਜਿਹੀ ਮੰਡਲੀ ਦੇ ਭੈਣ-ਭਰਾ ਕਾਫ਼ੀ ਜ਼ਿਆਦਾ ਖੁੱਲ੍ਹੇ ਦਿਲ ਵਾਲੇ ਅਤੇ ਪਰਾਹੁਣਚਾਰੀ ਕਰਨ ਵਾਲੇ ਸਨ। ਉਨ੍ਹਾਂ ਨੂੰ ਦੇਖ ਕੇ ਮੈਨੂੰ ਬਾਈਬਲ ਵਿਚ ਦਰਜ ਕੀਤੇ ਕੁਝ ਲੋਕ ਯਾਦ ਆਏ ਜਿਨ੍ਹਾਂ ਨੇ ਪਰਾਹੁਣਚਾਰੀ ਦਿਖਾਈ ਸੀ। ਅਸੀਂ ਈਰਾਨ ਵਿਚ ਹੀ ਰਹਿ ਕੇ ਸੇਵਾ ਕਰਨੀ ਚਾਹੁੰਦੇ ਸੀ, ਪਰ ਜੁਲਾਈ 1980 ਵਿਚ ਉੱਥੇ ਦੀ ਸਰਕਾਰ ਨੇ ਯਹੋਵਾਹ ਦੇ ਗਵਾਹਾਂ ਦੇ ਕੰਮ ʼਤੇ ਪਾਬੰਦੀ ਲਗਾ ਦਿੱਤੀ ਅਤੇ ਸਾਨੂੰ 48 ਘੰਟਿਆਂ ਦੇ ਅੰਦਰ-ਅੰਦਰ ਉੱਥੋਂ ਚਲੇ ਜਾਣ ਦਾ ਹੁਕਮ ਦਿੱਤਾ ਗਿਆ। ਫਿਰ ਸਾਨੂੰ ਅਫ਼ਰੀਕਾ ਦੇ ਜ਼ੇਅਰ ਦੇਸ਼ ਭੇਜਿਆ ਗਿਆ ਜਿਸ ਨੂੰ ਹੁਣ ਕਾਂਗੋ ਵੀ ਕਿਹਾ ਜਾਂਦਾ ਹੈ।
1982 ਵਿਚ ਜ਼ੇਅਰ ਵਿਚ ਸੇਵਾ ਕਰਦਿਆਂ ਕੁਝ ਮਿੱਠੀਆਂ ਯਾਦਾਂ
ਜਦੋਂ ਮੈਂ ਪਹਿਲੀ ਵਾਰ ਸੁਣਿਆ ਕਿ ਅਸੀਂ ਅਫ਼ਰੀਕਾ ਜਾ ਰਹੇ ਹਾਂ, ਤਾਂ ਮੈਨੂੰ ਰੋਣਾ ਆ ਗਿਆ। ਮੈਂ ਅਫ਼ਰੀਕਾ ਦੇ ਸੱਪਾਂ ਅਤੇ ਉੱਥੇ ਦੀਆਂ ਬੀਮਾਰੀਆਂ ਬਾਰੇ ਜੋ ਸੁਣਿਆ ਸੀ, ਉਸ ਕਰਕੇ ਮੈਂ ਬਹੁਤ ਡਰ ਗਈ ਸੀ। ਪਰ ਸਾਡੇ ਦੋ ਚੰਗੇ ਦੋਸਤ ਸਨ ਜਿਨ੍ਹਾਂ ਨੇ ਉੱਥੇ ਬਹੁਤ ਸਾਲਾਂ ਤਕ ਸੇਵਾ ਕੀਤੀ ਸੀ। ਉਨ੍ਹਾਂ ਨੇ ਸਾਨੂੰ ਕਿਹਾ: “ਤੁਸੀਂ ਤਾਂ ਅਜੇ ਤਕ ਅਫ਼ਰੀਕਾ ਗਏ ਵੀ ਨਹੀਂ। ਬੱਸ ਇਕ ਵਾਰ ਉੱਥੇ ਜਾ ਕੇ ਤਾਂ ਦੇਖੋ। ਤੁਹਾਨੂੰ ਅਫ਼ਰੀਕਾ ਨਾਲ ਪਿਆਰ ਹੋ ਜਾਵੇਗਾ!” ਬਿਲਕੁਲ ਇਸੇ ਤਰ੍ਹਾਂ ਹੋਇਆ! ਉੱਥੇ ਦੇ ਭੈਣਾਂ-ਭਰਾਵਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ। ਦਰਅਸਲ, ਜਦੋਂ ਛੇ ਸਾਲਾਂ ਬਾਅਦ ਜ਼ੇਅਰ ਦੇਸ਼ ਵਿਚ ਸਾਡੇ ਕੰਮ ʼਤੇ ਪਾਬੰਦੀ ਲਾ ਦਿੱਤੀ ਗਈ ਅਤੇ ਸਾਨੂੰ ਇਹ ਦੇਸ਼ ਛੱਡਣ ਲਈ ਕਿਹਾ ਗਿਆ, ਤਾਂ ਮੈਨੂੰ ਆਪਣੇ ਆਪ ʼਤੇ ਹਾਸਾ ਆ ਗਿਆ ਕਿਉਂਕਿ ਹੁਣ ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰ ਰਹੀ ਸੀ: “ਪਲੀਜ਼ ਸਾਨੂੰ ਇੱਥੋਂ ਨਾ ਭੇਜੋ, ਅਸੀਂ ਇੱਥੇ ਹੀ ਰਹਿਣਾ ਚਾਹੁੰਦੇ ਹਾਂ।”
ਇੰਨੇ ਸਾਲਾਂ ਦੀ ਸੇਵਾ ਦੌਰਾਨ ਤੁਹਾਨੂੰ ਕਿਹੜੀਆਂ ਬਰਕਤਾਂ ਮਿਲੀਆਂ?
1988 ਵਿਚ ਤਨਜ਼ਾਨੀਆ ਵਿਚ ਸਾਡਾ ਛੋਟਾ ਜਿਹਾ “ਘਰ”
ਮੈਟਸ: ਮਿਸ਼ਨਰੀ ਸੇਵਾ ਕਰਦਿਆਂ ਅਸੀਂ ਵੱਖੋ-ਵੱਖਰੇ ਦੇਸ਼ਾਂ ਅਤੇ ਸਭਿਆਚਾਰਾਂ ਦੇ ਮਿਸ਼ਨਰੀਆਂ ਨਾਲ ਦੋਸਤੀ ਕਰ ਸਕੇ। ਕੁਝ ਥਾਵਾਂ ʼਤੇ ਸਾਨੂੰ ਕਈ ਲੋਕਾਂ ਨਾਲ ਬਾਈਬਲ ਸਟੱਡੀ ਕਰਨ ਦਾ ਮੌਕਾ ਮਿਲਿਆ। ਕਈ ਵਾਰ ਸਾਡੇ ਦੋਹਾਂ ਕੋਲ ਹੀ 20-20 ਸਟੱਡੀਆਂ ਹੁੰਦੀਆਂ ਸਨ। ਇਸ ਨਾਲ ਸਾਨੂੰ ਇੰਨੀ ਖ਼ੁਸ਼ੀ ਮਿਲਦੀ ਸੀ ਕਿ ਅਸੀਂ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ। ਅਸੀਂ ਆਪਣੇ ਅਫ਼ਰੀਕੀ ਭੈਣਾਂ-ਭਰਾਵਾਂ ਦੇ ਪਿਆਰ ਅਤੇ ਪਰਾਹੁਣਚਾਰੀ ਨੂੰ ਕਦੇ ਨਹੀਂ ਭੁੱਲ ਸਕਦੇ। ਜਦੋਂ ਅਸੀਂ ਤਨਜ਼ਾਨੀਆ ਦੀਆਂ ਮੰਡਲੀਆਂ ਦਾ ਦੌਰਾ ਕੀਤਾ, ਤਾਂ ਉੱਥੇ ਸਾਡੇ ਦੋਸਤਾਂ ਨੇ ਆਪਣੀ “ਹੈਸੀਅਤ ਤੋਂ ਵੀ ਵੱਧ” ਕੇ ਸਾਡੀ ਪਰਾਹੁਣਚਾਰੀ ਕੀਤੀ। (2 ਕੁਰਿੰ. 8:3) ਨਾਲੇ ਜਦੋਂ ਅਸੀਂ ਆਪਣੀ ਵੌਕਸਵੈਗਨ ਕੌਂਬੀ ਵੈਨ (ਜੋ ਸਾਡਾ ਘਰ ਸੀ) ਉਨ੍ਹਾਂ ਦੇ ਘਰ ਦੇ ਨੇੜੇ ਖੜ੍ਹੀ ਕਰਦੇ ਸੀ ਜਿਸ ਵਿਚ ਅਸੀਂ ਸੌਂਦੇ ਸੀ, ਤਾਂ ਉਹ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਸਨ ਕਿ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਾ ਹੋਵੇ। ਇਕ ਹੋਰ ਚੀਜ਼ ਜੋ ਸਾਡੇ ਦੋਹਾਂ ਲਈ ਬਹੁਤ ਖ਼ਾਸ ਸੀ, ਉਹ ਸੀ ਸਾਡਾ ਸ਼ਾਮ ਦਾ ਸਮਾਂ ਜਿਸ ਨੂੰ ਅਸੀਂ “ਸਟੋਰੀ ਟਾਈਮ” ਕਹਿੰਦੇ ਸੀ। ਉਸ ਵੇਲੇ ਅਸੀਂ ਦੋਵੇਂ ਜਣੇ ਇਕੱਠੇ ਬਹਿ ਕੇ ਦਿਨ ਭਰ ਕੀਤੇ ਕੰਮਾਂ ਬਾਰੇ ਗੱਲ ਕਰਦੇ ਸੀ ਅਤੇ ਯਹੋਵਾਹ ਦਾ ਧੰਨਵਾਦ ਕਰਦੇ ਸੀ ਕਿ ਉਸ ਨੇ ਸਾਡੀ ਦੇਖ-ਭਾਲ ਕੀਤੀ।
ਐੱਨ-ਕਾਟਰੀਨ: ਮੇਰੇ ਲਈ ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਅਸੀਂ ਦੁਨੀਆਂ ਭਰ ਦੇ ਕਈ ਭੈਣਾਂ-ਭਰਾਵਾਂ ਨੂੰ ਜਾਣ ਸਕੇ। ਅਸੀਂ ਨਵੀਆਂ ਭਾਸ਼ਾਵਾਂ ਸਿੱਖੀਆਂ, ਜਿਵੇਂ ਕਿ ਸਹੇਲੀ, ਫਾਰਸੀ, ਫ਼੍ਰੈਂਚ ਅਤੇ ਲੂਗਾਂਡਾ। ਨਾਲੇ ਅਸੀਂ ਵੱਖੋ-ਵੱਖਰੇ ਸਭਿਆਚਾਰਾਂ ਬਾਰੇ ਵੀ ਬਹੁਤ ਕੁਝ ਜਾਣ ਸਕੇ। ਅਸੀਂ ਨਵੇਂ ਭੈਣਾਂ-ਭਰਾਵਾਂ ਨੂੰ ਸਿਖਲਾਈ ਦਿੱਤੀ, ਅਸੀਂ ਕਈ ਚੰਗੇ ਦੋਸਤ ਬਣਾਏ ਅਤੇ ਉਨ੍ਹਾਂ ਨਾਲ “ਮੋਢੇ ਨਾਲ ਮੋਢਾ ਜੋੜ ਕੇ” ਯਹੋਵਾਹ ਦੀ ਸੇਵਾ ਕੀਤੀ।—ਸਫ਼. 3:9.
ਅਸੀਂ ਯਹੋਵਾਹ ਦੀ ਸ੍ਰਿਸ਼ਟੀ ਦੀਆਂ ਵੀ ਬਹੁਤ ਸਾਰੀਆਂ ਖ਼ੂਬਸੂਰਤ ਚੀਜ਼ਾਂ ਦੇਖੀਆਂ। ਜਦੋਂ ਸਾਨੂੰ ਯਹੋਵਾਹ ਦੀ ਸੇਵਾ ਲਈ ਕਿਸੇ ਦੂਜੀ ਥਾਂ ਭੇਜਿਆ ਗਿਆ, ਤਾਂ ਸਾਨੂੰ ਇੱਦਾਂ ਲੱਗਾ ਜਿੱਦਾਂ ਯਹੋਵਾਹ ਸਾਡਾ ਗਾਈਡ ਹੈ ਅਤੇ ਸਾਡੇ ਨਾਲ-ਨਾਲ ਸਫ਼ਰ ਕਰ ਰਿਹਾ ਹੈ। ਉਸ ਨੇ ਸਾਨੂੰ ਅਜਿਹੀਆਂ ਗੱਲਾਂ ਸਿਖਾਈਆਂ ਜੋ ਅਸੀਂ ਖ਼ੁਦ ਕਦੇ ਵੀ ਨਹੀਂ ਸਿੱਖ ਸਕਦੇ ਸੀ।
ਤਨਜ਼ਾਨੀਆ ਦੇ ਵੱਖੋ-ਵੱਖਰੇ ਇਲਾਕਿਆਂ ਵਿਚ ਪ੍ਰਚਾਰ ਕਰਦੇ ਹੋਏ
ਤੁਹਾਨੂੰ ਕਿਹੜੀਆਂ ਮੁਸ਼ਕਲਾਂ ਆਈਆਂ ਅਤੇ ਤੁਸੀਂ ਉਨ੍ਹਾਂ ਦਾ ਸਾਮ੍ਹਣਾ ਕਿਵੇਂ ਕੀਤਾ?
ਮੈਟਸ: ਸਾਲਾਂ ਦੌਰਾਨ ਸਾਨੂੰ ਕਈ ਬੀਮਾਰੀਆਂ ਨਾਲ ਲੜਨਾ ਪਿਆ, ਜਿਵੇਂ ਕਿ ਮਲੇਰੀਆ। ਨਾਲੇ ਐਨ-ਕਾਟਰੀਨ ਨੂੰ ਅਚਾਨਕ ਕਈ ਛੋਟੇ ਓਪਰੇਸ਼ਨ ਕਰਾਉਣੇ ਪਏ। ਸਾਨੂੰ ਸਾਡੇ ਸਿਆਣੇ ਹੋ ਰਹੇ ਮਾਪਿਆਂ ਦੀ ਚਿੰਤਾ ਵੀ ਸਤਾ ਰਹੀ ਸੀ। ਪਰ ਅਸੀਂ ਆਪਣੇ ਸਕੇ ਭੈਣਾਂ-ਭਰਾਵਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮਾਪਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕੀਤੀ। ਉਨ੍ਹਾਂ ਨੇ ਹਮੇਸ਼ਾ ਬੜੇ ਧੀਰਜ, ਖ਼ੁਸ਼ੀ ਅਤੇ ਪਿਆਰ ਨਾਲ ਉਨ੍ਹਾਂ ਦਾ ਖ਼ਿਆਲ ਰੱਖਿਆ। (1 ਤਿਮੋ. 5:4) ਫਿਰ ਵੀ ਕਈ ਵਾਰ ਸਾਨੂੰ ਬਹੁਤ ਬੁਰਾ ਲੱਗਦਾ ਸੀ ਤੇ ਅਸੀਂ ਸੋਚਦੇ ਸੀ, ਕਾਸ਼! ਅਸੀਂ ਉਨ੍ਹਾਂ ਨਾਲ ਰਹਿ ਕੇ ਉਨ੍ਹਾਂ ਦੀ ਹੋਰ ਵੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਦੇ।
ਐੱਨ-ਕਾਟਰੀਨ: 1983 ਵਿਚ ਜ਼ੇਅਰ ਵਿਚ ਸੇਵਾ ਕਰਦਿਆਂ ਮੈਨੂੰ ਹੈਜ਼ਾ ਹੋ ਗਿਆ ਜਿਸ ਕਰਕੇ ਮੈਂ ਬਹੁਤ ਜ਼ਿਆਦਾ ਬੀਮਾਰ ਪੈ ਗਈ। ਡਾਕਟਰ ਨੇ ਮੈਟਸ ਨੂੰ ਕਿਹਾ: “ਤੂੰ ਅੱਜ ਹੀ ਇਸ ਨੂੰ ਇਸ ਦੇਸ਼ ਵਿੱਚੋਂ ਲੈ ਕੇ ਚਲਾ ਜਾ!” ਅਗਲੇ ਹੀ ਦਿਨ ਅਸੀਂ ਸਾਮਾਨ ਲੈ ਕੇ ਜਾਣ ਵਾਲੇ ਇਕ ਹਵਾਈ ਜਹਾਜ਼ (ਕਾਰਗੋ ਪਲੇਨ) ਵਿਚ ਬੈਠ ਗਏ ਕਿਉਂਕਿ ਉਸ ਵੇਲੇ ਸਵੀਡਨ ਜਾਣ ਲਈ ਉਹੀ ਇਕ ਜਹਾਜ਼ ਸੀ।
ਮੈਟਸ: ਅਸੀਂ ਸੋਚਿਆ ਕਿ ਸਾਡੀ ਮਿਸ਼ਨਰੀ ਸੇਵਾ ਇੱਥੇ ਹੀ ਖ਼ਤਮ ਹੋ ਜਾਵੇਗੀ, ਇਸ ਲਈ ਅਸੀਂ ਬਹੁਤ ਜ਼ਿਆਦਾ ਰੋਏ। ਡਾਕਟਰ ਨੂੰ ਲੱਗਾ ਸੀ ਕਿ ਐੱਨ-ਕਾਟਰੀਨ ਦਾ ਠੀਕ ਹੋਣਾ ਔਖਾ ਹੈ, ਪਰ ਉਹ ਹੌਲੀ-ਹੌਲੀ ਠੀਕ ਹੋ ਗਈ। ਫਿਰ ਇਕ ਸਾਲ ਬਾਅਦ ਅਸੀਂ ਜ਼ੇਅਰ ਵਾਪਸ ਗਏ। ਇਸ ਵਾਰ ਅਸੀਂ ਲੁਬੁਮਬਾਸ਼ੀ ਸ਼ਹਿਰ ਦੀ ਸਹੇਲੀ ਭਾਸ਼ਾ ਬੋਲਣ ਵਾਲੀ ਇਕ ਛੋਟੀ ਜਿਹੀ ਮੰਡਲੀ ਵਿਚ ਗਏ।
ਐੱਨ-ਕਾਟਰੀਨ: ਲੁਬੁਮਬਾਸ਼ੀ ਵਿਚ ਹੁੰਦਿਆਂ ਸਾਨੂੰ ਪਤਾ ਲੱਗਾ ਕਿ ਮੈਂ ਮਾਂ ਬਣਨ ਵਾਲੀ ਹਾਂ, ਪਰ ਦੁੱਖ ਦੀ ਗੱਲ ਹੈ ਕਿ ਮੈਂ ਆਪਣੇ ਬੱਚੇ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਗੁਆ ਦਿੱਤਾ। ਭਾਵੇਂ ਕਿ ਅਸੀਂ ਬੱਚਾ ਪੈਦਾ ਕਰਨ ਬਾਰੇ ਸੋਚਿਆ ਨਹੀਂ ਸੀ, ਪਰ ਜਦੋਂ ਮੈਂ ਉਸ ਨੂੰ ਗੁਆ ਦਿੱਤਾ, ਤਾਂ ਮੇਰੇ ਲਈ ਇਹ ਦੁੱਖ ਸਹਿਣਾ ਬਹੁਤ ਔਖਾ ਸੀ। ਪਰ ਉਸ ਔਖੇ ਸਮੇਂ ਦੌਰਾਨ ਯਹੋਵਾਹ ਨੇ ਮੈਨੂੰ ਅਜਿਹੀ ਬਰਕਤ ਦਿੱਤੀ ਜਿਸ ਦੀ ਮੈਂ ਉਮੀਦ ਵੀ ਨਹੀਂ ਕੀਤੀ ਸੀ। ਸਾਨੂੰ ਇੰਨੀਆਂ ਬਾਈਬਲ ਸਟੱਡੀਆਂ ਮਿਲੀਆਂ ਜੋ ਸਾਨੂੰ ਪਹਿਲਾਂ ਕਦੇ ਨਹੀਂ ਮਿਲੀਆਂ ਸਨ। ਇਕ ਸਾਲ ਦੇ ਅੰਦਰ-ਅੰਦਰ ਮੰਡਲੀ ਵਿਚ ਪ੍ਰਚਾਰਕਾਂ ਦੀ ਗਿਣਤੀ 35 ਤੋਂ ਵੱਧ ਕੇ 70 ਹੋ ਗਈ ਅਤੇ ਸਭਾਵਾਂ ਵਿਚ ਹਾਜ਼ਰੀ 40 ਤੋਂ ਵੱਧ ਕੇ 220 ਹੋ ਗਈ। ਅਸੀਂ ਪ੍ਰਚਾਰ ਕਰਨ ਅਤੇ ਸਟੱਡੀਆਂ ਕਰਵਾਉਣ ਵਿਚ ਬਹੁਤ ਜ਼ਿਆਦਾ ਬਿਜ਼ੀ ਹੋ ਗਏ। ਸੱਚ-ਮੁੱਚ, ਇਹ ਯਹੋਵਾਹ ਵੱਲੋਂ ਅਜਿਹੀ ਬਰਕਤ ਸੀ ਜਿਸ ਤੋਂ ਸਾਨੂੰ ਬਹੁਤ ਦਿਲਾਸਾ ਮਿਲਿਆ। ਪਰ ਅਸੀਂ ਅਜੇ ਵੀ ਕਈ ਵਾਰ ਆਪਣੇ ਅਣਜੰਮੇ ਬੱਚੇ ਬਾਰੇ ਸੋਚਦੇ ਅਤੇ ਉਸ ਬਾਰੇ ਗੱਲ ਕਰਦੇ ਹਾਂ। ਅਸੀਂ ਉਸ ਦਿਨ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਜਦੋਂ ਯਹੋਵਾਹ ਸਾਡੇ ਦਿਲਾਂ ਦੇ ਜ਼ਖ਼ਮਾਂ ਨੂੰ ਪੂਰੀ ਤਰ੍ਹਾਂ ਭਰ ਦੇਵੇਗਾ।
ਮੈਟਸ: ਇਕ ਸਮਾਂ ਆਇਆ ਜਦੋਂ ਐੱਨ-ਕਾਟਰੀਨ ਬਹੁਤ ਕਮਜ਼ੋਰ ਮਹਿਸੂਸ ਕਰਦੀ ਸੀ ਅਤੇ ਜਲਦੀ ਹੀ ਥੱਕ ਜਾਂਦੀ ਸੀ। ਨਾਲੇ ਮੈਨੂੰ ਵੀ ਚੌਥੀ ਸਟੇਜ ਦਾ ਕੋਲਨ ਕੈਂਸਰ (ਵੱਡੀ ਆਂਤ ਦਾ ਕੈਂਸਰ) ਹੋ ਗਿਆ। ਇਸ ਲਈ ਮੈਨੂੰ ਇਕ ਵੱਡਾ ਓਪਰੇਸ਼ਨ ਕਰਵਾਉਣਾ ਪਿਆ। ਪਰ ਹੁਣ ਮੈਂ ਠੀਕ ਹਾਂ ਅਤੇ ਐੱਨ-ਕਾਟਰੀਨ ਵੀ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰ ਰਹੀ ਹੈ।
ਸਾਨੂੰ ਅਹਿਸਾਸ ਹੋਇਆ ਕਿ ਸਿਰਫ਼ ਅਸੀਂ ਹੀ ਨਹੀਂ, ਸਗੋਂ ਸਾਡੇ ਕਈ ਭੈਣ-ਭਰਾ ਵੀ ਬਹੁਤ ਸਾਰੇ ਦੁੱਖ ਝੱਲ ਰਹੇ ਹਨ। 1994 ਵਿਚ ਰਵਾਂਡਾ ਵਿਚ ਹੋਏ ਨਸਲੀ ਕਤਲੇਆਮ ਤੋਂ ਬਾਅਦ ਅਸੀਂ ਆਪਣੇ ਕੁਝ ਦੋਸਤਾਂ ਨੂੰ ਮਿਲਣ ਲਈ ਸ਼ਰਨਾਰਥੀ ਕੈਂਪਾਂ ਵਿਚ ਗਏ। ਅਸੀਂ ਦੇਖਿਆ ਕਿ ਉਨ੍ਹਾਂ ਵਿਚ ਕਿੰਨੀ ਨਿਹਚਾ ਸੀ, ਉਹ ਕਿੰਨੇ ਧੀਰਜ ਨਾਲ ਸਭ ਕੁਝ ਸਹਿ ਰਹੇ ਸਨ ਅਤੇ ਅਜਿਹੇ ਔਖੇ ਹਾਲਾਤਾਂ ਵਿਚ ਵੀ ਪਰਾਹੁਣਚਾਰੀ ਕਰ ਰਹੇ ਸਨ। ਇਹ ਸਾਰਾ ਕੁਝ ਦੇਖ ਕੇ ਸਾਨੂੰ ਯਕੀਨ ਹੋ ਗਿਆ ਕਿ ਯਹੋਵਾਹ ਆਪਣੇ ਲੋਕਾਂ ਨੂੰ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਵਿਚ ਵੀ ਸੰਭਾਲ ਸਕਦਾ ਹੈ।—ਜ਼ਬੂ. 55:22.
ਐੱਨ-ਕਾਟਰੀਨ: 2007 ਵਿਚ ਸਾਨੂੰ ਇਕ ਹੋਰ ਮੁਸ਼ਕਲ ਹਾਲਾਤ ਦਾ ਸਾਮ੍ਹਣਾ ਕਰਨਾ ਪਿਆ। ਅਸੀਂ ਯੂਗਾਂਡਾ ਦੇ ਬ੍ਰਾਂਚ ਆਫ਼ਿਸ ਦੇ ਸਮਰਪਣ ਲਈ ਗਏ ਹੋਏ ਸੀ। ਪ੍ਰੋਗ੍ਰਾਮ ਖ਼ਤਮ ਹੋਣ ਤੋਂ ਬਾਅਦ ਅਸੀਂ ਕੀਨੀਆ ਦੇ ਨੈਰੋਬੀ ਸ਼ਹਿਰ ਜਾ ਰਹੇ ਸੀ। ਅਸੀਂ ਲਗਭਗ 25 ਭੈਣ-ਭਰਾ ਸੀ ਜਿਨ੍ਹਾਂ ਵਿੱਚੋਂ ਕੁਝ ਬੈਥਲ ਦੇ ਭੈਣ-ਭਰਾ ਸਨ ਅਤੇ ਕੁਝ ਮਿਸ਼ਨਰੀ। ਸਾਮ੍ਹਣਿਓਂ ਇਕ ਛੋਟੀ ਬੱਸ ਆ ਰਹੀ ਸੀ। ਉਹ ਅਚਾਨਕ ਸਾਡੀ ਲਾਈਨ ਵਿਚ ਆ ਗਈ ਤੇ ਉਸ ਨੇ ਸਾਡੀ ਬੱਸ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਡ੍ਰਾਈਵਰ ਤੇ ਸਾਡੇ ਪੰਜ ਭੈਣਾਂ-ਭਰਾਵਾਂ ਦੀ ਮੌਕੇ ʼਤੇ ਹੀ ਮੌਤ ਹੋ ਗਈ। ਨਾਲੇ ਬਾਅਦ ਵਿਚ ਇਕ ਹੋਰ ਭੈਣ ਦੀ ਹਸਪਤਾਲ ਵਿਚ ਮੌਤ ਹੋ ਗਈ। ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਨੂੰ ਦੁਬਾਰਾ ਮਿਲਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ!—ਅੱਯੂ. 14:13-15.
ਉਸ ਹਾਦਸੇ ਵਿਚ ਮੈਨੂੰ ਜੋ ਸੱਟਾਂ ਲੱਗੀਆਂ ਸਨ, ਉਹ ਹੌਲੀ-ਹੌਲੀ ਠੀਕ ਹੋ ਗਈਆਂ। ਪਰ ਮੈਨੂੰ, ਮੈਟਸ ਅਤੇ ਹੋਰ ਭੈਣਾਂ-ਭਰਾਵਾਂ ਨੂੰ ਉਸ ਹਾਦਸੇ ਤੋਂ ਬਾਅਦ ਕੁਝ ਮਾਨਸਿਕ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪਿਆ। ਮੈਨੂੰ ਰਾਤ ਨੂੰ ਅਚਾਨਕ ਬੇਚੈਨੀ ਮਹਿਸੂਸ ਹੁੰਦੀ ਸੀ ਜਿਸ ਕਰਕੇ ਮੈਨੂੰ ਜਾਗ ਆ ਜਾਂਦੀ ਸੀ ਤੇ ਮੈਨੂੰ ਇੱਦਾਂ ਲੱਗਦਾ ਸੀ ਜਿੱਦਾਂ ਮੈਨੂੰ ਦਿਲ ਦਾ ਦੌਰਾ ਪੈਣ ਵਾਲਾ ਹੋਵੇ। ਮੈਂ ਬਹੁਤ ਘਬਰਾ ਜਾਂਦੀ ਸੀ। ਪਰ ਫਿਰ ਅਸੀਂ ਯਹੋਵਾਹ ਨੂੰ ਗਿੜਗਿੜਾ ਕੇ ਪ੍ਰਾਰਥਨਾ ਕਰਦੇ ਸੀ ਅਤੇ ਆਪਣੀਆਂ ਮਨਪਸੰਦ ਆਇਤਾਂ ਯਾਦ ਕਰਦੇ ਸੀ। ਇਸ ਨਾਲ ਮੈਨੂੰ ਬਹੁਤ ਦਿਲਾਸਾ ਮਿਲਦਾ ਸੀ। ਅਸੀਂ ਡਾਕਟਰਾਂ ਤੋਂ ਵੀ ਮਦਦ ਲਈ ਅਤੇ ਇਸ ਦਾ ਸਾਨੂੰ ਬਹੁਤ ਫ਼ਾਇਦਾ ਹੋਇਆ। ਅਸੀਂ ਹੁਣ ਪਹਿਲਾਂ ਨਾਲੋਂ ਕਾਫ਼ੀ ਠੀਕ ਹਾਂ ਅਤੇ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਸਾਡੀ ਉਨ੍ਹਾਂ ਨੂੰ ਦਿਲਾਸਾ ਦੇਣ ਵਿਚ ਮਦਦ ਕਰੇ ਜੋ ਸਾਡੇ ਵਰਗੇ ਹਾਲਾਤਾਂ ਵਿੱਚੋਂ ਲੰਘ ਰਹੇ ਹਨ।
ਜਦੋਂ ਤੁਸੀਂ ਦੱਸ ਰਹੇ ਸੀ ਕਿ ਤੁਸੀਂ ਕਿਵੇਂ ਮੁਸ਼ਕਲ ਹਾਲਾਤਾਂ ਦਾ ਸਾਮ੍ਹਣਾ ਕੀਤਾ, ਤਾਂ ਤੁਸੀਂ ਕਿਹਾ ਸੀ ਕਿ ਯਹੋਵਾਹ ਨੇ ਤੁਹਾਨੂੰ “ਕੱਚੇ ਆਂਡਿਆਂ ਵਾਂਗ ਚੁੱਕਿਆ।” ਕੀ ਤੁਸੀਂ ਖੁੱਲ੍ਹ ਕੇ ਦੱਸੋਗੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਸੀ?
ਮੈਟਸ: ਸਹੇਲੀ ਭਾਸ਼ਾ ਵਿਚ ਇਕ ਕਹਾਵਤ ਹੈ ਜਿਸ ਦਾ ਮਤਲਬ ਹੈ: “ਸਾਨੂੰ ਕੱਚੇ ਆਂਡਿਆਂ ਵਾਂਗ ਚੁੱਕਿਆ ਗਿਆ।” ਜਿੱਦਾਂ ਕੋਈ ਕੱਚੇ ਆਂਡਿਆਂ ਨੂੰ ਬਹੁਤ ਸੰਭਾਲ ਕੇ ਚੁੱਕਦਾ ਹੈ ਤਾਂਕਿ ਉਹ ਟੁੱਟ ਨਾ ਜਾਣ, ਉਸੇ ਤਰ੍ਹਾਂ ਯਹੋਵਾਹ ਨੇ ਸਾਨੂੰ ਬਹੁਤ ਪਿਆਰ ਨਾਲ ਸੰਭਾਲਿਆ। ਅਸੀਂ ਜਿੱਥੇ ਵੀ ਸੇਵਾ ਕਰਨ ਗਏ, ਉੱਥੇ ਯਹੋਵਾਹ ਨੇ ਸਾਡੀ ਬਹੁਤ ਚੰਗੀ ਤਰ੍ਹਾਂ ਦੇਖ-ਭਾਲ ਕੀਤੀ। ਉਸ ਨੇ ਹਮੇਸ਼ਾ ਸਾਡੀਆਂ ਲੋੜਾਂ ਪੂਰੀਆਂ ਕੀਤੀਆਂ, ਇੱਥੋਂ ਤਕ ਕਿ ਸਾਨੂੰ ਸਾਡੀਆਂ ਲੋੜਾਂ ਤੋਂ ਵੱਧ ਕੇ ਦਿੱਤਾ। ਪ੍ਰਬੰਧਕ ਸਭਾ ਨੇ ਜਿਸ ਤਰ੍ਹਾਂ ਸਾਡੇ ਨਾਲ ਹਮਦਰਦੀ ਜਤਾਈ ਅਤੇ ਸਾਡੀ ਮਦਦ ਕੀਤੀ, ਉਸ ਤੋਂ ਵੀ ਸਾਨੂੰ ਅਹਿਸਾਸ ਹੋਇਆ ਕਿ ਯਹੋਵਾਹ ਸਾਡੇ ਨਾਲ ਹੈ ਅਤੇ ਸਾਨੂੰ ਬਹੁਤ ਪਿਆਰ ਕਰਦਾ ਹੈ।
ਐੱਨ-ਕਾਟਰੀਨ: ਮੈਂ ਇਕ ਹੋਰ ਮੌਕੇ ਬਾਰੇ ਦੱਸਣਾ ਚਾਹੁੰਦੀ ਹਾਂ ਜਦੋਂ ਯਹੋਵਾਹ ਨੇ ਸਾਨੂੰ ਪਿਆਰ ਨਾਲ ਸੰਭਾਲਿਆ। ਇਕ ਦਿਨ ਮੈਨੂੰ ਸਵੀਡਨ ਤੋਂ ਫ਼ੋਨ ਆਇਆ ਅਤੇ ਮੈਨੂੰ ਪਤਾ ਲੱਗਾ ਕਿ ਮੇਰੇ ਡੈਡੀ ਹਸਪਤਾਲ ਵਿਚ ਸਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਸੀ। ਮੈਟਸ ਨੂੰ ਮਲੇਰੀਆ ਹੋਇਆ ਸੀ ਅਤੇ ਉਹ ਹੁਣੇ-ਹੁਣੇ ਠੀਕ ਹੋਏ ਸਨ। ਨਾਲੇ ਸਾਡੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਅਸੀਂ ਘਰ ਜਾਣ ਲਈ ਹਵਾਈ ਜਹਾਜ਼ ਦੀ ਟਿਕਟ ਖ਼ਰੀਦ ਸਕੀਏ। ਇਸ ਲਈ ਅਸੀਂ ਸੋਚਿਆ ਕਿ ਸਾਨੂੰ ਆਪਣੀ ਕਾਰ ਵੇਚਣੀ ਪੈਣੀ। ਫਿਰ ਸਾਨੂੰ ਦੋ ਹੋਰ ਫ਼ੋਨ ਆਏ। ਇਕ ਜੋੜੇ ਨੂੰ ਜਦੋਂ ਸਾਡੇ ਹਾਲਾਤ ਬਾਰੇ ਪਤਾ ਲੱਗਾ, ਤਾਂ ਉਸ ਨੇ ਸਾਨੂੰ ਫ਼ੋਨ ਕੀਤਾ ਅਤੇ ਕਿਹਾ ਕਿ ਉਹ ਸਾਡੀ ਇਕ ਟਿਕਟ ਦੇ ਪੈਸੇ ਦੇ ਦੇਣਗੇ। ਦੂਜਾ ਫ਼ੋਨ ਇਕ ਸਿਆਣੀ ਉਮਰ ਦੀ ਭੈਣ ਦਾ ਸੀ ਜਿਸ ਨੇ ਸਾਨੂੰ ਦੱਸਿਆ ਕਿ ਉਸ ਨੇ ਇਕ ਡੱਬੇ ਵਿਚ ਕੁਝ ਪੈਸੇ ਜਮਾ ਕਰ ਕੇ ਰੱਖੇ ਸਨ ਅਤੇ ਉਸ ʼਤੇ ਉਸ ਨੇ ਲਿਖਿਆ ਸੀ: “ਕਿਸੇ ਲੋੜਵੰਦ ਲਈ।” ਇਸ ਤਰ੍ਹਾਂ ਕੁਝ ਹੀ ਮਿੰਟਾਂ ਵਿਚ ਯਹੋਵਾਹ ਨੇ ਸਾਨੂੰ ਇਸ ਮੁਸ਼ਕਲ ਹਾਲਾਤ ਵਿੱਚੋਂ ਬਾਹਰ ਕੱਢਿਆ!—ਇਬ. 13:6.
ਤੁਸੀਂ 50 ਸਾਲਾਂ ਤੋਂ ਪੂਰੇ ਸਮੇਂ ਦੀ ਸੇਵਾ ਕਰ ਰਹੇ ਹੋ, ਇਨ੍ਹਾਂ ਸਾਲਾਂ ਦੌਰਾਨ ਤੁਸੀਂ ਕੀ ਸਿੱਖਿਆ ਹੈ?
ਹੁਣ ਮਿਆਨਮਾਰ ਬੈਥਲ ਵਿਚ ਸੇਵਾ ਕਰਦੇ ਹੋਏ
ਐੱਨ-ਕਾਟਰੀਨ: ਮੈਂ ਸਿੱਖਿਆ ਹੈ ਕਿ ‘ਸ਼ਾਂਤ ਰਹਿਣ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਨਾਲ’ ਸਾਨੂੰ ਤਾਕਤ ਮਿਲਦੀ ਹੈ। ਜਦੋਂ ਅਸੀਂ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ, ਤਾਂ ਉਹ ਇਕ ਤਰੀਕੇ ਨਾਲ ਸਾਡਾ ਯੁੱਧ ਲੜਦਾ ਹੈ। (ਯਸਾ. 30:15; 2 ਇਤਿ. 20:15, 17) ਅਸੀਂ ਯਹੋਵਾਹ ਦੀ ਸੇਵਾ ਲਈ ਜਿੱਥੇ ਵੀ ਗਏ, ਉੱਥੇ ਅਸੀਂ ਜੀ-ਜਾਨ ਨਾਲ ਉਸ ਦੀ ਸੇਵਾ ਕੀਤੀ। ਇਸ ਕਰਕੇ ਸਾਨੂੰ ਇੰਨੀਆਂ ਸਾਰੀਆਂ ਬਰਕਤਾਂ ਮਿਲੀਆਂ ਜਿੰਨੀਆਂ ਸ਼ਾਇਦ ਕੋਈ ਹੋਰ ਕੰਮ ਕਰ ਕੇ ਨਾ ਮਿਲਦੀਆਂ।
ਮੈਟਸ: ਮੈਂ ਇਕ ਜ਼ਰੂਰੀ ਗੱਲ ਸਿੱਖੀ ਕਿ ਹਾਲਾਤ ਭਾਵੇਂ ਜਿੱਦਾਂ ਦੇ ਮਰਜ਼ੀ ਹੋਣ, ਪਰ ਸਾਨੂੰ ਸਾਰਾ ਕੁਝ ਯਹੋਵਾਹ ʼਤੇ ਛੱਡ ਦੇਣਾ ਚਾਹੀਦਾ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਉਹ ਸਾਡੀ ਖ਼ਾਤਰ ਕਿਵੇਂ ਕਦਮ ਚੁੱਕਦਾ ਹੈ। (ਜ਼ਬੂ. 37:5) ਉਸ ਨੇ ਵਾਅਦਾ ਕੀਤਾ ਹੈ ਕਿ ਉਹ ਹਮੇਸ਼ਾ ਸਾਡੀ ਦੇਖ-ਭਾਲ ਕਰੇਗਾ ਅਤੇ ਉਸ ਨੇ ਕਦੇ ਵੀ ਆਪਣਾ ਇਹ ਵਾਅਦਾ ਨਹੀਂ ਤੋੜਿਆ। ਅਸੀਂ ਅੱਜ ਮਿਆਨਮਾਰ ਬੈਥਲ ਵਿਚ ਸੇਵਾ ਕਰ ਰਹੇ ਹਾਂ ਤੇ ਅਸੀਂ ਅਜੇ ਵੀ ਦੇਖ ਸਕਦੇ ਹਾਂ ਕਿ ਉਹ ਕਿਵੇਂ ਆਪਣਾ ਇਹ ਵਾਅਦਾ ਪੂਰਾ ਕਰ ਰਿਹਾ ਹੈ।
ਸਾਨੂੰ ਉਮੀਦ ਹੈ ਕਿ ਜਿਹੜੇ ਵੀ ਨੌਜਵਾਨ ਯਹੋਵਾਹ ਦੀ ਸੇਵਾ ਹੋਰ ਜ਼ਿਆਦਾ ਕਰਨੀ ਚਾਹੁੰਦੇ ਹਨ, ਉਹ ਵੀ ਸਾਡੇ ਵਾਂਗ ਯਹੋਵਾਹ ਦਾ ਅਟੱਲ ਪਿਆਰ ਮਹਿਸੂਸ ਕਰਨਗੇ। ਸਾਨੂੰ ਯਕੀਨ ਹੈ ਕਿ ਜੇ ਉਹ ਯਹੋਵਾਹ ਤੋਂ ਮਦਦ ਕਬੂਲ ਕਰਨਗੇ, ਤਾਂ ਉਨ੍ਹਾਂ ਨੂੰ ਜਿੱਥੇ ਵੀ ਬੀਜਿਆ ਜਾਵੇਗਾ, ਉਹ ਉੱਥੇ ਵਧਦੇ-ਫੁੱਲਦੇ ਰਹਿਣਗੇ।