ਅਧਿਐਨ ਲੇਖ 39
ਗੀਤ 54 “ਰਾਹ ਇਹੋ ਹੀ ਹੈ”
ਉਨ੍ਹਾਂ ਲੋਕਾਂ ਦੀ ਤੁਰੰਤ ਮਦਦ ਕਰੋ ਜੋ “ਦਿਲੋਂ ਤਿਆਰ” ਹਨ
“ਜਿਹੜੇ ਲੋਕ ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ ਸਨ, ਉਹ ਸਾਰੇ ਨਿਹਚਾ ਕਰਨ ਲੱਗ ਪਏ।”—ਰਸੂ. 13:48.
ਕੀ ਸਿੱਖਾਂਗੇ?
ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਲੋਕਾਂ ਨੂੰ ਬਾਈਬਲ ਦੀ ਸਟੱਡੀ ਕਰਨ ਦੀ ਪੇਸ਼ਕਸ਼ ਕਰੀਏ ਅਤੇ ਉਨ੍ਹਾਂ ਨੂੰ ਸਭਾਵਾਂ ʼਤੇ ਆਉਣ ਦਾ ਸੱਦਾ ਦੇਈਏ।
1. ਖ਼ੁਸ਼ ਖ਼ਬਰੀ ਸੁਣ ਕੇ ਲੋਕ ਕਿਹੋ ਜਿਹਾ ਹੁੰਗਾਰਾ ਭਰਦੇ ਹਨ? (ਰਸੂਲਾਂ ਦੇ ਕੰਮ 13:47, 48; 16:14, 15)
ਪਹਿਲੀ ਸਦੀ ਵਿਚ ਕਈ ਲੋਕਾਂ ਨੇ ਜਦੋਂ ਯਿਸੂ ਬਾਰੇ ਖ਼ੁਸ਼ ਖ਼ਬਰੀ ਸੁਣੀ, ਤਾਂ ਉਨ੍ਹਾਂ ਨੇ ਤੁਰੰਤ ਇਸ ਨੂੰ ਕਬੂਲ ਕੀਤਾ ਅਤੇ ਮਸੀਹੀ ਬਣ ਗਏ। (ਰਸੂਲਾਂ ਦੇ ਕੰਮ 13:47, 48; 16:14, 15 ਪੜ੍ਹੋ।) ਇਸੇ ਤਰ੍ਹਾਂ ਅੱਜ ਵੀ ਕਈ ਲੋਕ ਜਦੋਂ ਪਹਿਲੀ ਵਾਰੀ ਖ਼ੁਸ਼ ਖ਼ਬਰੀ ਸੁਣਦੇ ਹਨ, ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਅਤੇ ਉਹ ਇਸ ਬਾਰੇ ਹੋਰ ਸਿੱਖਣਾ ਚਾਹੁੰਦੇ ਹਨ। ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਸ਼ੁਰੂ-ਸ਼ੁਰੂ ਵਿਚ ਸਾਡੇ ਸੰਦੇਸ਼ ਵਿਚ ਕੋਈ ਦਿਲਚਸਪੀ ਨਹੀਂ ਲੈਂਦੇ, ਪਰ ਅੱਗੇ ਚੱਲ ਕੇ ਸ਼ਾਇਦ ਉਹ ਇਸ ਬਾਰੇ ਸਿੱਖਣਾ ਚਾਹੁਣ। ਜਦੋਂ ਅਸੀਂ ਪ੍ਰਚਾਰ ਵਿਚ ਅਜਿਹੇ ਲੋਕਾਂ ਨੂੰ ਮਿਲਦੇ ਹਾਂ ਜੋ ਪਰਮੇਸ਼ੁਰ ਅਤੇ ਬਾਈਬਲ ਬਾਰੇ ਸਿੱਖਣ ਲਈ “ਦਿਲੋਂ ਤਿਆਰ” ਹੋਣ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?
2. ਚੇਲੇ ਬਣਾਉਣ ਦੇ ਕੰਮ ਦੀ ਤੁਲਨਾ ਮਾਲੀ ਦੇ ਕੰਮ ਨਾਲ ਕਿਉਂ ਕੀਤੀ ਜਾ ਸਕਦੀ ਹੈ?
2 ਜ਼ਰਾ ਇਕ ਮਿਸਾਲ ʼਤੇ ਗੌਰ ਕਰੋ। ਚੇਲੇ ਬਣਾਉਣ ਦੇ ਕੰਮ ਦੀ ਤੁਲਨਾ ਮਾਲੀ ਦੇ ਕੰਮ ਨਾਲ ਕੀਤੀ ਜਾ ਸਕਦੀ ਹੈ। ਜਦੋਂ ਮਾਲੀ ਦੇਖਦਾ ਹੈ ਕਿ ਇਕ ਦਰਖ਼ਤ ਦੇ ਫਲ ਪੱਕ ਗਏ ਹਨ, ਤਾਂ ਉਹ ਉਨ੍ਹਾਂ ਨੂੰ ਤੋੜ ਲੈਂਦਾ ਹੈ। ਪਰ ਨਾਲ ਦੀ ਨਾਲ ਉਹ ਉਨ੍ਹਾਂ ਦਰਖ਼ਤਾਂ ਨੂੰ ਪਾਣੀ ਦਿੰਦਾ ਰਹਿੰਦਾ ਹੈ ਜਿਨ੍ਹਾਂ ਦੇ ਫਲ ਹਾਲੇ ਕੱਚੇ ਹਨ। ਉਸੇ ਤਰ੍ਹਾਂ ਜਦੋਂ ਸਾਨੂੰ ਕੋਈ ਅਜਿਹਾ ਵਿਅਕਤੀ ਮਿਲਦਾ ਹੈ ਜੋ ਖ਼ੁਸ਼ ਖ਼ਬਰੀ ਸੁਣਦਾ ਹੈ ਅਤੇ ਸਿੱਖਣ ਲਈ ਤਿਆਰ ਹੁੰਦਾ ਹੈ, ਤਾਂ ਅਸੀਂ ਪਰਮੇਸ਼ੁਰ ਦਾ ਸੇਵਕ ਬਣਨ ਵਿਚ ਉਸ ਦੀ ਮਦਦ ਕਰਦੇ ਹਾਂ। ਪਰ ਨਾਲ ਦੀ ਨਾਲ ਅਸੀਂ ਉਨ੍ਹਾਂ ਲੋਕਾਂ ਦੀ ਵੀ ਮਦਦ ਕਰਦੇ ਰਹਿੰਦੇ ਹਾਂ ਜਿਨ੍ਹਾਂ ਨੇ ਸਾਡੇ ਸੰਦੇਸ਼ ਵਿਚ ਥੋੜ੍ਹੀ-ਬਹੁਤੀ ਦਿਲਚਸਪੀ ਦਿਖਾਈ ਸੀ, ਪਰ ਸਿੱਖਣ ਲਈ ਤਿਆਰ ਨਹੀਂ ਸਨ। (ਯੂਹੰ. 4:35, 36) ਸੂਝ-ਬੂਝ ਸਾਡੀ ਮਦਦ ਕਰੇਗੀ ਕਿ ਅਸੀਂ ਅਜਿਹੇ ਲੋਕਾਂ ਨਾਲ ਕਿਨ੍ਹਾਂ ਵਿਸ਼ਿਆਂ ʼਤੇ ਗੱਲ ਕਰ ਸਕਦੇ ਹਾਂ। ਆਓ ਆਪਾਂ ਦੇਖੀਏ ਕਿ ਜਦੋਂ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲਦੇ ਹਾਂ ਜੋ ਸਿੱਖਣ ਲਈ ਤਿਆਰ ਹੈ, ਤਾਂ ਅਸੀਂ ਉਸ ਨੂੰ ਕੀ ਕਹਿ ਸਕਦੇ ਹਾਂ। ਨਾਲੇ ਅਸੀਂ ਇਹ ਵੀ ਜਾਣਾਂਗੇ ਕਿ ਅਸੀਂ ਤਰੱਕੀ ਕਰਦੇ ਰਹਿਣ ਵਿਚ ਉਸ ਦੀ ਮਦਦ ਕਿਵੇਂ ਕਰ ਸਕਦੇ ਹਾਂ।
ਦਿਲਚਸਪੀ ਰੱਖਣ ਵਾਲਿਆਂ ਦੀ ਮਦਦ ਕਰੋ
3. ਜਦੋਂ ਪ੍ਰਚਾਰ ਵਿਚ ਸਾਨੂੰ ਦਿਲਚਸਪੀ ਰੱਖਣ ਵਾਲੇ ਲੋਕ ਮਿਲਦੇ ਹਨ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? (1 ਕੁਰਿੰਥੀਆਂ 9:26)
3 ਜਦੋਂ ਪ੍ਰਚਾਰ ਵਿਚ ਸਾਨੂੰ ਦਿਲਚਸਪੀ ਰੱਖਣ ਵਾਲੇ ਲੋਕ ਮਿਲਦੇ ਹਨ, ਤਾਂ ਅਸੀਂ ਉਨ੍ਹਾਂ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਵਿਚ ਤੁਰੰਤ ਮਦਦ ਕਰਨੀ ਚਾਹੁੰਦੇ ਹਾਂ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਪਹਿਲੀ ਵਾਰ ਮਿਲਣ ਤੇ ਹੀ ਉਨ੍ਹਾਂ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਭਾਵਾਂ ʼਤੇ ਆਉਣ ਦਾ ਸੱਦਾ ਦੇਣਾ ਚਾਹੀਦਾ ਹੈ।—1 ਕੁਰਿੰਥੀਆਂ 9:26 ਪੜ੍ਹੋ।
4. ਇਕ ਕੁੜੀ ਦਾ ਤਜਰਬਾ ਦੱਸੋ ਜੋ ਤੁਰੰਤ ਬਾਈਬਲ ਦੀ ਸਟੱਡੀ ਕਰਨ ਲਈ ਤਿਆਰ ਹੋ ਗਈ।
4 ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ। ਕਦੇ-ਕਦੇ ਸਾਨੂੰ ਪ੍ਰਚਾਰ ਵਿਚ ਇੱਦਾਂ ਦੇ ਲੋਕ ਮਿਲਦੇ ਹਨ ਜੋ ਤੁਰੰਤ ਬਾਈਬਲ ਦੀ ਸਟੱਡੀ ਕਰਨ ਲਈ ਤਿਆਰ ਹੋ ਜਾਂਦੇ ਹਨ। ਜ਼ਰਾ ਕੈਨੇਡਾ ਵਿਚ ਹੋਏ ਇਕ ਤਜਰਬੇ ʼਤੇ ਧਿਆਨ ਦਿਓ। ਵੀਰਵਾਰ ਦਾ ਦਿਨ ਸੀ। ਇਕ ਕੁੜੀ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਕੋਲ ਆਈ ਅਤੇ ਉਸ ਨੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਲੈ ਲਿਆ। ਫਿਰ ਰੇੜ੍ਹੀ ਕੋਲ ਖੜ੍ਹੀ ਭੈਣ ਨੇ ਉਸ ਨੂੰ ਕਿਹਾ ਕਿ ਇਸ ਬਰੋਸ਼ਰ ਦੀ ਮਦਦ ਨਾਲ ਉਹ ਮੁਫ਼ਤ ਵਿਚ ਬਾਈਬਲ ਦੀ ਸਟੱਡੀ ਵੀ ਕਰ ਸਕਦੀ ਹੈ। ਉਸ ਕੁੜੀ ਨੂੰ ਇਹ ਗੱਲ ਚੰਗੀ ਲੱਗੀ ਤੇ ਉਸ ਨੇ ਭੈਣ ਨੂੰ ਆਪਣਾ ਫ਼ੋਨ ਨੰਬਰ ਦੇ ਦਿੱਤਾ ਅਤੇ ਉਸ ਦਾ ਨੰਬਰ ਲੈ ਲਿਆ। ਕੁਝ ਹੀ ਘੰਟਿਆਂ ਬਾਅਦ ਭੈਣ ਨੂੰ ਉਸ ਕੁੜੀ ਦਾ ਮੈਸਿਜ ਆਇਆ ਅਤੇ ਉਸ ਨੇ ਪੁੱਛਿਆ ਕਿ ਅਸੀਂ ਕਦੋਂ ਸਟੱਡੀ ਕਰ ਸਕਦੇ ਹਾਂ। ਭੈਣ ਨੇ ਉਸ ਨੂੰ ਕਿਹਾ ਕਿ ਅਸੀਂ ਸ਼ਨੀਵਾਰ ਨੂੰ ਮਿਲ ਸਕਦੇ ਹਾਂ। ਪਰ ਉਸ ਕੁੜੀ ਨੇ ਕਿਹਾ: “ਕੀ ਆਪਾਂ ਕੱਲ੍ਹ ਨੂੰ ਮਿਲ ਸਕਦੇ ਹਾਂ?” ਭੈਣ ਨੇ ਕਿਹਾ ਕਿ ਠੀਕ ਹੈ। ਫਿਰ ਉਹ ਅਗਲੇ ਹੀ ਦਿਨ ਉਸ ਕੁੜੀ ਨੂੰ ਮਿਲੀ ਅਤੇ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਦਿੱਤੀ। ਉਸੇ ਐਤਵਾਰ ਨੂੰ ਉਹ ਕੁੜੀ ਸਭਾ ʼਤੇ ਆਈ ਅਤੇ ਉਸ ਨੇ ਛੇਤੀ ਹੀ ਸੱਚਾਈ ਵਿਚ ਤਰੱਕੀ ਕਰ ਲਈ।
5. ਜੇ ਕੋਈ ਤੁਰੰਤ ਸਟੱਡੀ ਕਰਨ ਲਈ ਤਿਆਰ ਨਾ ਹੋਵੇ, ਤਾਂ ਅਸੀਂ ਕੀ ਕਰ ਸਕਦੇ ਹਾਂ? (ਤਸਵੀਰਾਂ ਵੀ ਦੇਖੋ।)
5 ਬਿਨਾਂ ਸ਼ੱਕ, ਅਸੀਂ ਇਹ ਉਮੀਦ ਨਹੀਂ ਕਰਾਂਗੇ ਕਿ ਸਾਡਾ ਸੰਦੇਸ਼ ਸੁਣਨ ਵਾਲੇ ਸਾਰੇ ਲੋਕ ਉਸ ਕੁੜੀ ਵਾਂਗ ਸਟੱਡੀ ਕਰਨ ਲਈ ਤਿਆਰ ਹੋ ਜਾਣਗੇ। ਕੁਝ ਜਣਿਆਂ ਨੂੰ ਸ਼ਾਇਦ ਜ਼ਿਆਦਾ ਸਮੇਂ ਦੀ ਲੋੜ ਹੋਵੇ। ਉਸ ਵੇਲੇ ਅਸੀਂ ਕੀ ਕਰ ਸਕਦੇ ਹਾਂ? ਕਿਸੇ ਅਜਿਹੇ ਵਿਸ਼ੇ ਬਾਰੇ ਗੱਲ ਕਰੋ ਜਿਸ ਵਿਚ ਉਨ੍ਹਾਂ ਨੂੰ ਦਿਲਚਸਪੀ ਹੋਵੇ। ਉਨ੍ਹਾਂ ਲਈ ਪਿਆਰ ਤੇ ਪਰਵਾਹ ਦਿਖਾਓ ਅਤੇ ਉਮੀਦ ਰੱਖੋ ਕਿ ਉਹ ਇਕ-ਨਾ-ਇਕ ਦਿਨ ਜ਼ਰੂਰ ਸਟੱਡੀ ਕਰਨਗੇ। ਇੱਦਾਂ ਕਰਦੇ ਰਹਿਣ ਨਾਲ ਸ਼ਾਇਦ ਉਹ ਥੋੜ੍ਹੇ ਹੀ ਸਮੇਂ ਬਾਅਦ ਸਟੱਡੀ ਕਰਨੀ ਸ਼ੁਰੂ ਕਰ ਦੇਣ। ਪਰ ਅਸੀਂ ਉਨ੍ਹਾਂ ਨੂੰ ਸਟੱਡੀ ਦੀ ਪੇਸ਼ਕਸ਼ ਕਿੱਦਾਂ ਕਰ ਸਕਦੇ ਹਾਂ? ਅਸੀਂ ਇਹ ਸਵਾਲ ਕੁਝ ਅਜਿਹੇ ਭੈਣਾਂ-ਭਰਾਵਾਂ ਨੂੰ ਪੁੱਛਿਆ ਜਿਹੜੇ ਬਾਈਬਲ ਸਟੱਡੀਆਂ ਸ਼ੁਰੂ ਕਰਾਉਣ ਵਿਚ ਮਾਹਰ ਹਨ। ਆਓ ਦੇਖੀਏ ਕਿ ਉਨ੍ਹਾਂ ਨੇ ਕੀ ਕਿਹਾ।
ਤੁਸੀਂ ਇਨ੍ਹਾਂ ਲੋਕਾਂ ਨੂੰ ਕੀ ਕਹੋਗੇ ਤਾਂਕਿ ਉਹ ਸਟੱਡੀ ਕਰਨੀ ਚਾਹੁਣ? (ਪੈਰਾ 5 ਦੇਖੋ)a
6. ਲੋਕਾਂ ਨੂੰ ਦੁਬਾਰਾ ਮਿਲਣ ਲਈ ਅਸੀਂ ਉਨ੍ਹਾਂ ਨੂੰ ਕੀ ਕਹਿ ਸਕਦੇ ਹਾਂ?
6 ਉਨ੍ਹਾਂ ਪ੍ਰਚਾਰਕਾਂ ਅਤੇ ਪਾਇਨੀਅਰਾਂ ਨੇ ਸਾਨੂੰ ਦੱਸਿਆ ਕਿ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਦਿਆਂ ਕੁਝ ਦੇਸ਼ਾਂ ਵਿਚ ਅਜਿਹੇ ਸ਼ਬਦ ਨਹੀਂ ਕਹਿਣੇ ਚਾਹੀਦੇ, ਜਿਵੇਂ “ਸਟੱਡੀ,” “ਬਾਈਬਲ ਤੋਂ ਸਿੱਖੋ” ਜਾਂ “ਸਿਖਾਉਣਾ।” ਇਸ ਦੀ ਬਜਾਇ, ਉਹ ਕਹਿੰਦੇ ਹਨ, “ਗੱਲਬਾਤ ਕਰਾਂਗੇ,” “ਚਰਚਾ ਕਰਾਂਗੇ” ਜਾਂ “ਧਰਮ-ਗ੍ਰੰਥ ਤੋਂ ਕੁਝ ਚੰਗੀਆਂ ਗੱਲਾਂ ਜਾਣਾਂਗੇ।” ਲੋਕਾਂ ਨੂੰ ਦੁਬਾਰਾ ਮਿਲਣ ਲਈ ਅਸੀਂ ਬਾਈਬਲ ਬਾਰੇ ਕੁਝ ਅਜਿਹਾ ਕਹਿ ਸਕਦੇ ਹਾਂ, “ਇਸ ਕਿਤਾਬ ਵਿਚ ਕੁਝ ਜ਼ਰੂਰੀ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ” ਜਾਂ “ਇਸ ਕਿਤਾਬ ਵਿਚ ਅਜਿਹੀਆਂ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ ਜੋ ਹਰ ਰੋਜ਼ ਸਾਡੇ ਕੰਮ ਆਉਂਦੀਆਂ ਹਨ।” ਅਸੀਂ ਲੋਕਾਂ ਨੂੰ ਇਹ ਨਹੀਂ ਕਹਾਂਗੇ ਕਿ ਅਸੀਂ ਉਨ੍ਹਾਂ ਨੂੰ “ਹਰ ਹਫ਼ਤੇ” ਮਿਲਾਂਗੇ। ਕਿਉਂ? ਕਿਉਂਕਿ ਇੱਦਾਂ ਲੋਕੀ ਘਬਰਾ ਸਕਦੇ ਹਨ ਕਿ ਉਨ੍ਹਾਂ ਨੂੰ ਹਰ ਹਫ਼ਤੇ ਸਾਨੂੰ ਮਿਲਣਾ ਪੈਣਾ। ਇਸ ਦੀ ਬਜਾਇ, ਅਸੀਂ ਉਨ੍ਹਾਂ ਨੂੰ ਕਹਿ ਸਕਦੇ ਹਾਂ: “ਅਸੀਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲਵਾਂਗੇ, ਸਗੋਂ 10-15 ਮਿੰਟਾਂ ਵਿਚ ਹੀ ਆਪਾਂ ਕੁਝ ਚੰਗੀਆਂ ਗੱਲਾਂ ਜਾਣਾਂਗੇ।”
7. ਕੁਝ ਲੋਕਾਂ ਨੂੰ ਕਦੋਂ ਅਹਿਸਾਸ ਹੋਇਆ ਕਿ ਉਹ ਜੋ ਸਿੱਖ ਰਹੇ ਹਨ, ਉਹ ਹੀ ਸੱਚਾਈ ਹੈ? (1 ਕੁਰਿੰਥੀਆਂ 14:23-25)
7 ਸਭਾਵਾਂ ʼਤੇ ਆਉਣ ਦਾ ਸੱਦਾ ਦਿਓ। ਲੱਗਦਾ ਹੈ ਕਿ ਪੌਲੁਸ ਰਸੂਲ ਦੇ ਦਿਨਾਂ ਵਿਚ ਜਦੋਂ ਕੁਝ ਲੋਕ ਪਹਿਲੀ ਵਾਰ ਸਭਾ ʼਤੇ ਆਏ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਜੋ ਸਿੱਖ ਰਹੇ ਸਨ, ਉਹੀ ਸੱਚਾਈ ਸੀ। (1 ਕੁਰਿੰਥੀਆਂ 14:23-25 ਪੜ੍ਹੋ।) ਅੱਜ ਵੀ ਕਈ ਵਾਰ ਇੱਦਾਂ ਹੀ ਹੁੰਦਾ ਹੈ। ਜਦੋਂ ਜ਼ਿਆਦਾਤਰ ਨਵੇਂ ਲੋਕ ਸਭਾਵਾਂ ʼਤੇ ਆਉਂਦੇ ਹਨ, ਤਾਂ ਉਹ ਛੇਤੀ ਤਰੱਕੀ ਕਰਦੇ ਹਨ। ਤਾਂ ਫਿਰ ਤੁਹਾਨੂੰ ਕਦੋਂ ਲੋਕਾਂ ਨੂੰ ਸਭਾਵਾਂ ʼਤੇ ਆਉਣ ਦਾ ਸੱਦਾ ਦੇਣਾ ਚਾਹੀਦਾ ਹੈ? ਸਭਾਵਾਂ ਬਾਰੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦੇ ਪਾਠ 10 ਵਿਚ ਗੱਲ ਕੀਤੀ ਗਈ ਹੈ। ਪਰ ਤੁਹਾਨੂੰ ਸਭਾਵਾਂ ʼਤੇ ਆਉਣ ਦਾ ਸੱਦਾ ਦੇਣ ਲਈ ਇਸ ਪਾਠ ਦੀ ਸਟੱਡੀ ਕਰਾਉਣ ਤਕ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕਿਸੇ ਨੂੰ ਪਹਿਲੀ ਵਾਰ ਮਿਲਣ ਤੇ ਹੀ ਹਫ਼ਤੇ ਦੇ ਅਖ਼ੀਰ ʼਤੇ ਹੋਣ ਵਾਲੀ ਸਭਾ ʼਤੇ ਆਉਣ ਦਾ ਸੱਦਾ ਦੇ ਸਕਦੇ ਹੋ। ਜੇ ਤੁਸੀਂ ਚਾਹੋ, ਤਾਂ ਉਸ ਨੂੰ ਪਬਲਿਕ ਭਾਸ਼ਣ ਦਾ ਵਿਸ਼ਾ ਦੱਸ ਸਕਦੇ ਹੋ ਜਾਂ ਉਸ ਹਫ਼ਤੇ ਹੋਣ ਵਾਲੇ ਪਹਿਰਾਬੁਰਜ ਵਿੱਚੋਂ ਕੁਝ ਗੱਲਾਂ ਦੱਸ ਸਕਦੇ ਹੋ।
8. ਜਦੋਂ ਅਸੀਂ ਕਿਸੇ ਨੂੰ ਸਭਾ ʼਤੇ ਆਉਣ ਦਾ ਸੱਦਾ ਦਿੰਦੇ ਹਾਂ, ਤਾਂ ਅਸੀਂ ਉਸ ਨੂੰ ਕੀ ਦੱਸ ਸਕਦੇ ਹਾਂ? (ਯਸਾਯਾਹ 54:13)
8 ਜਦੋਂ ਅਸੀਂ ਕਿਸੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਸਭਾਵਾਂ ʼਤੇ ਆਉਣ ਦਾ ਸੱਦਾ ਦਿੰਦੇ ਹਾਂ, ਤਾਂ ਅਸੀਂ ਉਸ ਨੂੰ ਦੱਸ ਸਕਦੇ ਹਾਂ ਕਿ ਸਾਡੀਆਂ ਸਭਾਵਾਂ ਦੂਸਰੀਆਂ ਧਾਰਮਿਕ ਸਭਾਵਾਂ ਨਾਲੋਂ ਬਹੁਤ ਵੱਖਰੀਆਂ ਹਨ। ਜਦੋਂ ਇਕ ਬਾਈਬਲ ਵਿਦਿਆਰਥੀ ਨੇ ਪਹਿਲੀ ਵਾਰ ਪਹਿਰਾਬੁਰਜ ਅਧਿਐਨ ਹੁੰਦਿਆਂ ਦੇਖਿਆ, ਤਾਂ ਉਸ ਨੇ ਸਟੱਡੀ ਕਰਾਉਣ ਵਾਲੀ ਭੈਣ ਨੂੰ ਪੁੱਛਿਆ: “ਕੀ ਪਹਿਰਾਬੁਰਜ ਅਧਿਐਨ ਕਰਾਉਣ ਵਾਲਾ ਭਰਾ ਸਾਰਿਆਂ ਦੇ ਨਾਂ ਜਾਣਦਾ ਹੈ?” ਭੈਣ ਨੇ ਉਸ ਨੂੰ ਦੱਸਿਆ ਕਿ ਅਸੀਂ ਸਾਰਿਆਂ ਦੇ ਨਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਸੀਂ ਸਾਰੇ ਇਕ ਪਰਿਵਾਰ ਵਾਂਗ ਹਾਂ। ਇਹ ਸੁਣ ਕੇ ਉਸ ਵਿਦਿਆਰਥੀ ਨੇ ਕਿਹਾ ਕਿ ਸਾਡੇ ਚਰਚ ਵਿਚ ਤਾਂ ਜ਼ਿਆਦਾਤਰ ਲੋਕ ਇਕ-ਦੂਜੇ ਦਾ ਨਾਂ ਨਹੀਂ ਜਾਣਦੇ। ਅਸੀਂ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਇਹ ਵੀ ਦੱਸ ਸਕਦੇ ਹਾਂ ਕਿ ਸਾਡੀਆਂ ਸਭਾਵਾਂ ਇਕ ਹੋਰ ਮਾਅਨੇ ਵਿਚ ਵੱਖਰੀਆਂ ਹਨ। (ਯਸਾਯਾਹ 54:13 ਪੜ੍ਹੋ।) ਅਸੀਂ ਯਹੋਵਾਹ ਦੀ ਭਗਤੀ ਕਰਨ ਲਈ, ਉਸ ਤੋਂ ਸਿੱਖਣ ਲਈ ਅਤੇ ਇਕ-ਦੂਜੇ ਦਾ ਹੌਸਲਾ ਵਧਾਉਣ ਲਈ ਸਭਾਵਾਂ ʼਤੇ ਜਾਂਦੇ ਹਾਂ। (ਇਬ. 2:12; 10:24, 25) ਇਸ ਲਈ ਸਾਡੀਆਂ ਸਭਾਵਾਂ ਸਹੀ ਢੰਗ ਨਾਲ ਚਲਾਈਆਂ ਜਾਂਦੀਆਂ ਹਨ ਅਤੇ ਉੱਥੇ ਜੋ ਗੱਲਾਂ ਸਿਖਾਈਆਂ ਜਾਂਦੀਆਂ ਹਨ, ਉਹ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। (1 ਕੁਰਿੰ. 14:40) ਅਸੀਂ ਉੱਥੇ ਕਿਸੇ ਵੀ ਤਰ੍ਹਾਂ ਦੇ ਰੀਤੀ-ਰਿਵਾਜ ਨਹੀਂ ਕਰਦੇ। ਸਾਡੇ ਕਿੰਗਡਮ ਹਾਲਾਂ ਵਿਚ ਰੌਸ਼ਨੀ ਦਾ ਵਧੀਆ ਪ੍ਰਬੰਧ ਹੁੰਦਾ ਹੈ ਤਾਂਕਿ ਅਸੀਂ ਵਧੀਆ ਢੰਗ ਨਾਲ ਸਿੱਖ ਸਕੀਏ। ਨਾਲੇ ਅਸੀਂ ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿੰਦੇ ਹਾਂ, ਕਿਸੇ ਵੀ ਰਾਜਨੀਤਿਕ ਪਾਰਟੀ ਦਾ ਸਾਥ ਨਹੀਂ ਦਿੰਦੇ ਅਤੇ ਨਾ ਹੀ ਸਮਾਜਕ ਮੁੱਦਿਆਂ ʼਤੇ ਕਿਸੇ ਨਾਲ ਬਹਿਸ ਕਰਦੇ ਜਾਂ ਲੜਦੇ-ਝਗੜਦੇ ਹਾਂ। ਅਸੀਂ ਵਿਦਿਆਰਥੀ ਨੂੰ ਸਭਾ ʼਤੇ ਬੁਲਾਉਣ ਤੋਂ ਪਹਿਲਾਂ ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਨਾਂ ਦੀ ਵੀਡੀਓ ਵੀ ਦਿਖਾ ਸਕਦੇ ਹਾਂ। ਇੱਦਾਂ ਉਹ ਜਾਣ ਸਕੇਗਾ ਕਿ ਸਾਡੀਆਂ ਸਭਾਵਾਂ ʼਤੇ ਕੀ ਕੁਝ ਹੁੰਦਾ ਹੈ।
9-10. ਤੁਸੀਂ ਨਵੇਂ ਲੋਕਾਂ ਨੂੰ ਕਿੱਦਾਂ ਦੱਸੋਗੇ ਕਿ ਸਭਾਵਾਂ ਵਿਚ ਹਿੱਸਾ ਲੈਣ ਜਾਂ ਧਰਮ ਬਦਲਣ ਲਈ ਕਿਸੇ ਨੂੰ ਵੀ ਮਜਬੂਰ ਨਹੀਂ ਕੀਤਾ ਜਾਂਦਾ? (ਤਸਵੀਰ ਵੀ ਦੇਖੋ।)
9 ਕੁਝ ਲੋਕ ਸਭਾਵਾਂ ʼਤੇ ਇਸ ਲਈ ਆਉਣ ਤੋਂ ਝਿਜਕਦੇ ਹਨ ਕਿਉਂਕਿ ਉਨ੍ਹਾਂ ਨੂੰ ਲੱਗਦਾ ਕਿ ਉਨ੍ਹਾਂ ਨੂੰ ਆਪਣਾ ਧਰਮ ਬਦਲਣ ਲਈ ਕਿਹਾ ਜਾਵੇਗਾ। ਉਨ੍ਹਾਂ ਨੂੰ ਦੱਸੋ ਕਿ ਜਦੋਂ ਨਵੇਂ ਲੋਕ ਸਭਾਵਾਂ ʼਤੇ ਆਉਂਦੇ ਹਨ, ਤਾਂ ਸਾਨੂੰ ਖ਼ੁਸ਼ੀ ਹੁੰਦੀ ਹੈ। ਨਾਲੇ ਅਸੀਂ ਕਿਸੇ ਨੂੰ ਸਭਾਵਾਂ ਵਿਚ ਹਿੱਸਾ ਲੈਣ ਜਾਂ ਆਪਣਾ ਧਰਮ ਬਦਲਣ ਲਈ ਮਜਬੂਰ ਨਹੀਂ ਕਰਦੇ। ਸਭਾਵਾਂ ʼਤੇ ਮਾਪੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆ ਸਕਦੇ ਹਨ। ਸਾਡੀਆਂ ਸਭਾਵਾਂ ਵਿਚ ਬੱਚਿਆਂ ਨੂੰ ਵੱਖਰੇ ਬਿਠਾ ਕੇ ਨਹੀਂ ਸਿਖਾਇਆ ਜਾਂਦਾ, ਸਗੋਂ ਉਹ ਆਪਣੇ ਮਾਪਿਆਂ ਨਾਲ ਬੈਠਦੇ ਹਨ ਅਤੇ ਸਿੱਖਦੇ ਹਨ। ਇੱਦਾਂ ਬੱਚੇ ਮਾਪਿਆਂ ਦੀ ਨਿਗਰਾਨੀ ਵਿਚ ਰਹਿੰਦੇ ਹਨ ਅਤੇ ਮਾਪਿਆਂ ਨੂੰ ਪਤਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਕੀ ਸਿੱਖ ਰਹੇ ਹਨ। (ਬਿਵ. 31:12) ਸਾਡੀਆਂ ਸਭਾਵਾਂ ਵਿਚ ਚੰਦਾ ਇਕੱਠਾ ਨਹੀਂ ਕੀਤਾ ਜਾਂਦਾ। ਇਸ ਦੀ ਬਜਾਇ, ਅਸੀਂ ਯਿਸੂ ਦਾ ਇਹ ਹੁਕਮ ਮੰਨਦੇ ਹਾਂ: “ਤੁਹਾਨੂੰ ਮੁਫ਼ਤ ਮਿਲਿਆ ਹੈ, ਤੁਸੀਂ ਵੀ ਮੁਫ਼ਤ ਦਿਓ।” (ਮੱਤੀ 10:8) ਨਾਲੇ ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਉਨ੍ਹਾਂ ਨੂੰ ਮਹਿੰਗੇ-ਮਹਿੰਗੇ ਕੱਪੜੇ ਪਾ ਕੇ ਆਉਣ ਦੀ ਲੋੜ ਨਹੀਂ ਹੈ। ਕਿਉਂ? ਕਿਉਂਕਿ ਪਰਮੇਸ਼ੁਰ ਕਿਸੇ ਦਾ ਬਾਹਰਲਾ ਰੂਪ ਨਹੀਂ ਦੇਖਦਾ, ਸਗੋਂ ਦਿਲ ਦੇਖਦਾ ਹੈ।—1 ਸਮੂ. 16:7.
10 ਜਦੋਂ ਕੋਈ ਨਵਾਂ ਵਿਅਕਤੀ ਸਭਾ ʼਤੇ ਆਉਂਦਾ ਹੈ, ਤਾਂ ਤੁਸੀਂ ਪਿਆਰ ਨਾਲ ਉਸ ਦਾ ਸੁਆਗਤ ਕਰੋ। ਉਸ ਨੂੰ ਮੰਡਲੀ ਦੇ ਬਜ਼ੁਰਗਾਂ ਅਤੇ ਹੋਰ ਭੈਣਾਂ-ਭਰਾਵਾਂ ਨਾਲ ਮਿਲਾਓ। ਜੇ ਉਸ ਨੂੰ ਓਪਰਾ ਨਹੀਂ ਲੱਗੇਗਾ, ਤਾਂ ਉਹ ਦੁਬਾਰਾ ਸਭਾ ʼਤੇ ਜ਼ਰੂਰ ਆਉਣ ਚਾਹੇਗਾ। ਜੇ ਉਸ ਕੋਲ ਬਾਈਬਲ ਨਹੀਂ ਹੈ, ਤਾਂ ਸਭਾ ਦੌਰਾਨ ਆਪਣੀ ਬਾਈਬਲ ਵਿੱਚੋਂ ਉਸ ਨੂੰ ਆਇਤਾਂ ਦਿਖਾਓ। ਇਹ ਸਮਝਣ ਵਿਚ ਉਸ ਦੀ ਮਦਦ ਕਰੋ ਕਿ ਭਾਸ਼ਣਕਾਰ ਕੀ ਕਹਿ ਰਿਹਾ ਹੈ ਅਤੇ ਅਸੀਂ ਸਾਰੇ ਮਿਲ ਕੇ ਅਧਿਐਨ ਕਿਵੇਂ ਕਰਦੇ ਹਾਂ।
ਇਕ ਵਿਅਕਤੀ ਜਿੰਨੀ ਛੇਤੀ ਸਭਾਵਾਂ ʼਤੇ ਆਉਣਾ ਸ਼ੁਰੂ ਕਰੇਗਾ, ਉਹ ਉੱਨੀ ਛੇਤੀ ਤਰੱਕੀ ਕਰੇਗਾ (ਪੈਰੇ 9-10 ਦੇਖੋ)
ਬਾਈਬਲ ਸਟੱਡੀ ਸ਼ੁਰੂ ਹੋਣ ਤੇ ਕੀ ਕਰੀਏ?
11. ਅਸੀਂ ਘਰ-ਮਾਲਕ ਦੇ ਸਮੇਂ ਦੀ ਕਦਰ ਕਿਵੇਂ ਕਰ ਸਕਦੇ ਹਾਂ?
11 ਬਾਈਬਲ ਸਟੱਡੀ ਸ਼ੁਰੂ ਹੋਣ ਤੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਸਾਨੂੰ ਘਰ-ਮਾਲਕ ਦੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਮਿਸਾਲ ਲਈ, ਸਾਨੂੰ ਘਰ-ਮਾਲਕ ਨੇ ਜਿੰਨੇ ਵਜੇ ਬੁਲਾਇਆ ਹੈ, ਸਾਨੂੰ ਉੱਨੇ ਵਜੇ ਹੀ ਉਸ ਕੋਲ ਜਾਣਾ ਚਾਹੀਦਾ ਹੈ। ਫਿਰ ਚਾਹੇ ਸਾਡੇ ਇਲਾਕੇ ਦੇ ਲੋਕ ਸਮੇਂ ਦੇ ਪਾਬੰਦ ਹੋਣ ਜਾਂ ਨਾ। ਇਸ ਤੋਂ ਇਲਾਵਾ, ਵਧੀਆ ਹੋਵੇਗਾ ਕਿ ਅਸੀਂ ਪਹਿਲੀ ਵਾਰ ਸਟੱਡੀ ਕਰਾਉਂਦਿਆਂ ਘਰ-ਮਾਲਕ ਦਾ ਜ਼ਿਆਦਾ ਸਮਾਂ ਨਾ ਲਈਏ। ਕੁਝ ਤਜਰਬੇਕਾਰ ਪ੍ਰਚਾਰਕਾਂ ਦਾ ਕਹਿਣਾ ਹੈ ਕਿ ਚਾਹੇ ਘਰ-ਮਾਲਕ ਜ਼ਿਆਦਾ ਦੇਰ ਤਕ ਸਿੱਖਣਾ ਚਾਹੁੰਦਾ ਹੋਵੇ, ਫਿਰ ਵੀ ਸਾਨੂੰ ਸਟੱਡੀ ਛੇਤੀ ਖ਼ਤਮ ਕਰ ਦੇਣੀ ਚਾਹੀਦੀ ਹੈ। ਸਾਨੂੰ ਖ਼ੁਦ ਜ਼ਿਆਦਾ ਨਹੀਂ ਬੋਲਣਾ ਚਾਹੀਦਾ, ਸਗੋਂ ਘਰ-ਮਾਲਕ ਨੂੰ ਦਿਲ ਖੋਲ੍ਹ ਕੇ ਗੱਲ ਕਰਨ ਦੇਣੀ ਚਾਹੀਦੀ ਹੈ।—ਕਹਾ. 10:19.
12. ਜਦੋਂ ਅਸੀਂ ਕਿਸੇ ਦੀ ਬਾਈਬਲ ਸਟੱਡੀ ਸ਼ੁਰੂ ਕਰਦੇ ਹਾਂ, ਤਾਂ ਸਾਡਾ ਕੀ ਟੀਚਾ ਹੋਣਾ ਚਾਹੀਦਾ ਹੈ?
12 ਜਦੋਂ ਅਸੀਂ ਕਿਸੇ ਦੀ ਸਟੱਡੀ ਸ਼ੁਰੂ ਕਰਦੇ ਹਾਂ, ਤਾਂ ਸਾਡਾ ਟੀਚਾ ਹੋਣਾ ਚਾਹੀਦਾ ਹੈ ਕਿ ਉਹ ਯਹੋਵਾਹ ਅਤੇ ਯਿਸੂ ਨੂੰ ਜਾਣ ਸਕੇ ਅਤੇ ਉਨ੍ਹਾਂ ਲਈ ਆਪਣੇ ਦਿਲ ਵਿਚ ਪਿਆਰ ਪੈਦਾ ਕਰ ਸਕੇ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਸਾਨੂੰ ਉਸ ਦਾ ਧਿਆਨ ਪਰਮੇਸ਼ੁਰ ਦੇ ਬਚਨ ʼਤੇ ਦਿਵਾਉਣਾ ਚਾਹੀਦਾ ਹੈ, ਨਾ ਕਿ ਆਪਣੇ ʼਤੇ ਜਾਂ ਇਸ ਗੱਲ ʼਤੇ ਕਿ ਸਾਨੂੰ ਬਾਈਬਲ ਦਾ ਕਿੰਨਾ ਗਿਆਨ ਹੈ। (ਰਸੂ. 10:25, 26) ਇਸ ਮਾਮਲੇ ਵਿਚ ਪੌਲੁਸ ਰਸੂਲ ਨੇ ਸਾਡੇ ਲਈ ਬਹੁਤ ਵਧੀਆ ਮਿਸਾਲ ਰੱਖੀ ਹੈ। ਉਸ ਨੇ ਹਮੇਸ਼ਾ ਲੋਕਾਂ ਦਾ ਧਿਆਨ ਯਿਸੂ ਮਸੀਹ ਵੱਲ ਖਿੱਚਿਆ ਜਿਸ ਨੂੰ ਯਹੋਵਾਹ ਨੇ ਭੇਜਿਆ ਸੀ ਤਾਂਕਿ ਉਸ ਦੀ ਮਦਦ ਨਾਲ ਅਸੀਂ ਯਹੋਵਾਹ ਨੂੰ ਜਾਣ ਸਕੀਏ ਅਤੇ ਪਿਆਰ ਕਰ ਸਕੀਏ। (1 ਕੁਰਿੰ. 2:1, 2) ਇਸ ਤੋਂ ਇਲਾਵਾ, ਪੌਲੁਸ ਨੇ ਸਾਫ਼-ਸਾਫ਼ ਦੱਸਿਆ ਕਿ ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਨਵੇਂ ਚੇਲਿਆਂ ਦੀ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਨ ਵਿਚ ਮਦਦ ਕਰੀਏ, ਜਿਵੇਂ ਕਿ ਨਿਹਚਾ, ਬੁੱਧ, ਸੂਝ-ਬੂਝ ਅਤੇ ਯਹੋਵਾਹ ਦਾ ਡਰ। (ਜ਼ਬੂ. 19:9, 10; ਕਹਾ. 3:13-15; 1 ਪਤ. 1:7) ਉਸ ਨੇ ਇਨ੍ਹਾਂ ਗੁਣਾਂ ਦੀ ਤੁਲਨਾ ਸੋਨੇ, ਚਾਂਦੀ ਅਤੇ ਕੀਮਤੀ ਪੱਥਰਾਂ ਨਾਲ ਕੀਤੀ। (1 ਕੁਰਿੰ. 3:11-15) ਤੁਸੀਂ ਵੀ ਲੋਕਾਂ ਨੂੰ ਸਿਖਾਉਂਦਿਆਂ ਪੌਲੁਸ ਰਸੂਲ ਦਾ ਤਰੀਕਾ ਵਰਤ ਸਕਦੇ ਹੋ। ਇਸ ਨਾਲ ਵਿਦਿਆਰਥੀ ਦੀ ਨਿਹਚਾ ਵਧੇਗੀ ਅਤੇ ਯਹੋਵਾਹ ਨਾਲ ਉਸ ਦਾ ਰਿਸ਼ਤਾ ਮਜ਼ਬੂਤ ਹੋਵੇਗਾ।—2 ਕੁਰਿੰ. 1:24.
13. ਆਪਣੇ ਵਿਦਿਆਰਥੀ ਨੂੰ ਸਿਖਾਉਂਦੇ ਵੇਲੇ ਅਸੀਂ ਕਿਵੇਂ ਧੀਰਜ ਰੱਖ ਸਕਦੇ ਹਾਂ ਅਤੇ ਉਸ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ? (2 ਕੁਰਿੰਥੀਆਂ 10:4, 5) (ਤਸਵੀਰ ਵੀ ਦੇਖੋ।)
13 ਲੋਕਾਂ ਨੂੰ ਸਿਖਾਉਂਦੇ ਵੇਲੇ ਯਿਸੂ ਉਨ੍ਹਾਂ ਨਾਲ ਧੀਰਜ ਰੱਖਦਾ ਸੀ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਅਸੀਂ ਵੀ ਉਸ ਵਾਂਗ ਬਣ ਸਕਦੇ ਹਾਂ। ਵਿਦਿਆਰਥੀ ਨੂੰ ਸਿਖਾਉਂਦਿਆਂ ਸਾਨੂੰ ਉਸ ਨੂੰ ਕੋਈ ਵੀ ਅਜਿਹਾ ਸਵਾਲ ਨਹੀਂ ਪੁੱਛਣਾ ਚਾਹੀਦਾ ਜਿਸ ਕਰਕੇ ਉਹ ਸ਼ਰਮਿੰਦਾ ਮਹਿਸੂਸ ਕਰੇ। ਜੇ ਉਸ ਨੂੰ ਕੋਈ ਗੱਲ ਸਮਝ ਨਹੀਂ ਆ ਰਹੀ, ਤਾਂ ਸਾਨੂੰ ਉਸ ਗੱਲ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਸਟੱਡੀ ਨੂੰ ਜਾਰੀ ਰੱਖਣਾ ਚਾਹੀਦਾ ਹੈ। ਅਸੀਂ ਬਾਅਦ ਵਿਚ ਉਸ ਨਾਲ ਇਸ ਬਾਰੇ ਗੱਲ ਕਰ ਸਕਦੇ ਹਾਂ। ਜੇ ਉਸ ਨੂੰ ਕੋਈ ਸਿੱਖਿਆ ਮੰਨਣੀ ਔਖੀ ਲੱਗ ਰਹੀ ਹੈ, ਤਾਂ ਉਸ ʼਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਪਾਓ। ਇਸ ਦੀ ਬਜਾਇ, ਉਸ ਨੂੰ ਸਮਾਂ ਦਿਓ ਤਾਂਕਿ ਉਹ ਉਸ ਸਿੱਖਿਆ ਬਾਰੇ ਸੋਚ ਸਕੇ ਅਤੇ ਉਸ ਨੂੰ ਮੰਨ ਸਕੇ। (ਯੂਹੰ. 16:12; ਕੁਲੁ. 2:6, 7) ਬਾਈਬਲ ਵਿਚ ਝੂਠੀਆਂ ਸਿੱਖਿਆਵਾਂ ਦੀ ਤੁਲਨਾ ਕਿਲੇ ਨਾਲ ਕੀਤੀ ਗਈ ਹੈ। (2 ਕੁਰਿੰਥੀਆਂ 10:4, 5 ਪੜ੍ਹੋ।) ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡਾ ਵਿਦਿਆਰਥੀ ਸਾਲਾਂ ਤੋਂ ਇਨ੍ਹਾਂ ਸਿੱਖਿਆਵਾਂ ਨੂੰ ਮੰਨਦਾ ਆ ਰਿਹਾ ਹੈ ਅਤੇ ਇਹ ਉਸ ਲਈ ਇਕ ਮਜ਼ਬੂਤ ਕਿਲੇ ਵਾਂਗ ਹਨ। ਜੇ ਇਹ ਕਿਲਾ ਢਹਿ ਜਾਵੇ, ਤਾਂ ਉਹ ਕਿੱਥੇ ਜਾਵੇਗਾ। ਇਸ ਲਈ ਚੰਗਾ ਹੋਵੇਗਾ ਕਿ ਅਸੀਂ ਯਹੋਵਾਹ ʼਤੇ ਉਸ ਦਾ ਭਰੋਸਾ ਵਧਾਈਏ ਤਾਂਕਿ ਉਹ ਯਹੋਵਾਹ ਨੂੰ ਆਪਣਾ ਕਿਲਾ ਜਾਂ ਪਨਾਹ ਬਣਾਵੇ। ਜਦੋਂ ਉਹ ਇੱਦਾਂ ਕਰੇਗਾ, ਤਾਂ ਪੁਰਾਣੇ ਕਿਲੇ ਨੂੰ ਢਾਹੁਣਾ ਉਸ ਲਈ ਸੌਖਾ ਹੋ ਜਾਵੇਗਾ।—ਜ਼ਬੂ. 91:9.
ਵਿਦਿਆਰਥੀ ਨੂੰ ਸੋਚਣ ਲਈ ਸਮਾਂ ਦਿਓ ਤਾਂਕਿ ਸੱਚਾਈ ਉਸ ਦੇ ਦਿਲ ਵਿਚ ਜੜ੍ਹ ਫੜ ਸਕੇ (ਪੈਰਾ 13 ਦੇਖੋ)
ਸਭਾਵਾਂ ʼਤੇ ਆਏ ਨਵੇਂ ਲੋਕਾਂ ਨਾਲ ਕਿਵੇਂ ਪੇਸ਼ ਆਈਏ?
14. ਸਾਨੂੰ ਸਭਾਵਾਂ ʼਤੇ ਆਏ ਨਵੇਂ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?
14 ਯਹੋਵਾਹ ਚਾਹੁੰਦਾ ਹੈ ਕਿ ਅਸੀਂ ਸਭਾਵਾਂ ʼਤੇ ਆਏ ਨਵੇਂ ਲੋਕਾਂ ਨਾਲ ਬਿਨਾਂ ਪੱਖਪਾਤ ਦੇ ਪੇਸ਼ ਆਈਏ। ਚਾਹੇ ਉਹ ਜਿਹੜੇ ਮਰਜ਼ੀ ਸਭਿਆਚਾਰ ਤੋਂ ਹੋਣ, ਅਮੀਰ ਹੋਣ ਜਾਂ ਗ਼ਰੀਬ ਜਾਂ ਜਿਹੜੀ ਮਰਜ਼ੀ ਜਗ੍ਹਾ ਤੋਂ ਆਏ ਹੋਣ। (ਯਾਕੂ. 2:1-4, 9) ਤਾਂ ਫਿਰ ਅਸੀਂ ਸਭਾਵਾਂ ʼਤੇ ਆਏ ਨਵੇਂ ਲੋਕਾਂ ਲਈ ਪਿਆਰ ਕਿਵੇਂ ਦਿਖਾ ਸਕਦੇ ਹਾਂ?
15-16. ਅਸੀਂ ਨਵੇਂ ਲੋਕਾਂ ਦਾ ਸੁਆਗਤ ਕਰਨ ਲਈ ਕੀ ਕਰ ਸਕਦੇ ਹਾਂ?
15 ਕੁਝ ਲੋਕ ਸਭਾਵਾਂ ʼਤੇ ਸਿਰਫ਼ ਇਸ ਲਈ ਆਉਂਦੇ ਹਨ ਕਿਉਂਕਿ ਉਹ ਜਾਣਨਾ ਚਾਹੁੰਦੇ ਹਨ ਕਿ ਸਾਡੀਆਂ ਸਭਾਵਾਂ ਵਿਚ ਕੀ ਹੁੰਦਾ ਹੈ। ਕੁਝ ਹੋਰ ਲੋਕ ਇਸ ਲਈ ਆਉਂਦੇ ਹਨ ਕਿਉਂਕਿ ਕਿਸੇ ਹੋਰ ਥਾਂ ਦੇ ਕਿਸੇ ਗਵਾਹ ਨੇ ਉਨ੍ਹਾਂ ਨੂੰ ਸਭਾਵਾਂ ʼਤੇ ਜਾਣ ਲਈ ਕਿਹਾ ਸੀ। ਇਸ ਲਈ ਸਾਨੂੰ ਨਵੇਂ ਲੋਕਾਂ ਦਾ ਸੁਆਗਤ ਕਰਨ ਵਿਚ ਪਹਿਲ ਕਰਨੀ ਚਾਹੀਦੀ ਹੈ। ਪਰ ਸਾਨੂੰ ਅਜਿਹਾ ਕੁਝ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਉਨ੍ਹਾਂ ਨੂੰ ਅਜੀਬ ਲੱਗੇ। ਉਨ੍ਹਾਂ ਨੂੰ ਆਪਣੇ ਨਾਲ ਬੈਠਣ ਲਈ ਕਹੋ। ਸਭਾ ਦੌਰਾਨ ਉਨ੍ਹਾਂ ਨੂੰ ਆਪਣੀ ਬਾਈਬਲ ਜਾਂ ਰਸਾਲਾ ਦਿਖਾਓ। ਜਾਂ ਉਨ੍ਹਾਂ ਨੂੰ ਬਾਈਬਲ ਜਾਂ ਰਸਾਲਾ ਦਿਓ। ਇਸ ਤੋਂ ਇਲਾਵਾ, ਉਨ੍ਹਾਂ ਦੀਆਂ ਭਾਵਨਾਵਾਂ ਦਾ ਵੀ ਖ਼ਿਆਲ ਰੱਖੋ। ਇਕ ਆਦਮੀ ਜਦੋਂ ਪਹਿਲੀ ਵਾਰੀ ਸਭਾ ʼਤੇ ਆਇਆ, ਤਾਂ ਇਕ ਭਰਾ ਨੇ ਉਸ ਦਾ ਸੁਆਗਤ ਕੀਤਾ। ਉਸ ਨੇ ਭਰਾ ਨੂੰ ਦੱਸਿਆ ਕਿ ਉਸ ਨੂੰ ਬਹੁਤ ਅਜੀਬ ਲੱਗ ਰਿਹਾ ਹੈ ਕਿਉਂਕਿ ਉਸ ਨੇ ਬੇਢੰਗੇ ਕੱਪੜੇ ਪਾਏ ਹੋਏ ਸਨ। ਭਰਾ ਨੇ ਉਸ ਨੂੰ ਕਿਹਾ ਕਿ ਅਸੀਂ ਸਭਾਵਾਂ ʼਤੇ ਤਿਆਰ ਹੋ ਕੇ ਆਉਂਦੇ ਹਾਂ, ਪਰ ਅਸੀਂ ਵੀ ਆਮ ਲੋਕ ਹੀ ਹਾਂ। ਇਸ ਲਈ ਪਰੇਸ਼ਾਨ ਨਾ ਹੋਵੋ। ਅੱਗੇ ਚੱਲ ਕੇ ਉਸ ਆਦਮੀ ਨੇ ਸੱਚਾਈ ਵਿਚ ਤਰੱਕੀ ਕੀਤੀ ਅਤੇ ਬਪਤਿਸਮਾ ਲੈ ਲਿਆ। ਪਰ ਉਹ ਉਸ ਭਰਾ ਦੀ ਗੱਲ ਕਦੇ ਵੀ ਨਹੀਂ ਭੁੱਲਿਆ। ਸਭਾ ਤੋਂ ਪਹਿਲਾਂ ਜਾਂ ਬਾਅਦ ਵਿਚ ਨਵੇਂ ਲੋਕਾਂ ਨੂੰ ਮਿਲਦਿਆਂ ਇਹ ਗੱਲ ਯਾਦ ਰੱਖੋ ਕਿ ਸਾਨੂੰ ਉਨ੍ਹਾਂ ਤੋਂ ਕਦੇ ਵੀ ਉਨ੍ਹਾਂ ਦੇ ਨਿੱਜੀ ਮਾਮਲਿਆਂ ਬਾਰੇ ਸਵਾਲ ਨਹੀਂ ਪੁੱਛਣੇ ਚਾਹੀਦੇ।—1 ਪਤ. 4:15.
16 ਨਵੇਂ ਲੋਕਾਂ ਦਾ ਸੁਆਗਤ ਕਰਨ ਅਤੇ ਉਨ੍ਹਾਂ ਨੂੰ ਵਧੀਆ ਮਹਿਸੂਸ ਕਰਾਉਣ ਲਈ ਅਸੀਂ ਇਕ ਹੋਰ ਚੀਜ਼ ਕਰ ਸਕਦੇ ਹਾਂ। ਜਦੋਂ ਅਸੀਂ ਉਨ੍ਹਾਂ ਨਾਲ ਗੱਲ ਕਰਦੇ ਹਾਂ, ਸਭਾ ਵਿਚ ਕੋਈ ਜਵਾਬ ਦਿੰਦੇ ਹਾਂ ਜਾਂ ਸਟੇਜ ਤੋਂ ਕੋਈ ਭਾਗ ਪੇਸ਼ ਕਰਦੇ ਹਾਂ, ਤਾਂ ਅਸੀਂ ਨਵੇਂ ਲੋਕਾਂ ਅਤੇ ਉਨ੍ਹਾਂ ਦੇ ਵਿਸ਼ਵਾਸਾਂ ਨੂੰ ਧਿਆਨ ਵਿਚ ਰੱਖਾਂਗੇ। ਅਸੀਂ ਅਜਿਹਾ ਕੁਝ ਵੀ ਨਹੀਂ ਕਹਾਂਗੇ ਜਿਸ ਕਰਕੇ ਉਨ੍ਹਾਂ ਨੂੰ ਲੱਗੇ ਕਿ ਅਸੀਂ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਹਾਂ ਜਾਂ ਉਨ੍ਹਾਂ ਦੀ ਬੇਇੱਜ਼ਤੀ ਕਰ ਰਹੇ ਹਾਂ। (ਤੀਤੁ. 2:8; 3:2) ਮਿਸਾਲ ਲਈ, ਅਸੀਂ ਉਨ੍ਹਾਂ ਦੇ ਵਿਸ਼ਵਾਸਾਂ ਬਾਰੇ ਕੁਝ ਵੀ ਬੁਰਾ-ਭਲਾ ਨਹੀਂ ਕਹਾਂਗੇ। (2 ਕੁਰਿੰ. 6:3) ਪਬਲਿਕ ਭਾਸ਼ਣ ਦੇਣ ਵਾਲੇ ਭਰਾ ਨੂੰ ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਨਾਲੇ ਜਦੋਂ ਉਹ ਬਾਈਬਲ ਤੋਂ ਕੋਈ ਅਜਿਹੀ ਗੱਲ ਦੱਸਦਾ ਹੈ ਜਾਂ ਕੋਈ ਅਜਿਹਾ ਸ਼ਬਦ ਵਰਤਦਾ ਹੈ ਜੋ ਨਵੇਂ ਲੋਕਾਂ ਨੂੰ ਸਮਝ ਨਹੀਂ ਆਵੇਗਾ, ਤਾਂ ਵਧੀਆ ਹੋਵੇਗਾ ਕਿ ਉਹ ਖੋਲ੍ਹ ਕੇ ਉਸ ਦਾ ਮਤਲਬ ਸਮਝਾਵੇ।
17. ਜਦੋਂ ਅਸੀਂ “ਦਿਲੋਂ ਤਿਆਰ” ਲੋਕਾਂ ਨੂੰ ਮਿਲਦੇ ਹਾਂ, ਤਾਂ ਅਸੀਂ ਕੀ ਕਰਾਂਗੇ?
17 ਇਸ ਦੁਨੀਆਂ ਦਾ ਅੰਤ ਬਹੁਤ ਨੇੜੇ ਆ ਗਿਆ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹੋਰ ਵੀ ਜ਼ੋਰ-ਸ਼ੋਰ ਨਾਲ ਚੇਲੇ ਬਣਾਉਣ ਦਾ ਕੰਮ ਕਰੀਏ। ਨਾਲੇ ਉਨ੍ਹਾਂ ਲੋਕਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕਰਦੇ ਰਹੀਏ ਜਿਹੜੇ “ਹਮੇਸ਼ਾ ਦੀ ਜ਼ਿੰਦਗੀ ਦੇ ਰਾਹ ʼਤੇ ਚੱਲਣ ਲਈ ਦਿਲੋਂ ਤਿਆਰ” ਹਨ। (ਰਸੂ. 13:48) ਜਦੋਂ ਅਸੀਂ ਅਜਿਹੇ ਲੋਕਾਂ ਨੂੰ ਮਿਲਦੇ ਹਾਂ, ਤਾਂ ਸਾਨੂੰ ਬਿਨਾਂ ਝਿਜਕੇ ਉਨ੍ਹਾਂ ਨੂੰ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਭਾਵਾਂ ʼਤੇ ਆਉਣ ਦਾ ਸੱਦਾ ਦੇਣਾ ਚਾਹੀਦਾ ਹੈ। ਇੱਦਾਂ ਕਰ ਕੇ ਅਸੀਂ ਉਨ੍ਹਾਂ ਲੋਕਾਂ ਦੀ “ਹਮੇਸ਼ਾ ਦੀ ਜ਼ਿੰਦਗੀ” ਦੇ ਰਾਹ ʼਤੇ ਚੱਲਣ ਵਿਚ ਮਦਦ ਕਰ ਸਕਾਂਗੇ।—ਮੱਤੀ 7:14.
ਗੀਤ 64 ਖ਼ੁਸ਼ੀ ਨਾਲ ਵਾਢੀ ਕਰੋ
a ਤਸਵੀਰ ਬਾਰੇ ਜਾਣਕਾਰੀ: ਮਿਲਟਰੀ ਤੋਂ ਰੀਟਾਇਰ ਇਕ ਆਦਮੀ ਆਪਣੇ ਘਰ ਦੇ ਬਾਹਰ ਬੈਠਾ ਹੈ ਅਤੇ ਦੋ ਭਰਾ ਉਸ ਨੂੰ ਗਵਾਹੀ ਦੇ ਰਹੇ ਹਨ; ਦੋ ਭੈਣਾਂ ਇਕ ਮਾਂ ਨੂੰ ਕੁਝ ਹੀ ਮਿੰਟਾਂ ਵਿਚ ਗਵਾਹੀ ਦੇ ਰਹੀਆਂ ਹਨ ਜੋ ਬਹੁਤ ਬਿਜ਼ੀ ਹੈ।