ਨੌਜਵਾਨ ਪੁੱਛਦੇ ਹਨ
ਉਦੋਂ ਕੀ, ਜੇ ਮੇਰੇ ਤੋਂ ਘਰ ਦਾ ਕੋਈ ਨਿਯਮ ਟੁੱਟ ਗਿਆ?
ਲਗਭਗ ਹਰ ਪਰਿਵਾਰ ਦੇ ਆਪਣੇ ਘਰ ਲਈ ਨਿਯਮ ਹੁੰਦੇ ਹਨ, ਜਿਵੇਂ ਕਿ ਕਿੰਨੇ ਵਜੇ ਤਕ ਘਰ ਵਾਪਸ ਆਉਣਾ ਹੈ, ਫ਼ੋਨ ਜਾਂ ਟੈਬਲੇਟ ʼਤੇ ਕਿੰਨਾ ਸਮਾਂ ਬਿਤਾਉਣਾ ਹੈ ਅਤੇ ਦੂਜਿਆਂ ਨਾਲ ਕਿੱਦਾਂ ਪੇਸ਼ ਆਉਣਾ ਹੈ।
ਉਦੋਂ ਕੀ ਜੇ ਤੁਹਾਡੇ ਤੋਂ ਘਰ ਦਾ ਕੋਈ ਨਿਯਮ ਟੁੱਟ ਗਿਆ ਹੈ? ਜੋ ਹੋਇਆ ਹੈ, ਤੁਸੀਂ ਉਸ ਨੂੰ ਬਦਲ ਤਾਂ ਨਹੀਂ ਸਕਦੇ, ਪਰ ਤੁਸੀਂ ਹਾਲਾਤ ਨੂੰ ਹੋਰ ਵਿਗੜਨ ਤੋਂ ਰੋਕ ਸਕਦੇ ਹੋ। ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਤੁਸੀਂ ਕੀ ਕਰ ਸਕਦੇ ਹੋ।
ਤੁਹਾਨੂੰ ਕੀ ਨਹੀਂ ਕਰਨਾ ਚਾਹੀਦਾ?
ਜੇ ਤੁਹਾਡੇ ਮਾਪਿਆਂ ਨੂੰ ਪਤਾ ਨਹੀਂ ਕਿ ਤੁਸੀਂ ਕੋਈ ਨਿਯਮ ਤੋੜਿਆ ਹੈ, ਤਾਂ ਸ਼ਾਇਦ ਤੁਸੀਂ ਲੁਕਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਕਿਹੜੀ ਗ਼ਲਤੀ ਕੀਤੀ ਹੈ।
ਜੇ ਤੁਹਾਡੇ ਮਾਪਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਤੁਸੀਂ ਕੋਈ ਨਿਯਮ ਤੋੜਿਆ ਹੈ, ਤਾਂ ਤੁਸੀਂ ਸ਼ਾਇਦ ਬਹਾਨੇ ਬਣਾਉਣ ਜਾਂ ਦੂਜਿਆਂ ʼਤੇ ਦੋਸ਼ ਲਾਉਣ ਦੀ ਕੋਸ਼ਿਸ਼ ਕਰੋ।
ਇਹ ਦੋਵੇਂ ਗੱਲਾਂ ਸਹੀ ਨਹੀਂ ਹਨ। ਕਿਉਂ? ਕਿਉਂਕਿ ਜੇ ਤੁਸੀਂ ਆਪਣੀ ਗ਼ਲਤੀ ਲੁਕਾਉਂਦੇ ਹੋ ਜਾਂ ਉਸ ਲਈ ਬਹਾਨੇ ਬਣਾਉਂਦੇ ਹੋ, ਤਾਂ ਤੁਸੀਂ ਦਿਖਾਉਂਦੇ ਹੋ ਕਿ ਤੁਸੀਂ ਸਮਝਦਾਰ ਨਹੀਂ ਹੋ। ਇਸ ਤੋਂ ਤੁਹਾਡੇ ਮਾਪਿਆਂ ਨੂੰ ਪਤਾ ਲੱਗਦਾ ਹੈ ਕਿ ਤੁਸੀਂ ਹਾਲੇ ਵੀ ਨਿਆਣੇ ਹੋ।
“ਝੂਠ ਬੋਲਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਸਮੇਂ ਦੇ ਬੀਤਣ ਨਾਲ, ਸੱਚਾਈ ਸਾਮ੍ਹਣੇ ਆ ਹੀ ਜਾਵੇਗੀ ਅਤੇ ਉਦੋਂ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਸਖ਼ਤ ਸਜ਼ਾ ਮਿਲੇਗੀ।”—ਡਾਇਨਾ।
ਤੁਹਾਨੂੰ ਕੀ ਕਰਨਾ ਚਾਹੀਦਾ?
ਆਪਣੀ ਗ਼ਲਤੀ ਮੰਨੋ। ਬਾਈਬਲ ਦੱਸਦੀ ਹੈ: “ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ, ਉਹ ਸਫ਼ਲ ਨਹੀਂ ਹੋਵੇਗਾ।” (ਕਹਾਉਤਾਂ 28:13) ਤੁਹਾਡੇ ਮਾਪਿਆਂ ਨੂੰ ਪਤਾ ਹੈ ਕਿ ਤੁਹਾਡੇ ਤੋਂ ਗ਼ਲਤੀਆਂ ਤਾਂ ਹੋਣਗੀਆਂ ਹੀ। ਪਰ ਸਵਾਲ ਇਹ ਹੈ, ਕੀ ਤੁਸੀਂ ਉਨ੍ਹਾਂ ਨੂੰ ਸੱਚ-ਸੱਚ ਦੱਸੋਗੇ?
“ਜੇ ਤੁਸੀਂ ਆਪਣੀ ਗ਼ਲਤੀ ਮੰਨੋਗੇ, ਤਾਂ ਤੁਹਾਡੇ ਮਾਪੇ ਤੁਹਾਨੂੰ ਮਾਫ਼ ਕਰ ਦੇਣਗੇ। ਸੱਚ ਬੋਲਣ ਕਰਕੇ ਤੁਹਾਡੇ ਮਾਪੇ ਤੁਹਾਡੇ ʼਤੇ ਜ਼ਿਆਦਾ ਭਰੋਸਾ ਕਰਨਗੇ।”—ਓਲੀਵੀਆ।
ਮਾਫ਼ੀ ਮੰਗੋ। ਬਾਈਬਲ ਦੱਸਦੀ ਹੈ: “ਨਿਮਰਤਾ ਨਾਲ ਪੇਸ਼ ਆਓ।” (1 ਪਤਰਸ 5:5) ਬਿਨਾਂ ਬਹਾਨੇ ਬਣਾਏ ਮਾਫ਼ੀ ਮੰਗਣ ਲਈ ਤੁਹਾਨੂੰ ਨਿਮਰ ਬਣਨ ਦੀ ਲੋੜ ਹੈ।
“ਜਿਹੜੇ ਲੋਕਾਂ ਦੀ ਬਹਾਨੇ ਬਣਾਉਣ ਦੀ ਆਦਤ ਬਣ ਜਾਂਦੀ ਹੈ, ਉਨ੍ਹਾਂ ਦੀ ਜ਼ਮੀਰ ਮਰ ਜਾਂਦੀ ਹੈ। ਨਤੀਜੇ ਵਜੋਂ, ਜਦੋਂ ਉਹ ਗ਼ਲਤੀ ਕਰਦੇ ਹਨ, ਤਾਂ ਉਨ੍ਹਾਂ ਨੂੰ ਕੋਈ ਫ਼ਰਕ ਹੀ ਨਹੀਂ ਪੈਂਦਾ।”—ਹੈਦਰ।
ਅੰਜਾਮ ਭੁਗਤਣ ਲਈ ਤਿਆਰ ਰਹੋ। ਬਾਈਬਲ ਦੱਸਦੀ ਹੈ: “ਅਨੁਸ਼ਾਸਨ ਵੱਲ ਕੰਨ ਲਾਓ।” (ਕਹਾਉਤਾਂ 8:33) ਬੁੜ-ਬੁੜ ਨਾ ਕਰੋ, ਸਗੋਂ ਮਾਪਿਆਂ ਵੱਲੋਂ ਮਿਲੀ ਸਜ਼ਾ ਕਬੂਲ ਕਰੋ।
“ਤੁਸੀਂ ਜਿੰਨਾ ਜ਼ਿਆਦਾ ਸਜ਼ਾ ਬਾਰੇ ਬੁੜ-ਬੁੜ ਕਰੋਗੇ, ਤੁਹਾਡੀ ਹਾਲਤ ਉੱਨੀ ਜ਼ਿਆਦਾ ਬਦਤਰ ਹੋਵੇਗੀ। ਇਸ ਲਈ ਪਾਬੰਦੀਆਂ ਨੂੰ ਕਬੂਲ ਕਰੋ ਅਤੇ ਇਸ ਗੱਲ ʼਤੇ ਧਿਆਨ ਨਾ ਲਾਓ ਕਿ ਤੁਸੀਂ ਕੀ ਗੁਆਇਆ ਹੈ।”—ਜੇਸਨ।
ਦੁਬਾਰਾ ਭਰੋਸਾ ਜਿੱਤੋ। ਬਾਈਬਲ ਦੱਸਦੀ ਹੈ: “ਤੁਸੀਂ ਆਪਣੇ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਦਿਓ ਜੋ ਤੁਹਾਡੇ ਪੁਰਾਣੇ ਚਾਲ-ਚਲਣ ਮੁਤਾਬਕ ਹੈ ਅਤੇ ਧੋਖਾ ਦੇਣ ਵਾਲੀਆਂ ਇੱਛਾਵਾਂ ਕਰਕੇ ਖ਼ਰਾਬ ਹੁੰਦਾ ਜਾਂਦਾ ਹੈ।” (ਅਫ਼ਸੀਆਂ 4:22) ਆਪਣੇ ਮਾਪਿਆਂ ਦਾ ਭਰੋਸਾ ਦੁਬਾਰਾ ਜਿੱਤਣ ਲਈ ਸਹੀ ਕੰਮ ਕਰਦੇ ਰਹੋ।
“ਜੇ ਤੁਸੀਂ ਬਾਕਾਇਦਾ ਸਹੀ ਫ਼ੈਸਲੇ ਕਰਦੇ ਹੋ ਅਤੇ ਆਪਣੇ ਮਾਪਿਆਂ ਨੂੰ ਦਿਖਾਉਂਦੇ ਹੋ ਕਿ ਤੁਸੀਂ ਉਹੀ ਗ਼ਲਤੀ ਦੁਬਾਰਾ ਨਹੀਂ ਕਰੋਗੇ, ਤਾਂ ਤੁਸੀਂ ਹੌਲੀ-ਹੌਲੀ ਉਨ੍ਹਾਂ ਦਾ ਭਰੋਸਾ ਜਿੱਤ ਲਓਗੇ।”—ਕੈਰਨ।
ਸੁਝਾਅ: ਉਹ ਤੁਹਾਨੂੰ ਜੋ ਕਰਨ ਨੂੰ ਕਹਿੰਦੇ ਹਨ, ਉਸ ਤੋਂ ਜ਼ਿਆਦਾ ਕਰੋ ਤਾਂਕਿ ਉਹ ਤੁਹਾਡੇ ʼਤੇ ਭਰੋਸਾ ਕਰ ਸਕਣ। ਮੰਨ ਲਓ, ਤੁਸੀਂ ਘਰੋਂ ਬਾਹਰ ਗਏ ਹੋ। ਚਾਹੇ ਕਿ ਤੁਹਾਨੂੰ ਘਰ ਵਾਪਸ ਆਉਣ ਵਿਚ ਦੇਰ ਨਹੀਂ ਹੋ ਰਹੀ, ਫਿਰ ਵੀ ਆਪਣੇ ਮਾਪਿਆਂ ਨੂੰ ਫ਼ੋਨ ਕਰ ਕੇ ਦੱਸੋ ਕਿ ਤੁਸੀਂ ਰਾਹ ਵਿਚ ਹੋ। ਇੱਦਾਂ ਕਰ ਕੇ ਇਕ ਤਰ੍ਹਾਂ ਨਾਲ ਤੁਸੀਂ ਉਨ੍ਹਾਂ ਨੂੰ ਕਹਿ ਰਹੇ ਹੋ, ‘ਮੇਰੇ ʼਤੇ ਦੁਬਾਰਾ ਭਰੋਸਾ ਕਰੋ।’