Anna Moneymaker/Getty Images
ਖ਼ਬਰਦਾਰ ਰਹੋ!
ਵਿਗਿਆਨੀਆਂ ਨੇ ਕੀਤੀ “ਕਿਆਮਤ ਦੀ ਘੜੀ” ਦੀ ਸੂਈ ਅੱਗੇ—ਬਾਈਬਲ ਕੀ ਦੱਸਦੀ ਹੈ?
24 ਜਨਵਰੀ 2023 ਨੂੰ ਵਿਗਿਆਨੀਆਂ ਨੇ “ਕਿਆਮਤ ਦੀ ਘੜੀ”a ਦੀ ਸੂਈ ਨੂੰ ਅੱਗੇ ਕਰ ਕੇ ਰਾਤ ਦੇ 12 ਵਜੇ ਦੇ ਹੋਰ ਨੇੜੇ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਇਹ ਦੁਨੀਆਂ ਵਿਨਾਸ਼ ਦੇ ਹੋਰ ਨੇੜੇ ਆ ਗਈ ਹੈ।
“‘ਕਿਆਮਤ ਦੀ ਘੜੀ’ ਇਨਸਾਨਾਂ ਦੇ ਵਿਨਾਸ਼ ਦੇ ਖ਼ਤਰੇ ਨੂੰ ਦਰਸਾਉਂਦੀ ਹੈ। ਯੂਕਰੇਨ ਵਿਚ ਹੋ ਰਹੇ ਯੁੱਧ, ਪਰਮਾਣੂ ਯੁੱਧ ਹੋਣ ਦੇ ਖ਼ਤਰੇ ਅਤੇ ਧਰਤੀ ਦੇ ਵਾਤਾਵਰਣ ਵਿਚ ਤਬਦੀਲੀ ਹੋਣ ਕਰਕੇ ਮੰਗਲਵਾਰ ਨੂੰ ਇਸ ਘੜੀ ਦੀ ਸੂਈ ਨੂੰ ਅੱਗੇ ਕਰ ਕੇ ਰਾਤ ਦੇ 12 ਵਜੇ ਦੇ ਹੋਰ ਨੇੜੇ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਸੂਈ 12 ਵਜੇ ਦੇ ਇੰਨੀ ਨੇੜੇ ਹੈ।”—ਏ. ਐੱਫ਼. ਪੀ. ਇੰਟਰਨੈਸ਼ਨਲ ਟੈਕਸਟ ਵਾਇਰ।
“ਵਿਗਿਆਨੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ‘ਕਿਆਮਤ ਦੀ ਘੜੀ’ ਦੀ ਸੂਈ ਅੱਗੇ ਕਰ ਦਿੱਤੀ ਗਈ ਹੈ ਅਤੇ ਹੁਣ ਘੜੀ ʼਤੇ ਰਾਤ ਦੇ 12 ਵੱਜਣ ਵਿਚ ਸਿਰਫ਼ 90 ਸੈਕਿੰਡ ਕਰ ਰਹਿ ਗਏ ਹਨ। ਦੁਨੀਆਂ ਦੀ ਤਬਾਹੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੇੜੇ ਹੈ।”—ਏ. ਬੀ. ਸੀ. ਨਿਊਜ਼।
“ਦੁਨੀਆਂ ਭਰ ਦੇ ਵਿਗਿਆਨੀਆਂ ਦੇ ਇਕ ਸਮੂਹ ਨੇ ਚੇਤਾਵਨੀ ਦਿੱਤੀ ਹੈ ਕਿ ਇਨਸਾਨਾਂ ਦੇ ਵਿਨਾਸ਼ ਦਾ ਖ਼ਤਰਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੈ।”—ਦ ਗਾਰਡੀਅਨ।
ਕੀ ਧਰਤੀ ਅਤੇ ਇਨਸਾਨ ਛੇਤੀ ਹੀ ਤਬਾਹ ਹੋ ਜਾਣਗੇ? ਕੀ ਸਾਨੂੰ ਭਵਿੱਖ ਬਾਰੇ ਸੋਚ ਕੇ ਡਰਨਾ ਚਾਹੀਦਾ ਹੈ? ਬਾਈਬਲ ਕੀ ਦੱਸਦੀ ਹੈ?
ਭਵਿੱਖ ਵਿਚ ਕੀ ਹੋਵੇਗਾ?
ਬਾਈਬਲ ਮੁਤਾਬਕ “ਧਰਤੀ ਹਮੇਸ਼ਾ ਕਾਇਮ ਰਹਿੰਦੀ ਹੈ” ਅਤੇ ਇਸ ʼਤੇ ਰਹਿਣ ਵਾਲੇ ਲੋਕ “ਹਮੇਸ਼ਾ ਜੀਉਂਦੇ ਰਹਿਣਗੇ।” (ਉਪਦੇਸ਼ਕ ਦੀ ਕਿਤਾਬ 1:4; ਜ਼ਬੂਰ 37:29) ਇਸ ਲਈ ਇਨਸਾਨ ਧਰਤੀ ਨੂੰ ਤਬਾਹ ਨਹੀਂ ਕਰਨਗੇ ਤੇ ਨਾ ਹੀ ਧਰਤੀ ਦੀ ਹਾਲਤ ਇੰਨੀ ਖ਼ਰਾਬ ਕਰ ਦੇਣਗੇ ਕਿ ਇੱਥੇ ਕੋਈ ਰਹਿ ਹੀ ਨਾ ਸਕੇ।
ਪਰ ਬਾਈਬਲ ਅੰਤ ਬਾਰੇ ਜ਼ਰੂਰ ਦੱਸਦੀ ਹੈ। ਮਿਸਾਲ ਲਈ, ਇਹ ਕਹਿੰਦੀ ਹੈ ਕਿ ‘ਇਹ ਦੁਨੀਆਂ ਖ਼ਤਮ ਹੋ ਜਾਵੇਗੀ।’—1 ਯੂਹੰਨਾ 2:17.
ਬਾਈਬਲ ਮੁਤਾਬਕ ਦੁਨੀਆਂ ਦੇ ਅੰਤ ਦਾ ਕੀ ਮਤਲਬ ਹੈ, ਇਹ ਜਾਣਨ ਲਈ “‘ਦੁਨੀਆਂ ਦਾ ਅੰਤ’—ਇਹ ਕੀ ਹੈ?” ਨਾਂ ਦਾ ਲੇਖ ਪੜ੍ਹੋ।
ਬਾਈਬਲ ਦੁਨੀਆਂ ਦੇ ਅੰਤ ਦੇ ਸਮੇਂ ਬਾਰੇ ਕੀ ਦੱਸਦੀ ਹੈ, ਇਹ ਜਾਣਨ ਲਈ “ਕੀ ਅੰਤ ਨੇੜੇ ਹੈ?” ਨਾਂ ਦਾ ਲੇਖ ਪੜ੍ਹੋ।
ਸਹੀ ਨਜ਼ਰੀਆ ਬਣਾਈ ਰੱਖੋ
ਅੱਜ ਦੁਨੀਆਂ ਵਿਚ ਜੋ ਵੀ ਹੋ ਰਿਹਾ ਹੈ, ਉਸ ਦੇ ਬਾਵਜੂਦ ਸਹੀ ਨਜ਼ਰੀਆ ਬਣਾਈ ਰੱਖਣ ਵਿਚ ਬਾਈਬਲ ਸਾਡੀ ਮਦਦ ਕਰਦੀ ਹੈ। ਕਿਵੇਂ?
ਬਾਈਬਲ ਸਾਨੂੰ ਫ਼ਾਇਦੇਮੰਦ ਸਲਾਹਾਂ ਦਿੰਦੀ ਹੈ। (2 ਤਿਮੋਥਿਉਸ 3:16, 17) ਮਿਸਾਲ ਲਈ, “ਚਿੰਤਾ ਕਰਨੀ ਕਿਵੇਂ ਘਟਾਈਏ?” (ਹਿੰਦੀ) ਨਾਂ ਦਾ ਲੇਖ ਪੜ੍ਹੋ। ਇਹ ਲੇਖ ਪੜ੍ਹ ਕੇ ਤੁਹਾਨੂੰ ਪਤਾ ਲੱਗੇਗਾ ਕਿ ਜ਼ਿੰਦਗੀ ਵਿਚ ਮੁਸ਼ਕਲਾਂ ਦੇ ਬਾਵਜੂਦ ਵੀ ਸਹੀ ਨਜ਼ਰੀਆ ਬਣਾਈ ਰੱਖਣ ਵਿਚ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ।
ਬਾਈਬਲ ਸਾਨੂੰ ਭਵਿੱਖ ਬਾਰੇ ਪੱਕੀ ਉਮੀਦ ਦਿੰਦੀ ਹੈ। (ਰੋਮੀਆਂ 15:4) ਇਹ ਸਾਨੂੰ ਸਹੀ-ਸਹੀ ਦੱਸਦੀ ਹੈ ਕਿ ਹੁਣ ਅਤੇ ਆਉਣ ਵਾਲੇ ਸਮੇਂ ਵਿਚ ਦੁਨੀਆਂ ਭਰ ਵਿਚ ਕਿਹੜੀਆਂ ਘਟਨਾਵਾਂ ਵਾਪਰਨਗੀਆਂ। ਇਸ ਕਰਕੇ ਦੁਨੀਆਂ ਵਿਚ ਜੋ ਵੀ ਵਾਪਰ ਰਿਹਾ ਹੈ, ਉਸ ਦੇ ਬਾਵਜੂਦ ਅਸੀਂ ਸਹੀ ਨਜ਼ਰੀਆ ਬਣਾਈ ਰੱਖ ਪਾਉਂਦੇ ਹਾਂ।
ਅਸੀਂ ਤੁਹਾਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਯਹੋਵਾਹ ਦੇ ਗਵਾਹਾਂ ਨਾਲ ਸੰਪਰਕ ਕਰੋ ਅਤੇ ਮੁਫ਼ਤ ਵਿਚ ਬਾਈਬਲ ਤੋਂ ਸਿੱਖੋ।
a “ਕਿਆਮਤ ਦੀ ਘੜੀ ਅਜਿਹੀ ਪ੍ਰਕ੍ਰਿਆ ਹੈ ਜਿਸ ਰਾਹੀਂ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਅਸੀਂ ਆਪਣੀਆਂ ਬਣਾਈਆਂ ਖ਼ਤਰਨਾਕ ਤਕਨਾਲੋਜੀਆਂ ਕਰਕੇ ਦੁਨੀਆਂ ਦੇ ਨਾਸ਼ ਦੇ ਕਿੰਨੇ ਨੇੜੇ ਹਾਂ। ਇਸ ਰਾਹੀਂ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਜੇ ਅਸੀਂ ਆਪਣੀ ਧਰਤੀ ਨੂੰ ਬਚਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਕੁਝ ਕਰਨ ਦੀ ਲੋੜ ਹੈ।”—ਬੁਲੇਟਿਨ ਆਫ਼ ਦੀ ਐਟੋਮਿਕ ਸਾਇੰਟਿਸਟ।