ਓਬਦਯਾਹ
1 ਓਬਦਯਾਹ* ਨੂੰ ਦਰਸ਼ਣ:
ਸਾਰੇ ਜਹਾਨ ਦਾ ਮਾਲਕ ਯਹੋਵਾਹ ਅਦੋਮ ਬਾਰੇ ਕਹਿੰਦਾ ਹੈ:+
“ਅਸੀਂ ਯਹੋਵਾਹ ਤੋਂ ਇਹ ਖ਼ਬਰ ਸੁਣੀ ਹੈ,
ਇਕ ਰਾਜਦੂਤ ਨੂੰ ਕੌਮਾਂ ਕੋਲ ਘੱਲਿਆ ਗਿਆ ਹੈ:
‘ਖੜ੍ਹੇ ਹੋਵੋ, ਆਓ ਆਪਾਂ ਉਸ ਦੇ ਖ਼ਿਲਾਫ਼ ਯੁੱਧ ਦੀ ਤਿਆਰੀ ਕਰੀਏ।’”+
2 “ਦੇਖ! ਮੈਂ ਤੈਨੂੰ ਕੌਮਾਂ ਵਿਚ ਮਾਮੂਲੀ ਬਣਾ ਦਿੱਤਾ ਹੈ;
ਤੇਰੇ ਨਾਲ ਹੱਦੋਂ ਵੱਧ ਨਫ਼ਰਤ ਕੀਤੀ ਜਾਂਦੀ ਹੈ।+
3 ਤੇਰੇ ਘਮੰਡੀ ਦਿਲ ਨੇ ਤੈਨੂੰ ਧੋਖਾ ਦਿੱਤਾ ਹੈ,+
ਤੂੰ ਚਟਾਨੀ ਪਹਾੜਾਂ ਵਿਚ ਪਨਾਹ ਲਈ ਹੈ
ਅਤੇ ਉਚਾਈ ʼਤੇ ਵੱਸਦਾ ਹੈਂ, ਤੂੰ ਆਪਣੇ ਦਿਲ ਵਿਚ ਕਹਿੰਦਾ ਹੈਂ,
‘ਕੌਣ ਮੈਨੂੰ ਜ਼ਮੀਨ ʼਤੇ ਡੇਗੇਗਾ?’
4 ਭਾਵੇਂ ਤੇਰਾ ਬਸੇਰਾ ਉਕਾਬ ਵਾਂਗ ਉੱਚੀ ਥਾਂ ʼਤੇ ਹੋਵੇ*
ਜਾਂ ਤੂੰ ਆਪਣਾ ਆਲ੍ਹਣਾ ਤਾਰਿਆਂ ਵਿਚਕਾਰ ਪਾਵੇਂ,
ਮੈਂ ਤੈਨੂੰ ਉੱਥੋਂ ਹੇਠਾਂ ਸੁੱਟ ਦਿਆਂਗਾ,” ਯਹੋਵਾਹ ਕਹਿੰਦਾ ਹੈ।
5 “ਜੇ ਰਾਤ ਨੂੰ ਚੋਰ ਜਾਂ ਲੁਟੇਰੇ ਤੇਰੇ ਘਰ ਆਉਣ,
ਤਾਂ ਕੀ ਉਹ ਉੱਨੀਆਂ ਹੀ ਚੀਜ਼ਾਂ ਚੋਰੀ ਨਹੀਂ ਕਰਨਗੇ ਜਿੰਨੀਆਂ ਉਹ ਚਾਹੁੰਦੇ ਹਨ?
ਜਾਂ ਜੇ ਅੰਗੂਰ ਤੋੜਨ ਵਾਲੇ ਤੇਰੇ ਕੋਲ ਆਉਣ,
ਤਾਂ ਕੀ ਉਹ ਕੁਝ ਅੰਗੂਰ ਛੱਡ ਨਹੀਂ ਦੇਣਗੇ?+
(ਪਰ ਤੇਰੇ ਦੁਸ਼ਮਣ ਤੈਨੂੰ ਪੂਰੀ ਤਰ੍ਹਾਂ ਬਰਬਾਦ ਕਰ ਦੇਣਗੇ!)*
6 ਦੇਖ, ਉਨ੍ਹਾਂ ਨੇ ਏਸਾਓ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਹੈ!
ਉਨ੍ਹਾਂ ਨੇ ਉਸ ਦੇ ਲੁਕੇ ਹੋਏ ਖ਼ਜ਼ਾਨੇ ਲੁੱਟ ਲਏ ਹਨ!
7 ਤੇਰੇ ਸਾਰੇ ਸਾਥੀਆਂ* ਨੇ ਤੈਨੂੰ ਧੋਖਾ ਦਿੱਤਾ ਹੈ।
ਉਨ੍ਹਾਂ ਨੇ ਤੈਨੂੰ ਸਰਹੱਦ ਤਕ ਭਜਾ ਦਿੱਤਾ ਹੈ।
ਤੇਰੇ ਨਾਲ ਸ਼ਾਂਤੀ ਰੱਖਣ ਵਾਲੇ ਤੇਰੇ ਉੱਤੇ ਹਾਵੀ ਹੋ ਗਏ ਹਨ।
ਤੇਰੇ ਨਾਲ ਰੋਟੀ ਖਾਣ ਵਾਲੇ ਤੇਰੇ ਲਈ ਜਾਲ਼ ਵਿਛਾਉਣਗੇ,
ਪਰ ਤੈਨੂੰ ਪਤਾ ਨਹੀਂ ਲੱਗੇਗਾ।
8 ਉਸ ਦਿਨ,” ਯਹੋਵਾਹ ਐਲਾਨ ਕਰਦਾ ਹੈ,
“ਮੈਂ ਅਦੋਮ ਵਿੱਚੋਂ ਬੁੱਧੀਮਾਨਾਂ ਨੂੰ ਖ਼ਤਮ ਕਰ ਦਿਆਂਗਾ+
ਅਤੇ ਏਸਾਓ ਦੇ ਪਹਾੜੀ ਇਲਾਕੇ ਵਿੱਚੋਂ ਸਮਝ ਰੱਖਣ ਵਾਲਿਆਂ ਨੂੰ।
9 ਹੇ ਤੇਮਾਨ,+ ਤੇਰੇ ਯੋਧੇ ਡਰ ਨਾਲ ਕੰਬ ਉੱਠਣਗੇ+
ਕਿਉਂਕਿ ਉਨ੍ਹਾਂ ਸਾਰਿਆਂ ਨੂੰ ਏਸਾਓ ਦੇ ਪਹਾੜੀ ਇਲਾਕੇ ਵਿਚ ਵੱਢ ਦਿੱਤਾ ਜਾਵੇਗਾ।+
10 ਆਪਣੇ ਭਰਾ ਯਾਕੂਬ ਉੱਤੇ ਢਾਹੇ ਜ਼ੁਲਮਾਂ ਕਰਕੇ,+
ਤੂੰ ਸ਼ਰਮਸਾਰ ਹੋਵੇਂਗਾ+
ਅਤੇ ਤੇਰਾ ਨਾਮੋ-ਨਿਸ਼ਾਨ ਹਮੇਸ਼ਾ ਲਈ ਮਿਟ ਜਾਵੇਗਾ।+
11 ਉਸ ਦਿਨ ਜਦੋਂ ਤੂੰ ਇਕ ਪਾਸੇ ਖੜ੍ਹਾ ਸੀ,
ਉਸ ਦਿਨ ਜਦੋਂ ਅਜਨਬੀਆਂ ਨੇ ਉਸ ਦੀ ਫ਼ੌਜ ਨੂੰ ਬੰਦੀ ਬਣਾ ਲਿਆ ਸੀ,+
ਜਦੋਂ ਪਰਦੇਸੀਆਂ ਨੇ ਉਸ ਦੇ ਸ਼ਹਿਰ ਵਿਚ* ਆ ਕੇ ਯਰੂਸ਼ਲਮ ਉੱਤੇ ਗੁਣੇ ਪਾਏ ਸਨ,+
ਤਦ ਤੂੰ ਵੀ ਉਨ੍ਹਾਂ ਵਰਗਾ ਹੀ ਸਲੂਕ ਕੀਤਾ ਸੀ।
12 ਤੈਨੂੰ ਆਪਣੇ ਭਰਾ ਦੀ ਬਰਬਾਦੀ ਦੇ ਦਿਨ ਖ਼ੁਸ਼ ਨਹੀਂ ਸੀ ਹੋਣਾ ਚਾਹੀਦਾ,+
ਤੈਨੂੰ ਯਹੂਦਾਹ ਦੇ ਲੋਕਾਂ ਦੇ ਨਾਸ਼ ਦੇ ਦਿਨ ਜਸ਼ਨ ਨਹੀਂ ਸੀ ਮਨਾਉਣਾ ਚਾਹੀਦਾ,+
ਤੈਨੂੰ ਉਨ੍ਹਾਂ ਦੇ ਕਸ਼ਟ ਦੇ ਦਿਨ ਹੰਕਾਰ ਭਰੀਆਂ ਗੱਲਾਂ ਨਹੀਂ ਸੀ ਕਰਨੀਆਂ ਚਾਹੀਦੀਆਂ।
13 ਤੈਨੂੰ ਮੇਰੇ ਲੋਕਾਂ ਦੀ ਤਬਾਹੀ ਦੇ ਦਿਨ ਸ਼ਹਿਰ ਵਿਚ* ਨਹੀਂ ਸੀ ਆਉਣਾ ਚਾਹੀਦਾ,+
ਤੈਨੂੰ ਉਸ ਦੀ ਤਬਾਹੀ ਦੇ ਦਿਨ ਉਸ ਦੀ ਬਰਬਾਦੀ ʼਤੇ ਖ਼ੁਸ਼ ਨਹੀਂ ਸੀ ਹੋਣਾ ਚਾਹੀਦਾ,
ਤੈਨੂੰ ਉਸ ਦੀ ਤਬਾਹੀ ਦੇ ਦਿਨ ਉਸ ਦੀ ਧਨ-ਦੌਲਤ ਨੂੰ ਹੱਥ ਨਹੀਂ ਸੀ ਲਾਉਣਾ ਚਾਹੀਦਾ।+
14 ਬਚ ਕੇ ਭੱਜਣ ਵਾਲੇ ਲੋਕਾਂ ਦਾ ਕਤਲ ਕਰਨ ਲਈ ਤੈਨੂੰ ਚੁਰਾਹੇ ਵਿਚ ਨਹੀਂ ਸੀ ਖੜ੍ਹਨਾ ਚਾਹੀਦਾ,+
ਬਰਬਾਦੀ ਦੇ ਦਿਨ ਤੈਨੂੰ ਉਸ ਦੇ ਬਚਣ ਵਾਲਿਆਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹਵਾਲੇ ਨਹੀਂ ਸੀ ਕਰਨਾ ਚਾਹੀਦਾ।+
15 ਯਹੋਵਾਹ ਦਾ ਦਿਨ ਨੇੜੇ ਹੈ ਜਦੋਂ ਉਹ ਸਾਰੀਆਂ ਕੌਮਾਂ ਦੇ ਵਿਰੁੱਧ ਕਦਮ ਚੁੱਕੇਗਾ।+
ਤੂੰ ਦੂਜਿਆਂ ਨਾਲ ਜੋ ਕੀਤਾ, ਉਹੀ ਤੇਰੇ ਨਾਲ ਵੀ ਕੀਤਾ ਜਾਵੇਗਾ।+
ਜਿਵੇਂ ਤੂੰ ਦੂਜਿਆਂ ਨਾਲ ਸਲੂਕ ਕੀਤਾ, ਉਵੇਂ ਤੇਰੇ ਨਾਲ ਵੀ ਕੀਤਾ ਜਾਵੇਗਾ।
16 ਜਿਵੇਂ ਤੂੰ ਮੇਰੇ ਪਵਿੱਤਰ ਪਹਾੜ ਉੱਤੇ ਦਾਖਰਸ ਪੀਤਾ,
ਉਸੇ ਤਰ੍ਹਾਂ ਸਾਰੀਆਂ ਕੌਮਾਂ ਵੀ ਮੇਰੇ ਕ੍ਰੋਧ ਦਾ ਪਿਆਲਾ ਲਗਾਤਾਰ ਪੀਣਗੀਆਂ।+
ਹਾਂ, ਉਹ ਰੱਜ ਕੇ ਪੀਣਗੀਆਂ,
ਉਹ ਇਵੇਂ ਅਲੋਪ ਹੋ ਜਾਣਗੀਆਂ ਜਿਵੇਂ ਉਹ ਕਦੇ ਹੈ ਹੀ ਨਹੀਂ ਸਨ।
17 ਪਰ ਸੀਓਨ ਪਹਾੜ ਉੱਤੇ ਬਚੇ ਹੋਏ ਲੋਕ ਹੋਣਗੇ+
ਅਤੇ ਇਹ ਪਵਿੱਤਰ ਹੋਵੇਗਾ;+
ਯਾਕੂਬ ਦਾ ਘਰਾਣਾ ਆਪਣੀਆਂ ਚੀਜ਼ਾਂ ਉੱਤੇ ਦੁਬਾਰਾ ਕਬਜ਼ਾ ਕਰੇਗਾ।+
18 ਯਾਕੂਬ ਦਾ ਘਰਾਣਾ ਅੱਗ ਬਣ ਜਾਵੇਗਾ,
ਯੂਸੁਫ਼ ਦਾ ਘਰਾਣਾ ਅੱਗ ਦੀ ਲਾਟ
ਅਤੇ ਏਸਾਓ ਦਾ ਘਰਾਣਾ ਘਾਹ-ਫੂਸ;
ਉਹ ਉਨ੍ਹਾਂ ਨੂੰ ਸਾੜ ਕੇ ਸੁਆਹ ਕਰ ਦੇਣਗੇ
ਅਤੇ ਏਸਾਓ ਦੇ ਘਰਾਣੇ ਵਿੱਚੋਂ ਕੋਈ ਨਹੀਂ ਬਚੇਗਾ+
ਕਿਉਂਕਿ ਯਹੋਵਾਹ ਨੇ ਆਪ ਇਹ ਗੱਲ ਕਹੀ ਹੈ।
19 ਉਹ ਨੇਗੇਬ ਅਤੇ ਏਸਾਓ ਦੇ ਪਹਾੜੀ ਇਲਾਕੇ ʼਤੇ,
ਨਾਲੇ ਸ਼ੇਫਲਾਹ ਅਤੇ ਫਲਿਸਤੀਆਂ ਦੇ ਦੇਸ਼ ʼਤੇ ਕਬਜ਼ਾ ਕਰਨਗੇ।+
ਉਹ ਇਫ਼ਰਾਈਮ ਦੇ ਇਲਾਕੇ ਅਤੇ ਸਾਮਰਿਯਾ ਦੇ ਇਲਾਕੇ ʼਤੇ ਕਬਜ਼ਾ ਕਰਨਗੇ+
ਅਤੇ ਬਿਨਯਾਮੀਨ ਗਿਲਆਦ ਉੱਤੇ ਕਬਜ਼ਾ ਕਰੇਗਾ।
20 ਇਸ ਗੜ੍ਹ*+ ਦੇ ਲੋਕ ਜਿਨ੍ਹਾਂ ਨੂੰ ਬੰਦੀ ਬਣਾਇਆ ਗਿਆ ਹੈ,
ਹਾਂ, ਇਜ਼ਰਾਈਲ ਦੇ ਲੋਕ ਸਾਰਫਥ+ ਤਕ ਕਨਾਨੀਆਂ ਦੇ ਦੇਸ਼ ਦੇ ਮਾਲਕ ਬਣਨਗੇ।
ਯਰੂਸ਼ਲਮ ਤੋਂ ਬੰਦੀ ਬਣਾ ਕੇ ਲਿਜਾਏ ਗਏ ਲੋਕ, ਜੋ ਸਫਾਰਦ ਵਿਚ ਸਨ, ਨੇਗੇਬ ਦੇ ਸ਼ਹਿਰਾਂ ʼਤੇ ਕਬਜ਼ਾ ਕਰਨਗੇ।+