ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • “ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ”
    ਯਹੋਵਾਹ ਦੇ ਨੇੜੇ ਰਹੋ
    • ਯਿਸੂ ਮਸੀਹ ਨੂੰ ਮਾਰਨ ਲਈ ਸਿੱਧੀ ਲੱਕੜ ਉੱਤੇ ਟੰਗਿਆ ਹੋਇਆ

      ਤੇਈਵਾਂ ਅਧਿਆਇ

      “ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ”

      1-3. ਯਿਸੂ ਦੀ ਮੌਤ ਕਿਨ੍ਹਾਂ ਗੱਲਾਂ ਕਰਕੇ ਦੂਸਰੇ ਵਿਅਕਤੀਆਂ ਦੀ ਮੌਤ ਨਾਲੋਂ ਵੱਖਰੀ ਹੈ?

      ਤਕਰੀਬਨ 2,000 ਸਾਲ ਪਹਿਲਾਂ ਇਕ ਨਿਰਦੋਸ਼ ਆਦਮੀ ਉੱਤੇ ਝੂਠੇ ਇਲਜ਼ਾਮ ਲਾਏ ਗਏ ਸਨ, ਜਿਸ ਤੋਂ ਬਾਅਦ ਉਸ ਨੂੰ ਤਸੀਹੇ ਦੇ-ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਇਤਿਹਾਸ ਵਿਚ ਲੋਕ ਬੇਰਹਿਮੀ ਦੇ ਸ਼ਿਕਾਰ ਹੋ ਚੁੱਕੇ ਸਨ ਅਤੇ ਇਸ ਤੋਂ ਬਾਅਦ ਵੀ ਲੋਕਾਂ ਨਾਲ ਅਨਿਆਂ ਹੋਇਆ ਹੈ। ਪਰ ਇਸ ਆਦਮੀ ਦੀ ਮੌਤ ਦੂਸਰੀਆਂ ਮੌਤਾਂ ਨਾਲੋਂ ਵੱਖਰੀ ਸੀ।

      2 ਜਦ ਉਹ ਆਦਮੀ ਆਪਣੀਆਂ ਆਖ਼ਰੀ ਘੜੀਆਂ ਵਿਚ ਦਰਦ ਨਾਲ ਤੜਫ ਰਿਹਾ ਸੀ, ਤਾਂ ਆਸਮਾਨ ਵੱਲ ਦੇਖ ਕੇ ਵੀ ਪਤਾ ਲੱਗਦਾ ਸੀ ਕਿ ਇਹ ਇਕ ਮਹੱਤਵਪੂਰਣ ਘਟਨਾ ਸੀ। ਭਾਵੇਂ ਉਸ ਵੇਲੇ ਸਿਖਰ ਦੁਪਹਿਰ ਸੀ, ਫਿਰ ਵੀ ਸਾਰੇ ਪਾਸੇ ਇਕਦਮ ਹਨੇਰਾ ਛਾ ਗਿਆ ਸੀ। ਇਕ ਇਤਿਹਾਸਕਾਰ ਨੇ ਲਿਖਿਆ: “ਸੂਰਜ ਕਾਲਾ ਪੈ ਗਿਆ।” (ਲੂਕਾ 23:44, 45) ਫਿਰ ਉਸ ਆਦਮੀ ਨੇ ਆਖ਼ਰੀ ਸਾਹ ਲੈਂਦੇ ਹੋਏ ਅਜਿਹੀ ਗੱਲ ਕਹੀ ਜਿਸ ਨੂੰ ਕੋਈ ਭੁੱਲ ਨਹੀਂ ਸਕਦਾ: “ਪੂਰਾ ਹੋਇਆ ਹੈ।” ਜੀ ਹਾਂ, ਉਸ ਨੇ ਆਪਣੀ ਜਾਨ ਦੇ ਕੇ ਇਕ ਅਹਿਮ ਕੰਮ ਪੂਰਾ ਕੀਤਾ ਸੀ। ਉਸ ਦੀ ਕੁਰਬਾਨੀ ਪਿਆਰ ਦੀ ਇਕ ਉੱਤਮ ਮਿਸਾਲ ਸੀ। ਇਸ ਤਰ੍ਹਾਂ ਦੀ ਕੁਰਬਾਨੀ ਕਦੇ ਕਿਸੇ ਦੂਸਰੇ ਇਨਸਾਨ ਨੇ ਨਹੀਂ ਕੀਤੀ।—ਯੂਹੰਨਾ 15:13; 19:30.

      3 ਉਸ ਆਦਮੀ ਦਾ ਨਾਂ ਯਿਸੂ ਮਸੀਹ ਸੀ। ਉਸ ਦੀ ਦਰਦਨਾਕ ਮੌਤ 14 ਨੀਸਾਨ 33 ਸਾ.ਯੁ. ਦੇ ਦਿਨ ਹੋਈ ਸੀ। ਲੋਕ ਅੱਜ ਵੀ ਉਸ ਦੇ ਦੁੱਖਾਂ ਤੇ ਉਸ ਦੀ ਮੌਤ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ। ਪਰ ਉਹ ਇਕ ਅਹਿਮ ਗੱਲ ਵੱਲ ਧਿਆਨ ਨਹੀਂ ਦਿੰਦੇ। ਇਹ ਸੱਚ ਹੈ ਕਿ ਉਸ ਦਿਨ ਯਿਸੂ ਨੇ ਬਹੁਤ ਕੁਝ ਸਿਹਾ ਸੀ, ਪਰ ਉਸ ਦਾ ਦਰਦ ਦੇਖ ਕੇ ਉਸ ਦੇ ਪਿਤਾ ਨੂੰ ਉਸ ਤੋਂ ਵੀ ਜ਼ਿਆਦਾ ਦਰਦ ਹੋਇਆ ਸੀ। ਦਰਅਸਲ ਉਸ ਦੇ ਪਿਤਾ ਨੇ ਉਸ ਦਿਨ ਉਸ ਤੋਂ ਵੀ ਵੱਡੀ ਕੁਰਬਾਨੀ ਦਿੱਤੀ ਸੀ। ਇਹ ਕੁਰਬਾਨੀ ਉਸ ਪਿਆਰ ਦਾ ਸਬੂਤ ਹੈ ਜੋ ਪੂਰੀ ਦੁਨੀਆਂ ਵਿਚ ਕਦੇ ਕਿਸੇ ਨੇ ਨਹੀਂ ਕੀਤਾ। ਇਹ ਕੁਰਬਾਨੀ ਕਿਉਂ ਦਿੱਤੀ ਗਈ ਸੀ? ਇਸ ਸਵਾਲ ਦੇ ਜਵਾਬ ਨਾਲ ਅਸੀਂ ਇਕ ਅਹਿਮ ਵਿਸ਼ੇ ਉੱਤੇ ਗੱਲ ਕਰਨੀ ਸ਼ੁਰੂ ਕਰਦੇ ਹਾਂ ਯਾਨੀ ਯਹੋਵਾਹ ਦਾ ਪਿਆਰ।

      ਸੱਚੇ ਪਿਆਰ ਦਾ ਸਬੂਤ

      4. ਰੋਮੀ ਸੂਬੇਦਾਰ ਨੂੰ ਕਿਸ ਤਰ੍ਹਾਂ ਪਤਾ ਲੱਗਾ ਸੀ ਕਿ ਯਿਸੂ ਕੋਈ ਮਾਮੂਲੀ ਆਦਮੀ ਨਹੀਂ ਸੀ ਅਤੇ ਉਸ ਨੇ ਕੀ ਸਿੱਟਾ ਕੱਢਿਆ?

      4 ਇਕ ਰੋਮੀ ਸੂਬੇਦਾਰ ਯਿਸੂ ਦੀ ਮੌਤ ਵੇਲੇ ਉਸ ਦੀ ਨਿਗਰਾਨੀ ਕਰ ਰਿਹਾ ਸੀ। ਉਸ ਨੇ ਦੇਖਿਆ ਕਿ ਯਿਸੂ ਦੇ ਮਰਨ ਤੋਂ ਪਹਿਲਾਂ ਹਨੇਰਾ ਛਾ ਗਿਆ ਸੀ ਅਤੇ ਮਰਨ ਤੋਂ ਬਾਅਦ ਵੱਡਾ ਭੁਚਾਲ ਆਇਆ ਜਿਸ ਕਰਕੇ ਉਹ ਬਹੁਤ ਹੀ ਡਰ ਗਿਆ। ਉਸ ਨੇ ਕਿਹਾ: “ਇਹ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਸੀ!” (ਮੱਤੀ 27:54) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਿਸੂ ਕੋਈ ਮਾਮੂਲੀ ਆਦਮੀ ਨਹੀਂ ਸੀ। ਉਸ ਫ਼ੌਜੀ ਨੇ ਅੱਤ ਮਹਾਨ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੂੰ ਮੌਤ ਦੀ ਸਜ਼ਾ ਦੇਣ ਵਿਚ ਹਿੱਸਾ ਲਿਆ ਸੀ!

      5. ਧਰਤੀ ਤੇ ਆਉਣ ਤੋਂ ਪਹਿਲਾਂ ਯਿਸੂ ਨੇ ਆਪਣੇ ਪਿਤਾ ਨਾਲ ਕਿੰਨੇ ਸਾਲ ਗੁਜ਼ਾਰੇ ਸਨ?

      5 ਪਰਮੇਸ਼ੁਰ ਆਪਣੇ ਪੁੱਤਰ ਨੂੰ ਕਿੰਨਾ ਕੁ ਪਿਆਰ ਕਰਦਾ ਸੀ? ਇਸ ਦੇ ਜਵਾਬ ਲਈ ਆਓ ਆਪਾਂ ਕੁਝ ਗੱਲਾਂ ਉੱਤੇ ਗੌਰ ਕਰੀਏ। ਬਾਈਬਲ ਵਿਚ ਯਿਸੂ ਨੂੰ “ਸਾਰੀ ਸਰਿਸ਼ਟ ਵਿੱਚੋਂ ਜੇਠਾ” ਸੱਦਿਆ ਗਿਆ ਹੈ। (ਕੁਲੁੱਸੀਆਂ 1:15) ਜ਼ਰਾ ਸੋਚੋ ਯਹੋਵਾਹ ਦੇ ਪੁੱਤਰ ਦੇ ਜਨਮ ਤੋਂ ਬਾਅਦ ਹੀ ਸਾਰੀ ਦੁਨੀਆਂ ਬਣਾਈ ਗਈ ਸੀ। ਪਿਤਾ ਤੇ ਪੁੱਤਰ ਫਿਰ ਕਿੰਨੇ ਸਾਲ ਇਕੱਠੇ ਰਹੇ ਸਨ? ਕੁਝ ਵਿਗਿਆਨੀ ਕਹਿੰਦੇ ਹਨ ਕਿ ਸਾਡਾ ਬ੍ਰਹਿਮੰਡ ਤਕਰੀਬਨ 13 ਅਰਬ ਸਾਲ ਪੁਰਾਣਾ ਹੈ। ਤੇਰਾਂ ਅਰਬ ਸਾਲ ਇੰਨਾ ਲੰਬਾ ਸਮਾਂ ਹੈ ਕਿ ਅਸੀਂ ਇੰਨੇ ਸਮੇਂ ਦੀ ਕਲਪਨਾ ਵੀ ਨਹੀਂ ਕਰ ਸਕਦੇ। ਪਰ ਇਸ ਸਮੇਂ ਦੀ ਲੰਬਾਈ ਦਾ ਅਹਿਸਾਸ ਦਿਲਾਉਣ ਲਈ ਆਓ ਆਪਾਂ ਇਕ ਉਦਾਹਰਣ ਉੱਤੇ ਗੌਰ ਕਰੀਏ। ਕੁਝ ਵਿਗਿਆਨੀਆਂ ਨੇ ਵਿਸ਼ਵ ਦੇ ਇਤਿਹਾਸ ਨੂੰ ਦਰਸਾਉਣ ਲਈ 110 ਮੀਟਰ ਲੰਬੀ ਲਕੀਰ ਖਿੱਚੀ ਹੈ। ਜਿਉਂ-ਜਿਉਂ ਤੁਸੀਂ ਲਕੀਰ ਦੇ ਨਾਲ-ਨਾਲ ਤੁਰਦੇ ਹੋ, ਤੁਹਾਡਾ ਹਰੇਕ ਕਦਮ ਤਕਰੀਬਨ 7.5 ਕਰੋੜ ਸਾਲ ਪਾਰ ਕਰਦਾ ਹੈ। ਤੁਹਾਡੇ ਖ਼ਿਆਲ ਵਿਚ ਇਨਸਾਨਾਂ ਦਾ ਪੂਰਾ ਇਤਿਹਾਸ ਇਸ ਲਕੀਰ ਤੇ ਕਿੰਨਾ ਥਾਂ ਲਵੇਗਾ? ਸਿਰ ਦੇ ਸਿਰਫ਼ ਇਕ ਵਾਲ ਦੀ ਮੋਟਾਈ ਜਿੰਨਾ! ਭਾਵੇਂ ਇਹ ਸਿਰਫ਼ ਇਕ ਅੰਦਾਜ਼ਾ ਹੈ, ਫਿਰ ਵੀ ਇਹ ਲਕੀਰ ਪਰਮੇਸ਼ੁਰ ਦੇ ਪੁੱਤਰ ਦੀ ਜ਼ਿੰਦਗੀ ਦੀ ਲੰਬਾਈ ਨੂੰ ਨਹੀਂ ਦਰਸਾ ਸਕਦੀ! ਇਹ ਲਕੀਰ ਬਹੁਤ ਛੋਟੀ ਹੈ! ਜੇਕਰ ਵਿਗਿਆਨੀਆਂ ਦਾ ਇਹ ਅੰਦਾਜ਼ਾ ਸਹੀ ਵੀ ਹੈ, ਤਾਂ ਯਹੋਵਾਹ ਦੇ ਪੁੱਤਰ ਦੀ ਉਮਰ ਉਨ੍ਹਾਂ ਸਾਰੇ 13 ਅਰਬ ਸਾਲਾਂ ਤੋਂ ਕਿਤੇ ਜ਼ਿਆਦਾ ਹੈ! ਇਨ੍ਹਾਂ ਸਾਰੇ ਯੁਗਾਂ ਦੌਰਾਨ ਉਸ ਨੇ ਕੀ ਕੀਤਾ ਸੀ?

      6. (ੳ) ਧਰਤੀ ਉੱਤੇ ਆਉਣ ਤੋਂ ਪਹਿਲਾਂ ਯਹੋਵਾਹ ਦੇ ਪੁੱਤਰ ਨੇ ਕੀ ਕੰਮ ਕੀਤਾ ਸੀ? (ਅ) ਯਹੋਵਾਹ ਅਤੇ ਉਸ ਦੇ ਪੁੱਤਰ ਦਰਮਿਆਨ ਕਿਹੋ ਜਿਹਾ ਬੰਧਨ ਹੈ?

      6 ਪੁੱਤਰ ਨੇ ਖ਼ੁਸ਼ੀ ਨਾਲ ਆਪਣੇ ਪਿਤਾ ਨਾਲ “ਰਾਜ ਮਿਸਤਰੀ” ਵਜੋਂ ਕੰਮ ਕੀਤਾ ਸੀ। (ਕਹਾਉਤਾਂ 8:30) ਬਾਈਬਲ ਕਹਿੰਦੀ ਹੈ: “ਰਚਨਾ ਵਿੱਚੋਂ ਇੱਕ ਵਸਤੁ ਭੀ ਉਸ [ਪੁੱਤਰ] ਤੋਂ ਬਿਨਾ ਨਹੀਂ ਰਚੀ ਗਈ।” (ਯੂਹੰਨਾ 1:3) ਸੋ ਯਹੋਵਾਹ ਅਤੇ ਉਸ ਦੇ ਪੁੱਤਰ ਨੇ ਇਕੱਠੇ ਕੰਮ ਕਰ ਕੇ ਸਭ ਕੁਝ ਬਣਾਇਆ ਸੀ। ਉਨ੍ਹਾਂ ਨੇ ਕਿੰਨਾ ਸੋਹਣਾ ਸਮਾਂ ਇਕੱਠੇ ਬਿਤਾਇਆ ਸੀ! ਬਹੁਤ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਮਾਪਿਆਂ ਅਤੇ ਬੱਚਿਆਂ ਦਰਮਿਆਨ ਗੂੜ੍ਹਾ ਪਿਆਰ ਹੁੰਦਾ ਹੈ। ਦਰਅਸਲ ਪਿਆਰ “ਸੰਪੂਰਨਤਾਈ ਦਾ ਬੰਧ ਹੈ।” (ਕੁਲੁੱਸੀਆਂ 3:14) ਇਸ ਲਈ ਕਿਹਾ ਜਾ ਸਕਦਾ ਹੈ ਕਿ ਇੰਨਾ ਸਮਾਂ ਇਕੱਠੇ ਰਹਿ ਕੇ ਯਹੋਵਾਹ ਪਰਮੇਸ਼ੁਰ ਅਤੇ ਉਸ ਦਾ ਪੁੱਤਰ ਪਿਆਰ ਦੇ ਸਭ ਤੋਂ ਗੂੜ੍ਹੇ ਬੰਧਨ ਵਿਚ ਬੱਝੇ ਹੋਏ ਹਨ। ਅਸੀਂ ਤਾਂ ਉਨ੍ਹਾਂ ਦੋਹਾਂ ਦੇ ਪਿਆਰ ਦੇ ਇਸ ਮਜ਼ਬੂਤ ਬੰਧਨ ਨੂੰ ਕਦੇ ਸਮਝ ਵੀ ਨਹੀਂ ਸਕਦੇ ਹਾਂ।

      7. ਯਿਸੂ ਦੇ ਬਪਤਿਸਮੇ ਵੇਲੇ ਯਹੋਵਾਹ ਨੇ ਆਪਣੀ ਖ਼ੁਸ਼ੀ ਕਿਸ ਤਰ੍ਹਾਂ ਜ਼ਾਹਰ ਕੀਤੀ ਸੀ?

      7 ਆਪਣੇ ਪੁੱਤਰ ਨਾਲ ਬੇਹੱਦ ਪਿਆਰ ਕਰਨ ਦੇ ਬਾਵਜੂਦ ਯਹੋਵਾਹ ਨੇ ਉਸ ਨੂੰ ਧਰਤੀ ਉੱਤੇ ਇਕ ਇਨਸਾਨੀ ਬੱਚੇ ਦੇ ਤੌਰ ਤੇ ਪੈਦਾ ਹੋਣ ਲਈ ਭੇਜ ਦਿੱਤਾ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣੇ ਪਿਆਰੇ ਪੁੱਤਰ ਤੋਂ ਕਈ ਸਾਲ ਦੂਰ ਰਹਿਣਾ ਪਿਆ ਸੀ। ਸਵਰਗੋਂ ਉਸ ਨੇ ਬੜੀ ਦਿਲਚਸਪੀ ਨਾਲ ਯਿਸੂ ਨੂੰ ਵੱਡਾ ਹੁੰਦਾ ਦੇਖਿਆ। ਤਕਰੀਬਨ 30 ਸਾਲ ਦੀ ਉਮਰ ਤੇ ਯਿਸੂ ਨੇ ਬਪਤਿਸਮਾ ਲਿਆ ਸੀ। ਉਸ ਵਕਤ ਯਹੋਵਾਹ ਨੂੰ ਜੋ ਖ਼ੁਸ਼ੀ ਹੋਈ ਸੀ, ਉਸ ਦਾ ਸਾਨੂੰ ਅੰਦਾਜ਼ਾ ਲਾਉਣ ਦੀ ਜ਼ਰੂਰਤ ਨਹੀਂ। ਪਿਤਾ ਨੇ ਸਵਰਗੋਂ ਖ਼ੁਦ ਕਿਹਾ: “ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:17) ਯਿਸੂ ਨੇ ਵਫ਼ਾਦਾਰੀ ਨਾਲ ਉਹ ਸਭ ਕੁਝ ਕੀਤਾ ਜੋ ਉਸ ਬਾਰੇ ਭਵਿੱਖਬਾਣੀਆਂ ਵਿਚ ਲਿਖਿਆ ਗਿਆ ਸੀ। ਯਹੋਵਾਹ ਦਾ ਜੀ ਕਿੰਨਾ ਖ਼ੁਸ਼ ਹੋਇਆ ਹੋਣਾ ਜਦ ਉਸ ਨੇ ਯਿਸੂ ਨੂੰ ਆਪਣੇ ਸਾਰੇ ਕੰਮ ਪੂਰੇ ਕਰਦੇ ਦੇਖਿਆ ਸੀ!—ਯੂਹੰਨਾ 5:36; 17:4.

      8, 9. (ੳ) ਯਿਸੂ ਨਾਲ 14 ਨੀਸਾਨ 33 ਸਾ.ਯੁ. ਦੇ ਦਿਨ ਕੀ ਹੋਇਆ ਸੀ ਅਤੇ ਇਸ ਦਾ ਉਹ ਦੇ ਸਵਰਗੀ ਪਿਤਾ ਉੱਤੇ ਕੀ ਅਸਰ ਪਿਆ ਸੀ? (ਅ) ਯਹੋਵਾਹ ਨੇ ਆਪਣੇ ਪੁੱਤਰ ਨੂੰ ਦਰਦਨਾਕ ਮੌਤ ਕਿਉਂ ਮਰਨ ਦਿੱਤਾ ਸੀ?

      8 ਪਰ 14 ਨੀਸਾਨ 33 ਸਾ.ਯੁ. ਦੇ ਦਿਨ ਯਹੋਵਾਹ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਣਾ? ਜ਼ਰਾ ਸੋਚੋ ਉਸ ਵੇਲੇ ਉਸ ਦੇ ਦਿਲ ਤੇ ਕੀ ਬੀਤੀ ਹੋਵੇਗੀ ਜਦੋਂ ਯਿਸੂ ਨਾਲ ਵਿਸ਼ਵਾਸਘਾਤ ਕੀਤਾ ਗਿਆ ਅਤੇ ਇਕ ਭੀੜ ਨੇ ਰਾਤ ਨੂੰ ਉਸ ਨੂੰ ਗਿਰਫ਼ਤਾਰ ਕੀਤਾ। ਜਦ ਯਿਸੂ ਦੇ ਦੋਸਤ ਉਸ ਦਾ ਸਾਥ ਛੱਡ ਕੇ ਭੱਜ ਗਏ। ਉਸ ਦੇ ਖ਼ਿਲਾਫ਼ ਗ਼ੈਰ-ਕਾਨੂੰਨੀ ਮੁਕੱਦਮਾ ਚਲਾਇਆ ਗਿਆ। ਜਦ ਉਸ ਦਾ ਮਖੌਲ ਉਡਾਇਆ ਗਿਆ, ਉਸ ਦੇ ਮੂੰਹ ਤੇ ਥੁੱਕਿਆ ਗਿਆ ਅਤੇ ਉਸ ਦੇ ਮੁੱਕੇ ਮਾਰੇ ਗਏ। ਜਦ ਕੋਰੜੇ ਮਾਰ-ਮਾਰ ਕੇ ਉਸ ਦੀ ਚਮੜੀ ਉਧੇੜ ਦਿੱਤੀ ਗਈ। ਜਦ ਉਸ ਦੇ ਹੱਥਾਂ-ਪੈਰਾਂ ਵਿਚ ਕਿੱਲ ਠੋਕ ਕੇ ਉਸ ਨੂੰ ਲੱਕੜੀ ਦੇ ਇਕ ਖੰਭੇ ਉੱਤੇ ਟੰਗ ਦਿੱਤਾ ਗਿਆ ਅਤੇ ਲੋਕਾਂ ਨੇ ਉਸ ਨੂੰ ਗਾਲ਼ਾਂ ਕੱਢੀਆਂ। ਜ਼ਰਾ ਉਸ ਪਿਤਾ ਦੀ ਹਾਲਤ ਦਾ ਅੰਦਾਜ਼ਾ ਲਗਾਓ ਜਦ ਉਸ ਦਾ ਆਪਣਾ ਪਿਆਰਾ ਪੁੱਤਰ ਦਰਦ ਨਾਲ ਤੜਫਦੇ ਹੋਏ ਉਸ ਨੂੰ ਬੁਲਾ ਰਿਹਾ ਸੀ। ਹਾਂ, ਕਲਪਨਾ ਕਰੋ ਕਿ ਯਹੋਵਾਹ ਦਾ ਦਿਲ ਕਿੰਨਾ ਰੋਇਆ ਹੋਣਾ ਜਦੋਂ ਯਿਸੂ ਨੇ ਆਪਣਾ ਆਖ਼ਰੀ ਸਾਹ ਲਿਆ। ਪੂਰੇ ਇਤਿਹਾਸ ਵਿਚ ਪਹਿਲੀ ਵਾਰ ਉਸ ਦਾ ਪਿਆਰਾ ਪੁੱਤਰ ਜ਼ਿੰਦਾ ਨਹੀਂ ਸੀ।—ਮੱਤੀ 26:14-16, 46, 47, 56, 59, 67; 27:38-44, 46; ਯੂਹੰਨਾ 19:1.

      “ਪਰਮੇਸ਼ੁਰ ਨੇ . . . ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ”

      9 ਅਸੀਂ ਜਾਣਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਦੁੱਖ-ਸੁੱਖ ਮਹਿਸੂਸ ਕਰਦਾ ਹੈ। ਪਰ ਆਪਣੇ ਪੁੱਤਰ ਦੀ ਦਰਦਨਾਕ ਮੌਤ ਵੇਲੇ ਯਹੋਵਾਹ ਦੇ ਦੁੱਖ ਨੂੰ ਸ਼ਬਦਾਂ ਵਿਚ ਦੱਸਿਆ ਨਹੀਂ ਜਾ ਸਕਦਾ। ਅਸੀਂ ਤਾਂ ਯਹੋਵਾਹ ਦੇ ਦਰਦ ਨੂੰ ਪੂਰੀ ਤਰ੍ਹਾਂ ਸਮਝ ਵੀ ਨਹੀਂ ਸਕਦੇ। ਪਰ ਅਸੀਂ ਇਹ ਜ਼ਰੂਰ ਸਮਝ ਸਕਦੇ ਹਾਂ ਕਿ ਯਹੋਵਾਹ ਨੇ ਇਸ ਤਰ੍ਹਾਂ ਕਿਉਂ ਹੋਣ ਦਿੱਤਾ ਸੀ। ਸਾਡੇ ਸਵਰਗੀ ਪਿਤਾ ਨੇ ਇੰਨਾ ਦੁੱਖ ਕਿਉਂ ਝੱਲਿਆ ਸੀ? ਯਹੋਵਾਹ ਨੇ ਯੂਹੰਨਾ 3:16 ਵਿਚ ਇਕ ਵਧੀਆ ਗੱਲ ਦੱਸੀ ਸੀ। ਇਹ ਆਇਤ ਇੰਨੀ ਮਹੱਤਵਪੂਰਣ ਹੈ ਕਿ ਇਸ ਨੂੰ ਛੋਟੀ ਇੰਜੀਲ ਆਖਿਆ ਗਿਆ ਹੈ। ਇਸ ਵਿਚ ਲਿਖਿਆ ਹੈ: “ਕਿਉਂਕਿ ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ ਤਾਂ ਜੋ ਹਰੇਕ ਜੋ ਉਸ ਉੱਤੇ ਨਿਹਚਾ ਕਰੇ ਨਾਸ ਨਾ ਹੋਵੇ ਪਰ ਸਦੀਪਕ ਜੀਉਣ ਪਾਵੇ।” ਸੋ ਪਰਮੇਸ਼ੁਰ ਨੇ ਆਪਣੇ ਪੁੱਤ ਨੂੰ ਇਸ ਲਈ ਕੁਰਬਾਨ ਕੀਤਾ ਕਿਉਂਕਿ ਉਹ ਇਨਸਾਨਜਾਤ ਨਾਲ ਪਿਆਰ ਕਰਦਾ ਹੈ। ਇਸ ਤੋਂ ਜ਼ਿਆਦਾ ਪਿਆਰ ਕਦੇ ਕਿਸੇ ਨੇ ਨਹੀਂ ਕੀਤਾ।

      ਪਰਮੇਸ਼ੁਰ ਦੇ ਪਿਆਰ ਦਾ ਮਤਲਬ ਕੀ ਹੈ?

      10. ਇਨਸਾਨ ਦੀ ਸਭ ਤੋਂ ਵੱਡੀ ਲੋੜ ਕੀ ਹੈ ਅਤੇ ਸ਼ਬਦ ਪਿਆਰ ਦਾ ਕੀ ਬਣਿਆ ਹੈ?

      10 ਸ਼ਬਦ “ਪਿਆਰ” ਦਾ ਕੀ ਮਤਲਬ ਹੈ? ਕਿਹਾ ਜਾਂਦਾ ਹੈ ਕਿ ਪਿਆਰ ਇਨਸਾਨ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਜਨਮ ਤੋਂ ਮਰਨ ਤਕ ਸਾਰੇ ਲੋਕ ਪਿਆਰ ਪਾਉਣਾ ਚਾਹੁੰਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਜੋ ਲੋਕ ਪਿਆਰ ਪਾ ਲੈਂਦੇ ਹਨ ਉਹ ਖ਼ੁਸ਼ੀ ਅਤੇ ਸਫ਼ਲਤਾ ਵੀ ਪਾਉਂਦੇ ਹਨ ਅਤੇ ਜੋ ਪਿਆਰ ਲਈ ਤਰਸਦੇ ਰਹਿੰਦੇ ਹਨ, ਉਹ ਜ਼ਿੰਦਗੀ ਵਿਚ ਹਿੰਮਤ ਹਾਰ ਕੇ ਮਰ ਜਾਂਦੇ ਹਨ। ਫਿਰ ਵੀ ਇਹ ਸਮਝਾਉਣਾ ਬਹੁਤ ਮੁਸ਼ਕਲ ਹੈ ਕਿ ਪਿਆਰ ਕੀ ਹੈ। ਲੋਕ ਪਿਆਰ ਬਾਰੇ ਗੱਲਾਂ ਬਹੁਤ ਕਰਦੇ ਹਨ। ਪਿਆਰ ਬਾਰੇ ਹਜ਼ਾਰਾਂ-ਲੱਖਾਂ ਕਿਤਾਬਾਂ, ਕਵਿਤਾਵਾਂ ਅਤੇ ਗਾਣੇ ਲਿਖੇ ਗਏ ਹਨ। ਫਿਰ ਵੀ ਲੋਕਾਂ ਨੂੰ ਪਿਆਰ ਸ਼ਬਦ ਦਾ ਮਤਲਬ ਪਤਾ ਨਹੀਂ ਚੱਲਦਾ ਹੈ। ਅਸਲ ਵਿਚ ਪਿਆਰ ਸ਼ਬਦ ਨੂੰ ਇੰਨਾ ਜ਼ਿਆਦਾ ਵਰਤਿਆ ਜਾਂਦਾ ਹੈ ਕਿ ਇਸ ਦਾ ਸਹੀ ਮਤਲਬ ਸਮਝਣਾ ਹੋਰ ਵੀ ਔਖਾ ਹੋ ਗਿਆ ਹੈ। ਪਰ ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਪਿਆਰ ਕੀ ਹੈ।

      11, 12. (ੳ) ਪਿਆਰ ਬਾਰੇ ਅਸੀਂ ਬਹੁਤ ਕੁਝ ਕਿੱਥੋਂ ਸਿੱਖ ਸਕਦੇ ਹਾਂ ਅਤੇ ਉੱਥੋਂ ਕਿਉਂ? (ਅ) ਪ੍ਰਾਚੀਨ ਯੂਨਾਨੀ ਭਾਸ਼ਾ ਵਿਚ ਪਿਆਰ ਲਈ ਕਿਹੜੇ ਸ਼ਬਦ ਵਰਤੇ ਗਏ ਸਨ ਅਤੇ ਬਾਈਬਲ ਦੇ ਯੂਨਾਨੀ ਹਿੱਸੇ ਵਿਚ “ਪਿਆਰ” ਲਈ ਕਿਹੜਾ ਸ਼ਬਦ ਸਭ ਤੋਂ ਜ਼ਿਆਦਾ ਵਾਰ ਵਰਤਿਆ ਗਿਆ ਹੈ? (ਫੁਟਨੋਟ ਦੇਖੋ।) (ੲ) ਅਗਾਪੇ ਕੀ ਹੈ?

      11 ਬਾਈਬਲ ਦੇ ਇਕ ਕੋਸ਼ ਵਿਚ ਕਿਹਾ ਗਿਆ ਹੈ: “ਪਿਆਰ ਕਰਨ ਵਾਲਿਆਂ ਦੇ ਕੰਮਾਂ ਤੋਂ ਹੀ ਪਿਆਰ ਦਾ ਸਬੂਤ ਮਿਲਦਾ ਹੈ।” ਬਾਈਬਲ ਵਿਚ ਯਹੋਵਾਹ ਦੇ ਕੰਮਾਂ ਬਾਰੇ ਜੋ ਲਿਖਿਆ ਹੈ, ਉਸ ਤੋਂ ਅਸੀਂ ਸਿੱਖ ਸਕਦੇ ਹਾਂ ਕਿ ਉਹ ਆਪਣੇ ਲੋਕਾਂ ਨਾਲ ਕਿੰਨਾ ਪਿਆਰ ਕਰਦਾ ਹੈ। ਮਿਸਾਲ ਲਈ, ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਉਸ ਨੇ ਆਪਣੇ ਪਿਆਰੇ ਪੁੱਤਰ ਦੀ ਕੁਰਬਾਨੀ ਦਿੱਤੀ। ਕੀ ਇਸ ਤੋਂ ਵੱਧ ਪਿਆਰ ਦਾ ਹੋਰ ਕੋਈ ਸਬੂਤ ਹੋ ਸਕਦਾ ਹੈ? ਇਸ ਕਿਤਾਬ ਦੇ ਅਗਲਿਆਂ ਅਧਿਆਵਾਂ ਵਿਚ ਅਸੀਂ ਯਹੋਵਾਹ ਦੇ ਪਿਆਰ ਦੀਆਂ ਹੋਰ ਕਈ ਉਦਾਹਰਣਾਂ ਦੇਖਾਂਗੇ। ਇਸ ਤੋਂ ਇਲਾਵਾ ਅਸੀਂ ਬਾਈਬਲ ਵਿਚ “ਪਿਆਰ” ਲਈ ਵਰਤੇ ਗਏ ਸ਼ਬਦਾਂ ਤੋਂ ਵੀ ਹੋਰ ਜਾਣਕਾਰੀ ਹਾਸਲ ਕਰਾਂਗੇ। ਯੂਨਾਨੀ ਭਾਸ਼ਾ ਵਿਚ “ਪਿਆਰ” ਲਈ ਚਾਰ ਸ਼ਬਦ ਵਰਤੇ ਜਾਂਦੇ ਸਨ।a ਬਾਈਬਲ ਦੇ ਯੂਨਾਨੀ ਹਿੱਸੇ ਵਿਚ ਇਨ੍ਹਾਂ ਚਾਰਾਂ ਵਿੱਚੋਂ ਅਗਾਪੇ ਸ਼ਬਦ ਸਭ ਤੋਂ ਜ਼ਿਆਦਾ ਵਾਰ ਵਰਤਿਆ ਗਿਆ ਹੈ। ਬਾਈਬਲ ਦਾ ਇਕ ਕੋਸ਼ ਇਸ ਸ਼ਬਦ ਬਾਰੇ ਕਹਿੰਦਾ ਹੈ: “ਪਿਆਰ ਲਈ ਇਸ ਤੋਂ ਜ਼ਿਆਦਾ ਜ਼ਬਰਦਸਤ ਸ਼ਬਦ ਹੋਰ ਕੋਈ ਨਹੀਂ ਹੋ ਸਕਦਾ।” ਕਿਉਂ ਨਹੀਂ?

      12 ਅਗਾਪੇ ਅਸੂਲਾਂ ਤੇ ਚੱਲਣ ਵਾਲਾ ਪਿਆਰ ਹੈ। ਇਹ ਸਿਰਫ਼ ਦਿਲ ਤੋਂ ਹੀ ਨਹੀਂ ਪੈਦਾ ਹੁੰਦਾ, ਸਗੋਂ ਸੋਚ-ਸਮਝ ਕੇ ਕੀਤਾ ਜਾਂਦਾ ਹੈ। ਇਹ ਕਾਫ਼ੀ ਵਿਸ਼ਾਲ ਹੈ ਅਤੇ ਸਾਰਿਆਂ ਨਾਲ ਕੀਤਾ ਜਾ ਸਕਦਾ ਹੈ। ਅਗਾਪੇ ਦੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਬਿਲਕੁਲ ਨਿਰਸੁਆਰਥੀ ਹੈ। ਮਿਸਾਲ ਲਈ, ਫਿਰ ਤੋਂ ਯੂਹੰਨਾ 3:16 ਵੱਲ ਧਿਆਨ ਦਿਓ। ਉਹ “ਜਗਤ” ਕੀ ਹੈ ਜਿਸ ਨਾਲ ਪਰਮੇਸ਼ੁਰ ਨੇ ਇੰਨਾ ਪਿਆਰ ਕੀਤਾ ਕਿ ਉਸ ਨੇ ਵੱਡੀ ਕੀਮਤ ਤੇ ਆਪਣਾ ਇਕਲੌਤਾ ਪੁੱਤਰ ਬਖ਼ਸ਼ ਦਿੱਤਾ ਸੀ? ਇਹ ਉਹ ਲੋਕ ਹਨ ਜੋ ਪਾਪ ਅਤੇ ਮੌਤ ਤੋਂ ਬਚਾਏ ਜਾ ਸਕਦੇ ਹਨ। ਇਨ੍ਹਾਂ ਵਿੱਚੋਂ ਕਈ ਲੋਕ ਪਾਪੀ ਰਾਹ ਤੇ ਪਏ ਹੋਏ ਹਨ। ਕੀ ਯਹੋਵਾਹ ਇਨ੍ਹਾਂ ਸਾਰਿਆਂ ਨੂੰ ਆਪਣੇ ਦੋਸਤ ਸਮਝ ਕੇ ਇਨ੍ਹਾਂ ਨਾਲ ਪਿਆਰ ਕਰਦਾ ਹੈ ਜਿਵੇਂ ਉਹ ਆਪਣੇ ਵਫ਼ਾਦਾਰ ਸੇਵਕ ਅਬਰਾਹਾਮ ਨਾਲ ਕਰਦਾ ਸੀ? (ਯਾਕੂਬ 2:23) ਨਹੀਂ, ਪਰ ਯਹੋਵਾਹ ਇਨ੍ਹਾਂ ਲੋਕਾਂ ਨਾਲ ਭਲਾਈ ਕਰਦਾ ਹੈ ਭਾਵੇਂ ਉਸ ਨੂੰ ਇਹ ਬਹੁਤ ਮਹਿੰਗਾ ਪਿਆ ਹੈ। ਉਹ ਚਾਹੁੰਦਾ ਹੈ ਕਿ ਸਾਰੇ ਪਾਪੀ ਲੋਕ ਤੋਬਾ ਕਰ ਕੇ ਆਪਣਾ ਰਾਹ ਬਦਲਣ। (2 ਪਤਰਸ 3:9) ਕਈ ਲੋਕ ਜੋ ਇਸ ਤਰ੍ਹਾਂ ਕਰਦੇ ਹਨ, ਉਨ੍ਹਾਂ ਨਾਲ ਉਹ ਹੱਸ ਕੇ ਦੋਸਤੀ ਕਰਦਾ ਹੈ।

      13, 14. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਅਗਾਪੇ ਅਕਸਰ ਮੋਹ ਨਾਲ ਭਰਪੂਰ ਹੁੰਦਾ ਹੈ?

      13 ਕੁਝ ਲੋਕਾਂ ਨੂੰ ਅਗਾਪੇ ਬਾਰੇ ਗ਼ਲਤਫ਼ਹਿਮੀ ਹੈ। ਉਨ੍ਹਾਂ ਦੇ ਖ਼ਿਆਲ ਵਿਚ ਇਹ ਅਜਿਹਾ ਪਿਆਰ ਹੈ ਜਿਸ ਵਿਚ ਕੋਈ ਨਿੱਘ ਨਹੀਂ ਹੈ। ਅਸਲੀਅਤ ਤਾਂ ਇਹ ਹੈ ਕਿ ਅਗਾਪੇ ਅਕਸਰ ਮੋਹ ਨਾਲ ਭਰਪੂਰ ਹੁੰਦਾ ਹੈ। ਮਿਸਾਲ ਲਈ ਜਦੋਂ ਯੂਹੰਨਾ ਨੇ ਲਿਖਿਆ ਸੀ ਕਿ “ਪਿਤਾ ਪੁੱਤ੍ਰ ਨਾਲ ਪਿਆਰ ਕਰਦਾ ਹੈ,” ਤਾਂ ਉਸ ਨੇ ਅਗਾਪੇ ਸ਼ਬਦ ਵਰਤਿਆ ਸੀ। ਕੀ ਇਸ ਪਿਆਰ ਵਿਚ ਕੋਈ ਨਿੱਘ ਨਹੀਂ ਸੀ? ਨੋਟ ਕਰੋ ਕਿ ਯਿਸੂ ਨੇ ਫ਼ਿਲਿਓ ਸ਼ਬਦ ਵਰਤ ਕੇ ਕਿਹਾ ਸੀ ਕਿ “ਪਿਤਾ ਤਾਂ ਪੁੱਤ੍ਰ ਨਾਲ ਤੇਹ ਕਰਦਾ ਹੈ।” (ਯੂਹੰਨਾ 3:35; 5:20) ਯਹੋਵਾਹ ਦੇ ਪਿਆਰ ਵਿਚ ਅਕਸਰ ਕੋਮਲਤਾ ਵੀ ਸ਼ਾਮਲ ਹੁੰਦੀ ਹੈ। ਪਰ ਉਸ ਦਾ ਪਿਆਰ ਕਦੇ ਵੀ ਜਜ਼ਬਾਤੀ ਨਹੀਂ ਹੁੰਦਾ। ਉਹ ਹਮੇਸ਼ਾ ਆਪਣੇ ਉੱਚੇ ਤੇ ਸਹੀ ਅਸੂਲਾਂ ਅਨੁਸਾਰ ਪਿਆਰ ਕਰਦਾ ਹੈ।

      14 ਜਿਵੇਂ ਅਸੀਂ ਪਹਿਲਾਂ ਦੇਖਿਆ ਹੈ, ਯਹੋਵਾਹ ਦੇ ਸਾਰੇ ਗੁਣ ਉੱਤਮ ਤੇ ਮੁਕੰਮਲ ਹਨ ਅਤੇ ਸਾਨੂੰ ਉਸ ਵੱਲ ਖਿੱਚਦੇ ਹਨ। ਪਰ ਇਨ੍ਹਾਂ ਸਾਰਿਆਂ ਵਿੱਚੋਂ ਪਿਆਰ ਦੀ ਸਭ ਤੋਂ ਜ਼ਿਆਦਾ ਖਿੱਚ ਹੈ। ਪਿਆਰ ਨਾਲੋਂ ਜ਼ਿਆਦਾ ਹੋਰ ਕੋਈ ਵੀ ਗੁਣ ਯਹੋਵਾਹ ਨੂੰ ਜਾਣਨ ਲਈ ਸਾਨੂੰ ਨਹੀਂ ਪ੍ਰੇਰਦਾ। ਖ਼ੁਸ਼ੀ ਦੀ ਗੱਲ ਹੈ ਕਿ ਪਿਆਰ ਯਹੋਵਾਹ ਦਾ ਮੁੱਖ ਗੁਣ ਹੈ। ਇਹ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ?

      “ਪਰਮੇਸ਼ੁਰ ਪ੍ਰੇਮ ਹੈ”

      15. ਯਹੋਵਾਹ ਦੇ ਪਿਆਰ ਬਾਰੇ ਬਾਈਬਲ ਕੀ ਕਹਿੰਦੀ ਹੈ ਅਤੇ ਇਹ ਗੱਲ ਉਸ ਦੇ ਕਿਸੇ ਹੋਰ ਗੁਣ ਬਾਰੇ ਕਿਉਂ ਨਹੀਂ ਕਹੀ ਗਈ? (ਫੁਟਨੋਟ ਵੀ ਦੇਖੋ।)

      15 ਪ੍ਰੇਮ ਬਾਰੇ ਬਾਈਬਲ ਇਕ ਖ਼ਾਸ ਗੱਲ ਕਹਿੰਦੀ ਹੈ ਜੋ ਯਹੋਵਾਹ ਦੇ ਹੋਰ ਕਿਸੇ ਵੀ ਗੁਣ ਬਾਰੇ ਨਹੀਂ ਕਹੀ ਗਈ। ਬਾਈਬਲ ਇਹ ਨਹੀਂ ਕਹਿੰਦੀ ਕਿ ਪਰਮੇਸ਼ੁਰ ਸ਼ਕਤੀ ਹੈ ਜਾਂ ਪਰਮੇਸ਼ੁਰ ਇਨਸਾਫ਼ ਹੈ ਜਾਂ ਪਰਮੇਸ਼ੁਰ ਬੁੱਧ ਹੈ। ਕਿਹਾ ਜਾ ਸਕਦਾ ਹੈ ਕਿ ਯਹੋਵਾਹ ਵਿਚ ਇਹ ਸਾਰੇ ਗੁਣ ਹਨ। ਉਹ ਇਨ੍ਹਾਂ ਗੁਣਾਂ ਦਾ ਸੋਮਾ ਹੈ ਅਤੇ ਉਸ ਨਾਲੋਂ ਵਧੀਆ ਤਰੀਕੇ ਨਾਲ ਹੋਰ ਕਿਸੇ ਨੇ ਕਦੇ ਇਹ ਗੁਣ ਪ੍ਰਗਟ ਨਹੀਂ ਕੀਤੇ। ਪਰ ਉਸ ਦੇ ਚੌਥੇ ਗੁਣ ਬਾਰੇ ਇਕ ਖ਼ਾਸ ਗੱਲ ਕਹੀ ਗਈ ਹੈ: “ਪਰਮੇਸ਼ੁਰ ਪ੍ਰੇਮ ਹੈ।”b (1 ਯੂਹੰਨਾ 4:8) ਇਸ ਦਾ ਕੀ ਮਤਲਬ ਹੈ?

      16-18. (ੳ) ਬਾਈਬਲ ਇਸ ਤਰ੍ਹਾਂ ਕਿਉਂ ਕਹਿੰਦੀ ਹੈ ਕਿ “ਪਰਮੇਸ਼ੁਰ ਪ੍ਰੇਮ ਹੈ”? (ਅ) ਧਰਤੀ ਦੇ ਸਾਰੇ ਜੀਵ-ਜੰਤੂਆਂ ਵਿੱਚੋਂ ਇਨਸਾਨ ਯਹੋਵਾਹ ਦੇ ਪ੍ਰਮੁੱਖ ਗੁਣ, ਪਿਆਰ ਦਾ ਸਹੀ ਪ੍ਰਤੀਕ ਕਿਉਂ ਹੈ?

      16 ਜੇ “ਪਰਮੇਸ਼ੁਰ ਪ੍ਰੇਮ ਹੈ,” ਤਾਂ ਇਸ ਦਾ ਇਹ ਮਤਲਬ ਨਹੀਂ ਕਿ “ਪ੍ਰੇਮ ਪਰਮੇਸ਼ੁਰ ਹੈ।” ਪ੍ਰੇਮ ਪਰਮੇਸ਼ੁਰ ਦੇ ਬਰਾਬਰ ਨਹੀਂ ਹੋ ਸਕਦਾ ਕਿਉਂਕਿ ਪ੍ਰੇਮ ਸਿਰਫ਼ ਇਕ ਗੁਣ ਹੈ ਅਤੇ ਯਹੋਵਾਹ ਇਕ ਗੁਣ ਨਹੀਂ ਹੈ। ਉਹ ਇਕ ਸ਼ਖ਼ਸ ਹੈ ਜਿਸ ਵਿਚ ਪਿਆਰ ਤੋਂ ਇਲਾਵਾ ਹੋਰ ਕਈ ਖੂਬੀਆਂ ਅਤੇ ਭਾਵਨਾਵਾਂ ਹਨ। ਪਰ ਪ੍ਰੇਮ ਯਹੋਵਾਹ ਦੇ ਰਗ-ਰਗ ਵਿਚ ਵੱਸਦਾ ਹੈ। ਇਕ ਕਿਤਾਬ ਇਸ ਆਇਤ ਬਾਰੇ ਕਹਿੰਦੀ ਹੈ: “ਪ੍ਰੇਮ ਪਰਮੇਸ਼ੁਰ ਦਾ ਸੁਭਾਅ ਅਤੇ ਉਸ ਦੀ ਖ਼ਾਸੀਅਤ ਹੈ।” ਆਮ ਤੌਰ ਤੇ ਗੱਲ ਕਰਦੇ ਹੋਏ ਅਸੀਂ ਸ਼ਾਇਦ ਇਸ ਤਰ੍ਹਾਂ ਸੋਚੀਏ ਕਿ ਯਹੋਵਾਹ ਦੀ ਸ਼ਕਤੀ ਉਸ ਨੂੰ ਕੰਮ ਕਰਨ ਦਿੰਦੀ ਹੈ। ਉਸ ਦਾ ਇਨਸਾਫ਼ ਅਤੇ ਉਸ ਦੀ ਬੁੱਧ ਉਸ ਨੂੰ ਕੰਮ ਕਰਨ ਲਈ ਸੇਧ ਦਿੰਦੇ ਹਨ। ਪਰ ਉਸ ਦਾ ਪ੍ਰੇਮ ਉਸ ਨੂੰ ਕੁਝ ਕਰਨ ਲਈ ਪ੍ਰੇਰਦਾ ਹੈ। ਅਤੇ ਉਸ ਦੇ ਦੂਸਰੇ ਗੁਣਾਂ ਵਿਚ ਉਸ ਦਾ ਪ੍ਰੇਮ ਹਮੇਸ਼ਾ ਜ਼ਾਹਰ ਹੁੰਦਾ ਹੈ।

      17 ਇਸ ਤਰ੍ਹਾਂ ਅਕਸਰ ਕਿਹਾ ਗਿਆ ਹੈ ਕਿ ਯਹੋਵਾਹ ਪਿਆਰ ਦਾ ਰੂਪ ਹੈ। ਇਸ ਕਰਕੇ ਜੇ ਅਸੀਂ ਅਗਾਪੇ ਯਾਨੀ ਅਸੂਲਾਂ ਤੇ ਚੱਲਣ ਵਾਲੇ ਪਿਆਰ ਬਾਰੇ ਸਿੱਖਣਾ ਚਾਹੁੰਦੇ ਹਾਂ, ਤਾਂ ਸਾਨੂੰ ਯਹੋਵਾਹ ਬਾਰੇ ਸਿੱਖਣਾ ਪਵੇਗਾ। ਇਹ ਗੁਣ ਅਸੀਂ ਇਨਸਾਨਾਂ ਵਿਚ ਵੀ ਦੇਖ ਸਕਦੇ ਹਾਂ। ਪਰ ਇਨਸਾਨਾਂ ਵਿਚ ਕਿਉਂ? ਕਿਉਂਕਿ ਸ੍ਰਿਸ਼ਟੀ ਕਰਨ ਦੇ ਸਮੇਂ ਯਹੋਵਾਹ ਨੇ ਇਹ ਸ਼ਬਦ ਆਪਣੇ ਪੁੱਤਰ ਨੂੰ ਕਹੇ ਸਨ: “ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ।” (ਉਤਪਤ 1:26) ਧਰਤੀ ਦੇ ਸਾਰੇ ਜੀਵ-ਜੰਤੂਆਂ ਵਿੱਚੋਂ ਸਿਰਫ਼ ਇਨਸਾਨ ਹੀ ਆਪਣੇ ਸਵਰਗੀ ਪਿਤਾ ਦੀ ਨਕਲ ਕਰ ਕੇ ਪਿਆਰ ਕਰ ਸਕਦੇ ਹਨ। ਯਾਦ ਕਰੋ ਕਿ ਯਹੋਵਾਹ ਨੇ ਆਪਣੇ ਮੁੱਖ ਗੁਣਾਂ ਦੇ ਪ੍ਰਤੀਕ ਵਜੋਂ ਵੱਖੋ-ਵੱਖਰੇ ਜੀਵ-ਜੰਤੂਆਂ ਨੂੰ ਇਸਤੇਮਾਲ ਕੀਤਾ ਸੀ। ਪਰ ਯਹੋਵਾਹ ਨੇ ਆਪਣੇ ਪ੍ਰਮੁੱਖ ਗੁਣ, ਪਿਆਰ ਦੇ ਪ੍ਰਤੀਕ ਲਈ ਆਪਣੀ ਸਭ ਤੋਂ ਵਧੀਆ ਸ੍ਰਿਸ਼ਟੀ, ਆਦਮੀ ਨੂੰ ਚੁਣਿਆ ਸੀ।—ਹਿਜ਼ਕੀਏਲ 1:10.

      18 ਜਦ ਅਸੀਂ ਅਸੂਲਾਂ ਮੁਤਾਬਕ ਨਿਰਸੁਆਰਥੀ ਤਰੀਕੇ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਪ੍ਰਮੁੱਖ ਗੁਣ ਦਾ ਸਬੂਤ ਦੇ ਰਹੇ ਹੁੰਦੇ ਹਾਂ। ਯੂਹੰਨਾ ਰਸੂਲ ਨੇ ਵੀ ਇਸ ਤਰ੍ਹਾਂ ਹੀ ਲਿਖਿਆ ਸੀ: “ਅਸੀਂ ਪ੍ਰੇਮ ਕਰਦੇ ਹਾਂ ਇਸ ਲਈ ਜੋ ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।” (1 ਯੂਹੰਨਾ 4:19) ਪਰ ਯਹੋਵਾਹ ਨੇ ਸਾਡੇ ਨਾਲ ਪਹਿਲਾਂ ਕਿਸ ਤਰ੍ਹਾਂ ਪਿਆਰ ਕੀਤਾ?

      ਯਹੋਵਾਹ ਨੇ ਪਹਿਲ ਕੀਤੀ

      19. ਪਿਆਰ ਨੇ ਯਹੋਵਾਹ ਨੂੰ ਕੀ ਕਰਨ ਲਈ ਪ੍ਰੇਰਿਆ ਸੀ ਅਤੇ ਕਿਉਂ?

      19 ਪਿਆਰ ਕੋਈ ਨਵੀਂ ਗੱਲ ਨਹੀਂ ਹੈ। ਜ਼ਰਾ ਸੋਚੋ, ਯਹੋਵਾਹ ਨੇ ਸ੍ਰਿਸ਼ਟੀ ਕਰਨੀ ਕਿਉਂ ਸ਼ੁਰੂ ਕੀਤੀ ਸੀ? ਉਹ ਇਕੱਲਾਪਣ ਨਹੀਂ ਮਹਿਸੂਸ ਕਰ ਰਿਹਾ ਸੀ ਅਤੇ ਨਾ ਹੀ ਉਸ ਨੂੰ ਸਾਥੀਆਂ ਦੀ ਲੋੜ ਸੀ। ਯਹੋਵਾਹ ਸੰਪੂਰਣ ਹੈ ਅਤੇ ਉਸ ਦੀ ਅਜਿਹੀ ਕੋਈ ਲੋੜ ਨਹੀਂ ਜਿਸ ਨੂੰ ਕੋਈ ਹੋਰ ਪੂਰਾ ਕਰ ਸਕਦਾ ਹੈ। ਪਰ ਉਹ ਚਾਹੁੰਦਾ ਸੀ ਕਿ ਦੂਸਰੇ ਵੀ ਜੀਉਣ ਦਾ ਮਜ਼ਾ ਲੈ ਕੇ ਦੇਖਣ। ਉਸ ਨੇ ਆਪਣੇ ਪਿਆਰ ਕਰਕੇ ਅਜਿਹੇ ਸੋਚਣ-ਸਮਝਣ ਵਾਲੇ ਜੀਵ-ਜੰਤੂ ਬਣਾਏ ਜੋ ਜ਼ਿੰਦਗੀ ਦੇ ਤੋਹਫ਼ੇ ਦੀ ਕਦਰ ਕਰ ਸਕਣ। “ਪਰਮੇਸ਼ੁਰ ਦੀ ਸਰਿਸ਼ਟ ਦਾ ਮੁੱਢ” ਉਸ ਦਾ ਇਕਲੌਤਾ ਪੁੱਤਰ ਸੀ। (ਪਰਕਾਸ਼ ਦੀ ਪੋਥੀ 3:14) ਫਿਰ ਯਹੋਵਾਹ ਨੇ ਆਪਣੇ ਰਾਜ ਮਿਸਤਰੀ ਦੇ ਜ਼ਰੀਏ ਫਰਿਸ਼ਤਿਆਂ ਨੂੰ ਬਣਾਉਣ ਤੋਂ ਬਾਅਦ ਬਾਕੀ ਸਭ ਕੁਝ ਬਣਾਇਆ। (ਅੱਯੂਬ 38:4, 7; ਕੁਲੁੱਸੀਆਂ 1:16) ਫਰਿਸ਼ਤਿਆਂ ਨੂੰ ਆਪਣੇ ਫ਼ੈਸਲੇ ਆਪ ਕਰਨ ਦੀ ਆਜ਼ਾਦੀ ਦਿੱਤੀ ਗਈ ਸੀ; ਉਹ ਦੁੱਖ-ਸੁਖ ਮਹਿਸੂਸ ਕਰ ਸਕਦੇ ਸਨ ਅਤੇ ਇਸ ਤਰ੍ਹਾਂ ਦੂਸਰਿਆਂ ਫਰਿਸ਼ਤਿਆਂ ਨਾਲ ਅਤੇ ਯਹੋਵਾਹ ਨਾਲ ਵੀ ਪਿਆਰ ਕਰ ਸਕਦੇ ਸਨ। (2 ਕੁਰਿੰਥੀਆਂ 3:17) ਇਸ ਤਰ੍ਹਾਂ ਉਨ੍ਹਾਂ ਨੇ ਪਿਆਰ ਕੀਤਾ ਕਿਉਂਕਿ ਕਿਸੇ ਨੇ ਪਹਿਲਾਂ ਉਨ੍ਹਾਂ ਨਾਲ ਪਿਆਰ ਕੀਤਾ ਸੀ।

      20, 21. ਆਦਮ ਤੇ ਹੱਵਾਹ ਕੋਲ ਯਹੋਵਾਹ ਦੇ ਪਿਆਰ ਦਾ ਕੀ ਸਬੂਤ ਸੀ ਪਰ ਇਸ ਦੇ ਬਦਲੇ ਉਨ੍ਹਾਂ ਨੇ ਕੀ ਕੀਤਾ ਸੀ?

      20 ਮਨੁੱਖਾਂ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ। ਸ਼ੁਰੂ ਤੋਂ ਹੀ ਆਦਮ ਅਤੇ ਹੱਵਾਹ ਪਿਆਰ ਦੀ ਬੁੱਕਲ ਵਿਚ ਪਲੇ ਸਨ। ਉਹ ਅਦਨ ਦੇ ਬਾਗ਼ ਵਿਚ ਰਹਿੰਦੇ ਸਨ ਅਤੇ ਜਿੱਥੇ ਕਿਤੇ ਵੀ ਉਹ ਦੇਖਦੇ ਸਨ ਉਨ੍ਹਾਂ ਨੂੰ ਯਹੋਵਾਹ ਦੇ ਪਿਆਰ ਦਾ ਸਬੂਤ ਨਜ਼ਰ ਆਉਂਦਾ ਸੀ। ਨੋਟ ਕਰੋ ਕਿ ਬਾਈਬਲ ਕੀ ਕਹਿੰਦੀ ਹੈ: “ਯਹੋਵਾਹ ਪਰਮੇਸ਼ੁਰ ਨੇ ਇੱਕ ਬਾਗ਼ ਅਦਨ ਵਿੱਚ ਪੂਰਬ ਵੱਲ ਲਾਇਆ ਅਤੇ ਉੱਥੇ ਉਸ ਨੇ ਉਸ ਆਦਮੀ ਨੂੰ ਜਿਹ ਨੂੰ ਉਸ ਨੇ ਰਚਿਆ ਸੀ ਰੱਖਿਆ।” (ਉਤਪਤ 2:8) ਕੀ ਤੁਸੀਂ ਕਦੇ ਕਿਸੇ ਬਹੁਤ ਹੀ ਖੂਬਸੂਰਤ ਬਗ਼ੀਚੇ ਵਿਚ ਗਏ ਹੋ? ਤੁਹਾਨੂੰ ਉੱਥੇ ਸਭ ਤੋਂ ਜ਼ਿਆਦਾ ਕੀ ਪਸੰਦ ਆਇਆ ਸੀ? ਦਰਖ਼ਤਾਂ ਦੇ ਪੱਤਿਆਂ ਵਿੱਚੋਂ ਨਜ਼ਰ ਆਉਂਦੀਆਂ ਰੌਸ਼ਨੀ ਦੀਆਂ ਕਿਰਨਾਂ? ਜ਼ਮੀਨ ਤੇ ਸੋਹਣੇ ਅਤੇ ਰੰਗ-ਬਰੰਗੇ ਫੁੱਲਾਂ ਦਾ ਗਲੀਚਾ? ਨਦੀ ਵਿਚ ਵਹਿੰਦੇ ਪਾਣੀ ਦੀ ਰਿਮ-ਝਿਮ, ਪੰਛੀਆਂ ਦੇ ਗਾਣੇ ਤੇ ਭੰਵਰਿਆਂ ਦੀ ਸੁਰੀਲੀ ਆਵਾਜ਼? ਦਰਖ਼ਤਾਂ, ਫਲਾਂ ਅਤੇ ਫੁੱਲਾਂ ਦੀ ਖੁਸ਼ਬੂ? ਪਰ ਅੱਜ ਦੇ ਕਿਸੇ ਵੀ ਬਾਗ਼ ਦੀ ਤੁਲਨਾ ਅਦਨ ਦੇ ਬਾਗ਼ ਨਾਲ ਨਹੀਂ ਕੀਤੀ ਜਾ ਸਕਦੀ। ਕਿਉਂ ਨਹੀਂ?

      21 ਉਹ ਬਾਗ਼ ਯਹੋਵਾਹ ਨੇ ਖ਼ੁਦ ਆਪਣੇ ਹੱਥੀਂ ਲਾਇਆ ਸੀ! ਉਸ ਬਾਗ਼ ਦੀ ਸੁੰਦਰਤਾ ਬਿਆਨੋਂ ਬਾਹਰ ਸੀ। ਹਰ ਦਰਖ਼ਤ ਦੇਖਣ ਨੂੰ ਸੋਹਣਾ ਅਤੇ ਉਸ ਦਾ ਫਲ ਖਾਣ ਨੂੰ ਸੁਆਦ ਸੀ। ਉਸ ਵਿਸ਼ਾਲ ਬਾਗ਼ ਵਿਚ ਚੋਖਾ ਪਾਣੀ ਸੀ ਅਤੇ ਉੱਥੇ ਹਰ ਭਾਂਤ ਦੇ ਜਾਨਵਰ ਸਨ। ਆਦਮ ਤੇ ਹੱਵਾਹ ਦੀ ਜ਼ਿੰਦਗੀ ਨੂੰ ਸੁਖੀ ਬਣਾਉਣ ਲਈ ਉੱਥੇ ਹਰ ਚੀਜ਼ ਸੀ। ਉਨ੍ਹਾਂ ਕੋਲ ਇਕ-ਦੂਜੇ ਦਾ ਸਾਥ ਸੀ ਅਤੇ ਅਜਿਹਾ ਕੰਮ ਜਿਸ ਤੋਂ ਜੀ ਖ਼ੁਸ਼ ਹੁੰਦਾ ਸੀ। ਯਹੋਵਾਹ ਨੇ ਉਨ੍ਹਾਂ ਨੂੰ ਸਾਰਾ ਕੁਝ ਦੇ ਕੇ ਉਨ੍ਹਾਂ ਨਾਲ ਪਹਿਲਾਂ ਪਿਆਰ ਕੀਤਾ। ਇਸ ਲਈ ਉਨ੍ਹਾਂ ਨੂੰ ਉਸ ਨਾਲ ਵੀ ਪਿਆਰ ਕਰਨਾ ਚਾਹੀਦਾ ਸੀ। ਪਰ ਉਨ੍ਹਾਂ ਨੇ ਇਸ ਤਰ੍ਹਾਂ ਨਹੀਂ ਕੀਤਾ। ਆਪਣੇ ਸਵਰਗੀ ਪਿਤਾ ਦੀ ਗੱਲ ਮੰਨਣ ਦੀ ਬਜਾਇ ਉਨ੍ਹਾਂ ਨੇ ਉਸ ਦੇ ਖ਼ਿਲਾਫ਼ ਬਗਾਵਤ ਕੀਤੀ।—ਉਤਪਤ ਦਾ ਦੂਜਾ ਅਧਿਆਇ।

      22. ਯਹੋਵਾਹ ਨੇ ਅਦਨ ਦੇ ਬਾਗ਼ ਵਿਚ ਬਗਾਵਤ ਤੋਂ ਬਾਅਦ ਜੋ ਕੀਤਾ, ਉਸ ਤੋਂ ਉਸ ਦੇ ਸੱਚੇ ਪਿਆਰ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ?

      22 ਉਨ੍ਹਾਂ ਦੀ ਬਗਾਵਤ ਨੇ ਯਹੋਵਾਹ ਦੇ ਦਿਲ ਨੂੰ ਕਿੰਨਾ ਦੁਖਾਇਆ! ਪਰ ਕੀ ਇਸ ਨੇ ਉਸ ਦੇ ਦਿਲ ਵਿਚ ਜ਼ਹਿਰ ਘੋਲਿਆ ਸੀ? ਬਿਲਕੁਲ ਨਹੀਂ! “ਉਹ ਦੀ ਦਯਾ ਸਦਾ ਦੀ ਹੈ।” (ਜ਼ਬੂਰਾਂ ਦੀ ਪੋਥੀ 136:1) ਇਕ ਹੋਰ ਤਰਜਮਾ ਕਹਿੰਦਾ ਹੈ ਕਿ ਉਸ ਦਾ ਸੱਚਾ ਪਿਆਰ ਸਦਾ ਦਾ ਹੈ। ਇਸ ਲਈ ਉਸ ਨੇ ਉਸੇ ਸਮੇਂ ਪਿਆਰ ਨਾਲ ਇਕ ਬੰਦੋਬਸਤ ਕੀਤਾ ਜਿਸ ਰਾਹੀਂ ਆਦਮ ਤੇ ਹੱਵਾਹ ਦੀ ਔਲਾਦ ਵਿੱਚੋਂ ਸਹੀ ਰਾਹ ਤੇ ਚੱਲਣ ਵਾਲੇ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਅੱਗੇ ਅਸੀਂ ਦੇਖ ਹੀ ਚੁੱਕੇ ਹਾਂ ਕਿ ਇਸ ਬੰਦੋਬਸਤ ਵਿਚ ਯਹੋਵਾਹ ਦੇ ਪਿਆਰੇ ਪੁੱਤਰ ਦੀ ਕੁਰਬਾਨੀ ਸ਼ਾਮਲ ਸੀ ਜੋ ਉਸ ਦੇ ਪਿਤਾ ਨੂੰ ਬਹੁਤ ਮਹਿੰਗੀ ਪਈ ਸੀ।—1 ਯੂਹੰਨਾ 4:10.

      23. ਯਹੋਵਾਹ ਖ਼ੁਸ਼ ਰਹਿਣ ਵਾਲਾ ਪਰਮੇਸ਼ੁਰ ਕਿਉਂ ਹੈ ਅਤੇ ਅਗਲੇ ਅਧਿਆਇ ਵਿਚ ਕਿਹੜੇ ਜ਼ਰੂਰੀ ਸਵਾਲ ਦਾ ਜਵਾਬ ਦਿੱਤਾ ਜਾਵੇਗਾ?

      23 ਜੀ ਹਾਂ, ਯਹੋਵਾਹ ਨੇ ਸ਼ੁਰੂ ਤੋਂ ਹੀ ਇਨਸਾਨਜਾਤ ਨਾਲ ਪਿਆਰ ਕਰਨ ਵਿਚ ਪਹਿਲ ਕੀਤੀ ਹੈ। ਅਣਗਿਣਤ ਤਰੀਕਿਆਂ ਨਾਲ “ਪਹਿਲਾਂ ਉਹ ਨੇ ਸਾਡੇ ਨਾਲ ਪ੍ਰੇਮ ਕੀਤਾ।” ਜਿੱਥੇ ਪਿਆਰ ਹੈ ਉੱਥੇ ਮੇਲ-ਮਿਲਾਪ ਅਤੇ ਖ਼ੁਸ਼ੀ ਹੈ, ਇਸੇ ਲਈ ਬਾਈਬਲ ਵਿਚ ਯਹੋਵਾਹ ਨੂੰ “ਪਰਮਧੰਨ” ਜਾਂ ਖ਼ੁਸ਼ ਰਹਿਣ ਵਾਲਾ ਪਰਮੇਸ਼ੁਰ ਸੱਦਿਆ ਗਿਆ ਹੈ। (1 ਤਿਮੋਥਿਉਸ 1:11) ਪਰ ਇਕ ਜ਼ਰੂਰੀ ਸਵਾਲ ਖੜ੍ਹਾ ਹੁੰਦਾ ਹੈ। ਕੀ ਯਹੋਵਾਹ ਸਾਨੂੰ ਨਿੱਜੀ ਤੌਰ ਤੇ ਪਿਆਰ ਕਰਦਾ ਹੈ? ਇਸ ਕਿਤਾਬ ਦੇ ਅਗਲੇ ਅਧਿਆਇ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਜਾਵੇਗਾ।

      a ਬਾਈਬਲ ਦੇ ਯੂਨਾਨੀ ਹਿੱਸੇ ਵਿਚ ਅਕਸਰ ਫ਼ੀਲੀਓ ਸ਼ਬਦ ਵਰਤਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿਸੇ ਨਾਲ ਮੋਹ ਹੋਣਾ, ਉਸ ਨੂੰ ਪਸੰਦ ਕਰਨਾ ਜਿਵੇਂ ਕੋਈ ਆਪਣੇ ਜਿਗਰੀ ਦੋਸਤ ਜਾਂ ਭਰਾ ਨਾਲ ਪਿਆਰ ਕਰਦਾ ਹੈ। ਸਾਕ-ਸੰਬੰਧੀਆਂ ਵਿਚ ਜੋ ਪਿਆਰ ਹੁੰਦਾ ਹੈ, ਉਸ ਨੂੰ ਸਟੋਰਗੇ ਸੱਦਿਆ ਗਿਆ ਹੈ। ਇਸ ਦੀ ਗੱਲ 2 ਤਿਮੋਥਿਉਸ 3:3 ਵਿਚ ਕੀਤੀ ਗਈ ਹੈ ਕਿ ਆਖ਼ਰੀ ਦਿਨਾਂ ਵਿਚ ਲੋਕ ਆਪਣੇ ਘਰ ਦਿਆਂ ਨਾਲ ਮੋਹ ਨਹੀਂ ਰੱਖਣਗੇ ਅਤੇ ਇਕ-ਦੂਜੇ ਨਾਲ ਪਿਆਰ ਨਹੀਂ ਕਰਨਗੇ। ਬਾਈਬਲ ਦੇ ਯੂਨਾਨੀ ਹਿੱਸੇ ਵਿਚ ਏਰੋਸ ਸ਼ਬਦ ਨਹੀਂ ਵਰਤਿਆ ਗਿਆ। ਇਹ ਉਹ ਪਿਆਰ ਹੈ ਜੋ ਆਦਮੀ ਤੇ ਔਰਤ ਦਰਮਿਆਨ ਹੁੰਦਾ ਹੈ। ਖ਼ੈਰ ਬਾਈਬਲ ਵਿਚ ਇਸ ਪਿਆਰ ਦੀ ਵੀ ਗੱਲ ਕੀਤੀ ਗਈ ਹੈ।—ਕਹਾਉਤਾਂ 5:15-20.

      b ਬਾਈਬਲ ਵਿਚ ਇਸ ਤਰ੍ਹਾਂ ਹੋਰ ਗੱਲਾਂ ਬਾਰੇ ਵੀ ਕਿਹਾ ਗਿਆ ਹੈ। ਮਿਸਾਲ ਲਈ “ਪਰਮੇਸ਼ੁਰ ਚਾਨਣ ਹੈ” ਅਤੇ “ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ।” (1 ਯੂਹੰਨਾ 1:5; ਇਬਰਾਨੀਆਂ 12:28) ਇਸ ਦਾ ਮਤਲਬ ਇਹ ਨਹੀਂ ਕਿ ਯਹੋਵਾਹ ਇਹ ਚੀਜ਼ਾਂ ਹੈ, ਪਰ ਉਹ ਇਨ੍ਹਾਂ ਵਰਗਾ ਹੈ। ਯਹੋਵਾਹ ਚਾਨਣ ਵਰਗਾ ਹੈ ਕਿਉਂਕਿ ਉਹ ਪਵਿੱਤਰ ਅਤੇ ਧਰਮੀ ਹੈ। ਉਸ ਵਿਚ “ਹਨੇਰਾ” ਜਾਂ ਅਪਵਿੱਤਰਤਾ ਨਹੀਂ ਹੈ। ਉਸ ਦੀ ਨਾਸ਼ ਕਰਨ ਦੀ ਸ਼ਕਤੀ ਕਰਕੇ ਉਸ ਦੀ ਤੁਲਨਾ ਅੱਗ ਨਾਲ ਵੀ ਕੀਤੀ ਜਾ ਸਕਦੀ ਹੈ।

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਜ਼ਬੂਰਾਂ ਦੀ ਪੋਥੀ 63:1-11 ਯਹੋਵਾਹ ਦੇ ਪਿਆਰ ਦੀ ਸਾਨੂੰ ਕਿਉਂ ਕਦਰ ਕਰਨੀ ਚਾਹੀਦੀ ਹੈ ਅਤੇ ਇਸ ਪਿਆਰ ਤੋਂ ਸਾਨੂੰ ਕਿਹੜੀ ਤਸੱਲੀ ਮਿਲ ਸਕਦੀ ਹੈ?

      • ਹੋਸ਼ੇਆ 11:1-4; 14:4-8 ਇਸਰਾਏਲ (ਅਫ਼ਰਾਈਮ) ਨੇ ਕਿਹੜੀ ਅਣਆਗਿਆਕਾਰੀ ਕੀਤੀ ਸੀ ਅਤੇ ਇਸ ਦੇ ਬਾਵਜੂਦ ਯਹੋਵਾਹ ਨੇ ਉਸ ਨਾਲ ਇਕ ਪਿਤਾ ਵਾਂਗ ਕਿਸ ਤਰ੍ਹਾਂ ਪਿਆਰ ਕੀਤਾ ਸੀ?

      • ਮੱਤੀ 5:43-48 ਯਹੋਵਾਹ ਨੇ ਪਿਤਾ ਹੋਣ ਦੇ ਨਾਤੇ ਸਾਰੀ ਇਨਸਾਨਜਾਤ ਨਾਲ ਕਿਸ ਤਰ੍ਹਾਂ ਪਿਆਰ ਕੀਤਾ ਹੈ?

      • ਯੂਹੰਨਾ 17:15-26 ਆਪਣੇ ਚੇਲਿਆਂ ਲਈ ਦੁਆ ਕਰਦੇ ਹੋਏ ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ?

  • ਕੋਈ ਵੀ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ’ ਨਹੀਂ ਕਰ ਸਕਦੀ
    ਯਹੋਵਾਹ ਦੇ ਨੇੜੇ ਰਹੋ
    • ਇਕ ਉਦਾਸ ਤੀਵੀਂ ਦੇ ਚਿਹਰੇ ’ਤੇ ਹੰਝੂ

      ਚੌਵ੍ਹੀਵਾਂ ਅਧਿਆਇ

      ਕੋਈ ਵੀ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ’ ਨਹੀਂ ਕਰ ਸਕਦੀ

      1. ਕਈ ਲੋਕ ਅਤੇ ਸ਼ਾਇਦ ਕੁਝ ਮਸੀਹੀ ਵੀ ਪਰਮੇਸ਼ੁਰ ਦੇ ਪਿਆਰ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਨ ਲੱਗ ਪੈਂਦੇ ਹਨ?

      ਕੀ ਯਹੋਵਾਹ ਨਿੱਜੀ ਤੌਰ ਤੇ ਤੁਹਾਡੇ ਨਾਲ ਪਿਆਰ ਕਰਦਾ ਹੈ? ਯੂਹੰਨਾ 3:16 ਦੀ ਗੱਲ ਅਨੁਸਾਰ ਕਈ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਆਮ ਤੌਰ ਤੇ ਸਾਰੇ ਇਨਸਾਨਾਂ ਨਾਲ ਪ੍ਰੇਮ ਕਰਦਾ ਹੈ। ਪਰ ਉਹ ਆਪਣੇ ਬਾਰੇ ਮਹਿਸੂਸ ਕਰਦੇ ਹਨ ਕਿ ‘ਪਰਮੇਸ਼ੁਰ ਮੇਰੇ ਨਾਲ ਕਦੇ ਵੀ ਨਹੀਂ ਪਿਆਰ ਕਰ ਸਕਦਾ।’ ਕਦੀ-ਕਦੀ ਸੱਚੇ ਮਸੀਹੀ ਵੀ ਪਰਮੇਸ਼ੁਰ ਦੇ ਪ੍ਰੇਮ ਉੱਤੇ ਸ਼ੱਕ ਕਰਨ ਲੱਗ ਪੈਂਦੇ ਹਨ। ਨਿਰਾਸ਼ ਹੋ ਕੇ ਇਕ ਆਦਮੀ ਨੇ ਕਿਹਾ: “ਮੇਰੇ ਲਈ ਇਹ ਵਿਸ਼ਵਾਸ ਕਰਨਾ ਬਹੁਤ ਹੀ ਮੁਸ਼ਕਲ ਹੈ ਕਿ ਪਰਮੇਸ਼ੁਰ ਨੂੰ ਮੇਰੀ ਥੋੜ੍ਹੀ ਜਿੰਨੀ ਵੀ ਪਰਵਾਹ ਹੈ।” ਕੀ ਤੁਸੀਂ ਵੀ ਕਦੇ-ਕਦੇ ਇਸ ਤਰ੍ਹਾਂ ਮਹਿਸੂਸ ਕਰਦੇ ਹੋ?

      2, 3. ਸਾਡੇ ਮਨਾਂ ਵਿਚ ਕੌਣ ਇਹ ਖ਼ਿਆਲ ਬਿਠਾਉਣਾ ਚਾਹੁੰਦਾ ਹੈ ਕਿ ਯਹੋਵਾਹ ਸਾਡੇ ਨਾਲ ਪਿਆਰ ਨਹੀਂ ਕਰਦਾ ਅਤੇ ਅਸੀਂ ਇਸ ਖ਼ਿਆਲ ਨੂੰ ਕਿਸ ਤਰ੍ਹਾਂ ਦੂਰ ਕਰ ਸਕਦੇ ਹਾਂ?

      2 ਸ਼ਤਾਨ ਤਾਂ ਸਾਡੇ ਮਨ ਵਿਚ ਇਹੀ ਗ਼ਲਤ ਖ਼ਿਆਲ ਬਿਠਾਉਣਾ ਚਾਹੁੰਦਾ ਹੈ ਕਿ ਯਹੋਵਾਹ ਸਾਡੇ ਨਾਲ ਪਿਆਰ ਨਹੀਂ ਕਰਦਾ ਤੇ ਨਾ ਉਸ ਨੂੰ ਸਾਡੀ ਪਰਵਾਹ ਹੈ। ਇਹ ਗੱਲ ਸੱਚ ਹੈ ਕਿ ਅਕਸਰ ਸ਼ਤਾਨ ਇਨਸਾਨ ਦੇ ਘਮੰਡ ਅਤੇ ਗਰੂਰ ਕਰਕੇ ਉਸ ਨੂੰ ਭਰਮਾ ਲੈਂਦਾ ਹੈ। (2 ਕੁਰਿੰਥੀਆਂ 11:3) ਪਰ ਉਹ ਲੋਕਾਂ ਦੇ ਮਾਣ ਨੂੰ ਕੁਚਲ ਕੇ ਵੀ ਖ਼ੁਸ਼ ਹੁੰਦਾ ਹੈ। (ਯੂਹੰਨਾ 7:47-49; 8:13, 44) ਇਹ ਗੱਲ ਖ਼ਾਸ ਕਰਕੇ ਇਨ੍ਹਾਂ ਭੈੜੇ “ਅੰਤ ਦਿਆਂ ਦਿਨਾਂ” ਵਿਚ ਦੇਖੀ ਜਾਂਦੀ ਹੈ। ਕਈ ਲੋਕ ਅਜਿਹੇ ਟੱਬਰਾਂ ਵਿਚ ਪਲਦੇ ਹਨ ਜਿਨ੍ਹਾਂ ਵਿਚ ਜ਼ਰਾ ਵੀ ‘ਮੋਹ’ ਨਹੀਂ ਹੁੰਦਾ। ਦੂਸਰੇ ਰੋਜ਼ਾਨਾ ਅਜਿਹਿਆਂ ਲੋਕਾਂ ਦਾ ਸਾਮ੍ਹਣਾ ਕਰਦੇ ਹਨ ਜੋ ਕਰੜੇ, ਮਤਲਬੀ ਅਤੇ ਜ਼ਿੱਦੀ ਹੁੰਦੇ ਹਨ। (2 ਤਿਮੋਥਿਉਸ 3:1-5) ਅਜਿਹੇ ਲੋਕ ਸਾਰੀ ਜ਼ਿੰਦਗੀ ਬਦਸਲੂਕੀ, ਜਾਤ-ਪਾਤ ਜਾਂ ਨਫ਼ਰਤ ਦਾ ਸ਼ਿਕਾਰ ਹੋਣ ਕਰਕੇ ਸ਼ਾਇਦ ਇਹ ਯਕੀਨ ਕਰਨ ਲੱਗ ਪੈਣ ਕਿ ਉਹ ਨਿਕੰਮੇ ਹਨ ਤੇ ਉਨ੍ਹਾਂ ਨਾਲ ਕੋਈ ਪਿਆਰ ਨਹੀਂ ਕਰਦਾ।

      3 ਜੇਕਰ ਤੁਸੀਂ ਇਸ ਤਰ੍ਹਾਂ ਮਹਿਸੂਸ ਕਰਦੇ ਹੋ, ਤਾਂ ਨਿਰਾਸ਼ ਨਾ ਹੋਵੋ। ਸਾਡੇ ਵਿੱਚੋਂ ਕਈ ਆਪਣੇ ਆਪ ਉੱਤੇ ਬਿਨਾਂ ਵਜ੍ਹਾ ਅਕਸਰ ਦੋਸ਼ ਲਾਉਂਦੇ ਰਹਿੰਦੇ ਹਨ। ਪਰ ਯਾਦ ਰੱਖੋ ਕਿ ਪਰਮੇਸ਼ੁਰ ਦਾ ਬਚਨ ਸਭ ਕੁਝ ‘ਸੁਧਾਰ’ ਸਕਦਾ ਹੈ ਅਤੇ ‘ਕਿਲ੍ਹਿਆਂ ਵਰਗੇ ਖ਼ਿਆਲ ਢਾਹ’ ਸਕਦਾ ਹੈ। (2 ਤਿਮੋਥਿਉਸ 3:16; 2 ਕੁਰਿੰਥੀਆਂ 10:4) ਬਾਈਬਲ ਕਹਿੰਦੀ ਹੈ: “ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਓਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ। ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।” (1 ਯੂਹੰਨਾ 3:19, 20) ਆਓ ਆਪਾਂ ਚਾਰ ਗੱਲਾਂ ਉੱਤੇ ਗੌਰ ਕਰੀਏ ਜਿਨ੍ਹਾਂ ਦੇ ਜ਼ਰੀਏ ਅਸੀਂ ‘ਆਪਣੇ ਮਨ ਨੂੰ ਪੱਕਾ ਕਰ ਸਕਦੇ ਹਾਂ’ ਕਿ ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ।

      ਯਹੋਵਾਹ ਨੂੰ ਸਾਡੀ ਕਦਰ ਹੈ

      4, 5. ਚਿੜੀਆਂ ਬਾਰੇ ਯਿਸੂ ਦੇ ਦ੍ਰਿਸ਼ਟਾਂਤ ਤੋਂ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਸਾਡੀ ਕਦਰ ਹੈ?

      4 ਪਹਿਲੀ ਗੱਲ, ਬਾਈਬਲ ਸਿਖਾਉਂਦੀ ਹੈ ਕਿ ਯਹੋਵਾਹ ਨੂੰ ਆਪਣੇ ਹਰ ਸੇਵਕ ਦੀ ਕਦਰ ਹੈ। ਮਿਸਾਲ ਦੇ ਤੌਰ ਤੇ ਯਿਸੂ ਨੇ ਕਿਹਾ ਸੀ: “ਭਲਾ, ਇੱਕ ਪੈਸੇ ਨੂੰ ਦੋ ਚਿੜੀਆਂ ਨਹੀਂ ਵਿਕਦੀਆਂ? ਅਤੇ ਉਨ੍ਹਾਂ ਵਿੱਚੋਂ ਇੱਕ ਭੀ ਤੁਹਾਡੇ ਪਿਤਾ ਦੀ ਮਰਜੀ ਬਿਨਾ ਧਰਤੀ ਉੱਤੇ ਨਹੀਂ ਡਿੱਗਦੀ। ਪਰ ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਸੋ ਨਾ ਡਰੋ। ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਮੱਤੀ 10:29-31) ਜ਼ਰਾ ਸੋਚੋ ਕਿ ਇਨ੍ਹਾਂ ਸ਼ਬਦਾਂ ਨੇ ਯਿਸੂ ਦੇ ਸੁਣਨ ਵਾਲਿਆਂ ਉੱਤੇ ਕੀ ਪ੍ਰਭਾਵ ਪਾਇਆ ਸੀ।

      Two small sparrows

      “ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ”

      5 ਅਸੀਂ ਸ਼ਾਇਦ ਸੋਚੀਏ ਕਿ ਕੋਈ ਵਿਅਕਤੀ ਇਕ ਚਿੜੀ ਕਿਉਂ ਖ਼ਰੀਦੇਗਾ। ਯਿਸੂ ਦੇ ਦਿਨਾਂ ਵਿਚ ਖਾਣ ਲਈ ਚਿੜੀਆਂ ਬਹੁਤ ਸਸਤੀਆਂ ਵਿਕਦੀਆਂ ਸਨ। ਸਸਤੀਆਂ ਤੋਂ ਸਸਤੀਆਂ ਦੋ ਚਿੜੀਆਂ ਦੀ ਕੀਮਤ ਇਕ ਪੈਸਾ ਸੀ। ਪਰ ਬਾਅਦ ਵਿਚ ਯਿਸੂ ਮਸੀਹ ਨੇ ਜ਼ਿਕਰ ਕੀਤਾ ਸੀ ਕਿ ਜੇ ਕੋਈ ਦੋ ਪੈਸੇ ਖ਼ਰਚ ਕੇ ਚਾਰ ਚਿੜੀਆਂ ਖ਼ਰੀਦਦਾ ਸੀ, ਤਾਂ ਉਸ ਨੂੰ ਚਾਰ ਦੀ ਬਜਾਇ ਪੰਜ ਮਿਲਦੀਆਂ ਸਨ। ਇਕ ਵਾਧੂ ਚਿੜੀ ਝੂੰਗੇ ਵਿਚ ਦੇ ਦਿੱਤੀ ਜਾਂਦੀ ਸੀ ਜਿਵੇਂ ਉਸ ਦੀ ਕੋਈ ਕੀਮਤ ਨਹੀਂ ਸੀ। ਸ਼ਾਇਦ ਇਨਸਾਨਾਂ ਦੀਆਂ ਨਜ਼ਰਾਂ ਵਿਚ ਇਸ 5ਵੀਂ ਚਿੜੀ ਦੀ ਕੋਈ ਕੀਮਤ ਨਹੀਂ ਸੀ। ਪਰ ਸਾਡੇ ਕਰਤਾਰ ਦਾ ਇਸ ਬਾਰੇ ਕੀ ਖ਼ਿਆਲ ਸੀ? ਯਿਸੂ ਨੇ ਕਿਹਾ: “ਪਰਮੇਸ਼ਰ ਉਹਨਾਂ ਚਿੜੀਆਂ ਵਿਚੋਂ ਹਰ ਇਕ ਦਾ [ਵਾਧੂ ਚਿੜੀ ਦਾ ਵੀ] ਧਿਆਨ ਰੱਖਦਾ ਹੈ।” (ਲੂਕਾ 12:6, 7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਹੁਣ ਅਸੀਂ ਯਿਸੂ ਮਸੀਹ ਦੀ ਗੱਲ ਸਮਝ ਸਕਦੇ ਹਾਂ। ਜੇ ਯਹੋਵਾਹ ਇਕ ਛੋਟੀ ਜਿਹੀ ਚਿੜੀ ਨੂੰ ਇੰਨੀ ਕੀਮਤੀ ਸਮਝਦਾ ਹੈ, ਤਾਂ ਯਕੀਨਨ ਉਹ ਇਨਸਾਨ ਨੂੰ ਇਸ ਤੋਂ ਕਿਤੇ ਜ਼ਿਆਦਾ ਕੀਮਤੀ ਸਮਝਦਾ ਹੈ! ਜਿਸ ਤਰ੍ਹਾਂ ਯਿਸੂ ਮਸੀਹ ਨੇ ਕਿਹਾ ਸੀ, ਯਹੋਵਾਹ ਸਾਡੇ ਬਾਰੇ ਸਭ ਕੁਝ ਜਾਣਦਾ ਹੈ। ਉਸ ਨੇ ਤਾਂ ਸਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ!

      6. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਿਸੂ ਵਧਾ-ਚੜ੍ਹਾ ਕੇ ਗੱਲ ਨਹੀਂ ਕਰ ਰਿਹਾ ਸੀ ਜਦ ਉਸ ਨੇ ਕਿਹਾ ਸੀ ਕਿ ਸਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ?

      6 ਕਈ ਸ਼ਾਇਦ ਸੋਚਣ ਕਿ ਯਿਸੂ ਵਧਾ-ਚੜ੍ਹਾ ਕੇ ਗੱਲ ਕਰ ਰਿਹਾ ਸੀ ਕਿ ਸਾਡੇ ਸਿਰ ਦੇ ਸਾਰੇ ਵਾਲ ਵੀ ਗਿਣੇ ਗਏ ਹਨ। ਪਰ ਇਕ ਮਿੰਟ ਲਈ ਮੁਰਦਿਆਂ ਦੇ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਉਮੀਦ ਬਾਰੇ ਸੋਚੋ। ਯਹੋਵਾਹ ਸਾਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਹ ਸਾਨੂੰ ਦੁਬਾਰਾ ਜ਼ਿੰਦਾ ਕਰ ਸਕਦਾ ਹੈ! ਉਸ ਨੂੰ ਸਾਡੀ ਇੰਨੀ ਕਦਰ ਹੈ ਕਿ ਉਹ ਸਾਡੀ ਨਸ-ਨਸ ਜਾਣਦਾ ਹੈ। ਉਸ ਨੂੰ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਯਾਦਾਂ ਅਤੇ ਤਜਰਬੇ ਯਾਦ ਹਨ।a ਸੋ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਉਮੀਦ ਦੇ ਸਾਮ੍ਹਣੇ ਸਾਡੇ ਸਿਰ ਦੇ ਲੱਖ ਕੁ ਵਾਲਾਂ ਨੂੰ ਗਿਣਨਾ ਤਾਂ ਪਰਮੇਸ਼ੁਰ ਲਈ ਇਕ ਸੌਖਾ ਜਿਹਾ ਕੰਮ ਹੈ।

      ਯਹੋਵਾਹ ਨੂੰ ਸਾਡੀ ਕਦਰ ਕਿਉਂ ਹੈ?

      7, 8. (ੳ) ਸਾਰਿਆਂ ਮਨਾਂ ਦੀ ਜਾਂਚ-ਪੜਤਾਲ ਕਰਦੇ ਹੋਏ ਯਹੋਵਾਹ ਨੂੰ ਕਿਹੋ ਜਿਹੇ ਗੁਣ ਪਸੰਦ ਆਉਂਦੇ ਹਨ? (ਅ) ਯਹੋਵਾਹ ਨੂੰ ਕਿਹੜੇ ਚੰਗੇ ਕੰਮਾਂ ਦੀ ਕਦਰ ਹੈ?

      7 ਦੂਜੀ ਗੱਲ, ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਆਪਣੇ ਸੇਵਕਾਂ ਬਾਰੇ ਕੀ ਪਸੰਦ ਹੈ। ਸਿੱਧੀ ਤਰ੍ਹਾਂ ਕਿਹਾ ਜਾਵੇ, ਤਾਂ ਉਹ ਸਾਡੇ ਸਦਗੁਣ ਅਤੇ ਸਾਡੇ ਚੰਗੇ ਕੰਮ ਦੇਖ ਕੇ ਖ਼ੁਸ਼ ਹੁੰਦਾ ਹੈ। ਰਾਜਾ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਕਿਹਾ ਸੀ: “ਯਹੋਵਾਹ ਸਾਰਿਆਂ ਮਨਾਂ ਦੀ ਪਰੀਛਾ ਕਰਦਾ ਹੈ ਅਰ ਧਿਆਨ ਦੇ ਸਾਰੇ ਫੁਰਨਿਆਂ ਦਾ ਗਿਆਤਾ ਹੈ।” (1 ਇਤਹਾਸ 28:9) ਇਸ ਨਫ਼ਰਤ ਤੇ ਕੁੱਟ-ਮਾਰ ਨਾਲ ਭਰੇ ਸੰਸਾਰ ਵਿਚ ਯਹੋਵਾਹ ਸਾਰਿਆਂ ਮਨਾਂ ਦੀ ਜਾਂਚ-ਪੜਤਾਲ ਕਰਦਾ ਹੈ। ਜਦ ਯਹੋਵਾਹ ਨੂੰ ਅਜਿਹਾ ਮਨ ਨਜ਼ਰ ਆਉਂਦਾ ਹੈ ਜਿਸ ਵਿਚ ਸ਼ਾਂਤੀ, ਸੱਚਾਈ ਅਤੇ ਧਾਰਮਿਕਤਾ ਲਈ ਪਿਆਰ ਹੁੰਦਾ ਹੈ, ਤਾਂ ਉਸ ਦਾ ਜੀ ਕਿੰਨਾ ਖ਼ੁਸ਼ ਹੁੰਦਾ ਹੈ! ਜਦ ਉਹ ਦੇਖਦਾ ਹੈ ਕਿ ਕਿਸੇ ਦੇ ਮਨ ਵਿਚ ਉਸ ਲਈ ਪਿਆਰ ਹੈ, ਉਹ ਉਸ ਨੂੰ ਜਾਣਨਾ ਚਾਹੁੰਦਾ ਹੈ ਅਤੇ ਉਹ ਦੂਸਰਿਆਂ ਨੂੰ ਉਸ ਬਾਰੇ ਸਿਖਾਉਣਾ ਚਾਹੁੰਦਾ ਹੈ, ਤਾਂ ਯਹੋਵਾਹ ਕੀ ਕਰਦਾ ਹੈ? ਯਹੋਵਾਹ ਇਹ ਸਾਰੀਆਂ ਗੱਲਾਂ ਨੋਟ ਕਰਦਾ ਹੈ। ਉਸ ਨੇ ਉਨ੍ਹਾਂ ਲਈ “ਯਾਦਗੀਰੀ ਦੀ ਪੁਸਤਕ ਲਿਖੀ” ਹੋਈ ਹੈ ਜੋ ‘ਉਸ ਤੋਂ ਡਰਦੇ ਹਨ ਅਤੇ ਉਸ ਦੇ ਨਾਮ ਦਾ ਵਿਚਾਰ ਕਰਦੇ ਹਨ।’ (ਮਲਾਕੀ 3:16) ਅਜਿਹੇ ਗੁਣਾਂ ਦੀ ਉਹ ਬਹੁਤ ਕਦਰ ਕਰਦਾ ਹੈ।

      8 ਯਹੋਵਾਹ ਨੂੰ ਸਾਡੇ ਕਿਹੜੇ ਚੰਗੇ ਕੰਮਾਂ ਦੀ ਕਦਰ ਹੈ? ਉਸ ਦੇ ਪੁੱਤਰ ਯਿਸੂ ਮਸੀਹ ਦੀ ਨਕਲ ਕਰਨੀ ਇਕ ਚੰਗਾ ਕੰਮ ਹੈ। (1 ਪਤਰਸ 2:21) ਪਰਮੇਸ਼ੁਰ ਇਕ ਹੋਰ ਗੱਲ ਦੀ ਵੀ ਬਹੁਤ ਕਦਰ ਕਰਦਾ ਹੈ ਕਿ ਅਸੀਂ ਦੂਸਰਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ। ਰੋਮੀਆਂ 10:15 ਵਿਚ ਅਸੀਂ ਪੜ੍ਹਦੇ ਹਾਂ: “ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!” ਅਸੀਂ ਸ਼ਾਇਦ ਆਪਣੇ ਪੈਰਾਂ ਨੂੰ ਕਦੇ ਵੀ “ਸੁੰਦਰ” ਨਾ ਸਮਝੀਏ। ਪਰ ਇਸ ਆਇਤ ਵਿਚ ਪੈਰ ਉਨ੍ਹਾਂ ਜਤਨਾਂ ਨੂੰ ਦਰਸਾਉਂਦੇ ਹਨ ਜੋ ਯਹੋਵਾਹ ਦੇ ਸੇਵਕ ਦੂਸਰਿਆਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣ ਵਿਚ ਕਰਦੇ ਹਨ। ਅਜਿਹੇ ਸਾਰੇ ਜਤਨ ਯਹੋਵਾਹ ਨੂੰ ਪਸੰਦ ਹਨ ਅਤੇ ਇਹ ਉਸ ਨੂੰ ਖ਼ੁਸ਼ ਕਰਦੇ ਹਨ।—ਮੱਤੀ 24:14; 28:19, 20.

      9, 10. (ੳ) ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਨੂੰ ਸਾਡੀ ਸਹਿਣ-ਸ਼ਕਤੀ ਦੀ ਬਹੁਤ ਕਦਰ ਹੈ? (ਅ) ਯਹੋਵਾਹ ਕਦੇ ਵੀ ਆਪਣੇ ਸੇਵਕਾਂ ਬਾਰੇ ਕੀ ਨਹੀਂ ਸੋਚਦਾ?

      9 ਯਹੋਵਾਹ ਨੂੰ ਸਾਡੀ ਸਹਿਣ-ਸ਼ਕਤੀ ਦੀ ਵੀ ਬਹੁਤ ਕਦਰ ਹੈ। (ਮੱਤੀ 24:13) ਯਾਦ ਰੱਖੋ ਕਿ ਸ਼ਤਾਨ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਤੋਂ ਆਪਣਾ ਮੂੰਹ ਮੋੜ ਲਈਏ। ਹਰ ਦਿਨ ਸਾਡੇ ਵਫ਼ਾਦਾਰ ਰਹਿਣ ਨਾਲ ਯਹੋਵਾਹ ਨੂੰ ਸ਼ਤਾਨ ਦੇ ਮੇਹਣਿਆਂ ਦਾ ਜਵਾਬ ਦੇਣ ਦਾ ਮੌਕਾ ਮਿਲਦਾ ਹੈ। (ਕਹਾਉਤਾਂ 27:11) ਕਦੇ-ਕਦੇ ਸਹਿੰਦੇ ਰਹਿਣਾ ਆਸਾਨ ਨਹੀਂ ਹੁੰਦਾ। ਪੈਸੇ ਪੱਖੋਂ ਤੰਗ ਹੱਥ, ਮਾੜੀ ਸਿਹਤ ਜਾਂ ਕੋਈ ਹੋਰ ਪਰੇਸ਼ਾਨੀ ਕਰਕੇ ਹਰ ਨਵਾਂ ਦਿਨ ਮੁਸ਼ਕਲ-ਭਰਿਆ ਬਣ ਜਾਂਦਾ ਹੈ। ਅਧੂਰੀਆਂ ਉਮੀਦਾਂ ਕਰਕੇ ਵੀ ਸਾਡੇ ਦਿਲ ਢਹਿ ਜਾਂਦੇ ਹਨ। (ਕਹਾਉਤਾਂ 13:12) ਜਦ ਅਸੀਂ ਅਜਿਹੀਆਂ ਮੁਸ਼ਕਲਾਂ ਵਿਚ ਧੀਰਜ ਰੱਖਦੇ ਹਾਂ, ਤਾਂ ਯਹੋਵਾਹ ਇਸ ਤੋਂ ਖ਼ੁਸ਼ ਹੁੰਦਾ ਹੈ। ਇਸੇ ਕਰਕੇ ਰਾਜਾ ਦਾਊਦ ਨੇ ਯਹੋਵਾਹ ਨੂੰ ਕਿਹਾ ਸੀ ਕਿ ਉਹ ਉਸ ਦੇ “ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ” ਛੱਡੇ। ਉਸ ਨੇ ਭਰੋਸੇ ਨਾਲ ਇਹ ਵੀ ਕਿਹਾ ਕਿ “ਭਲਾ, ਓਹ ਤੇਰੀ ਵਹੀ [ਜਾਂ ਪੁਸਤਕ] ਵਿੱਚ ਨਹੀਂ ਹਨ?” (ਜ਼ਬੂਰਾਂ ਦੀ ਪੋਥੀ 56:8) ਜੀ ਹਾਂ, ਜਦ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਲਈ ਦੁੱਖ ਸਹਿੰਦੇ ਹਾਂ, ਤਾਂ ਯਹੋਵਾਹ ਸਾਡੇ ਸਾਰੇ ਅੱਥਰੂ ਅਤੇ ਦੁੱਖ ਯਾਦ ਰੱਖਦਾ ਹੈ, ਜਿਵੇਂ ਕਿਤੇ ਉਸ ਨੇ ਉਨ੍ਹਾਂ ਨੂੰ ਸਾਂਭ ਕੇ ਇਕ ਪੁਸਤਕ ਵਿਚ ਲਿਖ ਲਿਆ ਹੋਵੇ। ਜੀ ਹਾਂ, ਉਸ ਨੂੰ ਸਾਡੇ ਅੱਥਰੂਆਂ ਦੀ ਵੀ ਕਦਰ ਹੈ।

      ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਹੋਏ ਯਹੋਵਾਹ ਸਾਡੀ ਸਹਿਣ-ਸ਼ਕਤੀ ਦੀ ਬਹੁਤ ਕਦਰ ਕਰਦਾ ਹੈ

      10 ਪਰ ਸਾਡੇ ਬੇਰਹਿਮ ਦਿਲ ਸ਼ਾਇਦ ਸਾਡੇ ਉੱਤੇ ਦੋਸ਼ ਲਾਉਣੋਂ ਨਹੀਂ ਹਟਦੇ। ਪਰਮੇਸ਼ੁਰ ਦੇ ਪਿਆਰ ਦਾ ਸਬੂਤ ਦੇਖਣ ਤੋਂ ਬਾਅਦ ਵੀ ਸਾਨੂੰ ਸ਼ਾਇਦ ਲੱਗੇ ਕਿ ‘ਅਸੀਂ ਤਾਂ ਕੁਝ ਵੀ ਨਹੀਂ ਹਾਂ। ਹੋਰ ਲੋਕ ਸਾਡੇ ਨਾਲੋਂ ਕਿਤੇ ਜ਼ਿਆਦਾ ਚੰਗੇ ਹਨ। ਜਦ ਯਹੋਵਾਹ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਮੇਰੀ ਵੱਲ ਦੇਖਦਾ ਹੈ, ਤਾਂ ਉਹ ਕਿੰਨਾ ਨਿਰਾਸ਼ ਹੁੰਦਾ ਹੋਣਾ!’ ਪਰ ਯਹੋਵਾਹ ਇਸ ਤਰ੍ਹਾਂ ਸਾਡੀ ਤੁਲਨਾ ਦੂਸਰਿਆਂ ਨਾਲ ਨਹੀਂ ਕਰਦਾ; ਨਾ ਹੀ ਉਹ ਇੰਨਾ ਸਖ਼ਤ ਹੈ। (ਗਲਾਤੀਆਂ 6:4) ਉਹ ਬੜੇ ਧਿਆਨ ਨਾਲ ਸਾਡੇ ਦਿਲ ਪੜ੍ਹਦਾ ਹੈ। ਭਾਵੇਂ ਉਸ ਨੂੰ ਸਾਡੇ ਦਿਲ ਵਿਚ ਥੋੜ੍ਹੀ ਜਿਹੀ ਵੀ ਅਛਾਈ ਨਜ਼ਰ ਆਵੇ, ਉਹ ਉਸ ਦੀ ਕਦਰ ਕਰਦਾ ਹੈ।

      ਯਹੋਵਾਹ ਬੁਰਾਈ ਵਿੱਚੋਂ ਅਛਾਈ ਛਾਂਟਦਾ ਹੈ

      11. ਅਬੀਯਾਹ ਦੇ ਮਾਮਲੇ ਵਿਚ ਯਹੋਵਾਹ ਨੇ ਜੋ ਕੀਤਾ, ਉਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?

      11 ਤੀਜੀ ਗੱਲ, ਜਦ ਯਹੋਵਾਹ ਸਾਡੀ ਜਾਂਚ-ਪੜਤਾਲ ਕਰਦਾ ਹੈ, ਉਹ ਧਿਆਨ ਨਾਲ ਸਾਡੇ ਵਿਚ ਅਛਾਈ ਲੱਭਦਾ ਹੈ। ਮਿਸਾਲ ਲਈ, ਇਕ ਵਾਰ ਯਹੋਵਾਹ ਨੇ ਫ਼ਰਮਾਇਆ ਸੀ ਕਿ ਰਾਜਾ ਯਾਰਾਬੁਆਮ ਦਾ ਸਾਰਾ ਖ਼ਾਨਦਾਨ ਖ਼ਤਮ ਕਰ ਦਿੱਤਾ ਜਾਵੇਗਾ ਕਿਉਂਕਿ ਉਸ ਨੇ ਯਹੋਵਾਹ ਨੂੰ ਤਿਆਗ ਦਿੱਤਾ ਸੀ। ਪਰ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉਸ ਰਾਜੇ ਦੇ ਇਕ ਪੁੱਤਰ ਅਬੀਯਾਹ ਦੀ ਮੌਤ ਤੇ ਉਸ ਨੂੰ ਇੱਜ਼ਤ ਨਾਲ ਦਫ਼ਨਾਇਆ ਜਾਵੇ। ਇਹ ਫ਼ਰਕ ਕਿਉਂ? ਕਿਉਂਕਿ “ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਉਸ ਵਿੱਚ ਹੀ ਕੁਝ ਚੰਗੀ ਗੱਲ ਲੱਭੀ।” (1 ਰਾਜਿਆਂ 14:1, 10-13) ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਉਸ ਗੱਭਰੂ ਦਾ ਦਿਲ ਛਾਂਟਿਆ ਅਤੇ ਉਸ ਨੂੰ ਉਸ ਵਿਚ “ਚੰਗੀ ਗੱਲ ਲੱਭੀ।” ਭਾਵੇਂ ਉਹ ਚੰਗੀ ਗੱਲ ਕਿੰਨੀ ਵੀ ਛੋਟੀ ਕਿਉਂ ਨਹੀਂ ਸੀ, ਫਿਰ ਵੀ ਯਹੋਵਾਹ ਨੇ ਉਹ ਦੇਖ ਕੇ ਬਾਈਬਲ ਵਿਚ ਲਿਖਵਾ ਦਿੱਤੀ। ਉਸ ਗੱਭਰੂ ਨੂੰ ਇੱਜ਼ਤ ਨਾਲ ਦਫ਼ਨਾਏ ਜਾਣ ਦੇ ਹੁਕਮ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਇਕ ਧਰਮ-ਤਿਆਗੀ ਖ਼ਾਨਦਾਨ ਦੇ ਮੈਂਬਰ ਉੱਤੇ ਵੀ ਦਇਆ ਕਰਦਾ ਹੈ।

      12, 13. (ੳ) ਰਾਜਾ ਯਹੋਸ਼ਾਫ਼ਾਟ ਦੀ ਉਦਾਹਰਣ ਤੋਂ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਸਾਡੇ ਪਾਪਾਂ ਦੇ ਬਾਵਜੂਦ ਯਹੋਵਾਹ ਸਾਡੇ ਸਦਗੁਣ ਦੇਖਦਾ ਹੈ? (ਅ) ਸਾਡੇ ਸਦਗੁਣਾਂ ਅਤੇ ਚੰਗੇ ਕੰਮਾਂ ਦੇ ਮਾਮਲੇ ਵਿਚ ਸਾਡਾ ਪਿਆਰਾ ਪਿਤਾ ਯਹੋਵਾਹ ਕੀ ਕਰਦਾ ਹੈ?

      12 ਇਸ ਤੋਂ ਵੀ ਚੰਗੀ ਉਦਾਹਰਣ ਰਾਜਾ ਯਹੋਸ਼ਾਫ਼ਾਟ ਦੀ ਹੈ। ਜਦ ਉਸ ਰਾਜੇ ਨੇ ਗ਼ਲਤੀ ਕੀਤੀ, ਤਾਂ ਯਹੋਵਾਹ ਦੇ ਨਬੀ ਨੇ ਉਸ ਨੂੰ ਕਿਹਾ: “ਏਸ ਗੱਲ ਦੇ ਕਾਰਨ ਯਹੋਵਾਹ ਤੇਰੇ ਉੱਤੇ ਕਹਿਰਵਾਨ ਹੈ।” ਇਹ ਕਿੰਨੀ ਗੰਭੀਰ ਗੱਲ ਸੀ! ਪਰ ਯਹੋਵਾਹ ਨੇ ਗੱਲ ਇੱਥੇ ਹੀ ਨਹੀਂ ਛੱਡੀ। ਨਬੀ ਨੇ ਅੱਗੇ ਕਿਹਾ: “ਤਾਂ ਵੀ ਤੇਰੇ ਵਿੱਚ ਗੁਣ ਹਨ।” (2 ਇਤਹਾਸ 19:1-3) ਯਹੋਵਾਹ ਦੇ ਗੁੱਸੇ ਨੇ ਉਸ ਦੀਆਂ ਅੱਖਾਂ ਉੱਤੇ ਪਰਦਾ ਨਹੀਂ ਪਾ ਦਿੱਤਾ ਸੀ ਕਿ ਉਹ ਯਹੋਸ਼ਾਫ਼ਾਟ ਦੇ ਸਦਗੁਣ ਦੇਖ ਨਹੀਂ ਸਕਦਾ ਸੀ। ਇਹ ਗੱਲ ਅਪੂਰਣ ਇਨਸਾਨਾਂ ਤੋਂ ਬਿਲਕੁਲ ਉਲਟ ਹੈ! ਜਦ ਅਸੀਂ ਕਿਸੇ ਨਾਲ ਨਾਰਾਜ਼ ਹੁੰਦੇ ਹਾਂ, ਤਾਂ ਅਸੀਂ ਉਸ ਵਿਚ ਕੁਝ ਵੀ ਅੱਛਾ ਨਹੀਂ ਦੇਖਦੇ। ਜਦ ਅਸੀਂ ਕੋਈ ਪਾਪ ਕਰਦੇ ਹਾਂ, ਤਾਂ ਅਸੀਂ ਨਿਰਾਸ਼ਾ, ਸ਼ਰਮਿੰਦਗੀ ਅਤੇ ਦੋਸ਼ੀ ਮਹਿਸੂਸ ਕਰਦੇ ਹੋਏ ਆਪਣੇ ਵਿਚ ਕੋਈ ਅਛਾਈ ਨਹੀਂ ਦੇਖਦੇ। ਪਰ ਇਹ ਗੱਲ ਯਾਦ ਰੱਖੋ ਕਿ ਜਦ ਅਸੀਂ ਆਪਣੇ ਪਾਪ ਤੋਂ ਤੋਬਾ ਕਰਦੇ ਹਾਂ ਅਤੇ ਉਸ ਨੂੰ ਮੁੜ ਕੇ ਨਾ ਕਰਨ ਦੀ ਪੂਰੀ ਵਾਹ ਲਾਉਂਦੇ ਹਾਂ, ਤਾਂ ਯਹੋਵਾਹ ਸਾਨੂੰ ਮਾਫ਼ ਕਰ ਦਿੰਦਾ ਹੈ।

      13 ਜਦ ਯਹੋਵਾਹ ਸਾਡੀ ਜਾਂਚ-ਪੜਤਾਲ ਕਰਦਾ ਹੈ, ਤਾਂ ਉਹ ਛਾਂਟ ਕੇ ਇਨ੍ਹਾਂ ਸਾਰਿਆਂ ਪਾਪਾਂ ਨੂੰ ਸੁੱਟ ਦਿੰਦਾ ਹੈ, ਠੀਕ ਜਿਵੇਂ ਕੋਈ ਇਨਸਾਨ ਸੋਨੇ-ਚਾਂਦੀ ਜਾਂ ਹੀਰਿਆਂ ਦੀ ਖੋਜ ਕਰਦਾ ਹੋਇਆ ਉਨ੍ਹਾਂ ਰੋੜਿਆਂ ਨੂੰ ਸੁੱਟ ਦਿੰਦਾ ਹੈ ਜਿਨ੍ਹਾਂ ਵਿਚ ਸੋਨਾ-ਚਾਂਦੀ ਨਹੀਂ ਹੁੰਦਾ। ਪਰ ਉਹ ਤੁਹਾਡੇ ਸਦਗੁਣਾਂ ਅਤੇ ਨੇਕ ਕੰਮਾਂ ਨਾਲ ਕੀ ਕਰਦਾ ਹੈ? ਵਾਹ, ਇਹ ਤਾਂ ਉਹ “ਹੀਰੇ” ਹਨ ਜਿਨ੍ਹਾਂ ਨੂੰ ਉਹ ਸਾਂਭ ਕੇ ਰੱਖਦਾ ਹੈ! ਕੀ ਤੁਸੀਂ ਕਦੇ ਦੇਖਿਆ ਹੈ ਕਿ ਮਾਪੇ ਆਪਣੇ ਬੱਚਿਆਂ ਦੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਮਿੱਠੀਆਂ ਯਾਦਾਂ ਵਜੋਂ ਸਾਂਭ ਕੇ ਰੱਖਦੇ ਹਨ, ਭਾਵੇਂ ਉਹ ਕੋਈ ਤਸਵੀਰ ਹੋਵੇ ਜਾਂ ਸਕੂਲੋਂ ਮਿਲਿਆ ਕੋਈ ਇਨਾਮ? ਸਮੇਂ ਦੇ ਬੀਤਣ ਨਾਲ ਬੱਚੇ ਭਾਵੇਂ ਭੁੱਲ ਜਾਣ, ਪਰ ਮਾਪੇ ਉਨ੍ਹਾਂ ਚੀਜ਼ਾਂ ਨੂੰ ਉਮਰ ਭਰ ਸਾਂਭ ਕੇ ਰੱਖਦੇ ਹਨ। ਯਹੋਵਾਹ ਸਾਡਾ ਪਿਤਾ ਇਸ ਤੋਂ ਵੀ ਵੱਧ ਚਾਹਵਾਨ ਹੈ। ਜਿੰਨੀ ਦੇਰ ਅਸੀਂ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ, ਉਹ ਸਾਡੇ ਚੰਗੇ ਕੰਮ ਅਤੇ ਸਦਗੁਣ ਕਦੀ ਨਹੀਂ ਭੁੱਲਦਾ। ਦਰਅਸਲ ਯਹੋਵਾਹ ਸਮਝਦਾ ਹੈ ਕਿ ਜੇ ਉਹ ਭੁੱਲ ਜਾਵੇ, ਤਾਂ ਇਹ ਸਾਡੇ ਨਾਲ ਅਨਿਆਂ ਹੋਵੇਗਾ ਅਤੇ ਉਹ ਕਦੇ ਵੀ ਇਸ ਤਰ੍ਹਾਂ ਨਹੀਂ ਕਰ ਸਕਦਾ। (ਇਬਰਾਨੀਆਂ 6:10) ਉਹ ਸਾਨੂੰ ਇਕ ਹੋਰ ਤਰੀਕੇ ਨਾਲ ਵੀ ਛਾਂਟਦਾ ਹੈ।

      14, 15. (ੳ) ਯਹੋਵਾਹ ਸਾਡੀਆਂ ਗ਼ਲਤੀਆਂ ਦੇ ਬਾਵਜੂਦ ਸਾਡੇ ਸਦਗੁਣ ਕਿਉਂ ਦੇਖਦਾ ਹੈ? ਇਸ ਦੀ ਉਦਾਹਰਣ ਦਿਓ। (ਅ) ਜਦ ਯਹੋਵਾਹ ਨੂੰ ਸਾਡੇ ਵਿਚ ਸਦਗੁਣ ਨਜ਼ਰ ਆਉਂਦੇ ਹਨ, ਤਾਂ ਉਨ੍ਹਾਂ ਨਾਲ ਉਹ ਕੀ ਕਰੇਗਾ ਅਤੇ ਉਹ ਆਪਣੇ ਵਫ਼ਾਦਾਰ ਸੇਵਕਾਂ ਬਾਰੇ ਕਿਸ ਤਰ੍ਹਾਂ ਸੋਚਦਾ ਹੈ?

      14 ਯਹੋਵਾਹ ਸਾਡੀਆਂ ਗ਼ਲਤੀਆਂ ਦੇਖਣ ਦੀ ਬਜਾਇ ਇਹ ਦੇਖਦਾ ਹੈ ਕਿ ਅਸੀਂ ਭਵਿੱਖ ਵਿਚ ਕੀ ਕਰ ਸਕਾਂਗੇ। ਮਿਸਾਲ ਲਈ: ਕਲਾ ਦੀ ਕਦਰ ਕਰਨ ਵਾਲੇ ਲੋਕ ਖ਼ਰਾਬ ਹੋਈਆਂ ਤਸਵੀਰਾਂ ਨੂੰ ਸੁਧਾਰਨ ਲਈ ਹੱਦੋਂ ਬਾਹਰ ਕੋਸ਼ਿਸ਼ ਕਰਦੇ ਹਨ। ਉਦਾਹਰਣ ਲਈ, ਇੰਗਲੈਂਡ ਵਿਚ ਲੰਡਨ ਦੀ ਨੈਸ਼ਨਲ ਗੈਲਰੀ ਵਿਚ ਕਿਸੇ ਨੇ ਲਿਓਨਾਰਡੋ ਡਾ ਵਿੰਚੀ ਦੁਆਰਾ ਬਣਾਈ ਗਈ ਇਕ ਤਸਵੀਰ ਨੂੰ ਗੋਲੀ ਮਾਰ ਕੇ ਖ਼ਰਾਬ ਕਰ ਦਿੱਤਾ। ਇਸ ਤਸਵੀਰ ਦੀ ਕੀਮਤ ਤਿੰਨ ਕਰੋੜ ਡਾਲਰ ਸੀ। ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਖ਼ਰਾਬ ਹੋਣ ਕਰਕੇ ਤਸਵੀਰ ਨੂੰ ਸੁੱਟ ਦੇਣਾ ਚਾਹੀਦਾ ਹੈ। ਪੰਜ ਸੌ ਸਾਲ ਪੁਰਾਣੀ ਇਸ ਤਸਵੀਰ ਨੂੰ ਸੁਧਾਰਨ ਦਾ ਕੰਮ ਫ਼ੌਰਨ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਕਿਉਂ ਕੀਤਾ ਗਿਆ? ਕਿਉਂਕਿ ਕਲਾ ਦੇ ਪ੍ਰੇਮੀਆਂ ਦੀ ਨਜ਼ਰ ਵਿਚ ਇਹ ਬਹੁਤ ਅਨਮੋਲ ਸੀ। ਕੀ ਤੁਸੀਂ ਚਾਕ ਤੇ ਕੋਲੇ ਨਾਲ ਬਣਾਈ ਤਸਵੀਰ ਨਾਲੋਂ ਜ਼ਿਆਦਾ ਅਨਮੋਲ ਨਹੀਂ ਹੋ? ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਤੁਸੀਂ ਬਹੁਤ ਕੀਮਤੀ ਹੋ, ਭਾਵੇਂ ਵਿਰਸੇ ਵਿਚ ਮਿਲੇ ਪਾਪ ਕਰਕੇ ਤੁਸੀਂ ਜਿੰਨੇ ਮਰਜ਼ੀ ਖ਼ਰਾਬ ਕਿਉਂ ਨਾ ਨਜ਼ਰ ਆਵੋ। (ਜ਼ਬੂਰਾਂ ਦੀ ਪੋਥੀ 72:12-14) ਇਨਸਾਨਜਾਤ ਦਾ ਮਹਾਨ ਸ੍ਰਿਸ਼ਟੀਕਰਤਾ ਯਹੋਵਾਹ ਪਰਮੇਸ਼ੁਰ, ਉਨ੍ਹਾਂ ਸਾਰਿਆਂ ਨੂੰ ਮੁਕੰਮਲ ਬਣਾਉਣ ਲਈ ਸਭ ਕੁਝ ਕਰੇਗਾ ਜੋ ਉਸ ਦੀ ਗੱਲ ਮੰਨਣੀ ਚਾਹੁੰਦੇ ਹਨ।—ਰਸੂਲਾਂ ਦੇ ਕਰਤੱਬ 3:21; ਰੋਮੀਆਂ 8:20-22.

      15 ਜੀ ਹਾਂ, ਯਹੋਵਾਹ ਸਾਡੇ ਵਿਚ ਉਹ ਅਛਾਈ ਦੇਖ ਸਕਦਾ ਹੈ ਜੋ ਅਸੀਂ ਸ਼ਾਇਦ ਖ਼ੁਦ ਵੀ ਨਾ ਦੇਖ ਸਕੀਏ। ਜਦ ਅਸੀਂ ਉਸ ਦੀ ਸੇਵਾ ਕਰਦੇ ਰਹਿੰਦੇ ਹਾਂ, ਤਾਂ ਉਹ ਇਸ ਅਛਾਈ ਨੂੰ ਇਸ ਹੱਦ ਤਕ ਵਧਾਏਗਾ ਕਿ ਅਸੀਂ ਅਖ਼ੀਰ ਵਿਚ ਮੁਕੰਮਲ ਬਣ ਜਾਵਾਂਗੇ। ਭਾਵੇਂ ਸ਼ਤਾਨ ਦੀ ਦੁਨੀਆਂ ਸਾਡੇ ਨਾਲ ਬੁਰੀ ਤਰ੍ਹਾਂ ਪੇਸ਼ ਆਉਂਦੀ ਹੈ, ਫਿਰ ਵੀ ਯਹੋਵਾਹ ਆਪਣੇ ਸੇਵਕਾਂ ਦੀ ਮਨਭਾਉਂਦੇ ਅਤੇ ਬਹੁਮੁੱਲੇ ਪਦਾਰਥਾਂ ਵਾਂਗ ਕਦਰ ਕਰਦਾ ਹੈ।—ਹੱਜਈ 2:7.

      ਯਹੋਵਾਹ ਨੇ ਆਪਣੇ ਪਿਆਰ ਦਾ ਸਬੂਤ ਦਿੱਤਾ ਹੈ

      16. ਸਾਡੇ ਵਾਸਤੇ ਯਹੋਵਾਹ ਦੇ ਪਿਆਰ ਦਾ ਸਭ ਤੋਂ ਵੱਡਾ ਸਬੂਤ ਕੀ ਹੈ ਅਤੇ ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਇਹ ਕੁਰਬਾਨੀ ਨਿੱਜੀ ਤੌਰ ਤੇ ਸਾਡੇ ਲਈ ਹੈ?

      16 ਚੌਥੀ ਗੱਲ, ਯਹੋਵਾਹ ਬਹੁਤ ਕੁਝ ਕਰ ਕੇ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਦਿੰਦਾ ਹੈ। ਯਕੀਨਨ, ਯਿਸੂ ਦਾ ਬਲੀਦਾਨ ਸਭ ਤੋਂ ਵੱਡਾ ਸਬੂਤ ਹੈ ਕਿ ਸ਼ਤਾਨ ਦਾ ਦਾਅਵਾ ਬਿਲਕੁਲ ਗ਼ਲਤ ਹੈ ਕਿ ਅਸੀਂ ਨਿਕੰਮੇ ਹਾਂ ਤੇ ਪਿਆਰ ਦੇ ਲਾਇਕ ਨਹੀਂ ਹਾਂ। ਇਹ ਗੱਲ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਜਦ ਯਿਸੂ ਨੇ ਤੜਫ-ਤੜਫ ਕੇ ਆਪਣੀ ਜਾਨ ਦਿੱਤੀ ਸੀ ਅਤੇ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਨੂੰ ਇਸ ਤਰ੍ਹਾਂ ਮਰਦੇ ਦੇਖ ਕੇ ਦੁੱਖ ਦੇ ਹੰਝੂ ਪੀਤੇ ਸਨ, ਤਾਂ ਇਹ ਸਭ ਸਾਡੇ ਲਈ ਉਨ੍ਹਾਂ ਦੇ ਪਿਆਰ ਦਾ ਸਬੂਤ ਸੀ। ਅਫ਼ਸੋਸ ਦੀ ਗੱਲ ਹੈ ਕਿ ਕਈ ਲੋਕ ਇਹ ਨਹੀਂ ਮੰਨਦੇ ਕਿ ਇਹ ਕੁਰਬਾਨੀ ਉਨ੍ਹਾਂ ਲਈ ਨਿੱਜੀ ਤੌਰ ਤੇ ਦਿੱਤੀ ਗਈ ਸੀ। ਉਹ ਮਹਿਸੂਸ ਕਰਦੇ ਹਨ ਕਿ ਉਹ ਅਜਿਹੇ ਪਿਆਰ ਦੇ ਲਾਇਕ ਹੀ ਨਹੀਂ ਹਨ। ਪਰ ਯਾਦ ਕਰੋ ਕਿ ਪੌਲੁਸ ਰਸੂਲ ਮਸੀਹ ਦੇ ਚੇਲਿਆਂ ਉੱਤੇ ਅਤਿਆਚਾਰ ਕਰਦਾ ਹੁੰਦਾ ਸੀ। ਇਸ ਦੇ ਬਾਵਜੂਦ ਉਸ ਨੇ ਲਿਖਿਆ: ‘ਪਰਮੇਸ਼ੁਰ ਦੇ ਪੁੱਤ੍ਰ ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ।’—ਗਲਾਤੀਆਂ 1:13; 2:20.

      17. ਯਹੋਵਾਹ ਸਾਨੂੰ ਆਪਣੀ ਵੱਲ ਅਤੇ ਆਪਣੇ ਪੁੱਤਰ ਵੱਲ ਕਿਸ ਤਰ੍ਹਾਂ ਖਿੱਚਦਾ ਹੈ?

      17 ਯਿਸੂ ਦੇ ਬਲੀਦਾਨ ਦੇ ਫ਼ਾਇਦਿਆਂ ਨੂੰ ਹਾਸਲ ਕਰਨ ਲਈ ਯਹੋਵਾਹ ਸਾਡੀ ਮਦਦ ਕਰਦਾ ਹੈ। ਇਸ ਤਰ੍ਹਾਂ ਕਰ ਕੇ ਉਹ ਆਪਣੇ ਪਿਆਰ ਦਾ ਸਬੂਤ ਦਿੰਦਾ ਹੈ। ਯਿਸੂ ਨੇ ਕਿਹਾ ਸੀ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਜੀ ਹਾਂ, ਯਹੋਵਾਹ ਸਾਨੂੰ ਆਪਣੇ ਪੁੱਤਰ ਵੱਲ ਅਤੇ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਵੱਲ ਖਿੱਚਦਾ ਹੈ। ਕਿਸ ਤਰ੍ਹਾਂ? ਪ੍ਰਚਾਰ ਦੇ ਕੰਮ ਰਾਹੀਂ ਉਹ ਆਪਣਾ ਸੰਦੇਸ਼ ਸਾਡੇ ਤਕ ਪਹੁੰਚਾ ਕੇ ਸਾਨੂੰ ਖਿੱਚਦਾ ਹੈ। ਪਵਿੱਤਰ ਆਤਮਾ ਦੇ ਜ਼ਰੀਏ ਵੀ, ਜਿਸ ਦੀ ਮਦਦ ਨਾਲ ਅਸੀਂ ਆਪਣੀਆਂ ਕਮੀਆਂ ਤੇ ਕਮਜ਼ੋਰੀਆਂ ਦੇ ਬਾਵਜੂਦ ਸੱਚਾਈ ਸਿੱਖ ਸਕਦੇ ਹਾਂ ਅਤੇ ਇਸ ਉੱਤੇ ਚੱਲ ਸਕਦੇ ਹਾਂ। ਇਸ ਲਈ ਜਿਸ ਤਰ੍ਹਾਂ ਯਹੋਵਾਹ ਨੇ ਇਸਰਾਏਲ ਨੂੰ ਕਿਹਾ ਸੀ, ਉਹ ਸਾਨੂੰ ਵੀ ਕਹਿ ਸਕਦਾ ਹੈ: “ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਏਸ ਲਈ ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ।”—ਯਿਰਮਿਯਾਹ 31:3.

      18, 19. (ੳ) ਸਾਡੇ ਵਾਸਤੇ ਯਹੋਵਾਹ ਦੇ ਗੂੜ੍ਹੇ ਪਿਆਰ ਦਾ ਇਕ ਹੋਰ ਸਬੂਤ ਕੀ ਹੈ ਅਤੇ ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਉਹ ਇਹ ਕੰਮ ਖ਼ੁਦ ਕਰਦਾ ਹੈ? (ਅ) ਯਹੋਵਾਹ ਦੇ ਬਚਨ ਤੋਂ ਸਾਨੂੰ ਕਿਸ ਤਰ੍ਹਾਂ ਤਸੱਲੀ ਮਿਲਦੀ ਹੈ ਕਿ ਯਹੋਵਾਹ ਹਮਦਰਦੀ ਨਾਲ ਸਾਡੀ ਪ੍ਰਾਰਥਨਾ ਸੁਣਦਾ ਹੈ?

      18 ਅਸੀਂ ਯਹੋਵਾਹ ਦੇ ਗੂੜ੍ਹੇ ਪਿਆਰ ਨੂੰ ਸ਼ਾਇਦ ਪ੍ਰਾਰਥਨਾ ਦੇ ਜ਼ਰੀਏ ਸਭ ਤੋਂ ਜ਼ਿਆਦਾ ਮਹਿਸੂਸ ਕਰਦੇ ਹਾਂ। ਬਾਈਬਲ ਸਾਨੂੰ ਸਾਰਿਆਂ ਨੂੰ ‘ਨਿੱਤ ਪ੍ਰਾਰਥਨਾ ਕਰਨ’ ਲਈ ਕਹਿੰਦੀ ਹੈ। (1 ਥੱਸਲੁਨੀਕੀਆਂ 5:17) ਯਹੋਵਾਹ ਸਾਡੀ ਦੁਆ ਸੁਣਦਾ ਹੈ। ਉਸ ਨੂੰ ‘ਪ੍ਰਾਰਥਨਾ ਦਾ ਸੁਣਨ ਵਾਲਾ’ ਵੀ ਸੱਦਿਆ ਗਿਆ ਹੈ। (ਜ਼ਬੂਰਾਂ ਦੀ ਪੋਥੀ 65:2) ਇਹ ਕੰਮ ਉਸ ਨੇ ਕਿਸੇ ਹੋਰ ਨੂੰ ਨਹੀਂ ਸੌਂਪਿਆ, ਆਪਣੇ ਪੁੱਤਰ ਨੂੰ ਵੀ ਨਹੀਂ। ਜ਼ਰਾ ਸੋਚੋ: ਸਾਰੀ ਦੁਨੀਆਂ ਦਾ ਸ੍ਰਿਸ਼ਟੀਕਰਤਾ ਸਾਨੂੰ ਪੂਰੀ ਆਜ਼ਾਦੀ ਨਾਲ ਉਸ ਨੂੰ ਪ੍ਰਾਰਥਨਾ ਕਰਨ ਲਈ ਕਹਿੰਦਾ ਹੈ। ਉਹ ਕਿਸ ਤਰ੍ਹਾਂ ਸੁਣਦਾ ਹੈ? ਬੇਦਿਲੀ ਨਾਲ ਅਤੇ ਪਰਵਾਹ ਕਰਨ ਤੋਂ ਬਗੈਰ? ਬਿਲਕੁਲ ਨਹੀਂ।

      19 ਯਹੋਵਾਹ ਹਮਦਰਦ ਹੈ। ਹਮਦਰਦੀ ਕੀ ਹੈ? ਇਕ ਵਫ਼ਾਦਾਰ ਭਰਾ ਨੇ ਕਿਹਾ ਸੀ: “ਹਮਦਰਦੀ ਦਾ ਮਤਲਬ ਹੈ ਤੇਰਾ ਦਰਦ ਮੇਰੇ ਦਿਲ ਵਿਚ।” ਕੀ ਯਹੋਵਾਹ ਸੱਚ-ਮੁੱਚ ਸਾਡਾ ਦਰਦ ਮਹਿਸੂਸ ਕਰਦਾ ਹੈ? ਅਸੀਂ ਇਸਰਾਏਲੀਆਂ ਬਾਰੇ ਪੜ੍ਹਦੇ ਹਾਂ: “ਓਹਨਾਂ ਦੇ ਸਭ ਦੁਖਾਂ ਵਿੱਚ ਉਹ ਦੁਖੀ ਹੋਇਆ।” (ਯਸਾਯਾਹ 63:9) ਯਹੋਵਾਹ ਨੇ ਸਿਰਫ਼ ਉਨ੍ਹਾਂ ਦੇ ਦੁੱਖ ਦੇਖੇ ਹੀ ਨਹੀਂ ਸਨ, ਉਸ ਨੇ ਮਹਿਸੂਸ ਵੀ ਕੀਤੇ ਸਨ। ਯਹੋਵਾਹ ਨੇ ਆਪਣੇ ਸੇਵਕਾਂ ਨੂੰ ਜੋ ਕਿਹਾ ਸੀ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ: “ਤੁਸੀਂ ਮੇਰੀ ਅੱਖ ਦੇ ਤਾਰੇ ਹੋ। ਸੋ ਜੋ ਕੋਈ ਤੁਹਾਡੇ ਉੱਤੇ ਅਤਿਆਚਾਰ ਕਰਦਾ ਹੈ, ਉਹ ਅਸਲ ਵਿਚ ਮੇਰੇ ਉਤੇ ਹੀ ਇਹ ਕਰਦਾ ਹੈ।”b (ਜ਼ਕਰਯਾਹ 2:8, ਨਵਾਂ ਅਨੁਵਾਦ) ਜੀ ਹਾਂ, ਸਾਡੇ ਦੁੱਖ ਤੋਂ ਯਹੋਵਾਹ ਦੁਖੀ ਹੁੰਦਾ ਹੈ।

      20. ਜੇ ਅਸੀਂ ਰੋਮੀਆਂ 12:3 ਦੀ ਸਲਾਹ ਅਨੁਸਾਰ ਚੱਲਣਾ ਹੈ, ਤਾਂ ਸਾਨੂੰ ਕਿਹੜੀ ਸੋਚਣੀ ਛੱਡਣੀ ਪਵੇਗੀ?

      20 ਕੋਈ ਵੀ ਸੋਚਣ-ਸਮਝਣ ਵਾਲਾ ਮਸੀਹੀ ਪਰਮੇਸ਼ੁਰ ਦੇ ਪਿਆਰ ਦੇ ਇਸ ਸਬੂਤ ਕਰਕੇ ਘਮੰਡ ਨਹੀਂ ਕਰੇਗਾ। ਪੌਲੁਸ ਰਸੂਲ ਨੇ ਲਿਖਿਆ ਸੀ: “ਮੈਂ ਤਾਂ ਓਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ ਸਗੋਂ ਸੁਰਤ ਨਾਲ ਸਮਝੇ ਜਿੱਕੁਰ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ।” (ਰੋਮੀਆਂ 12:3) ਇਕ ਹੋਰ ਅਨੁਵਾਦ ਕਹਿੰਦਾ ਹੈ: “ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਆਖਣਾ ਚਾਹੁੰਦਾ ਹਾਂ। ਇਹ ਨਾ ਸਮਝਣਾ ਕਿ ਜੋ ਤੁਸੀਂ ਅਸਲ ਵਿੱਚ ਹੋ ਤੁਸੀਂ ਉਸ ਤੋਂ ਵੱਧ ਚੰਗੇ ਹੋ। ਤੁਹਾਨੂੰ ਆਪਣੇ ਆਪ ਨੂੰ ਉਵੇਂ ਵੇਖਣਾ ਚਾਹੀਦਾ ਹੈ ਕਿ ਜੋ ਤੁਸੀਂ ਅਸਲ ਵਿਚ ਹੋ।” ਸੋ ਅਸੀਂ ਆਪਣੇ ਸਵਰਗੀ ਪਿਤਾ ਦੇ ਪਿਆਰ ਦਾ ਨਿੱਘ ਤਾਂ ਜ਼ਰੂਰ ਮਹਿਸੂਸ ਕਰਦੇ ਹਾਂ, ਪਰ ਸਾਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਨਾ ਤਾਂ ਅਸੀਂ ਇਹ ਪਿਆਰ ਖੱਟ ਸਕਦੇ ਹਾਂ ਤੇ ਨਾ ਹੀ ਅਸੀਂ ਇਸ ਦੇ ਹੱਕਦਾਰ ਹਾਂ।—ਲੂਕਾ 17:10.

      21. ਸਾਨੂੰ ਸ਼ਤਾਨ ਦੀਆਂ ਕਿਹੜੀਆਂ ਝੂਠੀਆਂ ਗੱਲਾਂ ਆਪਣੇ ਦਿਲ ਵਿੱਚੋਂ ਕੱਢ ਦੇਣੀਆਂ ਚਾਹੀਦੀਆਂ ਹਨ ਅਤੇ ਬਾਈਬਲ ਦੀ ਕਿਹੜੀ ਸੱਚਾਈ ਨਾਲ ਅਸੀਂ ਆਪਣੇ ਦਿਲ ਨੂੰ ਤਸੱਲੀ ਦਿੰਦੇ ਰਹਿ ਸਕਦੇ ਹਾਂ?

      21 ਸ਼ਤਾਨ ਦਾ ਇਹ ਦਾਅਵਾ ਹੈ ਕਿ ਅਸੀਂ ਨਿਕੰਮੇ ਹਾਂ ਅਤੇ ਪਿਆਰ ਦੇ ਲਾਇਕ ਨਹੀਂ ਹਾਂ। ਆਓ ਆਪਾਂ ਸਾਰੇ ਆਪਣੀ ਪੂਰੀ ਵਾਹ ਲਾ ਕੇ ਸ਼ਤਾਨ ਨੂੰ ਝੂਠਾ ਸਾਬਤ ਕਰੀਏ। ਜੇਕਰ ਤੁਹਾਡੀ ਜ਼ਿੰਦਗੀ ਦੇ ਤਜਰਬਿਆਂ ਨੇ ਤੁਹਾਨੂੰ ਸਿਖਾਇਆ ਹੈ ਕਿ ਤੁਸੀਂ ਅਜਿਹੇ ਹੱਠੀ ਇਨਸਾਨ ਹੋ ਕਿ ਪਰਮੇਸ਼ੁਰ ਦਾ ਪਿਆਰ ਵੀ ਤੁਹਾਨੂੰ ਬਦਲ ਨਹੀਂ ਸਕਦਾ, ਤਾਂ ਤੁਹਾਨੂੰ ਝੂਠ ਸਿਖਾਇਆ ਗਿਆ ਹੈ। ਜੇਕਰ ਤੁਸੀਂ ਸਿੱਖਿਆ ਹੈ ਕਿ ਜੋ ਤੁਸੀਂ ਕਰਦੇ ਹੋ ਉਹ ਇੰਨਾ ਮਾਮੂਲੀ ਹੈ ਕਿ ਰੱਬ ਵੀ ਉਸ ਨੂੰ ਨਹੀਂ ਦੇਖ ਸਕਦਾ, ਤਾਂ ਤੁਹਾਨੂੰ ਝੂਠ ਸਿਖਾਇਆ ਗਿਆ ਹੈ। ਜੇਕਰ ਤੁਹਾਨੂੰ ਸਿਖਾਇਆ ਗਿਆ ਹੈ ਕਿ ਤੁਹਾਡੇ ਪਾਪ ਇੰਨੇ ਗੰਭੀਰ ਹਨ ਕਿ ਉਸ ਦੇ ਪੁੱਤਰ ਦੀ ਕੁਰਬਾਨੀ ਨਾਲ ਵੀ ਤੁਹਾਨੂੰ ਮਾਫ਼ੀ ਨਹੀਂ ਮਿਲ ਸਕਦੀ, ਤਾਂ ਤੁਹਾਨੂੰ ਝੂਠ ਸਿਖਾਇਆ ਗਿਆ ਹੈ। ਆਪਣੇ ਦਿਲ ਵਿੱਚੋਂ ਇਨ੍ਹਾਂ ਝੂਠੀਆਂ ਗੱਲਾਂ ਨੂੰ ਕੱਢ ਦਿਓ! ਆਓ ਆਪਾਂ ਪੌਲੁਸ ਰਸੂਲ ਦੇ ਸ਼ਬਦਾਂ ਨਾਲ ਆਪਣੇ ਦਿਲ ਨੂੰ ਤਸੱਲੀ ਦਿੰਦੇ ਰਹੀਏ: “ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਰਿਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।”—ਰੋਮੀਆਂ 8:38, 39.

      a ਬਾਈਬਲ ਵਿਚ ਵਾਰ-ਵਾਰ ਮੁਰਦਿਆਂ ਦੇ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਉਮੀਦ ਨੂੰ ਯਹੋਵਾਹ ਦੀ ਯਾਦਾਸ਼ਤ ਨਾਲ ਜੋੜਿਆ ਗਿਆ ਹੈ। ਵਫ਼ਾਦਾਰ ਬੰਦੇ ਅੱਯੂਬ ਨੇ ਯਹੋਵਾਹ ਨੂੰ ਕਿਹਾ ਸੀ: ‘ਕਾਸ਼ ਕਿ ਤੂੰ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੋ!’ (ਅੱਯੂਬ 14:13) ਯਿਸੂ ਨੇ “ਸਭ ਜਿਹੜੇ ਕਬਰਾਂ ਵਿੱਚ ਹਨ” ਦੇ ਜੀ ਉੱਠਣ ਦੀ ਗੱਲ ਕੀਤੀ ਸੀ। ਯੂਹੰਨਾ 5:28 ਵਿਚ ਕਬਰ ਲਈ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ ਉਸ ਦਾ ਤਰਜਮਾ ਮਕਬਰਾ ਜਾਂ ਸਮਾਰਕ ਵੀ ਕੀਤਾ ਜਾ ਸਕਦਾ ਹੈ। ਇਹ ਸਹੀ ਹੈ ਕਿਉਂਕਿ ਯਹੋਵਾਹ ਉਨ੍ਹਾਂ ਮੁਰਦਿਆਂ ਨੂੰ ਚੰਗੀ ਤਰ੍ਹਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਸ ਨੇ ਦੁਬਾਰਾ ਜ਼ਿੰਦਾ ਕਰਨਾ ਹੈ।

      b ਕੁਝ ਤਰਜਮਿਆਂ ਵਿਚ ਇਸ ਆਇਤ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ ਕਿ ਜਿਹੜਾ ਪਰਮੇਸ਼ੁਰ ਦੇ ਲੋਕਾਂ ਨੂੰ ਛੋਹੰਦਾ ਹੈ ਉਹ ਪਰਮੇਸ਼ੁਰ ਦੀ ਅੱਖ ਨੂੰ ਨਹੀਂ ਪਰ ਇਸਰਾਏਲ ਦੀ ਅੱਖ ਨੂੰ ਜਾਂ ਛੋਹਣ ਵਾਲਾ ਖ਼ੁਦ ਆਪਣੀ ਅੱਖ ਨੂੰ ਛੋਹੰਦਾ ਹੈ। ਕੁਝ ਅਨੁਵਾਦਕਾਂ ਨੇ ਇਹ ਗ਼ਲਤੀ ਜਾਣ-ਬੁੱਝ ਕੇ ਕੀਤੀ ਸੀ ਕਿਉਂਕਿ ਉਹ ਮੰਨਦੇ ਸਨ ਕਿ ਇਹ ਆਇਤ ਸ਼ਰਧਾਹੀਣ ਹੈ, ਜਿਸ ਕਰਕੇ ਉਨ੍ਹਾਂ ਨੇ ਇਸ ਨੂੰ ਬਦਲ ਦਿੱਤਾ ਸੀ। ਉਨ੍ਹਾਂ ਦੀ ਸੋਚਣੀ ਗ਼ਲਤ ਸੀ ਅਤੇ ਇਸ ਗ਼ਲਤੀ ਨੇ ਇਸ ਗੱਲ ਦੀ ਅਹਿਮੀਅਤ ਘਟਾ ਦਿੱਤੀ ਕਿ ਯਹੋਵਾਹ ਵੀ ਸਾਡੇ ਦੁੱਖ ਮਹਿਸੂਸ ਕਰਦਾ ਹੈ।

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਜ਼ਬੂਰਾਂ ਦੀ ਪੋਥੀ 139:1-24 ਰਾਜਾ ਦਾਊਦ ਦੇ ਸ਼ਬਦਾਂ ਤੋਂ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਹੋਵਾਹ ਸਾਡੇ ਵਿਚ ਨਿੱਜੀ ਤੌਰ ਤੇ ਦਿਲਚਸਪੀ ਲੈਂਦਾ ਹੈ?

      • ਯਸਾਯਾਹ 43:3, 4, 10-13 ਯਹੋਵਾਹ ਆਪਣੇ ਗਵਾਹਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਅਤੇ ਉਹ ਕੀ ਕਰ ਕੇ ਇਸ ਦਾ ਸਬੂਤ ਦਿੰਦਾ ਹੈ?

      • ਰੋਮੀਆਂ 5:6-8 ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਸਾਡੇ ਪਾਪੀ ਹੋਣ ਦੇ ਬਾਵਜੂਦ ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ?

      • ਯਹੂਦਾਹ 17-25 ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਪ੍ਰੇਮ ਵਿਚ ਕਿਸ ਤਰ੍ਹਾਂ ਕਾਇਮ ਰੱਖ ਸਕਦੇ ਹਾਂ ਅਤੇ ਇਸ ਤਰ੍ਹਾਂ ਕਰਨ ਤੋਂ ਕਿਹੜੀਆਂ ਗੱਲਾਂ ਸਾਨੂੰ ਰੋਕਦੀਆਂ ਹਨ?

  • ‘ਸਾਡੇ ਪਰਮੇਸ਼ੁਰ ਦਾ ਵੱਡਾ ਰਹਮ’
    ਯਹੋਵਾਹ ਦੇ ਨੇੜੇ ਰਹੋ
    • ਇਕ ਰਹਿਮਦਿਲ ਮਾਂ

      ਪੱਚੀਵਾਂ ਅਧਿਆਇ

      ‘ਸਾਡੇ ਪਰਮੇਸ਼ੁਰ ਦਾ ਵੱਡਾ ਰਹਮ’

      1, 2. (ੳ) ਆਪਣੇ ਬੱਚੇ ਦਾ ਰੋਣਾ ਸੁਣ ਕੇ ਇਕ ਮਾਂ ਕੁਦਰਤੀ ਤੌਰ ਤੇ ਕੀ ਕਰਦੀ ਹੈ? (ਅ) ਕਿਹੜੀ ਭਾਵਨਾ ਮਾਂ ਦੀ ਮਮਤਾ ਨਾਲੋਂ ਜ਼ਿਆਦਾ ਗਹਿਰੀ ਹੈ?

      ਅੱਧੀ ਰਾਤ ਨੂੰ ਇਕ ਮਾਂ ਆਪਣੇ ਬੱਚੇ ਦਾ ਰੋਣਾ ਸੁਣ ਕੇ ਇਕਦਮ ਉੱਠ ਜਾਂਦੀ ਹੈ। ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਜਿਸ ਤਰ੍ਹਾਂ ਉਹ ਗੂੜ੍ਹੀ ਨੀਂਦ ਸੌਂਦੀ ਸੀ, ਹੁਣ ਉਹ ਉਸ ਤਰ੍ਹਾਂ ਨਹੀਂ ਸੌਂ ਸਕਦੀ। ਉਸ ਨੂੰ ਬੱਚੇ ਦੀ ਰੋਣ ਦੀ ਆਵਾਜ਼ ਤੋਂ ਝੱਟ ਪਤਾ ਲੱਗ ਜਾਂਦਾ ਹੈ ਕਿ ਉਹ ਭੁੱਖਾ ਹੈ, ਲਾਡ-ਪਿਆਰ ਚਾਹੁੰਦਾ ਹੈ ਜਾਂ ਉਹ ਕਿਸੇ ਹੋਰ ਕਾਰਨ ਕਰਕੇ ਰੋ ਰਿਹਾ ਹੈ। ਉਹ ਕਦੇ ਆਪਣੇ ਬੱਚੇ ਨੂੰ ਰੋਂਦਾ ਨਹੀਂ ਛੱਡ ਸਕਦੀ।

      2 ਆਪਣੇ ਢਿੱਡੋਂ ਜੰਮੇ ਬੱਚੇ ਲਈ ਇਕ ਮਾਂ ਦੀ ਮਮਤਾ ਦੀ ਤੁਲਨਾ ਹੋਰ ਕਿਸੇ ਇਨਸਾਨੀ ਭਾਵਨਾ ਨਾਲ ਨਹੀਂ ਕੀਤੀ ਜਾ ਸਕਦੀ। ਪਰ ਇਕ ਭਾਵਨਾ ਇਸ ਤੋਂ ਵੀ ਕੋਮਲ ਹੈ। ਜੀ ਹਾਂ, ਯਹੋਵਾਹ ਪਰਮੇਸ਼ੁਰ ਦਾ ਰਹਿਮ। ਯਹੋਵਾਹ ਦੇ ਇਸ ਗੁਣ ਨੂੰ ਚੰਗੀ ਤਰ੍ਹਾਂ ਸਮਝ ਕੇ ਅਸੀਂ ਉਸ ਵੱਲ ਖਿੱਚੇ ਜਾ ਸਕਦੇ ਹਾਂ। ਫਿਰ ਆਓ ਆਪਾਂ ਹੁਣ ਯਹੋਵਾਹ ਦੇ ਰਹਿਮ ਉੱਤੇ ਚਰਚਾ ਕਰੀਏ ਅਤੇ ਸਿੱਖੀਏ ਕਿ ਉਹ ਰਹਿਮ ਕਿਸ ਤਰ੍ਹਾਂ ਕਰਦਾ ਹੈ।

      ਰਹਿਮ ਕੀ ਹੈ?

      3. ਜਿਸ ਇਬਰਾਨੀ ਕ੍ਰਿਆ ਦਾ ਤਰਜਮਾ “ਦਇਆ ਕਰਨੀ” ਜਾਂ “ਤਰਸ ਖਾਣਾ” ਕੀਤਾ ਗਿਆ ਹੈ, ਉਸ ਦਾ ਮਤਲਬ ਕੀ ਹੈ?

      3 ਪੰਜਾਬੀ ਬਾਈਬਲ ਵਿਚ ਰਹਿਮ ਨੂੰ ਦਇਆ ਵੀ ਸੱਦਿਆ ਗਿਆ ਹੈ। ਇਹ ਸਹੀ ਹੈ ਕਿਉਂਕਿ ਇਨ੍ਹਾਂ ਦੋਹਾਂ ਭਾਵਨਾਵਾਂ ਵਿਚ ਗੂੜ੍ਹਾ ਸੰਬੰਧ ਹੈ। ਇਹੋ ਜਿਹੀਆਂ ਭਾਵਨਾਵਾਂ ਲਈ ਕਈ ਇਬਰਾਨੀ ਤੇ ਯੂਨਾਨੀ ਸ਼ਬਦ ਵਰਤੇ ਗਏ ਹਨ। ਉਦਾਹਰਣ ਲਈ ਇਬਰਾਨੀ ਦੀ ਇਕ ਕ੍ਰਿਆ ਉੱਤੇ ਗੌਰ ਕਰੋ ਜਿਸ ਦਾ ਤਰਜਮਾ ਅਕਸਰ “ਦਇਆ ਕਰਨੀ” ਜਾਂ “ਤਰਸ ਖਾਣਾ” ਕੀਤਾ ਜਾਂਦਾ ਹੈ। ਇਕ ਕਿਤਾਬ ਇਸ ਕ੍ਰਿਆ ਬਾਰੇ ਕਹਿੰਦੀ ਹੈ: “ਇਹ ਅਜਿਹੀ ਡੂੰਘੀ ਅਤੇ ਕੋਮਲ ਭਾਵਨਾ ਹੈ ਜੋ ਕਿਸੇ ਅਜ਼ੀਜ਼ ਦਾ ਦੁੱਖ-ਦਰਦ ਦੇਖ ਕੇ ਸਾਡੇ ਅੰਦਰ ਜਾਗ ਉੱਠਦੀ ਹੈ ਅਤੇ ਅਸੀਂ ਉਸ ਤੇ ਤਰਸ ਖਾ ਕੇ ਉਸ ਦੀ ਮਦਦ ਕਰਨੀ ਚਾਹੁੰਦੇ ਹਾਂ।” ਯਹੋਵਾਹ ਦੀ ਇਸ ਭਾਵਨਾ ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਹੈ, ਉਹ “ਕੁੱਖ” ਸ਼ਬਦ ਨਾਲ ਸੰਬੰਧ ਰੱਖਦਾ ਹੈ ਅਤੇ ਉਸ ਸ਼ਬਦ ਨੂੰ “ਮਾਂ ਦੀ ਮਮਤਾ” ਸੱਦਿਆ ਜਾ ਸਕਦਾ ਹੈ।a—ਕੂਚ 33:19; ਯਿਰਮਿਯਾਹ 33:26.

      ਇਕ ਰਹਿਮਦਿਲ ਮਾਂ ਨੇ ਬੱਚੇ ਨੂੰ ਚੁੱਕਿਆ ਹੋਇਆ ਹੈ ਤੇ ਉਸ ਵੱਲ ਦੇਖਦੀ ਹੈ

      ‘ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ ਹੈ?’

      4, 5. ਯਹੋਵਾਹ ਦੇ ਰਹਿਮ ਬਾਰੇ ਸਿਖਾਉਣ ਲਈ ਬਾਈਬਲ ਵਿਚ ਮਾਂ ਦੀ ਮਮਤਾ ਦੀ ਉਦਾਹਰਣ ਕਿਸ ਤਰ੍ਹਾਂ ਵਰਤੀ ਗਈ ਹੈ?

      4 ਬਾਈਬਲ ਵਿਚ ਮਾਂ ਦੀ ਮਮਤਾ ਦੀ ਉਦਾਹਰਣ ਵਰਤ ਕੇ ਸਾਨੂੰ ਯਹੋਵਾਹ ਦੇ ਰਹਿਮ ਬਾਰੇ ਸਿਖਾਇਆ ਜਾਂਦਾ ਹੈ। ਯਸਾਯਾਹ 49:15 ਵਿਚ ਅਸੀਂ ਪੜ੍ਹਦੇ ਹਾਂ: “ਭਲਾ, ਤੀਵੀਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁਲਾ ਸੱਕਦੀ, ਭਈ ਉਹ ਆਪਣੇ ਢਿੱਡ ਦੇ ਬਾਲ ਉੱਤੇ ਰਹਮ ਨਾ ਕਰੇ? ਏਹ ਭਾਵੇਂ ਭੁੱਲ ਜਾਣ ਪਰ ਮੈਂ ਤੈਨੂੰ ਨਹੀਂ ਭੁੱਲਾਂਗਾ।” ਮਮਤਾ ਦੀ ਇਹ ਤਸਵੀਰ ਦਿਖਾਉਂਦੀ ਹੈ ਕਿ ਯਹੋਵਾਹ ਆਪਣੇ ਲੋਕਾਂ ਤੇ ਕਿੰਨਾ ਰਹਿਮ ਕਰਦਾ ਹੈ। ਆਓ ਆਪਾਂ ਦੇਖੀਏ ਕਿਸ ਤਰ੍ਹਾਂ।

      5 ਇਸ ਤਰ੍ਹਾਂ ਸੋਚਣਾ ਵੀ ਮੁਸ਼ਕਲ ਹੈ ਕਿ ਇਕ ਮਾਂ ਆਪਣੇ ਬੱਚੇ ਨੂੰ ਦੁੱਧ ਪਿਲਾਉਣਾ ਜਾਂ ਉਸ ਦੀ ਦੇਖ-ਭਾਲ ਕਰਨੀ ਭੁੱਲ ਸਕਦੀ ਹੈ। ਇਕ ਮਾਸੂਮ ਬੱਚਾ ਤਾਂ ਆਪਣੇ ਆਪ ਲਈ ਕੁਝ ਨਹੀਂ ਕਰ ਸਕਦਾ। ਦਿਨ-ਰਾਤ ਉਸ ਨੂੰ ਆਪਣੀ ਮਾਂ ਦੇ ਲਾਡ-ਪਿਆਰ ਤੇ ਦੇਖ-ਭਾਲ ਦੀ ਲੋੜ ਹੈ। ਅਫ਼ਸੋਸ ਦੀ ਗੱਲ ਹੈ ਕਿ ਖ਼ਾਸ ਕਰਕੇ ਅੱਜ-ਕੱਲ੍ਹ ਦੇ “ਭੈੜੇ ਸਮੇਂ” ਵਿਚ ਕਈ ਮਾਵਾਂ ਬਿਲਕੁਲ “ਨਿਰਮੋਹ” ਹਨ। (2 ਤਿਮੋਥਿਉਸ 3:1, 3) “ਪਰ” ਯਹੋਵਾਹ ਕਹਿੰਦਾ ਹੈ “ਮੈਂ ਤੈਨੂੰ ਨਹੀਂ ਭੁੱਲਾਂਗਾ।” ਆਪਣੇ ਸੇਵਕਾਂ ਲਈ ਯਹੋਵਾਹ ਦਾ ਰਹਿਮ ਖ਼ਤਮ ਹੋਣ ਵਾਲਾ ਨਹੀਂ ਹੈ। ਇਹ ਰਹਿਮ ਹੋਰ ਕਿਸੇ ਵੀ ਭਾਵਨਾ ਨਾਲੋਂ ਗਹਿਰਾ ਹੈ। ਇਹ ਆਪਣੇ ਨਵਜੰਮੇ ਬੱਚੇ ਲਈ ਇਕ ਮਾਂ ਦੀ ਮਮਤਾ ਨਾਲੋਂ ਵੀ ਗਹਿਰਾ ਹੈ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਇਕ ਵਿਦਵਾਨ ਨੇ ਯਸਾਯਾਹ 49:15 ਬਾਰੇ ਇਹ ਕਿਉਂ ਕਿਹਾ ਸੀ: “ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪੁਰਾਣੇ ਨੇਮ ਵਿਚ ਇਹ ਭਾਵਨਾ ਪਰਮੇਸ਼ੁਰ ਦੇ ਪਿਆਰ ਦਾ ਇਕ ਜ਼ਬਰਦਸਤ ਤੇ ਸਭ ਤੋਂ ਵਧੀਆ ਸਬੂਤ ਹੈ।”

      6. ਕਈ ਇਨਸਾਨ ਰਹਿਮ ਕਰਨ ਬਾਰੇ ਕੀ ਮੰਨਦੇ ਹਨ, ਪਰ ਯਹੋਵਾਹ ਸਾਨੂੰ ਕਿਸ ਗੱਲ ਦਾ ਯਕੀਨ ਦਿਲਾਉਂਦਾ ਹੈ?

      6 ਕੀ ਰਹਿਮ ਕਰਨਾ ਕੋਈ ਕਮਜ਼ੋਰੀ ਹੈ? ਕਈ ਇਨਸਾਨ ਇਸ ਤਰ੍ਹਾਂ ਮੰਨਦੇ ਹਨ। ਉਦਾਹਰਣ ਲਈ, ਸਨੀਕਾ ਨਾਂ ਦਾ ਰੋਮੀ ਫ਼ਿਲਾਸਫ਼ਰ ਯਿਸੂ ਦੇ ਸਮੇਂ ਵਿਚ ਰਹਿੰਦਾ ਸੀ। ਕਾਫ਼ੀ ਪੜ੍ਹਿਆ-ਲਿਖਿਆ ਹੋਣ ਕਰਕੇ ਉਹ ਰੋਮ ਵਿਚ ਮਸ਼ਹੂਰ ਸੀ। ਉਹ ਸਿਖਾਉਂਦਾ ਸੀ ਕਿ “ਦਇਆ ਇਕ ਮਾਨਸਿਕ ਕਮਜ਼ੋਰੀ ਹੈ।” ਸਨੀਕਾ ਸਟਾਇਕਵਾਦ ਫ਼ਲਸਫ਼ੇ ਨੂੰ ਮੰਨਦਾ ਸੀ। ਇਸ ਫ਼ਲਸਫ਼ੇ ਵਿਚ ਕਿਸੇ ਤਰ੍ਹਾਂ ਦੇ ਜਜ਼ਬਾਤਾਂ ਤੋਂ ਬਿਨਾਂ ਮਨ ਨੂੰ ਸ਼ਾਂਤ ਰੱਖਣ ਤੇ ਜ਼ੋਰ ਦਿੱਤਾ ਜਾਂਦਾ ਸੀ। ਸਨੀਕਾ ਦਾ ਕਹਿਣਾ ਸੀ ਕਿ ਬੁੱਧੀਮਾਨ ਇਨਸਾਨ ਦੁਖੀਆਂ ਦੀ ਮਦਦ ਤਾਂ ਕਰ ਸਕਦਾ ਹੈ, ਪਰ ਉਸ ਨੂੰ ਉਨ੍ਹਾਂ ਤੇ ਤਰਸ ਨਹੀਂ ਖਾਣਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹ ਮਨ ਦੀ ਸ਼ਾਂਤੀ ਗੁਆ ਬੈਠੇਗਾ। ਇਸ ਖ਼ੁਦਗਰਜ਼ ਫ਼ਲਸਫ਼ੇ ਵਿਚ ਰਹਿਮ ਤੇ ਦਇਆ ਵਰਗੀਆਂ ਭਾਵਨਾਵਾਂ ਲਈ ਕੋਈ ਥਾਂ ਨਹੀਂ ਸੀ। ਪਰ ਯਹੋਵਾਹ ਬਿਲਕੁਲ ਇਸ ਤਰ੍ਹਾਂ ਦਾ ਨਹੀਂ ਹੈ! ਆਪਣੇ ਬਚਨ ਵਿਚ ਯਹੋਵਾਹ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਉਹ “ਵੱਡਾ ਦਰਦੀ ਅਤੇ ਦਿਆਲੂ ਹੈ।” (ਯਾਕੂਬ 5:11) ਅਸੀਂ ਅੱਗੇ ਦੇਖਾਂਗੇ ਕਿ ਰਹਿਮ ਕਰਨਾ ਕਿਸੇ ਕਿਸਮ ਦੀ ਕਮਜ਼ੋਰੀ ਹੋਣ ਦੀ ਬਜਾਇ ਇਕ ਖੂਬੀ ਹੈ। ਆਓ ਆਪਾਂ ਦੇਖੀਏ ਕਿ ਯਹੋਵਾਹ ਇਕ ਪਿਆਰੇ ਪਿਤਾ ਵਾਂਗ ਇਸ ਗੁਣ ਦਾ ਸਬੂਤ ਕਿਸ ਤਰ੍ਹਾਂ ਦਿੰਦਾ ਹੈ।

      ਇਕ ਕੌਮ ਉੱਤੇ ਯਹੋਵਾਹ ਦਾ ਰਹਿਮ

      7, 8. ਪ੍ਰਾਚੀਨ ਮਿਸਰ ਵਿਚ ਇਸਰਾਏਲੀਆਂ ਨੇ ਕਿਹੋ ਜਿਹੇ ਦੁੱਖ ਸਹੇ ਸਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਯਹੋਵਾਹ ਨੇ ਕੀ ਕੀਤਾ ਸੀ?

      7 ਯਹੋਵਾਹ ਦੇ ਇਸਰਾਏਲ ਕੌਮ ਨਾਲ ਪੇਸ਼ ਆਉਣ ਤੋਂ ਉਸ ਦੇ ਰਹਿਮ ਦਾ ਸਪੱਸ਼ਟ ਸਬੂਤ ਮਿਲਦਾ ਹੈ। ਉਸ ਸਮੇਂ ਬਾਰੇ ਸੋਚੋ ਜਦੋਂ ਲੱਖਾਂ ਇਸਰਾਏਲੀ ਮਿਸਰ ਵਿਚ ਗ਼ੁਲਾਮ ਸਨ। ਉੱਥੇ ਉਹ ਡਾਢਾ ਅਤਿਆਚਾਰ ਸਹਿ ਰਹੇ ਸਨ। ਮਿਸਰੀਆਂ ਨੇ “ਔਖੀ ਟਹਿਲ ਨਾਲ ਅਰਥਾਤ ਗਾਰੇ, ਇੱਟਾਂ ਅਤੇ ਖੇਤਾਂ ਵਿੱਚ ਹਰ ਪਰਕਾਰ ਦੀ ਟਹਿਲ ਨਾਲ ਉਨ੍ਹਾਂ ਦਾ ਜੀਉਣ ਖੱਟਾ ਕਰ ਦਿੱਤਾ।” (ਕੂਚ 1:11, 14) ਬਿਪਤਾ ਦੇ ਉਸ ਸਮੇਂ ਇਸਰਾਏਲੀਆਂ ਨੇ ਯਹੋਵਾਹ ਨੂੰ ਮਦਦ ਲਈ ਦੁਹਾਈ ਦਿੱਤੀ ਸੀ। ਰਹਿਮਦਿਲ ਯਹੋਵਾਹ ਨੇ ਫਿਰ ਕੀ ਕੀਤਾ ਸੀ?

      8 ਉਨ੍ਹਾਂ ਦਾ ਕਸ਼ਟ ਦੇਖ ਕੇ ਯਹੋਵਾਹ ਦਾ ਦਿਲ ਰੋਇਆ ਸੀ। ਉਸ ਨੇ ਕਿਹਾ: “ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚ ਮੁੱਚ ਵੇਖਿਆ ਹੈ ਅਰ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗਾਰ ਕਰਾਉਣ ਵਾਲਿਆਂ ਦੇ ਕਾਰਨ ਹੈ ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ।” (ਕੂਚ 3:7) ਯਹੋਵਾਹ ਲਈ ਇਹ ਨਾਮੁਮਕਿਨ ਸੀ ਕਿ ਉਹ ਉਨ੍ਹਾਂ ਦਾ ਦੁੱਖ ਦੇਖ ਕੇ ਅਤੇ ਉਨ੍ਹਾਂ ਦੀ ਦੁਹਾਈ ਸੁਣ ਕੇ ਉਨ੍ਹਾਂ ਤੇ ਤਰਸ ਨਾ ਖਾਵੇ। ਜਿਵੇਂ ਇਸ ਕਿਤਾਬ ਦੇ ਪਿੱਛਲੇ ਅਧਿਆਇ ਵਿਚ ਅਸੀਂ ਦੇਖਿਆ ਸੀ, ਯਹੋਵਾਹ ਹਮਦਰਦੀ ਕਰਨ ਵਾਲਾ ਪਰਮੇਸ਼ੁਰ ਹੈ। ਕਿਸੇ ਹੋਰ ਦੇ ਦੁੱਖ ਨੂੰ ਆਪਣੇ ਦਿਲ ਵਿਚ ਮਹਿਸੂਸ ਕਰਨ ਨੂੰ ਹਮਦਰਦੀ ਸੱਦਿਆ ਜਾਂਦਾ ਹੈ ਅਤੇ ਇਹ ਤਰਸ ਖਾਣ ਦੇ ਬਰਾਬਰ ਹੈ। ਪਰ ਯਹੋਵਾਹ ਨੇ ਆਪਣੇ ਲੋਕਾਂ ਦਾ ਦਰਦ ਮਹਿਸੂਸ ਹੀ ਨਹੀਂ ਕੀਤਾ ਸੀ, ਸਗੋਂ ਉਸ ਨੇ ਉਨ੍ਹਾਂ ਦਾ ਦਰਦ ਦੂਰ ਕਰਨ ਲਈ ਕਦਮ ਵੀ ਚੁੱਕਿਆ ਸੀ। ਯਸਾਯਾਹ 63:9 ਦੱਸਦਾ ਹੈ: “ਓਸ ਆਪਣੇ ਪ੍ਰੇਮ ਵਿੱਚ ਅਤੇ ਆਪਣੇ ਤਰਸ ਵਿੱਚ ਓਹਨਾਂ ਨੂੰ ਛੁਡਾਇਆ।” ਯਹੋਵਾਹ ਨੇ “ਸ਼ਕਤੀ ਵਾਲੇ ਹੱਥ” ਨਾਲ ਮਿਸਰ ਵਿੱਚੋਂ ਇਸਰਾਏਲੀਆਂ ਨੂੰ ਬਚਾਇਆ ਸੀ। (ਬਿਵਸਥਾ ਸਾਰ 4:34) ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ ਕਰਾਮਾਤੀ ਢੰਗ ਨਾਲ ਖਾਣ ਨੂੰ ਰੋਟੀ ਦਿੱਤੀ ਅਤੇ ਹਰੇ-ਭਰੇ ਦੇਸ਼ ਵਿਚ ਵਸਾਇਆ।

      9, 10. (ੳ) ਵਾਅਦਾ ਕੀਤੇ ਹੋਏ ਦੇਸ਼ ਵਿਚ ਵਸਣ ਤੋਂ ਬਾਅਦ ਯਹੋਵਾਹ ਨੇ ਇਸਰਾਏਲੀਆਂ ਨੂੰ ਘੜੀ-ਮੁੜੀ ਕਿਉਂ ਬਚਾਇਆ ਸੀ? (ਅ) ਯਿਫਤਾਹ ਦੇ ਜ਼ਮਾਨੇ ਵਿਚ ਯਹੋਵਾਹ ਨੇ ਇਸਰਾਏਲੀਆਂ ਨੂੰ ਕਿਹੜੇ ਅਤਿਆਚਾਰ ਤੋਂ ਬਚਾਇਆ ਸੀ ਅਤੇ ਉਸ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ?

      9 ਯਹੋਵਾਹ ਉਨ੍ਹਾਂ ਉੱਤੇ ਰਹਿਮ ਕਰਦਾ ਰਿਹਾ। ਵਾਅਦਾ ਕੀਤੇ ਹੋਏ ਦੇਸ਼ ਵਿਚ ਵਸਣ ਤੋਂ ਬਾਅਦ ਇਸਰਾਏਲੀ ਘੜੀ-ਮੁੜੀ ਬੇਵਫ਼ਾ ਬਣੇ ਅਤੇ ਨਤੀਜੇ ਵਜੋਂ ਉਨ੍ਹਾਂ ਨੂੰ ਦੁੱਖ ਭੁਗਤਣੇ ਪਏ। ਫਿਰ ਉਨ੍ਹਾਂ ਨੂੰ ਸੁਰਤ ਆ ਜਾਂਦੀ ਸੀ ਅਤੇ ਉਹ ਯਹੋਵਾਹ ਅੱਗੇ ਬੇਨਤੀ ਕਰਦੇ ਸਨ। ਉਸ ਨੇ ਵਾਰ-ਵਾਰ ਉਨ੍ਹਾਂ ਨੂੰ ਬਚਾਇਆ ਸੀ। ਪਰ ਕਿਉਂ? “ਕਿਉਂ ਜੋ ਉਸ ਨੂੰ ਆਪਣੇ ਲੋਕਾਂ . . . ਉੱਤੇ ਤਰਸ ਆਉਂਦਾ ਸੀ।”—2 ਇਤਹਾਸ 36:15; ਨਿਆਈਆਂ 2:11-16.

      10 ਯਿਫਤਾਹ ਦੇ ਜ਼ਮਾਨੇ ਦੀ ਉਦਾਹਰਣ ਉੱਤੇ ਗੌਰ ਕਰੋ। ਉਸ ਸਮੇਂ ਯਹੋਵਾਹ ਨੇ ਅਠਾਰਾਂ ਸਾਲਾਂ ਤੋਂ ਇਸਰਾਏਲੀਆਂ ਨੂੰ ਅੰਮੋਨੀਆਂ ਦੇ ਹੱਥੀਂ ਦੁੱਖ ਸਹਿਣ ਦਿੱਤਾ ਸੀ ਕਿਉਂਕਿ ਉਹ ਦੇਵੀ-ਦੇਵਤਿਆਂ ਦੀ ਪੂਜਾ ਕਰਨ ਲੱਗ ਪਏ ਸਨ। ਅੰਮੋਨੀਆਂ ਨੇ ਇਸਰਾਏਲੀਆਂ ਉੱਤੇ ਡਾਢਾ ਅਤਿਆਚਾਰ ਕੀਤਾ। ਆਖ਼ਰਕਾਰ ਇਸਰਾਏਲੀਆਂ ਨੇ ਤੋਬਾ ਕੀਤੀ। ਬਾਈਬਲ ਸਾਨੂੰ ਦੱਸਦੀ ਹੈ: “ਉਨ੍ਹਾਂ ਨੇ ਓਪਰਿਆਂ ਦਿਓਤਿਆਂ ਨੂੰ ਆਪਣੇ ਵਿੱਚੋਂ ਕੱਢ ਦਿੱਤਾ ਅਤੇ ਪ੍ਰਭੁ ਦੀ ਭਗਤੀ ਕੀਤੀ ਤਾਂ ਉਹ ਦਾ ਜੀ ਇਸਰਾਏਲ ਦੇ ਦੁਖ ਨਾਲ ਦੁਖੀ ਹੋਇਆ।” (ਨਿਆਈਆਂ 10:6-16) ਇਸਰਾਏਲੀਆਂ ਦੇ ਪਛਤਾਵੇ ਤੋਂ ਬਾਅਦ ਯਹੋਵਾਹ ਉਨ੍ਹਾਂ ਦਾ ਦੁੱਖ ਹੋਰ ਨਾ ਜਰ ਸਕਿਆ। ਇਸ ਲਈ ਰਹਿਮਦਿਲ ਪਰਮੇਸ਼ੁਰ ਨੇ ਯਿਫਤਾਹ ਦੇ ਹੱਥੋਂ ਇਸਰਾਏਲੀਆਂ ਨੂੰ ਉਨ੍ਹਾਂ ਦੇ ਵੈਰੀਆਂ ਤੋਂ ਬਚਾਇਆ।—ਨਿਆਈਆਂ 11:30-33.

      11. ਯਹੋਵਾਹ ਦੇ ਇਸਰਾਏਲ ਕੌਮ ਨਾਲ ਪੇਸ਼ ਆਉਣ ਤੋਂ ਅਸੀਂ ਉਸ ਦੇ ਰਹਿਮ ਬਾਰੇ ਕੀ ਸਿੱਖਦੇ ਹਾਂ?

      11 ਯਹੋਵਾਹ ਦੇ ਇਸਰਾਏਲ ਕੌਮ ਨਾਲ ਪੇਸ਼ ਆਉਣ ਤੋਂ ਅਸੀਂ ਉਸ ਦੇ ਰਹਿਮ ਬਾਰੇ ਕੀ ਸਿੱਖਦੇ ਹਾਂ? ਇਕ ਗੱਲ ਤਾਂ ਇਹ ਹੈ ਕਿ ਉਹ ਹਮਦਰਦੀ ਨਾਲ ਲੋਕਾਂ ਦੀਆਂ ਮੁਸੀਬਤਾਂ ਵੱਲ ਸਿਰਫ਼ ਦੇਖਦਾ ਹੀ ਨਹੀਂ ਹੈ। ਉਸ ਮਾਂ ਦੀ ਉਦਾਹਰਣ ਬਾਰੇ ਫਿਰ ਤੋਂ ਸੋਚੋ ਜੋ ਆਪਣੇ ਬੱਚੇ ਦਾ ਰੋਣਾ ਸੁਣ ਕੇ ਇਕਦਮ ਉੱਠ ਜਾਂਦੀ ਹੈ ਤੇ ਉਸ ਲਈ ਕੁਝ ਕਰਦੀ ਹੈ। ਇਸੇ ਤਰ੍ਹਾਂ ਯਹੋਵਾਹ ਵੀ ਆਪਣੇ ਲੋਕਾਂ ਦੀ ਦੁਹਾਈ ਸੁਣ ਕੇ ਕੁਝ ਕਰਦਾ ਹੈ। ਉਹ ਉਨ੍ਹਾਂ ਤੇ ਰਹਿਮ ਕਰ ਕੇ ਉਨ੍ਹਾਂ ਦੇ ਦੁੱਖ ਦੂਰ ਕਰਦਾ ਹੈ। ਇਕ ਹੋਰ ਗੱਲ ਜੋ ਯਹੋਵਾਹ ਦੇ ਇਸਰਾਏਲੀਆਂ ਨਾਲ ਪੇਸ਼ ਆਉਣ ਤੋਂ ਅਸੀਂ ਸਿੱਖਦੇ ਹਾਂ, ਇਹ ਹੈ ਕਿ ਰਹਿਮ ਕਰਨਾ ਤੇ ਤਰਸ ਖਾਣਾ ਕੋਈ ਕਮਜ਼ੋਰੀ ਨਹੀਂ ਹੈ। ਇਸ ਕੋਮਲ ਭਾਵਨਾ ਕਰਕੇ ਉਸ ਨੇ ਵੱਡੀ ਸ਼ਕਤੀ ਨਾਲ ਆਪਣੇ ਲੋਕਾਂ ਦੀ ਮਦਦ ਕਰ ਕੇ ਉਨ੍ਹਾਂ ਨੂੰ ਬਚਾਇਆ ਸੀ। ਪਰ ਕੀ ਯਹੋਵਾਹ ਆਪਣੇ ਲੋਕਾਂ ਦੀ ਮਦਦ ਸਿਰਫ਼ ਇਕ ਸਮੂਹ ਵਜੋਂ ਹੀ ਕਰਦਾ ਹੈ ਜਾਂ ਕੀ ਉਹ ਲੋਕਾਂ ਦੀ ਨਿੱਜੀ ਤੌਰ ਤੇ ਵੀ ਮਦਦ ਕਰਦਾ ਹੈ?

      ਯਹੋਵਾਹ ਹਰੇਕ ਉੱਤੇ ਰਹਿਮ ਕਰਦਾ ਹੈ

      12. ਬਿਵਸਥਾ ਤੋਂ ਯਹੋਵਾਹ ਦੇ ਰਹਿਮ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ ਕਿ ਉਹ ਲੋਕਾਂ ਦੀ ਨਿੱਜੀ ਤੌਰ ਤੇ ਮਦਦ ਕਰਦਾ ਹੈ?

      12 ਪਰਮੇਸ਼ੁਰ ਨੇ ਇਸਰਾਏਲ ਕੌਮ ਨੂੰ ਜੋ ਬਿਵਸਥਾ ਦਿੱਤੀ ਸੀ, ਉਸ ਤੋਂ ਯਹੋਵਾਹ ਦੇ ਰਹਿਮ ਦਾ ਸਬੂਤ ਮਿਲਦਾ ਹੈ ਕਿ ਉਹ ਲੋਕਾਂ ਦੀ ਨਿੱਜੀ ਤੌਰ ਤੇ ਮਦਦ ਕਰਦਾ ਹੈ। ਉਦਾਹਰਣ ਲਈ, ਉਹ ਗ਼ਰੀਬਾਂ ਦੀ ਬੜੀ ਚਿੰਤਾ ਕਰਦਾ ਸੀ। ਯਹੋਵਾਹ ਜਾਣਦਾ ਸੀ ਕਿ ਕਿਸੇ ਇਸਰਾਏਲੀ ਤੇ ਵੀ ਬੁਰਾ ਸਮਾਂ ਆ ਸਕਦਾ ਸੀ ਅਤੇ ਉਹ ਗ਼ਰੀਬੀ ਦਾ ਸ਼ਿਕਾਰ ਹੋ ਸਕਦਾ ਸੀ। ਇਨ੍ਹਾਂ ਗ਼ਰੀਬਾਂ ਲਈ ਕੀ ਕੀਤਾ ਜਾਣਾ ਚਾਹੀਦਾ ਸੀ? ਯਹੋਵਾਹ ਨੇ ਹੁਕਮ ਦਿੱਤਾ ਸੀ: “ਤੁਸੀਂ ਆਪਣਾ ਮਨ ਕਠੋਰ ਨਾ ਕਰੋ ਨਾ ਆਪਣਾ ਹੱਥ ਆਪਣੇ ਕੰਗਾਲ ਭਰਾ ਤੋਂ ਰੋਕੋ। ਤੁਸੀਂ ਉਸ ਨੂੰ ਜ਼ਰੂਰ ਦਿਓ ਅਤੇ ਏਹ ਤੁਹਾਡੇ ਮਨ ਨੂੰ ਬੁਰਾ ਨਾ ਲੱਗੇ ਜਦ ਤੁਸੀਂ ਉਸ ਨੂੰ ਦਿਓ ਕਿਉਂ ਜੋ ਏਸ ਗੱਲ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤੁਹਾਡੇ ਸਾਰੇ ਕੰਮਾਂ ਵਿੱਚ ਜੋ ਤੁਹਾਡਾ ਹੱਥ ਸ਼ੁਰੂ ਕਰੇ ਬਰਕਤ ਦੇਵੇਗਾ।” (ਬਿਵਸਥਾ ਸਾਰ 15:7, 10) ਯਹੋਵਾਹ ਨੇ ਅੱਗੇ ਹੁਕਮ ਦਿੱਤਾ ਸੀ ਕਿ ਵਾਢੀ ਕਰਦੇ ਵਕਤ ਇਸਰਾਏਲੀਆਂ ਨੂੰ ਆਪਣੇ ਖੇਤਾਂ ਵਿੱਚੋਂ ਸਭ ਕੁਝ ਨਹੀਂ ਵੱਢ ਲੈਣਾ ਚਾਹੀਦਾ ਸੀ। ਜੋ ਕੁਝ ਰਹਿ ਜਾਂਦਾ ਸੀ, ਉਹ ਗ਼ਰੀਬਾਂ ਲਈ ਛੱਡ ਦਿੱਤਾ ਜਾਣਾ ਚਾਹੀਦਾ ਸੀ। (ਲੇਵੀਆਂ 23:22; ਰੂਥ 2:2-7) ਜਦ ਲੋਕ ਗ਼ਰੀਬਾਂ ਦੇ ਭਲੇ ਲਈ ਇਸ ਕਾਨੂੰਨ ਮੁਤਾਬਕ ਚੱਲਦੇ ਸਨ, ਤਾਂ ਇਸਰਾਏਲ ਵਿਚ ਰਹਿਣ ਵਾਲੇ ਗ਼ਰੀਬ ਲੋਕਾਂ ਨੂੰ ਮੰਗ ਕੇ ਖਾਣਾ ਨਹੀਂ ਸੀ ਪੈਂਦਾ। ਇਹ ਯਹੋਵਾਹ ਦੇ ਰਹਿਮ ਦਾ ਕਿੰਨਾ ਸੋਹਣਾ ਸਬੂਤ ਸੀ!

      13, 14. (ੳ) ਦਾਊਦ ਦੀ ਗੱਲ ਸਾਨੂੰ ਕਿਸ ਤਰ੍ਹਾਂ ਯਕੀਨ ਦਿਲਾਉਂਦੀ ਹੈ ਕਿ ਯਹੋਵਾਹ ਨੂੰ ਸਾਡੀ ਸਾਰਿਆਂ ਦੀ ਗਹਿਰੀ ਚਿੰਤਾ ਹੈ? (ਅ) ਉਦਾਹਰਣ ਦੇ ਕੇ ਦੱਸੋ ਕਿ ਯਹੋਵਾਹ “ਟੁੱਟੇ ਦਿਲ ਵਾਲਿਆਂ” ਜਾਂ ‘ਕੁਚਲੀ ਆਤਮਾ ਵਾਲਿਆਂ’ ਦੇ ਨੇੜੇ ਰਹਿੰਦਾ ਹੈ।

      13 ਇਸੇ ਤਰ੍ਹਾਂ ਸਾਡੇ ਜ਼ਮਾਨੇ ਵਿਚ ਵੀ ਯਹੋਵਾਹ ਲੋਕਾਂ ਦੀ ਨਿੱਜੀ ਤੌਰ ਤੇ ਚਿੰਤਾ ਕਰਦਾ ਹੈ। ਅਸੀਂ ਯਕੀਨ ਰੱਖ ਸਕਦੇ ਹਾਂ ਕਿ ਉਹ ਸਾਡੇ ਸਾਰੇ ਦੁੱਖ-ਦਰਦ ਜਾਣਦਾ ਹੈ। ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ ਸੀ: “ਯਹੋਵਾਹ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ। ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ, ਅਤੇ ਕੁਚਲਿਆਂ ਆਤਮਾਂ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 34:15, 18) ਬਾਈਬਲ ਦੇ ਇਕ ਵਿਦਵਾਨ ਨੇ ਇਸ ਆਇਤ ਬਾਰੇ ਕਿਹਾ: “ਇਹ ਲੋਕ ਟੁੱਟੇ ਦਿਲ ਵਾਲੇ ਹਨ ਕਿਉਂਕਿ ਇਨ੍ਹਾਂ ਨੇ ਪਛਤਾਵਾ ਕਰ ਕੇ ਆਪਣੇ ਆਪ ਨੂੰ ਅਧੀਨ ਕੀਤਾ ਹੈ; ਉਹ ਆਪਣੀ ਨਜ਼ਰ ਵਿਚ ਵੀ ਨੀਵੇਂ ਹਨ ਅਤੇ ਉਨ੍ਹਾਂ ਨੂੰ ਆਪਣੇ ਆਪ ਉੱਤੇ ਬਿਲਕੁਲ ਭਰੋਸਾ ਨਹੀਂ ਹੈ।” ਅਜਿਹੇ ਲੋਕ ਸ਼ਾਇਦ ਮਹਿਸੂਸ ਕਰਨ ਕਿ ਯਹੋਵਾਹ ਉਨ੍ਹਾਂ ਤੋਂ ਬਹੁਤ ਦੂਰ ਹੈ ਅਤੇ ਉਹ ਉਸ ਦੀ ਨਜ਼ਰ ਵਿਚ ਇੰਨੇ ਛੋਟੇ ਹਨ ਕਿ ਉਹ ਉਸ ਦੇ ਲਾਇਕ ਹੀ ਨਹੀਂ ਹਨ। ਪਰ ਗੱਲ ਇਸ ਤਰ੍ਹਾਂ ਨਹੀਂ ਹੈ। ਦਾਊਦ ਦੀ ਗੱਲ ਸਾਨੂੰ ਯਕੀਨ ਦਿਲਾਉਂਦੀ ਹੈ ਕਿ ਯਹੋਵਾਹ ਅਜਿਹੇ ਲੋਕਾਂ ਨੂੰ ਤਿਆਗਦਾ ਨਹੀਂ ਹੈ। ਸਾਡਾ ਰਹਿਮਦਿਲ ਪਰਮੇਸ਼ੁਰ ਜਾਣਦਾ ਹੈ ਕਿ ਅਜਿਹੇ ਮੁਸ਼ਕਲ ਸਮਿਆਂ ਵਿਚ ਸਾਨੂੰ ਉਸ ਦੀ ਅੱਗੇ ਨਾਲੋਂ ਜ਼ਿਆਦਾ ਲੋੜ ਹੈ। ਵਿਸ਼ਵਾਸ ਕਰੋ ਕਿ ਉਹ ਸਾਡੇ ਨੇੜੇ ਹੈ।

      14 ਇਕ ਉਦਾਹਰਣ ਉੱਤੇ ਗੌਰ ਕਰੋ: ਇਕ ਦਿਨ ਇਕ ਮਾਂ ਨੂੰ ਆਪਣੇ 2-ਸਾਲਾ ਬੇਟੇ ਨੂੰ ਫ਼ੌਰਨ ਹਸਪਤਾਲ ਲੈ ਜਾਣਾ ਪਿਆ। ਬੱਚੇ ਨੂੰ ਇੰਨੀ ਖੰਘ ਲੱਗੀ ਹੋਈ ਸੀ ਕਿ ਉਸ ਲਈ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸੀ। ਬੱਚੇ ਦਾ ਮੁਆਇਨਾ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਮਾਂ ਨੂੰ ਕਿਹਾ ਕਿ ਬੱਚੇ ਨੂੰ ਰਾਤ ਭਰ ਹਸਪਤਾਲ ਵਿਚ ਹੀ ਰੱਖਣਾ ਪਵੇਗਾ। ਉਹ ਰਾਤ ਉਸ ਮਾਂ ਨੇ ਕਿੱਥੇ ਗੁਜ਼ਾਰੀ ਸੀ? ਬੱਚੇ ਦੇ ਸਿਰਹਾਣੇ ਬੈਠ ਕੇ! ਉਸ ਦਾ ਪੁੱਤ ਬੀਮਾਰ ਸੀ, ਤਾਂ ਉਹ ਹੋਰ ਕਿਤੇ ਜਾਣ ਬਾਰੇ ਸੋਚ ਵੀ ਨਹੀਂ ਸਕਦੀ ਸੀ। ਇਹ ਯਾਦ ਰੱਖੋ ਕਿ ਅਸੀਂ ਤਾਂ ਆਪਣੇ ਪਿਆਰੇ ਸਵਰਗੀ ਪਿਤਾ ਦੇ ਸਰੂਪ ਉੱਤੇ ਬਣਾਏ ਗਏ ਹਾਂ, ਇਸ ਲਈ ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਉਹ ਸਾਡੇ ਲਈ ਕਿਸੇ ਮਾਂ ਤੋਂ ਵੱਧ ਕਰੇਗਾ! (ਉਤਪਤ 1:26) ਜ਼ਬੂਰਾਂ ਦੀ ਪੋਥੀ 34:18 ਦੇ ਸੋਹਣੇ ਸ਼ਬਦ ਸਾਨੂੰ ਦਿਲਾਸਾ ਦਿੰਦੇ ਹਨ ਕਿ ਜਦੋਂ ਅਸੀਂ ‘ਟੁੱਟੇ ਦਿਲ ਵਾਲੇ’ ਜਾਂ ‘ਕੁਚਲੀ ਆਤਮਾ ਵਾਲੇ’ ਹੁੰਦੇ ਹਾਂ, ਤਾਂ ਯਹੋਵਾਹ ਇਕ ਪਿਆਰੇ ਪਿਤਾ ਵਾਂਗ ਸਾਡੇ “ਨੇੜੇ” ਰਹਿੰਦਾ ਹੈ। ਰਹਿਮ ਕਰ ਕੇ ਉਹ ਹਮੇਸ਼ਾ ਸਾਡੀ ਮਦਦ ਕਰਨ ਲਈ ਤਿਆਰ ਰਹਿੰਦਾ ਹੈ।

      15. ਯਹੋਵਾਹ ਸਾਡੀ ਨਿੱਜੀ ਤੌਰ ਤੇ ਮਦਦ ਕਿਸ ਤਰ੍ਹਾਂ ਕਰਦਾ ਹੈ?

      15 ਤਾਂ ਫਿਰ ਯਹੋਵਾਹ ਸਾਡੀ ਨਿੱਜੀ ਤੌਰ ਤੇ ਮਦਦ ਕਿਸ ਤਰ੍ਹਾਂ ਕਰਦਾ ਹੈ? ਇਹ ਜ਼ਰੂਰੀ ਨਹੀਂ ਹੈ ਕਿ ਉਹ ਸਾਡੇ ਦੁੱਖਾਂ ਦੇ ਕਾਰਨ ਮਿਟਾ ਦੇਵੇ, ਪਰ ਯਹੋਵਾਹ ਨੇ ਦੁਹਾਈ ਦੇਣ ਵਾਲਿਆਂ ਦੀ ਸਹਾਇਤਾ ਵਾਸਤੇ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਉਸ ਦੇ ਬਚਨ, ਬਾਈਬਲ ਦੀ ਸਲਾਹ ਨੂੰ ਲਾਗੂ ਕਰ ਕੇ ਸਾਨੂੰ ਫ਼ਾਇਦਾ ਹੋ ਸਕਦਾ ਹੈ। ਯਹੋਵਾਹ ਨੇ ਕਲੀਸਿਯਾ ਵਿਚ ਅਜਿਹੇ ਕਾਬਲ ਬਜ਼ੁਰਗਾਂ ਦਾ ਇੰਤਜ਼ਾਮ ਕੀਤਾ ਹੋਇਆ ਹੈ ਜੋ ਯਹੋਵਾਹ ਵਾਂਗ ਆਪਣੇ ਸੰਗੀ ਮਸੀਹੀਆਂ ਨਾਲ ਰਹਿਮਦਿਲ ਤਰੀਕੇ ਨਾਲ ਪੇਸ਼ ਆਉਂਦੇ ਹਨ। (ਯਾਕੂਬ 5:14, 15) “ਪ੍ਰਾਰਥਨਾ ਦੇ ਸੁਣਨ ਵਾਲੇ” ਵਜੋਂ ਉਹ “ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ ਹੈ। (ਜ਼ਬੂਰਾਂ ਦੀ ਪੋਥੀ 65:2; ਲੂਕਾ 11:13) ਇਹ ਪਵਿੱਤਰ ਆਤਮਾ ਸਾਨੂੰ ਉਹ “ਮਹਾ-ਸ਼ਕਤੀ” ਦੇ ਸਕਦੀ ਹੈ ਜਿਸ ਦੀ ਮਦਦ ਨਾਲ ਅਸੀਂ ਪਰਮੇਸ਼ੁਰ ਦੇ ਰਾਜ ਦੇ ਆਉਣ ਤਕ ਧੀਰਜ ਰੱਖ ਸਕਦੇ ਹਾਂ, ਜਦ ਦੁਨੀਆਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ। (2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਅਸੀਂ ਇਨ੍ਹਾਂ ਪ੍ਰਬੰਧਾਂ ਲਈ ਸ਼ੁਕਰਗੁਜ਼ਾਰ ਨਹੀਂ ਹਾਂ? ਆਓ ਆਪਾਂ ਇਹ ਕਦੀ ਨਾ ਭੁੱਲੀਏ ਕਿ ਇਹ ਪ੍ਰਬੰਧ ਯਹੋਵਾਹ ਦੇ ਰਹਿਮ ਦੇ ਸਬੂਤ ਹਨ।

      16. ਯਹੋਵਾਹ ਦੇ ਰਹਿਮ ਦੀ ਉੱਤਮ ਉਦਾਹਰਣ ਕੀ ਹੈ ਅਤੇ ਇਸ ਦਾ ਸਾਡੇ ਉੱਤੇ ਨਿੱਜੀ ਤੌਰ ਤੇ ਕੀ ਅਸਰ ਹੁੰਦਾ ਹੈ?

      16 ਯਹੋਵਾਹ ਦੇ ਰਹਿਮ ਦੀ ਉੱਤਮ ਉਦਾਹਰਣ ਉਸ ਦੇ ਪਿਆਰੇ ਪੁੱਤਰ ਦਾ ਬਲੀਦਾਨ ਹੈ। ਯਹੋਵਾਹ ਸਾਡੇ ਨਾਲ ਪਿਆਰ ਕਰਦਾ ਹੈ ਇਸ ਲਈ ਉਸ ਨੇ ਇਹ ਬਲੀਦਾਨ ਦਿੱਤਾ ਸੀ ਤਾਂਕਿ ਸਾਨੂੰ ਮੁਕਤੀ ਮਿਲ ਸਕੇ। ਯਾਦ ਰੱਖੋ ਕਿ ਇਸ ਬਲੀਦਾਨ ਦਾ ਸਾਨੂੰ ਨਿੱਜੀ ਤੌਰ ਤੇ ਫ਼ਾਇਦਾ ਹੋ ਸਕਦਾ ਹੈ। ਇਸੇ ਕਰਕੇ ਬਪਤਿਸਮਾ ਦੇਣ ਵਾਲੇ ਯੂਹੰਨਾ ਦੇ ਪਿਤਾ ਜ਼ਕਰਯਾਹ ਨੇ ਇਸ ਬਲੀਦਾਨ ਬਾਰੇ ਕਿਹਾ ਸੀ ਕਿ ਇਹ “ਸਾਡੇ ਪਰਮੇਸ਼ੁਰ ਦੇ ਵੱਡੇ ਰਹਮ” ਦਾ ਸਬੂਤ ਹੈ।—ਲੂਕਾ 1:78.

      ਜਦ ਯਹੋਵਾਹ ਰਹਿਮ ਨਹੀਂ ਕਰਦਾ

      17-19. (ੳ) ਬਾਈਬਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਯਹੋਵਾਹ ਦੇ ਰਹਿਮ ਦੀ ਵੀ ਹੱਦ ਹੈ? (ਅ) ਉਹ ਸਮਾਂ ਕਿਉਂ ਆਇਆ ਸੀ ਜਦੋਂ ਯਹੋਵਾਹ ਨੇ ਆਪਣੇ ਲੋਕਾਂ ਉੱਤੇ ਤਰਸ ਨਹੀਂ ਖਾਧਾ ਸੀ?

      17 ਕੀ ਸਾਨੂੰ ਇਸ ਤਰ੍ਹਾਂ ਸੋਚਣਾ ਚਾਹੀਦਾ ਹੈ ਕਿ ਯਹੋਵਾਹ ਦੇ ਰਹਿਮ ਦੀ ਕੋਈ ਹੱਦ ਨਹੀਂ ਹੈ ਅਤੇ ਉਹ ਹਮੇਸ਼ਾ ਲਈ ਤਰਸ ਕਰਦਾ ਰਹੇਗਾ? ਨਹੀਂ, ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਜੇ ਕੋਈ ਯਹੋਵਾਹ ਦੇ ਧਰਮੀ ਮਿਆਰਾਂ ਅਨੁਸਾਰ ਨਹੀਂ ਚੱਲਦਾ, ਤਾਂ ਯਹੋਵਾਹ ਉਸ ਤੇ ਤਰਸ ਨਹੀਂ ਖਾਂਦਾ। (ਇਬਰਾਨੀਆਂ 10:28) ਇਸ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਇਕ ਵਾਰ ਫਿਰ ਇਸਰਾਏਲ ਕੌਮ ਦੀ ਉਦਾਹਰਣ ਵੱਲ ਧਿਆਨ ਦਿਓ।

      18 ਭਾਵੇਂ ਯਹੋਵਾਹ ਨੇ ਘੜੀ-ਮੁੜੀ ਇਸਰਾਏਲੀਆਂ ਨੂੰ ਉਨ੍ਹਾਂ ਦੇ ਵੈਰੀਆਂ ਦੇ ਹੱਥੋਂ ਬਚਾਇਆ ਸੀ, ਪਰ ਇਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਸ ਨੇ ਉਨ੍ਹਾਂ ਉੱਤੇ ਤਰਸ ਨਹੀਂ ਕੀਤਾ ਸੀ। ਇਨ੍ਹਾਂ ਹੱਠੀ ਲੋਕਾਂ ਨੇ ਮੂਰਤੀਆਂ ਦੀ ਪੂਜਾ ਕੀਤੀ ਸੀ। ਇਨ੍ਹਾਂ ਨੇ ਆਪਣੀਆਂ ਘਿਣਾਉਣੀਆਂ ਮੂਰਤੀਆਂ ਯਹੋਵਾਹ ਦੀ ਹੈਕਲ ਵਿਚ ਵੀ ਲਿਆਂਦੀਆਂ ਸਨ! (ਹਿਜ਼ਕੀਏਲ 5:11; 8:17, 18) ਇਸ ਤੋਂ ਇਲਾਵਾ ਸਾਨੂੰ ਦੱਸਿਆ ਜਾਂਦਾ ਹੈ: “ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ, ਐਥੋਂ ਤੀਕ ਕਿ ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ।” (2 ਇਤਹਾਸ 36:16) ਇਸਰਾਏਲੀ ਉਸ ਹੱਦ ਤਕ ਪਹੁੰਚ ਗਏ ਸਨ ਕਿ ਯਹੋਵਾਹ ਕੋਲ ਉਨ੍ਹਾਂ ਉੱਤੇ ਤਰਸ ਖਾਣ ਦਾ ਕੋਈ ਕਾਰਨ ਹੀ ਨਹੀਂ ਰਿਹਾ ਸੀ। ਉਨ੍ਹਾਂ ਨੇ ਯਹੋਵਾਹ ਦੇ ਗੁੱਸੇ ਨੂੰ ਭੜਕਾਇਆ ਸੀ। ਇਸ ਦਾ ਕੀ ਨਤੀਜਾ ਨਿਕਲਿਆ ਸੀ?

      19 ਹੁਣ ਯਹੋਵਾਹ ਆਪਣੇ ਲੋਕਾਂ ਉੱਤੇ ਰਹਿਮ ਨਹੀਂ ਕਰ ਸਕਦਾ ਸੀ। ਉਸ ਨੇ ਕਿਹਾ: “ਨਾ ਮੈਂ ਤਰਸ ਕਰਾਂਗਾ, ਨਾ ਪੱਖ ਕਰਾਂਗਾ, ਨਾ ਰਹਮ ਕਰਾਂਗਾ ਭਈ ਮੈਂ ਓਹਨਾਂ ਨੂੰ ਨਾਸ ਨਾ ਕਰ ਦਿਆਂ।” (ਯਿਰਮਿਯਾਹ 13:14) ਇਸ ਕਰਕੇ ਯਰੂਸ਼ਲਮ ਅਤੇ ਉਸ ਦੀ ਹੈਕਲ ਦੋਵੇਂ ਨਾਸ਼ ਕਰ ਦਿੱਤੇ ਗਏ ਸਨ ਅਤੇ ਇਸਰਾਏਲੀ ਲੋਕ ਬਾਬਲ ਵਿਚ ਗ਼ੁਲਾਮ ਬਣਾ ਕੇ ਲਿਜਾਏ ਗਏ ਸਨ। ਇਹ ਕਿੰਨੇ ਦੁੱਖ ਦੀ ਗੱਲ ਹੈ ਕਿ ਇਨਸਾਨ ਉਸ ਹੱਦ ਤਕ ਪਹੁੰਚ ਜਾਂਦੇ ਹਨ ਕਿ ਪਰਮੇਸ਼ੁਰ ਉਨ੍ਹਾਂ ਉੱਤੇ ਰਹਿਮ ਨਹੀਂ ਕਰ ਸਕਦਾ!—ਵਿਰਲਾਪ 2:21.

      20, 21. (ੳ) ਜਦ ਯਹੋਵਾਹ ਦਾ ਰਹਿਮ ਆਪਣੀ ਹੱਦ ਤਕ ਪਹੁੰਚ ਜਾਵੇਗਾ, ਤਾਂ ਫਿਰ ਕੀ ਹੋਵੇਗਾ? (ਅ) ਅਗਲੇ ਅਧਿਆਇ ਵਿਚ ਯਹੋਵਾਹ ਦੇ ਕਿਹੜੇ ਪਿਆਰੇ ਬੰਦੋਬਸਤ ਉੱਤੇ ਚਰਚਾ ਕੀਤੀ ਜਾਵੇਗੀ?

      20 ਸਾਡੇ ਸਮੇਂ ਬਾਰੇ ਕੀ? ਯਹੋਵਾਹ ਬਦਲਿਆ ਨਹੀਂ ਹੈ। ਲੋਕਾਂ ਤੇ ਤਰਸ ਖਾ ਕੇ ਯਹੋਵਾਹ ਨੇ ਆਪਣੇ ਗਵਾਹਾਂ ਨੂੰ ਸਾਰੀ ਦੁਨੀਆਂ ਵਿਚ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰਨ ਲਈ ਭੇਜਿਆ ਹੈ। (ਮੱਤੀ 24:14) ਜਦ ਨੇਕਦਿਲ ਲੋਕ ਇਸ ਖ਼ੁਸ਼ ਖ਼ਬਰੀ ਨੂੰ ਸੁਣਦੇ ਹਨ, ਤਾਂ ਯਹੋਵਾਹ ਉਨ੍ਹਾਂ ਦੀ ਮਦਦ ਕਰਦਾ ਹੈ ਕਿ ਉਹ ਇਸ ਸੰਦੇਸ਼ ਦਾ ਮਤਲਬ ਸਮਝ ਸਕਣ। (ਰਸੂਲਾਂ ਦੇ ਕਰਤੱਬ 16:14) ਪਰ ਇਹ ਕੰਮ ਹਮੇਸ਼ਾ ਨਹੀਂ ਹੁੰਦਾ ਰਹੇਗਾ। ਜੇ ਯਹੋਵਾਹ ਇਸ ਦੁੱਖਾਂ-ਭਰੀ ਦੁਸ਼ਟ ਦੁਨੀਆਂ ਨੂੰ ਹਮੇਸ਼ਾ ਲਈ ਰਹਿਣ ਦੇਵੇ, ਤਾਂ ਉਹ ਰਹਿਮਦਿਲ ਪਰਮੇਸ਼ੁਰ ਨਹੀਂ ਹੋਵੇਗਾ। ਜਦ ਯਹੋਵਾਹ ਦਾ ਰਹਿਮ ਆਪਣੀ ਹੱਦ ਤਕ ਪਹੁੰਚ ਜਾਵੇਗਾ, ਤਾਂ ਯਹੋਵਾਹ ਇਸ ਦੁਸ਼ਟ ਦੁਨੀਆਂ ਨੂੰ ਖ਼ਤਮ ਕਰ ਦੇਵੇਗਾ। ਪਰ ਉਸ ਸਮੇਂ ਵੀ ਯਹੋਵਾਹ ਆਪਣੇ ਭਗਤਾਂ ਉੱਤੇ ਤਰਸ ਖਾਵੇਗਾ ਅਤੇ ਆਪਣੇ “ਪਵਿੱਤ੍ਰ ਨਾਮ” ਦੀ ਖਾਤਰ ਕੁਝ ਕਰੇਗਾ। (ਹਿਜ਼ਕੀਏਲ 36:20-23) ਯਹੋਵਾਹ ਦੁਸ਼ਟਤਾ ਨੂੰ ਖ਼ਤਮ ਕਰ ਕੇ ਇਕ ਨਵਾਂ ਧਰਮੀ ਸੰਸਾਰ ਸਥਾਪਿਤ ਕਰੇਗਾ। ਦੁਸ਼ਟ ਲੋਕਾਂ ਬਾਰੇ ਯਹੋਵਾਹ ਕਹਿੰਦਾ ਹੈ: “ਮੇਰੀ ਅੱਖ ਲਿਹਾਜ਼ ਨਹੀਂ ਕਰੇਗੀ ਅਤੇ ਕਦਾਚਿੱਤ ਤਰਸ ਨਹੀਂ ਕਰਾਂਗਾ! ਮੈਂ ਉਨ੍ਹਾਂ ਦੀ ਕਰਨੀ ਦਾ ਬਦਲਾ ਉਨ੍ਹਾਂ ਦੇ ਸਿਰਾਂ ਉੱਤੇ ਲਿਆਵਾਂਗਾ।”—ਹਿਜ਼ਕੀਏਲ 9:10.

      21 ਉਸ ਸਮੇਂ ਤਕ ਯਹੋਵਾਹ ਸਾਰਿਆਂ ਲੋਕਾਂ ਉੱਤੇ ਤਰਸ ਕਰਦਾ ਰਹੇਗਾ—ਉਨ੍ਹਾਂ ਉੱਤੇ ਵੀ ਜਿਨ੍ਹਾਂ ਨੂੰ ਉਹ ਭਵਿੱਖ ਵਿਚ ਨਾਸ਼ ਕਰੇਗਾ। ਸਾਫ਼ ਦਿਲ ਨਾਲ ਤੋਬਾ ਕਰਨ ਵਾਲੇ ਪਾਪੀ ਲੋਕ ਵੀ ਯਹੋਵਾਹ ਦੇ ਇਕ ਬੰਦੋਬਸਤ ਤੋਂ ਫ਼ਾਇਦਾ ਲੈ ਸਕਦੇ ਹਨ—ਯਹੋਵਾਹ ਵੱਲੋਂ ਮਾਫ਼ ਕਰਨ ਦਾ ਪ੍ਰਬੰਧ। ਇਸ ਕਿਤਾਬ ਦੇ ਅਗਲੇ ਅਧਿਆਇ ਵਿਚ ਅਸੀਂ ਬਾਈਬਲ ਦੇ ਉਨ੍ਹਾਂ ਸੋਹਣੇ ਦ੍ਰਿਸ਼ਟਾਂਤਾਂ ਵੱਲ ਧਿਆਨ ਦੇਵਾਂਗੇ ਜਿਨ੍ਹਾਂ ਦੇ ਜ਼ਰੀਏ ਅਸੀਂ ਦੇਖਾਂਗੇ ਕਿ ਯਹੋਵਾਹ ਪੂਰੀ ਤਰ੍ਹਾਂ ਮਾਫ਼ ਕਰਦਾ ਹੈ।

      a ਦਿਲਚਸਪੀ ਦੀ ਗੱਲ ਹੈ ਕਿ ਜ਼ਬੂਰਾਂ ਦੀ ਪੋਥੀ 103:13 ਵਿਚ ਇਸ ਇਬਰਾਨੀ ਕ੍ਰਿਆ ਦਾ ਮਤਲਬ ਉਹ ਦਇਆ ਜਾਂ ਰਹਿਮ ਹੈ ਜੋ ਇਕ ਪਿਤਾ ਆਪਣੇ ਬੱਚਿਆਂ ਉੱਤੇ ਕਰਦਾ ਹੈ।

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਯਿਰਮਿਯਾਹ 31:20 ਯਹੋਵਾਹ ਆਪਣੇ ਲੋਕਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਅਤੇ ਇਹ ਪੜ੍ਹ ਕੇ ਤੁਹਾਡੇ ਉੱਤੇ ਕੀ ਅਸਰ ਹੁੰਦਾ ਹੈ?

      • ਯੋਏਲ 2:12-14, 17-19 ਜੇ ਯਹੋਵਾਹ ਦੇ ਲੋਕ ਚਾਹੁੰਦੇ ਕਿ ਉਹ ਉਨ੍ਹਾਂ ਤੇ ਰਹਿਮ ਕਰੇ, ਤਾਂ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਸੀ ਅਤੇ ਅਸੀਂ ਇਸ ਤੋਂ ਕੀ ਸਿੱਖਦੇ ਹਾਂ?

      • ਯੂਨਾਹ 4:1-11 ਯਹੋਵਾਹ ਨੇ ਯੂਨਾਹ ਨੂੰ ਰਹਿਮ ਕਰਨ ਦਾ ਕਿਹੜਾ ਸਬਕ ਸਿਖਾਇਆ ਸੀ?

      • ਇਬਰਾਨੀਆਂ 10:26-31 ਅਸੀਂ ਯਹੋਵਾਹ ਦੇ ਰਹਿਮ ਜਾਂ ਤਰਸ ਦਾ ਨਾਜਾਇਜ਼ ਫ਼ਾਇਦਾ ਕਿਉਂ ਨਹੀਂ ਉਠਾ ਸਕਦੇ?

  • ਪਰਮੇਸ਼ੁਰ “ਮਾਫ਼ ਕਰਨ ਵਾਲਾ ਹੈ”
    ਯਹੋਵਾਹ ਦੇ ਨੇੜੇ ਰਹੋ
    • ਇਕ ਆਦਮੀ ਯਹੋਵਾਹ ਪਰਮੇਸ਼ੁਰ ਨੂੰ ਦਿਲੋਂ ਪ੍ਰਾਰਥਨਾ ਕਰਦਾ ਹੋਇਆ

      ਛੱਬ੍ਹੀਵਾਂ ਅਧਿਆਇ

      ਪਰਮੇਸ਼ੁਰ “ਮਾਫ਼ ਕਰਨ ਵਾਲਾ ਹੈ”

      1-3. (ੳ) ਜ਼ਬੂਰਾਂ ਦੇ ਲਿਖਾਰੀ ਦਾਊਦ ਉੱਤੇ ਕਿਹੜਾ ਭਾਰਾ ਬੋਝ ਸੀ ਅਤੇ ਉਸ ਦੇ ਦੁਖੀ ਦਿਲ ਨੂੰ ਚੈਨ ਕਿਸ ਤਰ੍ਹਾਂ ਮਿਲਿਆ ਸੀ? (ਅ) ਪਾਪ ਕਰਨ ਦੇ ਨਤੀਜੇ ਵਜੋਂ ਅਸੀਂ ਕਿਹੜੇ ਬੋਝ ਹੇਠ ਦੱਬੇ ਜਾ ਸਕਦੇ ਹਾਂ, ਪਰ ਯਹੋਵਾਹ ਸਾਨੂੰ ਕਿਸ ਗੱਲ ਦਾ ਵਿਸ਼ਵਾਸ ਕਰਾਉਂਦਾ ਹੈ?

      ਜ਼ਬੂਰਾਂ ਦੇ ਲਿਖਾਰੀ ਦਾਊਦ ਨੇ ਲਿਖਿਆ ਸੀ: “ਮੇਰੀਆਂ ਬੁਰਿਆਈਆਂ ਮੇਰੇ ਸਿਰ ਦੇ ਉੱਤੋਂ ਦੀ ਲੰਘ ਗਈਆਂ, ਅਤੇ ਭਾਰੀ ਪੰਡ ਵਾਂਙੁ ਓਹ ਮੈਥੋਂ ਚੁੱਕੀਆਂ ਨਹੀਂ ਜਾਂਦੀਆਂ। ਮੈਂ ਨਿਤਾਣਾ ਅਤੇ ਬਹੁਤ ਪੀਸਿਆ ਹੋਇਆ ਹਾਂ।” (ਜ਼ਬੂਰਾਂ ਦੀ ਪੋਥੀ 38:4, 8) ਦਾਊਦ ਜਾਣਦਾ ਸੀ ਕਿ ਦੋਸ਼ੀ ਜ਼ਮੀਰ ਇਨਸਾਨ ਉੱਤੇ ਕਿੰਨਾ ਭਾਰਾ ਬੋਝ ਬਣ ਸਕਦੀ ਹੈ। ਪਰ ਉਸ ਦੇ ਦੁਖੀ ਦਿਲ ਨੂੰ ਚੈਨ ਵੀ ਮਿਲਿਆ ਸੀ। ਉਹ ਜਾਣਦਾ ਸੀ ਕਿ ਭਾਵੇਂ ਯਹੋਵਾਹ ਪਾਪ ਨਾਲ ਨਫ਼ਰਤ ਕਰਦਾ ਹੈ, ਪਰ ਉਹ ਉਸ ਪਾਪੀ ਨਾਲ ਨਫ਼ਰਤ ਨਹੀਂ ਕਰਦਾ ਜੋ ਸੱਚੇ ਦਿਲੋਂ ਮਾਫ਼ੀ ਮੰਗ ਕੇ ਗ਼ਲਤ ਰਾਹ ਨੂੰ ਛੱਡ ਦਿੰਦਾ ਹੈ। ਦਾਊਦ ਨੂੰ ਯਹੋਵਾਹ ਦੀ ਦਇਆ ਉੱਤੇ ਪੂਰਾ ਭਰੋਸਾ ਸੀ ਇਸੇ ਲਈ ਉਸ ਨੇ ਕਿਹਾ: ‘ਹੇ ਪ੍ਰਭੂ ਤੂੰ ਮਾਫ਼ ਕਰਨ ਵਾਲਾ ਹੈਂ।’—ਭਜਨ 86:5, ਪਵਿੱਤਰ ਬਾਈਬਲ ਨਵਾਂ ਅਨੁਵਾਦ।

      2 ਜਦੋਂ ਸਾਡੇ ਤੋਂ ਪਾਪ ਹੋ ਜਾਂਦਾ ਹੈ, ਤਾਂ ਦਾਊਦ ਵਾਂਗ ਸਾਡੀ ਜ਼ਮੀਰ ਵੀ ਸ਼ਾਇਦ ਸਾਨੂੰ ਲਾਅਨਤਾਂ ਪਾਵੇ। ਆਪਣੀ ਗ਼ਲਤੀ ਦਾ ਅਹਿਸਾਸ ਕਰਨਾ ਚੰਗੀ ਗੱਲ ਹੈ। ਇਸ ਨਾਲ ਅਸੀਂ ਆਪਣੀ ਗ਼ਲਤੀ ਸੁਧਾਰਨ ਲਈ ਕੁਝ ਕਰ ਸਕਦੇ ਹਾਂ। ਪਰ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਅਸੀਂ ਦੋਸ਼ੀ ਹੋਣ ਦੀ ਭਾਵਨਾ ਥੱਲੇ ਕੁਚਲੇ ਨਾ ਜਾਈਏ। ਆਪਣੇ ਦਿਲ ਵਿਚ ਅਸੀਂ ਸ਼ਾਇਦ ਮੰਨੀਏ ਕਿ ਅਸੀਂ ਜਿੰਨੀ ਮਰਜ਼ੀ ਤੋਬਾ ਕਰੀਏ, ਪਰ ਯਹੋਵਾਹ ਸਾਨੂੰ ਮਾਫ਼ ਨਹੀਂ ਕਰੇਗਾ। ਜੇ ਸਾਡੀ ਜ਼ਮੀਰ ਸਾਨੂੰ ‘ਖਾਈ ਜਾਂਦੀ’ ਹੈ, ਤਾਂ ਸ਼ਤਾਨ ਸ਼ਾਇਦ ਸਾਨੂੰ ਕਾਇਲ ਕਰ ਦੇਵੇ ਕਿ ਅਸੀਂ ਕੋਸ਼ਿਸ਼ ਕਰਨੀ ਛੱਡ ਦੇਈਏ ਕਿਉਂਕਿ ਯਹੋਵਾਹ ਦੀ ਨਜ਼ਰ ਵਿਚ ਅਸੀਂ ਨਿਕੰਮੇ ਹਾਂ ਅਤੇ ਉਸ ਦੀ ਸੇਵਾ ਕਰਨ ਦੇ ਲਾਇਕ ਨਹੀਂ ਹਾਂ।—2 ਕੁਰਿੰਥੀਆਂ 2:5-11.

      3 ਕੀ ਅਸੀਂ ਸੱਚ-ਮੁੱਚ ਯਹੋਵਾਹ ਦੀ ਨਜ਼ਰ ਵਿਚ ਬੇਕਾਰ ਹਾਂ? ਬਿਲਕੁਲ ਨਹੀਂ! ਯਹੋਵਾਹ ਦੇ ਪਿਆਰ ਦਾ ਇਕ ਪਹਿਲੂ ਹੈ ਮਾਫ਼ ਕਰ ਦੇਣਾ। ਆਪਣੇ ਬਚਨ ਵਿਚ ਉਹ ਸਾਨੂੰ ਵਿਸ਼ਵਾਸ ਕਰਾਉਂਦਾ ਹੈ ਕਿ ਜੇ ਅਸੀਂ ਆਪਣੀ ਗ਼ਲਤੀ ਤੋਂ ਸੱਚ-ਮੁੱਚ ਪਛਤਾਵਾਂਗੇ, ਤਾਂ ਉਹ ਸਾਨੂੰ ਮਾਫ਼ ਕਰ ਦੇਵੇਗਾ। (ਕਹਾਉਤਾਂ 28:13) ਆਓ ਆਪਾਂ ਧਿਆਨ ਦੇਈਏ ਕਿ ਯਹੋਵਾਹ ਕਿਸ ਤਰ੍ਹਾਂ ਅਤੇ ਕਿਉਂ ਮਾਫ਼ ਕਰਦਾ ਹੈ। ਇਹ ਜਾਣ ਕੇ ਅਸੀਂ ਫਿਰ ਇਸ ਤਰ੍ਹਾਂ ਨਹੀਂ ਸੋਚਾਂਗੇ ਕਿ ਅਸੀਂ ਮਾਫ਼ੀ ਦੇ ਲਾਇਕ ਨਹੀਂ ਹਾਂ।

      ਯਹੋਵਾਹ ਮਾਫ਼ ਕਿਉਂ ਕਰਦਾ ਹੈ?

      4. ਯਹੋਵਾਹ ਸਾਡੇ ਬਾਰੇ ਕੀ ਯਾਦ ਰੱਖਦਾ ਹੈ ਅਤੇ ਇਸ ਕਰਕੇ ਉਹ ਸਾਡੇ ਨਾਲ ਕਿਸ ਤਰ੍ਹਾਂ ਪੇਸ਼ ਆਉਂਦਾ ਹੈ?

      4 ਯਹੋਵਾਹ ਜਾਣਦਾ ਹੈ ਕਿ ਅਸੀਂ ਕੀ ਕਰਨ ਦੇ ਕਾਬਲ ਹਾਂ। ਜ਼ਬੂਰਾਂ ਦੀ ਪੋਥੀ 103:14 ਵਿਚ ਲਿਖਿਆ ਹੈ: “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” ਉਹ ਭੁੱਲਦਾ ਨਹੀਂ ਹੈ ਕਿ ਅਪੂਰਣ ਹੋਣ ਕਰਕੇ ਸਾਡੇ ਵਿਚ ਕਮੀਆਂ ਤੇ ਕਮਜ਼ੋਰੀਆਂ ਹਨ। ਜਦ ਬਾਈਬਲ ਕਹਿੰਦੀ ਹੈ ਕਿ ਉਹ “ਸਾਡੀ ਸਰਿਸ਼ਟ” ਨੂੰ ਜਾਣਦਾ ਹੈ, ਤਾਂ ਸਾਨੂੰ ਇਹ ਗੱਲ ਵੀ ਯਾਦ ਆਉਂਦੀ ਹੈ ਕਿ ਬਾਈਬਲ ਵਿਚ ਯਹੋਵਾਹ ਦੀ ਤੁਲਨਾ ਇਕ ਘੁਮਿਆਰ ਨਾਲ ਕੀਤੀ ਗਈ ਹੈ ਅਤੇ ਸਾਡੀ ਤੁਲਨਾ ਮਿੱਟੀ ਦੇ ਉਨ੍ਹਾਂ ਭਾਂਡਿਆਂ ਨਾਲ ਜੋ ਉਹ ਬਣਾਉਂਦਾ ਹੈ।a (ਯਿਰਮਿਯਾਹ 18:2-6) ਉਹ ਮਹਾਨ ਘੁਮਿਆਰ ਸਾਡੀਆਂ ਕਮਜ਼ੋਰੀਆਂ ਦੇ ਮੁਤਾਬਕ ਸਾਨੂੰ ਗੁੰਨ੍ਹਦਾ ਹੈ। ਜਿਸ ਹੱਦ ਤਕ ਅਸੀਂ ਉਸ ਦੀ ਅਗਵਾਈ ਸਵੀਕਾਰ ਕਰਦੇ ਹਾਂ ਜਾਂ ਨਹੀਂ ਕਰਦੇ, ਉਸ ਦੇ ਮੁਤਾਬਕ ਉਹ ਸਾਡੇ ਨਾਲ ਪੇਸ਼ ਆਉਂਦਾ ਹੈ।

      5. ਰੋਮੀਆਂ ਦੀ ਪੋਥੀ ਵਿਚ ਪਾਪ ਦੀ ਤਾਕਤ ਬਾਰੇ ਕੀ ਕਿਹਾ ਗਿਆ ਹੈ?

      5 ਯਹੋਵਾਹ ਪਾਪ ਦੀ ਤਾਕਤ ਜਾਣਦਾ ਹੈ। ਉਸ ਦੇ ਬਚਨ ਵਿਚ ਕਿਹਾ ਗਿਆ ਹੈ ਕਿ ਪਾਪ ਨੇ ਆਪਣੇ ਮਜ਼ਬੂਤ ਪੰਜੇ ਵਿਚ ਇਨਸਾਨਜਾਤ ਨੂੰ ਜਕੜ ਕੇ ਰੱਖਿਆ ਹੋਇਆ ਹੈ। ਲੋਕ ਪਾਪ ਦੇ ਪੰਜੇ ਵਿਚ ਕਿੰਨੇ ਕੁ ਜ਼ੋਰ ਨਾਲ ਜਕੜੇ ਗਏ ਹਨ? ਰੋਮੀਆਂ ਦੀ ਪੋਥੀ ਵਿਚ ਪੌਲੁਸ ਰਸੂਲ ਨੇ ਸਮਝਾਇਆ: ਜਿਵੇਂ ਫ਼ੌਜੀ ਆਪਣੇ ਕਮਾਂਡਰ ਅਧੀਨ ਹੁੰਦੇ ਹਨ, ਅਸੀਂ “ਪਾਪ ਦੇ ਹੇਠ” ਹਾਂ (ਰੋਮੀਆਂ 3:9); ਪਾਪ ਨੇ ਰਾਜੇ ਵਾਂਗ ਇਨਸਾਨਾਂ ਉੱਤੇ “ਰਾਜ ਕੀਤਾ” ਹੈ (ਰੋਮੀਆਂ 5:21); ਉਹ ਸਾਡੇ ਅੰਦਰ “ਵੱਸਦਾ” ਹੈ (ਰੋਮੀਆਂ 7:17, 20); ਉਸ ਦਾ “ਕਾਨੂੰਨ” ਸਾਡੇ ਅੰਦਰ ਲਗਾਤਾਰ ਚੱਲਦਾ ਰਹਿੰਦਾ ਹੈ ਅਤੇ ਸਾਨੂੰ ਆਪਣੇ ਗ਼ੁਲਾਮ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। (ਰੋਮੀਆਂ 7:23, 25) ਸਾਡੇ ਅਪੂਰਣ ਸਰੀਰ ਉੱਤੇ ਪਾਪ ਦੀ ਤਾਕਤ ਕਿੰਨੀ ਜ਼ਬਰਦਸਤ ਹੈ!—ਰੋਮੀਆਂ 7:21, 24.

      6, 7. (ੳ) ਯਹੋਵਾਹ ਦਾ ਉਨ੍ਹਾਂ ਲੋਕਾਂ ਬਾਰੇ ਕੀ ਵਿਚਾਰ ਹੈ ਜੋ ਪਛਤਾਵੇ-ਭਰੇ ਦਿਲ ਨਾਲ ਉਸ ਤੋਂ ਮਾਫ਼ੀ ਮੰਗਦੇ ਹਨ? (ਅ) ਜਾਣ-ਬੁੱਝ ਕੇ ਪਾਪ ਕਰਨ ਤੋਂ ਬਾਅਦ ਸਾਨੂੰ ਪਰਮੇਸ਼ੁਰ ਵੱਲੋਂ ਮਾਫ਼ ਕਰਨ ਦੀ ਆਸ ਕਿਉਂ ਨਹੀਂ ਰੱਖਣੀ ਚਾਹੀਦੀ?

      6 ਇਸ ਕਰਕੇ ਯਹੋਵਾਹ ਜਾਣਦਾ ਹੈ ਕਿ ਅਸੀਂ ਭਾਵੇਂ ਜਿੰਨਾ ਮਰਜ਼ੀ ਚਾਹੀਏ, ਅਸੀਂ ਪੂਰੀ ਤਰ੍ਹਾਂ ਉਸ ਪ੍ਰਤੀ ਆਗਿਆਕਾਰ ਨਹੀਂ ਹੋ ਸਕਦੇ। ਉਹ ਸਾਨੂੰ ਯਕੀਨ ਦਿਲਾਉਂਦਾ ਹੈ ਕਿ ਜੇ ਅਸੀਂ ਦਿਲੋਂ ਪਛਤਾਵਾ ਕਰ ਕੇ ਮਾਫ਼ੀ ਮੰਗਦੇ ਹਾਂ, ਤਾਂ ਉਹ ਸਾਨੂੰ ਮਾਫ਼ ਕਰ ਦਿੰਦਾ ਹੈ। ਜ਼ਬੂਰਾਂ ਦੀ ਪੋਥੀ 51:17 ਵਿਚ ਦੱਸਿਆ ਗਿਆ ਹੈ: “ਪਰਮੇਸ਼ੁਰ ਦਾ ਬਲੀਦਾਨ ਟੁੱਟਾ ਹੋਇਆ ਆਤਮਾ ਹੈ, ਹੇ ਪਰਮੇਸ਼ੁਰ, ਟੁੱਟੇ ਅਤੇ ਆਜਿਜ਼ ਦਿਲ ਨੂੰ ਤੂੰ ਤੁੱਛ ਨਾ ਜਾਣੇਂਗਾ।” ਯਹੋਵਾਹ ਦੋਸ਼ ਦੀ ਭਾਵਨਾ ਥੱਲੇ ਝੁਕੇ ਹੋਏ “ਟੁੱਟੇ ਅਤੇ ਆਜਿਜ਼ ਦਿਲ” ਨੂੰ ਕਦੇ ਵੀ ਨਹੀਂ ਠੁਕਰਾਏਗਾ।

      7 ਤਾਂ ਫਿਰ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਪਾਪੀ ਹੋਣ ਦਾ ਬਹਾਨਾ ਬਣਾ ਕੇ ਭਾਵੇਂ ਜੋ ਮਰਜ਼ੀ ਕਰੀਏ, ਯਹੋਵਾਹ ਸਾਨੂੰ ਮਾਫ਼ ਕਰਦਾ ਰਹੇਗਾ? ਬਿਲਕੁਲ ਨਹੀਂ, ਅਸੀਂ ਉਸ ਨੂੰ ਧੋਖਾ ਨਹੀਂ ਦੇ ਸਕਦੇ! ਯਹੋਵਾਹ ਜਜ਼ਬਾਤੀ ਹੋ ਕੇ ਫ਼ੈਸਲੇ ਨਹੀਂ ਕਰਦਾ। ਉਸ ਦੀ ਮਾਫ਼ੀ ਦੀ ਵੀ ਹੱਦ ਹੈ। ਯਹੋਵਾਹ ਉਨ੍ਹਾਂ ਲੋਕਾਂ ਨੂੰ ਮਾਫ਼ ਨਹੀਂ ਕਰਦਾ ਜੋ ਪਛਤਾਵਾ ਕਰਨ ਤੋਂ ਬਿਨਾਂ ਜਾਣ-ਬੁੱਝ ਕੇ ਪਾਪ ਕਰਦੇ ਰਹਿੰਦੇ ਹਨ। (ਇਬਰਾਨੀਆਂ 10:26) ਪਰ ਦੂਜੇ ਪਾਸੇ ਜਦ ਵੀ ਉਹ ਪਛਤਾਵੇ-ਭਰੇ ਦਿਲ ਨੂੰ ਦੇਖਦਾ ਹੈ, ਤਾਂ ਉਹ ਮਾਫ਼ ਕਰਨ ਲਈ ਤਿਆਰ ਹੋ ਜਾਂਦਾ ਹੈ। ਹੁਣ ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਕਿੰਨੀ ਸੋਹਣੀ ਤਰ੍ਹਾਂ ਦੱਸਿਆ ਗਿਆ ਹੈ ਕਿ ਯਹੋਵਾਹ ਆਪਣੇ ਪਿਆਰ ਦਾ ਸਬੂਤ ਦਿੰਦੇ ਹੋਏ ਮਾਫ਼ ਕਿਸ ਤਰ੍ਹਾਂ ਕਰਦਾ ਹੈ।

      ਯਹੋਵਾਹ ਕਿਸ ਹੱਦ ਤਕ ਮਾਫ਼ ਕਰਦਾ ਹੈ?

      8. ਯਹੋਵਾਹ ਜਦ ਸਾਡੇ ਪਾਪ ਮਾਫ਼ ਕਰਦਾ ਹੈ, ਤਾਂ ਉਹ ਅਸਲ ਵਿਚ ਕੀ ਕਰ ਰਿਹਾ ਹੁੰਦਾ ਹੈ ਅਤੇ ਇਸ ਕਰਕੇ ਅਸੀਂ ਕੀ ਵਿਸ਼ਵਾਸ ਕਰ ਸਕਦੇ ਹਾਂ?

      8 ਪਸ਼ਚਾਤਾਪ ਕਰਨ ਤੋਂ ਬਾਅਦ ਦਾਊਦ ਨੇ ਕਿਹਾ: ‘ਮੈਂ ਤੇਰੇ ਅੱਗੇ ਆਪਣੇ ਪਾਪ ਦਾ ਇਕਰਾਰ ਕੀਤਾ, ਅਤੇ ਆਪਣੀ ਬਦੀ ਨਹੀਂ ਲੁਕਾਈ। ਤਾਂ ਤੈਂ ਆਪ ਮੇਰੇ ਪਾਪ ਦੀ ਬਦੀ ਨੂੰ ਚੁੱਕ ਲਿਆ।’ (ਜ਼ਬੂਰਾਂ ਦੀ ਪੋਥੀ 32:5) “ਚੁੱਕ ਲਿਆ” ਦਾ ਇੱਥੇ ਮਤਲਬ ਹੈ ਕਿ ਦੋਸ਼, ਅਨਿਆਂ, ਅਣਆਗਿਆਕਾਰੀ ਅਤੇ ਪਾਪ ਨੂੰ ਮਾਫ਼ ਕਰ ਦਿੱਤਾ। ਤਾਂ ਫਿਰ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਦਾਊਦ ਦਾ ਪਾਪ ਉਠਾ ਕੇ ਦੂਰ ਸੁੱਟ ਦਿੱਤਾ ਸੀ। ਮਾਫ਼ੀ ਮਿਲਣ ਨਾਲ ਦਾਊਦ ਨੂੰ ਚੈਨ ਆਇਆ ਹੋਣਾ ਕਿਉਂਕਿ ਹੁਣ ਉਹ ਪਾਪ ਦੇ ਬੋਝ ਹੇਠ ਦੱਬਿਆ ਹੋਇਆ ਨਹੀਂ ਮਹਿਸੂਸ ਕਰਦਾ ਸੀ। (ਜ਼ਬੂਰਾਂ ਦੀ ਪੋਥੀ 32:3) ਅਸੀਂ ਵੀ ਉਸ ਪਰਮੇਸ਼ੁਰ ਵਿਚ ਪੂਰਾ ਵਿਸ਼ਵਾਸ ਕਰ ਸਕਦੇ ਹਾਂ ਜੋ ਉਨ੍ਹਾਂ ਲੋਕਾਂ ਦੇ ਪਾਪ ਚੁੱਕ ਲੈਂਦਾ ਹੈ ਜੋ ਯਿਸੂ ਦੇ ਬਲੀਦਾਨ ਵਿਚ ਨਿਹਚਾ ਕਰ ਕੇ ਉਸ ਤੋਂ ਮਾਫ਼ੀ ਮੰਗਦੇ ਹਨ।—ਮੱਤੀ 20:28.

      9. ਯਹੋਵਾਹ ਸਾਡੇ ਪਾਪ ਸਾਡੇ ਤੋਂ ਕਿੰਨੀ ਦੂਰ ਕਰ ਦਿੰਦਾ ਹੈ?

      9 ਦਾਊਦ ਨੇ ਇਕ ਹੋਰ ਤਰੀਕੇ ਨਾਲ ਵੀ ਯਹੋਵਾਹ ਵੱਲੋਂ ਮਾਫ਼ ਕਰਨ ਦੀ ਗੱਲ ਕੀਤੀ ਸੀ: “ਜਿੰਨਾ ਚੜ੍ਹਦਾ ਲਹਿੰਦੇ ਤੋਂ ਦੂਰ ਹੈ, ਉੱਨੇ ਹੀ ਉਹ ਨੇ ਸਾਡੇ ਅਪਰਾਧ ਸਾਥੋਂ ਦੂਰ ਕੀਤੇ ਹਨ!” (ਜ਼ਬੂਰਾਂ ਦੀ ਪੋਥੀ 103:12) ਚੜ੍ਹਦਾ ਲਹਿੰਦੇ ਤੋਂ ਕਿੰਨਾ ਦੂਰ ਹੈ? ਕਿਹਾ ਜਾ ਸਕਦਾ ਹੈ ਕਿ ਪੂਰਬ ਤੇ ਪੱਛਮ ਇਕ ਦੂਸਰੇ ਤੋਂ ਹਮੇਸ਼ਾ ਦੂਰ ਰਹਿੰਦੇ ਹਨ; ਇਹ ਦੋਵੇਂ ਕਦੇ ਵੀ ਨਹੀਂ ਮਿਲ ਸਕਦੇ। ਇਕ ਵਿਦਵਾਨ ਨੇ ਇਸ ਬਾਰੇ ਕਿਹਾ ਕਿ ‘ਇਹ ਦੋਵੇਂ ਦਿਸ਼ਾਵਾਂ ਇਕ ਦੂਸਰੇ ਤੋਂ ਇੰਨੀਆਂ ਦੂਰ ਹਨ ਕਿ ਅਸੀਂ ਇਸ ਦੂਰੀ ਦੀ ਕਲਪਨਾ ਵੀ ਨਹੀਂ ਕਰ ਸਕਦੇ।’ ਤਾਂ ਫਿਰ ਦਾਊਦ ਦੇ ਕਹਿਣ ਦਾ ਮਤਲਬ ਸੀ ਕਿ ਜਦ ਯਹੋਵਾਹ ਸਾਨੂੰ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਪਾਪ ਸਾਡੇ ਤੋਂ ਇੰਨੇ ਦੂਰ ਕਰ ਦਿੰਦਾ ਹੈ ਕਿ ਅਸੀਂ ਇਸ ਫ਼ਾਸਲੇ ਬਾਰੇ ਕਲਪਨਾ ਵੀ ਨਹੀਂ ਕਰ ਸਕਦੇ।

      ਚਿੱਟੀ ਬਰਫ਼ ਨਾਲ ਢਕੇ ਪਹਾੜ

      “ਤੁਹਾਡੇ ਪਾਪ . . . ਬਰਫ ਜੇਹੇ ਚਿੱਟੇ ਹੋ ਜਾਣਗੇ”

      10. ਜਦ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਸਾਨੂੰ ਇਸ ਤਰ੍ਹਾਂ ਕਦੇ ਕਿਉਂ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਸਾਡੀ ਜ਼ਿੰਦਗੀ ਤੇ ਉਸ ਪਾਪ ਦਾ ਧੱਬਾ ਲੱਗਾ ਹੋਇਆ ਹੈ?

      10 ਕੀ ਤੁਸੀਂ ਕਦੇ ਕਿਸੇ ਹਲਕੇ ਰੰਗ ਦੇ ਕੱਪੜੇ ਉੱਤੇ ਲੱਗੇ ਦਾਗ਼ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ? ਤੁਸੀਂ ਭਾਵੇਂ ਕੱਪੜੇ ਨੂੰ ਜਿੰਨਾ ਮਰਜ਼ੀ ਰਗੜ-ਰਗੜ ਕੇ ਧੋਵੋ, ਫਿਰ ਵੀ ਦਾਗ਼ ਦਿੱਸਦਾ ਰਹਿੰਦਾ ਹੈ। ਨੋਟ ਕਰੋ ਕਿ ਯਹੋਵਾਹ ਕਿਸ ਹੱਦ ਤਕ ਮਾਫ਼ ਕਰਦਾ ਹੈ: ‘ਭਾਵੇਂ ਤੁਹਾਡੇ ਪਾਪ ਕਿਰਮਚ ਜੇਹੇ ਹੋਣ, ਓਹ ਬਰਫ ਜੇਹੇ ਚਿੱਟੇ ਹੋ ਜਾਣਗੇ, ਭਾਵੇਂ ਓਹ ਮਜੀਠ ਜੇਹੇ ਲਾਲ ਹੋਣ, ਓਹ ਉੱਨ ਜੇਹੇ ਹੋ ਜਾਣਗੇ।’ (ਯਸਾਯਾਹ 1:18) “ਕਿਰਮਚੀ” ਗੂੜ੍ਹਾ ਲਾਲ ਰੰਗ ਹੁੰਦਾ ਹੈ।b ਅਸੀਂ ਕਦੀ ਵੀ ਆਪਣੇ ਜਤਨਾਂ ਨਾਲ ਪਾਪ ਦੇ ਦਾਗ਼ ਨੂੰ ਮਿਟਾ ਨਹੀਂ ਸਕਦੇ ਹਾਂ। ਪਰ ਯਹੋਵਾਹ ਸਾਡੇ ਗੂੜ੍ਹੇ ਲਾਲ ਰੰਗ ਵਰਗੇ ਪਾਪਾਂ ਨੂੰ ਬਰਫ਼ ਵਾਂਗ ਜਾਂ ਬੇਰੰਗੀ ਉੱਨ ਵਾਂਗ ਚਿੱਟਾ ਬਣਾ ਸਕਦਾ ਹੈ। ਜਦ ਯਹੋਵਾਹ ਸਾਡੇ ਪਾਪ ਮਾਫ਼ ਕਰ ਦਿੰਦਾ ਹੈ, ਤਾਂ ਸਾਨੂੰ ਇਸ ਤਰ੍ਹਾਂ ਕਦੇ ਮਹਿਸੂਸ ਕਰਨ ਦੀ ਲੋੜ ਨਹੀਂ ਕਿ ਸਾਡੀ ਜ਼ਿੰਦਗੀ ਤੇ ਉਸ ਪਾਪ ਦਾ ਧੱਬਾ ਲੱਗਾ ਹੋਇਆ ਹੈ।

      11. ਯਹੋਵਾਹ ਸਾਡੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਕਿਵੇਂ ਸੁੱਟਦਾ ਹੈ?

      11 ਹਿਜ਼ਕੀਯਾਹ ਨੇ ਇਕ ਮਾਰੂ ਬੀਮਾਰੀ ਤੋਂ ਤੰਦਰੁਸਤ ਹੋਣ ਤੋਂ ਬਾਅਦ ਇਕ ਗੀਤ ਵਿਚ ਯਹੋਵਾਹ ਦਾ ਧੰਨਵਾਦ ਕੀਤਾ ਸੀ। ਉਸ ਨੇ ਯਹੋਵਾਹ ਨੂੰ ਕਿਹਾ: ‘ਤੈਂ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।’ (ਯਸਾਯਾਹ 38:17) ਯਹੋਵਾਹ ਬਾਰੇ ਇੱਥੇ ਇਸ ਤਰ੍ਹਾਂ ਗੱਲ ਕੀਤੀ ਗਈ ਹੈ ਕਿ ਜਿਵੇਂ ਉਹ ਤੋਬਾ ਕਰਨ ਵਾਲੇ ਪਾਪੀ ਦੇ ਪਾਪਾਂ ਨੂੰ ਲੈ ਕੇ ਆਪਣੇ ਪਿੱਛੇ ਸੁੱਟ ਦਿੰਦਾ ਹੈ ਜਿੱਥੇ ਨਾ ਉਹ ਪਾਪ ਉਸ ਨੂੰ ਨਜ਼ਰ ਆਉਂਦੇ ਹਨ ਅਤੇ ਨਾ ਹੀ ਉਹ ਉਨ੍ਹਾਂ ਵੱਲ ਕੋਈ ਧਿਆਨ ਦਿੰਦਾ ਹੈ। ਬਾਈਬਲ ਦੇ ਇਕ ਕੋਸ਼ ਮੁਤਾਬਕ ਇਹ ਗੱਲ ਇਸ ਤਰ੍ਹਾਂ ਵੀ ਕਹੀ ਜਾ ਸਕਦੀ ਹੈ: “ਤੈਂ ਮੇਰੇ ਪਾਪਾਂ ਨੂੰ ਇਸ ਤਰ੍ਹਾਂ ਸਮਝ ਲਿਆ ਹੈ ਜਿਵੇਂ ਕਿਤੇ ਮੈਂ ਉਹ ਪਾਪ ਕਦੀ ਕੀਤੇ ਹੀ ਨਾ ਹੋਣ।” ਕੀ ਇਸ ਗੱਲ ਤੋਂ ਸਾਨੂੰ ਦਿਲਾਸਾ ਨਹੀਂ ਮਿਲਦਾ?

      12. ਮੀਕਾਹ ਨਬੀ ਦੀ ਗੱਲ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਜਦ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਪਾਪ ਨੂੰ ਹਮੇਸ਼ਾ ਲਈ ਮਿਟਾ ਦਿੰਦਾ ਹੈ?

      12 ਮੀਕਾਹ ਨਬੀ ਜਾਣਦਾ ਸੀ ਕਿ ਯਹੋਵਾਹ ਆਪਣੇ ਪਸ਼ਚਾਤਾਪੀ ਲੋਕਾਂ ਨੂੰ ਮਾਫ਼ ਕਰਦਾ ਹੈ। ਉਸ ਨੇ ਲਿਖਿਆ: ‘ਤੇਰੇ ਵਰਗਾ ਕਿਹੜਾ ਪਰਮੇਸ਼ੁਰ ਹੈ? ਜੋ ਆਪਣੀ ਮਿਲਖ ਦੇ ਬਕੀਏ ਦੀ ਬਦੀ ਲਈ ਖਿਮਾ ਕਰਦਾ। ਤੂੰ ਓਹਨਾਂ ਦੇ ਸਾਰੇ ਪਾਪਾਂ ਨੂੰ ਸਮੁੰਦਰ ਦੀ ਤਹਿ ਵਿੱਚ ਸੁੱਟੇਂਗਾ।’ (ਮੀਕਾਹ 7:18, 19) ਜ਼ਰਾ ਸੋਚੋ ਕਿ ਉਸ ਜ਼ਮਾਨੇ ਵਿਚ ਰਹਿਣ ਵਾਲੇ ਲੋਕਾਂ ਉੱਤੇ ਇਨ੍ਹਾਂ ਸ਼ਬਦਾਂ ਦਾ ਕੀ ਅਸਰ ਪਿਆ ਹੋਵੇਗਾ। ਕੀ ਕੋਈ ਵੀ ਚੀਜ਼ ਜੋ ‘ਸਮੁੰਦਰ ਦੀ ਤਹਿ ਵਿੱਚ ਸੁੱਟੀ’ ਗਈ ਹੋਵੇ, ਬਾਹਰ ਕੱਢੀ ਜਾ ਸਕਦੀ ਸੀ? ਤਾਂ ਫਿਰ ਮੀਕਾਹ ਦੀ ਗੱਲ ਤੋਂ ਪਤਾ ਲੱਗਦਾ ਹੈ ਕਿ ਜਦ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਪਾਪ ਨੂੰ ਹਮੇਸ਼ਾ ਲਈ ਮਿਟਾ ਦਿੰਦਾ ਹੈ।

      13. ਜਦ ਯਿਸੂ ਨੇ ਕਿਹਾ ਸੀ, “ਸਾਡੇ ਕਰਜ਼ ਸਾਨੂੰ ਮਾਫ਼ ਕਰ,” ਤਾਂ ਉਸ ਦੇ ਕਹਿਣ ਦਾ ਕੀ ਮਤਲਬ ਸੀ?

      13 ਯਿਸੂ ਨੇ ਕਰਜ਼ਾਈ ਤੇ ਲੈਣਦਾਰ ਦੀ ਗੱਲ ਕਰਦੇ ਹੋਏ ਸਮਝਾਇਆ ਸੀ ਕਿ ਯਹੋਵਾਹ ਕਿਸ ਤਰ੍ਹਾਂ ਮਾਫ਼ ਕਰਦਾ ਹੈ। ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਉਂਦੇ ਹੋਏ ਕਿਹਾ: ‘ਸਾਡੇ ਕਰਜ਼ ਸਾਨੂੰ ਮਾਫ਼ ਕਰ।’ (ਮੱਤੀ 6:12) ਇਸ ਤਰ੍ਹਾਂ ਯਿਸੂ ਨੇ ਪਾਪ ਦੀ ਤੁਲਨਾ ਕਰਜ਼ ਨਾਲ ਕੀਤੀ ਸੀ। (ਲੂਕਾ 11:4) ਜਦ ਅਸੀਂ ਪਾਪ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੇ ਕਰਜ਼ਾਈ ਬਣ ਜਾਂਦੇ ਹਾਂ। ਜਿਸ ਯੂਨਾਨੀ ਕ੍ਰਿਆ ਦਾ ਤਰਜਮਾ “ਮਾਫ਼ ਕਰਨਾ” ਕੀਤਾ ਗਿਆ ਹੈ, ਉਸ ਕ੍ਰਿਆ ਦਾ ਮਤਲਬ ਬਾਈਬਲ ਦੇ ਇਕ ਕੋਸ਼ ਵਿਚ ਇਸ ਤਰ੍ਹਾਂ ਸਮਝਾਇਆ ਗਿਆ ਹੈ: “ਕਿਸੇ ਕਰਜ਼ੇ ਨੂੰ ਵਾਪਸ ਨਾ ਮੰਗਣਾ ਜਾਂ ਉਸ ਨੂੰ ਮਾਫ਼ ਕਰ ਦੇਣਾ।” ਇਸ ਲਈ ਕਿਹਾ ਜਾ ਸਕਦਾ ਹੈ ਕਿ ਜਦ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਸਾਡੇ ਖਾਤੇ ਵਿਚ ਲਿਖੇ ਕਰਜ਼ ਵਾਪਸ ਮੰਗਣ ਦੀ ਬਜਾਇ ਉਨ੍ਹਾਂ ਨੂੰ ਮਾਫ਼ ਕਰ ਦਿੰਦਾ ਹੈ। ਤੋਬਾ ਕਰਨ ਵਾਲੇ ਪਾਪੀ ਇਸ ਗੱਲ ਤੋਂ ਦਿਲਾਸਾ ਪਾ ਸਕਦੇ ਹਨ। ਯਹੋਵਾਹ ਨੇ ਜੋ ਕਰਜ਼ਾ ਮਾਫ਼ ਕਰ ਦਿੱਤਾ ਹੈ, ਉਹ ਉਸ ਨੂੰ ਮੁੜ ਕੇ ਕਦੇ ਨਹੀਂ ਮੰਗੇਗਾ!—ਜ਼ਬੂਰਾਂ ਦੀ ਪੋਥੀ 32:1, 2.

      14. “ਤੁਹਾਡੇ ਪਾਪ ਮਿਟਾਏ ਜਾਣ” ਸ਼ਬਦ ਪੜ੍ਹ ਕੇ ਸਾਡੇ ਮਨ ਵਿਚ ਕਿਹੜੀ ਤਸਵੀਰ ਬਣਦੀ ਹੈ?

      14 ਰਸੂਲਾਂ ਦੇ ਕਰਤੱਬ 3:19 ਵਿਚ ਯਹੋਵਾਹ ਵੱਲੋਂ ਮਾਫ਼ ਕਰਨ ਬਾਰੇ ਅੱਗੇ ਲਿਖਿਆ ਹੈ: ‘ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ।’ ਜਿਸ ਯੂਨਾਨੀ ਕ੍ਰਿਆ ਦਾ ਤਰਜਮਾ ਮਿਟਾਉਣਾ ਕੀਤਾ ਗਿਆ ਹੈ, ਉਸ ਦਾ ਮਤਲਬ “ਪੂੰਝ ਕੇ ਸਾਫ਼ ਕਰਨਾ ਜਾਂ ਨਸ਼ਟ ਕਰਨਾ” ਹੋ ਸਕਦਾ ਹੈ। ਕੁਝ ਵਿਦਵਾਨਾਂ ਦੇ ਮੁਤਾਬਕ ਇਹ ਲਿਖਾਈ ਨੂੰ ਮਿਟਾਉਣ ਦੇ ਬਰਾਬਰ ਸੀ। ਇਹ ਕਿਸ ਤਰ੍ਹਾਂ ਮੁਮਕਿਨ ਸੀ? ਪੁਰਾਣੇ ਜ਼ਮਾਨੇ ਵਿਚ ਆਮ ਤੌਰ ਤੇ ਸਿਆਹੀ ਕਾਰਬਨ, ਗੂੰਦ ਤੇ ਪਾਣੀ ਮਿਲਾ ਕੇ ਬਣਾਈ ਜਾਂਦੀ ਸੀ। ਲਿਖਣ ਤੋਂ ਥੋੜ੍ਹੇ ਹੀ ਸਮੇਂ ਬਾਅਦ ਅਜਿਹੀ ਸਿਆਹੀ ਨਾਲ ਲਿਖੀ ਗੱਲ ਗਿੱਲੇ ਕੱਪੜੇ ਨਾਲ ਮਿਟਾਈ ਜਾ ਸਕਦੀ ਸੀ। ਹੁਣ ਅਸੀਂ ਯਹੋਵਾਹ ਦੇ ਰਹਿਮ ਦੀ ਸੋਹਣੀ ਤਸਵੀਰ ਦੇਖ ਸਕਦੇ ਹਾਂ। ਜਦ ਉਹ ਸਾਡੇ ਪਾਪ ਮਾਫ਼ ਕਰਦਾ ਹੈ, ਤਾਂ ਮਾਨੋ ਉਹ ਕੱਪੜਾ ਲੈ ਕੇ ਉਨ੍ਹਾਂ ਨੂੰ ਮਿਟਾ ਦਿੰਦਾ ਹੈ।

      ਯਹੋਵਾਹ ਚਾਹੁੰਦਾ ਹੈ ਕਿ ਅਸੀਂ ਜਾਣੀਏ ਕਿ ਉਹ “ਮਾਫ਼ ਕਰਨ” ਲਈ ਤਿਆਰ ਹੈ

      15. ਯਹੋਵਾਹ ਕੀ ਚਾਹੁੰਦਾ ਹੈ ਕਿ ਅਸੀਂ ਉਸ ਬਾਰੇ ਜਾਣੀਏ?

      15 ਜਦ ਅਸੀਂ ਇਨ੍ਹਾਂ ਸਾਰੇ ਦ੍ਰਿਸ਼ਟਾਂਤਾਂ ਉੱਤੇ ਗੌਰ ਕਰਦੇ ਹਾਂ, ਤਾਂ ਕੀ ਸਾਨੂੰ ਪਤਾ ਨਹੀਂ ਲੱਗਦਾ ਕਿ ਸਾਡੀ ਤੋਬਾ ਦੇਖ ਕੇ ਯਹੋਵਾਹ ਸਾਨੂੰ ਸੱਚ-ਮੁੱਚ ਮਾਫ਼ ਕਰਨ ਲਈ ਤਿਆਰ ਹੋ ਜਾਂਦਾ ਹੈ? ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਸ ਗੱਲ ਨੂੰ ਜਾਣੀਏ। ਸਾਨੂੰ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਕਿ ਭਵਿੱਖ ਵਿਚ ਉਹ ਸਾਡੇ ਪਿੱਛਲੇ ਪਾਪਾਂ ਕਾਰਨ ਸਾਨੂੰ ਦੋਸ਼ੀ ਠਹਿਰਾਵੇਗਾ। ਬਾਈਬਲ ਵਿਚ ਯਹੋਵਾਹ ਦੇ ਰਹਿਮ ਦੀ ਗੱਲ ਇਕ ਹੋਰ ਤਰੀਕੇ ਨਾਲ ਵੀ ਸਮਝਾਈ ਗਈ ਹੈ: ਯਹੋਵਾਹ ਮਾਫ਼ ਕਰਨ ਤੋਂ ਬਾਅਦ ਗੱਲ ਨੂੰ ਭੁੱਲ ਵੀ ਜਾਂਦਾ ਹੈ।

      ‘ਮੈਂ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ’

      16, 17. ਜਦ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਪਾਪਾਂ ਨੂੰ “ਚੇਤੇ” ਨਹੀਂ ਰੱਖਦਾ, ਤਾਂ ਇਸ ਦਾ ਕੀ ਮਤਲਬ ਹੈ ਅਤੇ ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ?

      16 ਯਹੋਵਾਹ ਨੇ ਨਵੇਂ ਨੇਮ ਵਿਚਲੇ ਲੋਕਾਂ ਨਾਲ ਵਾਅਦਾ ਕੀਤਾ ਸੀ: “ਮੈਂ ਓਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ।” (ਯਿਰਮਿਯਾਹ 31:34) ਕੀ ਇਸ ਦਾ ਇਹ ਮਤਲਬ ਹੈ ਕਿ ਜਦ ਯਹੋਵਾਹ ਮਾਫ਼ ਕਰਦਾ ਹੈ, ਤਾਂ ਉਹ ਉਸ ਗੱਲ ਨੂੰ ਮੁੜ ਕੇ ਚੇਤੇ ਹੀ ਨਹੀਂ ਕਰ ਸਕਦਾ? ਇਸ ਤਰ੍ਹਾਂ ਨਹੀਂ ਹੋ ਸਕਦਾ। ਬਾਈਬਲ ਵਿਚ ਦਾਊਦ ਅਤੇ ਕਈਆਂ ਹੋਰਨਾਂ ਲੋਕਾਂ ਬਾਰੇ ਗੱਲ ਕੀਤੀ ਗਈ ਹੈ ਜਿਨ੍ਹਾਂ ਦੇ ਪਾਪ ਯਹੋਵਾਹ ਨੇ ਮਾਫ਼ ਕੀਤੇ ਸਨ। (2 ਸਮੂਏਲ 11:1-17; 12:13) ਯਹੋਵਾਹ ਨੂੰ ਅਜੇ ਵੀ ਉਨ੍ਹਾਂ ਦੀਆਂ ਗ਼ਲਤੀਆਂ ਯਾਦ ਹਨ। ਬਾਈਬਲ ਵਿਚ ਇਹ ਸਭ ਗੱਲਾਂ ਸਾਡੇ ਫ਼ਾਇਦੇ ਲਈ ਲਿਖੀਆਂ ਗਈਆਂ ਹਨ ਕਿ ਉਨ੍ਹਾਂ ਨੇ ਪਾਪ ਕੀਤੇ ਸਨ ਤੇ ਉਨ੍ਹਾਂ ਨੇ ਪਸ਼ਚਾਤਾਪ ਕੀਤਾ ਸੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਮਾਫ਼ ਕੀਤਾ ਸੀ। (ਰੋਮੀਆਂ 15:4) ਤਾਂ ਫਿਰ ਜਦ ਬਾਈਬਲ ਕਹਿੰਦੀ ਹੈ ਕਿ ਯਹੋਵਾਹ ਮਾਫ਼ ਕਰਨ ਤੋਂ ਬਾਅਦ ਪਾਪਾਂ ਨੂੰ “ਚੇਤੇ” ਨਹੀਂ ਰੱਖਦਾ, ਤਾਂ ਇਸ ਦਾ ਕੀ ਮਤਲਬ ਹੈ?

      17 ਜਿਸ ਇਬਰਾਨੀ ਕ੍ਰਿਆ ਦਾ ਤਰਜਮਾ ‘ਮੈਂ ਚੇਤੇ ਕਰਾਂਗਾ’ ਕੀਤਾ ਗਿਆ ਹੈ, ਉਸ ਦਾ ਮਤਲਬ ਸਿਰਫ਼ ਇਹੀ ਨਹੀਂ ਕਿ ਬੀਤੇ ਸਮੇਂ ਦੀ ਗੱਲ ਯਾਦ ਕਰਨੀ। ਬਾਈਬਲ ਬਾਰੇ ਇਕ ਕਿਤਾਬ ਵਿਚ ਕਿਹਾ ਗਿਆ ਹੈ ਕਿ ਇਸ ਦਾ ਮਤਲਬ ਇਹ ਵੀ ਹੈ ਕਿ ਯਾਦ ਰੱਖਣ ਦੇ ਨਾਲ-ਨਾਲ ‘ਇਸ ਬਾਰੇ ਕੁਝ ਕਰਨਾ।’ ਸੋ ਪਾਪ ਨੂੰ “ਚੇਤੇ” ਕਰਨ ਦਾ ਮਤਲਬ ਹੈ ਕਿ ਪਾਪ ਕਰਨ ਵਾਲੇ ਨੂੰ ਸਜ਼ਾ ਦੇਣੀ। (ਹੋਸ਼ੇਆ 9:9) ਪਰ ਜਦ ਪਰਮੇਸ਼ੁਰ ਕਹਿੰਦਾ ਹੈ ਕਿ ‘ਮੈਂ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ,’ ਤਾਂ ਉਹ ਸਾਨੂੰ ਤਸੱਲੀ ਦੇ ਰਿਹਾ ਹੈ ਕਿ ਇਕ ਵਾਰ ਜਦ ਉਹ ਪਾਪੀ ਨੂੰ ਮਾਫ਼ ਕਰ ਦਿੰਦਾ ਹੈ, ਤਾਂ ਭਵਿੱਖ ਵਿਚ ਉਹ ਉਸ ਪਾਪ ਦਾ ਲੇਖਾ ਕਦੇ ਨਹੀਂ ਲਵੇਗਾ। (ਹਿਜ਼ਕੀਏਲ 18:21, 22) ਤਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਯਹੋਵਾਹ ਇਸ ਭਾਵ ਵਿਚ ਭੁੱਲ ਜਾਂਦਾ ਹੈ ਕਿ ਉਹ ਸਾਨੂੰ ਵਾਰ-ਵਾਰ ਸਜ਼ਾ ਦੇਣ ਵਾਸਤੇ ਮੁੜ-ਮੁੜ ਕੇ ਸਾਡੇ ਪਾਪ ਸਾਡੇ ਸਾਮ੍ਹਣੇ ਨਹੀਂ ਲਿਆਉਂਦਾ। ਕੀ ਇਹ ਜਾਣ ਕੇ ਸਾਨੂੰ ਦਿਲਾਸਾ ਨਹੀਂ ਮਿਲਦਾ ਕਿ ਸਾਡਾ ਪਰਮੇਸ਼ੁਰ ਪਾਪ ਨੂੰ ਸਿਰਫ਼ ਮਾਫ਼ ਹੀ ਨਹੀਂ ਕਰਦਾ, ਪਰ ਉਹ ਉਸ ਨੂੰ ਭੁੱਲ ਵੀ ਜਾਂਦਾ ਹੈ?

      ਪਾਪ ਦੇ ਨਤੀਜੇ

      18. ਮਾਫ਼ ਕਰਨ ਦਾ ਇਹ ਮਤਲਬ ਕਿਉਂ ਨਹੀਂ ਹੈ ਕਿ ਤੋਬਾ ਕਰਨ ਵਾਲੇ ਪਾਪੀ ਨੂੰ ਆਪਣੇ ਪਾਪ ਦੇ ਨਤੀਜੇ ਨਹੀਂ ਭੁਗਤਣੇ ਪੈਣੇ?

      18 ਯਹੋਵਾਹ ਹਮੇਸ਼ਾ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈ। ਕੀ ਇਸ ਦਾ ਇਹ ਮਤਲਬ ਹੈ ਕਿ ਤੋਬਾ ਕਰਨ ਵਾਲੇ ਪਾਪੀ ਨੂੰ ਆਪਣੇ ਪਾਪ ਦੇ ਨਤੀਜੇ ਨਹੀਂ ਭੁਗਤਣੇ ਪੈਣੇ? ਬਿਲਕੁਲ ਨਹੀਂ। ਪਾਪ ਦੇ ਨਤੀਜੇ ਤਾਂ ਸਾਨੂੰ ਭੁਗਤਣੇ ਹੀ ਪੈਣਗੇ। ਪੌਲੁਸ ਰਸੂਲ ਨੇ ਲਿਖਿਆ ਸੀ: “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” (ਗਲਾਤੀਆਂ 6:7) ਸਾਡੀ ਕਰਨੀ ਦਾ ਫਲ ਤਾਂ ਸਾਨੂੰ ਮਿਲੇਗਾ ਹੀ। ਇਸ ਦਾ ਇਹ ਮਤਲਬ ਨਹੀਂ ਕਿ ਸਾਨੂੰ ਮਾਫ਼ ਕਰਨ ਤੋਂ ਬਾਅਦ ਯਹੋਵਾਹ ਸਾਡੇ ਉੱਤੇ ਬਿਪਤਾ ਲਿਆਉਂਦਾ ਹੈ। ਜਦ ਸਾਡੇ ਉੱਤੇ ਬਿਪਤਾ ਆਉਂਦੀ ਹੈ, ਤਾਂ ਸਾਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ, ‘ਸ਼ਾਇਦ ਯਹੋਵਾਹ ਹੀ ਮੈਨੂੰ ਮੇਰੇ ਪਹਿਲੇ ਪਾਪਾਂ ਦੀ ਸਜ਼ਾ ਦੇ ਰਿਹਾ ਹੈ।’ (ਯਾਕੂਬ 1:13) ਦੂਜੇ ਪਾਸੇ ਯਹੋਵਾਹ ਸਾਨੂੰ ਪੁੱਠੇ ਰਾਹ ਤੇ ਚੱਲਣ ਦੇ ਬੁਰੇ ਨਤੀਜਿਆਂ ਤੋਂ ਵੀ ਨਹੀਂ ਬਚਾਉਂਦਾ। ਮਿਸਾਲ ਲਈ, ਤਲਾਕ, ਅਣਚਾਹੇ ਬੱਚੇ, ਜਿਨਸੀ ਬੀਮਾਰੀਆਂ, ਇੱਜ਼ਤ ਤੇ ਭਰੋਸੇ ਨੂੰ ਗੁਆਉਣਾ ਪਾਪ ਦੇ ਬੁਰੇ ਨਤੀਜੇ ਹੋ ਸਕਦੇ ਹਨ। ਯਾਦ ਰੱਖੋ ਕਿ ਜਦ ਦਾਊਦ ਨੇ ਬਥ-ਸ਼ਬਾ ਤੇ ਉਸ ਦੇ ਪਤੀ ਊਰਿੱਯਾਹ ਦੇ ਸੰਬੰਧ ਵਿਚ ਪਾਪ ਕੀਤੇ ਸਨ, ਤਾਂ ਯਹੋਵਾਹ ਨੇ ਦਾਊਦ ਨੂੰ ਉਸ ਦੀ ਕਰਨੀ ਦੇ ਫਲ ਭੁਗਤਣ ਤੋਂ ਬਚਾਇਆ ਨਹੀਂ ਸੀ, ਭਾਵੇਂ ਕਿ ਉਸ ਨੇ ਉਸ ਦੇ ਪਾਪ ਮਾਫ਼ ਕੀਤੇ ਸਨ।—2 ਸਮੂਏਲ 12:9-12.

      19-21. (ੳ) ਪਾਪੀ ਅਤੇ ਪਾਪ ਦੇ ਸ਼ਿਕਾਰ ਵਿਅਕਤੀ ਨੂੰ ਲੇਵੀਆਂ 6:1-7 ਵਿਚ ਦਰਜ ਕੀਤੇ ਗਏ ਕਾਨੂੰਨ ਤੋਂ ਕੀ ਫ਼ਾਇਦਾ ਹੁੰਦਾ ਸੀ? (ਅ) ਜੇ ਸਾਡੇ ਪਾਪ ਕਰਕੇ ਕਿਸੇ ਹੋਰ ਨੂੰ ਦੁੱਖ ਪਹੁੰਚਿਆ ਹੈ, ਤਾਂ ਪਰਮੇਸ਼ੁਰ ਸਾਨੂੰ ਕੀ ਕਰਦੇ ਦੇਖ ਕੇ ਖ਼ੁਸ਼ ਹੁੰਦਾ ਹੈ?

      19 ਸਾਡੇ ਪਾਪ ਦੇ ਹੋਰ ਵੀ ਨਤੀਜੇ ਨਿਕਲ ਸਕਦੇ ਹਨ, ਖ਼ਾਸ ਕਰਕੇ ਜੇ ਸਾਡੀ ਕਿਸੇ ਗ਼ਲਤੀ ਕਰਕੇ ਕਿਸੇ ਹੋਰ ਨੂੰ ਦੁੱਖ ਪਹੁੰਚਿਆ ਹੈ। ਮਿਸਾਲ ਲਈ, ਲੇਵੀਆਂ ਦੇ 6ਵੇਂ ਅਧਿਆਇ ਉੱਤੇ ਜ਼ਰਾ ਗੌਰ ਕਰੋ। ਮੂਸਾ ਦੀ ਬਿਵਸਥਾ ਦੇ ਇਸ ਹਿੱਸੇ ਵਿਚ ਉਸ ਪਾਪ ਦੀ ਗੱਲ ਕੀਤੀ ਗਈ ਹੈ ਜਦ ਕੋਈ ਇਸਰਾਏਲੀ ਆਪਣੇ ਕਿਸੇ ਭਾਈ ਤੋਂ ਚੋਰੀ ਕਰਦਾ ਸੀ ਜਾਂ ਉਸ ਨਾਲ ਧੋਖੇਬਾਜ਼ੀ ਜਾਂ ਠੱਗੀ ਕਰਦਾ ਸੀ। ਪਾਪ ਕਰਨ ਤੋਂ ਬਾਅਦ ਉਹ ਸ਼ਾਇਦ ਮੁੱਕਰ ਜਾਂਦਾ ਸੀ, ਇੱਥੇ ਤਕ ਕਿ ਉਹ ਸੌਂਹ ਖਾ ਕੇ ਇਸ ਕੰਮ ਤੋਂ ਇਨਕਾਰ ਕਰਦਾ ਸੀ। ਅਜਿਹੀ ਘਟਨਾ ਵਿਚ ਇਹ ਨਹੀਂ ਪਤਾ ਲੱਗਦਾ ਸੀ ਕਿ ਦੋਹਾਂ ਭਾਈਆਂ ਵਿੱਚੋਂ ਕੌਣ ਸੱਚ ਬੋਲ ਰਿਹਾ ਸੀ ਤੇ ਕੌਣ ਝੂਠ ਬੋਲ ਰਿਹਾ ਸੀ। ਪਰ ਬਾਅਦ ਵਿਚ ਪਾਪ ਕਰਨ ਵਾਲੇ ਦੀ ਜ਼ਮੀਰ ਉਸ ਨੂੰ ਦੋਸ਼ੀ ਠਹਿਰਾਉਂਦੀ ਸੀ ਅਤੇ ਉਹ ਆਪਣੇ ਪਾਪ ਦਾ ਇਕਰਾਰ ਕਰਨ ਲਈ ਤਿਆਰ ਹੁੰਦਾ ਸੀ। ਪਰਮੇਸ਼ੁਰ ਦੁਆਰਾ ਮਾਫ਼ ਕੀਤੇ ਜਾਣ ਲਈ ਉਸ ਨੂੰ ਤਿੰਨ ਹੋਰ ਚੀਜ਼ਾਂ ਕਰਨ ਦੀ ਲੋੜ ਸੀ: ਠੱਗੀ ਚੀਜ਼ ਵਾਪਸ ਕਰੇ, ਜਿਸ ਨੂੰ ਠੱਗਿਆ ਗਿਆ ਉਸ ਨੂੰ 20 ਫੀ ਸਦੀ ਜੁਰਮਾਨਾ ਭਰੇ ਅਤੇ ਇਕ ਭੇਡ ਨੂੰ ਦੋਸ਼ ਦੀ ਭੇਟ ਵਜੋਂ ਚੜ੍ਹਾਵੇ। ਫਿਰ, ਬਿਵਸਥਾ ਵਿਚ ਲਿਖਿਆ ਸੀ ਕਿ ਪਾਪੀ ਦੇ ਇਹ ਸਭ ਕਰਨ ਤੋਂ ਬਾਅਦ “ਜਾਜਕ ਉਸ ਦੇ ਲਈ ਯਹੋਵਾਹ ਦੇ ਅੱਗੇ ਪ੍ਰਾਸਚਿਤ ਕਰੇ . . . ਸੋ ਸਭ ਕੁਝ ਦੀ ਖਿਮਾ ਉਸ ਨੂੰ ਹੋ ਜਾਵੇਗੀ।”—ਲੇਵੀਆਂ 6:1-7.

      20 ਪਰਮੇਸ਼ੁਰ ਨੇ ਪਿਆਰ ਨਾਲ ਬਿਵਸਥਾ ਦਾ ਪ੍ਰਬੰਧ ਕੀਤਾ ਸੀ। ਇਸ ਪ੍ਰਬੰਧ ਤੋਂ ਉਸ ਇਨਸਾਨ ਨੂੰ ਫ਼ਾਇਦਾ ਹੁੰਦਾ ਸੀ ਜਿਸ ਤੋਂ ਕੋਈ ਚੀਜ਼ ਠੱਗੀ ਗਈ ਸੀ। ਇਸ ਦੇ ਜ਼ਰੀਏ ਉਸ ਨੂੰ ਆਪਣੀ ਚੀਜ਼ ਵਾਪਸ ਮਿਲਦੀ ਸੀ ਅਤੇ ਪਾਪੀ ਦਾ ਇਕਰਾਰ ਸੁਣ ਕੇ ਖ਼ੁਸ਼ੀ ਵੀ ਹੁੰਦੀ ਸੀ। ਪਰ ਇਸ ਦੇ ਨਾਲ-ਨਾਲ ਬਿਵਸਥਾ ਦੁਆਰਾ ਪਾਪ ਕਰਨ ਵਾਲੇ ਨੂੰ ਵੀ ਫ਼ਾਇਦਾ ਹੁੰਦਾ ਸੀ। ਉਹ ਆਪਣਾ ਪਾਪ ਕਬੂਲ ਕਰ ਸਕਦਾ ਸੀ ਅਤੇ ਆਪਣੀ ਗ਼ਲਤੀ ਦਾ ਪ੍ਰਾਸਚਿਤ ਕਰ ਸਕਦਾ ਸੀ। ਜੇ ਉਹ ਇਸ ਤਰ੍ਹਾਂ ਨਾ ਕਰਦਾ, ਤਾਂ ਉਸ ਨੂੰ ਪਰਮੇਸ਼ੁਰ ਤੋਂ ਮਾਫ਼ੀ ਨਹੀਂ ਮਿਲ ਸਕਦੀ ਸੀ।

      21 ਭਾਵੇਂ ਅਸੀਂ ਮੂਸਾ ਦੀ ਬਿਵਸਥਾ ਦੇ ਅਧੀਨ ਨਹੀਂ ਹਾਂ, ਪਰ ਉਸ ਉੱਤੇ ਗੌਰ ਕਰ ਕੇ ਅਸੀਂ ਯਹੋਵਾਹ ਦੀ ਸੋਚਣੀ ਜਾਣ ਸਕਦੇ ਹਾਂ ਕਿ ਮਾਫ਼ ਕਰਨ ਬਾਰੇ ਉਸ ਦਾ ਕੀ ਵਿਚਾਰ ਹੈ। (ਕੁਲੁੱਸੀਆਂ 2:13, 14) ਜੇ ਸਾਡੇ ਪਾਪ ਕਰਕੇ ਕਿਸੇ ਹੋਰ ਨੂੰ ਦੁੱਖ ਪਹੁੰਚਿਆ ਹੈ, ਤਾਂ ਪਰਮੇਸ਼ੁਰ ਇਹ ਦੇਖ ਕਿ ਖ਼ੁਸ਼ ਹੁੰਦਾ ਹੈ ਕਿ ਅਸੀਂ ਆਪਣੀ ਗ਼ਲਤੀ ਸੁਧਾਰਨ ਲਈ ਕਦਮ ਚੁੱਕ ਰਹੇ ਹਾਂ। (ਮੱਤੀ 5:23, 24) ਇਸ ਤਰ੍ਹਾਂ ਕਰਨ ਲਈ ਸਾਨੂੰ ਸ਼ਾਇਦ ਆਪਣੀ ਗ਼ਲਤੀ ਦਾ ਅਹਿਸਾਸ ਕਰਨਾ ਪਵੇ, ਦੂਸਰੇ ਸਾਮ੍ਹਣੇ ਆਪਣੀ ਗ਼ਲਤੀ ਸਵੀਕਾਰ ਕਰਨੀ ਪਵੇ ਅਤੇ ਉਸ ਤੋਂ ਮਾਫ਼ੀ ਵੀ ਮੰਗਣੀ ਪਵੇ। ਫਿਰ ਅਸੀਂ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਯਹੋਵਾਹ ਤੋਂ ਮਾਫ਼ੀ ਮੰਗ ਸਕਦੇ ਹਾਂ। ਇਸ ਤਰ੍ਹਾਂ ਕਰਨ ਨਾਲ ਸਾਨੂੰ ਤਸੱਲੀ ਮਿਲ ਸਕਦੀ ਹੈ ਕਿ ਯਹੋਵਾਹ ਨੇ ਸਾਨੂੰ ਮਾਫ਼ ਕਰ ਦਿੱਤਾ ਹੈ।—ਇਬਰਾਨੀਆਂ 10:21, 22.

      22. ਯਹੋਵਾਹ ਸਾਨੂੰ ਮਾਫ਼ ਕਰਨ ਦੇ ਨਾਲ-ਨਾਲ ਹੋਰ ਕੀ ਦਿੰਦਾ ਹੈ?

      22 ਹਰ ਪਿਆਰੇ ਪਿਤਾ ਵਾਂਗ ਯਹੋਵਾਹ ਸ਼ਾਇਦ ਮਾਫ਼ ਕਰਨ ਦੇ ਨਾਲ-ਨਾਲ ਸਾਨੂੰ ਤਾੜਨਾ ਵੀ ਦੇਵੇ। (ਕਹਾਉਤਾਂ 3:11, 12) ਪਸ਼ਚਾਤਾਪੀ ਮਸੀਹੀ ਨੂੰ ਸ਼ਾਇਦ ਕਲੀਸਿਯਾ ਵਿਚ ਬਜ਼ੁਰਗ, ਸਹਾਇਕ ਸੇਵਕ ਜਾਂ ਪਾਇਨੀਅਰ ਹੋਣ ਦੀ ਜ਼ਿੰਮੇਵਾਰੀ ਛੱਡਣੀ ਪਵੇ। ਉਸ ਨੂੰ ਸ਼ਾਇਦ ਕੁਝ ਸਮੇਂ ਤਕ ਇਨ੍ਹਾਂ ਜ਼ਿੰਮੇਵਾਰੀਆਂ ਤੋਂ ਵਾਂਝਾ ਹੋਣ ਕਰਕੇ ਬਹੁਤ ਦੁੱਖ ਹੋਵੇ ਕਿਉਂਕਿ ਉਸ ਨੂੰ ਇਹ ਬਹੁਤ ਹੀ ਪਸੰਦ ਸਨ। ਅਜਿਹੀ ਤਾੜ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਨੇ ਉਸ ਮਸੀਹੀ ਨੂੰ ਮਾਫ਼ ਨਹੀਂ ਕੀਤਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਤਾੜਨਾ ਯਹੋਵਾਹ ਦੇ ਪਿਆਰ ਦਾ ਸਬੂਤ ਹੈ। ਤਾੜ ਨੂੰ ਕਬੂਲ ਕਰਨਾ ਅਤੇ ਉਸ ਉੱਤੇ ਅਮਲ ਕਰਨਾ ਸਾਡੇ ਭਲੇ ਲਈ ਹੋਵੇਗਾ।—ਇਬਰਾਨੀਆਂ 12:5-11.

      23. ਸਾਨੂੰ ਇਸ ਤਰ੍ਹਾਂ ਕਦੇ ਮਹਿਸੂਸ ਕਿਉਂ ਨਹੀਂ ਕਰਨਾ ਚਾਹੀਦਾ ਕਿ ਅਸੀਂ ਮਾਫ਼ੀ ਦੇ ਲਾਇਕ ਨਹੀਂ ਹਾਂ ਅਤੇ ਮਾਫ਼ ਕਰਨ ਦੇ ਸੰਬੰਧ ਵਿਚ ਸਾਨੂੰ ਯਹੋਵਾਹ ਦੀ ਨਕਲ ਕਿਉਂ ਕਰਨੀ ਚਾਹੀਦੀ ਹੈ?

      23 ਇਹ ਜਾਣ ਕੇ ਅਸੀਂ ਕਿੰਨੇ ਖ਼ੁਸ਼ ਹੁੰਦੇ ਹਾਂ ਕਿ ਸਾਡਾ ਪਰਮੇਸ਼ੁਰ “ਮਾਫ਼ ਕਰਨ” ਲਈ ਤਿਆਰ ਹੈ! ਸਾਡੀਆਂ ਗ਼ਲਤੀਆਂ ਦੇ ਬਾਵਜੂਦ ਸਾਨੂੰ ਇਸ ਤਰ੍ਹਾਂ ਕਦੇ ਨਹੀਂ ਮਹਿਸੂਸ ਕਰਨਾ ਚਾਹੀਦਾ ਕਿ ਅਸੀਂ ਮਾਫ਼ ਕੀਤੇ ਜਾਣ ਦੇ ਲਾਇਕ ਨਹੀਂ ਹਾਂ। ਜੇ ਅਸੀਂ ਦਿਲੋਂ ਤੋਬਾ ਕਰੀਏ, ਆਪਣੀ ਗ਼ਲਤੀ ਨੂੰ ਸੁਧਾਰਨ ਲਈ ਕਦਮ ਚੁੱਕੀਏ ਅਤੇ ਯਿਸੂ ਦੇ ਬਲੀਦਾਨ ਉੱਤੇ ਨਿਹਚਾ ਕਰ ਕੇ ਮਾਫ਼ੀ ਮੰਗੀਏ, ਤਾਂ ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸਾਨੂੰ ਮਾਫ਼ ਕਰੇਗਾ। (1 ਯੂਹੰਨਾ 1:9) ਆਓ ਆਪਾਂ ਇਕ-ਦੂਜੇ ਨਾਲ ਪੇਸ਼ ਆਉਂਦੇ ਹੋਏ ਯਹੋਵਾਹ ਦੀ ਨਕਲ ਕਰ ਕੇ ਇਕ-ਦੂਜੇ ਨੂੰ ਮਾਫ਼ ਕਰੀਏ। ਆਖ਼ਰਕਾਰ ਜੇ ਯਹੋਵਾਹ, ਜੋ ਕਦੇ ਪਾਪ ਨਹੀਂ ਕਰਦਾ, ਸਾਨੂੰ ਮਾਫ਼ ਕਰ ਸਕਦਾ ਹੈ, ਤਾਂ ਪਾਪੀ ਇਨਸਾਨ ਹੋਣ ਦੇ ਨਾਤੇ ਕੀ ਸਾਨੂੰ ਇਕ-ਦੂਜੇ ਨੂੰ ਮਾਫ਼ ਕਰਨ ਦੀ ਪੂਰੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ?

      a ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਸਾਡੀ ਸਰਿਸ਼ਟ” ਕੀਤਾ ਗਿਆ ਹੈ, ਉਹੀ ਸ਼ਬਦ ਘੁਮਿਆਰ ਦੁਆਰਾ ਬਣਾਏ ਗਏ ਮਿੱਟੀ ਦੇ ਭਾਂਡਿਆਂ ਲਈ ਵਰਤਿਆ ਗਿਆ ਹੈ।—ਯਸਾਯਾਹ 29:16.

      b ਇਕ ਵਿਦਵਾਨ ਕਹਿੰਦਾ ਹੈ ਕਿ ਕਿਰਮਚੀ ਅਜਿਹਾ “ਪੱਕਾ ਰੰਗ ਹੁੰਦਾ ਸੀ ਜੋ ਕਦੇ ਲਹਿੰਦਾ ਨਹੀਂ ਸੀ। ਉਸ ਨੂੰ ਨਾ ਤ੍ਰੇਲ ਤੇ ਨਾ ਮੀਂਹ ਮਿਟਾ ਸਕਦਾ ਸੀ ਅਤੇ ਨਾ ਹੀ ਧੋਣ ਅਤੇ ਹੰਡਾਉਣ ਨਾਲ ਇਹ ਮਿਟਾਇਆ ਜਾ ਸਕਦਾ ਸੀ।”

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • 2 ਇਤਹਾਸ 33:1-13 ਯਹੋਵਾਹ ਨੇ ਮਨੱਸ਼ਹ ਨੂੰ ਕਿਉਂ ਮਾਫ਼ ਕੀਤਾ ਸੀ ਅਤੇ ਇਸ ਤੋਂ ਅਸੀਂ ਯਹੋਵਾਹ ਦੇ ਰਹਿਮ ਬਾਰੇ ਕੀ ਸਿੱਖਦੇ ਹਾਂ?

      • ਮੱਤੀ 6:12, 14, 15 ਜਦ ਮਾਫ਼ ਕਰਨ ਦਾ ਠੋਸ ਕਾਰਨ ਹੁੰਦਾ ਹੈ, ਤਾਂ ਸਾਨੂੰ ਦੂਸਰਿਆਂ ਨੂੰ ਕਿਉਂ ਮਾਫ਼ ਕਰ ਦੇਣਾ ਚਾਹੀਦਾ ਹੈ?

      • ਲੂਕਾ 15:11-32 ਇਸ ਦ੍ਰਿਸ਼ਟਾਂਤ ਤੋਂ ਅਸੀਂ ਯਹੋਵਾਹ ਦੁਆਰਾ ਮਾਫ਼ ਕਰਨ ਬਾਰੇ ਕੀ ਸਿੱਖਦੇ ਹਾਂ ਅਤੇ ਇਹ ਪੜ੍ਹ ਕੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ?

      • 2 ਕੁਰਿੰਥੀਆਂ 7:8-11 ਪਰਮੇਸ਼ੁਰ ਦੁਆਰਾ ਮਾਫ਼ ਕੀਤੇ ਜਾਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

  • “ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ”
    ਯਹੋਵਾਹ ਦੇ ਨੇੜੇ ਰਹੋ
    • ਵੇਲ ਨਾਲ ਲੱਗੇ ਪੱਕੇ ਅੰਗੂਰਾਂ ਦੇ ਗੁੱਛੇ

      ਸਤਾਈਵਾਂ ਅਧਿਆਇ

      “ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ”

      1, 2. ਯਹੋਵਾਹ ਦੀ ਭਲਾਈ ਦੇ ਕੁਝ ਸਬੂਤ ਕੀ ਹਨ ਅਤੇ ਬਾਈਬਲ ਵਿਚ ਇਸ ਗੁਣ ਬਾਰੇ ਕਿਸ ਤਰ੍ਹਾਂ ਗੱਲ ਕੀਤੀ ਗਈ ਹੈ?

      ਕੁਝ ਦੋਸਤ ਸ਼ਾਮ ਦੇ ਵੇਲੇ ਡੁੱਬਦੇ ਸੂਰਜ ਦੀਆਂ ਕਿਰਨਾਂ ਦੇਖ ਕੇ ਖ਼ੁਸ਼ ਹੁੰਦੇ ਹਨ। ਉਹ ਇਕੱਠੇ ਬਹਿ ਕੇ ਹੱਸਦੇ-ਖੇਡਦੇ, ਗੱਲਾਂ-ਬਾਤਾਂ ਕਰਦੇ ਅਤੇ ਰੋਟੀ ਖਾਂਦੇ ਹਨ। ਕਿਤੇ ਦੂਰ ਆਪਣੇ ਖੇਤਾਂ ਵਿਚ ਇਕ ਕਿਸਾਨ ਕਾਲੇ ਬੱਦਲਾਂ ਤੋਂ ਆਪਣੀ ਪਿਆਸੀ ਫ਼ਸਲ ਤੇ ਵਰਖਾ ਦੀਆਂ ਪਹਿਲੀਆਂ ਬੂੰਦਾਂ ਪੈਂਦੀਆਂ ਦੇਖ ਕੇ ਮੁਸਕਰਾਉਂਦਾ ਹੈ। ਕਿਤੇ ਹੋਰ ਆਪਣੇ ਨਿਆਣੇ ਨੂੰ ਪਹਿਲੀ ਵਾਰ ਲੜਖੜਾਉਂਦੇ ਹੋਏ ਕਦਮ ਰੱਖਦੇ ਦੇਖ ਕੇ ਇਕ ਮਾਤਾ-ਪਿਤਾ ਦਾ ਦਿਲ ਬਹੁਤ ਖ਼ੁਸ਼ ਹੁੰਦਾ ਹੈ।

      2 ਭਾਵੇਂ ਇਹ ਲੋਕ ਜਾਣਦੇ ਹਨ ਜਾਂ ਨਹੀਂ, ਪਰ ਇਨ੍ਹਾਂ ਸਾਰਿਆਂ ਨੂੰ ਇੱਕੋ ਚੀਜ਼ ਤੋਂ ਫ਼ਾਇਦਾ ਹੋ ਰਿਹਾ ਹੈ ਯਾਨੀ ਯਹੋਵਾਹ ਪਰਮੇਸ਼ੁਰ ਦੀ ਭਲਾਈ। ਕਈ ਧਰਮੀ ਲੋਕ ਅਕਸਰ ਕਹਿੰਦੇ ਹਨ ਕਿ “ਰੱਬ ਤਾਂ ਬੜਾ ਚੰਗਾ ਹੈ।” ਬਾਈਬਲ ਵਿਚ ਇਸ ਤੋਂ ਵੀ ਜ਼ਿਆਦਾ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ “ਉਸ ਦੀ ਭਲਿਆਈ ਕਿੰਨੀ ਹੀ ਵੱਡੀ ਹੈ।” (ਜ਼ਕਰਯਾਹ 9:16) ਬਹੁਤ ਸਾਰੇ ਲੋਕ ਅੱਜ-ਕੱਲ੍ਹ ਇਨ੍ਹਾਂ ਸ਼ਬਦਾਂ ਦਾ ਮਤਲਬ ਹੀ ਨਹੀਂ ਸਮਝਦੇ। ਯਹੋਵਾਹ ਦੀ ਭਲਾਈ ਵਿਚ ਕੀ-ਕੀ ਸ਼ਾਮਲ ਹੈ ਅਤੇ ਇਸ ਗੁਣ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ?

      ਪਰਮੇਸ਼ੁਰ ਦੇ ਪਿਆਰ ਦੀ ਵੱਡੀ ਖੂਬੀ

      3, 4. ਭਲਾਈ ਕੀ ਹੈ ਅਤੇ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਪਿਆਰ ਉਸ ਦੀ ਭਲਾਈ ਤੋਂ ਦੇਖਿਆ ਜਾ ਸਕਦਾ ਹੈ?

      3 ਅੱਜ-ਕੱਲ੍ਹ “ਭਲਾਈ” ਸ਼ਬਦ ਬਿਨਾਂ ਸੋਚੇ-ਸਮਝੇ ਐਵੇਂ ਹੀ ਵਰਤਿਆ ਜਾਂਦਾ ਹੈ। ਪਰ ਬਾਈਬਲ ਵਿਚ ਇਸ ਗੁਣ ਨੂੰ ਬਹੁਤ ਹੀ ਮਹੱਤਤਾ ਦਿੱਤੀ ਗਈ ਹੈ। ਮੂਲ ਰੂਪ ਵਿਚ ਇਸ ਦਾ ਮਤਲਬ ਹੈ ਨੇਕ ਤੇ ਚੰਗੇ ਚਾਲ-ਚਲਣ ਵਾਲਾ ਬਣਨਾ। ਤਾਂ ਫਿਰ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੇ ਅੰਗ-ਅੰਗ ਵਿਚ ਭਲਾਈ ਸਮਾਈ ਹੋਈ ਹੈ। ਉਸ ਦੇ ਸਾਰੇ ਗੁਣਾਂ ਤੋਂ, ਉਸ ਦੀ ਸ਼ਕਤੀ, ਉਸ ਦੇ ਇਨਸਾਫ਼ ਅਤੇ ਉਸ ਦੀ ਬੁੱਧ ਤੋਂ ਉਸ ਦੀ ਭਲਾਈ ਨਜ਼ਰ ਆਉਂਦੀ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਯਹੋਵਾਹ ਦਾ ਪਿਆਰ ਉਸ ਦੀ ਭਲਾਈ ਤੋਂ ਦੇਖਿਆ ਜਾਂਦਾ ਹੈ। ਕਿਸ ਤਰ੍ਹਾਂ?

      4 ਇਕ ਭਲਾ ਇਨਸਾਨ ਆਪਣੀ ਭਲਾਈ ਦੁਆਰਾ ਪਛਾਣਿਆ ਜਾਂਦਾ ਹੈ। ਪੌਲੁਸ ਰਸੂਲ ਨੇ ਸੰਕੇਤ ਕੀਤਾ ਸੀ ਕਿ ਭਲਾਈ ਕਰਨੀ ਧਰਮੀ ਹੋਣ ਨਾਲੋਂ ਵੀ ਜ਼ਿਆਦਾ ਚੰਗਾ ਹੈ। (ਰੋਮੀਆਂ 5:7) ਇਕ ਧਰਮੀ ਬੰਦਾ ਵਫ਼ਾਦਾਰੀ ਨਾਲ ਕਾਨੂੰਨ ਦੀਆਂ ਮੰਗਾਂ ਪੂਰੀਆਂ ਕਰਦਾ ਹੈ, ਪਰ ਇਕ ਭਲਾ ਇਨਸਾਨ ਇਸ ਤੋਂ ਵੱਧ ਕਰਦਾ ਹੈ। ਉਹ ਦੂਸਰਿਆਂ ਦੀ ਮਦਦ ਕਰਨ ਵਿਚ ਪਹਿਲ ਕਰਦਾ ਹੈ। ਅਸੀਂ ਅੱਗੇ ਦੇਖਾਂਗੇ ਕਿ ਯਹੋਵਾਹ ਭਲਾ ਕਰਨ ਵਿਚ ਪਹਿਲ ਕਿਸ ਤਰ੍ਹਾਂ ਕਰਦਾ ਹੈ। ਯਹੋਵਾਹ ਦਾ ਬੇਅੰਤ ਪਿਆਰ ਉਸ ਨੂੰ ਭਲਾਈ ਕਰਨ ਲਈ ਪ੍ਰੇਰਦਾ ਹੈ।

      5-7. ਯਿਸੂ ਨੇ ਭਲਾ ਸੱਦੇ ਜਾਣ ਤੋਂ ਇਨਕਾਰ ਕਿਉਂ ਕੀਤਾ ਸੀ ਅਤੇ ਉਸ ਨੇ ਦ੍ਰਿੜ੍ਹਤਾ ਨਾਲ ਕਿਹੜੀ ਸੱਚਾਈ ਦੱਸੀ ਸੀ?

      5 ਯਹੋਵਾਹ ਜਿੰਨੀ ਭਲਾਈ ਹੋਰ ਕਿਸੇ ਵਿਚ ਨਹੀਂ ਹੈ। ਯਿਸੂ ਦੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਇਕ ਆਦਮੀ ਨੇ ਯਿਸੂ ਨੂੰ ਸਵਾਲ ਪੁੱਛਣ ਲਈ ਉਸ ਨੂੰ “ਸਤ ਗੁਰੂ ਜੀ” ਸੱਦਿਆ। ਪਰ ਯਿਸੂ ਨੇ ਉਸ ਨੂੰ ਕਿਹਾ: “ਤੂੰ ਮੈਨੂੰ ਸਤ ਕਿਉਂ ਕਹਿੰਦਾ ਹੈਂ? ਸਤ ਕੋਈ ਨਹੀਂ ਪਰ ਨਿਰਾ ਇੱਕੋ ਪਰਮੇਸ਼ੁਰ।” (ਮਰਕੁਸ 10:17, 18) ਤੁਸੀਂ ਸ਼ਾਇਦ ਯਿਸੂ ਦੀ ਗੱਲ ਤੋਂ ਹੈਰਾਨ ਹੋਵੋ। ਉਸ ਨੇ ਉਸ ਆਦਮੀ ਨੂੰ ਸੁਧਾਰਿਆ ਕਿਉਂ ਸੀ? ਕੀ ਯਿਸੂ ਸਤ ਯਾਨੀ ਭਲਾ ਨਹੀਂ ਸੀ?

      6 ਸਪੱਸ਼ਟ ਹੁੰਦਾ ਹੈ ਕਿ ਉਹ ਆਦਮੀ ਯਿਸੂ ਦੀ ਚਾਪਲੂਸੀ ਕਰਨ ਵਾਸਤੇ ਉਸ ਨੂੰ ਭਲਾ ਸੱਦ ਰਿਹਾ ਸੀ। ਯਿਸੂ ਨੇ ਦੀਨਤਾ ਨਾਲ ਸਾਰੀ ਵਡਿਆਈ ਆਪਣੇ ਸਵਰਗੀ ਪਿਤਾ ਨੂੰ ਦਿੱਤੀ ਕਿਉਂਕਿ ਸਿਰਫ਼ ਉਹੀ ਪੂਰੀ ਤਰ੍ਹਾਂ ਭਲਾ ਹੈ। (ਕਹਾਉਤਾਂ 11:2) ਪਰ ਯਿਸੂ ਦ੍ਰਿੜ੍ਹਤਾ ਨਾਲ ਇਕ ਸੱਚਾਈ ਵੀ ਦੱਸ ਰਿਹਾ ਸੀ। ਭਲਾਈ ਦਾ ਮਿਆਰ ਸਿਰਫ਼ ਯਹੋਵਾਹ ਹੀ ਕਾਇਮ ਕਰ ਸਕਦਾ ਹੈ। ਸਿਰਫ਼ ਯਹੋਵਾਹ ਕੋਲ ਹੀ ਇਹ ਕਹਿਣ ਦਾ ਪੂਰਾ ਹੱਕ ਹੈ ਕਿ ਕੀ ਭਲਾ ਹੈ ਤੇ ਕੀ ਬੁਰਾ। ਆਦਮ ਤੇ ਹੱਵਾਹ ਨੇ ਭਲੇ-ਬੁਰੇ ਦੇ ਗਿਆਨ ਦੇ ਦਰਖ਼ਤ ਤੋਂ ਫਲ ਖਾ ਕੇ ਇਹ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਯਿਸੂ ਉਨ੍ਹਾਂ ਵਾਂਗ ਬਿਲਕੁਲ ਨਹੀਂ ਬਣਿਆ, ਉਸ ਨੇ ਇਹ ਫ਼ੈਸਲਾ ਕਰਨ ਦਾ ਹੱਕ ਯਹੋਵਾਹ ਤੇ ਛੱਡ ਦਿੱਤਾ ਸੀ।

      7 ਇਸ ਤੋਂ ਇਲਾਵਾ ਯਿਸੂ ਜਾਣਦਾ ਸੀ ਕਿ ਯਹੋਵਾਹ ਭਲਾਈ ਦਾ ਸੋਮਾ ਹੈ। “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ” ਉਸ ਤੋਂ ਹੀ ਹੈ। (ਯਾਕੂਬ 1:17) ਆਓ ਆਪਾਂ ਹੁਣ ਦੇਖੀਏ ਕਿ ਯਹੋਵਾਹ ਦੀ ਖੁੱਲ੍ਹ-ਦਿਲੀ ਤੋਂ ਉਸ ਦੀ ਭਲਾਈ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ।

      ਯਹੋਵਾਹ ਦੀ ਭਲਾਈ ਦੇ ਵਿਸ਼ਾਲ ਸਬੂਤ

      8. ਯਹੋਵਾਹ ਨੇ ਕਿਸ ਤਰ੍ਹਾਂ ਜ਼ਾਹਰ ਕੀਤਾ ਹੈ ਕਿ ਉਹ ਸਾਰਿਆਂ ਨਾਲ ਭਲਾਈ ਕਰਦਾ ਹੈ?

      8 ਧਰਤੀ ਉੱਤੇ ਪੈਦਾ ਹੋਏ ਹਰ ਇਨਸਾਨ ਨੂੰ ਯਹੋਵਾਹ ਦੀ ਭਲਾਈ ਤੋਂ ਫ਼ਾਇਦਾ ਹੋਇਆ ਹੈ। ਜ਼ਬੂਰਾਂ ਦੀ ਪੋਥੀ 145:9 ਵਿਚ ਕਿਹਾ ਗਿਆ ਹੈ ਕਿ ‘ਯਹੋਵਾਹ ਸਭਨਾਂ ਲਈ ਭਲਾ ਕਰਦਾ ਹੈ।’ ਉਸ ਦੀ ਭਲਾਈ ਦੀਆਂ ਕੁਝ ਉਦਾਹਰਣਾਂ ਕੀ ਹਨ? ਬਾਈਬਲ ਸਾਨੂੰ ਦੱਸਦੀ: “ਉਹ ਨੇ ਆਪ ਨੂੰ ਬਿਨਾ ਸਾਖੀ ਨਾ ਰੱਖਿਆ ਇਸ ਲਈ ਜੋ ਉਹ ਨੇ ਭਲਾ ਕੀਤਾ ਅਰ ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ ਤੁਹਾਨੂੰ ਦੇ ਕੇ ਤੁਹਾਡਿਆਂ ਮਨਾ ਨੂੰ ਅਹਾਰ ਅਤੇ ਅਨੰਦ ਨਾਲ ਭਰਪੂਰ ਕੀਤਾ।” (ਰਸੂਲਾਂ ਦੇ ਕਰਤੱਬ 14:17) ਕੀ ਤੁਸੀਂ ਢਿੱਡ ਭਰ ਕੇ ਆਪਣੇ ਮਨ-ਪਸੰਦ ਦੀ ਚੀਜ਼ ਖਾ ਕੇ ਖ਼ੁਸ਼ ਨਹੀਂ ਹੁੰਦੇ? ਜੇ ਯਹੋਵਾਹ ਨੇ ਇਸ ਧਰਤੀ ਤੇ ਤਾਜ਼ੇ ਪਾਣੀ ਅਤੇ “ਫਲ ਦੇਣ ਵਾਲੀਆਂ ਰੁੱਤਾਂ” ਦਾ ਬੰਦੋਬਸਤ ਨਾ ਕੀਤਾ ਹੁੰਦਾ, ਤਾਂ ਸਾਨੂੰ ਕਿਤਿਓਂ ਵੀ ਖਾਣ ਨੂੰ ਕੁਝ ਨਹੀਂ ਮਿਲਣਾ ਸੀ। ਯਹੋਵਾਹ ਨੇ ਇਸ ਤਰ੍ਹਾਂ ਕਰ ਕੇ ਸਿਰਫ਼ ਉਸ ਨਾਲ ਪਿਆਰ ਕਰਨ ਵਾਲਿਆਂ ਨਾਲ ਹੀ ਭਲਾ ਨਹੀਂ ਕੀਤਾ, ਪਰ ਸਾਰਿਆਂ ਨਾਲ ਭਲਾ ਕੀਤਾ ਹੈ। ਯਿਸੂ ਨੇ ਕਿਹਾ ਸੀ: “ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜ੍ਹਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ।”—ਮੱਤੀ 5:45.

      ਯਹੋਵਾਹ ਨੇ ਤੁਹਾਨੂੰ “ਅਕਾਸ਼ ਤੋਂ ਵਰਖਾ ਅਤੇ ਫਲ ਦੇਣ ਵਾਲੀਆਂ ਰੁੱਤਾਂ” ਦਿੱਤੀਆਂ ਹਨ

      9. ਸੇਬ ਤੋਂ ਯਹੋਵਾਹ ਦੀ ਭਲਾਈ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ?

      9 ਯਹੋਵਾਹ ਲੋਕਾਂ ਨੂੰ ਸੂਰਜ ਦੀ ਰੌਸ਼ਨੀ, ਮੀਂਹ ਅਤੇ ਫਲਾਂ ਦੀ ਬਹਾਰ ਲਿਆਉਣ ਵਾਲੇ ਮੌਸਮ ਦੇ ਕੇ ਆਪਣੀ ਖੁੱਲ੍ਹ-ਦਿਲੀ ਦਿਖਾਉਂਦਾ ਹੈ। ਪਰ ਬਹੁਤ ਸਾਰੇ ਲੋਕ ਇਸ ਖੁੱਲ੍ਹ-ਦਿਲੀ ਦੀ ਕਦਰ ਨਹੀਂ ਕਰਦੇ। ਹੁਣ ਸੇਬ ਦੀ ਹੀ ਉਦਾਹਰਣ ਲਓ। ਦੁਨੀਆਂ ਦੇ ਬਹੁਤ ਸਾਰਿਆਂ ਦੇਸ਼ਾਂ ਵਿਚ ਆਮ ਕਰਕੇ ਸੇਬ ਪਾਏ ਜਾਂਦੇ ਹਨ। ਇਹ ਫਲ ਦੇਖਣ ਨੂੰ ਬਹੁਤ ਹੀ ਸੋਹਣਾ, ਖਾਣ ਨੂੰ ਸੁਆਦ ਅਤੇ ਰਸ ਨਾਲ ਭਰਿਆ ਹੁੰਦਾ ਹੈ ਤੇ ਇਹ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਦੁਨੀਆਂ ਭਰ ਵਿਚ ਤਕਰੀਬਨ 7,500 ਕਿਸਮ ਦੇ ਸੇਬ ਹਨ? ਕਈਆਂ ਦਾ ਰੰਗ ਲਾਲ, ਕਈਆਂ ਦਾ ਸੁਨਹਿਰਾ, ਕਈਆਂ ਦਾ ਪੀਲਾ ਅਤੇ ਕਈਆਂ ਦਾ ਹਰਾ ਹੁੰਦਾ ਹੈ। ਕਈ ਸੇਬ ਅੰਗੂਰਾਂ ਨਾਲੋਂ ਥੋੜ੍ਹੇ ਜਿਹੇ ਵੱਡੇ ਹੁੰਦੇ ਹਨ ਅਤੇ ਕਈ ਖ਼ਰਬੂਜੇ ਜਿੰਨੇ ਵੱਡੇ ਹੁੰਦੇ ਹਨ। ਜੇ ਤੁਸੀਂ ਸੇਬ ਦੇ ਛੋਟੇ ਜਿਹੇ ਬੀ ਨੂੰ ਆਪਣੇ ਹੱਥ ਵਿਚ ਫੜ੍ਹੋਂ, ਤਾਂ ਇਹ ਮਾਮੂਲੀ ਜਿਹਾ ਨਜ਼ਰ ਆਉਂਦਾ ਹੈ। ਪਰ ਇਸੇ ਬੀ ਤੋਂ ਬਹੁਤ ਹੀ ਸੋਹਣਾ ਦਰਖ਼ਤ ਉੱਗਦਾ ਹੈ। (ਸਰੇਸ਼ਟ ਗੀਤ 2:3) ਹਰ ਬਸੰਤ ਵਿਚ ਸੇਬ ਦੇ ਦਰਖ਼ਤ ਖਿੜੇ ਫੁੱਲਾਂ ਦੇ ਗੁੱਛਿਆਂ ਨਾਲ ਸਜ ਜਾਂਦੇ ਹਨ। ਹਰ ਪਤਝੜ ਵਿਚ ਇਸ ਨੂੰ ਫਲ ਲੱਗਦੇ ਹਨ। ਇਕ ਦਰਖ਼ਤ ਨੂੰ ਤਕਰੀਬਨ 75 ਸਾਲਾਂ ਤਕ ਆਮ ਕਰਕੇ ਹਰ ਸਾਲ ਇੰਨੇ ਸੇਬ ਲੱਗਦੇ ਹਨ ਕਿ ਉਨ੍ਹਾਂ ਨਾਲ 19-19 ਕਿਲੋ ਦੇ 20 ਬਕਸੇ ਭਰੇ ਜਾ ਸਕਦੇ ਹਨ!

      ਸੇਬ ਦਾ ਇਕ ਛੋਟਾ ਜਿਹਾ ਬੀ ਅਤੇ ਸੇਬਾਂ ਨਾਲ ਭਰੇ ਹੋਏ ਕਈ ਦਰਖ਼ਤ

      ਇਸ ਛੋਟੇ ਜਿਹੇ ਬੀ ਤੋਂ ਅਜਿਹਾ ਦਰਖ਼ਤ ਉੱਗਦਾ ਹੈ ਜਿਸ ਦਾ ਫਲ ਲੋਕ ਕਈ-ਕਈ ਸਾਲ ਖਾ ਕੇ ਖ਼ੁਸ਼ ਹੋ ਸਕਦੇ ਹਨ

      10, 11. ਸਾਡੀਆਂ ਗਿਆਨ-ਇੰਦਰੀਆਂ ਤੋਂ ਪਰਮੇਸ਼ੁਰ ਦੀ ਭਲਾਈ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ?

      10 ਯਹੋਵਾਹ ਨੇ ਸਾਡਾ ਭਲਾ ਕਰ ਕੇ ਸਾਨੂੰ ਬਹੁਤ ਹੀ ਸ਼ਾਨਦਾਰ ਸਰੀਰ ਨਾਲ ਸ੍ਰਿਸ਼ਟ ਕੀਤਾ ਹੈ। ਅਸੀਂ ਆਪਣੀਆਂ ਗਿਆਨ-ਇੰਦਰੀਆਂ ਨਾਲ ਉਸ ਦੀਆਂ ਬਣਾਈਆਂ ਚੀਜ਼ਾਂ ਦਾ ਮਜ਼ਾ ਲੈ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 139:14) ਇਸ ਅਧਿਆਇ ਦੇ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਨਜ਼ਾਰਿਆਂ ਬਾਰੇ ਦੁਬਾਰਾ ਸੋਚੋ। ਅਜਿਹੇ ਮੌਕਿਆਂ ਤੇ ਕਿਹੜੀਆਂ ਚੀਜ਼ਾਂ ਦੇਖ ਕੇ ਸਾਡੇ ਦਿਲ ਖ਼ੁਸ਼ ਹੁੰਦੇ ਹਨ? ਖ਼ੁਸ਼ੀ ਦੇ ਮਾਰੇ ਉੱਛਲ ਰਹੇ ਬੱਚੇ ਦੀਆਂ ਲਾਲ ਗੱਲ੍ਹਾਂ। ਖੇਤਾਂ ਉੱਤੇ ਮੀਂਹ ਦਾ ਬਰਸ ਰਿਹਾ ਪਾਣੀ। ਸੂਰਜ ਡੁੱਬਣ ਵੇਲੇ ਰੰਗ-ਬਰੰਗੇ ਆਕਾਸ਼ ਵਿਚ ਲਾਲ, ਪੀਲਾ ਤੇ ਜਾਮਣੀ ਰੰਗ। ਇਨਸਾਨ ਦੀ ਅੱਖ 3 ਲੱਖ ਤੋਂ ਜ਼ਿਆਦਾ ਰੰਗ ਪਛਾਣ ਸਕਦੀ ਹੈ! ਕੰਨਾਂ ਨਾਲ ਅਸੀਂ ਹਰ ਤਰ੍ਹਾਂ ਦੀਆਂ ਪਿਆਰੀਆਂ-ਪਿਆਰੀਆਂ ਆਵਾਜ਼ਾਂ, ਦਰਖ਼ਤਾਂ ਵਿੱਚੋਂ ਲੰਘਦੀ ਹਵਾ ਦੀ ਸਰਸਰਾਹਟ ਅਤੇ ਨਿਆਣੇ ਦੀ ਹੱਸੀ ਸੁਣ ਸਕਦੇ ਹਾਂ। ਅਸੀਂ ਇਨ੍ਹਾਂ ਨਜ਼ਾਰਿਆਂ ਅਤੇ ਆਵਾਜ਼ਾਂ ਦਾ ਆਨੰਦ ਕਿਉਂ ਮਾਣ ਸਕਦੇ ਹਾਂ? ਬਾਈਬਲ ਜਵਾਬ ਦਿੰਦੀ ਹੈ: “ਕੰਨ ਜਿਹੜਾ ਸੁਣਦਾ ਤੇ ਅੱਖ ਜਿਹੜੀ ਵੇਖਦੀ ਹੈ, ਦੋਹਾਂ ਨੂੰ ਹੀ ਯਹੋਵਾਹ ਨੇ ਬਣਾਇਆ ਹੈ।” (ਕਹਾਉਤਾਂ 20:12) ਪਰ ਇਹ ਤਾਂ ਸਿਰਫ਼ ਦੋ ਹੀ ਗਿਆਨ-ਇੰਦਰੀਆਂ ਹਨ।

      11 ਸਾਡੀ ਸੁਘੰਣ ਦੀ ਯੋਗਤਾ ਵੀ ਯਹੋਵਾਹ ਦੀ ਭਲਾਈ ਦਾ ਸਬੂਤ ਹੈ। ਇਨਸਾਨ ਦਾ ਨੱਕ ਤਕਰੀਬਨ 10,000 ਵੱਖਰੀਆਂ-ਵੱਖਰੀਆਂ ਖੁਸ਼ਬੂਆਂ ਤੇ ਬਦਬੂਆਂ ਨੂੰ ਪਛਾਣ ਸਕਦਾ ਹੈ। ਜ਼ਰਾ ਕੁਝ ਕਿਸਮਾਂ ਦੀਆਂ ਖੁਸ਼ਬੂਆਂ ਬਾਰੇ ਸੋਚੋ: ਰਸੋਈ ਵਿਚ ਪੱਕ ਰਹੇ ਗਰਮਾ-ਗਰਮ ਪਰੌਂਠੇ, ਬਾਗ਼ ਵਿਚ ਮਹਿਕ ਰਹੇ ਫੁੱਲ, ਮੀਂਹ ਪੈਣ ਤੋਂ ਬਾਅਦ ਮਿੱਟੀ ਦੀ ਗਿੱਲੀ-ਗਿੱਲੀ ਖੁਸ਼ਬੂ। ਆਪਣੀ ਛੋਹਣ ਦੀ ਯੋਗਤਾ ਕਰਕੇ ਅਸੀਂ ਆਪਣੇ ਚਿਹਰੇ ਤੇ ਠੰਢੀ-ਠੰਢੀ ਹਵਾ ਦਾ ਚੁੰਮਣ ਮਹਿਸੂਸ ਕਰ ਸਕਦੇ ਹਾਂ, ਕਿਸੇ ਨੂੰ ਆਪਣੇ ਗਲ਼ੇ ਲਗਾ ਸਕਦੇ ਹਾਂ ਅਤੇ ਸਾਨੂੰ ਹੱਥ ਵਿਚ ਕੋਈ ਮੁਲਾਇਮ ਤੇ ਨਰਮ ਫਲ ਫੜਨਾ ਬਹੁਤ ਚੰਗਾ ਲੱਗਦਾ ਹੈ। ਜਦੋਂ ਤੁਸੀਂ ਫਲ ਨੂੰ ਦੰਦੀ ਵੱਢਦੇ ਹੋ, ਤਾਂ ਤੁਹਾਡੀ ਸੁਆਦ ਲੈਣ ਦੀ ਯੋਗਤਾ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ। ਤੁਹਾਡਾ ਮੂੰਹ ਵੱਖਰੇ-ਵੱਖਰੇ ਸੁਆਦਾਂ ਨੂੰ ਪਛਾਣ ਲੈਂਦਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਸੁਆਦ ਮਿਲ ਕੇ ਤੁਹਾਡੇ ਦਿਲ ਨੂੰ ਆਨੰਦ ਨਾਲ ਭਰ ਦਿੰਦੇ ਹਨ। ਇਸ ਲਈ ਸਾਨੂੰ ਇਸ ਤਰ੍ਹਾਂ ਯਹੋਵਾਹ ਦੇ ਗੁਣ ਗਾਉਣੇ ਚਾਹੀਦੇ ਹਨ: “ਕੇਡੀ ਵੱਡੀ ਹੈ ਤੇਰੀ ਭਲਿਆਈ! ਜਿਹੜੀ ਤੈਂ ਆਪਣੇ ਭੈ ਮੰਨਣ ਵਾਲਿਆਂ ਦੇ ਲਈ ਗੁਪਤ ਕਰ ਰੱਖੀ ਹੈ।” (ਜ਼ਬੂਰਾਂ ਦੀ ਪੋਥੀ 31:19) ਪਰ ਯਹੋਵਾਹ ਨੇ ਉਸ ਦਾ ਭੈ ਮੰਨਣ ਵਾਲਿਆਂ ਲਈ ਭਲਾਈ ਨੂੰ “ਗੁਪਤ” ਕਿਸ ਤਰ੍ਹਾਂ ਰੱਖਿਆ ਹੈ?

      ਭਲਾਈ ਜਿਸ ਤੋਂ ਹਮੇਸ਼ਾ ਫ਼ਾਇਦਾ ਹੁੰਦਾ ਰਹੇਗਾ

      12. ਯਹੋਵਾਹ ਦੇ ਸਭ ਤੋਂ ਜ਼ਰੂਰੀ ਪ੍ਰਬੰਧ ਕੀ ਹਨ ਅਤੇ ਉਹ ਜ਼ਰੂਰੀ ਕਿਉਂ ਹਨ?

      12 ਯਿਸੂ ਨੇ ਕਿਹਾ ਸੀ: “ਲਿਖਿਆ ਹੈ ਭਈ ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਜੀ ਹਾਂ, ਜੋ ਪ੍ਰਬੰਧ ਯਹੋਵਾਹ ਨੇ ਸਾਡੇ ਸਰੀਰ ਵਾਸਤੇ ਕੀਤੇ ਹਨ, ਉਨ੍ਹਾਂ ਨਾਲੋਂ ਉਸ ਦੇ ਰੂਹਾਨੀ ਪ੍ਰਬੰਧਾਂ ਤੋਂ ਸਾਨੂੰ ਜ਼ਿਆਦਾ ਫ਼ਾਇਦਾ ਹੁੰਦਾ ਹੈ। ਰੂਹਾਨੀ ਪ੍ਰਬੰਧਾਂ ਦੇ ਜ਼ਰੀਏ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲ ਸਕਦੀ ਹੈ। ਇਸ ਕਿਤਾਬ ਦੇ 8ਵੇਂ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਯਹੋਵਾਹ ਨੇ ਇਨ੍ਹਾਂ ਆਖ਼ਰੀ ਦਿਨਾਂ ਵਿਚ ਆਪਣੀ ਸ਼ਕਤੀ ਨਾਲ ਇਕ ਰੂਹਾਨੀ ਫਿਰਦੌਸ ਬਣਾਇਆ ਹੈ। ਇਸ ਫਿਰਦੌਸ ਦੀ ਇਕ ਖ਼ਾਸ ਵਿਸ਼ੇਸ਼ਤਾ ਰੂਹਾਨੀ ਭੋਜਨ ਹੈ।

      13, 14. (ੳ) ਹਿਜ਼ਕੀਏਲ ਨਬੀ ਨੇ ਦਰਸ਼ਣ ਵਿਚ ਕੀ ਦੇਖਿਆ ਸੀ ਅਤੇ ਇਸ ਦਾ ਸਾਡੇ ਲਈ ਕੀ ਮਤਲਬ ਹੈ? (ਅ) ਯਹੋਵਾਹ ਨੇ ਆਪਣੇ ਵਫ਼ਾਦਾਰ ਲੋਕਾਂ ਲਈ ਕਿਹੜੇ ਪ੍ਰਬੰਧ ਕੀਤੇ ਹਨ ਜਿਨ੍ਹਾਂ ਦੇ ਜ਼ਰੀਏ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਮਿਲੇਗੀ?

      13 ਬਾਈਬਲ ਦੀ ਇਕ ਭਵਿੱਖਬਾਣੀ ਵਿਚ ਹਿਜ਼ਕੀਏਲ ਨਬੀ ਨੂੰ ਨਵੀਂ ਬਣੀ ਹੈਕਲ ਅਤੇ ਉਸ ਦੇ ਜਲਾਲ ਦਾ ਦਰਸ਼ਣ ਹੋਇਆ ਸੀ। ਉਸ ਹੈਕਲ ਤੋਂ ਪਾਣੀ ਵੱਗ ਰਿਹਾ ਸੀ ਜੋ ਅੱਗੇ ਜਾ ਕੇ ਡੂੰਘੀ ਤੇ ਚੌੜੀ ਨਦੀ ਬਣ ਗਿਆ ਸੀ। ਜਿੱਥੇ ਕਿਤੇ ਵੀ ਉਹ ਪਾਣੀ ਪਹੁੰਚਿਆ, ਉਸ ਜਗ੍ਹਾ ਨੂੰ ਫ਼ਾਇਦਾ ਹੋਇਆ ਸੀ। ਉਸ ਨਦੀ ਦੇ ਕੰਢਿਆਂ ਤੇ ਦਰਖ਼ਤ ਲੱਗੇ ਹੋਏ ਸਨ ਜਿਨ੍ਹਾਂ ਦੇ ਫਲ ਖਾਣ ਲਈ ਵਧੀਆ ਸਨ ਤੇ ਪੱਤੇ ਦਵਾਈ ਦੇ ਕੰਮ ਆਉਂਦੇ ਸਨ। ਉਸ ਨਦੀ ਨੇ ਮ੍ਰਿਤ ਸਾਗਰ ਦੇ ਬੇਜਾਨ ਪਾਣੀਆਂ ਵਿਚ ਵੀ ਜਾਨ ਪਾ ਦਿੱਤੀ ਸੀ! (ਹਿਜ਼ਕੀਏਲ 47:1-12) ਪਰ ਇਸ ਦਰਸ਼ਣ ਦਾ ਮਤਲਬ ਕੀ ਸੀ?

      14 ਉਸ ਦਾ ਮਤਲਬ ਸੀ ਕਿ ਯਹੋਵਾਹ ਆਪਣੀ ਸ਼ੁੱਧ ਭਗਤੀ ਦਾ ਫਿਰ ਤੋਂ ਬੰਦੋਬਸਤ ਕਰੇਗਾ। ਉਸ ਵਗ ਰਹੇ ਪਾਣੀ ਵਾਂਗ ਯਹੋਵਾਹ ਦੇ ਜ਼ਿੰਦਗੀ ਬਖ਼ਸ਼ਣ ਵਾਲੇ ਪ੍ਰਬੰਧ ਉਸ ਦੇ ਲੋਕਾਂ ਤਕ ਦੂਰ-ਦੂਰ ਪਹੁੰਚਣਗੇ ਅਤੇ ਵਧਦੇ ਜਾਣਗੇ। ਸੰਨ 1919 ਵਿਚ ਯਹੋਵਾਹ ਦੀ ਸ਼ੁੱਧ ਭਗਤੀ ਸਥਾਪਿਤ ਕੀਤੀ ਗਈ ਸੀ। ਉਸ ਸਮੇਂ ਤੋਂ ਯਹੋਵਾਹ ਨੇ ਆਪਣੇ ਲੋਕਾਂ ਲਈ ਪ੍ਰਬੰਧ ਕੀਤੇ ਹਨ ਜਿਨ੍ਹਾਂ ਦੇ ਜ਼ਰੀਏ ਉਨ੍ਹਾਂ ਨੂੰ ਸਦਾ ਦੀ ਜ਼ਿੰਦਗੀ ਮਿਲੇਗੀ। ਕਿਸ ਤਰ੍ਹਾਂ? ਬਾਈਬਲਾਂ, ਬਾਈਬਲ ਬਾਰੇ ਕਿਤਾਬਾਂ ਤੇ ਰਸਾਲੇ, ਮੀਟਿੰਗਾਂ ਅਤੇ ਸੰਮੇਲਨਾਂ ਦੇ ਜ਼ਰੀਏ ਲੱਖਾਂ ਲੋਕਾਂ ਨੇ ਸੱਚਾਈ ਜਾਣੀ ਹੈ। ਇਨ੍ਹਾਂ ਦੇ ਜ਼ਰੀਏ ਯਹੋਵਾਹ ਨੇ ਸਭ ਤੋਂ ਜ਼ਰੂਰੀ ਪ੍ਰਬੰਧ ਬਾਰੇ ਵੀ ਸਿਖਾਇਆ ਹੈ ਯਾਨੀ ਯਿਸੂ ਦਾ ਬਲੀਦਾਨ ਜੋ ਸਾਨੂੰ ਪਾਪ ਤੋਂ ਰਿਹਾ ਕਰਨ ਲਈ ਦਿੱਤਾ ਗਿਆ ਹੈ। ਇਸ ਪ੍ਰਬੰਧ ਦੇ ਜ਼ਰੀਏ ਲੋਕ ਯਹੋਵਾਹ ਸਾਮ੍ਹਣੇ ਸ਼ੁੱਧ ਜ਼ਮੀਰ ਨਾਲ ਖੜ੍ਹੇ ਹੋ ਸਕਦੇ ਹਨ ਅਤੇ ਜੋ ਉਸ ਨਾਲ ਪਿਆਰ ਕਰਦੇ ਹਨ ਤੇ ਉਸ ਦਾ ਭੈ ਮੰਨਦੇ ਹਨ, ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਮਿਲਦੀ ਹੈ।a ਇਸ ਕਰਕੇ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਜਦ ਦੁਨੀਆਂ ਵਿਚ ਰੂਹਾਨੀ ਕਾਲ ਪਿਆ ਹੋਇਆ ਹੈ, ਯਹੋਵਾਹ ਦੇ ਲੋਕ ਰੂਹਾਨੀ ਭੋਜਨ ਦਾ ਆਨੰਦ ਮਾਣ ਰਹੇ ਹਨ।—ਯਸਾਯਾਹ 65:13.

      15. ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਯਹੋਵਾਹ ਦੀ ਭਲਾਈ ਦੀ ਨਦੀ ਵਫ਼ਾਦਾਰ ਇਨਸਾਨਜਾਤ ਵੱਲ ਕਿਸ ਤਰ੍ਹਾਂ ਵੱਗੇਗੀ?

      15 ਹਿਜ਼ਕੀਏਲ ਦੇ ਦਰਸ਼ਣ ਦੀ ਨਦੀ ਇਸ ਦੁਸ਼ਟ ਦੁਨੀਆਂ ਦੇ ਖ਼ਤਮ ਹੋਣ ਤੋਂ ਬਾਅਦ ਵੀ ਵੱਗਦੀ ਰਹੇਗੀ। ਯਿਸੂ ਮਸੀਹ ਦੇ ਹਜ਼ਾਰ ਸਾਲ ਦੇ ਰਾਜ ਦੌਰਾਨ ਇਹ ਹੋਰ ਵੀ ਚੌੜੀ ਤੇ ਡੂੰਘੀ ਹੋ ਜਾਵੇਗੀ। ਫਿਰ ਯਹੋਵਾਹ ਆਪਣੇ ਰਾਜ ਦੇ ਜ਼ਰੀਏ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਵਫ਼ਾਦਾਰ ਇਨਸਾਨਜਾਤ ਨੂੰ ਸੰਪੂਰਣ ਬਣਾਏਗਾ। ਉਸ ਸਮੇਂ ਅਸੀਂ ਯਹੋਵਾਹ ਦੀ ਭਲਾਈ ਕਰਕੇ ਕਿੰਨੇ ਖ਼ੁਸ਼ ਹੋਵਾਂਗੇ!

      ਯਹੋਵਾਹ ਦੀ ਭਲਾਈ ਦੇ ਹੋਰ ਪਹਿਲੂ

      16. ਬਾਈਬਲ ਵਿਚ ਕਿਸ ਤਰ੍ਹਾਂ ਦਿਖਾਇਆ ਗਿਆ ਹੈ ਕਿ ਯਹੋਵਾਹ ਦੀ ਭਲਾਈ ਵਿਚ ਹੋਰ ਗੁਣ ਵੀ ਸ਼ਾਮਲ ਹਨ ਅਤੇ ਇਨ੍ਹਾਂ ਵਿੱਚੋਂ ਕੁਝ ਗੁਣ ਕੀ ਹਨ?

      16 ਯਹੋਵਾਹ ਦੀ ਭਲਾਈ ਸਿਰਫ਼ ਉਸ ਦੀ ਖੁੱਲ੍ਹ-ਦਿਲੀ ਵਿਚ ਹੀ ਨਹੀਂ ਦੇਖੀ ਜਾਂਦੀ। ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਸੀ: “ਮੈਂ ਆਪਣੀ ਸਾਰੀ ਭਲਿਆਈ ਤੇਰੇ ਅੱਗੋਂ ਦੀ ਲੰਘਾਵਾਂਗਾ ਅਰ ਤੇਰੇ ਅੱਗੇ ਯਹੋਵਾਹ ਦੇ ਨਾਉਂ ਦਾ ਪਰਚਾਰ ਕਰਾਂਗਾ।” ਬਾਅਦ ਵਿਚ ਦੱਸਿਆ ਗਿਆ ਹੈ ਕਿ “ਯਹੋਵਾਹ ਨੇ ਉਸ ਦੇ ਅੱਗੋਂ ਲੰਘ ਕੇ ਐਉਂ ਪਰਚਾਰ ਕੀਤਾ, ਯਹੋਵਾਹ, ਯਹੋਵਾਹ ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ [“ਵਫ਼ਾਦਾਰੀ,” NW ] ਅਤੇ ਸਚਿਆਈ ਨਾਲ ਭਰਪੂਰ ਹੈ।” (ਕੂਚ 33:19; 34:6) ਸੋ ਯਹੋਵਾਹ ਦੀ ਭਲਾਈ ਵਿਚ ਹੋਰ ਵੀ ਕਈ ਸੋਹਣੇ ਗੁਣ ਸ਼ਾਮਲ ਹਨ। ਆਓ ਆਪਾਂ ਇਨ੍ਹਾਂ ਵਿੱਚੋਂ ਦੋ ਸਦਗੁਣਾਂ ਉੱਤੇ ਗੌਰ ਕਰੀਏ।

      17. ਕਿਰਪਾਲੂ ਹੋਣ ਦਾ ਕੀ ਮਤਲਬ ਹੈ ਅਤੇ ਯਹੋਵਾਹ ਇਨਸਾਨਾਂ ਨਾਲ ਕਿਸ ਤਰ੍ਹਾਂ ਪੇਸ਼ ਆਇਆ ਹੈ?

      17 ‘ਯਹੋਵਾਹ ਕਿਰਪਾਲੂ ਹੈ।’ ਇਸ ਗੁਣ ਤੋਂ ਅਸੀਂ ਯਹੋਵਾਹ ਦੇ ਆਪਣੇ ਲੋਕਾਂ ਨਾਲ ਪੇਸ਼ ਆਉਣ ਦੇ ਤਰੀਕੇ ਬਾਰੇ ਬਹੁਤ ਕੁਝ ਸਿੱਖਦੇ ਹਾਂ। ਸ਼ਕਤੀਸ਼ਾਲੀ ਇਨਸਾਨਾਂ ਵਾਂਗ ਯਹੋਵਾਹ ਨਿਰਦਈ ਤੇ ਰੁੱਖੇ ਤਰੀਕੇ ਨਾਲ ਪੇਸ਼ ਨਹੀਂ ਆਉਂਦਾ। ਇਸ ਦੀ ਬਜਾਇ ਉਹ ਪਿਆਰ ਤੇ ਨਰਮਾਈ ਨਾਲ ਪੇਸ਼ ਆਉਂਦਾ ਹੈ। ਉਦਾਹਰਣ ਲਈ ਯਹੋਵਾਹ ਨੇ ਅਬਰਾਮ ਨੂੰ ਕਿਹਾ: “ਆਪਣੀਆਂ ਅੱਖੀਆਂ ਹੁਣ ਚੁੱਕਕੇ ਇਸ ਥਾਂ ਤੋਂ ਜਿੱਥੇ ਤੂੰ ਹੁਣ ਹੈਂ ਉੱਤਰ ਅਰ ਦੱਖਣ, ਪੂਰਬ ਅਰ ਪੱਛਮ ਵੱਲ ਵੇਖ।” (ਉਤਪਤ 13:14) ਬਾਈਬਲ ਦੇ ਕਈ ਵਿਦਵਾਨ ਕਹਿੰਦੇ ਹਨ ਕਿ ਪ੍ਰਾਚੀਨ ਇਬਰਾਨੀ ਵਿਚ ਇਹ ਆਇਤ ਹੁਕਮ ਦੀ ਬਜਾਇ ਇਕ ਬੇਨਤੀ ਸੀ। ਬਾਈਬਲ ਵਿਚ ਇਸ ਤਰ੍ਹਾਂ ਦੀਆਂ ਹੋਰ ਉਦਾਹਰਣਾਂ ਵੀ ਹਨ। (ਉਤਪਤ 31:12; ਹਿਜ਼ਕੀਏਲ 8:5) ਜ਼ਰਾ ਸੋਚੋ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਇਕ ਮਾਮੂਲੀ ਇਨਸਾਨ ਨਾਲ ‘ਜੀ’ ਕਹਿ ਕੇ ਗੱਲ ਕਰਦਾ ਹੈ! ਇਸ ਦੁਨੀਆਂ ਵਿਚ ਜਿੱਥੇ ਕਠੋਰਤਾ ਤੇ ਬਦਤਮੀਜ਼ੀ ਇੰਨੀ ਆਮ ਹੈ, ਸਾਡੇ ਕਿਰਪਾਲੂ ਪਰਮੇਸ਼ੁਰ ਯਹੋਵਾਹ ਬਾਰੇ ਸੋਚਣਾ ਕਿੰਨਾ ਚੰਗਾ ਹੈ!

      18. ਯਹੋਵਾਹ ਕਿਸ ਭਾਵ ਵਿਚ “ਸਚਿਆਈ ਨਾਲ ਭਰਪੂਰ” ਹੈ ਅਤੇ ਇਨ੍ਹਾਂ ਸ਼ਬਦਾਂ ਤੋਂ ਸਾਨੂੰ ਹੌਸਲਾ ਕਿਉਂ ਮਿਲਦਾ ਹੈ?

      18 ‘ਯਹੋਵਾਹ ਸਚਿਆਈ ਨਾਲ ਭਰਪੂਰ ਹੈ।’ ਅੱਜ-ਕੱਲ੍ਹ ਦੁਨੀਆਂ ਵਿਚ ਬੇਈਮਾਨੀ ਆਮ ਹੈ। ਪਰ ਬਾਈਬਲ ਵਿਚ ਸਾਨੂੰ ਯਾਦ ਦਿਲਾਇਆ ਜਾਂਦਾ ਹੈ: “ਪਰਮੇਸ਼ੁਰ ਇਨਸਾਨ ਨਹੀਂ ਕਿ ਉਹ ਝੂਠ ਬੋਲੇ।” (ਗਿਣਤੀ 23:19) ਦਰਅਸਲ ਤੀਤੁਸ 1:2 ਵਿਚ ਲਿਖਿਆ ਹੈ ਕਿ ‘ਪਰਮੇਸ਼ੁਰ ਝੂਠ ਬੋਲ ਨਹੀਂ ਸੱਕਦਾ।’ ਉਹ ਇਸ ਲਈ ਝੂਠ ਨਹੀਂ ਬੋਲ ਸਕਦਾ ਕਿਉਂਕਿ ਉਹ ਭਲਾ ਹੈ। ਇਸ ਕਰਕੇ ਯਹੋਵਾਹ ਦੇ ਵਾਅਦਿਆਂ ਤੇ ਪੂਰਾ ਭਰੋਸਾ ਰੱਖਿਆ ਜਾ ਸਕਦਾ ਹੈ। ਉਸ ਦੀ ਕਹੀ ਗੱਲ ਹਮੇਸ਼ਾ ਪੂਰੀ ਹੁੰਦੀ ਹੈ। ਯਹੋਵਾਹ ਨੂੰ ਤਾਂ ‘ਸਚਿਆਈ ਦਾ ਪਰਮੇਸ਼ੁਰ’ ਵੀ ਸੱਦਿਆ ਗਿਆ ਹੈ। (ਜ਼ਬੂਰਾਂ ਦੀ ਪੋਥੀ 31:5) ਉਹ ਝੂਠ ਨਾ ਬੋਲਣ ਦੇ ਨਾਲ-ਨਾਲ ਸੱਚਾਈ ਦਾ ਪ੍ਰਚਾਰ ਵੀ ਕਰਦਾ ਹੈ। ਉਹ ਸਭ ਕੁਝ ਗੁਪਤ ਰੱਖਣ ਦੀ ਬਜਾਇ ਖੁੱਲ੍ਹ-ਦਿਲੀ ਨਾਲ ਆਪਣੇ ਵਫ਼ਾਦਾਰ ਸੇਵਕਾਂ ਨੂੰ ਆਪਣੀ ਡੂੰਘੀ ਬੁੱਧ ਦੇ ਭੰਡਾਰ ਵਿੱਚੋਂ ਆਪਣੇ ਭੇਤ ਦੱਸਦਾ ਹੈ।b ਉਹ ਸੱਚਾਈ ਅਨੁਸਾਰ ਜੀਉਣਾ ਵੀ ਸਿਖਾਉਂਦਾ ਹੈ ਤਾਂਕਿ ਲੋਕ ‘ਸਚਿਆਈ ਉੱਤੇ ਚੱਲਦੇ ਰਹਿਣ।’ (3 ਯੂਹੰਨਾ 3) ਤਾਂ ਫਿਰ ਯਹੋਵਾਹ ਦੀ ਭਲਾਈ ਦਾ ਸਾਡੇ ਉੱਤੇ ਨਿੱਜੀ ਤੌਰ ਤੇ ਕੀ ਪ੍ਰਭਾਵ ਪੈਣਾ ਚਾਹੀਦਾ ਹੈ?

      ‘ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕੋ’

      19, 20. (ੳ) ਸ਼ਤਾਨ ਨੇ ਹੱਵਾਹ ਦੇ ਮਨ ਵਿਚ ਯਹੋਵਾਹ ਦੀ ਭਲਾਈ ਬਾਰੇ ਸ਼ੱਕ ਕਿਸ ਤਰ੍ਹਾਂ ਪੈਦਾ ਕੀਤਾ ਸੀ ਅਤੇ ਇਸ ਦੇ ਕੀ ਨਤੀਜੇ ਨਿਕਲੇ ਹਨ? (ਅ) ਯਹੋਵਾਹ ਦੀ ਭਲਾਈ ਦਾ ਸਾਡੇ ਉੱਤੇ ਕੀ ਪ੍ਰਭਾਵ ਪੈਣਾ ਚਾਹੀਦਾ ਹੈ ਅਤੇ ਕਿਉਂ?

      19 ਸ਼ਤਾਨ ਨੇ ਅਦਨ ਦੇ ਬਾਗ਼ ਵਿਚ ਹੱਵਾਹ ਨੂੰ ਭਰਮਾ ਕੇ ਉਸ ਦੇ ਮਨ ਵਿਚ ਹੌਲੀ-ਹੌਲੀ ਯਹੋਵਾਹ ਦੀ ਭਲਾਈ ਬਾਰੇ ਸ਼ੱਕ ਪੈਦਾ ਕੀਤਾ ਸੀ। ਇਸ ਤੋਂ ਕੁਝ ਸਮੇਂ ਪਹਿਲਾਂ ਯਹੋਵਾਹ ਨੇ ਆਦਮ ਨੂੰ ਕਿਹਾ ਸੀ: “ਬਾਗ ਦੇ ਹਰ ਬਿਰਛ ਤੋਂ ਤੂੰ ਨਿਸੰਗ ਖਾਈਂ।” ਉਸ ਬਾਗ਼ ਵਿਚ ਕਈ ਹਜ਼ਾਰ ਦਰਖ਼ਤ ਸਨ, ਪਰ ਯਹੋਵਾਹ ਨੇ ਉਨ੍ਹਾਂ ਨੂੰ ਸਿਰਫ਼ ਇਕ ਦਰਖ਼ਤ ਦਾ ਫਲ ਖਾਣ ਤੋਂ ਮਨ੍ਹਾ ਕੀਤਾ ਸੀ। ਪਰ ਨੋਟ ਕਰੋ ਕਿ ਸ਼ਤਾਨ ਨੇ ਹੱਵਾਹ ਨੂੰ ਕਿਸ ਤਰ੍ਹਾਂ ਸਵਾਲ ਪੁੱਛਿਆ ਸੀ: “ਭਲਾ, ਪਰਮੇਸ਼ੁਰ ਨੇ ਸੱਚ ਮੁੱਚ ਆਖਿਆ ਹੈ ਕਿ ਬਾਗ ਦੇ ਕਿਸੇ ਬਿਰਛ ਤੋਂ ਤੁਸੀਂ ਨਾ ਖਾਓ?” (ਉਤਪਤ 2:9, 16; 3:1) ਸ਼ਤਾਨ ਨੇ ਯਹੋਵਾਹ ਦੀ ਗੱਲ ਨੂੰ ਇਸ ਤਰ੍ਹਾਂ ਘੁੰਮਾ-ਫਿਰਾ ਕੇ ਕਿਹਾ ਕਿ ਹੱਵਾਹ ਸੋਚਣ ਲੱਗ ਪਈ ਕਿ ਯਹੋਵਾਹ ਨੇ ਸੱਚ-ਮੁੱਚ ਉਸ ਤੋਂ ਕੋਈ ਭਲੀ ਚੀਜ਼ ਲੁਕੋ ਕੇ ਰੱਖੀ ਸੀ। ਅਫ਼ਸੋਸ ਦੀ ਗੱਲ ਹੈ ਕਿ ਸ਼ਤਾਨ ਆਪਣੀ ਚਾਲ ਵਿਚ ਕਾਮਯਾਬ ਹੋ ਗਿਆ ਸੀ। ਹੱਵਾਹ ਨੇ ਉਸ ਪਰਮੇਸ਼ੁਰ ਦੀ ਭਲਾਈ ਉੱਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਜਿਸ ਨੇ ਉਸ ਨੂੰ ਸਭ ਕੁਝ ਦਿੱਤਾ ਸੀ। ਉਸ ਤੋਂ ਬਾਅਦ ਹੋਰ ਕਈਆਂ ਆਦਮੀਆਂ ਤੇ ਤੀਵੀਆਂ ਨੇ ਹੱਵਾਹ ਦੀ ਨਕਲ ਕੀਤੀ ਹੈ।

      20 ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਸ਼ੱਕ ਕਰਨ ਕਰਕੇ ਦੁਨੀਆਂ ਤੇ ਕਿੰਨੀ ਦੁੱਖ-ਤਕਲੀਫ਼ ਆਈ ਹੈ। ਯਿਰਮਿਯਾਹ 31:12 ਵਿਚ ਅਸੀਂ ਪੜ੍ਹਦੇ ਹਾਂ: ‘ਓਹ ਯਹੋਵਾਹ ਦੀ ਭਲਿਆਈ ਦੇ ਕਾਰਨ ਚਮਕਣਗੇ।’ ਤਾਂ ਫਿਰ ਆਓ ਆਪਾਂ ਯਹੋਵਾਹ ਦੀ ਭਲਾਈ ਦੇ ਕਾਰਨ ਖ਼ੁਸ਼ੀ ਦੇ ਗੀਤ ਗਾਈਏ। ਸਾਨੂੰ ਯਹੋਵਾਹ ਦੇ ਮਕਸਦ ਉੱਤੇ ਕਦੇ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਭਲਾਈ ਨਾਲ ਭਰਪੂਰ ਹੈ। ਅਸੀਂ ਉਸ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿਉਂਕਿ ਉਹ ਆਪਣੇ ਲੋਕਾਂ ਦੀ ਭਲਾਈ ਤੋਂ ਸਿਵਾਇ ਹੋਰ ਕੁਝ ਨਹੀਂ ਚਾਹੁੰਦਾ।

      21, 22. (ੳ) ਯਹੋਵਾਹ ਦੀ ਭਲਾਈ ਨੂੰ ਜਾਣ ਕੇ ਤੁਸੀਂ ਕੀ ਕਰਨਾ ਚਾਹੁੰਦੇ ਹੋ? (ਅ) ਅਗਲੇ ਅਧਿਆਇ ਵਿਚ ਅਸੀਂ ਕਿਹੜੇ ਗੁਣ ਬਾਰੇ ਗੱਲ ਕਰਾਂਗੇ ਅਤੇ ਇਹ ਗੁਣ ਭਲਾਈ ਨਾਲੋਂ ਵੱਖਰਾ ਕਿਸ ਤਰ੍ਹਾਂ ਹੈ?

      21 ਜਦੋਂ ਸਾਨੂੰ ਦੂਸਰਿਆਂ ਨੂੰ ਯਹੋਵਾਹ ਦੀ ਭਲਾਈ ਬਾਰੇ ਦੱਸਣ ਦਾ ਮੌਕਾ ਮਿਲਦਾ ਹੈ, ਤਾਂ ਅਸੀਂ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ। ਜ਼ਬੂਰਾਂ ਦੀ ਪੋਥੀ 145:7 ਵਿਚ ਯਹੋਵਾਹ ਦੇ ਲੋਕਾਂ ਬਾਰੇ ਲਿਖਿਆ ਹੈ: “ਓਹ ਤੇਰੀ ਬਹੁਤੀ ਭਲਿਆਈ ਨੂੰ ਚੇਤੇ ਕਰ ਕੇ ਉੱਬਲ ਉੱਠਣਗੇ।” ਹਰ ਦਿਨ ਸਾਨੂੰ ਯਹੋਵਾਹ ਦੀ ਭਲਾਈ ਤੋਂ ਫ਼ਾਇਦਾ ਹੁੰਦਾ ਹੈ। ਇਸ ਲਈ ਆਓ ਆਪਾਂ ਹਰ ਰੋਜ਼ ਯਹੋਵਾਹ ਦਾ ਧੰਨਵਾਦ ਕਰੀਏ ਕਿ ਉਸ ਨੇ ਸਾਡੇ ਨਾਲ ਇੰਨੀ ਭਲਾਈ ਕੀਤੀ ਹੈ। ਆਓ ਆਪਾਂ ਯਹੋਵਾਹ ਦੀ ਹਰ ਭਲਾਈ ਦਾ ਨਾਂ ਲੈ ਕੇ ਉਸ ਦਾ ਸ਼ੁਕਰ ਕਰੀਏ। ਯਹੋਵਾਹ ਦੀ ਭਲਾਈ ਬਾਰੇ ਸੋਚ ਕੇ, ਉਸ ਦੀ ਭਲਾਈ ਲਈ ਰੋਜ਼ ਉਸ ਦਾ ਧੰਨਵਾਦ ਕਰ ਕੇ ਅਤੇ ਦੂਸਰਿਆਂ ਨੂੰ ਉਸ ਬਾਰੇ ਦੱਸ ਕੇ ਅਸੀਂ ਆਪਣੇ ਭਲੇ ਪਰਮੇਸ਼ੁਰ ਦੀ ਨਕਲ ਕਰ ਸਕਦੇ ਹਾਂ। ਜਿਉਂ-ਜਿਉਂ ਅਸੀਂ ਯਹੋਵਾਹ ਵਾਂਗ ਭਲਾਈ ਕਰਾਂਗੇ, ਅਸੀਂ ਆਪਣੇ ਆਪ ਨੂੰ ਉਸ ਦੇ ਹੋਰ ਨੇੜੇ ਮਹਿਸੂਸ ਕਰਾਂਗੇ। ਯੂਹੰਨਾ ਰਸੂਲ ਨੇ ਆਪਣੇ ਬੁਢੇਪੇ ਵਿਚ ਲਿਖਿਆ ਸੀ: “ਪਿਆਰਿਆ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ। ਜਿਹੜਾ ਭਲਾ ਕਰਦਾ ਹੈ ਉਹ ਪਰਮੇਸ਼ੁਰ ਤੋਂ ਹੈ।”—3 ਯੂਹੰਨਾ 11.

      22 ਯਹੋਵਾਹ ਦੀ ਭਲਾਈ ਉਸ ਦੇ ਹੋਰ ਗੁਣਾਂ ਨਾਲ ਵੀ ਤਅੱਲਕ ਰੱਖਦੀ ਹੈ। ਉਦਾਹਰਣ ਲਈ ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ “ਵਫ਼ਾਦਾਰੀ ਨਾਲ ਭਰਪੂਰ ਹੈ।” (ਕੂਚ 34:6, NW ) ਇਹ ਗੁਣ ਭਲਾਈ ਨਾਲੋਂ ਕਾਫ਼ੀ ਵੱਖਰਾ ਹੈ ਕਿਉਂਕਿ ਯਹੋਵਾਹ ਖ਼ਾਸ ਕਰਕੇ ਆਪਣੇ ਵਫ਼ਾਦਾਰ ਸੇਵਕਾਂ ਨਾਲ ਹੀ ਵਫ਼ਾਦਾਰੀ ਕਰਦਾ ਹੈ। ਇਸ ਕਿਤਾਬ ਦੇ ਅਗਲੇ ਅਧਿਆਇ ਵਿਚ ਅਸੀਂ ਦੇਖਾਂਗੇ ਕਿ ਉਹ ਵਫ਼ਾਦਾਰ ਕਿਸ ਤਰ੍ਹਾਂ ਹੈ।

      a ਯਹੋਵਾਹ ਦੀ ਭਲਾਈ ਦਾ ਸਭ ਤੋਂ ਵੱਡਾ ਸਬੂਤ ਯਿਸੂ ਦੇ ਬਲੀਦਾਨ ਤੋਂ ਮਿਲਦਾ ਹੈ। ਕਰੋੜਾਂ ਦੂਤਾਂ ਵਿੱਚੋਂ ਯਹੋਵਾਹ ਨੇ ਆਪਣੇ ਪਿਆਰੇ ਤੇ ਇਕਲੌਤੇ ਪੁੱਤਰ ਨੂੰ ਸਾਡੇ ਵਾਸਤੇ ਮਰਨ ਲਈ ਚੁਣਿਆ ਸੀ।

      b ਬਾਈਬਲ ਵਿਚ ਸੱਚਾਈ ਅਤੇ ਚਾਨਣ ਦੀ ਇਕੱਠੇ ਹੀ ਗੱਲ ਕੀਤੀ ਗਈ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਆਪਣੇ ਚਾਨਣ ਅਰ ਆਪਣੀ ਸੱਚਿਆਈ ਨੂੰ ਘੱਲ।” (ਜ਼ਬੂਰਾਂ ਦੀ ਪੋਥੀ 43:3) ਜੋ ਲੋਕ ਯਹੋਵਾਹ ਤੋਂ ਸਿੱਖਿਆ ਪ੍ਰਾਪਤ ਕਰਨੀ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਖੁੱਲ੍ਹੇ ਦਿਲ ਨਾਲ ਆਪਣਾ ਰੂਹਾਨੀ ਚਾਨਣ ਦਿੰਦਾ ਹੈ।—2 ਕੁਰਿੰਥੀਆਂ 4:6; 1 ਯੂਹੰਨਾ 1:5.

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • 1 ਰਾਜਿਆਂ 8:54-61, 66 ਸੁਲੇਮਾਨ ਨੇ ਯਹੋਵਾਹ ਦੀ ਭਲਾਈ ਲਈ ਉਸ ਦਾ ਧੰਨਵਾਦ ਕਿਸ ਤਰ੍ਹਾਂ ਕੀਤਾ ਸੀ ਅਤੇ ਇਸ ਦਾ ਇਸਰਾਏਲੀਆਂ ਉੱਤੇ ਕੀ ਅਸਰ ਪਿਆ ਸੀ?

      • ਜ਼ਬੂਰਾਂ ਦੀ ਪੋਥੀ 119:66, 68 ਅਸੀਂ ਪ੍ਰਾਰਥਨਾ ਵਿਚ ਕਿਸ ਚੀਜ਼ ਦੀ ਮੰਗ ਕਰ ਸਕਦੇ ਹਾਂ ਤਾਂਕਿ ਅਸੀਂ ਯਹੋਵਾਹ ਦੀ ਭਲਾਈ ਦੀ ਨਕਲ ਕਰ ਸਕੀਏ?

      • ਲੂਕਾ 6:32-38 ਅਸੀਂ ਯਹੋਵਾਹ ਦੀ ਖੁੱਲ੍ਹ-ਦਿਲੀ ਦੀ ਨਕਲ ਕਿਉਂ ਕਰਨੀ ਚਾਹਾਂਗੇ?

      • ਰੋਮੀਆਂ 12:2, 9, 17-21 ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਭਲਾਈ ਕਿਸ ਤਰ੍ਹਾਂ ਕਰ ਸਕਦੇ ਹਾਂ?

  • ‘ਤੂੰ ਹੀ ਇਕੱਲਾ ਵਫ਼ਾਦਾਰ ਹੈਂ’
    ਯਹੋਵਾਹ ਦੇ ਨੇੜੇ ਰਹੋ
    • ਰਾਤ ਨੂੰ ਆਕਾਸ਼ ਵਿਚ ਚੰਦ

      ਅਠਾਈਵਾਂ ਅਧਿਆਇ

      ‘ਤੂੰ ਹੀ ਇਕੱਲਾ ਵਫ਼ਾਦਾਰ ਹੈਂ’

      1, 2. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਰਾਜਾ ਦਾਊਦ ਬੇਵਫ਼ਾਈ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ?

      ਦਾਊਦ ਬਾਦਸ਼ਾਹ ਬੇਵਫ਼ਾਈ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ। ਉਸ ਦੇ ਰਾਜ ਦੌਰਾਨ ਇਕ ਸਮਾਂ ਸੀ ਜਦੋਂ ਉਸ ਦੀ ਆਪਣੀ ਕੌਮ ਦੇ ਬੰਦੇ ਉਸ ਦੇ ਖ਼ਿਲਾਫ਼ ਸਾਜ਼ਸ਼ ਘੜ ਰਹੇ ਸਨ। ਇਸ ਤੋਂ ਇਲਾਵਾ ਦਾਊਦ ਦੇ ਜਿਗਰੀ ਦੋਸਤ ਵੀ ਨਮਕ ਹਰਾਮ ਨਿਕਲੇ। ਉਸ ਦੀ ਪਹਿਲੀ ਪਤਨੀ ਮੀਕਲ ਦੀ ਉਦਾਹਰਣ ਉੱਤੇ ਗੌਰ ਕਰੋ। ਪਹਿਲਾਂ-ਪਹਿਲਾਂ ਤਾਂ “ਮੀਕਲ ਨੇ ਦਾਊਦ ਨਾਲ ਪ੍ਰੀਤ ਲਾਈ” ਅਤੇ ਉਸ ਨੇ ਦਾਊਦ ਦੀ ਮਦਦ ਵੀ ਕੀਤੀ ਹੋਣੀ ਜਦ ਉਹ ਰਾਜਾ ਹੋਣ ਦੇ ਨਾਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦਾ ਸੀ। ਪਰ ਬਾਅਦ ਵਿਚ ‘ਉਸ ਨੇ ਰਾਜੇ ਨੂੰ ਤੁਛ ਜਾਣਿਆ’ ਅਤੇ ਉਸ ਨੂੰ ‘ਮੂਰਖ’ ਸੱਦਿਆ।​—1 ਸਮੂਏਲ 18:20; 2 ਸਮੂਏਲ 6:16, 20, ਪਵਿੱਤਰ ਬਾਈਬਲ ਨਵਾਂ ਅਨੁਵਾਦ।

      2 ਦੂਸਰੀ ਉਦਾਹਰਣ ਦਾਊਦ ਦੇ ਮੰਤਰੀ ਅਹੀਥੋਫ਼ਲ ਦੀ ਹੈ। ਉਸ ਦੀ ਸਲਾਹ ਇੰਨੀ ਚੰਗੀ ਸਮਝੀ ਜਾਂਦੀ ਸੀ ਕੇ ਉਸ ਨੂੰ ਯਹੋਵਾਹ ਦੀ ਹੀ ਸਲਾਹ ਮੰਨਿਆ ਜਾਂਦਾ ਸੀ। (2 ਸਮੂਏਲ 16:23) ਪਰ ਸਮੇਂ ਦੇ ਬੀਤਣ ਨਾਲ ਦਾਊਦ ਦਾ ਇਹ ਦੋਸਤ ਬੇਈਮਾਨ ਨਿਕਲਿਆ ਅਤੇ ਦਾਊਦ ਦੇ ਖ਼ਿਲਾਫ਼ ਹੋ ਰਹੀ ਬਗਾਵਤ ਵਿਚ ਜਾ ਮਿਲਿਆ। ਪਰ ਸਾਜ਼ਸ਼ ਘੜਨ ਵਾਲਾ ਕੌਣ ਸੀ? ਹਾਂ, ਦਾਊਦ ਦਾ ਆਪਣਾ ਪੁੱਤਰ ਅਬਸ਼ਾਲੋਮ! ਉਸ ਚਾਲਬਾਜ਼ ਨੇ “ਇਸਰਾਏਲ ਦੇ ਮਨੁੱਖਾਂ ਦੇ ਮਨ ਮੋਹ ਲਏ” ਅਤੇ ਉਸ ਨੇ ਆਪਣੇ ਆਪ ਨੂੰ ਆਪਣੇ ਪਿਤਾ ਦੇ ਜੀਉਂਦੇ-ਜੀ ਰਾਜਾ ਬਣਾ ਲਿਆ। ਅਬਸ਼ਾਲੋਮ ਦੀ ਬਗਾਵਤ ਇੰਨੀ ਵੱਧ ਗਈ ਸੀ ਕਿ ਰਾਜਾ ਦਾਊਦ ਨੂੰ ਆਪਣੀ ਜਾਨ ਬਚਾਉਣ ਲਈ ਉੱਥੋਂ ਭੱਜਣਾ ਪਿਆ ਸੀ।​—2 ਸਮੂਏਲ 15:1-6, 12-17.

      3. ਦਾਊਦ ਨੂੰ ਕਿਸ ਗੱਲ ਦਾ ਯਕੀਨ ਸੀ?

      3 ਕੀ ਦਾਊਦ ਪ੍ਰਤੀ ਕੋਈ ਵੀ ਨਹੀਂ ਵਫ਼ਾਦਾਰ ਰਿਹਾ ਸੀ? ਆਪਣੀਆਂ ਸਾਰੀਆਂ ਮੁਸੀਬਤਾਂ ਦੌਰਾਨ ਦਾਊਦ ਜਾਣਦਾ ਸੀ ਕਿ ਉਸ ਦਾ ਸਾਥ ਦੇਣ ਵਾਲਾ ਕੋਈ ਤਾਂ ਸੀ। ਪਰ ਕੌਣ? ਖ਼ੁਦ ਯਹੋਵਾਹ ਪਰਮੇਸ਼ੁਰ। ਦਾਊਦ ਨੇ ਯਹੋਵਾਹ ਨੂੰ ਕਿਹਾ: “ਦਯਾਵਾਨ [“ਵਫ਼ਾਦਾਰ,” NW ] ਲਈ ਤੂੰ ਆਪਣੇ ਆਪ ਨੂੰ ਦਯਾਵਾਨ [“ਵਫ਼ਾਦਾਰ,” NW ] ਵਿਖਾਵੇਂਗਾ।” (2 ਸਮੂਏਲ 22:26) ਵਫ਼ਾਦਾਰੀ ਕੀ ਹੈ ਅਤੇ ਯਹੋਵਾਹ ਇਸ ਦੀ ਉੱਤਮ ਮਿਸਾਲ ਕਿਸ ਤਰ੍ਹਾਂ ਹੈ?

      ਵਫ਼ਾਦਾਰੀ ਕੀ ਹੈ?

      4, 5. (ੳ) ਵਫ਼ਾਦਾਰੀ ਕੀ ਹੈ? (ਅ) ਬੇਜਾਨ ਚੀਜ਼ਾਂ ਤੋਂ ਉਲਟ ਇਨਸਾਨ ਕੀ ਕਰ ਸਕਦੇ ਹਨ?

      4 ਬਾਈਬਲ ਦੇ ਇਬਰਾਨੀ ਹਿੱਸੇ ਵਿਚ ਵਫ਼ਾਦਾਰ ਰਹਿਣ ਦਾ ਮਤਲਬ ਹੈ ਕਿ ਕੋਈ ਆਪਣੇ ਸਾਥੀ ਦਾ ਉਸ ਸਮੇਂ ਤਕ ਸਾਥ ਦਿੰਦਾ ਰਹੇ ਜਦ ਤਕ ਉਸ ਦੇ ਸਾਥੀ ਦੀ ਜ਼ਰੂਰਤ ਪੂਰੀ ਨਹੀਂ ਹੋ ਜਾਂਦੀ। ਵਫ਼ਾਦਾਰ ਇਨਸਾਨ ਪਿਆਰ ਕਰਨ ਵਾਲਾ ਇਨਸਾਨ ਹੁੰਦਾ ਹੈ। ਸਿਰਫ਼ ਇਨਸਾਨ ਹੀ ਪਿਆਰ ਅਤੇ ਵਫ਼ਾਦਾਰੀ ਕਰ ਸਕਦੇ ਹਨ। ਬੇਜਾਨ ਚੀਜ਼ਾਂ ਵਫ਼ਾਦਾਰੀ ਨਹੀਂ ਕਰ ਸਕਦੀਆਂ। ਦਿਲਚਸਪੀ ਦੀ ਗੱਲ ਹੈ ਕਿ ਬਾਈਬਲ ਵਿਚ ਚੰਦ ਬਾਰੇ ਕਿਹਾ ਗਿਆ ਹੈ ਕਿ ਉਹ ‘ਗਗਣ ਵਿਚ ਸੱਚੀ ਸਾਖੀ’ ਦੇ ਨਾਤੇ ਹੈ ਯਾਨੀ ਉਹ ਹਰ ਰੋਜ਼ ਰਾਤ ਨੂੰ ਨਿਕਲਦਾ ਹੈ ਅਤੇ ਅਸੀਂ ਇਸ ਗੱਲ ਤੇ ਯਕੀਨ ਕਰ ਸਕਦੇ ਹਾਂ। (ਜ਼ਬੂਰਾਂ ਦੀ ਪੋਥੀ 89:37) ਲੇਕਿਨ, ਚੰਦ ਨੂੰ ਇਨਸਾਨ ਵਾਂਗ ਕਦੇ ਵੀ ਵਫ਼ਾਦਾਰ ਨਹੀਂ ਸੱਦਿਆ ਜਾ ਸਕਦਾ ਕਿਉਂਕਿ ਇਨਸਾਨ ਪਿਆਰ ਦੇ ਕਾਰਨ ਵਫ਼ਾਦਾਰ ਹੁੰਦੇ ਹਨ ਅਤੇ ਬੇਜਾਨ ਚੀਜ਼ਾਂ ਪਿਆਰ ਨਹੀਂ ਕਰ ਸਕਦੀਆਂ।

      ਚੰਦ ਨੂੰ ਇਨਸਾਨ ਵਾਂਗ ਕਦੇ ਵੀ ਵਫ਼ਾਦਾਰ ਨਹੀਂ ਸੱਦਿਆ ਜਾ ਸਕਦਾ ਕਿਉਂਕਿ ਇਨਸਾਨ ਪਿਆਰ ਦੇ ਕਾਰਨ ਵਫ਼ਾਦਾਰ ਹੁੰਦੇ ਹਨ ਅਤੇ ਬੇਜਾਨ ਚੀਜ਼ਾਂ ਪਿਆਰ ਨਹੀਂ ਕਰ ਸਕਦੀਆਂ

      5 ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜੋ ਲੋਕ ਇਕ-ਦੂਜੇ ਪ੍ਰਤੀ ਵਫ਼ਾਦਾਰ ਹੁੰਦੇ ਹਨ ਉਨ੍ਹਾਂ ਵਿਚ ਦਿਲਾਂ ਦੀ ਸਾਂਝ ਹੁੰਦੀ ਹੈ। ਵਫ਼ਾਦਾਰ ਇਨਸਾਨ ਕਦੇ ਡੋਲਦਾ ਨਹੀਂ ਤੇ ਨਾ ਹੀ ਉਹ ਸਮੁੰਦਰ ਦੀਆਂ ਲਹਿਰਾਂ ਵਾਂਗ ਬਦਲਦਾ ਰਹਿੰਦਾ ਹੈ। ਇਸ ਤੋਂ ਉਲਟ ਵਫ਼ਾਦਾਰ ਇਨਸਾਨ ਰਾਹ ਵਿੱਚੋਂ ਹਰ ਰੁਕਾਵਟ ਨੂੰ ਦੂਰ ਕਰ ਦਿੰਦਾ ਹੈ ਅਤੇ ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰ ਰਹਿੰਦਾ ਹੈ।

      6. (ੳ) ਕੀ ਅੱਜ-ਕੱਲ੍ਹ ਵਫ਼ਾਦਾਰੀ ਆਮ ਹੈ ਅਤੇ ਇਸ ਬਾਰੇ ਬਾਈਬਲ ਵਿਚ ਕੀ ਲਿਖਿਆ ਹੈ? (ਅ) ਵਫ਼ਾਦਾਰੀ ਦਾ ਅਸਲੀ ਮਤਲਬ ਸਿੱਖਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

      6 ਇਹ ਸੱਚ ਹੈ ਕਿ ਬਹੁਤ ਸਾਰੇ ਲੋਕ ਅੱਜ-ਕੱਲ੍ਹ ਇਸ ਤਰ੍ਹਾਂ ਵਫ਼ਾਦਾਰ ਨਹੀਂ ਰਹਿੰਦੇ। ਦੇਖਿਆ ਜਾਂਦਾ ਹੈ ਕਿ ਅਕਸਰ “ਬਹੁਤ ਸਾਰੇ ਮਿੱਤ੍ਰ ਨੁਕਸਾਨ ਦੇ ਕਾਰਨ ਹਨ।” ਅੱਜ-ਕੱਲ੍ਹ ਅਸੀਂ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸੁਣਦੇ ਹਾਂ ਕਿ ਤੀਵੀਂ-ਆਦਮੀ ਇਕ-ਦੂਜੇ ਨੂੰ ਛੱਡ ਰਹੇ ਹਨ। (ਕਹਾਉਤਾਂ 18:24; ਮਲਾਕੀ 2:14-16) ਇੰਨੇ ਲੋਕ ਇਕ-ਦੂਜੇ ਨੂੰ ਧੋਖਾ ਦੇ ਰਹੇ ਹਨ ਕਿ ਅਸੀਂ ਵੀ ਸ਼ਾਇਦ ਮੀਕਾਹ ਨਬੀ ਵਾਂਗ ਕਹਿਣ ਲੱਗੀਏ: “ਭਗਤ [“ਵਫ਼ਾਦਾਰ ਇਨਸਾਨ,” NW ] ਧਰਤੀ ਤੋਂ ਨਾਸ ਹੋ ਗਿਆ।” (ਮੀਕਾਹ 7:2) ਭਾਵੇਂ ਇਨਸਾਨ ਵਫ਼ਾਦਾਰ ਨਹੀਂ ਰਹਿੰਦੇ, ਪਰ ਯਹੋਵਾਹ ਹਮੇਸ਼ਾ ਵਫ਼ਾਦਾਰ ਰਹਿੰਦਾ ਹੈ। ਦਰਅਸਲ ਜੇ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਵਫ਼ਾਦਾਰੀ ਅਸਲ ਵਿਚ ਕੀ ਹੈ, ਤਾਂ ਸਾਨੂੰ ਚੰਗੀ ਤਰ੍ਹਾਂ ਜਾਂਚ-ਪੜਤਾਲ ਕਰਨੀ ਚਾਹੀਦੀ ਹੈ ਕਿ ਯਹੋਵਾਹ ਪਿਆਰ ਕਰ ਕੇ ਦਿਖਾਉਂਦਾ ਹੈ ਕਿ ਉਹ ਵਫ਼ਾਦਾਰ ਹੈ।

      ਯਹੋਵਾਹ ਦੀ ਵਫ਼ਾਦਾਰੀ ਬੇਮਿਸਾਲ ਹੈ

      7, 8. ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ ਕਿ ਸਿਰਫ਼ ਯਹੋਵਾਹ ਹੀ ਵਫ਼ਾਦਾਰ ਹੈ?

      7 ਬਾਈਬਲ ਵਿਚ ਯਹੋਵਾਹ ਬਾਰੇ ਕਿਹਾ ਗਿਆ ਹੈ ਕਿ ਪਰਮੇਸ਼ੁਰ ‘ਇਕੱਲਾ ਹੀ ਪਵਿੱਤਰ [“ਵਫ਼ਾਦਾਰ,” NW ] ਹੈ।’ (ਪਰਕਾਸ਼ ਦੀ ਪੋਥੀ 15:4) ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਕੀ ਇਨਸਾਨ ਅਤੇ ਫ਼ਰਿਸ਼ਤੇ ਵਫ਼ਾਦਾਰ ਨਹੀਂ ਰਹੇ ਹਨ? (ਅੱਯੂਬ 1:1; ਪਰਕਾਸ਼ ਦੀ ਪੋਥੀ 4:8) ਅਤੇ ਯਿਸੂ ਮਸੀਹ ਬਾਰੇ ਕੀ? ਕੀ ਉਹ ਪਰਮੇਸ਼ੁਰ ਦਾ ਖ਼ਾਸ “ਪਵਿੱਤਰ [“ਵਫ਼ਾਦਾਰ,” NW ] ਪੁਰਖ” ਨਹੀਂ ਹੈ? (ਜ਼ਬੂਰਾਂ ਦੀ ਪੋਥੀ 16:10) ਤਾਂ ਫਿਰ, ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਿਰਫ਼ ਯਹੋਵਾਹ ਹੀ ਵਫ਼ਾਦਾਰ ਹੈ?

      8 ਪਹਿਲਾਂ ਇਹ ਗੱਲ ਯਾਦ ਰੱਖੋ ਕਿ ਵਫ਼ਾਦਾਰੀ ਪਿਆਰ ਦਾ ਇਕ ਪਹਿਲੂ ਹੈ। “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਪਿਆਰ ਉਹ ਦੇ ਅੰਗ-ਅੰਗ ਵਿਚ ਸਮਾਇਆ ਹੋਇਆ ਹੈ, ਇਸ ਲਈ ਯਹੋਵਾਹ ਜਿੰਨੀ ਵਫ਼ਾਦਾਰੀ ਹੋਰ ਕੋਈ ਨਹੀਂ ਕਰ ਸਕਦਾ। ਫ਼ਰਿਸ਼ਤਿਆਂ ਤੇ ਇਨਸਾਨਾਂ ਵਿਚ ਪਰਮੇਸ਼ੁਰ ਵਰਗੇ ਗੁਣ ਹੋ ਸਕਦੇ ਹਨ, ਪਰ ਸਿਰਫ਼ ਯਹੋਵਾਹ ਹੀ ਪੂਰੀ ਤਰ੍ਹਾਂ ਵਫ਼ਾਦਾਰ ਹੋ ਸਕਦਾ ਹੈ। “ਅੱਤ ਪਰਾਚੀਨ” ਹੋਣ ਦੇ ਨਾਤੇ ਉਹ ਸਾਰਿਆਂ ਨਾਲੋਂ, ਚਾਹੇ ਕੋਈ ਸਵਰਗ ਵਿਚ ਹੋਵੇ ਜਾਂ ਧਰਤੀ ਤੇ, ਜ਼ਿਆਦਾ ਦੇਰ ਤਕ ਵਫ਼ਾਦਾਰੀ ਕਰਦਾ ਆਇਆ ਹੈ। (ਦਾਨੀਏਲ 7:9) ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਵਫ਼ਾਦਾਰੀ ਯਹੋਵਾਹ ਦੀ ਖ਼ਾਸੀਅਤ ਹੈ। ਉਹ ਜਿਸ ਤਰੀਕੇ ਨਾਲ ਵਫ਼ਾਦਾਰੀ ਕਰਦਾ ਹੈ, ਉਸ ਤਰ੍ਹਾਂ ਹੋਰ ਕੋਈ ਨਹੀਂ ਕਰ ਸਕਦਾ। ਆਓ ਆਪਾਂ ਕੁਝ ਉਦਾਹਰਣਾਂ ਉੱਤੇ ਗੌਰ ਕਰੀਏ।

      9. ‘ਯਹੋਵਾਹ ਆਪਣੇ ਸਾਰੇ ਕੰਮਾਂ ਵਿੱਚ ਵਫ਼ਾਦਾਰ’ ਕਿਸ ਤਰ੍ਹਾਂ ਹੈ?

      9 “ਯਹੋਵਾਹ . . . ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ [“ਵਫ਼ਾਦਾਰ,” NW ] ਹੈ।” (ਜ਼ਬੂਰਾਂ ਦੀ ਪੋਥੀ 145:17) ਕਿਸ ਤਰ੍ਹਾਂ? ਇਸ ਸਵਾਲ ਦਾ ਜਵਾਬ ਸਾਨੂੰ 136ਵੇਂ ਜ਼ਬੂਰ ਤੋਂ ਮਿਲਦਾ ਹੈ। ਇਸ ਜ਼ਬੂਰ ਵਿਚ ਕਈ ਵੱਖੋ-ਵੱਖਰੇ ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੁਆਰਾ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਇਆ ਸੀ। ਇਸ ਵਿਚ ਉਸ ਘਟਨਾ ਬਾਰੇ ਵੀ ਲਿਖਿਆ ਗਿਆ ਹੈ ਜਦੋਂ ਉਸ ਨੇ ਕਰਾਮਾਤੀ ਢੰਗ ਨਾਲ ਇਸਰਾਏਲੀਆਂ ਨੂੰ ਲਾਲ ਸਮੁੰਦਰ ਪਾਰ ਕਰਾਇਆ ਸੀ। ਦਿਲਚਸਪੀ ਦੀ ਗੱਲ ਹੈ ਕਿ ਇਸ ਜ਼ਬੂਰ ਦੀ ਹਰ ਆਇਤ ਤੋਂ ਬਾਅਦ ਇਹ ਵਾਕ ਲਿਖਿਆ ਗਿਆ ਹੈ: “ਉਹ ਦੀ ਦਯਾ [“ਵਫ਼ਾਦਾਰੀ,” NW ] ਸਦਾ ਦੀ ਹੈ।” ਇਸ ਕਿਤਾਬ ਦੇ 289ਵੇਂ ਸਫ਼ੇ ਉੱਤੇ ਬਾਈਬਲ ਦੇ ਜੋ ਹਵਾਲੇ ਸੋਚ-ਵਿਚਾਰ ਕਰਨ ਲਈ ਦਿੱਤੇ ਗਏ ਹਨ ਉਨ੍ਹਾਂ ਵਿਚ ਇਹ ਜ਼ਬੂਰ ਵੀ ਦਿੱਤਾ ਗਿਆ ਹੈ। ਇਨ੍ਹਾਂ ਆਇਤਾਂ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਹੈਰਾਨ ਹੋਣ ਤੋਂ ਨਹੀਂ ਰਹਿ ਸਕਦੇ ਕਿ ਯਹੋਵਾਹ ਨੇ ਕਿੰਨੇ ਵੱਖਰੇ-ਵੱਖਰੇ ਤਰੀਕਿਆਂ ਨਾਲ ਆਪਣੇ ਲੋਕਾਂ ਨਾਲ ਵਫ਼ਾਦਾਰੀ ਕੀਤੀ ਹੈ। ਜੀ ਹਾਂ, ਯਹੋਵਾਹ ਵਫ਼ਾਦਾਰੀ ਨਾਲ ਆਪਣੇ ਲੋਕਾਂ ਦੀ ਪੁਕਾਰ ਸੁਣਦਾ ਹੈ ਅਤੇ ਉਨ੍ਹਾਂ ਨੂੰ ਵੇਲੇ ਸਿਰ ਬਚਾਉਂਦਾ ਹੈ। (ਜ਼ਬੂਰਾਂ ਦੀ ਪੋਥੀ 34:6) ਜਿੰਨੀ ਦੇਰ ਉਸ ਦੇ ਸੇਵਕ ਉਸ ਪ੍ਰਤੀ ਵਫ਼ਾਦਾਰ ਰਹਿੰਦੇ ਹਨ, ਉੱਨੀ ਦੇਰ ਉਹ ਉਨ੍ਹਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ।

      10 ਯਹੋਵਾਹ ਆਪਣੇ ਮਿਆਰਾਂ ਉੱਤੇ ਚੱਲ ਕੇ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਕਿਸ ਤਰ੍ਹਾਂ ਰਹਿੰਦਾ ਹੈ?

      10 ਇਕ ਹੋਰ ਗੱਲ ਜਿਸ ਵਿਚ ਯਹੋਵਾਹ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ, ਇਹ ਹੈ ਕਿ ਉਹ ਹਮੇਸ਼ਾ ਆਪਣੇ ਮਿਆਰਾਂ ਉੱਤੇ ਚੱਲਦਾ ਹੈ। ਡਾਵਾਂ-ਡੋਲ ਇਨਸਾਨਾਂ ਤੋਂ ਉਲਟ ਯਹੋਵਾਹ ਜਲਦੀ ਦੇਣੀ ਆਪਣਾ ਮਨ ਨਹੀਂ ਬਦਲ ਲੈਂਦਾ ਕਿ ਕੀ ਸਹੀ ਹੈ ਤੇ ਕੀ ਗ਼ਲਤ। ਜਾਦੂਗਰੀ, ਮੂਰਤੀ-ਪੂਜਾ ਅਤੇ ਕਤਲ ਕਰਨ ਵਰਗੀਆਂ ਗੱਲਾਂ ਬਾਰੇ ਯਹੋਵਾਹ ਦਾ ਦ੍ਰਿਸ਼ਟੀਕੋਣ ਕਦੇ ਨਹੀਂ ਬਦਲਿਆ। ਉਸ ਨੇ ਆਪਣੇ ਨਬੀ ਯਸਾਯਾਹ ਰਾਹੀਂ ਆਪਣੇ ਲੋਕਾਂ ਨੂੰ ਕਿਹਾ ਸੀ ਕਿ ‘ਤੁਹਾਡੇ ਬੁਢੇਪੇ ਤੀਕ ਮੈਂ ਉਹੀ ਹਾਂ।’ (ਯਸਾਯਾਹ 46:4) ਇਸ ਕਰਕੇ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਉਸ ਦੀ ਅਗਵਾਈ ਉੱਤੇ ਚੱਲਾਂਗੇ, ਤਾਂ ਸਾਨੂੰ ਜ਼ਰੂਰ ਫ਼ਾਇਦਾ ਹੋਵੇਗਾ।​—ਯਸਾਯਾਹ 48:17-19.

      11. ਯਹੋਵਾਹ ਦੇ ਬਚਨ ਦੇ ਸੰਬੰਧ ਵਿਚ ਉਸ ਦੀ ਵਫ਼ਾਦਾਰੀ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ?

      11 ਯਹੋਵਾਹ ਆਪਣੇ ਵਾਅਦੇ ਪੂਰੇ ਕਰ ਕੇ ਵੀ ਵਫ਼ਾਦਾਰ ਰਹਿੰਦਾ ਹੈ। ਜਦ ਉਹ ਭਵਿੱਖਬਾਣੀ ਕਰਦਾ ਹੈ, ਤਾਂ ਉਹ ਉਸ ਨੂੰ ਪੂਰਾ ਵੀ ਕਰਦਾ ਹੈ। ਉਸ ਨੇ ਕਿਹਾ: “ਮੇਰਾ ਬਚਨ . . . ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਮੇਰੀ ਵੱਲ ਅਵਿਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ, ਅਤੇ ਜਿਸ ਲਈ ਮੈਂ ਘੱਲਿਆ, ਉਸ ਵਿੱਚ ਸਫ਼ਲ ਹੋਏਗਾ।” (ਯਸਾਯਾਹ 55:11) ਆਪਣਾ ਬਚਨ ਪੂਰਾ ਕਰ ਕੇ ਯਹੋਵਾਹ ਆਪਣੇ ਸੇਵਕਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ। ਉਹ ਆਪਣੇ ਲੋਕਾਂ ਨੂੰ ਐਵੇਂ ਹੀ ਉਡੀਕ ਵਿਚ ਨਹੀਂ ਰੱਖਦਾ। ਇਸ ਮਾਮਲੇ ਵਿਚ ਯਹੋਵਾਹ ਆਪਣੀ ਗੱਲ ਦਾ ਇੰਨਾ ਪੱਕਾ ਹੈ ਕਿ ਉਸ ਦਾ ਸੇਵਕ ਯਹੋਸ਼ੁਆ ਇਸ ਤਰ੍ਹਾਂ ਕਹਿ ਸਕਿਆ: “ਉਨ੍ਹਾਂ ਸਾਰਿਆਂ ਚੰਗਿਆਂ ਬਚਨਾਂ ਵਿੱਚੋਂ ਜਿਹੜੇ ਯਹੋਵਾਹ ਨੇ ਇਸਰਾਏਲ ਦੇ ਘਰਾਣੇ ਨਾਲ ਕੀਤੇ ਇੱਕ ਬਚਨ ਵੀ ਰਹਿ ਨਾ ਗਿਆ, ਸਾਰੇ ਪੂਰੇ ਹੋਏ।” (ਯਹੋਸ਼ੁਆ 21:45) ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਇਸ ਤਰ੍ਹਾਂ ਕਦੇ ਵੀ ਨਹੀਂ ਹੋਵੇਗਾ ਕਿ ਯਹੋਵਾਹ ਆਪਣੇ ਵਾਅਦੇ ਨਾ ਨਿਭਾਵੇ।​—ਯਸਾਯਾਹ 49:23; ਰੋਮੀਆਂ 5:5.

      12, 13. ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਦੀ ਵਫ਼ਾਦਾਰੀ “ਸਦਾ ਦੀ ਹੈ”?

      12 ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਯਹੋਵਾਹ ਦੀ ਵਫ਼ਾਦਾਰੀ “ਸਦਾ ਦੀ ਹੈ।” (ਜ਼ਬੂਰਾਂ ਦੀ ਪੋਥੀ 136:1) ਇਹ ਕਿਸ ਤਰ੍ਹਾਂ ਹੈ? ਇਕ ਗੱਲ ਹੈ ਕਿ ਯਹੋਵਾਹ ਪੂਰੀ ਤਰ੍ਹਾਂ ਮਾਫ਼ ਕਰ ਦਿੰਦਾ ਹੈ। ਜਿਵੇਂ ਅਸੀਂ ਇਸ ਕਿਤਾਬ ਦੇ 26ਵੇਂ ਅਧਿਆਇ ਵਿਚ ਦੇਖਿਆ ਸੀ, ਜਦ ਯਹੋਵਾਹ ਕਿਸੇ ਦੀ ਗ਼ਲਤੀ ਮਾਫ਼ ਕਰ ਦਿੰਦਾ ਹੈ, ਤਾਂ ਉਹ ਉਸ ਗ਼ਲਤੀ ਨੂੰ ਮੁੜ ਕੇ ਯਾਦ ਨਹੀਂ ਕਰਦਾ। “ਕਿਉਂਕਿ ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ,” ਇਸ ਲਈ ਸਾਨੂੰ ਯਹੋਵਾਹ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਹ ਸਦਾ ਵਫ਼ਾਦਾਰ ਰਹਿੰਦਾ ਹੈ।​—ਰੋਮੀਆਂ 3:23.

      13 ਇਕ ਹੋਰ ਤਰੀਕੇ ਨਾਲ ਵੀ ਯਹੋਵਾਹ ਸਦਾ ਵਫ਼ਾਦਾਰ ਰਹਿੰਦਾ ਹੈ। ਉਸ ਦਾ ਬਚਨ ਦੱਸਦਾ ਹੈ ਕਿ ਧਰਮੀ ਇਨਸਾਨ “ਉਸ ਬਿਰਛ ਵਰਗਾ ਹੋਵੇਗਾ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ, ਅਤੇ ਜੋ ਕੁਝ ਉਹ ਕਰੇ ਸੋ ਸਫ਼ਲ ਹੁੰਦਾ ਹੈ।” (ਜ਼ਬੂਰਾਂ ਦੀ ਪੋਥੀ 1:3) ਜ਼ਰਾ ਅਜਿਹੇ ਵੱਡੇ ਤੇ ਸੋਹਣੇ ਦਰਖ਼ਤ ਬਾਰੇ ਸੋਚੋ ਜਿਸ ਦੇ ਪੱਤੇ ਕਦੇ ਵੀ ਕੁਮਲਾਉਂਦੇ ਨਹੀਂ ਹਨ! ਜੇ ਅਸੀਂ ਪਰਮੇਸ਼ੁਰ ਦੇ ਬਚਨ ਵਿਚ ਮਗਨ ਰਹਾਂਗੇ, ਤਾਂ ਇਸ ਦਰਖ਼ਤ ਵਾਂਗ ਸਾਡੀ ਜ਼ਿੰਦਗੀ ਵੀ ਲੰਬੀ, ਸੁਖੀ ਤੇ ਕਾਮਯਾਬ ਹੋਵੇਗੀ। ਆਪਣੇ ਵਫ਼ਾਦਾਰ ਸੇਵਕਾਂ ਉੱਤੇ ਯਹੋਵਾਹ ਦੀਆਂ ਮਿਹਰਬਾਨੀਆਂ ਹਮੇਸ਼ਾ ਲਈ ਰਹਿਣਗੀਆਂ। ਜੀ ਹਾਂ, ਨਵੇਂ ਸੰਸਾਰ ਵਿਚ ਯਹੋਵਾਹ ਦੇ ਆਗਿਆਕਾਰ ਲੋਕ ਖ਼ੁਦ ਦੇਖ ਸਕਣਗੇ ਕਿ ਯਹੋਵਾਹ ਸਦਾ ਵਫ਼ਾਦਾਰ ਰਹਿੰਦਾ ਹੈ।​—ਪਰਕਾਸ਼ ਦੀ ਪੋਥੀ 21:3, 4.

      ਯਹੋਵਾਹ “ਆਪਣੇ ਭਗਤਾਂ ਨੂੰ ਤਿਆਗਦਾ ਨਹੀਂ”

      14. ਯਹੋਵਾਹ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਉਹ ਆਪਣੇ ਸੇਵਕਾਂ ਦੀ ਵਫ਼ਾਦਾਰੀ ਦੀ ਕਦਰ ਕਰਦਾ ਹੈ?

      14 ਯਹੋਵਾਹ ਨੇ ਵਾਰ-ਵਾਰ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ ਹੈ। ਉਹ ਆਪਣੀ ਗੱਲ ਤੇ ਹਮੇਸ਼ਾ ਪੱਕਾ ਰਹਿੰਦਾ ਹੈ, ਇਸ ਲਈ ਉਹ ਆਪਣੇ ਵਫ਼ਾਦਾਰ ਸੇਵਕਾਂ ਨਾਲ ਵਫ਼ਾਦਾਰੀ ਕਰਨੋਂ ਹਟਦਾ ਨਹੀਂ। ਜ਼ਬੂਰਾਂ ਦੇ ਲਿਖਾਰੀ ਨੇ ਲਿਖਿਆ: “ਮੈਂ ਜੁਆਨ ਸਾਂ ਅਤੇ ਹੁਣ ਬੁੱਢਾ ਹੋ ਗਿਆ ਹਾਂ, ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ, ਨਾ ਉਸ ਦੀ ਅੰਸ ਨੂੰ ਟੁਕੜੇ ਮੰਗਦਿਆਂ ਡਿੱਠਾ ਹੈ। ਯਹੋਵਾਹ ਤਾਂ ਨਿਆਉਂ ਨਾਲ ਪ੍ਰੇਮ ਰੱਖਦਾ ਹੈ, ਅਤੇ ਆਪਣੇ ਭਗਤਾਂ [“ਵਫ਼ਾਦਾਰ ਬੰਦਿਆਂ,” NW ] ਨੂੰ ਤਿਆਗਦਾ ਨਹੀਂ।” (ਜ਼ਬੂਰਾਂ ਦੀ ਪੋਥੀ 37:25, 28) ਇਹ ਸੱਚ ਹੈ ਕਿ ਸਾਡਾ ਸਿਰਜਣਹਾਰ ਹੋਣ ਦੇ ਨਾਤੇ ਯਹੋਵਾਹ ਸਾਡੀ ਭਗਤੀ ਦਾ ਹੱਕਦਾਰ ਹੈ। (ਪਰਕਾਸ਼ ਦੀ ਪੋਥੀ 4:11) ਪਰ ਇਸ ਦੇ ਬਾਵਜੂਦ ਯਹੋਵਾਹ ਵਫ਼ਾਦਾਰ ਹੋਣ ਕਰਕੇ ਸਾਡੀ ਵਫ਼ਾਦਾਰੀ ਯਾਦ ਰੱਖਦਾ ਹੈ।​—ਮਲਾਕੀ 3:16, 17.

      15. ਇਸਰਾਏਲ ਕੌਮ ਲਈ ਯਹੋਵਾਹ ਨੇ ਜੋ ਕੀਤਾ, ਉਸ ਤੋਂ ਉਸ ਦੀ ਵਫ਼ਾਦਾਰੀ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ?

      15 ਯਹੋਵਾਹ ਵਫ਼ਾਦਾਰੀ ਨਾਲ ਆਪਣੇ ਲੋਕਾਂ ਨੂੰ ਦੁੱਖ ਦੀ ਘੜੀ ਵਿੱਚੋਂ ਕੱਢ ਲਿਆਉਂਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਉਹ ਆਪਣੇ ਸੰਤਾਂ [“ਵਫ਼ਾਦਾਰ ਲੋਕਾਂ,” NW ] ਦੀਆਂ ਜਾਨਾਂ ਦੀ ਰੱਖਿਆ ਕਰਦਾ ਹੈ, ਉਹ ਉਨ੍ਹਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਉਂਦਾ ਹੈ।” (ਜ਼ਬੂਰਾਂ ਦੀ ਪੋਥੀ 97:10) ਜ਼ਰਾ ਗੌਰ ਕਰੋ ਕਿ ਉਸ ਨੇ ਇਸਰਾਏਲ ਕੌਮ ਲਈ ਕੀ-ਕੀ ਕੀਤਾ ਸੀ। ਕਰਾਮਾਤੀ ਢੰਗ ਨਾਲ ਲਾਲ ਸਮੁੰਦਰ ਪਾਰ ਕਰਨ ਤੋਂ ਬਾਅਦ ਇਸਰਾਏਲੀਆਂ ਨੇ ਗੀਤ ਗਾਉਂਦੇ ਹੋਏ ਯਹੋਵਾਹ ਨੂੰ ਕਿਹਾ: “ਤੈਂ ਆਪਣੀ ਕਿਰਪਾ [“ਵਫ਼ਾਦਾਰੀ,” NW ] ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹ ਨੂੰ ਤੈਂ ਛੁਟਕਾਰਾ ਦਿੱਤਾ ਸੀ।” (ਕੂਚ 15:13) ਯਹੋਵਾਹ ਨੇ ਉਨ੍ਹਾਂ ਨੂੰ ਲਾਲ ਸਮੁੰਦਰ ਤੋਂ ਬਚਾ ਕੇ ਆਪਣੀ ਵਫ਼ਾਦਾਰੀ ਦਾ ਸਬੂਤ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਮੂਸਾ ਨੇ ਇਸਰਾਏਲੀਆਂ ਨੂੰ ਕਿਹਾ: “ਯਹੋਵਾਹ ਨੇ ਤੁਹਾਡੇ ਨਾਲ ਏਸ ਕਾਰਨ ਪ੍ਰੀਤ ਕਰ ਕੇ ਨਹੀਂ ਚੁਣਿਆ ਕਿ ਤੁਸੀਂ ਸਾਰਿਆਂ ਲੋਕਾਂ ਨਾਲੋਂ ਬਹੁਤੇ ਸਾਓ, ਤੁਸੀਂ ਤਾਂ ਸਾਰਿਆਂ ਲੋਕਾਂ ਵਿੱਚੋਂ ਥੋੜ੍ਹੇ ਜਿਹੇ ਸਾਓ। ਪਰ ਏਸ ਲਈ ਕਿ ਯਹੋਵਾਹ ਨੇ ਤੁਹਾਡੇ ਨਾਲ ਪ੍ਰੇਮ ਕੀਤਾ ਅਤੇ ਉਸ ਨੇ ਉਸ ਸੌਂਹ ਦੀ ਪਾਲਨਾ ਕੀਤੀ ਜਿਹੜੀ ਉਸ ਨੇ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ ਤਾਂ ਯਹੋਵਾਹ ਤੁਹਾਨੂੰ ਬਲਵੰਤ ਹੱਥ ਨਾਲ ਕੱਢ ਕੇ ਬਾਹਰ ਲੈ ਆਇਆ ਅਤੇ ਤੁਹਾਨੂੰ ਗੁਲਾਮੀ ਦੇ ਘਰ ਤੋਂ ਮਿਸਰ ਦੇ ਰਾਜੇ ਫ਼ਿਰਊਨ ਦੇ ਹੱਥੋਂ ਛੁਟਕਾਰਾ ਦਿੱਤਾ।”​—ਬਿਵਸਥਾ ਸਾਰ 7:7, 8.

      16, 17. (ੳ) ਇਸਰਾਏਲੀ ਬੇਕਦਰੇ ਕਿਵੇਂ ਸਾਬਤ ਹੋਏ ਸਨ, ਪਰ ਯਹੋਵਾਹ ਨੇ ਉਨ੍ਹਾਂ ਉੱਤੇ ਰਹਿਮ ਕਿਸ ਤਰ੍ਹਾਂ ਕੀਤਾ ਸੀ? (ਅ) ਇਸਰਾਏਲੀਆਂ ਲਈ ਕੋਈ ਚਾਰਾ ਕਿਉਂ ਨਹੀਂ ਰਿਹਾ ਸੀ ਅਤੇ ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ?

      16 ਪਰ ਇਸਰਾਏਲੀਆਂ ਨੇ ਇਕ ਕੌਮ ਵਜੋਂ ਯਹੋਵਾਹ ਦੀ ਵਫ਼ਾਦਾਰੀ ਦੀ ਕਦਰ ਨਹੀਂ ਕੀਤੀ। ਬਚਾਏ ਜਾਣ ਤੋਂ ਬਾਅਦ ‘ਉਨ੍ਹਾਂ ਨੇ ਯਹੋਵਾਹ ਵਿਰੁੱਧ ਹੋਰ ਵੀ ਪਾਪ ਕੀਤਾ, ਅਤੇ ਅੱਤ ਮਹਾਨ ਤੋਂ ਆਕੀ ਹੀ ਰਹੇ।’ (ਜ਼ਬੂਰਾਂ ਦੀ ਪੋਥੀ 78:17) ਸਦੀਆਂ ਦੌਰਾਨ ਉਹ ਵਾਰ-ਵਾਰ ਯਹੋਵਾਹ ਨੂੰ ਛੱਡ ਕੇ ਦੇਵੀ-ਦੇਵਤਿਆਂ ਮਗਰ ਲੱਗੇ। ਉਨ੍ਹਾਂ ਦੀਆਂ ਭੈੜੀਆਂ ਰੀਤਾਂ ਤੇ ਰਸਮਾਂ ਨੇ ਉਨ੍ਹਾਂ ਨੂੰ ਭ੍ਰਿਸ਼ਟ ਕੀਤਾ ਸੀ। ਪਰ ਇਸ ਦੇ ਬਾਵਜੂਦ ਯਹੋਵਾਹ ਨੇ ਉਨ੍ਹਾਂ ਨਾਲ ਆਪਣਾ ਨੇਮ ਨਹੀਂ ਤੋੜਿਆ ਸੀ। ਇਸ ਦੀ ਬਜਾਇ ਉਸ ਨੇ ਆਪਣੇ ਨਬੀ ਯਿਰਮਿਯਾਹ ਰਾਹੀਂ ਆਪਣੇ ਲੋਕਾਂ ਅੱਗੇ ਬੇਨਤੀ ਕੀਤੀ: “ਮੁੜ, ਹੇ ਆਕੀ ਇਸਰਾਏਲ, . . . ਮੈਂ ਨਹਿਰੀਆਂ ਵੱਟ ਕੇ ਤੈਨੂੰ ਨਾ ਵੇਖਾਂਗਾਂ, ਮੈਂ ਦਿਆਲੂ [“ਵਫ਼ਾਦਾਰ,” NW ] ਜੋ ਹਾਂ।” (ਯਿਰਮਿਯਾਹ 3:12) ਪਰ ਜਿਵੇਂ ਇਸ ਕਿਤਾਬ ਦੇ 25ਵੇਂ ਅਧਿਆਇ ਵਿਚ ਅਸੀਂ ਦੇਖਿਆ ਸੀ, ਜ਼ਿਆਦਾਤਰ ਇਸਰਾਏਲੀਆਂ ਨੇ ਯਹੋਵਾਹ ਦੀ ਇਕ ਨਾ ਸੁਣੀ। ਦਰਅਸਲ “ਉਨ੍ਹਾਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਠੱਠੇ ਕੀਤੇ ਅਤੇ ਉਨ੍ਹਾਂ ਦੀਆਂ ਗੱਲਾਂ ਦੀ ਨਿੰਦਿਆ ਕੀਤੀ ਅਤੇ ਉਹ ਦੇ ਨਬੀਆਂ ਦਾ ਮਖੌਲ ਉਡਾਇਆ।” ਇਸ ਦਾ ਨਤੀਜਾ ਕੀ ਨਿਕਲਿਆ ਸੀ? ਆਖ਼ਰਕਾਰ “ਯਹੋਵਾਹ ਦਾ ਗੁੱਸਾ ਆਪਣੇ ਲੋਕਾਂ ਉੱਤੇ ਅਜਿਹਾ ਭੜਕਿਆ ਕਿ ਕੋਈ ਚਾਰਾ ਨਾ ਰਿਹਾ।”​—2 ਇਤਹਾਸ 36:15, 16.

      17 ਇਸ ਤੋਂ ਅਸੀਂ ਕੀ ਸਬਕ ਸਿੱਖਦੇ ਹਾਂ? ਅਸੀਂ ਸਿੱਖਦੇ ਹਾਂ ਕਿ ਯਹੋਵਾਹ ਅੱਖਾਂ ਬੰਦ ਕਰ ਕੇ ਵਫ਼ਾਦਾਰੀ ਨਹੀਂ ਕਰਦਾ ਤੇ ਨਾ ਹੀ ਉਹ ਧੋਖਾ ਖਾਂਦਾ ਹੈ। ਇਹ ਸੱਚ ਹੈ ਕਿ ਯਹੋਵਾਹ ਵਫ਼ਾਦਾਰੀ ਨਾਲ ਭਰਪੂਰ ਹੈ ਅਤੇ ਜਦ ਵੀ ਉਸ ਨੂੰ ਮੌਕਾ ਮਿਲਦਾ ਹੈ, ਉਹ ਖ਼ੁਸ਼ੀ-ਖ਼ੁਸ਼ੀ ਰਹਿਮ ਕਰਦਾ ਹੈ। ਪਰ ਜਦ ਕੋਈ ਪਾਪੀ ਆਪਣੇ ਪੁੱਠੇ ਰਾਹ ਛੱਡਣ ਤੋਂ ਇਨਕਾਰ ਕਰ ਦੇਵੇ, ਤਾਂ ਯਹੋਵਾਹ ਕੀ ਕਰਦਾ ਹੈ? ਅਜਿਹੇ ਮਾਮਲੇ ਵਿਚ ਯਹੋਵਾਹ ਆਪਣੇ ਉੱਚੇ ਮਿਆਰਾਂ ਅਨੁਸਾਰ ਚੱਲਦਾ ਹੈ ਅਤੇ ਪਾਪੀ ਨੂੰ ਉਸ ਦੇ ਪਾਪ ਮੁਤਾਬਕ ਸਜ਼ਾ ਦਿੰਦਾ ਹੈ। ਮੂਸਾ ਨੂੰ ਦੱਸਿਆ ਗਿਆ ਸੀ ਕਿ ਯਹੋਵਾਹ “ਕੁਧਰਮੀ ਨੂੰ ਏਵੇਂ ਨਹੀਂ ਛੱਡਦਾ।”​—ਕੂਚ 34:6, 7.

      18, 19. (ੳ) ਇਸ ਤੋਂ ਪਰਮੇਸ਼ੁਰ ਦੀ ਵਫ਼ਾਦਾਰੀ ਦਾ ਸਬੂਤ ਕਿਸ ਤਰ੍ਹਾਂ ਮਿਲਦਾ ਹੈ ਕਿ ਉਹ ਦੁਸ਼ਟ ਲੋਕਾਂ ਨੂੰ ਸਜ਼ਾ ਦੇਵੇਗਾ? (ਅ) ਯਹੋਵਾਹ ਆਪਣੇ ਉਨ੍ਹਾਂ ਸੇਵਕਾਂ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਕਿਸ ਤਰ੍ਹਾਂ ਦੇਵੇਗਾ ਜਿਨ੍ਹਾਂ ਨੇ ਸਤਾਹਟਾਂ ਸਹਿੰਦੇ ਹੋਏ ਮੌਤ ਦਾ ਵੀ ਸਾਮ੍ਹਣਾ ਕੀਤਾ ਹੈ?

      18 ਪਰਮੇਸ਼ੁਰ ਦੁਸ਼ਟ ਲੋਕਾਂ ਨੂੰ ਸਜ਼ਾ ਦੇ ਕੇ ਵੀ ਆਪਣੀ ਵਫ਼ਾਦਾਰੀ ਦਾ ਸਬੂਤ ਦਿੰਦਾ ਹੈ। ਕਿਸ ਤਰ੍ਹਾਂ? ਇਸ ਦਾ ਇਕ ਸੰਕੇਤ ਸਾਨੂੰ ਪਰਕਾਸ਼ ਦੀ ਪੋਥੀ ਤੋਂ ਮਿਲਦਾ ਹੈ ਜਿੱਥੇ ਯਹੋਵਾਹ ਨੇ ਸੱਤ ਦੂਤਾਂ ਨੂੰ ਹੁਕਮ ਦਿੱਤਾ ਸੀ: “ਚੱਲੋ ਅਤੇ ਪਰਮੇਸ਼ੁਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਉਲੱਦ ਦਿਓ!” ਜਦ ਤੀਸਰੇ ਦੂਤ ਨੇ ਆਪਣਾ ਕਟੋਰਾ “ਦਰਿਆਵਾਂ ਅਤੇ ਪਾਣੀਆਂ ਦੇ ਸੁੰਬਾਂ” ਉੱਤੇ ਉਲੱਦ ਦਿੱਤਾ, ਤਾਂ ਉਨ੍ਹਾਂ ਦਾ ਪਾਣੀ ਲਹੂ ਬਣ ਗਿਆ। ਇਸ ਤੋਂ ਬਾਅਦ ਦੂਤ ਨੇ ਯਹੋਵਾਹ ਨੂੰ ਕਿਹਾ: ‘ਹੇ ਪਵਿੱਤਰ ਪੁਰਖ, ਤੂੰ ਜੋ ਹੈਂ ਅਤੇ ਤੂੰ ਜੋ ਸੈਂ, ਤੂੰ ਵਫ਼ਾਦਾਰ ਹੈਂ, ਤੈਂ ਇਉਂ ਨਿਆਉਂ ਜੋ ਕੀਤਾ, ਕਿਉਂ ਜੋ ਓਹਨਾਂ ਨੇ ਸੰਤਾਂ ਅਤੇ ਨਬੀਆਂ ਦਾ ਲਹੂ ਵਹਾਇਆ, ਤਾਂ ਤੈਂ ਓਹਨਾਂ ਨੂੰ ਪੀਣ ਲਈ ਲਹੂ ਦਿੱਤਾ ਹੈ! ਓਹ ਇਸੇ ਦੇ ਜੋਗ ਹਨ!’​—ਪਰਕਾਸ਼ ਦੀ ਪੋਥੀ 16:1-6.

      ਯਹੋਵਾਹ ਵਫ਼ਾਦਾਰੀ ਨਾਲ ਆਪਣੇ ਉਨ੍ਹਾਂ ਸੇਵਕਾਂ ਨੂੰ ਯਾਦ ਰੱਖੇਗਾ ਅਤੇ ਦੁਬਾਰਾ ਜ਼ਿੰਦਾ ਕਰੇਗਾ ਜਿਨ੍ਹਾਂ ਨੇ ਵਫ਼ਾਦਾਰੀ ਨਾਲ ਮੌਤ ਦਾ ਸਾਮ੍ਹਣਾ ਕੀਤਾ ਹੈ

      19 ਨੋਟ ਕਰੋ ਕਿ ਦੂਤ ਨੇ ਸਜ਼ਾ ਦਾ ਸੰਦੇਸ਼ ਦਿੰਦੇ ਹੋਏ ਯਹੋਵਾਹ ਨੂੰ “ਵਫ਼ਾਦਾਰ” ਸੱਦਿਆ ਸੀ। ਕਿਉਂ? ਕਿਉਂਕਿ ਦੁਸ਼ਟਾਂ ਦਾ ਨਾਸ਼ ਕਰ ਕੇ ਯਹੋਵਾਹ ਆਪਣੇ ਸੇਵਕਾਂ ਨਾਲ ਵਫ਼ਾਦਾਰੀ ਕਰੇਗਾ, ਜਿਨ੍ਹਾਂ ਵਿੱਚੋਂ ਕਈਆਂ ਨੇ ਸਤਾਹਟਾਂ ਸਹਿੰਦੇ ਹੋਏ ਮੌਤ ਦਾ ਵੀ ਸਾਮ੍ਹਣਾ ਕੀਤਾ ਹੈ। ਇਨ੍ਹਾਂ ਨੂੰ ਯਹੋਵਾਹ ਵਫ਼ਾਦਾਰੀ ਨਾਲ ਯਾਦ ਰੱਖਦਾ ਹੈ। ਉਹ ਇਨ੍ਹਾਂ ਵਫ਼ਾਦਾਰ ਬੰਦਿਆਂ ਨੂੰ ਦੁਬਾਰਾ ਦੇਖਣ ਲਈ ਤਾਂਘਦਾ ਹੈ ਅਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਇਨ੍ਹਾਂ ਨੂੰ ਦੁਬਾਰਾ ਜ਼ਰੂਰ ਜ਼ਿੰਦਾ ਕਰੇਗਾ। (ਅੱਯੂਬ 14:14, 15) ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਭੁਲਾ ਨਹੀਂ ਦਿੰਦਾ। ਇਸ ਤੋਂ ਉਲਟ, “ਉਹ ਦੇ ਲੇਖੇ ਸੱਭੇ ਜੀਉਂਦੇ ਹਨ।” (ਲੂਕਾ 20:37, 38) ਯਹੋਵਾਹ ਦੀ ਵਫ਼ਾਦਾਰੀ ਦਾ ਇਹ ਜ਼ਬਰਦਸਤ ਸਬੂਤ ਹੈ ਕਿ ਉਹ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰੇਗਾ।

      ਯਹੋਵਾਹ ਦੇ ਵਫ਼ਾਦਾਰ ਸੇਵਕਾਂ ਦੀਆਂ ਫੋਟੋਆਂ ਜੋ ਆਪਣੀ ਮੌਤ ਤਕ ਵਫ਼ਾਦਾਰ ਰਹੇ: ਬਰਨਾਰਟ ਲੁਈਮਸ, ਵੋਲਫਗਾਂਗ ਕੁਸਰੋ, ਮੋਜ਼ਿਜ਼ ਨਿਯਾਮੂਸਾਓ

      ਨਾਜ਼ੀਆਂ ਨੇ ਬਰਨਾਰਟ ਲੁਈਮਸ (ਉੱਪਰ) ਅਤੇ ਵੋਲਫਗਾਂਗ ਕੁਸਰੋ (ਗੱਭੇ) ਨੂੰ ਮੌਤ ਦੀ ਸਜ਼ਾ ਦਿੱਤੀ ਸੀ

      ਇਕ ਸਿਆਸੀ ਪਾਰਟੀ ਦੇ ਬੰਦਿਆਂ ਨੇ ਮੋਜ਼ਿਜ਼ ਨਿਯਾਮੂਸਾਓ ਨੂੰ ਬਰਛੇ ਮਾਰ-ਮਾਰ ਕੇ ਮਾਰ ਸੁੱਟਿਆ ਸੀ

      ਵਫ਼ਾਦਾਰ ਪਰਮੇਸ਼ੁਰ ਨੇ ਮੁਕਤੀ ਦਾ ਰਾਹ ਖੋਲ੍ਹਿਆ

      20. ‘ਦਯਾ ਦੇ ਭਾਂਡੇ’ ਕੌਣ ਹਨ ਅਤੇ ਯਹੋਵਾਹ ਨੇ ਉਨ੍ਹਾਂ ਨਾਲ ਵਫ਼ਾਦਾਰੀ ਕਿਵੇਂ ਕੀਤੀ ਹੈ?

      20 ਯਹੋਵਾਹ ਸਦੀਆਂ ਦੌਰਾਨ ਆਪਣੇ ਵਫ਼ਾਦਾਰ ਲੋਕਾਂ ਪ੍ਰਤੀ ਵਫ਼ਾਦਾਰ ਰਿਹਾ ਹੈ। ਦਰਅਸਲ ਯਹੋਵਾਹ ਨੇ ਹਜ਼ਾਰਾਂ ਸਾਲਾਂ ਤੋਂ “ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ ਦੇ ਲਈ ਤਿਆਰ ਕੀਤੇ ਹੋਏ ਸਨ ਵੱਡੇ ਧੀਰਜ ਨਾਲ ਸਹਾਰਿਆ।” ਕਿਉਂ? “ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਹ ਨੇ ਅੱਗਿਓਂ ਪਰਤਾਪ ਦੇ ਲਈ ਤਿਆਰ ਕੀਤਾ ਸੀ ਆਪਣੇ ਪਰਤਾਪ ਦਾ ਧਨ ਪਰਗਟ ਕਰੇ।” (ਰੋਮੀਆਂ 9:22, 23) ‘ਦਯਾ ਦੇ ਭਾਂਡੇ’ ਉਹ ਲੋਕ ਹਨ ਜਿਨ੍ਹਾਂ ਨੂੰ ਯਿਸੂ ਮਸੀਹ ਨਾਲ ਰਾਜ ਕਰਨ ਲਈ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਹੈ। (ਮੱਤੀ 19:28) ਯਹੋਵਾਹ ਦਇਆ ਦੇ ਇਨ੍ਹਾਂ ਭਾਂਡਿਆਂ ਸਾਮ੍ਹਣੇ ਮੁਕਤੀ ਦਾ ਰਾਹ ਖੋਲ੍ਹ ਕੇ ਅਬਰਾਹਾਮ ਨਾਲ ਵਫ਼ਾਦਾਰੀ ਕਰ ਰਿਹਾ ਹੈ, ਜਿਸ ਨਾਲ ਉਸ ਨੇ ਇਹ ਵਾਅਦਾ ਕੀਤਾ ਸੀ: “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ ਕਿਉਂਜੋ ਤੈਂ ਮੇਰੇ ਬੋਲ ਨੂੰ ਸੁਣਿਆ ਹੈ।”​—ਉਤਪਤ 22:18.

      A happy, diverse group of Jehovah God’s faithful servants today

      ਯਹੋਵਾਹ ਦੀ ਵਫ਼ਾਦਾਰੀ ਕਰਕੇ ਉਸ ਦੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਇਕ ਸ਼ਾਨਦਾਰ ਭਵਿੱਖ ਦੀ ਉਮੀਦ ਹੈ

      21. (ੳ) ਯਹੋਵਾਹ ਉਸ “ਵੱਡੀ ਭੀੜ” ਨਾਲ ਵਫ਼ਾਦਾਰੀ ਕਿਸ ਤਰ੍ਹਾਂ ਕਰਦਾ ਹੈ ਜਿਸ ਨੂੰ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣ ਦੀ ਉਮੀਦ ਹੈ? (ਅ) ਯਹੋਵਾਹ ਦੀ ਵਫ਼ਾਦਾਰੀ ਦੇ ਵੱਟੇ ਤੁਸੀਂ ਕੀ ਕਰਨਾ ਚਾਹੁੰਦੇ ਹੋ?

      21 ਯਹੋਵਾਹ ਉਸ “ਵੱਡੀ ਭੀੜ” ਨਾਲ ਵੀ ਵਫ਼ਾਦਾਰੀ ਕਰਦਾ ਹੈ ਜਿਸ ਨੂੰ “ਵੱਡੀ ਬਿਪਤਾ” ਵਿੱਚੋਂ ਬਚ ਕੇ ਧਰਤੀ ਉੱਤੇ ਫਿਰਦੌਸ ਵਿਚ ਹਮੇਸ਼ਾ ਲਈ ਜ਼ਿੰਦਾ ਰਹਿਣ ਦੀ ਉਮੀਦ ਹੈ। (ਪਰਕਾਸ਼ ਦੀ ਪੋਥੀ 7:9, 10, 14) ਭਾਵੇਂ ਉਸ ਦੇ ਸੇਵਕ ਪਾਪੀ ਹਨ, ਫਿਰ ਵੀ ਯਹੋਵਾਹ ਵਫ਼ਾਦਾਰੀ ਕਰਦੇ ਹੋਏ ਉਨ੍ਹਾਂ ਨੂੰ ਹਮੇਸ਼ਾ ਲਈ ਧਰਤੀ ਉੱਤੇ ਜੀਉਣ ਦੀ ਆਸ ਦਿੰਦਾ ਹੈ। ਉਹ ਇਹ ਕਿਸ ਤਰ੍ਹਾਂ ਕਰਦਾ ਹੈ? ਯਿਸੂ ਮਸੀਹ ਦੇ ਬਲੀਦਾਨ ਦੇ ਜ਼ਰੀਏ ਜੋ ਯਹੋਵਾਹ ਦੀ ਵਫ਼ਾਦਾਰੀ ਦਾ ਸਭ ਤੋਂ ਵੱਡਾ ਸਬੂਤ ਹੈ। (ਯੂਹੰਨਾ 3:16; ਰੋਮੀਆਂ 5:8) ਯਹੋਵਾਹ ਦੀ ਵਫ਼ਾਦਾਰੀ ਉਨ੍ਹਾਂ ਲੋਕਾਂ ਨੂੰ ਖਿੱਚਦੀ ਹੈ ਜੋ ਧਰਮੀ ਮਾਹੌਲ ਚਾਹੁੰਦੇ ਹਨ। (ਯਿਰਮਿਯਾਹ 31:3) ਕੀ ਤੁਸੀਂ ਯਹੋਵਾਹ ਦੀ ਵਫ਼ਾਦਾਰੀ ਬਾਰੇ ਸੋਚ ਕੇ ਉਸ ਵੱਲ ਖਿੱਚੇ ਨਹੀਂ ਜਾਂਦੇ? ਜੇ ਅਸੀਂ ਪਰਮੇਸ਼ੁਰ ਦੇ ਨੇੜੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਦੇ ਪਿਆਰ ਦੇ ਵੱਟੇ ਉਸ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਆਪਣੇ ਮਨ ਵਿਚ ਧਾਰ ਲੈਣਾ ਚਾਹੀਦਾ ਹੈ ਕਿ ਅਸੀਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਾਂਗੇ।

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • 1 ਸਮੂਏਲ 24:1-22 ਸ਼ਾਊਲ ਬਾਦਸ਼ਾਹ ਨਾਲ ਪੇਸ਼ ਆਉਂਦੇ ਹੋਏ ਦਾਊਦ ਨੇ ਵਫ਼ਾਦਾਰ ਰਹਿ ਕੇ ਯਹੋਵਾਹ ਦੇ ਦਿਲ ਨੂੰ ਕਿਸ ਤਰ੍ਹਾਂ ਖ਼ੁਸ਼ ਕੀਤਾ ਸੀ?

      • ਅਸਤਰ 3:7-9; 4:6-14 ਅਸਤਰ ਨੇ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਕਿਸ ਤਰ੍ਹਾਂ ਦਿਖਾਇਆ ਕਿ ਉਹ ਆਪਣੇ ਲੋਕਾਂ ਪ੍ਰਤੀ ਵਫ਼ਾਦਾਰ ਸੀ?

      • ਜ਼ਬੂਰਾਂ ਦੀ ਪੋਥੀ 136:1-26 ਇਸ ਜ਼ਬੂਰ ਤੋਂ ਅਸੀਂ ਯਹੋਵਾਹ ਦੀ ਦਇਆ ਤੇ ਵਫ਼ਾਦਾਰੀ ਬਾਰੇ ਕੀ ਸਿੱਖਦੇ ਹਾਂ?

      • ਓਬਦਯਾਹ 1-4, 10-16 ਯਹੋਵਾਹ ਨੇ ਆਪਣੇ ਲੋਕਾਂ ਪ੍ਰਤੀ ਵਫ਼ਾਦਾਰ ਰਹਿ ਕੇ ਅਦੋਮੀਆਂ ਨੂੰ ਉਨ੍ਹਾਂ ਦੀ ਬੇਵਫ਼ਾਈ ਦੀ ਸਜ਼ਾ ਕਿਸ ਤਰ੍ਹਾਂ ਦਿੱਤੀ ਸੀ?

  • ‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣੋ’
    ਯਹੋਵਾਹ ਦੇ ਨੇੜੇ ਰਹੋ
    • ਯਿਸੂ ਮਸੀਹ ਹਮਦਰਦੀ ਦਿਖਾਉਂਦਾ ਹੈ

      ਉਣੱਤ੍ਹੀਵਾਂ ਅਧਿਆਇ

      ‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣੋ’

      1-3. (ੳ) ਯਿਸੂ ਆਪਣੇ ਪਿਤਾ ਵਰਗਾ ਕਿਉਂ ਬਣਨਾ ਚਾਹੁੰਦਾ ਸੀ? (ਅ) ਅਸੀਂ ਹੁਣ ਯਿਸੂ ਦੇ ਪਿਆਰ ਦੇ ਕਿਹੜੇ ਤਿੰਨ ਪਹਿਲੂਆਂ ਵੱਲ ਧਿਆਨ ਦੇਵਾਂਗੇ?

      ਕੀ ਤੁਸੀਂ ਕਦੇ ਕਿਸੇ ਛੋਟੇ ਮੁੰਡੇ ਨੂੰ ਆਪਣੇ ਪਿਤਾ ਦੀ ਨਕਲ ਕਰਦੇ ਦੇਖਿਆ ਹੈ? ਉਹ ਮੁੰਡਾ ਸ਼ਾਇਦ ਆਪਣੇ ਪਿਤਾ ਵਾਂਗ ਤੁਰੇ, ਗੱਲ ਕਰੇ ਜਾਂ ਹੋਰ ਕਿਸੇ ਤਰ੍ਹਾਂ ਉਸ ਦੀ ਰੀਸ ਕਰੇ। ਵੱਡਾ ਹੋ ਕੇ ਉਹ ਮੁੰਡਾ ਨੈਤਿਕ ਤੇ ਰੂਹਾਨੀ ਤੌਰ ਤੇ ਵੀ ਆਪਣੇ ਪਿਤਾ ਵਰਗਾ ਹੀ ਬਣ ਜਾਂਦਾ ਹੈ। ਜੀ ਹਾਂ, ਉਹ ਮੁੰਡਾ ਆਪਣੇ ਪਿਤਾ ਦੀ ਇੰਨੀ ਇੱਜ਼ਤ ਕਰਦਾ ਅਤੇ ਉਸ ਨਾਲ ਇੰਨਾ ਪਿਆਰ ਕਰਦਾ ਹੈ ਕਿ ਉਹ ਬਿਲਕੁਲ ਉਸ ਵਰਗਾ ਬਣਨਾ ਚਾਹੁੰਦਾ ਹੈ।

      2 ਯਿਸੂ ਅਤੇ ਉਸ ਦੇ ਸਵਰਗੀ ਪਿਤਾ ਦਰਮਿਆਨ ਕਿਹੋ ਜਿਹਾ ਰਿਸ਼ਤਾ ਹੈ? ਯਿਸੂ ਨੇ ਇਕ ਵਾਰ ਕਿਹਾ ਸੀ: “ਮੈਂ ਪਿਤਾ ਨਾਲ ਪਿਆਰ ਕਰਦਾ ਹਾਂ।” (ਯੂਹੰਨਾ 14:31) ਹੋਰ ਕੋਈ ਵੀ ਯਹੋਵਾਹ ਨਾਲ ਉਸ ਦੇ ਪੁੱਤਰ ਜਿੰਨਾ ਪਿਆਰ ਨਹੀਂ ਕਰ ਸਕਦਾ ਕਿਉਂਕਿ ਉਹ ਦੋਵੇਂ ਹੋਰ ਕਿਸੇ ਦੇ ਵੀ ਸ੍ਰਿਸ਼ਟ ਕੀਤੇ ਜਾਣ ਤੋਂ ਪਹਿਲਾਂ ਲੰਮੇ ਸਮੇਂ ਲਈ ਇਕੱਠੇ ਰਹਿੰਦੇ ਸਨ। ਇਸ ਪਿਆਰ ਦੇ ਕਾਰਨ ਪੁੱਤਰ ਆਪਣੇ ਪਿਤਾ ਵਰਗਾ ਬਣਨਾ ਚਾਹੁੰਦਾ ਸੀ।​—ਯੂਹੰਨਾ 14:9.

      3 ਇਸ ਕਿਤਾਬ ਦੇ ਪਿਛਲਿਆਂ ਅਧਿਆਵਾਂ ਵਿਚ ਅਸੀਂ ਦੇਖਿਆ ਸੀ ਕਿ ਯਿਸੂ ਨੇ ਯਹੋਵਾਹ ਦੀ ਸ਼ਕਤੀ, ਬੁੱਧ ਅਤੇ ਇਨਸਾਫ਼ ਦੀ ਪੂਰੀ ਤਰ੍ਹਾਂ ਨਕਲ ਕਿਸ ਤਰ੍ਹਾਂ ਕੀਤੀ ਸੀ। ਪਰ ਯਿਸੂ ਨੇ ਆਪਣੇ ਪਿਤਾ ਵਾਂਗ ਪਿਆਰ ਕਿਸ ਤਰ੍ਹਾਂ ਕੀਤਾ ਸੀ? ਆਓ ਆਪਾਂ ਯਿਸੂ ਦੇ ਪਿਆਰ ਦੇ ਤਿੰਨ ਪਹਿਲੂਆਂ ਵੱਲ ਧਿਆਨ ਦੇਈਏ​—ਉਹ ਆਪਾ ਵਾਰਨ ਲਈ ਤਿਆਰ ਸੀ, ਉਹ ਲੋਕਾਂ ਤੇ ਤਰਸ ਖਾਂਦਾ ਸੀ ਅਤੇ ਉਹ ਮਾਫ਼ ਕਰਨ ਲਈ ਤਿਆਰ ਰਹਿੰਦਾ ਸੀ।

      “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ”

      4. ਧਰਤੀ ਉੱਤੇ ਯਿਸੂ ਨੇ ਆਪਾ ਵਾਰਨ ਦੀ ਸਭ ਤੋਂ ਵਧੀਆ ਮਿਸਾਲ ਕਿਸ ਤਰ੍ਹਾਂ ਕਾਇਮ ਕੀਤੀ ਸੀ?

      4 ਯਿਸੂ ਨੇ ਆਪਾ ਵਾਰਨ ਦੀ ਵਧੀਆ ਮਿਸਾਲ ਕਾਇਮ ਕੀਤੀ ਸੀ। ਆਪਣੇ ਆਪ ਨੂੰ ਵਾਰ ਦੇਣ ਦਾ ਮਤਲਬ ਹੁੰਦਾ ਹੈ ਕਿ ਆਪਣੇ ਤੋਂ ਜ਼ਿਆਦਾ ਦੂਸਰਿਆਂ ਦੀ ਪਰਵਾਹ ਕਰਨੀ। ਯਿਸੂ ਨੇ ਇਹ ਪਿਆਰ ਕਿਸ ਹੱਦ ਤਕ ਕੀਤਾ ਸੀ? ਉਸ ਨੇ ਆਪ ਦੱਸਿਆ: “ਏਦੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਜੋ ਆਪਣੀ ਜਾਨ ਆਪਣੇ ਮਿੱਤ੍ਰਾਂ ਦੇ ਬਦਲੇ ਦੇ ਦੇਵੇ।” (ਯੂਹੰਨਾ 15:13) ਯਿਸੂ ਨੇ ਰਜ਼ਾਮੰਦੀ ਨਾਲ ਸਾਡੇ ਲਈ ਆਪਣੀ ਜਾਨ ਕੁਰਬਾਨ ਕੀਤੀ ਸੀ। ਪਿਆਰ ਦਾ ਇਸ ਤੋਂ ਵੱਡਾ ਸਬੂਤ ਕਦੇ ਕਿਸੇ ਹੋਰ ਇਨਸਾਨ ਨੇ ਨਹੀਂ ਦਿੱਤਾ। ਪਰ ਯਿਸੂ ਨੇ ਹੋਰ ਤਰੀਕਿਆਂ ਨਾਲ ਵੀ ਆਪਣੇ ਪਿਆਰ ਦਾ ਸਬੂਤ ਦਿੱਤਾ ਸੀ।

      5. ਪਰਮੇਸ਼ੁਰ ਦੇ ਇਕਲੌਤੇ ਪੁੱਤਰ ਲਈ ਸਵਰਗ ਛੱਡਣ ਦੀ ਕੁਰਬਾਨੀ ਪਿਆਰ ਦਾ ਸਬੂਤ ਕਿਉਂ ਸੀ?

      5 ਧਰਤੀ ਤੇ ਆਉਣ ਤੋਂ ਪਹਿਲਾਂ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਦੀ ਸਵਰਗ ਵਿਚ ਉੱਚੀ ਪਦਵੀ ਸੀ। ਇਸ ਦੇ ਇਲਾਵਾ ਯਹੋਵਾਹ ਅਤੇ ਅਣਗਿਣਤ ਫ਼ਰਿਸ਼ਤਿਆਂ ਨਾਲ ਉਸ ਦੀ ਦੋਸਤੀ ਸੀ। ਇਨ੍ਹਾਂ ਨਿੱਜੀ ਫ਼ਾਇਦਿਆਂ ਦੇ ਬਾਵਜੂਦ ਇਸ ਪਿਆਰੇ ਪੁੱਤਰ ਨੇ “ਆਪਣੇ ਆਪ ਨੂੰ ਸੱਖਣਾ ਕਰ ਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ।” (ਫ਼ਿਲਿੱਪੀਆਂ 2:7) ਉਹ ਰਜ਼ਾਮੰਦੀ ਨਾਲ ਅਜਿਹੇ ਸੰਸਾਰ ਵਿਚ ਪਾਪੀ ਇਨਸਾਨਾਂ ਨਾਲ ਰਹਿਣ ਆਇਆ ਜੋ “ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।” (1 ਯੂਹੰਨਾ 5:19) ਕੀ ਇਹ ਕੁਰਬਾਨੀ ਕਰ ਕੇ ਪਰਮੇਸ਼ੁਰ ਦੇ ਪੁੱਤਰ ਨੇ ਆਪਣੇ ਪਿਆਰ ਦਾ ਸਬੂਤ ਨਹੀਂ ਦਿੱਤਾ?

      6, 7. (ੳ) ਧਰਤੀ ਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਆਪਣੇ ਪਿਆਰ ਦਾ ਸਬੂਤ ਕਿਨ੍ਹਾਂ ਤਰੀਕਿਆਂ ਨਾਲ ਦਿੱਤਾ ਸੀ? (ਅ) ਯੂਹੰਨਾ 19:25-27 ਵਿਚ ਲਿਖੇ ਗਏ ਬਿਰਤਾਂਤ ਤੋਂ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਯਿਸੂ ਨੂੰ ਦੂਸਰਿਆਂ ਦੀ ਪਰਵਾਹ ਸੀ?

      6 ਧਰਤੀ ਤੇ ਆਪਣੀ ਸੇਵਕਾਈ ਦੌਰਾਨ ਯਿਸੂ ਨੇ ਅਜਿਹੇ ਪਿਆਰ ਦਾ ਸਬੂਤ ਕਈ ਤਰੀਕਿਆਂ ਨਾਲ ਦਿੱਤਾ ਸੀ। ਉਸ ਵਿਚ ਕੋਈ ਸੁਆਰਥ ਨਹੀਂ ਸੀ। ਉਹ ਆਪਣੀ ਸੇਵਕਾਈ ਵਿਚ ਇੰਨਾ ਰੁੱਝਿਆ ਰਹਿੰਦਾ ਸੀ ਕਿ ਉਸ ਨੇ ਘਰ ਦੇ ਉਨ੍ਹਾਂ ਸੁੱਖ-ਸਾਧਨਾਂ ਦੀ ਵੀ ਪਰਵਾਹ ਨਹੀਂ ਕੀਤੀ ਸੀ ਜਿਨ੍ਹਾਂ ਦੇ ਲੋਕ ਆਮ ਤੌਰ ਤੇ ਆਦੀ ਸਨ। ਇਕ ਵਾਰ ਉਸ ਨੇ ਕਿਹਾ “ਭਈ ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਹਲਣੇ ਹਨ ਪਰ ਮਨੁੱਖ ਦੇ ਪੁੱਤ੍ਰ ਦੇ ਸਿਰ ਧਰਨ ਨੂੰ ਥਾਂ ਨਹੀਂ।” (ਮੱਤੀ 8:20) ਇਕ ਨਿਪੁੰਨ ਤਰਖਾਣ ਹੋਣ ਦੇ ਨਾਤੇ ਯਿਸੂ ਕੁਝ ਸਮਾਂ ਕੱਢ ਕੇ ਆਪਣੇ ਲਈ ਇਕ ਸੋਹਣਾ ਘਰ ਬਣਾ ਸਕਦਾ ਸੀ ਜਾਂ ਮੇਜ਼-ਕੁਰਸੀਆਂ ਵਗੈਰਾ ਬਣਾ ਕੇ ਵੇਚ ਸਕਦਾ ਸੀ ਅਤੇ ਆਪਣੇ ਲਈ ਕੁਝ ਪੈਸੇ ਕਮਾ ਸਕਦਾ ਸੀ। ਪਰ ਉਸ ਨੇ ਆਪਣੀ ਯੋਗਤਾ ਨੂੰ ਧੰਨ-ਦੌਲਤ ਇਕੱਠਾ ਕਰਨ ਲਈ ਇਸਤੇਮਾਲ ਨਹੀਂ ਕੀਤਾ।

      7 ਯੂਹੰਨਾ 19:25-27 ਵਿਚ ਲਿਖੇ ਗਏ ਬਿਰਤਾਂਤ ਤੋਂ ਬਹੁਤ ਹੀ ਸੋਹਣੇ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਕਿ ਯਿਸੂ ਨੂੰ ਦੂਸਰਿਆਂ ਬਾਰੇ ਕਿੰਨੀ ਪਰਵਾਹ ਸੀ। ਯਿਸੂ ਦੀ ਮੌਤ ਦੇ ਦਿਨ ਉਸ ਦੇ ਦਿਲ ਵਿਚ ਬਹੁਤ ਸਾਰੀਆਂ ਗੱਲਾਂ ਸਨ। ਸੂਲੀ ਤੇ ਟੰਗਿਆ ਹੋਣ ਕਰਕੇ ਉਹ ਪੀੜ ਸਹਿ ਰਿਹਾ ਸੀ, ਪਰ ਉਸ ਨੂੰ ਆਪਣੇ ਚੇਲਿਆਂ ਦਾ ਅਤੇ ਪ੍ਰਚਾਰ ਦੇ ਕੰਮ ਦਾ ਫ਼ਿਕਰ ਸੀ। ਉਸ ਨੂੰ ਖ਼ਾਸ ਕਰਕੇ ਇਹ ਚਿੰਤਾ ਸੀ ਕਿ ਉਹ ਆਪਣੇ ਸਵਰਗੀ ਪਿਤਾ ਪ੍ਰਤੀ ਵਫ਼ਾਦਾਰ ਰਹੇ ਅਤੇ ਉਸ ਨੂੰ ਬਦਨਾਮ ਨਾ ਕਰੇ। ਸੱਚ ਕਿਹਾ ਜਾਏ ਤਾਂ ਉਸ ਸਮੇਂ ਇਨਸਾਨਜਾਤ ਦਾ ਸਾਰਾ ਭਵਿੱਖ ਯਿਸੂ ਦੇ ਮੋਢਿਆਂ ਤੇ ਟਿਕਿਆ ਹੋਇਆ ਸੀ! ਇਸ ਦੇ ਬਾਵਜੂਦ ਆਪਣੀ ਮੌਤ ਤੋਂ ਸਿਰਫ਼ ਕੁਝ ਪਲ ਪਹਿਲਾਂ ਯਿਸੂ ਨੂੰ ਆਪਣੀ ਮਾਂ ਮਰਿਯਮ ਦੀ ਚਿੰਤਾ ਸੀ, ਜੋ ਉਸ ਸਮੇਂ ਤਕ ਸ਼ਾਇਦ ਵਿਧਵਾ ਹੋ ਚੁੱਕੀ ਸੀ। ਯਿਸੂ ਨੇ ਯੂਹੰਨਾ ਰਸੂਲ ਨੂੰ ਕਿਹਾ ਕਿ ਉਹ ਮਰਿਯਮ ਨੂੰ ਆਪਣੀ ਮਾਂ ਸਮਝ ਕੇ ਉਸ ਦੀ ਦੇਖ-ਭਾਲ ਕਰੇ। ਇਸ ਤੋਂ ਬਾਅਦ ਯੂਹੰਨਾ ਮਰਿਯਮ ਨੂੰ ਆਪਣੇ ਘਰ ਲੈ ਗਿਆ। ਯਿਸੂ ਨੇ ਬੰਦੋਬਸਤ ਕੀਤਾ ਸੀ ਕਿ ਉਸ ਦੀ ਮਾਂ ਦੀ ਰੂਹਾਨੀ ਤੇ ਜਿਸਮਾਨੀ ਤੌਰ ਤੇ ਦੇਖ-ਭਾਲ ਕੀਤੀ ਜਾਵੇ। ਇਸ ਤਰ੍ਹਾਂ ਉਸ ਨੇ ਦਿਖਾਇਆ ਕਿ ਉਸ ਦਾ ਪਿਆਰ ਕਿੰਨਾ ਗੂੜ੍ਹਾ ਸੀ!

      ‘ਉਸ ਨੇ ਤਰਸ ਖਾਧਾ’

      8. ਯਿਸੂ ਦੀ ਹਮਦਰਦੀ ਦੀ ਗੱਲ ਕਰਨ ਲਈ ਬਾਈਬਲ ਵਿਚ ਵਰਤੇ ਗਏ ਯੂਨਾਨੀ ਸ਼ਬਦ ਦਾ ਕੀ ਮਤਲਬ ਹੈ?

      8 ਆਪਣੇ ਪਿਤਾ ਵਾਂਗ ਯਿਸੂ ਬੜਾ ਹਮਦਰਦ ਸੀ। ਬਾਈਬਲ ਵਿਚ ਯਿਸੂ ਬਾਰੇ ਦੱਸਿਆ ਗਿਆ ਹੈ ਕਿ ਉਹ ਦੁਖੀ ਲੋਕਾਂ ਦੀ ਮਦਦ ਕਰਨੀ ਚਾਹੁੰਦਾ ਸੀ। ਯਿਸੂ ਦੀ ਹਮਦਰਦੀ ਦੀ ਗੱਲ ਕਰਦੇ ਹੋਏ ਬਾਈਬਲ ਵਿਚ ਜੋ ਯੂਨਾਨੀ ਸ਼ਬਦ ਵਰਤਿਆ ਗਿਆ ਹੈ ਉਸ ਦਾ ਤਰਜਮਾ “ਤਰਸ ਖਾਧਾ” ਕੀਤਾ ਗਿਆ ਹੈ। ਇਕ ਵਿਦਵਾਨ ਨੇ ਕਿਹਾ: “ਇਹ ਅਜਿਹੀ ਭਾਵਨਾ ਹੈ ਜੋ ਇਨਸਾਨ ਉੱਤੇ ਬਹੁਤ ਹੀ ਡੂੰਘਾ ਪ੍ਰਭਾਵ ਪਾਉਂਦੀ ਹੈ। ਹਮਦਰਦੀ ਲਈ ਯੂਨਾਨੀ ਭਾਸ਼ਾ ਵਿਚ ਇਸ ਤੋਂ ਜ਼ਿਆਦਾ ਜ਼ੋਰਦਾਰ ਸ਼ਬਦ ਨਹੀਂ ਹੈ।” ਆਓ ਆਪਾਂ ਕੁਝ ਘਟਨਾਵਾਂ ਵੱਲ ਧਿਆਨ ਦੇਈਏ ਜਦੋਂ ਯਿਸੂ ਦੇ ਦਿਲ ਨੇ ਉਸ ਨੂੰ ਤਰਸ ਖਾਣ ਲਈ ਪ੍ਰੇਰਿਤ ਕੀਤਾ ਸੀ।

      9, 10. (ੳ) ਯਿਸੂ ਅਤੇ ਉਸ ਦੇ ਰਸੂਲ ਏਕਾਂਤ ਜਗ੍ਹਾ ਕਿਉਂ ਭਾਲ ਰਹੇ ਸਨ? (ਅ) ਜਦ ਭੀੜ ਨੇ ਯਿਸੂ ਨੂੰ ਆਰਾਮ ਨਹੀਂ ਕਰਨ ਦਿੱਤਾ, ਤਾਂ ਯਿਸੂ ਨੇ ਕੀ ਕੀਤਾ ਸੀ ਅਤੇ ਕਿਉਂ?

      9 ਯਿਸੂ ਰੂਹਾਨੀ ਜ਼ਰੂਰਤਾਂ ਪੂਰੀਆਂ ਕਰਨ ਲਈ ਪ੍ਰੇਰਿਤ ਹੋਇਆ ਸੀ। ਮਰਕੁਸ 6:30-34 ਦੇ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਯਿਸੂ ਲੋਕਾਂ ਤੇ ਕਿਉਂ ਤਰਸ ਖਾਂਦਾ ਸੀ। ਜ਼ਰਾ ਉਸ ਸਮੇਂ ਬਾਰੇ ਸੋਚੋ ਜਦ ਰਸੂਲ ਦੂਰ-ਦੂਰ ਪ੍ਰਚਾਰ ਕਰਨ ਤੋਂ ਬਾਅਦ ਵਾਪਸ ਆਏ ਸਨ। ਉਹ ਬੜੀ ਖ਼ੁਸ਼ੀ ਤੇ ਜੋਸ਼ ਨਾਲ ਯਿਸੂ ਨੂੰ ਦੱਸ ਰਹੇ ਸਨ ਕਿ ਉਨ੍ਹਾਂ ਨੇ ਕੀ ਦੇਖਿਆ ਤੇ ਕੀ ਸੁਣਿਆ ਸੀ। ਪਰ ਉਸ ਸਮੇਂ ਉਨ੍ਹਾਂ ਦੇ ਆਲੇ-ਦੁਆਲੇ ਇਕ ਵੱਡੀ ਭੀੜ ਇਕੱਠੀ ਹੋ ਗਈ ਜਿਸ ਕਰਕੇ ਯਿਸੂ ਤੇ ਉਸ ਦੇ ਰਸੂਲ ਕੁਝ ਨਾ ਕਰ ਸਕੇ। ਉਹ ਬੈਠ ਕੇ ਕੁਝ ਖਾ-ਪੀ ਵੀ ਨਾ ਸਕੇ। ਪਰ ਯਿਸੂ ਨੇ ਨੋਟ ਕਰ ਲਿਆ ਸੀ ਕਿ ਰਸੂਲ ਬਹੁਤ ਹੀ ਥੱਕੇ ਹੋਏ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪ ਉਜਾੜ ਥਾਂ ਅਲੱਗ ਚੱਲੇ ਚੱਲੋ ਅਤੇ ਰਤੀ ਕੁ ਸਸਤਾਓ।” ਉਹ ਇਕ ਕਿਸ਼ਤੀ ਵਿਚ ਬੈਠ ਕੇ ਗਲੀਲ ਦੀ ਝੀਲ ਦੇ ਉੱਤਰੀ ਇਲਾਕੇ ਵਿਚ ਏਕਾਂਤ ਜਗ੍ਹਾ ਭਾਲਣ ਚਲੇ ਗਏ। ਪਰ ਭੀੜ ਨੇ ਉਨ੍ਹਾਂ ਨੂੰ ਜਾਂਦੇ ਹੋਏ ਦੇਖ ਲਿਆ ਸੀ। ਹੋਰਨਾਂ ਲੋਕਾਂ ਨੇ ਵੀ ਉਨ੍ਹਾਂ ਬਾਰੇ ਖ਼ਬਰ ਸੁਣ ਲਈ ਸੀ। ਇਹ ਸਾਰੇ ਲੋਕ ਝੀਲ ਦੇ ਉੱਤਰੀ ਕਿਨਾਰੇ ਦੇ ਨਾਲ-ਨਾਲ ਦੌੜ ਕੇ ਕਿਸ਼ਤੀ ਨਾਲੋਂ ਪਹਿਲਾਂ ਦੂਸਰੇ ਪਾਸੇ ਪਹੁੰਚ ਗਏ!

      10 ਕੀ ਯਿਸੂ ਖਿੱਝ ਗਿਆ ਸੀ ਕਿ ਲੋਕਾਂ ਨੇ ਉਸ ਨੂੰ ਆਰਾਮ ਨਹੀਂ ਕਰਨ ਦਿੱਤਾ? ਬਿਲਕੁਲ ਨਹੀਂ! ਹਜ਼ਾਰਾਂ ਲੋਕ ਉਸ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਯਿਸੂ ਦਾ ਕਲੇਜਾ ਫੱਟ ਗਿਆ। ਮਰਕੁਸ ਨੇ ਇਸ ਬਾਰੇ ਲਿਖਿਆ: “ਉਸ ਨੇ ਨਿੱਕਲ ਕੇ ਇੱਕ ਵੱਡੀ ਭੀੜ ਵੇਖੀ ਅਰ ਉਨ੍ਹਾਂ ਤੇ ਤਰਸ ਖਾਧਾ ਇਸ ਲਈ ਜੋ ਓਹ ਉਨ੍ਹਾਂ ਭੇਡਾਂ ਵਾਂਙੁ ਸਨ ਜਿਨ੍ਹਾਂ ਦਾ ਅਯਾਲੀ ਨਾ ਹੋਵੇ। ਉਹ ਉਨ੍ਹਾਂ ਨੂੰ ਬਹੁਤ ਗੱਲਾਂ ਦਾ ਉਪਦੇਸ਼ ਦੇਣ ਲੱਗਾ।” ਯਿਸੂ ਨੇ ਉਸ ਭੀੜ ਦੇ ਹਰੇਕ ਇਨਸਾਨ ਦੀਆਂ ਰੂਹਾਨੀ ਲੋੜਾਂ ਬਾਰੇ ਸੋਚਿਆ। ਉਹ ਅਜਿਹੀਆਂ ਮਾਸੂਮ ਭੇਡਾਂ ਵਰਗੇ ਸਨ ਜਿਨ੍ਹਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਅਯਾਲੀ ਨਹੀਂ ਸੀ। ਯਿਸੂ ਜਾਣਦਾ ਸੀ ਕਿ ਉਸ ਸਮੇਂ ਦੇ ਨਿਰਦਈ ਧਾਰਮਿਕ ਆਗੂ ਪਿਆਰ ਨਾਲ ਲੋਕਾਂ ਦੀ ਚਰਵਾਹੀ ਕਰਨ ਦੀ ਬਜਾਇ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ। (ਯੂਹੰਨਾ 7:47-49) ਲੋਕਾਂ ਦੀ ਹਾਲਤ ਦੇਖ ਕੇ ਯਿਸੂ ਦਾ ਦਿਲ ਤੜਫ ਉੱਠਿਆ ਅਤੇ ਉਸ ਨੇ ਉਨ੍ਹਾਂ ਨੂੰ “ਪਰਮੇਸ਼ੁਰ ਦੇ ਰਾਜ ਦੇ ਵਿਖੇ” ਸਿਖਾਉਣਾ ਸ਼ੁਰੂ ਕਰ ਦਿੱਤਾ। (ਲੂਕਾ 9:11) ਨੋਟ ਕਰੋ ਕਿ ਯਿਸੂ ਨੇ ਲੋਕਾਂ ਨੂੰ ਸਿਖਾਉਣ ਤੋਂ ਪਹਿਲਾਂ ਉਨ੍ਹਾਂ ਤੇ ਤਰਸ ਖਾਧਾ ਸੀ। ਉਹ ਇਹ ਵੀ ਨਹੀਂ ਜਾਣਦਾ ਸੀ ਕਿ ਉਹ ਉਸ ਦੀ ਗੱਲ ਸੁਣ ਕੇ ਉਸ ਨੂੰ ਪਸੰਦ ਕਰਨਗੇ ਜਾਂ ਨਹੀਂ। ਇਸ ਦਾ ਮਤਲਬ ਹੈ ਕਿ ਯਿਸੂ ਨੇ ਸਿੱਖਿਆ ਦੇ ਕੇ ਹਮਦਰਦੀ ਨਹੀਂ ਕੀਤੀ ਸੀ ਪਰ ਆਪਣੀ ਹਮਦਰਦੀ ਕਾਰਨ ਲੋਕਾਂ ਨੂੰ ਸਿੱਖਿਆ ਦਿੱਤੀ ਸੀ।

      ਯਿਸੂ ਮਸੀਹ ਤਰਸ ਖਾ ਕੇ ਕੋੜ੍ਹੀ ਨੂੰ ਹੱਥ ਲਾਉਂਦਾ ਹੈ ਤੇ ਉਸ ਨੂੰ ਠੀਕ ਕਰਦਾ ਹੈ

      ‘ਉਸ ਨੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹਿਆ’

      11, 12. (ੳ) ਬਾਈਬਲ ਦੇ ਜ਼ਮਾਨੇ ਵਿਚ ਲੋਕ ਕੋੜ੍ਹੀਆਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਸਨ ਪਰ ਯਿਸੂ ਇਕ ਕੋੜ੍ਹੀ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ? (ਅ) ਯਿਸੂ ਦੁਆਰਾ ਹੱਥ ਲਾਏ ਜਾਣ ਤੋਂ ਬਾਅਦ ਕੋੜ੍ਹੀ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਣਾ ਅਤੇ ਇਸ ਬਾਰੇ ਇਕ ਡਾਕਟਰ ਦੇ ਤਜਰਬੇ ਤੋਂ ਕੀ ਪਤਾ ਲੱਗਦਾ ਹੈ?

      11 ਯਿਸੂ ਦੁੱਖ-ਤਕਲੀਫ਼ ਦੂਰ ਕਰਨ ਲਈ ਪ੍ਰੇਰਿਤ ਹੋਇਆ ਸੀ। ਮਾੜੀ ਸਿਹਤ ਵਾਲੇ ਕਈ ਲੋਕ ਯਿਸੂ ਦੀ ਹਮਦਰਦੀ ਬਾਰੇ ਜਾਣਦੇ ਸਨ ਅਤੇ ਉਹ ਉਸ ਵੱਲ ਖਿੱਚੇ ਚਲੇ ਆਉਂਦੇ ਸਨ। ਇਹ ਗੱਲ ਖ਼ਾਸ ਕਰਕੇ ਉਦੋਂ ਸਪੱਸ਼ਟ ਹੋਈ ਸੀ ਜਦੋਂ ਇਕ ਵਾਰ ਭੀੜ ਯਿਸੂ ਦਾ ਪਿੱਛਾ ਕਰ ਰਹੀ ਸੀ ਅਤੇ “ਕੋੜ੍ਹ ਦਾ ਭਰਿਆ ਹੋਇਆ” ਇਕ ਆਦਮੀ ਉਸ ਦੇ ਲਾਗੇ ਆਇਆ। (ਲੂਕਾ 5:12) ਬਾਈਬਲ ਦੇ ਜ਼ਮਾਨੇ ਵਿਚ ਕੋੜ੍ਹੀਆਂ ਨੂੰ ਬਾਕੀ ਦੇ ਲੋਕਾਂ ਤੋਂ ਵੱਖਰਾ ਰੱਖਿਆ ਜਾਂਦਾ ਸੀ, ਤਾਂ ਜੋ ਰੋਗ ਹੋਰਨਾਂ ਨੂੰ ਨਾ ਲੱਗ ਜਾਵੇ। (ਗਿਣਤੀ 5:1-4) ਪਰ ਸਮੇਂ ਦੇ ਬੀਤਣ ਨਾਲ ਯਹੂਦੀਆਂ ਦੇ ਆਗੂ ਕੋੜ੍ਹੀਆਂ ਨਾਲ ਬੇਰਹਿਮੀ ਨਾਲ ਪੇਸ਼ ਆਉਣ ਲੱਗ ਪਏ ਅਤੇ ਉਨ੍ਹਾਂ ਨੇ ਉਨ੍ਹਾਂ ਉੱਤੇ ਔਖੇ ਅਸੂਲ ਥੋਪੇ ਸਨ।a ਇੱਥੇ ਨੋਟ ਕਰੋ ਕਿ ਯਿਸੂ ਕੋੜ੍ਹੀ ਨਾਲ ਕਿਸ ਤਰ੍ਹਾਂ ਪੇਸ਼ ਆਇਆ ਸੀ: “ਇੱਕ ਕੋੜ੍ਹੀ ਨੇ ਉਹ ਦੇ ਕੋਲ ਆਣ ਕੇ ਉਹ ਦੀ ਮਿੰਨਤ ਕੀਤੀ ਅਰ ਉਹ ਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਆਖਿਆ, ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ। ਅਤੇ ਉਸ ਨੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹ ਕੇ ਕਿਹਾ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ। ਤਾਂ ਝੱਟ ਉਹ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ!” (ਮਰਕੁਸ 1:40-42) ਯਿਸੂ ਜਾਣਦਾ ਸੀ ਕਿ ਉਸ ਕੋੜ੍ਹੀ ਦਾ ਉੱਥੇ ਲੋਕਾਂ ਵਿਚ ਹੋਣਾ ਗ਼ੈਰ-ਕਾਨੂੰਨੀ ਸੀ। ਪਰ ਯਿਸੂ ਨੇ ਉਸ ਨੂੰ ਉੱਥੋਂ ਭਜਾਉਣ ਦੀ ਬਜਾਇ ਉਸ ਉੱਤੇ ਤਰਸ ਖਾਧਾ ਅਤੇ ਉਹ ਕੀਤਾ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ। ਯਿਸੂ ਨੇ ਉਸ ਕੋੜ੍ਹੀ ਨੂੰ ਹੱਥ ਲਾਇਆ!

      12 ਕੀ ਤੁਸੀਂ ਸਮਝ ਸਕਦੇ ਹੋ ਕਿ ਉਸ ਕੋੜ੍ਹੀ ਨੇ ਕਿਸ ਤਰ੍ਹਾਂ ਮਹਿਸੂਸ ਕੀਤਾ ਹੋਣਾ ਜਦੋਂ ਯਿਸੂ ਨੇ ਉਸ ਨੂੰ ਹੱਥ ਲਾਇਆ ਸੀ? ਇਸ ਨੂੰ ਸਮਝਣ ਲਈ ਇਸ ਘਟਨਾ ਉੱਤੇ ਗੌਰ ਕਰੋ। ਡਾਕਟਰ ਪੌਲ ਬਰੈਂਡ ਕੋੜ੍ਹੀਆਂ ਦੇ ਇਲਾਜ ਦਾ ਮਾਹਰ ਹੈ ਅਤੇ ਉਹ ਇਕ ਕੋੜ੍ਹੀ ਬਾਰੇ ਦੱਸਦਾ ਹੈ ਜਿਸ ਦਾ ਭਾਰਤ ਵਿਚ ਉਸ ਨੇ ਇਲਾਜ ਕੀਤਾ ਸੀ। ਇਕ ਵਾਰ ਜਦ ਉਹ ਮਰੀਜ਼ ਦਾ ਮੁਆਇਨਾ ਕਰ ਰਿਹਾ ਸੀ, ਤਾਂ ਉਸ ਨੇ ਕੋੜ੍ਹੀ ਦੇ ਮੋਢੇ ਤੇ ਹੱਥ ਰੱਖ ਕੇ ਇਕ ਅਨੁਵਾਦਕ ਦੇ ਜ਼ਰੀਏ ਉਸ ਨੂੰ ਇਲਾਜ ਬਾਰੇ ਦੱਸਿਆ। ਪਰ ਅਚਾਨਕ ਉਹ ਕੋੜ੍ਹੀ ਰੋਣ ਲੱਗ ਪਿਆ। ਡਾਕਟਰ ਨੇ ਉਸ ਨੂੰ ਪੁੱਛਿਆ: “ਕੀ ਮੈਥੋਂ ਕੋਈ ਗ਼ਲਤੀ ਹੋ ਗਈ?” ਅਨੁਵਾਦਕ ਨੇ ਮਰੀਜ਼ ਨਾਲ ਗੱਲ ਕਰਨ ਤੋਂ ਬਾਅਦ ਕਿਹਾ: “ਨਹੀਂ ਡਾਕਟਰ ਸਾਹਬ। ਇਹ ਰੋ ਰਿਹਾ ਹੈ ਕਿਉਂਕਿ ਤੁਸੀਂ ਇਸ ਦੇ ਮੋਢੇ ਤੇ ਹੱਥ ਰੱਖਿਆ। ਇੱਥੇ ਆਉਣ ਤੋਂ ਪਹਿਲਾਂ ਕਈ ਸਾਲਾਂ ਤੋਂ ਕਿਸੇ ਨੇ ਵੀ ਇਸ ਨੂੰ ਹੱਥ ਨਹੀਂ ਲਾਇਆ।” ਤਾਂ ਫਿਰ ਉਸ ਕੋੜ੍ਹੀ ਬਾਰੇ ਸੋਚੋ ਜਿਸ ਨੂੰ ਯਿਸੂ ਨੇ ਹੱਥ ਲਾਇਆ ਸੀ। ਉਸ ਨੇ ਸਿਰਫ਼ ਯਿਸੂ ਦਾ ਪਿਆਰ ਹੀ ਨਹੀਂ ਮਹਿਸੂਸ ਕੀਤਾ ਪਰ ਉਸ ਦੀ ਬੀਮਾਰੀ ਵੀ ਠੀਕ ਹੋ ਗਈ ਜਿਸ ਕਰਕੇ ਉਹ ਛੇਕਿਆ ਗਿਆ ਸੀ!

      13, 14. (ੳ) ਨਾਇਨ ਨਾਂ ਦੇ ਨਗਰ ਨੂੰ ਆਉਂਦੇ ਹੋਏ ਯਿਸੂ ਨੂੰ ਕੌਣ ਮਿਲਿਆ ਸੀ ਅਤੇ ਇਹ ਘਟਨਾ ਇੰਨੀ ਦਰਦਨਾਕ ਕਿਉਂ ਸੀ? (ਅ) ਯਿਸੂ ਦੀ ਹਮਦਰਦੀ ਨੇ ਉਸ ਨੂੰ ਨਾਇਨ ਨਗਰ ਦੀ ਵਿਧਵਾ ਵਾਸਤੇ ਕੀ ਕਰਨ ਲਈ ਮਜਬੂਰ ਕੀਤਾ ਸੀ?

      13 ਯਿਸੂ ਸੋਗ ਤੇ ਗਮ ਦੂਰ ਕਰਨ ਲਈ ਪ੍ਰੇਰਿਤ ਹੋਇਆ ਸੀ। ਯਿਸੂ ਦੂਸਰਿਆਂ ਦਾ ਦੁੱਖ ਦੇਖ ਕੇ ਦੁਖੀ ਹੁੰਦਾ ਸੀ। ਮਿਸਾਲ ਲਈ ਲੂਕਾ 7:11-15 ਦੇ ਬਿਰਤਾਂਤ ਉੱਤੇ ਗੌਰ ਕਰੋ। ਸੇਵਕਾਈ ਸ਼ੁਰੂ ਕਰਨ ਤੋਂ ਡੇਢ ਕੁ ਸਾਲ ਬਾਅਦ, ਯਿਸੂ ਇਕ ਦਿਨ ਨਾਇਨ ਨਾਂ ਦੇ ਨਗਰ ਨੂੰ ਜਾ ਰਿਹਾ ਸੀ। ਜਦ ਉਹ ਨਗਰ ਦੇ ਫਾਟਕ ਦੇ ਨੇੜੇ ਪਹੁੰਚਿਆ, ਤਾਂ ਉਸ ਨੇ ਇਕ ਜਨਾਜ਼ਾ ਨਿਕਲਦਾ ਦੇਖਿਆ। ਹਾਲਾਤ ਕੁਝ ਜ਼ਿਆਦਾ ਹੀ ਦਰਦਨਾਕ ਸਨ। ਇਕ ਵਿਧਵਾ ਮਾਂ ਦਾ ਇੱਕੋ-ਇਕ ਪੁੱਤ ਮੌਤ ਦੀ ਗੋਦ ਵਿਚ ਚਲਾ ਗਿਆ ਸੀ। ਪਹਿਲਾਂ ਵੀ ਸ਼ਾਇਦ ਉਸ ਦੇ ਘਰੋਂ ਉਸ ਦੇ ਪਤੀ ਦਾ ਜਨਾਜ਼ਾ ਉੱਠਿਆ ਸੀ। ਇਸ ਵਾਰ ਉਸ ਦੇ ਪੁੱਤ ਦਾ ਜਨਾਜ਼ਾ ਸੀ, ਜਿਸ ਤੋਂ ਸਿਵਾਇ ਸ਼ਾਇਦ ਉਸ ਦਾ ਆਪਣਾ ਹੋਰ ਕੋਈ ਨਹੀਂ ਸੀ। ਉਸ ਦੇ ਨਾਲ ਚੱਲ ਰਹੀ ਭੀੜ ਵਿਚ ਸ਼ਾਇਦ ਸਿਆਪਾ ਕਰਨ ਵਾਲੀਆਂ ਤੀਵੀਆਂ ਅਤੇ ਬਾਂਸਰੀ ਵਜਾਉਣ ਵਾਲੇ ਲੋਕ ਵੀ ਅਫ਼ਸੋਸ ਕਰਨ ਆਏ ਹੋਣ। (ਯਿਰਮਿਯਾਹ 9:17, 18; ਮੱਤੀ 9:23) ਪਰ ਯਿਸੂ ਦੀ ਨਿਗਾਹ ਦਰਦ ਨਾਲ ਟੁੱਟ ਚੁੱਕੀ ਮਾਂ ਤੇ ਜਾ ਟਿਕੀ ਜੋ ਸ਼ਾਇਦ ਆਪਣੇ ਪੁੱਤ ਦੀ ਅਰਥੀ ਦੇ ਲਾਗੇ ਤੁਰ ਰਹੀ ਸੀ।

      14 ਯਿਸੂ ਨੇ ਉਸ ਸੋਗਵਾਨ ਮਾਂ ਉੱਤੇ “ਤਰਸ ਖਾਧਾ।” ਨਰਮ ਆਵਾਜ਼ ਨਾਲ ਉਸ ਨੇ ਉਸ ਨੂੰ ਕਿਹਾ: “ਨਾ ਰੋ।” ਫਿਰ ਉਸ ਨੇ ਆ ਕੇ ਅਰਥੀ ਨੂੰ ਹੱਥ ਲਾਇਆ। ਅਰਥੀ ਨੂੰ ਮੋਢਾ ਦੇਣ ਵਾਲੇ ਅਤੇ ਸ਼ਾਇਦ ਦੂਸਰੇ ਸਾਰੇ ਲੋਕ ਰੁਕ ਗਏ। ਯਿਸੂ ਨੇ ਇਖ਼ਤਿਆਰ ਨਾਲ ਬੇਜਾਨ ਦੇਹ ਨੂੰ ਕਿਹਾ: “ਹੇ ਜੁਆਨ ਮੈਂ ਤੈਨੂੰ ਆਖਦਾ ਹਾਂ, ਉੱਠ!” ਫਿਰ ਕੀ ਹੋਇਆ? “ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ,” ਜਿਵੇਂ ਕਿਤੇ ਉਹ ਗੂੜ੍ਹੀ ਨੀਦੋਂ ਸੁੱਤਾ ਉੱਠਿਆ ਹੋਵੇ! ਇਸ ਤੋਂ ਬਾਅਦ ਬੜੇ ਪਿਆਰ ਨਾਲ “[ਯਿਸੂ] ਨੇ ਉਹ ਨੂੰ ਉਹ ਦੀ ਮਾਂ ਨੂੰ ਸੌਂਪ ਦਿੱਤਾ।”

      15. (ੳ) ਯਿਸੂ ਦੇ ਤਰਸ ਖਾਣ ਦੇ ਬਿਰਤਾਂਤਾਂ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਹਮਦਰਦੀ ਮਹਿਸੂਸ ਕਰਨ ਦੇ ਨਾਲ-ਨਾਲ ਕੁਝ ਕਰਨਾ ਵੀ ਜ਼ਰੂਰੀ ਹੈ? (ਅ) ਇਸ ਮਾਮਲੇ ਵਿਚ ਅਸੀਂ ਯਿਸੂ ਦੀ ਨਕਲ ਕਿਸ ਤਰ੍ਹਾਂ ਕਰ ਸਕਦੇ ਹਾਂ?

      15 ਇਨ੍ਹਾਂ ਬਿਰਤਾਂਤਾਂ ਤੋਂ ਅਸੀਂ ਕੀ ਸਿੱਖਦੇ ਹਾਂ? ਨੋਟ ਕਰੋ ਕਿ ਹਰ ਬਿਰਤਾਂਤ ਤੋਂ ਪਤਾ ਲੱਗਦਾ ਹੈ ਕਿ ਹਮਦਰਦੀ ਮਹਿਸੂਸ ਕਰਨ ਦੇ ਨਾਲ-ਨਾਲ ਕੁਝ ਕਰਨਾ ਵੀ ਜ਼ਰੂਰੀ ਹੈ। ਯਿਸੂ ਤੋਂ ਲੋਕਾਂ ਦੀ ਮੰਦੀ ਹਾਲਤ ਦੇਖੀ ਨਹੀਂ ਜਾਂਦੀ ਸੀ, ਉਹ ਉਨ੍ਹਾਂ ਤੇ ਤਰਸ ਖਾਂਦਾ ਸੀ ਅਤੇ ਉਹ ਤਰਸ ਖਾਣ ਤੋਂ ਬਾਅਦ ਉਨ੍ਹਾਂ ਲਈ ਜ਼ਰੂਰ ਕੁਝ ਕਰਦਾ ਸੀ। ਅਸੀਂ ਉਸ ਦੀ ਨਕਲ ਕਿਸ ਤਰ੍ਹਾਂ ਕਰ ਸਕਦੇ ਹਾਂ? ਮਸੀਹੀ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈਏ ਅਤੇ ਚੇਲੇ ਬਣਾਈਏ। ਅਸੀਂ ਇਹ ਕੰਮ ਕਿਉਂ ਕਰਦੇ ਹਾਂ? ਪਹਿਲਾ ਕਾਰਨ ਹੈ ਕਿ ਅਸੀਂ ਪਰਮੇਸ਼ੁਰ ਨਾਲ ਪਿਆਰ ਕਰਦੇ ਹਾਂ। ਪਰ ਇਹ ਗੱਲ ਵੀ ਯਾਦ ਰੱਖੋ ਕਿ ਅਸੀਂ ਲੋਕਾਂ ਨਾਲ ਹਮਦਰਦੀ ਕਰ ਕੇ ਪ੍ਰਚਾਰ ਕਰਦੇ ਹਾਂ। ਜਦ ਅਸੀਂ ਲੋਕਾਂ ਬਾਰੇ ਯਿਸੂ ਵਾਂਗ ਮਹਿਸੂਸ ਕਰਦੇ ਹਾਂ, ਤਾਂ ਸਾਡੇ ਦਿਲ ਸਾਨੂੰ ਪ੍ਰੇਰਿਤ ਕਰਦੇ ਹਨ ਕਿ ਅਸੀਂ ਉਨ੍ਹਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਈਏ। (ਮੱਤੀ 22:37-39) ਪਰ ਅਸੀਂ ਗਮਾਂ ਨਾਲ ਘਿਰੇ ਹੋਏ ਭੈਣਾਂ-ਭਰਾਵਾਂ ਨਾਲ ਹਮਦਰਦੀ ਕਿਸ ਤਰ੍ਹਾਂ ਕਰ ਸਕਦੇ ਹਾਂ? ਅਸੀਂ ਨਾ ਤਾਂ ਕਰਾਮਾਤੀ ਢੰਗ ਨਾਲ ਰੋਗੀਆਂ ਨੂੰ ਚੰਗਾ ਕਰ ਸਕਦੇ ਹਾਂ ਤੇ ਨਾ ਅਸੀਂ ਮੁਰਦਿਆਂ ਨੂੰ ਜ਼ਿੰਦਾ ਕਰ ਸਕਦੇ ਹਾਂ। ਪਰ ਅਸੀਂ ਉਨ੍ਹਾਂ ਦਾ ਦੁੱਖ-ਸੁਖ ਵੰਡਣ ਵਿਚ ਪਹਿਲ ਕਰ ਸਕਦੇ ਹਾਂ ਅਤੇ ਜਿਸ ਕਿਸੇ ਨੂੰ ਮਦਦ ਦੀ ਲੋੜ ਹੋਵੇ, ਉਸ ਦੀ ਮਦਦ ਕਰ ਸਕਦੇ ਹਾਂ।​—ਅਫ਼ਸੀਆਂ 4:32.

      “ਪਿਤਾ ਉਨ੍ਹਾਂ ਨੂੰ ਮਾਫ਼ ਕਰ”

      16. ਜਦ ਉਹ ਸੂਲੀ ਤੇ ਟੰਗਿਆ ਹੋਇਆ ਸੀ, ਉਸ ਵੇਲੇ ਕਿਸ ਤਰ੍ਹਾਂ ਜ਼ਾਹਰ ਹੋਇਆ ਸੀ ਕਿ ਯਿਸੂ ਮਾਫ਼ ਕਰਨ ਲਈ ਤਿਆਰ ਸੀ?

      16 ਯਿਸੂ ਨੇ ਇਕ ਹੋਰ ਤਰੀਕੇ ਨਾਲ ਵੀ ਆਪਣੇ ਪਿਤਾ ਵਾਂਗ ਪਿਆਰ ਕੀਤਾ ਸੀ​—ਉਹ “ਮਾਫ਼ ਕਰਨ” ਲਈ ਤਿਆਰ ਸੀ। (ਜ਼ਬੂਰਾਂ ਦੀ ਪੋਥੀ 86:5, ਪਵਿੱਤਰ ਬਾਈਬਲ ਨਵਾਂ ਅਨੁਵਾਦ) ਉਸ ਦਾ ਇਹ ਗੁਣ ਉਸ ਵੇਲੇ ਵੀ ਜ਼ਾਹਰ ਹੋਇਆ ਸੀ ਜਦ ਉਹ ਸੂਲੀ ਤੇ ਟੰਗਿਆ ਹੋਇਆ ਸੀ। ਹੱਥਾਂ ਅਤੇ ਪੈਰਾਂ ਵਿਚ ਠੋਕੇ ਕਿੱਲਾਂ ਦਾ ਦਰਦ ਸਹਿੰਦੇ ਹੋਏ ਤੇ ਸ਼ਰਮਨਾਕ ਮੌਤ ਮਰਦੇ ਹੋਏ ਉਸ ਦੇ ਮੂੰਹੋਂ ਕੀ ਨਿਕਲਿਆ ਸੀ? ਕੀ ਉਸ ਨੇ ਯਹੋਵਾਹ ਨੂੰ ਬਦਲਾ ਲੈਣ ਦੀ ਦੁਹਾਈ ਦਿੱਤੀ ਸੀ? ਇਸ ਤੋਂ ਉਲਟ ਯਿਸੂ ਨੇ ਆਪਣੇ ਆਖ਼ਰੀ ਸ਼ਬਦਾਂ ਵਿਚ ਕਿਹਾ ਸੀ: “ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਓਹ ਨਹੀਂ ਜਾਣਦੇ ਭਈ ਕੀ ਕਰਦੇ ਹਨ।”​—ਲੂਕਾ 23:34.b

      17-19. ਯਿਸੂ ਨੇ ਕਿਨ੍ਹਾਂ ਤਰੀਕਿਆਂ ਨਾਲ ਦਿਖਾਇਆ ਸੀ ਕਿ ਉਸ ਨੇ ਪਤਰਸ ਰਸੂਲ ਦੇ ਇਨਕਾਰ ਕਰਨ ਦੇ ਬਾਵਜੂਦ ਉਸ ਨੂੰ ਮਾਫ਼ ਕਰ ਦਿੱਤਾ ਸੀ?

      17 ਯਿਸੂ ਨੇ ਜਿਸ ਤਰੀਕੇ ਨਾਲ ਪਤਰਸ ਰਸੂਲ ਨੂੰ ਮਾਫ਼ ਕੀਤਾ ਸੀ, ਉਸ ਤੋਂ ਅਸੀਂ ਇਕ ਹੋਰ ਵਧੀਆ ਸਬਕ ਸਿੱਖਦੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪਤਰਸ ਯਿਸੂ ਨਾਲ ਬਹੁਤ ਪਿਆਰ ਕਰਦਾ ਸੀ। ਧਰਤੀ ਤੇ ਯਿਸੂ ਦੀ ਆਖ਼ਰੀ ਰਾਤ 14 ਨੀਸਾਨ ਸੀ। ਉਸ ਰਾਤ ਪਤਰਸ ਨੇ ਯਿਸੂ ਨੂੰ ਕਿਹਾ ਸੀ: “ਪ੍ਰਭੁ ਜੀ ਮੈਂ ਤੇਰੇ ਨਾਲ ਕੈਦ ਵਿੱਚ ਅਤੇ ਮਰਨ ਲਈ ਭੀ ਜਾਣ ਨੂੰ ਤਿਆਰ ਹਾਂ।” ਪਰ ਇਸ ਤੋਂ ਕੁਝ ਹੀ ਘੰਟਿਆਂ ਬਾਅਦ ਉਸ ਨੇ ਇਸ ਗੱਲ ਤੋਂ ਤਿੰਨ ਵਾਰ ਇਨਕਾਰ ਕੀਤਾ ਕਿ ਉਹ ਯਿਸੂ ਨੂੰ ਜਾਣਦਾ ਸੀ! ਬਾਈਬਲ ਸਾਨੂੰ ਦੱਸਦੀ ਹੈ ਕਿ ਤੀਜੀ ਵਾਰ ਇਨਕਾਰ ਕਰਨ ਤੋਂ ਇਕਦਮ ਬਾਅਦ ਕੀ ਹੋਇਆ ਸੀ: “ਤਾਂ ਪ੍ਰਭੁ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ।” ਆਪਣੇ ਪਾਪ ਦਾ ਅਹਿਸਾਸ ਹੋਣ ਕਰਕੇ ਪਤਰਸ “ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ।” ਉਸੇ ਦਿਨ ਜਦ ਯਿਸੂ ਦੀ ਮੌਤ ਹੋ ਗਈ, ਤਾਂ ਪਤਰਸ ਨੇ ਸੋਚਿਆ ਹੋਣਾ, ‘ਕੀ ਮੇਰੇ ਪ੍ਰਭੂ ਨੇ ਮੈਨੂੰ ਮਾਫ਼ ਕਰ ਦਿੱਤਾ ਹੈ?’​—ਲੂਕਾ 22:33, 61, 62.

      18 ਪਤਰਸ ਨੂੰ ਆਪਣੇ ਸਵਾਲ ਦੇ ਜਵਾਬ ਲਈ ਬਹੁਤੀ ਦੇਰ ਉਡੀਕ ਨਹੀਂ ਕਰਨੀ ਪਈ ਸੀ। ਯਿਸੂ 16 ਨੀਸਾਨ ਦੀ ਸਵੇਰ ਨੂੰ ਦੁਬਾਰਾ ਜ਼ਿੰਦਾ ਹੋਇਆ ਸੀ ਅਤੇ ਇਸ ਤਰ੍ਹਾਂ ਜਾਪਦਾ ਹੈ ਕਿ ਉਸੇ ਦਿਨ ਉਸ ਨੇ ਪਤਰਸ ਨੂੰ ਦਰਸ਼ਣ ਦਿੱਤਾ ਸੀ। (ਲੂਕਾ 24:34; 1 ਕੁਰਿੰਥੀਆਂ 15:4-8) ਯਿਸੂ ਨੇ ਪਤਰਸ ਰਸੂਲ ਵੱਲ ਖ਼ਾਸ ਤੌਰ ਤੇ ਇੰਨਾ ਧਿਆਨ ਕਿਉਂ ਦਿੱਤਾ ਸੀ ਜਿਸ ਨੇ ਸਾਰਿਆਂ ਦੇ ਸਾਮ੍ਹਣੇ ਉਸ ਦਾ ਇਨਕਾਰ ਕੀਤਾ ਸੀ? ਯਿਸੂ ਸ਼ਾਇਦ ਪਸ਼ਚਾਤਾਪੀ ਪਤਰਸ ਨੂੰ ਤਸੱਲੀ ਦੇ ਰਿਹਾ ਸੀ ਕਿ ਉਹ ਅਜੇ ਵੀ ਉਸ ਨਾਲ ਪਿਆਰ ਕਰਦਾ ਸੀ ਅਤੇ ਉਸ ਦੀ ਕਦਰ ਕਰਦਾ ਸੀ। ਪਰ ਯਿਸੂ ਨੇ ਪਤਰਸ ਨੂੰ ਭਰੋਸਾ ਦੇਣ ਲਈ ਹੋਰ ਵੀ ਬਹੁਤ ਕੁਝ ਕੀਤਾ ਸੀ।

      19 ਕੁਝ ਸਮੇਂ ਬਾਅਦ ਗਲੀਲ ਦੀ ਝੀਲ ਦੇ ਲਾਗੇ ਯਿਸੂ ਨੇ ਆਪਣੇ ਚੇਲਿਆਂ ਨੂੰ ਦਰਸ਼ਣ ਦਿੱਤਾ। ਇਸ ਸਮੇਂ ਤੇ ਯਿਸੂ ਨੇ ਤਿੰਨ ਵਾਰ ਪਤਰਸ (ਜਿਸ ਨੇ ਆਪਣੇ ਪ੍ਰਭੂ ਦਾ ਤਿੰਨ ਵਾਰ ਇਨਕਾਰ ਕੀਤਾ ਸੀ) ਨੂੰ ਸਵਾਲ ਪੁੱਛਿਆ ਕਿ ਕੀ ਪਤਰਸ ਉਸ ਨਾਲ ਪਿਆਰ ਕਰਦਾ ਸੀ। ਤੀਜੀ ਵਾਰ ਸਵਾਲ ਪੁੱਛੇ ਜਾਣ ਤੋਂ ਬਾਅਦ ਪਤਰਸ ਨੇ ਕਿਹਾ: “ਪ੍ਰਭੁ ਜੀ ਤੂੰ ਤਾਂ ਸਭ ਜਾਣੀ ਜਾਣ ਹੈਂ। ਤੈਨੂੰ ਮਲੂਮ ਹੈ ਜੋ ਮੈਂ ਤੇਰੇ ਨਾਲ ਹਿਤ ਕਰਦਾ ਹਾਂ।” ਇਹ ਸੱਚ ਹੈ ਕਿ ਯਿਸੂ ਦਿਲ ਦੀ ਗੱਲ ਬੁੱਝ ਲੈਂਦਾ ਸੀ ਤੇ ਉਹ ਜਾਣਦਾ ਸੀ ਕਿ ਪਤਰਸ ਉਸ ਨਾਲ ਸੱਚ-ਮੁੱਚ ਪਿਆਰ ਕਰਦਾ ਸੀ। ਪਰ ਉਸ ਨੇ ਪਤਰਸ ਨੂੰ ਦਿਲੋਂ ਇਹ ਕਹਿਣ ਦਾ ਵਾਰ-ਵਾਰ ਮੌਕਾ ਦਿੱਤਾ ਕਿ ਉਹ ਉਸ ਨਾਲ ਪਿਆਰ ਕਰਦਾ ਸੀ। ਇਸ ਤੋਂ ਇਲਾਵਾ ਯਿਸੂ ਨੇ ਪਤਰਸ ਨੂੰ ਉਸ ਦੀਆਂ “ਭੇਡਾਂ” ਨੂੰ ‘ਚਾਰਨ’ ਅਤੇ ਉਨ੍ਹਾਂ ਦੀ ‘ਰੱਛਿਆ’ ਕਰਨ ਦਾ ਕੰਮ ਸੌਂਪਿਆ। (ਯੂਹੰਨਾ 21:15-17) ਇਸ ਤੋਂ ਪਹਿਲਾਂ ਪਤਰਸ ਨੂੰ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। (ਲੂਕਾ 5:10) ਪਰ ਜੀ ਉੱਠਣ ਤੋਂ ਬਾਅਦ ਯਿਸੂ ਨੇ ਇਕ ਵਧੀਆ ਤਰੀਕੇ ਨਾਲ ਦਿਖਾਇਆ ਕਿ ਉਸ ਨੂੰ ਪਤਰਸ ਉੱਤੇ ਭਰੋਸਾ ਸੀ। ਉਸ ਨੇ ਉਸ ਦੀ ਜ਼ਿੰਮੇਵਾਰੀ ਵਧਾ ਦਿੱਤੀ ਅਤੇ ਉਸ ਨੂੰ ਕਿਹਾ ਕਿ ਜੋ ਅਗਾਹਾਂ ਨੂੰ ਯਿਸੂ ਦੇ ਚੇਲੇ ਬਣਨਗੇ, ਉਹ ਉਨ੍ਹਾਂ ਦੀ ਦੇਖ-ਭਾਲ ਕਰੇ। ਇਸ ਤੋਂ ਥੋੜ੍ਹੇ ਹੀ ਸਮੇਂ ਬਾਅਦ ਯਿਸੂ ਨੇ ਪਤਰਸ ਨੂੰ ਦੂਜੇ ਚੇਲਿਆਂ ਨਾਲੋਂ ਜ਼ਿਆਦਾ ਜ਼ਿੰਮੇਵਾਰੀ ਦਿੱਤੀ ਸੀ। (ਰਸੂਲਾਂ ਦੇ ਕਰਤੱਬ 2:1-41) ਪਤਰਸ ਨੂੰ ਇਹ ਜਾਣ ਕੇ ਕਿੰਨੀ ਰਾਹਤ ਮਿਲੀ ਹੋਣੀ ਕਿ ਯਿਸੂ ਨੇ ਉਸ ਨੂੰ ਮਾਫ਼ ਕਰ ਦਿੱਤਾ ਸੀ ਅਤੇ ਉਸ ਨੂੰ ਅਜੇ ਵੀ ਉਸ ਉੱਤੇ ਭਰੋਸਾ ਸੀ!

      ਕੀ ਤੁਸੀਂ ‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣਦੇ ਹੋ’?

      20, 21. ਅਸੀਂ ‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ’ ਕਿਸ ਤਰ੍ਹਾਂ ਜਾਣ ਸਕਦੇ ਹਾਂ?

      20 ਯਹੋਵਾਹ ਦਾ ਬਚਨ ਸਾਨੂੰ ਸੋਹਣੇ ਢੰਗ ਨਾਲ ਯਿਸੂ ਦੇ ਪਿਆਰ ਬਾਰੇ ਦੱਸਦਾ ਹੈ। ਪਰ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ? ਬਾਈਬਲ ਸਾਨੂੰ ਉਤੇਜਿਤ ਕਰਦੀ ਹੈ ਕਿ ਅਸੀਂ ‘ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰ੍ਹਾਂ ਜਾਣੀਏ।’ (ਅਫ਼ਸੀਆਂ 3:19) ਅਸੀਂ ਦੇਖਿਆ ਹੈ ਕਿ ਯਿਸੂ ਦੀ ਜ਼ਿੰਦਗੀ ਅਤੇ ਉਸ ਦੀ ਸੇਵਕਾਈ ਤੋਂ ਅਸੀਂ ਉਸ ਦੇ ਪਿਆਰ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ। ਪਰ ‘ਮਸੀਹ ਦੇ ਪ੍ਰੇਮ ਨੂੰ ਚੰਗੀ ਤਰ੍ਹਾਂ ਜਾਣਨ’ ਦਾ ਮਤਲਬ ਸਿਰਫ਼ ਇਹ ਨਹੀਂ ਕਿ ਬਾਈਬਲ ਵਿੱਚੋਂ ਉਸ ਦੇ ਪਿਆਰ ਬਾਰੇ ਸਿੱਖ ਲੈਣਾ।

      21 ਜਿਸ ਯੂਨਾਨੀ ਸ਼ਬਦ ਦਾ ਤਰਜਮਾ ‘ਜਾਣਨਾ’ ਕੀਤਾ ਗਿਆ ਹੈ ਉਸ ਦਾ ਮਤਲਬ ‘ਤਜਰਬੇ ਰਾਹੀਂ’ ਜਾਣਨਾ ਹੈ। ਜਦ ਅਸੀਂ ਯਿਸੂ ਵਾਂਗ ਸੱਚੇ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਉਹ ਲੋਕਾਂ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ। ਉਹ ਆਪਾ ਵਾਰ ਕੇ ਦੂਸਰਿਆਂ ਦੀ ਮਦਦ ਕਰਦਾ ਸੀ, ਉਹ ਲੋਕਾਂ ਤੇ ਤਰਸ ਖਾ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰਦਾ ਸੀ ਅਤੇ ਉਹ ਦਿਲੋਂ ਮਾਫ਼ ਕਰਦਾ ਸੀ। ਉਸ ਦੀ ਨਕਲ ਕਰ ਕੇ ਸਾਨੂੰ ‘ਮਸੀਹ ਦੇ ਪ੍ਰੇਮ ਨੂੰ ਜੋ ਗਿਆਨ ਤੋਂ ਪਰੇ ਹੈ ਚੰਗੀ ਤਰ੍ਹਾਂ ਜਾਣਨ’ ਦਾ ਤਜਰਬਾ ਹੋਵੇਗਾ। ਅਤੇ ਇਹ ਗੱਲ ਕਦੀ ਨਾ ਭੁੱਲੋ ਕਿ ਅਸੀਂ ਜਿੰਨਾ ਜ਼ਿਆਦਾ ਯਿਸੂ ਵਰਗੇ ਬਣਾਂਗੇ, ਉੱਨਾ ਹੀ ਜ਼ਿਆਦਾ ਅਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਦੇ ਨੇੜੇ ਰਹਾਂਗੇ ਜਿਸ ਦੀ ਯਿਸੂ ਨੇ ਨਕਲ ਕੀਤੀ ਸੀ।

      a ਯਹੂਦੀ ਆਗੂਆਂ ਨੇ ਅਸੂਲ ਬਣਾਏ ਸਨ ਕਿ ਕੋੜ੍ਹੀ ਦੂਜਿਆਂ ਤੋਂ ਦੋ ਕੁ ਮੀਟਰ ਦੂਰ ਹੀ ਰਹੇ। ਪਰ ਜੇ ਹਵਾ ਚੱਲ ਰਹੀ ਹੋਵੇ, ਤਾਂ ਕੋੜ੍ਹੀ ਨੂੰ ਘੱਟੋ-ਘੱਟ 45 ਮੀਟਰ ਦੂਰ ਰਹਿਣਾ ਪੈਂਦਾ ਸੀ। ਯਹੂਦੀਆਂ ਦੀਆਂ ਲਿਖਤਾਂ ਵਿਚ ਇਕ ਧਰਮ-ਸ਼ਾਸਤਰੀ ਬਾਰੇ ਦੱਸਿਆ ਗਿਆ ਹੈ ਜੋ ਕੋੜ੍ਹੀਆਂ ਤੋਂ ਲੁੱਕ ਕੇ ਰਹਿੰਦਾ ਸੀ ਅਤੇ ਇਕ ਹੋਰ ਧਰਮ-ਸ਼ਾਸਤਰੀ ਜੋ ਕੋੜ੍ਹੀਆਂ ਨੂੰ ਆਪਣੇ ਤੋਂ ਦੂਰ ਰੱਖਣ ਲਈ ਉਨ੍ਹਾਂ ਨੂੰ ਪੱਥਰ ਮਾਰਦਾ ਸੀ। ਇਸ ਲਈ ਕੋੜ੍ਹੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹ ਸਮਾਜ ਵਿੱਚੋਂ ਛੇਕੇ ਹੋਏ ਸਨ ਅਤੇ ਲੋਕ ਉਨ੍ਹਾਂ ਨਾਲ ਨਫ਼ਰਤ ਕਰਦੇ ਸਨ।

      b ਬਾਈਬਲ ਦੀਆਂ ਕੁਝ ਪੁਰਾਣੀਆਂ ਹੱਥ-ਲਿਖਤਾਂ ਵਿਚ ਲੂਕਾ 23:34 ਦਾ ਪਹਿਲਾ ਹਿੱਸਾ ਨਹੀਂ ਹੈ। ਪਰ ਇਹ ਸ਼ਬਦ ਬਹੁਤ ਸਾਰੀਆਂ ਭਰੋਸੇਯੋਗ ਹੱਥ-ਲਿਖਤਾਂ ਵਿਚ ਹਨ, ਇਸ ਲਈ ਇਹ ਸ਼ਬਦ ਕਈਆਂ ਬਾਈਬਲਾਂ ਵਿਚ ਪਾਏ ਜਾਂਦੇ ਹਨ। ਸਪੱਸ਼ਟ ਹੈ ਕਿ ਯਿਸੂ ਉਨ੍ਹਾਂ ਰੋਮੀ ਫ਼ੌਜੀਆਂ ਲਈ ਦੁਆ ਕਰ ਰਿਹਾ ਸੀ ਜਿਨ੍ਹਾਂ ਨੇ ਉਸ ਨੂੰ ਸੂਲੀ ਤੇ ਟੰਗਿਆ ਸੀ। ਉਹ ਨਹੀਂ ਜਾਣਦੇ ਸਨ ਕਿ ਉਹ ਕੀ ਕਰ ਰਹੇ ਸਨ ਕਿਉਂਕਿ ਉਹ ਯਿਸੂ ਬਾਰੇ ਸੱਚਾਈ ਨਹੀਂ ਜਾਣਦੇ ਸਨ। ਪਰ ਯਹੂਦੀ ਆਗੂ ਤਾਂ ਸੱਚਾਈ ਜਾਣਦੇ ਸਨ ਅਤੇ ਉਨ੍ਹਾਂ ਨੇ ਉਸ ਨਾਲ ਖਾਰ ਖਾ ਕੇ ਉਸ ਨੂੰ ਮਰਵਾਇਆ ਸੀ। ਯਿਸੂ ਦੀ ਮੌਤ ਦੇ ਜ਼ਿਆਦਾ ਜ਼ਿੰਮੇਵਾਰ ਉਹ ਸਨ। ਉਨ੍ਹਾਂ ਵਿੱਚੋਂ ਕਈਆਂ ਨੂੰ ਮਾਫ਼ੀ ਮਿਲਣੀ ਨਾਮੁਮਕਿਨ ਸੀ।​—ਯੂਹੰਨਾ 11:45-53.

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਮੱਤੀ 9:35-38 ਯਿਸੂ ਨੇ ਕਿਹੜੇ ਖ਼ਾਸ ਤਰੀਕੇ ਨਾਲ ਦਿਖਾਇਆ ਸੀ ਕਿ ਉਸ ਨੂੰ ਲੋਕਾਂ ਤੇ ਤਰਸ ਆਉਂਦਾ ਸੀ ਅਤੇ ਇਸ ਦਾ ਸਾਡੇ ਉੱਤੇ ਕੀ ਪ੍ਰਭਾਵ ਪੈਣਾ ਚਾਹੀਦਾ ਹੈ?

      • ਯੂਹੰਨਾ 13:34, 35 ਯਿਸੂ ਦੇ ਪਿਆਰ ਦੀ ਨਕਲ ਕਰਨੀ ਕਿਉਂ ਜ਼ਰੂਰੀ ਹੈ?

      • ਰੋਮੀਆਂ 15:1-6 ਅਸੀਂ ਯਿਸੂ ਦੀ ਨਿਰਸੁਆਰਥ ਸੋਚ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ?

      • 2 ਕੁਰਿੰਥੀਆਂ 5:14, 15 ਜੇ ਅਸੀਂ ਯਿਸੂ ਦੇ ਬਲੀਦਾਨ ਲਈ ਸੱਚ-ਮੁੱਚ ਸ਼ੁਕਰਗੁਜ਼ਾਰ ਹਾਂ, ਤਾਂ ਸਾਡੀ ਸੋਚਣੀ, ਸਾਡੀ ਜ਼ਿੰਦਗੀ ਤੇ ਸਾਡੇ ਟੀਚਿਆਂ ਤੋਂ ਇਸ ਦਾ ਸਬੂਤ ਕਿਸ ਤਰ੍ਹਾਂ ਮਿਲੇਗਾ?

  • “ਪ੍ਰੇਮ ਨਾਲ ਚੱਲੋ”
    ਯਹੋਵਾਹ ਦੇ ਨੇੜੇ ਰਹੋ
    • ਮਸੀਹੀ ਭੈਣ-ਭਰਾ ਕਲੀਸਿਯਾ ਵਿਚ ਪਿਆਰ ਜ਼ਾਹਰ ਕਰਦੇ ਹੋਏ

      ਤੀਹਵਾਂ ਅਧਿਆਇ

      “ਪ੍ਰੇਮ ਨਾਲ ਚੱਲੋ”

      1-3. ਜਦ ਅਸੀਂ ਪਿਆਰ ਕਰਨ ਵਿਚ ਯਹੋਵਾਹ ਦੀ ਨਕਲ ਕਰਦੇ ਹਾਂ, ਤਾਂ ਨਤੀਜਾ ਕੀ ਨਿਕਲਦਾ ਹੈ?

      “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਯਿਸੂ ਦੇ ਇਹ ਸ਼ਬਦ ਇਸ ਜ਼ਰੂਰੀ ਸੱਚਾਈ ਉੱਤੇ ਜ਼ੋਰ ਦਿੰਦੇ ਹਨ ਕਿ ਪਿਆਰ ਤੋਂ ਲਾਭ ਹੁੰਦੇ ਹਨ। ਭਾਵੇਂ ਪਿਆਰ ਪਾਉਣ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ, ਪਰ ਕਿਸੇ ਨਾਲ ਪਿਆਰ ਕਰਨ ਤੋਂ ਸਾਨੂੰ ਜ਼ਿਆਦਾ ਖ਼ੁਸ਼ੀ ਮਿਲਦੀ ਹੈ।

      2 ਸਾਡੇ ਸਵਰਗੀ ਪਿਤਾ ਤੋਂ ਜ਼ਿਆਦਾ ਹੋਰ ਕੋਈ ਇਸ ਅਸਲੀਅਤ ਬਾਰੇ ਨਹੀਂ ਜਾਣਦਾ। ਇਸ ਕਿਤਾਬ ਦੇ ਇਸ ਹਿੱਸੇ ਵਿਚ ਅਸੀਂ ਦੇਖਿਆ ਹੈ ਕਿ ਯਹੋਵਾਹ ਨੇ ਪਿਆਰ ਦੀ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਉਸ ਤੋਂ ਜ਼ਿਆਦਾ ਸਮੇਂ ਲਈ ਜਾਂ ਜ਼ਿਆਦਾ ਤਰੀਕਿਆਂ ਨਾਲ ਹੋਰ ਕਿਸੇ ਨੇ ਪਿਆਰ ਨਹੀਂ ਕੀਤਾ। ਇਸੇ ਕਰਕੇ ਬਾਈਬਲ ਵਿਚ ਉਸ ਨੂੰ “ਪਰਮਧੰਨ” ਜਾਂ ਖ਼ੁਸ਼ਦਿਲ ਪਰਮੇਸ਼ੁਰ ਸੱਦਿਆ ਗਿਆ ਹੈ।​—1 ਤਿਮੋਥਿਉਸ 1:11.

      3 ਸਾਡਾ ਪਿਆਰਾ ਪਿਤਾ ਚਾਹੁੰਦਾ ਹੈ ਕਿ ਅਸੀਂ ਖ਼ਾਸ ਕਰਕੇ ਪਿਆਰ ਕਰਨ ਦੇ ਮਾਮਲੇ ਵਿਚ ਉਸ ਵਰਗੇ ਬਣੀਏ। ਅਫ਼ਸੀਆਂ 5:1, 2 ਵਿਚ ਸਾਨੂੰ ਦੱਸਿਆ ਗਿਆ ਹੈ: “ਤੁਸੀਂ ਪਿਆਰਿਆਂ ਪੁੱਤ੍ਰਾਂ ਵਾਂਙੁ ਪਰਮੇਸ਼ੁਰ ਦੀ ਰੀਸ ਕਰੋ। ਅਤੇ ਪ੍ਰੇਮ ਨਾਲ ਚੱਲੋ।” ਜਦ ਅਸੀਂ ਪਿਆਰ ਕਰਨ ਵਿਚ ਯਹੋਵਾਹ ਦੀ ਨਕਲ ਕਰਦੇ ਹਾਂ, ਤਾਂ ਸਾਨੂੰ ਉਹ ਖ਼ੁਸ਼ੀ ਹਾਸਲ ਹੁੰਦੀ ਹੈ ਜੋ ਦੇਣ ਨਾਲ ਮਿਲਦੀ ਹੈ। ਇਹ ਜਾਣ ਕੇ ਵੀ ਸਾਨੂੰ ਖ਼ੁਸ਼ੀ ਮਿਲਦੀ ਹੈ ਕਿ ਅਸੀਂ ਯਹੋਵਾਹ ਨੂੰ ਪ੍ਰਸੰਨ ਕਰ ਰਹੇ ਹਾਂ ਕਿਉਂਕਿ ਉਸ ਦੇ ਬਚਨ ਵਿਚ ਸਾਨੂੰ ਕਿਹਾ ਗਿਆ ਹੈ ਕਿ ‘ਇੱਕ ਦੂਏ ਨਾਲ ਪਿਆਰ ਕਰੋ।’ (ਰੋਮੀਆਂ 13:8) ਪਰ ਸਾਡੇ ਕੋਲ ‘ਪ੍ਰੇਮ ਨਾਲ ਚੱਲਣ’ ਦੇ ਹੋਰ ਕਈ ਕਾਰਨ ਹਨ।

      ਪਿਆਰ ਕਰਨਾ ਜ਼ਰੂਰੀ ਕਿਉਂ ਹੈ

      4, 5. ਇਹ ਇੰਨਾ ਜ਼ਰੂਰੀ ਕਿਉਂ ਹੈ ਕਿ ਅਸੀਂ ਆਪਣੇ ਭਾਈ-ਭੈਣਾਂ ਨਾਲ ਪਿਆਰ ਕਰੀਏ?

      4 ਇਹ ਜ਼ਰੂਰੀ ਕਿਉਂ ਹੈ ਕਿ ਅਸੀਂ ਆਪਣੇ ਭੈਣ-ਭਰਾਵਾਂ ਨਾਲ ਪਿਆਰ ਕਰੀਏ? ਸਿੱਧੀ ਤਰ੍ਹਾਂ ਕਿਹਾ ਜਾਵੇ ਤਾਂ ਪਿਆਰ ਮਸੀਹੀਅਤ ਦੀ ਖ਼ਾਸੀਅਤ ਹੈ। ਪਿਆਰ ਤੋਂ ਬਿਨਾਂ ਮਸੀਹੀਆਂ ਵਿਚ ਚੰਗਾ ਰਿਸ਼ਤਾ ਨਹੀਂ ਹੋ ਸਕਦਾ ਅਤੇ ਸਭ ਤੋਂ ਜ਼ਰੂਰੀ ਗੱਲ ਹੈ ਕਿ ਪਿਆਰ ਤੋਂ ਬਿਨਾਂ ਅਸੀਂ ਯਹੋਵਾਹ ਦੀ ਨਜ਼ਰ ਵਿਚ ਕੁਝ ਵੀ ਨਹੀਂ ਹਾਂ। ਆਓ ਆਪਾਂ ਦੇਖੀਏ ਕਿ ਬਾਈਬਲ ਵਿਚ ਇਨ੍ਹਾਂ ਸੱਚਾਈਆਂ ਉੱਤੇ ਕਿਸ ਤਰ੍ਹਾਂ ਜ਼ੋਰ ਦਿੱਤਾ ਜਾਂਦਾ ਹੈ।

      5 ਧਰਤੀ ਤੇ ਆਪਣੀ ਜ਼ਿੰਦਗੀ ਦੀ ਆਖ਼ਰੀ ਸ਼ਾਮ ਨੂੰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਮੈਂ ਤੁਹਾਨੂੰ ਨਵਾਂ ਹੁਕਮ ਦਿੰਦਾ ਹਾਂ ਕਿ ਇੱਕ ਦੂਏ ਨੂੰ ਪਿਆਰ ਕਰੋ ਅਰਥਾਤ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਤਿਵੇਂ ਤੁਸੀਂ ਇੱਕ ਦੂਏ ਨੂੰ ਪਿਆਰ ਕਰੋ। ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਭਈ ਤੁਸੀਂ ਮੇਰੇ ਚੇਲੇ ਹੋ।” (ਯੂਹੰਨਾ 13:34, 35) “ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ”​—ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਸਾਨੂੰ ਉਸ ਤਰ੍ਹਾਂ ਪਿਆਰ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਯਿਸੂ ਨੇ ਕੀਤਾ ਸੀ। ਇਸ ਕਿਤਾਬ ਦੇ ਪਿੱਛਲੇ ਅਧਿਆਇ ਵਿਚ ਅਸੀਂ ਦੇਖਿਆ ਸੀ ਕਿ ਯਿਸੂ ਨੂੰ ਆਪਣੇ ਤੋਂ ਜ਼ਿਆਦਾ ਦੂਜਿਆਂ ਦੀ ਚਿੰਤਾ ਹੁੰਦੀ ਸੀ। ਉਸ ਨੇ ਆਪਾ ਵਾਰਨ ਦੀ ਵਧੀਆ ਮਿਸਾਲ ਕਾਇਮ ਕੀਤੀ ਸੀ। ਸਾਨੂੰ ਵੀ ਉਸ ਵਾਂਗ ਪਿਆਰ ਕਰਨਾ ਚਾਹੀਦਾ ਹੈ ਅਤੇ ਇਹ ਪਿਆਰ ਦੁਨੀਆਂ ਦੇ ਲੋਕਾਂ ਨੂੰ ਵੀ ਨਜ਼ਰ ਆਉਣਾ ਚਾਹੀਦਾ ਹੈ। ਯਕੀਨਨ, ਅਜਿਹਾ ਪਿਆਰ ਯਿਸੂ ਦੇ ਸੱਚੇ ਚੇਲਿਆਂ ਦੀ ਨਿਸ਼ਾਨੀ ਹੈ।

      6, 7. (ੳ) ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਹੋਵਾਹ ਦੇ ਬਚਨ ਵਿਚ ਪਿਆਰ ਕਰਨ ਨੂੰ ਬਹੁਤ ਹੀ ਜ਼ਰੂਰੀ ਸਮਝਿਆ ਜਾਂਦਾ ਹੈ? (ਅ) ਪੌਲੁਸ ਦੇ 1 ਕੁਰਿੰਥੀਆਂ 13:4-8 ਵਿਚ ਦਰਜ ਕੀਤੇ ਹੋਏ ਸ਼ਬਦ ਪਿਆਰ ਦੇ ਕਿਹੜੇ ਪਹਿਲੂ ਵੱਲ ਧਿਆਨ ਦਿੰਦੇ ਹਨ?

      6 ਪਰ ਜੇ ਸਾਡੇ ਵਿਚ ਪਿਆਰ ਨਾ ਹੋਵੇ, ਫਿਰ ਕੀ ਹੋ ਸਕਦਾ ਹੈ? ਪੌਲੁਸ ਰਸੂਲ ਨੇ ਜਵਾਬ ਦਿੱਤਾ: “ਜੇ ਮੇਰੇ ਵਿੱਚ ਪ੍ਰੇਮ ਨਾ ਹੋਵੇ ਤਾਂ [ਮੈਂ ] ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲੇ ਛੈਣੇ ਬਣਿਆ ਹਾਂ।” (1 ਕੁਰਿੰਥੀਆਂ 13:1) ਇਕ ਛੈਣਾ ਬਹੁਤ ਉੱਚੀ ਆਵਾਜ਼ ਕਰਦਾ ਹੈ ਜੋ ਕੰਨਾਂ ਨੂੰ ਚੰਗੀ ਨਹੀਂ ਲੱਗਦੀ। ਪਰ ਠਣ-ਠਣ ਕਰਨ ਵਾਲੇ ਪਿੱਤਲ ਬਾਰੇ ਕੀ? ਬਾਈਬਲ ਦੇ ਹੋਰ ਤਰਜਮੇ ਕਹਿੰਦੇ ਹਨ ‘ਟਣ-ਟਣ ਕਰਦਾ ਹੋਇਆ ਟਲ’ ਅਤੇ “ਖੜਕਾ ਕਰਨ ਵਾਲਾ ਪਿੱਤਲ।” ਇਹ ਉਦਾਹਰਣਾਂ ਕਿੰਨੀਆਂ ਸਹੀ ਹਨ! ਜਿਸ ਇਨਸਾਨ ਵਿਚ ਪਿਆਰ ਨਹੀਂ, ਉਹ ਸੰਗੀਤ ਦੇ ਅਜਿਹੇ ਸਾਜ਼ ਵਰਗਾ ਹੁੰਦਾ ਹੈ ਜਿਸ ਤੋਂ ਉੱਚੀ ਤੇ ਬੇਸੁਰੀ ਆਵਾਜ਼ ਆਉਂਦੀ ਹੈ। ਕੋਈ ਵੀ ਬੇਸੁਰੀ ਆਵਾਜ਼ ਸੁਣਨੀ ਪਸੰਦ ਨਹੀਂ ਕਰਦਾ। ਅਜਿਹਾ ਇਨਸਾਨ ਹੋਰਨਾਂ ਨਾਲ ਦੋਸਤੀ ਨਹੀਂ ਕਰ ਸਕਦਾ ਤੇ ਦੂਸਰੇ ਉਸ ਤੋਂ ਦੂਰ-ਦੂਰ ਰਹਿਣਗੇ। ਪੌਲੁਸ ਰਸੂਲ ਨੇ ਅੱਗੇ ਇਹ ਵੀ ਕਿਹਾ: “ਭਾਵੇਂ ਮੈਂ ਪੂਰੀ ਨਿਹਚਾ ਰੱਖਾਂ ਅਜਿਹੀ ਭਈ ਪਹਾੜਾਂ ਨੂੰ ਹਟਾ ਦਿਆਂ ਪਰ ਪ੍ਰੇਮ ਨਾ ਰੱਖਾਂ, ਮੈਂ ਕੁਝ ਵੀ ਨਹੀਂ।” (1 ਕੁਰਿੰਥੀਆਂ 13:2) ਜ਼ਰਾ ਸੋਚੋ ਕਿ ਜੋ ਇਨਸਾਨ ਪਿਆਰ ਨਹੀਂ ਕਰਦਾ, ਉਹ ਭਾਵੇਂ ਜਿੰਨੇ ਮਰਜ਼ੀ ਵੱਡੇ-ਵੱਡੇ ਕੰਮ ਕਰੇ, ਫਿਰ ਵੀ ਉਹ “ਕੁਝ ਵੀ ਨਹੀਂ” ਹੈ! ਕੀ ਇਸ ਤੋਂ ਸਪੱਸ਼ਟ ਨਹੀਂ ਹੁੰਦਾ ਕਿ ਯਹੋਵਾਹ ਦੇ ਬਚਨ ਵਿਚ ਪਿਆਰ ਕਰਨ ਨੂੰ ਬਹੁਤ ਹੀ ਜ਼ਰੂਰੀ ਸਮਝਿਆ ਜਾਂਦਾ ਹੈ?

      7 ਪਰ ਦੂਸਰਿਆਂ ਨਾਲ ਪੇਸ਼ ਆਉਂਦੇ ਹੋਏ ਅਸੀਂ ਇਸ ਗੁਣ ਦਾ ਸਬੂਤ ਕਿਸ ਤਰ੍ਹਾਂ ਦੇ ਸਕਦੇ ਹਾਂ? ਇਸ ਸਵਾਲ ਦਾ ਜਵਾਬ ਦੇਣ ਲਈ ਆਓ ਆਪਾਂ 1 ਕੁਰਿੰਥੀਆਂ 13:4-8 ਵਿਚ ਦਰਜ ਕੀਤੇ ਹੋਏ ਪੌਲੁਸ ਦੇ ਸ਼ਬਦਾਂ ਵੱਲ ਧਿਆਨ ਦੇਈਏ। ਇਨ੍ਹਾਂ ਆਇਤਾਂ ਵਿਚ ਨਾ ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦੀ ਗੱਲ ਕੀਤੀ ਗਈ ਹੈ ਤੇ ਨਾ ਹੀ ਪਰਮੇਸ਼ੁਰ ਲਈ ਸਾਡੇ ਪਿਆਰ ਦੀ ਗੱਲ। ਇਸ ਦੀ ਬਜਾਇ ਪੌਲੁਸ ਨੇ ਦਿਖਾਇਆ ਕਿ ਸਾਨੂੰ ਆਪਸ ਵਿਚ ਇਕ-ਦੂਜੇ ਨਾਲ ਕਿਸ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਉਸ ਨੇ ਸਮਝਾਇਆ ਕਿ ਪਿਆਰ ਕੀ ਹੈ ਤੇ ਕੀ ਨਹੀਂ ਹੈ।

      ਪਿਆਰ ਕੀ ਹੈ?

      8. ਧੀਰਜਵਾਨ ਹੋਣ ਨਾਲ ਸਾਨੂੰ ਆਪਣੇ ਆਪਸੀ ਰਿਸ਼ਤਿਆਂ ਨੂੰ ਬਣਾਈ ਰੱਖਣ ਵਿਚ ਮਦਦ ਕਿਸ ਤਰ੍ਹਾਂ ਮਿਲੇਗੀ?

      8 ‘ਪ੍ਰੇਮ ਧੀਰਜਵਾਨ ਹੈ।’ ਧੀਰਜਵਾਨ ਹੋਣ ਦਾ ਮਤਲਬ ਹੈ ਕਿ ਸਬਰ ਨਾਲ ਇਕ-ਦੂਜੇ ਦੀ ਗੱਲ ਸਹਿੰਦੇ ਰਹਿਣਾ। (ਕੁਲੁੱਸੀਆਂ 3:13) ਕੀ ਸਾਨੂੰ ਧੀਰਜ ਦੀ ਜ਼ਰੂਰਤ ਨਹੀਂ? ਅਸੀਂ ਮੁਕੰਮਲ ਇਨਸਾਨ ਨਹੀਂ ਹਾਂ ਇਸ ਲਈ ਇਹ ਤਾਂ ਹੋਣਾ ਹੀ ਹੈ ਕਿ ਕਦੇ-ਨ-ਕਦੇ ਅਸੀਂ ਆਪਣੇ ਭੈਣਾਂ-ਭਰਾਵਾਂ ਤੋਂ ਖਿੱਝ ਜਾਂਦੇ ਹਾਂ ਜਾਂ ਉਹ ਸਾਡੇ ਤੋਂ ਖਿੱਝ ਜਾਂਦੇ ਹਨ। ਪਰ ਜੇ ਕੋਈ ਸਾਡੇ ਨਾਲ ਕਿਸੇ ਛੋਟੀ-ਮੋਟੀ ਗੱਲ ਤੇ ਝਗੜ ਪੈਂਦਾ ਹੈ, ਤਾਂ ਅਸੀਂ ਧੀਰਜ ਰੱਖ ਕੇ ਗੁੱਸਾ ਪੀਹ ਸਕਦੇ ਹਾਂ ਅਤੇ ਇਸ ਤਰ੍ਹਾਂ ਕਲੀਸਿਯਾ ਦੀ ਸ਼ਾਂਤੀ ਨੂੰ ਖੇਰੂੰ-ਖੇਰੂੰ ਨਹੀਂ ਹੋਣ ਦੇਵਾਂਗੇ।

      9. ਅਸੀਂ ਹੋਰਨਾਂ ਤੇ ਕਿਰਪਾ ਕਿਸ ਤਰ੍ਹਾਂ ਕਰ ਸਕਦੇ ਹਾਂ?

      9 ‘ਪ੍ਰੇਮ ਕਿਰਪਾਲੂ ਹੈ।’ ਕਿਸੇ ਨਾਲ ਪਿਆਰ ਦੇ ਦੋ ਬੋਲ ਬੋਲ ਕੇ ਅਤੇ ਉਸ ਦੀ ਮਦਦ ਕਰ ਕੇ ਅਸੀਂ ਉਸ ਉੱਤੇ ਕਿਰਪਾ ਕਰ ਸਕਦੇ ਹਾਂ। ਪਿਆਰ ਕਰਨ ਵਾਲਾ ਇਨਸਾਨ ਖ਼ਾਸ ਕਰਕੇ ਲੋੜਵੰਦਾਂ ਉੱਤੇ ਇਸ ਤਰ੍ਹਾਂ ਕਿਰਪਾ ਕਰਨ ਦੇ ਮੌਕੇ ਲੱਭਦਾ ਹੈ। ਮਿਸਾਲ ਲਈ ਕਲੀਸਿਯਾ ਵਿਚ ਕੋਈ ਸਿਆਣਾ ਭਾਈ-ਭੈਣ ਇਕੱਲਾ ਮਹਿਸੂਸ ਕਰ ਰਿਹਾ ਹੋਵੇ ਅਤੇ ਉਹ ਚਾਹੇ ਕਿ ਕੋਈ ਆ ਕੇ ਉਸ ਨਾਲ ਗੱਲਬਾਤ ਕਰੇ। ਸਾਡੀ ਕਿਸੇ ਇਕੱਲੀ ਰਹਿੰਦੀ ਭੈਣ ਨੂੰ ਸ਼ਾਇਦ ਮਦਦ ਦੀ ਲੋੜ ਹੋਵੇ। ਜੇ ਕੋਈ ਕਿਸੇ ਬੀਮਾਰੀ ਜਾਂ ਤੰਗੀ ਦਾ ਸਾਮ੍ਹਣਾ ਕਰ ਰਿਹਾ ਹੋਵੇ, ਉਸ ਨੂੰ ਸ਼ਾਇਦ ਇਕ ਵਫ਼ਾਦਾਰ ਮਿੱਤਰ ਦੀ ਸਲਾਹ ਦੀ ਲੋੜ ਹੋ ਸਕਦੀ ਹੈ। (ਕਹਾਉਤਾਂ 12:25; 17:17) ਜਦ ਅਸੀਂ ਇਸ ਤਰ੍ਹਾਂ ਕਿਰਪਾ ਕਰਨ ਵਿਚ ਪਹਿਲ ਕਰਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਸਾਡਾ ਪਿਆਰ ਸੱਚਾ ਹੈ।​—2 ਕੁਰਿੰਥੀਆਂ 8:8.

      10. ਭਾਵੇਂ ਸੱਚ ਬੋਲਣਾ ਮੁਸ਼ਕਲ ਹੁੰਦਾ ਹੈ, ਫਿਰ ਵੀ ਪਿਆਰ ਸਾਨੂੰ ਸੱਚ ਬੋਲਣ ਦੀ ਪ੍ਰੇਰਣਾ ਕਿਸ ਤਰ੍ਹਾਂ ਦਿੰਦਾ ਹੈ?

      10 ‘ਪ੍ਰੇਮ ਸਚਿਆਈ ਨਾਲ ਅਨੰਦ ਹੁੰਦਾ ਹੈ।’ ਬਾਈਬਲ ਦਾ ਇਕ ਹੋਰ ਤਰਜਮਾ ਕਹਿੰਦਾ ਹੈ ਕਿ ‘ਪਿਆਰ ਸਚਾਈ ਤੋਂ ਪ੍ਰਸੰਨ ਹੁੰਦਾ ਹੈ।’ ਅਸੀਂ ਸੱਚ ਨੂੰ ਸੱਚ ਕਹਾਂਗੇ ਅਤੇ ‘ਇਕ ਦੂਜੇ ਨਾਲ ਸੱਚ ਬੋਲਾਂਗੇ।’ (ਜ਼ਕਰਯਾਹ 8:16, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਿਸਾਲ ਲਈ ਜੇ ਸਾਡੇ ਘਰ ਦੇ ਜੀਆਂ ਵਿੱਚੋਂ ਕਿਸੇ ਨੇ ਕੋਈ ਗੰਭੀਰ ਪਾਪ ਕੀਤਾ ਹੋਵੇ, ਤਾਂ ਉਸ ਲਈ ਅਤੇ ਯਹੋਵਾਹ ਲਈ ਸਾਡਾ ਪਿਆਰ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰੇਗਾ? ਅਸੀਂ ਗੱਲ ਨੂੰ ਲੁਕਾਉਣ ਜਾਂ ਪਾਪ ਕਰਨ ਵਾਲੇ ਲਈ ਬਹਾਨੇ ਬਣਾਉਣ ਦੀ ਬਜਾਇ ਪਰਮੇਸ਼ੁਰ ਦੇ ਮਿਆਰਾਂ ਅਨੁਸਾਰ ਚੱਲ ਕੇ ਸੱਚ ਬੋਲਾਂਗੇ। ਇਹ ਗੱਲ ਸੱਚ ਹੈ ਕਿ ਸਾਡੇ ਵਾਸਤੇ ਸੱਚਾਈ ਕਬੂਲ ਕਰਨੀ ਸ਼ਾਇਦ ਔਖੀ ਹੋਵੇ। ਪਰ ਜੇ ਅਸੀਂ ਆਪਣੇ ਘਰ ਦੇ ਜੀਅ ਦੀ ਭਲਾਈ ਨੂੰ ਮਨ ਵਿਚ ਰੱਖੀਏ, ਤਾਂ ਅਸੀਂ ਚਾਹਾਂਗੇ ਕਿ ਉਸ ਨੂੰ ਬਾਈਬਲ ਰਾਹੀਂ ਪਰਮੇਸ਼ੁਰ ਦੀ ਤਾੜਨਾ ਦੁਆਰਾ ਆਪਣੇ ਆਪ ਨੂੰ ਸੁਧਾਰਨ ਦਾ ਮੌਕਾ ਮਿਲੇ। ਇਸ ਤਰ੍ਹਾਂ ਉਸ ਨੂੰ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਵੀ ਮਿਲੇਗਾ। (ਕਹਾਉਤਾਂ 3:11, 12) ਪਿਆਰ ਕਰਨ ਵਾਲੇ ਮਸੀਹੀਆਂ ਵਜੋਂ “ਅਸੀਂ ਸਾਰੀਆਂ ਗੱਲਾਂ ਵਿੱਚ ਨੇਕੀ ਨਾਲ ਉਮਰ ਬਤੀਤ ਕਰਨੀ ਚਾਹੁੰਦੇ ਹਾਂ।”​—ਇਬਰਾਨੀਆਂ 13:18.

      11. ਇਸ ਲਈ ਕਿ ‘ਪ੍ਰੇਮ ਸਭ ਕੁਝ ਝੱਲ ਲੈਂਦਾ ਹੈ,’ ਸਾਨੂੰ ਆਪਣੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਨਾਲ ਕੀ ਕਰਨਾ ਚਾਹੀਦਾ ਹੈ?

      11 ‘ਪ੍ਰੇਮ ਸਭ ਕੁਝ ਝੱਲ ਲੈਂਦਾ ਹੈ।’ ਇਸ ਦਾ ਅਸਲੀ ਮਤਲਬ ਹੈ ‘ਸਾਰੀਆਂ ਗੱਲਾਂ ਨੂੰ ਢੱਕ ਦੇਣਾ।’ ਪਹਿਲਾ ਪਤਰਸ 4:8 ਵਿਚ ਲਿਖਿਆ ਹੈ: “ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।” ਪਿਆਰ ਕਰਨ ਵਾਲਾ ਮਸੀਹੀ ਆਪਣੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਦਾ ਢਿੰਡੋਰਾ ਪਿੱਟ ਕੇ ਖ਼ੁਸ਼ ਨਹੀਂ ਹੁੰਦਾ। ਕਈ ਵਾਰ ਸਾਡੇ ਭੈਣਾਂ-ਭਰਾਵਾਂ ਦੀਆਂ ਗ਼ਲਤੀਆਂ ਤੇ ਕਮਜ਼ੋਰੀਆਂ ਬਹੁਤੀਆਂ ਵੱਡੀਆਂ ਨਹੀਂ ਹੁੰਦੀਆਂ ਅਤੇ ਅਸੀਂ ਉਨ੍ਹਾਂ ਨੂੰ ਪਿਆਰ ਦੇ ਪਰਦੇ ਨਾਲ ਢੱਕ ਸਕਦੇ ਹਾਂ।​—ਕਹਾਉਤਾਂ 10:12; 17:9.

      ਇਕ ਮਸੀਹੀ ਭਰਾ ਆਪਣੇ ਤੋਂ ਛੋਟੇ ਮਸੀਹੀ ਭਰਾ ’ਤੇ ਭਰੋਸਾ ਜ਼ਾਹਰ ਕਰਦਾ ਹੋਇਆ।

      ਪਿਆਰ ਸਾਨੂੰ ਆਪਣੇ ਭੈਣਾਂ-ਭਰਾਵਾਂ ਉੱਤੇ ਵਿਸ਼ਵਾਸ ਕਰਨ ਲਈ ਪ੍ਰੇਰਿਤ ਕਰਦਾ ਹੈ

      12. ਪੌਲੁਸ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਸ ਨੂੰ ਫਿਲੇਮੋਨ ਉੱਤੇ ਭਰੋਸਾ ਸੀ ਅਤੇ ਅਸੀਂ ਪੌਲੁਸ ਦੀ ਉਦਾਹਰਣ ਤੋਂ ਕੀ ਸਿੱਖ ਸਕਦੇ ਹਾਂ?

      12 ‘ਪ੍ਰੇਮ ਸਭਨਾਂ ਗੱਲਾਂ ਦੀ ਪਰਤੀਤ ਕਰਦਾ ਹੈ।’ ਇਕ ਹੋਰ ਤਰਜਮਾ ਕਹਿੰਦਾ ਹੈ ਕਿ ‘ਪਿਆਰ ਸਭ ਗੱਲਾਂ ਦਾ ਵਿਸ਼ਵਾਸ ਕਰਦਾ ਹੈ।’ ਅਸੀਂ ਬਿਨਾਂ ਵਜ੍ਹਾ ਆਪਣੇ ਭੈਣਾਂ-ਭਰਾਵਾਂ ਜਾਂ ਉਨ੍ਹਾਂ ਦੇ ਇਰਾਦਿਆਂ ਤੇ ਸ਼ੱਕ ਨਹੀਂ ਕਰਾਂਗੇ। ਪਿਆਰ ਸਾਡੀ ਮਦਦ ਕਰਦਾ ਹੈ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਉੱਤੇ ‘ਵਿਸ਼ਵਾਸ ਕਰੀਏ’ ਅਤੇ ਉਨ੍ਹਾਂ ਬਾਰੇ ਚੰਗਾ ਸੋਚੀਏ।a ਫਿਲੇਮੋਨ ਨੂੰ ਲਿਖੀ ਪੌਲੁਸ ਦੀ ਚਿੱਠੀ ਤੋਂ ਅਸੀਂ ਦੇਖ ਸਕਦੇ ਹਾਂ ਕਿ ਪੌਲੁਸ ਨੇ ਇਸ ਤਰ੍ਹਾਂ ਕੀਤਾ ਸੀ। ਉਨੇਸਿਮੁਸ ਫਿਲੇਮੋਨ ਦੇ ਘਰੋਂ ਭੱਜਿਆ ਹੋਇਆ ਇਕ ਨੌਕਰ ਸੀ ਪਰ ਹੁਣ ਉਹ ਮਸੀਹੀ ਬਣ ਗਿਆ ਸੀ। ਪੌਲੁਸ ਨੇ ਫਿਲੇਮੋਨ ਨੂੰ ਲਿਖਿਆ ਕਿ ਉਹ ਉਨੇਸਿਮੁਸ ਨੂੰ ਦੁਬਾਰਾ ਕੰਮ ਤੇ ਰੱਖ ਲਵੇ। ਪੌਲੁਸ ਨੇ ਫਿਲੇਮੋਨ ਨੂੰ ਮਜਬੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ, ਪਰ ਉਸ ਨੇ ਪਿਆਰ ਨਾਲ ਉਸ ਨੂੰ ਬੇਨਤੀ ਕੀਤੀ ਸੀ। ਉਸ ਨੂੰ ਫਿਲੇਮੋਨ ਉੱਤੇ ਵਿਸ਼ਵਾਸ ਸੀ ਕਿ ਉਹ ਸਹੀ ਕਦਮ ਚੁੱਕੇਗਾ, ਇਸ ਲਈ ਉਸ ਨੇ ਕਿਹਾ: “ਤੇਰੀ ਆਗਿਆਕਾਰੀ ਉੱਤੇ ਭਰੋਸਾ ਰਖ ਕੇ ਮੈਂ ਤੈਨੂੰ ਲਿਖਿਆ ਹੈ ਕਿਉਂ ਜੋ ਮੈਂ ਜਾਣਦਾ ਹਾਂ ਭਈ ਜੋ ਕੁਝ ਮੈਂ ਆਖਦਾ ਹਾਂ ਤੂੰ ਉਸ ਤੋਂ ਵਧੀਕ ਕਰੇਂਗਾ।” (21ਵੀਂ ਆਇਤ) ਜਦ ਅਸੀਂ ਪਿਆਰ ਨਾਲ ਆਪਣੇ ਭੈਣਾਂ-ਭਰਾਵਾਂ ਉੱਤੇ ਇਸ ਤਰ੍ਹਾਂ ਵਿਸ਼ਵਾਸ ਕਰਦੇ ਹਾਂ, ਤਾਂ ਉਹ ਨੇਕ ਇਨਸਾਨ ਬਣਨ ਲਈ ਪ੍ਰੇਰਿਤ ਹੁੰਦੇ ਹਨ।

      13. ਅਸੀਂ ਆਪਣੀ ਇਸ ਆਸ ਦਾ ਸਬੂਤ ਕਿਸ ਤਰ੍ਹਾਂ ਦੇ ਸਕਦੇ ਹਾਂ ਕਿ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਭਲਾ ਚਾਹੁੰਦੇ ਹਾਂ?

      13 ‘ਪ੍ਰੇਮ ਸਭਨਾਂ ਗੱਲਾਂ ਦੀ ਆਸ ਰੱਖਦਾ ਹੈ।’ ਪਿਆਰ ਕਰਨ ਵਾਲਾ ਇਨਸਾਨ ਭਰੋਸਾ ਰੱਖਣ ਦੇ ਨਾਲ-ਨਾਲ ਆਸ ਵੀ ਰੱਖਦਾ ਹੈ। ਪਿਆਰ ਤੋਂ ਪ੍ਰੇਰਿਤ ਹੋ ਕੇ ਅਸੀਂ ਆਪਣੇ ਭੈਣਾਂ-ਭਰਾਵਾਂ ਦਾ ਭਲਾ ਚਾਹੁੰਦੇ ਹਾਂ। ਮਿਸਾਲ ਲਈ ਜੇ ਸਾਡਾ ਕੋਈ ਭਰਾ ਅਣਜਾਣੇ ਵਿਚ ਗ਼ਲਤੀ ਕਰ ਬੈਠਦਾ ਹੈ, ਤਾਂ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਜਦ ਪਿਆਰ ਨਾਲ ਉਸ ਦੀ ਮਦਦ ਕੀਤੀ ਜਾਵੇਗੀ, ਤਾਂ ਉਹ ਸੁਧਰ ਜਾਵੇਗਾ। (ਗਲਾਤੀਆਂ 6:1) ਅਸੀਂ ਇਹ ਆਸ ਵੀ ਰੱਖਾਂਗੇ ਕਿ ਸਾਡੇ ਜੋ ਭੈਣ-ਭਰਾ ਸੱਚਾਈ ਵਿਚ ਕਮਜ਼ੋਰ ਹੋ ਗਏ ਹਨ, ਉਹ ਹੋਸ਼ ਵਿਚ ਆ ਜਾਣਗੇ। ਅਸੀਂ ਅਜਿਹੇ ਭੈਣਾਂ-ਭਰਾਵਾਂ ਨਾਲ ਧੀਰਜ ਨਾਲ ਪੇਸ਼ ਆਵਾਂਗੇ ਅਤੇ ਨਿਹਚਾ ਵਿਚ ਫਿਰ ਤੋਂ ਮਜ਼ਬੂਤ ਹੋਣ ਲਈ ਉਨ੍ਹਾਂ ਦੀ ਮਦਦ ਕਰਾਂਗੇ। (ਰੋਮੀਆਂ 15:1; 1 ਥੱਸਲੁਨੀਕੀਆਂ 5:14) ਜੇ ਸਾਡੇ ਘਰ ਦਾ ਕੋਈ ਜੀਅ ਗ਼ਲਤ ਰਾਹ ਪੈ ਵੀ ਜਾਵੇ, ਤਾਂ ਅਸੀਂ ਆਸ ਰੱਖਾਂਗੇ ਕਿ ਉਹ ਕਿਸੇ ਦਿਨ ਯਿਸੂ ਦੇ ਦ੍ਰਿਸ਼ਟਾਂਤ ਦੇ ਉਜਾੜੂ ਪੁੱਤਰ ਵਾਂਗ ਸੁਰਤ ਸੰਭਾਲ ਕੇ ਯਹੋਵਾਹ ਕੋਲ ਵਾਪਸ ਆ ਜਾਵੇਗਾ।​—ਲੂਕਾ 15:17, 18.

      14. ਕਲੀਸਿਯਾ ਵਿਚ ਅਸੀਂ ਕਿਸ ਤਰ੍ਹਾਂ ਅਜ਼ਮਾਏ ਜਾ ਸਕਦੇ ਹਾਂ ਅਤੇ ਪਿਆਰ ਕਰਨ ਕਰਕੇ ਅਸੀਂ ਕੀ ਕਰਾਂਗੇ?

      14 ‘ਪ੍ਰੇਮ ਸਭ ਕੁਝ ਸਹਿ ਲੈਂਦਾ ਹੈ।’ ਸਹਿਣਸ਼ੀਲਤਾ ਰੱਖਣ ਨਾਲ ਅਸੀਂ ਨਿਰਾਸ਼ਾ ਜਾਂ ਮੁਸੀਬਤਾਂ ਦਾ ਕਾਮਯਾਬੀ ਨਾਲ ਸਾਮ੍ਹਣਾ ਕਰ ਸਕਦੇ ਹਾਂ। ਅਜ਼ਮਾਇਸ਼ਾਂ ਸਿਰਫ਼ ਕਲੀਸਿਯਾ ਦੇ ਬਾਹਰੋਂ ਹੀ ਨਹੀਂ ਆਉਂਦੀਆਂ। ਕਈ ਵਾਰ ਕਲੀਸਿਯਾ ਵਿਚ ਹੋਈ ਕਿਸੇ ਗੱਲ ਕਰਕੇ ਵੀ ਅਸੀਂ ਸ਼ਾਇਦ ਅਜ਼ਮਾਏ ਜਾਈਏ। ਅਪੂਰਣ ਹੋਣ ਕਰਕੇ ਕਈ ਵਾਰ ਸਾਡੇ ਭੈਣ-ਭਰਾ ਸਾਨੂੰ ਸ਼ਾਇਦ ਨਿਰਾਸ਼ ਕਰਨ। ਬਿਨਾਂ ਸੋਚੇ-ਸਮਝੇ ਕੋਈ ਕੁਝ ਕਹਿ ਕੇ ਸਾਡੇ ਦਿਲ ਨੂੰ ਠੇਸ ਪਹੁੰਚਾ ਸਕਦਾ ਹੈ। (ਕਹਾਉਤਾਂ 12:18) ਸ਼ਾਇਦ ਕਲੀਸਿਯਾ ਵਿਚ ਕਿਸੇ ਮਾਮਲੇ ਦਾ ਫ਼ੈਸਲਾ ਸਾਡੀ ਪਸੰਦ ਮੁਤਾਬਕ ਨਾ ਕੀਤਾ ਗਿਆ ਹੋਵੇ। ਕਿਸੇ ਜ਼ਿੰਮੇਵਾਰ ਭਰਾ ਦੇ ਚਾਲ-ਚਲਣ ਤੋਂ ਅਸੀਂ ਸ਼ਾਇਦ ਪਰੇਸ਼ਾਨ ਹੋ ਕੇ ਸੋਚੀਏ, ‘ਇਕ ਮਸੀਹੀ ਇਹ ਕਿੱਦਾਂ ਕਰ ਸਕਦਾ?’ ਜਦੋਂ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਕੀ ਅਸੀਂ ਕਲੀਸਿਯਾ ਨੂੰ ਅਤੇ ਯਹੋਵਾਹ ਦੀ ਸੇਵਾ ਕਰਨੀ ਛੱਡ ਦੇਵਾਂਗੇ? ਜੇ ਸਾਡੇ ਵਿਚ ਪਿਆਰ ਹੈ, ਤਾਂ ਅਸੀਂ ਇਸ ਤਰ੍ਹਾਂ ਨਹੀਂ ਕਰਾਂਗੇ! ਜੀ ਹਾਂ, ਅਸੀਂ ਆਪਣੇ ਭੈਣਾਂ-ਭਰਾਵਾਂ ਅਤੇ ਕਲੀਸਿਯਾ ਵਿਚ ਨੁਕਸ ਕੱਢਣ ਦੀ ਬਜਾਇ ਚੰਗੀਆਂ ਗੱਲਾਂ ਦੇਖਾਂਗੇ। ਦਿਲ ਵਿਚ ਪਿਆਰ ਹੋਣ ਕਰਕੇ ਅਸੀਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਰਹਾਂਗੇ ਅਤੇ ਕਲੀਸਿਯਾ ਨੂੰ ਨਹੀਂ ਛੱਡਾਂਗੇ ਭਾਵੇਂ ਕੋਈ ਜੋ ਮਰਜ਼ੀ ਕਹੇ ਜਾਂ ਕਰੇ।​—ਜ਼ਬੂਰਾਂ ਦੀ ਪੋਥੀ 119:165.

      ਪਿਆਰ ਕੀ ਨਹੀਂ ਹੈ?

      15. ਖੁਣਸੀ ਬਣਨ ਦਾ ਕੀ ਮਤਲਬ ਹੈ ਅਤੇ ਦਿਲ ਵਿਚ ਪਿਆਰ ਹੋਣ ਕਰਕੇ ਅਸੀਂ ਇਸ ਮਾਰੂ ਭਾਵਨਾ ਤੋਂ ਦੂਰ ਕਿਸ ਤਰ੍ਹਾਂ ਰਹਿ ਸਕਦੇ ਹਾਂ?

      15 “ਪ੍ਰੇਮ ਖੁਣਸ ਨਹੀਂ ਕਰਦਾ।” ਦੂਸਰਿਆਂ ਦੀਆਂ ਚੀਜ਼ਾਂ, ਜ਼ਿੰਮੇਵਾਰੀਆਂ ਜਾਂ ਕਾਮਯਾਬੀਆਂ ਦੇਖ ਕੇ ਸਾਡੇ ਮਨ ਵਿਚ ਉਨ੍ਹਾਂ ਲਈ ਖੁਣਸ ਪੈਦਾ ਹੋ ਸਕਦੀ ਹੈ। ਖੁਣਸ ਸਾਨੂੰ ਸੁਆਰਥੀ ਬਣਾਉਂਦੀ ਹੈ। ਇਹ ਇੰਨੀ ਮਾਰੂ ਭਾਵਨਾ ਹੈ ਕਿ ਜੇ ਇਸ ਨੂੰ ਰੋਕਿਆ ਨਾ ਜਾਵੇ, ਤਾਂ ਇਹ ਕਲੀਸਿਯਾ ਦੀ ਸ਼ਾਂਤੀ ਭੰਗ ਕਰ ਸਕਦੀ ਹੈ। ਅਸੀਂ ਖੁਣਸੀ ਬਣਨ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ? ਦੂਸਰਿਆਂ ਨਾਲ ਪਿਆਰ ਕਰ ਕੇ। ਸਾਡੇ ਕੋਲ ਸ਼ਾਇਦ ਉਹ ਨਾ ਹੋਵੇ ਜੋ ਦੂਜਿਆਂ ਕੋਲ ਹੈ। ਪਰ ਸਾਡੇ ਦਿਲ ਵਿਚ ਪਿਆਰ ਹੋਣ ਕਰਕੇ ਅਸੀਂ ਦੂਸਰਿਆਂ ਦੀ ਤਰੱਕੀ ਦੇਖ ਕੇ ਖ਼ੁਸ਼ ਹੋਵਾਂਗੇ। (ਰੋਮੀਆਂ 12:15) ਜੇ ਕਿਸੇ ਦੀ ਕਿਸੇ ਗੱਲ ਕਰਕੇ ਤਾਰੀਫ਼ ਕੀਤੀ ਜਾਂਦੀ ਹੈ, ਤਾਂ ਅਸੀਂ ਇਹ ਨਹੀਂ ਸੋਚਾਂਗੇ ਕਿ ਉਸ ਦੀ ਤਾਰੀਫ਼ ਹੋਣ ਕਰਕੇ ਸਾਡੀ ਬੇਇੱਜ਼ਤੀ ਹੋ ਰਹੀ ਹੈ। ਪਿਆਰ ਸਾਨੂੰ ਇਸ ਤਰ੍ਹਾਂ ਸੋਚਣ ਤੋਂ ਰੋਕੇਗਾ।

      16. ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸੱਚ-ਮੁੱਚ ਪਿਆਰ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦੀ ਸੇਵਾ ਵਿਚ ਆਪਣੀ ਕਿਸੇ ਕਾਮਯਾਬੀ ਕਰਕੇ ਸ਼ੇਖ਼ੀ ਕਿਉਂ ਨਹੀਂ ਮਾਰਾਂਗੇ?

      16 “ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂੰ ਫੂੰ ਨਹੀਂ ਕਰਦਾ।” ਜੇ ਸਾਡੇ ਦਿਲ ਵਿਚ ਪਿਆਰ ਹੈ, ਤਾਂ ਅਸੀਂ ਆਪਣੀ ਹੁਸ਼ਿਆਰੀ ਜਾਂ ਕਾਮਯਾਬੀਆਂ ਦੀ ਸ਼ੇਖੀ ਨਹੀਂ ਮਾਰਾਂਗੇ। ਜੇ ਅਸੀਂ ਆਪਣੇ ਭੈਣਾਂ-ਭਰਾਵਾਂ ਨਾਲ ਸੱਚ-ਮੁੱਚ ਪਿਆਰ ਕਰਦੇ ਹਾਂ, ਤਾਂ ਅਸੀਂ ਸੇਵਕਾਈ ਵਿਚ ਆਪਣੀ ਕਿਸੇ ਕਾਮਯਾਬੀ ਦੀਆਂ ਜਾਂ ਕਲੀਸਿਯਾ ਵਿਚ ਕਿਸੇ ਜ਼ਿੰਮੇਵਾਰੀ ਦੀਆਂ ਫੜ੍ਹਾਂ ਕਿਸ ਤਰ੍ਹਾਂ ਮਾਰ ਸਕਦੇ ਹਾਂ? ਇਸ ਤਰ੍ਹਾਂ ਸ਼ੇਖ਼ੀ ਮਾਰਦੇ ਰਹਿਣ ਨਾਲ ਸਾਡੇ ਭੈਣ-ਭਰਾ ਆਪਣਾ ਹੌਸਲਾ ਹਾਰ ਦੇਣਗੇ ਅਤੇ ਉਹ ਆਪਣੀ ਤੁਲਨਾ ਸਾਡੇ ਨਾਲ ਕਰ ਕੇ ਆਪਣੇ ਆਪ ਨੂੰ ਨੀਵੇਂ ਮਹਿਸੂਸ ਕਰਨਗੇ। ਪਰਮੇਸ਼ੁਰ ਦੀ ਸੇਵਾ ਵਿਚ ਅਸੀਂ ਜੋ ਕਰਦੇ ਹਾਂ, ਪਿਆਰ ਸਾਨੂੰ ਉਸ ਬਾਰੇ ਸ਼ੇਖ਼ੀ ਨਹੀਂ ਮਾਰਨ ਦਿੰਦਾ। (1 ਕੁਰਿੰਥੀਆਂ 3:5-9) ਬਾਈਬਲ ਸਾਨੂੰ ਦੱਸਦੀ ਹੈ ਕਿ “ਪ੍ਰੇਮ ਫੂੰ ਫੂੰ ਨਹੀਂ ਕਰਦਾ” ਜਾਂ ਜਿਵੇਂ ਇਕ ਹੋਰ ਤਰਜਮਾ ਕਹਿੰਦਾ ਹੈ ‘ਪਿਆਰ ਆਪਣੀ ਹੀ ਨਹੀਂ ਮਾਰਦਾ ਰਹਿੰਦਾ।’ ਪਿਆਰ ਕਰਨ ਨਾਲ ਅਸੀਂ ਆਪਣੇ ਆਪ ਨੂੰ ਬਹੁਤੇ ਵੱਡੇ ਨਹੀਂ ਸਮਝਾਂਗੇ।​—ਰੋਮੀਆਂ 12:3.

      17. ਪਿਆਰ ਕਰਨ ਵਾਲਾ ਇਨਸਾਨ ਦੂਸਰਿਆਂ ਦਾ ਲਿਹਾਜ਼ ਕਿਸ ਤਰ੍ਹਾਂ ਕਰਦਾ ਹੈ ਅਤੇ ਇਸ ਕਰਕੇ ਅਸੀਂ ਕੀ ਨਹੀਂ ਕਰਾਂਗੇ?

      17 ‘ਪ੍ਰੇਮ ਕੁਚੱਜਿਆਂ ਨਹੀਂ ਕਰਦਾ।’ ਕੁਚੱਜਾ ਇਨਸਾਨ ਬਦਤਮੀਜ਼ ਹੁੰਦਾ ਹੈ। ਇਸ ਤਰ੍ਹਾਂ ਦੇ ਇਨਸਾਨ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਦੂਸਰੇ ਉਸ ਬਾਰੇ ਕੀ ਸੋਚਦੇ ਹਨ ਜਾਂ ਉਸ ਦੀ ਬਦਤਮੀਜ਼ੀ ਦਾ ਉਨ੍ਹਾਂ ਤੇ ਕੀ ਅਸਰ ਪੈਂਦਾ ਹੈ। ਇਸ ਤੋਂ ਉਲਟ ਪਿਆਰ ਕਰਨ ਵਾਲਾ ਇਨਸਾਨ ਦੂਸਰਿਆਂ ਦਾ ਲਿਹਾਜ਼ ਕਰਦਾ ਹੈ। ਪਿਆਰ ਸਾਨੂੰ ਤਮੀਜ਼ ਨਾਲ ਪੇਸ਼ ਆਉਣਾ, ਆਪਣੇ ਭੈਣਾਂ-ਭਰਾਵਾਂ ਦੀ ਇੱਜ਼ਤ ਕਰਨੀ ਅਤੇ ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖਣਾ ਸਿਖਾਉਂਦਾ ਹੈ। ਇਸ ਕਰਕੇ ਪਿਆਰ ਸਾਨੂੰ ‘ਬੇਸ਼ਰਮ’ ਨਹੀਂ ਬਣਨ ਦੇਵੇਗਾ ਅਤੇ ਅਸੀਂ ਕੋਈ ਵੀ ਅਜਿਹਾ ਕੰਮ ਨਹੀਂ ਕਰਾਂਗੇ ਜਿਸ ਤੋਂ ਸਾਡੇ ਭੈਣਾਂ-ਭਰਾਵਾਂ ਨੂੰ ਠੇਸ ਪਹੁੰਚੇਗੀ ਜਾਂ ਜਿਸ ਨੂੰ ਉਹ ਬੁਰਾ ਮੰਨਣਗੇ।​—ਅਫ਼ਸੀਆਂ 5:3, 4.

      18. ਪਿਆਰ ਕਰਨ ਵਾਲਾ ਇਨਸਾਨ ਦੂਸਰਿਆਂ ਨੂੰ ਆਪਣੇ ਹੀ ਖ਼ਿਆਲਾਂ ਅਨੁਸਾਰ ਚੱਲਣ ਲਈ ਮਜਬੂਰ ਕਿਉਂ ਨਹੀਂ ਕਰਦਾ?

      18 ‘ਪ੍ਰੇਮ ਆਪ ਸੁਆਰਥੀ ਨਹੀਂ।’ ਇਕ ਹੋਰ ਤਰਜਮਾ ਕਹਿੰਦਾ ਹੈ: ‘ਪਿਆਰ ਆਪਣੀ ਮਰਜ਼ੀ ਪੂਰੀ ਕਰਨ ਤੇ ਅੜਿਆ ਨਹੀਂ ਰਹਿੰਦਾ।’ ਪਿਆਰ ਕਰਨ ਵਾਲਾ ਇਨਸਾਨ ਦੂਸਰਿਆਂ ਨੂੰ ਮਜਬੂਰ ਨਹੀਂ ਕਰਦਾ ਕਿ ਉਹ ਉਸ ਦੇ ਖ਼ਿਆਲਾਂ ਅਨੁਸਾਰ ਚੱਲਣ ਜਿਵੇਂ ਕਿਤੇ ਸਿਰਫ਼ ਉਸ ਦੇ ਖ਼ਿਆਲ ਹੀ ਸਹੀ ਹੋਣ। ਉਹ ਚਤੁਰਾਈ ਨਾਲ ਦੂਸਰਿਆਂ ਨੂੰ ਕਾਇਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਉਹ ਆਪਣਾ ਮਨ ਬਦਲ ਲੈਣ। ਅਜਿਹੀ ਜ਼ਿੱਦ ਹੰਕਾਰ ਦਾ ਸਬੂਤ ਹੈ ਅਤੇ ਬਾਈਬਲ ਕਹਿੰਦੀ ਹੈ ਕਿ ‘ਨਾਸ ਤੋਂ ਪਹਿਲਾਂ ਹੰਕਾਰ ਹੁੰਦਾ ਹੈ।’ (ਕਹਾਉਤਾਂ 16:18) ਜੇ ਅਸੀਂ ਸੱਚ-ਮੁੱਚ ਆਪਣੇ ਭਾਈ-ਭੈਣ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੇ ਵਿਚਾਰਾਂ ਦੀ ਕਦਰ ਕਰਾਂਗੇ ਅਤੇ ਜਦ ਵੀ ਹੋ ਸਕੇ ਜ਼ਿੱਦ ਕਰਨ ਦੀ ਬਜਾਇ ਉਨ੍ਹਾਂ ਦੀ ਰਾਇ ਮੰਨਾਂਗੇ। ਇਸ ਤਰ੍ਹਾਂ ਕਰਨਾ ਪੌਲੁਸ ਰਸੂਲ ਦੇ ਸ਼ਬਦਾਂ ਅਨੁਸਾਰ ਹੈ: “ਕੋਈ ਆਪਣੇ ਹੀ ਨਹੀਂ ਸਗੋਂ ਦੂਏ ਦੇ ਭਲੇ ਲਈ ਜਤਨ ਕਰੇ।”​—1 ਕੁਰਿੰਥੀਆਂ 10:24.

      19. ਜਦ ਦੂਸਰੇ ਸਾਨੂੰ ਨਾਰਾਜ਼ ਕਰਦੇ ਹਨ, ਤਾਂ ਪਿਆਰ ਸਾਡੀ ਮਦਦ ਕਿਸ ਤਰ੍ਹਾਂ ਕਰਦਾ ਹੈ?

      19 ‘ਪ੍ਰੇਮ ਚਿੜ੍ਹਦਾ ਨਹੀਂ, ਬੁਰਾ ਨਹੀਂ ਮੰਨਦਾ।’ ਪਿਆਰ ਦੂਸਰਿਆਂ ਦੀ ਗੱਲ ਤੋਂ ਜਲਦੀ ਦੇਣੀ ਚਿੜ੍ਹਦਾ ਨਹੀਂ ਹੈ। ਹਾਂ, ਇਹ ਤਾਂ ਕੁਦਰਤੀ ਹੈ ਕਿ ਜੇ ਕੋਈ ਸਾਨੂੰ ਨਾਰਾਜ਼ ਕਰਦਾ ਹੈ, ਤਾਂ ਅਸੀਂ ਦੁਖੀ ਹੁੰਦੇ ਹਾਂ। ਪਰ ਜੇ ਸਾਡੇ ਕੋਲ ਗੁੱਸੇ ਹੋਣ ਦਾ ਕਾਰਨ ਵੀ ਹੈ, ਫਿਰ ਵੀ ਸਾਨੂੰ ਬਹੁਤੀ ਦੇਰ ਗੁੱਸੇ ਨਹੀਂ ਰਹਿਣਾ ਚਾਹੀਦਾ। (ਅਫ਼ਸੀਆਂ 4:26, 27) ਸਾਨੂੰ ਕਿਸੇ ਦੀ ਗੱਲ ਦਾ ਬੁਰਾ ਮੰਨ ਕੇ ਉਸ ਦਾ ਲੇਖਾ ਇਸ ਤਰ੍ਹਾਂ ਨਹੀਂ ਰੱਖਣਾ ਚਾਹੀਦਾ ਜਿਵੇਂ ਕਿਤੇ ਉਹ ਗੱਲ ਪੱਥਰ ਉੱਤੇ ਹਮੇਸ਼ਾ ਲਈ ਲਿਖ ਦਿੱਤੀ ਗਈ ਹੋਵੇ। ਇਸ ਦੀ ਬਜਾਇ ਪਿਆਰ ਕਰ ਕੇ ਅਸੀਂ ਆਪਣੇ ਪਿਆਰੇ ਪਰਮੇਸ਼ੁਰ ਦੀ ਨਕਲ ਕਰਦੇ ਹਾਂ। ਅਸੀਂ ਇਸ ਕਿਤਾਬ ਦੇ 26ਵੇਂ ਅਧਿਆਇ ਵਿਚ ਦੇਖਿਆ ਸੀ ਕਿ ਜਦ ਸਹੀ ਕਾਰਨ ਹੁੰਦਾ ਹੈ, ਤਾਂ ਯਹੋਵਾਹ ਮਾਫ਼ ਕਰ ਦਿੰਦਾ ਹੈ। ਅਤੇ ਜਦ ਉਹ ਮਾਫ਼ ਕਰਦਾ ਹੈ, ਤਾਂ ਉਹ ਭੁੱਲ ਜਾਂਦਾ ਹੈ ਯਾਨੀ ਉਹ ਉਸ ਮਾਫ਼ ਕੀਤੇ ਪਾਪ ਨੂੰ ਭਵਿੱਖ ਵਿਚ ਸਾਡੇ ਖ਼ਿਲਾਫ਼ ਵਰਤਣ ਲਈ ਯਾਦ ਨਹੀਂ ਰੱਖਦਾ। ਕੀ ਅਸੀਂ ਸ਼ੁਕਰਗੁਜ਼ਾਰ ਨਹੀਂ ਹਾਂ ਕਿ ਯਹੋਵਾਹ ਬੁਰਾ ਮਨਾ ਕੇ ਸਾਡੀ ਗ਼ਲਤੀ ਦਾ ਲੇਖਾ ਨਹੀਂ ਰੱਖਦਾ?

      20. ਜਦ ਸਾਡਾ ਕੋਈ ਭੈਣ-ਭਾਈ ਪਾਪ ਦੇ ਫੰਦੇ ਵਿਚ ਪੈ ਕੇ ਦੁੱਖ ਭੋਗਦਾ ਹੈ, ਤਾਂ ਸਾਨੂੰ ਕਿਸ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ?

      20 ‘ਪ੍ਰੇਮ ਕੁਧਰਮ ਤੋਂ ਅਨੰਦ ਨਹੀਂ ਹੁੰਦਾ।’ ਹੋਰ ਤਰਜਮੇ ਕਹਿੰਦੇ ਹਨ: ‘ਪਿਆਰ ਕਿਸੇ ਦੇ ਦੁੱਖ ਤੇ ਖ਼ੁਸ਼ੀਆਂ ਨਹੀਂ ਮਨਾਉਂਦਾ’ ਅਤੇ ‘ਪਿਆਰ ਕਿਸੇ ਦੇ ਗ਼ਲਤ ਰਾਹ ਪੈਣ ਤੇ ਖ਼ੁਸ਼ੀ ਨਾਲ ਕੱਛਾਂ ਨਹੀਂ ਵਜਾਉਂਦਾ ਫਿਰਦਾ।’ ਪਿਆਰ ਕਰਨ ਵਾਲੇ ਇਨਸਾਨ ਨੂੰ ਕੁਧਰਮ ਤੋਂ ਆਨੰਦ ਨਹੀਂ ਮਿਲਦਾ, ਇਸ ਲਈ ਅਸੀਂ ਕਿਸੇ ਕਿਸਮ ਦੀ ਅਨੈਤਿਕਤਾ ਨੂੰ ਕੋਈ ਮਾਮੂਲੀ ਗੱਲ ਨਹੀਂ ਸਮਝਦੇ। ਜੇ ਸਾਡਾ ਕੋਈ ਭੈਣ-ਭਾਈ ਪਾਪ ਦੇ ਫੰਦੇ ਵਿਚ ਪੈ ਕੇ ਦੁੱਖ ਭੋਗ ਰਿਹਾ ਹੈ, ਤਾਂ ਅਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹਾਂ? ਜੇ ਅਸੀਂ ਉਸ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਇਸ ਤਰ੍ਹਾਂ ਨਹੀਂ ਕਹਾਂਗੇ, ‘ਚੰਗਾ ਹੋਇਆ! ਉਸ ਨਾਲ ਇੱਦਾਂ ਹੀ ਹੋਣਾ ਚਾਹੀਦਾ ਸੀ!’ (ਕਹਾਉਤਾਂ 17:5) ਪਰ ਜਦ ਸਾਡਾ ਕੋਈ ਭੈਣ-ਭਾਈ ਗ਼ਲਤੀ ਕਰਨ ਤੋਂ ਬਾਅਦ ਸਹੀ ਰਾਹ ਤੇ ਵਾਪਸ ਆਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਜ਼ਰੂਰ ਖ਼ੁਸ਼ ਹੁੰਦੇ ਹਾਂ।

      “ਇੱਕ ਬਹੁਤ ਹੀ ਸਰੇਸ਼ਟ ਮਾਰਗ”

      21-23. (ੳ) ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ ਕਿ “ਪ੍ਰੇਮ ਕਦੇ ਟਲਦਾ ਨਹੀਂ”? (ਅ) ਇਸ ਕਿਤਾਬ ਦੇ ਆਖ਼ਰੀ ਅਧਿਆਇ ਵਿਚ ਅਸੀਂ ਕਿਸ ਸਵਾਲ ਉੱਤੇ ਚਰਚਾ ਕਰਾਂਗੇ?

      21 “ਪ੍ਰੇਮ ਕਦੇ ਟਲਦਾ ਨਹੀਂ।” ਇਨ੍ਹਾਂ ਸ਼ਬਦਾਂ ਦੁਆਰਾ ਪੌਲੁਸ ਦੇ ਕਹਿਣ ਦਾ ਕੀ ਮਤਲਬ ਸੀ? ਉਸ ਦੀ ਪੂਰੀ ਚਿੱਠੀ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਹ ਪਹਿਲੀ ਸਦੀ ਦੇ ਮਸੀਹੀਆਂ ਨੂੰ ਮਿਲੀਆਂ ਕਰਾਮਾਤੀ ਦਾਤਾਂ ਦੀ ਗੱਲ ਕਰ ਰਿਹਾ ਸੀ। ਉਹ ਦਾਤਾਂ ਨਵੀਂ ਬਣੀ ਕਲੀਸਿਯਾ ਉੱਤੇ ਪਰਮੇਸ਼ੁਰ ਦੀ ਮਿਹਰ ਦੀਆਂ ਨਿਸ਼ਾਨੀਆਂ ਸਨ। ਪਰ ਸਾਰੇ ਮਸੀਹੀ ਬੀਮਾਰਾਂ ਨੂੰ ਚੰਗਾ ਨਹੀਂ ਕਰ ਸਕਦੇ ਸਨ, ਨਾ ਹੀ ਸਾਰੇ ਭਵਿੱਖਬਾਣੀ ਕਰ ਸਕਦੇ ਸਨ ਜਾਂ ਹੋਰ ਬੋਲੀਆਂ ਬੋਲ ਸਕਦੇ ਸਨ। ਪਰ ਉਨ੍ਹਾਂ ਲਈ ਇਹ ਬਹੁਤੀ ਵੱਡੀ ਗੱਲ ਨਹੀਂ ਸੀ ਕਿਉਂਕਿ ਇਨ੍ਹਾਂ ਕਰਾਮਾਤੀ ਦਾਤਾਂ ਨੇ ਹਮੇਸ਼ਾ ਨਹੀਂ ਰਹਿਣਾ ਸੀ। ਪਰ ਇਕ ਦਾਤ ਨੇ ਹਮੇਸ਼ਾ ਰਹਿਣਾ ਸੀ ਅਤੇ ਉਹ ਸਾਰਿਆਂ ਮਸੀਹੀਆਂ ਨੂੰ ਮਿਲ ਸਕਦੀ ਸੀ। ਉਹ ਹੋਰ ਕਿਸੇ ਵੀ ਕਰਾਮਾਤੀ ਦਾਤ ਨਾਲੋਂ ਵਧੀਆ ਤੇ ਜ਼ਿਆਦਾ ਦੇਰ ਰਹਿਣ ਵਾਲੀ ਚੀਜ਼ ਸੀ। ਦਰਅਸਲ ਪੌਲੁਸ ਨੇ ਉਸ ਨੂੰ “ਇੱਕ ਬਹੁਤ ਹੀ ਸਰੇਸ਼ਟ ਮਾਰਗ” ਸੱਦਿਆ ਸੀ। (1 ਕੁਰਿੰਥੀਆਂ 12:31) ਇਹ “ਸਰੇਸ਼ਟ ਮਾਰਗ” ਕੀ ਹੈ? ਇਹ ਪਿਆਰ ਦਾ ਮਾਰਗ ਹੈ।

      ਯਹੋਵਾਹ ਦੇ ਲੋਕਾਂ ਦੀ ਨਿਸ਼ਾਨੀ ਹੈ ਕਿ ਉਹ ਆਪਸ ਵਿਚ ਇਕ-ਦੂਜੇ ਨਾਲ ਪਿਆਰ ਕਰਦੇ ਹਨ

      22 ਜੀ ਹਾਂ, ਜਿਸ ਪ੍ਰੇਮ ਦੀ ਪੌਲੁਸ ਗੱਲ ਕਰ ਰਿਹਾ ਸੀ ਉਹ “ਕਦੇ ਟਲਦਾ ਨਹੀਂ” ਯਾਨੀ ਉਹ ਹਮੇਸ਼ਾ ਲਈ ਰਹੇਗਾ। ਅੱਜ ਵੀ ਇਹ ਪਿਆਰ ਯਿਸੂ ਦੇ ਸੱਚੇ ਚੇਲਿਆਂ ਦੀ ਨਿਸ਼ਾਨੀ ਹੈ। ਕੀ ਅਸੀਂ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਵਿਚ ਅਜਿਹੇ ਪਿਆਰ ਦਾ ਸਬੂਤ ਨਹੀਂ ਦੇਖ ਸਕਦੇ? ਇਹ ਪਿਆਰ ਹਮੇਸ਼ਾ ਰਹੇਗਾ ਕਿਉਂਕਿ ਯਹੋਵਾਹ ਨੇ ਆਪਣੇ ਵਫ਼ਾਦਾਰ ਸੇਵਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ। (ਜ਼ਬੂਰਾਂ ਦੀ ਪੋਥੀ 37:9-11, 29) ਆਓ ਆਪਾਂ ਆਪਣੀ ਪੂਰੀ ਵਾਹ ਲਾ ਕੇ ‘ਪ੍ਰੇਮ ਨਾਲ ਚੱਲੀਏ।’ ਇਸ ਤਰ੍ਹਾਂ ਅਸੀਂ ਉਹ ਖ਼ੁਸ਼ੀ ਹਾਸਲ ਕਰਾਂਗੇ ਜੋ ਦੇਣ ਨਾਲ ਮਿਲਦੀ ਹੈ। ਇਸ ਤੋਂ ਵੀ ਵੱਧ ਅਸੀਂ ਆਪਣੇ ਪਿਆਰੇ ਪਿਤਾ ਯਹੋਵਾਹ ਪਰਮੇਸ਼ੁਰ ਦੀ ਨਕਲ ਕਰ ਕੇ ਹਮੇਸ਼ਾ ਲਈ ਜੀ ਕੇ ਦੂਜਿਆਂ ਨਾਲ ਹਮੇਸ਼ਾ ਲਈ ਪਿਆਰ ਕਰ ਸਕਾਂਗੇ।

      23 ਪਿਆਰ ਦੀ ਚਰਚਾ ਬਾਰੇ ਇਹ ਆਖ਼ਰੀ ਅਧਿਆਇ ਹੈ। ਇਸ ਵਿਚ ਅਸੀਂ ਦੇਖਿਆ ਹੈ ਕਿ ਅਸੀਂ ਇਕ-ਦੂਜੇ ਨਾਲ ਪਿਆਰ ਕਿਸ ਤਰ੍ਹਾਂ ਕਰ ਸਕਦੇ ਹਾਂ। ਅਸੀਂ ਯਹੋਵਾਹ ਦੀ ਸ਼ਕਤੀ, ਉਸ ਦੇ ਇਨਸਾਫ਼, ਉਸ ਦੀ ਬੁੱਧ ਅਤੇ ਖ਼ਾਸ ਕਰਕੇ ਉਸ ਦੇ ਪਿਆਰ ਤੋਂ ਇੰਨਾ ਲਾਭ ਹਾਸਲ ਕਰਦੇ ਹਾਂ ਕਿ ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ‘ਮੈਂ ਯਹੋਵਾਹ ਨੂੰ ਕਿਸ ਤਰ੍ਹਾਂ ਦਿਖਾ ਸਕਦਾ ਹਾਂ ਕਿ ਮੈਂ ਉਸ ਨਾਲ ਪਿਆਰ ਕਰਦਾ ਹਾਂ?” ਇਸ ਕਿਤਾਬ ਦੇ ਆਖ਼ਰੀ ਅਧਿਆਇ ਵਿਚ ਅਸੀਂ ਇਸ ਸਵਾਲ ਉੱਤੇ ਚਰਚਾ ਕਰਾਂਗੇ।

      a ਮਸੀਹੀ ਪਿਆਰ ਦਾ ਇਹ ਮਤਲਬ ਨਹੀਂ ਕਿ ਮਸੀਹੀ ਭੋਲ਼ੇ ਬਣ ਜਾਣ। ਬਾਈਬਲ ਸਾਨੂੰ ਸਾਵਧਾਨ ਕਰਦੀ ਹੈ: “ਤੁਸੀਂ ਓਹਨਾਂ ਦੀ ਤਾੜ ਰੱਖੋ ਜਿਹੜੇ . . . ਫੁੱਟ ਪਾਉਂਦੇ ਅਤੇ ਠੋਕਰ ਖੁਆਉਂਦੇ ਹਨ ਅਤੇ ਓਹਨਾਂ ਤੋਂ ਲਾਂਭੇ ਰਹੋ।”​—ਰੋਮੀਆਂ 16:17.

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • 2 ਕੁਰਿੰਥੀਆਂ 6:11-13 ‘ਖੁਲ੍ਹੇ ਦਿਲ’ ਨਾਲ ਪਿਆਰ ਕਰਨ ਦਾ ਕੀ ਮਤਲਬ ਹੈ ਅਤੇ ਅਸੀਂ ਇਸ ਸਲਾਹ ਨੂੰ ਕਿਸ ਤਰ੍ਹਾਂ ਲਾਗੂ ਕਰ ਸਕਦੇ ਹਾਂ?

      • 1 ਪਤਰਸ 1:22 ਇਹ ਆਇਤ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਸਾਡੇ ਭੈਣਾਂ-ਭਰਾਵਾਂ ਲਈ ਸਾਡਾ ਪਿਆਰ ਸੱਚਾ ਅਤੇ ਗੂੜ੍ਹਾ ਹੋਣਾ ਚਾਹੀਦਾ ਹੈ?

      • 1 ਯੂਹੰਨਾ 3:16-18 ਅਸੀਂ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਸਾਡੇ ਦਿਲ ਵਿਚ “ਪਰਮੇਸ਼ੁਰ ਦਾ ਪ੍ਰੇਮ” ਰਹਿੰਦਾ ਹੈ?

      • 1 ਯੂਹੰਨਾ 4:7-11 ਆਪਣੇ ਭੈਣਾਂ-ਭਰਾਵਾਂ ਨਾਲ ਪਿਆਰ ਕਰਨ ਲਈ ਸਾਡੇ ਕੋਲ ਸਭ ਤੋਂ ਜ਼ੋਰਦਾਰ ਕਾਰਨ ਕੀ ਹੈ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ