ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ‘ਯਹੋਵਾਹ ਬਲ ਵਿੱਚ ਮਹਾਨ ਹੈ’
    ਯਹੋਵਾਹ ਦੇ ਨੇੜੇ ਰਹੋ
    • ਏਲੀਯਾਹ ਯਹੋਵਾਹ ਦੇ ਬੇਜੋੜ ਸ਼ਕਤੀ ਦੇਖਦਾ ਹੈ

      ਚੌਥਾ ਅਧਿਆਇ

      ‘ਯਹੋਵਾਹ ਬਲ ਵਿੱਚ ਮਹਾਨ ਹੈ’

      1, 2. ਏਲੀਯਾਹ ਨੇ ਆਪਣੀ ਜ਼ਿੰਦਗੀ ਦੌਰਾਨ ਕਿਹੜੀਆਂ ਕਰਾਮਾਤਾਂ ਦੇਖੀਆਂ ਸਨ, ਪਰ ਉਸ ਨੇ ਹੋਰੇਬ ਪਹਾੜ ਦੀ ਇਕ ਗੁਫਾ ਵਿੱਚੋਂ ਕਿਹੜੀਆਂ ਕਰਾਮਾਤਾਂ ਦੇਖੀਆਂ ਸਨ?

      ਏਲੀਯਾਹ ਨੇ ਪਹਿਲਾਂ ਵੀ ਬਹੁਤ ਸਾਰੀਆਂ ਕਰਾਮਾਤਾਂ ਦੇਖੀਆਂ ਸਨ। ਜਦ ਉਹ ਦੁਸ਼ਮਣਾਂ ਤੋਂ ਲੁਕਿਆ ਹੋਇਆ ਸੀ, ਤਾਂ ਪਹਾੜੀ ਕਾਂ ਦਿਨ ਵਿਚ ਦੋ ਵਾਰ ਉਸ ਲਈ ਰੋਟੀ ਲਿਆਉਂਦੇ ਸਨ। ਲੰਮੇ ਕਾਲ ਦੌਰਾਨ ਉਸ ਨੇ ਨਾ ਤੇਲ ਨਾ ਆਟਾ ਮੁੱਕਦਾ ਦੇਖਿਆ। ਇਸ ਦੇ ਨਾਲ-ਨਾਲ ਉਸ ਨੇ ਤਾਂ ਆਪਣੀ ਪ੍ਰਾਰਥਨਾ ਦੇ ਜਵਾਬ ਵਿਚ ਅਕਾਸ਼ੋਂ ਅੱਗ ਡਿੱਗਦੀ ਵੀ ਦੇਖੀ ਸੀ। (1 ਰਾਜਿਆਂ 17 ਅਤੇ 18 ਅਧਿਆਇ) ਪਰ ਏਲੀਯਾਹ ਨੇ ਜੋ ਅੱਗੇ ਦੇਖਿਆ ਉਸ ਵਰਗੀ ਘਟਨਾ ਉਸ ਨੇ ਪਹਿਲਾਂ ਕਦੇ ਵੀ ਨਹੀਂ ਦੇਖੀ ਸੀ।

      2 ਜਦ ਉਹ ਹੋਰੇਬ ਪਹਾੜ ਦੀ ਇਕ ਗੁਫਾ ਵਿਚ ਗੁੱਛ-ਮੁੱਛ ਹੋ ਕੇ ਬੈਠਾ ਸੀ, ਤਾਂ ਉਸ ਨੇ ਕਈ ਕਰਾਮਾਤਾਂ ਦੇਖੀਆਂ। ਪਹਿਲਾਂ ਅਨ੍ਹੇਰੀ ਵਗੀ। ਉਹ ਇੰਨੀ ਜ਼ੋਰਦਾਰ ਸੀ ਕਿ ਉਸ ਨੇ ਪਹਾੜ ਪਾੜ ਸੁੱਟੇ ਅਤੇ ਚਟਾਨਾਂ ਨੂੰ ਚੂਰ-ਚੂਰ ਕਰ ਦਿੱਤਾ। ਫਿਰ ਇਕ ਭੁਚਾਲ ਆਇਆ ਜਿਸ ਦੀ ਸ਼ਕਤੀ ਨੇ ਜ਼ਮੀਨ ਨੂੰ ਹਿਲਾ ਕੇ ਰੱਖ ਦਿੱਤਾ। ਫਿਰ ਅੱਗ ਆਈ, ਜਿਸ ਦੇ ਸੇਕ ਨੂੰ ਏਲੀਯਾਹ ਨੇ ਮਹਿਸੂਸ ਕੀਤਾ ਹੋਣਾ।​—1 ਰਾਜਿਆਂ 19:8-12.

      “ਵੇਖੋ, ਯਹੋਵਾਹ ਲੰਘਿਆ”

      3. ਏਲੀਯਾਹ ਨੇ ਪਰਮੇਸ਼ੁਰ ਦੇ ਕਿਹੜੇ ਗੁਣ ਦੀ ਝਲਕ ਦੇਖੀ ਸੀ ਅਤੇ ਅਸੀਂ ਇਸ ਦੀ ਝਲਕ ਕਿੱਥੇ ਦੇਖ ਸਕਦੇ ਹਾਂ?

      3 ਏਲੀਯਾਹ ਦੁਆਰਾ ਦੇਖੀਆਂ ਗਈਆਂ ਇਨ੍ਹਾਂ ਸਾਰੀਆਂ ਵੱਖਰੀਆਂ-ਵੱਖਰੀਆਂ ਕਰਾਮਾਤਾਂ ਵਿਚ ਇਕ ਗੱਲ ਸਾਂਝੀ ਸੀ—ਇਹ ਯਹੋਵਾਹ ਪਰਮੇਸ਼ੁਰ ਦੀ ਵੱਡੀ ਸ਼ਕਤੀ ਦੀ ਝਲਕ ਹੀ ਸਨ। ਵੈਸੇ ਅਸੀਂ ਕੋਈ ਕ੍ਰਿਸ਼ਮਾ ਦੇਖਣ ਤੋਂ ਬਿਨਾਂ ਵੀ ਜਾਣ ਸਕਦੇ ਹਾਂ ਕਿ ਪਰਮੇਸ਼ੁਰ ਸ਼ਕਤੀਸ਼ਾਲੀ ਹੈ। ਉਸ ਦੀ ਸ਼ਕਤੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਬਾਈਬਲ ਸਾਨੂੰ ਦੱਸਦੀ ਹੈ ਕਿ ਅਸੀਂ ਸ੍ਰਿਸ਼ਟੀ ਤੋਂ ਯਹੋਵਾਹ ਦੀ “ਅਨਾਦੀ ਸਮਰੱਥਾ ਅਤੇ ਈਸ਼ੁਰਤਾਈ” ਦੇਖ ਸਕਦੇ ਹਾਂ। (ਰੋਮੀਆਂ 1:20) ਤੂਫ਼ਾਨ ਵਿਚ ਬਿਜਲੀ ਦੀਆਂ ਲਿਸ਼ਕਾਰਾਂ ਅਤੇ ਗਰਜਦੇ ਬੱਦਲ, ਇਕ ਉੱਚੇ ਤੇ ਵੱਡੇ ਝਰਨੇ ਤੋਂ ਡਿੱਗਦਾ ਪਾਣੀ ਅਤੇ ਤਾਰਿਆਂ ਭਰੇ ਆਕਾਸ਼ ਦੀ ਵਿਸ਼ਾਲਤਾ! ਅਸੀਂ ਇਨ੍ਹਾਂ ਚੀਜ਼ਾਂ ਵਿਚ ਪਰਮੇਸ਼ੁਰ ਦੀ ਕਿੰਨੀ ਸ਼ਕਤੀ ਦੇਖਦੇ ਹਾਂ! ਪਰ ਅੱਜ-ਕੱਲ੍ਹ ਜ਼ਿਆਦਾਤਰ ਲੋਕ ਪਰਮੇਸ਼ੁਰ ਦੀ ਸ਼ਕਤੀ ਪਛਾਣਦੇ ਨਹੀਂ ਹਨ। ਜੋ ਪਛਾਣਦੇ ਵੀ ਹਨ ਉਨ੍ਹਾਂ ਵਿੱਚੋਂ ਬਹੁਤ ਘੱਟ ਉਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਪਰ ਪਰਮੇਸ਼ੁਰ ਦੇ ਇਸ ਗੁਣ ਨੂੰ ਸਮਝਣ ਨਾਲ ਯਹੋਵਾਹ ਦੇ ਨੇੜੇ ਹੋਣ ਦੇ ਸਾਨੂੰ ਕਈ ਕਾਰਨ ਮਿਲਦੇ ਹਨ। ਇਸ ਹਿੱਸੇ ਵਿਚ ਅਸੀਂ ਯਹੋਵਾਹ ਦੀ ਬੇਮਿਸਾਲ ਸ਼ਕਤੀ ਦੀ ਡੂੰਘੀ ਸਟੱਡੀ ਕਰਾਂਗੇ।

      ਯਹੋਵਾਹ ਦੀ ਬੇਮਿਸਾਲ ਸ਼ਕਤੀ

      4, 5. (ੳ) ਯਹੋਵਾਹ ਦੇ ਨਾਂ ਦਾ ਉਸ ਦੀ ਸ਼ਕਤੀ ਨਾਲ ਕੀ ਸੰਬੰਧ ਹੈ? (ਅ) ਇਹ ਉਚਿਤ ਕਿਉਂ ਹੈ ਕਿ ਯਹੋਵਾਹ ਨੇ ਇਕ ਬਲਦ ਦੇ ਜ਼ਰੀਏ ਆਪਣੀ ਸ਼ਕਤੀ ਦਰਸਾਈ ਹੈ?

      4 ਯਹੋਵਾਹ ਸ਼ਕਤੀ ਵਿਚ ਬੇਜੋੜ ਹੈ। ਯਿਰਮਿਯਾਹ 10:6 ਵਿਚ ਕਿਹਾ ਗਿਆ ਹੈ: “ਹੇ ਯਹੋਵਾਹ, ਤੇਰੇ ਜੇਹਾ ਕੋਈ ਨਹੀਂ, ਤੂੰ ਵੱਡਾ ਹੈਂ ਅਤੇ ਸ਼ਕਤੀ ਦੇ ਕਾਰਨ ਤੇਰਾ ਨਾਮ ਵੱਡਾ ਹੈ।” ਨੋਟ ਕਰੋ ਕਿ ਯਹੋਵਾਹ ਦੇ ਨਾਂ ਦਾ ਸੰਬੰਧ ਸ਼ਕਤੀ ਨਾਲ ਜੋੜਿਆ ਗਿਆ ਹੈ। ਇਸ ਨਾਂ ਦਾ ਮਤਲਬ ਸਮਝਿਆ ਜਾਂਦਾ ਹੈ “ਉਹ ਕਰਨ ਅਤੇ ਕਰਾਉਣ ਵਾਲਾ ਬਣਦਾ ਹੈ।” ਯਹੋਵਾਹ ਜੋ ਚਾਹੇ ਬਣ ਸਕਦਾ ਹੈ ਅਤੇ ਉਹ ਕੁਝ ਵੀ ਬਣਾ ਸਕਦਾ ਹੈ। ਉਹ ਇਸ ਤਰ੍ਹਾਂ ਕਿਵੇਂ ਕਰਦਾ ਹੈ? ਇਕ ਚੀਜ਼ ਹੈ ਆਪਣੀ ਸ਼ਕਤੀ ਦੇ ਜ਼ਰੀਏ। ਜੀ ਹਾਂ, ਯਹੋਵਾਹ ਕੋਲ ਆਪਣੀ ਮਰਜ਼ੀ ਅਨੁਸਾਰ ਸਭ ਕੁਝ ਕਰਨ ਦੀ ਬੇਅੰਤ ਕਾਬਲੀਅਤ ਹੈ। ਸ਼ਕਤੀ ਉਸ ਦਾ ਇਕ ਮੁੱਖ ਗੁਣ ਹੈ।

      5 ਅਸੀਂ ਯਹੋਵਾਹ ਦੀ ਸ਼ਕਤੀ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ ਇਸ ਲਈ ਉਹ ਉਦਾਹਰਣਾਂ ਦੇ ਕੇ ਸਾਨੂੰ ਸਮਝਾਉਂਦਾ ਹੈ। ਜਿਵੇਂ ਅਸੀਂ ਦੇਖਿਆ ਸੀ, ਉਹ ਆਪਣੀ ਸ਼ਕਤੀ ਬਲਦ ਦੇ ਜ਼ਰੀਏ ਦਰਸਾਉਂਦਾ ਹੈ। (ਹਿਜ਼ਕੀਏਲ 1:4-10) ਬਲਦ ਨੂੰ ਇਸਤੇਮਾਲ ਕਰਨਾ ਉਚਿਤ ਹੈ ਕਿਉਂਕਿ ਉਹ ਵੱਡੇ ਤੇ ਬੜੇ ਤਕੜੇ ਜਾਨਵਰ ਹੁੰਦੇ ਹਨ। ਬਾਈਬਲ ਦੇ ਜ਼ਮਾਨੇ ਵਿਚ ਫਲਸਤੀਨ ਦੇ ਲੋਕਾਂ ਨੇ ਇਸ ਤੋਂ ਤਕੜਾ ਹੋਰ ਕੋਈ ਜਾਨਵਰ ਨਹੀਂ ਦੇਖਿਆ ਸੀ। ਉਨ੍ਹਾਂ ਸਮਿਆਂ ਵਿਚ ਉੱਥੇ ਇਕ ਕਿਸਮ ਦਾ ਜੰਗਲੀ ਬਲਦ ਜਾਂ ਸਾਨ੍ਹ ਵੀ ਹੋਇਆ ਕਰਦਾ ਸੀ ਜੋ ਹੁਣ ਨਹੀਂ ਰਿਹਾ। (ਅੱਯੂਬ 39:9-12) ਰੋਮੀ ਬਾਦਸ਼ਾਹ ਜੂਲੀਅਸ ਸੀਜ਼ਰ ਨੇ ਇਕ ਵਾਰ ਕਿਹਾ ਸੀ ਕਿ ਇਹ ਸਾਨ੍ਹ ਹਾਥੀਆਂ ਜਿੱਡੇ ਸਨ। ਉਸ ਨੇ ਲਿਖਿਆ ਕਿ “ਇਹ ਸਾਨ੍ਹ ਬੜੇ ਤਕੜੇ ਹਨ ਅਤੇ ਬੜੀ ਤੇਜ਼ ਦੌੜਦੇ ਹਨ।” ਜ਼ਰਾ ਸੋਚੋ ਅਸੀਂ ਅਜਿਹੇ ਜਾਨਵਰ ਦੀ ਤੁਲਨਾ ਵਿਚ ਕਿੰਨੇ ਛੋਟੇ ਅਤੇ ਕਮਜ਼ੋਰ ਹਾਂ!

      6. ਸਿਰਫ਼ ਯਹੋਵਾਹ ਨੂੰ ਹੀ “ਸਰਬ ਸ਼ਕਤੀਮਾਨ” ਕਿਉਂ ਸੱਦਿਆ ਗਿਆ ਹੈ?

      6 ਇਸੇ ਤਰ੍ਹਾਂ ਇਨਸਾਨ ਯਹੋਵਾਹ ਪਰਮੇਸ਼ੁਰ ਦੀ ਸ਼ਕਤੀ ਦੀ ਤੁਲਨਾ ਵਿਚ ਛੋਟਾ ਅਤੇ ਕਮਜ਼ੋਰ ਹੈ। ਯਹੋਵਾਹ ਦੀ ਨਜ਼ਰ ਵਿਚ ਵੱਡੀਆਂ-ਵੱਡੀਆਂ ਕੌਮਾਂ ਛਾਬਿਆਂ ਦੀ ਧੂੜ ਜਿਹੀਆਂ ਹਨ। (ਯਸਾਯਾਹ 40:15) ਹੋਰ ਕਿਸੇ ਵੀ ਪ੍ਰਾਣੀ ਤੋਂ ਭਿੰਨ, ਯਹੋਵਾਹ ਦੀ ਸ਼ਕਤੀ ਅਸੀਮ ਹੈ। ਇਸੇ ਕਰਕੇ ਸਿਰਫ਼ ਉਸ ਨੂੰ “ਸਰਬ ਸ਼ਕਤੀਮਾਨ” ਸੱਦਿਆ ਗਿਆ ਹੈ।a (ਪਰਕਾਸ਼ ਦੀ ਪੋਥੀ 15:3) ਯਹੋਵਾਹ ਕੋਲ ‘ਵੱਡੀ ਸ਼ਕਤੀ ਤੇ ਡਾਢਾ ਬਲ ਹੈ।’ (ਯਸਾਯਾਹ 40:26) ਉਹ ਸ਼ਕਤੀ ਦਾ ਅਮੁੱਕ ਸੋਮਾ ਹੈ। ਉਸ ਨੂੰ ਕਿਸੇ ਹੋਰ ਤੋਂ ਸ਼ਕਤੀ ਹਾਸਲ ਕਰਨ ਦੀ ਲੋੜ ਨਹੀਂ ਕਿਉਂਕਿ “ਸਮਰੱਥਾ ਪਰਮੇਸ਼ੁਰ ਦੀ ਹੈ।” (ਜ਼ਬੂਰਾਂ ਦੀ ਪੋਥੀ 62:11) ਪਰ ਯਹੋਵਾਹ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤਦਾ ਹੈ?

      ਯਹੋਵਾਹ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤਦਾ ਹੈ?

      7. ਯਹੋਵਾਹ ਦੀ ਪਵਿੱਤਰ ਆਤਮਾ ਕੀ ਹੈ ਅਤੇ ਬਾਈਬਲ ਵਿਚ ਵਰਤੇ ਗਏ ਸ਼ਬਦਾਂ ਤੋਂ ਕੀ ਪਤਾ ਲੱਗਦਾ ਹੈ?

      7 ਯਹੋਵਾਹ ਦੀ ਪਵਿੱਤਰ ਆਤਮਾ ਕਦੇ ਖ਼ਤਮ ਹੋਣ ਵਾਲੀ ਨਹੀਂ ਹੈ। ਨਿਊ ਵਰਲਡ ਟ੍ਰਾਂਸਲੇਸ਼ਨ ਵਿਚ ਉਤਪਤ 1:2 ਵਿਚ ਪਵਿੱਤਰ ਆਤਮਾ ਨੂੰ “ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ” ਸੱਦਿਆ ਗਿਆ ਹੈ। ਜਿਨ੍ਹਾਂ ਇਬਰਾਨੀ ਤੇ ਯੂਨਾਨੀ ਸ਼ਬਦਾਂ ਦਾ ਤਰਜਮਾ “ਆਤਮਾ” ਕੀਤਾ ਗਿਆ ਹੈ, ਬਾਈਬਲ ਦੀਆਂ ਹੋਰਨਾਂ ਆਇਤਾਂ ਵਿਚ ਉਨ੍ਹਾਂ ਦਾ ਤਰਜਮਾ “ਹਵਾ,” “ਸਾਹ” ਅਤੇ “ਬੁੱਲਾ” ਕੀਤਾ ਗਿਆ ਹੈ। ਕੋਸ਼ਕਾਰਾਂ ਦੇ ਮੁਤਾਬਕ ਮੁਢਲੀਆਂ ਭਾਸ਼ਾਵਾਂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਹ ਅਜਿਹੀ ਕ੍ਰਿਆਸ਼ੀਲ ਸ਼ਕਤੀ ਹੈ ਜੋ ਦੇਖੀ ਨਹੀਂ ਜਾ ਸਕਦੀ। ਹਵਾ ਵਾਂਗ ਪਰਮੇਸ਼ੁਰ ਦੀ ਆਤਮਾ ਨੂੰ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਨਹੀਂ ਸਕਦੇ, ਪਰ ਇਸ ਦੇ ਪ੍ਰਭਾਵ ਦੇਖੇ ਜਾ ਸਕਦੇ ਹਨ।

      8. ਬਾਈਬਲ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਕੀ ਸੱਦਿਆ ਗਿਆ ਹੈ ਅਤੇ ਇਸ ਤਰ੍ਹਾਂ ਕਹਿਣਾ ਢੁਕਵਾਂ ਕਿਉਂ ਹੈ?

      8 ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਨੂੰ ਵੱਖੋ-ਵੱਖਰੇ ਕੰਮ ਕਰਨ ਲਈ ਵਰਤ ਸਕਦਾ ਹੈ। ਉਸ ਦੇ ਜ਼ਰੀਏ ਯਹੋਵਾਹ ਆਪਣੇ ਮਨ ਦਾ ਹਰ ਮਕਸਦ ਪੂਰਾ ਕਰ ਸਕਦਾ ਹੈ। ਇਸੇ ਕਰਕੇ ਬਾਈਬਲ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਨੂੰ ਪਰਮੇਸ਼ੁਰ ਦੀ “ਉਂਗਲ,” ਉਸ ਦਾ “ਬਲਵੰਤ ਹੱਥ” ਜਾਂ ‘ਲੰਮੀ ਬਾਂਹ’ ਸੱਦਿਆ ਗਿਆ ਹੈ। (ਲੂਕਾ 11:20; ਬਿਵਸਥਾ ਸਾਰ 5:15) ਜਿਸ ਤਰ੍ਹਾਂ ਕੋਈ ਬੰਦਾ ਆਪਣੇ ਹੱਥਾਂ ਨਾਲ ਵੱਡੇ-ਵੱਡੇ ਅਤੇ ਬਾਰੀਕੀ ਦੇ ਕੰਮ ਕਰ ਸਕਦਾ ਹੈ, ਉਸੇ ਤਰ੍ਹਾਂ ਪਰਮੇਸ਼ੁਰ ਆਪਣੀ ਪਵਿੱਤਰ ਆਤਮਾ ਨਾਲ ਕੋਈ ਵੀ ਕੰਮ ਨੇਪਰੇ ਚਾੜ੍ਹ ਸਕਦਾ ਹੈ। ਉਦਾਹਰਣ ਵਜੋਂ, ਉਸ ਨੇ ਛੋਟੇ-ਛੋਟੇ ਐਟਮ ਸ੍ਰਿਸ਼ਟ ਕੀਤੇ, ਲਾਲ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਵੰਡਿਆ ਅਤੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਹੋਰ ਬੋਲੀਆਂ ਵਿਚ ਬੋਲਣ ਦੀ ਸ਼ਕਤੀ ਦਿੱਤੀ।

      9. ਯਹੋਵਾਹ ਦਾ ਰਾਜ ਕਰਨ ਦਾ ਅਧਿਕਾਰ ਕਿੰਨਾ ਕੁ ਵਿਸ਼ਾਲ ਹੈ?

      9 ਵਿਸ਼ਵ ਦਾ ਹਾਕਮ ਹੋਣ ਦੇ ਨਾਤੇ ਯਹੋਵਾਹ ਕੋਲ ਵੱਡਾ ਅਧਿਕਾਰ ਵੀ ਹੈ। ਜ਼ਰਾ ਸੋਚੋ, ਜੇ ਤੁਹਾਡੇ ਅਧੀਨ ਲੱਖਾਂ-ਕਰੋੜਾਂ ਲੋਕ ਹੋਣ ਜੋ ਸਾਰੇ ਦੇ ਸਾਰੇ ਤੁਹਾਡੇ ਹੁਕਮ ਮੰਨਣ ਲਈ ਤਿਆਰ ਹਨ, ਤਾਂ ਤੁਹਾਡੇ ਕੋਲ ਕਿੰਨਾ ਅਧਿਕਾਰ ਹੋਵੇਗਾ? ਸ਼ਾਇਦ ਅਸੀਂ ਇਸ ਦੀ ਕਲਪਨਾ ਵੀ ਨਹੀਂ ਕਰ ਸਕਦੇ। ਲੇਕਿਨ, ਯਹੋਵਾਹ ਕੋਲ ਅਜਿਹਾ ਅਧਿਕਾਰ ਹੈ। ਯਹੋਵਾਹ ਦੇ ਇਨਸਾਨੀ ਸੇਵਕ ਹਨ ਜਿਨ੍ਹਾਂ ਦੀ ਤੁਲਨਾ ਵੱਡੇ ਦਲ ਜਾਂ ਸੈਨਾ ਨਾਲ ਕੀਤੀ ਗਈ ਹੈ। (ਜ਼ਬੂਰਾਂ ਦੀ ਪੋਥੀ 68:11; 110:3) ਪਰ ਇਨਸਾਨ ਦੂਤਾਂ ਦੀ ਤੁਲਨਾ ਵਿਚ ਤਾਂ ਕੁਝ ਵੀ ਨਹੀਂ ਹੈ। ਮਿਸਾਲ ਲਈ ਜਦੋਂ ਅੱਸ਼ੂਰੀਆਂ ਦੀ ਫ਼ੌਜ ਨੇ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲਾ ਕੀਤਾ ਸੀ, ਤਾਂ ਇਕ ਦੂਤ ਨੇ ਇੱਕੋ ਰਾਤ ਵਿਚ 1,85,000 ਸਿਪਾਹੀਆਂ ਨੂੰ ਮਾਰ ਛੱਡਿਆ ਸੀ। (2 ਰਾਜਿਆਂ 19:35) ਸੱਚ-ਮੁੱਚ ਪਰਮੇਸ਼ੁਰ ਦੇ ਦੂਤ “ਸ਼ਕਤੀ ਵਿੱਚ ਬਲਵਾਨ” ਹਨ।​—ਜ਼ਬੂਰਾਂ ਦੀ ਪੋਥੀ 103:19, 20.

      10. (ੳ) ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਸੈਨਾਵਾਂ ਦਾ ਯਹੋਵਾਹ ਕਿਉਂ ਸੱਦਿਆ ਗਿਆ ਹੈ? (ਅ) ਯਹੋਵਾਹ ਦੀ ਸਾਰੀ ਸ੍ਰਿਸ਼ਟੀ ਵਿਚ ਸਭ ਤੋਂ ਸ਼ਕਤੀਸ਼ਾਲੀ ਕੌਣ ਹੈ?

      10 ਦੂਤਾਂ ਦੀ ਗਿਣਤੀ ਕਿੰਨੀ ਹੈ? ਦਾਨੀਏਲ ਨਬੀ ਨੇ ਸਵਰਗ ਦਾ ਇਕ ਦਰਸ਼ਣ ਦੇਖਿਆ ਸੀ ਜਿਸ ਵਿਚ ਉਸ ਨੇ ਯਹੋਵਾਹ ਦੇ ਤਖ਼ਤ ਦੇ ਮੋਹਰੇ 10 ਕਰੋੜ ਤੋਂ ਕਿਤੇ ਜ਼ਿਆਦਾ ਦੂਤ ਦੇਖੇ ਸਨ, ਪਰ ਇਸ ਹਵਾਲੇ ਤੋਂ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਦਾ ਕਿ ਇਹ ਦੂਤਾਂ ਦੀ ਪੂਰੀ ਗਿਣਤੀ ਸੀ। (ਦਾਨੀਏਲ 7:10) ਸੋ ਹੋ ਸਕਦਾ ਹੈ ਕਿ 10 ਕਰੋੜ ਦੀ ਬਜਾਇ ਅਰਬਾਂ-ਖਰਬਾਂ ਦੂਤ ਹੋਣ। ਇਸੇ ਕਰਕੇ ਪਰਮੇਸ਼ੁਰ ਨੂੰ ਸੈਨਾਵਾਂ ਦਾ ਯਹੋਵਾਹ ਸੱਦਿਆ ਗਿਆ ਹੈ। ਇਸ ਖ਼ਿਤਾਬ ਤੋਂ ਪਤਾ ਲੱਗਦਾ ਹੈ ਕਿ ਉਹ ਸ਼ਕਤੀਸ਼ਾਲੀ ਦੂਤਾਂ ਦੀ ਵੱਡੀ ਜਥੇਬੰਦ ਸੈਨਾ ਦਾ ਕਮਾਂਡਰ ਹੈ। ਉਸ ਨੇ ਆਪਣੇ ਪਿਆਰੇ ਪੁੱਤਰ ਨੂੰ ਜੋ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ” ਇਨ੍ਹਾਂ ਸਾਰੇ ਦੂਤਾਂ ਦਾ ਪ੍ਰਧਾਨ ਬਣਾਇਆ ਹੈ। (ਕੁਲੁੱਸੀਆਂ 1:15) ਜੀ ਹਾਂ, ਮਹਾਂਦੂਤ ਯਿਸੂ ਬਾਕੀ ਦੇ ਦੂਤਾਂ, ਸਰਾਫ਼ੀਮ ਅਤੇ ਕਰੂਬੀਆਂ ਉੱਤੇ ਪ੍ਰਧਾਨ ਹੈ ਅਤੇ ਉਹ ਯਹੋਵਾਹ ਦੀ ਸਾਰੀ ਸ੍ਰਿਸ਼ਟੀ ਵਿਚ ਸਭ ਤੋਂ ਸ਼ਕਤੀਸ਼ਾਲੀ ਹੈ।

      11, 12. (ੳ) ਪਰਮੇਸ਼ੁਰ ਦਾ ਬਚਨ ਕਿਸ ਅਰਥ ਵਿਚ ਗੁਣਕਾਰ ਹੈ? (ਅ) ਯਿਸੂ ਨੇ ਪਰਮੇਸ਼ੁਰ ਦੀ ਸ਼ਕਤੀ ਦੀ ਵਿਸ਼ਾਲਤਾ ਬਾਰੇ ਕੀ ਕਿਹਾ ਸੀ?

      11 ਯਹੋਵਾਹ ਆਪਣੇ ਬਚਨ ਦੇ ਜ਼ਰੀਏ ਵੀ ਆਪਣੀ ਸ਼ਕਤੀ ਵਰਤਦਾ ਹੈ। ਇਬਰਾਨੀਆਂ 4:12 ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ” ਹੈ। ਕੀ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਚਮਤਕਾਰੀ ਸ਼ਕਤੀ ਦਾ ਕ੍ਰਿਸ਼ਮਾ ਦੇਖਿਆ ਹੈ? ਪਰਮੇਸ਼ੁਰ ਦਾ ਬਚਨ ਉਸ ਦੀ ਆਤਮਾ ਦੁਆਰਾ ਲਿਖਵਾਇਆ ਗਿਆ ਹੈ। ਇਹ ਸਾਨੂੰ ਮਜ਼ਬੂਤ ਬਣਾਉਂਦਾ ਹੈ, ਸਾਡੀ ਨਿਹਚਾ ਨੂੰ ਪੱਕੀ ਕਰਦਾ ਹੈ ਅਤੇ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਆਪਣੀ ਜ਼ਿੰਦਗੀ ਵਿਚ ਵੱਡੀਆਂ-ਵੱਡੀਆਂ ਤਬਦੀਲੀਆਂ ਕਰ ਸਕੀਏ। ਪੌਲੁਸ ਰਸੂਲ ਨੇ ਮਸੀਹੀਆਂ ਨੂੰ ਬਦਚਲਣ ਲੋਕਾਂ ਦੀ ਬੁਰੀ ਸੰਗਤ ਬਾਰੇ ਖ਼ਬਰਦਾਰ ਕਰਨ ਤੋਂ ਬਾਅਦ ਕਿਹਾ: “ਤੁਹਾਡੇ ਵਿੱਚੋਂ ਕਈਕੁ ਏਹੋ ਜੇਹੇ ਸਨ।” (1 ਕੁਰਿੰਥੀਆਂ 6:9-11) ਜੀ ਹਾਂ, ‘ਪਰਮੇਸ਼ੁਰ ਦੇ ਬਚਨ’ ਨੇ ਉਨ੍ਹਾਂ ਦੀ ਜ਼ਿੰਦਗੀ ਉੱਤੇ ਪ੍ਰਭਾਵ ਪਾਇਆ ਅਤੇ ਉਨ੍ਹਾਂ ਨੇ ਤਬਦੀਲੀਆਂ ਕੀਤੀਆਂ ਸਨ।

      12 ਯਹੋਵਾਹ ਦੀ ਸ਼ਕਤੀ ਇੰਨੀ ਵਿਸ਼ਾਲ ਹੈ ਅਤੇ ਉਸ ਨੂੰ ਵਰਤਣ ਦੇ ਤਰੀਕੇ ਇੰਨੇ ਵਧੀਆ ਹਨ ਕਿ ਕੋਈ ਵੀ ਚੀਜ਼ ਉਸ ਦੇ ਰਾਹ ਦਾ ਰੋੜਾ ਨਹੀਂ ਬਣ ਸਕਦੀ। ਯਿਸੂ ਨੇ ਕਿਹਾ: “ਪਰਮੇਸ਼ੁਰ ਤੋਂ ਸੱਭੋ ਕੁਝ ਹੋ ਸੱਕਦਾ ਹੈ।” (ਮੱਤੀ 19:26) ਯਹੋਵਾਹ ਕਿਹੜੇ ਮਕਸਦ ਪੂਰੇ ਕਰਨ ਲਈ ਆਪਣੀ ਸ਼ਕਤੀ ਵਰਤਦਾ ਹੈ?

      ਸ਼ਕਤੀ ਵਰਤਣ ਦੇ ਮਕਸਦ

      13, 14. (ੳ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਸ਼ਕਤੀ ਪਰਮੇਸ਼ੁਰ ਨਹੀਂ ਸਗੋਂ ਪਰਮੇਸ਼ੁਰ ਦਾ ਇਕ ਗੁਣ ਹੈ? (ਅ) ਯਹੋਵਾਹ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤਦਾ ਹੈ?

      13 ਯਹੋਵਾਹ ਸਿਰਫ਼ ਇਕ ਸ਼ਕਤੀ ਹੀ ਨਹੀਂ ਹੈ। ਉਹ ਪਰਮੇਸ਼ੁਰ ਹੈ ਅਤੇ ਸ਼ਕਤੀ ਉਸ ਦਾ ਇਕ ਗੁਣ ਹੈ। ਉਸ ਦੀ ਸ਼ਕਤੀ ਨਾਲੋਂ ਹੋਰ ਕੋਈ ਵੱਡੀ ਤਾਕਤ ਨਹੀਂ ਹੈ ਅਤੇ ਉਹ ਇਸ ਸ਼ਕਤੀ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ। ਪਰ ਯਹੋਵਾਹ ਇਸ ਸ਼ਕਤੀ ਨੂੰ ਕਦੋਂ ਅਤੇ ਕਿਸ ਤਰ੍ਹਾਂ ਵਰਤਦਾ ਹੈ?

      14 ਅਸੀਂ ਦੇਖਾਂਗੇ ਕਿ ਪਰਮੇਸ਼ੁਰ ਆਪਣੀ ਸ਼ਕਤੀ ਨਾਲ ਸ੍ਰਿਸ਼ਟ ਕਰਦਾ, ਨਾਸ਼ ਕਰਦਾ, ਰੱਖਿਆ ਕਰਦਾ ਅਤੇ ਸੁਧਾਰ ਕਰਦਾ ਹੈ। ਕਿਹਾ ਜਾ ਸਕਦਾ ਹੈ ਕਿ ਜੋ ਉਸ ਦਾ ਜੀ ਚਾਹੇ ਉਹ ਆਪਣੀ ਸ਼ਕਤੀ ਦੁਆਰਾ ਕਰ ਸਕਦਾ ਹੈ। (ਯਸਾਯਾਹ 46:10) ਕਈ ਵਾਰ ਯਹੋਵਾਹ ਆਪਣੀ ਸ਼ਖ਼ਸੀਅਤ ਅਤੇ ਆਪਣੇ ਮਿਆਰਾਂ ਬਾਰੇ ਕੋਈ ਜ਼ਰੂਰੀ ਗੱਲ ਪ੍ਰਗਟ ਕਰਨ ਲਈ ਆਪਣੀ ਸ਼ਕਤੀ ਵਰਤਦਾ ਹੈ। ਪਰ ਮੁੱਖ ਤੌਰ ਤੇ ਉਹ ਇਸ ਨੂੰ ਆਪਣਾ ਮਕਸਦ ਪੂਰਾ ਕਰਨ ਵਾਸਤੇ ਵਰਤਦਾ ਹੈ ਯਾਨੀ ਆਪਣਾ ਰਾਜ ਕਰਨ ਦਾ ਹੱਕ ਜਾਇਜ਼ ਸਾਬਤ ਕਰਨ ਲਈ ਅਤੇ ਮਸੀਹਾਈ ਰਾਜ ਦੁਆਰਾ ਆਪਣੇ ਨਾਂ ਤੇ ਲੱਗਾ ਕਲੰਕ ਮਿਟਾਉਣ ਲਈ। ਇਸ ਮਕਸਦ ਨੂੰ ਕੋਈ ਵੀ ਨਹੀਂ ਰੋਕ ਸਕਦਾ।

      15. ਆਪਣੇ ਸੇਵਕਾਂ ਦੇ ਸੰਬੰਧ ਵਿਚ ਯਹੋਵਾਹ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤਦਾ ਹੈ ਅਤੇ ਏਲੀਯਾਹ ਦੇ ਮਾਮਲੇ ਵਿਚ ਇਹ ਗੱਲ ਕਿਸ ਤਰ੍ਹਾਂ ਸਾਬਤ ਹੋਈ ਸੀ?

      15 ਯਹੋਵਾਹ ਸਾਡੇ ਨਿੱਜੀ ਫ਼ਾਇਦੇ ਲਈ ਵੀ ਆਪਣੀ ਸ਼ਕਤੀ ਵਰਤਦਾ ਹੈ। ਨੋਟ ਕਰੋ ਕਿ 2 ਇਤਹਾਸ 16:9 ਵਿਚ ਕੀ ਲਿਖਿਆ ਹੈ: “ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ ਤਾਂ ਜੋ ਉਹ ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ ਵਿਖਾਵੇ।” ਇਸ ਅਧਿਆਇ ਦੇ ਸ਼ੁਰੂ ਵਿਚ ਏਲੀਯਾਹ ਨਬੀ ਨਾਲ ਵਾਪਰੀ ਘਟਨਾ ਇਕ ਮਿਸਾਲ ਹੈ। ਯਹੋਵਾਹ ਨੇ ਉਸ ਨੂੰ ਆਪਣੀ ਸ਼ਕਤੀ ਦੀ ਇੰਨੀ ਅਸਚਰਜ ਝਲਕ ਕਿਉਂ ਦਿੱਤੀ ਸੀ? ਭੈੜੀ ਰਾਣੀ ਈਜ਼ਬਲ ਨੇ ਏਲੀਯਾਹ ਨੂੰ ਜਾਨੋਂ ਮਾਰਨ ਦੀ ਸਹੁੰ ਖਾਧੀ ਸੀ ਅਤੇ ਨਬੀ ਆਪਣੀ ਜਾਨ ਬਚਾਉਣ ਲਈ ਨੱਠ ਰਿਹਾ ਸੀ। ਉਹ ਇਕੱਲਾ, ਡਰਿਆ ਹੋਇਆ ਤੇ ਨਿਰਾਸ਼ ਮਹਿਸੂਸ ਕਰ ਰਿਹਾ ਸੀ ਤੇ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੀ ਕੀਤੀ-ਕਰਾਈ ਤੇ ਪਾਣੀ ਫਿਰ ਗਿਆ ਸੀ। ਯਹੋਵਾਹ ਨੇ ਪਰੇਸ਼ਾਨ ਏਲੀਯਾਹ ਨੂੰ ਤਸੱਲੀ ਦੇਣ ਲਈ ਆਪਣੀ ਸ਼ਕਤੀ ਦੀ ਝਲਕ ਦਿੱਤੀ। ਅਨ੍ਹੇਰੀ, ਭੁਚਾਲ ਤੇ ਅੱਗ ਨੇ ਏਲੀਯਾਹ ਨੂੰ ਦਿਖਾਇਆ ਕਿ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਖ਼ਸ ਉਸ ਦੇ ਨਾਲ ਸੀ। ਜਦ ਸਰਬਸ਼ਕਤੀਮਾਨ ਪਰਮੇਸ਼ੁਰ ਉਸ ਦੇ ਨਾਲ ਸੀ, ਤਾਂ ਉਸ ਨੂੰ ਈਜ਼ਬਲ ਤੋਂ ਡਰਨ ਦੀ ਕੀ ਲੋੜ ਸੀ?​—1 ਰਾਜਿਆਂ 19:1-12.b

      16. ਸਾਨੂੰ ਯਹੋਵਾਹ ਦੀ ਵੱਡੀ ਸ਼ਕਤੀ ਬਾਰੇ ਸੋਚ ਕੇ ਤਸੱਲੀ ਕਿਉਂ ਮਿਲਦੀ ਹੈ?

      16 ਭਾਵੇਂ ਪਰਮੇਸ਼ੁਰ ਹੁਣ ਕਰਾਮਾਤਾਂ ਨਹੀਂ ਕਰਦਾ, ਫਿਰ ਵੀ ਯਹੋਵਾਹ ਏਲੀਯਾਹ ਦੇ ਸਮੇਂ ਤੋਂ ਹੁਣ ਤਕ ਬਦਲਿਆ ਨਹੀਂ ਹੈ। (1 ਕੁਰਿੰਥੀਆਂ 13:8) ਉਹ ਅੱਜ ਵੀ ਉੱਨੀ ਹੀ ਤੀਬਰਤਾ ਨਾਲ ਉਨ੍ਹਾਂ ਲਈ ਆਪਣੀ ਸ਼ਕਤੀ ਵਰਤਣ ਲਈ ਤਿਆਰ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਇਹ ਸੱਚ ਹੈ ਕਿ ਉਹ ਸਵਰਗ ਵਿਚ ਰਹਿੰਦਾ ਹੈ, ਪਰ ਉਹ ਸਾਡੇ ਤੋਂ ਦੂਰ ਨਹੀਂ ਹੈ। ਉਸ ਦੀ ਸ਼ਕਤੀ ਅਸੀਮ ਹੈ ਜਿਸ ਕਰਕੇ ਦੂਰੀ ਦਾ ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ, ਸਗੋਂ “ਯਹੋਵਾਹ ਉਨ੍ਹਾਂ ਸਭਨਾਂ ਦੇ ਨੇੜੇ ਹੈ ਜਿਹੜੇ ਉਹ ਨੂੰ ਪੁਕਾਰਦੇ ਹਨ।” (ਜ਼ਬੂਰਾਂ ਦੀ ਪੋਥੀ 145:18) ਇਕ ਵਾਰ ਜਦੋਂ ਦਾਨੀਏਲ ਨਬੀ ਨੇ ਯਹੋਵਾਹ ਤੋਂ ਮਦਦ ਮੰਗੀ, ਤਾਂ ਉਸ ਦੀ ਦੁਆ ਖ਼ਤਮ ਹੋਣ ਤੋਂ ਪਹਿਲਾਂ ਹੀ ਇਕ ਦੂਤ ਉਸ ਕੋਲ ਪਹੁੰਚ ਗਿਆ ਸੀ। (ਦਾਨੀਏਲ 9:20-23) ਕੋਈ ਵੀ ਚੀਜ਼ ਯਹੋਵਾਹ ਨੂੰ ਆਪਣੇ ਸੇਵਕਾਂ ਨੂੰ ਮਜ਼ਬੂਤ ਕਰਨ ਅਤੇ ਮਦਦ ਦੇਣ ਤੋਂ ਰੋਕ ਨਹੀਂ ਸਕਦੀ।​—ਜ਼ਬੂਰਾਂ ਦੀ ਪੋਥੀ 118:6.

      ਕੀ ਸਾਨੂੰ ਯਹੋਵਾਹ ਤੋਂ ਡਰਨਾ ਚਾਹੀਦਾ ਹੈ?

      17. ਯਹੋਵਾਹ ਦੀ ਸ਼ਕਤੀ ਸਾਡੇ ਅੰਦਰ ਕਿਹੋ ਜਿਹਾ ਡਰ ਪੈਦਾ ਕਰਦੀ ਹੈ, ਪਰ ਕਿਹੋ ਜਿਹਾ ਡਰ ਨਹੀਂ ਪੈਦਾ ਕਰਦੀ?

      17 ਕੀ ਸਾਨੂੰ ਯਹੋਵਾਹ ਦੀ ਸ਼ਕਤੀ ਕਰਕੇ ਉਸ ਤੋਂ ਡਰਨਾ ਚਾਹੀਦਾ ਹੈ? ਇਸ ਸਵਾਲ ਦਾ ਜਵਾਬ ‘ਹਾਂ’ ਵੀ ਹੈ ਅਤੇ ‘ਨਾ’ ਵੀ ਹੈ। ‘ਹਾਂ’ ਇਸ ਕਰਕੇ ਕਿਉਂਕਿ ਪਰਮੇਸ਼ੁਰ ਦੀ ਸ਼ਕਤੀ ਬਾਰੇ ਸੋਚ ਕੇ ਸਾਡੇ ਦਿਲ ਭੈ ਅਤੇ ਸ਼ਰਧਾ ਨਾਲ ਭਰ ਜਾਂਦੇ ਹਨ, ਜਿਸ ਬਾਰੇ ਅਸੀਂ ਪਿਛਲੇ ਅਧਿਆਇ ਵਿਚ ਪੜ੍ਹਿਆ ਸੀ। ਬਾਈਬਲ ਸਾਨੂੰ ਦੱਸਦੀ ਹੈ ਕਿ ਅਜਿਹਾ ਡਰ “ਬੁੱਧ ਦਾ ਮੂਲ ਹੈ।” (ਜ਼ਬੂਰਾਂ ਦੀ ਪੋਥੀ 111:10) ਪਰ ‘ਨਾ’ ਇਸ ਕਰਕੇ ਕਿਉਂਕਿ ਪਰਮੇਸ਼ੁਰ ਦੀ ਸ਼ਕਤੀ ਉਸ ਨੂੰ ਖ਼ੌਫ਼ਨਾਕ ਤੇ ਭਿਆਨਕ ਨਹੀਂ ਬਣਾਉਂਦੀ ਅਤੇ ਨਾ ਹੀ ਸਾਨੂੰ ਉਸ ਨੂੰ ਦੁਆ ਕਰਨ ਤੋਂ ਰੋਕਦੀ ਹੈ।

      18. (ੳ) ਕਈ ਲੋਕ ਅਧਿਕਾਰ ਰੱਖਣ ਵਾਲਿਆਂ ਉੱਤੇ ਭਰੋਸਾ ਕਿਉਂ ਨਹੀਂ ਕਰਦੇ? (ਅ) ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਦੀ ਸ਼ਕਤੀ ਉਸ ਨੂੰ ਭ੍ਰਿਸ਼ਟ ਨਹੀਂ ਕਰ ਸਕਦੀ?

      18 ਇਤਿਹਾਸ ਨੇ ਸਾਨੂੰ ਵਾਰ-ਵਾਰ ਦਿਖਾਇਆ ਹੈ ਕਿ ਇਨਸਾਨ ਅਕਸਰ ਆਪਣੀ ਸ਼ਕਤੀ ਜਾਂ ਅਧਿਕਾਰ ਦਾ ਗ਼ਲਤ ਇਸਤੇਮਾਲ ਕਰਦੇ ਹਨ। ਇਸ ਤਰ੍ਹਾਂ ਜਾਪਦਾ ਹੈ ਕਿ ਤਾਕਤ ਇਨਸਾਨ ਨੂੰ ਭ੍ਰਿਸ਼ਟ ਕਰ ਦਿੰਦੀ ਹੈ ਅਤੇ ਹਾਕਮਾਂ ਕੋਲ ਜਿੰਨੀ ਜ਼ਿਆਦਾ ਤਾਕਤ ਹੁੰਦੀ ਹੈ ਉਹ ਉੱਨੇ ਹੀ ਜ਼ਿਆਦਾ ਭ੍ਰਿਸ਼ਟ ਹੋ ਜਾਂਦੇ ਹਨ। (ਉਪਦੇਸ਼ਕ ਦੀ ਪੋਥੀ 4:1; 8:9) ਇਸ ਕਰਕੇ ਕਈ ਲੋਕ ਅਧਿਕਾਰ ਰੱਖਣ ਵਾਲਿਆਂ ਉੱਤੇ ਭਰੋਸਾ ਨਹੀਂ ਕਰਦੇ ਅਤੇ ਉਨ੍ਹਾਂ ਤੋਂ ਦੂਰ ਰਹਿੰਦੇ ਹਨ। ਅਸੀਂ ਜਾਣਦੇ ਹਾਂ ਕਿ ਯਹੋਵਾਹ ਕੋਲ ਅਸੀਮਿਤ ਤਾਕਤ ਹੈ। ਕੀ ਇਸ ਤਾਕਤ ਨੇ ਉਸ ਨੂੰ ਕਿਸੇ ਤਰ੍ਹਾਂ ਭ੍ਰਿਸ਼ਟ ਕੀਤਾ ਹੈ? ਬਿਲਕੁਲ ਨਹੀਂ! ਜਿਵੇਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਉਹ ਪਵਿੱਤਰ ਹੈ ਅਤੇ ਉਹ ਭ੍ਰਿਸ਼ਟ ਨਹੀਂ ਹੋ ਸਕਦਾ। ਯਹੋਵਾਹ ਇਸ ਭੈੜੀ ਦੁਨੀਆਂ ਦੇ ਅਪੂਰਣ ਆਦਮੀਆਂ ਅਤੇ ਔਰਤਾਂ ਵਰਗਾ ਨਹੀਂ ਹੈ। ਉਸ ਨੇ ਆਪਣੀ ਸ਼ਕਤੀ ਜਾਂ ਅਧਿਕਾਰ ਨੂੰ ਨਾ ਕਦੇ ਗ਼ਲਤ ਤਰੀਕੇ ਨਾਲ ਵਰਤਿਆ ਹੈ ਅਤੇ ਨਾ ਹੀ ਵਰਤੇਗਾ।

      19, 20. (ੳ) ਯਹੋਵਾਹ ਨੇ ਹਮੇਸ਼ਾ ਆਪਣੀ ਸ਼ਕਤੀ ਕਿਨ੍ਹਾਂ ਹੋਰਨਾਂ ਗੁਣਾਂ ਦੇ ਮੁਤਾਬਕ ਵਰਤੀ ਹੈ ਅਤੇ ਇਹ ਜਾਣ ਕੇ ਸਾਨੂੰ ਤਸੱਲੀ ਕਿਉਂ ਮਿਲਦੀ ਹੈ? (ਅ) ਤੁਸੀਂ ਕਿਸ ਤਰ੍ਹਾਂ ਸਮਝਾਓਗੇ ਕਿ ਯਹੋਵਾਹ ਆਪਣੇ ਆਪ ਉੱਤੇ ਕਾਬੂ ਰੱਖਦਾ ਹੈ ਅਤੇ ਇਹ ਗੱਲ ਤੁਹਾਨੂੰ ਅੱਛੀ ਕਿਉਂ ਲੱਗਦੀ ਹੈ?

      19 ਯਾਦ ਰੱਖੋ ਕਿ ਸ਼ਕਤੀ ਤੋਂ ਇਲਾਵਾ ਯਹੋਵਾਹ ਦੇ ਹੋਰ ਵੀ ਗੁਣ ਹਨ। ਅਸੀਂ ਅਜੇ ਉਸ ਦੇ ਇਨਸਾਫ਼, ਉਸ ਦੀ ਬੁੱਧ ਅਤੇ ਉਸ ਦੇ ਪ੍ਰੇਮ ਬਾਰੇ ਨਹੀਂ ਪੜ੍ਹਿਆ। ਪਰ ਸਾਨੂੰ ਇਸ ਤਰ੍ਹਾਂ ਨਹੀਂ ਸਮਝਣਾ ਚਾਹੀਦਾ ਕਿ ਯਹੋਵਾਹ ਆਪਣੇ ਗੁਣ ਸਿਰਫ਼ ਇਕ-ਇਕ ਕਰ ਕੇ ਹੀ ਵਰਤਦਾ ਹੈ। ਇਸ ਤੋਂ ਉਲਟ ਅਸੀਂ ਅਗਲੇ ਅਧਿਆਵਾਂ ਵਿਚ ਦੇਖਾਂਗੇ ਕਿ ਯਹੋਵਾਹ ਆਪਣੀ ਸ਼ਕਤੀ ਨੂੰ ਹਮੇਸ਼ਾ ਆਪਣੇ ਇਨਸਾਫ਼, ਆਪਣੀ ਬੁੱਧ ਅਤੇ ਆਪਣੇ ਪ੍ਰੇਮ ਮੁਤਾਬਕ ਵਰਤਦਾ ਹੈ। ਯਹੋਵਾਹ ਦੀ ਇਕ ਹੋਰ ਖੂਬੀ ਬਾਰੇ ਸੋਚੋ, ਜੋ ਦੁਨਿਆਵੀ ਹਾਕਮਾਂ ਵਿਚ ਘੱਟ ਹੀ ਦੇਖੀ ਜਾਂਦੀ ਹੈ​—ਉਹ ਆਪਣੇ ਆਪ ਤੇ ਪੂਰਾ ਕੰਟ੍ਰੋਲ ਰੱਖਦਾ ਹੈ।

      20 ਮੰਨ ਲਓ ਕਿ ਤੁਸੀਂ ਇਕ ਹੱਟੇ-ਕੱਟੇ ਆਦਮੀ ਨੂੰ ਮਿਲਦੇ ਹੋ, ਜਿਸ ਨੂੰ ਦੇਖਦਿਆਂ ਹੀ ਤੁਸੀਂ ਡਰ ਜਾਂਦੇ ਹੋ। ਪਰ ਸਮੇਂ ਦੇ ਬੀਤਣ ਨਾਲ ਤੁਸੀਂ ਦੇਖਦੇ ਹੋ ਕਿ ਉਹ ਬੜੀ ਨਰਮਾਈ ਨਾਲ ਪੇਸ਼ ਆਉਂਦਾ ਹੈ। ਉਹ ਹਮੇਸ਼ਾ ਲੋਕਾਂ ਦੀ ਮਦਦ ਅਤੇ ਰੱਖਿਆ ਕਰਨ ਲਈ ਆਪਣੀ ਤਾਕਤ ਵਰਤਣ ਲਈ ਤਿਆਰ ਰਹਿੰਦਾ ਹੈ, ਖ਼ਾਸ ਕਰਕੇ ਬੇਸਹਾਰਾ ਲੋਕਾਂ ਲਈ। ਉਹ ਕਦੇ ਵੀ ਆਪਣੀ ਤਾਕਤ ਗ਼ਲਤ ਤਰੀਕੇ ਨਾਲ ਨਹੀਂ ਵਰਤਦਾ। ਦੂਸਰੇ ਉਸ ਨੂੰ ਬੁਰਾ-ਭਲਾ ਕਹਿ ਕੇ ਬਦਨਾਮ ਕਰਦੇ ਹਨ, ਪਰ ਫਿਰ ਵੀ ਉਹ ਲਾਲ-ਪੀਲਾ ਹੋਣ ਦੀ ਬਜਾਇ ਸ਼ਾਂਤ ਰਹਿੰਦਾ ਹੈ। ਤੁਸੀਂ ਸੋਚਣ ਲੱਗ ਪੈਂਦੇ ਹੋ ਕਿ ‘ਜੇ ਮੈਂ ਉਸ ਵਾਂਗ ਤਾਕਤਵਰ ਹੁੰਦਾ, ਤਾਂ ਕੀ ਮੈਂ ਵੀ ਉਸ ਵਾਂਗ ਸ਼ਾਂਤ ਰਹਿ ਕੇ ਆਪਣੇ ਆਪ ਉੱਤੇ ਕਾਬੂ ਰੱਖ ਸਕਦਾ?’ ਜਿਉਂ-ਜਿਉਂ ਤੁਸੀਂ ਅਜਿਹੇ ਆਦਮੀ ਨੂੰ ਜਾਣਨ ਲੱਗਦੇ ਹੋ, ਤਾਂ ਕੀ ਤੁਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ? ਸਾਡੇ ਕੋਲ ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਦੇ ਨੇੜੇ ਹੋਣ ਲਈ ਇਸ ਨਾਲੋਂ ਕਿਤੇ ਜ਼ਿਆਦਾ ਕਾਰਨ ਹਨ। ਇਸ ਅਧਿਆਇ ਦਾ ਵਿਸ਼ਾ ਜਿਸ ਆਇਤ ਤੋਂ ਲਿਆ ਗਿਆ ਹੈ ਉਸ ਵਾਕ ਨੂੰ ਪੂਰੀ ਤਰ੍ਹਾਂ ਪੜ੍ਹੋ: ‘ਯਹੋਵਾਹ ਕ੍ਰੋਧ ਵਿੱਚ ਧੀਰਜੀ ਅਤੇ ਬਲ ਵਿੱਚ ਮਹਾਨ ਹੈ।’ (ਨਹੂਮ 1:3) ਯਹੋਵਾਹ ਜਲਦੀ ਨਾਲ ਆਪਣੀ ਸ਼ਕਤੀ ਲੋਕਾਂ ਦੇ ਖ਼ਿਲਾਫ਼ ਨਹੀਂ ਵਰਤਦਾ ਭਾਵੇਂ ਉਹ ਲੋਕ ਦੁਸ਼ਟ ਕਿਉਂ ਨਾ ਹੋਣ। ਉਹ ਕੋਮਲ ਤੇ ਦਇਆਵਾਨ ਹੈ। ਕਈ ਵਾਰ ਉਕਸਾਏ ਜਾਣ ਦੇ ਬਾਵਜੂਦ ਵੀ ਉਹ ‘ਕ੍ਰੋਧ ਵਿੱਚ ਧੀਰਜ’ ਰੱਖਦਾ ਹੈ।​—ਜ਼ਬੂਰਾਂ ਦੀ ਪੋਥੀ 78:37-41.

      21. ਯਹੋਵਾਹ ਲੋਕਾਂ ਨੂੰ ਉਸ ਦੀ ਸੇਵਾ ਕਰਨ ਲਈ ਮਜਬੂਰ ਕਿਉਂ ਨਹੀਂ ਕਰਦਾ ਅਤੇ ਇਸ ਤੋਂ ਅਸੀਂ ਉਸ ਬਾਰੇ ਕੀ ਸਿੱਖਦੇ ਹਾਂ?

      21 ਇਕ ਹੋਰ ਤਰੀਕੇ ਨਾਲ ਵੀ ਯਹੋਵਾਹ ਆਪਣੇ ਆਪ ਉੱਤੇ ਕਾਬੂ ਰੱਖਦਾ ਹੈ। ਆਓ ਆਪਾਂ ਦੇਖੀਏ ਕਿਸ ਤਰ੍ਹਾਂ। ਜੇ ਤੁਹਾਡੇ ਕੋਲ ਬੇਹੱਦ ਤਾਕਤ ਹੁੰਦੀ, ਤਾਂ ਕੀ ਤੁਸੀਂ ਦੂਸਰੇ ਲੋਕਾਂ ਨੂੰ ਤੁਹਾਡੀ ਮਰਜ਼ੀ ਅਨੁਸਾਰ ਚੱਲਣ ਲਈ ਕਦੇ-ਕਦਾਈਂ ਮਜਬੂਰ ਕਰਨਾ ਚਾਹੁੰਦੇ? ਯਹੋਵਾਹ ਆਪਣੀ ਵੱਡੀ ਸ਼ਕਤੀ ਨਾਲ ਵੀ ਲੋਕਾਂ ਨੂੰ ਉਸ ਦੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ। ਹਮੇਸ਼ਾ ਦੀ ਜ਼ਿੰਦਗੀ ਸਿਰਫ਼ ਯਹੋਵਾਹ ਦੀ ਸੇਵਾ ਕਰਨ ਨਾਲ ਹੀ ਮਿਲ ਸਕਦੀ ਹੈ, ਪਰ ਇਸ ਦੇ ਬਾਵਜੂਦ ਯਹੋਵਾਹ ਸਾਨੂੰ ਉਸ ਦੀ ਸੇਵਾ ਕਰਨ ਲਈ ਮਜਬੂਰ ਨਹੀਂ ਕਰਦਾ। ਇਸ ਦੀ ਬਜਾਇ ਉਹ ਸਾਨੂੰ ਆਪਣੇ ਫ਼ੈਸਲੇ ਆਪ ਕਰ ਲੈਣ ਦਿੰਦਾ ਹੈ। ਉਸ ਨੇ ਦੱਸਿਆ ਹੈ ਕਿ ਸਾਡੇ ਗ਼ਲਤ ਫ਼ੈਸਲੇ ਦੇ ਬੁਰੇ ਨਤੀਜੇ ਨਿਕਲਣਗੇ ਅਤੇ ਚੰਗੇ ਫ਼ੈਸਲੇ ਦੇ ਅੱਛੇ ਨਤੀਜੇ ਨਿਕਲਣਗੇ। ਪਰ ਫ਼ੈਸਲਾ ਕਰਨਾ ਉਹ ਸਾਡੇ ਉੱਤੇ ਛੱਡ ਦਿੰਦਾ ਹੈ। (ਬਿਵਸਥਾ ਸਾਰ 30:19, 20) ਯਹੋਵਾਹ ਇਹ ਬਿਲਕੁਲ ਨਹੀਂ ਚਾਹੁੰਦਾ ਕਿ ਅਸੀਂ ਉਸ ਦੀ ਸ਼ਕਤੀ ਤੋਂ ਡਰ ਕੇ ਅਤੇ ਮਜਬੂਰ ਹੋ ਕੇ ਉਸ ਦੀ ਸੇਵਾ ਕਰੀਏ। ਉਹ ਚਾਹੁੰਦਾ ਹੈ ਕਿ ਉਸ ਦੇ ਸੇਵਕ ਉਸ ਨਾਲ ਪਿਆਰ ਕਰਨ ਅਤੇ ਉਸ ਦੀ ਸੇਵਾ ਖਿੜੇ ਮੱਥੇ ਕਰਨ।​—2 ਕੁਰਿੰਥੀਆਂ 9:7.

      22, 23. (ੳ) ਕੀ ਦਿਖਾਉਂਦਾ ਹੈ ਕਿ ਯਹੋਵਾਹ ਦੂਸਰਿਆਂ ਨੂੰ ਅਧਿਕਾਰ ਸੌਂਪ ਕੇ ਖ਼ੁਸ਼ ਹੁੰਦਾ ਹੈ? (ਅ) ਅਗਲੇ ਅਧਿਆਇ ਵਿਚ ਅਸੀਂ ਕੀ ਦੇਖਾਂਗੇ?

      22 ਆਓ ਆਪਾਂ ਆਖ਼ਰੀ ਕਾਰਨ ਵੱਲ ਦੇਖੀਏ ਕਿ ਸਾਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਤੋਂ ਖ਼ੌਫ਼ ਕਿਉਂ ਨਹੀਂ ਖਾਣਾ ਚਾਹੀਦਾ। ਤਾਕਤਵਰ ਇਨਸਾਨ ਨਹੀਂ ਚਾਹੁੰਦੇ ਕਿ ਦੂਸਰੇ ਲੋਕ ਵੀ ਤਾਕਤਵਰ ਬਣਨ। ਪਰ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਅਧਿਕਾਰ ਸੌਂਪ ਕੇ ਖ਼ੁਸ਼ ਹੁੰਦਾ ਹੈ। ਉਹ ਹੋਰਨਾਂ ਨੂੰ ਕਾਫ਼ੀ ਇਖ਼ਤਿਆਰ ਦਿੰਦਾ ਹੈ, ਜਿਵੇਂ ਉਸ ਨੇ ਆਪਣੇ ਪੁੱਤਰ ਨੂੰ ਦਿੱਤਾ ਹੈ। (ਮੱਤੀ 28:18) ਯਹੋਵਾਹ ਆਪਣੇ ਸੇਵਕਾਂ ਨੂੰ ਬਲ ਵੀ ਦਿੰਦਾ ਹੈ। ਬਾਈਬਲ ਵਿਚ ਲਿਖਿਆ ਹੈ: “ਹੇ ਯਹੋਵਾਹ, ਵਡਿਆਈ ਅਤੇ ਸ਼ਕਤੀ ਅਤੇ ਪ੍ਰਤਾਪ ਅਤੇ ਫਤਹ ਅਤੇ ਮਹਿਮਾ ਤੇਰੀ ਹੀ ਹੈ ਕਿਉਂ ਜੋ ਸੱਭੋ ਕੁਝ ਜਿਹੜਾ ਅਕਾਸ਼ ਅਤੇ ਧਰਤੀ ਦੇ ਵਿੱਚ ਹੈ ਤੇਰਾ ਹੀ ਹੈ। . . . ਤੇਰੇ ਹੱਥ ਵਿੱਚ ਸ਼ਕਤੀ ਅਤੇ ਬਲ ਹਨ, ਅਰ ਤੇਰੇ ਅਧੀਨ ਹੈ ਜੋ ਵਡਿਆਈ ਅਤੇ ਬਲ ਸਭਨਾਂ ਨੂੰ ਬਖ਼ਸ਼ੇਂ।”​—1 ਇਤਹਾਸ 29:11, 12.

      23 ਜੀ ਹਾਂ, ਯਹੋਵਾਹ ਤੁਹਾਨੂੰ ਸ਼ਕਤੀ ਅਤੇ ਬਲ ਦੇ ਕੇ ਖ਼ੁਸ਼ ਹੋਵੇਗਾ। ਜਿਹੜੇ ਉਸ ਦੀ ਸੇਵਾ ਕਰਨੀ ਚਾਹੁੰਦੇ ਹਨ ਉਹ ਉਨ੍ਹਾਂ ਨੂੰ “ਮਹਾ-ਸ਼ਕਤੀ” ਦਿੰਦਾ ਹੈ। (2 ਕੁਰਿੰਥੀਆਂ 4:7, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕੀ ਤੁਸੀਂ ਅਜਿਹੇ ਸ਼ਕਤੀਸ਼ਾਲੀ ਪਰਮੇਸ਼ੁਰ ਨਾਲ ਦੋਸਤੀ ਨਹੀਂ ਕਰਨੀ ਚਾਹੋਗੇ ਜੋ ਆਪਣੀ ਸ਼ਕਤੀ ਇੰਨੇ ਚੰਗੇ ਤਰੀਕੇ ਨਾਲ ਵਰਤਦਾ ਹੈ? ਅਗਲੇ ਅਧਿਆਇ ਵਿਚ ਅਸੀਂ ਦੇਖਾਂਗੇ ਕਿ ਯਹੋਵਾਹ ਆਪਣੀ ਸ਼ਕਤੀ ਸਭ ਕੁਝ ਸ੍ਰਿਸ਼ਟ ਕਰਨ ਲਈ ਕਿਸ ਤਰ੍ਹਾਂ ਵਰਤਦਾ ਹੈ।

      a ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਸਰਬ ਸ਼ਕਤੀਮਾਨ” ਕੀਤਾ ਗਿਆ ਹੈ, ਉਸ ਦਾ ਸਹੀ-ਸਹੀ ਮਤਲਬ ਹੈ “ਸਾਰਿਆਂ ਉੱਤੇ ਰਾਜਾ; ਪੂਰੀ ਸ਼ਕਤੀ ਵਾਲਾ।”

      b ਬਾਈਬਲ ਦੱਸਦੀ ਹੈ ਕਿ ‘ਯਹੋਵਾਹ ਅਨ੍ਹੇਰੀ, ਭੁਚਾਲ ਜਾਂ ਅੱਗ ਵਿੱਚ ਨਹੀਂ ਸੀ।’ ਦੇਵੀ-ਦੇਵਤਿਆਂ ਦੇ ਪੁਜਾਰੀਆਂ ਤੋਂ ਉਲਟ ਯਹੋਵਾਹ ਦੇ ਭਗਤ ਕੁਦਰਤੀ ਸ਼ਕਤੀਆਂ ਵਿਚ ਉਸ ਨੂੰ ਨਹੀਂ ਭਾਲਦੇ। ਯਹੋਵਾਹ ਉਸ ਦੀ ਸ੍ਰਿਸ਼ਟ ਕੀਤੀ ਹੋਈ ਕਿਸੇ ਵੀ ਚੀਜ਼ ਵਿਚ ਸਮਾਇਆ ਨਹੀਂ ਜਾ ਸਕਦਾ।​—1 ਰਾਜਿਆਂ 8:27.

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • 2 ਇਤਹਾਸ 16:7-13 ਪਾਤਸ਼ਾਹ ਆਸਾ ਦੀ ਉਦਾਹਰਣ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਯਹੋਵਾਹ ਦੀ ਸ਼ਕਤੀ ਉੱਤੇ ਭਰੋਸਾ ਨਾ ਰੱਖਣਾ ਬਹੁਤ ਗੰਭੀਰ ਗੱਲ ਹੈ?

      • ਜ਼ਬੂਰਾਂ ਦੀ ਪੋਥੀ 89:6-18 ਯਹੋਵਾਹ ਦੀ ਸ਼ਕਤੀ ਦਾ ਉਸ ਦੇ ਭਗਤਾਂ ਉੱਤੇ ਕੀ ਅਸਰ ਹੁੰਦਾ ਹੈ?

      • ਯਸਾਯਾਹ 40:10-31 ਯਹੋਵਾਹ ਦੀ ਸ਼ਕਤੀ ਬਾਰੇ ਇੱਥੇ ਕੀ ਲਿਖਿਆ ਹੈ, ਉਹ ਕਿੰਨੀ ਕੁ ਵਿਸ਼ਾਲ ਹੈ ਅਤੇ ਅਸੀਂ ਉਸ ਤੋਂ ਨਿੱਜੀ ਤੌਰ ਤੇ ਲਾਭ ਕਿਸ ਤਰ੍ਹਾਂ ਹਾਸਲ ਕਰ ਸਕਦੇ ਹਾਂ?

      • ਪਰਕਾਸ਼ ਦੀ ਪੋਥੀ 11:16-18 ਯਹੋਵਾਹ ਨੇ ਭਵਿੱਖ ਵਿਚ ਆਪਣੀ ਸ਼ਕਤੀ ਨੂੰ ਕਿਸ ਤਰ੍ਹਾਂ ਵਰਤਣ ਦਾ ਵਾਅਦਾ ਕੀਤਾ ਹੈ ਅਤੇ ਮਸੀਹੀਆਂ ਨੂੰ ਇਸ ਤੋਂ ਤਸੱਲੀ ਕਿਉਂ ਮਿਲਦੀ ਹੈ?

  • ਸ੍ਰਿਸ਼ਟ ਕਰਨ ਦੀ ਸ਼ਕਤੀ—‘ਅਕਾਸ਼ ਤੇ ਧਰਤੀ ਨੂੰ ਬਣਾਉਣ ਵਾਲਾ’
    ਯਹੋਵਾਹ ਦੇ ਨੇੜੇ ਰਹੋ
    • The powerful sun

      ਪੰਜਵਾਂ ਅਧਿਆਇ

      ਸ੍ਰਿਸ਼ਟ ਕਰਨ ਦੀ ਸ਼ਕਤੀ​—‘ਅਕਾਸ਼ ਤੇ ਧਰਤੀ ਨੂੰ ਬਣਾਉਣ ਵਾਲਾ’

      1, 2. ਸੂਰਜ ਤੋਂ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਕਿਸ ਤਰ੍ਹਾਂ ਦੇਖੀ ਜਾਂਦੀ ਹੈ?

      ਕੀ ਤੁਸੀਂ ਕਦੇ ਸਰਦੀ ਦੀ ਸ਼ਾਮ ਨੂੰ ਅੱਗ ਦੇ ਲਾਗੇ ਖੜ੍ਹੇ ਹੋਏ ਹੋ? ਕਲਪਨਾ ਕਰੋ ਕਿ ਤੁਸੀਂ ਲਾਗੇ ਹੋ ਕੇ ਆਪਣੇ ਹੱਥ ਸੇਕਦੇ ਹੋ। ਜੇ ਤੁਸੀਂ ਬਹੁਤ ਲਾਗੇ ਹੋ ਜਾਂਦੇ ਹੋ, ਤਾਂ ਸੇਕ ਸਿਹਾ ਨਹੀਂ ਜਾ ਸਕਦਾ। ਜੇ ਤੁਸੀਂ ਥੋੜ੍ਹੇ ਪਰੇ ਖੜ੍ਹੇ ਹੋ ਜਾਂਦੇ ਹੋ, ਤਾਂ ਬਹੁਤ ਠੰਢ ਲੱਗਣ ਲੱਗ ਪੈਂਦੀ ਹੈ।

      2 ਸਾਡਾ ਸੂਰਜ ਵੀ ਇਕ ਕਿਸਮ ਦੀ “ਅੱਗ” ਹੈ ਜਿਸ ਤੋਂ ਸਾਡੇ ਸਰੀਰ ਨੂੰ ਦਿਨੇ ਨਿੱਘ ਮਿਲਦਾ ਹੈ। ਇਹ “ਅੱਗ” ਤਕਰੀਬਨ 15 ਕਰੋੜ ਕਿਲੋਮੀਟਰ ਦੂਰ ਬਲ਼ਦੀ ਹੈ!a ਸੂਰਜ ਦਾ ਤਾਪਮਾਨ ਇੰਨਾ ਜ਼ਿਆਦਾ ਹੈ ਕਿ ਅਸੀਂ ਇੰਨੀ ਦੂਰੋਂ ਉਸ ਦੀ ਗਰਮੀ ਮਹਿਸੂਸ ਕਰ ਸਕਦੇ ਹਾਂ! ਧਰਤੀ ਇਸ ਬਲ਼ਦੀ ਭੱਠੀ ਦੇ ਆਲੇ-ਦੁਆਲੇ ਐਨ ਸਹੀ ਫ਼ਾਸਲੇ ਤੇ ਚੱਕਰ ਕੱਢਦੀ ਹੈ। ਜੇ ਇਹ ਥੋੜ੍ਹੀ ਲਾਗੇ ਹੁੰਦੀ, ਤਾਂ ਧਰਤੀ ਦੇ ਸਾਰੇ ਪਾਣੀ ਨੇ ਭਾਫ਼ ਬਣ ਕੇ ਮੁੱਕ ਜਾਣਾ ਸੀ ਅਤੇ ਜੇ ਥੋੜ੍ਹੀ ਦੂਰ ਹੁੰਦੀ, ਤਾਂ ਇਸ ਦੇ ਪਾਣੀ ਨੇ ਬਰਫ਼ ਬਣ ਕੇ ਜੰਮ ਜਾਣਾ ਸੀ। ਇਨ੍ਹਾਂ ਦੋਹਾਂ ਹਾਲਤਾਂ ਨੇ ਸਾਡੀ ਧਰਤੀ ਨੂੰ ਬੇਜਾਨ ਬਣਾ ਦੇਣਾ ਸੀ। ਜੀਉਣ ਲਈ ਜ਼ਰੂਰੀ ਹੋਣ ਦੇ ਨਾਲ-ਨਾਲ ਧੁੱਪ ਗੁਣਕਾਰ ਹੈ ਅਤੇ ਇਸ ਦੀ ਊਰਜਾ ਤੋਂ ਪ੍ਰਦੂਸ਼ਣ ਨਹੀਂ ਫੈਲਦਾ। ਧੁੱਪੇ ਬਹਿ ਕੇ ਸਾਨੂੰ ਮਜ਼ਾ ਵੀ ਆਉਂਦਾ ਹੈ।​—ਉਪਦੇਸ਼ਕ ਦੀ ਪੋਥੀ 11:7.

      ਯਹੋਵਾਹ ਨੇ “ਉਜਾਲੇ ਅਤੇ ਸੂਰਜ ਨੂੰ ਕਾਇਮ ਕਰ ਰੱਖਿਆ ਹੈ”

      3. ਸੂਰਜ ਕਿਹੜੀ ਸੱਚਾਈ ਦੀ ਗਵਾਹੀ ਦਿੰਦਾ ਹੈ?

      3 ਇਸ ਦੇ ਬਾਵਜੂਦ ਜ਼ਿਆਦਾਤਰ ਲੋਕ ਸੂਰਜ ਦੀ ਕਦਰ ਨਹੀਂ ਕਰਦੇ, ਭਾਵੇਂ ਉਨ੍ਹਾਂ ਦੀ ਜ਼ਿੰਦਗੀ ਉਸ ਉੱਤੇ ਨਿਰਭਰ ਕਰਦੀ ਹੈ। ਉਹ ਸਮਝਦੇ ਨਹੀਂ ਕਿ ਸੂਰਜ ਤੋਂ ਵੀ ਅਸੀਂ ਕੁਝ ਸਿੱਖ ਸਕਦੇ ਹਾਂ। ਯਹੋਵਾਹ ਬਾਰੇ ਬਾਈਬਲ ਕਹਿੰਦੀ ਹੈ: “ਤੈਂ ਉਜਾਲੇ ਅਤੇ ਸੂਰਜ ਨੂੰ ਕਾਇਮ ਕਰ ਰੱਖਿਆ ਹੈ।” (ਜ਼ਬੂਰਾਂ ਦੀ ਪੋਥੀ 74:16) ਜੀ ਹਾਂ, ਸੂਰਜ ‘ਅਕਾਸ਼ ਤੇ ਧਰਤੀ ਦੇ ਬਣਾਉਣ’ ਵਾਲੇ ਦੀ ਮਹਿਮਾ ਕਰਦਾ ਹੈ। (ਜ਼ਬੂਰਾਂ ਦੀ ਪੋਥੀ 19:1; 146:6) ਸੂਰਜ ਤਾਂ ਅਣਗਿਣਤ ਆਕਾਸ਼ੀ ਪਿੰਡਾਂ ਵਿੱਚੋਂ ਸਿਰਫ਼ ਇਕ ਹੈ ਜੋ ਸਾਨੂੰ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਵੱਡੀ ਸ਼ਕਤੀ ਬਾਰੇ ਸਿਖਾਉਂਦਾ ਹੈ। ਆਓ ਆਪਾਂ ਹੁਣ ਕੁਝ ਆਕਾਸ਼ੀ ਪਿੰਡਾਂ ਵੱਲ ਧਿਆਨ ਦੇਈਏ ਜਿਸ ਤੋਂ ਬਾਅਦ ਆਪਾਂ ਧਰਤੀ ਅਤੇ ਉਸ ਉੱਤੇ ਜੀ ਰਹੀਆਂ ਚੀਜ਼ਾਂ ਵੱਲ ਧਿਆਨ ਦੇਵਾਂਗੇ।

      “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ”

      4, 5. (ੳ) ਸੂਰਜ ਕਿੰਨਾ ਵੱਡਾ ਹੈ ਅਤੇ ਇਸ ਵਿਚ ਕਿੰਨੀ ਕੁ ਸ਼ਕਤੀ ਹੈ? (ਅ) ਦੂਸਰੇ ਤਾਰਿਆਂ ਦੀ ਤੁਲਨਾ ਵਿਚ ਸੂਰਜ ਕਿੰਨਾ ਵੱਡਾ ਹੈ?

      4 ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਸਾਡਾ ਸੂਰਜ ਇਕ ਤਾਰਾ ਹੈ। ਰਾਤ ਨੂੰ ਜਿਹੜੇ ਤਾਰੇ ਸਾਨੂੰ ਨਜ਼ਰ ਆਉਂਦੇ ਹਨ, ਸੂਰਜ ਉਨ੍ਹਾਂ ਨਾਲੋਂ ਵੱਡਾ ਲੱਗਦਾ ਹੈ ਕਿਉਂਕਿ ਉਨ੍ਹਾਂ ਦੀ ਤੁਲਨਾ ਵਿਚ ਸੂਰਜ ਸਾਡੀ ਧਰਤੀ ਦੇ ਬਹੁਤ ਨੇੜੇ ਹੈ। ਇਸ ਵਿਚ ਕਿੰਨੀ ਕੁ ਸ਼ਕਤੀ ਹੈ? ਇਸ ਦੇ ਐਨ ਗੱਬੇ ਤਾਪਮਾਨ 1.5 ਕਰੋੜ ਡਿਗਰੀ ਸੈਲਸੀਅਸ ਹੈ। ਜੇ ਤੁਸੀਂ ਸੂਰਜ ਦੇ ਵਿਚਕਾਰਲੇ ਹਿੱਸੇ ਵਿੱਚੋਂ ਰਾਈ ਦੇ ਇਕ ਦਾਣੇ ਕੁ ਜਿੰਨਾ ਹਿੱਸਾ ਲੈ ਕੇ ਧਰਤੀ ਉੱਤੇ ਰੱਖ ਦਿਓ, ਤਾਂ ਇਸ ਛੋਟੇ ਜਿਹੇ ਟੁਕੜੇ ਵਿੱਚੋਂ ਇੰਨਾ ਸੇਕ ਨਿਕਲੇਗਾ ਕਿ ਤੁਹਾਨੂੰ ਉਸ ਤੋਂ ਲਗਭਗ 140 ਕਿਲੋਮੀਟਰ ਦੂਰ ਖੜ੍ਹਨਾ ਪਵੇਗਾ! ਹਰ ਸਕਿੰਟ ਸੂਰਜ ਲੱਖਾਂ-ਕਰੋੜਾਂ ਨਿਊਕਲੀ ਬੰਬਾਂ ਜਿੰਨੀ ਊਰਜਾ ਪੈਦਾ ਕਰਦਾ ਹੈ।

      5 ਸੂਰਜ ਇੰਨਾ ਵੱਡਾ ਹੈ ਕਿ ਧਰਤੀ ਜਿੱਡੇ 13 ਲੱਖ ਗ੍ਰਹਿ ਉਸ ਦੇ ਅੰਦਰ ਸਮਾ ਸਕਦੇ ਹਨ। ਤਾਂ ਫਿਰ ਕੀ ਸੂਰਜ ਇਕ ਬਹੁਤ ਹੀ ਵੱਡਾ ਤਾਰਾ ਹੈ? ਨਹੀਂ, ਖਗੋਲ-ਵਿਗਿਆਨੀ ਇਸ ਨੂੰ ਬੌਨਾ ਤਾਰਾ ਸੱਦਦੇ ਹਨ। ਪੌਲੁਸ ਰਸੂਲ ਨੇ ਲਿਖਿਆ: “ਇੱਕ ਤਾਰਾ ਦੂਏ ਤਾਰੇ ਤੋਂ ਭਿੰਨ ਹੈ।” (1 ਕੁਰਿੰਥੀਆਂ 15:41) ਉਹ ਨਹੀਂ ਜਾਣ ਸਕਦਾ ਸੀ ਕਿ ਪਵਿੱਤਰ ਆਤਮਾ ਦੁਆਰਾ ਲਿਖਵਾਏ ਗਏ ਇਹ ਸ਼ਬਦ ਕਿੰਨੇ ਸਹੀ ਸਨ। ਇਕ ਤਾਰੇ ਦਾ ਆਕਾਰ ਇੰਨਾ ਵੱਡਾ ਹੈ ਕਿ ਜੇ ਉਸ ਨੂੰ ਸੂਰਜ ਦੀ ਥਾਂ ਤੇ ਰੱਖਿਆ ਜਾਵੇ, ਤਾਂ ਉਹ ਸਾਡੀ ਧਰਤੀ ਨੂੰ ਵੀ ਘੇਰ ਲਵੇਗਾ। ਇਕ ਹੋਰ ਤਾਰਾ ਇਸ ਤੋਂ ਵੀ ਵੱਡਾ ਹੈ। ਜੇ ਉਸ ਨੂੰ ਸੂਰਜ ਦੀ ਥਾਂ ਤੇ ਰੱਖਿਆ ਜਾਵੇ, ਤਾਂ ਉਹ ਸ਼ਨੀ ਗ੍ਰਹਿ ਯਾਨੀ ਸੈਟਰਨ ਤਕ ਪਹੁੰਚ ਜਾਵੇਗਾ! ਸ਼ਨੀ ਗ੍ਰਹਿ ਧਰਤੀ ਤੋਂ ਇੰਨਾ ਦੂਰ ਹੈ ਕਿ ਉਸ ਤਕ ਪਹੁੰਚਣ ਲਈ ਇਕ ਪੁਲਾੜੀ ਜਹਾਜ਼ ਨੂੰ ਬੰਦੂਕ ਦੀ ਗੋਲੀ ਨਾਲੋਂ 40 ਗੁਣਾ ਤੇਜ਼ ਚੱਲ ਕੇ ਵੀ ਚਾਰ ਸਾਲ ਲੱਗੇ ਸਨ!

      6. ਬਾਈਬਲ ਕਿਸ ਤਰ੍ਹਾਂ ਦਿਖਾਉਂਦੀ ਹੈ ਕਿ ਤਾਰਿਆਂ ਦੀ ਗਿਣਤੀ ਇਨਸਾਨੀ ਅਨੁਮਾਨ ਨਾਲੋਂ ਕਿਤੇ ਜ਼ਿਆਦਾ ਹੈ?

      6 ਤਾਰਿਆਂ ਦੇ ਸਾਈਜ਼ ਤੋਂ ਜ਼ਿਆਦਾ ਉਨ੍ਹਾਂ ਦੀ ਗਿਣਤੀ ਹੈਰਾਨ ਕਰਦੀ ਹੈ। ਬਾਈਬਲ ਤੋਂ ਸੰਕੇਤ ਮਿਲਦਾ ਹੈ ਕਿ ਤਾਰੇ ਗਿਣਨੇ ਉੱਨੇ ਹੀ ਔਖੇ ਹਨ ਜਿੰਨੀ “ਸਮੁੰਦਰ ਦੀ ਰੇਤ” ਗਿਣਨੀ ਔਖੀ ਹੈ। (ਯਿਰਮਿਯਾਹ 33:22) ਇਸ ਤੋਂ ਪਤਾ ਲੱਗਦਾ ਹੈ ਕਿ ਸਾਡੀਆਂ ਅੱਖਾਂ ਨਾਲ ਦੇਖੇ ਜਾਣ ਵਾਲੇ ਤਾਰਿਆਂ ਨਾਲੋਂ ਹੋਰ ਬਹੁਤ ਸਾਰੇ ਤਾਰੇ ਹਨ। ਜੇ ਯਿਰਮਿਯਾਹ ਵਰਗੇ ਬਾਈਬਲ ਦੇ ਕਿਸੇ ਲਿਖਾਰੀ ਨੇ ਉੱਪਰ ਦੇਖ ਕੇ ਤਾਰੇ ਗਿਣਨ ਦੀ ਕੋਸ਼ਿਸ਼ ਕੀਤੀ ਹੁੰਦੀ, ਤਾਂ ਉਹ ਸਿਰਫ਼ ਤਿੰਨ ਕੁ ਹਜ਼ਾਰ ਤਾਰੇ ਗਿਣ ਸਕਦਾ ਸੀ ਕਿਉਂਕਿ ਦੂਰਬੀਨ ਤੋਂ ਬਿਨਾਂ ਅਸੀਂ ਸਿਰਫ਼ ਇੰਨੇ ਹੀ ਤਾਰੇ ਦੇਖ ਸਕਦੇ ਹਾਂ। ਸਿਰਫ਼ ਮੁੱਠ ਭਰ ਰੇਤ ਵਿਚ ਤਕਰੀਬਨ ਤਿੰਨ ਹਜ਼ਾਰ ਦਾਣੇ ਹੁੰਦੇ ਹਨ। ਪਰ ਅਸਲ ਵਿਚ ਤਾਰਿਆਂ ਦੀ ਗਿਣਤੀ ਸਮੁੰਦਰ ਦੀ ਸਾਰੀ ਰੇਤ ਜਿੰਨੀ ਹੈ।b ਇਨ੍ਹਾਂ ਨੂੰ ਕੌਣ ਗਿਣ ਸਕਦਾ ਹੈ?

      Innumerable heavenly stars and galaxies

      “ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ”

      7. (ੳ) ਸਾਡੀ ਆਕਾਸ਼-ਗੰਗਾ ਗਲੈਕਸੀ ਵਿਚ ਕਿੰਨੇ ਤਾਰੇ ਹਨ ਅਤੇ ਇਹ ਗਿਣਤੀ ਕਿੰਨੀ ਵੱਡੀ ਹੈ? (ਫੁਟਨੋਟ ਦੇਖੋ।) (ਅ) ਇਸ ਤੋਂ ਅਸੀਂ ਕੀ ਸਿੱਖਦੇ ਹਾਂ ਕਿ ਖਗੋਲ-ਵਿਗਿਆਨੀਆਂ ਲਈ ਗਲੈਕਸੀਆਂ ਦੀ ਗਿਣਤੀ ਜਾਣਨੀ ਮੁਸ਼ਕਲ ਹੈ ਅਤੇ ਇਸ ਤੋਂ ਅਸੀਂ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਬਾਰੇ ਕੀ ਸਿੱਖਦੇ ਹਾਂ?

      7 ਤਾਰਿਆਂ ਨੂੰ ਕੌਣ ਗਿਣ ਸਕਦਾ ਹੈ? ਯਸਾਯਾਹ 40:26 ਵਿਚ ਇਸ ਸਵਾਲ ਦਾ ਜਵਾਬ ਮਿਲਦਾ ਹੈ: “ਆਪਣੀਆਂ ਅੱਖਾਂ ਉਤਾਹਾਂ ਚੁੱਕੋ, ਅਤੇ ਵੇਖੋ ਭਈ ਕਿਹਨੇ ਏਹਨਾਂ ਨੂੰ ਸਾਜਿਆ, ਜਿਹੜਾ ਏਹਨਾਂ ਦੀ ਸੈਨਾ ਗਿਣ ਕੇ ਬਾਹਰ ਲੈ ਜਾਂਦਾ ਹੈ, ਉਹ ਏਹਨਾਂ ਸਾਰਿਆਂ ਨੂੰ ਨਾਉਂ ਲੈ ਲੈ ਕੇ ਪੁਕਾਰਦਾ ਹੈ।” ਜ਼ਬੂਰਾਂ ਦੀ ਪੋਥੀ 147:4 ਵਿਚ ਲਿਖਿਆ ਹੈ ਕਿ “ਉਹ ਤਾਰਿਆਂ ਦੀ ਗਿਣਤੀ ਕਰਦਾ ਹੈ।” ਵੈਸੇ “ਤਾਰਿਆਂ ਦੀ ਗਿਣਤੀ” ਕਿੰਨੀ ਹੈ? ਇਹ ਕੋਈ ਸਾਧਾਰਣ ਸਵਾਲ ਨਹੀਂ ਹੈ। ਖਗੋਲ-ਵਿਗਿਆਨੀ ਅਨੁਮਾਨ ਲਗਾਉਂਦੇ ਹਨ ਕਿ ਸਾਡੀ ਆਕਾਸ਼-ਗੰਗਾ ਗਲੈਕਸੀ ਵਿਚ ਇਕ ਖਰਬ ਤੋਂ ਜ਼ਿਆਦਾ ਤਾਰੇ ਹਨ।c ਪਰ ਸਾਡੀ ਗਲੈਕਸੀ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗਲੈਕਸੀਆਂ ਹਨ ਜਿਨ੍ਹਾਂ ਵਿਚ ਇਸ ਤੋਂ ਵੀ ਕਿਤੇ ਜ਼ਿਆਦਾ ਤਾਰੇ ਹਨ। ਤਾਂ ਫਿਰ ਕਿੰਨੀਆਂ ਗਲੈਕਸੀਆਂ ਹਨ? ਕੁਝ ਖਗੋਲ-ਵਿਗਿਆਨੀਆਂ ਅਨੁਸਾਰ 50 ਅਰਬ ਗਲੈਕਸੀਆਂ ਹਨ। ਦੂਸਰੇ ਕਹਿੰਦੇ ਹਨ ਕਿ ਇਕ ਖਰਬ ਪੱਚੀ ਅਰਬ ਗਲੈਕਸੀਆਂ ਹੋ ਸਕਦੀਆਂ ਹਨ। ਜਦ ਇਨਸਾਨ ਗਲੈਕਸੀਆਂ ਦੀ ਗਿਣਤੀ ਦਾ ਅਨੁਮਾਨ ਨਹੀਂ ਲੱਗਾ ਸਕਦੇ, ਤਾਂ ਉਹ ਉਨ੍ਹਾਂ ਵਿਚਲੇ ਅਰਬਾਂ ਤਾਰਿਆਂ ਨੂੰ ਕਿਸ ਤਰ੍ਹਾਂ ਗਿਣ ਸਕਦੇ ਹਨ? ਪਰ ਯਹੋਵਾਹ ਉਨ੍ਹਾਂ ਦੀ ਗਿਣਤੀ ਜਾਣਦਾ ਹੈ। ਉਹ ਤਾਂ ਹਰੇਕ ਤਾਰੇ ਦਾ ਨਾਂ ਲੈ ਲੈ ਕੇ ਪੁਕਾਰਦਾ ਹੈ!

      8. (ੳ) ਤੁਸੀਂ ਆਕਾਸ਼-ਗੰਗਾ ਗਲੈਕਸੀ ਦੇ ਸਾਈਜ਼ ਬਾਰੇ ਕਿਸ ਤਰ੍ਹਾਂ ਸਮਝਾਓਗੇ? (ਅ) ਯਹੋਵਾਹ ਆਕਾਸ਼ੀ ਪਿੰਡਾਂ ਦੀ ਘੁੰਮਣ-ਗਤੀ ਨੂੰ ਕਿਸ ਤਰ੍ਹਾਂ ਤਰਤੀਬ ਵਿਚ ਰੱਖਦਾ ਹੈ?

      8 ਗਲੈਕਸੀਆਂ ਦੇ ਸਾਈਜ਼ ਬਾਰੇ ਸੋਚ ਕੇ ਸਾਡੇ ਦਿਲ ਵਿਚ ਯਹੋਵਾਹ ਲਈ ਹੋਰ ਵੀ ਸ਼ਰਧਾ ਵਧਦੀ ਹੈ। ਅਨੁਮਾਨ ਲਗਾਇਆ ਗਿਆ ਹੈ ਕਿ ਆਕਾਸ਼-ਗੰਗਾ ਗਲੈਕਸੀ ਇਕ ਲੱਖ ਪ੍ਰਕਾਸ਼ ਵਰ੍ਹੇ ਚੌੜ੍ਹੀ ਹੈ। ਮੰਨ ਲਓ ਕਿ ਤੁਸੀਂ ਪ੍ਰਕਾਸ਼ ਦੀ ਇਕ ਕਿਰਨ ਨੂੰ 3 ਲੱਖ ਕਿਲੋਮੀਟਰ ਪ੍ਰਤੀ ਸਕਿੰਟ ਸਫ਼ਰ ਕਰਦੇ ਦੇਖ ਸਕਦੇ ਹੋ। ਉਸ ਕਿਰਨ ਨੂੰ ਸਾਡੀ ਗਲੈਕਸੀ ਪਾਰ ਕਰਨ ਲਈ ਇਕ ਲੱਖ ਸਾਲ ਲੱਗਣਗੇ! ਅਤੇ ਕੁਝ ਗਲੈਕਸੀਆਂ ਸਾਡੀ ਗਲੈਕਸੀ ਨਾਲੋਂ ਕਈ ਗੁਣਾ ਵੱਡੀਆਂ ਹਨ। ਬਾਈਬਲ ਦੱਸਦੀ ਹੈ ਕਿ ਯਹੋਵਾਹ ਆਕਾਸ਼ ਨੂੰ ਚਾਦਰ ਵਾਂਗ “ਤਾਣਦਾ” ਹੈ। (ਜ਼ਬੂਰਾਂ ਦੀ ਪੋਥੀ 104:2) ਉਹ ਇਨ੍ਹਾਂ ਆਕਾਸ਼ੀ ਪਿੰਡਾਂ ਨੂੰ ਤਰਤੀਬ ਵਿਚ ਵੀ ਰੱਖਦਾ ਹੈ। ਪੁਲਾੜ ਵਿਚ ਮਿੱਟੀ ਦੇ ਛੋਟੇ ਤੋਂ ਛੋਟੇ ਕਿਣਕੇ ਤੋਂ ਲੈ ਕੇ ਵੱਡੀਆਂ-ਵੱਡੀਆਂ ਗਲੈਕਸੀਆਂ ਤਕ, ਸੱਭੋ ਕੁਝ ਆਪੋ-ਆਪਣੇ ਥਾਂ ਅਤੇ ਪਰਮੇਸ਼ੁਰ ਦੇ ਕੁਦਰਤੀ ਨੇਮਾਂ ਮੁਤਾਬਕ ਚੱਲਦਾ ਹੈ। (ਅੱਯੂਬ 38:31-33) ਇਸ ਕਰਕੇ ਸਾਇੰਸਦਾਨਾਂ ਨੇ ਆਕਾਸ਼ੀ ਪਿੰਡਾਂ ਦੀ ਘੁੰਮਣ-ਗਤੀ ਦੀ ਤੁਲਨਾ ਕਮਾਲ ਦੇ ਨਾਚ ਨਾਲ ਕੀਤੀ ਹੈ! ਪਰ ਜਿਸ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਬਣਾਇਆ ਉਸ ਬਾਰੇ ਸੋਚੋ। ਕੀ ਤੁਹਾਡਾ ਦਿਲ ਉਸ ਸ਼ਕਤੀਸ਼ਾਲੀ ਪਰਮੇਸ਼ੁਰ ਲਈ ਸ਼ਰਧਾ, ਭੈ ਅਤੇ ਤਾਰੀਫ਼ ਨਾਲ ਭਰ ਨਹੀਂ ਜਾਂਦਾ?

      ‘ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਉਣ ਵਾਲਾ’

      9, 10. ਸੂਰਜੀ ਪਰਿਵਾਰ, ਬ੍ਰਹਿਸਪਤ ਗ੍ਰਹਿ (ਜੁਪੀਟਰ), ਧਰਤੀ ਅਤੇ ਚੰਨ ਜਿੱਥੇ ਟਿਕੇ ਹੋਏ ਹਨ ਉਸ ਤੋਂ ਯਹੋਵਾਹ ਦੀ ਵੱਡੀ ਸ਼ਕਤੀ ਕਿਸ ਤਰ੍ਹਾਂ ਜ਼ਾਹਰ ਹੁੰਦੀ ਹੈ?

      9 ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਸਾਡੀ ਧਰਤੀ ਦੀ ਜਾਂਚ ਕਰ ਕੇ ਵੀ ਦੇਖੀ ਜਾ ਸਕਦੀ ਹੈ। ਉਸ ਨੇ ਧਰਤੀ ਨੂੰ ਇਸ ਵਿਸ਼ਾਲ ਬ੍ਰਹਿਮੰਡ ਵਿਚ ਬੜੇ ਧਿਆਨ ਨਾਲ ਰੱਖਿਆ ਹੈ। ਕਈ ਸਾਇੰਸਦਾਨ ਮੰਨਦੇ ਹਨ ਕਿ ਹੋਰਨਾਂ ਬਹੁਤ ਸਾਰੀਆਂ ਗਲੈਕਸੀਆਂ ਵਿਚ ਕੋਈ ਚੀਜ਼ ਜ਼ਿੰਦਾ ਨਹੀਂ ਰਹਿ ਸਕਦੀ ਜਿਸ ਤਰ੍ਹਾਂ ਉਹ ਸਾਡੇ ਗ੍ਰਹਿ ਵਿਚ ਜੀ ਸਕਦੀ ਹੈ। ਸਾਡੀ ਆਕਾਸ਼-ਗੰਗਾ ਗਲੈਕਸੀ ਦੇ ਵੱਡੇ ਹਿੱਸੇ ਵਿਚ ਵੀ ਕਿਸੇ ਚੀਜ਼ ਲਈ ਜ਼ਿੰਦਾ ਰਹਿਣਾ ਨਾਮੁਮਕਿਨ ਹੈ। ਇਸ ਦਾ ਕੇਂਦਰ ਤਾਰਿਆਂ ਨਾਲ ਭਰਿਆ ਹੋਇਆ ਹੈ। ਉੱਥੇ ਬਹੁਤ ਹਾਨੀਕਾਰਕ ਕਿਰਨਾਂ ਹਨ ਅਤੇ ਤਾਰਿਆਂ ਦਰਮਿਆਨ ਟੱਕਰ ਹੋਣ ਦਾ ਖ਼ਤਰਾ ਆਮ ਰਹਿੰਦਾ ਹੈ। ਗਲੈਕਸੀ ਦੇ ਕੰਢਿਆਂ ਤੇ ਜੀਉਣ ਲਈ ਜ਼ਰੂਰੀ ਚੀਜ਼ਾਂ ਦੀ ਘਾਟ ਹੈ। ਪਰ ਸਾਡਾ ਸੂਰਜੀ ਪਰਿਵਾਰ ਬਿਲਕੁਲ ਸਹੀ ਜਗ੍ਹਾ ਤੇ ਇਨ੍ਹਾਂ ਦੋ ਹੱਦਾਂ ਦੇ ਦਰਮਿਆਨ ਹੈ।

      10 ਧਰਤੀ ਤੋਂ ਦੂਰ ਇਕ ਵੱਡੇ ਰਾਖੇ ਯਾਨੀ ਬ੍ਰਹਿਸਪਤ ਗ੍ਰਹਿ (ਜੁਪੀਟਰ) ਤੋਂ ਧਰਤੀ ਨੂੰ ਫ਼ਾਇਦਾ ਹੁੰਦਾ ਹੈ। ਇਹ ਗ੍ਰਹਿ ਧਰਤੀ ਨਾਲੋਂ ਇਕ ਹਜ਼ਾਰ ਤੋਂ ਜ਼ਿਆਦਾ ਗੁਣਾ ਵੱਡਾ ਹੈ ਅਤੇ ਇਸ ਦੀ ਗੁਰੂਤਾ ਖਿੱਚ ਬਹੁਤ ਜ਼ਿਆਦਾ ਹੈ। ਨਤੀਜੇ ਵਜੋਂ ਪੁਲਾੜ ਵਿੱਚੋਂ ਜੋ ਵੀ ਚੀਜ਼ ਡਿੱਗਦੀ ਹੈ, ਇਹ ਗ੍ਰਹਿ ਉਸ ਨੂੰ ਖਿੱਚ ਲੈਂਦਾ ਹੈ ਜਾਂ ਇਕ ਪਾਸੇ ਮੋੜ ਦਿੰਦਾ ਹੈ। ਸਾਇੰਸਦਾਨ ਅਨੁਮਾਨ ਲਾਉਂਦੇ ਹਨ ਕਿ ਜੇ ਜੁਪੀਟਰ ਗ੍ਰਹਿ ਨਾ ਹੁੰਦਾ, ਤਾਂ ਸਾਡੀ ਧਰਤੀ ਤੇ ਹੁਣ ਨਾਲੋਂ 10 ਹਜ਼ਾਰ ਗੁਣਾ ਜ਼ਿਆਦਾ ਟੁੱਟੇ ਹੋਏ ਤਾਰਿਆਂ ਦੇ ਵੱਡੇ-ਵੱਡੇ ਹਿੱਸੇ ਡਿੱਗਦੇ। ਸਾਡੀ ਧਰਤੀ ਇਕ ਸ਼ਾਨਦਾਰ ਉਪਗ੍ਰਹਿ ਨਾਲ ਬਖ਼ਸ਼ੀ ਗਈ ਹੈ ਯਾਨੀ ਚੰਨ। ਇਹ ਸਿਰਫ਼ ਰਾਤ ਨੂੰ ਚਾਨਣ ਦੇਣ ਜਾਂ ਧਰਤੀ ਨੂੰ ਸ਼ਿੰਗਾਰਨ ਲਈ ਹੀ ਨਹੀਂ ਹੈ। ਪਰ ਇਹ ਧਰਤੀ ਨੂੰ ਲਗਾਤਾਰ ਟੇਢੀ ਰੱਖਦਾ ਹੈ ਜਿਸ ਕਰਕੇ ਧਰਤੀ ਤੇ ਮੌਸਮ ਸਮੇਂ ਸਿਰ ਆਉਂਦੇ ਹਨ ਜੋ ਜੀਉਣ ਲਈ ਲਾਹੇਵੰਦ ਹਨ।

      11. ਧਰਤੀ ਦਾ ਵਾਯੂਮੰਡਲ ਧਰਤੀ ਦੀ ਰੱਖਿਆ ਕਿਸ ਤਰ੍ਹਾਂ ਕਰਦਾ ਹੈ?

      11 ਧਰਤੀ ਦੇ ਸਾਰੇ ਪਾਸੇ ਅਸੀਂ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਦਾ ਸਬੂਤ ਦੇਖ ਸਕਦੇ ਹਾਂ। ਜ਼ਰਾ ਵਾਯੂਮੰਡਲ ਉੱਤੇ ਗੌਰ ਕਰੋ ਜੋ ਧਰਤੀ ਦੀ ਰੱਖਿਆ ਕਰਦਾ ਹੈ। ਸੂਰਜ ਤੋਂ ਚੰਗੀਆਂ ਤੇ ਮਾੜੀਆਂ ਕਿਰਨਾਂ ਆਉਂਦੀਆਂ ਹਨ। ਜਦੋਂ ਮਾੜੀਆਂ ਜਾਨਲੇਵਾ ਕਿਰਨਾਂ ਧਰਤੀ ਦੇ ਉਪਰਲੇ ਵਾਯੂਮੰਡਲ ਤਕ ਪਹੁੰਚਦੀਆਂ ਹਨ, ਤਾਂ ਉਹ ਆਕਸੀਜਨ ਨੂੰ ਓਜ਼ੋਨ ਵਿਚ ਬਦਲ ਦਿੰਦੀਆਂ ਹਨ। ਇਸ ਦੇ ਨਤੀਜੇ ਵਜੋਂ ਧਰਤੀ ਦੇ ਆਲੇ-ਦੁਆਲੇ ਓਜ਼ੋਨ ਦੀ ਤਹਿ ਰਹਿੰਦੀ ਹੈ ਜੋ ਤਕਰੀਬਨ ਇਨ੍ਹਾਂ ਸਾਰੀਆਂ ਕਿਰਨਾਂ ਨੂੰ ਰੋਕ ਲੈਂਦੀ ਹੈ। ਦਰਅਸਲ ਇਹ ਕਿਹਾ ਜਾ ਸਕਦਾ ਹੈ ਕਿ ਸਾਡੀ ਧਰਤੀ ਦੀ ਇਨ੍ਹਾਂ ਹਾਨੀਕਾਰਕ ਕਿਰਨਾਂ ਤੋਂ ਰਾਖੀ ਕੀਤੀ ਜਾਂਦੀ ਹੈ!

      12. ਪਾਣੀ ਦਾ ਚੱਕਰ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਬਾਰੇ ਕੀ ਦੱਸਦਾ ਹੈ?

      12 ਸਾਡੇ ਵਾਯੂਮੰਡਲ ਦੀਆਂ ਖੂਬੀਆਂ ਵਿੱਚੋਂ ਇਹ ਸਿਰਫ਼ ਇਕ ਖੂਬੀ ਹੈ ਕਿ ਇਸ ਵਿਚ ਧਰਤੀ ਤੇ ਰਹਿਣ ਵਾਲੀ ਹਰ ਜੀਉਂਦੀ ਜਾਨ ਲਈ ਜ਼ਰੂਰੀ ਗੈਸਾਂ ਹਨ। ਵਾਯੂਮੰਡਲ ਦੇ ਚਮਤਕਾਰਾਂ ਵਿਚ ਪਾਣੀ ਦਾ ਚੱਕਰ ਵੀ ਹੈ। ਹਰ ਸਾਲ ਸੂਰਜ ਸਮੁੰਦਰਾਂ ਤੋਂ ਇੰਨਾ ਪਾਣੀ ਚੂਸ ਲੈਂਦਾ ਹੈ ਜਿੰਨਾ 74 ਕਿਲੋਮੀਟਰ ਲੰਬੀ, ਚੌੜੀ ਤੇ ਉੱਚੀ ਟੈਂਕੀ ਵਿਚ ਇਕੱਠਾ ਹੋ ਸਕਦਾ ਹੈ। ਉਹ ਪਾਣੀ ਬੱਦਲ ਬਣ ਜਾਂਦੇ ਹਨ, ਜਿਨ੍ਹਾਂ ਨੂੰ ਹਵਾ ਦੂਰ-ਦੂਰ ਲੈ ਜਾਂਦੀ ਹੈ। ਫਿਰ ਇਹ ਪਾਣੀ ਫਿਲਟਰ ਤੇ ਸਾਫ਼ ਹੋ ਕੇ ਬਾਰਸ਼ ਅਤੇ ਬਰਫ਼ ਬਣ ਕੇ ਡਿੱਗਦਾ ਹੈ ਅਤੇ ਸਮੁੰਦਰਾਂ ਨੂੰ ਫਿਰ ਭਰ ਦਿੰਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਉਪਦੇਸ਼ਕ ਦੀ ਪੋਥੀ 1:7 ਵਿਚ ਲਿਖਿਆ ਗਿਆ ਹੈ: “ਸਾਰੀਆਂ ਨਦੀਆਂ ਸਮੁੰਦਰ ਵਿੱਚ ਜਾ ਪੈਂਦੀਆਂ ਹਨ, ਪਰ ਸਮੁੰਦਰ ਨਹੀਂ ਭਰੀਦਾ। ਓਸੇ ਥਾਂ ਨੂੰ ਜਿੱਥੋਂ ਨਦੀਆਂ ਨਿੱਕਲੀਆਂ, ਉੱਥੇ ਹੀ ਮੁੜ ਜਾਂਦੀਆਂ ਹਨ।” ਸਿਰਫ਼ ਯਹੋਵਾਹ ਹੀ ਅਜਿਹਾ ਚੱਕਰ ਸ਼ੁਰੂ ਕਰ ਸਕਦਾ ਸੀ।

      13. ਧਰਤੀ ਦੇ ਪੇੜ-ਪੌਦਿਆਂ ਅਤੇ ਜ਼ਮੀਨ ਵਿਚ ਅਸੀਂ ਸਿਰਜਣਹਾਰ ਦੀ ਸ਼ਕਤੀ ਦਾ ਕੀ ਸਬੂਤ ਦੇਖ ਸਕਦੇ ਹਾਂ?

      13 ਜਿੱਥੇ ਕਿਤੇ ਵੀ ਅਸੀਂ ਜੀਉਂਦੀਆਂ ਚੀਜ਼ਾਂ ਦੇਖਦੇ ਹਾਂ, ਉੱਥੇ ਅਸੀਂ ਸਿਰਜਣਹਾਰ ਦੀ ਸ਼ਕਤੀ ਦੇ ਸਬੂਤ ਦੇਖ ਸਕਦੇ ਹਾਂ। ਤੀਹ ਮੰਜ਼ਲੀ ਇਮਾਰਤ ਤੋਂ ਜ਼ਿਆਦਾ ਉੱਚੇ ਦਰਖ਼ਤਾਂ ਤੋਂ ਲੈ ਕੇ ਆਕਸੀਜਨ ਦੇਣ ਵਾਲੇ ਨਿੱਕੇ-ਨਿੱਕੇ ਸਮੁੰਦਰੀ ਪੌਦਿਆਂ ਤੋਂ ਅਸੀਂ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਦੇਖ ਸਕਦੇ ਹਾਂ। ਸਾਡੀ ਜ਼ਮੀਨ ਕੀੜਿਆਂ-ਮਕੌੜਿਆਂ, ਫ਼ੰਗਸ ਅਤੇ ਜੀਵਾਣੂਆਂ ਵਰਗੀਆਂ ਬੇਸ਼ੁਮਾਰ ਜੀਉਂਦੀਆਂ ਚੀਜ਼ਾਂ ਨਾਲ ਭਰੀ ਹੋਈ ਹੈ ਜੋ ਪੌਦਿਆਂ ਦੀ ਉਪਜ ਵਿਚ ਮਿਲ ਕੇ ਸਹਾਇਤਾ ਕਰਦੀਆਂ ਹਨ।

      14. ਨਿੱਕੇ ਜਿਹੇ ਐਟਮ ਵਿਚ ਵੀ ਕਿਹੜੀ ਸ਼ਕਤੀ ਲੁਕੀ ਹੋਈ ਹੈ?

      14 ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਯਹੋਵਾਹ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ ਹੈ।’ (ਯਿਰਮਿਯਾਹ 10:12) ਪਰਮੇਸ਼ੁਰ ਦੀ ਸ਼ਕਤੀ ਉਸ ਦੁਆਰਾ ਸਭ ਤੋਂ ਛੋਟੀ ਸ੍ਰਿਸ਼ਟ ਕੀਤੀ ਗਈ ਚੀਜ਼ ਵਿਚ ਵੀ ਦੇਖੀ ਜਾ ਸਕਦੀ ਹੈ। ਮਿਸਾਲ ਲਈ ਜੇ ਤੁਸੀਂ 10 ਲੱਖ ਐਟਮਾਂ ਨੂੰ ਨਾਲੋ-ਨਾਲ ਰੱਖੋ, ਤਾਂ ਫਿਰ ਵੀ ਉਨ੍ਹਾਂ ਦੀ ਮੁਟਾਈ ਸਿਰ ਦੇ ਇਕ ਵਾਲ ਜਿੰਨੀ ਵੀ ਨਹੀਂ ਹੋਵੇਗੀ। ਜੇ ਅਜਿਹੇ ਇਕ ਐਟਮ ਨੂੰ 14 ਮੰਜ਼ਲੀ ਇਮਾਰਤ ਜਿੰਨਾ ਵੱਡਾ ਕਰ ਦਿੱਤਾ ਜਾਵੇ, ਤਾਂ ਵੀ ਉਸ ਦਾ ਨਿਊਕਲੀਅਸ ਲੂਣ ਦੇ ਇਕ ਦਾਣੇ ਜਿੱਡਾ ਹੋਵੇਗਾ। ਫਿਰ ਵੀ ਉਸ ਨਿੱਕੇ ਜਿਹੇ ਨਿਊਕਲੀਅਸ ਵਿਚ ਵਿਸ਼ਾਲ ਸ਼ਕਤੀ ਹੈ। ਅਜਿਹੀ ਸ਼ਕਤੀ ਜਿਸ ਨਾਲ ਵੱਡੇ-ਵੱਡੇ ਨਿਊਕਲੀ ਬੰਬ ਫਟਦੇ ਹਨ!

      ‘ਸਾਰੇ ਪ੍ਰਾਣੀ’ ਉਸ ਦੀ ਸ਼ਕਤੀ ਦਾ ਹੋਰ ਸਬੂਤ ਹਨ

      15. ਤਰ੍ਹਾਂ-ਤਰ੍ਹਾਂ ਦੇ ਜੰਗਲੀ ਜਾਨਵਰਾਂ ਦੀ ਗੱਲ ਕਰ ਕੇ ਯਹੋਵਾਹ ਨੇ ਅੱਯੂਬ ਨੂੰ ਕੀ ਸਿਖਾਇਆ ਸੀ?

      15 ਤਰ੍ਹਾਂ-ਤਰ੍ਹਾਂ ਦੇ ਬੇਸ਼ੁਮਾਰ ਜਾਨਵਰਾਂ ਤੋਂ ਸਾਨੂੰ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਦਾ ਇਕ ਹੋਰ ਵੱਡਾ ਸਬੂਤ ਮਿਲਦਾ ਹੈ। ਜ਼ਬੂਰ 148 ਵਿਚ ਸਾਨੂੰ ਯਹੋਵਾਹ ਦੀ ਉਸਤਤ ਕਰਨ ਵਾਲੀਆਂ ਚੀਜ਼ਾਂ ਦੀ ਸੂਚੀ ਮਿਲਦੀ ਹੈ ਅਤੇ 10ਵੀਂ ਆਇਤ ਵਿਚ ‘ਦਰਿੰਦਿਆਂ ਤੇ ਡੰਗਰਾਂ’ ਦੀ ਗੱਲ ਕੀਤੀ ਗਈ ਹੈ। ਲੋਕਾਂ ਨੂੰ ਸਿਖਾਉਣ ਲਈ ਕਿ ਉਨ੍ਹਾਂ ਦੇ ਦਿਲ ਵਿਚ ਆਪਣੇ ਕਰਤਾਰ ਲਈ ਸ਼ਰਧਾ ਕਿਉਂ ਹੋਣੀ ਚਾਹੀਦੀ ਹੈ, ਯਹੋਵਾਹ ਨੇ ਇਕ ਵਾਰ ਅੱਯੂਬ ਨਾਲ ਬਬਰ ਸ਼ੇਰ, ਜੰਗਲੀ ਗਧੇ ਤੇ ਸਾਨ੍ਹ, ਦਰਿਆਈ ਘੋੜੇ ਅਤੇ ਮਗਰਮੱਛ ਵਰਗੇ ਜਾਨਵਰਾਂ ਦੀ ਗੱਲ ਕੀਤੀ ਸੀ। ਉਸ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ? ਜੇਕਰ ਇਨ੍ਹਾਂ ਸ਼ਕਤੀਸ਼ਾਲੀ, ਡਰਾਉਣੇ ਅਤੇ ਜੰਗਲੀ ਜਾਨਵਰਾਂ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਜਾਂਦੇ ਹਨ, ਤਾਂ ਉਨ੍ਹਾਂ ਨੂੰ ਇਨ੍ਹਾਂ ਦੇ ਕਰਤਾਰ ਬਾਰੇ ਕਿਵੇਂ ਸੋਚਣਾ ਚਾਹੀਦਾ ਹੈ?​—ਅੱਯੂਬ ਦੇ 39 ਤੋਂ 41 ਅਧਿਆਇ।

      16. ਯਹੋਵਾਹ ਦੇ ਸ੍ਰਿਸ਼ਟ ਕੀਤੇ ਗਏ ਪੰਛੀਆਂ ਬਾਰੇ ਤੁਹਾਨੂੰ ਕਿਹੜੀਆਂ ਗੱਲਾਂ ਪਸੰਦ ਹਨ?

      16 ਜ਼ਬੂਰ 148:10 ਵਿਚ ‘ਪੰਖ ਪੰਛੀਆਂ’ ਦੀ ਵੀ ਗੱਲ ਕੀਤੀ ਗਈ ਹੈ। ਇਨ੍ਹਾਂ ਦੀਆਂ ਵੰਨ-ਸੁਵੰਨੀਆਂ ਕਿਸਮਾਂ ਬਾਰੇ ਜ਼ਰਾ ਸੋਚੋ! ਯਹੋਵਾਹ ਨੇ ਅੱਯੂਬ ਨੂੰ ਸ਼ੁਤਰਮੁਰਗ ਬਾਰੇ ਦੱਸਿਆ ਜੋ ‘ਘੋੜੇ ਤੇ ਉਸ ਦੇ ਅਸਵਾਰ ਉੱਤੇ ਹੱਸਦਾ ਹੈ।’ ਭਾਵੇਂ ਇਹ ਢਾਈ ਮੀਟਰ ਲੰਬਾ ਪੰਛੀ ਉੱਡ ਨਹੀਂ ਸਕਦਾ, ਪਰ ਇਹ 65 ਕਿਲੋਮੀਟਰ ਪ੍ਰਤਿ ਘੰਟੇ ਦੀ ਰਫ਼ਤਾਰ ਨਾਲ ਨੱਠ ਸਕਦਾ ਹੈ ਅਤੇ ਇੱਕੋ ਪੁਲਾਂਘ ਵਿਚ ਸਾਢੇ ਚਾਰ ਮੀਟਰ ਤੈ ਕਰ ਸਕਦਾ ਹੈ! (ਅੱਯੂਬ 39:13, 18) ਦੂਜੇ ਪਾਸੇ, ਐਲਬਾਟਰੋਸ ਨਾਂ ਦਾ ਪੰਛੀ ਤਕਰੀਬਨ ਆਪਣੀ ਪੂਰੀ ਜ਼ਿੰਦਗੀ ਸਮੁੰਦਰ ਉੱਤੇ ਉੱਡ ਕੇ ਗੁਜ਼ਾਰ ਦਿੰਦਾ ਹੈ। ਇਹ ਪੰਛੀ ਆਪਣੇ ਤਿੰਨ ਮੀਟਰ ਲੰਬੇ ਖੰਭ ਫੜਫੜਾਉਣ ਤੋਂ ਬਗੈਰ ਵੀ ਆਸਾਨੀ ਨਾਲ ਘੰਟਿਆਂ ਬੱਧੀ ਉੱਡ ਸਕਦਾ ਹੈ। ਸ਼ੁਤਰਮੁਰਗ ਤੇ ਐਲਬਾਟਰੋਸ ਤੋਂ ਐਨ ਉਲਟ ਬੀ ਹਮਿੰਗਬ੍ਰਡ ਨਾਂ ਦੀ ਚਿੜੀ ਸਿਰਫ਼ 2 ਇੰਚ ਲੰਬੀ ਹੁੰਦੀ ਹੈ। ਦੁਨੀਆਂ ਦੀ ਇਹ ਸਭ ਤੋਂ ਛੋਟੀ ਚਿੜੀ ਆਪਣੇ ਖੰਭ ਇਕ ਸਕਿੰਟ ਵਿਚ 80 ਵਾਰ ਫੜਫੜਾ ਸਕਦੀ ਹੈ! ਹੀਰਿਆਂ ਵਾਂਗ ਚਮਕਦੀਆਂ ਇਹ ਚਿੜੀਆਂ ਹੈਲੀਕਾਪਟਰਾਂ ਵਾਂਗ ਹਵਾ ਵਿਚ ਮੰਡਲਾ ਸਕਦੀਆਂ ਹਨ ਅਤੇ ਪਿਛਾਹਾਂ ਨੂੰ ਵੀ ਉੱਡ ਸਕਦੀਆਂ ਹਨ।

      17. ਨੀਲੀ ਵ੍ਹੇਲ ਮੱਛੀ ਕਿੰਨੀ ਕੁ ਵੱਡੀ ਹੁੰਦੀ ਹੈ ਅਤੇ ਯਹੋਵਾਹ ਦੇ ਸ੍ਰਿਸ਼ਟ ਕੀਤੇ ਹੋਏ ਜਾਨਵਰਾਂ ਬਾਰੇ ਸੋਚਣ ਤੋਂ ਬਾਅਦ ਅਸੀਂ ਕੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ?

      17 ਜ਼ਬੂਰਾਂ ਦੀ ਪੋਥੀ 148:7 ਵਿਚ ਲਿਖਿਆ ਹੈ ਕਿ ‘ਜਲ ਜੰਤੂ’ ਵੀ ਯਹੋਵਾਹ ਦੀ ਉਸਤਤ ਕਰਦੇ ਹਨ। ਆਓ ਹੁਣ ਆਪਾਂ ਨੀਲੀ ਵ੍ਹੇਲ ਮੱਛੀ ਬਾਰੇ ਗੱਲ ਕਰੀਏ ਜਿਸ ਨੂੰ ਕਈ ਲੋਕ ਧਰਤੀ ਤੇ ਸਭ ਤੋਂ ਵੱਡਾ ਜਾਨਵਰ ਕਹਿੰਦੇ ਹਨ। ਸਮੁੰਦਰ ਵਿਚ ਰਹਿਣ ਵਾਲਾ ਇਹ ਵੱਡਾ ਜਾਨਵਰ 30 ਮੀਟਰ ਤੋਂ ਜ਼ਿਆਦਾ ਲੰਬਾ ਹੋ ਸਕਦਾ ਹੈ। ਇਸ ਦਾ ਭਾਰ 30 ਹਾਥੀਆਂ ਜਿੰਨਾ ਹੋ ਸਕਦਾ ਹੈ। ਇਸ ਦੀ ਜੀਭ ਦਾ ਭਾਰ ਹੀ ਇਕ ਹਾਥੀ ਦੇ ਭਾਰ ਜਿੰਨਾ ਹੋ ਸਕਦਾ ਹੈ। ਇਸ ਦਾ ਦਿਲ ਇਕ ਛੋਟੀ ਕਾਰ ਜਿੱਡਾ ਹੈ। ਇਹ ਹਰ ਮਿੰਟ ਸਿਰਫ਼ 9 ਵਾਰ ਹੀ ਧੜਕਦਾ ਹੈ, ਜਦ ਕਿ ਹਮਿੰਗਬ੍ਰਡ ਦਾ ਦਿਲ ਹਰ ਮਿੰਟ 1,200 ਵਾਰ ਧੜਕ ਸਕਦਾ ਹੈ। ਨੀਲੀ ਵ੍ਹੇਲ ਮੱਛੀ ਦੀ ਖ਼ੂਨ ਦੀ ਇਕ ਨਾੜੀ ਇੰਨੀ ਵੱਡੀ ਹੈ ਕਿ ਇਕ ਨਿਆਣਾ ਉਸ ਦੇ ਅੰਦਰ ਰਿੜ੍ਹ ਸਕਦਾ ਹੈ। ਯਕੀਨਨ ਸਾਡਾ ਦਿਲ ਜ਼ਬੂਰਾਂ ਦੀ ਪੋਥੀ ਦੇ ਆਖ਼ਰੀ ਸ਼ਬਦ ਦੁਹਰਾਉਣ ਲਈ ਸਾਨੂੰ ਪ੍ਰੇਰਿਤ ਕਰਦਾ ਹੈ: “ਸਾਰੇ ਪ੍ਰਾਣੀਓ, ਯਹੋਵਾਹ ਦੀ ਉਸਤਤ ਕਰੋ! ਹਲਲੂਯਾਹ!”​—ਜ਼ਬੂਰਾਂ ਦੀ ਪੋਥੀ 150:6.

      ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਤੋਂ ਸਬਕ ਸਿੱਖੋ

      18, 19. ਧਰਤੀ ਉੱਤੇ ਯਹੋਵਾਹ ਨੇ ਕਿਹੋ ਜਿਹੀਆਂ ਵੰਨ-ਸੁਵੰਨੀਆਂ ਚੀਜ਼ਾਂ ਬਣਾਈਆਂ ਹਨ ਅਤੇ ਸ੍ਰਿਸ਼ਟੀ ਸਾਨੂੰ ਉਸ ਦੇ ਰਾਜ ਕਰਨ ਦੇ ਹੱਕ ਬਾਰੇ ਕੀ ਸਿਖਾਉਂਦੀ ਹੈ?

      18 ਯਹੋਵਾਹ ਜਿਸ ਤਰ੍ਹਾਂ ਸ੍ਰਿਸ਼ਟੀ ਵਿਚ ਆਪਣੀ ਸ਼ਕਤੀ ਨੂੰ ਵਰਤਦਾ ਹੈ, ਅਸੀਂ ਉਸ ਤੋਂ ਕੀ ਸਿੱਖਦੇ ਹਾਂ? ਅਸੀਂ ਉਸ ਦੀ ਸ੍ਰਿਸ਼ਟੀ ਦੀ ਵੰਨਸੁਵੰਨਤਾ ਦੇਖ ਕੇ ਹੱਕੇ-ਬੱਕੇ ਰਹਿ ਜਾਂਦੇ ਹਾਂ। ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ: “ਹੇ ਯਹੋਵਾਹ, . . . ਧਰਤੀ ਤੇਰੀਆਂ ਰਚਨਾਂ ਨਾਲ ਭਰੀ ਹੋਈ ਹੈ!” (ਜ਼ਬੂਰਾਂ ਦੀ ਪੋਥੀ 104:24) ਇਸ ਵਿਚ ਕਿੰਨੀ ਸੱਚਾਈ ਹੈ! ਜੀਵ-ਵਿਗਿਆਨੀਆਂ ਨੇ ਧਰਤੀ ਤੇ ਜੀਵ-ਜੰਤੂਆਂ ਦੀਆਂ 10 ਲੱਖ ਤੋਂ ਜ਼ਿਆਦਾ ਕਿਸਮਾਂ ਪਛਾਣੀਆਂ ਹਨ; ਪਰ ਕਈ ਕਹਿੰਦੇ ਹਨ ਕਿ ਜੀਵ-ਜੰਤੂਆਂ ਦੀਆਂ ਦੋ-ਤਿੰਨ ਕਰੋੜ ਜਾਂ ਇਸ ਤੋਂ ਵੀ ਜ਼ਿਆਦਾ ਕਿਸਮਾਂ ਹੋ ਸਕਦੀਆਂ ਹਨ। ਕਦੀ-ਕਦੀ ਇਕ ਮਾਨਵੀ ਕਲਾਕਾਰ ਸ਼ਾਇਦ ਦੇਖੇ ਕਿ ਉਸ ਨੂੰ ਕੁਝ ਨਵਾਂ ਨਹੀਂ ਸੁੱਝਦਾ। ਇਸ ਤੋਂ ਉਲਟ ਯਹੋਵਾਹ ਵਿਚ ਨਵੀਂਆਂ ਤੋਂ ਨਵੀਂਆਂ ਚੀਜ਼ਾਂ ਬਣਾਉਂਦੇ ਰਹਿਣ ਦੀ ਕਾਬਲੀਅਤ ਹੈ।

      19 ਅਸੀਂ ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਤੋਂ ਉਸ ਦੀ ਮਹਾਨਤਾ ਬਾਰੇ ਸਿੱਖਦੇ ਹਾਂ। “ਸ੍ਰਿਸ਼ਟੀਕਰਤਾ” ਹੋਣ ਦੇ ਨਾਤੇ ਯਹੋਵਾਹ ਵਿਸ਼ਵ ਦੀ ਹਰ “ਸ੍ਰਿਸ਼ਟ” ਕੀਤੀ ਗਈ ਚੀਜ਼ ਤੋਂ ਮਹਾਨ ਹੈ। ਮਿਸਾਲ ਲਈ, ਭਾਵੇਂ ਯਹੋਵਾਹ ਦੇ ਇਕਲੌਤੇ ਪੁੱਤਰ ਨੇ ਸਭ ਕੁਝ ਸ੍ਰਿਸ਼ਟ ਕੀਤੇ ਜਾਣ ਦੇ ਸਮੇਂ “ਰਾਜ ਮਿਸਤਰੀ” ਵਜੋਂ ਕੰਮ ਕੀਤਾ ਸੀ, ਫਿਰ ਵੀ ਉਸ ਨੂੰ ਬਾਈਬਲ ਵਿਚ ਕਦੇ ਵੀ ਸ੍ਰਿਸ਼ਟੀਕਰਤਾ ਨਹੀਂ ਸੱਦਿਆ ਗਿਆ। (ਕਹਾਉਤਾਂ 8:30; ਮੱਤੀ 19:4) ਇਸ ਦੀ ਬਜਾਇ ਉਹ ‘ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ।’ (ਕੁਲੁੱਸੀਆਂ 1:15) ਸਿਰਫ਼ ਯਹੋਵਾਹ ਹੀ ਸਿਰਜਣਹਾਰ ਹੈ, ਇਸ ਲਈ ਸਾਰੇ ਵਿਸ਼ਵ ਉੱਤੇ ਰਾਜ ਕਰਨ ਦਾ ਹੱਕ ਹੋਰ ਕਿਸੇ ਕੋਲ ਨਹੀਂ ਹੈ।​—ਰੋਮੀਆਂ 1:20; ਪਰਕਾਸ਼ ਦੀ ਪੋਥੀ 4:11.

      20. ਯਹੋਵਾਹ ਨੇ ਧਰਤੀ ਦੀ ਸ੍ਰਿਸ਼ਟੀ ਕਰਨ ਤੋਂ ਬਾਅਦ ਆਰਾਮ ਕਿਸ ਤਰ੍ਹਾਂ ਕੀਤਾ ਹੈ?

      20 ਕੀ ਯਹੋਵਾਹ ਨੇ ਆਪਣੀ ਸ੍ਰਿਸ਼ਟ ਕਰਨ ਦੀ ਸ਼ਕਤੀ ਵਰਤਣੀ ਬੰਦ ਕਰ ਦਿੱਤੀ ਹੈ? ਬਾਈਬਲ ਸਾਨੂੰ ਦੱਸਦੀ ਹੈ ਕਿ ਯਹੋਵਾਹ ਛੇਵੇਂ ਦਿਨ ਸ੍ਰਿਸ਼ਟੀ ਦਾ ਆਪਣਾ ਕੰਮ ਖ਼ਤਮ ਕਰ ਕੇ “ਸੱਤਵੇਂ ਦਿਨ ਆਪਣੇ ਸਾਰੇ ਕਾਰਜ ਤੋਂ ਜਿਹੜਾ ਉਸ ਨੇ ਬਣਾਇਆ ਸੀ ਵੇਹਲਾ ਹੋ ਗਿਆ।” (ਉਤਪਤ 2:2) ਪੌਲੁਸ ਰਸੂਲ ਨੇ ਸੰਕੇਤ ਕੀਤਾ ਕਿ ਇਹ ਸੱਤਵਾਂ “ਦਿਨ” ਕਈ ਹਜ਼ਾਰ ਸਾਲ ਲੰਬਾ ਸੀ, ਕਿਉਂਕਿ ਇਹ ਪੌਲੁਸ ਦੇ ਦਿਨ ਵਿਚ ਵੀ ਹਾਲੇ ਖ਼ਤਮ ਨਹੀਂ ਹੋਇਆ ਸੀ। (ਇਬਰਾਨੀਆਂ 4:3-6) ਕੀ ਇੱਥੇ ਆਰਾਮ ਕਰਨ ਦਾ ਮਤਲਬ ਇਹ ਹੈ ਕਿ ਯਹੋਵਾਹ ਨੇ ਕੰਮ ਕਰਨਾ ਹੀ ਛੱਡ ਦਿੱਤਾ ਸੀ? ਨਹੀਂ, ਯਹੋਵਾਹ ਕਦੇ ਕੰਮ ਕਰਨ ਤੋਂ ਨਹੀਂ ਹਟਦਾ। (ਜ਼ਬੂਰਾਂ ਦੀ ਪੋਥੀ 92:4; ਯੂਹੰਨਾ 5:17) ਤਾਂ ਫਿਰ ਉਸ ਦੇ ਆਰਾਮ ਕਰਨ ਦਾ ਮਤਲਬ ਇਹ ਸੀ ਕਿ ਉਸ ਨੇ ਧਰਤੀ ਉੱਤੇ ਨਵੀਂਆਂ ਚੀਜ਼ਾਂ ਬਣਾਉਣੀਆਂ ਬੰਦ ਕਰ ਦਿੱਤੀਆਂ ਸੀ। ਪਰ ਜੋ ਕੰਮ ਉਹ ਆਪਣਾ ਮਕਸਦ ਪੂਰਾ ਕਰਨ ਲਈ ਕਰਦਾ ਹੈ ਉਹ ਬਿਨਾਂ ਰੁਕੇ ਚੱਲ ਰਿਹਾ ਹੈ। ਇਸ ਕੰਮ ਵਿਚ ਪਵਿੱਤਰ ਆਤਮਾ ਦੁਆਰਾ ਬਾਈਬਲ ਲਿਖਵਾਈ ਜਾਣੀ ਸ਼ਾਮਲ ਹੈ। ਇਸ ਕੰਮ ਵਿਚ “ਨਵੀਂ ਸਰਿਸ਼ਟ” ਬਣਾਉਣੀ ਵੀ ਸ਼ਾਮਲ ਹੈ ਜਿਸ ਬਾਰੇ ਅਸੀਂ ਇਸ ਕਿਤਾਬ ਦੇ 19ਵੇਂ ਅਧਿਆਇ ਵਿਚ ਪੜ੍ਹਾਂਗੇ।​—2 ਕੁਰਿੰਥੀਆਂ 5:17.

      21. ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਦਾ ਵਫ਼ਾਦਾਰ ਇਨਸਾਨਾਂ ਉੱਤੇ ਸਦੀਪਕਾਲ ਲਈ ਕੀ ਪ੍ਰਭਾਵ ਹੋਣਾ ਹੈ?

      21 ਜਦੋਂ ਯਹੋਵਾਹ ਦਾ ਆਰਾਮ ਦਾ ਦਿਨ ਖ਼ਤਮ ਹੋਵੇਗਾ, ਤਾਂ ਉਹ ਧਰਤੀ ਤੇ ਆਪਣੇ ਸਾਰੇ ਕੰਮ ਦੇਖ ਕੇ “ਬਹੁਤ ਹੀ ਚੰਗਾ” ਕਹਿ ਸਕੇਗਾ, ਜਿਸ ਤਰ੍ਹਾਂ ਉਸ ਨੇ ਛੇਵੇਂ ਦਿਨ ਦੇ ਅਖ਼ੀਰ ਵਿਚ ਕਿਹਾ ਸੀ। (ਉਤਪਤ 1:31) ਉਸ ਤੋਂ ਬਾਅਦ ਉਹ ਆਪਣੀ ਸ੍ਰਿਸ਼ਟ ਕਰਨ ਦੀ ਸ਼ਕਤੀ ਨੂੰ ਕਿਸ ਤਰ੍ਹਾਂ ਵਰਤੇਗਾ ਆਪਾਂ ਉੱਥੇ ਪਹੁੰਚ ਕੇ ਹੀ ਦੇਖਾਂਗੇ। ਪਰ ਅਸੀਂ ਇਕ ਗੱਲ ਦਾ ਯਕੀਨ ਕਰ ਸਕਦੇ ਹਾਂ ਕਿ ਉਹ ਜਿਸ ਤਰ੍ਹਾਂ ਵੀ ਆਪਣੀ ਸ੍ਰਿਸ਼ਟ ਕਰਨ ਦੀ ਸ਼ਕਤੀ ਵਰਤੇਗਾ ਅਸੀਂ ਉਸ ਨੂੰ ਦੇਖ ਕੇ ਖ਼ੁਸ਼ ਹੋਵਾਂਗੇ। ਸਾਰੇ ਸਦੀਪਕਾਲ ਵਿਚ ਅਸੀਂ ਯਹੋਵਾਹ ਦੀ ਸ੍ਰਿਸ਼ਟੀ ਤੋਂ ਉਸ ਬਾਰੇ ਹੋਰ ਸਿੱਖ ਸਕਾਂਗੇ। (ਉਪਦੇਸ਼ਕ ਦੀ ਪੋਥੀ 3:11) ਜਿੰਨਾ ਜ਼ਿਆਦਾ ਅਸੀਂ ਉਸ ਬਾਰੇ ਸਿੱਖਾਂਗੇ ਉੱਨਾ ਹੀ ਜ਼ਿਆਦਾ ਸਾਡੇ ਦਿਲ ਉਸ ਲਈ ਸ਼ਰਧਾ ਨਾਲ ਭਰ ਜਾਣਗੇ ਅਤੇ ਅਸੀਂ ਆਪਣੇ ਮਹਾਂ ਕਰਤਾਰ ਦੇ ਹੋਰ ਵੀ ਨੇੜੇ ਹੋਵਾਂਗੇ।

      a ਇਸ ਵੱਡੇ ਫ਼ਾਸਲੇ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਮੰਨ ਲਓ ਕਿ ਤੁਸੀਂ ਕਿਸੇ ਟ੍ਰੇਨ ਜਾਂ ਕਾਰ ਵਿਚ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾ ਰਹੇ ਹੋ। ਜੇ ਤੁਸੀਂ ਹਰ ਰੋਜ਼ ਲਗਾਤਾਰ 24 ਘੰਟੇ ਚੱਲਦੇ ਜਾਓ, ਤਾਂ ਸੂਰਜ ਤਕ ਪਹੁੰਚਣ ਲਈ ਤੁਹਾਨੂੰ 100 ਤੋਂ ਜ਼ਿਆਦਾ ਸਾਲ ਲੱਗਣਗੇ!

      b ਕੁਝ ਲੋਕ ਮੰਨਦੇ ਹਨ ਕਿ ਬਾਈਬਲ ਦੇ ਜ਼ਮਾਨੇ ਦੇ ਲੋਕਾਂ ਨੇ ਕਿਸੇ ਪੁਰਾਣੇ ਕਿਸਮ ਦੀ ਦੂਰਬੀਨ ਵਰਤੀ ਹੋਣੀ ਸੀ। ਉਹ ਕਹਿੰਦੇ ਹਨ ਕਿ ਇਸ ਤੋਂ ਬਗੈਰ ਉਸ ਸਮੇਂ ਦੇ ਲੋਕ ਨਹੀਂ ਜਾਣ ਸਕਦੇ ਸਨ ਕਿ ਆਕਾਸ਼ ਵਿਚ ਅਣਗਿਣਤ ਤਾਰੇ ਹਨ। ਪਰ ਇਹ ਲੋਕ ਜਾਣਦੇ ਨਹੀਂ ਹਨ ਕਿ ਬਾਈਬਲ ਯਹੋਵਾਹ ਨੇ ਲਿਖਵਾਈ ਹੈ।​—2 ਤਿਮੋਥਿਉਸ 3:16.

      c ਜ਼ਰਾ ਸੋਚੋ ਕਿ ਤੁਹਾਨੂੰ ਇਕ ਖਰਬ ਤਾਰੇ ਗਿਣਨ ਲਈ ਕਿੰਨੀ ਦੇਰ ਲੱਗੇਗੀ। ਜੇ ਤੁਸੀਂ ਹਰ ਸਕਿੰਟ ਇਕ ਨਵਾਂ ਤਾਰਾ ਗਿਣ ਸਕੋ ਅਤੇ ਇਸ ਤਰ੍ਹਾਂ 24 ਘੰਟੇ ਗਿਣਦੇ ਰਹੋ, ਤਾਂ ਤੁਹਾਨੂੰ 3,171 ਸਾਲ ਲੱਗਣਗੇ!

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਜ਼ਬੂਰਾਂ ਦੀ ਪੋਥੀ 8:3-9 ਯਹੋਵਾਹ ਦੀ ਸ੍ਰਿਸ਼ਟੀ ਸਾਨੂੰ ਨਿਮਰਤਾ ਬਾਰੇ ਕਿਸ ਤਰ੍ਹਾਂ ਸਿਖਾਉਂਦੀ ਹੈ?

      • ਜ਼ਬੂਰਾਂ ਦੀ ਪੋਥੀ 19:1-6 ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਸਾਨੂੰ ਕੀ ਕਰਨ ਲਈ ਪ੍ਰੇਰਦੀ ਹੈ ਅਤੇ ਕਿਉਂ?

      • ਮੱਤੀ 6:25-34 ਯਹੋਵਾਹ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ ਬਾਰੇ ਧਿਆਨ ਨਾਲ ਸੋਚ ਕੇ ਅਸੀਂ ਚਿੰਤਾ ਕਰਨ ਤੋਂ ਮੁਕਤ ਕਿਵੇਂ ਹੋ ਸਕਦੇ ਹਾਂ ਅਤੇ ਆਪਣੀ ਜ਼ਿੰਦਗੀ ਵਿਚ ਸਹੀ ਚੀਜ਼ਾਂ ਨੂੰ ਪਹਿਲ ਕਿਵੇਂ ਦੇ ਸਕਦੇ ਹਾਂ?

      • ਰਸੂਲਾਂ ਦੇ ਕਰਤੱਬ 17:22-31 ਯਹੋਵਾਹ ਜਿਸ ਤਰ੍ਹਾਂ ਆਪਣੀ ਸ੍ਰਿਸ਼ਟ ਕਰਨ ਦੀ ਸ਼ਕਤੀ ਵਰਤਦਾ ਹੈ ਉਸ ਤੋਂ ਅਸੀਂ ਕਿਸ ਤਰ੍ਹਾਂ ਸਿੱਖਦੇ ਹਾਂ ਕਿ ਮੂਰਤੀ ਪੂਜਾ ਗ਼ਲਤ ਹੈ ਅਤੇ ਕਿ ਪਰਮੇਸ਼ੁਰ ਸਾਡੇ ਤੋਂ ਦੂਰ ਨਹੀਂ ਹੈ?

  • ਨਾਸ਼ ਕਰਨ ਦੀ ਸ਼ਕਤੀ—“ਯਹੋਵਾਹ ਜੋਧਾ ਪੁਰਸ਼ ਹੈ”
    ਯਹੋਵਾਹ ਦੇ ਨੇੜੇ ਰਹੋ
    • ਯਹੋਵਾਹ ਪਰਮੇਸ਼ੁਰ ਲਾਲ ਸਮੁੰਦਰ ਵਿਚ ਘਮੰਡੀ ਫ਼ਿਰਊਨ ਤੇ ਉਸ ਦੀ ਮਿਸਰੀ ਫ਼ੌਜ ਨੂੰ ਨਾਸ਼ ਕਰਦਾ ਹੈ

      ਛੇਵਾਂ ਅਧਿਆਇ

      ਨਾਸ਼ ਕਰਨ ਦੀ ਸ਼ਕਤੀ​—“ਯਹੋਵਾਹ ਜੋਧਾ ਪੁਰਸ਼ ਹੈ”

      1-3. (ੳ) ਇਸਰਾਏਲੀਆਂ ਨੂੰ ਮਿਸਰੀਆਂ ਦੇ ਹੱਥੋਂ ਕੀ ਖ਼ਤਰਾ ਸੀ? (ਅ) ਯਹੋਵਾਹ ਆਪਣੇ ਲੋਕਾਂ ਲਈ ਕਿਸ ਤਰ੍ਹਾਂ ਲੜਿਆ ਸੀ?

      ਇਸਰਾਏਲੀ ਬੁਰੀ ਤਰ੍ਹਾਂ ਫਸੇ ਹੋਏ ਸਨ। ਇਕ ਪਾਸੇ ਪਥਰੀਲੇ ਪਹਾੜ ਸਨ ਅਤੇ ਦੂਜੇ ਪਾਸੇ ਵਿਸ਼ਾਲ ਸਮੁੰਦਰ ਸੀ। ਮਿਸਰ ਦੀ ਬੇਰਹਿਮ ਫ਼ੌਜ ਸ਼ਿਕਾਰੀਆਂ ਵਾਂਗ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ ਅਤੇ ਉਨ੍ਹਾਂ ਨੂੰ ਤਬਾਹ ਕਰਨ ਤੇ ਤੁਲੀ ਹੋਈ ਸੀ।a ਇਸ ਦੇ ਬਾਵਜੂਦ ਮੂਸਾ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਕਿਹਾ ਕਿ ਉਹ ਹਿੰਮਤ ਨਾ ਹਾਰਨ। ਉਸ ਨੇ ਉਨ੍ਹਾਂ ਨੂੰ ਤਸੱਲੀ ਦਿੱਤੀ ਕਿ “ਯਹੋਵਾਹ ਤੁਹਾਡੇ ਲਈ ਜੰਗ ਕਰੇਗਾ।”​—ਕੂਚ 14:14.

      2 ਫਿਰ ਵੀ ਮੂਸਾ ਨੇ ਯਹੋਵਾਹ ਨੂੰ ਦੁਹਾਈ ਦਿੱਤੀ ਅਤੇ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੂੰ ਕਿਉਂ ਮੇਰੇ ਤਰਲੇ ਕਰਦਾ ਹੈਂ? . . . ਤੂੰ ਆਪਣਾ ਢਾਂਗਾ ਚੁੱਕ ਅਰ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਅਰ ਉਸ ਨੂੰ ਦੋ ਭਾਗ ਕਰ ਦੇਹ।” (ਕੂਚ 14:15, 16) ਆਪਣੇ ਮਨ ਦੀਆਂ ਅੱਖਾਂ ਨਾਲ ਦੇਖੋ ਕਿ ਅੱਗੇ ਕੀ ਹੋਇਆ। ਤੁਰੰਤ ਯਹੋਵਾਹ ਨੇ ਆਪਣੇ ਦੂਤ ਨੂੰ ਹੁਕਮ ਦਿੱਤਾ ਅਤੇ ਬੱਦਲ ਦਾ ਥੰਮ੍ਹ ਇਸਰਾਏਲੀਆਂ ਦੇ ਪਿੱਛੇ ਜਾ ਕੇ ਇਕ ਦੀਵਾਰ ਵਾਂਗ ਖੜ੍ਹਾ ਹੋ ਗਿਆ, ਜਿਸ ਕਾਰਨ ਮਿਸਰੀ ਉਨ੍ਹਾਂ ਉੱਤੇ ਹਮਲਾ ਕਰਨ ਲਈ ਅੱਗੇ ਨਹੀਂ ਵਧ ਸਕੇ। (ਕੂਚ 14:19, 20; ਜ਼ਬੂਰਾਂ ਦੀ ਪੋਥੀ 105:39) ਮੂਸਾ ਨੇ ਆਪਣਾ ਹੱਥ ਲੰਮਾ ਕੀਤਾ। ਤੇਜ਼ ਹਵਾ ਨੇ ਸਮੁੰਦਰ ਨੂੰ ਦੋ ਹਿੱਸਿਆਂ ਵਿਚ ਚੀਰ ਕੇ ਰੱਖ ਦਿੱਤਾ। ਪਾਣੀ ਦੋਹੀਂ ਪਾਸੀਂ ਜੰਮ ਕੇ ਕੰਧਾਂ ਵਾਂਗ ਖੜ੍ਹ ਗਿਆ ਅਤੇ ਇਸਰਾਏਲ ਦੀ ਪੂਰੀ ਕੌਮ ਲਈ ਵਿਚਾਲਿਓਂ ਲੰਘਣ ਦਾ ਰਾਹ ਬਣ ਗਿਆ!​—ਕੂਚ 14:21; 15:8.

      3 ਫ਼ਿਰਊਨ ਨੂੰ ਇਹ ਸ਼ਕਤੀਸ਼ਾਲੀ ਨਜ਼ਾਰਾ ਦੇਖ ਕੇ ਪਿੱਛੇ ਮੁੜ ਜਾਣਾ ਚਾਹੀਦਾ ਸੀ। ਇਸ ਦੀ ਬਜਾਇ ਉਸ ਘਮੰਡੀ ਰਾਜੇ ਨੇ ਆਪਣੀ ਫ਼ੌਜ ਨੂੰ ਹੁਕਮ ਦਿੱਤਾ ਕਿ ਉਹ ਅੱਗੇ ਵਧ ਕੇ ਹਮਲਾ ਕਰਨ। (ਕੂਚ 14:23) ਮਿਸਰੀ ਫ਼ੌਜ ਸੋਚੇ ਬਿਨਾਂ ਇਸਰਾਏਲੀਆਂ ਦਾ ਪਿੱਛਾ ਕਰਦੀ ਹੋਈ ਸਮੁੰਦਰ ਵਿਚ ਜਾ ਵੜੀ। ਪਰ ਮਿਸਰੀਆਂ ਵਿਚ ਹਫੜਾ-ਦਫੜੀ ਮੱਚ ਗਈ ਕਿਉਂਕਿ ਉਨ੍ਹਾਂ ਦੇ ਰਥਾਂ ਦੇ ਪਹੀਏ ਲੱਥਣ ਲੱਗ ਪਏ। ਜਦ ਇਸਰਾਏਲੀ ਸਹੀ-ਸਲਾਮਤ ਦੂਸਰੇ ਕਿਨਾਰੇ ਪਹੁੰਚ ਗਏ, ਤਾਂ ਯਹੋਵਾਹ ਨੇ ਮੂਸਾ ਨੂੰ ਕਿਹਾ: “ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ ਉਨ੍ਹਾਂ ਦੇ ਰਥਾਂ ਉੱਤੇ ਅਰ ਉਨ੍ਹਾਂ ਦੇ ਘੋੜ ਚੜ੍ਹਿਆਂ ਉੱਤੇ ਮੁੜ ਆਉਣ।” ਪਾਣੀ ਦੀਆਂ ਕੰਧਾਂ ਨੇ ਢਹਿ ਕੇ ਫ਼ਿਰਊਨ ਤੇ ਉਸ ਦੀਆਂ ਫ਼ੌਜਾਂ ਨੂੰ ਆਪਣੀਆਂ ਗਹਿਰਾਈਆਂ ਵਿਚ ਢੱਕ ਲਿਆ।​—ਕੂਚ 14:24-28; ਜ਼ਬੂਰਾਂ ਦੀ ਪੋਥੀ 136:15.

      ਲਾਲ ਸਮੁੰਦਰ ਤੇ ਯਹੋਵਾਹ ਨੇ ਆਪਣੇ ਆਪ ਨੂੰ “ਜੋਧਾ ਪੁਰਸ਼” ਸਾਬਤ ਕੀਤਾ

      4. (ੳ) ਲਾਲ ਸਮੁੰਦਰ ਦੀ ਘਟਨਾ ਦੌਰਾਨ ਯਹੋਵਾਹ ਨੇ ਆਪਣੇ ਆਪ ਨੂੰ ਕੀ ਸਾਬਤ ਕੀਤਾ ਸੀ? (ਅ) ਯਹੋਵਾਹ ਨੂੰ ਯੋਧਾ ਸੱਦਣ ਬਾਰੇ ਕੁਝ ਲੋਕਾਂ ਦਾ ਸ਼ਾਇਦ ਕੀ ਵਿਚਾਰ ਹੋ ਸਕਦਾ ਹੈ?

      4 ਇਤਿਹਾਸ ਦੌਰਾਨ ਪਰਮੇਸ਼ੁਰ ਮਨੁੱਖਜਾਤ ਲਈ ਵੱਡੇ-ਵੱਡੇ ਕੰਮ ਕਰਦਾ ਆਇਆ ਹੈ। ਲਾਲ ਸਮੁੰਦਰ ਵਿੱਚੋਂ ਇਸਰਾਏਲ ਕੌਮ ਦਾ ਬਚਾਅ ਇਤਿਹਾਸ ਦੀ ਇਕ ਅੱਤ ਮਹੱਤਵਪੂਰਣ ਘਟਨਾ ਸੀ। ਉਸ ਸਮੇਂ ਯਹੋਵਾਹ ਨੇ ਆਪਣੇ ਆਪ ਨੂੰ “ਜੋਧਾ ਪੁਰਸ਼” ਸਾਬਤ ਕੀਤਾ। (ਕੂਚ 15:3) ਯਹੋਵਾਹ ਨੂੰ ਯੋਧਾ ਸੱਦਣ ਬਾਰੇ ਤੁਹਾਡਾ ਕੀ ਵਿਚਾਰ ਹੈ? ਸੱਚ ਤਾਂ ਇਹ ਹੈ ਕਿ ਯੁੱਧਾਂ ਤੇ ਲੜਾਈਆਂ ਨੇ ਮਨੁੱਖਜਾਤ ਉੱਤੇ ਬਹੁਤ ਹੀ ਦੁੱਖ-ਤਕਲੀਫ਼ ਲਿਆਂਦੀ ਹੈ। ਤਾਂ ਫਿਰ ਕੀ ਪਰਮੇਸ਼ੁਰ ਦੀ ਨਾਸ਼ ਕਰਨ ਦੀ ਸ਼ਕਤੀ ਤੁਹਾਨੂੰ ਉਸ ਦੇ ਨੇੜੇ ਹੋਣ ਦੀ ਬਜਾਇ ਉਸ ਤੋਂ ਦੂਰ ਕਰਦੀ ਹੈ?

      ਪਰਮੇਸ਼ੁਰ ਦੀ ਜੰਗ ਤੇ ਮਨੁੱਖੀ ਜੰਗਾਂ

      5, 6. (ੳ) ਇਹ ਕਿਉਂ ਉਚਿਤ ਹੈ ਕਿ ਪਰਮੇਸ਼ੁਰ ਨੂੰ ‘ਸੈਨਾਂ ਦਾ ਯਹੋਵਾਹ’ ਸੱਦਿਆ ਗਿਆ ਹੈ? (ਅ) ਪਰਮੇਸ਼ੁਰ ਦੀ ਜੰਗ ਅਤੇ ਇਨਸਾਨਾਂ ਦੀ ਜੰਗ ਵਿਚ ਕੀ ਫ਼ਰਕ ਹੈ?

      5 ਬਾਈਬਲ ਵਿਚ ਤਕਰੀਬਨ ਤਿੰਨ ਸੌ ਵਾਰ ਪਰਮੇਸ਼ੁਰ ਨੂੰ ‘ਸੈਨਾਂ ਦਾ ਯਹੋਵਾਹ’ ਸੱਦਿਆ ਗਿਆ ਹੈ। (1 ਸਮੂਏਲ 1:11) ਅੱਤ ਮਹਾਨ ਪਰਮੇਸ਼ੁਰ ਹੋਣ ਕਰਕੇ ਯਹੋਵਾਹ ਦੇ ਅਧੀਨ ਦੂਤਾਂ ਦੀ ਵੱਡੀ ਸੈਨਾ ਹੈ। (ਯਹੋਸ਼ੁਆ 5:13-15; 1 ਰਾਜਿਆਂ 22:19) ਇਸ ਸੈਨਾ ਕੋਲ ਨਾਸ਼ ਕਰਨ ਦੀ ਵੱਡੀ ਸ਼ਕਤੀ ਹੈ। (ਯਸਾਯਾਹ 37:36) ਇਹ ਸੱਚ ਹੈ ਕਿ ਲੋਕਾਂ ਦੇ ਮਾਰੇ ਜਾਣ ਬਾਰੇ ਸੋਚ ਕੇ ਵੀ ਅਸੀਂ ਦੁਖੀ ਹੁੰਦੇ ਹਾਂ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਨਸਾਨ ਛੋਟੀਆਂ-ਛੋਟੀਆਂ ਗੱਲਾਂ ਤੇ ਲੜ ਪੈਂਦੇ ਹਨ, ਪਰ ਪਰਮੇਸ਼ੁਰ ਇਸ ਤਰ੍ਹਾਂ ਨਹੀਂ ਕਰਦਾ। ਸੈਨਿਕ ਅਤੇ ਸਿਆਸੀ ਨੇਤਾ ਤਾਂ ਹਮੇਸ਼ਾ ਇਹੀ ਕਹਿੰਦੇ ਹਨ ਕਿ ਉਹ ਚੰਗੇ ਕਾਰਨਾਂ ਕਰਕੇ ਲੜਾਈ ਕਰਦੇ ਹਨ। ਪਰ ਮਾਨਵੀ ਜੰਗਾਂ ਦਾ ਕਾਰਨ ਹਮੇਸ਼ਾ ਲੋਭ ਤੇ ਸੁਆਰਥ ਹੁੰਦਾ ਹੈ।

      6 ਇਨਸਾਨਾਂ ਤੋਂ ਉਲਟ ਯਹੋਵਾਹ ਜੋਸ਼ ਵਿਚ ਆ ਕੇ ਅੰਨ੍ਹੇਵਾਹ ਨਹੀਂ ਲੜਦਾ। ਬਿਵਸਥਾ ਸਾਰ 32:4 ਵਿਚ ਲਿਖਿਆ ਹੈ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” ਪਰਮੇਸ਼ੁਰ ਦੇ ਬਚਨ ਵਿਚ ਬੇਲਗਾਮ ਕ੍ਰੋਧ, ਬੇਰਹਿਮੀ ਅਤੇ ਹਿੰਸਾ ਨੂੰ ਨਿੰਦਿਆ ਗਿਆ ਹੈ। (ਉਤਪਤ 49:7; ਜ਼ਬੂਰਾਂ ਦੀ ਪੋਥੀ 11:5) ਇਸ ਕਰਕੇ ਅਸੀਂ ਜਾਣਦੇ ਹਾਂ ਕਿ ਯਹੋਵਾਹ ਬਿਨਾਂ ਵਜ੍ਹਾ ਕੁਝ ਨਹੀਂ ਕਰਦਾ। ਉਹ ਆਪਣੀ ਨਾਸ਼ ਕਰਨ ਦੀ ਸ਼ਕਤੀ ਨੂੰ ਸਰਫ਼ੇ ਨਾਲ ਅਤੇ ਸਿਰਫ਼ ਉਦੋਂ ਹੀ ਵਰਤਦਾ ਹੈ ਜਦੋਂ ਹੋਰ ਕੋਈ ਚਾਰਾ ਨਹੀਂ ਰਹਿੰਦਾ। ਹਿਜ਼ਕੀਏਲ ਰਾਹੀਂ ਉਸ ਨੇ ਇਹ ਗੱਲ ਸਪੱਸ਼ਟ ਕਰਵਾਈ ਸੀ: “ਪ੍ਰਭੁ ਯਹੋਵਾਹ ਦਾ ਵਾਕ ਹੈ, ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖ਼ੁਸ਼ੀ ਹੈ, ਅਤੇ ਏਸ ਵਿੱਚ ਨਹੀਂ ਕਿ ਉਹ ਆਪਣੇ ਮਾਰਗ ਤੋਂ ਮੁੜੇ ਅਤੇ ਜੀਉਂਦਾ ਰਹੇ?”​—ਹਿਜ਼ਕੀਏਲ 18:23.

      7, 8. (ੳ) ਅੱਯੂਬ ਨੂੰ ਆਪਣੀਆਂ ਤਕਲੀਫ਼ਾਂ ਬਾਰੇ ਕਿਹੜੀ ਗ਼ਲਤਫ਼ਹਿਮੀ ਸੀ? (ਅ) ਅਲੀਹੂ ਨੇ ਅੱਯੂਬ ਦੀ ਸੋਚਣੀ ਨੂੰ ਕਿਸ ਤਰ੍ਹਾਂ ਸੁਧਾਰਿਆ ਸੀ? (ੲ) ਅੱਯੂਬ ਦੇ ਤਜਰਬੇ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

      7 ਤਾਂ ਫਿਰ ਯਹੋਵਾਹ ਨਾਸ਼ ਕਰਨ ਦੀ ਸ਼ਕਤੀ ਕਿਉਂ ਵਰਤਦਾ ਹੈ? ਆਓ ਆਪਾਂ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਧਰਮੀ ਬੰਦੇ ਅੱਯੂਬ ਵੱਲ ਧਿਆਨ ਦੇਈਏ। ਸ਼ਤਾਨ ਨੇ ਯਹੋਵਾਹ ਨੂੰ ਲਲਕਾਰਿਆ ਸੀ ਕਿ ਅੱਯੂਬ ਜਾਂ ਹੋਰ ਕੋਈ ਵੀ ਇਨਸਾਨ ਅਜ਼ਮਾਇਸ਼ ਅਧੀਨ ਪਰਮੇਸ਼ੁਰ ਪ੍ਰਤੀ ਆਪਣੀ ਵਫ਼ਾਦਾਰੀ ਬਣਾਈ ਨਹੀਂ ਰੱਖ ਸਕਦਾ। ਇਸ ਲਲਕਾਰ ਦੇ ਜਵਾਬ ਵਿਚ ਯਹੋਵਾਹ ਨੇ ਸ਼ਤਾਨ ਨੂੰ ਇਜਾਜ਼ਤ ਦਿੱਤੀ ਕਿ ਉਹ ਅੱਯੂਬ ਨੂੰ ਅਜ਼ਮਾ ਕੇ ਵੇਖ ਲਵੇ। ਨਤੀਜੇ ਵਜੋਂ ਅੱਯੂਬ ਆਪਣੀ ਸਿਹਤ ਅਤੇ ਜਾਇਦਾਦ ਤੋਂ ਵਾਂਝਾ ਹੋ ਗਿਆ ਅਤੇ ਉਸ ਦੇ ਬੱਚੇ ਮੌਤ ਦੀ ਨੀਂਦ ਸੌਂ ਗਏ। (ਅੱਯੂਬ 1:1–2:8) ਅੱਯੂਬ ਨਹੀਂ ਜਾਣਦਾ ਸੀ ਕਿ ਉਸ ਨਾਲ ਇਸ ਤਰ੍ਹਾਂ ਕਿਉਂ ਬੀਤੀ ਸੀ ਅਤੇ ਉਸ ਨੂੰ ਗ਼ਲਤਫ਼ਹਿਮੀ ਸੀ ਕਿ ਯਹੋਵਾਹ ਉਸ ਨੂੰ ਬਿਨਾਂ ਕਿਸੇ ਕਾਰਨ ਸਜ਼ਾ ਦੇ ਰਿਹਾ ਸੀ। ਅੱਯੂਬ ਨੇ ਪਰਮੇਸ਼ੁਰ ਨੂੰ ਪੁੱਛਿਆ ਕਿ ਉਸ ਨੇ ਉਸ ਨੂੰ ਆਪਣਾ “ਨਿਸ਼ਾਨਾ” ਅਤੇ “ਵੈਰੀ” ਕਿਉਂ ਬਣਾਇਆ ਸੀ।​—ਅੱਯੂਬ 7:20; 13:24.

      8 ਅੱਯੂਬ ਦੇ ਇਕ ਸਾਥੀ ਅਲੀਹੂ ਨੇ ਅੱਯੂਬ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਦਿਲਾਇਆ: “ਤੈਂ ਆਖਿਆ, ਮੇਰਾ ਧਰਮ ਪਰਮੇਸ਼ੁਰ ਨਾਲੋਂ ਵਧੀਕ ਹੈਗਾ।” (ਅੱਯੂਬ 35:2) ਜੀ ਹਾਂ, ਇਸ ਤਰ੍ਹਾਂ ਸੋਚਣਾ ਮੂਰਖਤਾ ਹੈ ਕਿ ਅਸੀਂ ਪਰਮੇਸ਼ੁਰ ਤੋਂ ਵੱਧ ਜਾਣਦੇ ਹਾਂ ਜਾਂ ਕਿ ਉਸ ਨੇ ਬੇਇਨਸਾਫ਼ੀ ਕੀਤੀ ਹੈ। ਅਲੀਹੂ ਨੇ ਕਿਹਾ: “ਏਹ ਪਰਮੇਸ਼ੁਰ ਤੋਂ ਦੂਰ ਹੋਵੇ ਕਿ ਉਹ ਦੁਸ਼ਟਪੁਣਾ ਕਰੇ, ਨਾਲੇ ਸਰਬ ਸ਼ਕਤੀਮਾਨ ਤੋਂ ਕਿ ਉਹ ਬੁਰਿਆਈ ਕਰੇ।” ਬਾਅਦ ਵਿਚ ਉਸ ਨੇ ਕਿਹਾ: “ਸਰਬ ਸ਼ਕਤੀਮਾਨ ਨੂੰ ਆਪਾਂ ਲੱਭ ਨਹੀਂ ਸੱਕਦੇ, ਉਹ ਸ਼ਕਤੀ ਵਿੱਚ ਮਹਾਨ ਹੈਗਾ, ਉਹ ਨਿਆਉਂ ਅਤੇ ਧਰਮੀ ਦੀ ਵਾਫ਼ਰੀ ਨੂੰ ਨਿਰਬਲ ਨਹੀਂ ਕਰੂਗਾ।” (ਅੱਯੂਬ 34:10; 36:22, 23; 37:23) ਅਸੀਂ ਯਕੀਨ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਜਦੋਂ ਵੀ ਲੜਦਾ ਹੈ, ਤਾਂ ਉਹ ਸਹੀ ਕਾਰਨ ਕਰਕੇ ਲੜਦਾ ਹੈ। ਇਸ ਗੱਲ ਨੂੰ ਮਨ ਵਿਚ ਰੱਖ ਕੇ ਆਓ ਆਪਾਂ ਦੇਖੀਏ ਕਿ ਸ਼ਾਂਤੀ ਦਾ ਪਰਮੇਸ਼ੁਰ ਕਦੇ-ਕਦੇ ਯੋਧਾ ਪੁਰਸ਼ ਕਿਉਂ ਬਣ ਜਾਂਦਾ ਹੈ।​—1 ਕੁਰਿੰਥੀਆਂ 14:33.

      ਸ਼ਾਂਤੀ ਦਾ ਪਰਮੇਸ਼ੁਰ ਲੜਨ ਲਈ ਮਜਬੂਰ ਕਿਉਂ ਹੁੰਦਾ ਹੈ?

      9. ਸ਼ਾਂਤੀ ਦਾ ਪਰਮੇਸ਼ੁਰ ਲੜਦਾ ਕਿਉਂ ਹੈ?

      9 ਪਰਮੇਸ਼ੁਰ ਦੀ “ਜੋਧਾ ਪੁਰਸ਼” ਵਜੋਂ ਤਾਰੀਫ਼ ਕਰਨ ਤੋਂ ਬਾਅਦ ਮੂਸਾ ਨੇ ਕਿਹਾ: “ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ? ਕੌਣ ਹੈ ਤੇਰੇ ਵਰਗਾ ਪਵਿੱਤ੍ਰਤਾਈ ਵਿੱਚ ਪਰਤਾਪ ਵਾਲਾ?” (ਕੂਚ 15:11) ਹਬੱਕੂਕ ਨਬੀ ਨੇ ਵੀ ਕੁਝ ਇਸ ਤਰ੍ਹਾਂ ਦਾ ਲਿਖਿਆ ਸੀ: “ਤੂੰ ਜਿਹ ਦੀਆਂ ਅੱਖਾਂ ਬਦੀ ਦੇ ਵੇਖਣ ਨਾਲੋਂ ਸ਼ੁੱਧ ਹਨ, ਜੋ ਅਨ੍ਹੇਰ ਉੱਤੇ ਨਿਗਾਹ ਨਹੀਂ ਰੱਖ ਸੱਕਦਾ।” (ਹਬੱਕੂਕ 1:13) ਯਹੋਵਾਹ ਪ੍ਰੇਮ ਦਾ ਪਰਮੇਸ਼ੁਰ ਹੋਣ ਦੇ ਨਾਲ-ਨਾਲ ਪਵਿੱਤਰਤਾ, ਧਾਰਮਿਕਤਾ ਅਤੇ ਇਨਸਾਫ਼ ਦਾ ਵੀ ਪਰਮੇਸ਼ੁਰ ਹੈ। ਕਦੀ-ਕਦੀ ਅਜਿਹੇ ਗੁਣ ਉਸ ਨੂੰ ਆਪਣੀ ਨਾਸ਼ ਕਰਨ ਦੀ ਸ਼ਕਤੀ ਵਰਤਣ ਲਈ ਮਜਬੂਰ ਕਰ ਦਿੰਦੇ ਹਨ। (ਯਸਾਯਾਹ 59:15-19; ਲੂਕਾ 18:7) ਸੋ ਪਰਮੇਸ਼ੁਰ ਲੜਾਈ ਕਰ ਕੇ ਆਪਣੀ ਪਵਿੱਤਰਤਾ ਤੇ ਕਲੰਕ ਨਹੀਂ ਲਗਾਉਂਦਾ। ਇਸ ਦੀ ਬਜਾਇ ਉਹ ਪਵਿੱਤਰ ਹੋਣ ਕਰਕੇ ਲੜਦਾ ਹੈ।​—ਲੇਵੀਆਂ 19:2.

      10. (ੳ) ਪਹਿਲੀ ਵਾਰ ਪਰਮੇਸ਼ੁਰ ਨੂੰ ਕਦੋਂ ਅਤੇ ਕਿਉਂ ਲੜਾਈ ਲੜਨ ਦੀ ਲੋੜ ਪਈ ਸੀ? (ਅ) ਉਤਪਤ 3:15 ਵਿਚ ਦੱਸਿਆ ਗਿਆ ਵੈਰ ਸਿਰਫ਼ ਕਿਸ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਹੈ ਅਤੇ ਧਰਮੀ ਇਨਸਾਨਾਂ ਨੂੰ ਇਸ ਦੇ ਕੀ ਫ਼ਾਇਦੇ ਹੋਣਗੇ?

      10 ਹੁਣ ਉਸ ਸਮੇਂ ਬਾਰੇ ਜ਼ਰਾ ਸੋਚੋ ਜਦੋਂ ਪਹਿਲੇ ਜੋੜੇ ਆਦਮ ਤੇ ਹੱਵਾਹ ਨੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਸੀ। (ਉਤਪਤ 3:1-6) ਜੇ ਯਹੋਵਾਹ ਨੇ ਉਨ੍ਹਾਂ ਦਾ ਪਾਪ ਬਰਦਾਸ਼ਤ ਕਰ ਲਿਆ ਹੁੰਦਾ, ਤਾਂ ਉਸ ਨੇ ਅੱਤ ਮਹਾਨ ਹੋਣ ਦੇ ਆਪਣੇ ਅਧਿਕਾਰ ਨੂੰ ਕਮਜ਼ੋਰ ਕਰ ਦੇਣਾ ਸੀ। ਧਰਮੀ ਪਰਮੇਸ਼ੁਰ ਹੋਣ ਦੇ ਕਾਰਨ ਉਸ ਨੂੰ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣੀ ਪਈ ਸੀ। (ਰੋਮੀਆਂ 6:23) ਬਾਈਬਲ ਦੀ ਪਹਿਲੀ ਭਵਿੱਖਬਾਣੀ ਵਿਚ ਪਰਮੇਸ਼ੁਰ ਨੇ ਦੱਸਿਆ ਸੀ ਕਿ ਉਸ ਦੇ ਸੇਵਕਾਂ ਅਤੇ “ਸੱਪ” ਦੇ ਸੇਵਕਾਂ ਦਰਮਿਆਨ ਵੈਰ ਹੋਵੇਗਾ। (ਪਰਕਾਸ਼ ਦੀ ਪੋਥੀ 12:9; ਉਤਪਤ 3:15) ਅਖ਼ੀਰ ਵਿਚ ਇਹ ਵੈਰ ਸਿਰਫ਼ “ਸੱਪ” ਯਾਨੀ ਸ਼ਤਾਨ ਦਾ ਸਿਰ ਕੁਚਲਣ ਨਾਲ ਹੀ ਖ਼ਤਮ ਹੋਵੇਗਾ। (ਰੋਮੀਆਂ 16:20) ਇਸ ਸਜ਼ਾ ਦੇ ਨਤੀਜੇ ਵਜੋਂ ਧਰਮੀ ਇਨਸਾਨਾਂ ਨੂੰ ਬਰਕਤਾਂ ਮਿਲਣਗੀਆਂ ਅਤੇ ਧਰਤੀ ਉੱਤੇ ਸ਼ਤਾਨੀ ਦਬਦਬਾ ਮਿਟਾਇਆ ਜਾਵੇਗਾ। ਇਸ ਦੇ ਨਾਲ-ਨਾਲ ਸਾਰੀ ਧਰਤੀ ਫਿਰਦੌਸ ਵਿਚ ਬਦਲੀ ਜਾਵੇਗੀ। (ਮੱਤੀ 19:28) ਉਸ ਸਮੇਂ ਤਕ ਸ਼ਤਾਨ ਦਾ ਪੱਖ ਪੂਰਨ ਵਾਲੇ ਇਨਸਾਨ ਪਰਮੇਸ਼ੁਰ ਦੇ ਲੋਕਾਂ ਨੂੰ ਸਰੀਰਕ ਅਤੇ ਰੂਹਾਨੀ ਤੌਰ ਤੇ ਹਾਨੀ ਪਹੁੰਚਾਉਂਦੇ ਰਹਿਣਗੇ। ਇਸ ਲਈ ਸਮੇਂ-ਸਮੇਂ ਤੇ ਯਹੋਵਾਹ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਦਖ਼ਲ ਦੇਣੀ ਪਵੇਗੀ।

      ਪਰਮੇਸ਼ੁਰ ਦੁਸ਼ਟਤਾ ਨੂੰ ਖ਼ਤਮ ਕਰਨ ਲਈ ਕਦਮ ਚੁੱਕਦਾ ਹੈ

      11. ਯਹੋਵਾਹ ਜਲ-ਪਰਲੋ ਲਿਆਉਣ ਲਈ ਮਜਬੂਰ ਕਿਉਂ ਹੋਇਆ ਸੀ?

      11 ਪਰਮੇਸ਼ੁਰ ਦੁਆਰਾ ਦੁਸ਼ਟਤਾ ਨੂੰ ਖ਼ਤਮ ਕਰਨ ਦੀ ਇਕ ਉਦਾਹਰਣ ਨੂਹ ਦੇ ਸਮੇਂ ਦੀ ਜਲ-ਪਰਲੋ ਹੈ। ਉਤਪਤ 6:11, 12 ਵਿਚ ਲਿਖਿਆ ਹੈ: “ਧਰਤੀ ਪਰਮੇਸ਼ੁਰ ਦੇ ਅੱਗੇ ਬਿਗੜੀ ਹੋਈ ਸੀ ਅਰ ਧਰਤੀ ਜ਼ੁਲਮ ਨਾਲ ਭਰੀ ਹੋਈ ਸੀ। ਤਾਂ ਪਰਮੇਸ਼ੁਰ ਨੇ ਧਰਤੀ ਨੂੰ ਡਿੱਠਾ ਅਤੇ ਵੇਖੋ ਉਹ ਬਿਗੜੀ ਹੋਈ ਸੀ ਕਿਉਂਜੋ ਸਾਰੇ ਸਰੀਰਾਂ ਨੇ ਆਪਣੇ ਮਾਰਗ ਨੂੰ ਧਰਤੀ ਉੱਤੇ ਬਿਗਾੜ ਲਿਆ ਸੀ।” ਕੀ ਪਰਮੇਸ਼ੁਰ ਨੇ ਬੁਰਿਆਂ ਲੋਕਾਂ ਦੇ ਹੱਥੋਂ ਹਰ ਨੇਕ ਇਨਸਾਨ ਨੂੰ ਖ਼ਤਮ ਹੋ ਲੈਣ ਦੇਣਾ ਸੀ? ਨਹੀਂ, ਉਸ ਨੇ ਇਸ ਤਰ੍ਹਾਂ ਨਹੀਂ ਹੋਣ ਦਿੱਤਾ। ਯਹੋਵਾਹ ਜਲ-ਪਰਲੋ ਲਿਆਉਣ ਲਈ ਮਜਬੂਰ ਹੋਇਆ ਤਾਂਕਿ ਉਹ ਧਰਤੀ ਨੂੰ ਉਨ੍ਹਾਂ ਲੋਕਾਂ ਤੋਂ ਮੁਕਤ ਕਰੇ ਜੋ ਬੁਰਾਈ ਅਤੇ ਜ਼ੁਲਮ ਕਰਨ ਉੱਤੇ ਤੁਲੇ ਹੋਏ ਸਨ।

      12. (ੳ) ਯਹੋਵਾਹ ਨੇ ਅਬਰਾਹਾਮ ਦੀ “ਅੰਸ” ਬਾਰੇ ਕੀ ਦੱਸਿਆ ਸੀ? (ਅ) ਅਮੋਰੀ ਲੋਕ ਆਪਣੇ ਦੇਸ਼ ਵਿੱਚੋਂ ਕਿਉਂ ਕੱਢੇ ਗਏ ਸਨ?

      12 ਪਰਮੇਸ਼ੁਰ ਨੇ ਕਨਾਨੀਆਂ ਨੂੰ ਵੀ ਅਜਿਹੀ ਸਜ਼ਾ ਦਿੱਤੀ ਸੀ। ਯਹੋਵਾਹ ਨੇ ਦੱਸਿਆ ਸੀ ਕਿ ਅਬਰਾਹਾਮ ਦੀ “ਅੰਸ” ਰਾਹੀਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤਾਂ ਪਾਉਣਗੀਆਂ। ਇਸ ਮਕਸਦ ਨੂੰ ਪੂਰਾ ਕਰਨ ਲਈ ਪਰਮੇਸ਼ੁਰ ਨੇ ਫ਼ੈਸਲਾ ਕੀਤਾ ਕਿ ਕਨਾਨ ਦੇਸ਼ ਅਬਰਾਹਾਮ ਦੀ ਔਲਾਦ ਨੂੰ ਦਿੱਤਾ ਜਾਵੇਗਾ। ਇਸ ਦੇਸ਼ ਵਿਚ ਅਮੋਰੀ ਲੋਕ ਰਹਿੰਦੇ ਸਨ। ਕੀ ਇਹ ਜਾਇਜ਼ ਸੀ ਕਿ ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢ ਦੇਵੇ? ਯਹੋਵਾਹ ਨੇ ਤਕਰੀਬਨ 400 ਸਾਲ ਪਹਿਲਾਂ ਹੀ ਦੱਸਿਆ ਸੀ ਕਿ ‘ਅਮੋਰੀਆਂ ਦੀ ਬੁਰਿਆਈ ਪੂਰੀ’ ਹੋਣ ਤੇ ਹੀ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚੋਂ ਕੱਢਿਆ ਜਾਵੇਗਾ।b (ਉਤਪਤ 12:1-3; 13:14, 15; 15:13, 16; 22:18) ਉਸ ਸਮੇਂ ਦੌਰਾਨ ਅਮੋਰੀ ਲੋਕ ਬਦਚਲਣੀ ਦੀ ਹਰ ਹੱਦ ਪਾਰ ਕਰ ਗਏ ਸਨ। ਕਨਾਨ ਦੇਸ਼ ਮੂਰਤੀ ਪੂਜਾ, ਖ਼ੂਨ-ਖ਼ਰਾਬੇ ਅਤੇ ਗੰਦਿਆਂ ਕੰਮਾਂ ਨਾਲ ਭਰ ਗਿਆ ਸੀ। (ਕੂਚ 23:24; 34:12, 13; ਗਿਣਤੀ 33:52) ਉਸ ਦੇਸ਼ ਦੇ ਵਾਸੀਆਂ ਨੇ ਤਾਂ ਆਪਣੇ ਬੱਚਿਆਂ ਦੀਆਂ ਬਲੀਆਂ ਵੀ ਚੜ੍ਹਾਈਆਂ ਸਨ। ਕੀ ਪਵਿੱਤਰ ਪਰਮੇਸ਼ੁਰ ਆਪਣੇ ਲੋਕਾਂ ਨੂੰ ਅਜਿਹੀ ਦੁਸ਼ਟਤਾ ਵਿਚ ਵਸਾ ਸਕਦਾ ਸੀ? ਨਹੀਂ! ਉਸ ਨੇ ਕਿਹਾ: “ਧਰਤੀ ਭੀ ਅਸ਼ੁੱਧ ਹੋਈ ਹੈ, ਏਸ ਲਈ ਮੈਂ ਉਸ ਦੀ ਬਦੀ ਦਾ ਵੱਟਾ ਉਸ ਤੋਂ ਲੈਂਦਾ ਹਾਂ ਅਤੇ ਧਰਤੀ ਭੀ ਆਪਣੇ ਵਾਸੀਆਂ ਨੂੰ ਉਗਲਾਛ ਦਿੰਦੀ ਹੈ।” (ਲੇਵੀਆਂ 18:21-25) ਪਰ ਯਹੋਵਾਹ ਨੇ ਲੋਕਾਂ ਨੂੰ ਅੰਨ੍ਹੇਵਾਹ ਤਬਾਹ ਨਹੀਂ ਕੀਤਾ ਸੀ। ਰਾਹਾਬ ਤੇ ਗਿਬਓਨੀਆਂ ਵਰਗੇ ਕਨਾਨੀ ਲੋਕ ਜੋ ਸਹੀ ਰਾਹ ਉੱਤੇ ਚੱਲਣਾ ਚਾਹੁੰਦੇ ਸਨ, ਬਚਾਏ ਗਏ ਸਨ।​—ਯਹੋਸ਼ੁਆ 6:25; 9:3-27.

      ਪਰਮੇਸ਼ੁਰ ਆਪਣੇ ਨਾਂ ਲਈ ਲੜਿਆ

      13, 14. (ੳ) ਯਹੋਵਾਹ ਨੂੰ ਆਪਣੀ ਬਦਨਾਮੀ ਦੂਰ ਕਰਨ ਲਈ ਕੁਝ ਕਰਨਾ ਕਿਉਂ ਪਿਆ ਸੀ? (ਅ) ਯਹੋਵਾਹ ਨੇ ਆਪਣੀ ਬਦਨਾਮੀ ਕਿਵੇਂ ਦੂਰ ਕੀਤੀ ਸੀ?

      13 ਯਹੋਵਾਹ ਪਵਿੱਤਰ ਹੈ, ਇਸ ਲਈ ਉਸ ਦਾ ਨਾਂ ਵੀ ਪਵਿੱਤਰ ਹੈ। (ਲੇਵੀਆਂ 22:32) ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਦੁਆ ਕਰਨੀ ਸਿਖਾਈ ਸੀ: “ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਅਦਨ ਦੇ ਬਾਗ਼ ਵਿਚ ਜਦ ਬਗਾਵਤ ਹੋਈ ਸੀ, ਤਾਂ ਪਰਮੇਸ਼ੁਰ ਨੂੰ ਬਦਨਾਮ ਕੀਤਾ ਗਿਆ ਸੀ ਅਤੇ ਉਸ ਦੇ ਰਾਜ ਕਰਨ ਦੇ ਤਰੀਕੇ ਬਾਰੇ ਸ਼ੱਕ ਪੈਦਾ ਕੀਤੇ ਗਏ ਸਨ। ਯਹੋਵਾਹ ਅਜਿਹੀ ਬਦਨਾਮੀ ਅਤੇ ਬਗਾਵਤ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ। ਉਸ ਨੂੰ ਆਪਣੀ ਇਸ ਬਦਨਾਮੀ ਨੂੰ ਦੂਰ ਕਰਨ ਲਈ ਕੁਝ ਕਰਨਾ ਪਿਆ ਸੀ।​—ਯਸਾਯਾਹ 48:11.

      14 ਆਓ ਆਪਾਂ ਫਿਰ ਤੋਂ ਇਸਰਾਏਲੀਆਂ ਉੱਤੇ ਗੌਰ ਕਰੀਏ। ਜਦ ਤਕ ਉਹ ਮਿਸਰ ਵਿਚ ਗ਼ੁਲਾਮ ਸਨ, ਅਬਰਾਹਾਮ ਨਾਲ ਕੀਤਾ ਗਿਆ ਪਰਮੇਸ਼ੁਰ ਦਾ ਵਾਅਦਾ ਕਿ ਉਸ ਦੀ ਅੰਸ ਦੇ ਜ਼ਰੀਏ ਧਰਤੀ ਦੇ ਸਾਰੇ ਲੋਕ ਬਰਕਤ ਪਾਉਣਗੇ ਖੋਖਲਾ ਸੀ। ਪਰ ਉਨ੍ਹਾਂ ਨੂੰ ਮਿਸਰ ਤੋਂ ਛੁਡਾ ਕੇ ਅਤੇ ਇਕ ਕੌਮ ਵਜੋਂ ਸਥਾਪਿਤ ਕਰ ਕੇ ਯਹੋਵਾਹ ਨੇ ਆਪਣੀ ਬਦਨਾਮੀ ਦੂਰ ਕੀਤੀ। ਇਸੇ ਕਰਕੇ ਦਾਨੀਏਲ ਨਬੀ ਪ੍ਰਾਰਥਨਾ ਵਿਚ ਕਹਿ ਸਕਿਆ: ‘ਹੇ ਪ੍ਰਭੁ ਸਾਡੇ ਪਰਮੇਸ਼ੁਰ, ਤੈਂ ਬਲ ਵਾਲੀ ਬਾਂਹ ਨਾਲ ਆਪਣੀ ਪਰਜਾ ਨੂੰ ਮਿਸਰ ਦੇ ਦੇਸ ਵਿੱਚੋਂ ਬਾਹਰ ਕੱਢ ਲਿਆਂਦਾ ਅਤੇ ਤੈਂ ਆਪਣਾ ਨਾਮ ਵੱਡਾ ਕੀਤਾ।’​—ਦਾਨੀਏਲ 9:15.

      15. ਯਹੋਵਾਹ ਨੇ ਯਹੂਦੀਆਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਕਿਉਂ ਛੁਡਾਇਆ ਸੀ?

      15 ਦਿਲਚਸਪੀ ਦੀ ਗੱਲ ਹੈ ਕਿ ਦਾਨੀਏਲ ਨੇ ਯਹੋਵਾਹ ਨੂੰ ਇਸ ਤਰ੍ਹਾਂ ਦੁਆ ਉਦੋਂ ਕੀਤੀ ਸੀ ਜਦੋਂ ਯਹੂਦੀ ਚਾਹੁੰਦੇ ਸਨ ਕਿ ਪਰਮੇਸ਼ੁਰ ਆਪਣੇ ਨਾਂ ਵਾਸਤੇ ਉਨ੍ਹਾਂ ਦੀ ਮਦਦ ਕਰੇ। ਉਸ ਸਮੇਂ ਅਣਆਗਿਆਕਾਰ ਯਹੂਦੀ ਬਾਬਲ ਵਿਚ ਗ਼ੁਲਾਮ ਸਨ। ਉਨ੍ਹਾਂ ਦੀ ਰਾਜਧਾਨੀ, ਯਰੂਸ਼ਲਮ ਤਬਾਹ ਹੋਈ ਪਈ ਸੀ। ਦਾਨੀਏਲ ਜਾਣਦਾ ਸੀ ਕਿ ਜੇ ਯਹੂਦੀ ਆਪਣੇ ਦੇਸ਼ ਮੁੜ ਸਕਣ, ਤਾਂ ਇਸ ਨਾਲ ਯਹੋਵਾਹ ਦੇ ਨਾਂ ਦੀ ਵਡਿਆਈ ਹੋਵੇਗੀ। ਇਸ ਕਰਕੇ ਦਾਨੀਏਲ ਨੇ ਪ੍ਰਾਰਥਨਾ ਕੀਤੀ: “ਹੇ ਪ੍ਰਭੁ, ਬਖ਼ਸ਼ ਦੇਹ! ਹੇ ਪ੍ਰਭੁ, ਸੁਣ ਲੈ ਅਤੇ ਕੰਮ ਕਰ! ਹੇ ਮੇਰੇ ਪਰਮੇਸ਼ੁਰ, ਆਪਣੇ ਹੀ ਲਈ ਢਿਲ ਨਾ ਲਾ ਇਸ ਲਈ ਜੋ ਤੇਰਾ ਸ਼ਹਿਰ ਅਤੇ ਤੇਰੀ ਪਰਜਾ ਤੇਰੇ ਨਾਮ ਦੀ ਸਦਾਉਂਦੀ ਹੈ।”​—ਦਾਨੀਏਲ 9:18, 19.

      ਪਰਮੇਸ਼ੁਰ ਆਪਣੇ ਲੋਕਾਂ ਵਾਸਤੇ ਲੜਿਆ

      16. ਜਦ ਯਹੋਵਾਹ ਆਪਣੇ ਨਾਂ ਦੇ ਵਾਸਤੇ ਕੁਝ ਕਰਦਾ ਹੈ, ਤਾਂ ਕੀ ਇਸ ਦਾ ਮਤਲਬ ਇਹ ਹੈ ਕਿ ਉਹ ਮਤਲਬੀ ਹੈ ਜਾਂ ਉਸ ਨੂੰ ਆਪਣੀ ਹੀ ਪਈ ਰਹਿੰਦੀ ਹੈ?

      16 ਜਦ ਯਹੋਵਾਹ ਆਪਣੇ ਨਾਂ ਵਾਸਤੇ ਕੁਝ ਕਰਦਾ ਹੈ, ਤਾਂ ਕੀ ਇਸ ਦਾ ਮਤਲਬ ਹੈ ਕਿ ਉਹ ਮਤਲਬੀ ਹੈ ਤੇ ਉਸ ਨੂੰ ਆਪਣੀ ਹੀ ਪਈ ਰਹਿੰਦੀ ਹੈ? ਨਹੀਂ, ਇਸ ਤਰ੍ਹਾਂ ਨਹੀਂ ਹੈ ਕਿਉਂਕਿ ਜਦ ਉਹ ਆਪਣੀ ਪਵਿੱਤਰਤਾ ਅਤੇ ਆਪਣੇ ਇਨਸਾਫ਼ ਦੇ ਮੁਤਾਬਕ ਕੁਝ ਕਰਦਾ ਹੈ, ਤਾਂ ਇਸ ਨਾਲ ਉਹ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ। ਜ਼ਰਾ ਉਤਪਤ ਦੇ 14ਵੇਂ ਅਧਿਆਇ ਉੱਤੇ ਗੌਰ ਕਰੋ। ਇਸ ਵਿਚ ਅਸੀਂ ਚਾਰ ਰਾਜਿਆਂ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੇ ਹਮਲਾ ਕਰ ਕੇ ਅਬਰਾਹਾਮ ਦੇ ਭਤੀਜੇ ਲੂਤ ਤੇ ਉਸ ਦੇ ਟੱਬਰ ਨੂੰ ਅਗਵਾ ਕਰ ਲਿਆ ਸੀ। ਪਰਮੇਸ਼ੁਰ ਦੀ ਮਦਦ ਨਾਲ ਅਬਰਾਹਾਮ ਨੇ ਉਨ੍ਹਾਂ ਰਾਜਿਆਂ ਅਤੇ ਉਨ੍ਹਾਂ ਦੀ ਸ਼ਕਤੀਸ਼ਾਲੀ ਸੈਨਾ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ! ਇਹ ਸ਼ਾਇਦ ਪਹਿਲੀ ਜਿੱਤ ਸੀ ਜੋ “ਯਹੋਵਾਹ ਦੇ ਜੰਗ ਨਾਮੇ” ਵਿਚ ਦਰਜ ਕੀਤੀ ਗਈ ਸੀ। ਇਸ ਜੰਗ ਨਾਮੇ ਵਿਚ ਹੋਰ ਵੀ ਸੈਨਿਕ ਕਾਰਵਾਈਆਂ ਲਿਖੀਆਂ ਗਈਆਂ ਸਨ ਜਿਨ੍ਹਾਂ ਬਾਰੇ ਬਾਈਬਲ ਵਿਚ ਨਹੀਂ ਦੱਸਿਆ ਗਿਆ। (ਗਿਣਤੀ 21:14) ਇਸ ਜਿੱਤ ਤੋਂ ਬਾਅਦ ਯਹੋਵਾਹ ਨੇ ਹੋਰ ਕਈ ਲੜਾਈਆਂ ਜਿੱਤੀਆਂ ਸਨ।

      17. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਇਸਰਾਏਲੀਆਂ ਦੇ ਕਨਾਨ ਦੇਸ਼ ਵਿਚ ਦਾਖ਼ਲ ਹੋਣ ਤੋਂ ਬਾਅਦ ਯਹੋਵਾਹ ਉਨ੍ਹਾਂ ਵਾਸਤੇ ਲੜਿਆ ਸੀ?

      17 ਕਨਾਨ ਦੇਸ਼ ਵਿਚ ਦਾਖ਼ਲ ਹੋਣ ਤੋਂ ਥੋੜ੍ਹੀ ਹੀ ਦੇਰ ਪਹਿਲਾਂ ਮੂਸਾ ਨੇ ਇਸਰਾਏਲੀਆਂ ਨੂੰ ਦਿਲਾਸਾ ਦਿੱਤਾ ਸੀ ਕਿ “ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ ਅੱਗੇ ਜਾਂਦਾ ਹੈ। ਉਹ ਤੁਹਾਡੇ ਲਈ ਲੜੇਗਾ ਜਿਵੇਂ ਉਸ ਨੇ ਤੁਹਾਡੀਆਂ ਅੱਖਾਂ ਦੇ ਅੱਗੇ ਮਿਸਰ ਵਿੱਚ ਕੀਤਾ।” (ਬਿਵਸਥਾ ਸਾਰ 1:30; 20:1) ਮੂਸਾ ਤੋਂ ਬਾਅਦ ਲੋਕਾਂ ਦੀ ਅਗਵਾਈ ਯਹੋਸ਼ੁਆ ਨੇ ਕੀਤੀ ਸੀ। ਯਹੋਸ਼ੁਆ ਦੇ ਸਮੇਂ ਤੋਂ ਲੈ ਕੇ ਨਿਆਈਆਂ ਅਤੇ ਯਹੂਦਾਹ ਦੇ ਵਫ਼ਾਦਾਰ ਰਾਜਿਆਂ ਦੇ ਸਮੇਂ ਤਕ ਯਹੋਵਾਹ ਆਪਣੇ ਲੋਕਾਂ ਵਾਸਤੇ ਲੜਿਆ ਸੀ। ਯਹੋਵਾਹ ਦੀ ਸ਼ਕਤੀ ਨਾਲ ਉਸ ਦੇ ਲੋਕਾਂ ਨੇ ਆਪਣੇ ਦੁਸ਼ਮਣਾਂ ਉੱਤੇ ਕਈ ਚਮਤਕਾਰੀ ਜਿੱਤਾਂ ਪ੍ਰਾਪਤ ਕੀਤੀਆਂ ਸਨ।​—ਯਹੋਸ਼ੁਆ 10:1-14; ਨਿਆਈਆਂ 4:12-17; 2 ਸਮੂਏਲ 5:17-21.

      18. (ੳ) ਅਸੀਂ ਖ਼ੁਸ਼ ਕਿਉਂ ਹੋ ਸਕਦੇ ਹਾਂ ਕਿ ਯਹੋਵਾਹ ਬਦਲਿਆ ਨਹੀਂ ਹੈ? (ਅ) ਉਤਪਤ 3:15 ਵਿਚ ਦੱਸੇ ਗਏ ਵੈਰ ਦੇ ਸਿਖਰ ਤੇ ਕੀ ਹੋਵੇਗਾ?

      18 ਨਾ ਯਹੋਵਾਹ ਬਦਲਿਆ ਹੈ ਅਤੇ ਨਾ ਹੀ ਉਸ ਦਾ ਮਕਸਦ ਬਦਲਿਆ ਹੈ। ਉਹ ਇਸ ਧਰਤੀ ਨੂੰ ਸ਼ਾਂਤੀ-ਭਰਿਆ ਫਿਰਦੌਸ ਜ਼ਰੂਰ ਬਣਾਵੇਗਾ। (ਉਤਪਤ 1:27, 28) ਪਰਮੇਸ਼ੁਰ ਅਜੇ ਵੀ ਦੁਸ਼ਟਤਾ ਨਾਲ ਨਫ਼ਰਤ ਕਰਦਾ ਹੈ। ਇਸ ਦੇ ਨਾਲੋਂ-ਨਾਲ ਉਹ ਆਪਣੇ ਲੋਕਾਂ ਨਾਲ ਬਹੁਤ ਪਿਆਰ ਕਰਦਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਬਚਾਉਣ ਲਈ ਕੁਝ ਕਰੇਗਾ। (ਜ਼ਬੂਰਾਂ ਦੀ ਪੋਥੀ 11:7) ਦਰਅਸਲ ਉਤਪਤ 3:15 ਵਿਚ ਦੱਸਿਆ ਗਿਆ ਵੈਰ ਹੁਣ ਇਕ ਵੱਡੇ ਅਤੇ ਹਿੰਸਕ ਮੋੜ ਤੇ ਆਉਣ ਵਾਲਾ ਹੈ। ਆਪਣੀ ਬਦਨਾਮੀ ਦੂਰ ਕਰਨ ਵਾਸਤੇ ਅਤੇ ਆਪਣੇ ਲੋਕਾਂ ਦੀ ਰਾਖੀ ਕਰਨ ਵਾਸਤੇ ਯਹੋਵਾਹ ਫਿਰ ਤੋਂ “ਜੋਧਾ ਪੁਰਸ਼” ਬਣੇਗਾ!​—ਜ਼ਕਰਯਾਹ 14:3; ਪਰਕਾਸ਼ ਦੀ ਪੋਥੀ 16:14, 16.

      19. (ੳ) ਉਦਾਹਰਣ ਦਿਓ ਕਿ ਪਰਮੇਸ਼ੁਰ ਦੀ ਨਾਸ਼ ਕਰਨ ਦੀ ਸ਼ਕਤੀ ਸਾਨੂੰ ਉਸ ਦੇ ਨੇੜੇ ਕਿਉਂ ਖਿੱਚਦੀ ਹੈ। (ਅ) ਇਹ ਜਾਣ ਕੇ ਕਿ ਪਰਮੇਸ਼ੁਰ ਸਾਡੇ ਲਈ ਲੜਨ ਲਈ ਤਿਆਰ ਹੈ, ਸਾਡੇ ਉੱਤੇ ਕੀ ਪ੍ਰਭਾਵ ਪੈਂਦਾ ਹੈ?

      19 ਇਸ ਉਦਾਹਰਣ ਉੱਤੇ ਗੌਰ ਕਰੋ: ਮੰਨ ਲਓ ਕੋਈ ਜੰਗਲੀ ਜਾਨਵਰ ਇਕ ਆਦਮੀ ਦੇ ਪਰਿਵਾਰ ਤੇ ਹਮਲਾ ਕਰ ਰਿਹਾ ਹੈ ਅਤੇ ਉਹ ਆਦਮੀ ਉਨ੍ਹਾਂ ਨੂੰ ਬਚਾਉਣ ਵਾਸਤੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਉਸ ਜਾਨਵਰ ਨਾਲ ਲੜਦਾ ਹੈ ਤੇ ਉਸ ਨੂੰ ਮਾਰ ਦਿੰਦਾ ਹੈ। ਇਹ ਦੇਖ ਕੇ ਕੀ ਉਸ ਆਦਮੀ ਦੇ ਬੀਵੀ-ਬੱਚੇ ਉਸ ਨੂੰ ਬੁਰਾ ਸਮਝ ਕੇ ਉਸ ਤੋਂ ਦੂਰ ਹੋਣਗੇ? ਬਿਲਕੁਲ ਨਹੀਂ। ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਉਹ ਉਸ ਦਾ ਸ਼ੁਕਰ ਕਰਨਗੇ ਕਿ ਉਸ ਨੇ ਆਪਣੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦੀ ਮਦਦ ਕੀਤੀ। ਇਸੇ ਤਰ੍ਹਾਂ ਸਾਨੂੰ ਯਹੋਵਾਹ ਦੀ ਨਾਸ਼ ਕਰਨ ਦੀ ਸ਼ਕਤੀ ਬਾਰੇ ਸੋਚ ਕੇ ਉਸ ਤੋਂ ਦੂਰ-ਦੂਰ ਨਹੀਂ ਰਹਿਣਾ ਚਾਹੀਦਾ। ਉਸ ਲਈ ਸਾਡਾ ਪਿਆਰ ਵਧਣਾ ਚਾਹੀਦਾ ਹੈ ਕਿ ਉਹ ਸਾਡੀ ਰਾਖੀ ਕਰਨ ਵਾਸਤੇ ਲੜਨ ਲਈ ਤਿਆਰ ਹੈ। ਉਸ ਦੀ ਅਸੀਮ ਸ਼ਕਤੀ ਲਈ ਵੀ ਸਾਡਾ ਸਤਿਕਾਰ ਵਧਣਾ ਚਾਹੀਦਾ ਹੈ। ਇਸ ਤਰ੍ਹਾਂ ‘ਅਸੀਂ ਭਗਤੀ ਅਤੇ ਭੈ ਨਾਲ ਪਰਮੇਸ਼ੁਰ ਦੀ ਉਪਾਸਨਾ ਕਰ ਸਕਾਂਗੇ।’​—ਇਬਰਾਨੀਆਂ 12:28.

      “ਜੋਧਾ ਪੁਰਸ਼” ਦੇ ਨੇੜੇ ਰਹੋ

      20. ਬਾਈਬਲ ਵਿਚ ਪਰਮੇਸ਼ੁਰ ਦੀ ਕਿਸੇ ਜੰਗ ਬਾਰੇ ਪੜ੍ਹਦੇ ਹੋਏ ਸਾਨੂੰ ਚੰਗੀ ਤਰ੍ਹਾਂ ਗੱਲ ਸਮਝਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕਿਉਂ?

      20 ਬਾਈਬਲ ਯਹੋਵਾਹ ਦੀਆਂ ਸਾਰੀਆਂ ਜੰਗਾਂ ਦੇ ਪੂਰੇ ਵੇਰਵੇ ਨਹੀਂ ਦਿੰਦੀ ਕਿ ਉਹ ਕਿਉਂ ਜਾਂ ਕਿਸ ਤਰ੍ਹਾਂ ਲੜੀਆਂ ਗਈਆਂ ਸਨ। ਪਰ ਇਕ ਗੱਲ ਦਾ ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਆਪਣੀ ਨਾਸ਼ ਕਰਨ ਦੀ ਸ਼ਕਤੀ ਗ਼ਲਤ, ਨਿਰਦਈ ਜਾਂ ਕਠੋਰ ਤਰੀਕੇ ਨਾਲ ਕਦੇ ਨਹੀਂ ਵਰਤਦਾ। ਕਈ ਵਾਰ ਬਾਈਬਲ ਵਿਚ ਪੂਰੀ ਗੱਲ ਪੜ੍ਹ ਕੇ ਜਾਂ ਹੋਰ ਜਾਣਕਾਰੀ ਲੈ ਕੇ ਅਸੀਂ ਪਰਮੇਸ਼ੁਰ ਦੀ ਕਰਨੀ ਸਮਝ ਸਕਦੇ ਹਾਂ। (ਕਹਾਉਤਾਂ 18:13) ਪਰ ਜੇ ਅਸੀਂ ਸਭ ਕੁਝ ਨਹੀਂ ਵੀ ਜਾਣ ਸਕਦੇ, ਤਾਂ ਵੀ ਅਸੀਂ ਯਹੋਵਾਹ ਬਾਰੇ ਹੋਰ ਜਾਣਕਾਰੀ ਲੈ ਕੇ ਅਤੇ ਉਸ ਦੇ ਸਦਗੁਣਾਂ ਬਾਰੇ ਸੋਚ ਕੇ ਆਪਣੇ ਸਾਰੇ ਸ਼ੱਕ ਦੂਰ ਕਰ ਸਕਦੇ ਹਾਂ। ਜਦ ਅਸੀਂ ਇਸ ਤਰ੍ਹਾਂ ਕਰਦੇ ਹਾਂ, ਤਾਂ ਅਸੀਂ ਜਾਣ ਲੈਂਦੇ ਹਾਂ ਕਿ ਸਾਡੇ ਕੋਲ ਯਹੋਵਾਹ ਉੱਤੇ ਭਰੋਸਾ ਰੱਖਣ ਦੇ ਬਹੁਤ ਸਾਰੇ ਕਾਰਨ ਹਨ।​—ਅੱਯੂਬ 34:12.

      21. ਭਾਵੇਂ ਕਈ ਵਾਰ ਯਹੋਵਾਹ “ਜੋਧਾ ਪੁਰਸ਼” ਬਣਿਆ ਹੈ, ਪਰ ਉਹ ਅਸਲ ਵਿਚ ਕਿਹੋ ਜਿਹਾ ਹੈ?

      21 ਭਾਵੇਂ ਕਈ ਵਾਰ ਲੋੜ ਪੈਣ ਤੇ ਯਹੋਵਾਹ “ਜੋਧਾ ਪੁਰਸ਼” ਬਣਿਆ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਜ਼ਾਲਮ ਹੈ। ਹਿਜ਼ਕੀਏਲ ਨੇ ਜਿਸ ਆਕਾਸ਼ੀ ਰੱਥ ਦਾ ਦਰਸ਼ਣ ਦੇਖਿਆ ਸੀ, ਉਸ ਵਿਚ ਯਹੋਵਾਹ ਨੂੰ ਆਪਣੇ ਦੁਸ਼ਮਣਾਂ ਨਾਲ ਲੜਨ ਲਈ ਤਿਆਰ ਦਿਖਾਇਆ ਗਿਆ ਸੀ। ਪਰ ਹਿਜ਼ਕੀਏਲ ਨੇ ਪਰਮੇਸ਼ੁਰ ਦੇ ਆਲੇ-ਦੁਆਲੇ ਮੇਘ ਧਣੁਖ ਯਾਨੀ ਸਤਰੰਗੀ ਪੀਂਘ ਦੇਖੀ ਸੀ ਜੋ ਸ਼ਾਂਤੀ ਦਾ ਚਿੰਨ੍ਹ ਹੈ। (ਉਤਪਤ 9:13; ਹਿਜ਼ਕੀਏਲ 1:28; ਪਰਕਾਸ਼ ਦੀ ਪੋਥੀ 4:3) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯਹੋਵਾਹ ਸ਼ਾਂਤੀਪਸੰਦ ਅਤੇ ਨਰਮ ਸੁਭਾਅ ਵਾਲਾ ਪਰਮੇਸ਼ੁਰ ਹੈ। ਯੂਹੰਨਾ ਰਸੂਲ ਨੇ ਲਿਖਿਆ ਕਿ “ਪਰਮੇਸ਼ੁਰ ਪ੍ਰੇਮ ਹੈ।” (1 ਯੂਹੰਨਾ 4:8) ਯਹੋਵਾਹ ਦੇ ਸਾਰੇ ਗੁਣ ਸੰਤੁਲਨ ਵਿਚ ਹਨ। ਤਾਂ ਫਿਰ ਸਾਡੇ ਵਾਸਤੇ ਇਹ ਕਿੱਡਾ ਵੱਡਾ ਸਨਮਾਨ ਹੈ ਕਿ ਅਸੀਂ ਅਜਿਹੇ ਸ਼ਕਤੀਸ਼ਾਲੀ ਅਤੇ ਪਿਆਰ ਕਰਨ ਵਾਲੇ ਪਰਮੇਸ਼ੁਰ ਦੇ ਨੇੜੇ ਰਹਿ ਸਕਦੇ ਹਾਂ!

      a ਯਹੂਦੀ ਇਤਿਹਾਸਕਾਰ ਜੋਸੀਫ਼ਸ ਦੇ ਮੁਤਾਬਕ ਇਸਰਾਏਲੀਆਂ ਦੇ “ਮਗਰ 600 ਰਥ, 50,000 ਘੋੜਸਵਾਰ ਅਤੇ 2 ਲੱਖ ਫ਼ੌਜੀ ਲੱਗੇ ਹੋਏ ਸਨ।”​—ਯਹੂਦੀ ਪੁਰਾਤਨ ਸਭਿਆਚਾਰ (ਅੰਗ੍ਰੇਜ਼ੀ), II, 324 [XV, 3].

      b ਕਨਾਨ ਦੇ ਸਾਰੇ ਲੋਕਾਂ ਨੂੰ ਇੱਥੇ “ਅਮੋਰੀ” ਸੱਦਿਆ ਗਿਆ ਹੈ।​—ਬਿਵਸਥਾ ਸਾਰ 1:6-8, 19-21, 27; ਯਹੋਸ਼ੁਆ 24:15, 18.

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • 2 ਰਾਜਿਆਂ 6:8-17 ਮੁਸੀਬਤ ਦੇ ਵੇਲੇ ਇਹ ਜਾਣ ਕੇ ਸਾਨੂੰ ਹੌਸਲਾ ਕਿਸ ਤਰ੍ਹਾਂ ਮਿਲ ਸਕਦਾ ਹੈ ਕਿ ਪਰਮੇਸ਼ੁਰ “ਸੈਨਾਂ ਦਾ ਯਹੋਵਾਹ” ਹੈ?

      • ਹਿਜ਼ਕੀਏਲ 33:10-20 ਆਪਣੀ ਨਾਸ਼ ਕਰਨ ਦੀ ਸ਼ਕਤੀ ਵਰਤਣ ਤੋਂ ਪਹਿਲਾਂ ਯਹੋਵਾਹ ਦਇਆ ਨਾਲ ਪਾਪੀਆਂ ਨੂੰ ਕੀ ਕਰਨ ਦਾ ਮੌਕਾ ਦਿੰਦਾ ਹੈ?

      • 2 ਥੱਸਲੁਨੀਕੀਆਂ 1:6-10 ਦੁਸ਼ਟ ਲੋਕਾਂ ਦੇ ਨਾਸ਼ ਕੀਤੇ ਜਾਣ ਨਾਲ ਪਰਮੇਸ਼ੁਰ ਦੇ ਵਫ਼ਾਦਾਰ ਲੋਕਾਂ ਨੂੰ ਸੁੱਖ ਦਾ ਸਾਹ ਕਿਸ ਤਰ੍ਹਾਂ ਆਵੇਗਾ?

      • 2 ਪਤਰਸ 2:4-13 ਯਹੋਵਾਹ ਆਪਣੀ ਨਾਸ਼ ਕਰਨ ਦੀ ਸ਼ਕਤੀ ਕਿਉਂ ਵਰਤਦਾ ਹੈ ਅਤੇ ਇਸ ਤੋਂ ਇਨਸਾਨ ਕਿਹੜੇ ਸਬਕ ਸਿੱਖਦੇ ਹਨ?

  • ਰੱਖਿਆ ਕਰਨ ਦੀ ਸ਼ਕਤੀ—“ਪਰਮੇਸ਼ੁਰ ਸਾਡੀ ਪਨਾਹ ਹੈ”
    ਯਹੋਵਾਹ ਦੇ ਨੇੜੇ ਰਹੋ
    • ਅਯਾਲੀ ਦੀ ਛਾਤੀ ਨਾਲ ਲੱਗਾ ਛੋਟਾ ਜਿਹਾ ਲੇਲਾ ਸੁਰੱਖਿਅਤ ਹੈ

      ਸੱਤਵਾਂ ਅਧਿਆਇ

      ਰੱਖਿਆ ਕਰਨ ਦੀ ਸ਼ਕਤੀ​—“ਪਰਮੇਸ਼ੁਰ ਸਾਡੀ ਪਨਾਹ ਹੈ”

      1, 2. ਮਿਸਰ ਤੋਂ ਨਿਕਲਣ ਤੋਂ ਬਾਅਦ ਇਸਰਾਏਲੀਆਂ ਅੱਗੇ ਕਿਹੜੇ ਖ਼ਤਰੇ ਸਨ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਹੌਸਲਾ ਕਿਵੇਂ ਦਿੱਤਾ ਸੀ?

      ਇਸਰਾਏਲੀ ਲੋਕ ਲਾਲ ਸਮੁੰਦਰ ਤੇ ਮਿਸਰੀਆਂ ਦੇ ਹੱਥੋਂ ਬਚ ਨਿਕਲੇ ਸਨ। ਉਨ੍ਹਾਂ ਨੇ ਸੀਨਈ ਇਲਾਕੇ ਵਿੱਚੋਂ ਦੀ ਲੰਘਣਾ ਸੀ ਜਿੱਥੇ ਕਦਮ-ਕਦਮ ਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ। ਉਨ੍ਹਾਂ ਅੱਗੇ ਇਕ “ਭਿਆਣਕ ਉਜਾੜ” ਸੀ “ਜਿੱਥੇ ਅੱਗਨੀ ਸੱਪ ਅਤੇ ਬਿੱਛੂ ਸਨ।” (ਬਿਵਸਥਾ ਸਾਰ 8:15) ਉਨ੍ਹਾਂ ਨੂੰ ਵਿਰੋਧੀ ਕੌਮਾਂ ਤੋਂ ਵੀ ਖ਼ਤਰਾ ਸੀ। ਯਹੋਵਾਹ ਨੇ ਖ਼ੁਦ ਹੀ ਆਪਣੇ ਲੋਕਾਂ ਨੂੰ ਇਸ ਜਗ੍ਹਾ ਲਿਆਂਦਾ ਸੀ। ਤਾਂ ਫਿਰ ਉਨ੍ਹਾਂ ਦਾ ਪਰਮੇਸ਼ੁਰ ਹੋਣ ਦੇ ਨਾਤੇ, ਕੀ ਉਹ ਉਨ੍ਹਾਂ ਦੀ ਰੱਖਿਆ ਕਰ ਸਕਦਾ ਸੀ?

      2 ਯਹੋਵਾਹ ਦੇ ਬਚਨਾਂ ਤੋਂ ਉਨ੍ਹਾਂ ਨੂੰ ਤਸੱਲੀ ਮਿਲੀ: “ਤੁਸੀਂ ਦੇਖ ਚੁੱਕੇ ਹੋ ਕਿ ਮੈਂ ਮਿਸਰੀਆਂ ਨਾਲ ਕੀ ਕੀਤਾ ਅਤੇ ਫਿਰ ਮੈਂ ਤੁਹਾਨੂੰ ਕਿਸ ਤਰ੍ਹਾਂ, ਜਿਸ ਤਰ੍ਹਾਂ ਉਕਾਬ ਆਪਣੇ ਬਚਿਆਂ ਨੂੰ ਖੰਭਾਂ ਤੇ ਬੈਠਾ ਕੇ ਲੈ ਜਾਂਦਾ ਹੈ, ਉਸੇ ਤਰ੍ਹਾਂ ਆਪਣੇ ਕੋਲ ਲੈ ਆਇਆ।” (ਕੂਚ 19:4, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਨੇ ਆਪਣੇ ਲੋਕਾਂ ਨੂੰ ਯਾਦ ਕਰਾਇਆ ਕਿ ਉਸ ਨੇ ਉਨ੍ਹਾਂ ਨੂੰ ਮਿਸਰੀਆਂ ਤੋਂ ਇਸ ਤਰ੍ਹਾਂ ਬਚਾਇਆ ਸੀ ਜਿਵੇਂ ਉਕਾਬ ਆਪਣੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ ਤੇ ਲੈ ਜਾਂਦਾ ਹੈ। ਪਰ ਪਰਮੇਸ਼ੁਰ ਦੀ ਰੱਖਿਆ ਦੀ ਤੁਲਨਾ “ਉਕਾਬ ਦੇ ਖੰਭਾਂ” ਨਾਲ ਕਰਨ ਦੇ ਹੋਰ ਵੀ ਕਈ ਕਾਰਨ ਹਨ।

      3. ਪਰਮੇਸ਼ੁਰ ਦੀ ਰੱਖਿਆ ਦੀ ਤੁਲਨਾ ਉਕਾਬ ਦੇ ਖੰਭਾਂ ਨਾਲ ਕਿਉਂ ਕੀਤੀ ਗਈ ਹੈ?

      3 ਉਕਾਬ ਆਪਣੇ ਵੱਡੇ ਅਤੇ ਮਜ਼ਬੂਤ ਖੰਭ ਸਿਰਫ਼ ਉੱਡਣ ਲਈ ਹੀ ਨਹੀਂ ਵਰਤਦਾ। ਉਸ ਦੇ ਖੰਭ ਦੋ ਮੀਟਰ ਤੋਂ ਜ਼ਿਆਦਾ ਫੈਲ ਸਕਦੇ ਹਨ। ਸਿਖਰ ਦੁਪਹਿਰੇ ਤਪਦੀ ਧੁੱਪ ਵਿਚ ਮਾਦਾ ਉਕਾਬ ਆਪਣੇ ਖੰਭ ਫੈਲਾਅ ਕੇ ਆਪਣੇ ਬੱਚਿਆਂ ਉੱਤੇ ਠੰਢੀ ਛਾਂ ਕਰਦੀ ਹੈ। ਠੰਢੇ ਮੌਸਮ ਵਿਚ ਉਹ ਉਨ੍ਹਾਂ ਨੂੰ ਆਪਣੇ ਖੰਭਾਂ ਦੀ ਨਿੱਘੀ ਬੁੱਕਲ ਵਿਚ ਲੈ ਲੈਂਦੀ ਹੈ। ਜਿਸ ਤਰ੍ਹਾਂ ਇਕ ਉਕਾਬ ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈ ਉਸੇ ਤਰ੍ਹਾਂ ਯਹੋਵਾਹ ਨੇ ਇਸਰਾਏਲ ਦੀ ਨਵੀਂ-ਨਵੀਂ ਕੌਮ ਦੀ ਰਾਖੀ ਕੀਤੀ ਸੀ। ਉਜਾੜ ਵਿਚ ਜਦੋਂ ਤਕ ਉਹ ਯਹੋਵਾਹ ਪ੍ਰਤੀ ਵਫ਼ਾਦਾਰ ਰਹੇ ਉਦੋਂ ਤਕ ਉਹ ਉਸ ਦੇ ਵੱਡੇ-ਵੱਡੇ ਖੰਭਾਂ ਦੀ ਪਨਾਹ ਹੇਠ ਰਹੇ ਸਨ। (ਬਿਵਸਥਾ ਸਾਰ 32:9-11; ਜ਼ਬੂਰਾਂ ਦੀ ਪੋਥੀ 36:7) ਪਰ ਕੀ ਅਸੀਂ ਇਹ ਆਸ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਸਾਡੀ ਵੀ ਰੱਖਿਆ ਕਰੇਗਾ?

      ਪਰਮੇਸ਼ੁਰ ਰੱਖਿਆ ਕਰਨ ਦਾ ਵਾਅਦਾ ਕਰਦਾ ਹੈ

      4, 5. ਅਸੀਂ ਯਹੋਵਾਹ ਦੇ ਰੱਖਿਆ ਕਰਨ ਦੇ ਵਾਅਦੇ ਵਿਚ ਪੂਰਾ ਵਿਸ਼ਵਾਸ ਕਿਉਂ ਕਰ ਸਕਦੇ ਹਾਂ?

      4 ਯਹੋਵਾਹ ਕੋਲ ਆਪਣੇ ਸੇਵਕਾਂ ਦੀ ਰੱਖਿਆ ਕਰਨ ਦੀ ਸ਼ਕਤੀ ਹੈ। ਉਹ “ਸਰਬਸ਼ਕਤੀਮਾਨ ਪਰਮੇਸ਼ੁਰ” ਹੈ ਅਤੇ ਉਸ ਦੀ ਸ਼ਕਤੀ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ। (ਉਤਪਤ 17:1) ਜਿਵੇਂ ਸਮੁੰਦਰ ਦੀਆਂ ਲਹਿਰਾਂ ਨੂੰ ਰੋਕਿਆ ਨਹੀਂ ਜਾ ਸਕਦਾ, ਉਸੇ ਤਰ੍ਹਾਂ ਜਦੋਂ ਯਹੋਵਾਹ ਆਪਣੀ ਸ਼ਕਤੀ ਨੂੰ ਵਰਤਦਾ ਹੈ, ਤਾਂ ਉਸ ਨੂੰ ਵੀ ਰੋਕਿਆ ਨਹੀਂ ਜਾ ਸਕਦਾ। ਉਹ ਜੋ ਚਾਹੇ ਕਰ ਸਕਦਾ ਹੈ, ਇਸ ਕਰਕੇ ਅਸੀਂ ਪੁੱਛ ਸਕਦੇ ਹਾਂ, ‘ਕੀ ਯਹੋਵਾਹ ਆਪਣੇ ਲੋਕਾਂ ਦੀ ਰਾਖੀ ਕਰਨ ਲਈ ਆਪਣੀ ਸ਼ਕਤੀ ਵਰਤਣੀ ਚਾਹੁੰਦਾ ਹੈ?’

      5 ਹਾਂ ਚਾਹੁੰਦਾ ਹੈ! ਯਹੋਵਾਹ ਵਾਅਦਾ ਕਰਦਾ ਹੈ ਕਿ ਉਹ ਆਪਣੇ ਲੋਕਾਂ ਦੀ ਰਾਖੀ ਕਰੇਗਾ। ਜ਼ਬੂਰਾਂ ਦੀ ਪੋਥੀ 46:1 ਵਿਚ ਲਿਖਿਆ ਹੈ ਕਿ “ਪਰਮੇਸ਼ੁਰ ਸਾਡੀ ਪਨਾਹ ਅਤੇ ਸਾਡਾ ਬਲ ਹੈ, ਉਹ ਦੁਖਾਂ ਵਿੱਚ ਵੱਡਾ ਸਹਾਇਕ ਹੋਇਆ ਹੈ।” ਅਸੀਂ ਪਰਮੇਸ਼ੁਰ ਦੇ ਵਾਅਦੇ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਉਹ ਸਾਡੀ ਰਾਖੀ ਕਰੇਗਾ ਕਿਉਂ ਜੋ ‘ਉਹ ਝੂਠ ਬੋਲ ਨਹੀਂ ਸੱਕਦਾ।’ (ਤੀਤੁਸ 1:2) ਆਓ ਆਪਾਂ ਬਾਈਬਲ ਵਿਚ ਕੁਝ ਉਦਾਹਰਣਾਂ ਵੱਲ ਧਿਆਨ ਦੇਈਏ ਜਿਨ੍ਹਾਂ ਰਾਹੀਂ ਯਹੋਵਾਹ ਸਾਨੂੰ ਆਪਣੀ ਰੱਖਿਆ ਕਰਨ ਦੀ ਸ਼ਕਤੀ ਬਾਰੇ ਦੱਸਦਾ ਹੈ।

      6, 7. (ੳ) ਬਾਈਬਲ ਦੇ ਜ਼ਮਾਨੇ ਦੇ ਅਯਾਲੀ ਆਪਣੀਆਂ ਭੇਡਾਂ ਦੀ ਰਾਖੀ ਕਰਨ ਲਈ ਕੀ ਕਰਦੇ ਹੁੰਦੇ ਸਨ? (ਅ) ਬਾਈਬਲ ਵਿਚ ਕਿਹੜੀ ਉਦਾਹਰਣ ਦਿੱਤੀ ਗਈ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਆਪਣੀਆਂ ਭੇਡਾਂ ਦੀ ਰਾਖੀ ਤੇ ਦੇਖ-ਭਾਲ ਕਰਨੀ ਚਾਹੁੰਦਾ ਹੈ?

      6 ਯਹੋਵਾਹ ਅਯਾਲੀ ਹੈ ਅਤੇ “ਅਸੀਂ ਉਹ ਦੀ ਪਰਜਾ ਅਤੇ ਉਹ ਦੀ ਜੂਹ ਦੀਆਂ ਭੇਡਾਂ ਹਾਂ।” (ਜ਼ਬੂਰਾਂ ਦੀ ਪੋਥੀ 23:1; 100:3) ਆਮ ਤੌਰ ਤੇ ਬਹੁਤ ਹੀ ਘੱਟ ਜਾਨਵਰ ਭੇਡਾਂ ਜਿੰਨੇ ਬੇਬੱਸ ਹੁੰਦੇ ਹਨ। ਪੁਰਾਣੇ ਜ਼ਮਾਨੇ ਦੇ ਅਯਾਲੀਆਂ ਨੂੰ ਬਹਾਦਰ ਹੋਣ ਦੀ ਜ਼ਰੂਰਤ ਹੁੰਦੀ ਸੀ ਤਾਂਕਿ ਉਹ ਆਪਣੀਆਂ ਭੇਡਾਂ ਨੂੰ ਸ਼ੇਰਾਂ, ਬਘਿਆੜਾਂ, ਰਿੱਛਾਂ ਅਤੇ ਚੋਰਾਂ ਤੋਂ ਬਚਾ ਸਕਣ। (1 ਸਮੂਏਲ 17:34, 35; ਯੂਹੰਨਾ 10:12, 13) ਪਰ ਕਦੇ-ਕਦੇ ਭੇਡਾਂ ਨੂੰ ਪਿਆਰ ਅਤੇ ਨਰਮਾਈ ਦੀ ਵੀ ਜ਼ਰੂਰਤ ਹੁੰਦੀ ਸੀ। ਉਦਾਹਰਣ ਲਈ, ਜਦੋਂ ਕੋਈ ਭੇਡ ਵਾੜੇ ਤੋਂ ਦੂਰ ਸੂੰਦੀ ਸੀ, ਤਾਂ ਅਯਾਲੀ ਉਸ ਮੁਸ਼ਕਲ ਸਮੇਂ ਵਿਚ ਉਸ ਬੇਬੱਸ ਭੇਡ ਦੀ ਰਾਖੀ ਕਰਦਾ ਸੀ। ਫਿਰ ਉਹ ਮਾਸੂਮ ਲੇਲੇ ਨੂੰ ਆਪਣੇ ਪੱਲੇ ਵਿਚ ਲਪੇਟ ਕੇ ਵਾੜੇ ਵਿਚ ਲੈ ਜਾਂਦਾ ਸੀ।

      ਇਕ ਅਯਾਲੀ ਨੇ ਛੋਟੇ ਜਿਹੇ ਲੇਲੇ ਨੂੰ ਕੋਮਲਤਾ ਨਾਲ ਆਪਣੀ ਛਾਤੀ ਨਾਲ ਲਾਇਆ ਹੋਇਆ ਹੈ

      ‘ਉਹ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ’

      7 ਆਪਣੀ ਤੁਲਨਾ ਇਕ ਅਯਾਲੀ ਨਾਲ ਕਰ ਕੇ ਯਹੋਵਾਹ ਸਾਨੂੰ ਤਸੱਲੀ ਦਿੰਦਾ ਹੈ ਕਿ ਉਹ ਸੱਚ-ਮੁੱਚ ਸਾਡੀ ਰੱਖਿਆ ਕਰਨੀ ਚਾਹੁੰਦਾ ਹੈ। (ਹਿਜ਼ਕੀਏਲ 34:11-16) ਇਸ ਕਿਤਾਬ ਦੇ ਦੂਜੇ ਅਧਿਆਇ ਵਿਚ ਯਸਾਯਾਹ 40:11 ਵਿਚ ਯਹੋਵਾਹ ਬਾਰੇ ਇਹ ਦੱਸਿਆ ਗਿਆ ਸੀ ਕਿ “ਉਹ ਅਯਾਲੀ ਵਾਂਙੁ ਆਪਣੇ ਇੱਜੜ ਨੂੰ ਚਰਾਵੇਗਾ, ਉਹ ਆਪਣੀਆਂ ਬਾਹਾਂ ਨਾਲ ਲੇਲਿਆਂ ਨੂੰ ਸੰਭਾਲੇਗਾ, ਅਤੇ ਆਪਣੀ ਛਾਤੀ ਉੱਤੇ ਓਹਨਾਂ ਨੂੰ ਲਈ ਫਿਰੇਗਾ।” ਪਰ ਲੇਲਾ ਅਯਾਲੀ ਦੀ “ਛਾਤੀ” ਯਾਨੀ ਉਸ ਦੇ ਕੁੱਛੜ ਕਿਵੇਂ ਚੜ੍ਹ ਜਾਂਦਾ ਸੀ? ਕਦੇ-ਕਦੇ ਲੇਲਾ ਸ਼ਾਇਦ ਅਯਾਲੀ ਕੋਲ ਆ ਕੇ ਉਸ ਦੀ ਲੱਤ ਨੂੰ ਹੁੱਜਾਂ ਮਾਰੇ। ਪਰ ਅਯਾਲੀ ਆਪੇ ਹੀ ਲੇਲੇ ਨੂੰ ਚੁੱਕਦਾ ਸੀ ਅਤੇ ਉਸ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਦਾ ਸੀ। ਇਹ ਸਾਡੇ ਮਹਾਨ ਅਯਾਲੀ ਦੀ ਕੋਮਲਤਾ ਅਤੇ ਨਰਮਾਈ ਦੀ ਕਿੱਡੀ ਸੋਹਣੀ ਤਸਵੀਰ ਹੈ ਜੋ ਦਿਖਾਉਂਦੀ ਹੈ ਕਿ ਉਹ ਸਾਡੀ ਰੱਖਿਆ ਕਰਨ ਲਈ ਤਿਆਰ ਰਹਿੰਦਾ ਹੈ!

      8. (ੳ) ਪਰਮੇਸ਼ੁਰ ਸਿਰਫ਼ ਕਿਨ੍ਹਾਂ ਦੀ ਰੱਖਿਆ ਕਰਦਾ ਹੈ ਅਤੇ ਕਹਾਉਤਾਂ 18:10 ਵਿਚ ਇਹ ਕਿਸ ਤਰ੍ਹਾਂ ਦੱਸਿਆ ਗਿਆ ਹੈ? (ਅ) ਯਹੋਵਾਹ ਦੇ ਨਾਂ ਵਿਚ ਪਨਾਹ ਲੈਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

      8 ਪਰਮੇਸ਼ੁਰ ਸਿਰਫ਼ ਉਨ੍ਹਾਂ ਲੋਕਾਂ ਦੀ ਰਾਖੀ ਕਰਦਾ ਹੈ ਜੋ ਉਸ ਦੇ ਨੇੜੇ ਹੁੰਦੇ ਹਨ। ਕਹਾਉਤਾਂ 18:10 ਵਿਚ ਲਿਖਿਆ ਹੈ: “ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆ ਰਹਿੰਦਾ ਹੈ।” ਜਦੋਂ ਇਹ ਗੱਲ ਲਿਖੀ ਗਈ ਸੀ, ਤਾਂ ਉਜਾੜ ਵਿਚ ਪਨਾਹ ਲਈ ਅਜਿਹੇ ਬੁਰਜ ਬਣਾਏ ਜਾਂਦੇ ਸਨ। ਪਰ ਜਿਸ ਨੂੰ ਖ਼ਤਰਾ ਹੁੰਦਾ ਸੀ, ਉਸ ਦੀ ਆਪਣੀ ਜ਼ਿੰਮੇਵਾਰੀ ਹੁੰਦੀ ਸੀ ਕਿ ਉਹ ਨੱਸ ਕੇ ਉਸ ਬੁਰਜ ਵਿਚ ਵੜ ਕੇ ਪਨਾਹ ਭਾਲੇ। ਪਰਮੇਸ਼ੁਰ ਦੇ ਨਾਂ ਵਿਚ ਪਨਾਹ ਲੈਣ ਬਾਰੇ ਵੀ ਇਹੀ ਗੱਲ ਸੱਚ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪਰਮੇਸ਼ੁਰ ਦੇ ਨਾਂ ਦਾ ਜਾਪ ਕਰੀ ਜਾਓ ਮਾਨੋ ਇਸ ਤਰ੍ਹਾਂ ਕਰ ਕੇ ਤੁਹਾਡੀ ਰੱਖਿਆ ਹੋਵੇਗੀ। ਇਸ ਦੀ ਬਜਾਇ ਇਹ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਨੂੰ ਜਾਣੀਏ ਅਤੇ ਉਸ ਉੱਤੇ ਭਰੋਸਾ ਰੱਖੀਏ ਅਤੇ ਉਸ ਦੇ ਧਰਮੀ ਮਿਆਰਾਂ ਉੱਤੇ ਅਮਲ ਕਰੀਏ। ਯਹੋਵਾਹ ਸਾਨੂੰ ਭਰੋਸਾ ਦਿੰਦਾ ਹੈ ਕਿ ਜੇ ਅਸੀਂ ਉਸ ਵਿਚ ਨਿਹਚਾ ਕਰਾਂਗੇ, ਤਾਂ ਉਹ ਸਾਡੇ ਵਾਸਤੇ ਬੁਰਜ ਵਾਂਗ ਪਨਾਹ ਬਣੇਗਾ। ਉਹ ਕਿੰਨਾ ਦਇਆਵਾਨ ਹੈ!

      ‘ਸਾਡਾ ਪਰਮੇਸ਼ੁਰ ਸਾਨੂੰ ਬਚਾਉਣ ਦੇ ਜੋਗ ਹੈ’

      9. ਕੀ ਯਹੋਵਾਹ ਨੇ ਸਿਰਫ਼ ਵਾਅਦਾ ਹੀ ਕੀਤਾ ਹੈ ਕਿ ਉਹ ਸਾਡੀ ਰੱਖਿਆ ਕਰੇਗਾ?

      9 ਯਹੋਵਾਹ ਨੇ ਰੱਖਿਆ ਕਰਨ ਦਾ ਸਿਰਫ਼ ਵਾਅਦਾ ਹੀ ਨਹੀਂ ਕੀਤਾ। ਬਾਈਬਲ ਦੇ ਜ਼ਮਾਨੇ ਵਿਚ ਉਸ ਨੇ ਦਿਖਾਇਆ ਵੀ ਸੀ ਕਿ ਉਹ ਆਪਣੇ ਲੋਕਾਂ ਦੀ ਕਰਾਮਾਤੀ ਢੰਗ ਨਾਲ ਰੱਖਿਆ ਕਰ ਸਕਦਾ ਸੀ। ਇਸਰਾਏਲ ਦੇ ਇਤਿਹਾਸ ਦੌਰਾਨ ਯਹੋਵਾਹ ਦੇ ਸ਼ਕਤੀਸ਼ਾਲੀ “ਹੱਥ” ਨੇ ਤਾਕਤਵਰ ਦੁਸ਼ਮਣਾਂ ਤੋਂ ਉਨ੍ਹਾਂ ਦੀ ਰਾਖੀ ਕੀਤੀ ਸੀ। (ਕੂਚ 7:4) ਪਰ ਯਹੋਵਾਹ ਨੇ ਕਈ ਇਨਸਾਨਾਂ ਦੀ ਨਿੱਜੀ ਤੌਰ ਤੇ ਵੀ ਰਾਖੀ ਕੀਤੀ ਸੀ।

      10, 11. ਬਾਈਬਲ ਦੀਆਂ ਕਿਹੜੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਯਹੋਵਾਹ ਨੇ ਇਨਸਾਨਾਂ ਦੀ ਨਿੱਜੀ ਤੌਰ ਤੇ ਵੀ ਰਾਖੀ ਕੀਤੀ ਸੀ?

      10 ਜਦੋਂ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨਾਂ ਦੇ ਤਿੰਨ ਨੌਜਵਾਨ ਇਬਰਾਨੀਆਂ ਨੇ ਰਾਜਾ ਨਬੂਕਦਨੱਸਰ ਦੀ ਸੋਨੇ ਦੀ ਮੂਰਤ ਸਾਮ੍ਹਣੇ ਮੱਥਾ ਟੇਕਣ ਤੋਂ ਇਨਕਾਰ ਕੀਤਾ ਸੀ, ਤਾਂ ਰਾਜੇ ਨੇ ਗੁੱਸੇ ਵਿਚ ਆ ਕੇ ਉਨ੍ਹਾਂ ਨੂੰ ਅੱਗ ਦੀ ਬਲਦੀ ਹੋਈ ਭੱਠੀ ਵਿਚ ਸੁੱਟ ਦੇਣ ਦੀ ਧਮਕੀ ਦਿੱਤੀ। ਧਰਤੀ ਦੇ ਉਸ ਸਭ ਤੋਂ ਸ਼ਕਤੀਸ਼ਾਲੀ ਰਾਜੇ ਨੇ ਤਾਅਨਾ ਮਾਰਿਆ: “ਉਹ ਦਿਓਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ?” (ਦਾਨੀਏਲ 3:15) ਉਨ੍ਹਾਂ ਤਿੰਨ ਨੌਜਵਾਨਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਪਰਮੇਸ਼ੁਰ ਉਨ੍ਹਾਂ ਦੀ ਰਾਖੀ ਕਰ ਸਕਦਾ ਸੀ ਪਰ ਉਨ੍ਹਾਂ ਨੂੰ ਪਤਾ ਸੀ ਕਿ ਪਰਮੇਸ਼ੁਰ ਇਸ ਤਰ੍ਹਾਂ ਕਰਨ ਲਈ ਮਜਬੂਰ ਨਹੀਂ ਸੀ। ਇਸ ਲਈ ਉਨ੍ਹਾਂ ਨੇ ਰਾਜੇ ਨੂੰ ਜਵਾਬ ਦਿੱਤਾ: ‘ਪਰਮੇਸ਼ੁਰ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਤੁਹਾਡੀ ਸ਼ਕਤੀ ਤੋਂ ਬਚਾਉਣ ਦੇ ਜੋਗ ਹੈ, ਪਰ ਜੇਕਰ ਉਹ ਸਾਨੂੰ ਨਾ ਵੀ ਬਚਾਵੇਗਾ, ਤਾਂ ਵੀ ਅਸੀਂ ਤੁਹਾਡੇ ਦੇਵਤੇ ਦੀ ਪੂਜਾ ਨਹੀਂ ਕਰਾਂਗੇ।’ (ਦਾਨੀਏਲ 3:17, 18, ਨਵਾਂ ਅਨੁਵਾਦ) ਹਾਂ, ਚਾਹੇ ਉਸ ਬਲਦੀ ਭੱਠੀ ਨੂੰ ਆਮ ਨਾਲੋਂ ਸੱਤ ਗੁਣਾ ਹੋਰ ਗਰਮ ਕੀਤਾ ਗਿਆ ਸੀ, ਪਰ ਸਰਬਸ਼ਕਤੀਮਾਨ ਪਰਮੇਸ਼ੁਰ ਨੂੰ ਕੋਈ ਮੁਸ਼ਕਲ ਨਹੀਂ ਆਈ ਸੀ। ਉਸ ਨੇ ਉਨ੍ਹਾਂ ਦੀ ਰਾਖੀ ਜ਼ਰੂਰ ਕੀਤੀ ਅਤੇ ਰਾਜੇ ਨੂੰ ਮਜਬੂਰ ਹੋ ਕੇ ਕਹਿਣਾ ਪਿਆ ਸੀ: “ਹੋਰ ਕੋਈ ਦਿਓਤਾ ਨਹੀਂ ਜਿਹੜਾ ਏਸ ਪਰਕਾਰ ਬਚਾ ਸੱਕੇ।”​—ਦਾਨੀਏਲ 3:29.

      11 ਯਹੋਵਾਹ ਨੇ ਇਕ ਹੋਰ ਮੌਕੇ ਤੇ ਵੀ ਬਹੁਤ ਹੀ ਵੱਖਰੇ ਤਰੀਕੇ ਨਾਲ ਆਪਣੀ ਰੱਖਿਆ ਕਰਨ ਦੀ ਸ਼ਕਤੀ ਦਿਖਾਈ ਸੀ। ਉਸ ਨੇ ਸਵਰਗੋਂ ਆਪਣੇ ਇਕਲੌਤੇ ਪੁੱਤਰ ਨੂੰ ਕੁਆਰੀ ਯਹੂਦਣ ਮਰਿਯਮ ਦੀ ਕੁੱਖ ਵਿਚ ਪਾਇਆ ਸੀ। ਇਕ ਦੂਤ ਨੇ ਮਰਿਯਮ ਨੂੰ ਕਿਹਾ: “ਤੂੰ ਗਰਭਵੰਤੀ ਹੋਵੇਂਗੀ ਅਰ ਪੁੱਤ੍ਰ ਜਣੇਂਗੀ।” ਦੂਤ ਨੇ ਉਸ ਨੂੰ ਅੱਗੇ ਸਮਝਾਇਆ: “ਪਵਿੱਤ੍ਰ ਆਤਮਾ ਤੇਰੇ ਉੱਪਰ ਆਵੇਗਾ ਅਰ ਅੱਤ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ।” (ਲੂਕਾ 1:31, 35) ਇਸ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਦੇ ਪੁੱਤਰ ਨੂੰ ਆਸਾਨੀ ਨਾਲ ਹਾਨੀ ਪਹੁੰਚ ਸਕਦੀ ਸੀ ਕਿਉਂਕਿ ਕੁੱਖ ਵਿਚ ਉਹ ਬਹੁਤ ਨਾਜ਼ੁਕ ਸੀ। ਮਰਿਯਮ ਦੀ ਕੁੱਖ ਵਿਚ ਹੋਣ ਕਰਕੇ, ਕੀ ਉਸ ਉੱਤੇ ਇਨਸਾਨੀ ਅਪਵਿੱਤਰਤਾ ਤੇ ਨਾਮੁਕੰਮਲਤਾ ਦਾ ਅਸਰ ਪੈ ਸਕਦਾ ਸੀ? ਕੀ ਸ਼ਤਾਨ ਉਸ ਦੇ ਜਨਮ ਤੋਂ ਪਹਿਲਾਂ ਉਸ ਨੂੰ ਮਾਰਨ ਜਾਂ ਸੱਟ ਲਾਉਣ ਵਿਚ ਕਾਮਯਾਬ ਹੋ ਸਕਦਾ ਸੀ? ਇਸ ਤਰ੍ਹਾਂ ਹੋ ਹੀ ਨਹੀਂ ਸਕਦਾ ਸੀ! ਯਹੋਵਾਹ ਨੇ ਮਰਿਯਮ ਦੇ ਆਲੇ-ਦੁਆਲੇ ਰੱਖਿਆ ਦੀ ਕੰਧ ਖੜ੍ਹੀ ਕਰ ਦਿੱਤੀ ਸੀ ਤਾਂਕਿ ਨਾ ਕੋਈ ਅਪੂਰਣਤਾ, ਨਾ ਕੋਈ ਸ਼ਕਤੀ, ਨਾ ਕੋਈ ਬੰਦਾ ਤੇ ਨਾ ਕੋਈ ਭੈੜਾ ਦੂਤ ਅਣਜੰਮੇ ਬੱਚੇ ਨੂੰ ਨੁਕਸਾਨ ਪਹੁੰਚਾ ਸਕੇ। ਯਹੋਵਾਹ ਯਿਸੂ ਦੇ ਪੂਰੇ ਬਚਪਨ ਵਿਚ ਉਸ ਦੀ ਰਾਖੀ ਕਰਦਾ ਰਿਹਾ। (ਮੱਤੀ 2:1-15) ਪਰਮੇਸ਼ੁਰ ਦੇ ਨਿਯੁਕਤ ਕੀਤੇ ਗਏ ਸਮੇਂ ਤਕ ਉਸ ਦੇ ਪਿਆਰੇ ਪੁੱਤਰ ਨੂੰ ਕੋਈ ਵੀ ਹੱਥ ਨਹੀਂ ਲਾ ਸਕਦਾ ਸੀ।

      12. ਯਹੋਵਾਹ ਨੇ ਕੁਝ ਇਨਸਾਨਾਂ ਦੀ ਕਰਾਮਾਤੀ ਢੰਗ ਨਾਲ ਰੱਖਿਆ ਕਿਉਂ ਕੀਤੀ ਸੀ?

      12 ਯਹੋਵਾਹ ਨੇ ਇਨ੍ਹਾਂ ਇਨਸਾਨਾਂ ਦੀ ਇਸ ਕਰਾਮਾਤੀ ਢੰਗ ਨਾਲ ਰੱਖਿਆ ਕਿਉਂ ਕੀਤੀ ਸੀ? ਉਹ ਸਿਰਫ਼ ਇਨ੍ਹਾਂ ਇਨਸਾਨਾਂ ਦੀ ਰੱਖਿਆ ਨਹੀਂ ਕਰ ਰਿਹਾ ਸੀ ਸਗੋਂ ਆਪਣੇ ਮਕਸਦ ਦੇ ਪੂਰੇ ਹੋਣ ਬਾਰੇ ਸੋਚ ਰਿਹਾ ਸੀ। ਮਿਸਾਲ ਲਈ ਯਿਸੂ ਜਦ ਬੱਚਾ ਹੀ ਸੀ, ਤਾਂ ਪਰਮੇਸ਼ੁਰ ਦਾ ਮਕਸਦ ਪੂਰਾ ਹੋਣ ਲਈ ਯਿਸੂ ਦਾ ਜੀਉਂਦਾ ਰਹਿਣਾ ਬਹੁਤ ਜ਼ਰੂਰੀ ਸੀ ਕਿਉਂਕਿ ਉਸ ਦੇ ਰਾਹੀਂ ਸਾਰੀ ਮਨੁੱਖਜਾਤ ਨੂੰ ਮੁਕਤੀ ਮਿਲਣੀ ਸੀ। ਬਾਈਬਲ ਵਿਚ ਕਈ ਬਿਰਤਾਂਤ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚ ਪਰਮੇਸ਼ੁਰ ਨੇ ਰਾਖੀ ਕਰਨ ਦੀ ਆਪਣੀ ਸ਼ਕਤੀ ਦਿਖਾਈ ਹੈ। ਇਹ ਸਾਰੇ ਤਜਰਬੇ ‘ਸਾਡੀ ਸਿੱਖਿਆ ਦੇ ਲਈ ਲਿਖੇ ਗਏ ਹਨ ਭਈ ਅਸੀਂ ਧੀਰਜ ਤੋਂ ਅਤੇ ਧਰਮ ਪੁਸਤਕ ਦੇ ਦਿਲਾਸੇ ਤੋਂ ਆਸਾ ਰੱਖੀਏ।’ (ਰੋਮੀਆਂ 15:4) ਜੀ ਹਾਂ, ਇਨ੍ਹਾਂ ਘਟਨਾਵਾਂ ਬਾਰੇ ਪੜ੍ਹ ਕੇ ਸਰਬਸ਼ਕਤੀਮਾਨ ਪਰਮੇਸ਼ੁਰ ਵਿਚ ਸਾਡੀ ਨਿਹਚਾ ਵਧਦੀ ਹੈ। ਪਰ ਯਹੋਵਾਹ ਅੱਜ ਸਾਡੀ ਰੱਖਿਆ ਕਿਸ ਤਰ੍ਹਾਂ ਕਰਦਾ ਹੈ?

      ਕੀ ਯਹੋਵਾਹ ਹਰ ਹਾਲਤ ਵਿਚ ਸਾਡੀ ਰਾਖੀ ਕਰਦਾ ਹੈ?

      13. ਕੀ ਯਹੋਵਾਹ ਨੇ ਸਾਡੇ ਵਾਸਤੇ ਕਰਾਮਾਤਾਂ ਕਰਨ ਦਾ ਵਾਅਦਾ ਕੀਤਾ ਹੈ? ਇਸ ਬਾਰੇ ਸਮਝਾਓ।

      13 ਯਹੋਵਾਹ ਨੇ ਸਾਡੀ ਰਾਖੀ ਕਰਨ ਦਾ ਜੋ ਵਾਅਦਾ ਕੀਤਾ ਹੈ ਉਸ ਦਾ ਇਹ ਮਤਲਬ ਨਹੀਂ ਕਿ ਉਸ ਨੂੰ ਹੁਣ ਸਾਡੇ ਵਾਸਤੇ ਕਰਾਮਾਤਾਂ ਕਰਨੀਆਂ ਪੈਣਗੀਆਂ। ਪਰਮੇਸ਼ੁਰ ਇਹ ਵਾਅਦਾ ਨਹੀਂ ਕਰਦਾ ਕਿ ਇਸ ਸੰਸਾਰ ਵਿਚ ਸਾਨੂੰ ਕਿਸੇ ਵੀ ਮੁਸ਼ਕਲ ਦਾ ਸਾਮ੍ਹਣਾ ਨਹੀਂ ਕਰਨਾ ਪਵੇਗਾ। ਯਹੋਵਾਹ ਦੇ ਕਈ ਵਫ਼ਾਦਾਰ ਸੇਵਕ ਗ਼ਰੀਬੀ, ਜੰਗ, ਬੀਮਾਰੀ ਅਤੇ ਮੌਤ ਦਾ ਸਾਮ੍ਹਣਾ ਕਰਦੇ ਹਨ। ਯਿਸੂ ਨੇ ਆਪਣੇ ਚੇਲਿਆਂ ਨੂੰ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਉਨ੍ਹਾਂ ਦੀ ਨਿਹਚਾ ਕਰਕੇ ਉਹ ਸ਼ਾਇਦ ਮਾਰੇ ਜਾਣ। ਇਸੇ ਕਰਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਅੰਤ ਤਕ ਸਹਿੰਦੇ ਰਹਿਣ ਦਾ ਹੌਸਲਾ ਦਿੱਤਾ ਸੀ। (ਮੱਤੀ 24:9, 13) ਜੇ ਹਰ ਵਾਰ ਯਹੋਵਾਹ ਕਰਾਮਾਤੀ ਢੰਗ ਨਾਲ ਸਾਨੂੰ ਬਚਾਈ ਜਾਵੇ, ਤਾਂ ਸ਼ਤਾਨ ਕੋਲ ਮੇਹਣਾ ਮਾਰਨ ਦਾ ਕਾਰਨ ਹੋਵੇਗਾ ਕਿ ਅਸੀਂ ਪਰਮੇਸ਼ੁਰ ਦੀ ਭਗਤੀ ਦਿੱਲੋਂ ਨਹੀਂ ਕਰਦੇ।​—ਅੱਯੂਬ 1:9, 10.

      14. ਕਿਹੜੀਆਂ ਉਦਾਹਰਣਾਂ ਦੱਸਦੀਆਂ ਹਨ ਕਿ ਯਹੋਵਾਹ ਹਮੇਸ਼ਾ ਆਪਣੇ ਸੇਵਕਾਂ ਦੀ ਰਾਖੀ ਇੱਕੋ ਤਰ੍ਹਾਂ ਨਹੀਂ ਕਰਦਾ?

      14 ਅਤੀਤ ਵਿਚ ਯਹੋਵਾਹ ਨੇ ਆਪਣੇ ਹਰੇਕ ਸੇਵਕ ਨੂੰ ਅਣਿਆਈ ਮੌਤ ਮਰਨ ਤੋਂ ਬਚਾਇਆ ਨਹੀਂ ਸੀ। ਮਿਸਾਲ ਲਈ ਹੇਰੋਦੇਸ ਨੇ ਯਾਕੂਬ ਨੂੰ ਸੰਨ 44 ਦੇ ਕਰੀਬ ਮੌਤ ਦੀ ਸਜ਼ਾ ਦਿੱਤੀ ਸੀ ਪਰ ਉਸ ਤੋਂ ਥੋੜ੍ਹੀ ਹੀ ਦੇਰ ਬਾਅਦ ਪਤਰਸ ਨੂੰ “ਹੇਰੋਦੇਸ ਦੇ ਹੱਥੋਂ” ਛੁਡਾਇਆ ਗਿਆ ਸੀ। (ਰਸੂਲਾਂ ਦੇ ਕਰਤੱਬ 12:1-11) ਯੂਹੰਨਾ ਆਪਣੇ ਭਰਾ ਯਾਕੂਬ ਤੇ ਪਤਰਸ ਨਾਲੋਂ ਜ਼ਿਆਦਾ ਦੇਰ ਜੀਉਂਦਾ ਰਿਹਾ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਸੀਂ ਇਹ ਆਸ ਨਹੀਂ ਰੱਖ ਸਕਦੇ ਕਿ ਪਰਮੇਸ਼ੁਰ ਆਪਣੇ ਸਾਰੇ ਸੇਵਕਾਂ ਦੀ ਰਾਖੀ ਇੱਕੋ ਤਰ੍ਹਾਂ ਕਰੇਗਾ। ਇਸ ਤੋਂ ਇਲਾਵਾ “ਹਰ ਕਿਸੇ ਉੱਤੇ ਬੁਰਾ ਸਮਾਂ ਆਉਂਦਾ ਹੈ।” (ਉਪਦੇਸ਼ਕ 9:11, ਨਵਾਂ ਅਨੁਵਾਦ) ਤਾਂ ਫਿਰ ਅੱਜ ਯਹੋਵਾਹ ਸਾਡੀ ਰੱਖਿਆ ਕਿਸ ਤਰ੍ਹਾਂ ਕਰਦਾ ਹੈ?

      ਯਹੋਵਾਹ ਜਿਸਮਾਨੀ ਤੌਰ ਤੇ ਰਾਖੀ ਕਰਦਾ ਹੈ

      15, 16. (ੳ) ਸਾਡੇ ਕੋਲ ਕੀ ਸਬੂਤ ਹੈ ਕਿ ਯਹੋਵਾਹ ਆਪਣੇ ਭਗਤਾਂ ਦੀ ਇਕ ਸੰਗਠਨ ਵਜੋਂ ਰਾਖੀ ਕਰਦਾ ਹੈ? (ਅ) ਅਸੀਂ ਕਿਉਂ ਵਿਸ਼ਵਾਸ ਕਰ ਸਕਦੇ ਹਾਂ ਕਿ ਯਹੋਵਾਹ ਹੁਣ ਅਤੇ “ਵੱਡੀ ਬਿਪਤਾ” ਦੌਰਾਨ ਆਪਣੇ ਸੇਵਕਾਂ ਦੀ ਰਾਖੀ ਕਰੇਗਾ?

      15 ਪਹਿਲਾਂ ਆਓ ਆਪਾਂ ਜਿਸਮਾਨੀ ਸੁਰੱਖਿਆ ਦੀ ਗੱਲ ਕਰੀਏ। ਯਹੋਵਾਹ ਦੇ ਭਗਤ ਹੋਣ ਦੇ ਨਾਤੇ ਅਸੀਂ ਇਕ ਸੰਗਠਨ ਵਜੋਂ ਸੁਰੱਖਿਆ ਦੀ ਉਮੀਦ ਰੱਖ ਸਕਦੇ ਹਾਂ। ਨਹੀਂ ਤਾਂ ਸ਼ਤਾਨ ਸਾਨੂੰ ਆਸਾਨੀ ਨਾਲ ਨਿਗਲ਼ ਸਕੇਗਾ। ਜ਼ਰਾ ਇਸ ਬਾਰੇ ਸੋਚੋ: “ਜਗਤ ਦਾ ਸਰਦਾਰ” ਹੋਣ ਕਰਕੇ ਸ਼ਤਾਨ ਸ਼ੁੱਧ ਭਗਤੀ ਨੂੰ ਖ਼ਤਮ ਕਰਕੇ ਬਹੁਤ ਹੀ ਖ਼ੁਸ਼ ਹੋਵੇਗਾ। (ਯੂਹੰਨਾ 12:31; ਪਰਕਾਸ਼ ਦੀ ਪੋਥੀ 12:17) ਦੁਨੀਆਂ ਦੀਆਂ ਕਈ ਸ਼ਕਤੀਸ਼ਾਲੀ ਸਰਕਾਰਾਂ ਨੇ ਸਾਡੇ ਪ੍ਰਚਾਰ ਦੇ ਕੰਮ ਉੱਤੇ ਪਾਬੰਦੀਆਂ ਲਾਈਆਂ ਹਨ ਅਤੇ ਸਾਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਸ ਦੇ ਬਾਵਜੂਦ ਯਹੋਵਾਹ ਦੇ ਲੋਕ ਦ੍ਰਿੜ੍ਹ ਤੇ ਮਜ਼ਬੂਤ ਰਹਿ ਕੇ ਪ੍ਰਚਾਰ ਕਰਨੋਂ ਨਹੀਂ ਹਟੇ ਹਨ! ਭਾਵੇਂ ਅਸੀਂ ਗਿਣਤੀ ਵਿਚ ਘੱਟ ਹਾਂ ਅਤੇ ਦੇਖਣ ਨੂੰ ਕਮਜ਼ੋਰ ਨਜ਼ਰ ਆਉਂਦੇ ਹਾਂ, ਫਿਰ ਵੀ ਇਹ ਸ਼ਕਤੀਸ਼ਾਲੀ ਸਰਕਾਰਾਂ ਸਾਡੇ ਕੰਮ ਨੂੰ ਰੋਕ ਕਿਉਂ ਨਹੀਂ ਸਕੀਆਂ ਹਨ? ਕਿਉਂਕਿ ਯਹੋਵਾਹ ਨੇ ਆਪਣੇ ਖੰਭਾਂ ਦੀ ਛਾਇਆ ਨਾਲ ਸਾਡੀ ਰੱਖਿਆ ਕੀਤੀ ਹੈ!​—ਜ਼ਬੂਰਾਂ ਦੀ ਪੋਥੀ 17:7, 8.

      16 “ਵੱਡੀ ਬਿਪਤਾ” ਦੌਰਾਨ ਸਾਡੀ ਰਾਖੀ ਕੌਣ ਕਰੇਗਾ? ਸਾਨੂੰ ਪਰਮੇਸ਼ੁਰ ਦੀਆਂ ਸਜ਼ਾਵਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ “ਪ੍ਰਭੁ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਉਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ।” (ਪਰਕਾਸ਼ ਦੀ ਪੋਥੀ 7:14; 2 ਪਤਰਸ 2:9) ਪਰ ਜਦ ਤਕ ਉਹ ਸਮਾਂ ਨਹੀਂ ਆਉਂਦਾ ਅਸੀਂ ਦੋ ਗੱਲਾਂ ਦਾ ਯਕੀਨ ਰੱਖ ਸਕਦੇ ਹਾਂ। ਪਹਿਲੀ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਧਰਤੀ ਤੋਂ ਕਦੇ ਵੀ ਮਿਟਣ ਨਹੀਂ ਦੇਵੇਗਾ। ਦੂਜੀ ਕਿ ਉਹ ਨਵੇਂ ਸੰਸਾਰ ਵਿਚ ਵਫ਼ਾਦਾਰ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ, ਭਾਵੇਂ ਉਹ ਮਰ ਵੀ ਜਾਣ ਉਹ ਉਨ੍ਹਾਂ ਨੂੰ ਦੁਬਾਰਾ ਜ਼ਿੰਦਾ ਕਰ ਦੇਵੇਗਾ। ਜੋ ਮੌਤ ਦੀ ਗੋਦ ਵਿਚ ਚਲੇ ਵੀ ਜਾਂਦੇ ਹਨ, ਉਨ੍ਹਾਂ ਲਈ ਪਰਮੇਸ਼ੁਰ ਦੀ ਯਾਦਾਸ਼ਤ ਵਿਚ ਰਹਿਣਾ ਸਭ ਤੋਂ ਸੁਰੱਖਿਅਤ ਜਗ੍ਹਾ ਹੈ।​—ਯੂਹੰਨਾ 5:28, 29.

      17. ਯਹੋਵਾਹ ਆਪਣੇ ਬਚਨ ਦੇ ਜ਼ਰੀਏ ਸਾਨੂੰ ਸੁਰੱਖਿਅਤ ਕਿਸ ਤਰ੍ਹਾਂ ਰੱਖਦਾ ਹੈ?

      17 ਹੁਣ ਵੀ ਯਹੋਵਾਹ ਆਪਣੇ ਜੀਉਂਦੇ “ਬਚਨ” ਦੇ ਜ਼ਰੀਏ ਸਾਨੂੰ ਸੁਰੱਖਿਅਤ ਰੱਖਦਾ ਹੈ ਕਿਉਂਕਿ ਉਸ ਦੇ ਬਚਨ ਵਿਚ ਲੋਕਾਂ ਦੇ ਦਿਲਾਂ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਸੁਧਾਰਨ ਦੀ ਸ਼ਕਤੀ ਹੈ। (ਇਬਰਾਨੀਆਂ 4:12) ਉਸ ਦੇ ਅਸੂਲ ਲਾਗੂ ਕਰ ਕੇ ਸਾਡੀ ਕੁਝ ਹੱਦ ਤਕ ਜਿਸਮਾਨੀ ਤੌਰ ਤੇ ਰੱਖਿਆ ਹੁੰਦੀ ਹੈ। ਯਸਾਯਾਹ 48:17 ਵਿਚ ਲਿਖਿਆ ਹੈ: “ਮੈਂ ਯਹੋਵਾਹ . . . ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ।” ਇਸ ਵਿਚ ਕੋਈ ਸ਼ੱਕ ਨਹੀਂ ਕਿ ਪਰਮੇਸ਼ੁਰ ਦੇ ਬਚਨ ਮੁਤਾਬਕ ਜੀਉਣ ਨਾਲ ਸਾਡੀ ਸਿਹਤ ਚੰਗੀ ਹੁੰਦੀ ਹੈ ਅਤੇ ਅਸੀਂ ਲੰਮੀ ਉਮਰ ਭੋਗ ਸਕਦੇ ਹਾਂ। ਮਿਸਾਲ ਲਈ, ਅਸੀਂ ਬਾਈਬਲ ਦੀ ਸਲਾਹ ਉੱਤੇ ਅਮਲ ਕਰ ਕੇ ਹਰਾਮਕਾਰੀ ਤੋਂ ਬਚਦੇ ਹਾਂ ਅਤੇ ਸਾਰੀ ਮਲੀਨਤਾਈ ਤੋਂ ਸ਼ੁੱਧ ਰਹਿੰਦੇ ਹਾਂ, ਇਸ ਕਰਕੇ ਅਸੀਂ ਉਨ੍ਹਾਂ ਭੈੜੀਆਂ ਆਦਤਾਂ ਤੇ ਮਾੜੇ ਨਤੀਜਿਆਂ ਤੋਂ ਬਚੇ ਰਹਿੰਦੇ ਹਾਂ ਜੋ ਕਈਆਂ ਅਧਰਮੀ ਲੋਕਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੰਦੇ ਹਨ। (ਰਸੂਲਾਂ ਦੇ ਕਰਤੱਬ 15:29; 2 ਕੁਰਿੰਥੀਆਂ 7:1) ਅਸੀਂ ਪਰਮੇਸ਼ੁਰ ਦੇ ਬਚਨ ਦੀ ਰੱਖਿਆ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ!

      ਯਹੋਵਾਹ ਸਾਡੀ ਰੂਹਾਨੀ ਤੌਰ ਤੇ ਰਾਖੀ ਕਰਦਾ ਹੈ

      18. ਯਹੋਵਾਹ ਸਾਨੂੰ ਰੂਹਾਨੀ ਤੌਰ ਤੇ ਸੁਰੱਖਿਅਤ ਕਿਸ ਤਰ੍ਹਾਂ ਰੱਖਦਾ ਹੈ?

      18 ਜਿਸਮਾਨੀ ਸੁਰੱਖਿਆ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਯਹੋਵਾਹ ਸਾਨੂੰ ਰੂਹਾਨੀ ਤੌਰ ਤੇ ਸੁਰੱਖਿਅਤ ਰੱਖਦਾ ਹੈ। ਸਾਡਾ ਪਿਆਰਾ ਪਰਮੇਸ਼ੁਰ ਸਾਡੀ ਅਜਿਹੀ ਰਾਖੀ ਕਿਸ ਤਰ੍ਹਾਂ ਕਰਦਾ ਹੈ? ਕਾਮਯਾਬੀ ਨਾਲ ਮੁਸੀਬਤਾਂ ਸਹਿਣ ਅਤੇ ਉਸ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਰੱਖਣ ਲਈ ਉਸ ਨੇ ਸਾਡੇ ਲਈ ਬਹੁਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹਨ। ਇਸ ਤਰ੍ਹਾਂ ਯਹੋਵਾਹ ਸਿਰਫ਼ ਥੋੜ੍ਹੇ ਜਿਹੇ ਸਾਲਾਂ ਲਈ ਹੀ ਨਹੀਂ, ਸਗੋਂ ਹਮੇਸ਼ਾ ਲਈ ਸਾਡੀ ਜਾਨ ਬਚਾਉਣਾ ਚਾਹੁੰਦਾ ਹੈ। ਆਓ ਆਪਾਂ ਹੁਣ ਪਰਮੇਸ਼ੁਰ ਦੇ ਕੁਝ ਪ੍ਰਬੰਧਾਂ ਦੀ ਗੱਲ ਕਰੀਏ ਜਿਨ੍ਹਾਂ ਰਾਹੀਂ ਉਹ ਸਾਨੂੰ ਰੂਹਾਨੀ ਤੌਰ ਤੇ ਸੁਰੱਖਿਅਤ ਰੱਖਦਾ ਹੈ।

      19. ਯਹੋਵਾਹ ਦੀ ਸ਼ਕਤੀ ਸਾਨੂੰ ਹਰ ਪਰਤਾਵੇ ਦਾ ਸਾਮ੍ਹਣਾ ਕਰਨ ਲਈ ਤਿਆਰ ਕਿਸ ਤਰ੍ਹਾਂ ਕਰਦੀ ਹੈ?

      19 ਯਹੋਵਾਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਹੈ। (ਜ਼ਬੂਰਾਂ ਦੀ ਪੋਥੀ 65:2) ਜਦੋਂ ਜ਼ਿੰਦਗੀ ਦੀਆਂ ਮਜਬੂਰੀਆਂ ਵਿੱਚੋਂ ਸਾਨੂੰ ਰਾਹ ਨਹੀਂ ਦਿੱਸਦਾ, ਤਾਂ ਉਸ ਨਾਲ ਪ੍ਰਾਰਥਨਾ ਵਿਚ ਗੱਲ ਕਰ ਕੇ ਸਾਡਾ ਦਿਲ ਹੌਲ਼ਾ ਹੁੰਦਾ ਹੈ। (ਫ਼ਿਲਿੱਪੀਆਂ 4:6, 7) ਉਹ ਕਰਾਮਾਤੀ ਢੰਗ ਨਾਲ ਸ਼ਾਇਦ ਸਾਡੀਆਂ ਮੁਸੀਬਤਾਂ ਨੂੰ ਖ਼ਤਮ ਨਾ ਕਰੇ, ਪਰ ਸਾਡੀ ਦੁਆ ਸੁਣ ਕੇ ਉਹ ਸਾਨੂੰ ਬੁੱਧ ਬਖ਼ਸ਼ੇਗਾ ਤਾਂਕਿ ਅਸੀਂ ਇਨ੍ਹਾਂ ਦਾ ਸਾਮ੍ਹਣਾ ਕਾਮਯਾਬੀ ਨਾਲ ਕਰ ਸਕੀਏ। (ਯਾਕੂਬ 1:5, 6) ਇਸ ਤੋਂ ਇਲਾਵਾ ਯਹੋਵਾਹ ਉਨ੍ਹਾਂ ਨੂੰ ਪਵਿੱਤਰ ਆਤਮਾ ਦਿੰਦਾ ਹੈ ਜੋ ਮੰਗਦੇ ਹਨ। (ਲੂਕਾ 11:13) ਪਵਿੱਤਰ ਆਤਮਾ ਦੀ ਸ਼ਕਤੀ ਨਾਲ ਅਸੀਂ ਹਰ ਪਰਤਾਵੇ ਜਾਂ ਮੁਸੀਬਤ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ ਸਕਦੇ ਹਾਂ। ਜਦ ਤਕ ਯਹੋਵਾਹ ਨਵੇਂ ਸੰਸਾਰ ਵਿਚ ਸਾਰੀਆਂ ਦੁੱਖ-ਤਕਲੀਫ਼ਾਂ ਮਿਟਾ ਨਹੀਂ ਦਿੰਦਾ, ਇਹ ਪਵਿੱਤਰ ਆਤਮਾ ਸਾਨੂੰ “ਮਹਾ-ਸ਼ਕਤੀ” ਦਿੰਦੀ ਹੈ ਤਾਂਕਿ ਅਸੀਂ ਸਭ ਕੁਝ ਜਰ ਸਕੀਏ।​—2 ਕੁਰਿੰਥੀਆਂ 4:7, ਨਵਾਂ ਅਨੁਵਾਦ।

      20. ਯਹੋਵਾਹ ਸਾਡੇ ਮਸੀਹੀ ਭੈਣਾਂ-ਭਰਾਵਾਂ ਰਾਹੀਂ ਸਾਡੀ ਰਾਖੀ ਕਿਸ ਤਰ੍ਹਾਂ ਕਰਦਾ ਹੈ?

      20 ਕਦੀ-ਕਦੀ ਯਹੋਵਾਹ ਸਾਡੇ ਮਸੀਹੀ ਭੈਣਾਂ-ਭਰਾਵਾਂ ਰਾਹੀਂ ਸਾਡੀ ਰਾਖੀ ਕਰਦਾ ਹੈ। ਯਹੋਵਾਹ ਨੇ ਸੰਸਾਰ ਭਰ ਵਿਚ ਆਪਣੇ ਲੋਕਾਂ ਨੂੰ ਇਕ ਸੰਗਠਨ ਵਿਚ ਇਕੱਠੇ ਕੀਤਾ ਹੈ। (1 ਪਤਰਸ 2:17; ਯੂਹੰਨਾ 6:44) ਇਸ ਭਾਈਚਾਰੇ ਦੇ ਸਨੇਹ ਤੋਂ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਭੈਣ-ਭਰਾ ਇਕ-ਦੂਜੇ ਦੀ ਭਲਾਈ ਕਰਨੀ ਸਿੱਖ ਸਕਦੇ ਹਨ। ਇਹ ਆਤਮਾ ਸਾਡੇ ਅੰਦਰ ਪ੍ਰੇਮ, ਦਿਆਲਗੀ ਅਤੇ ਭਲਿਆਈ ਵਰਗੇ ਸੋਹਣੇ ਗੁਣ ਪੈਦਾ ਕਰਦੀ ਹੈ। (ਗਲਾਤੀਆਂ 5:22, 23) ਇਸ ਕਰਕੇ ਜਦੋਂ ਅਸੀਂ ਕਿਸੇ ਔਕੜ ਵਿਚ ਹੁੰਦੇ ਹਾਂ ਤੇ ਸਾਡਾ ਕੋਈ ਭੈਣ-ਭਾਈ ਸਲਾਹ ਦੇ ਕੇ ਸਾਡੀ ਮਦਦ ਕਰਦਾ ਹੈ ਜਾਂ ਸਾਨੂੰ ਹੌਸਲਾ ਦਿੰਦਾ ਹੈ, ਤਾਂ ਅਸੀਂ ਯਹੋਵਾਹ ਦਾ ਧੰਨਵਾਦ ਕਰ ਸਕਦੇ ਹਾਂ ਕਿ ਉਸ ਨੇ ਇਸ ਤਰ੍ਹਾਂ ਸਾਡੀ ਰਾਖੀ ਕੀਤੀ।

      21. (ੳ) ਯਹੋਵਾਹ “ਮਾਤਬਰ ਅਤੇ ਬੁੱਧਵਾਨ ਨੌਕਰ” ਦੇ ਜ਼ਰੀਏ ਵੇਲੇ ਸਿਰ ਕਿਹੜਾ ਰੂਹਾਨੀ ਭੋਜਨ ਦਿੰਦਾ ਹੈ? (ਅ) ਰੂਹਾਨੀ ਤੌਰ ਤੇ ਸੁਰੱਖਿਅਤ ਰਹਿਣ ਲਈ ਯਹੋਵਾਹ ਦੇ ਕਿਹੜੇ ਪ੍ਰਬੰਧਾਂ ਤੋਂ ਤੁਸੀਂ ਖ਼ੁਦ ਲਾਭ ਹਾਸਲ ਕੀਤਾ ਹੈ?

      21 ਯਹੋਵਾਹ ਸਮੇਂ ਸਿਰ ਰੂਹਾਨੀ ਭੋਜਨ ਦੇ ਕੇ ਵੀ ਸਾਡੀ ਰਾਖੀ ਕਰਦਾ ਹੈ। ਆਪਣੇ ਬਚਨ ਵਿੱਚੋਂ ਸਾਨੂੰ ਤਾਕਤ ਦੇਣ ਲਈ ਯਹੋਵਾਹ ਨੇ “ਮਾਤਬਰ ਅਤੇ ਬੁੱਧਵਾਨ ਨੌਕਰ” ਨੂੰ ਰੂਹਾਨੀ ਭੋਜਨ ਵੰਡਣ ਦਾ ਕੰਮ ਸੌਂਪਿਆ ਹੈ। ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਅਤੇ ਹੋਰ ਪੁਸਤਕਾਂ ਦੇ ਨਾਲ-ਨਾਲ ਮੀਟਿੰਗਾਂ ਤੇ ਸੰਮੇਲਨਾਂ ਦੇ ਜ਼ਰੀਏ ਉਹ ਸਾਨੂੰ ‘ਵੇਲੇ ਸਿਰ ਰਸਤ’ ਯਾਨੀ ਸਹੀ ਗੱਲਾਂ ਸਹੀ ਸਮੇਂ ਤੇ ਦਿੰਦਾ ਹੈ। (ਮੱਤੀ 24:45) ਕੀ ਤੁਸੀਂ ਕਦੇ ਮੀਟਿੰਗ ਵਿਚ ਕਿਸੇ ਭਾਸ਼ਣ, ਕਿਸੇ ਦੇ ਜਵਾਬ ਜਾਂ ਪ੍ਰਾਰਥਨਾ ਵਿਚ ਕੁਝ ਐਸਾ ਨਹੀਂ ਸੁਣਿਆ ਜਿਸ ਤੋਂ ਤੁਹਾਨੂੰ ਠੀਕ ਸਮੇਂ ਜ਼ਰੂਰੀ ਮਦਦ ਜਾਂ ਹੌਸਲਾ ਮਿਲਿਆ ਹੋਵੇ? ਕੀ ਸਾਡੇ ਰਸਾਲਿਆਂ ਦੇ ਕਿਸੇ ਇਕ ਲੇਖ ਨੇ ਤੁਹਾਡੀ ਜ਼ਿੰਦਗੀ ਤੇ ਵੱਡਾ ਪ੍ਰਭਾਵ ਨਹੀਂ ਪਾਇਆ ਹੈ? ਯਾਦ ਰੱਖੋ ਕਿ ਯਹੋਵਾਹ ਰੂਹਾਨੀ ਤੌਰ ਤੇ ਸਾਨੂੰ ਸੁਰੱਖਿਅਤ ਰੱਖਣ ਲਈ ਇਹ ਸਾਰੇ ਪ੍ਰਬੰਧ ਕਰਦਾ ਹੈ।

      22. ਯਹੋਵਾਹ ਆਪਣੀ ਸ਼ਕਤੀ ਨੂੰ ਹਮੇਸ਼ਾ ਕਿਸ ਤਰ੍ਹਾਂ ਵਰਤਦਾ ਹੈ ਅਤੇ ਇਹ ਸਾਡੀ ਭਲਾਈ ਲਈ ਕਿਉਂ ਹੈ?

      22 ਸੱਚ-ਮੁੱਚ “ਯਹੋਵਾਹ . . . ਆਪਣੇ ਸਾਰੇ ਸ਼ਰਨਾਰਥੀਆਂ ਲਈ ਇੱਕ ਢਾਲ ਹੈ।” (ਜ਼ਬੂਰਾਂ ਦੀ ਪੋਥੀ 18:30) ਅਸੀਂ ਜਾਣਦੇ ਹਾਂ ਕਿ ਅੱਜ ਉਹ ਸਾਨੂੰ ਹਰ ਆਫ਼ਤ ਤੋਂ ਬਚਾਉਣ ਲਈ ਆਪਣੀ ਸ਼ਕਤੀ ਨਹੀਂ ਵਰਤਦਾ। ਪਰ ਉਹ ਆਪਣਾ ਮਕਸਦ ਪੂਰਾ ਕਰਨ ਲਈ ਹਮੇਸ਼ਾ ਸਾਡੀ ਰਾਖੀ ਕਰਦਾ ਹੈ। ਆਖ਼ਰਕਾਰ ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਲੋਕਾਂ ਦੀ ਭਲਾਈ ਬਾਰੇ ਸੋਚ ਰਿਹਾ ਹੈ। ਜੇ ਅਸੀਂ ਉਸ ਦੇ ਨੇੜੇ ਜਾਵਾਂਗੇ ਅਤੇ ਉਸ ਦੇ ਪਿਆਰ ਵਿਚ ਰਹਾਂਗੇ, ਤਾਂ ਯਹੋਵਾਹ ਸਾਨੂੰ ਹਮੇਸ਼ਾ ਲਈ ਮੁਕੰਮਲ ਜ਼ਿੰਦਗੀ ਦੇਵੇਗਾ। ਇਸ ਭਵਿੱਖ ਨੂੰ ਮਨ ਵਿਚ ਰੱਖ ਕੇ ਅਸੀਂ ਇਸ ਸਮੇਂ ਵਿਚ ਆਪਣੀ ਹਰ ਮੁਸੀਬਤ ਨੂੰ ‘ਹੌਲੀ ਜਿਹੀ ਤੇ ਛਿੰਨ ਭਰ ਦੀ’ ਸਮਝ ਸਕਦੇ ਹਾਂ।​—2 ਕੁਰਿੰਥੀਆਂ 4:17.

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਜ਼ਬੂਰਾਂ ਦੀ ਪੋਥੀ 23:1-6 ਮਹਾਨ ਅਯਾਲੀ ਹੋਣ ਦੇ ਨਾਤੇ ਯਹੋਵਾਹ ਆਪਣੇ ਲੋਕਾਂ ਦੀ ਦੇਖ-ਭਾਲ ਅਤੇ ਰਾਖੀ ਕਿਸ ਤਰ੍ਹਾਂ ਕਰਦਾ ਹੈ?

      • ਜ਼ਬੂਰਾਂ ਦੀ ਪੋਥੀ 91:1-16 ਯਹੋਵਾਹ ਰੂਹਾਨੀ ਤੌਰ ਤੇ ਸਾਡੀ ਰਾਖੀ ਕਿਸ ਤਰ੍ਹਾਂ ਕਰਦਾ ਹੈ ਅਤੇ ਉਸ ਦੀ ਓਟ ਵਿਚ ਆਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?

      • ਦਾਨੀਏਲ 6:16-22, 25-27 ਯਹੋਵਾਹ ਨੇ ਇਕ ਪ੍ਰਾਚੀਨ ਰਾਜੇ ਨੂੰ ਕਿਹੜਾ ਸਬੂਤ ਦਿੱਤਾ ਸੀ ਕਿ ਉਸ ਕੋਲ ਰੱਖਿਆ ਕਰਨ ਦੀ ਸ਼ਕਤੀ ਹੈ ਅਤੇ ਇਸ ਉਦਾਹਰਣ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

      • ਮੱਤੀ 10:16-22, 28-31 ਸਾਨੂੰ ਸ਼ਾਇਦ ਕਿਹੋ ਜਿਹੇ ਵਿਰੋਧ ਦਾ ਸਾਮ੍ਹਣਾ ਕਰਨਾ ਪਵੇ ਪਰ ਸਾਨੂੰ ਵਿਰੋਧੀਆਂ ਤੋਂ ਡਰਨਾ ਕਿਉਂ ਨਹੀਂ ਚਾਹੀਦਾ?

  • ਯਹੋਵਾਹ ਕੋਲ ‘ਸੱਭੋ ਕੁਝ ਨਵਾਂ ਬਣਾਉਣ’ ਦੀ ਸ਼ਕਤੀ ਹੈ
    ਯਹੋਵਾਹ ਦੇ ਨੇੜੇ ਰਹੋ
    • ਇਕ ਵਿਧਵਾ ਖ਼ੁਸ਼ੀ ਦੇ ਮਾਰੇ ਆਪਣੇ ਜੀਉਂਦੇ ਹੋਏ ਛੋਟੇ ਜਿਹੇ ਪੁੱਤਰ ਨੂੰ ਗਲੇ ਨਾਲ ਲਾਉਂਦੀ ਹੋਈ।

      ਅੱਠਵਾਂ ਅਧਿਆਇ

      ਯਹੋਵਾਹ ਕੋਲ ‘ਸੱਭੋ ਕੁਝ ਨਵਾਂ ਬਣਾਉਣ’ ਦੀ ਸ਼ਕਤੀ ਹੈ

      1, 2. ਇਨਸਾਨਾਂ ਨੂੰ ਕਿਨ੍ਹਾਂ ਚੀਜ਼ਾਂ ਦਾ ਘਾਟਾ ਸਹਿਣਾ ਪੈਂਦਾ ਹੈ ਅਤੇ ਇਸ ਦਾ ਸਾਡੇ ਉੱਤੇ ਕੀ ਪ੍ਰਭਾਵ ਪੈਂਦਾ ਹੈ?

      ਜਦ ਕਿਸੇ ਨਿਆਣੇ ਦਾ ਮਨਪਸੰਦ ਖਿਡੌਣਾ ਗੁਆਚ ਜਾਂ ਟੁੱਟ ਜਾਂਦਾ ਹੈ, ਤਾਂ ਉਹ ਅੱਥਰੂ ਕੇਰ-ਕੇਰ ਕੇ ਰੋਣਾ ਸ਼ੁਰੂ ਕਰ ਦਿੰਦਾ ਹੈ। ਸਾਡੇ ਕੋਲੋਂ ਉਸ ਦੇ ਅੱਥਰੂ ਦੇਖੇ ਨਹੀਂ ਜਾਂਦੇ। ਪਰ ਜੇ ਉਸ ਨਿਆਣੇ ਦਾ ਪਿਤਾ ਉਸ ਖਿਡੌਣੇ ਨੂੰ ਦੁਬਾਰਾ ਜੋੜ ਦੇਵੇ ਜਾਂ ਲੱਭ ਲਵੇ, ਤਾਂ ਉਸ ਨਿਆਣੇ ਦਾ ਚਿਹਰਾ ਖਿੜ ਉੱਠਦਾ ਹੈ। ਉਸ ਦੇ ਪਿਤਾ ਲਈ ਇਹ ਸ਼ਾਇਦ ਮਾਮੂਲੀ ਜਿਹੀ ਗੱਲ ਹੋਵੇ। ਪਰ ਉਸ ਮੁਸਕਰਾ ਰਹੇ ਨਿਆਣੇ ਲਈ ਇਹ ਜਾਦੂ ਹੈ। ਉਸ ਲਈ ਜੋ ਚੀਜ਼ ਹਮੇਸ਼ਾ ਲਈ ਗੁਆਚ ਗਈ ਸੀ, ਹੁਣ ਵਾਪਸ ਮਿਲ ਗਈ!

      2 ਜ਼ਰਾ ਸੋਚੋ ਸਾਡਾ ਪਿਆਰਾ ਪਿਤਾ ਸਾਡੇ ਵਾਸਤੇ ਕੀ ਕਰ ਸਕਦਾ ਹੈ। ਉਹ ਆਪਣੇ ਜ਼ਮੀਨੀ ਬੱਚਿਆਂ ਲਈ ਉਹ ਚੀਜ਼ ਵਾਪਸ ਲਿਆ ਸਕਦਾ ਹੈ ਜੋ ਉਨ੍ਹਾਂ ਦੇ ਲਈ ਹਮੇਸ਼ਾ ਵਾਸਤੇ ਗੁਆਚ ਗਈ ਹੋਵੇ। ਅਸੀਂ ਇੱਥੇ ਖਿਡੌਣਿਆਂ ਦੀ ਗੱਲ ਨਹੀਂ ਕਰ ਰਹੇ। ਇਨ੍ਹਾਂ ‘ਅੰਤ ਦਿਆਂ ਭੈੜਿਆਂ ਸਮਿਆਂ’ ਵਿਚ ਸਾਨੂੰ ਵੱਡੇ-ਵੱਡੇ ਨੁਕਸਾਨ ਜਰਨੇ ਪੈਂਦੇ ਹਨ। (2 ਤਿਮੋਥਿਉਸ 3:1-5) ਲੋਕਾਂ ਨੂੰ ਆਪਣੀਆਂ ਅਜ਼ੀਜ਼ ਚੀਜ਼ਾਂ ਹੱਥੋਂ ਨਿਕਲ ਜਾਣ ਦਾ ਡਰ ਰਹਿੰਦਾ ਹੈ ਜਿਵੇਂ ਕਿ ਘਰ, ਜਾਇਦਾਦ, ਨੌਕਰੀ ਅਤੇ ਸਿਹਤ ਵਗੈਰਾ। ਵਾਤਾਵਰਣ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਜਿਸ ਕਰਕੇ ਕਈ ਕਿਸਮ ਦੇ ਪਸ਼ੂ-ਪੰਛੀ ਅਲੋਪ ਹੁੰਦੇ ਦੇਖ ਕੇ ਵੀ ਸ਼ਾਇਦ ਸਾਡਾ ਦਿਲ ਘਬਰਾਉਣ ਲੱਗੇ। ਪਰ ਜਦ ਸਾਡੇ ਕਿਸੇ ਅਜ਼ੀਜ਼ ਦੀ ਮੌਤ ਹੁੰਦੀ ਹੈ, ਤਾਂ ਸਾਨੂੰ ਬਹੁਤ ਹੀ ਦੁੱਖ ਹੁੰਦਾ ਹੈ। ਅਸੀਂ ਉਸ ਦਾ ਘਾਟਾ ਮਹਿਸੂਸ ਕਰਦੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਹੋਰ ਨਹੀਂ ਸਹਾਰ ਸਕਦੇ।​—2 ਸਮੂਏਲ 18:33.

      3. ਰਸੂਲਾਂ ਦੇ ਕਰਤੱਬ 3:21 ਵਿਚ ਸਾਨੂੰ ਦਿਲਾਸਾ ਦੇਣ ਵਾਲੀ ਕਿਹੜੀ ਗੱਲ ਦੱਸੀ ਗਈ ਹੈ ਅਤੇ ਯਹੋਵਾਹ ਇਸ ਨੂੰ ਕਿਸ ਦੇ ਜ਼ਰੀਏ ਪੂਰਾ ਕਰੇਗਾ?

      3 ਯਹੋਵਾਹ ਦੀ ਨਵਾਂ ਬਣਾਉਣ ਦੀ ਸ਼ਕਤੀ ਬਾਰੇ ਜਾਣ ਕੇ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ! ਅਸੀਂ ਅੱਗੇ ਦੇਖਾਂਗੇ ਕਿ ਯਹੋਵਾਹ ਆਪਣੇ ਜ਼ਮੀਨੀ ਬੱਚਿਆਂ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਦੀਆਂ ਬਣਾ ਸਕਦਾ ਹੈ ਜਿਸ ਤਰ੍ਹਾਂ ਉਹ ਪਹਿਲਾਂ ਸਨ। ਦਰਅਸਲ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ‘ਸਾਰੀਆਂ ਚੀਜ਼ਾਂ ਦਾ ਸੁਧਾਰ’ ਕਰਨਾ ਚਾਹੁੰਦਾ ਹੈ। (ਰਸੂਲਾਂ ਦੇ ਕਰਤੱਬ 3:21) ਇਹ ਕਰਨ ਲਈ ਯਹੋਵਾਹ ਆਪਣੇ ਪੁੱਤਰ ਯਿਸੂ ਮਸੀਹ ਅਧੀਨ ਮਸੀਹਾਈ ਰਾਜ ਨੂੰ ਵਰਤੇਗਾ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਇਹ ਰਾਜ 1914 ਵਿਚ ਸਥਾਪਿਤ ਕੀਤਾ ਗਿਆ ਸੀ।a (ਮੱਤੀ 24:3-14) ਇਹ ਰਾਜ ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਠੀਕ ਕਰੇਗਾ? ਆਓ ਆਪਾਂ ਯਹੋਵਾਹ ਦੇ ਕੁਝ ਮਹਾਨ ਕੰਮਾਂ ਵੱਲ ਧਿਆਨ ਦੇਈਏ। ਇਕ ਕੰਮ ਨੂੰ ਅਸੀਂ ਅੱਜ ਦੇਖ ਸਕਦੇ ਹਾਂ ਅਤੇ ਉਸ ਵਿਚ ਹਿੱਸਾ ਵੀ ਲੈ ਸਕਦੇ ਹਾਂ। ਦੂਸਰੇ ਕੰਮ ਭਵਿੱਖ ਵਿਚ ਵੱਡੇ ਦਰਜੇ ਤੇ ਕੀਤੇ ਜਾਣਗੇ।

      ਸ਼ੁੱਧ ਭਗਤੀ ਦੁਬਾਰਾ ਸ਼ੁਰੂ ਕੀਤੀ ਗਈ

      4, 5. ਯਹੋਵਾਹ ਦੇ ਲੋਕਾਂ ਨੂੰ 607 ਸਾ.ਯੁ.ਪੂ. ਵਿਚ ਕੀ ਹੋਇਆ ਸੀ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਕਿਹੜੀ ਉਮੀਦ ਦਿੱਤੀ ਸੀ?

      4 ਸ਼ੁੱਧ ਭਗਤੀ ਤਾਂ ਯਹੋਵਾਹ ਪਹਿਲਾਂ ਹੀ ਦੁਬਾਰਾ ਸ਼ੁਰੂ ਕਰ ਚੁੱਕਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਣ ਵਾਸਤੇ ਆਓ ਆਪਾਂ ਯਹੂਦਾਹ ਦੇ ਰਾਜ ਦੇ ਇਤਿਹਾਸ ਬਾਰੇ ਗੱਲ ਕਰੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਦੇਖ ਸਕਾਂਗੇ ਕਿ ਯਹੋਵਾਹ ਨੇ ਸਭ ਕੁਝ ਨਵਾਂ ਬਣਾਉਣ ਦੀ ਆਪਣੀ ਸ਼ਕਤੀ ਕੀ-ਕੀ ਕਰਨ ਲਈ ਵਰਤੀ ਸੀ।​—ਰੋਮੀਆਂ 15:4.

      5 ਅਸੀਂ ਤਾਂ ਸੋਚ ਵੀ ਨਹੀਂ ਸਕਦੇ ਕਿ ਵਫ਼ਾਦਾਰ ਯਹੂਦੀਆਂ ਨੂੰ ਕਿਸ ਤਰ੍ਹਾਂ ਲੱਗਾ ਹੋਣਾ ਜਦ 607 ਸਾ.ਯੁ.ਪੂ. ਵਿਚ ਯਰੂਸ਼ਲਮ ਤਬਾਹ ਕੀਤਾ ਗਿਆ ਸੀ। ਉਨ੍ਹਾਂ ਦਾ ਪਿਆਰਾ ਸ਼ਹਿਰ ਭਸਮ ਹੋ ਗਿਆ ਸੀ ਅਤੇ ਉਸ ਦੀਆਂ ਕੰਧਾਂ ਚਕਨਾਚੂਰ ਕਰ ਦਿੱਤੀਆਂ ਗਈਆਂ ਸਨ। ਪਰ ਇਸ ਤੋਂ ਵੀ ਮਾੜੀ ਗੱਲ ਇਹ ਸੀ ਕਿ ਸੁਲੇਮਾਨ ਦੁਆਰਾ ਬਣਾਈ ਗਈ ਸ਼ਾਨਦਾਰ ਹੈਕਲ ਦਾ ਸੱਤਿਆਨਾਸ ਕਰ ਦਿੱਤਾ ਗਿਆ ਸੀ ਜੋ ਸਾਰੀ ਧਰਤੀ ਉੱਤੇ ਯਹੋਵਾਹ ਦੀ ਭਗਤੀ ਦਾ ਕੇਂਦਰ ਸੀ। (ਜ਼ਬੂਰਾਂ ਦੀ ਪੋਥੀ 79:1) ਬਰਬਾਦੀ ਤੋਂ ਬਚਣ ਵਾਲੇ ਯਹੂਦੀ ਬਾਬਲ ਵਿਚ ਗ਼ੁਲਾਮ ਬਣਾ ਕੇ ਲੈ ਜਾਏ ਗਏ ਸਨ ਅਤੇ ਉਨ੍ਹਾਂ ਦੇ ਵਿਰਾਨ ਪਏ ਵਤਨ ਵਿਚ ਜੰਗਲੀ ਜਾਨਵਰਾਂ ਨੇ ਡੇਰਾ ਲਾਇਆ ਹੋਇਆ ਸੀ। (ਯਿਰਮਿਯਾਹ 9:11) ਇਨਸਾਨੀ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਸਭ ਕੁਝ ਹੱਥੋਂ ਨਿਕਲ ਗਿਆ ਲੱਗਦਾ ਸੀ। (ਜ਼ਬੂਰਾਂ ਦੀ ਪੋਥੀ 137:1) ਪਰ ਯਹੋਵਾਹ ਨੇ ਬਹੁਤ ਚਿਰ ਪਹਿਲਾਂ ਇਸ ਬਰਬਾਦੀ ਬਾਰੇ ਦੱਸਿਆ ਸੀ ਅਤੇ ਉਸ ਨੇ ਇਹ ਉਮੀਦ ਵੀ ਦਿੱਤੀ ਸੀ ਕਿ ਯਹੂਦੀ ਆਪਣੇ ਦੇਸ਼ ਵਾਪਸ ਮੁੜਨਗੇ।

      6-8. (ੳ) ਇਬਰਾਨੀ ਨਬੀਆਂ ਨੇ ਵਾਰ-ਵਾਰ ਕਿਸ ਵਿਸ਼ੇ ਉੱਤੇ ਲਿਖਿਆ ਸੀ ਅਤੇ ਇਨ੍ਹਾਂ ਭਵਿੱਖਬਾਣੀਆਂ ਦੀ ਪਹਿਲੀ ਪੂਰਤੀ ਕਿਸ ਤਰ੍ਹਾਂ ਹੋਈ ਸੀ? (ਅ) ਆਧੁਨਿਕ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਨੇ ਕਈ ਭਵਿੱਖਬਾਣੀਆਂ ਦੀ ਪੂਰਤੀ ਕਿਸ ਤਰ੍ਹਾਂ ਦੇਖੀ ਹੈ?

      6 ਦਰਅਸਲ ਇਬਰਾਨੀ ਨਬੀਆਂ ਨੇ ਸ਼ੁੱਧ ਭਗਤੀ ਦੁਬਾਰਾ ਸ਼ੁਰੂ ਕਰਨ ਬਾਰੇ ਵਾਰ-ਵਾਰ ਲਿਖਿਆ ਸੀ।b ਉਨ੍ਹਾਂ ਰਾਹੀਂ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਯਹੂਦਾਹ ਫਿਰ ਤੋਂ ਹਰਿਆ-ਭਰਿਆ ਹੋ ਜਾਵੇਗਾ ਜਿੱਥੇ ਨਾ ਜੰਗਲੀ ਜਾਨਵਰਾਂ ਦਾ ਤੇ ਨਾ ਹੀ ਦੁਸ਼ਮਣਾਂ ਦਾ ਖ਼ਤਰਾ ਹੋਵੇਗਾ। ਯਹੋਵਾਹ ਨੇ ਕਿਹਾ ਸੀ ਕਿ ਉਹ ਯਹੂਦਾਹ ਨੂੰ ਫਿਰਦੌਸ ਵਾਂਗ ਸੋਹਣਾ ਬਣਾ ਦੇਵੇਗਾ! (ਯਸਾਯਾਹ 65:25; ਹਿਜ਼ਕੀਏਲ 34:25; 36:35) ਪਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਯਹੋਵਾਹ ਦੀ ਹੈਕਲ ਫਿਰ ਉਸਾਰੀ ਜਾਣੀ ਸੀ ਅਤੇ ਸ਼ੁੱਧ ਭਗਤੀ ਸ਼ੁਰੂ ਕੀਤੀ ਜਾਣੀ ਸੀ। (ਮੀਕਾਹ 4:1-5) ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਦੀ ਆਸ ਵਿਚ ਯਹੂਦੀ ਬਾਬਲ ਵਿਚ ਆਪਣੀ 70 ਸਾਲਾਂ ਦੀ ਗ਼ੁਲਾਮੀ ਦੀ ਜ਼ਿੰਦਗੀ ਕੱਟ ਸਕੇ ਸਨ।

      7 ਫਿਰ ਘਰ ਮੁੜਨ ਦੀ ਘੜੀ ਆ ਹੀ ਗਈ। ਬਾਬਲ ਤੋਂ ਆਜ਼ਾਦ ਹੋ ਕੇ ਯਹੂਦੀ ਯਰੂਸ਼ਲਮ ਵਾਪਸ ਪਹੁੰਚੇ ਅਤੇ ਉਨ੍ਹਾਂ ਨੇ ਯਹੋਵਾਹ ਦੀ ਹੈਕਲ ਨੂੰ ਮੁੜ ਉਸਾਰਿਆ। (ਅਜ਼ਰਾ 1:1, 2) ਜਿੰਨੀ ਦੇਰ ਉਹ ਸ਼ੁੱਧ ਭਗਤੀ ਕਰਦੇ ਰਹੇ, ਯਹੋਵਾਹ ਨੇ ਉਨ੍ਹਾਂ ਉੱਤੇ ਮਹਿਰਬਾਨੀਆਂ ਕੀਤੀਆਂ ਅਤੇ ਉਨ੍ਹਾਂ ਦੀ ਜ਼ਮੀਨ ਹਰੀ-ਭਰੀ ਰਹੀ। ਉਸ ਨੇ ਉਨ੍ਹਾਂ ਦੇ ਦੁਸ਼ਮਣਾਂ ਤੋਂ ਅਤੇ ਉਨ੍ਹਾਂ ਜਾਨਵਰਾਂ ਤੋਂ ਉਨ੍ਹਾਂ ਨੂੰ ਬਚਾਇਆ ਜੋ ਵਰ੍ਹਿਆਂ ਤੋਂ ਉਨ੍ਹਾਂ ਦੇ ਦੇਸ਼ ਵਿਚ ਵਸੇ ਹੋਏ ਸਨ। ਯਹੋਵਾਹ ਦੀਆਂ ਇਨ੍ਹਾਂ ਬਰਕਤਾਂ ਨੇ ਉਨ੍ਹਾਂ ਦੇ ਜੀ ਨੂੰ ਕਿੰਨਾ ਖ਼ੁਸ਼ ਕੀਤਾ ਹੋਣਾ! ਪਰ ਇਹ ਸਭ ਕੁਝ ਤਾਂ ਉਨ੍ਹਾਂ ਭਵਿੱਖਬਾਣੀਆਂ ਦੀ ਪਹਿਲੀ ਪੂਰਤੀ ਹੀ ਸੀ। ਇਕ ਵੱਡੀ ਪੂਰਤੀ ਅਜੇ ਹੋਣ ਵਾਲੀ ਸੀ ਜੋ “ਆਖਰੀ ਦਿਨਾਂ ਦੇ ਵਿੱਚ” ਯਾਨੀ ਸਾਡੇ ਸਮੇਂ ਵਿਚ ਹੋਣੀ ਸੀ ਜਦੋਂ ਦਾਊਦ ਬਾਦਸ਼ਾਹ ਦੇ ਵਾਅਦਾ ਕੀਤੇ ਹੋਏ ਵਾਰਸ ਨੇ ਗੱਦੀ ਉੱਤੇ ਬੈਠਣਾ ਸੀ।​—ਯਸਾਯਾਹ 2:2-4; 9:6, 7.

      8 ਯਿਸੂ ਨੇ 1914 ਵਿਚ ਸਵਰਗੀ ਰਾਜ ਦਾ ਰਾਜਾ ਬਣਨ ਤੋਂ ਥੋੜ੍ਹੇ ਸਮੇਂ ਬਾਅਦ ਧਰਤੀ ਉੱਤੇ ਪਰਮੇਸ਼ੁਰ ਦੇ ਵਫ਼ਾਦਾਰ ਲੋਕਾਂ ਦੀਆਂ ਰੂਹਾਨੀ ਲੋੜਾਂ ਵੱਲ ਧਿਆਨ ਦਿੱਤਾ। ਫ਼ਾਰਸੀ ਵਿਜੇਤਾ ਖੋਰਸ ਵਾਂਗ ਯਿਸੂ ਨੇ ਰੂਹਾਨੀ ਯਹੂਦੀਆਂ ਦੇ ਬਕੀਏ ਨੂੰ ਆਜ਼ਾਦ ਕੀਤਾ ਸੀ। ਠੀਕ ਜਿਵੇਂ ਖੋਰਸ ਨੇ 537 ਸਾ.ਯੁ.ਪੂ. ਵਿਚ ਯਹੂਦੀਆਂ ਨੂੰ ਬਾਬਲ ਤੋਂ ਆਜ਼ਾਦ ਕੀਤਾ ਸੀ, ਇਸੇ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਧੁਨਿਕ ਬਾਬੁਲ ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਦੇ ਪ੍ਰਭਾਵ ਤੋਂ ਆਜ਼ਾਦ ਕੀਤਾ ਹੈ। (ਰੋਮੀਆਂ 2:29; ਪਰਕਾਸ਼ ਦੀ ਪੋਥੀ 18:1-5) ਸਾਲ 1919 ਤੋਂ ਸ਼ੁੱਧ ਭਗਤੀ ਨੂੰ ਸੱਚੇ ਮਸੀਹੀ ਆਪਣੀਆਂ ਜ਼ਿੰਦਗੀਆਂ ਵਿਚ ਦੁਬਾਰਾ ਪਹਿਲ ਦੇਣ ਲੱਗੇ। (ਮਲਾਕੀ 3:1-5) ਉਸ ਸਮੇਂ ਤੋਂ ਹੀ ਯਹੋਵਾਹ ਦੇ ਲੋਕ ਰੂਹਾਨੀ ਹੈਕਲ ਵਿਚ ਭਗਤੀ ਕਰਦੇ ਆਏ ਹਨ ਜੋ ਸ਼ੁੱਧ ਭਗਤੀ ਕਰਨ ਲਈ ਪਰਮੇਸ਼ੁਰ ਦਾ ਪ੍ਰਬੰਧ ਹੈ। ਸਾਡੇ ਵਾਸਤੇ ਇਹ ਪ੍ਰਬੰਧ ਕਿਉਂ ਜ਼ਰੂਰੀ ਹੈ?

      ਰੂਹਾਨੀ ਸੁਧਾਰ ਜ਼ਰੂਰੀ ਕਿਉਂ ਹੈ?

      9. ਰਸੂਲਾਂ ਦੇ ਸਮੇਂ ਤੋਂ ਬਾਅਦ ਈਸਾਈ-ਜਗਤ ਦੇ ਗਿਰਜਿਆਂ ਨੇ ਪਰਮੇਸ਼ੁਰ ਦੀ ਭਗਤੀ ਨਾਲ ਕੀ ਕੀਤਾ ਸੀ, ਪਰ ਸਾਡੇ ਸਮੇਂ ਵਿਚ ਯਹੋਵਾਹ ਨੇ ਕੀ ਕੀਤਾ ਹੈ?

      9 ਇਤਿਹਾਸ ਵੱਲ ਜ਼ਰਾ ਧਿਆਨ ਦਿਓ। ਪਹਿਲੀ ਸਦੀ ਦੇ ਮਸੀਹੀ ਬਹੁਤ ਸਾਰੀਆਂ ਰੂਹਾਨੀ ਬਰਕਤਾਂ ਦਾ ਆਨੰਦ ਮਾਣਦੇ ਸਨ। ਪਰ ਯਿਸੂ ਅਤੇ ਉਸ ਦੇ ਰਸੂਲਾਂ ਨੇ ਦੱਸਿਆ ਸੀ ਕਿ ਸ਼ੁੱਧ ਭਗਤੀ ਮਲੀਨ ਹੋ ਕੇ ਖ਼ਤਮ ਹੋ ਜਾਵੇਗੀ। (ਮੱਤੀ 13:24-30; ਰਸੂਲਾਂ ਦੇ ਕਰਤੱਬ 20:29, 30) ਰਸੂਲਾਂ ਦੇ ਸਮੇਂ ਤੋਂ ਬਾਅਦ ਈਸਾਈ-ਜਗਤ ਦਾ ਜਨਮ ਹੋ ਗਿਆ। ਉਸ ਦੇ ਪਾਦਰੀਆਂ ਨੇ ਦੂਸਰੇ ਧਰਮਾਂ ਦੀਆਂ ਸਿੱਖਿਆਵਾਂ ਤੇ ਰੀਤਾਂ ਅਪਣਾ ਲਈਆਂ। ਉਨ੍ਹਾਂ ਨੇ ਇਹ ਸਿਖਾਉਣਾ ਸ਼ੁਰੂ ਕਰ ਦਿੱਤਾ ਕਿ ਪਰਮੇਸ਼ੁਰ ਤ੍ਰਿਏਕ ਹੈ, ਲੋਕ ਪਾਦਰੀਆਂ ਕੋਲ ਜਾ ਕੇ ਆਪਣੇ ਗੁਨਾਹ ਦਾ ਇਕਬਾਲ ਕਰਨ ਅਤੇ ਯਹੋਵਾਹ ਦੀ ਬਜਾਇ ਮਰਿਯਮ ਅਤੇ ਹੋਰਨਾਂ “ਸੰਤਾਂ” ਨੂੰ ਪ੍ਰਾਰਥਨਾ ਕਰਨ। ਇਸ ਤਰ੍ਹਾਂ ਸਿਖਾ ਕੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਲੋਕਾਂ ਤੋਂ ਦੂਰ ਕਰ ਦਿੱਤਾ। ਇੰਨੀਆਂ ਸਦੀਆਂ ਤਕ ਭਗਤੀ ਦੇ ਮਲੀਨ ਰਹਿਣ ਤੋਂ ਬਾਅਦ ਯਹੋਵਾਹ ਨੇ ਕੀ ਕੀਤਾ ਹੈ? ਇਹ ਸੰਸਾਰ ਝੂਠੀਆਂ ਸਿੱਖਿਆਵਾਂ ਅਤੇ ਅਧਰਮੀ ਕੰਮਾਂ-ਕਾਰਾਂ ਨਾਲ ਭਰਪੂਰ ਹੈ, ਪਰ ਯਹੋਵਾਹ ਨੇ ਇਨ੍ਹਾਂ ਦੇ ਹੁੰਦੇ ਹੋਇਆਂ ਦਖ਼ਲ ਦੇ ਕੇ ਸ਼ੁੱਧ ਭਗਤੀ ਨੂੰ ਦੁਬਾਰਾ ਸ਼ੁਰੂ ਕੀਤਾ ਹੈ! ਵਧਾ-ਚੜ੍ਹਾ ਕੇ ਦੱਸਣ ਤੋਂ ਬਿਨਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਸਮੇਂ ਵਿਚ ਕੀਤੇ ਗਏ ਇਹ ਸੁਧਾਰ ਸਭ ਤੋਂ ਮਹੱਤਵਪੂਰਣ ਹਨ।

      10, 11. (ੳ) ਰੂਹਾਨੀ ਫਿਰਦੌਸ ਵਿਚ ਕਿਹੜੀਆਂ ਦੋ ਗੱਲਾਂ ਸ਼ਾਮਲ ਹਨ ਅਤੇ ਇਨ੍ਹਾਂ ਦਾ ਸਾਡੇ ਉੱਤੇ ਕੀ ਅਸਰ ਪੈਂਦਾ ਹੈ? (ਅ) ਯਹੋਵਾਹ ਨੇ ਰੂਹਾਨੀ ਫਿਰਦੌਸ ਵਿਚ ਕਿਹੋ ਜਿਹੇ ਲੋਕ ਇਕੱਠੇ ਕੀਤੇ ਹਨ ਅਤੇ ਉਨ੍ਹਾਂ ਅੱਗੇ ਕੀ ਦੇਖਣ ਦਾ ਸਨਮਾਨ ਹੈ?

      10 ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸੱਚੇ ਮਸੀਹੀ ਅੱਜ ਰੂਹਾਨੀ ਫਿਰਦੌਸ ਵਿਚ ਵੱਸਦੇ ਹਨ। ਇਸ ਫਿਰਦੌਸ ਵਿਚ ਕੀ ਹੈ? ਮੂਲ ਰੂਪ ਵਿਚ ਇਸ ਵਿਚ ਦੋ ਗੱਲਾਂ ਹਨ। ਪਹਿਲੀ ਗੱਲ ਹੈ ਸੱਚੇ ਪਰਮੇਸ਼ੁਰ ਯਹੋਵਾਹ ਦੀ ਸ਼ੁੱਧ ਭਗਤੀ। ਉਸ ਨੇ ਸਾਨੂੰ ਅਜਿਹੀ ਭਗਤੀ ਕਰਨ ਦਾ ਮੌਕਾ ਦਿੱਤਾ ਹੈ ਜਿਸ ਵਿਚ ਨਾ ਕੋਈ ਮਲੀਨਤਾ ਹੈ ਤੇ ਨਾ ਕੋਈ ਝੂਠ। ਉਸ ਨੇ ਸਾਨੂੰ ਰੂਹਾਨੀ ਭੋਜਨ ਦਿੱਤਾ ਹੈ। ਇਸ ਦੀ ਮਦਦ ਨਾਲ ਅਸੀਂ ਆਪਣੇ ਸਵਰਗੀ ਪਿਤਾ ਬਾਰੇ ਸਿੱਖ ਸਕਦੇ ਹਾਂ, ਉਸ ਨੂੰ ਖ਼ੁਸ਼ ਕਰ ਸਕਦੇ ਹਾਂ ਅਤੇ ਉਸ ਦੇ ਨੇੜੇ ਰਹਿ ਸਕਦੇ ਹਾਂ। (ਯੂਹੰਨਾ 4:24) ਇਸ ਫਿਰਦੌਸ ਦੀ ਦੂਸਰੀ ਗੱਲ ਇਸ ਦੇ ਲੋਕ ਹਨ। ਯਸਾਯਾਹ ਦੀ ਭਵਿੱਖਬਾਣੀ ਦੇ ਮੁਤਾਬਕ “ਆਖਰੀ ਦਿਨਾਂ ਦੇ ਵਿੱਚ” ਯਹੋਵਾਹ ਨੇ ਆਪਣੇ ਲੋਕਾਂ ਨੂੰ ਸ਼ਾਂਤੀ ਨਾਲ ਜੀਉਣਾ ਸਿਖਾਇਆ ਹੈ। ਉਸ ਨੇ ਸਾਡੇ ਵਿੱਚੋਂ ਲੜਾਈਆਂ ਮਿਟਾ ਦਿੱਤੀਆਂ ਹਨ। ਸਾਡੇ ਪਾਪਾਂ ਦੇ ਬਾਵਜੂਦ ਉਹ ਸਾਨੂੰ “ਨਵੀਂ ਇਨਸਾਨੀਅਤ” ਪਹਿਨਣ ਵਿਚ ਮਦਦ ਦਿੰਦਾ ਹੈ। ਉਹ ਚੰਗੇ ਬਣਨ ਦੇ ਸਾਡੇ ਜਤਨਾਂ ਨੂੰ ਸਵੀਕਾਰ ਕਰਦਾ ਹੈ ਅਤੇ ਸਾਨੂੰ ਪਵਿੱਤਰ ਆਤਮਾ ਦਿੰਦਾ ਹੈ ਜਿਸ ਕਰਕੇ ਅਸੀਂ ਸੋਹਣੇ ਗੁਣ ਪੈਦਾ ਕਰ ਸਕਦੇ ਹਾਂ। (ਅਫ਼ਸੀਆਂ 4:22-24; ਗਲਾਤੀਆਂ 5:22, 23) ਜਦੋਂ ਅਸੀਂ ਪਵਿੱਤਰ ਆਤਮਾ ਦੀ ਮਦਦ ਨਾਲ ਕੰਮ ਕਰਦੇ ਹਾਂ, ਤਾਂ ਅਸੀਂ ਸੱਚ-ਮੁੱਚ ਰੂਹਾਨੀ ਫਿਰਦੌਸ ਦਾ ਹਿੱਸਾ ਬਣਦੇ ਹਾਂ।

      11 ਯਹੋਵਾਹ ਨੇ ਇਸ ਰੂਹਾਨੀ ਫਿਰਦੌਸ ਵਿਚ ਆਪਣੇ ਮਨ-ਪਸੰਦ ਲੋਕ ਇਕੱਠੇ ਕੀਤੇ ਹਨ, ਅਜਿਹੇ ਅਮਨ-ਪਸੰਦ ਲੋਕ ਜੋ ਉਸ ਨਾਲ ਪਿਆਰ ਕਰਦੇ ਹਨ ਅਤੇ ਜੋ ਆਪਣੀ ਰੂਹਾਨੀ ਲੋੜ ਪਛਾਣਦੇ ਹਨ। (ਮੱਤੀ 5:3) ਅਜਿਹੇ ਲੋਕਾਂ ਸਾਮ੍ਹਣੇ ਇਕ ਹੋਰ ਵੀ ਸ਼ਾਨਦਾਰ ਸੁਧਾਰ ਦੇਖਣ ਦਾ ਵੱਡਾ ਸਨਮਾਨ ਹੈ ਯਾਨੀ ਧਰਤੀ ਉੱਤੇ ਸਾਰੀ ਇਨਸਾਨਜਾਤ ਦੀ ਜ਼ਿੰਦਗੀ ਦਾ ਸੁਧਾਰਿਆ ਜਾਣਾ।

      “ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ”

      12, 13. (ੳ) ਸੁਧਾਰ ਬਾਰੇ ਭਵਿੱਖਬਾਣੀਆਂ ਦੀ ਹੋਰ ਕਿਹੜੀ ਪੂਰਤੀ ਹੋਵੇਗੀ? (ਅ) ਅਦਨ ਦੇ ਬਾਗ਼ ਵਿਚ ਯਹੋਵਾਹ ਦੇ ਮਕਸਦ ਬਾਰੇ ਕੀ ਦੱਸਿਆ ਗਿਆ ਸੀ ਅਤੇ ਇਸ ਤੋਂ ਸਾਨੂੰ ਚੰਗੇ ਭਵਿੱਖ ਦੀ ਉਮੀਦ ਕਿਉਂ ਮਿਲਦੀ ਹੈ?

      12 ਬਾਈਬਲ ਦੀਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਸਿਰਫ਼ ਰੂਹਾਨੀ ਸੁਧਾਰ ਬਾਰੇ ਹੀ ਨਹੀਂ ਹਨ। ਮਿਸਾਲ ਲਈ ਯਸਾਯਾਹ ਨੇ ਉਸ ਸਮੇਂ ਬਾਰੇ ਲਿਖਿਆ ਸੀ ਜਦੋਂ ਰੋਗੀ, ਲੰਗੜੇ, ਅੰਨ੍ਹੇ ਤੇ ਬੋਲ਼ੇ ਚੰਗੇ ਕੀਤੇ ਜਾਣਗੇ ਅਤੇ ਮੌਤ ਵੀ ਹਮੇਸ਼ਾ ਵਾਸਤੇ ਖ਼ਤਮ ਕੀਤੀ ਜਾਵੇਗੀ। (ਯਸਾਯਾਹ 25:8; 35:1-7) ਪ੍ਰਾਚੀਨ ਇਸਰਾਏਲ ਵਿਚ ਇਨ੍ਹਾਂ ਭਵਿੱਖਬਾਣੀਆਂ ਦੀ ਸਿਰਫ਼ ਰੂਹਾਨੀ ਪੂਰਤੀ ਹੋਈ ਸੀ। ਅਸੀਂ ਇਸ ਸਮੇਂ ਵਿਚ ਵੀ ਇਨ੍ਹਾਂ ਵਾਅਦਿਆਂ ਦੀ ਰੂਹਾਨੀ ਪੂਰਤੀ ਦੇਖੀ ਹੈ, ਪਰ ਅਸੀਂ ਪੱਕਾ ਯਕੀਨ ਕਰ ਸਕਦੇ ਹਾਂ ਕਿ ਇਹ ਭਵਿੱਖ ਵਿਚ ਜਿਸਮਾਨੀ ਤੌਰ ਤੇ ਵੀ ਪੂਰੇ ਹੋਣਗੇ। ਇਹ ਸਾਨੂੰ ਕਿਸ ਤਰ੍ਹਾਂ ਪਤਾ ਹੈ?

      13 ਅਦਨ ਦੇ ਬਾਗ਼ ਵਿਚ ਯਹੋਵਾਹ ਨੇ ਧਰਤੀ ਲਈ ਆਪਣਾ ਮਕਸਦ ਸਪੱਸ਼ਟ ਕੀਤਾ ਸੀ ਕਿ ਇਹ ਸੁਖੀ, ਸਿਹਤਮੰਦ ਅਤੇ ਪਿਆਰ ਨਾਲ ਰਹਿਣ ਵਾਲੇ ਲੋਕਾਂ ਨਾਲ ਭਰੀ ਜਾਵੇਗੀ। ਤੀਵੀਂ-ਆਦਮੀ ਨੇ ਧਰਤੀ ਅਤੇ ਇਸ ਉੱਤੇ ਰਹਿਣ ਵਾਲੇ ਬਾਕੀ ਦੇ ਜੀਵ-ਜੰਤੂਆਂ ਦੀ ਦੇਖ-ਭਾਲ ਕਰਨੀ ਸੀ ਅਤੇ ਪੂਰੀ ਧਰਤੀ ਨੂੰ ਫਿਰਦੌਸ ਬਣਾਉਣਾ ਸੀ। (ਉਤਪਤ 1:28) ਧਰਤੀ ਦੀ ਹਾਲਤ ਅੱਜ ਇਸ ਤਰ੍ਹਾਂ ਬਿਲਕੁਲ ਨਹੀਂ ਹੈ। ਪਰ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦੇ ਮਕਸਦ ਕਦੇ ਅਧੂਰੇ ਨਹੀਂ ਰਹਿੰਦੇ। (ਯਸਾਯਾਹ 55:10, 11) ਯਹੋਵਾਹ ਦੁਆਰਾ ਨਿਯੁਕਤ ਕੀਤੇ ਗਏ ਰਾਜੇ ਵਜੋਂ ਯਿਸੂ ਇਸ ਧਰਤੀ ਨੂੰ ਫਿਰਦੌਸ ਬਣਾਵੇਗਾ।

      14, 15. (ੳ) ਯਹੋਵਾਹ “ਸੱਭੋ ਕੁਝ ਨਵਾਂ” ਕਿਸ ਤਰ੍ਹਾਂ ਬਣਾਵੇਗਾ? (ਅ) ਫਿਰਦੌਸ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਅਤੇ ਤੁਹਾਨੂੰ ਇਸ ਬਾਰੇ ਕਿਹੜੀ ਗੱਲ ਸਭ ਤੋਂ ਜ਼ਿਆਦਾ ਅੱਛੀ ਲੱਗਦੀ ਹੈ?

      14 ਆਪਣੇ ਮਨ ਦੀਆਂ ਨਜ਼ਰਾਂ ਨਾਲ ਦੇਖੋ ਕਿ ਸਾਰੀ ਧਰਤੀ ਫਿਰਦੌਸ ਬਣ ਗਈ ਹੈ! ਉਸ ਸਮੇਂ ਬਾਰੇ ਯਹੋਵਾਹ ਕਹਿੰਦਾ ਹੈ: “ਵੇਖ, ਮੈਂ ਸੱਭੋ ਕੁਝ ਨਵਾਂ ਬਣਾਉਂਦਾ ਹਾਂ।” (ਪਰਕਾਸ਼ ਦੀ ਪੋਥੀ 21:5) ਇਸ ਗੱਲ ਦੇ ਮਤਲਬ ਤੇ ਗੌਰ ਕਰੋ। ਯਹੋਵਾਹ ਦੁਆਰਾ ਇਸ ਦੁਸ਼ਟ ਦੁਨੀਆਂ ਨੂੰ ਤਬਾਹ ਕੀਤੇ ਜਾਣ ਤੋਂ ਬਾਅਦ ਵੀ ‘ਨਵਾਂ ਅਕਾਸ਼ ਅਤੇ ਨਵੀਂ ਧਰਤੀ’ ਮੌਜੂਦ ਹੋਣਗੇ। ਇਸ ਦਾ ਮਤਲਬ ਹੈ ਕਿ ਅਕਾਸ਼ੋਂ ਇਕ ਨਵੀਂ ਸਰਕਾਰ ਧਰਤੀ ਦੇ ਨਵੇਂ ਸਮਾਜ ਉੱਤੇ ਰਾਜ ਕਰੇਗੀ ਜੋ ਯਹੋਵਾਹ ਨਾਲ ਪਿਆਰ ਅਤੇ ਉਸ ਦੀ ਮਰਜ਼ੀ ਪੂਰੀ ਕਰਨ ਵਾਲਿਆਂ ਦਾ ਬਣਿਆ ਹੋਵੇਗਾ। (2 ਪਤਰਸ 3:13) ਸ਼ਤਾਨ ਅਤੇ ਉਸ ਦੇ ਦੂਤ ਕੈਦ ਵਿਚ ਸੁੱਟੇ ਜਾਣਗੇ। (ਪਰਕਾਸ਼ ਦੀ ਪੋਥੀ 20:3) ਇੰਨੇ ਸਮੇਂ ਬਾਅਦ ਮਨੁੱਖਜਾਤ ਨੂੰ ਪਹਿਲੀ ਵਾਰ ਸ਼ਤਾਨ ਦੇ ਭੈੜੇ, ਘਿਣਾਉਣੇ ਅਤੇ ਹਾਨੀਕਾਰਕ ਪ੍ਰਭਾਵਾਂ ਤੋਂ ਆਰਾਮ ਮਿਲੇਗਾ। ਅਸੀਂ ਉਸ ਸਮੇਂ ਸੁੱਖ ਦਾ ਸਾਹ ਲਵਾਂਗੇ।

      15 ਆਖ਼ਰਕਾਰ ਉਹ ਸਮਾਂ ਆਵੇਗਾ ਜਦੋਂ ਅਸੀਂ ਇਸ ਸੁੰਦਰ ਧਰਤੀ ਦੀ ਦੇਖ-ਭਾਲ ਉਸ ਤਰ੍ਹਾਂ ਕਰ ਸਕਾਂਗੇ ਜਿਸ ਤਰ੍ਹਾਂ ਸਾਨੂੰ ਸ਼ੁਰੂ ਤੋਂ ਕਰਨੀ ਚਾਹੀਦੀ ਸੀ। ਧਰਤੀ ਵਿਚ ਕੁਦਰਤੀ ਤੌਰ ਤੇ ਆਪਣੇ ਆਪ ਨੂੰ ਠੀਕ ਕਰਨ ਦੀ ਸ਼ਕਤੀ ਹੈ। ਗੰਦੀਆਂ ਝੀਲਾਂ ਤੇ ਨਦੀਆਂ ਆਪਣੇ ਆਪ ਨੂੰ ਸਾਫ਼ ਕਰ ਸਕਦੀਆਂ ਹਨ ਜੇ ਉਨ੍ਹਾਂ ਵਿਚ ਗੰਦਗੀ ਸੁੱਟਣੀ ਬੰਦ ਕਰ ਦਿੱਤੀ ਜਾਵੇ। ਜੇ ਜੰਗ ਬੰਦ ਹੋ ਜਾਣ, ਤਾਂ ਤਬਾਹ ਹੋਈ ਜ਼ਮੀਨ ਵੀ ਆਪਣੇ ਆਪ ਮੁੜ ਹਰੀ-ਭਰੀ ਹੋ ਸਕਦੀ ਹੈ। ਉਸ ਸਮੇਂ ਧਰਤੀ ਨੂੰ ਅਦਨ ਵਰਗੇ ਸੁੰਦਰ ਬਾਗ਼ ਵਿਚ ਬਦਲਣ ਵਿਚ ਸਾਨੂੰ ਕਿੰਨਾ ਮਜ਼ਾ ਆਵੇਗਾ! ਅੰਨ੍ਹੇਵਾਹ ਜਾਨਵਰਾਂ ਅਤੇ ਪੇੜ-ਪੌਦਿਆਂ ਦਾ ਨਾਸ਼ ਕਰਨ ਦੀ ਬਜਾਇ ਲੋਕ ਧਰਤੀ ਦੀਆਂ ਸਾਰੀਆਂ ਜੀਉਂਦੀਆਂ ਚੀਜ਼ਾਂ ਨਾਲ ਸ਼ਾਂਤੀ ਨਾਲ ਰਹਿਣਗੇ। ਬੱਚਿਆਂ ਨੂੰ ਵੀ ਜੰਗਲੀ ਜਾਨਵਰਾਂ ਤੋਂ ਕੋਈ ਖ਼ਤਰਾ ਨਹੀਂ ਹੋਵੇਗਾ।​—ਯਸਾਯਾਹ 9:6, 7; 11:1-9.

      16. ਫਿਰਦੌਸ ਵਿਚ ਹਰੇਕ ਵਫ਼ਾਦਾਰ ਇਨਸਾਨ ਕੀ ਅਨੁਭਵ ਕਰੇਗਾ?

      16 ਅਸੀਂ ਨਿੱਜੀ ਤੌਰ ਤੇ ਵੀ ਤੰਦਰੁਸਤੀ ਦਾ ਆਨੰਦ ਮਾਣਾਂਗੇ। ਆਰਮਾਗੇਡਨ ਤੋਂ ਬਚਣ ਵਾਲੇ ਲੋਕ ਦੁਨੀਆਂ ਭਰ ਵਿਚ ਕਰਾਮਾਤਾਂ ਦੇਖਣਗੇ। ਜਦ ਯਿਸੂ ਧਰਤੀ ਤੇ ਸੀ, ਤਾਂ ਉਸ ਨੇ ਪਰਮੇਸ਼ੁਰ ਦੀ ਸ਼ਕਤੀ ਨਾਲ ਅੰਨ੍ਹਿਆਂ ਨੂੰ ਸੁਜਾਖਾ ਕੀਤਾ ਸੀ, ਬੋਲ਼ਿਆਂ ਦੇ ਕੰਨ ਖੋਲ੍ਹੇ ਸਨ ਅਤੇ ਲੰਗੜੇ ਤੇ ਰੋਗੀਆਂ ਨੂੰ ਚੰਗਾ ਕੀਤਾ ਸੀ। (ਮੱਤੀ 15:30) ਉਹ ਫਿਰ ਤੋਂ ਇਸ ਤਰ੍ਹਾਂ ਕਰੇਗਾ। ਬਿਰਧ ਲੋਕ ਫਿਰ ਤੋਂ ਜਵਾਨ, ਤਕੜੇ ਅਤੇ ਸਿਹਤਮੰਦ ਹੋ ਕੇ ਖ਼ੁਸ਼ ਹੋਣਗੇ। (ਅੱਯੂਬ 33:25) ਝੁਰੜੀਆਂ ਗਾਇਬ ਹੋ ਜਾਣਗੀਆਂ, ਲੱਤਾਂ-ਬਾਹਾਂ ਮਜ਼ਬੂਤ ਹੋ ਜਾਣਗੀਆਂ ਅਤੇ ਸਰੀਰ ਫਿਰ ਤੋਂ ਤੰਦਰੁਸਤ ਹੋ ਜਾਵੇਗਾ। ਸਾਰੇ ਵਫ਼ਾਦਾਰ ਲੋਕ ਆਦਮ ਦੇ ਪਾਪ ਦੇ ਪ੍ਰਭਾਵਾਂ ਨੂੰ ਹੌਲੀ-ਹੌਲੀ ਘਟਦੇ ਅਤੇ ਮਿੱਟਦੇ ਮਹਿਸੂਸ ਕਰਨਗੇ। ਸਭ ਕੁਝ ਨਵਾਂ ਬਣਾਉਣ ਲਈ ਅਸੀਂ ਯਹੋਵਾਹ ਦੀ ਸ਼ਾਨਦਾਰ ਸ਼ਕਤੀ ਦਾ ਲੱਖ-ਲੱਖ ਸ਼ੁਕਰ ਕਰਾਂਗੇ! ਆਓ ਆਪਾਂ ਹੁਣ ਉਸ ਸਮੇਂ ਹੋਣ ਵਾਲੀ ਇਕ ਖ਼ਾਸ ਗੱਲ ਵੱਲ ਧਿਆਨ ਦੇਈਏ।

      ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨਾ

      17, 18. (ੳ) ਯਿਸੂ ਨੇ ਸਦੂਕੀਆਂ ਨੂੰ ਕਿਉਂ ਝਾੜਿਆ ਸੀ? (ਅ) ਏਲੀਯਾਹ ਨੇ ਕਿਨ੍ਹਾਂ ਹਾਲਤਾਂ ਵਿਚ ਯਹੋਵਾਹ ਨੂੰ ਇਕ ਮੁਰਦੇ ਨੂੰ ਜ਼ਿੰਦਾ ਕਰਨ ਲਈ ਦੁਆ ਕੀਤੀ ਸੀ?

      17 ਪਹਿਲੀ ਸਦੀ ਵਿਚ ਸਦੂਕੀ ਨਾਂ ਦੇ ਕੁਝ ਧਾਰਮਿਕ ਆਗੂ ਮੁਰਦਿਆਂ ਦੇ ਜੀ ਉਠਾਏ ਜਾਣ ਵਿਚ ਵਿਸ਼ਵਾਸ ਨਹੀਂ ਕਰਦੇ ਸਨ। ਯਿਸੂ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਝਾੜਿਆ: “ਤੁਸੀਂ ਕਿਤਾਬਾਂ ਅਰ ਪਰਮੇਸ਼ੁਰ ਦੀ ਸਮਰੱਥਾ ਨੂੰ ਨਾ ਜਾਣ ਕੇ ਭੁੱਲ ਵਿੱਚ ਪਏ ਹੋ।” (ਮੱਤੀ 22:29) ਜੀ ਹਾਂ, ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਕੋਲ ਮੁੜ ਜ਼ਿੰਦਾ ਕਰਨ ਦੀ ਸ਼ਕਤੀ ਹੈ। ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?

      18 ਏਲੀਯਾਹ ਦੇ ਸਮੇਂ ਵਿਚ ਵਾਪਰੀ ਇਕ ਘਟਨਾ ਬਾਰੇ ਸੋਚੋ। ਇਕ ਵਿਧਵਾ ਨੇ ਆਪਣੇ ਇਕਲੌਤੇ ਬੇਟੇ ਦੀ ਲਾਸ਼ ਨੂੰ ਚੁੱਕਿਆ ਹੋਇਆ ਸੀ। ਏਲੀਯਾਹ ਨਬੀ ਕਾਫ਼ੀ ਸਮੇਂ ਤੋਂ ਉਸ ਵਿਧਵਾ ਦੇ ਘਰ ਮਹਿਮਾਨ ਵਜੋਂ ਰਹਿ ਰਿਹਾ ਸੀ। ਇਸ ਮਰੇ ਹੋਏ ਮੁੰਡੇ ਨੂੰ ਦੇਖ ਕੇ ਉਸ ਨੂੰ ਵੱਡਾ ਸਦਮਾ ਪਹੁੰਚਾ ਹੋਣਾ। ਕੁਝ ਸਮਾਂ ਪਹਿਲਾਂ ਉਸ ਨੇ ਇਸ ਮੁੰਡੇ ਨੂੰ ਭੁੱਖਾ ਮਰਨ ਤੋਂ ਬਚਾਇਆ ਸੀ। ਹੋ ਸਕਦਾ ਹੈ ਕਿ ਏਲੀਯਾਹ ਇਸ ਛੋਟੇ ਮੁੰਡੇ ਨਾਲ ਬਹੁਤ ਪਿਆਰ ਕਰਨ ਲੱਗ ਪਿਆ ਸੀ। ਮਾਂ ਦੀ ਤਾਂ ਦੁਨੀਆਂ ਹੀ ਉੱਜੜ ਗਈ ਸੀ। ਇਹ ਮੁੰਡਾ ਉਸ ਦੇ ਪਤੀ ਦੀ ਆਖ਼ਰੀ ਨਿਸ਼ਾਨੀ ਸੀ। ਉਸ ਨੇ ਸ਼ਾਇਦ ਸੋਚਿਆ ਹੋਵੇ ਕਿ ਬੁਢਾਪੇ ਵਿਚ ਉਸ ਦਾ ਮੁੰਡਾ ਉਹ ਦੀ ਦੇਖ-ਭਾਲ ਕਰੇਗਾ। ਗਮ ਦੀ ਮਾਰੀ ਉਹ ਸੋਚ ਰਹੀ ਸੀ ਕਿ ਸ਼ਾਇਦ ਰੱਬ ਉਸ ਨੂੰ ਕਿਸੇ ਗੱਲ ਦੀ ਸਜ਼ਾ ਦੇ ਰਿਹਾ ਸੀ। ਏਲੀਯਾਹ ਉਸ ਦੀ ਹਾਲਤ ਇਸ ਤਰ੍ਹਾਂ ਵਿਗੜਦੀ ਦੇਖ ਨਹੀਂ ਸਕਦਾ ਸੀ। ਉਸ ਨੇ ਮਾਂ ਤੋਂ ਹੌਲੀ ਜਿਹੇ ਮੁੰਡੇ ਦੀ ਲਾਸ਼ ਲਈ ਅਤੇ ਉਸ ਨੂੰ ਆਪਣੇ ਚੁਬਾਰੇ ਵਿਚ ਲੈ ਗਿਆ ਜਿੱਥੇ ਉਸ ਨੇ ਯਹੋਵਾਹ ਅੱਗੇ ਅਰਦਾਸ ਕੀਤੀ ਕਿ ਉਹ ਇਸ ਮੁੰਡੇ ਦੀ ਜਾਨ ਉਸ ਵਿਚ ਵਾਪਸ ਪਾ ਦੇਵੇ।​—1 ਰਾਜਿਆਂ 17:8-21.

      19, 20. (ੳ) ਅਬਰਾਹਾਮ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਯਹੋਵਾਹ ਦੀ ਮੁੜ ਜ਼ਿੰਦਾ ਕਰਨ ਦੀ ਸ਼ਕਤੀ ਵਿਚ ਨਿਹਚਾ ਕਰਦਾ ਸੀ ਅਤੇ ਉਸ ਦੀ ਨਿਹਚਾ ਦਾ ਕਾਰਨ ਕੀ ਸੀ? (ਅ) ਯਹੋਵਾਹ ਨੇ ਏਲੀਯਾਹ ਦੀ ਨਿਹਚਾ ਕਰਕੇ ਕੀ ਕੀਤਾ ਸੀ?

      19 ਏਲੀਯਾਹ ਪਹਿਲਾ ਬੰਦਾ ਨਹੀਂ ਸੀ ਜਿਸ ਨੇ ਮੁਰਦਿਆਂ ਦੇ ਦੁਬਾਰਾ ਜ਼ਿੰਦਾ ਕੀਤੇ ਜਾਣ ਵਿਚ ਵਿਸ਼ਵਾਸ ਕੀਤਾ ਸੀ। ਸਦੀਆਂ ਪਹਿਲਾਂ ਅਬਰਾਹਾਮ ਮੰਨਦਾ ਸੀ ਕਿ ਯਹੋਵਾਹ ਕੋਲ ਮੁੜ ਜ਼ਿੰਦਾ ਕਰਨ ਦੀ ਸ਼ਕਤੀ ਸੀ ਅਤੇ ਉਸ ਦੇ ਵਿਸ਼ਵਾਸ ਦਾ ਚੰਗਾ ਕਾਰਨ ਸੀ। ਜਦ ਅਬਰਾਹਾਮ 100 ਸਾਲ ਦਾ ਸੀ ਅਤੇ ਉਸ ਦੀ ਪਤਨੀ ਸਾਰਾਹ ਦੀ ਉਮਰ 90 ਸਾਲਾਂ ਦੀ ਸੀ, ਤਾਂ ਯਹੋਵਾਹ ਨੇ ਉਨ੍ਹਾਂ ਨੂੰ ਬੱਚੇ ਜਣਨ ਦੀ ਸ਼ਕਤੀ ਦੁਬਾਰਾ ਦਿੱਤੀ ਅਤੇ ਸਾਰਾਹ ਦੀ ਗੋਦ ਇਕ ਮੁੰਡੇ ਨਾਲ ਭਰੀ ਸੀ। (ਉਤਪਤ 17:17; 21:2, 3) ਬਾਅਦ ਵਿਚ ਜਦ ਉਹ ਮੁੰਡਾ ਵੱਡਾ ਹੋ ਗਿਆ, ਤਾਂ ਯਹੋਵਾਹ ਨੇ ਅਬਰਾਹਾਮ ਨੂੰ ਕਿਹਾ ਕਿ ਉਹ ਉਸ ਦੀ ਬਲੀ ਚੜ੍ਹਾ ਦੇਵੇ। ਅਬਰਾਹਾਮ ਨੇ ਯਹੋਵਾਹ ਵਿਚ ਨਿਹਚਾ ਕੀਤੀ ਕਿ ਉਹ ਇਸਹਾਕ ਨੂੰ ਮੁਰਦਿਆਂ ਵਿੱਚੋਂ ਵੀ ਜੀ ਉਠਾ ਸਕਦਾ ਸੀ। (ਇਬਰਾਨੀਆਂ 11:17-19) ਅਬਰਾਹਾਮ ਦੀ ਨਿਹਚਾ ਇੰਨੀ ਪੱਕੀ ਸੀ ਕਿ ਉਸ ਨੇ ਪਹਾੜ ਉੱਤੇ ਚੜ੍ਹਨ ਤੋਂ ਪਹਿਲਾਂ ਆਪਣੇ ਨੌਕਰਾਂ ਨੂੰ ਕਿਹਾ ਸੀ ਕਿ ਉਹ ਅਤੇ ਇਸਹਾਕ ਦੋਵੇਂ ਵਾਪਸ ਆਉਣਗੇ।​—ਉਤਪਤ 22:5.

      ਇਕ ਵਿਧਵਾ ਖ਼ੁਸ਼ੀ ਦੇ ਮਾਰੇ ਏਲੀਯਾਹ ਨਬੀ ਤੋਂ ਆਪਣੇ ਜੀਉਂਦੇ ਹੋਏ ਪੁੱਤਰ ਨੂੰ ਲੈਂਦੀ ਹੋਈ

      “ਵੇਖ ਤੇਰਾ ਪੁੱਤ੍ਰ ਜੀਉਂਦਾ ਹੈ!”

      20 ਯਹੋਵਾਹ ਨੇ ਇਸਹਾਕ ਨੂੰ ਮਰਨ ਨਹੀਂ ਦਿੱਤਾ, ਜਿਸ ਕਰਕੇ ਉਸ ਸਮੇਂ ਕਿਸੇ ਨੂੰ ਦੁਬਾਰਾ ਜ਼ਿੰਦਾ ਕੀਤੇ ਜਾਣ ਦੀ ਜ਼ਰੂਰਤ ਨਹੀਂ ਪਈ। ਪਰ ਏਲੀਯਾਹ ਦੇ ਸਮੇਂ ਵਿਚ ਵਿਧਵਾ ਦਾ ਮੁੰਡਾ ਮਰ ਚੁੱਕਾ ਸੀ, ਲੇਕਿਨ ਬਹੁਤੀ ਦੇਰ ਲਈ ਨਹੀਂ। ਯਹੋਵਾਹ ਨੇ ਏਲੀਯਾਹ ਨਬੀ ਦੀ ਨਿਹਚਾ ਕਰਕੇ ਮੁੰਡੇ ਨੂੰ ਦੁਬਾਰਾ ਜ਼ਿੰਦਾ ਕੀਤਾ ਸੀ! ਫਿਰ ਏਲੀਯਾਹ ਨੇ ਮੁੰਡੇ ਨੂੰ ਉਸ ਦੀ ਮਾਂ ਨੂੰ ਫੜਾਉਂਦੇ ਹੋਏ ਇਹ ਅਭੁੱਲ ਸ਼ਬਦ ਕਹੇ: “ਵੇਖ ਤੇਰਾ ਪੁੱਤ੍ਰ ਜੀਉਂਦਾ ਹੈ!”​—1 ਰਾਜਿਆਂ 17:22-24.

      21, 22. (ੳ) ਬਾਈਬਲ ਵਿਚ ਮੁਰਦਿਆਂ ਦੇ ਜ਼ਿੰਦਾ ਕੀਤੇ ਜਾਣ ਬਾਰੇ ਕਿਉਂ ਲਿਖਿਆ ਗਿਆ ਹੈ? (ਅ) ਫਿਰਦੌਸ ਵਿਚ ਕਿੰਨੇ ਕੁ ਲੋਕ ਦੁਬਾਰਾ ਜ਼ਿੰਦਾ ਕੀਤੇ ਜਾਣਗੇ ਅਤੇ ਇਹ ਕੰਮ ਕੌਣ ਕਰੇਗਾ?

      21 ਇਸ ਤਰ੍ਹਾਂ ਬਾਈਬਲ ਵਿਚ ਅਸੀਂ ਪਹਿਲੀ ਵਾਰ ਦੇਖਦੇ ਹਾਂ ਕਿ ਯਹੋਵਾਹ ਨੇ ਇਕ ਇਨਸਾਨ ਨੂੰ ਦੁਬਾਰਾ ਜ਼ਿੰਦਾ ਕਰਨ ਲਈ ਆਪਣੀ ਸ਼ਕਤੀ ਵਰਤੀ ਸੀ। ਬਾਅਦ ਵਿਚ ਯਹੋਵਾਹ ਨੇ ਅਲੀਸ਼ਾ, ਯਿਸੂ, ਪੌਲੁਸ ਅਤੇ ਪਤਰਸ ਨੂੰ ਵੀ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਸ਼ਕਤੀ ਦਿੱਤੀ ਸੀ। ਭਾਵੇਂ ਕਿ ਉਸ ਸਮੇਂ ਜੋ ਲੋਕ ਜ਼ਿੰਦਾ ਕੀਤੇ ਗਏ ਸਨ, ਉਹ ਬਾਅਦ ਵਿਚ ਫਿਰ ਮਰ ਗਏ ਸਨ। ਫਿਰ ਵੀ ਬਾਈਬਲ ਵਿਚ ਇਨ੍ਹਾਂ ਘਟਨਾਵਾਂ ਬਾਰੇ ਪੜ੍ਹ ਕੇ ਸਾਨੂੰ ਥੋੜ੍ਹਾ-ਬਹੁਤਾ ਪਤਾ ਲੱਗਦਾ ਹੈ ਕਿ ਭਵਿੱਖ ਵਿਚ ਕਿਹੋ ਜਿਹੀਆਂ ਸ਼ਾਨਦਾਰ ਗੱਲਾਂ ਹੋਣਗੀਆਂ।

      22 ਫਿਰਦੌਸ ਵਿਚ ਯਿਸੂ “ਕਿਆਮਤ ਅਤੇ ਜੀਉਣ” ਹੋਣ ਦੇ ਨਾਤੇ ਆਪਣਾ ਕੰਮ ਪੂਰਾ ਕਰੇਗਾ। (ਯੂਹੰਨਾ 11:25) ਉਹ ਬੇਸ਼ੁਮਾਰ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰੇਗਾ ਅਤੇ ਉਨ੍ਹਾਂ ਨੂੰ ਫਿਰਦੌਸ ਵਿਚ ਹਮੇਸ਼ਾ ਲਈ ਜੀਉਣ ਦਾ ਮੌਕਾ ਦੇਵੇਗਾ। (ਯੂਹੰਨਾ 5:28, 29) ਆਪਣੇ ਮਨ ਦੀਆਂ ਅੱਖਾਂ ਨਾਲ ਜ਼ਰਾ ਉਹ ਨਜ਼ਾਰਾ ਦੇਖੋ ਜਦੋਂ ਸਾਕ-ਸੰਬੰਧੀ ਲੰਮੇ ਸਮੇਂ ਦੇ ਵਿਛੋੜੇ ਤੋਂ ਬਾਅਦ ਗਲ਼ੇ ਲੱਗ-ਲੱਗ ਕੇ ਮਿਲਣਗੇ। ਉਹ ਖ਼ੁਸ਼ੀ ਨਾਲ ਫੁੱਲੇ ਨਾ ਸਮਾਉਣਗੇ! ਉਸ ਸਮੇਂ ਸਾਰੀ ਮਨੁੱਖਜਾਤ ਯਹੋਵਾਹ ਦੀ ਨਵਾਂ ਬਣਾਉਣ ਦੀ ਸ਼ਕਤੀ ਲਈ ਉਸ ਦੀ ਵਡਿਆਈ ਕਰੇਗੀ।

      23. ਯਹੋਵਾਹ ਦੀ ਸ਼ਕਤੀ ਦਾ ਸਭ ਤੋਂ ਜ਼ੋਰਦਾਰ ਪ੍ਰਗਟਾਵਾ ਕੀ ਸੀ ਅਤੇ ਇਹ ਕਿਸ ਗੱਲ ਦੀ ਪੱਕੀ ਗਾਰੰਟੀ ਹੈ?

      23 ਯਹੋਵਾਹ ਨੇ ਇਕ ਪੱਕੀ ਗਾਰੰਟੀ ਦਿੱਤੀ ਹੈ ਕਿ ਇਹ ਗੱਲ ਜ਼ਰੂਰ ਹੋਵੇਗੀ। ਆਪਣੀ ਸ਼ਕਤੀ ਦਾ ਸਭ ਤੋਂ ਜ਼ੋਰਦਾਰ ਪ੍ਰਗਟਾਵਾ ਕਰਦੇ ਹੋਏ ਉਸ ਨੇ ਆਪਣੇ ਪੁੱਤਰ ਯਿਸੂ ਨੂੰ ਇਕ ਆਤਮਿਕ ਪ੍ਰਾਣੀ ਵਜੋਂ ਦੁਬਾਰਾ ਜ਼ਿੰਦਾ ਕੀਤਾ ਅਤੇ ਉਸ ਨੂੰ ਆਪਣੇ ਅਧੀਨ ਸਾਰੀ ਸ੍ਰਿਸ਼ਟੀ ਵਿੱਚੋਂ ਮਹਾਨ ਬਣਾਇਆ। ਸੈਂਕੜੇ ਲੋਕਾਂ ਨੇ ਦੁਬਾਰਾ ਜ਼ਿੰਦਾ ਕੀਤੇ ਗਏ ਯਿਸੂ ਨੂੰ ਦੇਖਿਆ ਸੀ। (1 ਕੁਰਿੰਥੀਆਂ 15:5, 6) ਇਹ ਸਨਕੀ ਜਾਂ ਕਾਫ਼ਰ ਲੋਕਾਂ ਨੂੰ ਕਾਇਲ ਕਰਨ ਲਈ ਵੀ ਬਹੁਤ ਠੋਸ ਸਬੂਤ ਹੈ। ਸੱਚ-ਮੁੱਚ ਯਹੋਵਾਹ ਕੋਲ ਦੁਬਾਰਾ ਜ਼ਿੰਦਾ ਕਰਨ ਦੀ ਸ਼ਕਤੀ ਹੈ।

      24. ਅਸੀਂ ਪੱਕਾ ਵਿਸ਼ਵਾਸ ਕਿਉਂ ਕਰ ਸਕਦੇ ਹਾਂ ਕਿ ਯਹੋਵਾਹ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰੇਗਾ ਅਤੇ ਸਾਡੇ ਵਿੱਚੋਂ ਹਰੇਕ ਕਿਸ ਗੱਲ ਦੀ ਆਸ ਰੱਖ ਸਕਦਾ ਹੈ?

      24 ਯਹੋਵਾਹ ਕੋਲ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਸਿਰਫ਼ ਸ਼ਕਤੀ ਹੀ ਨਹੀਂ ਹੈ, ਪਰ ਇਸ ਤਰ੍ਹਾਂ ਕਰਨ ਦੀ ਉਸ ਦੀ ਇੱਛਾ ਵੀ ਹੈ। ਵਫ਼ਾਦਾਰ ਅੱਯੂਬ ਨੇ ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਲਿਖਿਆ ਸੀ ਕਿ ਯਹੋਵਾਹ ਮੁਰਦਿਆਂ ਨੂੰ ਜ਼ਿੰਦਾ ਕਰਨਾ ਚਾਹੁੰਦਾ ਹੈ। (ਅੱਯੂਬ 14:15) ਇਹ ਜਾਣ ਕੇ ਕਿ ਪਰਮੇਸ਼ੁਰ ਇੰਨੇ ਪਿਆਰ ਨਾਲ ਆਪਣੀ ਸ਼ਕਤੀ ਵਰਤਦਾ ਹੈ, ਕੀ ਤੁਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ? ਪਰ ਯਾਦ ਰੱਖੋ ਕਿ ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨਾ ਤਾਂ ਯਹੋਵਾਹ ਦੇ ਵੱਡੇ-ਵੱਡੇ ਕੰਮਾਂ ਦਾ ਸਿਰਫ਼ ਇਕ ਪਹਿਲੂ ਹੀ ਹੈ। ਉਸ ਦੇ ਨੇੜੇ ਰਹਿੰਦੇ ਹੋਏ ਹਮੇਸ਼ਾ ਇਸ ਗੱਲ ਦੀ ਆਸ ਰੱਖੋ ਕਿ ਯਹੋਵਾਹ ਨੂੰ “ਸੱਭੋ ਕੁਝ ਨਵਾਂ ਬਣਾਉਂਦਾ” ਦੇਖਣ ਲਈ ਤੁਸੀਂ ਉੱਥੇ ਮੌਜੂਦ ਹੋ ਸਕਦੇ ਹੋ।​—ਪਰਕਾਸ਼ ਦੀ ਪੋਥੀ 21:5.

      a “ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾ” ਉਦੋਂ ਸ਼ੁਰੂ ਹੋਇਆ ਸੀ ਜਦੋਂ ਵਫ਼ਾਦਾਰ ਬਾਦਸ਼ਾਹ ਦਾਊਦ ਦਾ ਵਾਰਸ ਰਾਜ-ਗੱਦੀ ਤੇ ਬੈਠਾ ਸੀ ਅਤੇ ਮਸੀਹਾਈ ਰਾਜ ਸਥਾਪਿਤ ਕੀਤਾ ਗਿਆ ਸੀ। ਯਹੋਵਾਹ ਨੇ ਦਾਊਦ ਨਾਲ ਵਾਅਦਾ ਕੀਤਾ ਸੀ ਕਿ ਉਸ ਦਾ ਇਕ ਵਾਰਸ ਹਮੇਸ਼ਾ ਲਈ ਰਾਜ ਕਰੇਗਾ। (ਜ਼ਬੂਰਾਂ ਦੀ ਪੋਥੀ 89:35-37) ਪਰ ਬਾਬਲ ਦੁਆਰਾ ਯਰੂਸ਼ਲਮ ਨੂੰ 607 ਸਾ.ਯੁ.ਪੂ. ਵਿਚ ਤਬਾਹ ਕਰਨ ਤੋਂ ਬਾਅਦ ਦਾਊਦ ਦਾ ਕੋਈ ਵੀ ਇਨਸਾਨੀ ਵਾਰਸ ਪਰਮੇਸ਼ੁਰ ਦੀ ਰਾਜ-ਗੱਦੀ ਉੱਤੇ ਨਹੀਂ ਬੈਠਾ ਸੀ। ਯਿਸੂ ਧਰਤੀ ਉੱਤੇ ਦਾਊਦ ਦੇ ਵਾਰਸ ਵਜੋਂ ਪੈਦਾ ਹੋਇਆ ਸੀ ਅਤੇ ਉਹ ਸਵਰਗ ਵਿਚ ਰਾਜ-ਗੱਦੀ ਉੱਤੇ ਬੈਠ ਕੇ ਵਾਅਦਾ ਕੀਤਾ ਹੋਇਆ ਰਾਜਾ ਬਣਿਆ।

      b ਮਿਸਾਲ ਲਈ ਮੂਸਾ, ਯਸਾਯਾਹ, ਯਿਰਮਿਯਾਹ, ਹਿਜ਼ਕੀਏਲ, ਹੋਸ਼ੇਆ, ਯੋਏਲ, ਆਮੋਸ, ਓਬਦਯਾਹ, ਮੀਕਾਹ ਅਤੇ ਸਫ਼ਨਯਾਹ ਨੇ ਇਸ ਵਿਸ਼ੇ ਉੱਤੇ ਲਿਖਿਆ ਸੀ।

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • 2 ਰਾਜਿਆਂ 5:1-15 ਨਿਮਰਤਾ ਪੈਦਾ ਕਰਨ ਦੇ ਬਦਲੇ ਇਕ ਆਦਮੀ ਨੂੰ ਯਹੋਵਾਹ ਦੀ ਚੰਗਾ ਕਰਨ ਦੀ ਸ਼ਕਤੀ ਤੋਂ ਕੀ ਲਾਭ ਹੋਇਆ ਸੀ?

      • ਅੱਯੂਬ 14:12-15 ਅੱਯੂਬ ਨੂੰ ਕਿਸ ਗੱਲ ਦਾ ਵਿਸ਼ਵਾਸ ਸੀ ਅਤੇ ਇਨ੍ਹਾਂ ਆਇਤਾਂ ਤੋਂ ਸਾਨੂੰ ਭਵਿੱਖ ਲਈ ਕੀ ਆਸ ਮਿਲ ਸਕਦੀ ਹੈ?

      • ਜ਼ਬੂਰਾਂ ਦੀ ਪੋਥੀ 126:1-6 ਅੱਜ ਮਸੀਹੀ ਸ਼ੁੱਧ ਭਗਤੀ ਦੇ ਦੁਬਾਰਾ ਸ਼ੁਰੂ ਕੀਤੇ ਜਾਣ ਬਾਰੇ ਅਤੇ ਉਸ ਵਿਚ ਹਿੱਸਾ ਲੈਣ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ?

      • ਰੋਮੀਆਂ 4:16-25 ਯਹੋਵਾਹ ਦੀ ਮੁੜ ਜ਼ਿੰਦਾ ਕਰਨ ਦੀ ਸ਼ਕਤੀ ਵਿਚ ਨਿਹਚਾ ਰੱਖਣੀ ਕਿਉਂ ਜ਼ਰੂਰੀ ਹੈ?

  • ‘ਮਸੀਹ ਪਰਮੇਸ਼ੁਰ ਦੀ ਸ਼ਕਤੀ ਹੈ’
    ਯਹੋਵਾਹ ਦੇ ਨੇੜੇ ਰਹੋ
    • Jesus on the Sea of Galilee on a dark stormy night

      ਨੌਵਾਂ ਅਧਿਆਇ

      ‘ਮਸੀਹ ਪਰਮੇਸ਼ੁਰ ਦੀ ਸ਼ਕਤੀ ਹੈ’

      1-3. (ੳ) ਗਲੀਲ ਦੀ ਝੀਲ ਵਿਚ ਯਿਸੂ ਦੇ ਚੇਲੇ ਕਿਉਂ ਡਰੇ ਹੋਏ ਸਨ ਅਤੇ ਯਿਸੂ ਨੇ ਕੀ ਕੀਤਾ ਸੀ? (ਅ) ਯਿਸੂ ਨੂੰ “ਪਰਮੇਸ਼ੁਰ ਦੀ ਸ਼ਕਤੀ” ਕਿਉਂ ਸੱਦਿਆ ਗਿਆ ਹੈ?

      ਚੇਲੇ ਬਹੁਤ ਹੀ ਡਰੇ ਹੋਏ ਸਨ। ਉਹ ਕਿਸ਼ਤੀ ਵਿਚ ਗਲੀਲ ਦੀ ਝੀਲ ਪਾਰ ਕਰ ਰਹੇ ਸਨ ਜਦੋਂ ਤੂਫ਼ਾਨ ਨੇ ਉਨ੍ਹਾਂ ਨੂੰ ਆ ਘੇਰਿਆ। ਅਜਿਹੇ ਤੂਫ਼ਾਨ ਇਸ ਝੀਲ ਤੇ ਆਮ ਸਨ। ਇਨ੍ਹਾਂ ਆਦਮੀਆਂ ਵਿੱਚੋਂ ਕੁਝ ਤਜਰਬੇਕਾਰ ਮਛੇਰੇ ਸਨ ਅਤੇ ਉਨ੍ਹਾਂ ਨੇ ਪਹਿਲਾਂ ਵੀ ਅਜਿਹੇ ਤੂਫ਼ਾਨ ਆਉਂਦੇ ਦੇਖੇ ਸਨ।a (ਮੱਤੀ 4:18, 19) ਪਰ ਇਹ ਇਕ “ਵੱਡੀ ਅਨ੍ਹੇਰੀ” ਸੀ ਜਿਸ ਨੇ ਜਲਦੀ ਹੀ ਝੀਲ ਵਿਚ ਵੱਡੀਆਂ-ਵੱਡੀਆਂ ਲਹਿਰਾਂ ਭੜਕਾ ਦਿੱਤੀਆਂ ਸਨ। ਉਹ ਆਦਮੀ ਜ਼ੋਰ-ਜ਼ੋਰ ਨਾਲ ਚੱਪੂ ਚਲਾ ਰਹੇ ਸਨ ਪਰ ਤੂਫ਼ਾਨ ਉਨ੍ਹਾਂ ਨੂੰ ਦਮ ਨਹੀਂ ਲੈਣ ਦਿੰਦਾ ਸੀ। ਲਹਿਰਾਂ ਬੇੜੀ ਨੂੰ ਪਾਣੀ ਨਾਲ ਭਰ ਰਹੀਆਂ ਸਨ। ਇੰਨੀ ਹਲਚਲ ਦੇ ਬਾਵਜੂਦ ਯਿਸੂ ਸਾਰਾ ਦਿਨ ਭੀੜ ਨੂੰ ਸਿਖਾਉਣ ਤੋਂ ਬਾਅਦ ਥੱਕਾ-ਟੁੱਟਾ ਗੂੜ੍ਹੀ ਨੀਂਦ ਸੁੱਤਾ ਪਿਆ ਸੀ। ਆਪਣੀ ਜਾਨ ਹੱਥੋਂ ਜਾਂਦੀ ਦੇਖ ਕੇ ਚੇਲਿਆਂ ਨੇ ਉਸ ਨੂੰ ਜਗਾਇਆ ਅਤੇ ਕਿਹਾ: “ਪ੍ਰਭੁ ਜੀ ਬਚਾ! ਅਸੀਂ ਤਾਂ ਮਰ ਚੱਲੇ ਹਾਂ!”​—ਮਰਕੁਸ 4:35-38; ਮੱਤੀ 8:23-25.

      2 ਯਿਸੂ ਨੂੰ ਕੋਈ ਡਰ ਨਹੀਂ ਸੀ। ਪੂਰੇ ਭਰੋਸੇ ਨਾਲ ਉਸ ਨੇ ਅਨ੍ਹੇਰੀ ਨੂੰ ਦਬਕਾਇਆ ਅਤੇ ਝੀਲ ਨੂੰ ਕਿਹਾ: “ਚੁੱਪ ਕਰ ਥੰਮ੍ਹ ਜਾਹ!” ਅਨ੍ਹੇਰੀ ਅਤੇ ਝੀਲ ਨੇ ਇਕਦਮ ਉਸ ਦਾ ਹੁਕਮ ਮੰਨਿਆ—ਤੂਫ਼ਾਨ ਥੰਮ੍ਹ ਗਿਆ, ਲਹਿਰਾਂ ਸ਼ਾਂਤ ਹੋ ਗਈਆਂ ਅਤੇ ਇਕ “ਵੱਡਾ ਚੈਨ ਹੋ ਗਿਆ।” ਚੇਲੇ ਭੈਭੀਤ ਹੋ ਗਏ। ਉਹ ਆਪਸ ਵਿਚ ਕਹਿਣ ਲੱਗੇ: “ਇਹ ਕੌਣ ਹੈ?” ਵੈਸੇ ਕਿਹੋ ਜਿਹਾ ਆਦਮੀ ਪੌਣ ਅਤੇ ਝੀਲ ਨੂੰ ਇਸ ਤਰ੍ਹਾਂ ਡਾਂਟ ਸਕਦਾ ਹੈ ਜਿਵੇਂ ਕੋਈ ਨਿਆਣੇ ਨੂੰ ਡਾਂਟਦਾ ਹੈ?​—ਮਰਕੁਸ 4:39-41; ਮੱਤੀ 8:26, 27.

      3 ਪਰ ਯਿਸੂ ਕੋਈ ਮਾਮੂਲੀ ਆਦਮੀ ਨਹੀਂ ਸੀ। ਯਹੋਵਾਹ ਨੇ ਉਸ ਨੂੰ ਸ਼ਕਤੀ ਦਿੱਤੀ ਸੀ, ਜਿਸ ਨਾਲ ਯਿਸੂ ਵੱਡੇ-ਵੱਡੇ ਕੰਮ ਕਰ ਸਕਦਾ ਸੀ। ਪਵਿੱਤਰ ਆਤਮਾ ਦੀ ਪ੍ਰੇਰਣਾ ਅਧੀਨ ਪੌਲੁਸ ਰਸੂਲ ਨੇ ‘ਮਸੀਹ ਨੂੰ ਪਰਮੇਸ਼ੁਰ ਦੀ ਸ਼ਕਤੀ’ ਸੱਦਿਆ ਸੀ। (1 ਕੁਰਿੰਥੀਆਂ 1:24) ਪਰਮੇਸ਼ੁਰ ਦੀ ਸ਼ਕਤੀ ਕਿਨ੍ਹਾਂ ਤਰੀਕਿਆਂ ਨਾਲ ਯਿਸੂ ਰਾਹੀਂ ਪ੍ਰਗਟ ਹੁੰਦੀ ਹੈ? ਨਾਲੇ ਯਿਸੂ ਦੇ ਇਸ ਸ਼ਕਤੀ ਨੂੰ ਵਰਤਣ ਦਾ ਸਾਡੀ ਜ਼ਿੰਦਗੀ ਉੱਤੇ ਕੀ ਪ੍ਰਭਾਵ ਪੈ ਸਕਦਾ ਹੈ?

      ਪਰਮੇਸ਼ੁਰ ਦੇ ਇਕਲੌਤੇ ਪੁੱਤਰ ਦੀ ਸ਼ਕਤੀ

      4, 5. (ੳ) ਯਹੋਵਾਹ ਨੇ ਆਪਣੇ ਇਕਲੌਤੇ ਪੁੱਤਰ ਨੂੰ ਕੀ ਕਰਨ ਦੀ ਸ਼ਕਤੀ ਤੇ ਅਧਿਕਾਰ ਸੌਂਪਿਆ ਸੀ? (ਅ) ਯਿਸੂ ਨੇ ਆਪਣੇ ਪਿਤਾ ਦੇ ਸ੍ਰਿਸ਼ਟੀ ਦੇ ਕੰਮ ਕਿਸ ਚੀਜ਼ ਦੀ ਮਦਦ ਨਾਲ ਪੂਰੇ ਕੀਤੇ ਸਨ?

      4 ਯਿਸੂ ਦੀ ਉਸ ਸ਼ਕਤੀ ਬਾਰੇ ਜ਼ਰਾ ਸੋਚੋ ਜੋ ਉਸ ਕੋਲ ਧਰਤੀ ਉੱਤੇ ਆਉਣ ਤੋਂ ਪਹਿਲਾਂ ਸੀ। ਯਹੋਵਾਹ ਨੇ ਆਪਣੀ “ਅਨਾਦੀ ਸਮਰੱਥਾ” ਨਾਲ ਆਪਣੇ ਇਕਲੌਤੇ ਪੁੱਤਰ ਨੂੰ ਸ੍ਰਿਸ਼ਟ ਕੀਤਾ ਸੀ ਜੋ ਧਰਤੀ ਉੱਤੇ ਯਿਸੂ ਮਸੀਹ ਵਜੋਂ ਜਾਣਿਆ ਗਿਆ। (ਰੋਮੀਆਂ 1:20; ਕੁਲੁੱਸੀਆਂ 1:15) ਆਪਣੇ ਪੁੱਤਰ ਨੂੰ ਸ੍ਰਿਸ਼ਟ ਕਰਨ ਤੋਂ ਬਾਅਦ ਯਹੋਵਾਹ ਨੇ ਉਸ ਨੂੰ ਬਹੁਤ ਸ਼ਕਤੀ ਤੇ ਅਧਿਕਾਰ ਸੌਂਪਿਆ ਤਾਂਕਿ ਯਿਸੂ ਆਪਣੇ ਪਿਤਾ ਦੇ ਸ੍ਰਿਸ਼ਟੀ ਦੇ ਕੰਮਾਂ ਨੂੰ ਪੂਰਾ ਕਰ ਸਕੇ। ਪਰਮੇਸ਼ੁਰ ਦੇ ਪੁੱਤਰ ਬਾਰੇ ਬਾਈਬਲ ਕਹਿੰਦੀ ਹੈ ਕਿ “ਸੱਭੋ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚੋਂ ਇੱਕ ਵਸਤੁ ਭੀ ਉਸ ਤੋਂ ਬਿਨਾ ਨਹੀਂ ਰਚੀ ਗਈ।”​—ਯੂਹੰਨਾ 1:3.

      5 ਯਿਸੂ ਦੀ ਇਸ ਵੱਡੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਸਮਝਣਾ ਸਾਡੇ ਲਈ ਬਹੁਤ ਔਖਾ ਹੈ। ਜ਼ਰਾ ਉਸ ਸ਼ਕਤੀ ਦੀ ਕਲਪਨਾ ਕਰੋ ਜਿਸ ਦੁਆਰਾ ਬਲਵਾਨ ਦੂਤ, ਖਰਬਾਂ ਗਲੈਕਸੀਆਂ ਨਾਲ ਭਰਿਆ ਬ੍ਰਹਿਮੰਡ ਅਤੇ ਧਰਤੀ ਤੇ ਇਸ ਉੱਤੇ ਸਾਰੀਆਂ ਜੀਉਂਦੀਆਂ ਚੀਜ਼ਾਂ ਬਣਾਈਆਂ ਗਈਆਂ ਸਨ। ਇਹ ਸਾਰੇ ਕੰਮ ਪੂਰੇ ਕਰਨ ਵਾਸਤੇ ਪਰਮੇਸ਼ੁਰ ਦੇ ਇਕਲੌਤੇ ਪੁੱਤਰ ਨੂੰ ਇਸ ਸੰਸਾਰ ਦੀ ਸਭ ਤੋਂ ਤਾਕਤਵਰ ਸ਼ਕਤੀ ਦਿੱਤੀ ਗਈ ਸੀ ਯਾਨੀ ਪਰਮੇਸ਼ੁਰ ਦੀ ਪਵਿੱਤਰ ਆਤਮਾ। ਯਹੋਵਾਹ ਨੇ ਆਪਣੇ ਪੁੱਤਰ ਦੇ ਜ਼ਰੀਏ ਸਭ ਕੁਝ ਸ੍ਰਿਸ਼ਟ ਕੀਤਾ ਅਤੇ ਪੁੱਤਰ ਨੇ “ਰਾਜ ਮਿਸਤਰੀ” ਵਜੋਂ ਕੰਮ ਕਰਨ ਦਾ ਆਨੰਦ ਮਾਣਿਆ।​—ਕਹਾਉਤਾਂ 8:22-31.

      6. ਜੀ ਉਠਾਏ ਜਾਣ ਤੋਂ ਬਾਅਦ ਯਿਸੂ ਨੂੰ ਕਿਹੋ ਜਿਹੀ ਸ਼ਕਤੀ ਤੇ ਅਧਿਕਾਰ ਮਿਲਿਆ ਸੀ?

      6 ਜੀ ਉਠਾਏ ਜਾਣ ਤੋਂ ਬਾਅਦ ਇਸ ਇਕਲੌਤੇ ਪੁੱਤਰ ਨੂੰ ਹੋਰ ਵੀ ਸ਼ਕਤੀ ਤੇ ਅਧਿਕਾਰ ਮਿਲਿਆ ਸੀ। ਯਿਸੂ ਨੇ ਕਿਹਾ: “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।” (ਮੱਤੀ 28:18) ਜੀ ਹਾਂ, ਯਿਸੂ ਨੂੰ ਹੁਣ ਹਰ ਜਗ੍ਹਾ ਉੱਤੇ ਇਖ਼ਤਿਆਰ ਦਿੱਤਾ ਗਿਆ ਹੈ। “ਰਾਜਿਆਂ ਦਾ ਰਾਜਾ ਅਤੇ ਪ੍ਰਭੁਆਂ ਦਾ ਪ੍ਰਭੁ” ਹੋਣ ਕਰਕੇ ਯਿਸੂ ਨੂੰ ਆਪਣੇ ਪਿਤਾ ਦੇ ਖ਼ਿਲਾਫ਼ “ਹਰੇਕ ਹਕੂਮਤ ਅਤੇ ਹਰੇਕ ਇਖ਼ਤਿਆਰ ਅਤੇ ਕੁਦਰਤ” ਦਾ ਨਾਸ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ। (ਪਰਕਾਸ਼ ਦੀ ਪੋਥੀ 19:16; 1 ਕੁਰਿੰਥੀਆਂ 15:24-26) ਪਰਮੇਸ਼ੁਰ ਨੇ “ਕੁਝ ਨਹੀਂ ਛੱਡਿਆ ਜੋ ਉਸ ਦੇ ਅਧੀਨ ਨਾ ਕੀਤਾ ਹੋਵੇ” ਮਤਲਬ ਕਿ ਯਹੋਵਾਹ ਤੋਂ ਸਿਵਾਇ ਸਭ ਕੁਝ ਯਿਸੂ ਅਧੀਨ ਹੈ।​—ਇਬਰਾਨੀਆਂ 2:8; 1 ਕੁਰਿੰਥੀਆਂ 15:27.

      7. ਸਾਨੂੰ ਇਸ ਗੱਲ ਦਾ ਪੱਕਾ ਯਕੀਨ ਕਿਉਂ ਹੈ ਕਿ ਯਿਸੂ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਨਹੀਂ ਕਰੇਗਾ?

      7 ਕੀ ਸਾਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਹੈ ਕਿ ਯਿਸੂ ਆਪਣੇ ਅਧਿਕਾਰ ਦਾ ਸ਼ਾਇਦ ਗ਼ਲਤ ਇਸਤੇਮਾਲ ਕਰੇਗਾ? ਬਿਲਕੁਲ ਨਹੀਂ! ਯਿਸੂ ਆਪਣੇ ਪਿਤਾ ਨਾਲ ਸੱਚ-ਮੁੱਚ ਪਿਆਰ ਕਰਦਾ ਹੈ ਅਤੇ ਉਹ ਉਸ ਨੂੰ ਨਾਰਾਜ਼ ਕਰਨ ਲਈ ਕੁਝ ਨਹੀਂ ਕਰੇਗਾ। (ਯੂਹੰਨਾ 8:29; 14:31) ਯਿਸੂ ਇਹ ਵੀ ਜਾਣਦਾ ਹੈ ਕਿ ਯਹੋਵਾਹ ਆਪਣੀ ਮਹਾਨ ਸ਼ਕਤੀ ਦਾ ਗ਼ਲਤ ਇਸਤੇਮਾਲ ਕਦੇ ਨਹੀਂ ਕਰਦਾ। ਉਸ ਨੇ ਖ਼ੁਦ ਦੇਖਿਆ ਹੈ ਕਿ ਯਹੋਵਾਹ “ਉਨ੍ਹਾਂ ਦੀ ਸਹਾਇਤਾ ਲਈ ਜਿਨ੍ਹਾਂ ਦਾ ਦਿਲ ਉਸ ਉੱਤੇ ਪੂਰਨ ਨਿਹਚਾ ਰੱਖਦਾ ਹੈ ਆਪਣੇ ਆਪ ਨੂੰ ਸਮਰਥ” ਦਿਖਾਉਣ ਦੇ ਮੌਕੇ ਭਾਲਦਾ ਹੈ। (2 ਇਤਹਾਸ 16:9) ਵੈਸੇ ਆਪਣੇ ਪਿਤਾ ਵਾਂਗ ਯਿਸੂ ਵੀ ਇਨਸਾਨਾਂ ਨਾਲ ਪਿਆਰ ਕਰਦਾ ਹੈ, ਇਸ ਕਰਕੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ ਕਿ ਉਹ ਆਪਣੇ ਅਧਿਕਾਰ ਨੂੰ ਹਮੇਸ਼ਾ ਲੋਕਾਂ ਦੀ ਭਲਾਈ ਲਈ ਹੀ ਵਰਤੇਗਾ। (ਯੂਹੰਨਾ 13:1) ਇਸ ਦੇ ਸੰਬੰਧ ਵਿਚ ਯਿਸੂ ਨੇ ਇਕ ਵਧੀਆ ਰਿਕਾਰਡ ਸਥਾਪਿਤ ਕੀਤਾ ਹੈ। ਆਓ ਆਪਾਂ ਹੁਣ ਦੇਖੀਏ ਕਿ ਜਦੋਂ ਯਿਸੂ ਧਰਤੀ ਤੇ ਸੀ ਉਸ ਨੇ ਆਪਣੇ ਅਧਿਕਾਰ ਨੂੰ ਕਿਸ ਤਰ੍ਹਾਂ ਇਸਤੇਮਾਲ ਕੀਤਾ ਸੀ।

      “ਬਚਨ ਵਿੱਚ ਸਮਰਥ”

      8. ਯਿਸੂ ਦੇ ਮਸਹ ਕੀਤੇ ਜਾਣ ਤੋਂ ਬਾਅਦ ਉਸ ਨੂੰ ਕੀ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ ਅਤੇ ਉਸ ਨੇ ਇਸ ਨੂੰ ਕਿਸ ਤਰ੍ਹਾਂ ਵਰਤਿਆ ਸੀ?

      8 ਜ਼ਾਹਰ ਹੁੰਦਾ ਹੈ ਕਿ ਜਦੋਂ ਯਿਸੂ ਨਾਸਰਤ ਸ਼ਹਿਰ ਵਿਚ ਵੱਡਾ ਹੋ ਰਿਹਾ ਸੀ, ਤਾਂ ਉੱਥੇ ਉਸ ਨੇ ਕੋਈ ਚਮਤਕਾਰ ਨਹੀਂ ਕੀਤਾ ਸੀ। ਪਰ ਸੰਨ 29 ਵਿਚ ਉਸ ਦੇ ਬਪਤਿਸਮੇ ਤੋਂ ਬਾਅਦ ਇਹ ਗੱਲ ਬਦਲ ਗਈ। ਉਸ ਸਮੇਂ ਉਹ ਤਕਰੀਬਨ 30 ਸਾਲਾਂ ਦਾ ਸੀ। (ਲੂਕਾ 3:21-23) ਬਾਈਬਲ ਸਾਨੂੰ ਦੱਸਦੀ ਹੈ: “ਪਰਮੇਸ਼ੁਰ ਨੇ ਕਿਸ ਬਿਧ ਨਾਲ ਉਹ ਨੂੰ ਪਵਿੱਤ੍ਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ।” (ਰਸੂਲਾਂ ਦੇ ਕਰਤੱਬ 10:38) ਉਸ ਨੇ ਲੋਕਾਂ ਦਾ ‘ਭਲਾ ਕੀਤਾ’ ਜਿਸ ਤੋਂ ਜ਼ਾਹਰ ਹੁੰਦਾ ਕਿ ਉਸ ਨੇ ਆਪਣੇ ਅਧਿਕਾਰ ਦਾ ਸਹੀ ਇਸਤੇਮਾਲ ਕੀਤਾ ਸੀ। ਉਸ ਦੇ ਮਸਹ ਕੀਤੇ ਜਾਣ ਤੋਂ ਬਾਅਦ ਉਹ ‘ਨਬੀ ਬਣਿਆ ਜੋ ਕਰਨੀ ਅਤੇ ਬਚਨ ਵਿੱਚ ਸਮਰਥ ਸੀ।’​—ਲੂਕਾ 24:19.

      9-11. (ੳ) ਯਿਸੂ ਨੇ ਆਮ ਤੌਰ ਤੇ ਆਪਣੀ ਸਿੱਖਿਆ ਕਿੱਥੇ ਦਿੱਤੀ ਸੀ ਅਤੇ ਉਸ ਨੂੰ ਸਿੱਖਿਆ ਦਿੰਦੇ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪਿਆ ਸੀ? (ਅ) ਯਿਸੂ ਦੇ ਸਿੱਖਿਆ ਦੇਣ ਦੇ ਤਰੀਕੇ ਤੋਂ ਭੀੜਾਂ ਹੈਰਾਨ ਕਿਉਂ ਹੋਈਆਂ ਸਨ?

      9 ਯਿਸੂ ਬਚਨ ਵਿਚ ਸਮਰਥ ਕਿਸ ਤਰ੍ਹਾਂ ਸੀ? ਉਸ ਨੇ ਅਕਸਰ ਝੀਲ ਦੇ ਕਿਨਾਰੇ, ਪਹਾੜੀ ਢਲਾਣਾਂ, ਚੌਂਕਾਂ ਜਾਂ ਬਾਜ਼ਾਰਾਂ ਵਿਚ ਲੋਕਾਂ ਨੂੰ ਸਿੱਖਿਆ ਦਿੱਤੀ ਸੀ। (ਮਰਕੁਸ 6:53-56; ਲੂਕਾ 5:1-3; 13:26) ਜੇ ਸੁਣਨ ਵਾਲਿਆਂ ਨੂੰ ਕੋਈ ਦਿਲਚਸਪੀ ਨਹੀਂ ਸੀ, ਤਾਂ ਉਹ ਉੱਠ ਕੇ ਜਾ ਸਕਦੇ ਸਨ। ਉਸ ਸਮੇਂ ਕਿਤਾਬਾਂ ਨਹੀਂ ਛਾਪੀਆਂ ਜਾਂਦੀਆਂ ਸਨ, ਇਸ ਲਈ ਲੋਕਾਂ ਨੂੰ ਉਸ ਦੀ ਗੱਲ ਸੁਣ ਕੇ ਆਪਣੇ ਦਿਲੋ-ਦਿਮਾਗ਼ ਵਿਚ ਬਿਠਾਉਣੀ ਪੈਂਦੀ ਸੀ। ਯਿਸੂ ਦੀ ਸਿੱਖਿਆ ਦਿਲਚਸਪ ਹੋਣ ਦੇ ਨਾਲ-ਨਾਲ ਆਸਾਨ ਵੀ ਸੀ। ਇਸ ਕਰਕੇ ਲੋਕ ਉਸ ਦੀਆਂ ਗੱਲਾਂ ਨੂੰ ਸਮਝ ਅਤੇ ਯਾਦ ਰੱਖ ਸਕਦੇ ਸਨ। ਪਰ ਯਿਸੂ ਲਈ ਇਹ ਕੋਈ ਔਖੀ ਗੱਲ ਨਹੀਂ ਸੀ। ਮਿਸਾਲ ਲਈ ਪਹਾੜੀ ਉਪਦੇਸ਼ ਉੱਤੇ ਗੌਰ ਕਰੋ।

      10 ਸੰਨ 31 ਦੀ ਇਕ ਸਵੇਰ ਗਲੀਲ ਦੀ ਝੀਲ ਦੇ ਲਾਗੇ ਇਕ ਪਹਾੜੀ ਉੱਤੇ ਭੀੜ ਇਕੱਠੀ ਹੋਈ ਸੀ। ਕੁਝ ਲੋਕ ਸੌ ਕੁ ਕਿਲੋਮੀਟਰ ਦੂਰ ਯਹੂਦਿਯਾ ਅਤੇ ਯਰੂਸ਼ਲਮ ਤੋਂ ਆਏ ਸਨ। ਦੂਸਰੇ ਲੋਕ ਉੱਤਰ ਵੱਲੋਂ ਸਾਗਰ ਦੇ ਕਿਨਾਰੇ ਤੇ ਸਥਿਤ ਸੂਰ ਅਤੇ ਸੈਦਾ ਨਾਂ ਦੇ ਸ਼ਹਿਰਾਂ ਤੋਂ ਆਏ ਸਨ। ਕਈ ਰੋਗੀ ਯਿਸੂ ਨੂੰ ਹੱਥ ਲਾਉਣ ਲਈ ਉਸ ਦੇ ਨੇੜੇ ਆਏ ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕੀਤਾ ਸੀ। ਸਾਰੇ ਬੀਮਾਰਾਂ ਨੂੰ ਰਾਜ਼ੀ ਕਰਨ ਤੋਂ ਬਾਅਦ ਯਿਸੂ ਨੇ ਉਨ੍ਹਾਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ। (ਲੂਕਾ 6:17-19) ਲੋਕ ਉਸ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਏ। ਆਓ ਆਪਾਂ ਦੇਖੀਏ ਕਿਉਂ।

      11 ਇਕ ਆਦਮੀ ਨੇ, ਜਿਸ ਨੇ ਕਈ ਸਾਲ ਪਹਿਲਾਂ ਇਹ ਉਪਦੇਸ਼ ਸੁਣਿਆ ਸੀ, ਲਿਖਿਆ: “ਭੀੜ ਉਹ ਦੇ ਉਪਦੇਸ਼ ਤੋਂ ਹੈਰਾਨ ਹੋਈ। ਕਿਉਂ ਜੋ ਉਹ . . . ਇਖ਼ਤਿਆਰ ਵਾਲੇ ਵਾਂਙੁ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ।” (ਮੱਤੀ 7:28, 29) ਯਿਸੂ ਇੰਨੇ ਅਧਿਕਾਰ ਨਾਲ ਹਰ ਗੱਲ ਕਹਿ ਰਿਹਾ ਸੀ ਕਿ ਇਸ ਦਾ ਉਨ੍ਹਾਂ ਤੇ ਬਹੁਤ ਅਸਰ ਹੋਇਆ। ਉਹ ਪਰਮੇਸ਼ੁਰ ਲਈ ਬੋਲਦਾ ਸੀ ਅਤੇ ਪਰਮੇਸ਼ੁਰ ਦੇ ਬਚਨ ਦੇ ਆਧਾਰ ਤੇ ਸਿੱਖਿਆ ਦਿੰਦਾ ਸੀ। (ਯੂਹੰਨਾ 7:16) ਯਿਸੂ ਸਭ ਕੁਝ ਸਾਫ਼-ਸਾਫ਼ ਕਹਿੰਦਾ ਸੀ, ਉਸ ਦੇ ਉਪਦੇਸ਼ ਦਿਲ ਨੂੰ ਕਾਇਲ ਕਰਦੇ ਸਨ ਅਤੇ ਉਸ ਦੀਆਂ ਗੱਲਾਂ ਨਾਲ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਂਦੇ ਸਨ। ਉਹ ਮਹੱਤਵਪੂਰਣ ਵਿਸ਼ਿਆਂ ਬਾਰੇ ਡੂੰਘੀਆਂ ਗੱਲਾਂ ਸਮਝਾ ਕੇ ਸੁਣਨ ਵਾਲਿਆਂ ਦੇ ਦਿਲਾਂ ਤਕ ਪਹੁੰਚਦਾ ਸੀ। ਉਸ ਨੇ ਉਨ੍ਹਾਂ ਨੂੰ ਖ਼ੁਸ਼ੀ ਪ੍ਰਾਪਤ ਕਰਨੀ, ਪ੍ਰਾਰਥਨਾ ਕਰਨੀ ਤੇ ਪਰਮੇਸ਼ੁਰ ਦੇ ਰਾਜ ਦੀ ਭਾਲ ਕਰਨੀ ਸਿਖਾਈ ਅਤੇ ਜ਼ਿੰਦਗੀ ਨੂੰ ਕਾਮਯਾਬ ਬਣਾਉਣ ਦਾ ਰਾਜ਼ ਦੱਸਿਆ। (ਮੱਤੀ 5:3–7:27) ਉਸ ਦੀ ਸਿੱਖਿਆ ਨੇ ਸੱਚਾਈ ਅਤੇ ਧਾਰਮਿਕਤਾ ਦੇ ਪਿਆਸੇ ਲੋਕਾਂ ਨੂੰ ਕੁਝ ਕਰਨ ਲਈ ਪ੍ਰੇਰਿਆ। ਇਸ ਕਰਕੇ ਕਈ ਲੋਕ ਆਪਣਾ ਸਭ ਕੁਝ ਛੱਡਣ ਤੇ “ਆਪਣੇ ਆਪ ਦਾ ਇਨਕਾਰ” ਕਰਨ ਲਈ ਤਿਆਰ ਸਨ। (ਮੱਤੀ 16:24; ਲੂਕਾ 5:10, 11) ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਿਸੂ ਦੇ ਸ਼ਬਦ ਕਿੰਨੇ ਸ਼ਕਤੀਸ਼ਾਲੀ ਸਨ!

      ‘ਕਰਨੀ ਵਿੱਚ ਸਮਰਥ’

      12, 13. ਯਿਸੂ ‘ਕਰਨੀ ਵਿੱਚ ਸਮਰਥ’ ਕਿਸ ਤਰ੍ਹਾਂ ਸੀ ਅਤੇ ਉਸ ਦੀਆਂ ਕਰਾਮਾਤਾਂ ਵਿਚ ਕੀ-ਕੀ ਸ਼ਾਮਲ ਸੀ?

      12 ਯਿਸੂ ‘ਕਰਨੀ ਵਿੱਚ ਵੀ ਸਮਰਥ ਸੀ।’ (ਲੂਕਾ 24:19) ਇੰਜੀਲਾਂ ਵਿਚ ਉਸ ਦੁਆਰਾ ਕੀਤੀਆਂ ਗਈਆਂ 30 ਤੋਂ ਜ਼ਿਆਦਾ ਕਰਾਮਾਤਾਂ ਬਾਰੇ ਦੱਸਿਆ ਗਿਆ ਹੈ। ਇਹ ਸਾਰੀਆਂ ਉਸ ਨੇ “ਪ੍ਰਭੁ ਦੀ ਸਮਰੱਥਾ” ਨਾਲ ਕੀਤੀਆਂ ਸਨ।b (ਲੂਕਾ 5:17) ਯਿਸੂ ਦੀਆਂ ਕਰਾਮਾਤਾਂ ਨੇ ਹਜ਼ਾਰਾਂ ਹੀ ਲੋਕਾਂ ਦੀਆਂ ਜ਼ਿੰਦਗੀਆਂ ਉੱਤੇ ਅਸਰ ਪਾਇਆ ਸੀ। ਇਨ੍ਹਾਂ ਵਿੱਚੋਂ ਸਿਰਫ਼ ਦੋ ਕਰਾਮਾਤਾਂ ਨੇ ਹੀ ਕੁਝ 20,000 ਲੋਕਾਂ ਉੱਤੇ ਪ੍ਰਭਾਵ ਪਾਇਆ ਸੀ ਜਦ ਉਸ ਨੇ “ਜਨਾਨੀਆਂ ਅਤੇ ਬਾਲਕਾਂ ਬਿਨਾਂ” 5,000 ਆਦਮੀਆਂ ਅਤੇ ਬਾਅਦ ਵਿਚ 4,000 ਆਦਮੀਆਂ ਨੂੰ ਰੋਟੀ ਖਿਲਾਈ ਸੀ!​—ਮੱਤੀ 14:13-21; 15:32-38.

      ‘ਉਨ੍ਹਾਂ ਨੇ ਯਿਸੂ ਨੂੰ ਝੀਲ ਦੇ ਉੱਤੋਂ ਦੀ ਤੁਰਦਾ ਵੇਖਿਆ’

      13 ਯਿਸੂ ਕੋਲ ਵੱਖੋ-ਵੱਖਰੀਆਂ ਕਰਾਮਾਤਾਂ ਕਰਨ ਦੀ ਸ਼ਕਤੀ ਸੀ। ਉਸ ਕੋਲ ਬੁਰੇ ਦੂਤਾਂ ਉੱਤੇ ਅਧਿਕਾਰ ਸੀ ਅਤੇ ਉਹ ਆਸਾਨੀ ਨਾਲ ਉਨ੍ਹਾਂ ਨੂੰ ਲੋਕਾਂ ਵਿੱਚੋਂ ਕੱਢ ਦਿੰਦਾ ਸੀ। (ਲੂਕਾ 9:37-43) ਉਸ ਨੇ ਪਾਣੀ ਨੂੰ ਮੈ ਵਿਚ ਬਦਲ ਕੇ ਦਿਖਾਇਆ ਕਿ ਉਸ ਕੋਲ ਕੁਦਰਤੀ ਪਦਾਰਥਾਂ ਉੱਤੇ ਵੀ ਸ਼ਕਤੀ ਸੀ। (ਯੂਹੰਨਾ 2:1-11) ਉਸ ਨੂੰ ਗਲੀਲ ਦੀ ਝੀਲ ਦੇ ਪਾਣੀਆਂ ਉੱਤੇ ਤੁਰਦਾ ਦੇਖ ਕੇ ਉਸ ਦੇ ਚੇਲੇ ਬਹੁਤ ਹੈਰਾਨ ਹੋਏ ਸਨ। (ਯੂਹੰਨਾ 6:18, 19) ਉਸ ਨੇ ਹਰ ਕਿਸਮ ਦੀ ਬੀਮਾਰੀ ਨੂੰ ਚੰਗਾ ਕਰ ਕੇ ਦਿਖਾਇਆ ਕਿ ਉਸ ਕੋਲ ਰੋਗਾਂ ਉੱਤੇ ਅਧਿਕਾਰ ਸੀ। (ਮਰਕੁਸ 3:1-5; ਯੂਹੰਨਾ 4:46-54) ਯਿਸੂ ਨੇ ਇਹ ਕਰਾਮਾਤਾਂ ਵੱਖੋ-ਵੱਖਰੇ ਤਰੀਕਿਆਂ ਨਾਲ ਕੀਤੀਆਂ ਸਨ। ਉਸ ਨੇ ਕੁਝ ਲੋਕ ਦੂਰੋਂ ਚੰਗੇ ਕੀਤੇ ਸਨ ਅਤੇ ਕੁਝ ਹੱਥ ਲਾ ਕੇ ਚੰਗੇ ਕੀਤੇ ਸਨ। (ਮੱਤੀ 8:2, 3, 5-13) ਕੁਝ ਲੋਕ ਇਕਦਮ ਠੀਕ ਹੋ ਗਏ ਸਨ ਅਤੇ ਕੁਝ ਲੋਕਾਂ ਨੂੰ ਚੰਗਾ ਹੋਣ ਲਈ ਥੋੜ੍ਹਾ ਸਮਾਂ ਲੱਗਾ ਸੀ।​—ਮਰਕੁਸ 8:22-25; ਲੂਕਾ 8:43, 44.

      14. ਯਿਸੂ ਨੇ ਕਿਹੜੀਆਂ ਹਾਲਤਾਂ ਵਿਚ ਦਿਖਾਇਆ ਸੀ ਕਿ ਉਸ ਕੋਲ ਮੁਰਦਿਆਂ ਨੂੰ ਜ਼ਿੰਦਾ ਕਰਨ ਦੀ ਸ਼ਕਤੀ ਸੀ?

      14 ਯਿਸੂ ਕੋਲ ਤਾਂ ਮੁਰਦਿਆਂ ਨੂੰ ਜ਼ਿੰਦਾ ਕਰਨ ਦੀ ਵੀ ਸ਼ਕਤੀ ਸੀ। ਬਾਈਬਲ ਵਿਚ ਦੱਸੇ ਗਏ ਤਿੰਨ ਮੌਕਿਆਂ ਤੇ ਉਸ ਨੇ ਮੁਰਦਿਆਂ ਨੂੰ ਜ਼ਿੰਦਾ ਕੀਤਾ ਸੀ। ਇਕ ਵਾਰ ਉਸ ਨੇ ਇਕ 12 ਸਾਲਾਂ ਦੀ ਕੁੜੀ ਨੂੰ ਜ਼ਿੰਦਾ ਕੀਤਾ, ਇਕ ਹੋਰ ਵਾਰ ਉਸ ਨੇ ਇਕ ਵਿਧਵਾ ਦਾ ਇਕਲੌਤਾ ਬੇਟਾ ਜ਼ਿੰਦਾ ਕੀਤਾ ਅਤੇ ਇਕ ਹੋਰ ਵਾਰ ਉਸ ਨੇ ਦੋ ਭੈਣਾਂ ਦਾ ਪਿਆਰਾ ਵੀਰ ਜ਼ਿੰਦਾ ਕੀਤਾ। (ਲੂਕਾ 7:11-15; 8:49-56; ਯੂਹੰਨਾ 11:38-44) ਕਿਸੇ ਵੀ ਮੁਰਦੇ ਨੂੰ ਜ਼ਿੰਦਾ ਕਰਨਾ ਉਸ ਲਈ ਔਖਾ ਨਹੀਂ ਸੀ। ਉਸ ਨੇ 12 ਸਾਲਾਂ ਦੀ ਕੁੜੀ ਨੂੰ ਉਸ ਦੇ ਮਰਨ ਤੋਂ ਥੋੜ੍ਹੇ ਹੀ ਸਮੇਂ ਬਾਅਦ ਜ਼ਿੰਦਾ ਕੀਤਾ ਸੀ। ਵਿਧਵਾ ਦੇ ਬੇਟੇ ਨੂੰ ਸ਼ਾਇਦ ਉਸ ਨੇ ਉਸੇ ਦਿਨ ਜ਼ਿੰਦਾ ਕੀਤਾ ਸੀ ਜਦੋਂ ਉਸ ਦਾ ਜਨਾਜ਼ਾ ਜਾ ਰਿਹਾ ਸੀ। ਪਰ ਲਾਜ਼ਰ ਨੂੰ ਕਬਰ ਵਿਚ ਪਏ ਨੂੰ ਚਾਰ ਦਿਨ ਹੋ ਚੁੱਕੇ ਸਨ ਜਦ ਉਸ ਨੂੰ ਜ਼ਿੰਦਾ ਕੀਤਾ ਗਿਆ ਸੀ।

      ਦੂਸਰਿਆਂ ਦੇ ਭਲੇ ਲਈ ਸ਼ਕਤੀ ਵਰਤੀ

      15, 16. ਸਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਯਿਸੂ ਨੇ ਆਪਣੀ ਸ਼ਕਤੀ ਨੂੰ ਦੂਸਰਿਆਂ ਦੇ ਭਲੇ ਲਈ ਵਰਤਿਆ ਸੀ?

      15 ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਕ ਭ੍ਰਿਸ਼ਟ ਹਾਕਮ ਕੀ ਕਰ ਬੈਠਦਾ ਜੇ ਉਸ ਕੋਲ ਯਿਸੂ ਜਿੰਨੀ ਸ਼ਕਤੀ ਹੁੰਦੀ? ਹਾਂ, ਉਹ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਜ਼ਰੂਰ ਕਰਦਾ। ਪਰ ਯਿਸੂ ਵਿਚ ਪਾਪ ਨਹੀਂ ਹੈ। (1 ਪਤਰਸ 2:22) ਉਹ ਨਾ ਖ਼ੁਦਗਰਜ਼, ਨਾ ਅਭਿਲਾਸ਼ੀ ਅਤੇ ਨਾ ਹੀ ਲੋਭੀ ਬਣਿਆ। ਅਜਿਹਿਆਂ ਔਗੁਣਾਂ ਕਰਕੇ ਹੀ ਅਪੂਰਣ ਇਨਸਾਨ ਆਪਣੀ ਤਾਕਤ ਨੂੰ ਦੂਸਰਿਆਂ ਦਾ ਨੁਕਸਾਨ ਕਰਨ ਲਈ ਵਰਤਦੇ ਹਨ।

      16 ਯਿਸੂ ਨੇ ਆਪਣੀ ਸ਼ਕਤੀ ਨੂੰ ਆਪਣੇ ਫ਼ਾਇਦੇ ਲਈ ਨਹੀਂ, ਪਰ ਦੂਸਰਿਆਂ ਦੇ ਭਲੇ ਲਈ ਵਰਤਿਆ ਸੀ। ਜਦ ਉਸ ਨੂੰ ਭੁੱਖ ਲੱਗੀ ਸੀ, ਤਾਂ ਉਸ ਨੇ ਪੱਥਰਾਂ ਨੂੰ ਰੋਟੀ ਵਿਚ ਨਹੀਂ ਬਦਲਿਆ। (ਮੱਤੀ 4:1-4) ਉਸ ਦੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਆਪਣੀ ਸ਼ਕਤੀ ਨਾਲ ਆਪਣੇ ਆਪ ਨੂੰ ਅਮੀਰ ਨਹੀਂ ਬਣਾਇਆ ਸੀ। (ਮੱਤੀ 8:20) ਸਾਡੇ ਕੋਲ ਹੋਰ ਵੀ ਸਬੂਤ ਹੈ ਕਿ ਉਸ ਨੇ ਨਿਰਸੁਆਰਥ ਬਣ ਕੇ ਕਰਾਮਾਤਾਂ ਕੀਤੀਆਂ ਸਨ। ਜਦ ਉਸ ਨੇ ਚਮਤਕਾਰ ਕੀਤੇ ਸਨ, ਤਾਂ ਇਸ ਦਾ ਉਸ ਤੇ ਅਸਰ ਪੈਂਦਾ ਸੀ। ਮਿਸਾਲ ਲਈ ਜਦ ਉਹ ਰੋਗੀਆਂ ਨੂੰ ਚੰਗਾ ਕਰਦਾ ਸੀ, ਤਾਂ ਉਸ ਵਿੱਚੋਂ ਸ਼ਕਤੀ ਨਿਕਲਦੀ ਸੀ। ਉਹ ਸਿਰਫ਼ ਇੱਕੋ ਇਨਸਾਨ ਦੇ ਠੀਕ ਕਰਨ ਵਿਚ ਵੀ ਆਪਣੇ ਆਪ ਵਿੱਚੋਂ ਸ਼ਕਤੀ ਨਿਕਲਦੀ ਮਹਿਸੂਸ ਕਰਦਾ ਸੀ। (ਮਰਕੁਸ 5:25-34) ਇਸ ਦੇ ਬਾਵਜੂਦ ਉਸ ਨੇ ਲੋਕਾਂ ਦੀਆਂ ਭੀੜਾਂ ਨੂੰ ਲਾਗੇ ਆ ਕੇ ਉਸ ਨੂੰ ਹੱਥ ਲਾਉਣ ਦਿੱਤਾ ਅਤੇ ਉਹ ਸਭ ਠੀਕ ਕੀਤੇ ਗਏ ਸਨ। (ਲੂਕਾ 6:19) ਉਹ ਦੂਸਰਿਆਂ ਬਾਰੇ ਕਿੰਨਾ ਸੋਚਦਾ ਸੀ!

      17. ਯਿਸੂ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਆਪਣੀ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤਦਾ ਸੀ?

      17 ਯਿਸੂ ਨੇ ਆਪਣੀ ਸ਼ਕਤੀ ਨੂੰ ਹਮੇਸ਼ਾ ਸਹੀ ਤਰੀਕੇ ਨਾਲ ਵਰਤਿਆ ਸੀ। ਉਸ ਨੇ ਨਾਟ-ਖੇਡ ਜਾਂ ਸਿਰਫ਼ ਦਿਖਾਵੇ ਲਈ ਕਰਾਮਾਤੀ ਕੰਮ ਨਹੀਂ ਕੀਤੇ ਸਨ। (ਮੱਤੀ 4:5-7) ਮਿਸਾਲ ਲਈ ਉਸ ਨੇ ਹੇਰੋਦੇਸ ਨੂੰ ਖ਼ੁਸ਼ ਕਰਨ ਲਈ ਕੋਈ ਕਰਾਮਾਤ ਨਹੀਂ ਕੀਤੀ ਸੀ। (ਲੂਕਾ 23:8, 9) ਆਪਣੀ ਸ਼ਕਤੀ ਦੀ ਨੁਮਾਇਸ਼ ਕਰਨ ਦੀ ਬਜਾਇ ਯਿਸੂ ਨੇ ਅਕਸਰ ਉਨ੍ਹਾਂ ਲੋਕਾਂ ਨੂੰ ਚੁੱਪ ਰਹਿਣ ਲਈ ਕਿਹਾ ਸੀ ਜਿਨ੍ਹਾਂ ਨੂੰ ਉਸ ਨੇ ਚੰਗਾ ਕੀਤਾ ਸੀ। (ਮਰਕੁਸ 5:43; 7:36) ਉਹ ਨਹੀਂ ਚਾਹੁੰਦਾ ਸੀ ਕਿ ਲੋਕ ਉਸ ਦੀਆਂ ਵੱਡੀਆਂ-ਵੱਡੀਆਂ ਕਰਾਮਾਤਾਂ ਬਾਰੇ ਸੁਣ ਕੇ ਹੀ ਉਸ ਦੇ ਮਗਰ ਲੱਗਣ।​—ਮੱਤੀ 12:15-19.

      18-20. (ੳ) ਯਿਸੂ ਨੇ ਆਪਣੀ ਸ਼ਕਤੀ ਕਿਸ ਤਰ੍ਹਾਂ ਵਰਤੀ ਸੀ? (ਅ) ਤੁਹਾਡਾ ਉਸ ਤਰੀਕੇ ਬਾਰੇ ਕੀ ਵਿਚਾਰ ਹੈ ਜਿਸ ਨਾਲ ਯਿਸੂ ਨੇ ਇਕ ਬੋਲ਼ੇ ਆਦਮੀ ਨੂੰ ਠੀਕ ਕੀਤਾ ਸੀ?

      18 ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਯਿਸੂ ਉਨ੍ਹਾਂ ਬੇਰਹਿਮ ਹਾਕਮਾਂ ਵਰਗਾ ਨਹੀਂ ਸੀ ਜਿਨ੍ਹਾਂ ਨੂੰ ਆਪਣੀ ਪਈ ਰਹਿੰਦੀ ਹੈ ਅਤੇ ਜੋ ਦੂਸਰਿਆਂ ਉੱਤੇ ਰੋਹਬ ਪਾਉਂਦੇ ਹਨ। ਯਿਸੂ ਨੂੰ ਲੋਕਾਂ ਦੀ ਪਰਵਾਹ ਸੀ। ਦੁਖੀਆਂ ਨੂੰ ਦੇਖ ਕੇ ਉਸ ਨੂੰ ਤਰਸ ਆਉਂਦਾ ਸੀ ਅਤੇ ਉਹ ਉਨ੍ਹਾਂ ਨੂੰ ਚੰਗਾ ਕਰਨਾ ਚਾਹੁੰਦਾ ਸੀ। (ਮੱਤੀ 14:14) ਉਹ ਉਨ੍ਹਾਂ ਦੇ ਦਿਲ ਦੀਆਂ ਗੱਲਾਂ ਤੇ ਜ਼ਰੂਰਤਾਂ ਜਾਣਦਾ ਸੀ ਅਤੇ ਉਨ੍ਹਾਂ ਦੇ ਫ਼ਾਇਦੇ ਲਈ ਆਪਣੀ ਸ਼ਕਤੀ ਵਰਤਦਾ ਸੀ। ਇਸ ਦੀ ਇਕ ਉਦਾਹਰਣ ਮਰਕੁਸ 7:31-37 ਵਿਚ ਮਿਲਦੀ ਹੈ।

      19 ਇਸ ਮੌਕੇ ਤੇ ਭੀੜਾਂ ਦੀਆਂ ਭੀੜਾਂ ਯਿਸੂ ਦੇ ਆਲੇ-ਦੁਆਲੇ ਇਕੱਠੀਆਂ ਹੋਈਆਂ ਸਨ। ਉਹ ਲੋਕ ਆਪਣੇ ਨਾਲ ਕਈ ਰੋਗੀਆਂ ਨੂੰ ਲਿਆਏ ਸਨ ਅਤੇ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਚੰਗਾ ਕਰ ਦਿੱਤਾ ਸੀ। (ਮੱਤੀ 15:29, 30) ਪਰ ਯਿਸੂ ਨੇ ਇਕ ਆਦਮੀ ਵੱਲ ਖ਼ਾਸ ਧਿਆਨ ਦਿੱਤਾ ਸੀ। ਉਹ ਆਦਮੀ ਬੋਲ਼ਾ ਹੋਣ ਤੋਂ ਇਲਾਵਾ ਥਥਲਾ ਵੀ ਸੀ। ਯਿਸੂ ਨੇ ਸ਼ਾਇਦ ਇਸ ਆਦਮੀ ਦੀ ਪਰੇਸ਼ਾਨੀ ਤੇ ਘਬਰਾਹਟ ਸਮਝੀ ਹੋਵੇ। ਇਸ ਕਰਕੇ ਯਿਸੂ ਉਸ ਨੂੰ ਭੀੜ ਤੋਂ ਅਲੱਗ ਲੈ ਗਿਆ। ਫਿਰ ਯਿਸੂ ਨੇ ਇਸ਼ਾਰਿਆਂ ਨਾਲ ਆਦਮੀ ਨੂੰ ਸਮਝਾਇਆ ਕਿ ਉਹ ਕੀ ਕਰਨ ਵਾਲਾ ਸੀ। ਉਸ ਨੇ “ਆਪਣੀਆਂ ਉਂਗਲੀਆਂ ਉਹ ਦੇ ਕੰਨਾਂ ਵਿੱਚ ਦਿੱਤੀਆਂ ਅਤੇ ਥੁੱਕ ਕੇ ਉਹ ਦੀ ਜੀਭ ਛੋਹੀ।”c (ਮਰਕੁਸ 7:33) ਫਿਰ ਯਿਸੂ ਨੇ ਅਕਾਸ਼ ਵੱਲ ਦੇਖ ਕੇ ਦੁਆ ਕਰਨ ਦਾ ਇਸ਼ਾਰਾ ਕੀਤਾ। ਯਿਸੂ ਦੇ ਇਨ੍ਹਾਂ ਇਸ਼ਾਰਿਆਂ ਤੋਂ ਉਸ ਆਦਮੀ ਨੇ ਸਮਝਿਆ ਹੋਣਾ ਕਿ ਯਿਸੂ ਉਸ ਨੂੰ ਇਹ ਕਹਿ ਰਿਹਾ ਸੀ: ‘ਮੈਂ ਜੋ ਤੇਰੇ ਲਈ ਹੁਣ ਕਰਨ ਲੱਗਾ ਹਾਂ ਉਹ ਪਰਮੇਸ਼ੁਰ ਦੀ ਸ਼ਕਤੀ ਨਾਲ ਕਰ ਰਿਹਾ ਹਾਂ।’ ਅਖ਼ੀਰ ਵਿਚ ਯਿਸੂ ਨੇ ਕਿਹਾ: “ਖੁੱਲ੍ਹ ਜਾਹ।” (ਮਰਕੁਸ 7:34) ਇਸ ਤੋਂ ਬਾਅਦ ਉਸ ਆਦਮੀ ਦੇ ਕੰਨ ਖੁੱਲ੍ਹ ਗਏ ਅਤੇ ਉਹ ਸਹੀ ਤਰ੍ਹਾਂ ਬੋਲਣ ਵੀ ਲੱਗ ਪਿਆ।

      20 ਇਹ ਜਾਣ ਕੇ ਸਾਨੂੰ ਕਿੰਨਾ ਅੱਛਾ ਲੱਗਦਾ ਹੈ ਕਿ ਯਿਸੂ ਨੇ ਦੁਖੀਆਂ ਨੂੰ ਚੰਗਾ ਕਰਦੇ ਹੋਏ ਵੀ ਉਨ੍ਹਾਂ ਦੇ ਜਜ਼ਬਾਤਾਂ ਦਾ ਖ਼ਿਆਲ ਰੱਖਿਆ ਸੀ! ਇਸ ਤੋਂ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਨੇ ਆਪਣਾ ਰਾਜ ਇਸ ਪਿਆਰ ਕਰਨ ਵਾਲੇ ਰਹਿਮ-ਦਿਲ ਹਾਕਮ ਦੇ ਹੱਥ ਸੌਂਪਿਆ ਹੈ।

      ਆਉਣ ਵਾਲੀਆਂ ਚੀਜ਼ਾਂ ਦੀ ਝਲਕ

      21, 22. (ੳ) ਯਿਸੂ ਦੇ ਚਮਤਕਾਰ ਕਿਸ ਚੀਜ਼ ਦੀ ਝਲਕ ਸਨ? (ਅ) ਯਿਸੂ ਕੋਲ ਕੁਦਰਤੀ ਸ਼ਕਤੀਆਂ ਉੱਤੇ ਅਧਿਕਾਰ ਹੋਣ ਕਰਕੇ ਅਸੀਂ ਉਸ ਦੇ ਰਾਜ ਅਧੀਨ ਕਿਸ ਚੀਜ਼ ਦੀ ਆਸ ਰੱਖ ਸਕਦੇ ਹਾਂ?

      21 ਧਰਤੀ ਤੇ ਯਿਸੂ ਨੇ ਜੋ ਚਮਤਕਾਰ ਕੀਤੇ ਸਨ, ਉਹ ਤਾਂ ਉਸ ਦੇ ਰਾਜ ਅਧੀਨ ਹੋਣ ਵਾਲੀਆਂ ਘਟਨਾਵਾਂ ਦੀ ਛੋਟੀ ਜਿਹੀ ਝਲਕ ਹੀ ਸਨ। ਪਰਮੇਸ਼ੁਰ ਦੇ ਨਵੇਂ ਸੰਸਾਰ ਵਿਚ ਯਿਸੂ ਫਿਰ ਤੋਂ ਚਮਤਕਾਰ ਕਰੇਗਾ, ਪਰ ਇਸ ਵਾਰ ਪੂਰੀ ਧਰਤੀ ਤੇ! ਜ਼ਰਾ ਉਸ ਸ਼ਾਨਦਾਰ ਭਵਿੱਖ ਬਾਰੇ ਸੋਚੋ।

      22 ਯਿਸੂ ਧਰਤੀ ਦੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਸੁਧਾਰੇਗਾ। ਯਾਦ ਕਰੋ ਕਿ ਉਸ ਨੇ ਇਕ ਤੂਫ਼ਾਨ ਨੂੰ ਸ਼ਾਂਤ ਕਰ ਕੇ ਦਿਖਾਇਆ ਸੀ ਕਿ ਉਸ ਕੋਲ ਕੁਦਰਤੀ ਸ਼ਕਤੀਆਂ ਉੱਤੇ ਅਧਿਕਾਰ ਹੈ। ਤਾਂ ਫਿਰ ਸਾਨੂੰ ਯਕੀਨ ਕਰਨਾ ਚਾਹੀਦਾ ਹੈ ਕਿ ਜਦ ਮਸੀਹ ਰਾਜ ਕਰ ਰਿਹਾ ਹੋਵੇਗਾ, ਤਾਂ ਮਨੁੱਖਜਾਤ ਨੂੰ ਕਿਸੇ ਤੂਫ਼ਾਨ, ਭੁਚਾਲ, ਜੁਆਲਾਮੁਖੀ ਦੇ ਫਟਣ ਜਾਂ ਕਿਸੇ ਹੋਰ ਆਫ਼ਤ ਤੋਂ ਡਰਨ ਦੀ ਕੋਈ ਲੋੜ ਨਹੀਂ ਹੋਵੇਗੀ। ਯਿਸੂ ਨੇ ਯਹੋਵਾਹ ਦੇ ਰਾਜ ਮਿਸਤਰੀ ਵਜੋਂ ਧਰਤੀ ਅਤੇ ਉਸ ਦੀ ਹਰ ਚੀਜ਼ ਬਣਾਉਣ ਵਿਚ ਹਿੱਸਾ ਲਿਆ ਹੈ। ਇਸ ਕਰਕੇ ਅਸੀਂ ਜਾਣਦੇ ਹਾਂ ਕਿ ਉਸ ਨੂੰ ਧਰਤੀ ਬਾਰੇ ਪੂਰੀ-ਪੂਰੀ ਜਾਣਕਾਰੀ ਹੈ। ਉਹ ਜਾਣਦਾ ਹੈ ਕਿ ਧਰਤੀ ਦੇ ਪਦਾਰਥ ਕਿਸ ਤਰ੍ਹਾਂ ਵਰਤੇ ਜਾਣੇ ਚਾਹੀਦੇ ਹਨ। ਉਸ ਦੇ ਰਾਜ ਅਧੀਨ ਸਾਰੀ ਧਰਤੀ ਫਿਰਦੌਸ ਵਿਚ ਬਦਲ ਦਿੱਤੀ ਜਾਵੇਗੀ।

      23. ਰਾਜਾ ਬਣ ਕੇ ਯਿਸੂ ਮਨੁੱਖਜਾਤ ਦੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਕਰੇਗਾ?

      23 ਮਨੁੱਖਜਾਤ ਦੀਆਂ ਜ਼ਰੂਰਤਾਂ ਬਾਰੇ ਕੀ? ਯਿਸੂ ਨੇ ਥੋੜ੍ਹੀਆਂ ਜਿਹੀਆਂ ਚੀਜ਼ਾਂ ਲੈ ਕੇ ਹਜ਼ਾਰਾਂ ਨੂੰ ਰੋਟੀ ਖਿਲਾਈ ਸੀ। ਇਸ ਤੋਂ ਸਾਨੂੰ ਯਕੀਨ ਹੁੰਦਾ ਹੈ ਕਿ ਉਸ ਦੇ ਰਾਜ ਅਧੀਨ ਕੋਈ ਵੀ ਭੁੱਖਾ ਨਹੀਂ ਰਹੇਗਾ। ਯਕੀਨਨ ਉਸ ਸਮੇਂ ਚੋਖਾ ਭੋਜਨ ਹੋਵੇਗਾ ਜੋ ਸਾਰਿਆਂ ਨੂੰ ਬਰਾਬਰ-ਬਰਾਬਰ ਵੰਡਿਆ ਜਾਵੇਗਾ ਜਿਸ ਕਰਕੇ ਭੁੱਖ ਹਮੇਸ਼ਾ ਲਈ ਖ਼ਤਮ ਹੋ ਜਾਵੇਗੀ। (ਜ਼ਬੂਰਾਂ ਦੀ ਪੋਥੀ 72:16) ਬੀਮਾਰੀਆਂ ਨੂੰ ਠੀਕ ਕਰ ਕੇ ਉਸ ਨੇ ਦਿਖਾਇਆ ਸੀ ਕਿ ਭਵਿੱਖ ਵਿਚ ਬੀਮਾਰ, ਅੰਨ੍ਹੇ, ਬੋਲ਼ੇ ਤੇ ਲੂਲ੍ਹੇ-ਲੰਗੜੇ ਸਭ ਪੂਰੀ ਤਰ੍ਹਾਂ ਅਤੇ ਹਮੇਸ਼ਾ ਲਈ ਚੰਗੇ ਕੀਤੇ ਜਾਣਗੇ। (ਯਸਾਯਾਹ 33:24; 35:5, 6) ਮੁਰਦਿਆਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਉਸ ਦੀ ਸ਼ਕਤੀ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਕਿ ਸਵਰਗੀ ਰਾਜਾ ਹੋਣ ਦੇ ਨਾਤੇ ਉਹ ਆਪਣੀ ਮਹਾਨ ਸ਼ਕਤੀ ਨਾਲ ਉਨ੍ਹਾਂ ਬੇਸ਼ੁਮਾਰ ਮੁਰਦਿਆਂ ਨੂੰ ਜ਼ਿੰਦਾ ਕਰੇਗਾ ਜਿਨ੍ਹਾਂ ਨੂੰ ਉਸ ਦੇ ਪਿਤਾ ਨੇ ਯਾਦ ਰੱਖਿਆ ਹੈ।​—ਯੂਹੰਨਾ 5:28, 29.

      24. ਜਦ ਅਸੀਂ ਯਿਸੂ ਦੀ ਸ਼ਕਤੀ ਬਾਰੇ ਸੋਚਦੇ ਹਾਂ, ਤਾਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ ਅਤੇ ਕਿਉਂ?

      24 ਯਿਸੂ ਦੀ ਸ਼ਕਤੀ ਬਾਰੇ ਸੋਚਦੇ ਹੋਏ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਪੁੱਤਰ ਆਪਣੇ ਪਿਤਾ ਦੀ ਨਕਲ ਪੂਰੀ ਤਰ੍ਹਾਂ ਕਰਦਾ ਹੈ। (ਯੂਹੰਨਾ 14:9) ਇਸ ਲਈ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਯਿਸੂ ਨੇ ਆਪਣੀ ਸ਼ਕਤੀ ਵਰਤੀ ਸੀ ਉਸੇ ਤਰ੍ਹਾਂ ਯਹੋਵਾਹ ਵੀ ਆਪਣੀ ਸ਼ਕਤੀ ਵਰਤਦਾ ਹੈ। ਮਿਸਾਲ ਲਈ, ਜ਼ਰਾ ਸੋਚੋ ਕਿ ਯਿਸੂ ਨੇ ਇਕ ਕੋੜ੍ਹੀ ਨੂੰ ਕਿਸ ਤਰ੍ਹਾਂ ਚੰਗਾ ਕੀਤਾ ਸੀ। ਉਸ ਉੱਤੇ ਤਰਸ ਖਾਂਦੇ ਹੋਏ ਯਿਸੂ ਨੇ ਉਸ ਨੂੰ ਹੱਥ ਲਾ ਕੇ ਕਿਹਾ ਕਿ ਮੈਂ ਤੈਨੂੰ ਚੰਗਾ ਕਰਨਾ “ਚਾਹੁੰਦਾ” ਹਾਂ। (ਮਰਕੁਸ 1:40-42) ਇਨ੍ਹਾਂ ਬਿਰਤਾਂਤਾਂ ਰਾਹੀਂ ਮਾਨੋ ਯਹੋਵਾਹ ਸਾਨੂੰ ਕਹਿ ਰਿਹਾ ਹੈ ਕਿ ‘ਮੈਂ ਆਪਣੀ ਸ਼ਕਤੀ ਇਸ ਤਰ੍ਹਾਂ ਵਰਤਦਾ ਹਾਂ!’ ਕੀ ਤੁਸੀਂ ਆਪਣੇ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਵਡਿਆਈ ਕਰਨ ਅਤੇ ਉਸ ਦਾ ਸ਼ੁਕਰ ਕਰਨ ਲਈ ਪ੍ਰੇਰਿਤ ਨਹੀਂ ਹੁੰਦੇ ਜੋ ਆਪਣੀ ਸ਼ਕਤੀ ਇੰਨੇ ਪਿਆਰ ਨਾਲ ਵਰਤਦਾ ਹੈ?

      a ਗਲੀਲ ਦੀ ਝੀਲ ਵਿਚ ਤੂਫ਼ਾਨਾਂ ਦਾ ਅਚਾਨਕ ਆਉਣਾ ਆਮ ਹੈ। ਇਹ ਝੀਲ ਸਮੁੰਦਰ ਦੀ ਸਤਹ ਤੋਂ 200 ਮੀਟਰ ਨੀਵੀਂ ਹੈ। ਉੱਥੇ ਦੀ ਹਵਾ ਆਲੇ-ਦੁਆਲੇ ਦੀ ਹਵਾ ਨਾਲੋਂ ਗਰਮ ਹੋਣ ਕਰਕੇ ਤੂਫ਼ਾਨ ਪੈਦਾ ਕਰ ਦਿੰਦੀ ਹੈ। ਨਾਲੇ ਉੱਤਰ ਵੱਲੋਂ ਹਰਮੋਨ ਪਹਾੜ ਤੋਂ ਅਨ੍ਹੇਰੀਆਂ ਫਰਾਟੇ ਮਾਰਦੀਆਂ ਯਰਦਨ ਦੀ ਵਾਦੀ ਵਿਚ ਦੀ ਵੱਗਦੀਆਂ ਹਨ। ਉੱਥੇ ਦਾ ਸ਼ਾਂਤ ਮੌਸਮ ਬੜੀ ਜਲਦੀ ਤੂਫ਼ਾਨੀ ਬਣ ਜਾਂਦਾ ਹੈ।

      b ਇਸ ਤੋਂ ਇਲਾਵਾ ਇੰਜੀਲਾਂ ਵਿਚ ਕਈ ਵਾਰ ਇਕ ਕਰਾਮਾਤ ਦੇ ਜ਼ਿਕਰ ਥੱਲੇ ਕਈ ਕਰਾਮਾਤਾਂ ਦੀ ਗੱਲ ਕੀਤੀ ਜਾਂਦੀ ਸੀ। ਉਦਾਹਰਣ ਲਈ ਇਕ ਵਾਰ “ਸਾਰਾ ਨਗਰ” ਯਿਸੂ ਨੂੰ ਮਿਲਣ ਆਇਆ ਅਤੇ ਉਸ ਨੇ “ਬਹੁਤਿਆਂ” ਰੋਗੀਆਂ ਨੂੰ ਚੰਗਾ ਕੀਤਾ ਸੀ।​—ਮਰਕੁਸ 1:32-34.

      c ਯਹੂਦੀ ਅਤੇ ਗ਼ੈਰ-ਯਹੂਦੀ ਲੋਕ ਥੁੱਕਣ ਨੂੰ ਰਾਜ਼ੀ ਕਰਨ ਦਾ ਨਿਸ਼ਾਨ ਸਮਝਦੇ ਸਨ। ਯਹੂਦੀ ਰਾਬਿਨੀ ਲਿਖਤਾਂ ਵਿਚ ਥੁੱਕ ਨਾਲ ਇਲਾਜ ਕਰਨ ਬਾਰੇ ਦੱਸਿਆ ਗਿਆ ਹੈ। ਯਿਸੂ ਨੇ ਸ਼ਾਇਦ ਥੁੱਕ ਕੇ ਆਦਮੀ ਨੂੰ ਦੱਸਣਾ ਚਾਹਿਆ ਹੋਵੇ ਕਿ ਉਹ ਉਸ ਨੂੰ ਠੀਕ ਕਰਨ ਵਾਲਾ ਸੀ। ਕਾਰਨ ਜੋ ਮਰਜ਼ੀ ਹੋਵੇ, ਪਰ ਯਿਸੂ ਨੇ ਥੁੱਕ ਨੂੰ ਕਿਸੇ ਕਿਸਮ ਦੇ ਦਵਾ-ਦਾਰੂ ਵਜੋਂ ਨਹੀਂ ਵਰਤਿਆ ਸੀ।

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਯਸਾਯਾਹ 11:1-5 ਯਿਸੂ “ਸਮਰੱਥਾ ਦਾ ਆਤਮਾ” ਕਿਸ ਤਰ੍ਹਾਂ ਪ੍ਰਗਟ ਕਰਦਾ ਹੈ ਅਤੇ ਅਸੀਂ ਉਸ ਦੇ ਰਾਜ ਬਾਰੇ ਕੀ ਭਰੋਸਾ ਰੱਖ ਸਕਦੇ ਹਾਂ?

      • ਮਰਕੁਸ 2:1-12 ਯਿਸੂ ਦੇ ਕਰਾਮਾਤੀ ਢੰਗ ਨਾਲ ਲੋਕਾਂ ਨੂੰ ਚੰਗਾ ਕਰਨ ਤੋਂ ਸਾਨੂੰ ਉਸ ਦੇ ਅਧਿਕਾਰ ਬਾਰੇ ਕੀ ਪਤਾ ਲੱਗਦਾ ਹੈ?

      • ਯੂਹੰਨਾ 6:25-27 ਭਾਵੇਂ ਯਿਸੂ ਨੇ ਲੋਕਾਂ ਦੀਆਂ ਜਿਸਮਾਨੀ ਲੋੜਾਂ ਪੂਰੀਆਂ ਕੀਤੀਆਂ ਸਨ, ਪਰ ਉਸ ਦੀ ਸੇਵਕਾਈ ਦਾ ਮੁੱਖ ਕਾਰਨ ਕੀ ਸੀ?

      • ਯੂਹੰਨਾ 12:37-43 ਯਿਸੂ ਦੀਆਂ ਕਰਾਮਾਤਾਂ ਦੇ ਕਈ ਚਸ਼ਮਦੀਦ ਗਵਾਹਾਂ ਨੇ ਉਸ ਵਿਚ ਨਿਹਚਾ ਕਿਉਂ ਨਹੀਂ ਕੀਤੀ ਸੀ ਅਤੇ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ?

  • ਸ਼ਕਤੀ ਵਰਤਣ ਵਿਚ “ਪਰਮੇਸ਼ੁਰ ਦੀ ਰੀਸ ਕਰੋ”
    ਯਹੋਵਾਹ ਦੇ ਨੇੜੇ ਰਹੋ
    • ਦੋ ਮਸੀਹੀ ਔਰਤਾਂ ਇਕ ਤੀਵੀਂ ਨੂੰ ਉਸ ਦੇ ਘਰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੀਆਂ ਹੋਈਆਂ

      ਦਸਵਾਂ ਅਧਿਆਇ

      ਸ਼ਕਤੀ ਵਰਤਣ ਵਿਚ “ਪਰਮੇਸ਼ੁਰ ਦੀ ਰੀਸ ਕਰੋ”

      1. ਲੋਕ ਆਸਾਨੀ ਨਾਲ ਕਿਸ ਕਮਜ਼ੋਰੀ ਦੇ ਸ਼ਿਕਾਰ ਬਣ ਜਾਂਦੇ ਹਨ?

      “ਜਿਸ ਦੀ ਲਾਠੀ, ਉਸੇ ਦੀ ਭੈਂਸ।” ਇਸ ਮੁਹਾਵਰੇ ਦਾ ਮਤਲਬ ਹੈ ਕਿ ਹਰ ਤਾਕਤਵਰ ਇਨਸਾਨ ਨੂੰ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕਰਨ ਦਾ ਖ਼ਤਰਾ ਹੁੰਦਾ ਹੈ। ਅਫ਼ਸੋਸ ਦੀ ਗੱਲ ਹੈ ਕਿ ਲੋਕ ਇਸ ਕਮਜ਼ੋਰੀ ਦੇ ਸ਼ਿਕਾਰ ਆਸਾਨੀ ਨਾਲ ਬਣ ਜਾਂਦੇ ਹਨ। ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ‘ਕੁਝ ਮਨੁੱਖ ਦੂਜੇ ਸ਼ਕਤੀਸ਼ਾਲੀ ਮਨੁੱਖਾਂ ਦਾ ਅਤਿਆਚਾਰ ਸਹਿੰਦੇ ਆਏ ਹਨ।’ (ਉਪਦੇਸ਼ਕ 8:9, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਿਆਰ-ਮੁਹੱਬਤ ਤੋਂ ਬਿਨਾਂ ਅਧਿਕਾਰ ਚਲਾਉਣ ਦੇ ਕਾਰਨ ਲੋਕਾਂ ਨੇ ਬਹੁਤ ਦੁੱਖ ਝੱਲੇ ਹਨ।

      2, 3. (ੳ) ਯਹੋਵਾਹ ਆਪਣੀ ਸ਼ਕਤੀ ਕਿਵੇਂ ਵਰਤਦਾ ਹੈ? (ਅ) ਆਪਣੀ ਸ਼ਕਤੀ ਨਾਲ ਅਸੀਂ ਕੀ-ਕੀ ਕਰ ਸਕਦੇ ਹਾਂ ਅਤੇ ਸਾਨੂੰ ਇਹ ਸ਼ਕਤੀ ਜਾਂ ਅਧਿਕਾਰ ਕਿਸ ਤਰ੍ਹਾਂ ਵਰਤਣਾ ਚਾਹੀਦਾ ਹੈ?

      2 ਪਰ ਯਹੋਵਾਹ ਬਾਰੇ ਜ਼ਰਾ ਸੋਚੋ। ਭਾਵੇਂ ਉਸ ਕੋਲ ਅਸੀਮ ਸ਼ਕਤੀ ਤੇ ਅਧਿਕਾਰ ਹਨ, ਫਿਰ ਵੀ ਉਹ ਕਦੇ ਵੀ ਇਨ੍ਹਾਂ ਦਾ ਗ਼ਲਤ ਇਸਤੇਮਾਲ ਨਹੀਂ ਕਰਦਾ। ਜਿਵੇਂ ਅਸੀਂ ਇਸ ਕਿਤਾਬ ਦੇ ਪਿਛਲੇ ਅਧਿਆਵਾਂ ਵਿਚ ਦੇਖਿਆ ਹੈ ਯਹੋਵਾਹ ਆਪਣੀ ਸ਼ਕਤੀ ਨੂੰ ਹਮੇਸ਼ਾ ਆਪਣੇ ਮਕਸਦਾਂ ਦੇ ਅਨੁਸਾਰ ਵਰਤਦਾ ਹੈ ਭਾਵੇਂ ਇਹ ਉਸ ਦੀ ਸ੍ਰਿਸ਼ਟ ਕਰਨ ਦੀ ਸ਼ਕਤੀ, ਨਾਸ਼ ਕਰਨ ਦੀ ਸ਼ਕਤੀ ਜਾਂ ਰੱਖਿਆ ਕਰਨ ਦੀ ਸ਼ਕਤੀ ਹੋਵੇ। ਜਦ ਅਸੀਂ ਸੋਚਦੇ ਹਾਂ ਕਿ ਉਹ ਆਪਣੀ ਸ਼ਕਤੀ ਨੂੰ ਕਿਸ ਤਰ੍ਹਾਂ ਵਰਤਦਾ ਹੈ, ਤਾਂ ਅਸੀਂ ਉਸ ਵੱਲ ਖਿੱਚੇ ਜਾਂਦੇ ਹਨ। ਇਸ ਤਰ੍ਹਾਂ ਅਸੀਂ ਆਪਣੀ ਸ਼ਕਤੀ ਤੇ ਅਧਿਕਾਰ ਵਰਤਣ ਵਿਚ ‘ਪਰਮੇਸ਼ੁਰ ਦੀ ਰੀਸ ਕਰਨ’ ਲਈ ਪ੍ਰੇਰਿਤ ਹੁੰਦੇ ਹਾਂ। (ਅਫ਼ਸੀਆਂ 5:1) ਪਰ ਮਾਮੂਲੀ ਜਿਹੇ ਇਨਸਾਨ ਹੋਣ ਦੇ ਨਾਤੇ ਸਾਡੇ ਕੋਲ ਕਿਹੋ ਜਿਹੀ ਸ਼ਕਤੀ ਜਾਂ ਅਧਿਕਾਰ ਹੈ?

      3 ਯਾਦ ਰੱਖੋ ਕਿ ਲੋਕ “ਪਰਮੇਸ਼ੁਰ ਦੇ ਸਰੂਪ ਉੱਤੇ” ਸ੍ਰਿਸ਼ਟ ਕੀਤੇ ਗਏ ਸਨ। (ਉਤਪਤ 1:26, 27) ਇਸ ਕਰਕੇ ਸਾਡੇ ਕੋਲ ਵੀ ਥੋੜ੍ਹੀ-ਬਹੁਤੀ ਸ਼ਕਤੀ ਹੈ। ਆਪਣੀ ਇਸ ਸ਼ਕਤੀ ਨਾਲ ਅਸੀਂ ਕੰਮ ਕਰਨ ਵਿਚ ਕਾਮਯਾਬ ਹੋ ਸਕਦੇ ਹਾਂ, ਦੂਸਰਿਆਂ ਉੱਤੇ ਰੋਹਬ ਪਾ ਸਕਦੇ ਹਾਂ, ਲੋਕਾਂ ਉੱਤੇ ਪ੍ਰਭਾਵ ਪਾ ਸਕਦੇ ਹਾਂ, ਖ਼ਾਸ ਕਰਕੇ ਉਨ੍ਹਾਂ ਉੱਤੇ ਜੋ ਸਾਡੇ ਨਾਲ ਪਿਆਰ ਕਰਦੇ ਹਨ। ਸ਼ਕਤੀਸ਼ਾਲੀ ਹੋਣ ਦਾ ਮਤਲਬ ਸਰੀਰਕ ਤੌਰ ਤੇ ਤਕੜੇ ਹੋਣਾ ਅਤੇ ਅਮੀਰ ਹੋਣਾ ਵੀ ਹੋ ਸਕਦਾ ਹੈ। ਯਹੋਵਾਹ ਬਾਰੇ ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ: “ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ।” (ਜ਼ਬੂਰਾਂ ਦੀ ਪੋਥੀ 36:9) ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਤੋਂ ਹੀ ਸਾਨੂੰ ਸ਼ਕਤੀ ਜਾਂ ਜਾਇਜ਼ ਅਧਿਕਾਰ ਮਿਲਿਆ ਹੈ। ਇਸ ਲਈ ਅਸੀਂ ਉਸ ਸ਼ਕਤੀ ਨੂੰ ਇਸ ਤਰ੍ਹਾਂ ਵਰਤਾਂਗੇ ਜਿਸ ਤੋਂ ਉਸ ਨੂੰ ਖ਼ੁਸ਼ੀ ਹੋਵੇ। ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ?

      ਪਿਆਰ ਜ਼ਰੂਰੀ ਚੀਜ਼ ਹੈ

      4, 5. (ੳ) ਸ਼ਕਤੀ ਜਾਂ ਅਧਿਕਾਰ ਨੂੰ ਸਹੀ ਤਰੀਕੇ ਨਾਲ ਵਰਤਣ ਲਈ ਕੀ ਜ਼ਰੂਰੀ ਹੈ ਅਤੇ ਪਰਮੇਸ਼ੁਰ ਨੇ ਕਿਹੜੀ ਮਿਸਾਲ ਕਾਇਮ ਕੀਤੀ ਹੈ? (ਅ) ਆਪਣੀ ਸ਼ਕਤੀ ਵਰਤਣ ਵਿਚ ਪਿਆਰ ਸਾਡੀ ਮਦਦ ਕਿਸ ਤਰ੍ਹਾਂ ਕਰੇਗਾ?

      4 ਸ਼ਕਤੀ ਜਾਂ ਅਧਿਕਾਰ ਨੂੰ ਸਹੀ ਤਰੀਕੇ ਨਾਲ ਵਰਤਣ ਲਈ ਪਿਆਰ ਦੀ ਜ਼ਰੂਰਤ ਹੈ। ਇਸ ਵਿਚ ਪਰਮੇਸ਼ੁਰ ਨੇ ਸਾਡੇ ਵਾਸਤੇ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ ਹੈ। ਇਸ ਕਿਤਾਬ ਦੇ ਪਹਿਲੇ ਅਧਿਆਇ ਵਿਚ ਜ਼ਿਕਰ ਕੀਤੇ ਗਏ ਪਰਮੇਸ਼ੁਰ ਦੇ ਚਾਰ ਮੁੱਖ ਗੁਣਾਂ ਨੂੰ ਯਾਦ ਕਰੋ ਯਾਨੀ ਸ਼ਕਤੀ, ਇਨਸਾਫ਼, ਬੁੱਧ ਅਤੇ ਪਿਆਰ। ਉਨ੍ਹਾਂ ਚਾਰਾਂ ਵਿੱਚੋਂ ਕਿਹੜਾ ਗੁਣ ਪ੍ਰਮੁੱਖ ਹੈ? ਪਿਆਰ। ਸਾਨੂੰ 1 ਯੂਹੰਨਾ 4:8 ਵਿਚ ਦੱਸਿਆ ਗਿਆ ਹੈ ਕਿ “ਪਰਮੇਸ਼ੁਰ ਪ੍ਰੇਮ ਹੈ।” ਜੀ ਹਾਂ, ਪਿਆਰ ਯਹੋਵਾਹ ਦੀ ਖ਼ਾਸੀਅਤ ਹੈ ਅਤੇ ਉਹ ਜੋ ਕੁਝ ਵੀ ਕਰਦਾ ਹੈ ਉਸ ਦੇ ਪਿੱਛੇ ਉਸ ਦਾ ਪਿਆਰ ਹੁੰਦਾ ਹੈ। ਸੋ ਉਹ ਆਪਣੀ ਸ਼ਕਤੀ ਨੂੰ ਪਿਆਰ ਨਾਲ ਅਤੇ ਉਨ੍ਹਾਂ ਲੋਕਾਂ ਦੀ ਭਲਾਈ ਲਈ ਇਸਤੇਮਾਲ ਕਰਦਾ ਹੈ ਜੋ ਉਸ ਨਾਲ ਪਿਆਰ ਕਰਦੇ ਹਨ।

      5 ਪਿਆਰ ਸਾਡੀ ਵੀ ਮਦਦ ਕਰੇਗਾ ਕਿ ਅਸੀਂ ਆਪਣੀ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤੀਏ। ਦਰਅਸਲ ਬਾਈਬਲ ਸਾਨੂੰ ਦੱਸਦੀ ਹੈ ਕਿ ਪ੍ਰੇਮ “ਕਿਰਪਾਲੂ ਹੈ” ਅਤੇ “ਆਪ ਸੁਆਰਥੀ ਨਹੀਂ।” (1 ਕੁਰਿੰਥੀਆਂ 13:4, 5) ਪਿਆਰ ਸਾਨੂੰ ਉਨ੍ਹਾਂ ਨਾਲ ਬਦਸਲੂਕੀ ਕਰਨ ਤੋਂ ਵਰਜੇਗਾ ਜੋ ਸਾਡੇ ਅਧਿਕਾਰ ਥੱਲੇ ਹਨ। ਕਠੋਰ ਹੋਣ ਦੀ ਬਜਾਇ ਅਸੀਂ ਦੂਸਰਿਆਂ ਦਾ ਆਦਰ ਕਰਾਂਗੇ ਅਤੇ ਉਨ੍ਹਾਂ ਦੀਆਂ ਜ਼ਰੂਰਤਾਂ ਤੇ ਜਜ਼ਬਾਤਾਂ ਵੱਲ ਧਿਆਨ ਦੇਵਾਂਗੇ।​—ਫ਼ਿਲਿੱਪੀਆਂ 2:3, 4.

      6, 7. (ੳ) ਪਰਮੇਸ਼ੁਰੀ ਭੈ ਕੀ ਹੈ ਅਤੇ ਇਹ ਆਪਣੀ ਸ਼ਕਤੀ ਦਾ ਸਹੀ ਇਸਤੇਮਾਲ ਕਰਨ ਵਿਚ ਸਾਡੀ ਮਦਦ ਕਿਸ ਤਰ੍ਹਾਂ ਕਰਦਾ ਹੈ? (ਅ) ਮਿਸਾਲ ਦੇ ਕੇ ਸਮਝਾਓ ਕਿ ਪਰਮੇਸ਼ੁਰ ਤੋਂ ਡਰਨ ਅਤੇ ਉਸ ਨਾਲ ਪਿਆਰ ਕਰਨ ਵਿਚ ਕੀ ਸੰਬੰਧ ਹੈ।

      6 ਪਿਆਰ ਦੇ ਨਾਲ-ਨਾਲ ਇਕ ਹੋਰ ਵੀ ਗੁਣ ਹੈ ਜੋ ਸ਼ਕਤੀ ਨੂੰ ਸਹੀ ਤਰ੍ਹਾਂ ਇਸਤੇਮਾਲ ਕਰਨ ਵਿਚ ਸਾਡੀ ਮਦਦ ਕਰਦਾ ਹੈ। ਉਹ ਹੈ ਪਰਮੇਸ਼ੁਰੀ ਭੈ। ਪਰ ਇਸ ਗੁਣ ਦੀ ਕੀ ਮਹੱਤਤਾ ਹੈ? ਕਹਾਉਤਾਂ 16:6 ਵਿਚ ਲਿਖਿਆ ਹੈ: “ਯਹੋਵਾਹ ਦਾ ਭੈ ਮੰਨਣ ਕਰਕੇ ਲੋਕ ਬੁਰਿਆਈ ਤੋਂ ਪਰੇ ਰਹਿੰਦੇ ਹਨ।” ਸ਼ਕਤੀ ਨੂੰ ਗ਼ਲਤ ਤਰੀਕੇ ਨਾਲ ਵਰਤਣਾ ਇਕ ਬੁਰਾਈ ਜ਼ਰੂਰ ਹੈ ਜਿਸ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ। ਪਰਮੇਸ਼ੁਰ ਦਾ ਭੈ ਸਾਨੂੰ ਉਨ੍ਹਾਂ ਉੱਤੇ ਰੋਹਬ ਪਾਉਣ ਤੋਂ ਰੋਕੇਗਾ ਜਿਨ੍ਹਾਂ ਉੱਤੇ ਸਾਨੂੰ ਅਧਿਕਾਰ ਹੈ। ਇਹ ਕਿਸ ਤਰ੍ਹਾਂ? ਇਕ ਗੱਲ ਤਾਂ ਇਹ ਹੈ ਕਿ ਪਰਮੇਸ਼ੁਰ ਦੇਖਦਾ ਹੈ ਕਿ ਅਸੀਂ ਦੂਸਰਿਆਂ ਨਾਲ ਕਿਸ ਤਰ੍ਹਾਂ ਪੇਸ਼ ਆਉਂਦੇ ਹਾਂ। (ਨਹਮਯਾਹ 5:1-7, 15) ਪਰ ਪਰਮੇਸ਼ੁਰੀ ਭੈ ਦਾ ਮਤਲਬ ਇਹੀ ਨਹੀਂ। ਬਾਈਬਲ ਦੀ ਮੁਢਲੀ ਭਾਸ਼ਾ ਵਿਚ “ਭੈ” ਦਾ ਮਤਲਬ ਅਕਸਰ ਪਰਮੇਸ਼ੁਰ ਲਈ ਆਦਰ-ਸਤਿਕਾਰ ਹੈ। ਇਸ ਕਰਕੇ ਬਾਈਬਲ ਵਿਚ ਭੈ ਖਾਣ ਨੂੰ ਪਰਮੇਸ਼ੁਰ ਨਾਲ ਪਿਆਰ ਕਰਨ ਨਾਲ ਜੋੜਿਆ ਜਾਂਦਾ ਹੈ। (ਬਿਵਸਥਾ ਸਾਰ 10:12, 13) ਇਸ ਆਦਰ-ਸਤਿਕਾਰ ਦਾ ਮਤਲਬ ਹੈ ਕਿ ਅਸੀਂ ਪਰਮੇਸ਼ੁਰ ਨੂੰ ਨਾਰਾਜ਼ ਕਰਨ ਤੋਂ ਡਰਾਂਗੇ, ਇਸ ਲਈ ਨਹੀਂ ਕਿ ਉਹ ਸਾਨੂੰ ਸਜ਼ਾ ਦੇਵੇਗਾ, ਪਰ ਇਸ ਲਈ ਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ।

      7 ਮਿਸਾਲ ਲਈ, ਇਕ ਮੁੰਡੇ ਅਤੇ ਉਸ ਦੇ ਪਿਤਾ ਦੇ ਆਪਸੀ ਰਿਸ਼ਤੇ ਬਾਰੇ ਸੋਚੋ। ਮੁੰਡਾ ਜਾਣਦਾ ਹੈ ਕਿ ਉਸ ਦਾ ਪਿਤਾ ਉਸ ਨਾਲ ਪਿਆਰ ਕਰਦਾ ਅਤੇ ਉਸ ਦਾ ਫ਼ਿਕਰ ਕਰਦਾ ਹੈ। ਪਰ ਉਹ ਇਹ ਵੀ ਜਾਣਦਾ ਹੈ ਕਿ ਉਸ ਦਾ ਪਿਤਾ ਉਸ ਤੋਂ ਕੀ ਚਾਹੁੰਦਾ ਹੈ ਅਤੇ ਜੇ ਉਸ ਨੇ ਕੋਈ ਬਦਤਮੀਜ਼ੀ ਕੀਤੀ, ਤਾਂ ਉਹ ਉਸ ਨੂੰ ਡਾਂਟੇਗਾ। ਪਰ ਉਹ ਮੁੰਡਾ ਆਪਣੇ ਪਿਤਾ ਤੋਂ ਡਰ ਦਾ ਮਾਰਾ ਸਹਿਮ ਕੇ ਨਹੀਂ ਰਹਿੰਦਾ। ਇਸ ਤੋਂ ਉਲਟ ਉਹ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦਾ ਹੈ। ਉਹ ਆਪਣੇ ਪਿਤਾ ਨੂੰ ਖ਼ੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਪਰਮੇਸ਼ੁਰ ਦਾ ਭੈ ਵੀ ਕੁਝ ਇਸੇ ਤਰ੍ਹਾਂ ਦਾ ਹੈ। ਕਿਉਂ ਜੋ ਅਸੀਂ ਆਪਣੇ ਸਵਰਗੀ ਪਿਤਾ ਯਹੋਵਾਹ ਨਾਲ ਪਿਆਰ ਕਰਦੇ ਹਾਂ, ਅਸੀਂ ਕੁਝ ਅਜਿਹਾ ਕਰਨ ਤੋਂ ਡਰਦੇ ਹਾਂ ਜਿਸ ਕਰਕੇ “ਉਹ ਮਨ ਵਿੱਚ ਦੁਖੀ” ਹੋਵੇ। (ਉਤਪਤ 6:6) ਇਸ ਦੀ ਬਜਾਇ ਅਸੀਂ ਉਸ ਦੇ ਜੀ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। (ਕਹਾਉਤਾਂ 27:11) ਇਸ ਕਰਕੇ ਅਸੀਂ ਆਪਣੀ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤਣਾ ਚਾਹੁੰਦੇ ਹਾਂ। ਆਓ ਆਪਾਂ ਹੁਣ ਧਿਆਨ ਦੇਈਏ ਕਿ ਅਸੀਂ ਇਹ ਕਿਸ ਤਰ੍ਹਾਂ ਕਰ ਸਕਦੇ ਹਾਂ।

      ਪਰਿਵਾਰ ਵਿਚ

      8. (ੳ) ਪਤੀ ਕੋਲ ਪਰਿਵਾਰ ਵਿਚ ਕਿਹੋ ਜਿਹਾ ਅਧਿਕਾਰ ਹੈ ਅਤੇ ਇਹ ਕਿਸ ਤਰ੍ਹਾਂ ਵਰਤਿਆ ਜਾਣਾ ਚਾਹੀਦਾ ਹੈ? (ਅ) ਪਤੀ ਕਿਸ ਤਰ੍ਹਾਂ ਦਿਖਾ ਸਕਦਾ ਹੈ ਕਿ ਉਹ ਆਪਣੀ ਪਤਨੀ ਦਾ ਆਦਰ ਕਰਦਾ ਹੈ?

      8 ਆਓ ਪਹਿਲਾਂ ਆਪਾਂ ਪਰਿਵਾਰ ਦੀ ਗੱਲ ਕਰੀਏ। ਅਫ਼ਸੀਆਂ 5:23 ਵਿਚ ਸਾਨੂੰ ਦੱਸਿਆ ਗਿਆ ਹੈ ਕਿ “ਪਤੀ ਪਤਨੀ ਦਾ ਸਿਰ ਹੈ।” ਪਰਮੇਸ਼ੁਰ ਤੋਂ ਮਿਲਿਆ ਹੋਇਆ ਇਹ ਅਧਿਕਾਰ ਪਤੀ ਨੂੰ ਕਿਸ ਤਰ੍ਹਾਂ ਵਰਤਣਾ ਚਾਹੀਦਾ ਹੈ? ਬਾਈਬਲ ਵਿਚ ਪਤੀ ਨੂੰ ਕਿਹਾ ਗਿਆ ਹੈ ਕਿ ਉਹ ‘ਬੁੱਧ ਦੇ ਅਨੁਸਾਰ ਆਪਣੀ ਪਤਨੀ ਨਾਲ ਵੱਸੇ ਅਤੇ ਇਸਤ੍ਰੀ ਨੂੰ ਆਪਣੇ ਨਾਲੋਂ ਕੋਮਲ ਸਰੀਰ ਜਾਣ ਕੇ ਉਹ ਦਾ ਆਦਰ ਕਰੇ।’ (1 ਪਤਰਸ 3:7) ਜਿਸ ਯੂਨਾਨੀ ਸ਼ਬਦ ਦਾ ਤਰਜਮਾ ‘ਆਦਰ ਕਰੋ’ ਕੀਤਾ ਗਿਆ ਹੈ ਉਸ ਦੇ ਹੋਰ ਮਤਲਬ ਵੀ ਹਨ: ਕੀਮਤੀ ਅਤੇ ਮਹੱਤਵਪੂਰਣ ਸਮਝੋ ਤੇ ਇੱਜ਼ਤ ਕਰੋ। ਇਸ ਸ਼ਬਦ ਦਾ ਤਰਜਮਾ “ਭੇਂਟਾਂ” ਅਤੇ “ਬਹੁਮੁੱਲਾ” ਵੀ ਕੀਤਾ ਗਿਆ ਹੈ। (ਚੇਲਿਆਂ ਦੇ ਕਰਤੱਬ 28:10; 1 ਪਤਰਸ 2:7, ਨਵਾਂ ਅਨੁਵਾਦ) ਜੋ ਪਤੀ ਆਪਣੀ ਪਤਨੀ ਦਾ ਆਦਰ ਕਰਦਾ ਹੈ ਉਹ ਕਦੇ ਉਸ ਨੂੰ ਕੁੱਟੇ-ਮਾਰੇਗਾ ਨਹੀਂ, ਨਾ ਹੀ ਦੂਸਰਿਆਂ ਸਾਮ੍ਹਣੇ ਉਸ ਦੀ ਬੇਇੱਜ਼ਤੀ ਕਰੇਗਾ, ਜਿਸ ਕਰਕੇ ਉਹ ਨਿਕੰਮੀ ਮਹਿਸੂਸ ਕਰੇ। ਇਸ ਦੀ ਬਜਾਇ ਉਹ ਉਸ ਦੀ ਕਦਰ ਅਤੇ ਇੱਜ਼ਤ ਕਰੇਗਾ। ਉਹ ਆਪਣੀ ਕਹਿਣੀ ਤੇ ਕਰਨੀ ਦੁਆਰਾ ਘਰ ਵਿਚ ਅਤੇ ਦੂਸਰਿਆਂ ਸਾਮ੍ਹਣੇ ਦਿਖਾਏਗਾ ਕਿ ਉਹ ਉਸ ਦੇ ਲਈ ਬਹੁਮੁੱਲੀ ਹੈ। (ਕਹਾਉਤਾਂ 31:28) ਅਜਿਹਾ ਪਤੀ ਨਾ ਸਿਰਫ਼ ਆਪਣੀ ਪਤਨੀ ਦਾ ਪਿਆਰ ਤੇ ਮਾਣ ਹਾਸਲ ਕਰਦਾ ਹੈ, ਪਰ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਣ ਹੈ ਕਿ ਪਰਮੇਸ਼ੁਰ ਵੀ ਉਸ ਤੋਂ ਖ਼ੁਸ਼ ਹੋਵੇਗਾ।

      ਇਕ ਸੁਖੀ ਪਤੀ-ਪਤਨੀ ਇਕੱਠੇ ਤੁਰ-ਫਿਰ ਕੇ ਸੋਹਣੇ ਨਜ਼ਾਰੇ ਦਾ ਆਨੰਦ ਮਾਣ ਰਹੇ ਹਨ

      ਪਤੀ-ਪਤਨੀ ਇਕ-ਦੂਜੇ ਦਾ ਆਦਰ ਕਰ ਕੇ ਅਤੇ ਇਕ-ਦੂਜੇ ਨਾਲ ਪਿਆਰ ਕਰ ਕੇ ਆਪਣੀ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤਦੇ ਹਨ

      9. (ੳ) ਪਤਨੀ ਕੋਲ ਘਰ ਵਿਚ ਕਿੰਨਾ ਕੁ ਅਧਿਕਾਰ ਹੈ? (ਅ) ਪਤਨੀ ਆਪਣੀ ਕਾਬਲੀਅਤ ਨਾਲ ਆਪਣੇ ਪਤੀ ਦੀ ਮਦਦ ਕਿਸ ਤਰ੍ਹਾਂ ਕਰ ਸਕਦਾ ਹੈ ਅਤੇ ਇਸ ਦੇ ਨਤੀਜੇ ਕੀ ਨਿਕਲ ਸਕਦੇ ਹਨ?

      9 ਪਤਨੀ ਕੋਲ ਵੀ ਘਰ ਵਿਚ ਥੋੜ੍ਹਾ-ਬਹੁਤਾ ਅਧਿਕਾਰ ਹੈ। ਬਾਈਬਲ ਵਿਚ ਸਾਨੂੰ ਅਜਿਹੀਆਂ ਤੀਵੀਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਆਪਣੇ ਪਤੀ ਦੀ ਸਰਦਾਰੀ ਦੀ ਉਲੰਘਣਾ ਕਰਨ ਤੋਂ ਬਗੈਰ ਉਸ ਉੱਤੇ ਚੰਗਾ ਪ੍ਰਭਾਵ ਪਾਇਆ ਅਤੇ ਸਹੀ ਫ਼ੈਸਲੇ ਕਰਨ ਵਿਚ ਉਸ ਦੀ ਮਦਦ ਕੀਤੀ। (ਉਤਪਤ 21:9-12; 27:46–28:2) ਘਰਵਾਲੀ ਸ਼ਾਇਦ ਆਪਣੇ ਘਰਵਾਲੇ ਤੋਂ ਜ਼ਿਆਦਾ ਚੁਸਤ ਹੋਵੇ ਜਾਂ ਉਹ ਕੁਝ ਕੰਮਾਂ ਵਿਚ ਆਪਣੇ ਘਰਵਾਲੇ ਨਾਲੋਂ ਜ਼ਿਆਦਾ ਕਾਬਲ ਹੋਵੇ। ਪਰ ਫਿਰ ਵੀ ਉਸ ਨੂੰ ਆਪਣੇ ਪਤੀ ਦਾ “ਮਾਨ” ਕਰਨਾ ਚਾਹੀਦਾ ਹੈ ਅਤੇ ਉਸ ਦੇ “ਅਧੀਨ” ਰਹਿਣਾ ਚਾਹੀਦਾ ਹੈ ‘ਜਿਵੇਂ ਉਹ ਪ੍ਰਭੁ ਦੇ’ ਅਧੀਨ ਹੈ। (ਅਫ਼ਸੀਆਂ 5:22, 33) ਪਰਮੇਸ਼ੁਰ ਨੂੰ ਖ਼ੁਸ਼ ਕਰਨ ਬਾਰੇ ਸੋਚ ਕੇ ਇਕ ਪਤਨੀ ਆਪਣੀ ਕਾਬਲੀਅਤ ਨਾਲ ਆਪਣੇ ਪਤੀ ਦੀ ਮਦਦ ਕਰੇਗੀ ਅਤੇ ਉਸ ਦਾ ਮਖੌਲ ਕਰ ਕੇ ਉਸ ਨੂੰ ਨੀਵਾਂ ਮਹਿਸੂਸ ਨਹੀਂ ਕਰਾਵੇਗੀ ਅਤੇ ਨਾ ਹੀ ਉਸ ਉੱਤੇ ਹੁਕਮ ਚਲਾਉਣ ਦੀ ਕੋਸ਼ਿਸ਼ ਕਰੇਗੀ। ਅਜਿਹੀ “ਬੁੱਧਵਾਨ ਤੀਵੀਂ” ਆਪਣੇ ਪਤੀ ਨਾਲ ਮਿਲ ਕੇ ਆਪਣੇ ਟੱਬਰ ਨੂੰ ਮਜ਼ਬੂਤ ਬਣਾਵੇਗੀ। ਇਸ ਤਰ੍ਹਾਂ ਉਹ ਪਰਮੇਸ਼ੁਰ ਨਾਲ ਵੀ ਸ਼ਾਂਤੀ ਬਣਾਈ ਰੱਖੇਗੀ।​—ਕਹਾਉਤਾਂ 14:1.

      10. (ੳ) ਪਰਮੇਸ਼ੁਰ ਨੇ ਮਾਪਿਆਂ ਨੂੰ ਕੀ ਅਧਿਕਾਰ ਦਿੱਤਾ ਹੈ? (ਅ) “ਸਿੱਖਿਆ” ਸ਼ਬਦ ਦਾ ਕੀ ਮਤਲਬ ਹੈ ਅਤੇ ਇਹ ਕਿਸ ਤਰ੍ਹਾਂ ਦਿੱਤੀ ਜਾਣੀ ਚਾਹੀਦੀ ਹੈ? (ਫੁਟਨੋਟ ਵੀ ਦੇਖੋ।)

      10 ਪਰਮੇਸ਼ੁਰ ਨੇ ਮਾਪਿਆਂ ਨੂੰ ਵੀ ਅਧਿਕਾਰ ਸੌਂਪਿਆ ਹੋਇਆ ਹੈ। ਬਾਈਬਲ ਕਹਿੰਦੀ ਹੈ: “ਹੇ ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਬਾਈਬਲ ਵਿਚ “ਸਿੱਖਿਆ” ਸ਼ਬਦ ਦਾ ਮਤਲਬ ਬੱਚੇ ਦਾ ‘ਪਾਲਣ-ਪੋਸਣ ਕਰਨਾ, ਉਸ ਨੂੰ ਸਜ਼ਾ ਤੇ ਤਾੜਨਾ ਦੇਣੀ’ ਵੀ ਹੋ ਸਕਦਾ ਹੈ। ਬੱਚਿਆਂ ਨੂੰ ਤਾੜਨਾ ਦੀ ਜ਼ਰੂਰਤ ਹੁੰਦੀ ਹੈ। ਜਦ ਬੱਚਾ ਸਾਫ਼-ਸਾਫ਼ ਜਾਣਦਾ ਹੈ ਕਿ ਉਸ ਨੂੰ ਕੀ ਕਰਨ ਦੀ ਇਜਾਜ਼ਤ ਹੈ ਤੇ ਕੀ ਨਹੀਂ, ਤਾਂ ਉਹ ਜ਼ਿੰਦਗੀ ਵਿਚ ਖ਼ੁਸ਼ ਤੇ ਕਾਮਯਾਬ ਹੁੰਦਾ ਹੈ। ਬਾਈਬਲ ਵਿਚ ਅਜਿਹੀ ਸਿੱਖਿਆ ਜਾਂ ਤਾੜਨਾ ਦਾ ਸੰਬੰਧ ਪਿਆਰ ਨਾਲ ਜੋੜਿਆ ਗਿਆ ਹੈ। (ਕਹਾਉਤਾਂ 13:24) ਇਸ ਲਈ ਜਦੋਂ ਮਾਪੇ “ਤਾੜ ਦੀ ਛਿਟੀ” ਇਸਤੇਮਾਲ ਕਰਦੇ ਹਨ, ਤਾਂ ਬੱਚੇ ਦੇ ਮਨ ਜਾਂ ਸਰੀਰ ਤੇ ਕਦੇ ਵੀ ਮਾੜਾ ਅਸਰ ਨਹੀਂ ਪੈਣਾ ਚਾਹੀਦਾ।a (ਕਹਾਉਤਾਂ 22:15; 29:15) ਜੇ ਮਾਪੇ ਪਿਆਰ ਦੀ ਬਜਾਇ ਸਖ਼ਤੀ ਨਾਲ ਸਜ਼ਾ ਦਿੰਦੇ ਹਨ, ਤਾਂ ਉਹ ਪਰਮੇਸ਼ੁਰ ਵੱਲੋਂ ਦਿੱਤੇ ਗਏ ਅਧਿਕਾਰ ਨੂੰ ਗ਼ਲਤ ਤਰੀਕੇ ਨਾਲ ਵਰਤ ਰਹੇ ਹਨ। ਇਸ ਨਾਲ ਬੱਚੇ ਮਨ ਵਿਚ ਕੁਚਲੇ ਹੋਏ ਮਹਿਸੂਸ ਕਰ ਸਕਦੇ ਹਨ। (ਕੁਲੁੱਸੀਆਂ 3:21) ਦੂਜੇ ਪਾਸੇ ਜਦ ਬੱਚੇ ਨੂੰ ਸਹੀ ਤਰੀਕੇ ਨਾਲ ਅਤੇ ਸੋਚ ਸਮਝ ਕੇ ਤਾੜਿਆ ਜਾਂਦਾ ਹੈ, ਤਾਂ ਬੱਚੇ ਨੂੰ ਅਹਿਸਾਸ ਹੁੰਦਾ ਹੈ ਕਿ ਮਾਪੇ ਉਸ ਨਾਲ ਪਿਆਰ ਕਰਦੇ ਹਨ ਅਤੇ ਕਿ ਉਹ ਚਾਹੁੰਦੇ ਹਨ ਕਿ ਉਹ ਵੱਡਾ ਹੋ ਕੇ ਚੰਗਾ ਇਨਸਾਨ ਬਣੇ।

      11. ਬੱਚੇ ਆਪਣੀ ਸ਼ਕਤੀ ਨੂੰ ਸਹੀ ਤਰੀਕੇ ਨਾਲ ਕਿਸ ਤਰ੍ਹਾਂ ਵਰਤ ਸਕਦੇ ਹਨ?

      11 ਬੱਚਿਆਂ ਬਾਰੇ ਕੀ? ਉਹ ਆਪਣੀ ਸ਼ਕਤੀ ਜਾਂ ਤਾਕਤ ਨੂੰ ਸਹੀ ਤਰੀਕੇ ਨਾਲ ਕਿਸ ਤਰ੍ਹਾਂ ਵਰਤ ਸਕਦੇ ਹਨ? ਕਹਾਉਤਾਂ 20:29 ਵਿਚ ਕਿਹਾ ਗਿਆ ਹੈ: “ਜੁਆਨਾਂ ਦੀ ਸੋਭਾ ਤਾਂ ਉਨ੍ਹਾਂ ਦਾ ਬਲ ਹੈ।” ਬੱਚਿਆਂ ਲਈ ਸਭ ਤੋਂ ਵਧੀਆ ਗੱਲ ਹੈ ਕਿ ਉਹ “ਆਪਣੇ ਕਰਤਾਰ” ਦੀ ਸੇਵਾ ਕਰਨ ਵਿਚ ਆਪਣੀ ਤਾਕਤ ਵਰਤਣ। (ਉਪਦੇਸ਼ਕ ਦੀ ਪੋਥੀ 12:1) ਨਿਆਣਿਆਂ ਲਈ ਇਹ ਗੱਲ ਯਾਦ ਰੱਖਣੀ ਚੰਗੀ ਹੈ ਕਿ ਉਨ੍ਹਾਂ ਦੀਆਂ ਕਰਨੀਆਂ ਦਾ ਉਨ੍ਹਾਂ ਦੇ ਮਾਪਿਆਂ ਤੇ ਵੱਡਾ ਪ੍ਰਭਾਵ ਪੈਂਦਾ ਹੈ। (ਕਹਾਉਤਾਂ 23:24, 25) ਜਦ ਬੱਚੇ ਆਪਣੇ ਮਾਪਿਆਂ ਦੇ ਆਗਿਆਕਾਰ ਬਣ ਕੇ ਸਹੀ ਰਾਹ ਤੇ ਤੁਰਦੇ ਹਨ, ਤਾਂ ਉਹ ਆਪਣੇ ਮਾਪਿਆਂ ਦੇ ਦਿਲ ਖ਼ੁਸ਼ ਕਰ ਦਿੰਦੇ ਹਨ। (ਅਫ਼ਸੀਆਂ 6:1) ਅਜਿਹਾ ਚਾਲ-ਚਲਣ ‘ਪ੍ਰਭੁ ਨੂੰ ਮਨ ਭਾਉਂਦਾ ਹੈ।’​—ਕੁਲੁੱਸੀਆਂ 3:20.

      ਕਲੀਸਿਯਾ ਵਿਚ

      12, 13. (ੳ) ਬਜ਼ੁਰਗਾਂ ਨੂੰ ਕਲੀਸਿਯਾ ਵਿਚ ਆਪਣੇ ਅਧਿਕਾਰ ਬਾਰੇ ਕਿਸ ਤਰ੍ਹਾਂ ਸੋਚਣਾ ਚਾਹੀਦਾ ਹੈ? (ਅ) ਉਦਾਹਰਣ ਦੇ ਕੇ ਦੱਸੋ ਕਿ ਬਜ਼ੁਰਗਾਂ ਨੂੰ ਇੱਜੜ ਦੀ ਦੇਖ-ਭਾਲ ਕੋਮਲਤਾ ਨਾਲ ਕਿਉਂ ਕਰਨੀ ਚਾਹੀਦੀ ਹੈ?

      12 ਯਹੋਵਾਹ ਨੇ ਮਸੀਹੀ ਕਲੀਸਿਯਾ ਦੀ ਅਗਵਾਈ ਕਰਨ ਲਈ ਨਿਗਾਹਬਾਨ ਨਿਯੁਕਤ ਕੀਤੇ ਹਨ। (ਇਬਰਾਨੀਆਂ 13:17) ਇਨ੍ਹਾਂ ਕਾਬਲ ਆਦਮੀਆਂ ਨੂੰ ਪਰਮੇਸ਼ੁਰ ਤੋਂ ਮਿਲੇ ਅਧਿਕਾਰ ਨੂੰ ਕਿਸ ਤਰ੍ਹਾਂ ਵਰਤਣਾ ਚਾਹੀਦਾ ਹੈ? ਉਨ੍ਹਾਂ ਨੂੰ ਕਲੀਸਿਯਾ ਵਿਚ ਇੱਜੜ ਦੀ ਦੇਖ-ਭਾਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਰੂਹਾਨੀ ਤਰੱਕੀ ਉੱਤੇ ਨਿਗਾਹ ਰੱਖਣੀ ਚਾਹੀਦੀ ਹੈ। ਕੀ ਬਜ਼ੁਰਗਾਂ ਨੂੰ ਕਲੀਸਿਯਾ ਉੱਤੇ ਹੁਕਮ ਚਲਾਉਣ ਦਾ ਅਧਿਕਾਰ ਹੈ? ਬਿਲਕੁਲ ਨਹੀਂ! ਬਜ਼ੁਰਗਾਂ ਨੂੰ ਆਪਣੀ ਪਦਵੀ ਬਾਰੇ ਬਹੁਤਾ ਨਹੀਂ ਸੋਚਣਾ ਚਾਹੀਦਾ। (1 ਪਤਰਸ 5:2, 3) ਬਾਈਬਲ ਵਿਚ ਨਿਗਾਹਬਾਨਾਂ ਨੂੰ ਦੱਸਿਆ ਗਿਆ ਹੈ: “ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਹ ਨੂੰ ਉਸ ਨੇ ਆਪਣੇ ਹੀ [ਪੁੱਤਰ ਦੇ] ਲਹੂ ਨਾਲ ਮੁੱਲ ਲਿਆ ਹੈ।” (ਰਸੂਲਾਂ ਦੇ ਕਰਤੱਬ 20:28) ਇਸ ਜ਼ਬਰਦਸਤ ਕਾਰਨ ਕਰਕੇ ਬਜ਼ੁਰਗਾਂ ਨੂੰ ਇੱਜੜ ਦੇ ਹਰ ਮੈਂਬਰ ਨਾਲ ਕੋਮਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ।

      13 ਇਸ ਦੀ ਉਦਾਹਰਣ ਅਸੀਂ ਇਸ ਤਰ੍ਹਾਂ ਦੇ ਸਕਦੇ ਹਾਂ। ਫ਼ਰਜ਼ ਕਰੋ ਤੁਹਾਡਾ ਕੋਈ ਜਿਗਰੀ ਦੋਸਤ ਤੁਹਾਨੂੰ ਆਪਣੀ ਕਿਸੇ ਕੀਮਤੀ ਚੀਜ਼ ਦੀ ਦੇਖ-ਭਾਲ ਕਰਨ ਲਈ ਕਹਿੰਦਾ ਹੈ। ਤੁਸੀਂ ਜਾਣਦੇ ਹੋ ਕਿ ਤੁਹਾਡੇ ਦੋਸਤ ਨੇ ਇਸ ਚੀਜ਼ ਲਈ ਬਹੁਤ ਪੈਸੇ ਖ਼ਰਚੇ। ਕੀ ਤੁਸੀਂ ਧਿਆਨ ਨਾਲ ਉਸ ਚੀਜ਼ ਦੀ ਦੇਖ-ਭਾਲ ਨਹੀਂ ਕਰੋਗੇ ਤਾਂਕਿ ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ? ਇਸੇ ਤਰ੍ਹਾਂ ਪਰਮੇਸ਼ੁਰ ਨੇ ਬਜ਼ੁਰਗਾਂ ਨੂੰ ਇਕ ਕੀਮਤੀ ਚੀਜ਼ ਯਾਨੀ ਕਲੀਸਿਯਾ ਦੀ ਦੇਖ-ਭਾਲ ਕਰਨ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੋਈ ਹੈ। ਯਹੋਵਾਹ ਲਈ ਕਲੀਸਿਯਾ ਦੇ ਮੈਂਬਰ ਭੇਡਾਂ ਦੀ ਤਰ੍ਹਾਂ ਹਨ ਜਿਨ੍ਹਾਂ ਨਾਲ ਉਹ ਬਹੁਤ ਪਿਆਰ ਕਰਦਾ ਹੈ। (ਯੂਹੰਨਾ 21:16, 17) ਦਰਅਸਲ ਉਹ ਉਨ੍ਹਾਂ ਨਾਲ ਇੰਨਾ ਪਿਆਰ ਕਰਦਾ ਹੈ ਕਿ ਉਸ ਨੇ ਉਨ੍ਹਾਂ ਨੂੰ ਆਪਣੇ ਇਕਲੌਤੇ ਪੁੱਤਰ ਯਿਸੂ ਮਸੀਹ ਦੇ ਬਹੁਮੁੱਲੇ ਲਹੂ ਨਾਲ ਖ਼ਰੀਦਿਆ ਹੈ। ਯਹੋਵਾਹ ਆਪਣੀਆਂ ਭੇਡਾਂ ਲਈ ਇਸ ਤੋਂ ਵੱਡੀ ਕੀਮਤ ਨਹੀਂ ਅਦਾ ਕਰ ਸਕਦਾ ਸੀ। ਬਜ਼ੁਰਗ, ਜੋ ਆਪਣੇ ਆਪ ਨੂੰ ਬਹੁਤਾ ਨਹੀਂ ਸਮਝਦੇ, ਇਹ ਗੱਲ ਯਾਦ ਰੱਖਦੇ ਹਨ ਅਤੇ ਯਹੋਵਾਹ ਦੀਆਂ ਭੇਡਾਂ ਨਾਲ ਸਹੀ ਤਰੀਕੇ ਨਾਲ ਪੇਸ਼ ਆਉਂਦੇ ਹਨ।

      ਜੀਭ ਦੀ ਸ਼ਕਤੀ

      14. ਜੀਭ ਵਿਚ ਕਿਹੋ ਜਿਹੀ ਸ਼ਕਤੀ ਹੈ?

      14 ਬਾਈਬਲ ਕਹਿੰਦੀ ਹੈ ਕਿ “ਮੌਤ ਅਤੇ ਜੀਉਣ ਦੋਵੇਂ ਜੀਭ ਦੇ ਵੱਸ ਵਿੱਚ ਹਨ।” (ਕਹਾਉਤਾਂ 18:21) ਯਕੀਨਨ ਜੀਭ ਵੱਡਾ ਨੁਕਸਾਨ ਕਰ ਸਕਦੀ ਹੈ। ਇਸ ਵਿਚ ਸ਼ੱਕ ਨਹੀਂ ਕਿ ਕਦੇ-ਨ-ਕਦੇ ਕਿਸੇ ਦੀ ਰੁੱਖੀ ਗੱਲ ਸਾਡੇ ਜ਼ਰੂਰ ਚੁੱਭੀ ਹੋਣੀ। ਪਰ ਜੀਭ ਵਿਚ ਸੁਧਾਰਨ ਦੀ ਸ਼ਕਤੀ ਵੀ ਹੈ। ਕਹਾਉਤਾਂ 12:18 ਵਿਚ ਦੱਸਿਆ ਗਿਆ ਹੈ: “ਬੁੱਧਵਾਨ ਦੀ ਜ਼ਬਾਨ ਚੰਗਾ ਕਰ ਦਿੰਦੀ ਹੈ।” ਜੀ ਹਾਂ, ਹੌਸਲਾ ਦੇਣ ਲਈ ਕਹੀ ਗਈ ਗੱਲ ਦਿਲ ਦੇ ਜ਼ਖ਼ਮਾਂ ਉੱਤੇ ਮਲ੍ਹਮ ਦਾ ਕੰਮ ਕਰਦੀ ਹੈ। ਕੁਝ ਉਦਾਹਰਣਾਂ ਉੱਤੇ ਗੌਰ ਕਰੋ।

      15, 16. ਅਸੀਂ ਜੀਭ ਨੂੰ ਦੂਸਰਿਆਂ ਨੂੰ ਹੌਸਲਾ ਦੇਣ ਲਈ ਕਿਸ ਤਰ੍ਹਾਂ ਵਰਤ ਸਕਦੇ ਹਾਂ?

      15 ਬਾਈਬਲ 1 ਥੱਸਲੁਨੀਕੀਆਂ 5:14 ਵਿਚ ਅਰਜ਼ ਕਰਦੀ ਹੈ: “ਕਮਦਿਲਿਆਂ ਨੂੰ ਦਿਲਾਸਾ ਦਿਓ।” ਜੀ ਹਾਂ, ਯਹੋਵਾਹ ਦੇ ਵਫ਼ਾਦਾਰ ਸੇਵਕ ਵੀ ਕਦੇ-ਕਦੇ ਨਿਰਾਸ਼ ਹੋ ਜਾਂਦੇ ਹਨ। ਅਸੀਂ ਇਨ੍ਹਾਂ ਭੈਣਾਂ-ਭਰਾਵਾਂ ਦੀ ਮਦਦ ਕਿਸ ਤਰ੍ਹਾਂ ਕਰ ਸਕਦੇ ਹਾਂ? ਉਨ੍ਹਾਂ ਦੀ ਹਾਲਤ ਬਾਰੇ ਸੋਚ ਕੇ ਸੱਚੇ ਦਿਲੋਂ ਉਨ੍ਹਾਂ ਦੀ ਸਿਫ਼ਤ ਕਰੋ ਤਾਂਕਿ ਉਹ ਸਮਝ ਸਕਣ ਕਿ ਯਹੋਵਾਹ ਉਨ੍ਹਾਂ ਦੀ ਕਦਰ ਕਰਦਾ ਹੈ। ਬਾਈਬਲ ਵਿੱਚੋਂ ਦਿਲਾਸਾ ਦੇਣ ਵਾਲੇ ਕੁਝ ਹਵਾਲੇ ਦਿਖਾਓ ਜਿਸ ਨਾਲ ਉਹ ਦੇਖ ਸਕਣਗੇ ਕਿ ਯਹੋਵਾਹ “ਟੁੱਟੇ ਦਿਲ ਵਾਲਿਆਂ” ਅਤੇ “ਕੁਚਲਿਆਂ ਆਤਮਾਂ ਵਾਲਿਆਂ” ਦੀ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਨਾਲ ਪਿਆਰ ਕਰਦਾ ਹੈ। (ਜ਼ਬੂਰਾਂ ਦੀ ਪੋਥੀ 34:18) ਜਦ ਅਸੀਂ ਜੀਭ ਦੀ ਸ਼ਕਤੀ ਨਾਲ ਦੂਸਰਿਆਂ ਨੂੰ ਦਿਲਾਸਾ ਦਿੰਦੇ ਹਾਂ, ਤਾਂ ਅਸੀਂ ਆਪਣੇ ਹਮਦਰਦ ਪਿਤਾ ਦੀ ਰੀਸ ਕਰਦੇ ਹਾਂ ਜੋ ਬੇਸਹਾਰਿਆਂ ਨੂੰ “ਦਿਲਾਸਾ ਦੇਣ ਵਾਲਾ ਹੈ।”​—2 ਕੁਰਿੰਥੀਆਂ 7:6.

      16 ਅਸੀਂ ਆਪਣੀ ਜੀਭ ਦੀ ਸ਼ਕਤੀ ਵਰਤ ਕੇ ਦੂਸਰਿਆਂ ਨੂੰ ਹੌਸਲਾ ਵੀ ਦੇ ਸਕਦੇ ਹਾਂ ਜਿਸ ਦੀ ਅੱਜ-ਕੱਲ੍ਹ ਬਹੁਤ ਜ਼ਰੂਰਤ ਹੈ। ਕੀ ਤੁਹਾਡੀ ਕਲੀਸਿਯਾ ਵਿਚ ਕਿਸੇ ਦੇ ਸਾਕ-ਸੰਬੰਧੀ ਦੀ ਮੌਤ ਹੋਈ ਹੈ? ਉਸ ਨਾਲ ਹਮਦਰਦੀ ਨਾਲ ਗੱਲ ਕਰੋ ਅਤੇ ਉਸ ਦੇ ਦੁਖੀ ਦਿਲ ਨੂੰ ਦਿਲਾਸਾ ਦਿਓ। ਕੀ ਕੋਈ ਸਿਆਣਾ ਭੈਣ-ਭਰਾ ਬੁਢੇਪੇ ਕਰਕੇ ਮਹਿਸੂਸ ਕਰਦਾ ਹੈ ਕਿ ਉਸ ਦੀ ਕੋਈ ਜ਼ਰੂਰਤ ਨਹੀਂ? ਉਸ ਨੂੰ ਪਿਆਰ ਨਾਲ ਤਸੱਲੀ ਦਿਓ ਕਿ ਉਸ ਦੀ ਕਦਰ ਕੀਤੀ ਜਾਂਦੀ ਹੈ ਅਤੇ ਕਿ ਉਸ ਦੀ ਅਜੇ ਵੀ ਲੋੜ ਹੈ। ਕੀ ਕੋਈ ਲੰਮੇ ਸਮੇਂ ਤੋਂ ਬੀਮਾਰ ਹੈ? ਟੈਲੀਫ਼ੋਨ ਕਰ ਕੇ ਜਾਂ ਉਸ ਦੇ ਕੋਲ ਜਾ ਕੇ ਉਸ ਨਾਲ ਗੱਲ ਕਰੋ ਜਿਸ ਨਾਲ ਉਸ ਨੂੰ ਹੌਸਲਾ ਮਿਲ ਸਕਦਾ ਹੈ। ਸਾਡੇ ਸਿਰਜਣਹਾਰ ਦਾ ਦਿਲ ਕਿੰਨਾ ਖ਼ੁਸ਼ ਹੁੰਦਾ ਹੈ ਜਦੋਂ ਅਸੀਂ ਆਪਣੀ ਜੀਭ ਦੀ ਸ਼ਕਤੀ ਨਾਲ ਉਹ ਗੱਲ ਕਰਦੇ ਹਾਂ ਜੋ “ਹੋਰਨਾਂ ਦੀ ਉੱਨਤੀ ਲਈ ਚੰਗੀ” ਹੈ।​—ਅਫ਼ਸੀਆਂ 4:29.

      ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਆਪਣੀ ਸ਼ਕਤੀ ਨੂੰ ਵਰਤਣ ਦਾ ਇਕ ਵਧੀਆ ਤਰੀਕਾ ਹੈ

      17. ਕਿਨ੍ਹਾਂ ਜ਼ਰੂਰੀ ਤਰੀਕਿਆਂ ਨਾਲ ਅਸੀਂ ਆਪਣੀ ਜੀਭ ਨੂੰ ਦੂਸਰਿਆਂ ਦੇ ਫ਼ਾਇਦੇ ਲਈ ਵਰਤ ਸਕਦੇ ਹਾਂ ਅਤੇ ਸਾਨੂੰ ਇਸ ਤਰ੍ਹਾਂ ਕਿਉਂ ਕਰਨਾ ਚਾਹੀਦਾ ਹੈ?

      17 ਜੀਭ ਦੀ ਸ਼ਕਤੀ ਨੂੰ ਵਰਤਣ ਦਾ ਸਭ ਤੋਂ ਬਿਹਤਰ ਤਰੀਕਾ ਹੈ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ। ਕਹਾਉਤਾਂ 3:27 ਵਿਚ ਕਿਹਾ ਗਿਆ ਹੈ: “ਜੇ ਤੇਰੇ ਹੱਥ ਵੱਸ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ ਉਨ੍ਹਾਂ ਦਾ ਭਲਾ ਕਰਨੋਂ ਨਾ ਰੁਕੀਂ।” ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਹੋਰਨਾਂ ਨੂੰ ਇਹ ਖ਼ੁਸ਼ ਖ਼ਬਰੀ ਸੁਣਾਈਏ ਜਿਸ ਤੋਂ ਉਨ੍ਹਾਂ ਦੀ ਜਾਨ ਬਚ ਸਕਦੀ ਹੈ। ਯਹੋਵਾਹ ਨੇ ਇਹ ਬਹੁਤ ਜ਼ਰੂਰੀ ਸੰਦੇਸ਼ ਸਾਨੂੰ ਖੁੱਲ੍ਹੇ-ਦਿਲ ਨਾਲ ਦਿੱਤਾ ਹੈ ਅਤੇ ਇਸ ਨੂੰ ਆਪਣੇ ਕੋਲ ਹੀ ਰੱਖਣਾ ਸਹੀ ਨਹੀਂ ਹੋਵੇਗਾ। (1 ਕੁਰਿੰਥੀਆਂ 9:16, 22) ਪਰ ਯਹੋਵਾਹ ਸਾਡੇ ਤੋਂ ਪ੍ਰਚਾਰ ਦੇ ਇਸ ਕੰਮ ਵਿਚ ਕਿਸ ਹੱਦ ਤਕ ਹਿੱਸਾ ਲੈਣ ਦੀ ਆਸ ਰੱਖਦਾ ਹੈ?

      “ਸਾਰੀ ਸ਼ਕਤੀ” ਨਾਲ ਯਹੋਵਾਹ ਦੀ ਸੇਵਾ ਕਰੋ

      18. ਯਹੋਵਾਹ ਸਾਡੇ ਤੋਂ ਕੀ ਆਸ ਰੱਖਦਾ ਹੈ?

      18 ਯਹੋਵਾਹ ਲਈ ਸਾਡਾ ਪਿਆਰ ਸਾਨੂੰ ਮਸੀਹੀ ਸੇਵਕਾਈ ਵਿਚ ਪੂਰਾ ਹਿੱਸਾ ਲੈਣ ਲਈ ਉਤੇਜਿਤ ਕਰਦਾ ਹੈ। ਇਸ ਸੇਵਕਾਈ ਦੇ ਸੰਬੰਧ ਵਿਚ ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ? ਉਹ ਜੋ ਅਸੀਂ ਦੇ ਸਕਦੇ ਹਾਂ ਭਾਵੇਂ ਸਾਡੇ ਹਾਲਾਤ ਜਿਸ ਤਰ੍ਹਾਂ ਦੇ ਮਰਜ਼ੀ ਹੋਣ: “ਜੋ ਕੁਝ ਤੁਸੀਂ ਕਰੋ ਸੋ ਚਿੱਤ ਲਾ ਕੇ ਪ੍ਰਭੁ ਦੇ ਲਈ ਕਰੋ, ਨਾ ਮਨੁੱਖਾਂ ਦੇ ਲਈ।” (ਕੁਲੁੱਸੀਆਂ 3:23) ਸਭ ਤੋਂ ਵੱਡਾ ਹੁਕਮ ਦੱਸਦੇ ਹੋਏ ਯਿਸੂ ਨੇ ਕਿਹਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ।” (ਮਰਕੁਸ 12:30) ਜੀ ਹਾਂ, ਯਹੋਵਾਹ ਸਾਡੇ ਸਾਰਿਆਂ ਤੋਂ ਆਸ ਰੱਖਦਾ ਹੈ ਕਿ ਅਸੀਂ ਤਨ-ਮਨ ਲਾ ਕੇ ਉਸ ਨਾਲ ਪਿਆਰ ਕਰੀਏ ਅਤੇ ਉਸ ਦੀ ਸੇਵਾ ਕਰੀਏ।

      19, 20. (ੳ) ਮਰਕੁਸ 12:30 ਵਿਚ ਜਾਨ ਦੇ ਨਾਲ-ਨਾਲ ਦਿਲ, ਬੁੱਧ ਅਤੇ ਸ਼ਕਤੀ ਦੀ ਕਿਉਂ ਗੱਲ ਕੀਤੀ ਗਈ ਹੈ? (ਅ) ਯਹੋਵਾਹ ਦੀ ਸੇਵਾ ਤਨ-ਮਨ ਨਾਲ ਕਰਨ ਦਾ ਕੀ ਮਤਲਬ ਹੈ?

      19 ਤਨ-ਮਨ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਆਪਣੀ ਸਾਰੀ ਸਰੀਰਕ ਤੇ ਮਾਨਸਿਕ ਸ਼ਕਤੀ ਨਾਲ ਸੇਵਾ ਕਰਨੀ। ਮਰਕੁਸ 12:30 ਵਿਚ ਜਾਨ ਦੇ ਨਾਲ-ਨਾਲ ਦਿਲ, ਬੁੱਧ ਅਤੇ ਸ਼ਕਤੀ ਦੀ ਕਿਉਂ ਗੱਲ ਕੀਤੀ ਗਈ ਹੈ? ਇਕ ਉਦਾਹਰਣ ਉੱਤੇ ਗੌਰ ਕਰੋ। ਬਾਈਬਲ ਦੇ ਜ਼ਮਾਨੇ ਵਿਚ ਕੋਈ ਬੰਦਾ ਆਪਣੇ ਆਪ ਨੂੰ ਗ਼ੁਲਾਮੀ ਵਿਚ ਵੇਚ ਸਕਦਾ ਸੀ। ਪਰ ਉਹ ਗ਼ੁਲਾਮ ਸ਼ਾਇਦ ਪੂਰਾ ਤਨ-ਮਨ ਲਾ ਕੇ ਆਪਣੇ ਮਾਲਕ ਦੀ ਸੇਵਾ ਨਾ ਕਰੇ। (ਕੁਲੁੱਸੀਆਂ 3:22) ਇਸ ਕਰਕੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਗੱਲ ਕਰਨ ਦਾ ਯਿਸੂ ਦਾ ਮਤਲਬ ਸੀ ਕਿ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਦੇ ਹੋਏ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਹਟਣਾ ਚਾਹੀਦਾ। ਤਨ-ਮਨ ਲਾ ਕੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਲਈ ਆਪਾ ਵਾਰ ਦਿਆਂਗੇ।

      20 ਪਰ ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਸਾਰੇ ਆਪਣੀ ਸੇਵਕਾਈ ਵਿਚ ਇੱਕੋ ਜਿਹਾ ਸਮਾਂ ਗੁਜ਼ਾਰੀਏ? ਇਸ ਤਰ੍ਹਾਂ ਹੋਣਾ ਨਾਮੁਮਕਿਨ ਹੈ ਕਿਉਂਕਿ ਸਾਡੇ ਸਾਰਿਆਂ ਦੀਆਂ ਹਾਲਤਾਂ ਤੇ ਕਾਬਲੀਅਤਾਂ ਵੱਖੋ-ਵੱਖਰੀਆਂ ਹਨ। ਮਿਸਾਲ ਲਈ ਇਕ ਜਵਾਨ ਗੱਭਰੂ ਭਰਾ ਕਿਸੇ ਵੱਡੀ ਉਮਰ ਦੇ ਕਮਜ਼ੋਰ ਭਰਾ ਨਾਲੋਂ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਕੁਝ ਕਰ ਸਕਦਾ ਹੈ। ਇਕ ਭਰਾ ਜਿਸ ਦੀ ਸ਼ਾਦੀ ਨਹੀਂ ਹੋਈ ਅਤੇ ਜਿਸ ਉੱਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਹੀਂ ਹਨ, ਸ਼ਾਦੀ-ਸ਼ੁਦਾ ਭਰਾਵਾਂ ਨਾਲੋਂ ਜ਼ਿਆਦਾ ਕੁਝ ਕਰ ਸਕਦਾ ਹੈ। ਜੇਕਰ ਸਾਡੇ ਕੋਲ ਸੇਵਕਾਈ ਵਿਚ ਜ਼ਿਆਦਾ ਹਿੱਸਾ ਲੈਣ ਦੇ ਮੌਕੇ ਹਨ, ਤਾਂ ਸਾਨੂੰ ਕਿੰਨੇ ਖ਼ੁਸ਼ ਹੋਣਾ ਚਾਹੀਦਾ ਹੈ! ਜੋ ਵੀ ਹੋਵੇ, ਸਾਨੂੰ ਕਿਸੇ ਦੀ ਕਦੇ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ ਕਿ ਉਹ ਕੀ ਕਰਦਾ ਹੈ ਜਾਂ ਕੀ ਨਹੀਂ ਅਤੇ ਨਾ ਹੀ ਸਾਨੂੰ ਆਪਣੀ ਤੁਲਨਾ ਦੂਸਰਿਆਂ ਨਾਲ ਕਰਨੀ ਚਾਹੀਦੀ ਹੈ। (ਰੋਮੀਆਂ 14:10-12) ਇਸ ਦੀ ਬਜਾਇ ਸਾਨੂੰ ਆਪਣੀ ਸ਼ਕਤੀ ਵਰਤ ਕੇ ਦੂਸਰਿਆਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ।

      21. ਆਪਣੀ ਸ਼ਕਤੀ ਨੂੰ ਵਰਤਣ ਦਾ ਸਭ ਤੋਂ ਚੰਗਾ ਤੇ ਅਹਿਮ ਤਰੀਕਾ ਕੀ ਹੈ?

      21 ਯਹੋਵਾਹ ਨੇ ਆਪਣੀ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਸਭ ਤੋਂ ਵਧੀਆ ਮਿਸਾਲ ਕਾਇਮ ਕੀਤੀ ਹੈ। ਅਪੂਰਣ ਇਨਸਾਨ ਹੁੰਦੇ ਹੋਏ ਵੀ ਸਾਨੂੰ ਉਸ ਦੀ ਰੀਸ ਕਰਨ ਵਿਚ ਆਪਣੀ ਪੂਰੀ ਵਾਹ ਲਾਉਣੀ ਚਾਹੀਦੀ ਹੈ। ਜਿਨ੍ਹਾਂ ਉੱਤੇ ਸਾਨੂੰ ਅਧਿਕਾਰ ਦਿੱਤਾ ਗਿਆ ਹੈ ਉਨ੍ਹਾਂ ਦੀ ਇੱਜ਼ਤ ਕਰ ਕੇ ਅਸੀਂ ਆਪਣੀ ਸ਼ਕਤੀ ਨੂੰ ਸਹੀ ਤਰੀਕੇ ਨਾਲ ਵਰਤ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਤਨ-ਮਨ ਨਾਲ ਪ੍ਰਚਾਰ ਦਾ ਕੰਮ ਕਰ ਸਕਦੇ ਹਾਂ ਕਿਉਂਕਿ ਇਸ ਦੇ ਜ਼ਰੀਏ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਹਨ। (ਰੋਮੀਆਂ 10:13, 14) ਯਾਦ ਰੱਖੋ ਕਿ ਜਦੋਂ ਅਸੀਂ ਆਪਣੇ ਤਨ-ਮਨ-ਧਨ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ, ਤਾਂ ਅਸੀਂ ਯਹੋਵਾਹ ਦਾ ਜੀ ਖ਼ੁਸ਼ ਕਰਦੇ ਹਾਂ। ਕੀ ਤੁਹਾਡਾ ਦਿਲ ਤੁਹਾਨੂੰ ਉਤੇਜਿਤ ਨਹੀਂ ਕਰਦਾ ਕਿ ਤੁਸੀਂ ਆਪਣੀ ਪੂਰੀ ਵਾਹ ਲਾ ਕੇ ਅਜਿਹੇ ਪਿਆਰ ਕਰਨ ਵਾਲੇ ਹਮਦਰਦ ਪਰਮੇਸ਼ੁਰ ਦੀ ਸੇਵਾ ਕਰੋ? ਆਪਣੀ ਸ਼ਕਤੀ ਵਰਤਣ ਦਾ ਇਸ ਤੋਂ ਹੋਰ ਕੋਈ ਚੰਗਾ ਤੇ ਅਹਿਮ ਤਰੀਕਾ ਨਹੀਂ ਹੈ।

      a ਬਾਈਬਲ ਵਿਚ ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਛਿਟੀ” ਕੀਤਾ ਗਿਆ ਹੈ, ਉਸ ਦਾ ਮਤਲਬ ਅਜਿਹੀ ਸੋਟੀ ਤੇ ਲਾਠੀ ਵੀ ਹੋ ਸਕਦਾ ਹੈ ਜਿਸ ਨਾਲ ਇਕ ਅਯਾਲੀ ਆਪਣੀਆਂ ਭੇਡਾਂ ਦੀ ਰੱਖਿਆ ਕਰਦਾ ਹੈ। (ਜ਼ਬੂਰਾਂ ਦੀ ਪੋਥੀ 23:4) ਇਸੇ ਤਰ੍ਹਾਂ ਮਾਪਿਆਂ ਦੇ ਅਧਿਕਾਰ ਦੀ “ਛਿਟੀ” ਦਾ ਮਤਲਬ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਸੇਧ ਦਿੰਦੇ ਹਨ, ਨਾ ਕਿ ਕਠੋਰ ਜਾਂ ਸਖ਼ਤ ਸਜ਼ਾ।

      ਇਨ੍ਹਾਂ ਸਵਾਲਾਂ ਤੇ ਸੋਚ-ਵਿਚਾਰ ਕਰੋ

      • ਕਹਾਉਤਾਂ 3:9, 10 ਸਾਡੇ ਕੋਲ ਕਿਹੋ ਜਿਹਾ “ਮਾਲ” ਹੈ ਅਤੇ ਇਸ ਨਾਲ ਅਸੀਂ ਯਹੋਵਾਹ ਦੀ ਮਹਿਮਾ ਕਿਸ ਤਰ੍ਹਾਂ ਕਰ ਸਕਦੇ ਹਾਂ?

      • ਉਪਦੇਸ਼ਕ ਦੀ ਪੋਥੀ 9:5-10 ਸਾਨੂੰ ਹੁਣ ਆਪਣੀ ਸ਼ਕਤੀ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਕਿਉਂ ਵਰਤਣੀ ਚਾਹੀਦੀ ਹੈ?

      • ਰਸੂਲਾਂ ਦੇ ਕਰਤੱਬ 8:9-24 ਇੱਥੇ ਅਧਿਕਾਰ ਨੂੰ ਗ਼ਲਤ ਤਰੀਕੇ ਨਾਲ ਵਰਤਣ ਦੀ ਕਿਹੜੀ ਉਦਾਹਰਣ ਦਿੱਤੀ ਗਈ ਹੈ ਅਤੇ ਅਸੀਂ ਅਜਿਹੀ ਗ਼ਲਤੀ ਕਰਨ ਤੋਂ ਕਿਸ ਤਰ੍ਹਾਂ ਪਰਹੇਜ਼ ਕਰ ਸਕਦੇ ਹਾਂ?

      • ਰਸੂਲਾਂ ਦੇ ਕਰਤੱਬ 20:29-38 ਜਿਨ੍ਹਾਂ ਭਰਾਵਾਂ ਕੋਲ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਹਨ, ਉਹ ਪੌਲੁਸ ਦੀ ਉਦਾਹਰਣ ਤੋਂ ਕੀ ਸਿੱਖ ਸਕਦੇ ਹਨ?

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ