ਬਪਤਿਸਮੇ ਦੇ ਉਮੀਦਵਾਰਾਂ ਨਾਲ ਸਮਾਪਤੀ ਚਰਚਾ
ਆਮ ਤੌਰ ਤੇ ਯਹੋਵਾਹ ਦੇ ਗਵਾਹਾਂ ਦੇ ਸੰਮੇਲਨਾਂ ਵਿਚ ਬਪਤਿਸਮਾ ਦਿੱਤਾ ਜਾਂਦਾ ਹੈ। ਬਪਤਿਸਮੇ ਦੇ ਭਾਸ਼ਣ ਦੀ ਸਮਾਪਤੀ ʼਤੇ ਭਾਸ਼ਣਕਾਰ ਉਮੀਦਵਾਰਾਂ ਨੂੰ ਖੜ੍ਹੇ ਹੋਣ ਲਈ ਅਤੇ ਹੇਠਾਂ ਦਿੱਤੇ ਦੋ ਸਵਾਲਾਂ ਦੇ ਜਵਾਬ ਸਾਫ਼ ਅਤੇ ਉੱਚੀ ਆਵਾਜ਼ ਵਿਚ ਦੇਣ ਲਈ ਕਹੇਗਾ:
1. ਕੀ ਤੁਸੀਂ ਆਪਣੇ ਪਾਪਾਂ ਤੋਂ ਤੋਬਾ ਕਰ ਕੇ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਹੈ ਤੇ ਇਹ ਮੰਨਦੇ ਹੋ ਕਿ ਮੁਕਤੀ ਸਿਰਫ਼ ਯਿਸੂ ਮਸੀਹ ਦੇ ਜ਼ਰੀਏ ਮਿਲੇਗੀ?
2. ਕੀ ਤੁਸੀਂ ਇਸ ਗੱਲ ਨੂੰ ਸਮਝਦੇ ਹੋ ਕਿ ਬਪਤਿਸਮਾ ਲੈ ਕੇ ਤੁਸੀਂ ਯਹੋਵਾਹ ਦੇ ਸੰਗਠਨ ਦਾ ਹਿੱਸਾ ਬਣ ਜਾਓਗੇ ਤੇ ਹੁਣ ਤੋਂ ਯਹੋਵਾਹ ਦੇ ਗਵਾਹ ਵਜੋਂ ਜਾਣੇ ਜਾਓਗੇ?
ਬਪਤਿਸਮਾ ਲੈਣ ਵਾਲੇ ਉਮੀਦਵਾਰ “ਸਾਰਿਆਂ ਸਾਮ੍ਹਣੇ ਐਲਾਨ” ਕਰ ਕੇ ਸਬੂਤ ਦਿੰਦੇ ਹਨ ਕਿ ਉਹ ਯਿਸੂ ਮਸੀਹ ਦੀ ਕੁਰਬਾਨੀ ਵਿਚ ਨਿਹਚਾ ਕਰਦੇ ਹਨ ਤੇ ਉਨ੍ਹਾਂ ਨੇ ਬਿਨਾਂ ਸ਼ਰਤ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕੀਤਾ ਹੈ। (ਰੋਮੀ. 10:9, 10) ਬਪਤਿਸਮਾ ਲੈਣ ਵਾਲੇ ਉਮੀਦਵਾਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਪ੍ਰਾਰਥਨਾ ਕਰ ਕੇ ਇਨ੍ਹਾਂ ਸਵਾਲਾਂ ਉੱਤੇ ਚੰਗੀ ਤਰ੍ਹਾਂ ਸੋਚ-ਵਿਚਾਰ ਕਰਨ ਤਾਂਕਿ ਜਦੋਂ ਇਹ ਸਵਾਲ ਪੁੱਛੇ ਜਾਣ, ਤਾਂ ਉਹ ਦਿਲੋਂ ਜਵਾਬ ਦੇ ਸਕਣ।
ਕੀ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਕੇ ਹੁਣ ਸਿਰਫ਼ ਉਸ ਦੀ ਭਗਤੀ ਕਰਨ ਅਤੇ ਆਪਣੀ ਜ਼ਿੰਦਗੀ ਵਿਚ ਉਸ ਦੀ ਇੱਛਾ ਨੂੰ ਪਹਿਲ ਦੇਣ ਦਾ ਵਾਅਦਾ ਕੀਤਾ ਹੈ?
ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਹੁਣ ਛੇਤੀ ਬਪਤਿਸਮਾ ਲੈ ਲੈਣਾ ਚਾਹੀਦਾ ਹੈ?
ਬਪਤਿਸਮਾ ਲੈਣ ਲਈ ਕਿਸ ਤਰ੍ਹਾਂ ਦੇ ਕੱਪੜੇ ਪਾਉਣੇ ਢੁਕਵੇਂ ਹਨ? (1 ਤਿਮੋ. 2:9, 10; ਯੂਹੰ. 15:19; ਫ਼ਿਲਿ. 1:10)
ਸਾਡੇ “ਪਹਿਰਾਵੇ ਤੋਂ ਸ਼ਰਮ-ਹਯਾ ਝਲਕਣੀ ਚਾਹੀਦੀ” ਹੈ ਤਾਂਕਿ ਅਸੀਂ “ਪਰਮੇਸ਼ੁਰ ਦੀ ਭਗਤੀ” ਲਈ ਆਪਣੀ ਸ਼ਰਧਾ ਦਿਖਾ ਸਕੀਏ। ਇਸ ਕਰਕੇ ਬਪਤਿਸਮੇ ਦੇ ਉਮੀਦਵਾਰ ਇਸ ਮੌਕੇ ʼਤੇ ਸਵਿਮਿੰਗ ਸੂਟ ਜਾਂ ਉਹ ਕੱਪੜੇ ਨਹੀਂ ਪਾਉਣਗੇ ਜਿਨ੍ਹਾਂ ਉੱਤੇ ਕੁਝ ਲਿਖਿਆ ਹੋਵੇ ਜਾਂ ਫਿਰ ਕਿਸੇ ਤਰ੍ਹਾਂ ਦੀ ਤਸਵੀਰ ਬਣੀ ਹੋਵੇ। ਉਨ੍ਹਾਂ ਨੂੰ ਸਾਫ਼-ਸੁਥਰੇ, ਸਲੀਕੇਦਾਰ ਤੇ ਇਸ ਮੌਕੇ ਲਈ ਢੁਕਵੇਂ ਕੱਪੜੇ ਪਾਉਣੇ ਚਾਹੀਦੇ ਹਨ।
ਬਪਤਿਸਮਾ ਲੈਂਦੇ ਸਮੇਂ ਸਾਨੂੰ ਕਿਸ ਤਰ੍ਹਾਂ ਪੇਸ਼ ਆਉਣਾ ਚਾਹੀਦਾ ਹੈ? (ਲੂਕਾ 3:21, 22)
ਯਿਸੂ ਦਾ ਬਪਤਿਸਮਾ ਸਾਡੇ ਲਈ ਇਕ ਵਧੀਆ ਮਿਸਾਲ ਹੈ। ਯਿਸੂ ਜਾਣਦਾ ਸੀ ਕਿ ਬਪਤਿਸਮਾ ਇਕ ਬਹੁਤ ਮਹੱਤਵਪੂਰਣ ਕਦਮ ਹੈ। ਅਸੀਂ ਇਹ ਗੱਲ ਉਸ ਦੇ ਬਪਤਿਸਮੇ ਵੇਲੇ ਉਸ ਦੇ ਰਵੱਈਏ ਅਤੇ ਕੰਮਾਂ ਤੋਂ ਦੇਖ ਸਕਦੇ ਹਾਂ। ਇਸ ਲਈ ਇਹ ਕੋਈ ਮਜ਼ਾਕ ਜਾਂ ਸ਼ਰਾਰਤਾਂ ਕਰਨ ਦਾ ਸਮਾਂ ਨਹੀਂ ਹੁੰਦਾ ਤੇ ਨਾ ਹੀ ਇਹ ਪਾਣੀ ਵਿਚ ਤੈਰਨ ਦਾ ਮੌਕਾ ਹੁੰਦਾ ਹੈ। ਇਹ ਇਕ ਆਦਰਯੋਗ ਅਤੇ ਗੰਭੀਰ ਮੌਕਾ ਹੈ। ਉਮੀਦਵਾਰਾਂ ਨੂੰ ਬਪਤਿਸਮਾ ਲੈਣ ਤੋਂ ਬਾਅਦ ਸ਼ੋਰ ਨਹੀਂ ਮਚਾਉਣਾ ਚਾਹੀਦਾ ਜਿਵੇਂ ਕਿ ਉਨ੍ਹਾਂ ਨੇ ਕੋਈ ਵੱਡੀ ਜਿੱਤ ਪ੍ਰਾਪਤ ਕੀਤੀ ਹੋਵੇ। ਇਹ ਇਕ ਖ਼ੁਸ਼ੀ ਭਰਿਆ ਮੌਕਾ ਹੈ ਤੇ ਸਾਨੂੰ ਆਦਰਮਈ ਤਰੀਕੇ ਨਾਲ ਖ਼ੁਸ਼ੀ ਜ਼ਾਹਰ ਕਰਨੀ ਚਾਹੀਦਾ ਹੈ।
ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਮਿਲ ਕੇ ਸੇਵਾ ਕਰਦੇ ਰਹਿਣ ਨਾਲ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਵਿਚ ਤੁਹਾਡੀ ਕਿਸ ਤਰ੍ਹਾਂ ਮਦਦ ਹੋਵੇਗੀ?
ਆਪਣੇ ਬਪਤਿਸਮੇ ਤੋਂ ਬਾਅਦ ਵੀ ਤੁਹਾਡੇ ਲਈ ਲਗਾਤਾਰ ਨਿੱਜੀ ਅਧਿਐਨ ਕਰਨਾ ਅਤੇ ਪ੍ਰਚਾਰ ਦਾ ਕੰਮ ਜਾਰੀ ਰੱਖਣਾ ਕਿਉਂ ਜ਼ਰੂਰੀ ਹੈ?
ਮੰਡਲੀ ਦੇ ਬਜ਼ੁਰਗਾਂ ਲਈ ਹਿਦਾਇਤਾਂ
ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਜਦੋਂ ਕੋਈ ਭੈਣ-ਭਰਾ ਉਨ੍ਹਾਂ ਨਾਲ ਬਪਤਿਸਮਾ ਲੈਣ ਬਾਰੇ ਗੱਲ ਕਰੇ, ਤਾਂ ਉਹ ਉਸ ਨੂੰ ਸਫ਼ੇ 12-49 ਵਿਚ ਦਿੱਤੇ ਗਏ “ਬਪਤਿਸਮੇ ਦੀ ਤਿਆਰੀ ਕਰਨ ਵਾਲਿਆਂ ਲਈ ਸਵਾਲ” ਉੱਤੇ ਗੌਰ ਕਰਨ ਦੀ ਸਲਾਹ ਦੇਣ। ਉਹ ਉਸ ਨੂੰ ਸਫ਼ਾ 7 ʼਤੇ ਦਿੱਤੇ ਗਏ “ਬਪਤਿਸਮਾ-ਰਹਿਤ ਪ੍ਰਚਾਰਕਾਂ ਲਈ ਇਕ ਸੰਦੇਸ਼” ਨੂੰ ਪੜ੍ਹਨ ਦੀ ਵੀ ਸਲਾਹ ਦੇ ਸਕਦੇ ਹਨ ਜਿੱਥੇ ਦੱਸਿਆ ਗਿਆ ਹੈ ਕਿ ਉਹ ਬਜ਼ੁਰਗਾਂ ਨਾਲ ਚਰਚਾ ਕਰਨ ਦੀ ਤਿਆਰੀ ਕਿਸ ਤਰ੍ਹਾਂ ਕਰ ਸਕਦਾ ਹੈ। ਉੱਥੇ ਸਮਝਾਇਆ ਗਿਆ ਹੈ ਕਿ ਚਰਚਾ ਕਰਦੇ ਸਮੇਂ ਬਪਤਿਸਮਾ ਲੈਣ ਵਾਲੇ ਉਮੀਦਵਾਰ ਕਾਗਜ਼ ʼਤੇ ਲਿਖੇ ਆਪਣੇ ਨੋਟਸ ਦੇ ਨਾਲ-ਨਾਲ ਇਹ ਪੁਸਤਿਕਾ ਵੀ ਵਰਤ ਸਕਦੇ ਹਨ। ਪਰ ਬਜ਼ੁਰਗਾਂ ਨਾਲ ਮਿਲਣ ਤੋਂ ਪਹਿਲਾਂ ਉਮੀਦਵਾਰ ਨੂੰ ਕਿਸੇ ਹੋਰ ਨਾਲ ਸਵਾਲਾਂ-ਜਵਾਬਾਂ ʼਤੇ ਚਰਚਾ ਕਰਨ ਦੀ ਲੋੜ ਨਹੀਂ ਹੈ।
ਜਦੋਂ ਕੋਈ ਬਪਤਿਸਮਾ ਲੈਣ ਦੀ ਇੱਛਾ ਰੱਖਦਾ ਹੈ, ਤਾਂ ਉਸ ਨੂੰ ਬਜ਼ੁਰਗਾਂ ਦੇ ਸਮੂਹ ਦੇ ਸਹਾਇਕ ਬਜ਼ੁਰਗ ਨੂੰ ਦੱਸਣਾ ਚਾਹੀਦਾ ਹੈ। ਜਦੋਂ ਉਸ ਭੈਣ ਜਾਂ ਭਰਾ ਨੇ “ਬਪਤਿਸਮੇ ਦੀ ਤਿਆਰੀ ਕਰਨ ਵਾਲਿਆਂ ਲਈ ਸਵਾਲ” ਉੱਤੇ ਗੌਰ ਕਰ ਲਿਆ ਹੋਵੇ, ਤਾਂ ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਬਜ਼ੁਰਗ ਉਸ ਨੂੰ ਪੁੱਛੇਗਾ: ਕੀ ਉਸ ਨੇ ਪ੍ਰਾਰਥਨਾ ਵਿਚ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਕੇ ਉਸ ਦੀ ਇੱਛਾ ਪੂਰੀ ਕਰਨ ਦਾ ਵਾਅਦਾ ਕੀਤਾ ਹੈ। ਜੇ ਉਸ ਭੈਣ ਜਾਂ ਭਰਾ ਨੇ ਆਪਣੀ ਜ਼ਿੰਦਗੀ ਸਮਰਪਿਤ ਕਰ ਲਈ ਹੈ, ਤਾਂ ਬਜ਼ੁਰਗਾਂ ਦੇ ਸਮੂਹ ਦਾ ਸਹਾਇਕ ਬਜ਼ੁਰਗ “ਬਪਤਿਸਮੇ ਦੀ ਤਿਆਰੀ ਕਰਨ ਵਾਲਿਆਂ ਲਈ ਸਵਾਲ” ਉੱਤੇ ਉਸ ਨਾਲ ਚਰਚਾ ਕਰਨ ਲਈ ਦੋ ਬਜ਼ੁਰਗਾਂ ਨੂੰ ਕਹੇਗਾ। ਅਲੱਗ-ਅਲੱਗ ਬਜ਼ੁਰਗਾਂ ਨੂੰ ਇਨ੍ਹਾਂ ਦੋ ਭਾਗਾਂ ʼਤੇ ਚਰਚਾ ਕਰਨੀ ਚਾਹੀਦੀ ਹੈ। ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਇਹ ਪਤਾ ਕਰਨਾ ਜ਼ਰੂਰੀ ਨਹੀਂ ਹੈ ਕਿ ਸੰਮੇਲਨ ਕਦੋਂ ਹੋਵੇਗਾ।
ਸਵਾਲਾਂ ਦੇ ਦੋ ਭਾਗ ਇਕ-ਇਕ ਘੰਟੇ ਵਿਚ ਪੂਰੇ ਕੀਤੇ ਜਾ ਸਕਦੇ ਹਨ। ਪਰ ਜੇ ਲੋੜ ਪਵੇ, ਤਾਂ ਚਰਚਾ ਲਈ ਜ਼ਿਆਦਾ ਸਮਾਂ ਵੀ ਲਗਾਇਆ ਜਾ ਸਕਦਾ ਹੈ। ਹਰ ਚਰਚਾ ਪ੍ਰਾਰਥਨਾ ਨਾਲ ਸ਼ੁਰੂ ਤੇ ਸਮਾਪਤ ਕੀਤੀ ਜਾਣੀ ਚਾਹੀਦੀ ਹੈ। ਉਮੀਦਵਾਰ ਅਤੇ ਬਜ਼ੁਰਗਾਂ ਨੂੰ ਇਨ੍ਹਾਂ ਸਵਾਲਾਂ ʼਤੇ ਚਰਚਾ ਕਰਦੇ ਵੇਲੇ ਕਾਹਲੀ ਨਹੀਂ ਕਰਨੀ ਚਾਹੀਦੀ ਹੈ। ਬਜ਼ੁਰਗਾਂ ਨੂੰ ਉਮੀਦਵਾਰਾਂ ਨਾਲ ਚਰਚਾ ਕਰਨ ਲਈ ਜਲਦੀ ਤੋਂ ਜਲਦੀ ਸਮਾਂ ਤੈਅ ਕਰਨਾ ਚਾਹੀਦਾ ਹੈ।
ਚੰਗਾ ਹੋਵੇਗਾ ਜੇ ਬਪਤਿਸਮਾ ਲੈਣ ਵਾਲੇ ਉਮੀਦਵਾਰਾਂ ਨਾਲ ਇਕੱਠਿਆਂ ਚਰਚਾ ਕਰਨ ਦੀ ਬਜਾਇ ਇਕ-ਇਕ ਕਰ ਕੇ ਚਰਚਾ ਕੀਤੀ ਜਾਵੇ। ਉਮੀਦਵਾਰ ਤੋਂ ਹਰ ਸਵਾਲ ਦਾ ਜਵਾਬ ਸੁਣ ਕੇ ਬਜ਼ੁਰਗ ਦੇਖ ਸਕਣਗੇ ਕਿ ਸੱਚਾਈ ਨੇ ਉਸ ਦੇ ਦਿਲ ਨੂੰ ਕਿੰਨੀ ਕੁ ਹੱਦ ਤਕ ਛੋਹਿਆ ਹੈ ਅਤੇ ਉਹ ਬਪਤਿਸਮਾ ਲੈਣ ਲਈ ਤਿਆਰ ਹੈ ਜਾਂ ਨਹੀਂ। ਨਾਲੇ ਇਸ ਤਰ੍ਹਾਂ ਉਮੀਦਵਾਰ ਸਵਾਲਾਂ ਦੇ ਜਵਾਬ ਆਪਣੇ ਦਿਲੋਂ ਦੇ ਸਕੇਗਾ। ਪਤੀ-ਪਤਨੀ ਨਾਲ ਇਕੱਠਿਆਂ ਚਰਚਾ ਕੀਤੀ ਜਾ ਸਕਦੀ ਹੈ।
ਜੇ ਉਮੀਦਵਾਰ ਇਕ ਭੈਣ ਹੈ, ਤਾਂ ਚਰਚਾ ਅਜਿਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਦੂਜੇ ਉਨ੍ਹਾਂ ਨੂੰ ਦੇਖ ਸਕਣ, ਪਰ ਉਨ੍ਹਾਂ ਦੀਆਂ ਗੱਲਾਂ ਨਾ ਸੁਣ ਸਕਣ। ਲੋੜ ਮੁਤਾਬਕ ਚਰਚਾ ਕੀਤੇ ਜਾ ਰਹੇ ਭਾਗ ਦੇ ਅਨੁਸਾਰ ਇਕ ਹੋਰ ਬਜ਼ੁਰਗ ਜਾਂ ਸਹਾਇਕ ਸੇਵਕ ਨਾਲ ਬੈਠ ਸਕਦਾ ਹੈ, ਜਿਵੇਂ ਅਗਲੇ ਪੈਰੇ ਵਿਚ ਦੱਸਿਆ ਗਿਆ ਹੈ।
ਜੇ ਮੰਡਲੀ ਵਿਚ ਘੱਟ ਬਜ਼ੁਰਗ ਹਨ, ਤਾਂ ਕਾਬਲ ਸਹਾਇਕ ਸੇਵਕਾਂ ਨੂੰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਸਮਝਦਾਰੀ ਦਾ ਸਬੂਤ ਦਿੱਤਾ ਹੈ। ਉਹ ਉਮੀਦਵਾਰਾਂ ਨਾਲ “ਭਾਗ 1: ਮਸੀਹੀ ਸਿੱਖਿਆਵਾਂ” ʼਤੇ ਚਰਚਾ ਕਰ ਸਕਦੇ ਹਨ। “ਭਾਗ 2: ਮਸੀਹੀ ਜ਼ਿੰਦਗੀ” ʼਤੇ ਸਿਰਫ਼ ਬਜ਼ੁਰਗਾਂ ਨੂੰ ਚਰਚਾ ਕਰਨੀ ਚਾਹੀਦੀ ਹੈ। ਜੇ ਮੰਡਲੀ ਵਿਚ ਕਾਬਲ ਭਰਾਵਾਂ ਦੀ ਕਮੀ ਹੈ, ਤਾਂ ਕਿਸੇ ਨੇੜਲੀ ਮੰਡਲੀ ਦੇ ਭਰਾਵਾਂ ਦੀ ਮਦਦ ਲੈਣ ਲਈ ਸਰਕਟ ਓਵਰਸੀਅਰ ਨਾਲ ਗੱਲ ਕੀਤੀ ਜਾ ਸਕਦੀ ਹੈ।
ਜੇ ਬਪਤਿਸਮਾ ਲੈਣ ਵਾਲਾ ਉਮੀਦਵਾਰ ਨਾਬਾਲਗ ਹੈ, ਤਾਂ ਉਸ ਦੇ ਮਸੀਹੀ ਮਾਪਿਆਂ ਨੂੰ ਚਰਚਾ ਲਈ ਮੌਜੂਦ ਹੋਣਾ ਚਾਹੀਦਾ ਹੈ। ਜੇ ਮਾਪੇ ਨਹੀਂ ਆ ਸਕਦੇ, ਤਾਂ ਦੋ ਬਜ਼ੁਰਗਾਂ (ਜਾਂ ਚਰਚਾ ਕੀਤੇ ਜਾ ਰਹੇ ਭਾਗ ਦੇ ਅਨੁਸਾਰ ਇਕ ਬਜ਼ੁਰਗ ਅਤੇ ਇਕ ਸਹਾਇਕ ਸੇਵਕ) ਨੂੰ ਹਰ ਭਾਗ ʼਤੇ ਚਰਚਾ ਕਰਨੀ ਚਾਹੀਦੀ ਹੈ।
ਬਜ਼ੁਰਗ ਦੇਖਦੇ ਹਨ ਕਿ ਉਮੀਦਵਾਰ ਨੂੰ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਦੀ ਲੋੜੀਂਦੀ ਸਮਝ ਹੈ ਜਾਂ ਨਹੀਂ। ਉਨ੍ਹਾਂ ਨੂੰ ਪੂਰਾ ਯਕੀਨ ਹੋਣਾ ਚਾਹੀਦਾ ਹੈ ਕਿ ਉਹ ਸੱਚਾਈ ਦੀ ਪੂਰੀ ਕਦਰ ਕਰਦਾ ਹੈ ਅਤੇ ਦਿਲੋਂ ਯਹੋਵਾਹ ਦੇ ਸੰਗਠਨ ਲਈ ਆਦਰ ਦਿਖਾਉਂਦਾ ਹੈ। ਜੇ ਉਮੀਦਵਾਰ ਨੂੰ ਬੁਨਿਆਦੀ ਸਿੱਖਿਆਵਾਂ ਦੀ ਸਮਝ ਨਹੀਂ ਹੈ, ਤਾਂ ਬਜ਼ੁਰਗ ਉਸ ਦੀ ਮਦਦ ਲਈ ਅੱਗੋਂ ਹੋਰ ਪ੍ਰਬੰਧ ਕਰਨਗੇ ਤਾਂਕਿ ਉਹ ਅੱਗੇ ਚੱਲ ਕੇ ਬਪਤਿਸਮਾ ਲੈਣ ਦੇ ਕਾਬਲ ਬਣ ਸਕੇ। ਕਈਆਂ ਨੂੰ ਸ਼ਾਇਦ ਥੋੜ੍ਹੇ ਹੋਰ ਸਮੇਂ ਲਈ ਉਡੀਕ ਕਰਨੀ ਪਵੇ ਤਾਂਕਿ ਉਹ ਪ੍ਰਚਾਰ ਸੇਵਾ ਵਿਚ ਹੋਰ ਤਰੱਕੀ ਕਰ ਸਕਣ ਜਾਂ ਯਹੋਵਾਹ ਦੇ ਪ੍ਰਬੰਧਾਂ ਪ੍ਰਤੀ ਆਪਣੀ ਅਧੀਨਗੀ ਦਾ ਸਬੂਤ ਦੇ ਸਕਣ। ਇਹ ਬਜ਼ੁਰਗਾਂ ʼਤੇ ਨਿਰਭਰ ਕਰਦਾ ਹੈ ਕਿ ਉਹ ਚਰਚਾ ਦੌਰਾਨ ਕਿਨ੍ਹਾਂ ਗੱਲਾਂ ਉੱਤੇ ਜ਼ੋਰ ਦੇਣਗੇ ਤਾਂਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਯਕੀਨ ਹੋ ਜਾਵੇ ਕਿ ਉਮੀਦਵਾਰ ਇਹ ਵੱਡਾ ਫ਼ੈਸਲਾ ਕਰਨ ਲਈ ਤਿਆਰ ਹੈ ਜਾਂ ਨਹੀਂ। ਕਈ ਸਵਾਲਾਂ ਉੱਤੇ ਜ਼ਿਆਦਾ ਸਮਾਂ ਲਾਇਆ ਜਾ ਸਕਦਾ ਹੈ, ਪਰ ਸਾਰੇ ਸਵਾਲ ਪੁੱਛਣੇ ਜ਼ਰੂਰੀ ਹਨ।
ਦੂਜੇ ਭਾਗ ਤੋਂ ਬਾਅਦ ਬਜ਼ੁਰਗ ਇਕੱਠੇ ਮਿਲ ਕੇ ਫ਼ੈਸਲਾ ਕਰਨਗੇ ਕਿ ਉਮੀਦਵਾਰ ਬਪਤਿਸਮੇ ਲਈ ਤਿਆਰ ਹੈ ਜਾਂ ਨਹੀਂ। ਫ਼ੈਸਲਾ ਕਰਦੇ ਵੇਲੇ ਬਜ਼ੁਰਗ ਉਮੀਦਵਾਰ ਦੇ ਪਿਛੋਕੜ, ਕਾਬਲੀਅਤ ਅਤੇ ਹੋਰ ਹਾਲਾਤਾਂ ਨੂੰ ਵੀ ਧਿਆਨ ਵਿਚ ਰੱਖਣਗੇ। ਬਜ਼ੁਰਗਾਂ ਨੂੰ ਦੇਖਣਾ ਚਾਹੀਦਾ ਹੈ ਕਿ ਉਮੀਦਵਾਰਾਂ ਨੇ ਯਹੋਵਾਹ ਨੂੰ ਦਿਲੋਂ ਅਪਣਾਇਆ ਹੈ ਜਾਂ ਨਹੀਂ ਅਤੇ ਬਾਈਬਲ ਦੀਆਂ ਮੁੱਖ ਸੱਚਾਈਆਂ ਨੂੰ ਸਮਝਦੇ ਹਨ ਜਾਂ ਨਹੀਂ। ਜੇ ਤੁਸੀਂ ਪਿਆਰ ਨਾਲ ਉਨ੍ਹਾਂ ਦੀ ਮਦਦ ਕਰੋਗੇ, ਤਾਂ ਉਹ ਬਪਤਿਸਮਾ ਲੈ ਕੇ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਤਿਆਰ ਹੋਣਗੇ।
ਇਸ ਤੋਂ ਬਾਅਦ ਇਕ ਜਾਂ ਦੋ ਬਜ਼ੁਰਗ ਉਮੀਦਵਾਰ ਨਾਲ ਗੱਲ ਕਰ ਕੇ ਉਸ ਨੂੰ ਦੱਸਣਗੇ ਕਿ ਉਹ ਬਪਤਿਸਮਾ ਲੈ ਸਕਦਾ ਹੈ ਜਾਂ ਨਹੀਂ। ਜੇ ਉਹ ਬਪਤਿਸਮਾ ਲੈ ਸਕਦਾ ਹੈ, ਤਾਂ ਬਜ਼ੁਰਗਾਂ ਨੂੰ ਉਸ ਦੇ ਨਾਲ ਸਫ਼ੇ 51-53 ʼਤੇ ਦਿੱਤੀ “ਬਪਤਿਸਮੇ ਦੇ ਉਮੀਦਵਾਰਾਂ ਨਾਲ ਸਮਾਪਤੀ ਚਰਚਾ” ਉੱਤੇ ਗੌਰ ਕਰਨਾ ਚਾਹੀਦਾ ਹੈ। ਜੇ ਉਮੀਦਵਾਰ ਨੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਸਟੱਡੀ ਪੂਰੀ ਨਹੀਂ ਕੀਤੀ ਹੈ, ਤਾਂ ਬਜ਼ੁਰਗ ਉਸ ਨੂੰ ਹੱਲਾਸ਼ੇਰੀ ਦੇਣ ਕਿ ਬਪਤਿਸਮੇ ਤੋਂ ਬਾਅਦ ਵੀ ਉਹ ਸਟੱਡੀ ਜਾਰੀ ਰੱਖੇ। ਉਮੀਦਵਾਰ ਨੂੰ ਦੱਸੋ ਕਿ ਉਸ ਦੇ ਬਪਤਿਸਮੇ ਦੀ ਤਾਰੀਖ਼ ਮੰਡਲੀ ਦੇ ਪਬਲੀਸ਼ਰ ਕਾਰਡ ਵਿਚ ਲਿਖੀ ਜਾਵੇਗੀ। ਉਸ ਨੂੰ ਯਾਦ ਕਰਾਓ ਕਿ ਬਜ਼ੁਰਗ ਇਹ ਨਿੱਜੀ ਜਾਣਕਾਰੀ ਇਸ ਲਈ ਲੈਂਦੇ ਹਨ ਤਾਂਕਿ ਸੰਗਠਨ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਦੀ ਦੇਖ-ਭਾਲ ਕਰ ਸਕੇ। ਨਾਲੇ ਇਸ ਤਰ੍ਹਾਂ ਉਹ ਮੰਡਲੀ ਦੇ ਪ੍ਰਬੰਧਾਂ ਵਿਚ ਹਿੱਸਾ ਲੈ ਸਕੇਗਾ ਤੇ ਉਸ ਨੂੰ ਬਜ਼ੁਰਗਾਂ ਤੋਂ ਹੌਸਲਾ ਤੇ ਹਿਦਾਇਤਾਂ ਮਿਲ ਸਕਣਗੀਆਂ। ਨਾਲੇ ਬਜ਼ੁਰਗ ਨਵੇਂ ਪਬਲੀਸ਼ਰਾਂ ਨੂੰ ਯਾਦ ਕਰਾ ਸਕਦੇ ਹਨ ਕਿ ਕੋਈ ਵੀ ਨਿੱਜੀ ਜਾਣਕਾਰੀ ਯਹੋਵਾਹ ਦੇ ਗਵਾਹਾਂ ਦੀ ਗਲੋਬਲ ਡਾਟਾ ਪ੍ਰੋਟੈਕਸ਼ਨ ਪਾਲਸੀ ਦੇ ਅਨੁਸਾਰ ਵਰਤੀ ਜਾਂਦੀ ਹੈ। ਇਹ ਚਰਚਾ ਦਸ ਕੁ ਮਿੰਟਾਂ ਵਿਚ ਕੀਤੀ ਜਾਣੀ ਚਾਹੀਦੀ ਹੈ।
ਬਪਤਿਸਮੇ ਤੋਂ ਇਕ ਸਾਲ ਬਾਅਦ ਦੋ ਬਜ਼ੁਰਗਾਂ ਨੂੰ ਬਪਤਿਸਮਾ-ਪ੍ਰਾਪਤ ਪ੍ਰਚਾਰਕ ਨੂੰ ਮਿਲ ਕੇ ਹੌਸਲਾ ਤੇ ਮਦਦ ਲਈ ਸੁਝਾਅ ਦੇਣੇ ਚਾਹੀਦੇ ਹਨ। ਉਨ੍ਹਾਂ ਵਿੱਚੋਂ ਇਕ ਬਜ਼ੁਰਗ ਉਸ ਪ੍ਰਚਾਰਕ ਦਾ ਗਰੁੱਪ ਓਵਰਸੀਅਰ ਹੋਣਾ ਚਾਹੀਦਾ ਹੈ। ਜੇਕਰ ਉਹ ਬੱਚਾ ਹੋਵੇ, ਤਾਂ ਉਸ ਦੇ ਮਸੀਹੀ ਮਾਪੇ ਵੀ ਮੌਜੂਦ ਹੋਣੇ ਚਾਹੀਦੇ ਹਨ। ਇਹ ਮੁਲਾਕਾਤ ਹੌਸਲੇ ਭਰੀ ਹੋਣੀ ਚਾਹੀਦੀ ਹੈ। ਬਜ਼ੁਰਗ ਉਸ ਦੀ ਤਰੱਕੀ ਬਾਰੇ ਦੱਸਣਗੇ ਅਤੇ ਉਸ ਨੂੰ ਲਗਾਤਾਰ ਨਿੱਜੀ ਅਧਿਐਨ ਕਰਨ, ਰੋਜ਼ ਬਾਈਬਲ ਪੜ੍ਹਨ, ਹਰ ਹਫ਼ਤੇ ਪਰਿਵਾਰਕ ਸਟੱਡੀ ਕਰਨ, ਲਗਾਤਾਰ ਸਭਾਵਾਂ ʼਤੇ ਜਾਣ ਅਤੇ ਉਨ੍ਹਾਂ ਵਿਚ ਹਿੱਸਾ ਲੈਣ ਅਤੇ ਹਰ ਹਫ਼ਤੇ ਪ੍ਰਚਾਰ ਕਰਨ ਦੇ ਸੁਝਾਅ ਦੇਣਗੇ। (ਅਫ਼. 5:15, 16) ਜੇਕਰ ਉਸ ਨੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਤੋਂ ਸਟੱਡੀ ਪੂਰੀ ਨਹੀਂ ਕੀਤੀ ਹੈ, ਤਾਂ ਬਜ਼ੁਰਗਾਂ ਨੂੰ ਉਸ ਦੀ ਸਟੱਡੀ ਜਾਰੀ ਰੱਖਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਬਜ਼ੁਰਗਾਂ ਨੂੰ ਦਿਲ ਖੋਲ੍ਹ ਕੇ ਉਸ ਦੀ ਤਾਰੀਫ਼ ਕਰਨੀ ਚਾਹੀਦੀ ਹੈ। ਅਕਸਰ ਇਕ ਜਾਂ ਦੋ ਗੱਲਾਂ ʼਤੇ ਸਲਾਹ ਦੇਣੀ ਕਾਫ਼ੀ ਹੁੰਦੀ ਹੈ।