ਬੁੱਧੀ ਦੇ ਬਚਨਾਂ ਦੀ ਇਕ ਕਿਤਾਬ, ਜਿਸ ਵਿਚ ਸਾਡੇ ਸਮੇਂ ਲਈ ਸੰਦੇਸ਼ ਹੈ
“ਥੈਲੀ ਭਰ ਬੁੱਧੀ ਥੈਲੀ ਭਰ ਮੋਤੀਆਂ ਨਾਲੋਂ ਜ਼ਿਆਦਾ ਕੀਮਤੀ ਹੁੰਦੀ ਹੈ,” ਪ੍ਰਾਚੀਨ ਸਮੇਂ ਦੇ ਇਕ ਵਡੇਰੇ ਅੱਯੂਬ ਨੇ ਇਹ ਗੱਲ ਕਹੀ, ਜੋ ਯਕੀਨਨ ਆਪਣੇ ਸਮੇਂ ਦਾ ਸਭ ਤੋਂ ਅਮੀਰ ਆਦਮੀ ਸੀ। (ਅੱਯੂਬ 1:3; 28:18, ਨਿ ਵ; 42:12) ਸੱਚ-ਮੁੱਚ, ਜਦੋਂ ਜੀਵਨ ਨੂੰ ਸਫ਼ਲ ਬਣਾਉਣ ਦੀ ਗੱਲ ਆਉਂਦੀ ਹੈ, ਤਾਂ ਉਸ ਵੇਲੇ ਬੁੱਧੀ ਧਨ-ਦੌਲਤ ਨਾਲੋਂ ਜ਼ਿਆਦਾ ਕੀਮਤੀ ਹੁੰਦੀ ਹੈ। “ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ,” ਬੁੱਧੀਮਾਨ ਰਾਜਾ ਸੁਲੇਮਾਨ ਨੇ ਕਿਹਾ, “ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।”—ਉਪਦੇਸ਼ਕ ਦੀ ਪੋਥੀ 7:12.
ਪਰ ਅੱਜ ਅਜਿਹੀ ਬੁੱਧੀ ਕਿੱਥੋਂ ਪ੍ਰਾਪਤ ਹੋ ਸਕਦੀ ਹੈ? ਲੋਕ ਸਲਾਹ ਦੇਣ ਵਾਲੇ ਕਾਲਮਨਵੀਸਾਂ, ਮਨੋਵਿਗਿਆਨੀਆਂ, ਮਨੋ-ਚਿਕਿਤਸਕਾਂ, ਅਤੇ ਇੱਥੋਂ ਤਕ ਕਿ ਨਾਈਆਂ ਅਤੇ ਟੈਕਸੀ ਡ੍ਰਾਈਵਰਾਂ ਕੋਲ ਆਪਣੀਆਂ ਨਿੱਜੀ ਸਮੱਸਿਆਵਾਂ ਲੈ ਕੇ ਜਾਂਦੇ ਹਨ। ਅਤੇ ਅਣਗਿਣਤ ਮਾਹਰ ਚੰਗੀ-ਖ਼ਾਸੀ ਫ਼ੀਸ ਲੈ ਕੇ ਕਿਸੇ ਵੀ ਮਾਮਲੇ ਤੇ ਸਲਾਹ ਦੇਣ ਲਈ ਤਿਆਰ ਹਨ। ਪਰ ਅਕਸਰ “ਬੁੱਧੀ” ਦੀਆਂ ਅਜਿਹੀਆਂ ਸਲਾਹਾਂ ਮਹਿਜ਼ ਨਾਕਾਮ, ਅਤੇ ਸ਼ਾਇਦ ਹਾਨੀਕਾਰਕ ਵੀ ਸਿੱਧ ਹੋਈਆਂ ਹਨ। ਫਿਰ, ਅਸੀਂ ਸਹੀ ਬੁੱਧੀ ਕਿਵੇਂ ਲੱਭ ਸਕਦੇ ਹਾਂ?
ਯਿਸੂ ਮਸੀਹ, ਜੋ ਮਨੁੱਖੀ ਮਾਮਲਿਆਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ, ਨੇ ਇਕ ਵਾਰ ਕਿਹਾ: ‘ਗਿਆਨ ਆਪਣੇ ਕਰਮਾਂ ਤੋਂ ਸੱਚਾ ਠਹਿਰਦਾ ਹੈ।’ (ਮੱਤੀ 11:19) ਆਓ ਅਸੀਂ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਪੈਦਾ ਹੋਣ ਵਾਲੀਆਂ ਕੁਝ ਆਮ ਸਮੱਸਿਆਵਾਂ ਉੱਤੇ ਨਜ਼ਰ ਮਾਰੀਏ ਅਤੇ ਦੇਖੀਏ ਕਿ ਬੁੱਧੀ ਦੇ ਕਿਹੜੇ ਬਚਨਾਂ ਨੇ ਸੱਚ-ਮੁੱਚ ਉਨ੍ਹਾਂ ਦੀ ਮਦਦ ਕੀਤੀ ਹੈ ਅਤੇ ਇਹ ਉਨ੍ਹਾਂ ਲਈ “ਥੈਲੀ ਭਰ ਮੋਤੀਆਂ” ਨਾਲੋਂ ਜ਼ਿਆਦਾ ਕੀਮਤੀ ਸਾਬਤ ਹੋਏ ਹਨ। ਤੁਸੀਂ ਵੀ ਇਸ “ਥੈਲੀ ਭਰ ਬੁੱਧੀ” ਨੂੰ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਤੋਂ ਲਾਭ ਪ੍ਰਾਪਤ ਕਰ ਸਕਦੇ ਹੋ।
ਕੀ ਤੁਸੀਂ ਡਿਪਰੈਸ਼ਨ ਨਾਲ ਪੀੜਿਤ ਹੋ?
ਲੰਡਨ ਦੀ ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਕਹਿੰਦੀ ਹੈ: “ਜੇਕਰ 20ਵੀਂ ਸਦੀ ਦੇ ਆਰੰਭ ਨਾਲ ਚਿੰਤਾ ਦੇ ਯੁਗ ਦੀ ਸ਼ੁਰੂਆਤ ਹੋਈ ਸੀ, ਤਾਂ ਇਸ ਸਦੀ ਦੇ ਅੰਤ ਦੇ ਨਾਲ-ਨਾਲ ਨਿਰਾਸ਼ਾ ਦੇ ਯੁਗ ਦੀ ਵੀ ਸ਼ੁਰੂਆਤ ਹੋ ਰਹੀ ਹੈ।” ਇਹ ਅੱਗੇ ਕਹਿੰਦੀ ਹੈ ਕਿ “ਡੂੰਘੇ ਡਿਪਰੈਸ਼ਨ ਤੇ ਕੀਤੇ ਗਏ ਪਹਿਲੇ ਅੰਤਰ-ਰਾਸ਼ਟਰੀ ਅਧਿਐਨ ਨੇ ਦਿਖਾਇਆ ਹੈ ਕਿ ਸੰਸਾਰ ਭਰ ਵਿਚ ਇਸ ਬੀਮਾਰੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਈਵਾਨ, ਲੇਬਨਾਨ, ਅਤੇ ਨਿਊਜ਼ੀਲੈਂਡ ਵਰਗੇ ਵੱਖੋ-ਵੱਖਰੇ ਦੇਸ਼ਾਂ ਵਿਚ, ਹਰ ਨਵੀਂ ਪੀੜ੍ਹੀ ਇਸ ਬੀਮਾਰੀ ਦੀ ਜ਼ਿਆਦਾ ਸ਼ਿਕਾਰ ਹੋ ਰਹੀ ਹੈ।” ਇਹ ਕਿਹਾ ਜਾਂਦਾ ਹੈ ਕਿ ਜਿਹੜੇ ਲੋਕ 1955 ਤੋਂ ਬਾਅਦ ਪੈਦਾ ਹੋਏ, ਉਨ੍ਹਾਂ ਦੀ ਡੂੰਘੇ ਡਿਪਰੈਸ਼ਨ ਦੇ ਸ਼ਿਕਾਰ ਹੋਣ ਦੀ ਸੰਭਾਵਨਾ ਆਪਣੇ ਦਾਦਿਆਂ-ਪੜਦਾਦਿਆਂ ਨਾਲੋਂ ਤਿੰਨ ਗੁਣਾ ਜ਼ਿਆਦਾ ਹੈ।
ਟੋਮੋਏ ਨਾਲ ਇਸੇ ਤਰ੍ਹਾਂ ਹੋਇਆ ਸੀ। ਉਹ ਡੂੰਘੇ ਡਿਪਰੈਸ਼ਨ ਨਾਲ ਪੀੜਿਤ ਸੀ ਅਤੇ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਸੀ। ਆਪਣੇ ਦੋ ਸਾਲ ਦੇ ਮੁੰਡੇ ਦੀ ਦੇਖ-ਭਾਲ ਨਾ ਕਰ ਸਕਣ ਕਰਕੇ, ਉਹ ਆਪਣੇ ਮਾਪਿਆਂ ਕੋਲ ਚੱਲੀ ਗਈ। ਇਕ ਗੁਆਂਢਣ, ਜਿਸ ਦੀ ਕੁੜੀ ਵੀ ਟੋਮੋਏ ਦੇ ਮੁੰਡੇ ਦੀ ਉਮਰ ਦੀ ਸੀ, ਜਲਦੀ ਹੀ ਟੋਮੋਏ ਦੀ ਸਹੇਲੀ ਬਣ ਗਈ। ਜਦੋਂ ਟੋਮੋਏ ਨੇ ਗੁਆਂਢਣ ਨੂੰ ਦੱਸਿਆ ਕਿ ਉਹ ਆਪਣੇ ਆਪ ਨੂੰ ਕਿੰਨੀ ਨਿਕੰਮੀ ਮਹਿਸੂਸ ਕਰਦੀ ਸੀ, ਤਾਂ ਗੁਆਂਢਣ ਨੇ ਉਸ ਨੂੰ ਇਕ ਕਿਤਾਬ ਵਿੱਚੋਂ ਇਕ ਬਚਨ ਦਿਖਾਇਆ। ਇਸ ਵਿਚ ਲਿਖਿਆ ਸੀ: “ਅੱਖ ਹੱਥ ਨੂੰ ਨਹੀਂ ਆਖ ਸੱਕਦੀ ਭਈ ਮੈਨੂੰ ਤੇਰੀ ਕੋਈ ਲੋੜ ਨਹੀਂ, ਨਾ ਸਿਰ ਪੈਰਾਂ ਨੂੰ ਭਈ ਮੈਨੂੰ ਤੁਹਾਡੀ ਕੋਈ ਲੋੜ ਨਹੀਂ। ਪਰ ਸਰੀਰ ਦੇ ਜਿਹੜੇ ਅੰਗ ਹੋਰਨਾਂ ਨਾਲੋਂ ਨਿਰਬਲ ਦਿੱਸਦੇ ਹਨ ਓਹੋ ਅੱਤ ਲੋੜੀਦੇ ਹਨ।”a ਟੋਮੋਏ ਦੀਆਂ ਅੱਖਾਂ ਉਦੋਂ ਅੰਝੂਆਂ ਨਾਲ ਭਰ ਗਈਆਂ ਜਦੋਂ ਉਸ ਨੂੰ ਇਹ ਅਹਿਸਾਸ ਹੋਇਆ ਕਿ ਇਸ ਸੰਸਾਰ ਵਿਚ ਹਰ ਇਨਸਾਨ ਦੀ ਆਪਣੀ ਇਕ ਥਾਂ ਹੈ ਅਤੇ ਉਸ ਦੀ ਜ਼ਰੂਰਤ ਹੈ।
ਗੁਆਂਢਣ ਨੇ ਟੋਮੋਏ ਨੂੰ ਸਲਾਹ ਦਿੱਤੀ ਕਿ ਉਹ ਉਸ ਕਿਤਾਬ ਦੀ ਜਾਂਚ ਕਰੇ ਜਿਸ ਵਿਚ ਇਹ ਸ਼ਬਦ ਲਿਖੇ ਹੋਏ ਸਨ। ਟੋਮੋਏ ਨੇ ਹਾਂ ਵਿਚ ਸਿਰ ਹਿਲਾਇਆ, ਭਾਵੇਂ ਕਿ ਉਹ ਉਸ ਸਮੇਂ ਤਕ ਕੋਈ ਕੰਮ ਵੀ ਨਹੀਂ ਕਰ ਪਾਉਂਦੀ ਸੀ, ਇੱਥੋਂ ਤਕ ਕਿ ਉਹ ਇਕ ਛੋਟਾ ਜਿਹਾ ਵਾਅਦਾ ਕਰਨ ਲਈ ਵੀ ਤਿਆਰ ਨਹੀਂ ਸੀ। ਗੁਆਂਢਣ ਨੇ ਖ਼ਰੀਦਾਰੀ ਕਰਨ ਵਿਚ ਟੋਮੋਏ ਦੀ ਮਦਦ ਕੀਤੀ, ਅਤੇ ਉਹ ਦੋਵੇਂ ਹਰ ਦਿਨ ਮਿਲ ਕੇ ਖਾਣਾ ਬਣਾਉਂਦੀਆਂ ਸਨ। ਇਕ ਮਹੀਨੇ ਬਾਅਦ, ਟੋਮੋਏ ਹਰ ਦਿਨ ਸਵੇਰ ਨੂੰ ਉੱਠ ਕੇ ਆਮ ਸੁਆਣੀ ਵਾਂਗ ਕੱਪੜੇ ਧੋ ਰਹੀ ਸੀ, ਘਰ ਦੀ ਸਫ਼ਾਈ ਕਰ ਰਹੀ ਸੀ, ਖ਼ਰੀਦਾਰੀ ਕਰ ਰਹੀ ਸੀ, ਅਤੇ ਰਾਤ ਦਾ ਖਾਣਾ ਬਣਾ ਰਹੀ ਸੀ। ਬੇਸ਼ੱਕ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ, ਪਰ ਉਸ ਨੇ ਕਿਹਾ: “ਮੈਨੂੰ ਯਕੀਨ ਸੀ ਕਿ ਜੇ ਸਿਰਫ਼ ਮੈਂ ਬੁੱਧੀ ਦੇ ਇਨ੍ਹਾਂ ਬਚਨਾਂ ਤੇ ਹੀ ਚੱਲਾਂ, ਤਾਂ ਸਭ ਕੁਝ ਠੀਕ ਹੋ ਜਾਵੇਗਾ।”
ਟੋਮੋਏ ਨੂੰ ਜਿਹੜੀ ਬੁੱਧੀ ਮਿਲੀ, ਉਹ ਉਸ ਦੇ ਅਨੁਸਾਰ ਚੱਲਣ ਨਾਲ ਆਪਣੇ ਡਿਪਰੈਸ਼ਨ ਦੇ ਨਿਰਾਸ਼ਾ ਭਰੇ ਦਿਨਾਂ ਵਿੱਚੋਂ ਬਾਹਰ ਨਿਕਲ ਆਈ। ਹੁਣ ਟੋਮੋਏ ਪੂਰਾ ਸਮਾਂ ਦੂਸਰਿਆਂ ਦੀ ਮਦਦ ਕਰਦੀ ਹੈ ਤਾਂਕਿ ਉਹ ਵੀ ਉਨ੍ਹਾਂ ਬਚਨਾਂ ਨੂੰ ਲਾਗੂ ਕਰ ਸਕਣ, ਜਿਨ੍ਹਾਂ ਨੇ ਸਮੱਸਿਆਵਾਂ ਨਾਲ ਨਿਭਣ ਵਿਚ ਉਸ ਦੀ ਮਦਦ ਕੀਤੀ ਸੀ। ਬੁੱਧੀ ਦੇ ਇਹ ਬਚਨ ਉਸ ਪ੍ਰਾਚੀਨ ਕਿਤਾਬ ਵਿਚ ਪਾਏ ਜਾਂਦੇ ਹਨ ਜਿਸ ਵਿਚ ਅੱਜ ਦੇ ਸਾਰੇ ਲੋਕਾਂ ਲਈ ਇਕ ਸੰਦੇਸ਼ ਹੈ।
ਕੀ ਤੁਸੀਂ ਘਰੇਲੂ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹੋ?
ਪੂਰੀ ਦੁਨੀਆਂ ਵਿਚ ਤਲਾਕ ਦੀ ਦਰ ਵਧਦੀ ਜਾ ਰਹੀ ਹੈ। ਪੂਰਬੀ ਦੇਸ਼ਾਂ ਵਿਚ ਵੀ, ਜਿੱਥੇ ਲੋਕਾਂ ਨੂੰ ਕਦੇ ਆਪਣੇ ਮਜ਼ਬੂਤ ਪਰਿਵਾਰਾਂ ਉੱਤੇ ਮਾਣ ਸੀ, ਘਰੇਲੂ ਸਮੱਸਿਆਵਾਂ ਵੱਧ ਰਹੀਆਂ ਹਨ। ਅਸੀਂ ਵਿਆਹੁਤਾ ਜੀਵਨ ਸੰਬੰਧੀ ਬੁੱਧੀਮਤਾ ਵਾਲੀ ਅਤੇ ਵਿਵਹਾਰਕ ਸਲਾਹ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ?
ਸ਼ੂਗੋ ਅਤੇ ਮੀਹੋਕੋ ਨਾਮਕ ਵਿਆਹੁਤਾ ਜੋੜੇ ਉੱਤੇ ਗੌਰ ਕਰੋ। ਉਨ੍ਹਾਂ ਦੋਵਾਂ ਨੂੰ ਵਿਆਹੁਤਾ ਜੀਵਨ ਸੰਬੰਧੀ ਬਹੁਤ ਸਾਰੀਆਂ ਸਮੱਸਿਆਵਾਂ ਸਨ। ਉਹ ਹਰ ਛੋਟੀ-ਛੋਟੀ ਗੱਲ ਉੱਤੇ ਲੜ ਪੈਂਦੇ ਸਨ। ਸ਼ੂਗੋ ਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਸੀ ਅਤੇ ਜਦੋਂ ਵੀ ਉਹ ਮੀਹੋਕੋ ਉੱਤੇ ਕੋਈ ਦੋਸ਼ ਲਾਉਂਦਾ ਸੀ, ਤਾਂ ਮੀਹੋਕੋ ਵੀ ਇੱਟ ਦਾ ਜਵਾਬ ਪੱਥਰ ਨਾਲ ਦਿੰਦੀ ਸੀ। ਮੀਹੋਕੋ ਸੋਚਦੀ ਸੀ, ‘ਸਾਡੇ ਲਈ ਕਿਸੇ ਵੀ ਗੱਲ ਤੇ ਸਹਿਮਤ ਹੋਣਾ ਨਾਮੁਮਕਿਨ ਹੈ।’
ਇਕ ਦਿਨ ਇਕ ਔਰਤ ਮੀਹੋਕੋ ਕੋਲ ਆਈ ਅਤੇ ਉਸ ਨੇ ਮੀਹੋਕੋ ਨੂੰ ਇਕ ਕਿਤਾਬ ਵਿੱਚੋਂ ਇਹ ਸ਼ਬਦ ਪੜ੍ਹ ਕੇ ਸੁਣਾਏ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ ਕਿਉਂ ਜੋ ਤੁਰੇਤ ਅਤੇ ਨਬੀਆਂ ਦਾ ਇਹੋ ਮਤਲਬ ਹੈ।”b ਭਾਵੇਂ ਕਿ ਮੀਹੋਕੋ ਨੂੰ ਧਰਮ ਵਿਚ ਕੋਈ ਦਿਲਚਸਪੀ ਨਹੀਂ ਸੀ, ਪਰ ਉਹ ਉਸ ਕਿਤਾਬ ਦਾ ਅਧਿਐਨ ਕਰਨ ਲਈ ਤਿਆਰ ਹੋ ਗਈ ਜਿਸ ਵਿਚ ਇਹ ਸ਼ਬਦ ਲਿਖੇ ਹੋਏ ਸਨ। ਉਹ ਆਪਣੇ ਪਰਿਵਾਰਕ ਜੀਵਨ ਨੂੰ ਸੁਧਾਰਨਾ ਚਾਹੁੰਦੀ ਸੀ। ਇਸ ਲਈ ਜਦੋਂ ਉਸ ਨੂੰ ਇਕ ਸਭਾ ਵਿਚ ਆਉਣ ਲਈ ਸੱਦਾ ਦਿੱਤਾ ਗਿਆ ਜਿਸ ਵਿਚ ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ ਨਾਮਕ ਕਿਤਾਬ ਦੀ ਚਰਚਾ ਕੀਤੀ ਜਾ ਰਹੀ ਸੀ, ਤਾਂ ਮੀਹੋਕੋ—ਅਤੇ ਉਸ ਦੇ ਪਤੀ—ਨੇ ਖ਼ੁਸ਼ੀ-ਖ਼ੁਸ਼ੀ ਸੱਦਾ ਸਵੀਕਾਰ ਕਰ ਲਿਆ।c
ਸਭਾ ਵਿਚ, ਸ਼ੂਗੋ ਨੇ ਦੇਖਿਆ ਕਿ ਉੱਥੇ ਹਾਜ਼ਰ ਹੋਏ ਲੋਕ ਜੋ ਗੱਲਾਂ ਸਿੱਖ ਰਹੇ ਸਨ, ਉਹ ਉਨ੍ਹਾਂ ਨੂੰ ਸੱਚ-ਮੁੱਚ ਲਾਗੂ ਕਰ ਰਹੇ ਸਨ, ਅਤੇ ਉਹ ਖ਼ੁਸ਼ ਨਜ਼ਰ ਆ ਰਹੇ ਸਨ। ਉਸ ਨੇ ਵੀ ਉਹ ਕਿਤਾਬ ਪੜ੍ਹਨ ਦਾ ਫ਼ੈਸਲਾ ਕੀਤਾ ਜਿਸ ਵਿੱਚੋਂ ਉਸ ਦੀ ਪਤਨੀ ਅਧਿਐਨ ਕਰ ਰਹੀ ਸੀ। ਇਕ ਕਥਨ ਨੇ ਛੇਤੀ ਹੀ ਉਸ ਦਾ ਧਿਆਨ ਖਿੱਚ ਲਿਆ: “ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਤੱਤੀ ਤਬੀਅਤ ਵਾਲਾ ਮੂਰਖਤਾਈ ਨੂੰ ਉੱਚਾ ਕਰਦਾ ਹੈ।”d ਭਾਵੇਂ ਉਸ ਨੂੰ ਆਪਣੇ ਜੀਵਨ ਵਿਚ ਇਸ ਸਿਧਾਂਤ ਨੂੰ ਲਾਗੂ ਕਰਨ ਲਈ ਬਹੁਤ ਸਮਾਂ ਲੱਗਾ, ਪਰ ਹੌਲੀ-ਹੌਲੀ ਉਸ ਵਿਚ ਆ ਰਹੀ ਤਬਦੀਲੀ ਨੂੰ ਸਾਰੇ ਲੋਕਾਂ ਨੇ ਅਤੇ ਉਸ ਦੀ ਪਤਨੀ ਨੇ ਵੀ ਦੇਖਿਆ।
ਆਪਣੇ ਪਤੀ ਵਿਚ ਆਈਆਂ ਤਬਦੀਲੀਆਂ ਨੂੰ ਦੇਖ ਕੇ, ਮੀਹੋਕੋ ਨੇ ਵੀ ਉਹ ਸਭ ਕੁਝ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਜੋ ਉਹ ਸਿੱਖ ਰਹੀ ਸੀ। ਇਕ ਸਿਧਾਂਤ ਜਿਸ ਨੇ ਉਸ ਦੀ ਖ਼ਾਸ ਤੌਰ ਤੇ ਮਦਦ ਕੀਤੀ, ਉਹ ਇਹ ਸੀ: “ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਏ। ਕਿਉਂਕਿ ਜਿਸ ਨਿਆਉਂ ਨਾਲ ਤੁਸੀਂ ਦੋਸ਼ ਲਾਉਂਦੇ ਹੋ ਉਸੇ ਨਾਲ ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ।”e ਇਸ ਲਈ ਮੀਹੋਕੋ ਅਤੇ ਉਸ ਦੇ ਪਤੀ ਨੇ ਫ਼ੈਸਲਾ ਕੀਤਾ ਕਿ ਉਹ ਇਕ ਦੂਸਰੇ ਦੇ ਚੰਗੇ ਗੁਣਾਂ ਬਾਰੇ ਗੱਲ ਕਰਨਗੇ। ਉਹ ਇਸ ਬਾਰੇ ਵੀ ਗੱਲ ਕਰਨਗੇ ਕਿ ਇਕ ਦੂਸਰੇ ਉੱਤੇ ਦੋਸ਼ ਲਾਉਣ ਦੀ ਬਜਾਇ ਉਹ ਆਪਣੇ ਆਪ ਨੂੰ ਕਿਵੇਂ ਸੁਧਾਰ ਸਕਦੇ ਸਨ। ਨਤੀਜਾ ਕੀ ਨਿਕਲਿਆ? ਮੀਹੋਕੋ ਯਾਦ ਕਰਦੀ ਹੈ: “ਇਸ ਨਾਲ ਮੈਨੂੰ ਸੱਚ-ਮੁੱਚ ਬਹੁਤ ਖ਼ੁਸ਼ੀ ਹੋਈ ਹੈ। ਅਸੀਂ ਹਰ ਰੋਜ਼ ਰਾਤ ਦਾ ਖਾਣਾ ਖਾਣ ਵੇਲੇ ਇਸ ਤਰ੍ਹਾਂ ਕਰਦੇ ਹਾਂ। ਸਾਡਾ ਤਿੰਨ ਸਾਲ ਦਾ ਬੱਚਾ ਵੀ ਸਾਡੀ ਗੱਲ-ਬਾਤ ਵਿਚ ਹਿੱਸਾ ਲੈਂਦਾ ਹੈ। ਸੱਚ-ਮੁੱਚ ਇਸ ਤੋਂ ਸਾਨੂੰ ਉਤਸ਼ਾਹ ਮਿਲਿਆ ਹੈ!”
ਜਦੋਂ ਇਸ ਪਰਿਵਾਰ ਨੇ ਮਿਲੀ ਵਿਵਹਾਰਕ ਸਲਾਹ ਉੱਤੇ ਚੱਲਣਾ ਸ਼ੁਰੂ ਕੀਤਾ, ਤਾਂ ਉਹ ਉਨ੍ਹਾਂ ਸਮੱਸਿਆਵਾਂ ਨੂੰ ਦੂਰ ਕਰ ਸਕੇ ਜਿਨ੍ਹਾਂ ਕਾਰਨ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਤਲਾਕ ਦੀ ਨੌਬਤ ਤਕ ਪਹੁੰਚ ਗਈ ਸੀ। ਕੀ ਉਨ੍ਹਾਂ ਲਈ ਇਹ ਸਲਾਹ ਥੈਲੀ ਭਰ ਮੋਤੀਆਂ ਨਾਲੋਂ ਜ਼ਿਆਦਾ ਕੀਮਤੀ ਸਾਬਤ ਨਹੀਂ ਹੋਈ?
ਕੀ ਤੁਸੀਂ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਉਣਾ ਚਾਹੁੰਦੇ ਹੋ?
ਜ਼ਿੰਦਗੀ ਵਿਚ ਧਨ-ਦੌਲਤ ਇਕੱਠੀ ਕਰਨੀ ਅੱਜ ਬਹੁਤ ਸਾਰੇ ਲੋਕਾਂ ਦਾ ਟੀਚਾ ਹੈ। ਪਰ, ਸੰਯੁਕਤ ਰਾਜ ਅਮਰੀਕਾ ਵਿਚ ਇਕ ਅਮੀਰ ਵਪਾਰੀ, ਜਿਸ ਨੇ ਖ਼ੈਰਾਤੀ ਸੰਸਥਾਵਾਂ ਨੂੰ ਕਰੋੜਾਂ ਡਾਲਰ ਦਾਨ ਕੀਤੇ, ਨੇ ਇਕ ਵਾਰ ਕਿਹਾ: “ਪੈਸਾ ਕੁਝ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ, ਪਰ ਕੋਈ ਵੀ ਇਨਸਾਨ ਇੱਕੋ ਸਮੇਂ ਜੁੱਤੀਆਂ ਦੇ ਦੋ ਜੋੜੇ ਨਹੀਂ ਪਾ ਸਕਦਾ।” ਪਰ, ਫਿਰ ਵੀ ਬਹੁਤ ਥੋੜ੍ਹੇ ਲੋਕ ਇਸ ਸੱਚਾਈ ਨੂੰ ਸਵੀਕਾਰ ਕਰਦੇ ਹਨ ਅਤੇ ਜ਼ਿਆਦਾਤਰ ਲੋਕ ਧਨ-ਦੌਲਤ ਦੇ ਪਿੱਛੇ ਦੌੜਦੇ ਰਹਿੰਦੇ ਹਨ।
ਹੀਤੋਸ਼ੀ ਗ਼ਰੀਬ ਪਰਿਵਾਰ ਵਿਚ ਪਲਿਆ ਸੀ, ਇਸ ਲਈ ਉਸ ਦੀ ਬਹੁਤ ਹੀ ਜ਼ਿਆਦਾ ਇੱਛਾ ਸੀ ਕਿ ਉਹ ਅਮੀਰ ਬਣੇ। ਇਹ ਦੇਖਣ ਤੋਂ ਬਾਅਦ ਕਿ ਲੈਣਦਾਰ ਕਿਵੇਂ ਲੋਕਾਂ ਨੂੰ ਆਪਣੀਆਂ ਉਂਗਲੀਆਂ ਤੇ ਨਚਾਉਂਦੇ ਹਨ, ਉਹ ਇਸ ਸਿੱਟੇ ਤੇ ਪਹੁੰਚਿਆ: “ਉਹੀ ਇਨਸਾਨ ਜ਼ਿੰਦਗੀ ਵਿਚ ਕਾਮਯਾਬ ਹੁੰਦਾ ਹੈ ਜੋ ਜ਼ਿਆਦਾ ਪੈਸਾ ਕਮਾਉਂਦਾ ਹੈ।” ਹੀਤੋਸ਼ੀ ਪੈਸੇ ਦੀ ਤਾਕਤ ਵਿਚ ਇੰਨਾ ਵਿਸ਼ਵਾਸ ਕਰਦਾ ਸੀ ਕਿ ਉਸ ਨੇ ਸੋਚਿਆ ਕਿ ਇਸ ਨਾਲ ਇਨਸਾਨ ਦੀ ਜ਼ਿੰਦਗੀ ਨੂੰ ਵੀ ਖ਼ਰੀਦਿਆ ਜਾ ਸਕਦਾ ਹੈ। ਧਨ-ਦੌਲਤ ਇਕੱਠੀ ਕਰਨ ਲਈ ਉਹ ਆਪਣੇ ਨਲਸਾਜ਼ੀ ਦੇ ਕੰਮ ਵਿਚ ਪੂਰੀ ਤਰ੍ਹਾਂ ਰੁੱਝ ਗਿਆ। ਉਹ ਸਾਲ ਭਰ ਕੰਮ ਕਰਦਾ ਰਿਹਾ ਅਤੇ ਉਸ ਨੇ ਇਕ ਦਿਨ ਵੀ ਛੁੱਟੀ ਨਹੀਂ ਲਈ। ਪਰ ਉਸ ਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਭਾਵੇਂ ਉਹ ਜਿੰਨੀ ਮਰਜ਼ੀ ਮਿਹਨਤ ਕਰੇ, ਉਹ ਇਕ ਛੋਟਾ ਠੇਕੇਦਾਰ ਹੋਣ ਕਰਕੇ ਕਦੀ ਵੀ ਉਨ੍ਹਾਂ ਠੇਕੇਦਾਰਾਂ ਜਿੰਨਾ ਤਾਕਤਵਰ ਨਹੀਂ ਬਣ ਸਕਦਾ ਸੀ ਜੋ ਉਸ ਨੂੰ ਕੰਮ ਦਿੰਦੇ ਸਨ। ਦਿਵਾਲਾ ਨਿਕਲਣ ਦਾ ਡਰ ਅਤੇ ਨਿਰਾਸ਼ਾ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਸਨ।
ਫਿਰ ਇਕ ਆਦਮੀ ਹੀਤੋਸ਼ੀ ਦੇ ਦਰਵਾਜ਼ੇ ਤੇ ਆਇਆ ਅਤੇ ਉਸ ਨੂੰ ਪੁੱਛਿਆ ਕਿ ਕੀ ਉਹ ਜਾਣਦਾ ਸੀ ਕਿ ਯਿਸੂ ਉਸ ਲਈ ਮਰਿਆ। ਕਿਉਂਕਿ ਹੀਤੋਸ਼ੀ ਮਹਿਸੂਸ ਕਰਦਾ ਸੀ ਕਿ ਕੋਈ ਵੀ ਵਿਅਕਤੀ ਉਸ ਵਰਗੇ ਇਨਸਾਨ ਲਈ ਆਪਣੀ ਜਾਨ ਨਹੀਂ ਦੇਵੇਗਾ, ਉਹ ਬਹੁਤ ਉਤਸੁਕ ਹੋਇਆ ਅਤੇ ਹੋਰ ਚਰਚਾ ਕਰਨ ਲਈ ਸਹਿਮਤ ਹੋ ਗਿਆ। ਅਗਲੇ ਹਫ਼ਤੇ, ਉਸ ਨੇ ਇਕ ਭਾਸ਼ਣ ਸੁਣਿਆ ਅਤੇ ‘ਆਪਣੀ ਅੱਖ ਨੂੰ ਨਿਰਮਲ ਰੱਖਣ’ ਦੇ ਉਪਦੇਸ਼ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ। ਭਾਸ਼ਣਕਾਰ ਨੇ ਸਮਝਾਇਆ ਕਿ “ਨਿਰਮਲ” ਅੱਖ ਉਹ ਹੁੰਦੀ ਹੈ ਜੋ ਦੂਰਦਰਸ਼ੀ ਹੁੰਦੀ ਹੈ ਅਤੇ ਅਧਿਆਤਮਿਕ ਗੱਲਾਂ ਉੱਤੇ ਲੱਗੀ ਰਹਿੰਦੀ ਹੈ; ਦੂਸਰੇ ਪਾਸੇ, ਇਕ “ਬੁਰੀ” ਜਾਂ ਈਰਖਾਲੂ ਅੱਖ ਦੂਰ ਭਵਿੱਖ ਵੱਲ ਦੇਖਣ ਦੀ ਬਜਾਇ ਮੌਜੂਦਾ ਸਰੀਰਕ ਇੱਛਾਵਾਂ ਉੱਤੇ ਕੇਂਦ੍ਰਿਤ ਹੁੰਦੀ ਹੈ। “ਜਿੱਥੇ ਤੇਰਾ ਧਨ ਹੈ ਉੱਥੇ ਤੇਰਾ ਮਨ ਵੀ ਹੋਵੇਗਾ,” ਇਸ ਸਲਾਹ ਦਾ ਉਸ ਉੱਤੇ ਗਹਿਰਾ ਅਸਰ ਪਿਆ।f ਧਨ-ਦੌਲਤ ਇਕੱਠਾ ਕਰਨ ਨਾਲੋਂ ਵੀ ਜ਼ਿਆਦਾ ਮਹੱਤਵਪੂਰਣ ਕੋਈ ਚੀਜ਼ ਹੈ! ਉਸ ਨੇ ਕਦੀ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਸੁਣੀ ਸੀ।
ਉਹ ਬਹੁਤ ਪ੍ਰਭਾਵਿਤ ਹੋਇਆ ਅਤੇ ਉਹ ਜਿਹੜੀਆਂ ਗੱਲਾਂ ਸਿੱਖ ਰਿਹਾ ਸੀ, ਉਸ ਨੇ ਇਨ੍ਹਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਪੈਸੇ ਦੀ ਗ਼ੁਲਾਮੀ ਕਰਨ ਦੀ ਬਜਾਇ, ਉਸ ਨੇ ਆਪਣੇ ਜੀਵਨ ਵਿਚ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੇ ਪਰਿਵਾਰ ਦੀ ਅਧਿਆਤਮਿਕ ਭਲਾਈ ਲਈ ਵੀ ਸਮਾਂ ਕੱਢਿਆ। ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣੇ ਕੰਮ ਲਈ ਪਹਿਲਾਂ ਨਾਲੋਂ ਘੱਟ ਸਮਾਂ ਮਿਲਦਾ ਸੀ, ਪਰ ਫਿਰ ਵੀ ਉਸ ਦਾ ਕਾਰੋਬਾਰ ਵਧਿਆ-ਫੁੱਲਿਆ। ਕਿਉਂ?
ਜਦੋਂ ਉਸ ਨੇ ਮਿਲੀ ਸਲਾਹ ਨੂੰ ਲਾਗੂ ਕੀਤਾ, ਤਾਂ ਉਸ ਦਾ ਝਗੜਾਲੂ ਸੁਭਾਅ ਨਰਮ ਅਤੇ ਦੋਸਤਾਨਾ ਹੋ ਗਿਆ। ਉਹ ਇਸ ਉਪਦੇਸ਼ ਤੋਂ ਖ਼ਾਸ ਕਰਕੇ ਪ੍ਰਭਾਵਿਤ ਹੋਇਆ: “ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਅਰਥਾਤ ਕੋਪ, ਕ੍ਰੋਧ, ਬਦੀ, ਦੁਰਬਚਨ, ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। ਇੱਕ ਦੂਏ ਨਾਲ ਝੂਠ ਨਾ ਮਾਰੋ ਕਿਉਂ ਜੋ ਤੁਸਾਂ ਪੁਰਾਣੀ ਇਨਸਾਨੀਅਤ ਨੂੰ ਉਹ ਦੀਆਂ ਕਰਨੀਆਂ ਸਣੇ ਲਾਹ ਸੁੱਟਿਆ। ਅਤੇ ਨਵੀਂ ਨੂੰ ਪਹਿਨ ਲਿਆ ਜੋ ਪੂਰਨ ਗਿਆਨ ਲਈ ਆਪਣੇ ਕਰਤਾਰ ਦੇ ਸਰੂਪ ਦੇ ਉੱਤੇ ਨਵੀਂ ਬਣਦੀ ਜਾਂਦੀ ਹੈ।”g ਇਸ ਸਲਾਹ ਉੱਤੇ ਚੱਲਣ ਨਾਲ ਭਾਵੇਂ ਉਹ ਅਮੀਰ ਤਾਂ ਨਹੀਂ ਬਣਿਆ, ਪਰ ਉਸ ਦੀ ‘ਨਵੀਂ ਇਨਸਾਨੀਅਤ’ ਜਾਂ ਸੁਭਾਅ ਦਾ ਉਸ ਦੇ ਗਾਹਕਾਂ ਉੱਤੇ ਚੰਗਾ ਪ੍ਰਭਾਵ ਪਿਆ ਅਤੇ ਇਸ ਨੇ ਉਨ੍ਹਾਂ ਦੇ ਇਤਬਾਰ ਤੇ ਵਿਸ਼ਵਾਸ ਨੂੰ ਜਿੱਤ ਲਿਆ। ਜੀ ਹਾਂ, ਬੁੱਧੀ ਦੇ ਜਿਹੜੇ ਬਚਨ ਉਸ ਨੂੰ ਮਿਲੇ ਸਨ, ਉਨ੍ਹਾਂ ਨੇ ਜ਼ਿੰਦਗੀ ਵਿਚ ਕਾਮਯਾਬ ਹੋਣ ਵਿਚ ਉਸ ਦੀ ਮਦਦ ਕੀਤੀ। ਉਸ ਲਈ, ਇਹ ਬਚਨ ਅਸਲ ਵਿਚ ਥੈਲੀ ਭਰ ਮੋਤੀਆਂ ਜਾਂ ਪੈਸਿਆਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਸਾਬਤ ਹੋਏ।
ਕੀ ਤੁਸੀਂ ਥੈਲੀ ਨੂੰ ਖੋਲ੍ਹੋਗੇ?
ਕੀ ਤੁਸੀਂ ਉਸ ਥੈਲੀ ਭਰ ਬੁੱਧੀ ਨੂੰ ਪਛਾਣ ਸਕਦੇ ਹੋ ਜੋ ਉੱਪਰ ਦਿੱਤੀਆਂ ਗਈਆਂ ਉਦਾਹਰਣਾਂ ਵਿਚ ਲੋਕਾਂ ਲਈ ਬਹੁਤ ਕੀਮਤੀ ਸਾਬਤ ਹੋਈ? ਇਹ ਬੁੱਧੀ ਬਾਈਬਲ ਵਿਚ ਪਾਈ ਜਾਂਦੀ ਹੈ, ਉਹ ਕਿਤਾਬ ਜੋ ਧਰਤੀ ਉੱਤੇ ਸਭ ਤੋਂ ਜ਼ਿਆਦਾ ਵੰਡੀ ਗਈ ਹੈ ਅਤੇ ਆਸਾਨੀ ਨਾਲ ਮਿਲ ਜਾਂਦੀ ਹੈ। ਸ਼ਾਇਦ ਤੁਹਾਡੇ ਕੋਲ ਪਹਿਲਾਂ ਹੀ ਇਸ ਦੀ ਇਕ ਕਾਪੀ ਹੋਵੇ ਜਾਂ ਤੁਸੀਂ ਇਸ ਨੂੰ ਆਸਾਨੀ ਨਾਲ ਹਾਸਲ ਕਰ ਸਕਦੇ ਹੋ। ਪਰ, ਠੀਕ ਜਿਵੇਂ ਥੈਲੀ ਭਰ ਕੀਮਤੀ ਮੋਤੀਆਂ ਦੇ ਮਾਲਕ ਨੂੰ ਕੋਈ ਲਾਭ ਨਹੀਂ ਹੁੰਦਾ ਜੇ ਉਹ ਇਸ ਨੂੰ ਨਾ ਵਰਤੇ, ਇਸੇ ਤਰ੍ਹਾਂ ਸਿਰਫ਼ ਬਾਈਬਲ ਹੋਣ ਨਾਲ ਕਿਸੇ ਨੂੰ ਲਾਭ ਨਹੀਂ ਹੁੰਦਾ ਹੈ। ਤਾਂ ਕਿਉਂ ਨਾ ਇਸ ਥੈਲੀ ਅਰਥਾਤ ਬਾਈਬਲ ਨੂੰ ਖੋਲ੍ਹ ਕੇ ਇਸ ਦੀ ਬੁੱਧੀਮਤਾ ਵਾਲੀ ਸਲਾਹ ਨੂੰ ਲਾਗੂ ਕਰੀਏ ਜੋ ਸਾਡੇ ਦਿਨਾਂ ਲਈ ਢੁਕਵੀਂ ਹੈ ਅਤੇ ਦੇਖੀਏ ਕਿ ਇਹ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿਚ ਕਿਵੇਂ ਸਾਡੀ ਮਦਦ ਕਰ ਸਕਦੀ ਹੈ।
ਜੇ ਕਦੀ ਤੁਹਾਨੂੰ ਮੋਤੀਆਂ ਦੀ ਥੈਲੀ ਦਿੱਤੀ ਜਾਵੇ, ਤਾਂ ਕੀ ਤੁਸੀਂ ਸ਼ੁਕਰਗੁਜ਼ਾਰ ਨਹੀਂ ਹੋਵੋਗੇ ਅਤੇ ਤੁਸੀਂ ਉਸ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰੋਗੇ ਤਾਂਕਿ ਤੁਸੀਂ ਉਸ ਦਾ ਧੰਨਵਾਦ ਕਰ ਸਕੋ? ਤਾਂ ਫਿਰ, ਕੀ ਤੁਹਾਨੂੰ ਪਤਾ ਹੈ ਕਿ ਬਾਈਬਲ ਕਿਸ ਨੇ ਦਿੱਤੀ ਹੈ?
ਬਾਈਬਲ ਇਹ ਕਹਿੰਦੇ ਹੋਏ ਸਾਨੂੰ ਦੱਸਦੀ ਹੈ ਕਿ ਇਸ ਵਿਚ ਪਾਈ ਜਾਂਦੀ ਬੁੱਧੀ ਦਾ ਸੋਮਾ ਕੀ ਹੈ: ‘ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ ਗੁਣਕਾਰ ਹੈ।’ (2 ਤਿਮੋਥਿਉਸ 3:16) ਇਹ ਸਾਨੂੰ ਇਹ ਵੀ ਦੱਸਦੀ ਹੈ ਕਿ “ਪਰਮੇਸ਼ੁਰ ਦਾ ਬਚਨ ਜੀਉਂਦਾ ਅਤੇ ਗੁਣਕਾਰ” ਹੈ। (ਇਬਰਾਨੀਆਂ 4:12) ਇਸ ਕਰਕੇ ਬਾਈਬਲ ਵਿਚ ਪਾਈ ਜਾਂਦੀ ਬੁੱਧੀਮਤਾ ਵਾਲੀ ਸਲਾਹ ਸਾਡੇ ਦਿਨਾਂ ਲਈ ਢੁਕਵੀਂ ਹੈ ਅਤੇ ਪ੍ਰਭਾਵਕਾਰੀ ਹੈ। ਦਰਿਆ-ਦਿਲ ਦਾਨੀ ਯਹੋਵਾਹ ਪਰਮੇਸ਼ੁਰ ਬਾਰੇ ਸਿੱਖਣ ਵਿਚ ਤੁਹਾਡੀ ਮਦਦ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਖ਼ੁਸ਼ੀ ਹੋਵੇਗੀ, ਤਾਂਕਿ ਤੁਸੀਂ ਵੀ ਉਸ “ਥੈਲੀ ਭਰ ਬੁੱਧੀ” ਤੋਂ ਲਾਭ ਪ੍ਰਾਪਤ ਕਰ ਸਕੋ ਜੋ ਬਾਈਬਲ—ਬੁੱਧੀ ਦੇ ਬਚਨਾਂ ਦੀ ਇਕ ਕਿਤਾਬ ਜਿਸ ਵਿਚ ਅੱਜ ਸਾਰੇ ਲੋਕਾਂ ਲਈ ਸੰਦੇਸ਼ ਹੈ—ਵਿਚ ਪਾਈ ਜਾਂਦੀ ਹੈ।
[ਫੁਟਨੋਟ]
a ਇਹ ਹਵਾਲਾ 1 ਕੁਰਿੰਥੀਆਂ 12:21, 22 ਵਿੱਚੋਂ ਲਿਆ ਗਿਆ ਹੈ।
c ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ।
[ਸਫ਼ੇ 4 ਉੱਤੇ ਡੱਬੀ/ਤਸਵੀਰ]
ਭਾਵਾਤਮਕ ਸੰਤੁਲਨ ਬਣਾਈ ਰੱਖਣ ਲਈ ਬੁੱਧੀ ਦੇ ਬਚਨ
“ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ? ਪਰ ਤੇਰੇ ਕੋਲ ਤਾਂ ਮਾਫ਼ੀ ਹੈ, ਭਈ ਤੇਰਾ ਭੈ ਮੰਨਿਆ ਜਾਵੇ।”—ਜ਼ਬੂਰ 130:3, 4.
“ਮਨ ਅਨੰਦ ਹੋਵੇ ਤਾਂ ਮੁਖ ਉੱਤੇ ਵੀ ਖੁਸ਼ੀ ਹੁੰਦੀ ਹੈ, ਪਰ ਮਨ ਦੇ ਸੋਗ ਨਾਲ ਆਤਮਾ ਨਿਰਾਸ ਹੁੰਦਾ ਹੈ।”—ਕਹਾਉਤਾਂ 15:13.
“ਵਧੀਕ ਧਰਮੀ ਨਾ ਬਣ, ਅਤੇ ਵਧੀਕ ਬੁੱਧਵਾਨ ਨਾ ਹੋ ਜਾਹ, ਆਪਣੇ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ?”—ਉਪਦੇਸ਼ਕ ਦੀ ਪੋਥੀ 7:16.
“ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.
“ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ।”—ਅਫ਼ਸੀਆਂ 4:26.
[ਸਫ਼ੇ 5 ਉੱਤੇ ਡੱਬੀ/ਤਸਵੀਰ]
ਖ਼ੁਸ਼ ਪਰਿਵਾਰਕ ਜੀਵਨ ਲਈ ਬੁੱਧੀ ਦੇ ਬਚਨ
“ਜੇ ਸਲਾਹ ਨਾ ਮਿਲੇ ਤਾਂ ਪਰੋਜਨ ਰੁੱਕ ਜਾਂਦੇ ਹਨ, ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ ਤਾਂ ਓਹ ਕਾਇਮ ਹੋ ਜਾਂਦੇ ਹਨ।”—ਕਹਾਉਤਾਂ 15:22.
“ਸਿਆਣਾ ਪੁਰਸ਼ ਗਿਆਨ ਨੂੰ ਪ੍ਰਾਪਤ ਕਰਦਾ ਹੈ, ਅਤੇ ਬੁੱਧਵਾਨ ਦੇ ਕੰਨ ਗਿਆਨ ਦੀ ਭਾਲ ਕਰਦੇ ਹਨ।”—ਕਹਾਉਤਾਂ 18:15.
“ਟਿਕਾਣੇ ਸਿਰ ਆਖੇ ਹੋਏ ਬਚਨ ਚਾਂਦੀ ਦੀ ਝੰਜਰੀ ਵਿੱਚ ਸੋਨੇ ਦੇ ਸੇਬਾਂ ਵਰਗੇ ਹਨ।”—ਕਹਾਉਤਾਂ 25:11.
“ਜੇ ਕੋਈ ਕਿਸੇ ਉੱਤੇ ਗਿਲਾ ਰੱਖਦਾ ਹੋਵੇ ਤਾਂ ਇੱਕ ਦੂਏ ਦੀ ਸਹਿ ਲਵੇ ਅਤੇ ਇੱਕ ਦੂਏ ਨੂੰ ਮਾਫ਼ ਕਰ ਦੇਵੇ। ਜਿਵੇਂ ਪ੍ਰਭੁ ਨੇ ਤੁਹਾਨੂੰ ਮਾਫ਼ ਕੀਤਾ ਤਿਵੇਂ ਤੁਸੀਂ ਵੀ ਕਰੋ। ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਾ ਲਓ ਜਿਹੜਾ ਸੰਪੂਰਨਤਾਈ ਦਾ ਬੰਧ ਹੈ।”—ਕੁਲੁੱਸੀਆਂ 3:13, 14.
“ਇਹ ਤਾਂ ਤੁਸੀਂ ਜਾਣਦੇ ਹੋ, ਹੇ ਮੇਰੇ ਪਿਆਰੇ ਭਰਾਵੋ। ਪਰ ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ।”—ਯਾਕੂਬ 1:19.
[ਸਫ਼ੇ 6 ਉੱਤੇ ਡੱਬੀ/ਤਸਵੀਰ]
ਜ਼ਿੰਦਗੀ ਨੂੰ ਕਾਮਯਾਬ ਬਣਾਉਣ ਲਈ ਬੁੱਧੀ ਦੇ ਬਚਨ
“ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ।”—ਕਹਾਉਤਾਂ 11:1.
“ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।”—ਕਹਾਉਤਾਂ 16:18.
“ਜਿਹੜਾ ਮਨੁੱਖ ਆਪਣੀ ਰੂਹ ਉੱਤੇ ਵੱਸ ਨਹੀਂ ਰੱਖਦਾ, ਉਹ ਉਸ ਢੱਠੇ ਹੋਏ ਨਗਰ ਵਰਗਾ ਹੈ ਜਿਹਦੀ ਸ਼ਹਿਰ ਪਨਾਹ ਨਾ ਹੋਵੇ।”—ਕਹਾਉਤਾਂ 25:28.
“ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ।”—ਉਪਦੇਸ਼ਕ ਦੀ ਪੋਥੀ 7:9.
“ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇਹ, ਤਾਂ ਤੂੰ ਬਹੁਤ ਦਿਨਾਂ ਦੇ ਪਿੱਛੋਂ ਉਸ ਨੂੰ ਪਾਵੇਂਗਾ।”—ਉਪਦੇਸ਼ਕ ਦੀ ਪੋਥੀ 11:1.
“ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।”—ਅਫ਼ਸੀਆਂ 4:29.
[ਸਫ਼ੇ 7 ਉੱਤੇ ਤਸਵੀਰ]
ਬਾਈਬਲ ਦਾ ਅਧਿਐਨ ਕਰਨਾ “ਥੈਲੀ ਭਰ ਬੁੱਧੀ” ਤੋਂ ਲਾਭ ਪ੍ਰਾਪਤ ਕਰਨ ਦਾ ਪਹਿਲਾ ਕਦਮ ਹੈ