-
ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈਪਹਿਰਾਬੁਰਜ—2000 | ਅਗਸਤ 1
-
-
ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈ
“ਹੰਕਾਰੀ ਦਾ ਸਿਰ ਹਮੇਸ਼ਾ ਨੀਵਾਂ ਹੁੰਦਾ ਹੈ, ਪਰ ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।”—ਕਹਾਉਤਾਂ 11:2, ਪਵਿੱਤਰ ਬਾਈਬਲ ਨਵਾਂ ਅਨੁਵਾਦ।
1, 2. ਹੰਕਾਰ ਕੀ ਹੈ ਅਤੇ ਇਸ ਨੇ ਲੋਕਾਂ ਨੂੰ ਕਿਵੇਂ ਤਬਾਹ ਕੀਤਾ ਹੈ?
ਇਕ ਈਰਖਾਲੂ ਲੇਵੀ, ਯਹੋਵਾਹ ਦੁਆਰਾ ਨਿਯੁਕਤ ਕੀਤੇ ਗਏ ਆਦਮੀਆਂ ਦੇ ਵਿਰੁੱਧ ਬਗਾਵਤ ਕਰਨ ਲਈ ਭੀੜ ਇਕੱਠੀ ਕਰਦਾ ਹੈ। ਇਕ ਅਭਿਲਾਸ਼ੀ ਰਾਜਕੁਮਾਰ ਆਪਣੇ ਪਿਤਾ ਦੇ ਰਾਜ ਨੂੰ ਖੋਹਣ ਲਈ ਬੜੀ ਚਲਾਕੀ ਨਾਲ ਸਾਜ਼ਸ਼ ਘੜਦਾ ਹੈ। ਇਕ ਬੇਸਬਰਾ ਰਾਜਾ ਪਰਮੇਸ਼ੁਰ ਦੇ ਨਬੀ ਵੱਲੋਂ ਦਿੱਤੀਆਂ ਸਪੱਸ਼ਟ ਹਿਦਾਇਤਾਂ ਦੀ ਉਲੰਘਣਾ ਕਰਦਾ ਹੈ। ਇਨ੍ਹਾਂ ਤਿੰਨਾਂ ਇਸਰਾਏਲੀਆਂ ਵਿਚ ਇਕ ਔਗੁਣ ਸੀ: ਹੰਕਾਰ।
2 ਹੰਕਾਰ ਇਕ ਅਜਿਹਾ ਔਗੁਣ ਹੈ ਜੋ ਸਾਰਿਆਂ ਨੂੰ ਗੰਭੀਰ ਖ਼ਤਰੇ ਵਿਚ ਪਾ ਸਕਦਾ ਹੈ। (ਜ਼ਬੂਰ 19:13) ਇਕ ਹੰਕਾਰੀ ਜਾਂ ਗੁਸਤਾਖ਼ ਆਦਮੀ ਨਾਜਾਇਜ਼ ਖੁੱਲ੍ਹ ਲੈ ਕੇ ਉਹ ਕੰਮ ਕਰਦਾ ਹੈ ਜੋ ਉਸ ਦੇ ਅਧਿਕਾਰ ਵਿਚ ਨਹੀਂ ਹੈ। ਇਸ ਦੇ ਅਕਸਰ ਬੁਰੇ ਨਤੀਜੇ ਨਿਕਲਦੇ ਹਨ। ਅਸਲ ਵਿਚ ਹੰਕਾਰ ਨੇ ਰਾਜਿਆਂ ਨੂੰ ਤਬਾਹ ਕਰ ਦਿੱਤਾ ਤੇ ਵੱਡੇ-ਵੱਡੇ ਸਾਮਰਾਜਾਂ ਨੂੰ ਮਿੱਟੀ ਵਿਚ ਮਿਲਾ ਦਿੱਤਾ ਹੈ। (ਯਿਰਮਿਯਾਹ 50:29, 31, 32; ਦਾਨੀਏਲ 5:20) ਇੱਥੋਂ ਤਕ ਕਿ ਯਹੋਵਾਹ ਦੇ ਕੁਝ ਸੇਵਕ ਵੀ ਹੰਕਾਰੀ ਬਣ ਕੇ ਤਬਾਹ ਹੋ ਗਏ।
3. ਅਸੀਂ ਹੰਕਾਰ ਤੋਂ ਹੋਣ ਵਾਲੇ ਖ਼ਤਰਿਆਂ ਬਾਰੇ ਕਿਵੇਂ ਜਾਣ ਸਕਦੇ ਹਾਂ?
3 ਇਸੇ ਲਈ ਬਾਈਬਲ ਕਹਿੰਦੀ ਹੈ: “ਹੰਕਾਰੀ ਦਾ ਸਿਰ ਹਮੇਸ਼ਾ ਨੀਵਾਂ ਹੁੰਦਾ ਹੈ, ਪਰ ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।” (ਕਹਾਉਤਾਂ 11:2, ਨਵਾਂ ਅਨੁਵਾਦ) ਬਾਈਬਲ ਵਿਚ ਬਹੁਤ ਸਾਰੇ ਵਿਅਕਤੀਆਂ ਦੀਆਂ ਉਦਾਹਰਣਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਤੋਂ ਸਾਨੂੰ ਇਸ ਕਹਾਵਤ ਦੀ ਸੱਚਾਈ ਪਤਾ ਚੱਲਦੀ ਹੈ। ਕੁਝ ਉਦਾਹਰਣਾਂ ਦੀ ਜਾਂਚ ਕਰਨ ਨਾਲ ਸਾਨੂੰ ਪਤਾ ਲੱਗੇਗਾ ਕਿ ਆਪਣੀ ਹੱਦ ਤੋਂ ਬਾਹਰ ਜਾਣ ਨਾਲ ਸਾਡਾ ਕਿੰਨਾ ਨੁਕਸਾਨ ਹੋ ਸਕਦਾ ਹੈ। ਇਸ ਲਈ ਆਓ ਆਪਾਂ ਸ਼ੁਰੂ ਵਿਚ ਜ਼ਿਕਰ ਕੀਤੇ ਗਏ ਆਦਮੀਆਂ ਵੱਲ ਧਿਆਨ ਦੇਈਏ ਜਿਨ੍ਹਾਂ ਨੇ ਈਰਖਾ, ਅਭਿਲਾਸ਼ਾ ਤੇ ਬੇਸਬਰੀ ਕਰਕੇ ਅਜਿਹੇ ਕੰਮ ਕੀਤੇ ਜਿਨ੍ਹਾਂ ਕਰਕੇ ਉਨ੍ਹਾਂ ਦਾ ਸਿਰ ਨੀਵਾਂ ਹੋ ਗਿਆ।
ਕੋਰਹ—ਈਰਖਾਲੂ ਤੇ ਬਾਗ਼ੀ ਇਨਸਾਨ
4. (ੳ) ਕੋਰਹ ਕੌਣ ਸੀ ਅਤੇ ਉਹ ਕਿਹੜੀਆਂ ਇਤਿਹਾਸਕ ਘਟਨਾਵਾਂ ਦਾ ਚਸ਼ਮਦੀਦ ਗਵਾਹ ਸੀ? (ਅ) ਬਾਅਦ ਵਿਚ ਕੋਰਹ ਨੇ ਕਿਹੜਾ ਘਟੀਆ ਕੰਮ ਕੀਤਾ?
4 ਕੋਰਹ ਕਹਾਥੀ ਘਰਾਣੇ ਦਾ ਇਕ ਲੇਵੀ ਸੀ ਅਤੇ ਮੂਸਾ ਤੇ ਹਾਰੂਨ ਦਾ ਚਚੇਰਾ ਭਰਾ ਸੀ। ਉਹ ਕਈ ਦਹਾਕਿਆਂ ਤਕ ਯਹੋਵਾਹ ਦਾ ਵਫ਼ਾਦਾਰ ਰਿਹਾ। ਕੋਰਹ ਉਨ੍ਹਾਂ ਲੋਕਾਂ ਵਿਚ ਸੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਲਾਲ ਸਮੁੰਦਰ ਵਿੱਚੋਂ ਦੀ ਲੰਘਾ ਕੇ ਚਮਤਕਾਰੀ ਤਰੀਕੇ ਨਾਲ ਬਚਾਇਆ ਸੀ। ਤੇ ਕੋਰਹ ਸ਼ਾਇਦ ਉਨ੍ਹਾਂ ਵਿਅਕਤੀਆਂ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ ਯਹੋਵਾਹ ਨੇ ਸੀਨਈ ਪਹਾੜ ਉੱਤੇ ਵੱਛੇ ਦੀ ਪੂਜਾ ਕਰਨ ਵਾਲੇ ਇਸਰਾਏਲੀਆਂ ਨੂੰ ਸਜ਼ਾ ਦੇਣ ਲਈ ਵਰਤਿਆ ਸੀ। (ਕੂਚ 32:26) ਪਰ ਬਾਅਦ ਵਿਚ ਕੋਰਹ ਨੇ ਲੋਕਾਂ ਨੂੰ ਮੂਸਾ ਤੇ ਹਾਰੂਨ ਦੇ ਖ਼ਿਲਾਫ਼ ਭੜਕਾਇਆ। ਉਨ੍ਹਾਂ ਲੋਕਾਂ ਵਿਚ ਰਊਬੇਨੀ ਘਰਾਣੇ ਦੇ ਦਾਥਾਨ, ਅਬੀਰਾਮ ਤੇ ਓਨ ਅਤੇ ਇਸਰਾਏਲ ਦੇ 250 ਪ੍ਰਧਾਨ ਵੀ ਸ਼ਾਮਲ ਸਨ।a ਉਨ੍ਹਾਂ ਨੇ ਮੂਸਾ ਤੇ ਹਾਰੂਨ ਨੂੰ ਕਿਹਾ: “ਹੁਣ ਤਾਂ ਬੱਸ ਕਰੋ ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤ੍ਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿੱਚ ਹੈ। ਤੁਸੀਂ ਫੇਰ ਕਿਵੇਂ ਆਪਣੇ ਆਪ ਨੂੰ ਯਹੋਵਾਹ ਦੀ ਸਭਾ ਨਾਲੋਂ ਉੱਚਾ ਬਣਾਉਂਦੇ ਹੋ?”—ਗਿਣਤੀ 16:1-3.
5, 6. (ੳ) ਕੋਰਹ ਨੇ ਮੂਸਾ ਤੇ ਹਾਰੂਨ ਦੇ ਵਿਰੁੱਧ ਬਗਾਵਤ ਕਿਉਂ ਕੀਤੀ ਸੀ? (ਅ) ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਕੋਰਹ ਨੇ ਪਰਮੇਸ਼ੁਰ ਦੇ ਪ੍ਰਬੰਧ ਵਿਚ ਆਪਣੇ ਕੰਮ ਨੂੰ ਮਾਮੂਲੀ ਜਿਹਾ ਸਮਝਿਆ?
5 ਕਈ ਸਾਲਾਂ ਤਕ ਵਫ਼ਾਦਾਰ ਰਹਿਣ ਤੋਂ ਬਾਅਦ ਕੋਰਹ ਨੇ ਬਗਾਵਤ ਕਿਉਂ ਕੀਤੀ? ਇਹ ਗੱਲ ਯਕੀਨੀ ਹੈ ਕਿ ਮੂਸਾ ਨੇ ਇਸਰਾਏਲੀਆਂ ਦੀ ਅਗਵਾਈ ਕਰਦੇ ਹੋਏ ਕਦੀ ਉਨ੍ਹਾਂ ਉੱਤੇ ਅਤਿਆਚਾਰ ਨਹੀਂ ਕੀਤੇ ਕਿਉਂਕਿ ਉਹ “ਸਾਰਿਆਂ ਆਦਮੀਆਂ ਨਾਲੋਂ ਜਿਹੜੇ ਪ੍ਰਿਥਵੀ ਉੱਤੇ ਸਨ ਬਹੁਤ ਅਧੀਨ [ਜਾਂ ਨਿਮਰ] ਸੀ।” (ਗਿਣਤੀ 12:3) ਪਰ ਇਸ ਤਰ੍ਹਾਂ ਲੱਗਦਾ ਹੈ ਕਿ ਕੋਰਹ ਮੂਸਾ ਤੇ ਹਾਰੂਨ ਨਾਲ ਈਰਖਾ ਕਰਦਾ ਸੀ ਤੇ ਉਨ੍ਹਾਂ ਦੀ ਪਦਵੀ ਤੋਂ ਚਿੜਦਾ ਸੀ। ਇਸੇ ਕਰਕੇ ਉਸ ਨੇ ਇਹ ਗ਼ਲਤ ਗੱਲ ਕਹੀ ਕਿ ਉਨ੍ਹਾਂ ਦੋਵਾਂ ਨੇ ਆਪਣੀ ਮਨਮਰਜ਼ੀ ਨਾਲ ਆਪਣੇ ਆਪ ਨੂੰ ਇਸਰਾਏਲੀਆਂ ਦੇ ਪ੍ਰਧਾਨ ਬਣਾ ਲਿਆ ਸੀ।—ਜ਼ਬੂਰ 106:16.
6 ਕੋਰਹ ਵਿਚ ਇਕ ਕਮਜ਼ੋਰੀ ਇਹ ਸੀ ਕਿ ਉਹ ਪਰਮੇਸ਼ੁਰ ਦੇ ਪ੍ਰਬੰਧ ਵਿਚ ਆਪਣੇ ਕੰਮਾਂ ਦੀ ਕਦਰ ਨਹੀਂ ਕਰਦਾ ਸੀ। ਕਹਾਥੀ ਘਰਾਣੇ ਦੇ ਆਦਮੀ ਲੇਵੀ ਜਾਜਕ ਤਾਂ ਨਹੀਂ ਸਨ, ਪਰ ਉਹ ਪਰਮੇਸ਼ੁਰ ਦੀ ਬਿਵਸਥਾ ਸਿਖਾਉਂਦੇ ਸਨ। ਉਹ ਡੇਹਰੇ ਦੇ ਭਾਂਡੇ ਅਤੇ ਲੱਕੜੀ ਦਾ ਸਾਮਾਨ ਵੀ ਚੁੱਕਦੇ ਸਨ ਜਦੋਂ ਇਨ੍ਹਾਂ ਨੂੰ ਦੂਸਰੀ ਥਾਂ ਲਿਜਾਣਾ ਹੁੰਦਾ ਸੀ। ਇਹ ਕੋਈ ਮਾਮੂਲੀ ਕੰਮ ਨਹੀਂ ਸੀ ਕਿਉਂਕਿ ਪਵਿੱਤਰ ਭਾਂਡੇ ਸਿਰਫ਼ ਉਹੀ ਆਦਮੀ ਚੁੱਕ ਸਕਦੇ ਸਨ ਜਿਹੜੇ ਧਾਰਮਿਕ ਤੇ ਨੈਤਿਕ ਤੌਰ ਅਤੇ ਸ਼ੁੱਧ ਸਨ। (ਯਸਾਯਾਹ 52:11) ਇਸ ਲਈ ਜਦੋਂ ਮੂਸਾ ਨੇ ਕੋਰਹ ਨਾਲ ਗੱਲ ਕੀਤੀ, ਤਾਂ ਅਸਲ ਵਿਚ ਮੂਸਾ ਨੇ ਉਸ ਨੂੰ ਪੁੱਛਿਆ, ਕੀ ਤੂੰ ਆਪਣੇ ਕੰਮ ਨੂੰ ਇੰਨਾ ਮਾਮੂਲੀ ਸਮਝਦਾ ਹੈ ਕਿ ਤੂੰ ਜਾਜਕ ਵੀ ਬਣਨਾ ਚਾਹੁੰਦਾ ਹੈ? (ਗਿਣਤੀ 16:9, 10) ਕੋਰਹ ਇਹ ਭੁੱਲ ਗਿਆ ਕਿ ਯਹੋਵਾਹ ਦੇ ਪ੍ਰਬੰਧ ਅਨੁਸਾਰ ਉਸ ਦੀ ਸੇਵਾ ਕਰਨੀ ਹੀ ਸਭ ਤੋਂ ਵੱਡਾ ਸਨਮਾਨ ਹੈ, ਨਾ ਕਿ ਕੋਈ ਖ਼ਾਸ ਰੁਤਬਾ ਜਾਂ ਅਧਿਕਾਰ।—ਜ਼ਬੂਰ 84:10.
7. (ੳ) ਮੂਸਾ ਨੇ ਕੋਰਹ ਤੇ ਉਸ ਦੇ ਸਾਥੀਆਂ ਨੂੰ ਕੀ ਕਰਨ ਲਈ ਕਿਹਾ? (ਅ) ਕੋਰਹ ਦੀ ਬਗਾਵਤ ਦਾ ਕੀ ਭਿਆਨਕ ਨਤੀਜਾ ਨਿਕਲਿਆ?
7 ਮੂਸਾ ਨੇ ਕੋਰਹ ਤੇ ਉਸ ਦੇ ਸਾਥੀਆਂ ਨੂੰ ਕਿਹਾ ਕਿ ਉਹ ਅਗਲੇ ਦਿਨ ਸਵੇਰੇ ਮੰਡਲੀ ਦੇ ਤੰਬੂ ਵਿਚ ਧੂਪਦਾਨ ਤੇ ਧੂਪ ਲਿਆਉਣ। ਕੋਰਹ ਤੇ ਉਸ ਦੇ ਸਾਥੀ ਜਾਜਕ ਨਹੀਂ ਸਨ ਜਿਸ ਕਰਕੇ ਉਨ੍ਹਾਂ ਨੂੰ ਧੂਪ ਧੁਖਾਉਣ ਦਾ ਕੋਈ ਅਧਿਕਾਰ ਨਹੀਂ ਸੀ। ਉਨ੍ਹਾਂ ਕੋਲ ਇਸ ਮਾਮਲੇ ਤੇ ਵਿਚਾਰ ਕਰਨ ਲਈ ਪੂਰੀ ਰਾਤ ਸੀ। ਜੇ ਉਹ ਧੂਪਦਾਨ ਅਤੇ ਧੂਪ ਲੈ ਕੇ ਆਏ, ਤਾਂ ਇਸ ਤੋਂ ਸਾਫ਼ ਪਤਾ ਲੱਗਣਾ ਸੀ ਕਿ ਇਹ ਆਦਮੀ ਅਜੇ ਵੀ ਸੋਚਦੇ ਸਨ ਕਿ ਉਨ੍ਹਾਂ ਨੂੰ ਜਾਜਕਾਂ ਵਜੋਂ ਕੰਮ ਕਰਨ ਦਾ ਅਧਿਕਾਰ ਸੀ। ਜਦੋਂ ਉਹ ਅਗਲੇ ਦਿਨ ਸਵੇਰੇ ਇਹ ਚੀਜ਼ਾਂ ਲੈ ਕੇ ਆਏ, ਤਾਂ ਯਹੋਵਾਹ ਦਾ ਕ੍ਰੋਧ ਉਨ੍ਹਾਂ ਉੱਤੇ ਭੜਕ ਉਠਿਆ। ਰਊਬੇਨੀਆਂ ਨੂੰ ‘ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਭੱਖ ਲਿਆ’ ਅਤੇ ਕੋਰਹ ਤੇ ਉਸ ਦੇ ਬਾਕੀ ਸਾਥੀਆਂ ਨੂੰ ਪਰਮੇਸ਼ੁਰ ਨੇ ਅੱਗ ਵਿਚ ਸਾੜ ਸੁੱਟਿਆ। (ਬਿਵਸਥਾ ਸਾਰ 11:6; ਗਿਣਤੀ 16:16-35; 26:10) ਹੰਕਾਰ ਕਾਰਨ ਕੋਰਹ ਸਿਰਫ਼ ਇਨਸਾਨਾਂ ਦੀਆਂ ਨਜ਼ਰਾਂ ਵਿਚ ਹੀ ਨਹੀਂ ਡਿੱਗਿਆ, ਸਗੋਂ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵੀ ਡਿੱਗ ਗਿਆ!
ਈਰਖਾ ਦੀ ਭਾਵਨਾ ਨੂੰ ਆਪਣੇ ਵਿੱਚੋਂ ਕੱਢੋ
8. “ਖੁਣਸ ਕਰਨ ਦਾ ਝੁਕਾਅ” ਮਸੀਹੀਆਂ ਵਿਚ ਵੀ ਕਿਵੇਂ ਹੋ ਸਕਦਾ ਹੈ?
8 ਕੋਰਹ ਦੀ ਕਹਾਣੀ ਸਾਡੇ ਲਈ ਇਕ ਸਬਕ ਹੈ। ਕਿਉਂਕਿ “ਖੁਣਸ ਕਰਨ ਦਾ ਝੁਕਾਅ” ਨਾਮੁਕੰਮਲ ਇਨਸਾਨ ਵਿਚ ਹੈ, ਇਸ ਲਈ ਇਹ ਮਸੀਹੀ ਕਲੀਸਿਯਾ ਦੇ ਮੈਂਬਰਾਂ ਵਿਚ ਵੀ ਹੋ ਸਕਦਾ ਹੈ। (ਯਾਕੂਬ 4:5, ਨਿ ਵ) ਉਦਾਹਰਣ ਲਈ ਅਸੀਂ ਸ਼ਾਇਦ ਹਮੇਸ਼ਾ ਇਹੀ ਸੋਚਦੇ ਰਹੀਏ ਕਿ ਕਲੀਸਿਯਾ ਵਿਚ ਸਾਨੂੰ ਕਿਹੜੀ ਪਦਵੀ ਜਾਂ ਵਿਸ਼ੇਸ਼ ਸਨਮਾਨ ਮਿਲਣਾ ਚਾਹੀਦਾ ਹੈ। ਕੋਰਹ ਵਾਂਗ ਅਸੀਂ ਵੀ ਸ਼ਾਇਦ ਉਨ੍ਹਾਂ ਲੋਕਾਂ ਨਾਲ ਈਰਖਾ ਕਰੀਏ ਜਿਨ੍ਹਾਂ ਕੋਲ ਉਹ ਵਿਸ਼ੇਸ਼ ਸਨਮਾਨ ਹਨ ਜੋ ਅਸੀਂ ਆਪਣੇ ਲਈ ਚਾਹੁੰਦੇ ਹਾਂ। ਜਾਂ ਅਸੀਂ ਸ਼ਾਇਦ ਪਹਿਲੀ ਸਦੀ ਦੇ ਇਕ ਮਸੀਹੀ ਦਿਯੁਤ੍ਰਿਫੇਸ ਵਰਗੇ ਬਣ ਜਾਈਏ। ਉਹ ਰਸੂਲਾਂ ਦੇ ਅਧਿਕਾਰ ਦੇ ਖ਼ਿਲਾਫ਼ ਬਹੁਤ ਬੁਰਾ-ਭਲਾ ਬੋਲਦਾ ਸੀ ਕਿਉਂਕਿ ਉਹ ਆਪ ਪ੍ਰਧਾਨ ਬਣਨਾ ਚਾਹੁੰਦਾ ਸੀ। ਯੂਹੰਨਾ ਨੇ ਲਿਖਿਆ ਕਿ ਦਿਯੁਤ੍ਰਿਫੇਸ “ਸਿਰ ਕੱਢ ਹੋਣਾ ਚਾਹੁੰਦਾ ਹੈ।”—3 ਯੂਹੰਨਾ 9.
9. (ੳ) ਕਲੀਸਿਯਾ ਵਿਚ ਸਾਨੂੰ ਜੋ ਜ਼ਿੰਮੇਵਾਰੀਆਂ ਮਿਲਦੀਆਂ ਹਨ, ਉਨ੍ਹਾਂ ਪ੍ਰਤੀ ਸਾਨੂੰ ਕਿਹੜੇ ਨਜ਼ਰੀਏ ਤੋਂ ਬਚਣਾ ਚਾਹੀਦਾ? (ਅ) ਪਰਮੇਸ਼ੁਰ ਦੇ ਪ੍ਰਬੰਧ ਵਿਚ ਸਾਡੀ ਥਾਂ ਪ੍ਰਤੀ ਸਹੀ ਨਜ਼ਰੀਆ ਕੀ ਹੈ?
9 ਜੇ ਇਕ ਮਸੀਹੀ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣ ਦਾ ਜਤਨ ਕਰਦਾ ਹੈ, ਤਾਂ ਇਹ ਗ਼ਲਤ ਨਹੀਂ ਹੈ। ਪੌਲੁਸ ਨੇ ਤਾਂ ਮਸੀਹੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਇਸ ਤਰ੍ਹਾਂ ਕਰਨ। (1 ਤਿਮੋਥਿਉਸ 3:1) ਪਰ ਸਾਨੂੰ ਸੇਵਾ ਦੇ ਵਿਸ਼ੇਸ਼ ਸਨਮਾਨਾਂ ਨੂੰ ਕੋਈ ਤਮਗਾ ਨਹੀਂ ਸਮਝਣਾ ਚਾਹੀਦਾ, ਜਿਵੇਂ ਕਿ ਇਸ ਨੂੰ ਪਹਿਨਣ ਨਾਲ ਅਸੀਂ ਤਰੱਕੀ ਦੀ ਪੌੜੀ ਦਾ ਇਕ ਪੌਡਾ ਚੜ੍ਹਦੇ ਹਾਂ। ਯਾਦ ਕਰੋ ਯਿਸੂ ਨੇ ਕਿਹਾ ਸੀ: “ਜੋ ਕੋਈ ਤੁਹਾਡੇ ਵਿੱਚੋਂ ਵੱਡਾ ਹੋਣਾ ਚਾਹੇ ਸੋ ਤੁਹਾਡਾ ਟਹਿਲੂਆ ਹੋਵੇ। ਅਤੇ ਜੋ ਕੋਈ ਤੁਹਾਡੇ ਵਿੱਚੋਂ ਸਰਦਾਰ ਬਣਿਆ ਚਾਹੇ ਸੋ ਤੁਹਾਡਾ ਕਾਮਾ ਹੋਵੇ।” (ਮੱਤੀ 20:26, 27) ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਨ੍ਹਾਂ ਭਰਾਵਾਂ ਨਾਲ ਈਰਖਾ ਕਰਨੀ ਬਿਲਕੁਲ ਗ਼ਲਤ ਹੈ ਜਿਨ੍ਹਾਂ ਨੂੰ ਜ਼ਿਆਦਾ ਜ਼ਿੰਮੇਵਾਰੀਆਂ ਮਿਲੀਆਂ ਹਨ। ਅਸੀਂ ਪਰਮੇਸ਼ੁਰ ਦੇ ਸੰਗਠਨ ਵਿਚ ਆਪਣੇ “ਰੁਤਬੇ” ਕਰਕੇ ਉਸ ਦੀਆਂ ਨਜ਼ਰਾਂ ਵਿਚ ਵੱਡੇ ਜਾਂ ਛੋਟੇ ਨਹੀਂ ਬਣਦੇ। ਯਿਸੂ ਨੇ ਕਿਹਾ: “ਤੁਸੀਂ ਸੱਭੋ ਭਾਈ ਹੋ।” (ਮੱਤੀ 23:8) ਜੀ ਹਾਂ, ਚਾਹੇ ਅਸੀਂ ਪ੍ਰਕਾਸ਼ਕ ਹਾਂ ਜਾਂ ਪਾਇਨੀਅਰ, ਨਵਾਂ-ਨਵਾਂ ਬਪਤਿਸਮਾ ਲਿਆ ਹੈ ਜਾਂ ਬਹੁਤ ਸਾਲਾਂ ਤੋਂ ਵਫ਼ਾਦਾਰੀ ਨਾਲ ਸੇਵਾ ਕਰਦੇ ਆ ਰਹੇ ਹਾਂ, ਜੇ ਅਸੀਂ ਪੂਰੇ ਮਨ ਨਾਲ ਯਹੋਵਾਹ ਦੀ ਸੇਵਾ ਕਰਦੇ ਹਾਂ, ਤਾਂ ਉਹ ਸਾਨੂੰ ਆਪਣੇ ਪ੍ਰਬੰਧ ਵਿਚ ਇਕ ਸਨਮਾਨਯੋਗ ਥਾਂ ਦੇਵੇਗਾ। (ਲੂਕਾ 10:27; 12:6, 7; ਗਲਾਤੀਆਂ 3:28; ਇਬਰਾਨੀਆਂ 6:10) ਉਨ੍ਹਾਂ ਲੱਖਾਂ ਭੈਣ-ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਸੱਚ-ਮੁੱਚ ਸਾਡੇ ਲਈ ਇਕ ਬਰਕਤ ਹੈ ਜਿਹੜੇ ਬਾਈਬਲ ਦੀ ਇਸ ਸਲਾਹ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ: “ਇੱਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹੋਂ।”—1 ਪਤਰਸ 5:5.
ਅਬਸ਼ਾਲੋਮ—ਇਕ ਅਭਿਲਾਸ਼ੀ ਤੇ ਮੌਕਾਪਰਸਤ ਇਨਸਾਨ
10. ਅਬਸ਼ਾਲੋਮ ਕੌਣ ਸੀ ਅਤੇ ਉਸ ਨੇ ਉਨ੍ਹਾਂ ਲੋਕਾਂ ਨੂੰ ਆਪਣੇ ਵੱਲ ਕਰਨ ਦੀ ਕਿਵੇਂ ਕੋਸ਼ਿਸ਼ ਕੀਤੀ ਜਿਹੜੇ ਰਾਜੇ ਕੋਲ ਨਿਆਂ ਲਈ ਆਉਂਦੇ ਸਨ?
10 ਦਾਊਦ ਦੇ ਤੀਸਰੇ ਪੁੱਤਰ, ਅਬਸ਼ਾਲੋਮ ਦੀ ਜ਼ਿੰਦਗੀ ਤੇ ਵਿਚਾਰ ਕਰਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਅਭਿਲਾਸ਼ੀ ਹੋਣ ਦੇ ਕੀ ਖ਼ਤਰੇ ਹਨ। ਇਸ ਮੌਕਾਪਰਸਤ ਆਦਮੀ ਨੇ ਉਨ੍ਹਾਂ ਲੋਕਾਂ ਦੀ ਖ਼ੁਸ਼ਾਮਦ ਕਰ ਕੇ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਜਿਹੜੇ ਰਾਜੇ ਕੋਲ ਨਿਆਂ ਵਾਸਤੇ ਆਉਂਦੇ ਸਨ। ਪਹਿਲਾਂ ਉਸ ਨੇ ਲੋਕਾਂ ਦੇ ਮਨ ਵਿਚ ਇਹ ਗੱਲ ਬਿਠਾ ਦਿੱਤੀ ਕਿ ਦਾਊਦ ਉਨ੍ਹਾਂ ਦੀ ਪਰਵਾਹ ਨਹੀਂ ਕਰਦਾ। ਫਿਰ ਉਹ ਮੱਕਾਰੀ ਨਾਲ ਕੰਮ ਕਰਨ ਦੀ ਬਜਾਇ ਖੁੱਲ੍ਹੇ-ਆਮ ਆਪਣੇ ਇਰਾਦੇ ਦੱਸਣ ਲੱਗ ਪਿਆ। ਅਬਸ਼ਾਲੋਮ ਨੇ ਪਖੰਡੀ ਤਰੀਕੇ ਨਾਲ ਕਹਿਣਾ ਸ਼ੁਰੂ ਕਰ ਦਿੱਤਾ: “ਜੇ ਕਦੀ ਦੇਸ ਵਿੱਚ ਮੈਂ ਨਿਆਈ ਹੁੰਦਾ ਤਾਂ ਜੋ ਕੋਈ ਫਰਿਆਦੀ ਮੇਰੇ ਕੋਲ ਆਉਂਦਾ ਤਾਂ ਅਵੱਸ਼ ਮੈਂ ਉਹ ਦਾ ਨਿਆਉਂ ਕਰਦਾ!” ਅਬਸ਼ਾਲੋਮ ਆਪਣੀ ਸਾਜ਼ਸ਼ ਨੂੰ ਸਿਰੇ ਚਾੜਨ ਲਈ ਸਾਰੀਆਂ ਹੱਦਾਂ ਪਾਰ ਕਰ ਗਿਆ। ਬਾਈਬਲ ਦੱਸਦੀ ਹੈ: “ਜਾਂ ਕੋਈ ਅਬਸ਼ਾਲੋਮ ਦੇ ਕੋਲ ਮੱਥਾ ਟੇਕਣ ਲਈ ਆਉਂਦਾ ਸੀ ਤਾਂ ਉਹ ਆਪਣਾ ਹੱਥ ਪਸਾਰ ਕੇ ਅਤੇ ਉਹ ਨੂੰ ਗਲੇ ਲਾ ਕੇ ਉਹ ਨੂੰ ਚੁੰਮ ਲੈਂਦਾ ਸੀ। ਸੋ ਅਬਸ਼ਾਲੋਮ ਨੇ ਸਾਰੇ ਇਸਰਾਏਲ ਨਾਲ ਜੋ ਪਾਤਸ਼ਾਹ ਕੋਲ ਪੁਕਾਰ ਕਰਨ ਲਈ ਆਉਂਦੇ ਸਨ ਇਸੇ ਤਰਾਂ ਹੀ ਕੀਤਾ।” ਉਸ ਨੂੰ ਇਸ ਤਰ੍ਹਾਂ ਕਰਨ ਦਾ ਕੀ ਫ਼ਾਇਦਾ ਹੋਇਆ? “ਅਬਸ਼ਾਲੋਮ ਨੇ ਇਸਰਾਏਲ ਦੇ ਮਨੁੱਖਾਂ ਦੇ ਮਨ ਮੋਹ ਲਏ।”—2 ਸਮੂਏਲ 15:1-6.
11. ਅਬਸ਼ਾਲੋਮ ਨੇ ਦਾਊਦ ਦੀ ਬਾਦਸ਼ਾਹਤ ਨੂੰ ਹੜੱਪਣ ਦੀ ਕਿਵੇਂ ਕੋਸ਼ਿਸ਼ ਕੀਤੀ?
11 ਅਬਸ਼ਾਲੋਮ ਨੇ ਆਪਣੇ ਪਿਉ ਦੀ ਬਾਦਸ਼ਾਹਤ ਹੜੱਪਣ ਦੀ ਠਾਣੀ ਹੋਈ ਸੀ। ਪੰਜ ਸਾਲ ਪਹਿਲਾਂ, ਉਸ ਨੇ ਦਾਊਦ ਦੇ ਜੇਠੇ ਪੁੱਤਰ ਅਮਨੋਨ ਨੂੰ ਮਰਵਾ ਸੁੱਟਿਆ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਬਦਲਾ ਲੈਣ ਦੀ ਖ਼ਾਤਰ ਅਮਨੋਨ ਨੂੰ ਮਾਰਿਆ ਸੀ ਕਿਉਂਕਿ ਅਮਨੋਨ ਨੇ ਉਸ ਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ ਸੀ। (2 ਸਮੂਏਲ 13:28, 29) ਪਰ ਉਸ ਵੇਲੇ ਵੀ ਸ਼ਾਇਦ ਅਬਸ਼ਾਲੋਮ ਦੀ ਨਜ਼ਰ ਸਿੰਘਾਸਣ ਉੱਤੇ ਸੀ ਤੇ ਉਸ ਨੇ ਅਮਨੋਨ ਦਾ ਕਤਲ ਕਰਨਾ ਠੀਕ ਸਮਝਿਆ ਕਿਉਂਕਿ ਅਮਨੋਨ ਗੱਦੀ ਦਾ ਵਾਰਸ ਸੀ।b ਜਦੋਂ ਉਸ ਨੂੰ ਮੌਕਾ ਮਿਲਿਆ, ਅਬਸ਼ਾਲੋਮ ਨੇ ਆਪਣਾ ਕੰਮ ਕਰ ਦਿੱਤਾ। ਉਸ ਨੇ ਪੂਰੇ ਦੇਸ਼ ਵਿਚ ਆਪਣੀ ਬਾਦਸ਼ਾਹਤ ਦਾ ਢਿੰਡੋਰਾ ਪਿੱਟਵਾ ਦਿੱਤਾ।—2 ਸਮੂਏਲ 15:10.
12. ਸਮਝਾਓ ਕਿ ਹੰਕਾਰ ਕਰਕੇ ਅਬਸ਼ਾਲੋਮ ਦਾ ਸਿਰ ਕਿਵੇਂ ਨੀਵਾਂ ਹੋਇਆ।
12 ਕੁਝ ਸਮੇਂ ਤਕ ਅਬਸ਼ਾਲੋਮ ਨੂੰ ਕਾਮਯਾਬੀ ਮਿਲੀ ਕਿਉਂਕਿ “ਗੋਸ਼ਟ ਵੱਧਦੀ ਜਾਂਦੀ ਸੀ ਕਿਉਂ ਜੋ ਲੋਕ ਅਬਸ਼ਾਲੋਮ ਕੋਲ ਹੁੰਦੇ ਹੁੰਦੇ ਜੁੜਦੇ ਜਾਂਦੇ ਸਨ।” ਬਾਅਦ ਵਿਚ ਰਾਜਾ ਦਾਊਦ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। (2 ਸਮੂਏਲ 15:12-17) ਪਰ ਜਲਦੀ ਹੀ ਅਬਸ਼ਾਲੋਮ ਦੀ ਬਾਦਸ਼ਾਹਤ ਖ਼ਤਮ ਹੋ ਗਈ। ਯੋਆਬ ਨੇ ਉਸ ਨੂੰ ਵੱਢ ਸੁੱਟਿਆ ਤੇ ਉਸ ਦੀ ਲਾਸ਼ ਟੋਏ ਵਿਚ ਸੁੱਟ ਕੇ ਪੱਥਰਾਂ ਨਾਲ ਢੱਕ ਦਿੱਤੀ। ਜ਼ਰਾ ਸੋਚੋ—ਇਹ ਅਭਿਲਾਸ਼ੀ ਇਨਸਾਨ ਰਾਜਾ ਬਣਨਾ ਚਾਹੁੰਦਾ ਸੀ, ਪਰ ਉਸ ਦੀ ਲਾਸ਼ ਦੀ ਕਿੰਨੀ ਬੇਕਦਰੀ ਹੋਈ। ਉਸ ਨੂੰ ਪੂਰੇ ਸਨਮਾਨ ਨਾਲ ਦਫ਼ਨਾਇਆ ਵੀ ਨਹੀਂ ਗਿਆ!c ਹੰਕਾਰ ਕਾਰਨ ਹੀ ਅਬਸ਼ਾਲੋਮ ਦੀ ਬੇਇੱਜ਼ਤੀ ਹੋਈ।—2 ਸਮੂਏਲ 18:9-17.
ਸੁਆਰਥੀ ਅਭਿਲਾਸ਼ਾ ਤੋਂ ਬਚੋ
13. ਇਕ ਮਸੀਹੀ ਦੇ ਦਿਲ ਵਿਚ ਅਭਿਲਾਸ਼ਾ ਕਿਵੇਂ ਜੜ੍ਹ ਫੜ ਸਕਦੀ ਹੈ?
13 ਅਬਸ਼ਾਲੋਮ ਦਾ ਰਾਜਾ ਬਣਨਾ ਤੇ ਬਾਅਦ ਵਿਚ ਮਰ ਜਾਣਾ ਸਾਡੇ ਲਈ ਇਕ ਸਬਕ ਹੈ। ਅੱਜ ਇਸ ਬੇਰਹਿਮ ਦੁਨੀਆਂ ਵਿਚ ਲੋਕ ਆਪਣੇ ਉੱਚ ਅਧਿਕਾਰੀਆਂ ਦੀ ਚਾਪਲੂਸੀ ਕਰਦੇ ਹਨ ਤੇ ਆਪਣਾ ਪ੍ਰਭਾਵ ਪਾਉਣ ਜਾਂ ਕੋਈ ਤਰੱਕੀ ਵਗੈਰਾ ਕਰਾਉਣ ਲਈ ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਦੇ ਨਾਲ-ਨਾਲ ਉਹ ਆਪਣੇ ਥੱਲੇ ਕੰਮ ਕਰਦੇ ਕਰਮਚਾਰੀਆਂ ਦੀ ਤਰਫ਼ਦਾਰੀ ਤੇ ਹਿਮਾਇਤ ਪ੍ਰਾਪਤ ਕਰਨ ਲਈ ਸ਼ੇਖੀਆਂ ਮਾਰਦੇ ਹਨ ਤੇ ਵੱਡੇ-ਵੱਡੇ ਦਾਅਵੇ ਕਰਦੇ ਹਨ। ਜੇ ਅਸੀਂ ਚੁਕੰਨੇ ਨਾ ਰਹੀਏ, ਤਾਂ ਇਸ ਤਰ੍ਹਾਂ ਦੀ ਅਭਿਲਾਸ਼ਾ ਸਾਡੇ ਦਿਲ ਵਿਚ ਵੀ ਜੜ੍ਹ ਫੜ ਸਕਦੀ ਹੈ। ਇਸ ਤਰ੍ਹਾਂ ਪਹਿਲੀ ਸਦੀ ਦੇ ਕੁਝ ਮਸੀਹੀਆਂ ਨਾਲ ਹੋਇਆ ਸੀ ਜਿਸ ਕਰਕੇ ਰਸੂਲਾਂ ਨੇ ਦੂਸਰੇ ਮਸੀਹੀਆਂ ਨੂੰ ਉਨ੍ਹਾਂ ਤੋਂ ਖ਼ਬਰਦਾਰ ਰਹਿਣ ਲਈ ਕਿਹਾ ਸੀ।—ਗਲਾਤੀਆਂ 4:17; 3 ਯੂਹੰਨਾ 9, 10.
14. ਸਾਨੂੰ ਅਭਿਲਾਸ਼ੀ ਬਣਨ ਤੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਚੁੱਕਣ ਦੇ ਝੁਕਾਅ ਤੋਂ ਕਿਉਂ ਬਚਣਾ ਚਾਹੀਦਾ ਹੈ?
14 ਯਹੋਵਾਹ ਆਪਣੇ ਸੰਗਠਨ ਵਿਚ ਉਨ੍ਹਾਂ ਲੋਕਾਂ ਨੂੰ ਨਹੀਂ ਚਾਹੁੰਦਾ ਜਿਹੜੇ ਆਪਣੇ ਆਪ ਨੂੰ ਦੂਜਿਆਂ ਤੋਂ ਉੱਚਾ ਸਮਝਦੇ ਹਨ ਤੇ ‘ਆਪਣੀ ਮਹਿਮਾ ਦੀ ਭਾਲ ਕਰਦੇ’ ਹਨ। (ਕਹਾਉਤਾਂ 25:27) ਅਸਲ ਵਿਚ ਬਾਈਬਲ ਚੇਤਾਵਨੀ ਦਿੰਦੀ ਹੈ: “ਯਹੋਵਾਹ ਸਾਰੇ ਚੋਪੜੇ ਬੁੱਲ੍ਹਾਂ ਨੂੰ ਨਾਲੇ ਉਸ ਜੀਭ ਨੂੰ ਜਿਹੜੀ ਵੱਡੇ ਬੋਲ ਬੋਲਦੀ ਹੈ ਵੱਢ ਸੁੱਟੇਗਾ।” (ਜ਼ਬੂਰ 12:3) ਅਬਸ਼ਾਲੋਮ ਦੇ ਬੁੱਲ੍ਹ ਚੋਪੜੇ ਹੋਏ ਸਨ। ਉਸ ਨੇ ਉਨ੍ਹਾਂ ਲੋਕਾਂ ਦੀ ਚਾਪਲੂਸੀ ਕੀਤੀ ਜਿਨ੍ਹਾਂ ਦੀ ਉਹ ਹਿਮਾਇਤ ਚਾਹੁੰਦਾ ਸੀ। ਇਹ ਸਾਰਾ ਕੁਝ ਉਸ ਨੇ ਸਿਰਫ਼ ਰਾਜ-ਗੱਦੀ ਹਥਿਆਉਣ ਲਈ ਕੀਤਾ। ਇਸ ਤੋਂ ਉਲਟ, ਅਸੀਂ ਆਪਣੇ ਭਾਈ-ਭੈਣਾਂ ਵਿਚ ਰਹਿ ਕੇ ਕਿੰਨੇ ਖ਼ੁਸ਼ ਹਾਂ ਜਿਹੜੇ ਪੌਲੁਸ ਦੀ ਸਲਾਹ ਉੱਤੇ ਚੱਲਦੇ ਹਨ: “ਧੜੇ ਬਾਜ਼ੀਆਂ ਅਥਵਾ ਫੋਕੇ ਘੁਮੰਡ ਨਾਲ ਕੁਝ ਨਾ ਕਰੋ ਸਗੋਂ ਤੁਸੀਂ ਅਧੀਨਗੀ ਨਾਲ ਇੱਕ ਦੂਏ ਨੂੰ ਆਪਣੇ ਆਪ ਤੋਂ ਉੱਤਮ ਜਾਣੋ।”—ਫ਼ਿਲਿੱਪੀਆਂ 2:3.
ਸ਼ਾਊਲ—ਇਕ ਬੇਸਬਰਾ ਰਾਜਾ
15. ਸ਼ਾਊਲ ਨੇ ਕਿਵੇਂ ਦਿਖਾਇਆ ਕਿ ਉਹ ਇਕ ਨਿਮਰ ਆਦਮੀ ਸੀ?
15 ਇਕ ਸਮੇਂ ਤੇ ਇਸਰਾਏਲ ਦਾ ਰਾਜਾ, ਸ਼ਾਊਲ ਬਹੁਤ ਹੀ ਨਿਮਰ ਆਦਮੀ ਹੁੰਦਾ ਸੀ। ਉਦਾਹਰਣ ਲਈ ਜ਼ਰਾ ਧਿਆਨ ਦਿਓ ਕਿ ਰਾਜਾ ਬਣਨ ਤੋਂ ਪਹਿਲਾਂ, ਜਦੋਂ ਉਹ ਨੌਜਵਾਨ ਸੀ, ਤਾਂ ਉਸ ਵੇਲੇ ਕੀ ਹੋਇਆ ਸੀ। ਜਦੋਂ ਪਰਮੇਸ਼ੁਰ ਦੇ ਨਬੀ ਸਮੂਏਲ ਨੇ ਉਸ ਦੀ ਸ਼ਲਾਘਾ ਕੀਤੀ ਸੀ, ਤਾਂ ਸ਼ਾਊਲ ਨੇ ਨਿਮਰਤਾ ਨਾਲ ਜਵਾਬ ਦਿੱਤਾ: “ਭਲਾ, ਮੈਂ ਬਿਨਯਾਮੀਨੀ ਨਹੀਂ ਜੋ ਇਸਰਾਏਲ ਦੇ ਸਭਨਾਂ ਗੋਤਾਂ ਵਿੱਚੋਂ ਛੋਟੇ ਗੋਤ ਦਾ ਹਾਂ ਅਤੇ ਮੇਰਾ ਟੱਬਰ ਬਿਨਯਾਮੀਨ ਦੇ ਗੋਤ ਦੇ ਸਾਰਿਆਂ ਟੱਬਰਾਂ ਵਿੱਚ ਸਭਨਾਂ ਨਾਲੋਂ ਬਹੁਤ ਛੋਟਾ ਨਹੀਂ? ਫੇਰ ਕੀ ਕਾਰਨ ਜੋ ਤੁਸੀਂ ਮੈਨੂੰ ਇਉਂ ਆਖਦੇ ਹੋ?”—1 ਸਮੂਏਲ 9:21.
16. ਸ਼ਾਊਲ ਨੇ ਕਿਵੇਂ ਬੇਸਬਰੀ ਦਿਖਾਈ?
16 ਪਰ ਬਾਅਦ ਵਿਚ ਸ਼ਾਊਲ ਨਿਮਰ ਆਦਮੀ ਨਹੀਂ ਰਿਹਾ। ਫਲਿਸਤੀਆਂ ਨਾਲ ਲੜਾਈ ਕਰਦੇ ਹੋਏ ਉਹ ਗਿਲਗਾਲ ਵੱਲ ਪਿੱਛੇ ਹੱਟ ਗਿਆ ਜਿੱਥੇ ਉਸ ਨੂੰ ਸਮੂਏਲ ਦੀ ਉਡੀਕ ਕਰਨ ਲਈ ਕਿਹਾ ਗਿਆ। ਸਮੂਏਲ ਨੇ ਆ ਕੇ ਬਲੀਆਂ ਚੜ੍ਹਾਉਣੀਆਂ ਸਨ ਤੇ ਪਰਮੇਸ਼ੁਰ ਨੂੰ ਬੇਨਤੀ ਕਰਨੀ ਸੀ। ਜਦੋਂ ਸਮੂਏਲ ਨਿਯਤ ਸਮੇਂ ਤੇ ਨਹੀਂ ਆਇਆ, ਤਾਂ ਸ਼ਾਊਲ ਨੇ ਆਪ ਹੋਮ ਦੀਆਂ ਬਲੀਆਂ ਚੜ੍ਹਾ ਕੇ ਗੁਸਤਾਖ਼ੀ ਕੀਤੀ। ਉਹ ਅਜੇ ਬਲੀਆਂ ਚੜ੍ਹਾ ਕੇ ਹੀ ਹਟਿਆ ਸੀ ਕਿ ਸਮੂਏਲ ਉੱਥੇ ਪਹੁੰਚ ਗਿਆ। “ਤੁਸਾਂ ਕੀ ਕੀਤਾ?” ਸਮੂਏਲ ਨੇ ਉਸ ਨੂੰ ਪੁੱਛਿਆ। ਸ਼ਾਊਲ ਨੇ ਜਵਾਬ ਦਿੱਤਾ: “ਮੈਂ ਜੋ ਡਿੱਠਾ ਭਈ ਲੋਕ ਮੇਰੇ ਕੋਲੋਂ ਖਿੰਡ ਗਏ ਹਨ ਅਤੇ ਤੂੰ ਠਹਿਰਾਏ ਹੋਏ ਦਿਨਾਂ ਵਿੱਚ ਨਾ ਆਇਆ . . . ਏਸ ਲਈ ਮੈਂ ਬੇ ਵਸ ਹੋ ਕੇ ਹੋਮ ਦੀ ਬਲੀ ਚੜ੍ਹਾਈ।”—1 ਸਮੂਏਲ 13:8-12.
17. (ੳ) ਇਸ ਬਿਰਤਾਂਤ ਨੂੰ ਪਹਿਲੀ ਵਾਰ ਪੜ੍ਹਨ ਤੇ ਇੱਦਾਂ ਕਿਉਂ ਲੱਗਦਾ ਹੈ ਕਿ ਸ਼ਾਊਲ ਨੇ ਜੋ ਕੀਤਾ ਉਹ ਠੀਕ ਸੀ? (ਅ) ਬੇਸਬਰੀ ਨਾਲ ਕੰਮ ਕਰਨ ਕਰਕੇ ਪਰਮੇਸ਼ੁਰ ਨੇ ਸ਼ਾਊਲ ਦੀ ਨਿੰਦਾ ਕਿਉਂ ਕੀਤੀ?
17 ਇਸ ਬਿਰਤਾਂਤ ਨੂੰ ਪਹਿਲੀ ਵਾਰ ਪੜ੍ਹਨ ਤੇ ਸਾਨੂੰ ਸ਼ਾਇਦ ਲੱਗੇ ਕਿ ਸ਼ਾਊਲ ਨੇ ਠੀਕ ਕੀਤਾ ਸੀ। ਪਰਮੇਸ਼ੁਰ ਦੇ ਲੋਕ “ਭੀੜ ਵਿੱਚ ਫਾਥੇ” ਤੇ “ਔਖੇ ਸਨ” ਅਤੇ ਆਪਣੀ ਨਿਰਾਸ਼ਾਜਨਕ ਹਾਲਤ ਕਰਕੇ ਡਰ ਨਾਲ ਕੰਬ ਰਹੇ ਸਨ। (1 ਸਮੂਏਲ 13:6, 7) ਇਹ ਠੀਕ ਹੈ ਕਿ ਹਾਲਾਤਾਂ ਕਰਕੇ ਪਹਿਲ ਕਰਨੀ ਗ਼ਲਤ ਨਹੀਂ ਹੈ।d ਪਰ ਯਾਦ ਰੱਖੋ ਕਿ ਯਹੋਵਾਹ ਦਿਲਾਂ ਨੂੰ ਪੜ੍ਹ ਸਕਦਾ ਹੈ ਤੇ ਜਾਣਦਾ ਹੈ ਕਿ ਸਾਡੇ ਇਰਾਦੇ ਕੀ ਹਨ। (1 ਸਮੂਏਲ 16:7) ਇਸ ਲਈ ਉਸ ਨੇ ਸ਼ਾਊਲ ਦੇ ਅੰਦਰ ਅਜਿਹੀਆਂ ਗੱਲਾਂ ਜ਼ਰੂਰ ਦੇਖੀਆਂ ਹੋਣਗੀਆਂ ਜੋ ਬਾਈਬਲ ਵਿਚ ਨਹੀਂ ਦੱਸੀਆਂ ਗਈਆਂ। ਉਦਾਹਰਣ ਲਈ ਯਹੋਵਾਹ ਨੇ ਸ਼ਾਇਦ ਦੇਖਿਆ ਹੋਵੇਗਾ ਕਿ ਸ਼ਾਊਲ ਆਪਣੇ ਘਮੰਡ ਦੇ ਕਾਰਨ ਬੇਸਬਰਾ ਹੋ ਗਿਆ ਸੀ। ਸ਼ਾਊਲ ਸ਼ਾਇਦ ਅੰਦਰੋਂ ਬਹੁਤ ਚਿੜ ਗਿਆ ਕਿ ਉਸ ਨੂੰ, ਜੋ ਸਾਰੇ ਇਸਰਾਏਲ ਦਾ ਰਾਜਾ ਹੈ, ਆਪਣੇ ਕੰਮ ਵਿਚ ਢਿੱਲ-ਮੱਠ ਕਰਨ ਵਾਲੇ ਬੁੱਢੇ ਨਬੀ ਦੀ ਉਡੀਕ ਕਰਨੀ ਪੈ ਰਹੀ ਸੀ! ਇਸ ਲਈ ਸ਼ਾਊਲ ਨੇ ਸੋਚਿਆ ਕਿ ਸਮੂਏਲ ਦੇਰ ਕਰ ਰਿਹਾ ਸੀ ਤੇ ਇਸ ਕਰਕੇ ਉਸ ਨੂੰ ਇਹ ਮਾਮਲਾ ਆਪਣੇ ਹੱਥਾਂ ਵਿਚ ਲੈਣ ਅਤੇ ਸਮੂਏਲ ਦੀਆਂ ਸਪੱਸ਼ਟ ਹਿਦਾਇਤਾਂ ਦੀ ਉਲੰਘਣਾ ਕਰਨ ਦਾ ਹੱਕ ਹੈ। ਇਸ ਦਾ ਨਤੀਜਾ ਕੀ ਨਿਕਲਿਆ? ਸਮੂਏਲ ਨੇ ਸ਼ਾਊਲ ਦੇ ਇਸ ਕੰਮ ਦੀ ਸ਼ਲਾਘਾ ਨਹੀਂ ਕੀਤੀ। ਇਸ ਦੇ ਉਲਟ ਉਸ ਨੇ ਸ਼ਾਊਲ ਨੂੰ ਸਜ਼ਾ ਸੁਣਾਈ: “ਹੁਣ ਤਾਂ ਤੇਰਾ ਰਾਜ ਨਾ ਠਹਿਰੇਗਾ . . . ਕਿਉਂ ਜੋ ਤੈਂ ਯਹੋਵਾਹ ਦੀ ਆਗਿਆ ਨੂੰ ਜੋ ਉਸ ਨੇ ਤੈਨੂੰ ਦਿੱਤੀ ਸੀ ਨਹੀਂ ਮੰਨਿਆ।” (1 ਸਮੂਏਲ 13:13, 14) ਇਕ ਵਾਰ ਫਿਰ ਹੰਕਾਰ ਦੇ ਕਰਕੇ ਸਿਰ ਨੀਵਾਂ ਹੋਇਆ।
ਬੇਸਬਰੇ ਹੋਣ ਤੋਂ ਬਚੋ
18, 19. (ੳ) ਸਮਝਾਓ ਕਿ ਪਰਮੇਸ਼ੁਰ ਦਾ ਸੇਵਕ ਬੇਸਬਰਾ ਹੋ ਕੇ ਕਿਵੇਂ ਹੰਕਾਰ ਵਿਚ ਆ ਕੇ ਕੰਮ ਕਰ ਸਕਦਾ ਹੈ। (ਅ) ਸਾਨੂੰ ਕਲੀਸਿਯਾ ਨੂੰ ਚਲਾਉਣ ਦੇ ਸੰਬੰਧ ਵਿਚ ਕੀ ਯਾਦ ਰੱਖਣਾ ਚਾਹੀਦਾ ਹੈ?
18 ਸ਼ਾਊਲ ਨੇ ਹੰਕਾਰ ਵਿਚ ਆ ਕੇ ਜੋ ਕੰਮ ਕੀਤਾ ਸੀ, ਉਹ ਸਾਡੇ ਫ਼ਾਇਦੇ ਲਈ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਦਰਜ ਕੀਤਾ ਗਿਆ ਹੈ। (1 ਕੁਰਿੰਥੀਆਂ 10:11) ਆਪਣੇ ਭਰਾਵਾਂ ਵਿਚ ਖ਼ਾਮੀਆਂ ਦੇਖ ਕੇ ਖਿੱਝਣਾ ਬਹੁਤ ਆਸਾਨ ਹੈ। ਸ਼ਾਊਲ ਵਾਂਗ ਅਸੀਂ ਵੀ ਸ਼ਾਇਦ ਬੇਸਬਰੇ ਹੋ ਜਾਈਏ ਤੇ ਮਹਿਸੂਸ ਕਰੀਏ ਕਿ ਸਾਨੂੰ ਸਭ ਕੁਝ ਆਪਣੇ ਹੱਥੀਂ ਕਰਨਾ ਚਾਹੀਦਾ ਹੈ। ਉਦਾਹਰਣ ਲਈ, ਮੰਨ ਲਓ ਕਿ ਇਕ ਭਰਾ ਕੁਝ ਕੰਮ ਚੰਗੇ ਤਰੀਕੇ ਨਾਲ ਕਰਨ ਵਿਚ ਬਹੁਤ ਮਾਹਰ ਹੈ। ਉਹ ਸਮੇਂ ਦਾ ਪਾਬੰਦ ਹੈ, ਕਲੀਸਿਯਾ ਨੂੰ ਚਲਾਉਣ ਦੇ ਤਰੀਕੇ ਜਾਣਦਾ ਹੈ ਅਤੇ ਉਸ ਵਿਚ ਭਾਸ਼ਣ ਦੇਣ ਅਤੇ ਸਿਖਾਉਣ ਦੀ ਕਲਾ ਹੈ। ਇਸ ਦੇ ਨਾਲ-ਨਾਲ ਜੇ ਉਹ ਮਹਿਸੂਸ ਕਰਦਾ ਹੈ ਕਿ ਦੂਸਰੇ ਉਸ ਵਾਂਗ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ ਹਨ ਤੇ ਉਹ ਆਪਣੇ ਕੰਮ ਵਿਚ ਬਿਲਕੁਲ ਮਾਹਰ ਨਹੀਂ ਹਨ, ਤਾਂ ਕੀ ਇਸ ਕਰਕੇ ਉਸ ਨੂੰ ਬੇਸਬਰੇ ਹੋਣਾ ਚਾਹੀਦਾ ਹੈ? ਕੀ ਉਸ ਨੂੰ ਆਪਣੇ ਭਰਾਵਾਂ ਦੀ ਆਲੋਚਨਾ ਕਰਨੀ ਚਾਹੀਦੀ ਹੈ ਤੇ ਇਹ ਦਿਖਾਉਣਾ ਚਾਹੀਦਾ ਹੈ ਕਿ ਉਸ ਦੇ ਸਿਰ ਤੇ ਹੀ ਕਲੀਸਿਯਾ ਚੱਲ ਰਹੀ ਹੈ ਅਤੇ ਉਸ ਤੋਂ ਬਿਨਾਂ ਕਲੀਸਿਯਾ ਬੰਦ ਹੋ ਜਾਵੇਗੀ? ਇਹ ਹੰਕਾਰ ਹੈ।
19 ਅਸਲ ਵਿਚ ਕਿਹੜੀ ਚੀਜ਼ ਮਸੀਹੀ ਕਲੀਸਿਯਾ ਨੂੰ ਚਲਾਉਂਦੀ ਹੈ? ਕੀ ਚੰਗਾ ਪ੍ਰਬੰਧ ਕਰਨ ਦੀ ਮਹਾਰਤ? ਨਿਪੁੰਨਤਾ? ਗਿਆਨ? ਇਹ ਠੀਕ ਹੈ ਕਿ ਜੇਕਰ ਭਰਾਵਾਂ ਵਿਚ ਇਹ ਸਾਰੀਆਂ ਚੀਜ਼ਾਂ ਹਨ, ਤਾਂ ਕਲੀਸਿਯਾ ਚੰਗੀ ਤਰ੍ਹਾਂ ਚਲਾਈ ਜਾ ਸਕਦੀ ਹੈ। (1 ਕੁਰਿੰਥੀਆਂ 14:40; ਫ਼ਿਲਿੱਪੀਆਂ 3:16; 2 ਪਤਰਸ 3:18) ਪਰ ਯਿਸੂ ਨੇ ਕਿਹਾ ਸੀ ਕਿ ਉਸ ਦੇ ਪੈਰੋਕਾਰ ਖ਼ਾਸ ਕਰਕੇ ਆਪਣੇ ਪਿਆਰ ਤੋਂ ਪਛਾਣੇ ਜਾਣਗੇ। (ਯੂਹੰਨਾ 13:35) ਇਸੇ ਕਰਕੇ ਪਰਵਾਹ ਕਰਨ ਵਾਲੇ ਬਜ਼ੁਰਗ ਚਾਹੇ ਸਾਰੇ ਕੰਮ ਸਲੀਕੇ ਨਾਲ ਕਰਦੇ ਹਨ, ਪਰ ਉਹ ਇਹ ਜਾਣਦੇ ਹਨ ਕਿ ਕਲੀਸਿਯਾ ਕੋਈ ਕਾਰੋਬਾਰ ਨਹੀਂ ਹੈ ਜਿਸ ਨੂੰ ਚਲਾਉਣ ਲਈ ਬਹੁਤ ਸਖ਼ਤ ਪ੍ਰਬੰਧਾਂ ਦੀ ਲੋੜ ਪੈਂਦੀ ਹੈ। ਸਗੋਂ ਕਲੀਸਿਯਾ ਵਿਚ ਝੁੰਡ ਨੂੰ ਪਿਆਰ ਤੇ ਦੇਖ-ਭਾਲ ਦੀ ਲੋੜ ਹੈ। (ਯਸਾਯਾਹ 32:1, 2; 40:11) ਹੰਕਾਰੀ ਬਣ ਕੇ ਅਜਿਹੇ ਸਿਧਾਂਤਾਂ ਨੂੰ ਅਣਗੌਲਿਆਂ ਕਰਨ ਨਾਲ ਝਗੜੇ ਹੋ ਸਕਦੇ ਹਨ। ਇਸ ਤੋਂ ਉਲਟ ਪਰਮੇਸ਼ੁਰ ਦੇ ਤਰੀਕੇ ਅਨੁਸਾਰ ਕੰਮ ਕਰਨ ਨਾਲ ਕਲੀਸਿਯਾ ਵਿਚ ਸ਼ਾਂਤੀ ਰਹਿੰਦੀ ਹੈ।—1 ਕੁਰਿੰਥੀਆਂ 14:33; ਗਲਾਤੀਆਂ 6:16.
20. ਅਗਲੇ ਲੇਖ ਵਿਚ ਕਿਸ ਗੱਲ ਉੱਤੇ ਚਰਚਾ ਕੀਤੀ ਜਾਵੇਗੀ?
20 ਕੋਰਹ, ਅਬਸ਼ਾਲੋਮ ਤੇ ਸ਼ਾਊਲ ਉੱਤੇ ਵਿਚਾਰ ਕਰਨ ਤੋਂ ਬਾਅਦ ਇਹ ਗੱਲ ਸਪੱਸ਼ਟ ਹੈ ਕਿ ਹੰਕਾਰ ਦੇ ਕਾਰਨ ਹਮੇਸ਼ਾ ਸਿਰ ਨੀਵਾਂ ਹੁੰਦਾ ਹੈ, ਜਿਵੇਂ ਕਿ ਕਹਾਉਤਾਂ 11:2 ਵਿਚ ਲਿਖਿਆ ਹੈ। ਪਰ ਇਹੀ ਆਇਤ ਅੱਗੇ ਕਹਿੰਦੀ ਹੈ: “ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।” (ਨਵਾਂ ਅਨੁਵਾਦ) ਨਿਮਰਤਾ ਕੀ ਹੈ? ਬਾਈਬਲ ਵਿਚ ਕਿਹੜੀਆਂ ਉਦਾਹਰਣਾਂ ਇਸ ਗੁਣ ਉੱਤੇ ਚਾਨਣਾ ਪਾਉਂਦੀਆਂ ਹਨ ਅਤੇ ਅਸੀਂ ਅੱਜ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ? ਇਨ੍ਹਾਂ ਸਵਾਲਾਂ ਉੱਤੇ ਅਗਲੇ ਲੇਖ ਵਿਚ ਚਰਚਾ ਕੀਤੀ ਜਾਵੇਗੀ।
[ਫੁਟਨੋਟ]
a ਰਊਬੇਨ ਯਾਕੂਬ ਦਾ ਜੇਠਾ ਪੁੱਤਰ ਸੀ। ਮੂਸਾ ਲੇਵੀ ਦੇ ਗੋਤ ਵਿੱਚੋਂ ਸੀ। ਇਸ ਲਈ ਜਿਨ੍ਹਾਂ ਰਊਬੇਨੀਆਂ ਨੂੰ ਕੋਰਹ ਨੇ ਬਗਾਵਤ ਕਰਨ ਲਈ ਭੜਕਾਇਆ ਸੀ, ਉਹ ਸ਼ਾਇਦ ਮਨ ਹੀ ਮਨ ਵਿਚ ਇਸ ਗੱਲ ਤੇ ਚਿੜਦੇ ਹੋਣੇ ਕਿ ਮੂਸਾ ਉਨ੍ਹਾਂ ਉੱਤੇ ਅਧਿਕਾਰ ਰੱਖਦਾ ਸੀ।
b ਦਾਊਦ ਦੇ ਦੂਸਰੇ ਪੁੱਤਰ, ਕਿਲਆਬ ਦਾ ਉਸ ਦੇ ਜਨਮ ਤੋਂ ਬਾਅਦ ਕੋਈ ਜ਼ਿਕਰ ਨਹੀਂ ਆਉਂਦਾ ਹੈ। ਸ਼ਾਇਦ ਉਹ ਅਬਸ਼ਾਲੋਮ ਦੇ ਬਗਾਵਤ ਕਰਨ ਤੋਂ ਕੁਝ ਸਮਾਂ ਪਹਿਲਾਂ ਮਰ ਗਿਆ ਸੀ।
c ਬਾਈਬਲ ਸਮਿਆਂ ਵਿਚ, ਜਦੋਂ ਕੋਈ ਮਰ ਜਾਂਦਾ ਸੀ, ਤਾਂ ਉਸ ਦੀ ਲਾਸ਼ ਨੂੰ ਬਹੁਤ ਹੀ ਸਨਮਾਨ ਨਾਲ ਦਫ਼ਨਾਇਆ ਜਾਂਦਾ ਸੀ। ਇਸ ਲਈ ਜੇ ਕਿਸੇ ਦੀ ਲਾਸ਼ ਨੂੰ ਦਫ਼ਨਾਇਆ ਨਹੀਂ ਜਾਂਦਾ ਸੀ, ਤਾਂ ਇਹ ਬੁਰੀ ਗੱਲ ਸਮਝਦੀ ਜਾਂਦੀ ਸੀ ਅਤੇ ਇਸ ਤੋਂ ਪਰਮੇਸ਼ੁਰ ਦੀ ਨਾਮਨਜ਼ੂਰੀ ਦਾ ਸੰਕੇਤ ਮਿਲਦਾ ਸੀ।—ਯਿਰਮਿਯਾਹ 25:32, 33.
d ਉਦਾਹਰਣ ਲਈ, ਇਕ ਆਫ਼ਤ ਕਾਰਨ ਹਜ਼ਾਰਾਂ ਇਸਰਾਏਲੀ ਮਾਰੇ ਗਏ ਸਨ ਪਰ ਫ਼ੀਨਹਾਸ ਨੇ ਇਸ ਨੂੰ ਰੋਕਣ ਲਈ ਫਟਾਫਟ ਕਦਮ ਚੁੱਕਿਆ। ਦਾਊਦ ਨੇ ਆਪਣੇ ਭੁੱਖੇ ਆਦਮੀਆਂ ਨੂੰ ਹੈਕਲ ਵਿਚ ਹਜ਼ੂਰੀ ਦੀ ਰੋਟੀ ਖਾਣ ਲਈ ਕਿਹਾ। ਪਰਮੇਸ਼ੁਰ ਨੇ ਉਨ੍ਹਾਂ ਦੋਵਾਂ ਨੂੰ ਹੰਕਾਰੀ ਨਹੀਂ ਸਮਝਿਆ ਤੇ ਉਨ੍ਹਾਂ ਦੇ ਕੰਮਾਂ ਕਰਕੇ ਉਨ੍ਹਾਂ ਦੀ ਭੰਡੀ ਨਹੀਂ ਕੀਤੀ।—ਮੱਤੀ 12:2-4; ਗਿਣਤੀ 25:7-9; 1 ਸਮੂਏਲ 21:1-6.
-
-
“ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ”ਪਹਿਰਾਬੁਰਜ—2000 | ਅਗਸਤ 1
-
-
“ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ”
“ਯਹੋਵਾਹ ਤੈਥੋਂ ਹੋਰ ਕੀ ਮੰਗਦਾ ਪਰ ਏਹ ਕਿ ਤੂੰ . . . ਅਧੀਨ [“ਨਿਮਰ,” “ਨਿ ਵ”] ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲ?”—ਮੀਕਾਹ 6:8.
1, 2. ਨਿਮਰਤਾ ਕੀ ਹੈ ਅਤੇ ਇਹ ਹੰਕਾਰ ਤੋਂ ਕਿਵੇਂ ਉਲਟ ਹੈ?
ਇਕ ਅਹਿਮ ਰਸੂਲ ਆਪਣੇ ਵੱਲ ਲੋਕਾਂ ਦਾ ਧਿਆਨ ਨਹੀਂ ਖਿੱਚਦਾ ਹੈ। ਇਸਰਾਏਲ ਦਾ ਇਕ ਦਲੇਰ ਨਿਆਂਕਾਰ ਆਪਣੇ ਆਪ ਨੂੰ ਆਪਣੇ ਪਿਤਾ ਦੇ ਘਰ ਵਿਚ ਸਭ ਤੋਂ ਛੋਟਾ ਕਹਿੰਦਾ ਹੈ। ਇਸ ਧਰਤੀ ਉੱਤੇ ਰਹਿ ਚੁੱਕੇ ਸਭ ਤੋਂ ਮਹਾਨ ਵਿਅਕਤੀ ਨੇ ਇਹ ਮੰਨਿਆ ਕਿ ਉਸ ਕੋਲ ਅਸੀਮ ਸ਼ਕਤੀ ਨਹੀਂ ਹੈ। ਇਨ੍ਹਾਂ ਤਿੰਨਾਂ ਇਨਸਾਨਾਂ ਨੇ ਨਿਮਰਤਾ ਦਿਖਾਈ।
2 ਨਿਮਰਤਾ ਹੰਕਾਰ ਦਾ ਉਲਟ ਹੈ। ਜਿਹੜਾ ਇਨਸਾਨ ਨਿਮਰ ਹੁੰਦਾ ਹੈ, ਉਹ ਹਮੇਸ਼ਾ ਆਪਣੀਆਂ ਯੋਗਤਾਵਾਂ ਬਾਰੇ ਸਹੀ ਨਜ਼ਰੀਆ ਰੱਖਦਾ ਹੈ ਤੇ ਉਸ ਵਿਚ ਘਮੰਡ ਨਹੀਂ ਹੁੰਦਾ। ਨਿਮਰ ਵਿਅਕਤੀ ਘਮੰਡੀ, ਸ਼ੇਖ਼ੀਬਾਜ਼ ਜਾਂ ਅਭਿਲਾਸ਼ੀ ਹੋਣ ਦੀ ਬਜਾਇ ਹਮੇਸ਼ਾ ਆਪਣੀਆਂ ਹੱਦਾਂ ਵਿਚ ਰਹਿੰਦਾ ਹੈ। ਇਸ ਲਈ ਉਹ ਦੂਸਰਿਆਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਦਾ ਆਦਰ ਕਰਦਾ ਹੈ ਤੇ ਉਨ੍ਹਾਂ ਬਾਰੇ ਸੋਚਦਾ ਹੈ।
3. ਕਿਵੇਂ “ਨਮਰ” ਵਿਅਕਤੀ ਬੁੱਧੀਮਾਨ ਹੁੰਦਾ ਹੈ?
3 ਇਸੇ ਕਰਕੇ ਬਾਈਬਲ ਕਹਿੰਦੀ ਹੈ: “ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।” (ਕਹਾਉਤਾਂ 11:2) ਨਿਮਰ ਵਿਅਕਤੀ ਇਸ ਕਰਕੇ ਬੁੱਧੀਮਾਨ ਹੁੰਦਾ ਹੈ ਕਿਉਂਕਿ ਉਹ ਪਰਮੇਸ਼ੁਰ ਦੇ ਰਾਹ ਤੇ ਚੱਲਦਾ ਹੈ ਅਤੇ ਹੰਕਾਰ ਨਹੀਂ ਕਰਦਾ ਜਿਸ ਕਰਕੇ ਉਸ ਦਾ ਸਿਰ ਨੀਵਾਂ ਨਹੀਂ ਹੁੰਦਾ। (ਕਹਾਉਤਾਂ 8:13; 1 ਪਤਰਸ 5:5) ਪਰਮੇਸ਼ੁਰ ਦੇ ਬਹੁਤ ਸਾਰੇ ਸੇਵਕਾਂ ਨੇ ਇਹ ਗੱਲ ਸੱਚ ਸਿੱਧ ਕੀਤੀ ਹੈ ਕਿ ਨਿਮਰ ਵਿਅਕਤੀ ਬੁੱਧੀਮਾਨ ਹੁੰਦਾ ਹੈ। ਆਓ ਪਹਿਲੇ ਪੈਰੇ ਵਿਚ ਜ਼ਿਕਰ ਕੀਤੇ ਗਏ ਤਿੰਨ ਵਿਅਕਤੀਆਂ ਉੱਤੇ ਗੌਰ ਕਰੀਏ।
ਪੌਲੁਸ—“ਸੇਵਕ” ਅਤੇ “ਮੁਖਤਿਆਰ”
4. ਪੌਲੁਸ ਨੇ ਕਿਹੜੇ ਵਿਸ਼ੇਸ਼ ਸਨਮਾਨਾਂ ਦਾ ਆਨੰਦ ਮਾਣਿਆ ਸੀ?
4 ਪੌਲੁਸ ਪਹਿਲੀ ਸਦੀ ਦੇ ਮਸੀਹੀਆਂ ਵਿਚ ਇਕ ਅਹਿਮ ਵਿਅਕਤੀ ਸੀ। ਆਪਣੀ ਸੇਵਕਾਈ ਦੌਰਾਨ ਉਸ ਨੇ ਸਮੁੰਦਰ ਅਤੇ ਜ਼ਮੀਨ ਤੇ ਹਜ਼ਾਰਾਂ ਕਿਲੋਮੀਟਰ ਸਫ਼ਰ ਕੀਤਾ ਤੇ ਬਹੁਤ ਸਾਰੀਆਂ ਕਲੀਸਿਯਾਵਾਂ ਸਥਾਪਿਤ ਕੀਤੀਆਂ। ਇਸ ਤੋਂ ਇਲਾਵਾ ਯਹੋਵਾਹ ਨੇ ਪੌਲੁਸ ਨੂੰ ਬਹੁਤ ਸਾਰੇ ਦਰਸ਼ਣ ਦਿਖਾਏ ਤੇ ਵਿਦੇਸ਼ੀ ਭਾਸ਼ਾਵਾਂ ਬੋਲਣ ਦੀ ਦਾਤ ਬਖ਼ਸ਼ੀ। (1 ਕੁਰਿੰਥੀਆਂ 14:18; 2 ਕੁਰਿੰਥੀਆਂ 12:1-5) ਪਰਮੇਸ਼ੁਰ ਨੇ ਪੌਲੁਸ ਨੂੰ 14 ਚਿੱਠੀਆਂ ਲਿਖਣ ਲਈ ਪ੍ਰੇਰਿਆ ਜੋ ਹੁਣ ਬਾਈਬਲ ਦਾ ਇਕ ਹਿੱਸਾ ਹਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਪੌਲੁਸ ਨੇ ਬਾਕੀ ਸਾਰੇ ਰਸੂਲਾਂ ਨਾਲੋਂ ਜ਼ਿਆਦਾ ਮਿਹਨਤ ਕੀਤੀ।—1 ਕੁਰਿੰਥੀਆਂ 15:10.
5. ਪੌਲੁਸ ਆਪਣੇ ਬਾਰੇ ਕੀ ਸੋਚਦਾ ਸੀ?
5 ਕਿਉਂਕਿ ਪੌਲੁਸ ਮਸੀਹੀ ਸੇਵਕਾਈ ਵਿਚ ਮੋਹਰੀ ਸੀ, ਇਸ ਲਈ ਕੁਝ ਲੋਕਾਂ ਨੇ ਸੋਚਿਆ ਹੋਣਾ ਕਿ ਉਹ ਸ਼ੁਹਰਤ ਦਾ ਆਨੰਦ ਮਾਣ ਰਿਹਾ ਸੀ, ਇੱਥੋਂ ਤਕ ਕਿ ਆਪਣੇ ਅਧਿਕਾਰ ਦਾ ਜਾਣ-ਬੁੱਝ ਕੇ ਦਿਖਾਵਾ ਕਰ ਰਿਹਾ ਸੀ। ਪਰ ਪੌਲੁਸ ਨੇ ਇਸ ਤਰ੍ਹਾਂ ਕਦੀ ਨਹੀਂ ਕੀਤਾ। ਉਹ ਇਕ ਨਿਮਰ ਵਿਅਕਤੀ ਸੀ। ਉਸ ਨੇ ਆਪਣੇ ਆਪ ਨੂੰ “ਸਭਨਾਂ ਰਸੂਲਾਂ ਨਾਲੋਂ ਛੋਟਾ” ਕਿਹਾ ਤੇ ਇਹ ਵੀ ਕਿਹਾ ਕਿ ਉਹ ‘ਰਸੂਲ ਸਦਾਉਣ ਦੇ ਜੋਗ ਨਹੀਂ ਇਸ ਲਈ ਜੋ ਉਸ ਨੇ ਪਰਮੇਸ਼ੁਰ ਦੀ ਕਲੀਸਿਯਾ ਨੂੰ ਸਤਾਇਆ ਸੀ।” (1 ਕੁਰਿੰਥੀਆਂ 15:9) ਉਹ ਪਹਿਲਾਂ ਮਸੀਹੀਆਂ ਨੂੰ ਸਤਾਇਆ ਕਰਦਾ ਸੀ। ਪਰ, ਉਹ ਇਹ ਗੱਲ ਕਦੀ ਨਹੀਂ ਭੁੱਲਿਆ ਕਿ ਪਰਮੇਸ਼ੁਰ ਨਾਲ ਉਸ ਦਾ ਜੋ ਚੰਗਾ ਰਿਸ਼ਤਾ ਸੀ ਤੇ ਸੇਵਾ ਵਿਚ ਉਸ ਨੂੰ ਜੋ ਵਿਸ਼ੇਸ਼ ਸਨਮਾਨ ਮਿਲੇ ਸਨ, ਉਹ ਸਿਰਫ਼ ਪਰਮੇਸ਼ੁਰ ਦੀ ਅਪਾਰ ਕਿਰਪਾ ਨਾਲ ਹੀ ਮਿਲੇ ਸਨ ਜਿਸ ਦੇ ਉਹ ਯੋਗ ਨਹੀਂ ਸੀ। (ਯੂਹੰਨਾ 6:44; ਅਫ਼ਸੀਆਂ 2:8) ਇਸ ਲਈ ਪੌਲੁਸ ਨੇ ਕਦੀ ਇਹ ਨਹੀਂ ਸੋਚਿਆ ਸੀ ਕਿ ਉਸ ਨੇ ਸੇਵਕਾਈ ਵਿਚ ਜੋ ਬੇਹਿਸਾਬ ਕੰਮ ਕੀਤਾ ਸੀ, ਉਸ ਕਰਕੇ ਉਹ ਦੂਜਿਆਂ ਨਾਲੋਂ ਉੱਚਾ ਸੀ।—1 ਕੁਰਿੰਥੀਆਂ 9:16.
6. ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਨਾਲ ਪੇਸ਼ ਆਉਣ ਵਿਚ ਕਿਵੇਂ ਨਿਮਰਤਾ ਦਿਖਾਈ?
6 ਪੌਲੁਸ ਕੁਰਿੰਥੁਸ ਦੇ ਮਸੀਹੀਆਂ ਨਾਲ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਉਸ ਦੀ ਨਿਮਰਤਾ ਸਾਫ਼ ਪਤਾ ਚੱਲਦੀ ਹੈ। ਉਸ ਵੇਲੇ ਕੁਝ ਮਸੀਹੀ ਭੈਣ-ਭਰਾ ਅਪੁੱਲੋਸ, ਕੇਫਾਸ ਤੇ ਪੌਲੁਸ ਵਰਗੇ ਕਈ ਨਿਗਾਹਬਾਨਾਂ ਨੂੰ ਅਹਿਮ ਸਮਝਦੇ ਸਨ ਤੇ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਸਨ। (1 ਕੁਰਿੰਥੀਆਂ 1:11-15) ਪਰ ਪੌਲੁਸ ਨੇ ਕੁਰਿੰਥੁਸ ਦੇ ਮਸੀਹੀਆਂ ਤੋਂ ਕਦੀ ਸ਼ਲਾਘਾ ਨਹੀਂ ਚਾਹੀ ਤੇ ਨਾ ਹੀ ਉਨ੍ਹਾਂ ਦੀ ਸ਼ਲਾਘਾ ਦਾ ਫ਼ਾਇਦਾ ਉਠਾਇਆ। ਜਦੋਂ ਉਹ ਉਨ੍ਹਾਂ ਨੂੰ ਮਿਲਣ ਗਿਆ, ਤਾਂ ਉਸ ਨੇ “ਬਚਨ ਯਾ ਗਿਆਨ ਦੀ ਉੱਤਮਤਾਈ” ਨਾਲ ਆਪਣੇ ਆਪ ਨੂੰ ਪੇਸ਼ ਨਹੀਂ ਕੀਤਾ। ਇਸ ਦੀ ਬਜਾਇ ਪੌਲੁਸ ਨੇ ਆਪਣੇ ਤੇ ਆਪਣੇ ਸਾਥੀਆਂ ਬਾਰੇ ਕਿਹਾ: “ਆਦਮੀ ਸਾਨੂੰ ਇਉਂ ਜਾਣੇ ਜਿਉਂ ਮਸੀਹ ਦੇ ਸੇਵਕ ਅਤੇ ਪਰਮੇਸ਼ੁਰ ਦੇ ਭੇਤਾਂ ਦੇ ਮੁਖਤਿਆਰ।”a—1 ਕੁਰਿੰਥੀਆਂ 2:1-5; 4:1.
7. ਪੌਲੁਸ ਨੇ ਸਲਾਹ ਦਿੰਦੇ ਸਮੇਂ ਵੀ ਕਿਵੇਂ ਨਿਮਰਤਾ ਦਿਖਾਈ?
7 ਪੌਲੁਸ ਨੇ ਸਖ਼ਤ ਸਲਾਹ ਤੇ ਨਿਰਦੇਸ਼ਨ ਦਿੰਦੇ ਸਮੇਂ ਵੀ ਨਿਮਰਤਾ ਦਿਖਾਈ। ਉਸ ਨੇ ਆਪਣੇ ਸਾਥੀ ਮਸੀਹੀਆਂ ਉੱਤੇ ਆਪਣੇ ਰਸੂਲ ਹੋਣ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਬਜਾਇ ਉਨ੍ਹਾਂ ਨੂੰ “ਪਰਮੇਸ਼ੁਰ ਦੀਆਂ ਰਹਮਤਾਂ” ਅਤੇ “ਪ੍ਰੇਮ ਦਾ ਵਾਸਤਾ ਪਾ ਕੇ” ਬੇਨਤੀ ਕੀਤੀ। (ਰੋਮੀਆਂ 12:1, 2; ਫਿਲੇਮੋਨ 8, 9) ਪੌਲੁਸ ਨੇ ਇਸ ਤਰ੍ਹਾਂ ਕਿਉਂ ਕੀਤਾ? ਕਿਉਂਕਿ ਉਹ ਅਸਲ ਵਿਚ ਆਪਣੇ ਆਪ ਨੂੰ ਆਪਣੇ ਭਰਾਵਾਂ ਦਾ ਸਹਿਕਰਮੀ ਸਮਝਦਾ ਸੀ, ਨਾ ਕਿ ‘ਉਨ੍ਹਾਂ ਦੀ ਨਿਹਚਾ ਉੱਤੇ ਹੁਕਮ ਚਲਾਉਣ’ ਵਾਲਾ। (2 ਕੁਰਿੰਥੀਆਂ 1:24) ਇਸ ਲਈ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਪੌਲੁਸ ਆਪਣੀ ਨਿਮਰਤਾ ਕਰਕੇ ਹੀ ਪਹਿਲੀ ਸਦੀ ਦੇ ਮਸੀਹੀਆਂ ਦਾ ਚਹੇਤਾ ਸੀ।—ਰਸੂਲਾਂ ਦੇ ਕਰਤੱਬ 20:36-38.
ਆਪਣੇ ਵਿਸ਼ੇਸ਼ ਸਨਮਾਨਾਂ ਪ੍ਰਤੀ ਸਹੀ ਨਜ਼ਰੀਆ
8, 9. (ੳ) ਸਾਨੂੰ ਆਪਣੇ ਬਾਰੇ ਸਹੀ ਨਜ਼ਰੀਆ ਕਿਉਂ ਰੱਖਣਾ ਚਾਹੀਦਾ ਹੈ? (ਅ) ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲਣ ਵਾਲੇ ਭਰਾ ਕਿਵੇਂ ਨਿਮਰਤਾ ਦਿਖਾ ਸਕਦੇ ਹਨ?
8 ਪੌਲੁਸ ਨੇ ਅੱਜ ਦੇ ਮਸੀਹੀਆਂ ਲਈ ਇਕ ਬਹੁਤ ਵਧੀਆ ਮਿਸਾਲ ਕਾਇਮ ਕੀਤੀ। ਚਾਹੇ ਸਾਨੂੰ ਕੋਈ ਵੀ ਜ਼ਿੰਮੇਵਾਰੀ ਕਿਉਂ ਨਾ ਸੌਂਪੀ ਹੋਵੇ, ਸਾਨੂੰ ਕਿਸੇ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਦੂਜਿਆਂ ਤੋਂ ਉੱਚੇ ਹਾਂ। ਪੌਲੁਸ ਨੇ ਲਿਖਿਆ: “ਜੇ ਕੋਈ ਆਪਣੇ ਆਪ ਨੂੰ ਕੁਝ ਸਮਝੇ ਅਤੇ ਹੋਵੇ ਕੁਝ ਵੀ ਨਾ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ।” (ਗਲਾਤੀਆਂ 6:3) ਕਿਉਂ? ਕਿਉਂਕਿ “ਸਭਨਾਂ ਨੇ ਪਾਪ ਕੀਤਾ ਅਤੇ ਪਰਮੇਸ਼ੁਰ ਦੇ ਪਰਤਾਪ ਤੋਂ ਰਹਿ ਗਏ ਹਨ।” (ਟੇਢੇ ਟਾਈਪ ਸਾਡੇ) (ਰੋਮੀਆਂ 3:23; 5:12) ਜੀ ਹਾਂ, ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਆਦਮ ਤੋਂ ਵਿਰਸੇ ਵਿਚ ਪਾਪ ਅਤੇ ਮੌਤ ਮਿਲੀ ਹੈ। ਜਦੋਂ ਸਾਨੂੰ ਕੋਈ ਵਿਸ਼ੇਸ਼ ਸਨਮਾਨ ਮਿਲਦਾ ਹੈ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੀ ਇਸ ਨੀਵੀਂ ਪਾਪਮਈ ਹਾਲਤ ਤੋਂ ਉੱਪਰ ਉੱਠ ਜਾਂਦੇ ਹਾਂ। (ਉਪਦੇਸ਼ਕ ਦੀ ਪੋਥੀ 9:2) ਜਿਸ ਤਰ੍ਹਾਂ ਪਰਮੇਸ਼ੁਰ ਨੇ ਪੌਲੁਸ ਉੱਤੇ ਕਿਰਪਾ ਕੀਤੀ ਸੀ, ਉਸੇ ਤਰ੍ਹਾਂ ਪਰਮੇਸ਼ੁਰ ਦੀ ਅਪਾਰ ਕਿਰਪਾ ਨਾਲ ਹੀ ਦੂਸਰੇ ਇਨਸਾਨ ਪਰਮੇਸ਼ੁਰ ਨਾਲ ਰਿਸ਼ਤਾ ਕਾਇਮ ਕਰ ਸਕਦੇ ਹਨ ਅਤੇ ਕੋਈ ਜ਼ਿੰਮੇਵਾਰੀ ਸੰਭਾਲ ਕੇ ਉਸ ਦੀ ਸੇਵਾ ਕਰ ਸਕਦੇ ਹਨ।—ਰੋਮੀਆਂ 3:12, 24.
9 ਇਕ ਨਿਮਰ ਵਿਅਕਤੀ ਉੱਪਰ ਦੱਸੀ ਗੱਲ ਜਾਣਦਾ ਹੈ, ਇਸ ਲਈ ਉਹ ਕਦੀ ਵੀ ਆਪਣੇ ਵਿਸ਼ੇਸ਼ ਸਨਮਾਨਾਂ ਕਰਕੇ ਸ਼ੇਖ਼ੀਆਂ ਨਹੀਂ ਮਾਰਦਾ। (1 ਕੁਰਿੰਥੀਆਂ 4:7) ਜਦੋਂ ਉਹ ਕਿਸੇ ਨੂੰ ਸਲਾਹ ਜਾਂ ਨਿਰਦੇਸ਼ਨ ਦਿੰਦਾ ਹੈ, ਤਾਂ ਉਹ ਇਕ ਸੰਗੀ ਕਾਮੇ ਦੀ ਹੈਸੀਅਤ ਨਾਲ ਦਿੰਦਾ ਹੈ, ਨਾ ਕਿ ਇਕ ਮਾਲਕ ਦੀ ਤਰ੍ਹਾਂ। ਜੇ ਕੋਈ ਵਿਅਕਤੀ ਕੁਝ ਖ਼ਾਸ ਕੰਮਾਂ ਵਿਚ ਮਾਹਰ ਹੈ ਤੇ ਇਸ ਕਰਕੇ ਉਹ ਦੂਸਰਿਆਂ ਤੋਂ ਸ਼ਲਾਘਾ ਚਾਹੁੰਦਾ ਹੈ ਜਾਂ ਉਨ੍ਹਾਂ ਦੁਆਰਾ ਕੀਤੀ ਸ਼ਲਾਘਾ ਦਾ ਫ਼ਾਇਦਾ ਉਠਾਉਂਦਾ ਹੈ, ਤਾਂ ਇਹ ਬਿਲਕੁਲ ਗ਼ਲਤ ਗੱਲ ਹੈ। (ਕਹਾਉਤਾਂ 25:27; ਮੱਤੀ 6:2-4) ਉਹੀ ਸ਼ਲਾਘਾ ਸੱਚੀ ਹੈ ਜੋ ਦੂਸਰੇ ਦਿਲੋਂ ਕਰਦੇ ਹਨ। ਜੇ ਦੂਸਰੇ ਸਾਡੀ ਸ਼ਲਾਘਾ ਕਰਦੇ ਹਨ, ਤਾਂ ਸਾਨੂੰ ਕਦੀ ਵੀ ਆਪਣੇ ਆਪ ਨੂੰ ਉੱਚਾ ਨਹੀਂ ਸਮਝਣਾ ਚਾਹੀਦਾ।—ਕਹਾਉਤਾਂ 27:2; ਰੋਮੀਆਂ 12:3.
10. ਸਮਝਾਓ ਕਿ ਕੁਝ ਭੈਣ-ਭਰਾ ਜਿਹੜੇ ਕਲੀਸਿਯਾ ਵਿਚ ਘੱਟ ਮਸ਼ਹੂਰ ਹਨ, ਉਹ ਕਿਸ ਤਰ੍ਹਾਂ “ਨਿਹਚਾ ਵਿੱਚ ਧਨੀ” ਹੋ ਸਕਦੇ ਹਨ।
10 ਜੇ ਸਾਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਤਾਂ ਨਿਮਰਤਾ ਸਾਡੀ ਮਦਦ ਕਰਦੀ ਹੈ ਕਿ ਅਸੀਂ ਆਪਣੇ ਆਪ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਅਹਿਮੀਅਤ ਨਾ ਦੇਈਏ ਤੇ ਕਲੀਸਿਯਾ ਵਿਚ ਇਹ ਪ੍ਰਭਾਵ ਨਾ ਛੱਡੀਏ ਕਿ ਇਹ ਸਾਡੇ ਜਤਨਾਂ ਤੇ ਕੰਮਾਂ ਕਰਕੇ ਹੀ ਵੱਧ-ਫੁੱਲ ਰਹੀ ਹੈ। ਉਦਾਹਰਣ ਲਈ, ਸਾਡੇ ਕੋਲ ਸਿਖਾਉਣ ਦੀ ਖ਼ਾਸ ਯੋਗਤਾ ਹੋ ਸਕਦੀ ਹੈ। (ਅਫ਼ਸੀਆਂ 4:11, 12) ਪਰ ਨਿਮਰਤਾ ਦਿਖਾਉਂਦੇ ਹੋਏ ਸਾਨੂੰ ਇਹ ਅਹਿਸਾਸ ਕਰਨਾ ਹੋਵੇਗਾ ਕਿ ਸਭਾਵਾਂ ਵਿਚ ਅਸੀਂ ਜੋ ਵੀ ਵੱਡੇ-ਵੱਡੇ ਸਬਕ ਸਿੱਖਦੇ ਹਾਂ, ਅਸੀਂ ਉਹ ਸਿਰਫ਼ ਪਲੇਟਫਾਰਮ ਉੱਤੋਂ ਹੀ ਨਹੀਂ ਸਿੱਖਦੇ ਹਾਂ। ਉਦਾਹਰਣ ਲਈ, ਕੀ ਤੁਹਾਨੂੰ ਇਕੱਲੀ ਮਾਤਾ ਜਾਂ ਪਿਤਾ ਨੂੰ ਦੇਖ ਕੇ ਖ਼ੁਸ਼ੀ ਨਹੀਂ ਹੁੰਦੀ ਜੋ ਆਪਣੇ ਬੱਚਿਆਂ ਨੂੰ ਸਭਾਵਾਂ ਵਿਚ ਨਿਯਮਿਤ ਤੌਰ ਤੇ ਲੈ ਕੇ ਆਉਂਦਾ ਹੈ? ਜਾਂ ਕਿਸੇ ਨਿਰਾਸ਼ ਭੈਣ-ਭਰਾ ਨੂੰ ਦੇਖ ਕੇ ਹੌਸਲਾ ਨਹੀਂ ਮਿਲਦਾ ਜਿਹੜਾ ਨਿਕੰਮੇਪਣ ਦੀਆਂ ਭਾਵਨਾਵਾਂ ਨਾਲ ਸੰਘਰਸ਼ ਕਰਦਾ ਹੋਇਆ ਸਭਾਵਾਂ ਵਿਚ ਆਉਂਦਾ ਹੈ? ਜਾਂ ਕੀ ਉਨ੍ਹਾਂ ਨੌਜਵਾਨਾਂ ਨੂੰ ਦੇਖ ਕੇ ਖ਼ੁਸ਼ੀ ਨਹੀਂ ਹੁੰਦੀ ਜਿਹੜੇ ਸਕੂਲ-ਕਾਲਜ ਜਾਂ ਦੂਸਰੀਆਂ ਥਾਵਾਂ ਤੇ ਬੁਰੇ ਪ੍ਰਭਾਵਾਂ ਦੇ ਬਾਵਜੂਦ ਵੀ ਅਧਿਆਤਮਿਕ ਤੌਰ ਤੇ ਤਰੱਕੀ ਕਰਦੇ ਹਨ? (ਜ਼ਬੂਰ 84:10) ਸ਼ਾਇਦ ਇਨ੍ਹਾਂ ਵੱਲ ਦੂਸਰਿਆਂ ਦਾ ਧਿਆਨ ਨਾ ਜਾਂਦਾ ਹੋਵੇ। ਇਹ ਵਿਅਕਤੀ ਆਪਣੀ ਖਰਿਆਈ ਨੂੰ ਕਾਇਮ ਰੱਖਣ ਲਈ ਜਿਹੜੀਆਂ ਅਜ਼ਮਾਇਸ਼ਾਂ ਵਿੱਚੋਂ ਗੁਜ਼ਰਦੇ ਹਨ, ਉਨ੍ਹਾਂ ਤੋਂ ਦੂਸਰੇ ਜ਼ਿਆਦਾ ਕਰਕੇ ਅਣਜਾਣ ਹੁੰਦੇ ਹਨ। ਪਰ ਉਹ ਉਨ੍ਹਾਂ ਲੋਕਾਂ ਜਿੰਨੇ ਹੀ “ਨਿਹਚਾ ਵਿੱਚ ਧਨੀ” ਹੁੰਦੇ ਹਨ ਜਿਹੜੇ ਕਲੀਸਿਯਾ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। (ਯਾਕੂਬ 2:5) ਅਖ਼ੀਰ ਵਿਚ ਤਾਂ ਸਾਰਿਆਂ ਨੂੰ ਆਪਣੀ ਨਿਹਚਾ ਜਾਂ ਵਫ਼ਾਦਾਰੀ ਕਰਕੇ ਹੀ ਯਹੋਵਾਹ ਦੀ ਮਿਹਰ ਪ੍ਰਾਪਤ ਹੋਵੇਗੀ।—ਮੱਤੀ 10:22; 1 ਕੁਰਿੰਥੀਆਂ 4:2.
ਗਿਦਾਊਨ—ਆਪਣੇ ਪਿਤਾ ਦੇ ਪਰਿਵਾਰ ਵਿਚ “ਸਭ ਤੋਂ ਨਿੱਕਾ”
11. ਪਰਮੇਸ਼ੁਰ ਦੇ ਦੂਤ ਨਾਲ ਗੱਲ ਕਰਦੇ ਹੋਏ ਗਿਦਾਊਨ ਨੇ ਕਿਵੇਂ ਨਿਮਰਤਾ ਦਿਖਾਈ।
11 ਗਿਦਾਊਨ ਮਨੱਸ਼ਹ ਦੇ ਗੋਤ ਵਿੱਚੋਂ ਇਕ ਚੰਗਾ ਤਕੜਾ ਗੱਭਰੂ ਸੀ। ਉਹ ਇਸਰਾਏਲ ਦੇ ਗੜਬੜੀ ਭਰੇ ਸਮੇਂ ਵਿਚ ਰਹਿੰਦਾ ਸੀ। ਸੱਤ ਸਾਲ ਤਕ ਮਿਦਯਾਨੀਆਂ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਸਤਾਇਆ। ਪਰ ਹੁਣ ਯਹੋਵਾਹ ਦੁਆਰਾ ਆਪਣੇ ਲੋਕਾਂ ਨੂੰ ਛੁਡਾਉਣ ਦਾ ਸਮਾਂ ਆ ਗਿਆ ਸੀ। ਇਸ ਲਈ ਇਕ ਦੂਤ ਨੇ ਗਿਦਾਊਨ ਦੇ ਸਾਮ੍ਹਣੇ ਪ੍ਰਗਟ ਹੋ ਕੇ ਉਸ ਨੂੰ ਕਿਹਾ: “ਹੇ ਤਕੜੇ ਸੂਰਬੀਰ, ਯਹੋਵਾਹ ਤੇਰੇ ਨਾਲ ਹੈ।” ਗਿਦਾਊਨ ਇਕ ਨਿਮਰ ਇਨਸਾਨ ਸੀ, ਇਸ ਲਈ ਉਹ ਅਚਾਨਕ ਮਿਲੀ ਇਸ ਵਡਿਆਈ ਕਰਕੇ ਘਮੰਡ ਨਾਲ ਫੁੱਲਿਆ ਨਹੀਂ। ਇਸ ਦੀ ਬਜਾਇ ਉਸ ਨੇ ਆਦਰਪੂਰਵਕ ਦੂਤ ਨੂੰ ਕਿਹਾ: “ਹੇ ਪ੍ਰਭੁ, ਜੇ ਯਹੋਵਾਹ ਸਾਡੇ ਨਾਲ ਹੁੰਦਾ ਤਾਂ ਇਹ ਸਾਰੀ ਬਿਪਤਾ ਸਾਡੇ ਉੱਤੇ ਕਾਹਨੂੰ ਪੈਂਦੀ?” ਦੂਤ ਨੇ ਫਿਰ ਗਿਦਾਊਨ ਨੂੰ ਸਾਰੀ ਗੱਲ ਖੋਲ੍ਹ ਕੇ ਸਮਝਾਈ ਤੇ ਉਸ ਨੂੰ ਦੱਸਿਆ: “ਤੂੰ ਇਸਰਾਏਲ ਨੂੰ ਮਿਦਯਾਨੀਆਂ ਦੇ ਹੱਥੋਂ ਛੁਡਾ!” ਪਰ ਗਿਦਾਊਨ ਨੇ ਕੀ ਜਵਾਬ ਦਿੱਤਾ? ਆਪਣੇ ਆਪ ਨੂੰ ਲੋਕਾਂ ਦਾ ਹੀਰੋ ਬਣਾਉਣ ਦੇ ਇਸ ਮੌਕੇ ਦਾ ਫ਼ਾਇਦਾ ਉਠਾਉਣ ਦੀ ਬਜਾਇ ਗਿਦਾਊਨ ਨੇ ਜਵਾਬ ਦਿੱਤਾ: “ਹੇ ਪ੍ਰਭੁ, ਮੈਂ ਇਸਰਾਏਲ ਨੂੰ ਕਿੱਕਰ ਬਚਾਵਾਂ? ਵੇਖ, ਮੇਰਾ ਟੱਬਰ ਮਨੱਸ਼ਹ ਵਿੱਚ ਸਾਰਿਆਂ ਨਾਲੋਂ ਕੰਗਾਲ ਹੈ ਅਤੇ ਆਪਣੇ ਪਿਉ ਦੇ ਟੱਬਰ ਵਿੱਚੋਂ ਮੈਂ ਸਭ ਤੋਂ ਨਿੱਕਾ ਹਾਂ।” ਉਸ ਨੇ ਕਿੰਨੀ ਨਿਮਰਤਾ ਦਿਖਾਈ।—ਨਿਆਈਆਂ 6:11-15.
12. ਗਿਦਾਊਨ ਨੇ ਕਿਵੇਂ ਸਮਝਦਾਰੀ ਨਾਲ ਕੰਮ ਕੀਤਾ?
12 ਗਿਦਾਊਨ ਨੂੰ ਲੜਾਈ ਵਿਚ ਘੱਲਣ ਤੋਂ ਪਹਿਲਾਂ ਯਹੋਵਾਹ ਨੇ ਉਸ ਦਾ ਇਮਤਿਹਾਨ ਲਿਆ। ਕਿਵੇਂ? ਉਸ ਨੇ ਗਿਦਾਊਨ ਨੂੰ ਬਆਲ ਦੀ ਜਗਵੇਦੀ ਤੇ ਪਵਿੱਤਰ ਟੁੰਡ ਵੱਢਣ ਲਈ ਕਿਹਾ ਜੋ ਉਸ ਦੇ ਪਿਤਾ ਨੇ ਬਣਾਇਆ ਸੀ। ਇਸ ਕੰਮ ਨੂੰ ਕਰਨ ਲਈ ਹੌਸਲੇ ਦੀ ਲੋੜ ਸੀ, ਪਰ ਗਿਦਾਊਨ ਨੇ ਇਸ ਕੰਮ ਨੂੰ ਕਰਨ ਲਈ ਨਿਮਰਤਾ ਤੇ ਸਮਝਦਾਰੀ ਵੀ ਦਿਖਾਈ। ਉਸ ਨੇ ਇਹ ਕੰਮ ਖੁੱਲ੍ਹੇ-ਆਮ ਕਰਨ ਦੀ ਬਜਾਇ ਰਾਤ ਦੇ ਹਨੇਰੇ ਵਿਚ ਕੀਤਾ ਜਦੋਂ ਕਿਸੇ ਨੇ ਵੀ ਉਸ ਨੂੰ ਨਹੀਂ ਦੇਖਿਆ। ਇਸ ਤੋਂ ਇਲਾਵਾ ਉਸ ਨੇ ਇਹ ਕੰਮ ਬੜੀ ਹੁਸ਼ਿਆਰੀ ਨਾਲ ਕੀਤਾ। ਉਹ ਆਪਣੇ ਨਾਲ ਦਸ ਆਦਮੀ ਲੈ ਕੇ ਗਿਆ। ਸ਼ਾਇਦ ਕੁਝ ਨੂੰ ਨਜ਼ਰ ਰੱਖਣ ਲਈ ਖੜ੍ਹਾ ਕਰ ਦਿੱਤਾ ਤੇ ਬਾਕੀਆਂ ਨੇ ਜਗਵੇਦੀ ਤੇ ਪਵਿੱਤਰ ਟੁੰਡ ਵੱਢਣ ਵਿਚ ਉਸ ਦੀ ਮਦਦ ਕੀਤੀ।b ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਯਹੋਵਾਹ ਦੀ ਮਦਦ ਨਾਲ ਉਸ ਨੇ ਇਹ ਕੰਮ ਪੂਰਾ ਕੀਤਾ। ਬਾਅਦ ਵਿਚ ਯਹੋਵਾਹ ਨੇ ਇਸਰਾਏਲੀਆਂ ਨੂੰ ਮਿਦਯਾਨੀਆਂ ਤੋਂ ਛੁਡਾਉਣ ਲਈ ਉਸ ਨੂੰ ਵਰਤਿਆ।—ਨਿਆਈਆਂ 6:25-27.
ਨਿਮਰਤਾ ਅਤੇ ਸਮਝਦਾਰੀ ਦਿਖਾਉਣੀ
13, 14. (ੳ) ਜਦੋਂ ਸਾਨੂੰ ਸੇਵਾ ਦਾ ਕੋਈ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ, ਤਾਂ ਅਸੀਂ ਨਿਮਰਤਾ ਕਿਵੇਂ ਦਿਖਾ ਸਕਦੇ ਹਾਂ? (ਅ) ਭਰਾ ਏ. ਐੱਚ. ਮਕਮਿਲਨ ਨੇ ਨਿਮਰਤਾ ਦਿਖਾਉਣ ਵਿਚ ਕਿਵੇਂ ਇਕ ਬਿਹਤਰੀਨ ਮਿਸਾਲ ਕਾਇਮ ਕੀਤੀ?
13 ਅਸੀਂ ਗਿਦਾਊਨ ਦੀ ਨਿਮਰਤਾ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਉਦਾਹਰਣ ਲਈ, ਜਦੋਂ ਸਾਨੂੰ ਸੇਵਾ ਕਰਨ ਦਾ ਕੋਈ ਵਿਸ਼ੇਸ਼ ਸਨਮਾਨ ਮਿਲਦਾ ਹੈ, ਤਾਂ ਅਸੀਂ ਕਿਸ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹਾਂ? ਕੀ ਅਸੀਂ ਪਹਿਲਾਂ ਸਿਰਫ਼ ਇਸ ਤੋਂ ਮਿਲਣ ਵਾਲੀ ਪ੍ਰਸਿੱਧੀ ਜਾਂ ਸ਼ੁਹਰਤ ਬਾਰੇ ਹੀ ਸੋਚਦੇ ਹਾਂ? ਜਾਂ ਕੀ ਅਸੀਂ ਨਿਮਰਤਾ ਦਿਖਾਉਂਦੇ ਹੋਏ ਪ੍ਰਾਰਥਨਾ ਰਾਹੀਂ ਇਸ ਗੱਲ ਤੇ ਵਿਚਾਰ ਕਰਦੇ ਹਾਂ ਕਿ ਅਸੀਂ ਇਸ ਜ਼ਿੰਮੇਵਾਰੀ ਨੂੰ ਪੂਰਾ ਕਰ ਸਕਾਂਗੇ ਜਾਂ ਨਹੀਂ? ਭਰਾ ਏ. ਐੱਚ. ਮਕਮਿਲਨ ਨੇ ਇਸ ਸੰਬੰਧ ਵਿਚ ਇਕ ਚੰਗੀ ਮਿਸਾਲ ਕਾਇਮ ਕੀਤੀ। ਉਨ੍ਹਾਂ ਨੇ 1966 ਵਿਚ ਧਰਤੀ ਉੱਤੇ ਆਪਣਾ ਜੀਵਨ ਪੂਰਾ ਕੀਤਾ। ਵਾਚ ਟਾਵਰ ਸੋਸਾਇਟੀ ਦੇ ਪਹਿਲੇ ਪ੍ਰਧਾਨ, ਸੀ. ਟੀ. ਰਸਲ ਨੇ ਇਕ ਵਾਰ ਭਰਾ ਮਕਮਿਲਨ ਨੂੰ ਇਸ ਗੱਲ ਉੱਤੇ ਸੋਚ-ਵਿਚਾਰ ਕਰਨ ਲਈ ਕਿਹਾ ਕਿ ਉਸ ਦੀ ਗ਼ੈਰ-ਹਾਜ਼ਰੀ ਵਿਚ ਕਿਹੜਾ ਆਦਮੀ ਕੰਮ ਦੀ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਸੀ। ਬਾਅਦ ਵਿਚ ਉਨ੍ਹਾਂ ਦੋਵਾਂ ਵਿਚ ਇਸ ਸੰਬੰਧੀ ਹੋਈ ਗੱਲਬਾਤ ਦੌਰਾਨ ਭਰਾ ਮਕਮਿਲਨ ਨੇ ਇਕ ਵਾਰ ਵੀ ਆਪਣੀ ਸਿਫਾਰਸ਼ ਨਹੀਂ ਕੀਤੀ, ਜਦ ਕਿ ਉਹ ਸੌਖਿਆਂ ਹੀ ਇਸ ਤਰ੍ਹਾਂ ਕਰ ਸਕਦਾ ਸੀ। ਅਖ਼ੀਰ ਵਿਚ ਭਰਾ ਰਸਲ ਨੇ ਭਰਾ ਮਕਮਿਲਨ ਨੂੰ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਬਾਰੇ ਸੋਚਣ ਲਈ ਕਿਹਾ। ਕਈ ਸਾਲਾਂ ਬਾਅਦ ਭਰਾ ਮਕਮਿਲਨ ਨੇ ਲਿਖਿਆ: “ਉਸ ਵੇਲੇ ਮੈਂ ਹੱਕਾ-ਬੱਕਾ ਰਹਿ ਗਿਆ। ਮੈਂ ਬਹੁਤ ਗੰਭੀਰਤਾ ਨਾਲ ਇਸ ਉੱਤੇ ਵਿਚਾਰ ਕੀਤਾ ਅਤੇ ਕੁਝ ਸਮੇਂ ਲਈ ਪ੍ਰਾਰਥਨਾ ਕੀਤੀ। ਬਾਅਦ ਵਿਚ ਮੈਂ ਉਸ ਨੂੰ ਦੱਸਿਆ ਕਿ ਉਸ ਦੀ ਮਦਦ ਕਰ ਕੇ ਮੈਨੂੰ ਬਹੁਤ ਖ਼ੁਸ਼ੀ ਹੋਵੇਗੀ।”
14 ਕੁਝ ਹੀ ਸਮੇਂ ਬਾਅਦ, ਭਰਾ ਰਸਲ ਦੀ ਮੌਤ ਹੋ ਗਈ ਜਿਸ ਕਰਕੇ ਵਾਚ ਟਾਵਰ ਸੋਸਾਇਟੀ ਦੇ ਪ੍ਰਧਾਨ ਦੀ ਕੁਰਸੀ ਖਾਲੀ ਹੋ ਗਈ। ਕਿਉਂਕਿ ਭਰਾ ਮਕਮਿਲਨ, ਭਰਾ ਰਸਲ ਦੇ ਆਖ਼ਰੀ ਪ੍ਰਚਾਰ ਦੌਰੇ ਦੌਰਾਨ ਕੰਮ ਦੀ ਨਿਗਰਾਨੀ ਕਰ ਰਿਹਾ ਸੀ, ਇਸ ਕਰਕੇ ਇਕ ਭਰਾ ਨੇ ਉਸ ਨੂੰ ਕਿਹਾ: “ਮੈੱਕ, ਤੇਰੇ ਕੋਲ ਹੁਣ ਪ੍ਰਧਾਨ ਬਣਨ ਦਾ ਸੁਨਹਿਰਾ ਮੌਕਾ ਹੈ। ਜਦੋਂ ਭਰਾ ਰਸਲ ਦੌਰੇ ਉੱਤੇ ਗਿਆ ਹੋਇਆ ਸੀ, ਤਾਂ ਤੂੰ ਉਸ ਦਾ ਖ਼ਾਸ ਬੰਦਾ ਸੀ। ਤੇ ਉਹ ਜਾਣ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਕਹਿ ਕੇ ਗਿਆ ਕਿ ਅਸੀਂ ਤੇਰੀ ਗੱਲ ਮੰਨੀਏ। ਖ਼ੈਰ, ਹੁਣ ਉਹ ਚਲਾ ਗਿਆ ਹੈ ਤੇ ਵਾਪਸ ਨਹੀਂ ਆਵੇਗਾ। ਹੁਣ ਤੂੰ ਹੀ ਇਹ ਕੰਮ ਸੰਭਾਲਣਾ ਹੈ।” ਭਰਾ ਮਕਮਿਲਨ ਨੇ ਜਵਾਬ ਦਿੱਤਾ: “ਭਰਾ, ਤੈਨੂੰ ਇਸ ਬਾਰੇ ਇੱਦਾਂ ਨਹੀਂ ਸੋਚਣਾ ਚਾਹੀਦਾ। ਇਹ ਪਰਮੇਸ਼ੁਰ ਦਾ ਕੰਮ ਹੈ। ਸਾਨੂੰ ਪਰਮੇਸ਼ੁਰ ਦੇ ਸੰਗਠਨ ਵਿਚ ਜੋ ਰੁਤਬਾ ਮਿਲਦਾ ਹੈ, ਉਹ ਇਸ ਕਰਕੇ ਹੈ ਕਿਉਂਕਿ ਪਰਮੇਸ਼ੁਰ ਸਾਨੂੰ ਇਸ ਦੇ ਯੋਗ ਸਮਝਦਾ ਹੈ; ਤੇ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਇਸ ਕੰਮ ਨੂੰ ਕਰਨ ਦੇ ਯੋਗ ਨਹੀਂ ਹਾਂ।” ਫਿਰ ਭਰਾ ਮਕਮਿਲਨ ਨੇ ਇਸ ਪਦਵੀ ਲਈ ਇਕ ਦੂਸਰੇ ਭਰਾ ਦੀ ਸਿਫਾਰਸ਼ ਕੀਤੀ। ਗਿਦਾਊਨ ਵਾਂਗ, ਭਰਾ ਆਪਣੇ ਆਪ ਨੂੰ ਉੱਚਾ ਨਹੀਂ ਸਮਝਦਾ ਸੀ, ਬਲਕਿ ਨਿਮਰ ਸੀ ਤੇ ਆਪਣੇ ਬਾਰੇ ਸਹੀ ਨਜ਼ਰੀਆ ਰੱਖਦਾ ਸੀ। ਸਾਨੂੰ ਸਾਰਿਆਂ ਨੂੰ ਉਸ ਵਰਗੇ ਬਣਨਾ ਚਾਹੀਦਾ ਹੈ।
15. ਕਿਹੜੇ ਕੁਝ ਤਰੀਕਿਆਂ ਨਾਲ ਅਸੀਂ ਪ੍ਰਚਾਰ ਕਰਦੇ ਸਮੇਂ ਸਮਝਦਾਰੀ ਦਿਖਾ ਸਕਦੇ ਹਾਂ?
15 ਸਾਨੂੰ ਆਪਣੇ ਕੰਮ ਕਰਨ ਦੇ ਤਰੀਕੇ ਵਿਚ ਨਿਮਰਤਾ ਦਿਖਾਉਣੀ ਚਾਹੀਦੀ ਹੈ। ਗਿਦਾਊਨ ਸਮਝਦਾਰ ਸੀ ਅਤੇ ਉਸ ਨੇ ਆਪਣੇ ਵਿਰੋਧੀਆਂ ਨੂੰ ਬਿਨਾਂ ਕਾਰਨ ਗੁੱਸਾ ਨਹੀਂ ਚੜ੍ਹਾਇਆ। ਇਸੇ ਤਰ੍ਹਾਂ ਜਦੋਂ ਅਸੀਂ ਪ੍ਰਚਾਰ ਦੌਰਾਨ ਦੂਸਰਿਆਂ ਨਾਲ ਗੱਲ ਕਰਦੇ ਹਾਂ, ਤਾਂ ਸਾਨੂੰ ਨਿਮਰਤਾ ਤੇ ਸਮਝਦਾਰੀ ਨਾਲ ਗੱਲ ਕਰਨੀ ਚਾਹੀਦੀ ਹੈ। ਇਹ ਸੱਚ ਹੈ ਕਿ ਅਸੀਂ “ਕਿਲ੍ਹਿਆਂ” ਵਰਗੀਆਂ ਸਿੱਖਿਆਵਾਂ ਅਤੇ “ਵਹਿਮਾਂ” ਨੂੰ ਢਾਹ ਦੇਣ ਲਈ ਅਧਿਆਤਮਿਕ ਲੜਾਈ ਲੜ ਰਹੇ ਹਾਂ। (2 ਕੁਰਿੰਥੀਆਂ 10:4, 5) ਪਰ ਸਾਨੂੰ ਦੂਸਰਿਆਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ ਕਿ ਲੋਕ ਸਾਡੇ ਸੰਦੇਸ਼ ਉੱਤੇ ਇਤਰਾਜ਼ ਕਰਨ। ਇਸ ਦੀ ਬਜਾਇ ਸਾਨੂੰ ਉਨ੍ਹਾਂ ਦੇ ਵਿਚਾਰਾਂ ਦਾ ਆਦਰ ਕਰਨਾ ਚਾਹੀਦਾ ਹੈ ਤੇ ਸਾਂਝੇ ਵਿਸ਼ੇ ਉੱਤੇ ਗੱਲ ਕਰਦੇ ਹੋਏ ਆਪਣੇ ਸੰਦੇਸ਼ ਦੇ ਚੰਗੇ ਪਹਿਲੂਆਂ ਵੱਲ ਧਿਆਨ ਖਿੱਚਣਾ ਚਾਹੀਦਾ ਹੈ।—ਰਸੂਲਾਂ ਦੇ ਕਰਤੱਬ 22:1-3; 1 ਕੁਰਿੰਥੀਆਂ 9:22; ਪਰਕਾਸ਼ ਦੀ ਪੋਥੀ 21:4.
ਯਿਸੂ—ਨਿਮਰਤਾ ਦੀ ਉੱਤਮ ਉਦਾਹਰਣ
16. ਯਿਸੂ ਨੇ ਆਪਣੇ ਬਾਰੇ ਇਕ ਨਿਮਰ ਰਵੱਈਆ ਕਿਵੇਂ ਦਿਖਾਇਆ?
16 ਨਿਮਰਤਾ ਦੀ ਸਭ ਤੋਂ ਵਧੀਆ ਉਦਾਹਰਣ ਹੈ ਯਿਸੂ ਮਸੀਹ।c ਆਪਣੇ ਪਿਤਾ ਨਾਲ ਨਜ਼ਦੀਕੀ ਰਿਸ਼ਤਾ ਹੋਣ ਦੇ ਬਾਵਜੂਦ ਵੀ ਯਿਸੂ ਇਹ ਮੰਨਣ ਤੋਂ ਕਦੀ ਵੀ ਹਿਚਕਿਚਾਇਆ ਨਹੀਂ ਕਿ ਉਸ ਨੂੰ ਵੀ ਕੁਝ ਕੰਮ ਕਰਨ ਦੇ ਅਖ਼ਤਿਆਰ ਨਹੀਂ ਦਿੱਤੇ ਗਏ ਹਨ। (ਯੂਹੰਨਾ 1:14) ਉਦਾਹਰਣ ਲਈ, ਜਦੋਂ ਯਾਕੂਬ ਤੇ ਯੂਹੰਨਾ ਦੀ ਮਾਂ ਨੇ ਬੇਨਤੀ ਕੀਤੀ ਕਿ ਯਿਸੂ ਦੇ ਰਾਜ ਵਿਚ ਉਸ ਦੇ ਦੋਵੇਂ ਪੁੱਤਰ ਯਿਸੂ ਦੇ ਖੱਬੇ ਤੇ ਸੱਜੇ ਪਾਸੇ ਬੈਠਣ, ਤਾਂ ਯਿਸੂ ਨੇ ਉਸ ਨੂੰ ਕਿਹਾ: “ਸੱਜੇ ਖੱਬੇ ਬਿਠਾਲਨਾ ਮੇਰਾ ਕੰਮ ਨਹੀਂ।” (ਮੱਤੀ 20:20-23) ਇਕ ਹੋਰ ਮੌਕੇ ਤੇ, ਯਿਸੂ ਨੇ ਬਿਨਾਂ ਹਿਚਕਿਚਾਏ ਇਹ ਸਵੀਕਾਰ ਕੀਤਾ: “ਮੈਂ ਆਪ ਕੁਝ ਨਹੀਂ ਕਰ ਸੱਕਦਾ। . . . ਮੈਂ ਆਪਣੀ ਮਰਜ਼ੀ ਨਹੀਂ ਭਾਲਦਾ ਪਰ ਉਹ ਦੀ ਮਰਜ਼ੀ ਜਿਹ ਨੇ ਮੈਨੂੰ ਘੱਲਿਆ।”—ਯੂਹੰਨਾ 5:30; 14:28; ਫ਼ਿਲਿੱਪੀਆਂ 2:5, 6.
17. ਯਿਸੂ ਨੇ ਦੂਸਰਿਆਂ ਨਾਲ ਪੇਸ਼ ਆਉਂਦੇ ਸਮੇਂ ਕਿਵੇਂ ਨਿਮਰਤਾ ਦਿਖਾਈ?
17 ਯਿਸੂ ਨਾਮੁਕੰਮਲ ਇਨਸਾਨਾਂ ਤੋਂ ਹਰ ਤਰ੍ਹਾਂ ਉੱਤਮ ਸੀ ਅਤੇ ਉਸ ਦੇ ਪਿਤਾ, ਯਹੋਵਾਹ ਨੇ ਉਸ ਨੂੰ ਸਾਰੇ ਇਨਸਾਨਾਂ ਨਾਲੋਂ ਬਹੁਤ ਹੀ ਜ਼ਿਆਦਾ ਅਧਿਕਾਰ ਦਿੱਤਾ ਸੀ। ਪਰ ਉਹ ਆਪਣੇ ਪੈਰੋਕਾਰਾਂ ਨਾਲ ਨਿਮਰਤਾ ਨਾਲ ਪੇਸ਼ ਆਇਆ। ਉਸ ਨੇ ਉਨ੍ਹਾਂ ਦੇ ਸਾਮ੍ਹਣੇ ਆਪਣੇ ਗਿਆਨ ਦਾ ਦਿਖਾਵਾ ਨਹੀਂ ਕੀਤਾ। ਉਸ ਨੇ ਮਨੁੱਖੀ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਦਇਆ ਦਿਖਾਈ। (ਮੱਤੀ 15:32; 26:40, 41; ਮਰਕੁਸ 6:31) ਇਸ ਤਰ੍ਹਾਂ ਚਾਹੇ ਯਿਸੂ ਇਕ ਮੁਕੰਮਲ ਇਨਸਾਨ ਸੀ, ਪਰ ਉਹ ਦੂਜਿਆਂ ਤੋਂ ਬਹੁਤ ਜ਼ਿਆਦਾ ਮੰਗ ਨਹੀਂ ਕਰਦਾ ਸੀ। ਉਸ ਦੇ ਚੇਲੇ ਜਿੰਨਾ ਕਰ ਸਕਦੇ ਸਨ, ਉਸ ਤੋਂ ਜ਼ਿਆਦਾ ਯਿਸੂ ਨੇ ਉਨ੍ਹਾਂ ਤੋਂ ਮੰਗ ਨਹੀਂ ਕੀਤੀ ਤੇ ਨਾ ਹੀ ਉਨ੍ਹਾਂ ਨੂੰ ਇੰਨੀਆਂ ਜ਼ਿਆਦਾ ਗੱਲਾਂ ਦੱਸੀਆਂ ਜਿਨ੍ਹਾਂ ਨੂੰ ਉਹ ਸਮਝ ਹੀ ਨਾ ਸਕਣ। (ਯੂਹੰਨਾ 16:12) ਇਸੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਯਿਸੂ ਤੋਂ ਹੌਸਲਾ ਮਿਲਦਾ ਸੀ।—ਮੱਤੀ 11:29.
ਯਿਸੂ ਦੀ ਉਦਾਹਰਣ ਉੱਤੇ ਚੱਲੋ
18, 19. (ੳ) ਅਸੀਂ ਯਿਸੂ ਵਾਂਗ ਆਪਣੇ ਬਾਰੇ ਸਹੀ ਰਵੱਈਆ ਕਿਵੇਂ ਦਿਖਾ ਸਕਦੇ ਹਾਂ? (ਅ) ਦੂਸਰਿਆਂ ਨਾਲ ਪੇਸ਼ ਆਉਂਦੇ ਸਮੇਂ ਅਸੀਂ ਕਿਵੇਂ ਯਿਸੂ ਦੀ ਨਕਲ ਕਰ ਸਕਦੇ ਹਾਂ?
18 ਜੇ ਸਭ ਤੋਂ ਮਹਾਨ ਇਨਸਾਨ ਨਿਮਰਤਾ ਦਿਖਾ ਸਕਦਾ ਸੀ, ਤਾਂ ਸਾਨੂੰ ਕਿੰਨੀ ਜ਼ਿਆਦਾ ਨਿਮਰਤਾ ਦਿਖਾਉਣੀ ਚਾਹੀਦੀ ਹੈ। ਨਾਮੁਕੰਮਲ ਇਨਸਾਨ ਇਹ ਮੰਨਣ ਤੋਂ ਹਿਚਕਿਚਾਉਂਦੇ ਹਨ ਕਿ ਉਨ੍ਹਾਂ ਕੋਲ ਪੂਰਾ ਅਧਿਕਾਰ ਨਹੀਂ ਹੈ। ਪਰ ਯਿਸੂ ਦੀ ਨਕਲ ਕਰਦੇ ਹੋਏ ਮਸੀਹੀ ਨਿਮਰ ਬਣਨ ਦੀ ਕੋਸ਼ਿਸ਼ ਕਰਦੇ ਹਨ। ਉਹ ਇੰਨੇ ਘਮੰਡੀ ਨਹੀਂ ਹਨ ਕਿ ਉਹ ਯੋਗ ਵਿਅਕਤੀਆਂ ਨੂੰ ਜ਼ਿੰਮੇਵਾਰੀ ਨਾ ਦੇਣ; ਨਾ ਹੀ ਉਹ ਹੰਕਾਰੀ ਹਨ ਕਿ ਉਹ ਜ਼ਿੰਮੇਵਾਰ ਵਿਅਕਤੀਆਂ ਦੀ ਸਲਾਹ ਸਵੀਕਾਰ ਹੀ ਨਾ ਕਰਨ। ਉਹ ਕਲੀਸਿਯਾ ਵਿਚ ਸਾਰੇ ਕੰਮ “ਢਬ ਸਿਰ ਅਤੇ ਜੁਗਤੀ ਨਾਲ” ਕਰਨ ਲਈ ਆਪਣਾ ਪੂਰਾ ਸਹਿਯੋਗ ਦਿੰਦੇ ਹਨ।—1 ਕੁਰਿੰਥੀਆਂ 14:40.
19 ਨਿਮਰਤਾ ਕਰਕੇ ਅਸੀਂ ਦੂਸਰਿਆਂ ਤੋਂ ਜ਼ਿਆਦਾ ਉਮੀਦਾਂ ਨਹੀਂ ਰੱਖਾਂਗੇ ਅਤੇ ਉਨ੍ਹਾਂ ਦੀਆਂ ਲੋੜਾਂ ਦਾ ਧਿਆਨ ਰੱਖਾਂਗੇ। (ਫ਼ਿਲਿੱਪੀਆਂ 4:5) ਸਾਡੇ ਵਿਚ ਅਜਿਹੀਆਂ ਕੁਝ ਯੋਗਤਾਵਾਂ ਹੋ ਸਕਦੀਆਂ ਹਨ ਜੋ ਸ਼ਾਇਦ ਦੂਸਰਿਆਂ ਵਿਚ ਨਾ ਹੋਣ। ਪਰ ਜੇ ਅਸੀਂ ਨਿਮਰ ਹਾਂ, ਤਾਂ ਅਸੀਂ ਦੂਸਰਿਆਂ ਤੋਂ ਇਹ ਉਮੀਦ ਨਹੀਂ ਰੱਖਾਂਗੇ ਕਿ ਉਹ ਹਮੇਸ਼ਾ ਉਸੇ ਤਰ੍ਹਾਂ ਕੰਮ ਕਰਨ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ। ਅਸੀਂ ਜਾਣਦੇ ਹਾਂ ਕਿ ਹਰ ਇਨਸਾਨ ਦੀਆਂ ਕੁਝ ਹੱਦਾਂ ਹੁੰਦੀਆਂ ਹਨ। ਇਸ ਲਈ ਅਸੀਂ ਨਿਮਰਤਾ ਦਿਖਾਉਂਦੇ ਹੋਏ ਦੂਸਰਿਆਂ ਦੀਆਂ ਕਮੀਆਂ-ਪੇਸ਼ੀਆਂ ਨੂੰ ਅਣਗੌਲਿਆਂ ਕਰਾਂਗੇ। ਪਤਰਸ ਨੇ ਲਿਖਿਆ: “ਸਭ ਤੋਂ ਪਹਿਲਾਂ ਇਹ ਹੈ ਭਈ ਤੁਸੀਂ ਇੱਕ ਦੂਏ ਨਾਲ ਗੂੜ੍ਹਾ ਪ੍ਰੇਮ ਰੱਖੋ ਕਿਉਂ ਜੋ ਪ੍ਰੇਮ ਬਾਹਲਿਆਂ ਪਾਪਾਂ ਨੂੰ ਢੱਕ ਲੈਂਦਾ ਹੈ।”—1 ਪਤਰਸ 4:8.
20. ਜੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਵਿਚ ਨਿਮਰਤਾ ਨਹੀਂ ਹੈ, ਤਾਂ ਅਸੀਂ ਕੀ ਕਰ ਸਕਦੇ ਹਾਂ?
20 ਹੁਣ ਅਸੀਂ ਸਿੱਖ ਲਿਆ ਹੈ ਕਿ ਨਿਮਰ ਵਿਅਕਤੀ ਬੁੱਧੀਮਾਨ ਹੁੰਦਾ ਹੈ। ਪਰ ਜੇ ਤੁਸੀਂ ਦੇਖਦੇ ਹੋ ਕਿ ਤੁਸੀਂ ਨਿਮਰ ਨਹੀਂ ਹੋ ਜਾਂ ਹੰਕਾਰ ਵਿਚ ਆ ਕੇ ਕੰਮ ਕਰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਹੌਸਲਾ ਨਾ ਹਾਰੋ। ਇਸ ਦੀ ਬਜਾਇ, ਦਾਊਦ ਦੀ ਨਕਲ ਕਰੋ ਜਿਸ ਨੇ ਪ੍ਰਾਰਥਨਾ ਕੀਤੀ: “ਆਪਣੇ ਦਾਸ ਨੂੰ ਹੰਕਾਰਾਂ ਤੋਂ ਰੋਕ ਰੱਖ, ਓਹ ਮੇਰੇ ਉੱਤੇ ਹਕੂਮਤ ਨਾ ਕਰਨ।” (ਜ਼ਬੂਰ 19:13) ਨਿਹਚਾ ਰੱਖਣ ਵਾਲੇ ਆਦਮੀ, ਜਿਵੇਂ ਪੌਲੁਸ, ਗਿਦਾਊਨ ਤੇ ਸਾਰਿਆਂ ਤੋਂ ਉੱਤਮ, ਯਿਸੂ ਮਸੀਹ ਦੀ ਮਿਸਾਲ ਉੱਤੇ ਚੱਲਣ ਨਾਲ ਅਸੀਂ ਆਪ ਨਿੱਜੀ ਤੌਰ ਤੇ ਇਨ੍ਹਾਂ ਸ਼ਬਦਾਂ ਨੂੰ ਸੱਚ ਹੁੰਦੇ ਦੇਖਾਂਗੇ: “ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ।”—ਕਹਾਉਤਾਂ 11:2, ਨਵਾਂ ਅਨੁਵਾਦ।
[ਫੁਟਨੋਟ]
a ਇੱਥੇ “ਸੇਵਕ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਵੱਡੇ ਜਹਾਜ਼ ਵਿਚ ਚੱਪੂ ਚਲਾਉਣ ਵਾਲੇ ਗ਼ੁਲਾਮਾਂ ਲਈ ਵੀ ਵਰਤਿਆ ਜਾਂਦਾ ਸੀ। ਇਸ ਦੇ ਉਲਟ, “ਮੁਖਤਿਆਰ” ਨੂੰ ਕੁਝ ਜ਼ਿਆਦਾ ਜ਼ਿੰਮੇਵਾਰੀਆਂ ਸੌਂਪੀਆਂ ਜਾਂਦੀਆਂ ਸਨ, ਸ਼ਾਇਦ ਕਿਸੇ ਦੀ ਜਾਇਦਾਦ ਦੀ ਦੇਖ-ਭਾਲ ਕਰਨ ਦਾ ਕੰਮ ਸੌਂਪਿਆ ਜਾਂਦਾ ਸੀ। ਪਰ ਮਾਲਕ ਦੀ ਨਜ਼ਰ ਵਿਚ ਇਕ ਮੁਖਤਿਆਰ ਦੀ ਹੈਸੀਅਤ ਵੀ ਨੌਕਰ ਜਾਂ ਗ਼ੁਲਾਮ ਜਿੰਨੀ ਹੀ ਹੁੰਦੀ ਸੀ।
b ਗਿਦਾਊਨ ਨੇ ਜੋ ਸਮਝਦਾਰੀ ਤੇ ਹੁਸ਼ਿਆਰੀ ਦਿਖਾਈ ਸੀ, ਉਸ ਨੂੰ ਕਾਇਰਤਾ ਨਹੀਂ ਸਮਝਣਾ ਚਾਹੀਦਾ। ਇਸ ਦੀ ਬਜਾਇ, ਇਬਰਾਨੀਆਂ 11:32-38 ਵਿਚ ਉਸ ਦੀ ਬਹਾਦਰੀ ਬਾਰੇ ਗੱਲ ਕੀਤੀ ਗਈ ਹੈ। ਇੱਥੇ ਗਿਦਾਊਨ ਨੂੰ ਉਨ੍ਹਾਂ ਲੋਕਾਂ ਵਿਚ ਸ਼ਾਮਲ ਕੀਤਾ ਗਿਆ ਹੈ ਜੋ “ਬਲੀ ਹੋਏ” ਅਤੇ “ਜੁੱਧ ਵਿੱਚ ਸੂਰਮੇ ਬਣੇ।”
c ਯਹੋਵਾਹ ਸਰਬਸ਼ਕਤੀਮਾਨ ਹੈ। ਉਸ ਦੀ ਸ਼ਕਤੀ ਦੀ ਕੋਈ ਹੱਦ ਨਹੀਂ ਹੈ ਜਿਸ ਕਰਕੇ ਉਸ ਨੂੰ ਕਿਸੇ ਇਨਸਾਨ ਦੇ ਅੱਗੇ ਝੁਕਣ ਦੀ ਲੋੜ ਨਹੀਂ ਹੈ। ਉਹ ਸਭ ਕੰਮ ਕਰ ਸਕਦਾ ਹੈ। ਪਰ ਫਿਰ ਵੀ ਉਹ ਨਿਮਰ ਹੈ।—ਜ਼ਬੂਰ 18:35.
-