ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਹਾਲ ਹੀ ਦੇ ਅੰਕਾਂ ਵੱਲ ਚੰਗੀ ਤਰ੍ਹਾਂ ਧਿਆਨ ਦਿੱਤਾ ਹੈ? ਜੇਕਰ ਧਿਆਨ ਦਿੱਤਾ ਹੈ, ਤਾਂ ਤੁਸੀਂ ਇਨ੍ਹਾਂ ਗੱਲਾਂ ਨੂੰ ਦੁਬਾਰਾ ਚੇਤੇ ਕਰ ਕੇ ਖ਼ੁਸ਼ ਹੋਵੋਗੇ:
◻ ਮਸੀਹੀ ਮੁੰਡੇ-ਕੁੜੀ ਨੂੰ ਮੰਗਣੀ ਬਾਰੇ ਸੋਚਣ ਤੋਂ ਪਹਿਲਾਂ ਹੀ ਆਪਣੇ ਆਪ ਤੋਂ ਸ਼ਾਇਦ ਕਿਹੜੇ ਕੁਝ ਸਵਾਲ ਪੁੱਛਣੇ ਚਾਹੀਦੇ ਹਨ?
‘ਕੀ ਮੈਨੂੰ ਦੂਜੇ ਦੇ ਰੂਹਾਨੀ ਗੁਣਾਂ ਅਤੇ ਪਰਮੇਸ਼ੁਰ ਪ੍ਰਤੀ ਉਸ ਦੀ ਸ਼ਰਧਾ ਬਾਰੇ ਸਭ ਕੁਝ ਪਤਾ ਹੈ? ਕੀ ਮੈਂ ਉਸ ਦੇ ਨਾਲ ਪੂਰੀ ਜ਼ਿੰਦਗੀ ਲਈ ਪਰਮੇਸ਼ੁਰ ਦੀ ਸੇਵਾ ਕਰਨ ਬਾਰੇ ਕਲਪਨਾ ਕੀਤੀ ਹੈ? ਕੀ ਅਸੀਂ ਇਕ ਦੂਜੇ ਦੇ ਨਿੱਜੀ ਗੁਣਾਂ ਬਾਰੇ ਕਾਫ਼ੀ ਕੁਝ ਜਾਣ ਚੁੱਕੇ ਹਾਂ? ਕੀ ਮੈਨੂੰ ਯਕੀਨ ਹੈ ਕਿ ਸਾਡੀ ਹਮੇਸ਼ਾ ਲਈ ਬਣੀ ਰਹੇਗੀ? ਕੀ ਅਸੀਂ ਇਕ ਦੂਜੇ ਦੇ ਪਿੱਛਲਿਆਂ ਕੰਮਾਂ ਅਤੇ ਮੌਜੂਦਾ ਹਾਲਤਾਂ ਬਾਰੇ ਚੋਖਾ ਜਾਣਦੇ ਹਾਂ?—8/15, ਸਫ਼ਾ 31.
◻ ਜਦੋਂ ਯਿਸੂ ਨੇ ਆਪਣਿਆਂ ਚੇਲਿਆਂ ਨੂੰ ਕਿਹਾ ਕਿ “ਤੁਸੀਂ ਧਰਤੀ ਦੇ ਲੂਣ ਹੋ,” ਤਾਂ ਉਸ ਦਾ ਕੀ ਮਤਲਬ ਸੀ? (ਮੱਤੀ 5:13)
ਯਿਸੂ ਦਾ ਮਤਲਬ ਸੀ ਕਿ ਪਰਮੇਸ਼ੁਰ ਦੇ ਰਾਜ ਬਾਰੇ ਦੂਸਰਿਆਂ ਨੂੰ ਪ੍ਰਚਾਰ ਕਰਨ ਦੁਆਰਾ ਉਨ੍ਹਾਂ ਦੇ ਸੁਣਨ ਵਾਲਿਆਂ ਉੱਤੇ ਇਕ ਅਜਿਹਾ ਪ੍ਰਭਾਵ ਪਵੇਗਾ ਜੋ ਸ਼ਾਇਦ ਉਨ੍ਹਾਂ ਦੀਆਂ ਜਾਨਾਂ ਬਚਾ ਸਕੇ। ਵਾਕਈ, ਯਿਸੂ ਦੀ ਗੱਲ ਲਾਗੂ ਕਰਨ ਵਾਲਿਆਂ ਨੂੰ ਸੰਸਾਰ ਦੀ ਨੈਤਿਕ ਅਤੇ ਰੂਹਾਨੀ ਬਰਬਾਦੀ ਤੋਂ ਰੱਖਿਆ ਮਿਲੇਗੀ।—8/15, ਸਫ਼ਾ 32.
◻ ਵਿਆਹ ਤੋਂ ਪਹਿਲਾਂ ਨਾਜਾਇਜ਼ ਸਰੀਰਕ ਸੰਬੰਧ ਤੋਂ ਬਚਣ ਲਈ ਮੁੰਡਾ-ਕੁੜੀ ਕੀ ਕਰ ਸਕਦੇ ਹਨ?
ਜੇ ਤੁਸੀਂ ਆਪਣੇ ਸੰਭਾਵੀ ਜੀਵਨ-ਸਾਥੀ ਨੂੰ ਮਿਲਣ ਜਾਂਦੇ ਹੋ, ਤਾਂ ਗ਼ਲਤ ਹਾਲਾਤਾਂ ਅਧੀਨ ਇਕੱਲੇ ਹੋਣ ਤੋਂ ਬਚਣਾ ਬੁੱਧੀਮਾਨੀ ਦੀ ਗੱਲ ਹੈ। ਬਿਹਤਰ ਹੈ ਕਿ ਤੁਸੀਂ ਦੂਸਰਿਆਂ ਦੇ ਨਾਲ ਜਾਂ ਕਿਸੇ ਜਨਤਕ ਥਾਂ ਵਿਚ ਇਕ ਦੂਸਰੇ ਦੇ ਸਾਥ ਦਾ ਆਨੰਦ ਮਾਣੋ। ਆਪਣੇ ਪਿਆਰ ਦਾ ਇਜ਼ਹਾਰ ਹੱਦ ਵਿਚ ਰਹਿ ਕੇ ਕਰੋ ਅਤੇ ਆਪਣੇ ਜੀਵਨ-ਸਾਥੀ ਦੀਆਂ ਭਾਵਨਾਵਾਂ ਅਤੇ ਅੰਤਹਕਰਣ ਦਾ ਆਦਰ ਕਰੋ।—9/1, ਸਫ਼ੇ 17, 18.
◻ ਸਮਝ ਕੀ ਹੈ?
ਸਮਝਣ ਦਾ ਮਤਲਬ ਹੈ ਕਿ ਕਿਸੇ ਮਾਮਲੇ ਦੀ ਅੰਦਰਲੀ ਗੱਲ ਪਛਾਣਨੀ ਅਤੇ ਇਹ ਬੁੱਝਣਾ ਕਿ ਹਰ ਪਹਿਲੂ ਪੂਰੇ ਮਾਮਲੇ ਨਾਲ ਕਿਸ ਤਰ੍ਹਾਂ ਸੰਬੰਧ ਰੱਖਦਾ ਹੈ। (ਕਹਾਉਤਾਂ 4:1)—9/15, ਸਫ਼ਾ 13.
◻ ਯਹੋਵਾਹ ਸਾਡੇ ਤੋਂ ਅੱਜ ਕੀ ਚਾਹੁੰਦਾ ਹੈ?
ਯਹੋਵਾਹ ਸਾਡੇ ਤੋਂ ਇਹੀ ਚਾਹੁੰਦਾ ਹੈ ਕਿ ਅਸੀਂ ਉਸ ਦੇ ਪੁੱਤਰ ਦੀ ਸੁਣੀਏ ਅਤੇ ਉਸ ਦੀ ਮਿਸਾਲ ਅਤੇ ਸਿੱਖਿਆਵਾਂ ਉੱਤੇ ਚਲੀਏ। (ਮੱਤੀ 16:24; 1 ਪਤਰਸ 2:21)—9/15, ਸਫ਼ਾ 22.
◻ ਸਿਰਫ਼ ਕਿਹੜੇ ਲੋਕ ਸ਼ਾਂਤੀ ਮਾਣ ਸਕਦੇ ਹਨ?
ਕਿਉਂਕਿ ਯਹੋਵਾਹ “ਸ਼ਾਂਤੀ ਦਾਤਾ ਪਰਮੇਸ਼ੁਰ” ਹੈ, ਇਸ ਲਈ ਉਹੀ ਲੋਕ ਸ਼ਾਂਤੀ ਮਾਣ ਸਕਦੇ ਹਨ ਜੋ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ ਅਤੇ ਉਸ ਦੇ ਧਰਮੀ ਸਿਧਾਂਤਾਂ ਦੀ ਬਹੁਤ ਕਦਰ ਕਰਦੇ ਹਨ। (ਰੋਮੀਆਂ 15:33)—10/1, ਸਫ਼ਾ 11.
◻ ਯੂਸੁਫ਼ ਨੇ ਦਿਨ ਪ੍ਰਤੀ ਦਿਨ ਪੋਟੀਫ਼ਰ ਦੀ ਪਤਨੀ ਨੂੰ ਇਨਕਾਰ ਕਰਨ ਦਾ ਇਹ ਨੈਤਿਕ ਬਲ ਕਿੱਥੋਂ ਪ੍ਰਾਪਤ ਕੀਤਾ ਸੀ?
ਯੂਸੁਫ਼ ਨੇ ਪਲ ਭਰ ਦੇ ਸੁੱਖ ਬਿਲਾਸ ਨਾਲੋਂ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਜ਼ਿਆਦਾ ਬਹੁਮੁੱਲਾ ਸਮਝਿਆ। ਅਤੇ, ਹਾਲਾਂਕਿ ਉਹ ਪਰਮੇਸ਼ੁਰੀ ਬਿਵਸਥਾ ਦੇ ਅਧੀਨ ਨਹੀਂ ਸੀ, ਫਿਰ ਵੀ ਯੂਸੁਫ਼ ਨੈਤਿਕ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। (ਉਤਪਤ 39:9)—10/1, ਸਫ਼ਾ 29.
◻ ਆਪਣੇ ਭਰਾਵਾਂ ਨੂੰ ਮਾਫ਼ ਕਰਨ ਲਈ ਤਿਆਰ ਰਹਿਣਾ ਕਿੰਨਾ ਮਹੱਤਵਪੂਰਣ ਹੈ?
ਪਰਮੇਸ਼ੁਰ ਤੋਂ ਮਾਫ਼ੀ ਮਿਲਣੀ ਕਾਫ਼ੀ ਹੱਦ ਤਕ ਇਸ ਉੱਤੇ ਨਿਰਭਰ ਹੈ ਕਿ ਅਸੀਂ ਦੂਸਰਿਆਂ ਨੂੰ ਮਾਫ਼ ਕਰਨ ਲਈ ਤਿਆਰ ਹਾਂ। (ਮੱਤੀ 6:12, 14; ਲੂਕਾ 11:4)—10/15, ਸਫ਼ਾ 17.
◻ ਮੱਤੀ 18:15-17 ਕਿਨ੍ਹਾਂ ਪਾਪਾਂ ਬਾਰੇ ਗੱਲ ਕਰ ਰਿਹਾ ਸੀ, ਅਤੇ ਇਹ ਕਿਸ ਤਰ੍ਹਾਂ ਦਿਖਾਇਆ ਗਿਆ ਹੈ?
ਜਿਸ ਪਾਪ ਬਾਰੇ ਯਿਸੂ ਗੱਲ ਕਰ ਰਿਹਾ ਸੀ ਉਹ ਇੰਨਾ ਗੰਭੀਰ ਸੀ ਕਿ ਪਾਪੀ ਨੂੰ ‘ਪਰਾਈ ਕੌਮ ਵਾਲਾ ਅਤੇ ਮਸੂਲੀਏ ਵਰਗਾ’ ਵਿਚਾਰਿਆ ਜਾ ਸਕਦਾ ਸੀ। ਯਹੂਦੀ ਪਰਾਈਆਂ ਕੌਮਾਂ ਦਿਆਂ ਲੋਕਾਂ ਨਾਲ ਮਿਲਦੇ-ਜੁਲਦੇ ਨਹੀਂ ਸਨ ਅਤੇ ਉਹ ਮਸੂਲੀਆਂ ਨੂੰ ਬਿਲਕੁਲ ਰੱਦ ਕਰਦੇ ਸਨ। ਇਸ ਲਈ, ਮੱਤੀ 18:15-17 ਵਿਚ ਗੰਭੀਰ ਪਾਪਾਂ ਬਾਰੇ ਗੱਲ ਕੀਤੀ ਜਾਂਦੀ ਹੈ ਨਾ ਕਿ ਨਿੱਜੀ ਅਪਮਾਨ ਜਾਂ ਛੋਟੀ-ਮੋਟੀ ਗ਼ਲਤੀ ਬਾਰੇ ਜੋ ਕਿ ਮਾਫ਼ ਕੀਤੀ ਅਤੇ ਦਿਲੋਂ ਕੱਢੀ ਜਾ ਸਕਦੀ ਹੈ। (ਮੱਤੀ 18:21, 22)—10/15, ਸਫ਼ਾ 19.
◻ ਪਰਮੇਸ਼ੁਰ ਦੇ ਬਚਨ ਨਾਲ ਸੱਚੀ ਪ੍ਰੀਤ ਰੱਖਣ ਦਾ ਕੀ ਮਤਲਬ ਹੈ?
ਜੇਕਰ ਅਸੀਂ ਪਰਮੇਸ਼ੁਰ ਦੇ ਬਚਨ ਨਾਲ ਪ੍ਰੀਤ ਰੱਖਦੇ ਹਾਂ, ਤਾਂ ਅਸੀਂ ਉਸ ਵਿਚ ਲਿਖੀਆਂ ਹੋਈਆਂ ਗੱਲਾਂ ਉੱਤੇ ਚੱਲਾਂਗੇ। (ਜ਼ਬੂਰ 119:97, 101, 105) ਇਸ ਤਰ੍ਹਾਂ ਕਰਨ ਦਾ ਮਤਲਬ ਹੈ ਆਪਣੀ ਸੋਚਣੀ ਅਤੇ ਜੀਉਣ ਦੇ ਢੰਗ ਵਿਚ ਲਗਾਤਾਰ ਸੁਧਾਰ ਕਰਨਾ।—11/1, ਸਫ਼ਾ 14.
◻ ਯਹੋਵਾਹ ਦੇ ਹੱਥੀਂ ਇੰਨਾ ਜ਼ਿਆਦਾ ਅਧਿਆਤਮਿਕ ਭੋਜਨ ਪ੍ਰਾਪਤ ਕਰ ਕੇ, ਅਸੀਂ ਮਹਾਨ ਰਾਜੇ ਅਤੇ ਦੇਣਹਾਰ ਨੂੰ ਬਦਲੇ ਵਿਚ ਕੀ ਦੇ ਸਕਦੇ ਹਾਂ?
ਬਾਈਬਲ ਦੱਸਦੀ ਹੈ ਕਿ ਸਾਡੇ ਵੱਲੋਂ “ਉਸਤਤ ਦਾ ਬਲੀਦਾਨ” ਯਹੋਵਾਹ ਲਈ ਸਭ ਤੋਂ ਉੱਤਮ ਤੋਹਫ਼ਾ ਹੋਵੇਗਾ। (ਇਬਰਾਨੀਆਂ 13:15) ਕਿਉਂ? ਕਿਉਂਕਿ ਇਹ ਬਲੀਦਾਨ ਸਿੱਧੇ ਤੌਰ ਤੇ ਜਾਨਾਂ ਬਚਾਉਣ ਦੇ ਕੰਮ ਨਾਲ ਜੁੜਿਆ ਹੋਇਆ ਹੈ, ਜੋ ਇਨ੍ਹਾਂ ਅੰਤ ਦੇ ਦਿਨਾਂ ਵਿਚ ਯਹੋਵਾਹ ਦਾ ਮੁੱਖ ਉਦੇਸ਼ ਹੈ। (ਹਿਜ਼ਕੀਏਲ 18:23)—11/1, ਸਫ਼ਾ 21.
◻ ਸੁਲੇਮਾਨ ਦਾ ਕੀ ਮਤਲਬ ਸੀ ਜਦੋਂ ਉਸ ਨੇ ਲਿਖਿਆ ਕਿ “ਬੁੱਧਵਾਨਾਂ ਦੇ ਬਚਨ ਪਰਾਣੀਆਂ ਵਰਗੇ ਹਨ”? (ਉਪਦੇਸ਼ਕ ਦੀ ਪੋਥੀ 12:11)
ਈਸ਼ਵਰੀ ਬੁੱਧ ਵਾਲੇ ਦੀਆਂ ਗੱਲਾਂ ਪੜ੍ਹਨ ਜਾਂ ਸੁਣਨ ਵਾਲੇ ਨੂੰ ਉਤੇਜਿਤ ਕਰਦੀਆਂ ਹਨ ਤਾਂਕਿ ਉਹ ਇਨ੍ਹਾਂ ਬੁੱਧੀਮਾਨ ਗੱਲਾਂ ਦੇ ਅਨੁਸਾਰ ਪ੍ਰਗਤੀ ਕਰ ਸਕੇ।—11/15, ਸਫ਼ਾ 21.
◻ ਪਰਮੇਸ਼ੁਰੀ ਸਮਝ ਕੀ ਹੈ?
ਇਹ ਚੰਗੇ ਅਤੇ ਬੁਰੇ ਵਿਚਕਾਰ ਫ਼ਰਕ ਦੇਖਣ ਅਤੇ ਫਿਰ ਸਹੀ ਰਸਤਾ ਚੁਣਨ ਦੀ ਯੋਗਤਾ ਹੈ। ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨ ਅਤੇ ਉਸ ਦੀਆਂ ਗੱਲਾਂ ਉੱਤੇ ਅਮਲ ਕਰਨ ਦੁਆਰਾ ਸਮਝ ਮਿਲਦੀ ਹੈ।—11/15, ਸਫ਼ਾ 25.
◻ ਜ਼ਿੰਮੇਵਾਰੀਆਂ ਨੂੰ ਸਵੀਕਾਰ ਕਰਨ ਦੇ ਇੱਛੁਕ ਰਵੱਈਏ ਦੇ ਨਾਲ-ਨਾਲ ਕਿਸ ਚੀਜ਼ ਦੀ ਲੋੜ ਹੈ? (2 ਤਿਮੋਥਿਉਸ 3:1)
ਇਸ ਦੇ ਨਾਲ-ਨਾਲ ਚੰਗੀ ਸੂਝ-ਬੂਝ ਦੀ ਲੋੜ ਹੈ। ਕਿਸੇ ਨੂੰ ਵੀ ਇੰਨੀਆਂ ਜ਼ਿਆਦਾ ਕਾਰਜ-ਨਿਯੁਕਤੀਆਂ ਨਹੀਂ ਲੈਣੀਆਂ ਚਾਹੀਦੀਆਂ ਕਿ ਯਹੋਵਾਹ ਦੀ ਸੇਵਾ ਕਰਨ ਵਿਚ ਉਹ ਆਪਣੀ ਖ਼ੁਸ਼ੀ ਹੀ ਗੁਆ ਬੈਠੇ। ਇਕ ਇੱਛੁਕ ਰਵੱਈਆ ਰੱਖਣਾ ਸੱਚ-ਸੱਚ ਸ਼ਲਾਘਾਯੋਗ ਹੈ, ਪਰ ਇਸ ਦੇ ਨਾਲ-ਨਾਲ ਨਿਮਰਤਾ ਅਤੇ “ਸੁਰਤ” ਦੀ ਵੀ ਲੋੜ ਹੈ। (ਤੀਤੁਸ 2:12; ਪਰਕਾਸ਼ ਦੀ ਪੋਥੀ 3:15, 16)—12/1, ਸਫ਼ਾ 28.
◻ ਬੱਚਿਆਂ ਦੀ ਪਰਵਰਿਸ਼ ਕਰਨ ਦੀਆਂ ਚੁਣੌਤੀਆਂ ਦਾ ਸਾਮ੍ਹਣਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ?
ਪਰਮੇਸ਼ੁਰ ਮਾਪਿਆਂ ਨੂੰ ਸਲਾਹ ਦਿੰਦਾ ਹੈ ਕਿ ਉਹ ਆਪਣੇ ਬੱਚਿਆਂ ਲਈ ਚੰਗੀ ਮਿਸਾਲ, ਚੰਗੇ ਦੋਸਤ ਅਤੇ ਚੰਗੇ ਅਧਿਆਪਕ ਬਣਨ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਸਮਾਂ ਕੱਢਣ। (ਬਿਵਸਥਾ ਸਾਰ 6:6, 7)—12/1, ਸਫ਼ਾ 32.