ਬਾਈਬਲ ਦਾ ਦ੍ਰਿਸ਼ਟੀਕੋਣ
ਕੀ ਹੰਕਾਰ ਕਰਨਾ ਗ਼ਲਤ ਹੈ?
ਇਕ ਪੁਰਾਣੀ ਕਹਾਵਤ ਹੈ ਕਿ ਸੱਤ ਮਹਾਂ ਪਾਪਾਂ ਵਿੱਚੋਂ ਪਹਿਲਾ ਪਾਪ ਹੰਕਾਰ ਹੈ। ਪਰ ਅੱਜ-ਕੱਲ੍ਹ ਕਈ ਮੰਨਦੇ ਹਨ ਕਿ ਇਹ ਖ਼ਿਆਲ ਬਹੁਤ ਹੀ ਪੁਰਾਣਾ ਹੈ। ਇੱਕੀਵੀਂ ਸਦੀ ਦੇ ਦੁਆਰ ਤੇ ਆ ਕੇ ਲੋਕ ਹੰਕਾਰ ਨੂੰ ਪਾਪ ਨਹੀਂ ਸਗੋਂ ਇਸ ਨੂੰ ਇਕ ਫ਼ਾਇਦੇਮੰਦ ਗੁਣ ਸਮਝਦੇ ਹਨ।
ਲੇਕਿਨ, ਜਦੋਂ ਬਾਈਬਲ ਹੰਕਾਰ ਬਾਰੇ ਗੱਲ ਕਰਦੀ ਹੈ ਉਹ ਇਸ ਨੂੰ ਉਚਿਤ ਨਹੀਂ ਸਮਝਦੀ। ਬਾਈਬਲ ਵਿਚ ਕਹਾਉਤਾਂ ਦੀ ਪੋਥੀ ਵਿਚ ਹੀ ਕਈ ਹਵਾਲੇ ਹਨ ਜੋ ਹੰਕਾਰ ਨੂੰ ਨਿੰਦਦੇ ਹਨ। ਮਿਸਾਲ ਲਈ, ਕਹਾਉਤਾਂ 8:13 ਕਹਿੰਦਾ ਹੈ: “ਘੁਮੰਡ, ਹੰਕਾਰ ਅਤੇ ਬੁਰੀ ਚਾਲ ਨਾਲ, ਪੁੱਠੇ ਮੂੰਹ ਨਾਲ ਵੀ ਮੈਂ ਵੈਰ [ਰੱਖਦਾ] ਹਾਂ।” ਕਹਾਉਤਾਂ 16:5 ਬਿਆਨ ਕਰਦਾ ਹੈ: “ਹਰੇਕ ਜਿਹ ਦੇ ਮਨ ਵਿੱਚ ਹੰਕਾਰ ਹੈ ਉਸ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ।” ਅਤੇ 18ਵੀਂ ਆਇਤ ਚੇਤਾਵਨੀ ਦਿੰਦੀ ਹੈ: “ਨਾਸ ਤੋਂ ਪਹਿਲਾਂ ਹੰਕਾਰ ਅਤੇ ਡਿੱਗਣ ਤੋਂ ਪਹਿਲਾਂ ਘੁਮੰਡੀ ਰੂਹ ਹੁੰਦੀ ਹੈ।”
ਹੰਕਾਰ ਜੋ ਨੁਕਸਾਨ ਕਰਦਾ ਹੈ
ਜਿਸ ਹੰਕਾਰ ਨੂੰ ਬਾਈਬਲ ਨਿੰਦਦੀ ਹੈ ਉਸ ਦਾ ਵਰਣਨ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ: ਆਪਣੇ ਆਪ ਨੂੰ ਬਹੁਤ ਵੱਡਾ ਸਮਝਣਾ, ਆਪਣੇ ਹੀ ਗੁਣਾਂ, ਆਪਣੀ ਸੁੰਦਰਤਾ, ਧਨ-ਦੌਲਤ, ਪੜ੍ਹਾਈ-ਲਿਖਾਈ, ਪਦਵੀ, ਵਗੈਰਾ-ਵਗੈਰਾ ਵਿਚ ਘਮੰਡ ਕਰਨਾ। ਇਹ ਸ਼ਾਇਦ ਨਫ਼ਰਤ ਵਾਲੇ ਰਵੱਈਏ, ਸ਼ੇਖ਼ੀ ਮਾਰਨ, ਬਦਤਮੀਜ਼ੀ, ਜਾਂ ਚੌਧਰ ਕਰਨ ਦੁਆਰਾ ਜ਼ਾਹਰ ਹੋਵੇ। ਜੇਕਰ ਅਸੀਂ ਆਪਣੇ ਆਪ ਨੂੰ ਜ਼ਿਆਦਾ ਵੱਡਾ ਸਮਝਦੇ ਹਾਂ ਤਾਂ ਹੋ ਸਕਦਾ ਹੈ ਕਿ ਅਸੀਂ ਲੋੜੀਂਦੀ ਸੁਧਾਈ ਸਵੀਕਾਰ ਨਾ ਕਰੀਏ; ਆਪਣੀਆਂ ਗ਼ਲਤੀਆਂ ਇਕਬਾਲ ਕਰ ਕੇ ਮਾਫ਼ੀ ਨਾ ਮੰਗੀਏ, ਗੱਲ ਨੂੰ ਛੱਡ ਕੇ ਸ਼ਰਮਿੰਦੇ ਹੋਣ ਤੋਂ ਡਰੀਏ; ਜਾਂ ਕਿਸੇ ਦੇ ਬੋਲਚਾਲ ਦੇ ਕਾਰਨ ਬਹੁਤ ਜਲਦੀ ਗੁੱਸਾ ਕਰੀਏ।
ਹੰਕਾਰੀ ਲੋਕ ਸ਼ਾਇਦ ਜ਼ਿੱਦ ਕਰ ਕੇ ਹਮੇਸ਼ਾ ਆਪਣੀ ਹੀ ਮਰਜ਼ੀ ਪੁਗਾਉਣੀ ਚਾਹੁਣ। ਇਹ ਦੇਖਣਾ ਔਖਾ ਨਹੀਂ ਕਿ ਅਜਿਹੇ ਰਵੱਈਏ ਦੇ ਕਾਰਨ ਕਈ ਵਾਰ ਕੋਈ-ਨ-ਕੋਈ ਜ਼ਾਤੀ ਝਗੜਾ ਪੈਦਾ ਹੋ ਜਾਂਦਾ ਹੈ। ਨਸਲ ਜਾਂ ਕੌਮੀਅਤ ਦੇ ਹੰਕਾਰ ਕਾਰਨ ਅਣਗਿਣਤ ਲੜਾਈਆਂ ਵਿਚ ਖ਼ੂਨ ਵਹਾਇਆ ਗਿਆ ਹੈ। ਬਾਈਬਲ ਦੇ ਅਨੁਸਾਰ, ਹੰਕਾਰ ਦੇ ਕਾਰਨ ਪਰਮੇਸ਼ੁਰ ਦੇ ਇਕ ਆਤਮਿਕ ਪੁੱਤਰ ਨੇ ਬਗਾਵਤ ਕਰ ਕੇ ਆਪਣੇ ਆਪ ਨੂੰ ਸ਼ਤਾਨ ਅਰਥਾਤ ਇਬਲੀਸ ਬਣਾਇਆ। ਪੌਲੁਸ ਨੇ ਕਿਸੇ ਭਰਾ ਨੂੰ ਮਸੀਹੀ ਬਜ਼ੁਰਗ ਵਜੋਂ ਨਿਯੁਕਤ ਕਰਨ ਦੇ ਸੰਬੰਧ ਵਿਚ ਇਹ ਸਲਾਹ ਦਿੱਤੀ: “ਉਹ ਨਵਾਂ ਚੇਲਾ ਨਾ ਹੋਵੇ ਭਈ ਕਿਤੇ ਫੁੱਲ ਕੇ ਸ਼ਤਾਨ ਦੀ ਸਜ਼ਾ ਵਿੱਚ ਨਾ ਜਾ ਪਵੇ।” (1 ਤਿਮੋਥਿਉਸ 3:6. ਹਿਜ਼ਕੀਏਲ 28:13-17 ਦੀ ਤੁਲਨਾ ਕਰੋ।) ਜੇ ਹੰਕਾਰ ਦੇ ਇਹ ਨਤੀਜੇ ਹਨ, ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪਰਮੇਸ਼ੁਰ ਇਸ ਨੂੰ ਨਿੰਦਦਾ ਹੈ। ਲੇਕਿਨ, ਤੁਸੀਂ ਸ਼ਾਇਦ ਪੁੱਛੋ, ‘ਕੀ ਕੋਈ ਅਜਿਹੀ ਸਥਿਤੀ ਹੈ ਜਦੋਂ ਮਾਣ, ਜਾਂ ਅਭਿਮਾਨ ਕੀਤਾ ਜਾ ਸਕਦਾ ਹੈ?’
ਕੀ ਅਭਿਮਾਨ ਕਦੀ ਜਾਇਜ਼ ਹੋ ਸਕਦਾ ਹੈ?
ਮਸੀਹੀ ਯੂਨਾਨੀ ਸ਼ਾਸਤਰ ਵਿਚ, ਕਾਫਖਾਓਮੇ ਕ੍ਰਿਆ ਦਾ ਅਨੁਵਾਦ “ਫ਼ਖ਼ਰ ਕਰਨਾ, ਖ਼ੁਸ਼ੀ ਮਨਾਉਣੀ, ਅਭਿਮਾਨ ਕਰਨਾ,” ਹੈ। ਇਸ ਕ੍ਰਿਆ ਦਾ ਭਾਵ ਚੰਗਾ ਅਤੇ ਬੁਰਾ ਵੀ ਹੋ ਸਕਦਾ ਹੈ। ਉਦਾਹਰਣ ਲਈ, ਪੌਲੁਸ ਕਹਿੰਦਾ ਹੈ ਕਿ ਅਸੀਂ ‘ਪਰਮੇਸ਼ੁਰ ਦੇ ਪਰਤਾਪ ਦੀ ਆਸ ਉੱਤੇ ਅਭਮਾਨ ਕਰ ਸਕਦੇ’ ਹਾਂ। ਉਹ ਅੱਗੇ ਇਹ ਵੀ ਸਲਾਹ ਦਿੰਦਾ ਹੈ: “ਜੋ ਕੋਈ ਅਭਮਾਨ ਕਰਦਾ ਹੈ ਸੋ ਪ੍ਰਭੁ ਵਿੱਚ ਅਭਮਾਨ ਕਰੇ।” (ਰੋਮੀਆਂ 5:2; 2 ਕੁਰਿੰਥੀਆਂ 10:17) ਇਸ ਦਾ ਮਤਲਬ ਹੈ ਆਪਣੇ ਪਰਮੇਸ਼ੁਰ ਵਜੋਂ ਯਹੋਵਾਹ ਵਿਚ ਅਭਿਮਾਨ ਕਰਨਾ, ਜੋ ਇਕ ਅਜਿਹੀ ਭਾਵਨਾ ਹੈ ਜੋ ਸ਼ਾਇਦ ਸਾਨੂੰ ਉਸ ਦੀ ਨੇਕਨਾਮੀ ਵਿਚ ਖ਼ੁਸ਼ੀ ਮਨਾਉਣ ਲਈ ਪ੍ਰੇਰਿਤ ਕਰੇ।
ਉਦਾਹਰਣ ਲਈ: ਕੀ ਬਦਨਾਮ ਕੀਤੀ ਜਾ ਰਹੀ ਨੇਕਨਾਮੀ ਲਈ ਸਫ਼ਾਈ ਪੇਸ਼ ਕਰਨੀ ਗ਼ਲਤ ਹੈ? ਬਿਲਕੁਲ ਨਹੀਂ। ਜੇ ਲੋਕ ਤੁਹਾਡੇ ਪਰਿਵਾਰ ਦੇ ਜੀਆਂ ਬਾਰੇ ਜਾਂ ਤੁਹਾਡੇ ਕਿਸੇ ਦੋਸਤ ਬਾਰੇ ਬੁਰਾ-ਭਲਾ ਕਹਿਣ, ਕੀ ਤੁਹਾਨੂੰ ਗੁੱਸਾ ਨਹੀਂ ਆਵੇਗਾ ਅਤੇ ਕੀ ਤੁਸੀਂ ਉਨ੍ਹਾਂ ਲਈ ਸਫ਼ਾਈ ਨਹੀਂ ਪੇਸ਼ ਕਰਨੀ ਚਾਹੋਗੇ? ਬਾਈਬਲ ਕਹਿੰਦੀ ਹੈ ਕਿ “ਵੱਡੇ ਧਾਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ।” (ਕਹਾਉਤਾਂ 22:1) ਇਕ ਵਾਰ, ਸਰਬਸ਼ਕਤੀਮਾਨ ਪਰਮੇਸ਼ੁਰ ਨੇ ਮਿਸਰ ਦੇ ਘਮੰਡੀ ਫ਼ਿਰਊਨ ਨੂੰ ਕਿਹਾ: “ਮੈਂ ਤੈਨੂੰ ਏਸ ਕਰਕੇ ਘਲਿਆਰਿਆ ਅਤੇ ਏਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪਰਗਟ ਹੋ ਜਾਵੇ।” (ਕੂਚ 9:16) ਯਹੋਵਾਹ ਆਪਣੀ ਨੇਕਨਾਮੀ ਉੱਤੇ ਫ਼ਖ਼ਰ ਕਰਦਾ ਹੈ ਅਤੇ ਉਸ ਲਈ ਅਣਖੀ ਹੈ। ਅਸੀਂ ਵੀ ਆਪਣੀ ਨੇਕਨਾਮੀ ਕਾਇਮ ਰੱਖਣ ਲਈ ਕੋਸ਼ਿਸ਼ ਕਰ ਸਕਦੇ ਹਾਂ, ਲੇਕਿਨ ਇਸ ਦੇ ਪਿੱਛੇ ਘਮੰਡ ਜਾਂ ਹੰਕਾਰ ਨਹੀਂ ਹੋਣਾ ਚਾਹੀਦਾ।—ਕਹਾਉਤਾਂ 16:18.
ਕਿਸੇ ਵੀ ਰਿਸ਼ਤੇ ਨੂੰ ਮਜ਼ਬੂਤ ਰੱਖਣ ਲਈ ਆਪਸੀ ਆਦਰ ਦੀ ਜ਼ਰੂਰਤ ਹੈ। ਦੂਸਰਿਆਂ ਨਾਲ ਸਾਡੇ ਮੇਲ-ਜੋਲ ਵਿਚ ਅਤੇ ਵਪਾਰਕ ਧੰਦਿਆਂ ਵਿਚ ਖ਼ਰਾਬੀ ਪੈ ਜਾਂਦੀ ਹੈ, ਜਦੋਂ ਆਪਣੇ ਸਾਥੀਆਂ ਵਿਚ ਸਾਡਾ ਭਰੋਸਾ ਘੱਟ ਜਾਂਦਾ ਹੈ। ਇਸੇ ਤਰ੍ਹਾਂ, ਇਕ ਸਾਂਝਾ ਕੰਮ ਜਾਂ ਭਾਈਵਾਲੀ ਵੀ ਬਰਬਾਦ ਹੋ ਸਕਦੀ ਹੈ ਜੇ ਉਸ ਦਾ ਇਕ ਮੈਂਬਰ ਆਪਣਾ ਜਾਂ ਆਪਣੇ ਸਾਥੀਆਂ ਦਾ ਨਾਂ ਬਦਨਾਮ ਕਰਨ ਲਈ ਕੁਝ ਕਰੇ। ਕਿਸੇ ਵੀ ਉਦੇਸ਼ ਨੂੰ ਪੂਰਾ ਕਰਨ ਲਈ ਨੇਕਨਾਮੀ ਕਾਇਮ ਰੱਖਣੀ ਜ਼ਰੂਰੀ ਹੈ। ਇਸ ਲਈ ਮਸੀਹੀ ਕਲੀਸਿਯਾ ਵਿਚ ਨਿਗਾਹਬਾਨਾਂ ਦੀ ਬਾਹਰਲਿਆਂ ਵੱਲੋਂ “ਨੇਕਨਾਮੀ” ਹੋਣੀ ਚਾਹੀਦੀ ਹੈ। (1 ਤਿਮੋਥਿਉਸ 3:7) ਉਹ ਘਮੰਡ ਜਾਂ ਹੰਕਾਰ ਕਰਕੇ ਨੇਕਨਾਮੀ ਨਹੀਂ ਚਾਹੁੰਦੇ ਪਰ ਉਹ ਪਰਮੇਸ਼ੁਰ ਦੇ ਅੱਗੇ ਇਕ ਚੰਗੇ ਤਰੀਕੇ ਵਿਚ ਪੇਸ਼ ਆਉਣਾ ਚਾਹੁੰਦੇ ਹਨ। ਆਖ਼ਰਕਾਰ, ਜੇ ਬਾਹਰਲਿਆਂ ਵੱਲੋਂ ਇਕ ਬਜ਼ੁਰਗ ਦੀ ਨੇਕਨਾਮੀ ਨਾ ਹੋਵੇ ਤਾਂ ਉਸ ਉੱਤੇ ਕਿੰਨਾ ਕੁ ਭਰੋਸਾ ਕੀਤਾ ਜਾ ਸਕਦਾ ਹੈ?
ਨਿੱਜੀ ਕਾਮਯਾਬੀਆਂ ਵਿਚ ਫ਼ਖ਼ਰ ਕਰਨ ਬਾਰੇ ਕੀ? ਮਿਸਾਲ ਲਈ, ਉਸ ਖ਼ੁਸ਼ੀ ਬਾਰੇ ਸੋਚੋ ਜੋ ਮਾਪੇ ਸ਼ਾਇਦ ਮਹਿਸੂਸ ਕਰਨ ਜਦੋਂ ਉਨ੍ਹਾਂ ਦਾ ਬੱਚਾ ਸਕੂਲ ਵਿਚ ਤਰੱਕੀ ਕਰਦਾ ਹੈ। ਅਜਿਹੀ ਤਰੱਕੀ ਵਿਚ ਆਨੰਦ ਮਾਣਨਾ ਜਾਇਜ਼ ਹੈ। ਥੱਸਲੁਨੀਕਾ ਦੇ ਮਸੀਹੀਆਂ ਨੂੰ ਲਿਖਦੇ ਹੋਏ ਪੌਲੁਸ ਨੇ ਦੱਸਿਆ ਕਿ ਉਸ ਨੇ ਵੀ ਕਾਮਯਾਬੀਆਂ ਦਾ ਆਨੰਦ ਮਾਣਿਆ ਸੀ: “ਹੇ ਭਰਾਵੋ, ਜਿਵੇਂ ਜੋਗ ਹੈ ਸਾਨੂੰ ਤੁਹਾਡੇ ਲਈ ਸਦਾ ਪਰਮੇਸ਼ੁਰ ਦਾ ਧੰਨਵਾਦ ਕਰਨਾ ਚਾਹੀਦਾ ਹੈ ਇਸ ਲਈ ਜੋ ਤੁਹਾਡੀ ਨਿਹਚਾ ਅੱਤ ਵਧਦੀ ਜਾਂਦੀ ਹੈ ਅਤੇ ਤੁਸਾਂ ਸਭਨਾਂ ਦਾ ਪ੍ਰੇਮ ਇੱਕ ਦੂਏ ਨਾਲ ਬਹੁਤਾ ਹੁੰਦਾ ਜਾਂਦਾ ਹੈ। ਐਥੋਂ ਤੋੜੀ ਜੋ ਤੁਹਾਡੇ ਉਸ ਧੀਰਜ ਅਤੇ ਨਿਹਚਾ ਦੇ ਕਾਰਨ ਜੋ ਤੁਸੀਂ ਜ਼ੁਲਮ ਅਤੇ ਬਿਪਤਾਂ ਦੇ ਝੱਲਣ ਵਿੱਚ ਰੱਖਦੇ ਹੋ ਅਸੀਂ ਪਰਮੇਸ਼ੁਰ ਦੀਆਂ ਸਾਰੀਆਂ ਕਲੀਸਿਯਾਂ ਵਿੱਚ ਤੁਹਾਡੇ ਉੱਤੇ ਅਭਮਾਨ ਕਰਦੇ ਹਾਂ।” (ਟੇਢੇ ਟਾਈਪ ਸਾਡੇ।) (2 ਥੱਸਲੁਨੀਕੀਆਂ 1:3, 4) ਹਾਂ, ਦੂਸਰਿਆਂ ਦੀਆਂ ਕਾਮਯਾਬੀਆਂ ਦੇਖ ਕੇ ਆਨੰਦ ਮਾਣਨਾ ਕੁਦਰਤੀ ਹੈ। ਤਾਂ ਫਿਰ, ਅਭਿਮਾਨ ਕਰਨਾ ਜਾਇਜ਼ ਜਾਂ ਨਾਜਾਇਜ਼ ਕਦੋਂ ਹੁੰਦਾ ਹੈ?
ਆਪਣੀ ਨੇਕਨਾਮੀ ਕਾਇਮ ਰੱਖਣੀ, ਸਫ਼ਲਤਾ ਪ੍ਰਾਪਤ ਕਰਨੀ, ਅਤੇ ਇਸ ਸਫ਼ਲਤਾ ਦੇ ਕਾਰਨ ਖ਼ੁਸ਼ ਹੋਣਾ ਗ਼ਲਤ ਨਹੀਂ ਹੈ। ਪਰ, ਘਮੰਡ ਕਰਨਾ, ਹੰਕਾਰ ਕਰਨਾ, ਅਤੇ ਆਪਣੇ ਆਪ ਜਾਂ ਦੂਜਿਆਂ ਬਾਰੇ ਸ਼ੇਖ਼ੀ ਮਾਰਨੀ ਅਜਿਹੀਆਂ ਆਦਤਾਂ ਹਨ ਜੋ ਪਰਮੇਸ਼ੁਰ ਨਿੰਦਦਾ ਹੈ। ਇਹ ਬਹੁਤ ਹੀ ਦੁੱਖ ਦੀ ਗੱਲ ਹੋਵੇਗੀ ਜੇ ਕੋਈ ਹੰਕਾਰ ਨਾਲ “ਫੁੱਲ” ਜਾਵੇ ਜਾਂ ‘ਆਪਣੇ ਆਪ ਨੂੰ ਜਿੰਨਾ ਚਾਹੀਦਾ ਉਸ ਨਾਲੋਂ ਵੱਧ ਸਮਝੇ।’ ਮਸੀਹੀਆਂ ਨੂੰ ਯਹੋਵਾਹ ਪਰਮੇਸ਼ੁਰ ਅਤੇ ਉਸ ਦੀਆਂ ਕਰਨੀਆਂ ਤੋਂ ਸਿਵਾਇ ਹੋਰ ਕਿਸੇ ਚੀਜ਼ ਵਿਚ ਹੱਦੋਂ ਵੱਧ ਮਾਣ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਸ਼ੇਖ਼ੀ ਮਾਰਨੀ ਚਾਹੀਦੀ ਹੈ। (1 ਕੁਰਿੰਥੀਆਂ 4:6, 7; ਰੋਮੀਆਂ 12:3) ਯਿਰਮਿਯਾਹ ਨਬੀ ਸਾਨੂੰ ਇਕ ਵਧੀਆ ਸਿਧਾਂਤ ਲਾਗੂ ਕਰਨ ਲਈ ਦਿੰਦਾ ਹੈ: “ਜਿਹੜਾ ਮਾਣ ਕਰਦਾ ਹੈ ਉਹ ਏਸ ਉੱਤੇ ਮਾਣ ਕਰੇ ਭਈ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ।”—ਯਿਰਮਿਯਾਹ 9:24.
[ਸਫ਼ੇ 28 ਉੱਤੇ ਤਸਵੀਰ]
“ਪੋਪ ਇਨੋਸੈਂਟ ਦਸੱਵਾਂ,” ਡੋਨ ਡੀਏਗੋ ਰੋਡ੍ਰੀਗੇਜ਼ ਡ ਸਿਲਵਾ ਵੇਲਾਜ਼ਕੇਜ਼ ਦੁਆਰਾ
[ਕ੍ਰੈਡਿਟ ਲਾਈਨ]
Scala/Art Resource, NY