ਅਸੀਂ ‘ਬਚਨ ਦਾ ਪਰਚਾਰ ਕਰਦੇ ਹਾਂ’
1 “ਅੰਤ ਦਿਆਂ ਦਿਨਾਂ” ਬਾਰੇ ਬਾਈਬਲ ਦੇ ਵਰਣਨ ਦੇ ਠੀਕ ਅਨੁਸਾਰ, ਅੱਜ ਜ਼ਿਆਦਾਤਰ ਲੋਕ ਕੇਵਲ “ਭਗਤੀ ਦਾ ਰੂਪ” ਧਾਰਦੇ ਹਨ। (2 ਤਿਮੋ. 3:1, 5) ਇਹ ਇਸ ਲਈ ਹੈ ਕਿਉਂਕਿ ਧਾਰਮਿਕ ਆਗੂ ਆਪਣੇ ਝੁੰਡਾਂ ਨੂੰ ਅਸਲੀ ਅਧਿਆਤਮਿਕ ਮਾਰਗ-ਦਰਸ਼ਨ ਦੇਣ ਵਿਚ ਅਸਫ਼ਲ ਰਹੇ ਹਨ। ਮਸੀਹੀ-ਜਗਤ ਦੇ ਪਾਦਰੀ ਬਾਈਬਲ ਦੀ ਹਿਮਾਇਤ ਨਹੀਂ ਕਰਦੇ। ਉਹ ਪਰਮੇਸ਼ੁਰ ਦਾ ਬਚਨ ਪ੍ਰਚਾਰ ਕਰਨ ਦੀ ਬਜਾਇ ਫ਼ਿਲਾਸਫ਼ਰਾਂ ਅਤੇ ਧਰਮ-ਸ਼ਾਸਤਰੀਆਂ ਦੀਆਂ ਫ਼ਜ਼ੂਲ ਸਿੱਖਿਆਵਾਂ ਨੂੰ ਦੁਹਰਾਉਣਾ ਜਾਂ ਸਮਾਜਕ ਤੇ ਸਿਆਸੀ ਮਸਲਿਆਂ ਉੱਤੇ ਵਿਚਾਰ ਪੇਸ਼ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਅਨੇਕ ਧਾਰਮਿਕ ਆਗੂ ਬਾਈਬਲ ਵਿਚ ਵਿਸ਼ਵਾਸ ਨਹੀਂ ਕਰਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਇਹ ਪੁਰਾਣੀ ਹੋ ਗਈ ਹੈ, ਅਤੇ ਇਸ ਲਈ ਉਹ ਇਕ ਮਹਾਨ ਸ੍ਰਿਸ਼ਟੀਕਰਤਾ ਬਾਰੇ ਬਾਈਬਲ ਦੀ ਸਿੱਖਿਆ ਦੇਣ ਦੀ ਬਜਾਇ ਪੁੱਠੇ ਢੰਗ ਨਾਲ ਕ੍ਰਮ-ਵਿਕਾਸ ਦੇ ਸਿਧਾਂਤ ਨੂੰ ਅੱਗੇ ਵਧਾਉਂਦੇ ਹਨ। ਜ਼ਿਆਦਾਤਰ ਪਾਦਰੀ ਤਾਂ ਪਰਮੇਸ਼ੁਰ ਦੇ ਨਿੱਜੀ ਨਾਂ ਨੂੰ ਵੀ ਇਸਤੇਮਾਲ ਨਹੀਂ ਕਰਦੇ ਹਨ, ਅਤੇ ਇਸ ਨੂੰ ਆਧੁਨਿਕ ਬਾਈਬਲ ਅਨੁਵਾਦਾਂ ਵਿੱਚੋਂ ਹਟਾਉਣ ਦੇ ਪ੍ਰਤੀ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।
2 ਯਿਸੂ ਦੇ ਦਿਨਾਂ ਦੇ ਧਾਰਮਿਕ ਆਗੂਆਂ ਦੇ ਵਾਂਗ, ਅੱਜ ਦੇ ਪਾਦਰੀ ਵੀ ਵਿਅਰਥ ਹੀ ਪ੍ਰਚਾਰ ਕਰ ਰਹੇ ਹਨ। (ਮੱਤੀ 15:8, 9) ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਕਿ ਨਬੀ ਆਮੋਸ ਨੇ ਭਵਿੱਖਬਾਣੀ ਕੀਤੀ ਸੀ। “ਰੋਟੀ ਦਾ ਕਾਲ ਨਹੀਂ, ਨਾ ਪਾਣੀ ਲਈ ਤਿਹਾ, ਸਗੋਂ ਯਹੋਵਾਹ ਦੀ ਬਾਣੀ ਦੇ ਸੁਣਨ ਦਾ” ਕਾਲ ਪਿਆ ਹੋਇਆ ਹੈ। (ਆਮੋ. 8:11) ਹੋਰ ਕਿਸੇ ਚੀਜ਼ ਨਾਲੋਂ ਵੱਧ, ਲੋਕਾਂ ਨੂੰ ਪਰਮੇਸ਼ੁਰ ਦੇ ਬਚਨ ਦੇ ਅਧਿਆਤਮਿਕ ਭੋਜਨ ਦੀ ਲੋੜ ਹੈ।
3 ਲੋਕਾਂ ਦੀ ਅਧਿਆਤਮਿਕ ਲੋੜ ਕਿਵੇਂ ਪੂਰੀ ਕਰੀਏ: ਪੌਲੁਸ ਨੇ ਤਿਮੋਥਿਉਸ ਨੂੰ ਤਾਕੀਦ ਕੀਤੀ ਸੀ ਕਿ ਉਹ “ਪਵਿੱਤਰ ਲਿਖਤਾਂ” ਨਾਲ ਜੁੜਿਆ ਰਹੇ ਜੋ “ਮੁਕਤੀ ਦਾ ਗਿਆਨ ਦੇ ਸੱਕਦੀਆਂ ਹਨ,” ਅਤੇ ਇਸ ਲਈ ਉਸ ਨੇ ਗੰਭੀਰਤਾ ਸਹਿਤ ਤਿਮੋਥਿਉਸ ਨੂੰ ਨਿਰਦੇਸ਼ ਦਿੱਤਾ ਕਿ ਉਹ ਹੋਰਨਾਂ ਨੂੰ ‘ਬਚਨ ਦਾ ਪਰਚਾਰ ਕਰੇ।’ (2 ਤਿਮੋ. 3:14, 15; 4:2) ਯਹੋਵਾਹ ਦੇ ਗਵਾਹਾਂ ਵਜੋਂ, ਸਾਨੂੰ ਉਹੋ ਗੱਲਾਂ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਜੋ ਬਾਈਬਲ ਸਿਖਾਉਂਦੀ ਹੈ, ਅਤੇ ਇਸ ਤਰ੍ਹਾਂ ਅਸੀਂ ਆਪਣੇ ਆਦਰਸ਼, ਯਿਸੂ ਦੀ ਰੀਸ ਕਰ ਰਹੇ ਹੋਵਾਂਗੇ, ਜਿਸ ਨੇ ਕਿਹਾ ਸੀ: “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ ਸਗੋਂ ਉਹ ਦੀ ਹੈ ਜਿਨ੍ਹ ਮੈਨੂੰ ਘੱਲਿਆ।” (ਯੂਹੰ. 7:16) ਅਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਸਿੱਖਿਆ ਦੇ ਆਧਾਰ ਵਜੋਂ ਇਸਤੇਮਾਲ ਕਰਦੇ ਹਾਂ, ਕਿਉਂਕਿ ਅਸੀਂ ਮੰਨਦੇ ਹਾਂ ਕਿ ਇਸ ਵਿਚ ਈਸ਼ਵਰੀ ਬੁੱਧੀ ਹੈ, ਅਤੇ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਜੋ ਜਾਣਕਾਰੀ ਅਸੀਂ ਉਨ੍ਹਾਂ ਨਾਲ ਸਾਂਝੀ ਕਰ ਰਹੇ ਹਾਂ, ਉਸ ਦਾ ਸ੍ਰੋਤ ਕੀ ਹੈ।—1 ਕੁਰਿੰ. 2:4-7.
4 ਯਹੋਵਾਹ ਬਾਰੇ ਸਿੱਖਣ ਅਤੇ ਉਸ ਵਿਚ ਨਿਹਚਾ ਕਰਨ ਲਈ ਲੋਕਾਂ ਨੂੰ ਪਹਿਲਾਂ ਬਾਈਬਲ ਵਿੱਚੋਂ ਸੱਚਾਈ ਨੂੰ ਸੁਣਨ ਦੀ ਲੋੜ ਹੈ। ਪੌਲੁਸ ਨੇ ਤਰਕਸੰਗਤ ਢੰਗ ਨਾਲ ਲਿਖਿਆ: “ਅਤੇ ਜਿਹ ਦੀ ਖਬਰ ਸੁਣੀ ਹੀ ਨਹੀਂ ਉਸ ਉੱਤੇ ਨਿਹਚਾ ਕਿੱਕੁਰ ਕਰਨ? ਅਤੇ ਪਰਚਾਰਕ ਬਾਝੋਂ ਕਿੱਕੁਰ ਸੁਣਨ?” (ਰੋਮੀ. 10:14) ਪਰਮੇਸ਼ੁਰ ਦਾ ਬਚਨ ਪ੍ਰਚਾਰ ਕਰਨ ਦੇ ਦੁਆਰਾ, ਅਸੀਂ ਯਥਾਰਥ ਗਿਆਨ ਦੁਆਰਾ ਨਿਹਚਾ ਹਾਸਲ ਕਰਨ ਲਈ ਦੂਜਿਆਂ ਦੀ ਮਦਦ ਕਰਦੇ ਹਾਂ। ਅਜਿਹਾ ਗਿਆਨ ਜੀਵਨਾਂ ਨੂੰ ਬਿਹਤਰ ਬਣਾ ਸਕਦਾ ਹੈ ਅਤੇ ਬਣਾਉਂਦਾ ਵੀ ਹੈ। ਅੰਗ੍ਰੇਜ਼ੀ ਦੇ ਲੇਖਕ ਚਾਰਲਸ ਡਿਕਨਸ ਨੇ ਬਾਈਬਲ ਦੇ ਸੰਬੰਧ ਵਿਚ ਲਿਖਿਆ: “ਪੂਰੇ ਇਤਿਹਾਸ ਵਿਚ ਇਹ ਸੰਸਾਰ ਦੀ ਸਭ ਤੋਂ ਵਧੀਆ ਪੁਸਤਕ ਰਹੀ ਹੈ ਅਤੇ ਰਹੇਗੀ, ਕਿਉਂਕਿ ਇਹ ਤੁਹਾਨੂੰ ਸਭ ਤੋਂ ਉੱਤਮ ਸਬਕ ਸਿਖਾਉਂਦੀ ਹੈ ਜਿਨ੍ਹਾਂ ਦੁਆਰਾ ਈਮਾਨਦਾਰ ਅਤੇ ਵਫ਼ਾਦਾਰ ਹੋਣ ਦਾ ਜਤਨ ਕਰ ਰਿਹਾ ਕੋਈ ਵੀ ਮਾਨਵ ਪ੍ਰਾਣੀ ਮਾਰਗ-ਦਰਸ਼ਿਤ ਹੋ ਸਕਦਾ ਹੈ।”
5 ਅਧਿਆਤਮਿਕ ਸੱਚਾਈ ਲਈ ਭੁੱਖੇ ਵਿਅਕਤੀ ਜਾਣ ਜਾਂਦੇ ਹਨ ਕਿ ਪਰਮੇਸ਼ੁਰ ਦਾ ਬਚਨ ਇਸ ਦੀ ਪੁਸ਼ਟੀ ਕਰਦਾ ਹੈ। 1913 ਵਿਚ, ਜਦੋਂ ਫਰੈਡਰਿਕ ਡਬਲਯੂ. ਫ਼੍ਰਾਂਜ਼ ਇਕ ਨੌਜਵਾਨ ਕਾਲਜ ਵਿਦਿਆਰਥੀ ਸੀ, ਤਾਂ ਉਸ ਨੂੰ ਮਿਰਤਕ ਕਿੱਥੇ ਹਨ? ਨਾਮਕ ਪੁਸਤਿਕਾ ਦਿੱਤੀ ਗਈ। ਇਸ ਸਵਾਲ ਬਾਰੇ ਬਾਈਬਲ ਦੇ ਜਵਾਬ ਨੂੰ ਬਹੁਤ ਦਿਲਚਸਪੀ ਨਾਲ ਪੜ੍ਹਨ ਮਗਰੋਂ, ਉਸ ਨੇ ਬਿਆਨ ਕੀਤਾ: “ਇਹੋ ਸੱਚਾਈ ਹੈ।” ਸੱਚਾਈ ਨੂੰ ਭਾਲਣ ਵਾਲੇ ਲੱਖਾਂ ਲੋਕਾਂ ਨੇ ਇਸੇ ਤਰ੍ਹਾਂ ਮਹਿਸੂਸ ਕੀਤਾ ਹੈ। ਆਓ ਅਸੀਂ ਤਨਦੇਹੀ ਅਤੇ ਜੋਸ਼ ਨਾਲ ਬਚਨ ਦਾ ਪ੍ਰਚਾਰ ਕਰੀਏ ਅਤੇ ਇਸ ਤਰ੍ਹਾਂ ਦੂਜਿਆਂ ਨੂੰ “ਇਹੋ ਸੱਚਾਈ ਹੈ,” ਕਹਿੰਦੇ ਹੋਏ ਸੁਣਨ ਦੇ ਆਨੰਦ ਵਿਚ ਹਿੱਸਾ ਲਈਏ।