ਲੋਕਾਂ ਵਿਚ ਦਿਲਚਸਪੀ ਲਓ—ਸਵਾਲ ਪੁੱਛੋ ਤੇ ਉਨ੍ਹਾਂ ਦੀ ਗੱਲ ਸੁਣੋ
1 ਬਹੁਤ ਸਾਰੇ ਲੋਕ ਆਪਣੇ ਵਿਚਾਰ ਪ੍ਰਗਟਾਉਣੇ ਪਸੰਦ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਪਸੰਦ ਨਹੀਂ ਕਿ ਕੋਈ ਉਨ੍ਹਾਂ ਤੇ ਲੈਕਚਰ ਝਾੜੇ ਜਾਂ ਸਵਾਲਾਂ ਦੀ ਬੁਛਾੜ ਕਰੇ। ਇਸ ਲਈ ਪਰਮੇਸ਼ੁਰ ਦੇ ਸੇਵਕ ਹੋਣ ਦੇ ਨਾਤੇ, ਸਾਨੂੰ ਲੋਕਾਂ ਦੇ ਦਿਲ ਦੀ ਗੱਲ ਜਾਣਨ ਲਈ ਸਵਾਲ ਪੁੱਛਣ ਦੀ ਕਲਾ ਸਿੱਖਣ ਦੀ ਲੋੜ ਹੈ।—ਕਹਾ. 20:5.
2 ਸਾਡੇ ਸਵਾਲ ਪੁੱਛਣ ਤੇ ਲੋਕਾਂ ਨੂੰ ਸ਼ਰਮਿੰਦਗੀ ਨਹੀਂ ਹੋਣੀ ਚਾਹੀਦੀ ਬਲਕਿ ਕੁਝ ਸੋਚਣ ਦੀ ਪ੍ਰੇਰਣਾ ਮਿਲਣੀ ਚਾਹੀਦੀ ਹੈ। ਘਰ-ਘਰ ਪ੍ਰਚਾਰ ਕਰਦੇ ਸਮੇਂ ਇਕ ਭਰਾ ਪੁੱਛਦਾ ਹੈ, “ਤੁਹਾਡੇ ਖ਼ਿਆਲ ਵਿਚ ਕੀ ਕਦੇ ਅਜਿਹਾ ਸਮਾਂ ਆਵੇਗਾ ਜਦ ਲੋਕ ਇਕ-ਦੂਜੇ ਨਾਲ ਆਦਰ-ਸਤਿਕਾਰ ਨਾਲ ਪੇਸ਼ ਆਉਣਗੇ?” ਜਵਾਬ ਸੁਣ ਕੇ ਫਿਰ ਉਹ ਕਹਿੰਦਾ ਹੈ, “ਤੁਹਾਡੇ ਖ਼ਿਆਲ ਅਨੁਸਾਰ ਇਸ ਵਾਸਤੇ ਕੀ ਕਰਨ ਦੀ ਲੋੜ ਹੈ?” ਜਾਂ “ਤੁਸੀਂ ਇਸ ਤਰ੍ਹਾਂ ਕਿਉਂ ਸੋਚਦੇ ਹੋ?” ਇਕ ਹੋਰ ਭਰਾ ਗ਼ੈਰ-ਰਸਮੀ ਅਤੇ ਜਨਤਕ ਥਾਵਾਂ ਤੇ ਪ੍ਰਚਾਰ ਕਰਦੇ ਸਮੇਂ ਬਾਲ-ਬੱਚੇਦਾਰ ਲੋਕਾਂ ਨੂੰ ਪੁੱਛਦਾ ਹੈ, “ਮਾਤਾ ਜਾਂ ਪਿਤਾ ਬਣਨ ਬਾਰੇ ਤੁਹਾਨੂੰ ਕਿਹੜੀ ਗੱਲ ਸਭ ਤੋਂ ਚੰਗੀ ਲੱਗਦੀ ਹੈ?” ਫਿਰ ਉਹ ਪੁੱਛਦਾ ਹੈ, “ਤੁਹਾਨੂੰ ਕਿਹੜੀਆਂ ਗੱਲਾਂ ਦੀ ਜ਼ਿਆਦਾ ਚਿੰਤਾ ਹੈ?” ਧਿਆਨ ਦਿਓ ਕਿ ਇਹ ਸਵਾਲ ਲੋਕਾਂ ਨੂੰ ਸ਼ਰਮਿੰਦਾ ਕਰਨ ਦੀ ਬਜਾਇ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਲਈ ਉਤਸ਼ਾਹਿਤ ਕਰਦੇ ਹਨ। ਲੋਕਾਂ ਦੇ ਹਾਲਾਤ ਵੱਖੋ-ਵੱਖਰੇ ਹੁੰਦੇ ਹਨ, ਇਸ ਲਈ ਸਾਨੂੰ ਉਨ੍ਹਾਂ ਦੀ ਦਿਲਚਸਪੀ ਅਨੁਸਾਰ ਆਪਣੀ ਗੱਲ ਦੇ ਵਿਸ਼ੇ ਨੂੰ ਅਤੇ ਸਵਾਲ ਪੁੱਛਣ ਦੇ ਲਹਿਜ਼ੇ ਨੂੰ ਬਦਲਣ ਦੀ ਲੋੜ ਹੈ।
3 ਲੋਕਾਂ ਦੇ ਦਿਲ ਦੀ ਗੱਲ ਜਾਣਨੀ: ਜੇ ਲੋਕ ਆਪਣੇ ਵਿਚਾਰ ਦੱਸਦੇ ਹਨ, ਤਾਂ ਉਨ੍ਹਾਂ ਨੂੰ ਵਿੱਚੋਂ ਹੀ ਟੋਕਣ ਦੀ ਬਜਾਇ ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣੋ। (ਯਾਕੂ. 1:19) ਵਿਚਾਰ ਦੱਸਣ ਲਈ ਨਿਮਰਤਾ ਨਾਲ ਉਨ੍ਹਾਂ ਦਾ ਧੰਨਵਾਦ ਕਰੋ। (ਕੁਲੁ. 4:6) ਤੁਸੀਂ ਕਹਿ ਸਕਦੇ ਹੋ: “ਗੱਲ ਤਾਂ ਤੁਹਾਡੀ ਗੌਰ ਕਰਨ ਲਾਇਕ ਹੈ। ਸ਼ੁਕਰੀਆ ਇਹ ਦੱਸਣ ਵਾਸਤੇ।” ਦਿਲੋਂ ਉਨ੍ਹਾਂ ਦੀ ਤਾਰੀਫ਼ ਕਰੋ। ਫਿਰ ਸੋਚ-ਸਮਝ ਕੇ ਕੁਝ ਹੋਰ ਸਵਾਲ ਪੁੱਛੋ ਤਾਂਕਿ ਤੁਸੀਂ ਜਾਣ ਸਕੋ ਕਿ ਉਹ ਇਵੇਂ ਕਿਉਂ ਸੋਚਦੇ ਹਨ। ਫਿਰ ਉਸ ਵਿਸ਼ੇ ਤੇ ਗੱਲ ਕਰੋ ਜਿਸ ਉੱਤੇ ਘਰ-ਸੁਆਮੀ ਤੇ ਤੁਸੀਂ ਸਹਿਮਤ ਹੋ। ਜਦੋਂ ਤੁਸੀਂ ਉਨ੍ਹਾਂ ਦਾ ਧਿਆਨ ਕਿਸੇ ਆਇਤ ਵੱਲ ਦਿਵਾਉਣਾ ਚਾਹੁੰਦੇ ਹੋ, ਤਾਂ ਪੁੱਛੋ, “ਕੀ ਤੁਸੀਂ ਕਦੇ ਸੋਚਿਆ ਕਿ ਇੱਦਾਂ ਹੋ ਸਕਦਾ?” ਆਪਣੇ ਵਿਚਾਰਾਂ ਤੇ ਅੜੇ ਨਾ ਰਹੋ ਜਾਂ ਬਹਿਸ ਨਾ ਕਰੋ।—2 ਤਿਮੋ. 2:24, 25.
4 ਲੋਕ ਸਾਡੇ ਸਵਾਲਾਂ ਦਾ ਜਵਾਬ ਕਿਵੇਂ ਦਿੰਦੇ ਹਨ, ਇਹ ਇਸ ਗੱਲ ਤੇ ਨਿਰਭਰ ਕਰਦਾ ਕਿ ਅਸੀਂ ਉਨ੍ਹਾਂ ਦੀ ਗੱਲ ਕਿੰਨੇ ਧਿਆਨ ਨਾਲ ਸੁਣਦੇ ਹਾਂ। ਉਨ੍ਹਾਂ ਨੂੰ ਪਤਾ ਚੱਲ ਜਾਵੇਗਾ ਕਿ ਸਾਨੂੰ ਉਨ੍ਹਾਂ ਦੀ ਗੱਲ ਵਿਚ ਰੁਚੀ ਹੈ ਕਿ ਨਹੀਂ। ਇਕ ਸਫ਼ਰੀ ਨਿਗਾਹਬਾਨ ਨੇ ਕਿਹਾ, “ਜਦੋਂ ਤੁਸੀਂ ਲੋਕਾਂ ਦੀ ਗੱਲ ਧੀਰਜ ਨਾਲ ਸੁਣਦੇ ਹੋ, ਤਾਂ ਇਸ ਦਾ ਉਨ੍ਹਾਂ ਤੇ ਬਹੁਤ ਚੰਗਾ ਅਸਰ ਪੈਂਦਾ ਹੈ ਤੇ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਤੁਹਾਨੂੰ ਉਨ੍ਹਾਂ ਵਿਚ ਰੁਚੀ ਹੈ।” ਲੋਕਾਂ ਦੀ ਗੱਲ ਸੁਣ ਕੇ ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ। ਇਸ ਤੋਂ ਉਹ ਖ਼ੁਸ਼ ਖ਼ਬਰੀ ਸੁਣਨ ਲਈ ਪ੍ਰੇਰਿਤ ਹੋ ਸਕਦੇ ਹਨ।—ਰੋਮੀ. 12:10.