ਬਾਈਬਲ ਅਧਿਐਨ ਵਿਚ ਪੂਰਾ ਹਿੱਸਾ ਲੈਣ ਲਈ ਪਰਿਵਾਰ ਦਾ ਯੋਗਦਾਨ
1 ਸੱਚਾਈ ਪਰਿਵਾਰ ਦੇ ਜੀਵਨ ਨੂੰ ਮਕਸਦ ਭਰਿਆ ਬਣਾਉਂਦੀ ਹੈ, ਪਰ ਯਹੋਵਾਹ ਦੀ ਸੇਵਾ ਵਿਚ ਸਫ਼ਲਤਾ ਆਪਣੇ ਆਪ ਨਹੀਂ ਮਿਲ ਜਾਂਦੀ। ਪਰਮੇਸ਼ੁਰ ਨਾਲ ਪਰਿਵਾਰ ਦਾ ਰਿਸ਼ਤਾ ਮਜ਼ਬੂਤ ਬਣਾਉਣ ਲਈ ਸਮਾਂ ਲਾਉਣਾ ਤੇ ਜਤਨ ਕਰਨਾ ਪੈਂਦਾ ਹੈ। ਇਸ ਤਰ੍ਹਾਂ ਕਰਨ ਲਈ ਬਹੁਤ ਜ਼ਰੂਰੀ ਹੈ ਕਿ ਪਰਿਵਾਰ ਦੇ ਮੈਂਬਰ ਇਕ-ਦੂਜੇ ਦਾ ਸਾਥ ਦੇਣ। ਇਸ ਲੇਖ ਵਿਚ ਇਸ ਗੱਲ ʼਤੇ ਜ਼ੋਰ ਦਿੱਤਾ ਜਾਵੇਗਾ ਕਿ ਅਧਿਐਨ ਕਰਨ ਦੀ ਚੰਗੀ ਆਦਤ ਪਾਉਣ ਵਿਚ ਪਰਿਵਾਰ ਕਿਵੇਂ ਯੋਗਦਾਨ ਪਾ ਸਕਦੇ ਹਨ।
2 ਰੋਜ਼ ਬਾਈਬਲ ਪੜ੍ਹਨ ਦੁਆਰਾ: ਕਹਾਉਤਾਂ 24:5 ਵਿਚ ਲਿਖਿਆ ਹੈ: “ਗਿਆਨੀ ਮਨੁੱਖ ਸ਼ਕਤੀ ਵਧਾਈ ਜਾਂਦਾ ਹੈ।” ਬਾਕਾਇਦਾ ਬਾਈਬਲ ਪੜ੍ਹ ਕੇ ਮਿਲੇ ਗਿਆਨ ਸਦਕਾ ਸਾਨੂੰ ਸ਼ੈਤਾਨ ਦੇ ਹਮਲਿਆਂ ਦਾ ਸਾਮ੍ਹਣਾ ਕਰਨ ਦੀ ਤਾਕਤ ਮਿਲਦੀ ਹੈ ਜੋ ਉਹ ਪਰਮੇਸ਼ੁਰ ਨਾਲੋਂ ਸਾਡਾ ਰਿਸ਼ਤਾ ਤੋੜਨ ਲਈ ਕਰਦਾ ਹੈ। (ਜ਼ਬੂ. 1:1, 2) ਪਰਿਵਾਰ ਦੇ ਤੌਰ ਤੇ ਕੀ ਤੁਸੀਂ ਹਰ ਰੋਜ਼ ਬਾਈਬਲ ਪੜ੍ਹਦੇ ਹੋ? ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਪ੍ਰੋਗ੍ਰਾਮ ਵਿਚ ਸਾਲ ਦੇ ਹਰ ਹਫ਼ਤੇ ਦਾ “ਬਾਈਬਲ ਰੀਡਿੰਗ ਸ਼ਡਿਉਲ” ਦਿੱਤਾ ਜਾਂਦਾ ਹੈ। ਇਸ ਮੁਤਾਬਕ ਚੱਲਣ ਲਈ ਪਰਿਵਾਰ ਨੂੰ ਦੱਸ ਕੁ ਮਿੰਟ ਕੱਢਣ ਦੀ ਲੋੜ ਹੈ। ਬਾਈਬਲ ਪੜ੍ਹਨ ਅਤੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਵਿੱਚੋਂ ਦਿਨ ਦੇ ਹਵਾਲੇ ਉੱਤੇ ਚਰਚਾ ਕਰਨ ਲਈ ਢੁਕਵਾਂ ਸਮਾਂ ਚੁਣੋ ਜਿਵੇਂ ਨਾਸ਼ਤੇ ਦਾ ਸਮਾਂ, ਸ਼ਾਮ ਦੀ ਰੋਟੀ ਖਾਣ ਤੋਂ ਬਾਅਦ ਜਾਂ ਸੌਣ ਤੋਂ ਪਹਿਲਾਂ। ਇਸ ਨੂੰ ਆਪਣੇ ਪਰਿਵਾਰ ਦੀ ਰੋਜ਼ ਦੀ ਰੁਟੀਨ ਬਣਾਓ।
3 ਹਰ ਹਫ਼ਤੇ ਮਿਲ ਕੇ ਸਟੱਡੀ ਕਰਨ ਦੁਆਰਾ: ਪਰਿਵਾਰਕ ਸਟੱਡੀ ਪਰਿਵਾਰ ਲਈ ਹਫ਼ਤੇ ਵਿਚ ਖ਼ਾਸ ਸਮਾਂ ਹੋਣਾ ਚਾਹੀਦਾ ਹੈ। ਹਰ ਮੈਂਬਰ ਨੂੰ ਜੋਸ਼ ਨਾਲ ਇਸ ਵਿਚ ਹਿੱਸਾ ਲੈ ਕੇ ਯੋਗਦਾਨ ਪਾਉਣਾ ਚਾਹੀਦਾ ਹੈ। ਪਰਿਵਾਰ ਦਾ ਮੁਖੀ ਪਰਿਵਾਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤੈਅ ਕਰੇਗਾ ਕਿ ਕਿਹੜੀ ਜਾਣਕਾਰੀ, ਕਿਹੜੇ ਦਿਨ, ਕਿੰਨੇ ਵਜੇ ਅਤੇ ਕਿੰਨੀ ਦੇਰ ਲਈ ਸਟੱਡੀ ਕਰਨੀ ਹੈ। ਹਰ ਹਫ਼ਤੇ ਬਾਕੀ ਕੰਮਾਂ ਨਾਲੋਂ ਪਰਿਵਾਰਕ ਸਟੱਡੀ ਨੂੰ ਪਹਿਲ ਦਿਓ। ਛੋਟੀਆਂ-ਮੋਟੀਆਂ ਗੱਲਾਂ ਨੂੰ ਸਟੱਡੀ ਵਿਚ ਰੁਕਾਵਟ ਨਾ ਬਣਨ ਦਿਓ।—ਫ਼ਿਲਿ. 1:10, 11.
4 ਇਕ ਪਿਤਾ, ਜਿਸ ਨੂੰ ਘਰ ਵਿਚ ਅਕਸਰ ਬਿਜ਼ਨਿਸ ਸੰਬੰਧੀ ਫ਼ੋਨ ਆਉਂਦੇ ਸਨ, ਪਰਿਵਾਰਕ ਸਟੱਡੀ ਦੌਰਾਨ ਟੈਲੀਫ਼ੋਨ ਬੰਦ ਕਰ ਦਿੰਦਾ ਸੀ। ਜੇ ਗਾਹਕ ਘਰ ਆਉਂਦੇ ਸਨ, ਤਾਂ ਉਹ ਉਨ੍ਹਾਂ ਨੂੰ ਸਟੱਡੀ ਦੌਰਾਨ ਨਾਲ ਬੈਠਣ ਲਈ ਪੁੱਛਦਾ ਸੀ ਜਾਂ ਉਨ੍ਹਾਂ ਨੂੰ ਸਟੱਡੀ ਖ਼ਤਮ ਹੋਣ ਤੋਂ ਬਾਅਦ ਮਿਲਣ ਲਈ ਕਹਿੰਦਾ ਸੀ। ਇਸ ਪਿਤਾ ਨੇ ਠਾਣਿਆ ਸੀ ਕਿ ਉਹ ਕਿਸੇ ਵੀ ਗੱਲ ਨੂੰ ਪਰਿਵਾਰਕ ਸਟੱਡੀ ਵਿਚ ਰੁਕਾਵਟ ਨਹੀਂ ਬਣਨ ਦੇਵੇਗਾ। ਇਸ ਦਾ ਉਸ ਦੇ ਬੱਚਿਆਂ ਉੱਤੇ ਵਧੀਆ ਅਸਰ ਪਿਆ ਅਤੇ ਉਸ ਦਾ ਬਿਜ਼ਨਿਸ ਵੀ ਚੰਗਾ ਚੱਲਦਾ ਰਿਹਾ।
5 ਕਿੰਨਾ ਚੰਗਾ ਲੱਗਦਾ ਹੈ ਜਦੋਂ ਪਰਿਵਾਰ ਦੇ ਮੈਂਬਰ ਮਿਲ ਕੇ ਯਹੋਵਾਹ ਦੇ ਕੰਮ ਕਰਦੇ ਹਨ! ਪਰਿਵਾਰਕ ਸਟੱਡੀ ਵਿਚ ਜੇ ਅਸੀਂ ਵਫ਼ਾਦਾਰੀ ਨਾਲ ਪੂਰਾ ਹਿੱਸਾ ਲਈਏ, ਤਾਂ ਯਹੋਵਾਹ ਜ਼ਰੂਰ ਸਾਡੇ ਉੱਤੇ ਬਰਕਤਾਂ ਵਰਸਾਵੇਗਾ।—ਜ਼ਬੂ. 1:3.