ਕੀ ਤੁਸੀਂ ਸਾਡੇ ਪ੍ਰਕਾਸ਼ਨਾਂ ਦੀ ਕਦਰ ਕਰਦੇ ਹੋ?
1 ਯਹੋਵਾਹ ਅਤੇ ਯਿਸੂ ਮਸੀਹ ਦਾ ਗਿਆਨ ਬਹੁਤ ਅਨਮੋਲ ਹੈ। ਦੁਨੀਆਂ ਵਿਚ ਸਿਰਫ਼ ਸਾਡੇ ਪ੍ਰਕਾਸ਼ਨ ਹੀ ਇਸ ਗਿਆਨ ਨੂੰ ਗਹਿਰਾਈ ਤੇ ਬੁੱਧੀਮਾਨੀ ਨਾਲ ਸਮਝਾਉਂਦੇ ਹਨ। (ਰੋਮੀ. 11:33; ਫ਼ਿਲਿ. 3:8) ਅਸੀਂ ਆਪਣੇ ਸਾਹਿੱਤ ਲਈ ਦਿਲੋਂ ਕਦਰ ਕਿਵੇਂ ਦਿਖਾ ਸਕਦੇ ਹਾਂ?
2 ਬਹੁਤ ਸਾਰੇ ਭੈਣ-ਭਰਾ ਆਪ ਜਾਂ ਪਰਿਵਾਰ ਦੇ ਤੌਰ ਤੇ ਬਾਕਾਇਦਾ ਦਾਨ ਦੇਣ ਲਈ ਪੈਸੇ ਅਲੱਗ ਰੱਖਦੇ ਹਨ ਅਤੇ ਕਿੰਗਡਮ ਹਾਲ ਵਿਚ ਪਈ ਦਾਨ-ਪੇਟੀ ਵਿਚ ਪਾਉਂਦੇ ਹਨ ਜਿਸ ਉੱਤੇ ਲਿਖਿਆ ਹੁੰਦਾ ਹੈ “ਦੁਨੀਆਂ ਭਰ ਵਿਚ ਕੀਤੇ ਜਾਂਦੇ ਪ੍ਰਚਾਰ ਦੇ ਕੰਮ ਲਈ ਦਾਨ।” ਆਪਣੇ ਪ੍ਰਕਾਸ਼ਨਾਂ ਲਈ ਕਦਰਦਾਨੀ ਦਿਖਾਉਣ ਦਾ ਇਕ ਹੋਰ ਤਰੀਕਾ ਹੈ ਪ੍ਰਚਾਰ ਵਿਚ ਸੋਚ-ਸਮਝ ਕੇ ਲੋਕਾਂ ਨੂੰ ਸਾਹਿੱਤ ਦੇਣਾ। ਕੀ ਘਰ-ਮਾਲਕ ਗੱਲ ਕਰਨ ਲਈ ਤਿਆਰ ਹੈ? ਕੀ ਉਹ ਸਾਡੀ ਗੱਲ ਧਿਆਨ ਨਾਲ ਸੁਣਦਾ ਹੈ, ਸਾਡੇ ਪੁੱਛੇ ਸਵਾਲਾਂ ਦਾ ਜਵਾਬ ਦਿੰਦਾ ਹੈ ਤੇ ਜਦੋਂ ਅਸੀਂ ਬਾਈਬਲ ਵਿੱਚੋਂ ਹਵਾਲਾ ਪੜ੍ਹਦੇ ਹਾਂ, ਤਾਂ ਕੀ ਉਹ ਧਿਆਨ ਦਿੰਦਾ ਹੈ? ਜੇ ਉਹ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨੂੰ ਢੁਕਵਾਂ ਪ੍ਰਕਾਸ਼ਨ ਦੇਣ ਵਿਚ ਸਾਨੂੰ ਖ਼ੁਸ਼ੀ ਹੋਵੇਗੀ। ਸਾਡੇ ਪ੍ਰਕਾਸ਼ਨਾਂ ਦਾ ਤਾਂ ਹੀ ਫ਼ਾਇਦਾ ਹੋਵੇਗਾ ਜੇ ਅਸੀਂ ਇਸ ਨੂੰ ਸਹੀ ਤਰੀਕੇ ਨਾਲ ਵਰਤਾਂਗੇ।
3 ਜੇ ਸਾਹਿੱਤ ਕਿੰਗਡਮ ਹਾਲ ਜਾਂ ਸਾਡੇ ਘਰ ਵਿਚ ਪਿਆ ਰਹਿੰਦਾ ਹੈ, ਤਾਂ ਇਸ ਦਾ ਕਿਸੇ ਨੂੰ ਫ਼ਾਇਦਾ ਨਹੀਂ ਹੁੰਦਾ। ਰਸਾਲਿਆਂ ਦੇ ਪੁਰਾਣੇ ਅੰਕਾਂ, ਬਰੋਸ਼ਰਾਂ, ਕਿਤਾਬਾਂ ਤੇ ਟ੍ਰੈਕਟਾਂ ਦੀ ਵੀ ਚੰਗੀ ਵਰਤੋਂ ਕਰਨੀ ਚਾਹੀਦੀ ਹੈ। ਕੀ ਇਹ ਸਾਹਿੱਤ ਅਜੇ ਵੀ ਚੰਗੀ ਹਾਲਤ ਵਿਚ ਹੈ—ਪੀਲਾ ਤਾਂ ਨਹੀਂ ਪੈ ਗਿਆ, ਫਟਿਆ ਜਾਂ ਗੰਦਾ ਤਾਂ ਨਹੀਂ ਹੈ? ਜੇ ਚੰਗੀ ਹਾਲਤ ਵਿਚ ਹੈ, ਤਾਂ ਪ੍ਰਚਾਰ ਵਿਚ ਇਸ ਨੂੰ ਵੰਡਣ ਦੀ ਸਾਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਖ਼ਰਾਬ ਸਾਹਿੱਤ ਨੂੰ ਅਸੀਂ ਆਪਣੇ ਇਸਤੇਮਾਲ ਲਈ ਰੱਖ ਸਕਦੇ ਹਾਂ ਜਾਂ ਸੁੱਟ ਸਕਦੇ ਹਾਂ। ਮਹੀਨੇ ਦੀ ਖ਼ਾਸ ਸਾਹਿੱਤ ਪੇਸ਼ਕਸ਼ ਕਰਦੇ ਸਮੇਂ ਵੀ ਅਸੀਂ ਕਦੇ-ਕਦਾਈਂ ਕੋਈ ਦੂਸਰਾ ਪ੍ਰਕਾਸ਼ਨ ਦੇ ਸਕਦੇ ਹਾਂ।
4 ਹਮੇਸ਼ਾ ਧਿਆਨ ਨਾਲ ਸੋਚੋ ਕਿ ਪ੍ਰਚਾਰ ਵਾਸਤੇ ਅਸਲ ਵਿਚ ਤੁਹਾਨੂੰ ਕਿੰਨੇ ਕੁ ਸਾਹਿੱਤ ਦੀ ਲੋੜ ਹੈ। ਪਰ ਹਰ ਵੇਲੇ ਆਪਣੇ ਕੋਲ ਢੇਰ ਸਾਰਾ ਸਾਹਿੱਤ ਰੱਖਣਾ ਜ਼ਰੂਰੀ ਨਹੀਂ ਹੈ ਕਿਉਂਕਿ ਲੋੜ ਪੈਣ ਤੇ ਤੁਸੀਂ ਕਿੰਗਡਮ ਹਾਲ ਵਿਚ ਸਭਾਵਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਹੋਰ ਸਾਹਿੱਤ ਲੈ ਸਕਦੇ ਹੋ। ਹਫ਼ਤੇ ਦੇ ਸ਼ੁਰੂ ਵਿਚ ਆਪਣੇ ਕੋਲ ਕਾਫ਼ੀ ਸਾਹਿੱਤ ਰੱਖੋ ਅਤੇ ਜਿਵੇਂ-ਜਿਵੇਂ ਇਹ ਖ਼ਤਮ ਹੁੰਦਾ ਜਾਂਦਾ ਹੈ, ਤੁਸੀਂ ਹੋਰ ਸਾਹਿੱਤ ਲੈ ਸਕਦੇ ਹੋ।
5 ਟ੍ਰੈਕਟ ਲੋਕਾਂ ਦਾ ਧਿਆਨ ਖਿੱਚਦੇ ਹਨ ਅਤੇ ਇਨ੍ਹਾਂ ਵਿੱਚੋਂ ਉਨ੍ਹਾਂ ਨੂੰ ਕਈ ਸਵਾਲਾਂ ਦੇ ਜਵਾਬ ਮਿਲਦੇ ਹਨ। ਪਬਲਿਕ ਥਾਵਾਂ ʼਤੇ ਜਾਂ ਘਰਾਂ ਵਿਚ ਪ੍ਰਚਾਰ ਕਰਦੇ ਸਮੇਂ ਲੋਕਾਂ ਨੂੰ ਟ੍ਰੈਕਟ, ਰਸਾਲੇ ਅਤੇ ਬਰੋਸ਼ਰ ਦਿਓ। ਪਬਲਿਕ ਥਾਵਾਂ ʼਤੇ ਟ੍ਰੈਕਟ ਅਤੇ ਬਰੋਸ਼ਰ ਵੰਡਣ ਲਈ ਤਿਆਰ ਕੀਤੇ ਖ਼ਾਸ ਪੋਸਟਰ ਵਰਤੋ। ਖ਼ੁਸ਼ ਖ਼ਬਰੀ ਬਰੋਸ਼ਰ ਜਾਂ ਘਰ ਵਿਚ ਖ਼ੁਸ਼ੀਆਂ ਲਿਆਓ ਬਰੋਸ਼ਰ ਵਰਤ ਕੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਘਰ-ਮਾਲਕ ਹੋਰ ਜਾਣਨ ਵਿਚ ਦਿਲਚਸਪੀ ਲੈ ਰਿਹਾ ਹੈ ਅਤੇ ਤੁਹਾਨੂੰ ਯਕੀਨ ਹੈ ਕਿ ਇਸ ਪ੍ਰਕਾਸ਼ਨ ਦਾ ਵਧੀਆ ਇਸਤੇਮਾਲ ਕੀਤਾ ਜਾਵੇਗਾ, ਤਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਜਾਂ ਕੋਈ ਹੋਰ ਕਿਤਾਬ ਦਿੱਤੀ ਜਾ ਸਕਦੀ ਹੈ। ਪਹਿਲੀ ਵਾਰ ਮਿਲਣ ਤੇ ਜੇ ਕੋਈ ਬਹੁਤ ਜ਼ਿਆਦਾ ਦਿਲਚਸਪੀ ਦਿਖਾਉਂਦਾ ਹੈ, ਤਾਂ ਉਸ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਸ਼ੁਰੂ ਕੀਤੀ ਜਾ ਸਕਦੀ ਹੈ। ਜਿੱਥੇ ਕਿਤੇ ਸੰਭਵ ਹੋਵੇ, ਉੱਥੇ ਛਪੀਆਂ ਕਿਤਾਬਾਂ ਦੇਣ ਦੀ ਬਜਾਇ jw.org ʼਤੇ ਇਲੈਕਟ੍ਰਾਨਿਕ ਫਾਰਮੈਟ ਵਿਚ ਉਪਲਬਧ ਪ੍ਰਕਾਸ਼ਨਾਂ ਦਾ ਇਸਤੇਮਾਲ ਕਰਨਾ ਸਿੱਖੋ।
6 ਆਓ ਆਪਾਂ ਬੁੱਧੀ ਅਤੇ ਸਮਝਦਾਰੀ ਨਾਲ ਆਪਣੇ ਪ੍ਰਕਾਸ਼ਨਾਂ ਦੀ ਵਰਤੋਂ ਕਰੀਏ ਅਤੇ ਦਿਖਾਈਏ ਕਿ ਅਸੀਂ ਆਪਣੇ ਪ੍ਰਕਾਸ਼ਨਾਂ ਦੀ ਕਿੰਨੀ ਜ਼ਿਆਦਾ ਕਦਰ ਕਰਦੇ ਹਾਂ।