ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwbr18 ਸਤੰਬਰ ਸਫ਼ੇ 1-8
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
  • ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2018
  • ਸਿਰਲੇਖ
  • 3-9 ਸਤੰਬਰ
  • ਬਾਈਬਲ ਪੜ੍ਹਾਈ
  • 10-16 ਸਤੰਬਰ
  • 17-23 ਸਤੰਬਰ
  • 24-30 ਸਤੰਬਰ
  • 10-16 ਸਤੰਬਰ​—ਪ੍ਰਚਾਰ ਵਿਚ ਮਾਹਰ ਬਣੋ
ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ—2018
mwbr18 ਸਤੰਬਰ ਸਫ਼ੇ 1-8

ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ

3-9 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 1-2

“ਯਿਸੂ ਨੇ ਪਹਿਲਾ ਚਮਤਕਾਰ ਕੀਤਾ”

(ਯੂਹੰਨਾ 2:1-3) ਹੁਣ ਤੀਜੇ ਦਿਨ ਗਲੀਲ ਦੇ ਕਾਨਾ ਸ਼ਹਿਰ ਵਿਚ ਇਕ ਵਿਆਹ ਸੀ ਅਤੇ ਯਿਸੂ ਦੀ ਮਾਤਾ ਉੱਥੇ ਸੀ। 2 ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਦਾਅਵਤ ਵਿਚ ਸੱਦਿਆ ਗਿਆ ਸੀ। 3 ਜਦ ਦਾਅਵਤ ਵਿਚ ਦਾਖਰਸ ਖ਼ਤਮ ਹੋ ਗਿਆ, ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਕਿਹਾ: “ਉਨ੍ਹਾਂ ਕੋਲ ਦਾਖਰਸ ਨਹੀਂ ਹੈ।”

w15 6/15 4 ਪੈਰਾ 3

ਮਸੀਹ ਪਰਮੇਸ਼ੁਰ ਦੀ ਤਾਕਤ ਦਾ ਸਬੂਤ

3 ਯਿਸੂ ਨੇ ਆਪਣਾ ਪਹਿਲਾ ਚਮਤਕਾਰ ਕਾਨਾ ਨਾਂ ਦੇ ਪਿੰਡ ਵਿਚ ਕੀਤਾ ਸੀ। ਸ਼ਾਇਦ ਵਿਆਹ ʼਤੇ ਇੰਨੇ ਸਾਰੇ ਮਹਿਮਾਨ ਆ ਗਏ ਸਨ ਜਿਨ੍ਹਾਂ ਦੇ ਆਉਣ ਦੀ ਉਮੀਦ ਵੀ ਨਹੀਂ ਸੀ। ਵਜ੍ਹਾ ਚਾਹੇ ਜੋ ਵੀ ਸੀ, ਪਰ ਮਹਿਮਾਨਾਂ ਲਈ ਦਾਖਰਸ ਮੁੱਕ ਗਿਆ ਸੀ। ਇਹ ਨਵੇਂ ਵਿਆਹੇ ਜੋੜੇ ਲਈ ਬਹੁਤ ਸ਼ਰਮ ਦੀ ਗੱਲ ਹੋ ਸਕਦੀ ਸੀ ਕਿਉਂਕਿ ਪਰਾਹੁਣਿਆਂ ਦੀ ਦੇਖ-ਭਾਲ ਕਰਨੀ ਉਨ੍ਹਾਂ ਦਾ ਫ਼ਰਜ਼ ਬਣਦਾ ਸੀ। ਯਿਸੂ ਦੀ ਮਾਂ ਮਰੀਅਮ ਵੀ ਉੱਥੇ ਸੀ। ਕੀ ਮਰੀਅਮ ਨੇ ਯਿਸੂ ਨੂੰ ਉਨ੍ਹਾਂ ਦੀ ਮਦਦ ਕਰਨ ਲਈ ਇਸ ਲਈ ਕਿਹਾ ਸੀ ਕਿਉਂਕਿ ਉਸ ਨੂੰ ਵਿਸ਼ਵਾਸ ਸੀ ਕਿ ਯਿਸੂ ਕੋਲ ਉਨ੍ਹਾਂ ਦੀ ਮਦਦ ਕਰਨ ਦੀ ਤਾਕਤ ਸੀ? ਬਿਨਾਂ ਸ਼ੱਕ ਮਰੀਅਮ ਨੇ ਆਪਣੇ ਪੁੱਤਰ ਬਾਰੇ ਸਾਰੀਆਂ ਭਵਿੱਖਬਾਣੀਆਂ ʼਤੇ ਸੋਚ-ਵਿਚਾਰ ਕੀਤਾ ਹੋਵੇਗਾ ਤੇ ਉਸ ਨੂੰ ਇਹ ਵੀ ਪਤਾ ਸੀ ਕਿ ਉਹ “ਅੱਤ ਮਹਾਨ ਦਾ ਪੁੱਤਰ” ਕਹਾਵੇਗਾ। (ਲੂਕਾ 1:30-32; 2:52) ਇਕ ਗੱਲ ਤਾਂ ਪੱਕੀ ਹੈ ਕਿ ਮਰੀਅਮ ਤੇ ਯਿਸੂ ਲਾੜਾ-ਲਾੜੀ ਦੀ ਮਦਦ ਕਰਨੀ ਚਾਹੁੰਦੇ ਸਨ। ਇਸ ਲਈ ਯਿਸੂ ਨੇ ਲਗਭਗ 380 ਲੀਟਰ (100 ਗੈਲਨ) ਪਾਣੀ ਨੂੰ “ਵਧੀਆ ਦਾਖਰਸ” ਵਿਚ ਬਦਲ ਦਿੱਤਾ। (ਯੂਹੰਨਾ 2:3, 6-11 ਪੜ੍ਹੋ।) ਕੀ ਯਿਸੂ ਨੂੰ ਇਹ ਚਮਤਕਾਰ ਕਰਨ ਦੀ ਕੋਈ ਲੋੜ ਸੀ? ਨਹੀਂ। ਉਸ ਨੇ ਇਹ ਚਮਤਕਾਰ ਇਸ ਲਈ ਕੀਤਾ ਕਿਉਂਕਿ ਉਸ ਨੂੰ ਲੋਕਾਂ ਦੀ ਪਰਵਾਹ ਸੀ ਤੇ ਉਹ ਦਰਿਆ-ਦਿਲੀ ਦਿਖਾ ਕੇ ਆਪਣੇ ਪਿਤਾ ਦੀ ਰੀਸ ਕਰ ਰਿਹਾ ਸੀ।

(ਯੂਹੰਨਾ 2:4-11) ਪਰ ਯਿਸੂ ਨੇ ਉਸ ਨੂੰ ਕਿਹਾ: “ਆਪਾਂ ਕੀ ਲੈਣਾ? ਮੇਰਾ ਸਮਾਂ ਅਜੇ ਨਹੀਂ ਆਇਆ ਹੈ।” 5 ਉਸ ਦੀ ਮਾਤਾ ਨੇ ਨੌਕਰਾਂ ਨੂੰ ਕਿਹਾ: “ਉਹ ਜੋ ਵੀ ਤੁਹਾਨੂੰ ਕਹੇ, ਤੁਸੀਂ ਉਸੇ ਤਰ੍ਹਾਂ ਕਰਨਾ।” 6 ਯਹੂਦੀਆਂ ਦੇ ਸ਼ੁੱਧ ਕਰਨ ਦੇ ਨਿਯਮਾਂ ਮੁਤਾਬਕ ਉੱਥੇ ਪਾਣੀ ਵਾਸਤੇ ਪੱਥਰ ਦੇ ਛੇ ਘੜੇ ਪਏ ਸਨ ਅਤੇ ਹਰ ਘੜੇ ਵਿਚ ਤਕਰੀਬਨ ਚੁਤਾਲ਼ੀ ਤੋਂ ਛਿਆਹਠ ਲੀਟਰ ਪਾਣੀ ਭਰਿਆ ਜਾ ਸਕਦਾ ਸੀ। 7 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਘੜਿਆਂ ਨੂੰ ਪਾਣੀ ਨਾਲ ਭਰ ਦਿਓ।” ਅਤੇ ਉਨ੍ਹਾਂ ਨੇ ਘੜੇ ਨੱਕੋ-ਨੱਕ ਭਰ ਦਿੱਤੇ। 8 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਹੁਣ ਇਸ ਵਿੱਚੋਂ ਥੋੜ੍ਹਾ ਜਿਹਾ ਕੱਢ ਕੇ ਦਾਅਵਤ ਦੇ ਪ੍ਰਧਾਨ ਕੋਲ ਲੈ ਜਾਓ,” ਅਤੇ ਉਹ ਲੈ ਗਏ। 9 ਪ੍ਰਧਾਨ ਨੇ ਪਾਣੀ ਦਾ ਸੁਆਦ ਚੱਖਿਆ ਜੋ ਦਾਖਰਸ ਬਣ ਚੁੱਕਾ ਸੀ। ਉਹ ਇਹ ਨਹੀਂ ਸੀ ਜਾਣਦਾ ਕਿ ਦਾਖਰਸ ਕਿੱਥੋਂ ਆਇਆ ਸੀ, ਪਰ ਨੌਕਰਾਂ ਨੂੰ ਪਤਾ ਸੀ ਜਿਨ੍ਹਾਂ ਨੇ ਘੜਿਆਂ ਵਿੱਚੋਂ ਪਾਣੀ ਕੱਢਿਆ ਸੀ। ਫਿਰ ਪ੍ਰਧਾਨ ਨੇ ਲਾੜੇ ਨੂੰ ਬੁਲਾ ਕੇ ਕਿਹਾ: 10 “ਹਰ ਕੋਈ ਪਹਿਲਾਂ ਮਹਿਮਾਨਾਂ ਅੱਗੇ ਵਧੀਆ ਦਾਖਰਸ ਰੱਖਦਾ ਹੈ ਅਤੇ ਜਦੋਂ ਉਹ ਪੀ ਕੇ ਨਸ਼ੇ ਵਿਚ ਮਸਤ ਹੋ ਜਾਂਦੇ ਹਨ, ਫਿਰ ਘਟੀਆ ਦਾਖਰਸ ਕੱਢਦਾ ਹੈ। ਪਰ ਤੂੰ ਤਾਂ ਵਧੀਆ ਦਾਖਰਸ ਹੁਣ ਤਕ ਰੱਖ ਛੱਡਿਆ।” 11 ਇਸ ਤਰ੍ਹਾਂ ਗਲੀਲ ਦੇ ਕਾਨਾ ਵਿਚ ਯਿਸੂ ਨੇ ਆਪਣਾ ਪਹਿਲਾ ਚਮਤਕਾਰ ਕਰ ਕੇ ਆਪਣੀ ਸ਼ਕਤੀ ਦਾ ਸਬੂਤ ਦਿੱਤਾ; ਅਤੇ ਉਸ ਦੇ ਚੇਲਿਆਂ ਨੇ ਉਸ ʼਤੇ ਨਿਹਚਾ ਕੀਤੀ।

gt 15 ਪੈਰਾ 6

ਯਿਸੂ ਦਾ ਪਹਿਲਾ ਚਮਤਕਾਰ

ਇਹ ਯਿਸੂ ਦਾ ਪਹਿਲਾ ਚਮਤਕਾਰ ਹੈ, ਅਤੇ ਇਸ ਨੂੰ ਦੇਖ ਕੇ ਉਸ ਦੇ ਨਵੇਂ ਚੇਲਿਆਂ ਦੀ ਨਿਹਚਾ ਮਜ਼ਬੂਤ ਹੁੰਦੀ ਹੈ। ਇਸ ਤੋਂ ਬਾਅਦ, ਉਹ ਸਭ ਉਸ ਦੀ ਮਾਤਾ ਅਤੇ ਉਸ ਦੇ ਮਤਰੇਏ ਭਰਾਵਾਂ ਨਾਲ ਕਫ਼ਰਨਾਹੂਮ ਦੇ ਨਗਰ ਨੂੰ ਯਾਤਰਾ ਕਰਦੇ ਹਨ, ਜੋ ਗਲੀਲ ਦੀ ਝੀਲ ਦੇ ਨੇੜੇ ਹੈ।

ਹੀਰੇ-ਮੋਤੀਆਂ ਦੀ ਖੋਜ ਕਰੋ

(ਯੂਹੰਨਾ 1:1) ਸਾਰੀਆਂ ਚੀਜ਼ਾਂ ਦੀ ਸ੍ਰਿਸ਼ਟੀ ਤੋਂ ਬਹੁਤ ਸਮਾਂ ਪਹਿਲਾਂ “ਸ਼ਬਦ” ਸੀ ਅਤੇ “ਸ਼ਬਦ” ਪਰਮੇਸ਼ੁਰ ਦੇ ਨਾਲ ਸੀ ਅਤੇ “ਸ਼ਬਦ” ਇਕ ਈਸ਼ਵਰ ਸੀ।

nwtsty ਵਿੱਚੋਂ ਯੂਹੰ 1:1 ਲਈ ਖ਼ਾਸ ਜਾਣਕਾਰੀ

ਸ਼ਬਦ: ਜਾਂ “ਲੋਗੋਸ,” ਜਾਂ ਯੂਨਾਨੀ ਵਿਚ ਹੋ ਲੋਗੋਸ (ho loʹgos). ਇੱਥੇ ਇਹ ਸ਼ਬਦ ਉਪਾਧੀ ਦੇ ਤੌਰ ʼਤੇ ਇਸਤੇਮਾਲ ਕੀਤਾ ਗਿਆ ਹੈ। ਇਹ ਸ਼ਬਦ ਯੂਹੰ 1:14 ਅਤੇ ਪ੍ਰਕਾ 19:13 ਵਿਚ ਵੀ ਵਰਤਿਆ ਗਿਆ ਹੈ। ਯੂਹੰਨਾ ਨੇ ਦੱਸਿਆ ਕਿ ਇਹ ਉਪਾਧੀ ਯਿਸੂ ਦੀ ਹੈ। ਯਿਸੂ ਨੇ ਸ਼ਬਦ ਵਜੋਂ ਕੰਮ ਕੀਤਾ ਜਦੋਂ ਉਹ ਧਰਤੀ ʼਤੇ ਆਉਣ ਤੋਂ ਪਹਿਲਾਂ ਸਵਰਗ ਵਿਚ ਸੀ, ਜਦੋਂ ਉਸ ਨੇ ਧਰਤੀ ਉੱਤੇ ਮੁਕੰਮਲ ਇਨਸਾਨ ਵਜੋਂ ਸੇਵਾ ਕੀਤੀ ਅਤੇ ਜਦੋਂ ਉਹ ਸਵਰਗ ਵਾਪਸ ਚਲਾ ਗਿਆ। ਯਿਸੂ ਪਰਮੇਸ਼ੁਰ ਵੱਲੋਂ ਗੱਲ ਕਰਨ ਦਾ ਜ਼ਰੀਆ ਜਾਂ ਬੁਲਾਰਾ ਸੀ ਯਾਨੀ ਪਰਮੇਸ਼ੁਰ ਯਿਸੂ ਰਾਹੀਂ ਆਪਣੇ ਸਵਰਗ ਦੂਤਾਂ ਅਤੇ ਇਨਸਾਨਾਂ ਨੂੰ ਜਾਣਕਾਰੀ ਅਤੇ ਹਿਦਾਇਤਾਂ ਦਿੰਦਾ ਸੀ। ਇਸ ਲਈ ਇਹ ਸੋਚਣਾ ਸਹੀ ਹੈ ਕਿ ਯਿਸੂ ਦੇ ਧਰਤੀ ʼਤੇ ਆਉਣ ਤੋਂ ਪਹਿਲਾਂ ਯਹੋਵਾਹ ਇਨਸਾਨਾਂ ਨਾਲ ਸ਼ਬਦ ਰਾਹੀਂ ਗੱਲ ਕਰਦਾ ਸੀ।—ਉਤ 16:7-11; 22:11; 31:11; ਕੂਚ 3:2-5; ਨਿਆ 2:1-4; 6:11, 12; 13:3.

ਨਾਲ: ਸ਼ਾਬਦਿਕ ਅਰਥ “ਵੱਲ।” ਇੱਥੇ ਵਰਤਿਆ ਯੂਨਾਨੀ ਸ਼ਬਦ ਪਰੋਸ (pros) ਨੇੜਲੇ ਰਿਸ਼ਤੇ ਨੂੰ ਦਰਸਾਉਂਦਾ ਹੈ। ਇਸ ਸ਼ਬਦ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਇੱਥੇ ਦੋ ਅਲੱਗ-ਅਲੱਗ ਇਨਸਾਨਾਂ ਦੀ ਗੱਲ ਕੀਤੀ ਗਈ ਹੈ। ਇੱਥੇ ਸ਼ਬਦ ਅਤੇ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਗੱਲ ਕੀਤੀ ਗਈ ਹੈ।

bh 203 ਪੈਰਾ 2

ਮਿਸਾਲ ਲਈ, ਧਿਆਨ ਦਿਓ ਕਿ ਯੂਹੰਨਾ 1:18 ਵਿਚ ਕਿਹਾ ਗਿਆ ਹੈ: “ਕਿਸੇ ਵੀ ਇਨਸਾਨ ਨੇ [ਸਰਬਸ਼ਕਤੀਮਾਨ] ਪਰਮੇਸ਼ੁਰ ਨੂੰ ਕਦੀ ਨਹੀਂ ਦੇਖਿਆ।” ਪਰ ਅਸੀਂ ਜਾਣਦੇ ਹਾਂ ਕਿ ਇਨਸਾਨਾਂ ਨੇ ਯਿਸੂ ਨੂੰ ਦੇਖਿਆ ਸੀ ਕਿਉਂਕਿ ਯੂਹੰਨਾ ਕਹਿੰਦਾ ਹੈ: “‘ਸ਼ਬਦ’ [ਯਿਸੂ] ਇਨਸਾਨ ਬਣ ਕੇ ਸਾਡੇ ਵਿਚ ਰਿਹਾ ਅਤੇ ਅਸੀਂ ਉਸ ਦੀ ਮਹਿਮਾ ਦੇਖੀ, ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ ਨੂੰ ਹੀ ਦਿੰਦਾ ਹੈ; ਅਤੇ ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ ਅਤੇ ਉਹ ਸੱਚਾਈ ਨਾਲ ਭਰਪੂਰ ਸੀ।” (ਯੂਹੰਨਾ 1:14) ਤਾਂ ਫਿਰ ਯਿਸੂ ਸਰਬਸ਼ਕਤੀਮਾਨ ਪਰਮੇਸ਼ੁਰ ਕਿੱਦਾਂ ਹੋ ਸਕਦਾ ਹੈ? ਯੂਹੰਨਾ ਇਹ ਵੀ ਕਹਿੰਦਾ ਹੈ ਕਿ ਯਿਸੂ ‘ਪਰਮੇਸ਼ੁਰ ਦੇ ਸੰਗ’ ਸੀ। ਇਕ ਇਨਸਾਨ ਕਿਸੇ ਦੇ ਸੰਗ ਹੁੰਦਿਆਂ ਹੋਇਆਂ ਉਹੀ ਇਨਸਾਨ ਕਿੱਦਾਂ ਹੋ ਸਕਦਾ ਹੈ? ਇਸ ਤੋਂ ਇਲਾਵਾ, ਯੂਹੰਨਾ 17:3 ਵਿਚ ਯਿਸੂ ਦੇ ਸ਼ਬਦਾਂ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਅਤੇ ਯਿਸੂ ਇੱਕੋ ਸ਼ਖ਼ਸ ਨਹੀਂ ਹਨ। ਇਸ ਆਇਤ ਵਿਚ ਯਿਸੂ ਨੇ ਆਪਣੇ ਪਿਤਾ ਨੂੰ “ਇੱਕੋ-ਇਕ ਸੱਚਾ ਪਰਮੇਸ਼ੁਰ” ਕਿਹਾ ਸੀ। ਆਪਣੀ ਇੰਜੀਲ ਦੇ ਅਖ਼ੀਰ ਵਿਚ ਯੂਹੰਨਾ ਨੇ ਇਸ ਮੁੱਦੇ ਨੂੰ ਇਸ ਗੱਲ ਨਾਲ ਸਮਾਪਤ ਕੀਤਾ: “ਉਹ ਇਸ ਕਰਕੇ ਲਿਖੇ ਗਏ ਹਨ ਤਾਂਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਮਸੀਹ ਤੇ ਪਰਮੇਸ਼ੁਰ ਦਾ ਪੁੱਤਰ ਹੈ।” (ਯੂਹੰਨਾ 20:31) ਧਿਆਨ ਦਿਓ ਕਿ ਯਿਸੂ ਨੂੰ ਇੱਥੇ ਪਰਮੇਸ਼ੁਰ ਦਾ ਪੁੱਤਰ ਕਿਹਾ ਗਿਆ ਹੈ, ਨਾ ਕਿ ਪਰਮੇਸ਼ੁਰ। ਯੂਹੰਨਾ ਰਸੂਲ ਦੀ ਇੰਜੀਲ ਵਿਚ ਇਸ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਯੂਹੰਨਾ 1:1 ਦਾ ਸਹੀ ਅਰਥ ਕੀ ਹੈ। ਯਿਸੂ ਨੂੰ “ਇਕ ਈਸ਼ਵਰ” ਕਹਿਣ ਦਾ ਇਹ ਮਤਲਬ ਨਹੀਂ ਕਿ ਉਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ, ਸਗੋਂ ਇਹ ਕਿ ਸਵਰਗ ਵਿਚ ਉਸ ਦਾ ਬਹੁਤ ਉੱਚਾ ਅਹੁਦਾ ਹੈ।

(ਯੂਹੰਨਾ 1:29) ਅਗਲੇ ਦਿਨ ਉਸ ਨੇ ਯਿਸੂ ਨੂੰ ਆਪਣੇ ਵੱਲ ਆਉਂਦਿਆਂ ਦੇਖ ਕੇ ਕਿਹਾ: “ਔਹ ਦੇਖੋ ਪਰਮੇਸ਼ੁਰ ਦਾ ਲੇਲਾ ਜਿਹੜਾ ਦੁਨੀਆਂ ਦਾ ਪਾਪ ਮਿਟਾ ਦੇਵੇਗਾ!

nwtsty ਵਿੱਚੋਂ ਯੂਹੰ 1:29 ਲਈ ਖ਼ਾਸ ਜਾਣਕਾਰੀ

ਪਰਮੇਸ਼ੁਰ ਦਾ ਲੇਲਾ: ਯਿਸੂ ਦੇ ਬਪਤਿਸਮੇ ਅਤੇ ਸ਼ੈਤਾਨ ਦੁਆਰਾ ਪਰਖੇ ਜਾਣ ਤੋਂ ਬਾਅਦ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਉਸ ਨੂੰ “ਪਰਮੇਸ਼ੁਰ ਦਾ ਲੇਲਾ” ਕਿਹਾ। ਇਹ ਸ਼ਬਦ ਸਿਰਫ਼ ਇਸ ਆਇਤ ਵਿਚ ਅਤੇ ਯੂਹੰ 1:36 ਵਿਚ ਪਾਏ ਜਾਂਦੇ ਹਨ। (ਅਪੈਂਡਿਕਸ A7 ਦੇਖੋ।) ਯਿਸੂ ਨੂੰ ਲੇਲਾ ਕਹਿਣਾ ਸਹੀ ਹੈ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਪਾਪਾਂ ਦੀ ਮਾਫ਼ੀ ਅਤੇ ਪਰਮੇਸ਼ੁਰ ਦੇ ਅੱਗੇ ਜਾਣ ਲਈ ਭੇਡ ਦੀ ਬਲ਼ੀ ਚੜ੍ਹਾਈ ਜਾਂਦੀ ਸੀ। ਇਹ ਉਸ ਕੁਰਬਾਨੀ ਦਾ ਪਰਛਾਵਾਂ ਸੀ ਜੋ ਯਿਸੂ ਨੇ ਮਨੁੱਖਜਾਤੀ ਲਈ ਆਪਣਾ ਮੁਕੰਮਲ ਸਰੀਰ ਵਾਰ ਕੇ ਦੇਣੀ ਸੀ। “ਪਰਮੇਸ਼ੁਰ ਦਾ ਲੇਲਾ” ਸ਼ਬਦ ਪੜ੍ਹਦਿਆਂ ਬਾਈਬਲ ਦੀਆਂ ਬਹੁਤ ਸਾਰੀਆਂ ਆਇਤਾਂ ਧਿਆਨ ਵਿਚ ਆਉਂਦੀਆਂ ਹਨ। ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਇਬਰਾਨੀ ਲਿਖਤਾਂ ਦਾ ਗਿਆਨ ਸੀ ਜਿਸ ਕਰਕੇ ਉਸ ਦੇ ਸ਼ਬਦਾਂ ਨੇ ਸ਼ਾਇਦ ਇਕ ਜਾਂ ਜ਼ਿਆਦਾ ਆਇਤਾਂ ਵੱਲ ਇਸ਼ਾਰਾ ਕੀਤਾ ਹੋਵੇ। ਜਿਵੇਂ ਭੇਡੂ ਜਿਸ ਦੀ ਬਲ਼ੀ ਅਬਰਾਹਾਮ ਨੇ ਆਪਣੇ ਪੁੱਤਰ ਇਸਹਾਕ ਦੀ ਜਗ੍ਹਾ ਦਿੱਤੀ ਸੀ, (ਉਤ 22:13) ਪਸਾਹ ਦਾ ਲੇਲਾ ਜਿਹੜਾ ਗ਼ੁਲਾਮ ਇਜ਼ਰਾਈਲੀਆਂ ਨੇ ਆਜ਼ਾਦ ਹੋਣ ਲਈ ਮਿਸਰ ਵਿਚ ਵੱਢਿਆ ਸੀ (ਕੂਚ 12:1-13) ਜਾਂ ਉਹ ਲੇਲਾ ਜਿਹੜਾ ਯਰੂਸ਼ਲਮ ਵਿਚ ਹਰ ਸਵੇਰ ਅਤੇ ਸ਼ਾਮ ਨੂੰ ਪਰਮੇਸ਼ੁਰ ਦੀ ਜਗਵੇਦੀ ʼਤੇ ਚੜ੍ਹਾਇਆ ਜਾਂਦਾ ਸੀ। (ਕੂਚ 29:38-42) ਯੂਹੰਨਾ ਦੇ ਮਨ ਵਿਚ ਸ਼ਾਇਦ ਯਸਾਯਾਹ ਦੀ ਭਵਿੱਖਬਾਣੀ ਵੀ ਹੋਵੇ ਜਿੱਥੇ ਪਰਮੇਸ਼ੁਰ ਨੇ ਕਿਸੇ ਨੂੰ “ਮੇਰਾ ਦਾਸ” ਕਿਹਾ ਅਤੇ ਜਿਸ ਨੂੰ ‘ਲੇਲੇ ਵਾਂਙੁ ਕੱਟੇ ਜਾਣ ਲਈ ਲੈ ਜਾਇਆ’ ਗਿਆ। (ਯਸਾ 52:13; 53:5, 7, 11) ਕੁਰਿੰਥੀਆਂ ਦੀ ਮੰਡਲੀ ਨੂੰ ਆਪਣੀ ਪਹਿਲੀ ਚਿੱਠੀ ਲਿਖਦਿਆਂ ਪੌਲੁਸ ਰਸੂਲ ਨੇ ਯਿਸੂ ਨੂੰ ‘ਪਸਾਹ ਦਾ ਲੇਲਾ’ ਕਿਹਾ। (1 ਕੁਰਿੰ 5:7) ਪਤਰਸ ਰਸੂਲ ਨੇ “ਮਸੀਹ ਦੇ ਅਨਮੋਲ ਲਹੂ” ਨੂੰ “ਨਿਰਦੋਸ਼ ਅਤੇ ਬੇਦਾਗ਼ ਲੇਲੇ” ਦਾ ਲਹੂ ਕਿਹਾ। (1 ਪਤ 1:19) ਪ੍ਰਕਾਸ਼ ਦੀ ਕਿਤਾਬ ਵਿਚ 25 ਤੋਂ ਜ਼ਿਆਦਾ ਵਾਰ ਮਹਿਮਾਵਾਨ ਯਿਸੂ ਨੂੰ “ਲੇਲਾ” ਕਿਹਾ ਗਿਆ ਹੈ।—ਕੁਝ ਮਿਸਾਲਾਂ ਹਨ: ਪ੍ਰਕਾ 5:8; 6:1; 7:9; 12:11; 13:8; 14:1; 15:3; 17:14; 19:7; 21:9; 22:1

ਬਾਈਬਲ ਪੜ੍ਹਾਈ

(ਯੂਹੰਨਾ 1:1-18) ਸਾਰੀਆਂ ਚੀਜ਼ਾਂ ਦੀ ਸ੍ਰਿਸ਼ਟੀ ਤੋਂ ਬਹੁਤ ਸਮਾਂ ਪਹਿਲਾਂ “ਸ਼ਬਦ” ਸੀ ਅਤੇ “ਸ਼ਬਦ” ਪਰਮੇਸ਼ੁਰ ਦੇ ਨਾਲ ਸੀ ਅਤੇ “ਸ਼ਬਦ” ਇਕ ਈਸ਼ਵਰ ਸੀ। 2 ਉਹ ਸ਼ੁਰੂ ਵਿਚ ਪਰਮੇਸ਼ੁਰ ਦੇ ਨਾਲ ਸੀ। 3 ਸਾਰੀਆਂ ਚੀਜ਼ਾਂ ਉਸ ਰਾਹੀਂ ਬਣਾਈਆਂ ਗਈਆਂ ਅਤੇ ਅਜਿਹੀ ਕੋਈ ਵੀ ਚੀਜ਼ ਨਹੀਂ ਹੈ ਜੋ ਉਸ ਤੋਂ ਬਿਨਾਂ ਬਣਾਈ ਗਈ ਹੋਵੇ। 4 ਉਸ ਰਾਹੀਂ ਜ਼ਿੰਦਗੀ ਹੋਂਦ ਵਿਚ ਆਈ ਅਤੇ ਉਸ ਦੀ ਜ਼ਿੰਦਗੀ ਇਨਸਾਨਾਂ ਲਈ ਚਾਨਣ ਸੀ। 5 ਇਹ ਚਾਨਣ ਹਨੇਰੇ ਵਿਚ ਚਮਕ ਰਿਹਾ ਹੈ ਅਤੇ ਹਨੇਰਾ ਇਸ ਚਾਨਣ ਨੂੰ ਬੁਝਾ ਨਾ ਸਕਿਆ। 6 ਇਕ ਆਦਮੀ ਆਇਆ ਜਿਸ ਨੂੰ ਪਰਮੇਸ਼ੁਰ ਨੇ ਘੱਲਿਆ ਸੀ: ਉਸ ਦਾ ਨਾਂ ਯੂਹੰਨਾ ਸੀ। 7 ਉਹ ਚਾਨਣ ਬਾਰੇ ਗਵਾਹੀ ਦੇਣ ਆਇਆ ਸੀ ਤਾਂਕਿ ਉਸ ਰਾਹੀਂ ਹਰ ਤਰ੍ਹਾਂ ਦੇ ਲੋਕ ਵਿਸ਼ਵਾਸ ਕਰ ਸਕਣ। 8 ਉਹ ਆਪ ਇਹ ਚਾਨਣ ਨਹੀਂ ਸੀ, ਪਰ ਉਸ ਨੂੰ ਇਸ ਚਾਨਣ ਬਾਰੇ ਗਵਾਹੀ ਦੇਣ ਲਈ ਘੱਲਿਆ ਗਿਆ ਸੀ। 9 ਸੱਚਾ ਚਾਨਣ ਜੋ ਹਰ ਤਰ੍ਹਾਂ ਦੇ ਲੋਕਾਂ ਉੱਤੇ ਚਮਕਦਾ ਹੈ, ਦੁਨੀਆਂ ਵਿਚ ਜਲਦੀ ਆਉਣ ਵਾਲਾ ਸੀ। 10 ਉਹ ਦੁਨੀਆਂ ਵਿਚ ਸੀ ਅਤੇ ਦੁਨੀਆਂ ਉਸੇ ਦੇ ਰਾਹੀਂ ਬਣਾਈ ਗਈ ਸੀ, ਪਰ ਦੁਨੀਆਂ ਉਸ ਨੂੰ ਨਹੀਂ ਜਾਣਦੀ ਸੀ। 11 ਉਹ ਆਪਣੇ ਘਰ ਆਇਆ, ਪਰ ਉਸ ਦੇ ਆਪਣਿਆਂ ਨੇ ਹੀ ਉਸ ਨੂੰ ਕਬੂਲ ਨਾ ਕੀਤਾ। 12 ਪਰ ਜਿੰਨੇ ਵੀ ਲੋਕਾਂ ਨੇ ਉਸ ਨੂੰ ਕਬੂਲ ਕੀਤਾ, ਉਨ੍ਹਾਂ ਨੂੰ ਉਸ ਨੇ ਪਰਮੇਸ਼ੁਰ ਦੇ ਬੱਚੇ ਬਣਨ ਦਾ ਹੱਕ ਦਿੱਤਾ, ਕਿਉਂਕਿ ਉਨ੍ਹਾਂ ਨੇ ਉਸ ਦੇ ਨਾਂ ਉੱਤੇ ਨਿਹਚਾ ਕੀਤੀ ਸੀ; 13 ਅਤੇ ਉਨ੍ਹਾਂ ਦਾ ਜਨਮ ਨਾ ਖ਼ੂਨ ਦੇ ਰਿਸ਼ਤੇ ਕਰਕੇ, ਨਾ ਮਾਂ-ਬਾਪ ਕਰਕੇ ਤੇ ਨਾ ਕਿਸੇ ਇਨਸਾਨ ਕਰਕੇ ਹੋਇਆ ਸੀ, ਸਗੋਂ ਪਰਮੇਸ਼ੁਰ ਕਰਕੇ ਹੋਇਆ ਸੀ। 14 “ਸ਼ਬਦ” ਇਨਸਾਨ ਬਣ ਕੇ ਸਾਡੇ ਵਿਚ ਰਿਹਾ ਅਤੇ ਅਸੀਂ ਉਸ ਦੀ ਮਹਿਮਾ ਦੇਖੀ, ਅਜਿਹੀ ਮਹਿਮਾ ਜੋ ਪਿਤਾ ਆਪਣੇ ਇਕਲੌਤੇ ਪੁੱਤਰ ਨੂੰ ਹੀ ਦਿੰਦਾ ਹੈ; ਅਤੇ ਉਸ ਉੱਤੇ ਪਰਮੇਸ਼ੁਰ ਦੀ ਕਿਰਪਾ ਸੀ ਅਤੇ ਉਹ ਸੱਚਾਈ ਨਾਲ ਭਰਪੂਰ ਸੀ। 15 (ਯੂਹੰਨਾ ਨੇ ਉਸ ਬਾਰੇ ਉੱਚੀ-ਉੱਚੀ ਗਵਾਹੀ ਦਿੰਦੇ ਹੋਏ ਕਿਹਾ ਸੀ: “ਜੋ ਮੇਰੇ ਪਿੱਛੇ ਆ ਰਿਹਾ ਸੀ ਉਹ ਮੇਰੇ ਤੋਂ ਅੱਗੇ ਲੰਘ ਗਿਆ ਹੈ, ਕਿਉਂਕਿ ਉਹ ਮੇਰੇ ਤੋਂ ਵੀ ਪਹਿਲਾਂ ਹੋਂਦ ਵਿਚ ਸੀ।”) 16 ਅਸੀਂ ਸਾਰਿਆਂ ਨੇ ਉਸ ਤੋਂ ਅਪਾਰ ਕਿਰਪਾ ਪਾਈ ਕਿਉਂਕਿ ਉਹ ਅਪਾਰ ਕਿਰਪਾ ਨਾਲ ਭਰਪੂਰ ਸੀ। 17 ਜਦ ਕਿ ਕਾਨੂੰਨ ਮੂਸਾ ਰਾਹੀਂ ਦਿੱਤਾ ਗਿਆ ਸੀ, ਪਰ ਅਪਾਰ ਕਿਰਪਾ ਅਤੇ ਸੱਚਾਈ ਯਿਸੂ ਮਸੀਹ ਰਾਹੀਂ ਪ੍ਰਗਟ ਕੀਤੀ ਗਈ। 18 ਕਿਸੇ ਵੀ ਇਨਸਾਨ ਨੇ ਪਰਮੇਸ਼ੁਰ ਨੂੰ ਕਦੀ ਨਹੀਂ ਦੇਖਿਆ; ਪਰ ਇਕਲੌਤੇ ਪੁੱਤਰ ਨੇ, ਜਿਹੜਾ ਪਿਤਾ ਦੇ ਸਭ ਤੋਂ ਕਰੀਬ ਹੈ, ਉਸ ਬਾਰੇ ਸਾਨੂੰ ਦੱਸਿਆ।

10-16 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 3-4

“ਯਿਸੂ ਨੇ ਸਾਮਰੀ ਤੀਵੀਂ ਨੂੰ ਗਵਾਹੀ ਦਿੱਤੀ”

(ਯੂਹੰਨਾ 4:6, 7) ਇੱਥੇ ਯਾਕੂਬ ਦਾ ਖੂਹ ਵੀ ਸੀ। ਯਿਸੂ ਸਫ਼ਰ ਤੋਂ ਥੱਕਿਆ ਹੋਇਆ ਉਸ ਖੂਹ ʼਤੇ ਬੈਠ ਗਿਆ। ਉਸ ਵੇਲੇ ਦੁਪਹਿਰ ਦੇ ਬਾਰਾਂ ਕੁ ਵੱਜੇ ਸਨ। 7 ਉਦੋਂ ਇਕ ਸਾਮਰੀ ਤੀਵੀਂ ਉੱਥੇ ਪਾਣੀ ਭਰਨ ਆਈ। ਯਿਸੂ ਨੇ ਉਸ ਨੂੰ ਕਿਹਾ: “ਮੈਨੂੰ ਪਾਣੀ ਪਿਲ਼ਾਈਂ।”

nwtsty ਵਿੱਚੋਂ ਯੂਹੰ 4:6 ਲਈ ਖ਼ਾਸ ਜਾਣਕਾਰੀ

ਥੱਕਿਆ ਹੋਇਆ: ਬਾਈਬਲ ਵਿਚ ਸਿਰਫ਼ ਇਸ ਆਇਤ ਵਿਚ ਹੀ ਯਿਸੂ ਨੂੰ “ਥੱਕਿਆ ਹੋਇਆ” ਦੱਸਿਆ ਗਿਆ ਹੈ। ਉਸ ਵੇਲੇ ਦੁਪਹਿਰ ਦੇ ਲਗਭਗ 12 ਵੱਜੇ ਸਨ ਅਤੇ ਉਸ ਸਵੇਰ ਯਿਸੂ ਨੇ ਯਹੂਦੀਆ ਵਿਚ ਯਰਦਨ ਦੀ ਘਾਟੀ ਤੋਂ ਸਾਮਰੀਆ ਵਿਚ ਸੁਖਾਰ ਤਕ ਸਫ਼ਰ ਕੀਤਾ ਸੀ ਜੋ ਕਿ 900 ਮੀਟਰ (3,000 ਫੁੱਟ) ਜਾਂ ਉਸ ਤੋਂ ਜ਼ਿਆਦਾ ਦੀ ਉਚਾਈ ʼਤੇ ਸੀ।—ਯੂਹੰ 4:3-5; ਅਪੈਂਡਿਕਸ A7 ਦੇਖੋ।

(ਯੂਹੰਨਾ 4:21-24) ਯਿਸੂ ਨੇ ਉਸ ਨੂੰ ਕਿਹਾ: “ਮੇਰੀ ਗੱਲ ਦਾ ਯਕੀਨ ਕਰ ਕਿ ਉਹ ਸਮਾਂ ਆ ਰਿਹਾ ਹੈ ਜਦੋਂ ਤੁਸੀਂ ਲੋਕ ਨਾ ਤਾਂ ਇਸ ਪਹਾੜ ਉੱਤੇ ਅਤੇ ਨਾ ਹੀ ਯਰੂਸ਼ਲਮ ਵਿਚ ਪਰਮੇਸ਼ੁਰ ਦੀ ਭਗਤੀ ਕਰੋਗੇ। 22 ਤੁਸੀਂ ਬਿਨਾਂ ਗਿਆਨ ਤੋਂ ਭਗਤੀ ਕਰਦੇ ਹੋ; ਪਰ ਅਸੀਂ ਗਿਆਨ ਨਾਲ ਭਗਤੀ ਕਰਦੇ ਹਾਂ, ਕਿਉਂਕਿ ਮੁਕਤੀ ਦਾ ਗਿਆਨ ਪਹਿਲਾਂ ਯਹੂਦੀਆਂ ਨੂੰ ਦਿੱਤਾ ਗਿਆ ਸੀ। 23 ਪਰ ਉਹ ਸਮਾਂ ਆ ਰਿਹਾ ਹੈ, ਸਗੋਂ ਹੁਣ ਹੈ ਜਦੋਂ ਸੱਚੇ ਭਗਤ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਪਰਮੇਸ਼ੁਰ ਦੀ ਭਗਤੀ ਕਰਨਗੇ। ਅਸਲ ਵਿਚ, ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਚਾਹੁੰਦਾ ਹੈ ਜਿਹੜੇ ਉਸ ਦੀ ਭਗਤੀ ਇਸ ਤਰ੍ਹਾਂ ਕਰਨਗੇ। 24 ਪਰਮੇਸ਼ੁਰ ਅਦਿੱਖ ਹੈ; ਅਤੇ ਉਸ ਦੀ ਭਗਤੀ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਭਗਤੀ ਕਰਨ।”

(ਯੂਹੰਨਾ 4:39-41) ਹੁਣ ਉਸ ਸ਼ਹਿਰ ਦੇ ਬਹੁਤ ਸਾਰੇ ਸਾਮਰੀਆਂ ਨੇ ਉਸ ਤੀਵੀਂ ਦੀ ਇਹ ਗੱਲ ਸੁਣ ਕੇ ਯਿਸੂ ਉੱਤੇ ਨਿਹਚਾ ਕੀਤੀ: “ਉਸ ਨੇ ਮੈਨੂੰ ਉਹ ਸਭ ਕੁਝ ਦੱਸਿਆ ਜੋ ਮੈਂ ਕੀਤਾ ਸੀ।” 40 ਇਸ ਲਈ ਸਾਮਰੀ ਉਸ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਉੱਥੇ ਰਹਿਣ ਲਈ ਕਿਹਾ; ਅਤੇ ਉਹ ਦੋ ਦਿਨ ਉੱਥੇ ਰਿਹਾ। 41 ਸੋ ਹੋਰ ਵੀ ਬਹੁਤ ਜਣੇ ਉਸ ਦੀਆਂ ਸਿੱਖਿਆਵਾਂ ਕਰਕੇ ਉਸ ਉੱਤੇ ਵਿਸ਼ਵਾਸ ਕਰਨ ਲੱਗ ਪਏ,

ਹੀਰੇ-ਮੋਤੀਆਂ ਦੀ ਖੋਜ ਕਰੋ

(ਯੂਹੰਨਾ 3:29) ਲਾੜਾ ਉਹੀ ਹੈ ਜਿਸ ਦੀ ਲਾੜੀ ਹੈ। ਜਦ ਲਾੜੇ ਨਾਲ ਖੜ੍ਹਾ ਉਸ ਦਾ ਦੋਸਤ ਉਸ ਦੀ ਆਵਾਜ਼ ਸੁਣਦਾ ਹੈ, ਤਾਂ ਦੋਸਤ ਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਇਸ ਕਰਕੇ, ਮੇਰੇ ਤੋਂ ਆਪਣੀ ਖ਼ੁਸ਼ੀ ਸਾਂਭੀ ਨਹੀਂ ਜਾਂਦੀ।

nwtsty ਵਿੱਚੋਂ ਯੂਹੰ 3:29 ਲਈ ਖ਼ਾਸ ਜਾਣਕਾਰੀ

ਲਾੜੇ ਦਾ ਦੋਸਤ: ਬਾਈਬਲ ਦੇ ਜ਼ਮਾਨੇ ਵਿਚ ਲਾੜੇ ਦਾ ਕਰੀਬੀ ਰਿਸ਼ਤੇਦਾਰ ਕਾਨੂੰਨੀ ਪੈਰਵੀ ਕਰਨ ਅਤੇ ਵਿਆਹ ਦੀਆਂ ਤਿਆਰੀਆਂ ਕਰਨ ਵਿਚ ਖ਼ਾਸ ਭੂਮਿਕਾ ਨਿਭਾਉਂਦਾ ਸੀ। ਉਹ ਵਿਆਹ ਸੰਬੰਧੀ ਸਮਝੌਤਿਆਂ ਵਿਚ ਗੱਲਬਾਤ ਕਰਾਉਂਦਾ ਸੀ ਤੇ ਕਦੀ-ਕਦਾਈਂ ਉਹ ਮੰਗਣੀ ਦਾ ਪ੍ਰਬੰਧ ਕਰਕੇ ਲਾੜੀ ਨੂੰ ਤੋਹਫ਼ੇ ਅਤੇ ਹੋਰ ਚੀਜ਼ਾਂ ਪਹੁੰਚਾਉਂਦਾ ਸੀ। ਲਾੜੀ ਤੇ ਉਸ ਦੇ ਰਿਸ਼ਤੇਦਾਰ ਵਿਆਹ ਦੇ ਦਿਨ ਲਾੜੇ ਜਾਂ ਉਸ ਦੇ ਪਿਤਾ ਦੇ ਘਰ ਜਾਂਦੇ ਸਨ ਜਿੱਥੇ ਵਿਆਹ ਦੀ ਦਾਅਵਤ ਰੱਖੀ ਜਾਂਦੀ ਸੀ। ਇਸ ਦਾਅਵਤ ਦੌਰਾਨ ਲਾੜੀ ਨਾਲ ਗੱਲ ਕਰ ਰਹੇ ਲਾੜੇ ਦੀ ਆਵਾਜ਼ ਸੁਣ ਕੇ ਲਾੜੇ ਦਾ ਦੋਸਤ ਖ਼ੁਸ਼ ਹੁੰਦਾ ਸੀ। ਇਸ ਤਰ੍ਹਾਂ ਉਸ ਨੂੰ ਲੱਗਦਾ ਸੀ ਕਿ ਉਸ ਨੇ ਆਪਣੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਈ ਹੈ। ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਆਪਣੀ ਤੁਲਨਾ ‘ਲਾੜੇ ਦੇ ਦੋਸਤ’ ਨਾਲ ਕੀਤੀ। ਇੱਥੇ ਯਿਸੂ ਲਾੜਾ ਅਤੇ ਉਸ ਦੇ ਚੇਲੇ ਉਸ ਦੀ ਲਾੜੀ ਸੀ। ਮਸੀਹ ਦਾ ਰਾਹ ਤਿਆਰ ਕਰ ਕੇ ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਯਿਸੂ ਮਸੀਹ ਦੀ “ਲਾੜੀ” ਬਾਰੇ ਦੱਸਿਆ। (ਯੂਹੰ 1:29, 35; 2 ਕੁਰਿੰ 11:2; ਅਫ਼ 5:22-27; ਪ੍ਰਕਾ 21:2, 9) ਲਾੜੇ ਅਤੇ ਲਾੜੀ ਨੂੰ ਮਿਲਾ ਕੇ “ਲਾੜੇ ਦੇ ਦੋਸਤ” ਦਾ ਕੰਮ ਪੂਰਾ ਹੋ ਜਾਂਦਾ ਸੀ। ਇਸ ਤੋਂ ਬਾਅਦ ਉਸ ਦੀ ਖ਼ਾਸ ਭੂਮਿਕਾ ਨਹੀਂ ਰਹਿੰਦੀ ਸੀ। ਇਸੇ ਤਰ੍ਹਾਂ ਯੂਹੰਨਾ ਨੇ ਆਪਣੇ ਬਾਰੇ ਕਿਹਾ ਸੀ ਕਿ “ਇਹ ਜ਼ਰੂਰੀ ਹੈ ਕਿ ਉਹ ਵਧਦਾ ਜਾਵੇ, ਪਰ ਮੈਂ ਘਟਦਾ ਜਾਵਾਂ।”—ਯੂਹੰ 3:30.

(ਯੂਹੰਨਾ 4:10) ਯਿਸੂ ਨੇ ਜਵਾਬ ਦਿੱਤਾ: “ਜੇ ਤੈਨੂੰ ਪਤਾ ਹੁੰਦਾ ਕਿ ਪਰਮੇਸ਼ੁਰ ਦਾ ਵਰਦਾਨ ਕੀ ਹੈ ਅਤੇ ਕੌਣ ਤੈਨੂੰ ਕਹਿ ਰਿਹਾ ਹੈ, ‘ਮੈਨੂੰ ਪਾਣੀ ਪਿਲ਼ਾਈਂ,’ ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ।”

nwtsty ਵਿੱਚੋਂ ਯੂਹੰ 4:10 ਲਈ ਖ਼ਾਸ ਜਾਣਕਾਰੀ

ਅੰਮ੍ਰਿਤ ਜਲ: ਇਹ ਯੂਨਾਨੀ ਸ਼ਬਦ ਵਹਿੰਦੇ ਪਾਣੀ ਨੂੰ, ਝਰਨੇ ਦੇ ਪਾਣੀ ਨੂੰ ਜਾਂ ਕਿਸੇ ਵੀ ਸੋਤੇ ਤੋਂ ਵਹਿੰਦੇ ਪਾਣੀ ਨੂੰ ਦਰਸਾਉਂਦਾ ਹੈ। ਇਹ ਤਲਾ ਵਿਚ ਖੜ੍ਹੇ ਪਾਣੀ ਤੋਂ ਉਲਟ ਹੈ। ਲੇਵੀ 14:5 ਵਿਚ “ਵਗਦੇ ਪਾਣੀ” ਲਈ ਇਬਰਾਨੀ ਸ਼ਬਦ ਦਾ ਮਤਲਬ “ਅੰਮ੍ਰਿਤ ਜਲ” ਹੈ। ਯਿਰ 2:13 ਅਤੇ 17:13 ਵਿਚ ਯਹੋਵਾਹ ਨੂੰ ‘ਜੀਉਂਦੇ ਪਾਣੀ ਦਾ ਸੋਤਾ’ ਯਾਨੀ ਜ਼ਿੰਦਗੀ ਦੇਣ ਵਾਲਾ ਪਾਣੀ ਕਿਹਾ ਗਿਆ ਹੈ। ਸਾਮਰੀ ਔਰਤ ਨਾਲ ਗੱਲ ਕਰਦਿਆਂ ਯਿਸੂ ਨੇ “ਅੰਮ੍ਰਿਤ ਜਲ” ਸ਼ਬਦ ਮਿਸਾਲ ਦੇਣ ਲਈ ਵਰਤੇ ਸਨ, ਪਰ ਲੱਗਦਾ ਹੈ ਕਿ ਉਸ ਨੇ ਪਹਿਲਾਂ ਸੱਚੀ ਦਾ ਪਾਣੀ ਸਮਝ ਲਿਆ ਸੀ।—ਯੂਹੰ 4:11; ਯੂਹੰ 4:14 ਲਈ ਖ਼ਾਸ ਜਾਣਕਾਰੀ ਦੇਖੋ।

ਬਾਈਬਲ ਪੜ੍ਹਾਈ

(ਯੂਹੰਨਾ 4:1-15) ਹੁਣ ਫ਼ਰੀਸੀਆਂ ਨੇ ਸੁਣ ਲਿਆ ਸੀ ਕਿ ਯਿਸੂ ਯੂਹੰਨਾ ਨਾਲੋਂ ਵੀ ਜ਼ਿਆਦਾ ਚੇਲੇ ਬਣਾ ਰਿਹਾ ਸੀ ਅਤੇ ਬਪਤਿਸਮਾ ਦੇ ਰਿਹਾ ਸੀ, 2 (ਭਾਵੇਂ ਕਿ ਯਿਸੂ ਨਹੀਂ, ਸਗੋਂ ਉਸ ਦੇ ਚੇਲੇ ਬਪਤਿਸਮਾ ਦੇ ਰਹੇ ਸਨ।) 3 ਜਦੋਂ ਪ੍ਰਭੂ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਹ ਯਹੂਦੀਆ ਤੋਂ ਦੁਬਾਰਾ ਗਲੀਲ ਨੂੰ ਚਲਾ ਗਿਆ। 4 ਰਾਹ ਵਿਚ ਉਸ ਨੂੰ ਸਾਮਰੀਆ ਵਿੱਚੋਂ ਲੰਘਣਾ ਪਿਆ। 5 ਤੁਰਦਾ-ਤੁਰਦਾ ਉਹ ਸਾਮਰੀਆ ਦੇ ਸ਼ਹਿਰ ਸੁਖਾਰ ਵਿਚ ਆਇਆ। ਇਹ ਸ਼ਹਿਰ ਉਸ ਖੇਤ ਦੇ ਲਾਗੇ ਸੀ ਜੋ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤਾ ਸੀ। 6 ਇੱਥੇ ਯਾਕੂਬ ਦਾ ਖੂਹ ਵੀ ਸੀ। ਯਿਸੂ ਸਫ਼ਰ ਤੋਂ ਥੱਕਿਆ ਹੋਇਆ ਉਸ ਖੂਹ ʼਤੇ ਬੈਠ ਗਿਆ। ਉਸ ਵੇਲੇ ਦੁਪਹਿਰ ਦੇ ਬਾਰਾਂ ਕੁ ਵੱਜੇ ਸਨ। 7 ਉਦੋਂ ਇਕ ਸਾਮਰੀ ਤੀਵੀਂ ਉੱਥੇ ਪਾਣੀ ਭਰਨ ਆਈ। ਯਿਸੂ ਨੇ ਉਸ ਨੂੰ ਕਿਹਾ: “ਮੈਨੂੰ ਪਾਣੀ ਪਿਲ਼ਾਈਂ।” 8 (ਉਸ ਦੇ ਚੇਲੇ ਸ਼ਹਿਰੋਂ ਖਾਣ ਨੂੰ ਕੁਝ ਖ਼ਰੀਦਣ ਗਏ ਹੋਏ ਸਨ।) 9 ਇਸ ਲਈ ਸਾਮਰੀ ਤੀਵੀਂ ਨੇ ਉਸ ਨੂੰ ਕਿਹਾ: “ਤੂੰ ਯਹੂਦੀ ਹੁੰਦੇ ਹੋਏ ਮੇਰੇ ਤੋਂ ਪਾਣੀ ਕਿੱਦਾਂ ਮੰਗ ਸਕਦਾ ਹੈਂ ਜਦ ਕਿ ਮੈਂ ਸਾਮਰੀ ਤੀਵੀਂ ਹਾਂ?” (ਯਹੂਦੀ ਸਾਮਰੀਆਂ ਨਾਲ ਮਿਲਦੇ-ਗਿਲ਼ਦੇ ਨਹੀਂ ਸਨ।) 10 ਯਿਸੂ ਨੇ ਜਵਾਬ ਦਿੱਤਾ: “ਜੇ ਤੈਨੂੰ ਪਤਾ ਹੁੰਦਾ ਕਿ ਪਰਮੇਸ਼ੁਰ ਦਾ ਵਰਦਾਨ ਕੀ ਹੈ ਅਤੇ ਕੌਣ ਤੈਨੂੰ ਕਹਿ ਰਿਹਾ ਹੈ, ‘ਮੈਨੂੰ ਪਾਣੀ ਪਿਲ਼ਾਈਂ,’ ਤਾਂ ਤੂੰ ਉਸ ਤੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ।” 11 ਤੀਵੀਂ ਨੇ ਉਸ ਨੂੰ ਕਿਹਾ: “ਵੀਰਾ, ਤੇਰੇ ਕੋਲ ਤਾਂ ਪਾਣੀ ਕੱਢਣ ਲਈ ਬਾਲਟੀ ਵੀ ਨਹੀਂ ਹੈਂ ਤੇ ਖੂਹ ਵੀ ਡੂੰਘਾ ਹੈ। ਤਾਂ ਫਿਰ, ਤੇਰੇ ਕੋਲ ਇਹ ਅੰਮ੍ਰਿਤ ਜਲ ਕਿੱਥੋਂ ਆਇਆ? 12 ਕੀ ਤੂੰ ਸਾਡੇ ਪੂਰਵਜ ਯਾਕੂਬ ਨਾਲੋਂ ਵੀ ਮਹਾਨ ਹੈਂ ਜਿਸ ਨੇ ਸਾਨੂੰ ਇਹ ਖੂਹ ਦਿੱਤਾ ਸੀ ਅਤੇ ਇਸੇ ਖੂਹ ਤੋਂ ਉਸ ਨੇ ਅਤੇ ਉਸ ਦੇ ਪੁੱਤਰਾਂ ਨੇ ਅਤੇ ਉਸ ਦੇ ਪਸ਼ੂਆਂ ਨੇ ਪਾਣੀ ਪੀਤਾ ਸੀ?” 13 ਯਿਸੂ ਨੇ ਉਸ ਨੂੰ ਜਵਾਬ ਦਿੱਤਾ: “ਜਿਹੜਾ ਵੀ ਇਹ ਪਾਣੀ ਪੀਂਦਾ ਹੈ, ਉਸ ਨੂੰ ਦੁਬਾਰਾ ਪਿਆਸ ਲੱਗੇਗੀ। 14 ਪਰ ਜੇ ਕੋਈ ਉਹ ਪਾਣੀ ਪੀਵੇ ਜਿਹੜਾ ਮੈਂ ਦਿਆਂਗਾ, ਤਾਂ ਉਸ ਨੂੰ ਫਿਰ ਕਦੀ ਪਿਆਸ ਨਹੀਂ ਲੱਗੇਗੀ, ਸਗੋਂ ਜੋ ਪਾਣੀ ਮੈਂ ਦਿਆਂਗਾ, ਉਹ ਪਾਣੀ ਉਸ ਵਿਚ ਚਸ਼ਮਾ ਬਣ ਕੇ ਹਮੇਸ਼ਾ ਦੀ ਜ਼ਿੰਦਗੀ ਦੇਣ ਲਈ ਫੁੱਟਦਾ ਰਹੇਗਾ।” 15 ਤੀਵੀਂ ਨੇ ਉਸ ਨੂੰ ਕਿਹਾ: “ਵੀਰਾ, ਮੈਨੂੰ ਇਹ ਪਾਣੀ ਦੇ ਦੇ ਤਾਂਕਿ ਮੈਨੂੰ ਫਿਰ ਕਦੀ ਪਿਆਸ ਨਾ ਲੱਗੇ ਅਤੇ ਨਾ ਮੈਨੂੰ ਪਾਣੀ ਭਰਨ ਲਈ ਮੁੜ-ਮੁੜ ਇਸ ਖੂਹ ʼਤੇ ਆਉਣਾ ਪਵੇ।”

17-23 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 5-6

“ਸਹੀ ਇਰਾਦੇ ਨਾਲ ਯਿਸੂ ਦੀ ਰੀਸ ਕਰੋ”

(ਯੂਹੰਨਾ 6:9-11) “ਇੱਥੇ ਇਕ ਮੁੰਡੇ ਕੋਲ ਜੌਂ ਦੀਆਂ ਪੰਜ ਰੋਟੀਆਂ ਤੇ ਦੋ ਛੋਟੀਆਂ-ਛੋਟੀਆਂ ਮੱਛੀਆਂ ਹਨ। ਪਰ ਇਨ੍ਹਾਂ ਨਾਲ ਇੰਨੇ ਸਾਰੇ ਲੋਕਾਂ ਦਾ ਕਿੱਦਾਂ ਸਰੂ?” 10 ਯਿਸੂ ਨੇ ਕਿਹਾ: “ਲੋਕਾਂ ਨੂੰ ਬਿਠਾਓ।” ਉੱਥੇ ਕਾਫ਼ੀ ਘਾਹ ਹੋਣ ਕਰਕੇ ਲੋਕ ਥੱਲੇ ਬੈਠ ਗਏ। ਭੀੜ ਵਿਚ ਤਕਰੀਬਨ 5,000 ਆਦਮੀ ਸਨ। 11 ਯਿਸੂ ਨੇ ਰੋਟੀਆਂ ਲੈ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਲੋਕਾਂ ਵਿਚ ਵੰਡ ਦਿੱਤੀਆਂ; ਨਾਲੇ, ਉਸ ਨੇ ਉਨ੍ਹਾਂ ਨੂੰ ਰੱਜ ਕੇ ਖਾਣ ਲਈ ਮੱਛੀਆਂ ਵੀ ਦਿੱਤੀਆਂ।

nwtsty ਵਿੱਚੋਂ ਯੂਹੰ 6:10 ਲਈ ਖ਼ਾਸ ਜਾਣਕਾਰੀ

ਲੋਕ ਥੱਲੇ ਬੈਠ ਗਏ . . . ਤਕਰੀਬਨ 5,000 ਆਦਮੀ ਸਨ: ਇਸ ਬਿਰਤਾਂਤ ਬਾਰੇ ਦੱਸਦਿਆਂ ਸਿਰਫ਼ ਮੱਤੀ ਨੇ “ਤੀਵੀਆਂ ਅਤੇ ਬੱਚਿਆਂ” ਦਾ ਜ਼ਿਕਰ ਕੀਤਾ ਹੈ। (ਮੱਤੀ 14:21) ਜਿਨ੍ਹਾਂ ਲੋਕਾਂ ਨੂੰ ਚਮਤਕਾਰੀ ਢੰਗ ਨਾਲ ਖਾਣਾ ਖਿਲਾਇਆ ਗਿਆ, ਉਨ੍ਹਾਂ ਦੀ ਗਿਣਤੀ 15,000 ਤੋਂ ਜ਼ਿਆਦਾ ਹੋ ਸਕਦੀ ਹੈ।

(ਯੂਹੰਨਾ 6:14) ਜਦੋਂ ਲੋਕਾਂ ਨੇ ਉਸ ਦੇ ਚਮਤਕਾਰ ਦੇਖੇ, ਤਾਂ ਉਹ ਕਹਿਣ ਲੱਗੇ: “ਇਹ ਸੱਚ-ਮੁੱਚ ਉਹੀ ਨਬੀ ਹੈ ਜਿਸ ਦੇ ਦੁਨੀਆਂ ਵਿਚ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ।”

(ਯੂਹੰਨਾ 6:24) ਇਸ ਲਈ, ਜਦੋਂ ਭੀੜ ਨੇ ਦੇਖਿਆ ਕਿ ਨਾ ਤਾਂ ਯਿਸੂ ਉੱਥੇ ਸੀ ਅਤੇ ਨਾ ਹੀ ਉਸ ਦੇ ਚੇਲੇ, ਤਾਂ ਉਹ ਉਨ੍ਹਾਂ ਕਿਸ਼ਤੀਆਂ ਵਿਚ ਬੈਠ ਕੇ ਯਿਸੂ ਨੂੰ ਲੱਭਣ ਕਫ਼ਰਨਾਹੂਮ ਆਏ।

nwtsty ਵਿੱਚੋਂ ਯੂਹੰ 6:14 ਲਈ ਖ਼ਾਸ ਜਾਣਕਾਰੀ

ਨਬੀ: ਪਹਿਲੀ ਸਦੀ ਵਿਚ ਜ਼ਿਆਦਾਤਰ ਯਹੂਦੀ ਆਸ ਕਰਦੇ ਸਨ ਕਿ ਬਿਵ 18:15 ਵਿਚ ਜ਼ਿਕਰ ਕੀਤਾ ਮੂਸਾ ਵਰਗਾ ਕੋਈ ਨਬੀ ਮਸੀਹ ਹੋਵੇਗਾ। ਇਸ ਆਇਤ ਵਿਚ ਦੁਨੀਆਂ ਵਿਚ ਆਉਣ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਲੋਕ ਮਸੀਹ ਦੀ ਉਡੀਕ ਕਰਦੇ ਸਨ। ਸਿਰਫ਼ ਯੂਹੰਨਾ ਨੇ ਇਸ ਆਇਤ ਇਨ੍ਹਾਂ ਗੱਲਾਂ ਦਾ ਜ਼ਿਕਰ ਕੀਤਾ।

(ਯੂਹੰਨਾ 6:25-27) ਜਦੋਂ ਉਨ੍ਹਾਂ ਨੇ ਝੀਲ ਦੇ ਦੂਜੇ ਪਾਸੇ ਉਸ ਨੂੰ ਲੱਭ ਲਿਆ, ਤਾਂ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ, ਤੂੰ ਇੱਥੇ ਕਦੋਂ ਆਇਆਂ?” 26 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਕਿ ਤੁਸੀਂ ਮੈਨੂੰ ਇਸ ਕਰਕੇ ਨਹੀਂ ਲੱਭ ਰਹੇ ਕਿਉਂਕਿ ਤੁਸੀਂ ਮੇਰੇ ਚਮਤਕਾਰ ਦੇਖੇ ਸਨ, ਸਗੋਂ ਇਸ ਕਰਕੇ ਲੱਭ ਰਹੇ ਹੋ ਕਿਉਂਕਿ ਤੁਸੀਂ ਰੱਜ ਕੇ ਰੋਟੀਆਂ ਖਾਧੀਆਂ ਸਨ। 27 ਉਸ ਭੋਜਨ ਲਈ ਮਿਹਨਤ ਨਾ ਕਰੋ ਜਿਹੜਾ ਖ਼ਰਾਬ ਹੋ ਜਾਂਦਾ ਹੈ, ਸਗੋਂ ਉਸ ਭੋਜਨ ਲਈ ਮਿਹਨਤ ਕਰੋ ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ। ਮਨੁੱਖ ਦਾ ਪੁੱਤਰ ਤੁਹਾਨੂੰ ਇਹ ਭੋਜਨ ਦੇਵੇਗਾ ਕਿਉਂਕਿ ਉਸ ਉੱਤੇ ਪਿਤਾ ਪਰਮੇਸ਼ੁਰ ਨੇ ਆਪਣੀ ਮਨਜ਼ੂਰੀ ਦੀ ਮੁਹਰ ਲਾ ਦਿੱਤੀ ਹੈ।”

(ਯੂਹੰਨਾ 6:54) ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਅਤੇ ਮੈਂ ਉਸ ਨੂੰ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਕਰਾਂਗਾ;

(ਯੂਹੰਨਾ 6:60) ਇਸ ਲਈ ਉਸ ਦੇ ਬਹੁਤ ਸਾਰੇ ਚੇਲਿਆਂ ਨੇ ਇਹ ਗੱਲ ਸੁਣ ਕੇ ਕਿਹਾ: “ਇਹ ਤਾਂ ਬੜੀ ਘਿਣਾਉਣੀ ਗੱਲ ਹੈ; ਕੌਣ ਇਸ ਤਰ੍ਹਾਂ ਦੀ ਗੱਲ ਸੁਣ ਸਕਦਾ ਹੈ?”

(ਯੂਹੰਨਾ 6:66-69) ਇਸ ਕਰਕੇ ਉਸ ਦੇ ਬਹੁਤ ਸਾਰੇ ਚੇਲੇ ਉਸ ਦਾ ਸਾਥ ਛੱਡ ਕੇ ਵਾਪਸ ਆਪਣੇ ਕੰਮ-ਧੰਦਿਆਂ ਵਿਚ ਲੱਗ ਗਏ ਜਿਨ੍ਹਾਂ ਨੂੰ ਉਹ ਛੱਡ ਕੇ ਆਏ ਸਨ। 67 ਇਸ ਲਈ ਯਿਸੂ ਨੇ ਬਾਰਾਂ ਰਸੂਲਾਂ ਨੂੰ ਪੁੱਛਿਆ: “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?” 68 ਸ਼ਮਊਨ ਪਤਰਸ ਨੇ ਜਵਾਬ ਦਿੱਤਾ: “ਪ੍ਰਭੂ, ਅਸੀਂ ਹੋਰ ਕਿਹਦੇ ਕੋਲ ਜਾਈਏ? ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ ਤਾਂ ਤੇਰੇ ਕੋਲ ਹਨ; 69 ਅਤੇ ਸਾਨੂੰ ਵਿਸ਼ਵਾਸ ਹੈ ਅਤੇ ਅਸੀਂ ਜਾਣ ਗਏ ਹਾਂ ਕਿ ਤੂੰ ਪਰਮੇਸ਼ੁਰ ਦਾ ਪਵਿੱਤਰ ਸੇਵਕ ਹੈਂ।”

nwtsty ਵਿੱਚੋਂ ਯੂਹੰ 6:27, 54 ਲਈ ਖ਼ਾਸ ਜਾਣਕਾਰੀ

ਭੋਜਨ ਜਿਹੜਾ ਖ਼ਰਾਬ ਹੋ ਜਾਂਦਾ ਹੈ . . . ਭੋਜਨ ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ: ਯਿਸੂ ਜਾਣਦਾ ਸੀ ਕਿ ਕੁਝ ਲੋਕ ਉਸ ਨਾਲ ਅਤੇ ਉਸ ਦੇ ਚੇਲਿਆਂ ਨਾਲ ਸਿਰਫ਼ ਆਪਣੇ ਫ਼ਾਇਦੇ ਲਈ ਸੰਗਤ ਕਰਦੇ ਸਨ। ਸਰੀਰਕ ਭੋਜਨ ਇਨਸਾਨ ਨੂੰ ਰੋਜ਼ ਜੀਉਂਦਾ ਰੱਖਦਾ ਹੈ, ਪਰ ਪਰਮੇਸ਼ੁਰ ਦੇ ਬਚਨ ਤੋਂ ਮਿਲਦੇ “ਭੋਜਨ” ਨਾਲ ਇਨਸਾਨ ਹਮੇਸ਼ਾ ਲਈ ਜੀਉਂਦਾ ਰਹਿ ਸਕਦਾ ਹੈ। ਯਿਸੂ ਨੇ ਭੀੜ ਨੂੰ ਕਿਹਾ ਕਿ ਉਹ “ਉਸ ਭੋਜਨ ਲਈ” ਮਿਹਨਤ ਕਰਨ “ਜਿਹੜਾ ਕਦੀ ਖ਼ਰਾਬ ਨਹੀਂ ਹੁੰਦਾ ਤੇ ਹਮੇਸ਼ਾ ਦੀ ਜ਼ਿੰਦਗੀ ਦਿੰਦਾ ਹੈ” ਯਾਨੀ ਉਹ ਪਰਮੇਸ਼ੁਰ ਦਾ ਗਿਆਨ ਲੈਣ ਲਈ ਮਿਹਨਤ ਕਰਨ ਅਤੇ ਸਿੱਖੀਆਂ ਗੱਲਾਂ ʼਤੇ ਚੱਲ ਕੇ ਨਿਹਚਾ ਦਿਖਾਉਣ।—ਮੱਤੀ 4:4; 5:3; ਯੂਹੰ 6:28-39.

ਮੇਰਾ ਮਾਸ ਖਾਂਦਾ ਹੈ ਤੇ ਮੇਰਾ ਲਹੂ ਪੀਂਦਾ ਹੈ: ਇਸ ਦੀਆਂ ਅਗਲੀਆਂ-ਪਿਛਲੀਆਂ ਆਇਤਾਂ ਮੁਤਾਬਕ ਖਾਣ ਅਤੇ ਪੀਣ ਦਾ ਮਤਲਬ ਯਿਸੂ ਉੱਤੇ ਆਪਣੀ ਨਿਹਚਾ ਦਾ ਸਬੂਤ ਦੇਣਾ ਹੈ। (ਯੂਹੰ 6:35, 40) ਯਿਸੂ ਨੇ ਇਹ ਗੱਲ 32 ਈ. ਵਿਚ ਕਹੀ ਸੀ। ਸੋ ਉਹ ਪ੍ਰਭੂ ਦੇ ਭੋਜਨ ਦੀ ਗੱਲ ਨਹੀਂ ਕਰ ਰਿਹਾ ਸੀ ਜੋ ਉਸ ਨੇ ਇਕ ਸਾਲ ਬਾਅਦ ਸ਼ੁਰੂ ਕਰਨਾ ਸੀ। ਉਸ ਨੇ ਇਹ ਗੱਲ ‘ਯਹੂਦੀਆਂ ਦੇ ਪਸਾਹ ਦੇ ਤਿਉਹਾਰ’ ਤੋਂ ਪਹਿਲਾਂ ਕਹੀ ਸੀ। (ਯੂਹੰ 6:4) ਇਸ ਕਰਕੇ ਉਸ ਦੇ ਸੁਣਨ ਵਾਲਿਆਂ ਦੇ ਮਨ ਵਿਚ ਇਹ ਤਿਉਹਾਰ ਆਇਆ ਹੋਵੇਗਾ ਅਤੇ ਯਾਦ ਆਇਆ ਹੋਵੇਗਾ ਕਿ ਲੇਲੇ ਦੇ ਲਹੂ ਨਾਲ ਉਨ੍ਹਾਂ ਦੀਆਂ ਜਾਨਾਂ ਕਿਵੇਂ ਬਚੀਆਂ ਸਨ ਜਦੋਂ ਉਹ ਮਿਸਰ ਤੋਂ ਆਜ਼ਾਦ ਹੋਏ ਸਨ। (ਕੂਚ 12:24-27) ਯਿਸੂ ਇਸ ਗੱਲ ʼਤੇ ਜ਼ੋਰ ਦੇ ਰਿਹਾ ਸੀ ਕਿ ਉਸ ਦੇ ਲਹੂ ਕਰਕੇ ਉਸ ਦੇ ਚੇਲਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲਣੀ ਸੰਭਵ ਹੋਣੀ ਸੀ।

w05 9/1 21 ਪੈਰੇ 13-14

ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਚੱਲਾਂਗੇ

13 ਇਸ ਦੇ ਬਾਵਜੂਦ, ਲੋਕ ਯਿਸੂ ਦੇ ਮਗਰ-ਮਗਰ ਗਏ ਤੇ ਉਨ੍ਹਾਂ ਨੇ ਉਸ ਨੂੰ “ਝੀਲ ਦੇ ਪਾਰ” ਲੱਭ ਲਿਆ। ਉਹ ਉਸ ਦਾ ਪਿੱਛਾ ਕਿਉਂ ਕਰ ਰਹੇ ਸਨ ਜਦ ਕਿ ਯਿਸੂ ਰਾਜਾ ਨਹੀਂ ਬਣਨਾ ਚਾਹੁੰਦਾ ਸੀ? ਉਨ੍ਹਾਂ ਨੇ ਮੂਸਾ ਦੇ ਜ਼ਮਾਨੇ ਵਿਚ ਯਹੋਵਾਹ ਦੁਆਰਾ ਉਜਾੜ ਵਿਚ ਲੋਕਾਂ ਲਈ ਕੀਤੇ ਗਏ ਖਾਣੇ ਦੇ ਪ੍ਰਬੰਧ ਦਾ ਜ਼ਿਕਰ ਕਰ ਕੇ ਦਿਖਾਇਆ ਕਿ ਉਹ ਮੁਫ਼ਤ ਦੀ ਰੋਟੀ ਖਾਣੀ ਚਾਹੁੰਦੇ ਸਨ। ਉਨ੍ਹਾਂ ਦੇ ਕਹਿਣ ਦਾ ਭਾਵ ਸੀ ਕਿ ਯਿਸੂ ਵੀ ਉਨ੍ਹਾਂ ਨੂੰ ਰੋਟੀ ਖੁਆਵੇ। ਲੋਕਾਂ ਦੀ ਗ਼ਲਤ ਸੋਚ ਨੂੰ ਸੁਧਾਰਨ ਲਈ ਯਿਸੂ ਉਨ੍ਹਾਂ ਨੂੰ ਪਰਮੇਸ਼ੁਰ ਦੀ ਸਿੱਖਿਆ ਦੇਣ ਲੱਗ ਪਿਆ। (ਯੂਹੰਨਾ 6:17, 24, 25, 30, 31, 35-40) ਉਸ ਦੀਆਂ ਗੱਲਾਂ ਸੁਣ ਕੇ ਕੁਝ ਲੋਕ ਬੁੜ-ਬੁੜਾਉਣ ਲੱਗ ਪਏ, ਖ਼ਾਸ ਕਰਕੇ ਜਦੋਂ ਉਸ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਜੇ ਤੁਸੀਂ ਮਨੁੱਖ ਦੇ ਪੁੱਤ੍ਰ ਦਾ ਮਾਸ ਨਾ ਖਾਓ ਅਤੇ ਉਹ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਉਣ ਨਹੀਂ ਹੈ। ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸਦੀਪਕ ਜੀਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹ ਨੂੰ ਜੀਉਂਦਾ ਉਠਾਵਾਂਗਾ।”—ਯੂਹੰਨਾ 6:53, 54.

14 ਅਕਸਰ ਯਿਸੂ ਦੀਆਂ ਮਿਸਾਲਾਂ ਤੋਂ ਇਹ ਸਾਫ਼ ਜ਼ਾਹਰ ਹੋ ਜਾਂਦਾ ਸੀ ਕਿ ਉਸ ਦੀ ਗੱਲ ਸੁਣਨ ਵਾਲੇ ਲੋਕ ਅਸਲ ਵਿਚ ਪਰਮੇਸ਼ੁਰ ਦੇ ਨਾਲ ਚੱਲਣਾ ਚਾਹੁੰਦੇ ਸਨ ਕਿ ਨਹੀਂ। ਇਸ ਵਾਰ ਵੀ ਇਹੀ ਹੋਇਆ। ਲੋਕਾਂ ਨੇ ਝੱਟ ਦਿਖਾ ਦਿੱਤਾ ਕਿ ਉਨ੍ਹਾਂ ਦੇ ਦਿਲ ਵਿਚ ਕੀ ਸੀ। ਅਸੀਂ ਪੜ੍ਹਦੇ ਹਾਂ: “ਉਹ ਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਸੁਣ ਕੇ ਆਖਿਆ ਜੋ ਇਹ ਔਖੀ ਗੱਲ ਹੈ, ਇਹ ਨੂੰ ਕੌਣ ਸੁਣ ਸੱਕਦਾ ਹੈ?” ਯਿਸੂ ਨੇ ਉਨ੍ਹਾਂ ਨੂੰ ਸਮਝਾਇਆ ਕਿ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਡੂੰਘਾ ਮਤਲਬ ਸਮਝਣਾ ਚਾਹੀਦਾ ਸੀ। ਉਸ ਨੇ ਕਿਹਾ: “ਜੀਉਦਾਤਾ ਤਾਂ ਆਤਮਾ ਹੈ। ਮਾਸ ਤੋਂ ਕੁਝ ਲਾਭ ਨਹੀਂ। ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਓਹ ਆਤਮਾ ਹਨ ਅਤੇ ਜੀਉਣ ਹਨ।” ਫਿਰ ਵੀ ਕਈਆਂ ਨੇ ਉਸ ਦੀਆਂ ਗੱਲਾਂ ਸੁਣਨ ਤੋਂ ਇਨਕਾਰ ਕਰ ਦਿੱਤਾ। ਬਾਈਬਲ ਕਹਿੰਦੀ ਹੈ: “ਇਸ ਗੱਲ ਤੋਂ ਉਹ ਦੇ ਚੇਲਿਆਂ ਵਿੱਚੋਂ ਬਹੁਤੇ ਪਿਛਾਹਾਂ ਨੂੰ ਫਿਰ ਗਏ ਅਤੇ ਮੁੜ ਉਹ ਦੇ ਨਾਲ ਨਾ ਚੱਲੇ।”—ਯੂਹੰਨਾ 6:60, 63, 66.

ਹੀਰੇ-ਮੋਤੀਆਂ ਦੀ ਖੋਜ ਕਰੋ

(ਯੂਹੰਨਾ 6:44) ਕੋਈ ਵੀ ਇਨਸਾਨ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤਕ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਨਹੀਂ ਖਿੱਚਦਾ; ਅਤੇ ਮੈਂ ਉਸ ਨੂੰ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਕਰਾਂਗਾ।

nwtsty ਵਿੱਚੋਂ ਯੂਹੰ 6:44 ਲਈ ਖ਼ਾਸ ਜਾਣਕਾਰੀ

ਉਸ ਨੂੰ . . . ਖਿੱਚਦਾ ਹੈ: ਇੱਥੇ ‘ਖਿੱਚਣ’ ਲਈ ਜਿਹੜੀ ਯੂਨਾਨੀ ਕਿਰਿਆ ਵਰਤੀ ਗਈ ਹੈ, ਉਸ ਦਾ ਮਤਲਬ ਜਾਲ਼ ਪਾ ਕੇ ਮੱਛੀਆਂ ਨੂੰ ਖਿੱਚਣਾ ਹੈ। (ਯੂਹੰ 21:6, 11) ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਖਿੱਚਦਾ ਹੈ। ਇਸ ਕਿਰਿਆ ਦਾ ਮਤਲਬ “ਆਕਰਸ਼ਿਤ ਕਰਨਾ” ਵੀ ਹੋ ਸਕਦਾ ਹੈ। ਯਿਸੂ ਦੀ ਗੱਲ ਨੇ ਸ਼ਾਇਦ ਯਿਰ 31:3 ਵੱਲ ਧਿਆਨ ਦੁਆਇਆ ਸੀ, ਜਿੱਥੇ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਕਿਹਾ ਸੀ: “ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ।” (ਸੈਪਟੁਜਿੰਟ ਵਿਚ ਇਹੀ ਯੂਨਾਨੀ ਕਿਰਿਆ ਇਸਤੇਮਾਲ ਕੀਤੀ ਗਈ ਹੈ।) ਇਸੇ ਤਰ੍ਹਾਂ ਯੂਹੰ 12:32 ਤੋਂ ਪਤਾ ਲੱਗਦਾ ਹੈ ਕਿ ਯਿਸੂ ਹਰ ਤਰ੍ਹਾਂ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਬਾਈਬਲ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਸਾਰੇ ਇਨਸਾਨਾਂ ਨੂੰ ਆਜ਼ਾਦ ਮਰਜ਼ੀ ਦਿੱਤੀ ਹੈ। ਹਰ ਕੋਈ ਫ਼ੈਸਲਾ ਕਰ ਸਕਦਾ ਹੈ ਕਿ ਉਹ ਪਰਮੇਸ਼ੁਰ ਦੀ ਸੇਵਾ ਕਰੇਗਾ ਜਾਂ ਨਹੀਂ। (ਬਿਵ 30:19 20) ਪਰਮੇਸ਼ੁਰ ਚੰਗੇ ਦਿਲ ਦੇ ਲੋਕਾਂ ਨੂੰ ਪਿਆਰ ਨਾਲ ਆਪਣੇ ਵੱਲ ਖਿੱਚਦਾ ਹੈ। (ਜ਼ਬੂ 11:5; ਕਹਾ 21:2; ਰਸੂ 13:48) ਯਹੋਵਾਹ ਬਾਈਬਲ ਦੇ ਸੰਦੇਸ਼ ਅਤੇ ਪਵਿੱਤਰ ਸ਼ਕਤੀ ਰਾਹੀਂ ਇੱਦਾਂ ਕਰਦਾ ਹੈ। ਯੂਹੰ 6:45 ਵਿਚ ਦਰਜ ਯਸਾ 54:13 ਦੀ ਭਵਿੱਖਬਾਣੀ ਉਨ੍ਹਾਂ ਲੋਕਾਂ ʼਤੇ ਲਾਗੂ ਹੁੰਦੀ ਹੈ ਜਿਨ੍ਹਾਂ ਲੋਕਾਂ ਨੂੰ ਪਿਤਾ ਨੇ ਆਪਣੇ ਵੱਲ ਖਿੱਚਿਆ ਹੈ।—ਯੂਹੰ 6:65 ਵਿਚ ਨੁਕਤਾ ਦੇਖੋ।

(ਯੂਹੰਨਾ 6:64) ਪਰ ਤੁਹਾਡੇ ਵਿੱਚੋਂ ਕੁਝ ਲੋਕ ਵਿਸ਼ਵਾਸ ਨਹੀਂ ਕਰਦੇ।” ਯਿਸੂ ਸ਼ੁਰੂ ਤੋਂ ਹੀ ਜਾਣਦਾ ਸੀ ਕਿ ਕਿਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ, ਨਾਲੇ ਕੌਣ ਉਸ ਨੂੰ ਧੋਖੇ ਨਾਲ ਫੜਵਾਏਗਾ।

nwtsty ਵਿੱਚੋਂ ਯੂਹੰ 6:64 ਲਈ ਖ਼ਾਸ ਜਾਣਕਾਰੀ

ਯਿਸੂ ਜਾਣਦਾ ਸੀ ਕਿ ਕੌਣ ਉਸ ਨੂੰ ਧੋਖੇ ਨਾਲ ਫੜਵਾਏਗਾ: ਯਿਸੂ ਯਹੂਦਾਹ ਇਸਕਰਿਓਤੀ ਦੀ ਗੱਲ ਕਰ ਰਿਹਾ ਸੀ। 12 ਰਸੂਲ ਚੁਣਨ ਤੋਂ ਪਹਿਲਾਂ ਯਿਸੂ ਨੇ ਪੂਰੀ ਰਾਤ ਆਪਣੇ ਪਿਤਾ ਨੂੰ ਪ੍ਰਾਰਥਨਾ ਕੀਤੀ ਸੀ। (ਲੂਕਾ 6:12-16) ਯਹੂਦਾਹ ਪਹਿਲਾਂ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਸੀ। ਪਰ ਇਬਰਾਨੀ ਲਿਖਤਾਂ ਵਿਚ ਕੀਤੀ ਭਵਿੱਖਬਾਣੀ ਤੋਂ ਯਿਸੂ ਨੂੰ ਪਤਾ ਸੀ ਕਿ ਉਸ ਦਾ ਕੋਈ ਨਜ਼ਦੀਕੀ ਉਸ ਨੂੰ ਧੋਖਾ ਦੇਵੇਗਾ। (ਜ਼ਬੂ 41:9; 109:8; ਯੂਹੰ 13:18, 19) ਜਦੋਂ ਯਹੂਦਾਹ ਬੁਰਾਈ ਦੇ ਰਸਤੇ ʼਤੇ ਪੈ ਗਿਆ ਸੀ, ਤਾਂ ਯਿਸੂ ਨੇ ਇਹ ਗੱਲ ਭਾਂਪ ਲਈ ਸੀ ਕਿਉਂਕਿ ਉਹ ਦਿਲਾਂ ਤੇ ਮਨਾਂ ਨੂੰ ਪੜ੍ਹ ਸਕਦਾ ਸੀ। (ਮੱਤੀ 9:4) ਪਰਮੇਸ਼ੁਰ ਪਹਿਲਾਂ ਤੋਂ ਜਾਣਦਾ ਸੀ ਕਿ ਯਿਸੂ ਦਾ ਕੋਈ ਭਰੋਸੇਯੋਗ ਸਾਥੀ ਉਸ ਨੂੰ ਧੋਖਾ ਦੇਵੇਗਾ। ਪਰ ਪਰਮੇਸ਼ੁਰ ਦੇ ਗੁਣਾਂ ਅਤੇ ਬੀਤੇ ਸਮੇਂ ਵਿਚ ਉਸ ਦੇ ਪੇਸ਼ ਆਉਣ ਦੇ ਤਰੀਕੇ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਨੇ ਤੈਅ ਨਹੀਂ ਕੀਤਾ ਸੀ ਕਿ ਧੋਖਾ ਦੇਣ ਵਾਲਾ ਯਹੂਦਾਹ ਹੀ ਹੋਵੇਗਾ।

ਸ਼ੁਰੂ ਤੋਂ: ਇਹ ਸ਼ਬਦ ਯਹੂਦਾਹ ਦੇ ਜਨਮ ਜਾਂ ਉਸ ਦੇ ਰਸੂਲ ਚੁਣੇ ਜਾਣ ਦੇ ਸਮੇਂ ਨੂੰ ਨਹੀਂ ਦਰਸਾਉਂਦੇ ਜਿਸ ਨੂੰ ਯਿਸੂ ਨੇ ਸਾਰੀ ਰਾਤ ਪ੍ਰਾਰਥਨਾ ਕਰਨ ਤੋਂ ਬਾਅਦ ਚੁਣਿਆ ਸੀ। (ਲੂਕਾ 6:12-16) ਇਸ ਦੀ ਬਜਾਇ, ਇਹ ਉਸ ਸਮੇਂ ਨੂੰ ਦਰਸਾਉਂਦੇ ਹਨ ਜਦੋਂ ਯਹੂਦਾਹ ਧੋਖੇਬਾਜ਼ ਬਣਨਾ ਸ਼ੁਰੂ ਹੋਇਆ ਸੀ ਜਿਸ ਬਾਰੇ ਯਿਸੂ ਨੂੰ ਜਲਦੀ ਹੀ ਪਤਾ ਲੱਗ ਗਿਆ ਸੀ। (ਯੂਹੰ 2:24, 25, ਪ੍ਰਕਾ 1:1, 2:23, ਯੂਹੰ 6:70; 13:11 ਲਈ ਦਿੱਤੀ ਖ਼ਾਸ ਜਾਣਕਾਰੀ ਦੇਖੋ) ਯਹੂਦਾਹ ਦਾ ਦਿਲ ਇਕਦਮ ਨਹੀਂ ਬਦਲਿਆ ਸੀ, ਬਲਕਿ ਉਸ ਨੇ ਸਾਰਾ ਕੁਝ ਸੋਚ-ਸਮਝ ਕੇ ਅਤੇ ਯੋਜਨਾ ਬਣਾ ਕੇ ਕੀਤਾ ਸੀ। ਮਸੀਹੀ ਯੂਨਾਨੀ ਲਿਖਤਾਂ ਵਿਚ “ਸ਼ੁਰੂ” ਸ਼ਬਦ (ਯੂਨਾਨੀ ਸ਼ਬਦ ar·khe) ਦਾ ਮਤਲਬ ਆਇਤ ਦੇ ਮੁਤਾਬਕ ਅਲੱਗ-ਅਲੱਗ ਹੋ ਸਕਦਾ ਹੈ। ਮਿਸਾਲ ਲਈ 2 ਪਤ 3:4 ਵਿਚ “ਸ਼ੁਰੂ” ਸ਼ਬਦ ਦਾ ਮਤਲਬ ਸ੍ਰਿਸ਼ਟੀ ਦੀ ਸ਼ੁਰੂਆਤ ਹੈ। ਪਰ ਹੋਰ ਥਾਵਾਂ ʼਤੇ ਇਸ ਦਾ ਮਤਲਬ ਅਲੱਗ ਹੈ। ਮਿਸਾਲ ਲਈ, ਪਤਰਸ ਨੇ ਕਿਹਾ ਕਿ ਗ਼ੈਰ-ਯਹੂਦੀਆਂ ʼਤੇ “ਪਵਿੱਤਰ ਸ਼ਕਤੀ ਆਈ ਜਿਵੇਂ ਸ਼ੁਰੂ ਵਿਚ ਸਾਡੇ ਉੱਤੇ ਆਈ ਸੀ।” (ਰਸੂ 11:15) ਪਤਰਸ ਨਾ ਤਾਂ ਆਪਣੇ ਜਨਮ ਦੇ ਸਮੇਂ ਦੀ ਅਤੇ ਨਾ ਹੀ ਰਸੂਲ ਵਜੋਂ ਚੁਣੇ ਜਾਣ ਦੇ ਸਮੇਂ ਦੀ ਗੱਲ ਕਰ ਰਿਹਾ ਸੀ। ਇਸ ਦੀ ਬਜਾਇ, ਉਹ ਪੰਤੇਕੁਸਤ 33 ਈ. ਦੀ ਗੱਲ ਕਰ ਰਿਹਾ ਸੀ ਜਦੋਂ ਖ਼ਾਸ ਮਕਸਦ ਲਈ ਪਵਿੱਤਰ ਸ਼ਕਤੀ ਦਿੱਤੀ ਜਾਣੀ “ਸ਼ੁਰੂ” ਹੋਈ ਸੀ। (ਰਸੂ 2:1-4) ਲੂਕਾ 1:2; ਯੂਹੰ 15:27 ਅਤੇ 1 ਯੂਹੰ 2:7 ਆਇਤਾਂ ਵਿਚ “ਸ਼ੁਰੂ” ਸ਼ਬਦਾਂ ਦਾ ਮਤਲਬ ਅਲੱਗ-ਅਲੱਗ ਹੋ ਸਕਦਾ ਹੈ।

ਬਾਈਬਲ ਪੜ੍ਹਾਈ

(ਯੂਹੰਨਾ 6:41-59) ਇਸ ਲਈ ਯਹੂਦੀ ਯਿਸੂ ਬਾਰੇ ਬੁੜਬੁੜਾਉਣ ਲੱਗ ਪਏ ਕਿਉਂਕਿ ਉਸ ਨੇ ਕਿਹਾ ਸੀ: “ਸਵਰਗੋਂ ਆਈ ਰੋਟੀ ਮੈਂ ਹਾਂ”; 42 ਅਤੇ ਉਹ ਕਹਿਣ ਲੱਗੇ: “ਕੀ ਅਸੀਂ ਇਸ ਦੇ ਮਾਂ-ਪਿਉ ਨੂੰ ਨਹੀਂ ਜਾਣਦੇ? ਕੀ ਇਹ ਯੂਸੁਫ਼ ਦਾ ਪੁੱਤਰ ਯਿਸੂ ਨਹੀਂ? ਤਾਂ ਫਿਰ ਇਹ ਕਿੱਦਾਂ ਕਹਿ ਸਕਦਾ, ‘ਮੈਂ ਸਵਰਗੋਂ ਆਇਆ ਹਾਂ’?” 43 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਆਪਸ ਵਿਚ ਬੁੜਬੁੜਾਉਣਾ ਬੰਦ ਕਰੋ। 44 ਕੋਈ ਵੀ ਇਨਸਾਨ ਮੇਰੇ ਕੋਲ ਨਹੀਂ ਆ ਸਕਦਾ, ਜਦੋਂ ਤਕ ਮੇਰਾ ਪਿਤਾ ਜਿਸ ਨੇ ਮੈਨੂੰ ਘੱਲਿਆ ਹੈ, ਉਸ ਨੂੰ ਮੇਰੇ ਵੱਲ ਨਹੀਂ ਖਿੱਚਦਾ; ਅਤੇ ਮੈਂ ਉਸ ਨੂੰ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਕਰਾਂਗਾ। 45 ਨਬੀਆਂ ਦੀਆਂ ਲਿਖਤਾਂ ਵਿਚ ਇਹ ਦੱਸਿਆ ਗਿਆ ਹੈ, ‘ਅਤੇ ਉਹ ਸਾਰੇ ਯਹੋਵਾਹ ਦੁਆਰਾ ਸਿਖਾਏ ਹੋਏ ਹੋਣਗੇ।’ ਜਿਸ ਨੇ ਵੀ ਪਿਤਾ ਦੀ ਗੱਲ ਸੁਣੀ ਹੈ ਅਤੇ ਉਸ ਤੋਂ ਸਿੱਖਿਆ ਹੈ ਉਹ ਮੇਰੇ ਕੋਲ ਆਉਂਦਾ ਹੈ। 46 ਕਿਸੇ ਨੇ ਵੀ ਪਿਤਾ ਨੂੰ ਨਹੀਂ ਦੇਖਿਆ, ਸਿਰਫ਼ ਉਸ ਨੇ ਹੀ ਪਿਤਾ ਨੂੰ ਦੇਖਿਆ ਹੈ ਜਿਹੜਾ ਪਰਮੇਸ਼ੁਰ ਕੋਲੋਂ ਆਇਆ ਹੈ। 47 ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਜਿਹੜਾ ਵੀ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਹਮੇਸ਼ਾ ਦੀ ਜ਼ਿੰਦਗੀ ਪਾਵੇਗਾ। 48 “ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹਾਂ। 49 ਤੁਹਾਡੇ ਪਿਉ-ਦਾਦਿਆਂ ਨੇ ਉਜਾੜ ਵਿਚ ਮੰਨ ਖਾਧਾ, ਤਾਂ ਵੀ ਉਹ ਮਰ ਗਏ। 50 ਪਰ ਜੋ ਕੋਈ ਵੀ ਸਵਰਗੋਂ ਆਈ ਰੋਟੀ ਖਾਂਦਾ ਹੈ, ਉਹ ਕਦੀ ਨਹੀਂ ਮਰੇਗਾ। 51 ਜ਼ਿੰਦਗੀ ਦੇਣ ਵਾਲੀ ਰੋਟੀ ਮੈਂ ਹੀ ਹਾਂ ਜੋ ਸਵਰਗੋਂ ਆਈ ਹੈ; ਜੇ ਕੋਈ ਇਹ ਰੋਟੀ ਖਾਂਦਾ ਹੈ, ਉਹ ਹਮੇਸ਼ਾ ਜੀਉਂਦਾ ਰਹੇਗਾ; ਅਸਲ ਵਿਚ, ਇਹ ਰੋਟੀ ਮੇਰਾ ਸਰੀਰ ਹੈ ਜੋ ਮੈਂ ਦੁਨੀਆਂ ਦੀ ਖ਼ਾਤਰ ਵਾਰਾਂਗਾ ਤਾਂਕਿ ਲੋਕਾਂ ਨੂੰ ਜ਼ਿੰਦਗੀ ਮਿਲੇ।” 52 ਇਸ ਕਰਕੇ ਯਹੂਦੀ ਆਪਸ ਵਿਚ ਬਹਿਸਣ ਲੱਗ ਪਏ: “ਇਹ ਆਦਮੀ ਕਿੱਦਾਂ ਸਾਨੂੰ ਆਪਣਾ ਮਾਸ ਖਾਣ ਲਈ ਦੇ ਸਕਦਾ ਹੈ?” 53 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਹੀਂ ਖਾਓਗੇ ਅਤੇ ਉਸ ਦਾ ਲਹੂ ਨਹੀਂ ਪੀਓਗੇ, ਤਾਂ ਤੁਹਾਨੂੰ ਜ਼ਿੰਦਗੀ ਨਹੀਂ ਮਿਲੇਗੀ। 54 ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਅਤੇ ਮੈਂ ਉਸ ਨੂੰ ਆਖ਼ਰੀ ਦਿਨ ʼਤੇ ਦੁਬਾਰਾ ਜੀਉਂਦਾ ਕਰਾਂਗਾ; 55 ਕਿਉਂਕਿ ਮੇਰਾ ਮਾਸ ਅਸਲੀ ਭੋਜਨ ਹੈ ਅਤੇ ਮੇਰਾ ਲਹੂ ਅਸਲੀ ਪੀਣ ਵਾਲੀ ਚੀਜ਼ ਹੈ। 56 ਜਿਹੜਾ ਮੇਰਾ ਮਾਸ ਖਾਂਦਾ ਹੈ ਅਤੇ ਮੇਰਾ ਲਹੂ ਪੀਂਦਾ ਹੈ, ਉਹ ਮੇਰੇ ਨਾਲ ਅਤੇ ਮੈਂ ਉਸ ਨਾਲ ਏਕਤਾ ਵਿਚ ਬੱਝਾ ਰਹਿੰਦਾ ਹਾਂ। 57 ਠੀਕ ਜਿਵੇਂ ਜੀਉਂਦੇ ਪਿਤਾ ਨੇ ਮੈਨੂੰ ਘੱਲਿਆ ਅਤੇ ਮੈਂ ਪਿਤਾ ਕਰਕੇ ਜੀਉਂਦਾ ਹਾਂ, ਉਸੇ ਤਰ੍ਹਾਂ ਮੇਰਾ ਮਾਸ ਖਾਣ ਵਾਲਾ ਇਨਸਾਨ ਵੀ ਮੇਰੇ ਕਰਕੇ ਜੀਉਂਦਾ ਰਹੇਗਾ। 58 ਸਵਰਗੋਂ ਆਈ ਰੋਟੀ ਇਹੀ ਹੈ। ਇਹ ਉਸ ਸਮੇਂ ਵਾਂਗ ਨਹੀਂ ਜਦ ਤੁਹਾਡੇ ਪਿਉ-ਦਾਦਿਆਂ ਨੇ ਰੋਟੀ ਖਾਧੀ ਸੀ, ਅਤੇ ਤਾਂ ਵੀ ਉਹ ਮਰ ਗਏ। ਹੁਣ ਜਿਹੜਾ ਵੀ ਸਵਰਗੋਂ ਆਈ ਇਹ ਰੋਟੀ ਖਾਂਦਾ ਹੈ, ਉਹ ਹਮੇਸ਼ਾ ਜੀਉਂਦਾ ਰਹੇਗਾ।” 59 ਉਸ ਨੇ ਇਹ ਗੱਲਾਂ ਕਫ਼ਰਨਾਹੂਮ ਵਿਚ ਜਨਤਕ ਸਭਾ ਨੂੰ ਸਿੱਖਿਆ ਦਿੰਦੇ ਵੇਲੇ ਕਹੀਆਂ ਸਨ।

24-30 ਸਤੰਬਰ

ਰੱਬ ਦਾ ਬਚਨ ਖ਼ਜ਼ਾਨਾ ਹੈ | ਯੂਹੰਨਾ 7-8

“ਯਿਸੂ ਨੇ ਆਪਣੇ ਪਿਤਾ ਦੀ ਵਡਿਆਈ ਕੀਤੀ”

(ਯੂਹੰਨਾ 7:15-18) ਯਹੂਦੀ ਬਹੁਤ ਹੈਰਾਨ ਹੋ ਕੇ ਕਹਿਣ ਲੱਗੇ: “ਇਸ ਬੰਦੇ ਨੂੰ ਇੰਨਾ ਗਿਆਨ ਅਤੇ ਸਿੱਖਿਆ ਕਿੱਥੋਂ ਮਿਲੀ, ਜਦ ਕਿ ਇਸ ਨੇ ਧਾਰਮਿਕ ਸਕੂਲਾਂ ਵਿਚ ਪੜ੍ਹਾਈ ਨਹੀਂ ਕੀਤੀ?” 16 ਯਿਸੂ ਨੇ ਉਨ੍ਹਾਂ ਨੂੰ ਜਵਾਬ ਦਿੱਤਾ: “ਜੋ ਸਿੱਖਿਆ ਮੈਂ ਦਿੰਦਾ ਹਾਂ ਉਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ। 17 ਜੇ ਕੋਈ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਚਾਹੁੰਦਾ ਹੈ, ਉਹ ਜਾਣ ਲਵੇਗਾ ਕਿ ਇਹ ਸਿੱਖਿਆ ਪਰਮੇਸ਼ੁਰ ਤੋਂ ਹੈ ਜਾਂ ਕਿ ਮੈਂ ਆਪਣੀ ਹੀ ਸਿੱਖਿਆ ਦਿੰਦਾ ਹਾਂ। 18 ਜੋ ਆਪਣੀ ਹੀ ਸਿੱਖਿਆ ਦਿੰਦਾ ਹੈ, ਉਹ ਆਪਣੀ ਹੀ ਵਡਿਆਈ ਚਾਹੁੰਦਾ ਹੈ; ਪਰ ਜਿਹੜਾ ਆਪਣੇ ਘੱਲਣ ਵਾਲੇ ਦੀ ਵਡਿਆਈ ਚਾਹੁੰਦਾ ਹੈ, ਉਹ ਸੱਚਾ ਹੈ, ਅਤੇ ਉਸ ਵਿਚ ਜ਼ਰਾ ਵੀ ਛਲ ਨਹੀਂ ਹੈ।

cf 116-117 ਪੈਰੇ 5-6

“ਧਰਮ-ਗ੍ਰੰਥ ਵਿਚ ਲਿਖਿਆ ਹੈ”

5 ਯਿਸੂ ਲੋਕਾਂ ਨੂੰ ਦੱਸਣਾ ਚਾਹੁੰਦਾ ਸੀ ਕਿ ਉਸ ਦਾ ਸੰਦੇਸ਼ ਕਿੱਥੋਂ ਸੀ। ਉਸ ਨੇ ਕਿਹਾ: “ਜੋ ਸਿੱਖਿਆ ਮੈਂ ਦਿੰਦਾ ਹਾਂ ਉਹ ਮੇਰੀ ਨਹੀਂ, ਸਗੋਂ ਮੇਰੇ ਘੱਲਣ ਵਾਲੇ ਦੀ ਹੈ।” (ਯੂਹੰਨਾ 7:16) ਇਕ ਹੋਰ ਮੌਕੇ ਤੇ ਉਸ ਨੇ ਕਿਹਾ: “ਮੈਂ ਆਪਣੀ ਮਰਜ਼ੀ ਨਾਲ ਕੁਝ ਵੀ ਨਹੀਂ ਕਰਦਾ; ਪਰ ਜੋ ਸਿੱਖਿਆ ਮੇਰੇ ਪਿਤਾ ਨੇ ਮੈਨੂੰ ਦਿੱਤੀ ਹੈ, ਉਹੀ ਸਿੱਖਿਆ ਮੈਂ ਦਿੰਦਾ ਹਾਂ।” (ਯੂਹੰਨਾ 8:28) ਫਿਰ ਉਸ ਨੇ ਕਿਹਾ: “ਮੈਂ ਜੋ ਵੀ ਗੱਲਾਂ ਤੁਹਾਨੂੰ ਦੱਸਦਾ ਹਾਂ, ਉਹ ਆਪਣੇ ਵੱਲੋਂ ਨਹੀਂ ਦੱਸਦਾ; ਪਰ ਪਿਤਾ ਜੋ ਮੇਰੇ ਨਾਲ ਏਕਤਾ ਵਿਚ ਬੱਝਾ ਹੋਇਆ ਹੈ, ਮੇਰੇ ਰਾਹੀਂ ਆਪਣੇ ਕੰਮ ਕਰਦਾ ਹੈ।” (ਯੂਹੰਨਾ 14:10) ਯਿਸੂ ਆਪਣੀਆਂ ਇਨ੍ਹਾਂ ਗੱਲਾਂ ʼਤੇ ਪੂਰਾ ਉਤਰਿਆ ਕਿਉਂਕਿ ਉਸ ਨੇ ਵਾਰ-ਵਾਰ ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲੇ ਦਿੱਤੇ ਸਨ।

6 ਜਦੋਂ ਅਸੀਂ ਯਿਸੂ ਦੀਆਂ ਕਹੀਆਂ ਗੱਲਾਂ ਨੂੰ ਧਿਆਨ ਨਾਲ ਪੜ੍ਹਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਨੇ ਇਬਰਾਨੀ ਧਰਮ-ਗ੍ਰੰਥ ਦੀਆਂ ਅੱਧੀਆਂ ਤੋਂ ਜ਼ਿਆਦਾ ਕਿਤਾਬਾਂ ਦੇ ਹਵਾਲੇ ਦਿੱਤੇ ਜਾਂ ਉਨ੍ਹਾਂ ਵਿੱਚੋਂ ਕਿਸੇ ਗੱਲ ਦਾ ਜ਼ਿਕਰ ਕੀਤਾ। ਪਰ ਅਸੀਂ ਸ਼ਾਇਦ ਸੋਚੀਏ ਕਿ ਯਿਸੂ ਨੇ ਸਾਢੇ ਤਿੰਨ ਸਾਲਾਂ ਤਕ ਪ੍ਰਚਾਰ ਕੀਤਾ, ਤਾਂ ਫਿਰ ਉਸ ਨੇ ਧਰਮ-ਗ੍ਰੰਥ ਦੀਆਂ ਸਾਰੀਆਂ ਕਿਤਾਬਾਂ ਤੋਂ ਹਵਾਲੇ ਕਿਉਂ ਨਹੀਂ ਦਿੱਤੇ? ਹੋ ਸਕਦਾ ਹੈ ਕਿ ਉਸ ਨੇ ਸਾਰੀਆਂ ਕਿਤਾਬਾਂ ਦੇ ਹਵਾਲੇ ਦਿੱਤੇ ਹੋਣ। ਯਾਦ ਰੱਖੋ ਕਿ ਬਾਈਬਲ ਵਿਚ ਯਿਸੂ ਦੀਆਂ ਕੁਝ ਹੀ ਗੱਲਾਂ ਅਤੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ। (ਯੂਹੰਨਾ 21:25) ਦਰਅਸਲ ਤੁਸੀਂ ਬਾਈਬਲ ਵਿਚ ਦਰਜ ਯਿਸੂ ਦੀਆਂ ਗੱਲਾਂ ਨੂੰ ਕੁਝ ਹੀ ਘੰਟਿਆਂ ਵਿਚ ਪੜ੍ਹ ਸਕਦੇ ਹੋ। ਜ਼ਰਾ ਸੋਚੋ ਜੇ ਤੁਸੀਂ ਪਰਮੇਸ਼ੁਰ ਅਤੇ ਉਸ ਦੇ ਰਾਜ ਬਾਰੇ ਸਿਰਫ਼ ਦੋ-ਤਿੰਨ ਘੰਟਿਆਂ ਲਈ ਗੱਲਬਾਤ ਕਰਦਿਆਂ ਇਬਰਾਨੀ ਧਰਮ-ਗ੍ਰੰਥ ਦੀਆਂ ਅੱਧੀਆਂ ਤੋਂ ਜ਼ਿਆਦਾ ਕਿਤਾਬਾਂ ਦੇ ਹਵਾਲੇ ਦੇ ਸਕੋ, ਤਾਂ ਕੀ ਇਹ ਕਮਾਲ ਦੀ ਗੱਲ ਨਹੀਂ ਹੋਵੇਗੀ? ਯਾਦ ਰੱਖੋ ਕਿ ਯਿਸੂ ਕੋਲ ਹਰ ਵੇਲੇ ਇਬਰਾਨੀ ਧਰਮ-ਗ੍ਰੰਥ ਦੀਆਂ ਕਿਤਾਬਾਂ ਨਹੀਂ ਹੁੰਦੀਆਂ ਸਨ। ਮਿਸਾਲ ਲਈ, ਪਹਾੜ ʼਤੇ ਆਪਣਾ ਮਸ਼ਹੂਰ ਉਪਦੇਸ਼ ਦਿੰਦੇ ਸਮੇਂ ਉਸ ਨੇ ਇਬਰਾਨੀ ਧਰਮ-ਗ੍ਰੰਥ ਤੋਂ ਮੂੰਹ-ਜ਼ਬਾਨੀ ਬਹੁਤ ਸਾਰੇ ਹਵਾਲੇ ਦਿੱਤੇ!

(ਯੂਹੰਨਾ 7:28, 29) ਫਿਰ ਯਿਸੂ ਨੇ ਮੰਦਰ ਵਿਚ ਸਿੱਖਿਆ ਦਿੰਦੇ ਹੋਏ ਉੱਚੀ ਆਵਾਜ਼ ਵਿਚ ਕਿਹਾ: “ਤੁਸੀਂ ਜਾਣਦੇ ਹੋ ਕਿ ਮੈਂ ਕੌਣ ਹਾਂ ਅਤੇ ਕਿੱਥੋਂ ਆਇਆ ਹਾਂ। ਨਾਲੇ ਮੈਂ ਆਪਣੀ ਮਰਜ਼ੀ ਨਾਲ ਨਹੀਂ ਆਇਆ, ਪਰ ਜਿਸ ਨੇ ਮੈਨੂੰ ਘੱਲਿਆ ਹੈ, ਉਹ ਸੱਚ-ਮੁੱਚ ਹੋਂਦ ਵਿਚ ਹੈ ਅਤੇ ਤੁਸੀਂ ਉਸ ਨੂੰ ਨਹੀਂ ਜਾਣਦੇ। 29 ਮੈਂ ਉਸ ਨੂੰ ਜਾਣਦਾ ਹਾਂ ਕਿਉਂਕਿ ਮੈਂ ਉਸ ਦਾ ਬੁਲਾਰਾ ਹਾਂ ਅਤੇ ਉਸੇ ਨੇ ਮੈਨੂੰ ਘੱਲਿਆ ਹੈ।”

(ਯੂਹੰਨਾ 8:29) ਅਤੇ ਜਿਸ ਨੇ ਮੈਨੂੰ ਘੱਲਿਆ ਹੈ ਉਹ ਮੇਰੇ ਨਾਲ ਹੈ; ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂਕਿ ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜਿਸ ਤੋਂ ਉਹ ਖ਼ੁਸ਼ ਹੁੰਦਾ ਹੈ।”

w11 3/15 11 ਪੈਰਾ 19

ਜਗਤ ਦਾ ਆਤਮਾ ਨਹੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਓ

19 ਪੂਰੀ ਤਰ੍ਹਾਂ ਯਹੋਵਾਹ ਦੇ ਆਗਿਆਕਾਰ ਰਹੋ। ਯਿਸੂ ਨੇ ਹਮੇਸ਼ਾ ਉਹੀ ਕੰਮ ਕੀਤੇ ਜਿਨ੍ਹਾਂ ਤੋਂ ਉਸ ਦਾ ਪਿਤਾ ਖ਼ੁਸ਼ ਹੁੰਦਾ ਸੀ। ਘੱਟੋ-ਘੱਟ ਇਕ ਮੌਕੇ ਤੇ ਹਾਲਾਤ ਨਾਲ ਸਿੱਝਣ ਦਾ ਯਿਸੂ ਦਾ ਝੁਕਾਅ ਆਪਣੇ ਪਿਤਾ ਦੀ ਇੱਛਾ ਤੋਂ ਵੱਖਰਾ ਸੀ। ਫਿਰ ਵੀ ਉਸ ਨੇ ਵਿਸ਼ਵਾਸ ਨਾਲ ਆਪਣੇ ਪਿਤਾ ਨੂੰ ਕਿਹਾ: “ਤਾਂ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।” (ਲੂਕਾ 22:42) ਆਪਣੇ ਤੋਂ ਪੁੱਛੋ, ‘ਕੀ ਮੈਂ ਉਦੋਂ ਵੀ ਪਰਮੇਸ਼ੁਰ ਦਾ ਕਹਿਣਾ ਮੰਨਦਾ ਹਾਂ ਜਦੋਂ ਮੈਨੂੰ ਸੌਖਾ ਨਹੀਂ ਲੱਗਦਾ?’ ਜੀਉਣ ਲਈ ਪਰਮੇਸ਼ੁਰ ਦਾ ਕਹਿਣਾ ਮੰਨਣਾ ਜ਼ਰੂਰੀ ਹੈ। ਪੂਰੀ ਤਰ੍ਹਾਂ ਉਸ ਦੀ ਆਗਿਆ ਮੰਨਣੀ ਸਾਡਾ ਫ਼ਰਜ਼ ਹੈ ਕਿਉਂਕਿ ਉਹੀ ਸਾਡਾ ਸਿਰਜਣਹਾਰ, ਜੀਵਨਦਾਤਾ ਅਤੇ ਪਾਲਣਹਾਰ ਹੈ। (ਜ਼ਬੂ. 95:6, 7) ਅਸੀਂ ਆਗਿਆ ਮੰਨੇ ਬਗੈਰ ਪਰਮੇਸ਼ੁਰ ਦੀ ਮਿਹਰ ਪਾ ਹੀ ਨਹੀਂ ਸਕਦੇ।

ਹੀਰੇ-ਮੋਤੀਆਂ ਦੀ ਖੋਜ ਕਰੋ

(ਯੂਹੰਨਾ 7:8-10) ਤੁਸੀਂ ਤਿਉਹਾਰ ਮਨਾਉਣ ਚਲੇ ਜਾਓ; ਪਰ ਮੈਂ ਇਹ ਤਿਉਹਾਰ ਮਨਾਉਣ ਲਈ ਹਾਲੇ ਨਹੀਂ ਜਾਣਾ ਕਿਉਂਕਿ ਮੇਰਾ ਮਿਥਿਆ ਸਮਾਂ ਅਜੇ ਨਹੀਂ ਆਇਆ।” 9 ਉਨ੍ਹਾਂ ਨੂੰ ਇਹ ਗੱਲਾਂ ਕਹਿਣ ਤੋਂ ਬਾਅਦ ਉਹ ਗਲੀਲ ਵਿਚ ਹੀ ਰਿਹਾ। 10 ਪਰ ਜਦੋਂ ਉਹ ਦੇ ਭਰਾ ਤਿਉਹਾਰ ਮਨਾਉਣ ਲਈ ਚਲੇ ਗਏ, ਤਾਂ ਉਹ ਵੀ ਬਾਅਦ ਵਿਚ ਚਲਾ ਗਿਆ। ਉਹ ਖੁੱਲ੍ਹੇ-ਆਮ ਨਹੀਂ ਗਿਆ, ਸਗੋਂ ਲੁਕ-ਛਿਪ ਕੇ ਗਿਆ।

w07 2/1 6 ਪੈਰਾ 4

ਸਾਨੂੰ ਸੱਚ ਕਿਉਂ ਬੋਲਣਾ ਚਾਹੀਦਾ ਹੈ?

ਇਸ ਮਾਮਲੇ ਵਿਚ ਯਿਸੂ ਨੇ ਕਿਹੋ ਜਿਹੀ ਮਿਸਾਲ ਕਾਇਮ ਕੀਤੀ ਸੀ? ਇਕ ਵਾਰ, ਯਿਸੂ ਕੁਝ ਲੋਕਾਂ ਨਾਲ ਗੱਲ ਕਰ ਰਿਹਾ ਸੀ ਜੋ ਉਸ ਦੇ ਯਰੂਸ਼ਲਮ ਜਾਣ ਦੇ ਪ੍ਰੋਗ੍ਰਾਮ ਬਾਰੇ ਪੁੱਛ-ਗਿੱਛ ਕਰ ਰਹੇ ਸਨ। ਉਨ੍ਹਾਂ ਨੇ ਯਿਸੂ ਨੂੰ ਕਿਹਾ: “ਐਥੋਂ ਤੁਰ ਕੇ ਯਹੂਦਿਯਾ ਵਿੱਚ ਜਾਹ।” ਯਿਸੂ ਨੇ ਕੀ ਜਵਾਬ ਦਿੱਤਾ? ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ [ਯਰੂਸ਼ਲਮ ਵਿਚ] ਇਸ ਤਿਉਹਾਰ ਉੱਤੇ ਜਾਓ। ਮੈਂ ਅਜੇ ਇਸ ਤਿਉਹਾਰ ਉੱਤੇ ਨਹੀਂ ਜਾਂਦਾ ਕਿਉਂਕਿ ਮੇਰਾ ਵੇਲਾ ਅਜੇ ਪੂਰਾ ਨਹੀਂ ਹੋਇਆ।” ਪਰ, ਕੁਝ ਹੀ ਸਮੇਂ ਬਾਅਦ ਉਹ ਤਿਉਹਾਰ ਮਨਾਉਣ ਲਈ ਯਰੂਸ਼ਲਮ ਨੂੰ ਚੱਲਿਆ ਗਿਆ। ਜੇ ਯਿਸੂ ਤਿਉਹਾਰ ਮਨਾਉਣ ਲਈ ਜਾ ਹੀ ਰਿਹਾ ਸੀ, ਤਾਂ ਉਸ ਨੇ ਉਨ੍ਹਾਂ ਨੂੰ ਸਿੱਧਾ ਜਵਾਬ ਕਿਉਂ ਨਹੀਂ ਦਿੱਤਾ? ਕਿਉਂਕਿ ਉਨ੍ਹਾਂ ਨੂੰ ਪੂਰੀ ਗੱਲ ਜਾਣਨ ਦਾ ਕੋਈ ਹੱਕ ਨਹੀਂ ਸੀ। ਨਾਲੇ ਯਿਸੂ ਜਾਣਦਾ ਸੀ ਕਿ ਪੂਰੀ ਗੱਲ ਦੱਸਣ ਨਾਲ ਉਸ ਨੂੰ ਜਾਂ ਉਸ ਦੇ ਚੇਲਿਆਂ ਨੂੰ ਲੋਕਾਂ ਤੋਂ ਖ਼ਤਰਾ ਪੈਦਾ ਹੋ ਸਕਦਾ ਸੀ। ਅਸੀਂ ਜਾਣਦੇ ਹਾਂ ਕਿ ਯਿਸੂ ਨੇ ਝੂਠ ਨਹੀਂ ਬੋਲਿਆ ਕਿਉਂਕਿ ਪਤਰਸ ਰਸੂਲ ਨੇ ਉਸ ਬਾਰੇ ਕਿਹਾ: “ਉਹ ਨੇ ਕੋਈ ਪਾਪ ਨਹੀਂ ਕੀਤਾ, ਨਾ ਉਹ ਦੇ ਮੂੰਹ ਵਿੱਚੋਂ ਵਲ ਛਲ ਦੀ ਗੱਲ ਨਿੱਕਲੀ।”—ਯੂਹੰਨਾ 7:1-13; 1 ਪਤਰਸ 2:22.

(ਯੂਹੰਨਾ 8:58) ਯਿਸੂ ਨੇ ਉਨ੍ਹਾਂ ਨੂੰ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਅਬਰਾਹਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹੋਂਦ ਵਿਚ ਸਾਂ।”

nwtsty ਵਿੱਚੋਂ ਯੂਹੰ 8:58 ਲਈ ਖ਼ਾਸ ਜਾਣਕਾਰੀ

ਮੈਂ ਹੋਂਦ ਵਿਚ ਸਾਂ: ਵਿਰੋਧ ਕਰ ਰਹੇ ਯਹੂਦੀ ਯਿਸੂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦੇਣਾ ਚਾਹੁੰਦੇ ਸਨ ਕਿਉਂਕਿ ਉਸ ਨੇ ਕਿਹਾ ਕਿ ਉਸ ਨੇ ‘ਅਬਰਾਹਾਮ ਨੂੰ ਦੇਖਿਆ’ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਯਿਸੂ ਤਾਂ “ਹਾਲੇ ਪੰਜਾਹਾਂ ਸਾਲਾਂ ਦਾ ਵੀ ਨਹੀਂ।” (ਯੂਹੰ 8:57) ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਅਬਰਾਹਾਮ ਦੇ ਜਨਮ ਤੋਂ ਪਹਿਲਾਂ ਉਹ ਸਵਰਗ ਵਿਚ ਦੂਤ ਵਜੋਂ ਮੌਜੂਦ ਸੀ। ਕਈ ਬਾਈਬਲਾਂ ਵਿਚ ਯੂਨਾਨੀ ਸ਼ਬਦ ਈਗੋਈਮੀ [ਪੰਜਾਬੀ ਨਵੀਂ ਦੁਨੀਆਂ ਅਨੁਵਾਦ ਵਿਚ “ਮੈਂ ਹੋਂਦ ਵਿਚ ਸਾਂ”] ਦਾ ਅਨੁਵਾਦ “ਮੈਂ ਹਾਂ” ਕੀਤਾ ਗਿਆ ਹੈ, ਜਿਸ ਕਰਕੇ ਉਹ ਦਾਅਵਾ ਕਰਦੇ ਹਨ ਕਿ ਯਿਸੂ ਆਪਣੇ ਆਪ ਨੂੰ ਪਰਮੇਸ਼ੁਰ ਕਹਿ ਰਿਹਾ ਸੀ। ਨਾਲੇ ਉਹ ਕਹਿੰਦੇ ਹਨ ਕਿ ਇਹੀ ਸ਼ਬਦ ਕੂਚ 3:14 ਦੇ ਸੈਪਟੁਜਿੰਟ ਅਨੁਵਾਦ ਵਿਚ ਵਰਤਿਆ ਗਿਆ ਹੈ ਜਿਨ੍ਹਾਂ ਦਾ ਅਨੁਵਾਦ ਇੱਕੋ ਜਿਹਾ ਕੀਤਾ ਜਾਣਾ ਚਾਹੀਦਾ ਹੈ। (ਯੂਹੰ 4:26 ਵਿਚ ਦਿੱਤੀ ਖ਼ਾਸ ਜਾਣਕਾਰੀ ਦੇਖੋ।) ਪਰ ਯੂਹੰ 8:54, 55 ਵਿਚ ਦਰਜ ਯਿਸੂ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਉਹ ਇਹ ਨਹੀਂ ਕਹਿ ਰਿਹਾ ਸੀ ਕਿ ਉਹ ਅਤੇ ਉਸ ਦਾ ਪਿਤਾ ਇੱਕੋ ਸ਼ਖ਼ਸ ਹਨ।

ਬਾਈਬਲ ਪੜ੍ਹਾਈ

(ਯੂਹੰਨਾ 8:31-47) ਤਦ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਸੀ, ਕਿਹਾ: “ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ 32 ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।” 33 ਹੋਰਨਾਂ ਨੇ ਉਸ ਨੂੰ ਜਵਾਬ ਦਿੱਤਾ: “ਅਸੀਂ ਤਾਂ ਅਬਰਾਹਾਮ ਦੀ ਸੰਤਾਨ ਹਾਂ ਅਤੇ ਅੱਜ ਤਕ ਕਿਸੇ ਦੇ ਗ਼ੁਲਾਮ ਨਹੀਂ ਹੋਏ। ਤਾਂ ਫਿਰ, ਤੂੰ ਕਿੱਦਾਂ ਕਹਿੰਦਾ ਹੈਂ ਕਿ ‘ਤੁਸੀਂ ਆਜ਼ਾਦ ਹੋ ਜਾਓਗੇ’?” 34 ਯਿਸੂ ਨੇ ਕਿਹਾ: “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਹਰ ਕੋਈ ਜੋ ਪਾਪ ਕਰਦਾ ਹੈ ਉਹ ਪਾਪ ਦਾ ਗ਼ੁਲਾਮ ਹੈ। 35 ਅਤੇ ਗ਼ੁਲਾਮ ਹਮੇਸ਼ਾ ਮਾਲਕ ਦੇ ਘਰ ਨਹੀਂ ਰਹਿੰਦਾ; ਪਰ ਪੁੱਤਰ ਹਮੇਸ਼ਾ ਰਹਿੰਦਾ ਹੈ। 36 ਇਸ ਲਈ, ਜੇ ਪੁੱਤਰ ਤੁਹਾਨੂੰ ਆਜ਼ਾਦ ਕਰਦਾ ਹੈ, ਤਾਂ ਤੁਸੀਂ ਸੱਚ-ਮੁੱਚ ਆਜ਼ਾਦ ਹੋਵੋਗੇ। 37 ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਸੰਤਾਨ ਹੋ; ਪਰ ਤੁਸੀਂ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਕਬੂਲ ਨਹੀਂ ਕਰਦੇ। 38 ਮੈਂ ਉਹੀ ਗੱਲਾਂ ਦੱਸਦਾ ਹਾਂ ਜੋ ਮੈਂ ਆਪਣੇ ਪਿਤਾ ਨਾਲ ਹੁੰਦੇ ਹੋਏ ਦੇਖੀਆਂ ਸਨ; ਪਰ ਤੁਸੀਂ ਉਹੀ ਕਰਦੇ ਹੋ ਜੋ ਤੁਹਾਡੇ ਪਿਉ ਨੇ ਤੁਹਾਨੂੰ ਦੱਸਿਆ ਹੈ।” 39 ਜਵਾਬ ਵਿਚ ਉਨ੍ਹਾਂ ਨੇ ਕਿਹਾ: “ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਅਬਰਾਹਾਮ ਦੇ ਬੱਚੇ ਹੋ, ਤਾਂ ਅਬਰਾਹਾਮ ਵਰਗੇ ਕੰਮ ਕਰੋ। 40 ਪਰ ਤੁਸੀਂ ਤਾਂ ਮੈਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਜਦ ਕਿ ਮੈਂ ਤੁਹਾਨੂੰ ਸੱਚਾਈ ਬਾਰੇ ਦੱਸਿਆ ਹੈ ਜੋ ਮੈਂ ਪਰਮੇਸ਼ੁਰ ਤੋਂ ਸੁਣੀ ਹੈ। ਅਬਰਾਹਾਮ ਨੇ ਤਾਂ ਇਸ ਤਰ੍ਹਾਂ ਨਹੀਂ ਕੀਤਾ। 41 ਤੁਸੀਂ ਆਪਣੇ ਪਿਉ ਦੇ ਕੰਮ ਕਰਦੇ ਹੋ।” ਉਨ੍ਹਾਂ ਨੇ ਉਸ ਨੂੰ ਕਿਹਾ: “ਅਸੀਂ ਨਾਜਾਇਜ਼ ਔਲਾਦ ਨਹੀਂ ਹਾਂ; ਪਰਮੇਸ਼ੁਰ ਸਾਡਾ ਪਿਤਾ ਹੈ।” 42 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਜੇ ਪਰਮੇਸ਼ੁਰ ਤੁਹਾਡਾ ਪਿਤਾ ਹੁੰਦਾ, ਤਾਂ ਤੁਸੀਂ ਮੇਰੇ ਨਾਲ ਪਿਆਰ ਕਰਦੇ, ਕਿਉਂਕਿ ਪਰਮੇਸ਼ੁਰ ਨੇ ਮੈਨੂੰ ਇੱਥੇ ਘੱਲਿਆ ਹੈ। ਮੈਂ ਆਪ ਆਪਣੀ ਮਰਜ਼ੀ ਨਾਲ ਨਹੀਂ ਆਇਆ ਪਰ ਉਸ ਨੇ ਮੈਨੂੰ ਘੱਲਿਆ ਹੈ। 43 ਤੁਹਾਨੂੰ ਮੇਰੀਆਂ ਗੱਲਾਂ ਕਿਉਂ ਨਹੀਂ ਸਮਝ ਆਉਂਦੀਆਂ? ਕਿਉਂਕਿ ਤੁਸੀਂ ਮੇਰੀਆਂ ਗੱਲਾਂ ʼਤੇ ਯਕੀਨ ਨਹੀਂ ਕਰਨਾ ਚਾਹੁੰਦੇ। 44 ਤੁਹਾਡਾ ਪਿਉ ਸ਼ੈਤਾਨ ਹੈ ਅਤੇ ਤੁਸੀਂ ਆਪਣੇ ਪਿਉ ਦੀਆਂ ਇੱਛਾਵਾਂ ਪੂਰੀਆਂ ਕਰਨੀਆਂ ਚਾਹੁੰਦੇ ਹੋ। ਸ਼ੁਰੂ ਵਿਚ ਬਗਾਵਤ ਕਰ ਕੇ ਉਹ ਕਾਤਲ ਬਣਿਆ ਅਤੇ ਸੱਚਾਈ ਦੇ ਰਾਹ ਤੋਂ ਭਟਕ ਗਿਆ ਕਿਉਂਕਿ ਉਸ ਵਿਚ ਸੱਚਾਈ ਨਹੀਂ ਹੈ। ਉਹ ਆਪਣੇ ਸੁਭਾਅ ਦੇ ਅਨੁਸਾਰ ਹੀ ਝੂਠ ਬੋਲਦਾ ਹੈ ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਉ ਹੈ। 45 ਪਰ ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਫਿਰ ਵੀ ਤੁਸੀਂ ਮੇਰੇ ʼਤੇ ਵਿਸ਼ਵਾਸ ਨਹੀਂ ਕਰਦੇ। 46 ਤੁਹਾਡੇ ਵਿੱਚੋਂ ਕੌਣ ਮੈਨੂੰ ਪਾਪੀ ਠਹਿਰਾਉਂਦਾ ਹੈ? ਜੇ ਮੈਂ ਸੱਚ ਬੋਲਦਾ ਹਾਂ, ਤਾਂ ਫਿਰ ਤੁਸੀਂ ਮੇਰੀਆਂ ਗੱਲਾਂ ਕਿਉਂ ਨਹੀਂ ਮੰਨਦੇ? 47 ਜਿਹੜਾ ਪਰਮੇਸ਼ੁਰ ਤੋਂ ਹੈ ਉਹ ਪਰਮੇਸ਼ੁਰ ਦੀਆਂ ਗੱਲਾਂ ਸੁਣਦਾ ਹੈ। ਪਰ ਤੁਸੀਂ ਉਸ ਦੀਆਂ ਗੱਲਾਂ ਨਹੀਂ ਸੁਣਦੇ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਹੋ।”

10-16 ਸਤੰਬਰ​—ਪ੍ਰਚਾਰ ਵਿਚ ਮਾਹਰ ਬਣੋ

wp16.2 ਪੈਰੇ 1-4

ਕੀ ਮਸੀਹੀਆਂ ਨੂੰ ਕਿਸੇ ਧਾਰਮਿਕ ਜਗ੍ਹਾ ʼਤੇ ਭਗਤੀ ਕਰਨੀ ਚਾਹੀਦੀ ਹੈ?

ਯਿਸੂ ਨੇ ਕਿਹਾ: “ਉਹ ਸਮਾਂ ਆ ਰਿਹਾ ਹੈ, ਸਗੋਂ ਹੁਣ ਹੈ ਜਦੋਂ ਸੱਚੇ ਭਗਤ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਪਰਮੇਸ਼ੁਰ ਦੀ ਭਗਤੀ ਕਰਨਗੇ। ਅਸਲ ਵਿਚ, ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਚਾਹੁੰਦਾ ਹੈ ਜਿਹੜੇ ਉਸ ਦੀ ਭਗਤੀ ਇਸ ਤਰ੍ਹਾਂ ਕਰਨਗੇ।” (ਯੂਹੰਨਾ 4:23) ਸਦੀਆਂ ਤੋਂ ਯਹੂਦੀ ਯਰੂਸ਼ਲਮ ਵਿਚ ਬਣੇ ਸ਼ਾਨਦਾਰ ਮੰਦਰ ਨੂੰ ਭਗਤੀ ਦਾ ਕੇਂਦਰ ਮੰਨਦੇ ਆਏ ਸਨ। ਉਹ ਸਾਲ ਵਿਚ ਤਿੰਨ ਵਾਰ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਉੱਥੇ ਬਲ਼ੀਆਂ ਚੜ੍ਹਾਉਣ ਜਾਂਦੇ ਸਨ। (ਕੂਚ 23:14-17) ਪਰ ਯਿਸੂ ਨੇ ਕਿਹਾ ਕਿ ਇਹ ਸਭ ਕੁਝ ਬਦਲ ਜਾਵੇਗਾ ਅਤੇ “ਸੱਚੇ ਭਗਤ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਪਰਮੇਸ਼ੁਰ ਦੀ ਭਗਤੀ ਕਰਨਗੇ।”

ਯਹੂਦੀ ਮੰਦਰ ਇਕ ਖ਼ਾਸ ਜਗ੍ਹਾ ʼਤੇ ਇੱਟਾਂ-ਪੱਥਰਾਂ ਨਾਲ ਬਣੀ ਹੋਈ ਇਮਾਰਤ ਸੀ। ਪਰ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਭਗਤੀ ਕਰਨੀ ਕਿਸੇ ਖ਼ਾਸ ਜਗ੍ਹਾ ʼਤੇ ਅਤੇ ਇੱਟਾਂ-ਪੱਥਰਾਂ ਨਾਲ ਬਣੀ ਇਮਾਰਤ ਤਕ ਸੀਮਿਤ ਨਹੀਂ ਹੈ। ਇਸ ਲਈ ਯਿਸੂ ਦੇ ਕਹਿਣ ਦਾ ਮਤਲਬ ਸੀ ਕਿ ਸੱਚੇ ਮਸੀਹੀਆਂ ਵੱਲੋਂ ਕੀਤੀ ਜਾਣ ਵਾਲੀ ਭਗਤੀ ਇੱਟਾਂ-ਪੱਥਰਾਂ ਨਾਲ ਬਣੀ ਕਿਸੇ ਖ਼ਾਸ ਜਗ੍ਹਾ ਤਕ ਸੀਮਿਤ ਨਹੀਂ ਹੋਣੀ ਸੀ ਜਿੱਦਾਂ ਪਹਿਲਾਂ ਲੋਕ ਯਰੂਸ਼ਲਮ ਵਿਚ ਗਰਿੱਜ਼ੀਮ ਪਹਾੜ ʼਤੇ ਬਣੇ ਮੰਦਰ ਜਾਂ ਕਿਸੇ ਹੋਰ ਪਵਿੱਤਰ ਜਗ੍ਹਾ ʼਤੇ ਕਰਦੇ ਸਨ।

ਸਾਮਰੀ ਔਰਤ ਨਾਲ ਗੱਲਬਾਤ ਕਰਦਿਆਂ ਯਿਸੂ ਨੇ ਪਰਮੇਸ਼ੁਰ ਦੀ ਭਗਤੀ ਕਰਨ ਦੇ ਤਰੀਕੇ ਵਿਚ ਹੋਣ ਵਾਲੀ ਤਬਦੀਲੀ ਦੇ ‘ਸਮੇਂ’ ਦਾ ਵੀ ਜ਼ਿਕਰ ਕੀਤਾ। ਇਹ ਸਮਾਂ ਕਦੋਂ ਆਇਆ ਸੀ? ਇਹ ਸਮਾਂ ਉਦੋਂ ਆਇਆ ਜਦੋਂ ਯਿਸੂ ਨੇ ਆਪਣੀ ਕੁਰਬਾਨੀ ਦਿੱਤੀ ਸੀ। ਇਸ ਕੁਰਬਾਨੀ ਨਾਲ ਮੂਸਾ ਦਾ ਕਾਨੂੰਨ ਖ਼ਤਮ ਹੋ ਗਿਆ ਜਿਸ ਦੇ ਆਧਾਰ ʼਤੇ ਯਹੂਦੀ ਭਗਤੀ ਕਰਦੇ ਸਨ। (ਰੋਮੀਆਂ 10:4) ਪਰ ਯਿਸੂ ਨੇ ਇਹ ਵੀ ਕਿਹਾ ਸੀ: “ਉਹ ਸਮਾਂ ... ਹੁਣ ਹੈ।” ਕਿਉਂ? ਕਿਉਂਕਿ ਮਸੀਹ ਵਜੋਂ, ਉਹ ਪਹਿਲਾਂ ਹੀ ਚੇਲਿਆਂ ਨੂੰ ਇਕੱਠੇ ਕਰ ਰਿਹਾ ਸੀ ਜਿਨ੍ਹਾਂ ਨੇ ਉਸ ਦਾ ਇਹ ਹੁਕਮ ਮੰਨਣਾ ਸੀ: “ਪਰਮੇਸ਼ੁਰ ਅਦਿੱਖ ਹੈ; ਅਤੇ ਉਸ ਦੀ ਭਗਤੀ ਕਰਨ ਵਾਲੇ ਲੋਕਾਂ ਲਈ ਜ਼ਰੂਰੀ ਹੈ ਕਿ ਉਹ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਭਗਤੀ ਕਰਨ।” (ਯੂਹੰਨਾ 4:24) ਪਰ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਅਤੇ ਸੱਚਾਈ ਨਾਲ ਭਗਤੀ ਕਰਨ ਦਾ ਕੀ ਮਤਲਬ ਹੈ?

ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲ ਕੇ ਭਗਤੀ ਕਰਨ ਦਾ ਮਤਲਬ ਹੈ ਕਿ ਪਵਿੱਤਰ ਸ਼ਕਤੀ ਦੀ ਮਦਦ ਨਾਲ ਬਾਈਬਲ ਦੀ ਸਮਝ ਹਾਸਲ ਕਰਨ ਦੇ ਨਾਲ-ਨਾਲ ਹੋਰ ਗੱਲਾਂ ਵਿਚ ਵੀ ਸੇਧ ਲੈਣੀ। (1 ਕੁਰਿੰਥੀਆਂ 2:9-12) ਯਿਸੂ ਨੇ ਸੱਚਾਈ ਦਾ ਜ਼ਿਕਰ ਕੀਤਾ ਜਿਸ ਦਾ ਮਤਲਬ ਹੈ ਕਿ ਬਾਈਬਲ ਦੀਆਂ ਸਿੱਖਿਆਵਾਂ ਦਾ ਸਹੀ ਗਿਆਨ ਹੋਣਾ। ਇਸ ਲਈ ਕਿਸੇ ਜਗ੍ਹਾ ʼਤੇ ਭਗਤੀ ਕਰਨ ਦੀ ਬਜਾਇ ਜੇ ਅਸੀਂ ਬਾਈਬਲ ਦੀਆਂ ਸਿੱਖਿਆਵਾਂ ਮੁਤਾਬਕ ਅਤੇ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਮੁਤਾਬਕ ਭਗਤੀ ਕਰਾਂਗੇ, ਤਾਂ ਪਰਮੇਸ਼ੁਰ ਸਾਡੀ ਭਗਤੀ ਨੂੰ ਕਬੂਲ ਕਰੇਗਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ