ਪੂਰਾ ਸਮਾਂ ਸੇਵਾ ਕਰਨ ਨਾਲ ਮਿਲਦੀਆਂ ਖ਼ੁਸ਼ੀਆਂ
1 ਨੌਜਵਾਨ ਹੋਣ ਦੇ ਨਾਤੇ ਤੁਸੀਂ ਭਵਿੱਖ ਬਾਰੇ ਜ਼ਰੂਰ ਕੁਝ ਸੋਚਿਆ ਹੋਣਾ। ਕਹਾਉਤਾਂ 21:5 (CL) ਵਿਚ ਸਾਨੂੰ ਦੱਸਿਆ ਗਿਆ ਹੈ: “ਮਿਹਨਤੀ ਮਨੁੱਖ ਦੀਆਂ ਯੋਜਨਾਵਾਂ ਸਫਲ ਹੁੰਦੀਆਂ ਹਨ।” ਇਸ ਵਿਚ ਤੁਹਾਡਾ ਹੀ ਫ਼ਾਇਦਾ ਹੈ ਜੇ ਤੁਸੀਂ ਸੋਚ-ਸਮਝ ਕੇ ਜ਼ਿੰਦਗੀ ਦੇ ਟੀਚੇ ਮਿਥੋ। ਭਵਿੱਖ ਬਾਰੇ ਯੋਜਨਾਵਾਂ ਬਣਾਉਂਦੇ ਸਮੇਂ ਪੂਰਾ ਸਮਾਂ ਸੇਵਾ ਕਰਨ ਬਾਰੇ ਵੀ ਸੋਚੋ। ਕਿਉਂ?
2 ਕੁਝ ਵੱਡੀ ਉਮਰ ਦੇ ਭੈਣਾਂ-ਭਰਾਵਾਂ ਦੇ ਖ਼ਿਆਲ ਪੁੱਛੋ ਜਿਨ੍ਹਾਂ ਨੇ ਜਵਾਨੀ ਵਿਚ ਪਾਇਨੀਅਰਿੰਗ ਕੀਤੀ ਤੇ ਉਹ ਇੱਕੋ ਹੀ ਜਵਾਬ ਦੇਣਗੇ: “ਉਹ ਸਾਲ ਮੇਰੀ ਜ਼ਿੰਦਗੀ ਦੇ ਬਿਹਤਰੀਨ ਸਾਲ ਸਨ!” ਜਵਾਨੀ ਤੋਂ ਹੀ ਪੂਰਾ ਸਮਾਂ ਸੇਵਾ ਕਰਨ ਦਾ ਆਨੰਦ ਮਾਣਨ ਵਾਲੇ ਇਕ ਭਰਾ ਨੇ ਆਪਣੀ ਜ਼ਿੰਦਗੀ ਦੇ ਬਾਅਦ ਦੇ ਸਾਲਾਂ ਵਿਚ ਕਿਹਾ: “ਜਦ ਮੈਂ ਜਵਾਨੀ ਦੇ ਸਮੇਂ ʼਤੇ ਝਾਤ ਮਾਰਦਾ ਆ, ਤਾਂ ਦਿਲ ਖ਼ੁਸ਼ ਹੋ ਜਾਂਦਾ ਆ ਕਿ ਮੈਂ ਇਸ ਚੰਗੀ ਸਲਾਹ ਨੂੰ ਲਾਗੂ ਕੀਤਾ: ‘ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।’” (ਉਪ. 12:1) ਜਵਾਨੀ ਵਿਚ ਇਸ ਤਰ੍ਹਾਂ ਦੀ ਖ਼ੁਸ਼ੀ ਪਾਉਣ ਲਈ ਤੁਹਾਨੂੰ ਅਤੇ ਤੁਹਾਡੇ ਮਾਪਿਆਂ ਨੂੰ ਹੁਣ ਤੋਂ ਹੀ ਚੰਗੀ ਯੋਜਨਾ ਬਣਾਉਣ ਦੀ ਲੋੜ ਹੈ।
3 ਮਾਪਿਓ, ਪੂਰੇ ਸਮੇਂ ਦੀ ਸੇਵਾ ਦਾ ਉਤਸ਼ਾਹ ਦਿਓ: ਪਿਆਰੇ ਪਿਤਾ ਵਾਂਗ ਯਹੋਵਾਹ ਤੁਹਾਨੂੰ ਸਹੀ ਰਾਹ ਦਿਖਾਉਂਦਾ ਹੈ। (ਯਸਾ. 30:21) ਪਿਆਰ ਨਾਲ ਇਸ ਤਰ੍ਹਾਂ ਦੀ ਸੇਧ ਦੇ ਕੇ ਉਹ ਤੁਹਾਡੇ ਲਈ ਯਾਨੀ ਮਸੀਹੀ ਮਾਪਿਆਂ ਲਈ ਚੰਗੀ ਮਿਸਾਲ ਕਾਇਮ ਕਰਦਾ ਹੈ। ਆਪਣੇ ਬੱਚਿਆਂ ʼਤੇ ਇਹ ਛੱਡਣ ਦੀ ਬਜਾਇ ਕਿ ਉਹ ਆਪਣਾ ਰਾਹ ਆਪ ਚੁਣਨ, ਚੰਗਾ ਹੋਵੇਗਾ ਜੇ ਤੁਸੀਂ ਉਨ੍ਹਾਂ ਨੂੰ ਚੰਗੇ ਰਾਹ ʼਤੇ ਚੱਲਣਾ ਸਿਖਾਓ ਤਾਂਕਿ ਉਹ ਯਹੋਵਾਹ ਦੀ ਬਰਕਤ ਪਾ ਸਕਣ। ਫਿਰ ਜਦੋਂ ਉਹ ਵੱਡੇ ਹੋਣਗੇ, ਤਾਂ ਤੁਹਾਡੀ ਇਹ ਸਿਖਲਾਈ “ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ” ਵਿਚ ਉਨ੍ਹਾਂ ਦੀ ਮਦਦ ਕਰੇਗੀ। (ਇਬ. 5:14) ਵੱਡੇ ਆਪਣੇ ਤਜਰਬੇ ਤੋਂ ਜਾਣਦੇ ਹਨ ਕਿ ਉਹ ਆਪਣੀ ਸਮਝ ʼਤੇ ਭਰੋਸਾ ਨਹੀਂ ਕਰ ਸਕਦੇ। ਉਨ੍ਹਾਂ ਨੂੰ ਸਿੱਧੇ ਮਾਰਗ ʼਤੇ ਤੁਰਨ ਲਈ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਲੋੜ ਹੈ। (ਕਹਾ. 3:5, 6) ਨੌਜਵਾਨਾਂ ਨੂੰ ਤਾਂ ਇਸ ਤਰ੍ਹਾਂ ਕਰਨ ਦੀ ਹੋਰ ਵੀ ਜ਼ਿਆਦਾ ਲੋੜ ਹੈ ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਦਾ ਇੰਨਾ ਤਜਰਬਾ ਨਹੀਂ।
4 ਮਾਪਿਓ, ਜਦ ਤੁਹਾਡੇ ਬੱਚੇ ਜਵਾਨੀ ਵਿਚ ਪੈਰ ਰੱਖਦੇ ਹਨ ਜਾਂ ਉਸ ਤੋਂ ਵੀ ਪਹਿਲਾਂ ਉਨ੍ਹਾਂ ਨਾਲ ਗੱਲ ਕਰੋ ਕਿ ਉਹ ਕੀ ਬਣਨਾ ਚਾਹੁੰਦੇ ਹਨ। ਸਕੂਲ ਸਲਾਹਕਾਰ, ਅਧਿਆਪਕ ਅਤੇ ਨਾਲ ਦੇ ਪੜ੍ਹਨ ਵਾਲੇ ਉਨ੍ਹਾਂ ʼਤੇ ਉੱਚੀ ਸਿੱਖਿਆ ਹਾਸਲ ਕਰਨ ਜਾਂ ਧਨ-ਦੌਲਤ ਕਮਾਉਣ ਲਈ ਜ਼ੋਰ ਪਾਉਣਗੇ। ਆਪਣੇ ਬੱਚਿਆਂ ਦੀ ਸਕੂਲ ਵਿਚ ਅਜਿਹੇ ਕੋਰਸ ਚੁਣਨ ਵਿਚ ਮਦਦ ਕਰੋ ਜਿਨ੍ਹਾਂ ਜ਼ਰੀਏ ਉਹ ਕੋਈ ਹੁਨਰ ਸਿੱਖ ਸਕਦੇ ਹਨ। ਇਸ ਨਾਲ ਉਹ ਭਵਿੱਖ ਵਿਚ ਪਰਮੇਸ਼ੁਰੀ ਕੰਮਾਂ ਨੂੰ ਛੱਡੇ ਬਗੈਰ ਆਪਣੀਆਂ ਹਰ ਰੋਜ਼ ਦੀਆਂ ਲੋੜਾਂ ਪੂਰੀਆਂ ਕਰ ਸਕਣਗੇ। (1 ਤਿਮੋ. 6:6-11) ਅਕਸਰ ਹਾਈ ਸਕੂਲ ਦੀ ਪੜ੍ਹਾਈ ਦੇ ਨਾਲ-ਨਾਲ ਕੋਈ ਹੁਨਰ ਜਾਂ ਕਿੱਤਾ ਸਿੱਖਣਾ ਸ਼ਾਇਦ ਕਾਫ਼ੀ ਹੁੰਦਾ ਹੈ ਕਿਉਂਕਿ ਇਸ ਤਰ੍ਹਾਂ ਰੈਗੂਲਰ ਪਾਇਨੀਅਰਿੰਗ ਸ਼ੁਰੂ ਕਰਨ ਦੇ ਨਾਲ ਉਹ ਆਪਣੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਸਕਦੇ ਹਨ।
5 ਨੌਜਵਾਨਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਕੁਆਰੇਪਣ ਦੇ ਸਾਲਾਂ ਦੀ ਬਿਹਤਰੀਨ ਵਰਤੋਂ ਕਰਨ। ਫਿਰ ਜੇ ਉਹ ਬਾਅਦ ਵਿਚ ਵਿਆਹ ਕਰਨਾ ਚਾਹੁਣ, ਤਾਂ ਉਹ ਵਿਆਹ ਦੀਆਂ ਭਾਰੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਹੋਣਗੇ। (ਸਤੰਬਰ 2003 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ “ਕੀ ਤੁਸੀਂ ਆ ਸਕਦੇ ਹੋ?” ਦਾ ਪੈਰਾ 19 ਦੇਖੋ।) ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਨੂੰ ਉਨ੍ਹਾਂ ਖ਼ੁਸ਼ੀਆਂ ਅਤੇ ਬਰਕਤਾਂ ਬਾਰੇ ਦੱਸੋ ਜੋ ਪਾਇਨੀਅਰਿੰਗ ਕਰਨ, ਜਿੱਥੇ ਜ਼ਿਆਦਾ ਪ੍ਰਚਾਰਕਾਂ ਦੀ ਲੋੜ ਹੈ, ਉੱਥੇ ਜਾ ਕੇ ਸੇਵਾ ਕਰਨ ਅਤੇ ਬੈਥਲ ਸੇਵਾ ਕਰਨ ਨਾਲ ਮਿਲਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਵਿਚ ਅਜਿਹੇ ਤਰੀਕੇ ਨਾਲ ਜ਼ਿੰਦਗੀ ਜੀਣ ਦੀ ਇੱਛਾ ਪੈਦਾ ਹੋਵੇਗੀ ਜਿਸ ਤੋਂ ਯਹੋਵਾਹ ਖ਼ੁਸ਼ ਹੁੰਦਾ ਹੈ, ਦੂਜਿਆਂ ਨੂੰ ਫ਼ਾਇਦੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਵੀ ਖ਼ੁਸ਼ੀ ਮਿਲਦੀ ਹੈ।
6 ਨੌਜਵਾਨੋ, ਪੂਰੇ ਸਮੇਂ ਦੀ ਸੇਵਾ ਨੂੰ ਪਹਿਲ ਦਿਓ: ਨੌਜਵਾਨੋ, ਇਸ ਉਲਝਣ ਵਿਚ ਨਾ ਪਓ ਕਿ ਪਤਾ ਨਹੀਂ ਪਾਇਨੀਅਰਿੰਗ ਕਿਸ ਤਰ੍ਹਾਂ ਦੀ ਹੋਵੇਗੀ। ਆਪਣੇ ਸਕੂਲ ਦੀਆਂ ਛੁੱਟੀਆਂ ਜਾਂ ਪੂਰੇ ਸਾਲ ਦੌਰਾਨ ਜਦੋਂ ਵੀ ਮੁਮਕਿਨ ਹੋਵੇ, ਤੁਸੀਂ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਦੇ ਹੋ। ਫਿਰ ਤੁਸੀਂ ਖ਼ੁਦ ਜਾਣੋਗੇ ਕਿ ਪਾਇਨੀਅਰਿੰਗ ਕਰਨੀ ਕਿੰਨੀ ਮਜ਼ੇਦਾਰ ਹੈ!
7 ਜੇ ਤੁਸੀਂ ਸੰਗਠਨ ਵਿਚ ਨੌਜਵਾਨ ਭਰਾ ਹੋ, ਤਾਂ ਸਹਾਇਕ ਸੇਵਕ ਬਣਨ ਬਾਰੇ ਵੀ ਗੰਭੀਰਤਾ ਨਾਲ ਸੋਚੋ। (1 ਤਿਮੋ. 3:8-10, 12) ਇਸ ਦੇ ਨਾਲ-ਨਾਲ ਇਹ ਵੀ ਸੋਚੋ ਕਿ ਤੁਸੀਂ ਬੈਥਲ ਸੇਵਾ ਜਾਂ ਭਰਾਵਾਂ ਲਈ ਬਾਈਬਲ ਸਕੂਲ ਲਈ ਅਪਲਾਈ ਕਰ ਸਕਦੇ ਹੋ ਜਦੋਂ ਤੁਸੀਂ ਉਸ ਉਮਰ ਦੇ ਹੋ ਜਾਵੋਗੇ। ਪਾਇਨੀਅਰਿੰਗ ਕਰਨ ਨਾਲ ਤੁਸੀਂ ਸਿੱਖੋਗੇ ਕਿ ਸਾਰਾ ਕੁਝ ਸਮੇਂ ਸਿਰ ਕਿਵੇਂ ਕਰਨਾ ਹੈ, ਦੂਜਿਆਂ ਨਾਲ ਚੰਗਾ ਰਿਸ਼ਤਾ ਕਿਵੇਂ ਬਣਾਉਣਾ ਹੈ ਅਤੇ ਜ਼ਿੰਮੇਵਾਰ ਇਨਸਾਨ ਕਿਵੇਂ ਬਣਨਾ ਹੈ। ਇਹ ਸਾਰਾ ਕੁਝ ਤੁਹਾਨੂੰ ਬਾਅਦ ਵਿਚ ਯਹੋਵਾਹ ਦੀ ਸੇਵਾ ਵਿਚ ਵੱਡੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਤਿਆਰ ਕਰੇਗਾ।
8 ਪੂਰੇ ਸਮੇਂ ਦੀ ਸੇਵਾ ਵਿਚ ਸਫ਼ਲ ਹੋਣ ਲਈ ਜ਼ਰੂਰੀ ਹੈ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਵਿਚ ਮਿਹਨਤੀ ਬਣੋ। ਪੌਲੁਸ ਰਸੂਲ ਨੇ ਵੀ ਇਸ ਤਰ੍ਹਾਂ ਦੇ ਬਣਨ ਦੀ ਹੱਲਾਸ਼ੇਰੀ ਦਿੱਤੀ ਸੀ ਤੇ ਇਸ ਕਾਰਨ ਮਿਲਣ ਵਾਲੀਆਂ ਬਰਕਤਾਂ ਬਾਰੇ ਕਿਹਾ ਸੀ: “ਤੁਸੀਂ ਜੋ ਵੀ ਕਰਦੇ ਹੋ, ਜੀ-ਜਾਨ ਨਾਲ ਕਰੋ, ਜਿਵੇਂ ਕਿ ਤੁਸੀਂ ਯਹੋਵਾਹ ਲਈ ਕਰਦੇ ਹੋ, . . . ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਯਹੋਵਾਹ ਤੋਂ ਹੀ ਇਨਾਮ ਵਜੋਂ ਵਿਰਾਸਤ ਮਿਲੇਗੀ।” (ਕੁਲੁ. 3:23, 24) ਸਾਡੀ ਇਹੀ ਦੁਆ ਹੈ ਕਿ ਯਹੋਵਾਹ ਪੂਰੇ ਸਮੇਂ ਦੀ ਸੇਵਾ ਵਿਚ ਤੁਹਾਨੂੰ ਖ਼ੁਸ਼ੀਆਂ ਨਾਲ ਮਾਲਾ-ਮਾਲ ਕਰ ਦੇਵੇ!