ਅਧਿਐਨ ਲੇਖ 10
ਮੰਡਲੀ, ਬਾਈਬਲ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰ ਸਕਦੀ ਹੈ?
“ਜਦੋਂ ਹਰੇਕ ਅੰਗ . . . ਆਪਣਾ ਕੰਮ ਕਰਦਾ ਹੈ, ਤਾਂ ਸਾਰਾ ਸਰੀਰ ਵਧਦਾ ਹੈ।”—ਅਫ਼. 4:16.
ਗੀਤ 21 ਖ਼ੁਸ਼ ਹਨ ਦਇਆਵਾਨ!
ਖ਼ਾਸ ਗੱਲਾਂa
1-2. ਬਾਈਬਲ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਕੌਣ ਮਦਦ ਕਰ ਸਕਦੇ ਹਨ?
ਫਿਜੀ ਵਿਚ ਰਹਿਣ ਵਾਲੀ ਏਮੀ ਕਹਿੰਦੀ ਹੈ, “ਮੈਂ ਬਾਈਬਲ ਸਟੱਡੀ ਤੋਂ ਜੋ ਕੁਝ ਸਿੱਖ ਰਹੀ ਸੀ। ਉਹ ਮੈਨੂੰ ਬਹੁਤ ਵਧੀਆ ਲੱਗ ਰਿਹਾ ਸੀ। ਮੈਂ ਜਾਣਦੀ ਸੀ ਕਿ ਇਹ ਹੀ ਸੱਚਾਈ ਹੈ। ਪਰ ਜਦੋਂ ਮੈਂ ਭੈਣਾਂ-ਭਰਾਵਾਂ ਨੂੰ ਮਿਲੀ ਤੇ ਉਨ੍ਹਾਂ ਨਾਲ ਸੰਗਤੀ ਕਰਨ ਲੱਗੀ, ਤਾਂ ਮੈਂ ਆਪਣੀ ਜ਼ਿੰਦਗੀ ਵਿਚ ਬਦਲਾਅ ਕੀਤੇ ਤੇ ਬਪਤਿਸਮਾ ਲੈ ਲਿਆ।” ਏਮੀ ਦੀਆਂ ਗੱਲਾਂ ਤੋਂ ਅਸੀਂ ਇਕ ਜ਼ਰੂਰੀ ਗੱਲ ਸਿੱਖਦੇ ਹਾਂ: ਜਦੋਂ ਮੰਡਲੀ ਦੇ ਭੈਣ-ਭਰਾ ਵਿਦਿਆਰਥੀ ਦੀ ਮਦਦ ਕਰਦੇ ਹਨ, ਤਾਂ ਉਹ ਬਪਤਿਸਮਾ ਲੈਣ ਲਈ ਕਦਮ ਚੁੱਕਦਾ ਹੈ।
2 ਹਰ ਪ੍ਰਚਾਰਕ ਨਵੇਂ ਲੋਕਾਂ ਦੀ ਮੰਡਲੀ ਦਾ ਹਿੱਸਾ ਬਣਨ ਵਿਚ ਮਦਦ ਕਰ ਸਕਦਾ ਹੈ। (ਅਫ਼. 4:16) ਵਨਾਵਟੂ ਵਿਚ ਰਹਿਣ ਵਾਲੀ ਲੇਲਾਨੀ ਨਾਂ ਦੀ ਪਾਇਨੀਅਰ ਭੈਣ ਕਹਿੰਦੀ ਹੈ: “ਸਾਡੇ ਇੱਥੇ ਇਕ ਕਹਾਵਤ ਹੈ ਕਿ ਇਕ ਬੱਚੇ ਦੀ ਪਰਵਰਿਸ਼ ਪਿੱਛੇ ਪੂਰੇ ਪਿੰਡ ਦਾ ਹੱਥ ਹੁੰਦਾ ਹੈ। ਮੈਨੂੰ ਲੱਗਦਾ ਕਿ ਚੇਲੇ ਬਣਾਉਣ ਦੇ ਕੰਮ ਬਾਰੇ ਵੀ ਇਹ ਗੱਲ ਬਿਲਕੁਲ ਸੱਚ ਹੈ। ਇਕ ਵਿਅਕਤੀ ਨੂੰ ਸੱਚਾਈ ਵਿਚ ਲਿਆਉਣ ਪਿੱਛੇ ਪੂਰੀ ਮੰਡਲੀ ਦਾ ਹੱਥ ਹੁੰਦਾ ਹੈ।” ਅਸਲ ਵਿਚ ਇਕ ਬੱਚੇ ਦੀ ਪਰਵਰਿਸ਼ ਕਰਨ ਲਈ ਪਰਿਵਾਰ ਦੇ ਜੀਆਂ, ਰਿਸ਼ਤੇਦਾਰਾਂ, ਦੋਸਤਾਂ-ਮਿੱਤਰਾਂ ਅਤੇ ਟੀਚਰਾਂ ਸਾਰਿਆਂ ਨੂੰ ਮਿਹਨਤ ਕਰਨੀ ਪੈਂਦੀ ਹੈ। ਉਹ ਉਸ ਨੂੰ ਸਿਖਾਉਂਦੇ ਤੇ ਉਸ ਦਾ ਹੌਸਲਾ ਵਧਾਉਂਦੇ ਹਨ। ਇਸੇ ਤਰ੍ਹਾਂ ਮੰਡਲੀ ਦੇ ਪ੍ਰਚਾਰਕ ਵੀ ਬਾਈਬਲ ਵਿਦਿਆਰਥੀ ਨੂੰ ਸਲਾਹ ਦੇਣ, ਉਸ ਦਾ ਹੌਸਲਾ ਵਧਾਉਣ ਅਤੇ ਉਸ ਦੇ ਲਈ ਚੰਗੀ ਮਿਸਾਲ ਰੱਖਣ ਲਈ ਮਿਹਨਤ ਕਰ ਸਕਦੇ ਹਨ ਤਾਂਕਿ ਵਿਦਿਆਰਥੀ ਬਪਤਿਸਮਾ ਲੈਣ ਲਈ ਕਦਮ ਚੁੱਕ ਸਕੇ।—ਕਹਾ. 15:22.
3. ਐਨਾ, ਡੈਨਿਅਲ ਅਤੇ ਲੇਲਾਨੀ ਦੀਆਂ ਗੱਲਾਂ ਤੋਂ ਤੁਸੀਂ ਕੀ ਸਿੱਖਦੇ ਹੋ?
3 ਮੰਨ ਲਓ ਕਿ ਇਕ ਪ੍ਰਚਾਰਕ ਬਾਈਬਲ ਸਟੱਡੀ ਕਰਾਉਂਦਾ ਹੈ ਅਤੇ ਦੂਸਰੇ ਭੈਣ-ਭਰਾ ਉਸ ਦੇ ਵਿਦਿਆਰਥੀ ਦੀ ਮਦਦ ਕਰਨੀ ਚਾਹੁੰਦੇ ਹਨ। ਉਸ ਪ੍ਰਚਾਰਕ ਨੂੰ ਕੀ ਕਰਨਾ ਚਾਹੀਦਾ ਹੈ? ਉਸ ਨੂੰ ਉਨ੍ਹਾਂ ਦੀ ਮਦਦ ਲੈਣੀ ਚਾਹੀਦੀ ਹੈ। ਧਿਆਨ ਦਿਓ ਕਿ ਇਸ ਬਾਰੇ ਕੁਝ ਪਾਇਨੀਅਰਾਂ ਦਾ ਕੀ ਕਹਿਣਾ ਹੈ। ਮੌਲਡੋਵਾ ਵਿਚ ਰਹਿਣ ਵਾਲੀ ਐਨਾ ਨਾਂ ਦੀ ਸਪੈਸ਼ਲ ਪਾਇਨੀਅਰ ਭੈਣ ਦੱਸਦੀ ਹੈ: “ਜਦੋਂ ਤੁਹਾਡਾ ਬਾਈਬਲ ਵਿਦਿਆਰਥੀ ਤਰੱਕੀ ਕਰਨ ਲੱਗਦਾ ਹੈ, ਤਾਂ ਤੁਹਾਡੇ ਇਕੱਲਿਆਂ ਲਈ ਉਸ ਦੀ ਹਰ ਪੱਖੋਂ ਮਦਦ ਕਰਨੀ ਔਖੀ ਹੋ ਸਕਦੀ ਹੈ।” ਉਸੇ ਦੇਸ਼ ਵਿਚ ਸੇਵਾ ਕਰਨ ਵਾਲਾ ਇਕ ਹੋਰ ਸਪੈਸ਼ਲ ਪਾਇਨੀਅਰ ਭਰਾ ਡੈਨਿਅਲ ਕਹਿੰਦਾ ਹੈ: “ਕਦੇ-ਕਦੇ ਭੈਣ-ਭਰਾ ਬਾਈਬਲ ਵਿਦਿਆਰਥੀ ਨੂੰ ਕੁਝ ਅਜਿਹੀਆਂ ਗੱਲਾਂ ਦੱਸਦੇ ਹਨ ਜੋ ਉਨ੍ਹਾਂ ਦੇ ਦਿਲਾਂ ਨੂੰ ਛੂਹ ਜਾਂਦੀਆਂ ਹਨ ਅਤੇ ਸ਼ਾਇਦ ਇਹ ਗੱਲਾਂ ਕਦੇ ਮੇਰੇ ਦਿਮਾਗ਼ ਵਿਚ ਆਉਂਦੀਆਂ ਹੀ ਨਾ।” ਲੇਲਾਨੀ ਮਦਦ ਸਵੀਕਾਰ ਕਰਨ ਦਾ ਇਕ ਹੋਰ ਕਾਰਨ ਦੱਸਦੀ ਹੈ: “ਵਿਦਿਆਰਥੀਆਂ ਨੂੰ ਭੈਣਾਂ-ਭਰਾਵਾਂ ਤੋਂ ਜੋ ਪਿਆਰ ਅਤੇ ਆਪਣਾਪਨ ਮਿਲਦਾ ਹੈ। ਉਸ ਨੂੰ ਦੇਖ ਕੇ ਉਹ ਸਮਝ ਜਾਂਦੇ ਹਨ ਕਿ ਇਹੀ ਸੱਚੇ ਪਰਮੇਸ਼ੁਰ ਯਹੋਵਾਹ ਦੇ ਲੋਕ ਹਨ।”—ਯੂਹੰ. 13:35.
4. ਇਸ ਲੇਖ ਵਿਚ ਅਸੀਂ ਕਿਨ੍ਹਾਂ ਗੱਲਾਂ ʼਤੇ ਗੌਰ ਕਰਾਂਗੇ?
4 ਪਰ ਸ਼ਾਇਦ ਤੁਸੀਂ ਸੋਚੋ ਕਿ ‘ਮੈਂ ਕਿਸੇ ਹੋਰ ਪ੍ਰਚਾਰਕ ਦੇ ਬਾਈਬਲ ਵਿਦਿਆਰਥੀ ਦੀ ਤਰੱਕੀ ਕਰਨ ਵਿਚ ਕਿਵੇਂ ਮਦਦ ਕਰ ਸਕਦਾ ਹਾਂ?’ ਆਓ ਦੇਖੀਏ ਕਿ ਅਸੀਂ ਉਦੋਂ ਕੀ ਕਰ ਸਕਦੇ ਹਾਂ ਜਦੋਂ ਕੋਈ ਸਾਨੂੰ ਆਪਣੇ ਨਾਲ ਬਾਈਬਲ ਸਟੱਡੀ ਕਰਾਉਣ ਲਈ ਕਹਿੰਦਾ ਹੈ ਅਤੇ ਜਦੋਂ ਕੋਈ ਬਾਈਬਲ ਵਿਦਿਆਰਥੀ ਮੀਟਿੰਗਾਂ ਵਿਚ ਆਉਣਾ ਸ਼ੁਰੂ ਕਰਦਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਮੰਡਲੀ ਦੇ ਬਜ਼ੁਰਗ ਬਾਈਬਲ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਕਿਵੇਂ ਮਦਦ ਕਰ ਸਕਦੇ ਹਨ?
ਜਦੋਂ ਤੁਸੀਂ ਕਿਸੇ ਨਾਲ ਬਾਈਬਲ ਸਟੱਡੀ ਕਰਾਉਂਦੇ ਹੋ
ਜਦੋਂ ਤੁਸੀਂ ਕਿਸੇ ਨਾਲ ਬਾਈਬਲ ਸਟੱਡੀ ਕਰਾਉਂਦੇ ਹੋ, ਤਾਂ ਜਿਸ ਪਾਠ ਤੋਂ ਸਟੱਡੀ ਕਰਾਉਣੀ ਹੈ ਉਸ ਦੀ ਚੰਗੀ ਤਿਆਰੀ ਕਰੋ (ਪੈਰੇ 5-7 ਦੇਖੋ)
5. ਜਦੋਂ ਕੋਈ ਭੈਣ ਜਾਂ ਭਰਾ ਤੁਹਾਨੂੰ ਆਪਣੇ ਨਾਲ ਬਾਈਬਲ ਸਟੱਡੀ ਕਰਾਉਣ ਲਈ ਕਹਿੰਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
5 ਵਿਦਿਆਰਥੀ ਨੂੰ ਬਾਈਬਲ ਵਿੱਚੋਂ ਸਿਖਾਉਣ ਦੀ ਮੁੱਖ ਜ਼ਿੰਮੇਵਾਰੀ ਸਟੱਡੀ ਕਰਾਉਣ ਵਾਲੇ ਭੈਣ ਜਾਂ ਭਰਾ ਦੀ ਹੁੰਦੀ ਹੈ। ਜਦੋਂ ਕੋਈ ਭੈਣ ਜਾਂ ਭਰਾ ਤੁਹਾਨੂੰ ਆਪਣੇ ਨਾਲ ਬਾਈਬਲ ਸਟੱਡੀ ਕਰਾਉਣ ਲਈ ਕਹਿੰਦਾ ਹੈ, ਤਾਂ ਤੁਹਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਅਤੇ ਉਸ ਦੀ ਮਦਦ ਕਰਨੀ ਚਾਹੀਦੀ ਹੈ। (ਉਪ. 4:9, 10) ਪਰ ਤੁਸੀਂ ਅਜਿਹਾ ਕੀ ਕਰ ਸਕਦੇ ਹੋ ਜਿਸ ਨਾਲ ਤੁਸੀਂ ਉਸ ਭੈਣ ਜਾਂ ਭਰਾ ਦਾ ਬਾਈਬਲ ਸਟੱਡੀ ਕਰਾਉਣ ਵੇਲੇ ਸਾਥ ਦੇ ਸਕੋ?
6. ਕਿਸੇ ਭੈਣ-ਭਰਾ ਨਾਲ ਬਾਈਬਲ ਸਟੱਡੀ ਕਰਾਉਂਦੇ ਵੇਲੇ ਤੁਸੀਂ ਕਹਾਉਤਾਂ 20:18 ਦਾ ਅਸੂਲ ਕਿਵੇਂ ਲਾਗੂ ਕਰ ਸਕਦੇ ਹੋ?
6 ਬਾਈਬਲ ਸਟੱਡੀ ਦੀ ਤਿਆਰੀ ਕਰੋ। ਸਟੱਡੀ ਕਰਾਉਣ ਤੋਂ ਪਹਿਲਾਂ ਤੁਸੀਂ ਬਾਈਬਲ ਵਿਦਿਆਰਥੀ ਬਾਰੇ ਕੁਝ ਗੱਲਾਂ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹੋ। (ਕਹਾਉਤਾਂ 20:18 ਪੜ੍ਹੋ।) ਜੇ ਤੁਸੀਂ ਚਾਹੋ, ਤਾਂ ਸਟੱਡੀ ਕਰਾਉਣ ਵਾਲੇ ਭੈਣ ਜਾਂ ਭਰਾ ਤੋਂ ਕੁਝ ਸਵਾਲ ਪੁੱਛ ਸਕਦੇ ਹੋ, ਜਿਵੇਂ: “ਵਿਦਿਆਰਥੀ ਦੀ ਉਮਰ ਕੀ ਹੈ? ਉਸ ਦੇ ਵਿਸ਼ਵਾਸ ਕੀ ਹਨ? ਉਸ ਦੇ ਪਰਿਵਾਰ ਵਿਚ ਕੌਣ-ਕੌਣ ਹੈ? ਸਟੱਡੀ ਕਿਹੜੇ ਪਾਠ ਦੀ ਕਰਨੀ ਹੈ? ਇਸ ਸਟੱਡੀ ਦੌਰਾਨ ਤੁਸੀਂ ਉਸ ਨੂੰ ਕੀ ਸਿਖਾਉਣਾ ਚਾਹੁੰਦੇ ਹੋ? ਵਿਦਿਆਰਥੀ ਨਾਲ ਗੱਲ ਕਰਦੇ ਵੇਲੇ ਮੈਂ ਕਿਹੜੀ ਗੱਲ ਦਾ ਧਿਆਨ ਰੱਖਾਂ? ਮੈਂ ਉਸ ਦਾ ਹੌਸਲਾ ਕਿਵੇਂ ਵਧਾ ਸਕਦਾ ਹਾਂ?” ਬੇਸ਼ੱਕ, ਇਹ ਗੱਲ ਬਿਲਕੁਲ ਸੱਚ ਹੈ ਕਿ ਬਾਈਬਲ ਸਟੱਡੀ ਕਰਾਉਣ ਵਾਲੇ ਭੈਣ ਜਾਂ ਭਰਾ ਤੁਹਾਨੂੰ ਵਿਦਿਆਰਥੀ ਦੀ ਨਿੱਜੀ ਜਾਣਕਾਰੀ ਨਹੀਂ ਦੱਸਣਗੇ। ਪਰ ਜਿਹੜੀਆਂ ਗੱਲਾਂ ਉਹ ਤੁਹਾਨੂੰ ਦੱਸਣਗੇ ਉਸ ਨਾਲ ਤੁਸੀਂ ਵਿਦਿਆਰਥੀ ਦੀ ਮਦਦ ਕਰ ਸਕੋਗੇ। ਜੋਆਏ ਨਾਂ ਦੀ ਮਿਸ਼ਨਰੀ ਭੈਣ ਕਹਿੰਦੀ ਹੈ ਕਿ ਜਦੋਂ ਉਸ ਨਾਲ ਕਿਸੇ ਭੈਣ ਜਾਂ ਭਰਾ ਨੇ ਸਟੱਡੀ ʼਤੇ ਜਾਣਾ ਹੁੰਦਾ ਹੈ, ਤਾਂ ਉਹ ਇਨ੍ਹਾਂ ਗੱਲਾਂ ਬਾਰੇ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੰਦੀ ਹੈ। ਉਹ ਦੱਸਦੀ ਹੈ: “ਵਿਦਿਆਰਥੀ ਬਾਰੇ ਇਹ ਗੱਲਾਂ ਦੱਸੀਆਂ ਹੋਣ ਕਰਕੇ ਭੈਣ-ਭਰਾ ਮੇਰੇ ਵਿਦਿਆਰਥੀ ਨੂੰ ਚੰਗੀ ਤਰ੍ਹਾਂ ਜਾਣ ਪਾਉਂਦੇ ਹਨ ਅਤੇ ਅਧਿਐਨ ਦੌਰਾਨ ਉਹ ਸਹੀ ਤਰੀਕੇ ਨਾਲ ਉਸ ਦੀ ਮਦਦ ਕਰ ਪਾਉਂਦੇ ਹਨ।”
7. ਕਿਸੇ ਦੀ ਬਾਈਬਲ ਸਟੱਡੀ ਕਰਾਉਣ ਤੋਂ ਪਹਿਲਾਂ ਤੁਹਾਨੂੰ ਚੰਗੀ ਤਿਆਰੀ ਕਿਉਂ ਕਰਨੀ ਚਾਹੀਦੀ ਹੈ?
7 ਜਦੋਂ ਕੋਈ ਤੁਹਾਨੂੰ ਆਪਣੇ ਨਾਲ ਸਟੱਡੀ ਕਰਾਉਣ ਲਈ ਕਹਿੰਦਾ ਹੈ, ਤਾਂ ਜਿਸ ਪਾਠ ʼਤੇ ਚਰਚਾ ਕੀਤੀ ਜਾਵੇਗੀ ਉਸ ਦੀ ਚੰਗੀ ਤਿਆਰੀ ਕਰੋ। (ਅਜ਼. 7:10) ਡੈਨਿਅਲ ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ ਦੱਸਦਾ ਹੈ: “ਮੇਰੇ ਨਾਲ ਸਟੱਡੀ ਕਰਾਉਣ ਵਾਲੇ ਭੈਣ-ਭਰਾ ਜਦੋਂ ਬਾਈਬਲ ਸਟੱਡੀ ਦੀ ਚੰਗੀ ਤਿਆਰੀ ਕਰਦੇ ਹਨ, ਤਾਂ ਉਹ ਵਧੀਆ ਤਰੀਕੇ ਨਾਲ ਸਟੱਡੀ ਕਰਵਾ ਪਾਉਂਦੇ ਹਨ।” ਇਸ ਤੋਂ ਇਲਾਵਾ, ਜਦੋਂ ਵਿਦਿਆਰਥੀ ਦੇਖਦਾ ਹੈ ਕਿ ਤੁਸੀਂ ਚੰਗੀ ਤਿਆਰੀ ਕੀਤੀ ਹੈ, ਤਾਂ ਉਹ ਵੀ ਤੁਹਾਡੀ ਰੀਸ ਕਰ ਸਕੇਗਾ। ਪਰ ਜੇ ਤੁਸੀਂ ਕਦੇ ਸਟੱਡੀ ਦੀ ਚੰਗੀ ਤਿਆਰੀ ਨਾ ਕਰ ਸਕੋ, ਤਾਂ ਚੰਗਾ ਹੋਵੇਗਾ ਕਿ ਤੁਸੀਂ ਘੱਟੋ-ਘੱਟ ਸਟੱਡੀ ਕਰਾਉਣ ਤੋਂ ਪਹਿਲਾਂ ਮੁੱਖ ਮੁੱਦੇ ਜ਼ਰੂਰ ਦੇਖੋ।
8. ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਪ੍ਰਾਰਥਨਾਵਾਂ ਤੋਂ ਬਾਈਬਲ ਵਿਦਿਆਰਥੀ ਨੂੰ ਫ਼ਾਇਦਾ ਹੋਵੇ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
8 ਪ੍ਰਾਰਥਨਾ ਬਾਈਬਲ ਸਟੱਡੀ ਦਾ ਇਕ ਅਹਿਮ ਹਿੱਸਾ ਹੈ। ਇਸ ਲਈ ਪਹਿਲਾਂ ਤੋਂ ਹੀ ਸੋਚ ਕੇ ਜਾਓ ਕਿ ਜੇ ਤੁਹਾਨੂੰ ਪ੍ਰਾਰਥਨਾ ਕਰਨ ਲਈ ਕਿਹਾ ਗਿਆ, ਤਾਂ ਤੁਸੀਂ ਕੀ ਕਹੋਗੇ। ਇਸ ਤਰ੍ਹਾਂ ਤੁਸੀਂ ਆਪਣੀ ਪ੍ਰਾਰਥਨਾ ਵਿਚ ਅਜਿਹੀਆਂ ਗੱਲਾਂ ਕਹਿ ਪਾਓਗੇ ਜਿਸ ਦਾ ਵਿਦਿਆਰਥੀ ਨੂੰ ਫ਼ਾਇਦਾ ਹੋਵੇਗਾ। (ਜ਼ਬੂ. 141:2) ਜਪਾਨ ਵਿਚ ਰਹਿਣ ਵਾਲੀ ਹਨਾਈ ਨੂੰ ਅੱਜ ਵੀ ਉਹ ਪ੍ਰਾਰਥਨਾਵਾਂ ਯਾਦ ਹਨ ਜੋ ਉਸ ਦੀ ਸਟੱਡੀ ਵੇਲੇ ਇਕ ਭੈਣ ਕਰਦੀ ਸੀ। ਉਹ ਕਹਿੰਦੀ ਹੈ: “ਉਸ ਦੀਆਂ ਪ੍ਰਾਰਥਨਾਵਾਂ ਤੋਂ ਮੈਂ ਮਹਿਸੂਸ ਕੀਤਾ ਕਿ ਯਹੋਵਾਹ ਨਾਲ ਉਸ ਦਾ ਗੂੜ੍ਹਾ ਰਿਸ਼ਤਾ ਸੀ। ਮੈਂ ਵੀ ਉਸ ਵਾਂਗ ਬਣਨਾ ਚਾਹੁੰਦੀ ਸੀ। ਜਦੋਂ ਉਹ ਆਪਣੀਆਂ ਪ੍ਰਾਰਥਨਾਵਾਂ ਵਿਚ ਮੇਰਾ ਨਾਮ ਲੈਂਦੀ ਸੀ, ਤਾਂ ਮੈਨੂੰ ਬਹੁਤ ਵਧੀਆ ਲੱਗਦਾ ਸੀ।”
9. ਯਾਕੂਬ 1:19 ਮੁਤਾਬਕ ਬਾਈਬਲ ਸਟੱਡੀ ਦੌਰਾਨ ਇਕ ਵਧੀਆ ਸਾਥੀ ਬਣਨ ਲਈ ਤੁਸੀਂ ਕੀ ਕਰ ਸਕਦੇ ਹੋ?
9 ਸਟੱਡੀ ਕਰਾਉਣ ਵਾਲੇ ਭੈਣ ਜਾਂ ਭਰਾ ਦਾ ਸਾਥ ਦਿਓ। ਨਾਈਜੀਰੀਆ ਵਿਚ ਰਹਿਣ ਵਾਲੀ ਉਮਾਮਯੋਬੀ ਨਾਂ ਦੀ ਸਪੈਸ਼ਲ ਪਾਇਨੀਅਰ ਭੈਣ ਕਹਿੰਦੀ ਹੈ: “ਇਕ ਵਧੀਆ ਸਾਥੀ ਉਹ ਹੁੰਦਾ ਹੈ ਜੋ ਸਟੱਡੀ ਦੌਰਾਨ ਧਿਆਨ ਨਾਲ ਸੁਣਦਾ ਹੈ। ਉਹ ਸਟੱਡੀ ਦੌਰਾਨ ਲੋੜ ਪੈਣ ʼਤੇ ਤਾਂ ਗੱਲ ਕਰਦਾ ਹੈ, ਪਰ ਹੱਦੋਂ ਵੱਧ ਨਹੀਂ ਬੋਲਦਾ। ਨਾਲੇ ਉਹ ਇਹ ਗੱਲ ਯਾਦ ਰੱਖਦਾ ਹੈ ਕਿ ਸਿਖਾਉਣ ਦੀ ਮੁੱਖ ਜ਼ਿੰਮੇਵਾਰੀ ਸਟੱਡੀ ਕਰਾਉਣ ਵਾਲੇ ਭੈਣ ਜਾਂ ਭਰਾ ਦੀ ਹੈ।” ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਕਦੋਂ ਅਤੇ ਕੀ ਗੱਲ ਕਰਨੀ ਹੈ? (ਕਹਾ. 25:11) ਸਟੱਡੀ ਕਰਾਉਣ ਵਾਲੇ ਭੈਣ ਜਾਂ ਭਰਾ ਅਤੇ ਵਿਦਿਆਰਥੀ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣੋ। (ਯਾਕੂਬ 1:19 ਪੜ੍ਹੋ।) ਫਿਰ ਹੀ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਕਦੋਂ ਬੋਲਣਾ ਹੈ ਅਤੇ ਕਦੋਂ ਨਹੀਂ? ਇਹ ਗੱਲ ਤਾਂ ਸੱਚ ਹੈ ਕਿ ਤੁਹਾਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਜੇ ਤੁਸੀਂ ਇੱਦਾਂ ਨਹੀਂ ਕਰਦੇ, ਤਾਂ ਹੋ ਸਕਦਾ ਕਿ ਤੁਸੀਂ ਬਹੁਤ ਜ਼ਿਆਦਾ ਬੋਲਣ ਲੱਗ ਜਾਓ ਅਤੇ ਸਟੱਡੀ ਕਰਾਉਣ ਵਾਲੇ ਨੂੰ ਵਿਚ ਹੀ ਟੋਕ ਦਿਓ ਜਾਂ ਕੋਈ ਨਵੀਂ ਗੱਲ ਸ਼ੁਰੂ ਕਰ ਲਵੋ। ਪਰ ਜਿਹੜੀ ਗੱਲ ਸਿਖਾਈ ਜਾ ਰਹੀ ਹੈ ਉਸ ਨੂੰ ਸਮਝਾਉਣ ਲਈ ਤੁਸੀਂ ਕੋਈ ਮਿਸਾਲ ਜਾਂ ਸਵਾਲ ਵਰਤ ਸਕਦੇ ਹੋ ਜਾਂ ਥੋੜ੍ਹੇ ਸ਼ਬਦਾਂ ਵਿਚ ਕੁਝ ਕਹਿ ਸਕਦੇ ਹੋ ਤਾਂਕਿ ਵਿਦਿਆਰਥੀ ਨੂੰ ਗੱਲ ਆਸਾਨੀ ਨਾਲ ਸਮਝ ਆ ਸਕੇ। ਕਦੀ-ਕਦੀ ਸ਼ਾਇਦ ਤੁਹਾਨੂੰ ਲੱਗੇ ਕਿ ਤੁਹਾਨੂੰ ਇਸ ਵਿਸ਼ੇ ʼਤੇ ਜ਼ਿਆਦਾ ਕੁਝ ਬੋਲਣ ਦੀ ਲੋੜ ਨਹੀਂ ਹੈ। ਪਰ ਜੇ ਤੁਸੀਂ ਵਿਦਿਆਰਥੀ ਦੀ ਤਾਰੀਫ਼ ਕਰੋ ਅਤੇ ਉਸ ਵਿਚ ਨਿੱਜੀ ਦਿਲਚਸਪੀ ਲਓ, ਤਾਂ ਇਸ ਨਾਲ ਵੀ ਤੁਸੀਂ ਉਸ ਦੀ ਤਰੱਕੀ ਕਰਨ ਵਿਚ ਮਦਦ ਕਰ ਸਕਦੇ ਹੋ।
10. ਤੁਹਾਡੇ ਤਜਰਬੇ ਤੋਂ ਬਾਈਬਲ ਵਿਦਿਆਰਥੀ ਦੀ ਕਿਵੇਂ ਮਦਦ ਹੋ ਸਕਦੀ ਹੈ?
10 ਆਪਣਾ ਤਜਰਬਾ ਦੱਸੋ। ਜੇ ਹੋ ਸਕੇ, ਤਾਂ ਵਿਦਿਆਰਥੀ ਨੂੰ ਦੱਸੋ ਕਿ ਤੁਸੀਂ ਸੱਚਾਈ ਵਿਚ ਕਿਵੇਂ ਆਏ, ਤੁਹਾਨੂੰ ਕਿਹੜੀਆਂ ਮੁਸ਼ਕਲਾਂ ਆਈਆਂ ਅਤੇ ਤੁਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦਾ ਹੱਥ ਕਿਵੇਂ ਦੇਖਿਆ? (ਜ਼ਬੂ. 78:4, 7) ਹੋ ਸਕਦਾ ਹੈ ਕਿ ਵਿਦਿਆਰਥੀ ਨੂੰ ਤੁਹਾਡੇ ਤਜਰਬੇ ਦੀ ਲੋੜ ਹੋਵੇ ਤਾਂਕਿ ਉਹ ਵੀ ਆਪਣੀ ਨਿਹਚਾ ਮਜ਼ਬੂਤ ਕਰ ਸਕੇ ਅਤੇ ਬਪਤਿਸਮਾ ਲੈਣ ਵਿਚ ਉਸ ਦੀ ਮਦਦ ਹੋ ਸਕੇ। ਨਾਲੇ ਸ਼ਾਇਦ ਤੁਹਾਡੇ ਤਜਰਬੇ ਤੋਂ ਉਸ ਨੂੰ ਪਤਾ ਲੱਗੇ ਕਿ ਉਸ ਨੇ ਮੁਸ਼ਕਲਾਂ ਨੂੰ ਕਿਵੇਂ ਪਾਰ ਕਰਨਾ ਹੈ। (1 ਪਤ. 5:9) ਬ੍ਰਾਜ਼ੀਲ ਵਿਚ ਰਹਿਣ ਵਾਲਾ ਗੈਬਰੀਅਲ ਨਾਂ ਦਾ ਇਕ ਪਾਇਨੀਅਰ ਭਰਾ ਦੱਸਦਾ ਹੈ ਕਿ ਜਦੋਂ ਉਹ ਬਾਈਬਲ ਸਟੱਡੀ ਕਰਦਾ ਸੀ, ਤਾਂ ਕਿਹੜੀ ਗੱਲ ਨੇ ਉਸ ਦੀ ਮਦਦ ਕੀਤੀ। ਉਹ ਕਹਿੰਦਾ ਹੈ: “ਜਦੋਂ ਮੈਂ ਭਰਾਵਾਂ ਦੇ ਤਜਰਬੇ ਸੁਣੇ, ਤਾਂ ਮੈਂ ਸਿੱਖਿਆ ਕਿ ਯਹੋਵਾਹ ਨੂੰ ਸਾਡੀਆਂ ਮੁਸ਼ਕਲਾਂ ਬਾਰੇ ਪਤਾ ਹੈ ਅਤੇ ਜੇ ਇਹ ਭਰਾ ਇਨ੍ਹਾਂ ਮੁਸ਼ਕਲਾਂ ਨੂੰ ਪਾਰ ਕਰ ਸਕੇ, ਤਾਂ ਮੈਂ ਵੀ ਕਰ ਸਕਦਾ ਹਾਂ।”
ਜਦੋਂ ਵਿਦਿਆਰਥੀ ਮੀਟਿੰਗਾਂ ʼਤੇ ਆਉਂਦਾ ਹੈ
ਸਾਰੇ ਜਣੇ ਵਿਦਿਆਰਥੀ ਨੂੰ ਮੀਟਿੰਗਾਂ ʼਤੇ ਆਉਂਦੇ ਰਹਿਣ ਦੀ ਹੱਲਾਸ਼ੇਰੀ ਦੇ ਸਕਦੇ ਹਨ (ਪੈਰਾ 11 ਦੇਖੋ)
11-12. ਸਾਨੂੰ ਮੀਟਿੰਗਾਂ ਵਿਚ ਬਾਈਬਲ ਵਿਦਿਆਰਥੀਆਂ ਦਾ ਦਿਲੋਂ ਸੁਆਗਤ ਕਿਉਂ ਕਰਨਾ ਚਾਹੀਦਾ ਹੈ?
11 ਬਾਈਬਲ ਵਿਦਿਆਰਥੀ ਤਰੱਕੀ ਕਰ ਕੇ ਬਪਤਿਸਮਾ ਲਵੇ, ਇਸ ਲਈ ਜ਼ਰੂਰੀ ਹੈ ਕਿ ਉਹ ਲਗਾਤਾਰ ਮੀਟਿੰਗਾਂ ਵਿਚ ਆਵੇ ਅਤੇ ਇਸ ਨਾਲ ਉਸ ਨੂੰ ਫ਼ਾਇਦਾ ਹੋਵੇਗਾ। (ਇਬ. 10:24, 25) ਭਾਵੇਂ ਕਿ ਉਸ ਦੀ ਸਟੱਡੀ ਕਰਾਉਣ ਵਾਲਾ ਭੈਣ ਜਾਂ ਭਰਾ ਉਸ ਨੂੰ ਮੀਟਿੰਗਾਂ ਵਿਚ ਆਉਣ ਦਾ ਸੱਦਾ ਦਿੰਦਾ ਹੈ। ਪਰ ਜਦੋਂ ਵਿਦਿਆਰਥੀ ਮੀਟਿੰਗਾਂ ਵਿਚ ਆਉਂਦਾ ਹੈ, ਤਾਂ ਸਾਨੂੰ ਸਾਰਿਆਂ ਨੂੰ ਉਸ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਕਿ ਉਹ ਲਗਾਤਾਰ ਮੀਟਿੰਗਾਂ ਵਿਚ ਆਉਂਦਾ ਰਹੇ। ਅਸੀਂ ਇਹ ਕਿਨ੍ਹਾਂ ਤਰੀਕਿਆਂ ਨਾਲ ਕਰ ਸਕਦੇ ਹਾਂ?
12 ਵਿਦਿਆਰਥੀ ਦਾ ਦਿਲੋਂ ਸੁਆਗਤ ਕਰੋ। (ਰੋਮੀ. 15:7) ਜਦੋਂ ਵਿਦਿਆਰਥੀ ਮੀਟਿੰਗਾਂ ਵਿਚ ਆਉਂਦਾ ਹੈ, ਤਾਂ ਸਾਰਿਆਂ ਨੂੰ ਉਸ ਨਾਲ ਚੰਗੀ ਤਰ੍ਹਾਂ ਮਿਲਣਾ ਚਾਹੀਦਾ ਹੈ ਅਤੇ ਉਸ ਦਾ ਸੁਆਗਤ ਕਰਨਾ ਚਾਹੀਦਾ ਹੈ। ਇੱਦਾਂ ਉਹ ਵਾਰ-ਵਾਰ ਮੀਟਿੰਗਾਂ ਵਿਚ ਆਉਣਾ ਚਾਹੇਗਾ। ਇਸ ਲਈ ਜਦੋਂ ਵਿਦਿਆਰਥੀ ਮੀਟਿੰਗਾਂ ਵਿਚ ਆਉਂਦਾ ਹੈ, ਤਾਂ ਦਿਲੋਂ ਉਸ ਦਾ ਸੁਆਗਤ ਕਰੋ। ਪਰ ਇੰਨਾ ਵੀ ਨਾ ਕਰੋ ਕਿ ਉਸ ਨੂੰ ਸਾਰਾ ਕੁਝ ਬਣਾਵਟੀ ਲੱਗੇ। ਇਹ ਨਾ ਸੋਚੋ ਕਿ ਉਸ ਦੀ ਸਟੱਡੀ ਕਰਾਉਣ ਵਾਲਾ ਭੈਣ ਜਾਂ ਭਰਾ ਉਸ ਨੂੰ ਸਾਰਿਆਂ ਨਾਲ ਮਿਲਾਵੇਗਾ। ਹੋ ਸਕਦਾ ਹੈ ਕਿ ਉਹ ਭੈਣ ਜਾਂ ਭਰਾ ਕਿੰਗਡਮ ਹਾਲ ਆਉਣ ਵਿਚ ਲੇਟ ਹੋ ਜਾਵੇ ਜਾਂ ਉਸ ਨੂੰ ਕਿੰਗਡਮ ਹਾਲ ਵਿਚ ਕੋਈ ਕੰਮ ਹੋਵੇ। ਵਿਦਿਆਰਥੀ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣੋ ਅਤੇ ਉਸ ਵਿਚ ਦਿਲਚਸਪੀ ਲਓ। ਇਸ ਦਾ ਵਿਦਿਆਰਥੀ ʼਤੇ ਕੀ ਅਸਰ ਪੈ ਸਕਦਾ ਹੈ? ਜ਼ਰਾ ਦਮਿਤਰੀ ਨਾਂ ਦੇ ਭਰਾ ਦੇ ਤਜਰਬੇ ਵੱਲ ਧਿਆਨ ਦਿਓ। ਉਸ ਦਾ ਬਪਤਿਸਮਾ ਕੁਝ ਸਾਲ ਪਹਿਲਾਂ ਹੋਇਆ ਸੀ ਅਤੇ ਹੁਣ ਉਹ ਸਹਾਇਕ ਸੇਵਕ ਵਜੋਂ ਸੇਵਾ ਕਰਦਾ ਹੈ। ਆਪਣੀ ਪਹਿਲੀ ਮੀਟਿੰਗ ਨੂੰ ਯਾਦ ਕਰਦਿਆਂ ਹੋਇਆ ਉਹ ਕਹਿੰਦਾ ਹੈ: “ਇਕ ਭਰਾ ਨੇ ਦੇਖਿਆ ਕਿ ਮੈਂ ਕਿੰਗਡਮ ਹਾਲ ਦੇ ਬਾਹਰ ਖੜ੍ਹਾ ਸੀ ਅਤੇ ਥੋੜ੍ਹਾ ਜਿਹਾ ਘਬਰਾਇਆ ਹੋਇਆ ਸੀ। ਉਹ ਭਰਾ ਬੜੇ ਪਿਆਰ ਨਾਲ ਮੈਨੂੰ ਕਿੰਗਡਮ ਹਾਲ ਦੇ ਅੰਦਰ ਲੈ ਗਿਆ। ਬਹੁਤ ਸਾਰੇ ਭੈਣ-ਭਰਾ ਮੈਨੂੰ ਮਿਲਣ ਆਏ। ਇਹ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ। ਮੈਨੂੰ ਇੰਨਾ ਵਧੀਆ ਲੱਗਾ ਕਿ ਮੈਂ ਸੋਚਿਆ ਕਿ ਕਾਸ਼ ਇਹ ਮੀਟਿੰਗਾਂ ਹਰ ਰੋਜ਼ ਹੁੰਦੀਆਂ! ਮੈਂ ਇਹੋ ਜਿਹਾ ਮਾਹੌਲ ਪਹਿਲਾਂ ਕਿਤੇ ਵੀ ਨਹੀਂ ਦੇਖਿਆ ਸੀ।”
13. ਤੁਹਾਡਾ ਚੰਗਾ ਚਾਲ-ਚਲਣ ਦੇਖ ਕੇ ਵਿਦਿਆਰਥੀ ਨੂੰ ਕਿਸ ਗੱਲ ਦਾ ਯਕੀਨ ਹੋਵੇਗਾ?
13 ਵਧੀਆ ਮਿਸਾਲ ਰੱਖੋ। ਤੁਹਾਡਾ ਚੰਗਾ ਚਾਲ-ਚਲਣ ਦੇਖ ਕੇ ਵਿਦਿਆਰਥੀ ਨੂੰ ਯਕੀਨ ਹੋਵੇਗਾ ਕਿ ਉਹ ਜੋ ਸਿੱਖ ਰਿਹਾ ਹੈ ਉਹ ਹੀ ਸੱਚਾਈ ਹੈ। (ਮੱਤੀ 5:16) ਮੌਲਡੋਵਾ ਵਿਚ ਪਾਇਨੀਅਰ ਸੇਵਾ ਕਰਨ ਵਾਲਾ ਵਿਟਾਲੀ ਕਹਿੰਦਾ ਹੈ: “ਮੈਂ ਬੜੇ ਧਿਆਨ ਨਾਲ ਦੇਖਿਆ ਹੈ ਕਿ ਮੰਡਲੀ ਦੇ ਭੈਣ-ਭਰਾ ਆਪਸ ਵਿਚ ਕਿੱਦਾਂ ਰਹਿੰਦੇ ਹਨ, ਕੀ ਸੋਚਦੇ ਹਨ ਅਤੇ ਕਿਸ ਤਰੀਕੇ ਨਾਲ ਪੇਸ਼ ਆਉਂਦੇ ਹਨ। ਇਸ ਤੋਂ ਮੈਨੂੰ ਯਕੀਨ ਹੋ ਗਿਆ ਕਿ ਇਹੀ ਸੱਚਾ ਧਰਮ ਹੈ।”
14. ਤੁਹਾਡੀ ਮਿਸਾਲ ਤੋਂ ਬਾਈਬਲ ਵਿਦਿਆਰਥੀ ਦੀ ਤਰੱਕੀ ਕਰਨ ਵਿਚ ਕਿਵੇਂ ਮਦਦ ਹੋਵੇਗੀ?
14 ਬਪਤਿਸਮਾ ਲੈਣ ਤੋਂ ਪਹਿਲਾਂ ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਮੁਤਾਬਕ ਜ਼ਿੰਦਗੀ ਜੀਉਣ ਦੀ ਲੋੜ ਹੈ। ਇੱਦਾਂ ਕਰਨਾ ਸੌਖਾ ਨਹੀਂ ਹੁੰਦਾ। ਪਰ ਜਦੋਂ ਉਹ ਦੇਖੇਗਾ ਕਿ ਤੁਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਜੀ ਰਹੇ ਹੋ ਅਤੇ ਉਸ ਦਾ ਤੁਹਾਨੂੰ ਫ਼ਾਇਦਾ ਹੋ ਰਿਹਾ ਹੈ, ਤਾਂ ਉਹ ਵੀ ਇੱਦਾਂ ਹੀ ਕਰਨਾ ਚਾਹੇਗਾ। (1 ਕੁਰਿੰ. 11:1) ਹਨਾਈ ਦੀ ਮਿਸਾਲ ਵੱਲ ਧਿਆਨ ਦਿਓ ਜਿਸ ਦਾ ਪਹਿਲਾਂ ਜ਼ਿਕਰ ਕੀਤਾ ਗਿਆ ਸੀ। ਉਹ ਕਹਿੰਦੀ ਹੈ: “ਭੈਣ-ਭਰਾ ਪਹਿਲਾਂ ਤੋਂ ਹੀ ਉਹ ਗੱਲਾਂ ਲਾਗੂ ਕਰ ਰਹੇ ਸਨ ਜੋ ਮੈਂ ਸਿੱਖ ਰਹੀ ਸੀ। ਮੈਂ ਉਨ੍ਹਾਂ ਤੋਂ ਸਿੱਖਿਆ ਹੈ ਕਿ ਮੈਨੂੰ ਕਿਵੇਂ ਦੂਸਰਿਆਂ ਨੂੰ ਹੌਸਲਾ ਦੇਣਾ ਚਾਹੀਦਾ, ਉਨ੍ਹਾਂ ਨੂੰ ਮਾਫ਼ ਕਰਨਾ ਚਾਹੀਦਾ ਅਤੇ ਉਨ੍ਹਾਂ ਨੂੰ ਪਿਆਰ ਦਿਖਾਉਣਾ ਚਾਹੀਦਾ? ਇਹ ਭੈਣ-ਭਰਾ ਹਮੇਸ਼ਾ ਦੂਸਰਿਆਂ ਬਾਰੇ ਚੰਗੀਆਂ ਗੱਲਾਂ ਕਹਿੰਦੇ ਸਨ ਅਤੇ ਮੈਂ ਇਨ੍ਹਾਂ ਦੀ ਰੀਸ ਕਰਨੀ ਚਾਹੁੰਦੀ ਸੀ।”
15. ਕਹਾਉਤਾਂ 27:17 ਮੁਤਾਬਕ ਵਿਦਿਆਰਥੀ ਨਾਲ ਦੋਸਤੀ ਕਰਨੀ ਕਿਉਂ ਜ਼ਰੂਰੀ ਹੈ?
15 ਵਿਦਿਆਰਥੀ ਨਾਲ ਦੋਸਤੀ ਕਰੋ। ਜਦੋਂ ਵਿਦਿਆਰਥੀ ਮੀਟਿੰਗਾਂ ਵਿਚ ਆਉਣ ਲੱਗਦਾ ਹੈ, ਤਾਂ ਉਸ ਵਿਚ ਗਹਿਰੀ ਦਿਲਚਸਪੀ ਲਓ। (ਫ਼ਿਲਿ. 2:4) ਤੁਸੀਂ ਉਸ ਨੂੰ ਹੋਰ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹੋ। ਤੁਸੀਂ ਉਸ ਨੂੰ ਪੁੱਛ ਸਕਦੇ ਹੋ ਕਿ ਉਸ ਦੀ ਬਾਈਬਲ ਸਟੱਡੀ ਕਿੱਦਾਂ ਚੱਲ ਰਹੀ ਹੈ? ਉਸ ਦਾ ਕੰਮ ਕਿੱਦਾਂ ਚੱਲ ਰਿਹਾ? ਉਸ ਦੇ ਪਰਿਵਾਰ ਵਿਚ ਸਾਰੇ ਕਿੱਦਾਂ ਹਨ? ਪਰ ਧਿਆਨ ਰੱਖੋ ਕਿ ਤੁਸੀਂ ਕੋਈ ਅਜਿਹਾ ਸਵਾਲ ਨਾ ਪੁੱਛੋ ਜਿਸ ਨਾਲ ਉਸ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ। ਉਸ ਨਾਲ ਗੱਲਬਾਤ ਕਰਨ ਕਰਕੇ ਤੁਸੀਂ ਉਸ ਦੇ ਵਧੀਆ ਦੋਸਤ ਬਣ ਸਕੋਗੇ ਅਤੇ ਬਪਤਿਸਮਾ ਲੈਣ ਵਿਚ ਉਸ ਦੀ ਮਦਦ ਕਰ ਸਕੋਗੇ। (ਕਹਾਉਤਾਂ 27:17 ਪੜ੍ਹੋ।) ਹਨਾਈ ਅੱਜ ਇਕ ਪਾਇਨੀਅਰ ਹੈ। ਉਹ ਉਸ ਦਿਨ ਨੂੰ ਯਾਦ ਕਰਦੀ ਹੈ ਜਦੋਂ ਉਹ ਪਹਿਲੀ ਵਾਰ ਮੀਟਿੰਗ ʼਤੇ ਗਈ ਸੀ। ਉਹ ਕਹਿੰਦੀ ਹੈ: “ਜਦੋਂ ਮੰਡਲੀ ਦੇ ਭੈਣਾਂ-ਭਰਾਵਾਂ ਨਾਲ ਮੇਰੀ ਦੋਸਤੀ ਹੋਈ, ਤਾਂ ਮੀਟਿੰਗਾਂ ਵਿਚ ਜਾਣਾ ਮੈਨੂੰ ਬਹੁਤ ਵਧੀਆ ਲੱਗਣ ਲੱਗਾ। ਮੈਂ ਉਦੋਂ ਵੀ ਮੀਟਿੰਗਾਂ ʼਤੇ ਜਾਂਦੀ ਸੀ ਜਦੋਂ ਮੈਂ ਥੱਕੀ ਹੋਈ ਹੁੰਦੀ ਸੀ। ਇਨ੍ਹਾਂ ਨਵੇਂ ਦੋਸਤਾਂ ਕਰਕੇ ਹੀ ਮੈਂ ਉਨ੍ਹਾਂ ਲੋਕਾਂ ਨਾਲ ਦੋਸਤੀ ਤੋੜ ਸਕੀ ਜੋ ਯਹੋਵਾਹ ਦੀ ਭਗਤੀ ਨਹੀਂ ਕਰਦੇ ਸਨ। ਮੈਂ ਚਾਹੁੰਦੀ ਸੀ ਕਿ ਯਹੋਵਾਹ ਅਤੇ ਇਨ੍ਹਾਂ ਭੈਣਾਂ-ਭਰਾਵਾਂ ਨਾਲ ਮੇਰੀ ਦੋਸਤੀ ਗੂੜ੍ਹੀ ਹੋਵੇ। ਇਸ ਲਈ ਮੈਂ ਬਪਤਿਸਮਾ ਲੈਣ ਦਾ ਫ਼ੈਸਲਾ ਕੀਤਾ।”
16. ਤੁਸੀਂ ਬਾਈਬਲ ਵਿਦਿਆਰਥੀ ਨੂੰ ਯਕੀਨ ਕਿਵੇਂ ਦਿਵਾ ਸਕਦੇ ਹੋ ਕਿ ਉਹ ਮੰਡਲੀ ਦਾ ਹਿੱਸਾ ਹੈ?
16 ਜਦੋਂ ਵਿਦਿਆਰਥੀ ਲਗਾਤਾਰ ਤਰੱਕੀ ਕਰਦਾ ਰਹਿੰਦਾ ਹੈ ਅਤੇ ਆਪਣੀ ਜ਼ਿੰਦਗੀ ਵਿਚ ਬਦਲਾਅ ਕਰਦਾ ਹੈ, ਤਾਂ ਉਸ ਨੂੰ ਯਕੀਨ ਦਿਵਾਓ ਕਿ ਉਹ ਮੰਡਲੀ ਦਾ ਹਿੱਸਾ ਹੈ। ਇੱਦਾਂ ਕਰਨ ਲਈ ਕਿਉਂ ਨਾ ਤੁਸੀਂ ਉਸ ਨੂੰ ਆਪਣੇ ਘਰ ਬੁਲਾਓ ਅਤੇ ਉਸ ਨਾਲ ਸਮਾਂ ਬਿਤਾਓ। (ਇਬ. 13:2) ਮੌਲਡੋਵਾ ਵਿਚ ਰਹਿਣ ਵਾਲਾ ਡੈਨਿਸ ਨਾਂ ਦਾ ਭਰਾ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਕਹਿੰਦਾ ਹੈ: “ਜਦੋਂ ਮੈਂ ਤੇ ਮੇਰੀ ਪਤਨੀ ਬਾਈਬਲ ਸਟੱਡੀ ਕਰ ਰਹੇ ਸੀ, ਤਾਂ ਭੈਣਾਂ-ਭਰਾਵਾਂ ਨੇ ਕਈ ਵਾਰ ਸਾਨੂੰ ਆਪਣੇ ਘਰ ਬੁਲਾਇਆ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਕਿਵੇਂ ਯਹੋਵਾਹ ਨੇ ਉਨ੍ਹਾਂ ਦੀ ਮਦਦ ਕੀਤੀ ਹੈ? ਉਨ੍ਹਾਂ ਨੇ ਸਾਡਾ ਹੌਸਲਾ ਵਧਾਇਆ। ਇਨ੍ਹਾਂ ਮੌਕਿਆਂ ਕਰਕੇ ਹੀ ਸਾਡੇ ਅੰਦਰ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਪੈਦਾ ਹੋਈ ਅਤੇ ਸਾਨੂੰ ਯਕੀਨ ਹੋ ਗਿਆ ਕਿ ਉਸ ਦੀ ਸੇਵਾ ਕਰ ਕੇ ਹੀ ਸਾਡੀ ਜ਼ਿੰਦਗੀ ਬਿਹਤਰ ਬਣੇਗੀ।” ਜਦੋਂ ਬਾਈਬਲ ਵਿਦਿਆਰਥੀ ਪ੍ਰਚਾਰਕ ਬਣ ਜਾਂਦਾ ਹੈ, ਤਾਂ ਤੁਸੀਂ ਉਸ ਨੂੰ ਆਪਣੇ ਨਾਲ ਪ੍ਰਚਾਰ ʼਤੇ ਵੀ ਲਿਜਾ ਸਕਦੇ ਹੋ। ਬ੍ਰਾਜ਼ੀਲ ਵਿਚ ਰਹਿਣ ਵਾਲਾ ਜੀਐਗੋ ਨਾਂ ਦਾ ਭਰਾ ਕਹਿੰਦਾ ਹੈ: “ਕਈ ਭਰਾ ਮੈਨੂੰ ਆਪਣੇ ਨਾਲ ਪ੍ਰਚਾਰ ʼਤੇ ਲੈ ਕੇ ਜਾਂਦੇ ਸਨ। ਉਨ੍ਹਾਂ ਭਰਾਵਾਂ ਨੂੰ ਚੰਗੀ ਤਰ੍ਹਾਂ ਜਾਣਨ ਦਾ ਇਹ ਸਭ ਤੋਂ ਵਧੀਆ ਤਰੀਕਾ ਸੀ। ਨਾਲੇ ਇਸ ਤਰ੍ਹਾਂ ਕਰਨ ਨਾਲ ਮੈਂ ਕਾਫ਼ੀ ਕੁਝ ਸਿੱਖਿਆ ਅਤੇ ਮੈਂ ਆਪਣੇ ਆਪ ਨੂੰ ਯਹੋਵਾਹ ਅਤੇ ਯਿਸੂ ਮਸੀਹ ਦੇ ਨੇੜੇ ਮਹਿਸੂਸ ਕੀਤਾ।”
ਮੰਡਲੀ ਦੇ ਬਜ਼ੁਰਗ ਕਿਵੇਂ ਮਦਦ ਕਰ ਸਕਦੇ ਹਨ?
ਬਜ਼ੁਰਗੋ, ਜੇ ਤੁਸੀਂ ਬਾਈਬਲ ਵਿਦਿਆਰਥੀ ਵਿਚ ਗਹਿਰੀ ਦਿਲਚਸਪੀ ਲਓਗੇ, ਤਾਂ ਉਹ ਬਪਤਿਸਮਾ ਲੈਣ ਲਈ ਕਦਮ ਚੁੱਕ ਸਕਦਾ ਹੈ (ਪੈਰਾ 17 ਦੇਖੋ)
17. ਬਜ਼ੁਰਗ ਬਾਈਬਲ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹਨ?
17 ਬਾਈਬਲ ਵਿਦਿਆਰਥੀ ਲਈ ਸਮਾਂ ਕੱਢੋ। ਬਜ਼ੁਰਗੋ, ਜੇ ਤੁਸੀਂ ਬਾਈਬਲ ਵਿਦਿਆਰਥੀ ਵਿਚ ਗਹਿਰੀ ਦਿਲਚਸਪੀ ਲਓਗੇ, ਤਾਂ ਉਹ ਬਪਤਿਸਮਾ ਲੈਣ ਲਈ ਕਦਮ ਚੁੱਕ ਸਕਦਾ ਹੈ। ਕੀ ਤੁਸੀਂ ਮੀਟਿੰਗਾਂ ਵਿਚ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ? ਜਦੋਂ ਉਹ ਮੀਟਿੰਗਾਂ ਵਿਚ ਜਵਾਬ ਦੇਣਾ ਸ਼ੁਰੂ ਕਰਦੇ ਹਨ, ਤਾਂ ਚੰਗਾ ਹੋਵੇਗਾ ਕਿ ਤੁਸੀਂ ਉਨ੍ਹਾਂ ਦਾ ਨਾਂ ਲਵੋ। ਇਸ ਤੋਂ ਉਹ ਸਮਝ ਜਾਣਗੇ ਕਿ ਤੁਸੀਂ ਉਨ੍ਹਾਂ ਦੀ ਪਰਵਾਹ ਕਰਦੇ ਹੋ। ਬਜ਼ੁਰਗੋ, ਕੀ ਤੁਸੀਂ ਭੈਣਾਂ-ਭਰਾਵਾਂ ਦੇ ਨਾਲ ਉਨ੍ਹਾਂ ਦੀ ਬਾਈਬਲ ਸਟੱਡੀ ʼਤੇ ਜਾਣ ਲਈ ਸਮਾਂ ਕੱਢ ਸਕਦੇ ਹੋ? ਜੇ ਤੁਸੀਂ ਉਨ੍ਹਾਂ ਦੇ ਨਾਲ ਜਾਓਗੇ, ਤਾਂ ਵਿਦਿਆਰਥੀ ʼਤੇ ਚੰਗਾ ਅਸਰ ਪਵੇਗਾ। ਨਾਈਜੀਰੀਆ ਵਿਚ ਰਹਿਣ ਵਾਲੀ ਜੈਕੀ ਨਾਂ ਦੀ ਪਾਇਨੀਅਰ ਭੈਣ ਕਹਿੰਦੀ ਹੈ: “ਬਹੁਤ ਸਾਰੇ ਵਿਦਿਆਰਥੀ ਇਹ ਦੇਖ ਕੇ ਹੈਰਾਨ ਰਹਿ ਜਾਂਦੇ ਹਨ ਕਿ ਮੇਰੇ ਨਾਲ ਸਟੱਡੀ ਕਰਾਉਣ ਆਇਆ ਭਰਾ ਇਕ ਬਜ਼ੁਰਗ ਹੈ। ਮੇਰੀ ਇਕ ਸਟੱਡੀ ਨੇ ਕਿਹਾ: ‘ਪਾਦਰੀ ਮੇਰੇ ਘਰ ਕਦੇ ਨਹੀਂ ਆਉਂਦੇ। ਉਹ ਉਨ੍ਹਾਂ ਦੇ ਘਰ ਹੀ ਜਾਂਦਾ ਹੈ ਜੋ ਅਮੀਰ ਹਨ ਅਤੇ ਜੋ ਉਨ੍ਹਾਂ ਨੂੰ ਪੈਸੇ ਦਿੰਦੇ ਹਨ!’” ਅੱਜ ਉਸ ਦਾ ਪੂਰਾ ਪਰਿਵਾਰ ਮੀਟਿੰਗਾਂ ਵਿਚ ਆਉਂਦਾ ਹੈ।
18. ਬਜ਼ੁਰਗ ਰਸੂਲਾਂ ਦੇ ਕੰਮ 20:28 ਵਿਚ ਦੱਸੀ ਜ਼ਿੰਮੇਵਾਰੀ ਕਿਵੇਂ ਨਿਭਾ ਸਕਦੇ ਹਨ?
18 ਬਾਈਬਲ ਸਟੱਡੀ ਕਰਾਉਣ ਵਾਲੇ ਭੈਣ ਜਾਂ ਭਰਾ ਨੂੰ ਸਿਖਲਾਈ ਦਿਓ ਅਤੇ ਉਸ ਦਾ ਹੌਸਲਾ ਵਧਾਓ। ਬਜ਼ੁਰਗਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਉਹ ਭੈਣਾਂ-ਭਰਾਵਾਂ ਦੀ ਵਧੀਆ ਪ੍ਰਚਾਰਕ ਅਤੇ ਸਿੱਖਿਅਕ ਬਣਨ ਵਿਚ ਮਦਦ ਕਰਨ। (ਰਸੂਲਾਂ ਦੇ ਕੰਮ 20:28 ਪੜ੍ਹੋ।) ਜੇ ਕੋਈ ਭੈਣ ਜਾਂ ਭਰਾ ਤੁਹਾਡੀ ਮੌਜੂਦਗੀ ਵਿਚ ਬਾਈਬਲ ਸਟੱਡੀ ਕਰਾਉਣ ਲਈ ਝਿਜਕਦਾ ਹੈ, ਤਾਂ ਤੁਸੀਂ ਬਾਈਬਲ ਸਟੱਡੀ ਕਰਾ ਸਕਦੇ ਹੋ। ਜੈਕੀ, ਜਿਸ ਦਾ ਜ਼ਿਕਰ ਪਹਿਲਾਂ ਕੀਤਾ ਗਿਆ ਸੀ, ਦੱਸਦੀ ਹੈ: “ਬਜ਼ੁਰਗ ਅਕਸਰ ਮੈਨੂੰ ਮੇਰੇ ਬਾਈਬਲ ਵਿਦਿਆਰਥੀ ਬਾਰੇ ਪੁੱਛਦੇ ਰਹਿੰਦੇ ਹਨ। ਜਦੋਂ ਮੈਨੂੰ ਬਾਈਬਲ ਸਟੱਡੀ ਕਰਾਉਣ ਵਿਚ ਮੁਸ਼ਕਲ ਆਉਂਦੀ ਹੈ, ਤਾਂ ਉਹ ਮੈਨੂੰ ਵਧੀਆ ਸੁਝਾਅ ਦਿੰਦੇ ਹਨ।” ਬਜ਼ੁਰਗ ਸਟੱਡੀ ਕਰਾਉਣ ਵਾਲੇ ਭੈਣਾਂ ਜਾਂ ਭਰਾਵਾਂ ਦੀ ਹਿੰਮਤ ਵਧਾ ਸਕਦੇ ਹਨ ਅਤੇ ਉਨ੍ਹਾਂ ਦੀ ਤਾਰੀਫ਼ ਕਰ ਸਕਦੇ ਹਨ ਤਾਂਕਿ ਉਹ ਇਸ ਕੰਮ ਵਿਚ ਲੱਗੇ ਰਹਿਣ। (1 ਥੱਸ. 5:11) ਜੈਕੀ ਅੱਗੇ ਕਹਿੰਦੀ ਹੈ: “ਮੈਨੂੰ ਉਦੋਂ ਵਧੀਆ ਲੱਗਦਾ ਜਦੋਂ ਬਜ਼ੁਰਗ ਮੇਰਾ ਹੌਸਲਾ ਵਧਾਉਂਦੇ ਅਤੇ ਕਹਿੰਦੇ ਹਨ ਕਿ ਉਹ ਮੇਰੀ ਮਿਹਨਤ ਦੀ ਕਦਰ ਕਰਦੇ ਹਨ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਤਾਜ਼ਗੀ ਮਿਲਦੀ ਹੈ। ਮੈਨੂੰ ਇੱਦਾਂ ਲੱਗਦਾ ਜਿਵੇਂ ਗਰਮੀਆਂ ਦੇ ਦਿਨਾਂ ਵਿਚ ਕਿਸੇ ਨੇ ਮੈਨੂੰ ਇਕ ਗਲਾਸ ਠੰਢਾ ਪਾਣੀ ਦਾ ਦੇ ਦਿੱਤਾ ਹੋਵੇ। ਉਨ੍ਹਾਂ ਦੇ ਪਿਆਰ ਭਰੇ ਸ਼ਬਦ ਸੁਣ ਕੇ ਮੇਰਾ ਭਰੋਸਾ ਵਧਦਾ ਹੈ ਅਤੇ ਬਾਈਬਲ ਸਟੱਡੀਆਂ ਕਰਾਉਣ ਕਰਕੇ ਜੋ ਖ਼ੁਸ਼ੀ ਮੈਨੂੰ ਮਿਲਦੀ ਹੈ ਉਹ ਵੀ ਹੋਰ ਵਧ ਜਾਂਦੀ ਹੈ।”—ਕਹਾ. 25:25.
19. ਸਾਨੂੰ ਸਾਰਿਆਂ ਨੂੰ ਕਿਹੜੀ ਗੱਲ ਤੋਂ ਖ਼ੁਸ਼ੀ ਮਿਲ ਸਕਦੀ ਹੈ?
19 ਭਾਵੇਂ ਅੱਜ ਸਾਡੇ ਕੋਲ ਕੋਈ ਬਾਈਬਲ ਸਟੱਡੀ ਨਾ ਵੀ ਹੋਵੇ, ਫਿਰ ਵੀ ਅਸੀਂ ਹੱਦੋਂ ਵੱਧ ਬੋਲਿਆ ਬਿਨਾਂ ਕਿਸੇ ਬਾਈਬਲ ਵਿਦਿਆਰਥੀ ਦੀ ਬਪਤਿਸਮਾ ਲੈਣ ਵਿਚ ਮਦਦ ਕਰ ਸਕਦੇ ਹਾਂ। ਵਧੀਆ ਤਿਆਰੀ ਕਰ ਕੇ ਅਸੀਂ ਬਾਈਬਲ ਸਟੱਡੀ ਕਰਾ ਰਹੇ ਭੈਣ ਜਾਂ ਭਰਾ ਦੀ ਮਦਦ ਕਰ ਸਕਦੇ ਹਾਂ। ਜਦੋਂ ਬਾਈਬਲ ਵਿਦਿਆਰਥੀ ਮੀਟਿੰਗਾਂ ਵਿਚ ਆਉਂਦਾ ਹੈ, ਤਾਂ ਅਸੀਂ ਉਸ ਨਾਲ ਦੋਸਤੀ ਕਰ ਸਕਦੇ ਹਾਂ ਅਤੇ ਉਸ ਲਈ ਵਧੀਆ ਮਿਸਾਲ ਰੱਖ ਸਕਦੇ ਹਾਂ। ਬਜ਼ੁਰਗ ਬਾਈਬਲ ਵਿਦਿਆਰਥੀ ਲਈ ਸਮਾਂ ਕੱਢ ਸਕਦੇ ਹਨ। ਉਨ੍ਹਾਂ ਦੀ ਸਟੱਡੀ ਕਰਾਉਣ ਵਾਲੇ ਭੈਣਾਂ ਜਾਂ ਭਰਾਵਾਂ ਦੀ ਤਾਰੀਫ਼ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਸਿਖਲਾਈ ਦੇ ਸਕਦੇ ਹਨ। ਕਿਸੇ ਵਿਅਕਤੀ ਦੀ ਯਹੋਵਾਹ ਨੂੰ ਪਿਆਰ ਕਰਨ ਅਤੇ ਉਸ ਦੀ ਸੇਵਾ ਕਰਨ ਵਿਚ ਥੋੜ੍ਹੀ ਬਹੁਤੀ ਵੀ ਮਦਦ ਕਰ ਕੇ ਸਾਨੂੰ ਸਾਰਿਆਂ ਨੂੰ ਕਿੰਨੀ ਖ਼ੁਸ਼ੀ ਮਿਲਦੀ।
ਗੀਤ 7 ਸਮਰਪਣ ਦਾ ਵਾਅਦਾ
a ਹੋ ਸਕਦਾ ਹੈ ਕਿ ਸਾਡੇ ਵਿੱਚੋਂ ਕਈ ਜਣਿਆਂ ਕੋਲ ਕੋਈ ਬਾਈਬਲ ਸਟੱਡੀ ਨਾ ਹੋਵੇ। ਪਰ ਫਿਰ ਵੀ ਅਸੀਂ ਸਾਰੇ ਬਪਤਿਸਮਾ ਲੈਣ ਵਿਚ ਇਕ ਬਾਈਬਲ ਵਿਦਿਆਰਥੀ ਦੀ ਮਦਦ ਕਰ ਸਕਦੇ ਹਾਂ। ਇਸ ਲੇਖ ਵਿਚ ਅਸੀਂ ਚਰਚਾ ਕਰਾਂਗੇ ਕਿ ਮੰਡਲੀ ਦੇ ਸਾਰੇ ਭੈਣ-ਭਰਾ ਇਹ ਕਦਮ ਚੁੱਕਣ ਵਿਚ ਬਾਈਬਲ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹਨ।